Thursday, February 18, 2010

ਖਾਲਸਾ ਪੰਥ ਦੀ ਰੂਹ ਦੇ ਹਾਣੀ ਹਰਿੰਦਰ ਸਿੰਘ ਮਹਿਬੂਬ ਨਾਲ ਮੁਲਾਕਾਤ


‘ਉਸ ਨੇ ਵੀਹਵੀਂ ਸਦੀ ‘ਚ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ
ਸਰਦਾਰ ਹਰਿੰਦਰ ਸਿੰਘ ਮਹਿਬੂਬ ਪੰਜਾਬੀ ਦੇ ਸਿਰਮੌਰ ਲੇਖਕਾਂ ਵਿਚੋਂ ਇਕ ਹਨ। ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਦੀ ਅੰਤਰੀਵ ਹਸਤੀ ਅਤੇ ਇਲਾਹੀ ਖੂਬਸੂਰਤੀ ਦੇ ਉਹ ਮੌਲਿਕ ਵਿਆਖਿਆਕਾਰ ਹਨ। ਇਸ ਸਮੇਂ ਅਤੇ ਬੀਤੇ ਵਿਚ ਸਾਡੀ ਇਸ ਧਰਤੀ ‘ਤੇ ਵਿਚਰੀਆਂ ਤੇ ਵਿਚਰ ਰਹੀਆਂ ਹਸਤੀਆਂ ਦੇ ਵੰਨ ਸੁਵੰਨੇ ਰੰਗ ਉਨਾਂ ਦੇ ਗਿਆਨ ਤੇ ਧਿਆਨ ਵਿਚ ਕੁਲ ਗਹਿਰਾਈਆਂ ਸਮੇਤ ਸਮਾਏ ਹੋਏ ਹਨ। ਇਨ੍ਹਾਂ ਰੰਗਾਂ ਨੂੰ ਉਹ ਗੁਰਬਾਣੀ ਦੀ ਰੌਸ਼ਨੀ ਵਿਚ ਵੇਖਦੇ ਤੇ ਪਰਖਦੇ ਹਨ। ਜੇ ਕਿਸੇ ਨੇ ਇਨ੍ਹਾਂ ਵੰਨ ਸੁਵੰਨੇ ਰੰਗਾਂ ਦਾ ਦੀਦਾਰ ਕਰਨਾ ਹੋਵੇ ਤਾਂ ਇਹ ਉਨ੍ਹਾਂ ਦੀਆਂ ਕਿਤਾਬਾਂ, ‘ਸਹਿਜੋ ਰਚਿਓ ਖਾਲਸਾ, ਝਨਾਂ ਦੀ ਰਾਤ ਅਤੇ ਖਾਸ ਕਰਕੇ ਇਲਾਹੀ ਨਦਰਿ ਦੇ ਪੈਂਡੇ ਵਿਚ ਵੇਖੇ ਜਾ ਸਕਦੇ ਹਨ। ਇਲਾਹੀ ਨਦਰਿ ਦੇ ਪੈਂਡੇ ਦੀ ਪਹਿਲੀ ਜਿਲਦ ਵਿਸ਼ਵ ਸਾਹਿਤ ਦੀ ਕਲਾਸਿਕੀ ਤੇ ਨਿਰਾਲੀ ਰਚਨਾ ਹੈ ਜੋ ਹੋ ਸਕਦਾ ਹੈ ਮਹਾਨ ਫਿਲਾਸਫ਼ਰ ਨਿਤਸ਼ੇ ਦੀਆਂ ਰਚਨਾਵਾਂ ਵਾਂਗ ਕਈ ਵਰ੍ਹੇ ਅਣਗੌਲੀ ਹੀ ਪਈ ਰਵੇ। ਸ਼ਾਇਦ ਇਹ ਦੁਨੀਆ ਦਾ ਇਕੋ ਇਕ ਮਹਾਂ ਕਾਵਿ ਹੈ ਜਿਸ ਵਿਚ ਗੁਰੂ ਨਾਨਕ-ਸੱਚ ਰਾਹੀਂ ਵਿਸ਼ਵ ਦੀਆਂ ਫਿਲਾਸਫ਼ੀਆਂ ਧਰਮਾਂ ਅਤੇ ਸੱਭਿਆਚਾਰਾਂ ਦੇ ਗਿਆਨ ਦੀ ਖੁਸ਼ਬੋ ਹਾਸਲ ਹੁੰਦੀ ਹੈ। ਪਿੱਛੇ ਜਿਹੇ ‘ਇਲਾਹੀ ਨਦਰਿ ਦੇ ਪੈਂਡੇ‘ ਦਾ ਉਹ ਹਿੱਸਾ ਵੀ ਛਪਕੇ ਆ ਗਿਆ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਫ਼ਰ ਦੀ ਦਾਸਤਾਨ ਉੱਚੀਆਂ ਉਡਾਰੀਆਂ ਵਿਚ ਪੇਸ਼ ਹੋਈ ਹੈ। ਸਰਦਾਰ ਹਰਿੰਦਰ ਸਿੰਘ ਮਹਿਬੂਬ ਉਨ੍ਹਾਂ ਵਿਅਕਤੀਆਂ ਵਿਚੋਂ ਹਨ ਜੋ ਸੰਤ ਜਰਨੈਲ ਸਿੰਘ ਨੂੰ ਭਾਵੇਂ ਇਕ ਦੋ ਵਾਰ ਮਿਲੇ ਸਨ ਪਰ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਦੀ ਹਸਤੀ ਵਿਚੋਂ ਸੰਤ ਜਰਨੈਲ ਸਿੰਘ ਅਤੇ ਸਿੰਘਾਂ ਦੇ ਗੁਣਾਂ ਨੂੰ ਵੇਖ ਲਿਆ ਸੀ। ਸੰਤ ਜਰਨੈਲ ਸਿੰਘ ਬਾਰੇ ਸਿੱਖ ਚਿੰਤਕ ਅਤੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੀ ਛਪ ਰਹੀ ਪੁਸਤਕ ਵਿਚੋਂ ਮਹਿਬੂਬ ਸਾਹਿਬ ਦੀ ਇੰਟਰਵਿਊ ਅਸੀਂ ਇਥੇ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ
? ਮਹਿਬੂਬ ਜੀਓ ! 1999 ਈਸਵੀ 26 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਏ ਸਿੱਖ ਕੌਮ ਦੇ ਇਕ ਅਹਿਮ ਸਮਾਰੋਹ ਵਿਚ ਤੁਸੀਂ ਵੀ ਸ਼ਾਮਲ ਹੋਏ ਸੀ। ਉਸ ਸਮਾਰੋਹ ਵਿਚ ਸੰਤ ਜਰਨੈਲ ਸਿੰਘ ਨੂੰ ਵੀਹਵੀਂ ਸਦੀ ਦੀ ਮਹਾਨਤਮ ਸਿੱਖ ਹਸਤੀ ਪ੍ਰਵਾਨ ਕੀਤਾ ਗਿਆ ਸੀ। ਜੇ ਮੈਂ ਗਲਤੀ ‘ਤੇ ਨਹੀਂ ਤਾਂ ਤੁਸੀਂ ਉਸ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਸਹਿਮਤ ਸੀ?

ਉੱਤਰ :- ਜੀ ਹਾਂ। ਮੈਂ ਸਹਿਮਤ ਸਾਂ ਤੇ ਸਹਿਮਤ ਰਹਾਂਗਾ। ਉਹ ਨਿਰਾ ਇਤਿਹਾਸਕ ਦ੍ਰਿਸ਼ਟੀਕੋਣ ਹੀ ਨਹੀਂ ਸੀ, ਉਹ ਜਿਊਂਦੀ ਜਾਗਦੀ ਉਸ ਸਿੱਖ ਜ਼ਮੀਰ ਦੀ ਆਵਾਜ਼ ਸੀ, ਜਿਸ ਨੂੰ ਹਾਲੇ ਖ਼ਵਰੇ ਦੁਨਿਆਵੀ ਸੁਆਰਥਾਂ ਨੇ ਝੂਠ ਅਤੇ ਅਕਲ ਦੀਆਂ ਚਲਾਕੀਆਂ ਵਰਤ ਕੇ ਮੱਧਮ ਜਾਂ ਠੰਢਾ ਨਹੀਂ ਸੀ ਕੀਤਾ। ਜਸਟਿਸ ਅਜੀਤ ਸਿੰਘ ਬੈਂਸ, ਸ. ਗੁਰਤੇਜ ਸਿੰਘ , ਬੀਬੀ ਪਰਮਜੀਤ ਕੌਰ ਖਾਲੜਾ, ਡਾ. ਬਲਜੀਤ ਕੌਰ, ਡਾ. ਕੁਲਦੀਪ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਜਨਰਲ ਨਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸਿਮਰਨਜੀਤ ਸਿੰਘ ਮਾਨ ਵਰਗੇ ਵੱਖ ਵੱਖ ਬੌਧਿਕ ਦਿਸ਼ਾਵਾਂ ਪੇਸ਼ ਕਰਦੇ ਸਿੱਖ ਦਾਨਿਸ਼ਵਰਾਂ, ਪੰਥਕ ਤਕਦੀਰ ਦੇ ਦਰਦਮੰਦਾਂ ਅਤੇ ਗੁਰਮੁੱਖ ਲਿਵ ਵਿਚ ਜੀਊਣ ਵਾਲੀਆਂ ਪੰਥਕ ਹਸਤੀਆਂ ਨੇ ਹਾਜ਼ਰ ਹੋ ਕੇ ਅਤੇ ਉਸ ਸਮੇਂ ਜੇਲ੍ਹ ਵਿਚ ਨਜ਼ਰਬੰਦ ਭਾਈ ਦਲਜੀਤ ਸਿੰਘ ਬਿੱਟੂ ਅਤੇ ਹੋਰ ਬਹੁਤ ਸਾਰਿਆਂ ਨੇ ਸੰਦੇਸ਼ਾਂ ਰਾਹੀਂ ਕਿਹਾ ਕਿ ਅਸੀਂ ਇਸ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਸਹਿਮਤੀ ਪ੍ਰਗਟਾਉਂਦੇ ਹਾਂ। …… ਇਹ ਇਕ ਆਪ ਮੁਹਾਰੀ ਆਤਮਕ ਆਵਾਜ਼ ਸੀ। ਮੇਰਾ ਲਹੂ, ਮੇਰੀ ਜ਼ਮੀਰ, ਮੇਰੀ ਚੇਤੰਨਤਾ ਅਤੇ ਮੇਰੀ ਰਹਿਤ ਮਰਿਆਦਾ ਵੀ ਇਸ ਆਵਾਜ਼ ਤੋਂ ਵੱਖ ਨਹੀਂ ਸਨ।

? ਮਹਿਬੂਬ ਜੀ ! ਇਕ ਸ਼ੰਕਾ ਹੈ । ਵੀਹਵੀਂ ਸਦੀ ਵਿਚ ਸੰਤ ਅਤਰ ਸਿੰਘ ਮਸਤੂਆਣਾ, ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ , ਭਾਈ ਕਾਹਨ ਸਿੰਘ ਨਾਭਾ ਅਤੇ ਜਲ੍ਹਿਆਂ ਵਾਲਾ, ਪੰਜਾ ਸਾਹਿਬ , ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਸ਼ਹੀਦਾਂ ਦੇ ਹੁੰਦਿਆਂ ਹੋਇਆ ਸੰਤ ਜਰਨੈਲ ਸਿੰਘ ਨੂੰ ਵੀਹਵੀਂ ਸਦੀ ਦਾ ਸਰਬੋਤਮ ਖਾਲਸਾ ਕਿਸ ਤਰਕ ਅਧੀਨ ਮੰਨੀਏ?
ਉੱਤਰ :-ਪਿਆਰੇ ਜੀਓ। ਤੁਹਾਡੇ ਸਵਾਲ ਦੇ ਉੱਤਰ ਵਿਚ ਆਪਣੇ ਵਲੋਂ ਕੁਝ ਕਹਿਣ ਤੋਂ ਪਹਿਲਾਂ ਮੈਂ ਸ਼ਹੀਦ ਜਨਰਲ ਸੁਬੇਗ ਸਿੰਘ ਅਤੇ ਸ਼੍ਰੋਮਣੀ ਸਮਕਾਲੀ ਕਵੀ ਡਾ. ਹਰਭਜਨ ਸਿੰਘ ਦਿੱਲੀ ਹੁਰਾਂ ਦੇ ਦੋ ਪ੍ਰਸਿੱਧ ਕਥਨ ਯਾਦ ਕਰਵਾਉਣ ਚਾਹੁੰਦਾ ਹਾਂ। ਜਨਰਲ ਸੁਬੇਗ ਸਿੰਘ ਨੇ ਤੀਸਰੇ ਵੱਡੇ ਘੱਲੂਘਾਰੇ ਸਾਕਾ ਨੀਲਾ ਤਾਰਾ ਵਿਖੇ ਸ਼ਹੀਦੀ ਪਾਉਣ ਤੋਂ ਕੁਝ ਮਹੀਨੇ ਪਹਿਲਾਂ ‘ਸਿੱਖ ਰਿਵਿਊ‘ ਵਿਚ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਥ ਦੇ ਗੁਰੂ ਗੋਬਿੰਦ ਸਿੰਘ ਪਿੱਛੋਂ ਸਭ ਤੋਂ ਵੱਡੇ ਸਿੱਖ ਹਨ ਅਤੇ ਡਾ. ਹਰਭਜਨ ਸਿੰਘ ਨੇ ਆਪਣੇ ਨਿਬੰਧ ‘ਯੁੱਗ ਪੁਰਸ਼ ਸੰਤ ਜਰਨੈਲ ਸਿੰਘ‘ ਅਕਸ 84 ਵਿਚ ਇਹ ਗਵਾਹੀ ਦਿੱਤੀ ਸੀ ਕਿ ਸੰਤ ਜਰਨੈਲ ਸਿੰਘ ਜੀ ਐਨੇ ਨਿਰਮਲ ਸਨ ਕਿ ਉਨ੍ਹਾਂ ਕੋਲ ਬੈਠ ਕੇ ਹਰ ਆਦਮੀ ਆਪਣੇ ਆਪ ਨੂੰ ਮੈਲਾ ਮੈਲਾ ਮਹਿਸੂਸ ਕਰਦਾ ਸੀ। ਫਿਰ 26 ਦਸੰਬਰ ਵਾਲੇ ਸਮਾਰੋਹ ਵਿਚ ਤਾਂ ਸਿਰਫ਼ ਵੀਹਵੀਂ ਸਦੀ ਦੇ ਮਹਾਨਤਮ ਸਿੱਖ ਦੀ ਹੀ ਗੱਲ ਚੱਲੀ ਸੀ।

? ਤੁਹਾਡੀ ਗੱਲ ਟੋਕਣ ਦੀ ਗੁਸਤਾਖੀ ! ਬਹੁਤ ਲੋਕਾਂ ਦੀ ਰਾਏ ਵਿਚ ਜਨਰਲ ਸੁਬੇਗ ਸਿੰਘ ਨੂੰ ਭਾਰਤੀ ਸਰਕਾਰ ਨਾਲ ਬਹੁਤ ਸਾਰੀਆਂ ਜ਼ਾਤੀ ਰੰਜਸ਼ਾਂ ਸਨ, ਜੋ ਉਨ੍ਹਾਂ ਅਨੁਸਾਰ ਜਨਰਲ ਸਾਹਿਬ ਦੀ ਸੰਤ ਜਰਨੈਲ ਸਿੰਘ ਦੀ ਕੀਤੀ ਪ੍ਰਸ਼ੰਸਾ ਵਿਚ ਬਹੁਤਾ ਵਜ਼ਨ ਨਹੀਂ ਰਹਿੰਦਾ, ਭਾਵ ਉਨ੍ਹਾਂ ਦੀ ਟਿੱਪਣੀ ਪ੍ਰਮਾਣਿਕ ਸਾਰਥਕਤਾ ਨਹੀਂ ਰੱਖਦੀ।

ਉੱਤਰ : ਪਿਆਰੇ ਦੋਸਤ! ਕੈਸੀਆਂ ਗੱਲਾਂ ਕਰਦੇ ਹੋ। ਜਨਰਲ ਸੁਬੇਗ ਸਿੰਘ ਦੀ ਸ਼ਹਾਦਤ ਜ਼ਾਤੀ ਰੰਜਸ਼ਾਂ ਤੋਂ ਕਿਤੇ ਅੱਗੇ ਸੀ ਅਤੇ ਨਿਰਲੇਪ ਅਕਾਸ਼ਾਂ ਵਿਚ ਵਿਚਰਦੀ ਸੀ। ਜ਼ਾਤੀ ਰੰਜਸ਼ਾਂ ਵਿਚ ਘਿਰੇ ਲੋਕ ਅਕਾਲ ਤਖ਼ਤ, ਹਰਿਮੰਦਰ ਸਾਹਿਬ ਸਾਹਮਣੇ ਹੋਏ ਤੀਸਰੇ ਵੱਡੇ ਘੱਲੂਘਾਰੇ ਵਿਚ ਗੁਰਦਾਸ ਨੰਗਲ ਦੇ ਯੋਧੇ ਜੇਡੀ ਸੂਰਮਗਤੀ ਵਿਖਾ ਕੇ ਜਨਰਲ ਸੁਬੇਗ ਸਿੰਘ ਵਰਗੀ ਬੇਮਿਸਾਲ ਸ਼ਹਾਦਤ ਪ੍ਰਾਪਤ ਨਹੀਂ ਕਰਿਆ ਕਰਦੇ। ਕੀ ਉਸ ਦੀ ਸ਼ਹਾਦਤ ਵਿਚ ਸਟੌਇਕ ਫਿਲਾਸਫਰਾਂ ਵਰਗੀ ਸਬਰ ਸ਼ਾਂਤੀ ਅਤ ਸ਼ੁਕਰਾਤ ਵਰਗੀ ਅਗਾਧ ਅਤੇ ਮਿੱਠੀ ਚੁੱਪ ਨਹੀਂ ਸੀ? ਕੀ ਉਸ ਦੀ ਲੜੀ ਜੰਗ ਵਿਚ ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਹਾਣ ਦੀ ਸੂਰਮਗਤੀ ਪਰ ਉਸ ਨਾਲੋਂ ਕਿਤੇ ਵਧੇਰੇ ਪ੍ਰੌਢ ਨਿਪੁੰਨਤਾ, ਦੂਰ ਦ੍ਰਿਸ਼ਟੀ, ਸਹੀ ਤੇ ਕਾਫ਼ਰੀ ਚੋਟ ਅਤੇ ਅਤਿ ਸੂਖ਼ਮ ਸੰਤੁਲਨ ਨਹੀਂ ਸਨ? ਜ਼ਾਤੀ ਰੰਜਸ਼ਾਂ ਦੀ ਪਕੜ ਵਿਚ ਆਏ ਲੋਕ ਅਜਿਹੀਆਂ ਉੱਚੀਆਂ ਚੋਟੀਆਂ ਨੂੰ ਨਹੀਂ ਸਰ ਕਰ ਸਕਦੇ। ਜਨਰਲ ਸੁਬੇਗ ਸਿੰਘ ਸਿੱਖ ਇਤਿਹਾਸ ਦੀ ਮੂੰਹ ਜ਼ੋਰ ਕਾਂਗ ਦਾ ਚਿਰੰਜੀਵ ਨਾਇਕ ਹੈ, ਜਦੋਂ ਕਿ ਜਨਰਲ ਜਗਜੀਤ ਸਿੰਘ ਅਰੋੜਾ ਕਿਸੇ ਵੀ ਸ਼ਕਤੀਸ਼ਾਲੀ ਇਤਿਹਾਸ ਦਾ ਸ਼ਾਇਦ ਇਕ ਮਾਮੂਲੀ ਫੁੱਟ ਨੋਟ ਵੀ ਨਾ ਬਣ ਸਕੇ।

? ਖਿਮਾ ਕਰਨਾ, ਹੁਣ ਮੈਨੂੰ ਆਪਣੀ ਅਧੂਰੀ ਛੱਡੀ ਗੱਲ ਵੱਲ ਆਉਣ ਦੀ ਆਗਿਆ ਦਿਓ। ਤੁਹਾਡੀ ਜ਼ਮੀਰ, ਤੁਹਾਡੀ ਦਲੀਲ, ਤੁਹਾਡੇ ਗਿਆਨ ਅਤੇ ਤੁਹਾਡੇ ਅਨੁਭਵ ਦੇ ਮੁਤਾਬਕ ਦਰਜਨਾਂ ਮਹਾਂਪੁਰਸ਼ਾਂ ਦੇ ਹੁੰਦਿਆਂ ਸੰਤ ਜਰਨੈਲ ਸਿੰਘ ਵੀਹਵੀਂ ਸਦੀ ਦੇ ਸ਼੍ਰੋਮਣੀ ਖਾਲਸਾ ਜਾਂ ਮਹਾਂ ਮਾਨਵ ਕਿਵੇਂ ਹਨ?

ਉੱਤਰ :- ਮਿੱਤਰਾ! ਜੇ ਸੱਚ ਪੁੱਛੋ ਤਾਂ ਸਿੱਖ ਧਰਮ ਵਿਸ਼ਵ ਸੱਭਿਆਚਾਰਾਂ, ਕਲਾ, ਮਾਨਵਤਾ ਅਤੇ ਧਰਮਾਂ ਨੂੰ ਸਦੀਵੀ ਹੁਸਨ ਪ੍ਰਦਾਨ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਨਿਆਰਾ ਧਰਮ ਹੈ, ਪਰ ਇਸ ਦਾ ਜਨਮ ਅਜਿਹੇ ਨਾਖੁਸ਼ਗਵਾਰ ਰਾਜਸੀ ਮਾਹੌਲ ਅਤੇ ਗਿਣਤੀ ਪੱਖੋਂ ਸ਼ਕਤੀਸ਼ਾਲੀ ਧਰਮਾਂ ਦੇ ਹਊਮੈਵਾਦੀ ਦੌਰ ਵਿਚ ਹੋਇਆ, ਜਦੋਂ ਰਾਜਸੀ ਸੁਆਰਥਾਂ ਅਤੇ ਮਜ਼੍ਹਬੀ ਹੰਕਾਰ ਨੇ ਖੂਨੀ ਕ੍ਰੋਧ ਵਿਚ ਇਸ ਦੀ ਹੋਂਦ ਨੂੰ ਹੀ ਮਿਟਾਵੁਣ ਲਈ ਆਪਣੀਆਂ ਈਰਖਾਲੂ ਸਾਜ਼ਿਸ਼ਾਂ ਅਤੇ ਲਸ਼ਕਰਾਂ ਨੂੰ ਲਾਮਬੰਦ ਕੀਤਾ। ਵਿਰੋਧੀ ਸ਼ਕਤੀਆਂ ਪੰਜ ਸਦੀਆਂ ਤੋਂ ਹੀ ਇਸ ਦੀ ਹੋਂਦ ਦੇ ਨਿਆਰੇਪਣ ਨਾਲ ਵੈਰ ਕਮਾ ਰਹੀਆਂ ਹਨ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹੋ ਨਿਆਰਾਪਣ ਇਸ ਦੀ ਰੀੜ ਦੀ ਹੱਡੀ ਹੈ। ਪਿਛਲੀਆਂ ਸਦੀਆਂ ਵਿਚ ਸਿੱਖ ਧਰਮ ਨੇ ਆਪਣੀ ਹੋਂਦ ਦੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਸੈਂਕੜੇ ਸੰਘਰਸ਼ ਲੜੇ, ਕਿਉਂਕਿ ਇਕ ਸਿਦਕ ਉਸ ਦੇ ਲਹੂ ਅਤੇ ਜ਼ਮੀਰ ਦਾ ਅਨਿੱਖੜ ਅੰਗ ਹੈ, ਜਿਸ ਅਨੁਸਾਰ ਮਾਨਵਤਾ ਦੇ ਹਕੀਕੀ ਰੂਪ ਉਸ ਦੀ ਆਤਮਕ ਗਹਿਰਾਈ ਅਤੇ ਸਾਬਤ ਮਨੁੱਖ ਦੇ ਸੰਕਲਪ ਦੀ ਸਲਾਮਤੀ ਲਈ ਸਿੱਖ ਧਰਮ ਦਾ ਭਰਪੂਰ ਅਤੇ ਬੇਦਾਗ ਸ਼ਕਲ ਵਿਚ ਜਿਊਂਦੇ ਰਹਿਣਾ ਬਹੁਤ ਜ਼ਰੂਰੀ ਹੈ। ਸੋ ਸਿੱਖ ਹੋਂਦ ਦੀ ਪਹਿਰੇਦਾਰੀ ਦੇ ਰੂਹਾਨੀ ਮਿਆਰਾਂ ਅਨੁਸਾਰ ਹੀ ਸਿੱਖ ਸਾਈਕੀ ਨੇ ਆਪਣੇ ਮਹਾਂ ਮਾਨਵ ਦੀ ਚੋਣ ਕਰਨੀ ਹੈ। ਦੋਸਤਾ, ਸੁਣ ਮੇਰੀ ਗੱਲ ਧਿਆਨ ਨਾਲ ਪਈ ਭਾਵੇਂ ਹਮਲਿਆਂ ਦੀ ਸ਼ਿਦਤ ਅਤੇ ਅਕਲ ਦੀਆਂ ਚਲਾਕੀਆਂ ਸਮੇਂ ਸਮੇਂ ਸ਼ਕਲਾਂ ਬਦਲਦੀਆਂ ਰਹੀਆਂ, ਪਰ ਇਕ ਗੱਲ ਪੱਕੀ ਹੈ ਕਿ ਸਿੱਖ ਰਾਜ ਦਾ ਸੂਰਜ ਡੁੱਬਣ ਪਿੱਛੋਂ ਦੇ ਪਹਿਲੇ ਤੀਹ ਵਰ੍ਹੇ, ਆਜ਼ਾਦੀ ਦੀ ਜੱਦੋ ਜਹਿਦ ਦੌਰਾਨ ਅਤੇ ਆਜ਼ਾਦ ਭਾਰਤ ਵਿਚ ਸਿੱਖ ਇਤਿਹਾਸ, ਗੁਰੂ ਗ੍ਰੰਥ ਸਾਹਿਬ, ਖਾਲਸੇ ਦੀ ਵੱਖਰੀ ਪਛਾਣ ਅਤੇ ਉਸ ਦੇ ਧਰਮ ਅਸਥਾਨਾਂ ਦੀ ਆਤਮਕ ਉੱਚਤਾ ਨੂੰ ਖੋਰਣ ਲਈ ਗੰਧਲਾਉਣ ਲਈ ਅਤੇ ਉਸ ਦੇ ਮਾਣ, ਸ਼ਾਨ ਅਤੇ ਯਕੀਨ ਨੂੰ ਜੜੋਂ ਉਖਾੜਨ ਲਈ ਵਿਰੋਧੀਆਂ ਵੱਲੋਂ ਭਿਅੰਕਰ ਯੋਜਨਾਬੱਧ ਸਾਜ਼ਿਸ਼ਾਂ ਗੁੰਦੀਆਂ ਗਈਆਂ। ਮਹੀਨ ਕੂਟਨੀਤੀ ਦੇ ਹਥਿਆਰ ਵਰਤਕੇ ਮਾਸੂਮ ਅਤੇ ਨਿਰਛਲ ਖਾਲਸਾ ਜੀ ਨੂੰ ਲਾਰਿਆਂ, ਵਕਤੀ ਸ਼ੁਹਰਤਾਂ ਅਤੇ ਝੂਠੇ ਵਾਅਦਿਆਂ ਵਿਚ ਉਲਝਾਇਆ ਗਿਆ। ਜਦੋਂ ਭਾਰਤ ਦੀ ਧਰਮ ਬਹੁਗਿਣਤੀ ਜਮਹੂਰੀਅਤ ਦਾ ਲਿਬਾਸ ਪਹਿਨਕੇ ਸਾਡੀ ਆਤਮਾ ਅਤੇ ਸਰੀਰਾਂ ਦੀ ਆਜ਼ਾਦੀ ਨੂੰ ਚੱਕਰਵਿਊਹਾਂ ਵਿਚ ਘੇਰ ਕੇ ਸਾਨੁੂੰ ਸਾਹਸੱਤਹੀਣ ਕਰਨ ਦੀ ਹੱਦ ਤੱਕ ਲੈ ਗਈ ਤਾਂ ਵੀਹਵੀਂ ਸਦੀ ਦੇ ਮਹਾਨਤਮ ਸਿੰਘ ਸੰਤ ਜਰਨੈਲ ਸਿੰਘ ਨੇ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ। ਰੂਹ ਦੀਆਂ ਗਹਿਰ ਗੰਭੀਰ ਤੈਹਾਂ ਤੱਕ ਸਾਨੂੰ ਸੰਤਾਂ ਨੇ ਇਬਲੀਸ ਦੀਆਂ ਚਾਲਾਂ ਤੋਂ ਖ਼ਬਰਦਾਰ ਕੀਤਾ ਅਤੇ ਸਾਨੂੰ ਭਵਿੱਖ ਦੇ ਹਰ ਮੋੜ ‘ਤੇ ਡੂੰਘੇ ਅਨੁਭਵ ਤੱਕ ਪਹਿਰੇਦਾਰੀ ਦੇ ਹਰ ਨਿਯਮ ਅਤੇ ਵਿਧੀ ਤੋਂ ਜਾਣੂੰ ਕਰਵਾਇਆ। ਫੌਜੀ ਜਰਨੈਲਾਂ, ਸਿਆਸਤਦਾਨਾਂ, ਸਾਹਿਤਕਾਰਾਂ, ਚਿੰਤਕਾਂ, ਗਿਆਨੀਆਂ ਅਤੇ ਸੰਤ ਮਸਤੂਆਣਾ ਨਾਲੋਂ ਸੰਤ ਜਰਨੈਲ ਸਿੰਘ ਦੀ ਜ਼ਮੀਰ, ਬਿਬੇਕ ਅਤੇ ਅੰਦਾਜ਼ ਵਿਚ ਵਡੇਰਾ ਬਲ ਸੀ।

? ਸੰਤ ਜੀ ਦੇ ਬਲ ਸ਼ਕਤੀ ਦਾ ਪੰਥ ਲਈ ਉਸਾਰੂ ਅਤੇ ਕਲਿਆਣਕਾਰੀ ਪੱਖ ਕਿਹੜਾ ਸੀ? ਇਸ ਦੇ ਕੁਝ ਠੋਸ ਅਤੇ ਨਿਸਚਿਤ ਸੰਕੇਤ ਤਾਂ ਦਿਓ?
ਉੱਤਰ :- ਵਾਹ ਜੀ ਵਾਹ ! ਕੀ ਪੰਥ ਦੀ ਜਾਗ੍ਰਿਤੀ ਨੂੰ ਉਸ ਉਚਾਈ ਤੱਕ ਲੈ ਜਾਣਾ, ਜਿਥੋਂ ਉਸ ਨੂੰ ਆਪਣੀ ਹੋਂਦ ਦੇ ਮਿੱਟਣ ਦਾ ਹਰ ਖਤਰਾ ਦਿਸੇ, ਉਨ੍ਹਾਂ ਦੇ ਕੰਮ ਅਤੇ ਕੁਰਬਾਨੀ ਦਾ ਉਸਾਰੂ ਪੱਖ ਨਹੀਂ? ਫਿਰ ਵੀ ਮੈਂ ਤੁਹਾਡੀ ਇੱਛਾ ਜਾਂ ਮੰਗ ਦਾ ਸਤਿਕਾਰ ਕਰਦਾ ਹੋਇਆ ਆਪਣੀ ਦਲੀਲ ਨੂੰ ਹੋਰ ਸਪੱਸ਼ਟ ਕਰਦਾ ਹਾਂ। ਸੰਤ ਜੀ ਦਾ ਮਿਸ਼ਨ ਪੰਥ ਨੂੰ ਉਨ੍ਹਾਂ ਖਤਰਿਆਂ ਤੋਂ ਜਾਣੂੰ ਕਰਵਾਉਣਾ ਸੀ ਜਿਹੜੇ ਸ਼ਰਬਨਾਸ਼ ਦਾ ਰੂਪ ਧਾਰ ਕੇ ਉਸ ਦੇ ਸਿਰ ‘ਤੇ ਮੰਡਰਾ ਰਹੇ ਸਨ। ਅੰਤ ਵਿਚ ਇਸ ਦਾ ਸਾਬਤ ਪ੍ਰਮਾਣ ਦੇਣ ਲਈ ਉਨ੍ਹਾਂ ਨੇ ਅਕਾਲ ਤਖ਼ਤ ਨੂੰ ਸੱਚ ਦੇ ਬੋਲ ਬੋਲਣ ਲਈ ਆਪਣਾ ਵਿਸ਼ੇਸ਼ ਆਸਣ ਚੁਣਿਆ, ਜਿਸ ਦੀ ਪਵਿੱਤਰਤਾ ਨੂੰ ਧਰਮ ਨਿਰਪੱਖਤਾ ਦੇ ਨਾਂ ‘ਤੇ ਰਾਜਸੀ ਕੂਟਨੀਤੀ ਵੀ ਭੰਗ ਨਾ ਕਰਨ ਦਾ ਨਾਟਕ ਰਚਾ ਰਹੀ ਸੀ। ਵਕਤ ਦੀ ਸਰਕਾਰ ਨੇ ਖਾਲਸੇ ਦੇ ਸਵੈਮਾਣ ਨੂੰ ਹਮੇਸ਼ਾ ਲਈ ਤੋੜ ਲਈ ਹਰਿਮੰਦਰ ਸਾਹਿਬ ਦੁਆਲੇ, ਤੀਸਰਾ ਵੱਡਾ ਘੱਲੂਘਾਰਾ ਵਰਤਾਇਆ, ਸੰਤ ਜੀ ਅਤੇ ਉਨ੍ਹਾਂ ਦੇ ਮੁੱਠੀ ਭਰ ਸੂਰਮੇ ਸਾਥੀ ਭਾਰਤ ਦੀ ਆਧੁਨਿਕ ਸ਼ਕਤੀਸ਼ਾਲੀ ਫੌਜ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ। ਪਿਆਰੇ ਜੀਓ.. ਗੱਲ ਏਥੇ ਹੀ ਨਹੀਂ ਮੁੱਕ ਜਾਂਦੀ। ਇਹ ਠੀਕ ਹੈ ਕਿ ਸੰਤ ਜੀ ਨੇ ਪੰਥ ਲਈ ਕਈ ਠੋਸ ਅਤੇ ਪ੍ਰਤੱਖ ਦੁਨਿਆਵੀ ਪ੍ਰਾਪਤੀ ਨਹੀਂ ਕੀਤੀ, ਕੋਈ ਰਾਜ ਭਾਗ ਨਹੀਂ ਲਿਆ ਅਤੇ ਨਾ ਤੀਸਰੇ ਘੱਲੂਘਾਰੇ ਵਿਚ ਉਨ੍ਹਾਂ ਦੀ ਰਣਨੀਤੀ ਨੂੰ ਕਿਸੇ ਕਬਜ਼ੇ ਦੀ ਸ਼ਕਲ ਵਿਚ ਕੋਈ ਸੰਸਾਰਕ ਜਿੱਤ ਹੀ ਨਸੀਬ ਹੋਈ, ਪਰ ਉਨ੍ਹਾਂ ਦੇ ਨਿਰਸਵਾਰਥ ਅਮਲ ਨੇ ਪੰਥ ਲਈ ਇਲਾਹੀ ਗਗਨ ਦਮਾਮੇ ਵਰਗੀ ਮਿਸਾਲ ਅਤੇ ਸ਼ਹੀਦਾਂ ਦੇ ਖੂਨ ਦੇ ਦਰਿਆ ਵਰਗਾ ਜਿਉਂਦਾ ਜਾਗਦਾ ਵਿਰਾਟ ਪ੍ਰਤੀਕ ਸਿਰਜ ਕੇ ਵਿਖਾ ਦਿੱਤਾ। ਕਿਸ ਬਹੁ ਅਰਥੀ ਸੰਦਰਭ ਵਿਚ ਉਨ੍ਹਾਂ ਨੇ ਖਾਲਸੇ ਦਾ ਆਪਣੀ ਮੌਲਿਕ ਹੋਂਦ ਵਿਚ ਇਸ਼ਕ, ਉਸ ਨੂੰ ਸਾਂਭਣ ਦੀ ਅਝੁੱਕ ਦ੍ਰਿੜਤਾ ਅਤੇ ਬੇਇਨਸਾਫ਼ੀ ਵਿਰੁੱਧ ਸਦੀਵੀ ਰੋਸ ਦੇ ਸੱਚ ਨੂੰ ਸਥਾਪਤ ਕਰਨ ਦਾ ਚਮਤਕਾਰ ਕਰ ਵਿਖਾਇਆ। ਸੰਸਾਰ ਦੇ ਸਭ ਮਹਾਂਪੁਰਸ਼ ਆਪਣੇ ਅਮਲ ਦੀਆਂ ਮਿਸਾਲਾਂ ਨੂੰ ਇਕ ਅਸੀਮ ਚਿਤਰਪਟ ‘ਤੇ ਖੜੀਆਂ ਕਰ ਦਿੰਦੇ ਹਨ। ਉਹ ਮਿਸਾਲਾਂ ਸੰਸਾਰਕ ਪੱਖੋਂ ਛੋਟੀਆਂ ਵੀ ਨਜ਼ਰ ਆ ਸਕਦੀਆਂ ਹਨ, ਪਰ ਲਘੂ ਹੋਦ ਦੇ ਬਾਵਜੂਦ ਉਹ ਮਿਸਾਲਾਂ ਆਪਣੇ ਅਸੀਮ ਚਿਤਰਪਟ ਨਾਲ ਜੁੜੀਆਂ ਹੋਣ ਕਾਰਨ ਆਪਣੇ ਪ੍ਰੈਕਟੀਕਲ ਅਰਥਾਂ ਵਿਚ ਸਦੀਵੀ ਤੌਰ ‘ਤੇ ਪ੍ਰਚੰਡ ਪ੍ਰੇਰਣਾ ਨਾਲ ਭਰਪੂਰ ਰਹਿੰਦੀਆਂ ਹਨ। ਮੈਂ ਤੀਸਰੇ ਘੱਲੂਘਾਰੇ ਦੇ ਮਹਾਂਨਾਇਕ ਦੀ ਮਹਾਨਤਾ ਨੂੰ ਇਸੇ ਦ੍ਰਿਸ਼ਟੀਕੋਣ ਤੋਂ ਪ੍ਰਮਾਣਿਕ ਮੰਨਦਾ ਹਾਂ।

? ਮਹਿਬੂਬ ਜੀ ! ਰਾਜਸੀ ਟਿੱਪਣੀਕਾਰ ਸੰਤ ਜੀ ‘ਤੇ ਦੋਸ਼ ਲਗਾਉਦੇ ਹਨ ਕਿ ਉਨ੍ਹਾਂ ਨੇ ਕਿੰਨਿਆਂ ਹੀ ਮੌਕਿਆਂ ‘ਤੇ ਕਾਂਗਰਸ ਦਾ ਸਾਥ ਦਿੱਤਾ। ਰਾਜ ਕਰ ਰਹੇ ਅਕਾਲੀ ਤਾਂ ਬਹੁਤ ਵਾਰ ਉਨ੍ਹਾਂ ਨੂੰ ਕਾਂਗਰਸ ਦਾ ਏਜੰਟ ਵੀ ਕਹਿ ਦਿੰਦੇ ਹਨ। ਇਸ ਬਾਰੇ ਤੁਹਾਡਾ ਠੋਸ, ਨਿਰਪੱਖ ਤੇ ਨਿਰਲੇਪ ਪ੍ਰਤੀਕਰਮ?
ਉੱਤਰ :- ਵੀਰ ਜੀ! ਕਿਸੇ ਵੀ ਮਹਾਂ ਮਾਨਵ ਦੀ ਅਮਲੀ ਇਕਾਗਰਤਾ ਦਾ ਕੇਂਦਰ ਉਸ ਦਾ ਕਦੇ ਨਾ ਡੁੱਬਣ ਵਾਲਾ ਆਦਰਸ਼ ਹੁੰਦਾ ਹੈ ਜਿਸ ਦੀ ਹਰ ਹਾਲਤ ਵਿਚ ਕੀਤੀ ਜਾਣ ਵਾਲੀ ਪਰੀਪੂਰਣਤਾ ਲਈ ਉਸ ਨੇ ਜ਼ਿੰਦਗੀ ਨਾਲ ਵਕਤੀ ਲਗਾਵ ਕਾਇਮ ਕਰਨੇ ਹੀ ਹੁੰਦੇ ਹਨ। ਇਨ੍ਹਾਂ ਥੋੜੇ ਚਿਰੇ ਸੰਪਰਕਾਂ ਨਾਲ ਮਹਾਂ ਮਾਨਵ ਅਨਿੱਜੀ ਲੋੜ ਅਨੁਸਾਰ ਮੁਲਾਕਾਤ ਕਰਦਾ ਹੈ, ਪਰ ਉਹ ਆਪਣੇ ਆਦਰਸ਼ ਦੀ ਨਿਰਮਲਤਾ ਨੂੰ ਨਹੀਂ ਭੁੱਲਦਾ, ਜਿਸ ਦੀ ਤੂਫਾਨੀ ਰਫ਼ਤਾਰ ਅੱਗੇ ਖੂਬਸੂਰਤ ਗਰਜਦੇ ਮੀਂਹਾਂ ਤੱਕ ਥੋੜ ਚਿਰੇ ਲਗਾਵ ਧੂੜ ਵਾਂਗ ਉੱਡਦੇ ਹੀ ਰਹਿੰਦੇ ਹਨ। ਸੰਤ ਜੀ ਰੂਹਾਨੀ ਤ੍ਰਿਖਾ ਅਧੀਨ ਆਪਣੇ ਆਦਰਸ਼ ਲਈ ਲੜੇ, ਰਾਹ ਵਿਚ ਜੀਵਨ ਦੇ ਭਿੰਨ ਭਿੰਨ ਅਦਾਰਿਆਂ ਨਾਲ ਵਕਤੀ ਰਿਸ਼ਤੇ ਬਣੇ, ਪਰ ਉਨ੍ਹਾਂ ਨੇ ਆਪਣੇ ਨਿਗਾਹ ਨੂੰ ਅਰੁਕ ਵਹਿਣਾ ਤੋਂ ਲਾਂਭੇ ਨਾ ਕੀਤਾ। ਜਿਨ੍ਹਾਂ ਚਿਰ ਕਿਸੇ ਵਿਚ ਵਫ਼ਾ ਦੀ ਸੁੱਚਤਾ ਨਹੀਂ, ਉਨਾ ਚਿਰ ਲਘੂ ਸਾਥ ਨੂੰ ਵੀ ਸੰਤ ਜੀ ਨੇ ਪ੍ਰਵਾਨਗੀ ਦਿੱਤੀ। ਜੇ ਗਿਆਨੀ ਜ਼ੈਲ ਸਿੰਘ ਨੂੰ ਸੰਤ ਪੈਦਾ ਕਰਨ ਦਾ ਭੁਲੇਖਾ ਸੀ ਅਤੇ ਜੇ ਸ਼ਾਸਕ ਅਕਾਲੀ ਸੰਤ ਜੀ ‘ਤੇ ਕਾਂਗਰਸ ਪੱਖੀ ਹੋਣ ਦਾ ਚਿੱਕੜ ਉਛਾਲਕੇ ਘੋਰ ਈਰਖਾ ਵੱਸ ਆਪਣੀ ਆਤਮਿਕ ਗਰੀਬੀ ਛੁਪਾਉਣਾ ਚਾਹੁੰਦੇ ਹਨ ਜਾਂ ਆਪਣੀ ਸੁਆਰਥ ਪੂਰਤੀ ਲਈ ਅਗਿਆਨ ਦਾ ਲੜ ਨਹੀਂ ਛੱਡਣਾ ਚਾਹੁੰਦੇ ਤਾਂ ਪੰਥ ਦੇ ਦਰਦੀਆਂ ਦਾ ਕੀ ਕਸੂਰ ਹੈ।

? ਉਸ ਦੀ ਸ਼ਹਾਦਤ ਅਤੇ ਸਿੱਖਾਂ ਨੂੰ ਜਗਾਉਣ ਲਈ ਉਸ ਵੱਲੋਂ ਨਿਭਾਏ ਗਏ ਰੋਲ ਨੂੰ ਤੁਸੀਂ ਇਤਿਹਾਸ ਵਿਚ ਕੀ ਸਥਾਨ ਦਿੰਦੇ ਹੋ?
ਉੱਤਰ : ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਸਿੱਖ ਇਤਿਹਾਸ ਦੇ ਬੇਨਜ਼ੀਰ ਨਾਇਕ ਹਨ। ਉਨ੍ਹਾਂ ਦੀ ਇਤਿਹਾਸਕ ਮਹਾਨਤਾ ਨੂੰ ਸਮਝਣ ਲਈ ਸਾਨੂੰ ਨੀਲਾ ਤਾਰਾ ਸਾਕਾ ਦੀ ਵਿਕਰਾਲ ਬਣਤਰ, ਭਿਅੰਕਰ ਰਫ਼ਤਾਰ, ਉਸ ਦੇ ਕੁਢਬੇ, ਕਠੋਰ ਫੈਲਾਓ ਅਤੇ ਉਸ ਦੀ ਸਮਾਪਤੀ ਪਿੱਛੋਂ ਧਾਰਮਿਕ ਬਹੁਗਿਣਤੀ ਦੇ ਖੂਨੀ ਪ੍ਰਤਿਕਰਮਾਂ ‘ਤੇ ਨਿਗਾਹ ਮਾਰਨੀ ਪਵੇਗੀ। ਕਈ ਮਹੀਨੇ ਪਹਿਲਾਂ ਚਕਰਾਤਾ ਵਿਖੇ ਹਰਿਮੰਦਰ ਸਾਹਿਬ ‘ਤੇ ਹੋਣ ਵਾਲੇ ਹਮਲੇ ਦੀਆਂ ਫੌਜੀ ਮਸ਼ਕਾਂ, ਗੈਰ ਰਾਜਸੀ ਲੋਕਾਂ ਦੇ ਕੁਦਰਤੀ ਇਕੱਠ ਸਮੇਂ ਹਮਲੇ ਲਈ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦਿਨ ਹੀ ਚੁਣਨਾ, ਰਾਜੀਵ ਗਾਂਧੀ ਦਾ ਸੰਤਾਂ ਨੂੰ ਨਿਰੋਲ ਧਾਰਮਿਕ ਵਿਅਕਤੀ ਕਹਿਣਾ, ਹਾਕਮਾਂ ਵਲੋਂ ਅਮਨ ਦੀਆਂ ਪੇਸ਼ਕਸ਼ਾਂ ਦੇ ਢੋਂਗ ਰਚਾਉਣੇ ਆ ਰਹੇ ਹਮਲੇ ਨੂੰ ਕੁਝ ਓਹਲੇ ਵਿਚ ਰੱਖ ਕੇ ਸਿੱਖਾਂ ਦੇ ਭਾਰੀ ਇਕੱਠ ਦੀ ਸਥਿਤੀ ਬਣਾਉਣੀ, ਫੌਜ ਦੇ ਘੇਰੇ ਪਿੱਛੋਂ ਗੁਰਪੁਰਬ ‘ਤੇ ਆਏ ਮਾਸੂਮ ਬਾਲਾਂ, ਬਿਰਧਾਂ ਤੇ ਮੁਟਿਆਰਾਂ ਨੂੰ ਗੁਰਦੁਆਰੇ ਤੋਂ ਬਾਹਰ ਨਿਕਲਣ ਦਾ ਮੌਕਾ ਨਾ ਦੇਣਾ, ਫਿਰ ਇਨ੍ਹਾਂ ਮਾਸੂਮਾਂ ਦਾ ਫੌਜੀ ਜਿੱਤ ਪਿੱਛੋਂ ਹਲਾਕੂ ਤੇ ਹਿਟਲਰ ਦੇ ਜ਼ੁਲਮਾਂ ਦੀ ਯਾਦ ਕਰਵਾਉਂਦਾ ਕਤਲੇਆਮ ਅਤੇ ਏਸੇ ਹੀ ਲੜੀ ਵਿਚ ਕੁਝ ਮਹੀਨਿਆਂ ਪਿੱਛੋਂ ਦਿੱਲੀ ਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੇ ਘਿਨਾਉਣੇ ਕਤਲ ਹਿੰਦੂਤਵ ਦੀ ਉਹ ਖੂਨੀ ਤਸਵੀਰ ਬਣਾਉਂਦੇ ਹਨ ਜਿਹੜੀ ਕਿਸੇ ਵੀ ਹੋਰ ਧਰਮ ਦੀ ਸੁਤੰਤਰ ਹਸਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਹੈਰਾਨੀ ਦੀ ਗੱਲ ਹੈ ਕਮਿਊਨਿਸਟ ਵੀ ਹਿੰਦੂਤਵ ਦੇ ਉਸ ਬੇਕਿਰਕ ਹਜ਼ੂਮ ਨਾਲੋਂ ਘੱਟੋ ਘੱਟ ਸੁਤੰਤਰ ਪਛਾਣ ਦੀ ਸਿੱਖ ਇੱਛਾ ਦੇ ਮਾਮਲੇ ਵਿਚ ਕਿਸੇ ਰੂਪ ਵਿਚ ਵੀ ਵੱਖ ਨਹੀਂ ਹਨ ਜਿਨ੍ਹਾਂ ਨੇ ਧਾਰਮਿਕ ਸੁਤੰਤਰਤਾ ਲੋਚਦੇ ਸਿੱਖਾਂ ਦੇ ਕਤਲੇਆਮ ਵਿਰੁੱਧ ਕਦੇ ਵੀ ਭਾਰਤੀ ਪਾਰਲੀਮੈਂਟ ਵਿਚ ਨਿਸੰਗ ਦ੍ਰਿੜਤਾ ਵਾਲਾ ਰੋਸ ਨਹੀਂ ਪ੍ਰਗਟਾਇਆ। ਸੰਤ ਜੀ ਦੀ ਨਿਰਭੈਅ ਸ਼ਖਸੀਅਤ ਨੂੰ ਸਮਝਣ ਲਈ ਹਰ ਨਿਰਪੱਖ ਇਤਿਹਾਸਕਾਰ ਨੂੰ ਹੁਣੇ ਦੱਸੇ ਵਹਿਸ਼ੀਪਨ ਦੇ ਬ੍ਰਾਹਮਣਵਾਦੀ ਪਿਛੋਕੜ ਨੂੰ ਇਕ ਦਿਨ ਬਿਆਨ ਕਰਨਾ ਹੀ ਪਵੇਗਾ। ਇਤਿਹਾਸਕ ਵਿਸ਼ੇਲਸ਼ਣ ਦੀ ਮਨੋਵਿਗਿਆਨਕ ਸੂਖਮਤਾ ਦਰਸਾਉਂਦੀ ਹੈ ਕਿ ਹਿੰਦੂਤਵ ਦੀ ਦਾਨਵ ਸ਼ਕਤੀ ਇਹ ਵੇਖ ਕੇ ਭੈਅ ਭੀਤ ਹੋ ਗਈ ਹੈ ਕਿ ਕੋਈ ਬੰਦਾ ਆਪਣੇ ਜੁਝਾਰੂ ਹਮਖਿਆਲਾਂ ਨਾਲ ਭਾਰਤ ਵਿਚ ਵਸਦਾ ਹੈ ਜਿਸ ਨੂੰ ਆਪਣੇ ਧਰਮ ਦੀ ਸਦੀਵੀ ਸੁਤੰਤਰਤਾ ਨਾਲ ਅਝੁੱਕ ਇਸ਼ਕ ਹੈ। ਜਿਹੜਾ ਸਦੀਵੀ ਧਾਰਮਿਕ ਸੁਤੰਤਰਤਾ ਤੋਂ ਘੱਟ ਕਿਸੇ ਸਮਝੌਤੇ ਨੂੰ ਪ੍ਰਵਾਨ ਨਹੀਂ ਕਰਦਾ, ਜਿਸ ਨੂੰ ਸ਼ਹੁਰਤ ਅਤੇ ਦੌਲਤ ਦੇ ਕਿਸੇ ਵੀ ਜਾਲ ਵਿਚ ਫਸਾਇਆ ਨਹੀਂ ਜਾ ਸਕਦਾ ਅਤੇ ਜਿਸ ਨੁੂੰ ਵੱਡੇ ਤੋਂ ਵੱਡੇ ਲਸ਼ਕਰਾਂ ਦੀ ਧਮਕੀ ਨਾਲ ਭੈਅ ਭੀਤ ਨਹੀਂ ਕੀਤਾ ਜਾ ਸਕਦਾ। ਸੋ ਬ੍ਰਾਹਮਣਵਾਦੀ ਈਗੋ, ਉਸ ਦੀ ਈਰਖਾਲੂ ਅੱਖ ਅਤੇ ਉਸ ਦੀ ਆਜ਼ਾਦ ਧਰਮਾਂ ਪ੍ਰਤੀ ਘ੍ਰਿਣਾ ਲਈ ਸੰਤ ਜੀ ਦੀ ਹੋਂਦ ਅਸਹਿ ਨਾਸੂਰ ਬਣ ਗਈ। ਹਿੰਦੂਤਵ ਲਈ ਸੰਤ ਜੀ ਕੇਵਲ ਇਕ ਵਿਅਕਤੀ ਹੀ ਨਹੀਂ ਸਨ, ਸਗੋਂ ਉਹ ਭਾਰਤ ਵਿਚ ਵਿਚਰਦੇ ਇਕ ਨਿਆਰੇ ਧਰਮ ਦੀ ਅਡੋਲ ਸੋਚ ਸਨ ਅਤੇ ਇਕ ਤਰ੍ਹਾਂ ਨਾਲ ਸਾਕਾਰ ਰੂਪ ਵਿਚ ਖਾਲਸਾ ਇਤਿਹਾਸ ਸਨ। ਸੋ ਇਸ ਲਈ ਉਨ੍ਹਾਂ ਦੀ ਅੜੀ ਨੂੰ ਤੋੜਨਾ ਜ਼ਰੂਰੀ ਸੀ। ਇੰਝ ਨੀਲਾ ਤਾਰਾ ਸਾਕਾ ਦੇ ਕਠੋਰ, ਬੇਢੱਬੇ ਅਤੇ ਬੇਵਫ਼ਾ ਸਰੂਪ ਦੀ ਉਤਪਤੀ ਅਤੇ ਫੈਲਾਓ ਦੀ ਇਤਿਹਾਸਕ ਦਲੀਲ ਸਮਝ ਪੈਂਦੀ ਹੈ। ਜਦੋਂ ਅਜਿਹੇ ਪਿਛੋਕੜ ਵਿਚ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ‘ਤੇ ਤੀਸਰਾ ਵੱਡਾ ਘੱਲੂਘਾਰਾ ਵਾਪਰਦਾ ਹੈ ਤਾਂ ਇਤਿਹਾਸਕ ਸਥਿਤੀ ਦੇ ਨਾਲ ਉਹ ਕਾਵਿਮਈ ਸੁਹਜ ਵੀ ਉਭਰਦਾ ਹੈ ਕਿ ਜਿਹੜਾ ਪੈਗੰਬਰ ਤੱਤੀਆਂ ਤਵੀਆਂ ‘ਤੇ ਭਾਣੇ ਨੁੂੰ ਮਿੱਠਾ ਮੰਨ ਕੇ ਮੁਸਕਰਾਉਂਦਾ ਰਿਹਾ, ਪੌਣੀਆਂ ਚਾਰ ਸਦੀਆਂ ਪਿੱਛੋਂ ਉਸੇ ਰੱਬੀ ਜੋਤ ਦੇ ਇਕ ਸਿੱਖ ਨੇ ਮੁੱਠੀ ਭਰ ਪੈਰੋਕਾਰਾਂ ਦੀ ਮਦਦ ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਭਾਰੀ ਲਸ਼ਕਰਾਂ ਨੂੰ ਅਕਾਲ ਤਖ਼ਤ ਦੀਆਂ ਬਰੂਹਾਂ ‘ਤੇ ਅੱਠ ਪਹਿਰ ਤੱਕ ਡੱਕ ਕੇ ਸ਼ਹੀਦਾਂ ਦੇ ਸਿਰਤਾਜ ਦੇ ਮਹਾਂਵਾਕ ਨੂੰ ਆਪਣੀ ਸ਼ਹੀਦੀ ਰਾਹੀਂ ਦਰਸਾਇਆ ਕਿ ਚਮਕੌਰ ਦੀ ਜੰਗ ਦਾ ਇਕ ਰੂਪ ਇਹ ਵੀ ਹੈ, ਜੇ ਬਾਬਾ ਦੀਪ ਸਿੰਘ ਅਤੇ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ ਦੇ ਜਲਾਲ ਨੂੰ ਇਕ ਰੂਪ ਵਿਚ ਲਈਏ ਤਾਂ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਦਾ ਰਹੱਸ ਇਤਿਹਾਸ ਦੀ ਪਕੜ ਵਿਚ ਆਉਂਦਾ ਹੈ।

? ਸੰਤ ਜਰਨੈਲ ਸਿੰਘ ਨੇ ਮੌਜੂਦਾ ਰਾਜਨੀਤਕ ਢਾਂਚੇ ਨੂੰ ਵੱਡੇ ਝਟਕੇ ਹੀ ਦਿੱਤੇ ਹਨ ਜਾਂ ਉਸ ਨੂੰ ਜਰਜਰਾ ਵੀ ਕੀਤਾ ਹੈ? ਉਸ ਦੇ ਇਸ ਰੋਲ ਨੂੰ ਇਤਿਹਾਸ ਕਿਵੇਂ ਵੇਖੇਗਾ?
ਉੱਤਰ :- ਵੀਰ ਕਰਮਜੀਤ ! ਭਾਰਤ ਦਾ ਰਾਜਨੀਤਕ ਢਾਂਚਾ ਜਰਜਰਾ ਤਾਂ ਪਹਿਲਾਂ ਹੀ ਸੀ, ਨੀਰਾਦ ਚੌਧਰੀ ਵਰਗਿਆਂ ਨੇ ਇਸ ਦੀਆਂ ਸੰਚਾਲਕ ਇਖਲਾਕੀ ਕੀਮਤਾਂ ਦੇ ਖੋਖਲੇਪਨ ਦਾ ਦਾਰਸ਼ਨਿਕ ਚਿੱਤਰ ਤਾਂ ਪਹਿਲਾਂ ਹੀ ਉਲੀਕ ਦਿੱਤਾ ਸੀ। ਸੰਤ ਜਰਨੈਲ ਸਿੰਘ ਨੇ ਅੰਤਮ ਤੌਰ ‘ਤੇ ਆਪਣੀ ਦੇਹ, ਜਾਨ ਤੇ ਰੂਪ ਵਿਚੋਂ ਲੰਘਾਏ ਬੇਦਾਗ ਅਮਲ ਰਾਹੀਂ ਇਸ ਤਲਖ਼ ਹਕੀਕਤ ਨੂੰ ਸਦਾ ਲਈ ਸ਼ੰਕਾ ਰਹਿਤ ਦਰਸਾ ਦਿੱਤਾ ਕਿ ਭਾਰਤ ਦੀ ਜਮਹੂਰੀਅਤ ਅਸਲ ਵਿਚ ਇਹ ਅਸਿਹਣਸ਼ੀਲ ਧਾਰਮਿਕ ਬਹੁਗਿਣਤੀ ਦੀ ਜਮਹੂਰੀਅਤ ਹੈ, ਜਿਸ ਵਿਚ ਧਰਮਾਂ ਦੀਆਂ ਸਵੈ-ਨਿਰਭਰ ਨਿੱਕੀਆਂ ਇਕਾਈਆਂ ਦੀ ਖੁੱਦਦਾਰੀ ਲਈ ਅਧੀਨਗੀ ਮੰਨਣ ਜਾਂ ਬੇਰਹਿਮੀ ਜਰਨ ਤੋਂ ਬਿਨਾਂ ਉਦੋਂ ਤੱਕ ਕੋਈ ਚਾਰਾ ਨਹੀਂ, ਜਦੋਂ ਤੱਕ ਇਸ ਦੇ ਵਿਧਾਨ ਨੂੰ ਮਾਨਵ ਸੁਤੰਤਰਤਾ ਦੀਆਂ ਠੋਸ ਸੰਵੇਦਨਸ਼ੀਲ ਅਤੇ ਕੌਮਾਂਤਰੀ ਕੀਮਤਾਂ ਵਿਚ ਢਾਲ ਕੇ ਸਰਬ ਪ੍ਰਵਾਣਿਤ ਨਹੀਂ ਬਣਾਇਆ ਜਾਂਦਾ। ਉਨ੍ਹਾਂ ਨੇ ਭਾਰਤ ਦੀ ਕਹਿਣੀ ਅਤੇ ਕਰਨੀ ਦੇ ਫਰਕ ਨੂੰ ਫਾਸ਼ ਕੀਤਾ ਜਿਹੜਾ ਕਿ ਪਹਿਲੀ ਨਜ਼ਰੇ ਇਕ ਸਾਧਾਰਨ ਜਿਹਾ ਫਾਰਮੂਲਾ ਜਾਪਦਾ ਹੈ, ਪਰ ਜਿਸ ਦੀ ਪ੍ਰੈਕਟੀਕਲ ਪਾਲਣਾ ਖੰਡੇ ਦੀ ਤਿੱਖੀ ਧਾਰ ‘ਤੇ ਤੁਰਨ ਬਰਾਬਰ ਹੈ। ਭਾਰਤ ਦੇ ਆਧੁਨਿਕ ਸ਼ਾਸਕ ਵਰਗ ਦੀ ਕਹਿਣੀ ਇਕ ਅਪਕੜ ਗੋਰਖਧੰਦਾ ਹੈ। ਇਸ ਰਾਜਨੀਤਕ ਕਹਿਣੀ ਦੇ ਹਰ ਸਾਹ ਵਿਚ ਕੌਟੱਲਯ ਦੇ ਅਰਥ ਸ਼ਾਸਤਰ ਦੀ ਸ਼ਾਮ, ਦਾਮ ਅਤੇ ਦੰਡ ਦੇ ਫਰੇਬੀ ਫਾਰਮੂਲੇ ਵਿਚ ਪਰੁੱਚੀ ਬਾਰੀਕ ਮੌਕਾਪ੍ਰਸਤੀ ਸਮਾਈ ਹੋਈ ਹੈ, ਇਸ ਮੌਕਾ ਪ੍ਰਸਤੀ ਨੇ ਤਰ੍ਹਾਂ ਤਰ੍ਹਾਂ ਦੇ ਅਧਿਆਤਮਕ, ਪੌਰਾਣਿਕ, ਦਾਰਸ਼ਨਿਕ ਅਤੇ ਕਾਵਿਕ ਗ੍ਰੰਥਾਂ ਦੇ ਕਥਾਂ ਨਾਲ ਆਪਣੇ ਆਪ ਨੂੰ ਢਾਲਿਆ ਅਤੇ ਸ਼ਿੰਗਾਰਿਆ ਹੋਇਆ ਹੈ। ਇਹ ਰਾਜਨੀਤਕ ਕਹਿਣੀ ਬੜੀ ਪੇਚੀਦਾ ਹੈ। ਇਸ ਦੇ ਪਦਾਰਥਕ ਮੰਡਲਾਂ ਵਿਚ ਆਤਮਕ ਕਥਨਾਂ ਦੀ ਭਰਮਾਰ ਹੈ। ਇਹ ਕਹਿਣੀ ਆਪਣੀ ਹਾਊਮੈ ਦੇ ਸੁਤੰਤਰ ਧਰਮਾਂ ਦੀ ਗੁਲਾਮੀ ਨਾਲ ਜੁੜੇ ਗੁਪਤ ਮਨੋਰਥਾਂ ਨੂੰ ਜਾਦੂਗਰ ਵਾਲੀ ਚਮਤਕਾਰੀ ਸਫ਼ਾਈ ਨਾਲ ਆਪਣੀ ਸੁਆਰਥੀ ਕਰਨੀ ਵਿਚ ਤਬਦੀਲੀ ਕਰਦੀ ਹੈ ਅਤੇ ਇਹ ਭਾਣਾ ਵਰਤਾ ਕੇ ਆਪਣੇ ਸ਼ਿਕਾਰ ਨੂੰ ਮਿੱਤਰ ਰੂਪ ਵਿਚ ਪਲਟਕੇ ਮੁੜ ਆਪਣੇ ਪਹਿਲੇ ਸਾਊ ਚਿਹਰੇ ਨੂੰ ਧਾਰਨ ਕਰ ਲੈਂਦੀ ਹੈ। ਸੰਤ ਜਰਨੈਲ ਸਿੰਘ ਨੇ ਆਪਣੀ ਜਾਨ ਦੀ ਕੀਮਤ ਦੇ ਕੇ ਇਸ ਚਲਾਕੀ ਦੇ ਪਰਦੇ ਨੂੰ ਲੀਰੋ ਲੀਰ ਕਰ ਦਿੱਤਾ। ਉਨ੍ਹਾਂ ਆਮ ਸਿੱਖ ਨੂੰ ਵੀ ਇਹ ਸਮਝਾ ਦਿੱਤਾ ਕਿ ਭਾਰਤੀ ਜਮਹੂਰੀਅਤ ਦੂਜੇ ਘੱਟ ਗਿਣਤੀ ਧਰਮਾਂ ਨੂੰ ਆਪਣੇ ਲਸ਼ਕਰਾਂ ਅਤੇ ਵਿਧਾਨਕ ਸ਼ਿਕੰਜਿਆਂ ਰਾਹੀਂ ਆਪਣੀ ਸਦੀਵੀ ਅਧੀਨਗੀ ਵਿਚ ਰੱਖ ਕੇ ਇਕ ਵਿਸ਼ੇਸ਼ ਮਾਰਗ ‘ਤੇ ਚੱਲ ਰਹੀ ਧਾਰਮਿਕ ਬਹੁਗਿਣਤੀ ਦੀ ਸਰਦਾਰੀ ਕਾਇਮ ਕਰਨਾ ਚਾਹੁੰਦੀ ਹੈ। ਅਜਿਹਾ ਤਲਖ਼ ਸੱਚ ਪ੍ਰਗਟ ਹੋਣ ‘ਤੇ ਮੌਜੂਦਾ ਸਰਕਾਰ ਨੂੰ ਭੁਚਾਲ ਵਰਗੇ ਝਟਕੇ ਲੱਗੇ, ਕਿਉਂਕਿ ਉਸ ਦੇ ਛੁਪੇ ਫਰੇਬ ਦੇ ਸਾਹਮਣੇ ਆਉਣ ‘ਤੇ ਉਸ ਨੇ ਵਕਤੀ ਸ਼ਰਮਿੰਦਗੀ ਵਿਚ ਇਹ ਜ਼ਰੂਰ ਮਹਿਸੂਸ ਕੀਤਾ ਕਿ ਗਿਣਤੀ ਵਿਚ ਘੱਟ ਹੋਣ ਦੇ ਬਾਵਜੂਦ ਸਵੈ ਨਿਰਭਰ ਧਰਮਾਂ ਦੀ ਸੁਤੰਤਰਤਾ ਦੀ ਤਾਂਘ ਇਕ ਦਿਨ ਆਪਣਾ ਰਾਹ ਜ਼ਰੂਰ ਬਣਾ ਲਵੇਗੀ। ਅਜਿਹੀ ਪ੍ਰਾਪਤੀ ‘ਤੇ ਅਸਲੀ ਇਤਿਹਾਸ ਸੰਤ ਜਰਨੈਲ ਸਿੰਘ ਨੂੰ ਅਣਡਿੱਠਾ ਨਹੀਂ ਕਰ ਸਕਦਾ।

? ਸੰਤ ਜਰਨੈਲ ਸਿੰਘ ਦੇ ਇਰਦ ਗਿਰਦ ਜੋ ਮਾਹੌਲ ਸੀ, ਉਸ ਦਾ ਪੱਧਰ ਤੁਹਾਨੂੰ ਕਿਹੋ ਜਿਹਾ ਲੱਗਾ? ਇਸ ਮਾਹੌਲ ਨੇ ਉਸ ਨੂੰ ਉੱਚਾ ਚੁੱਕਣ ਵਿਚ ਜੋ ਰੋਲ ਅਦਾ ਕੀਤਾ ਉਸ ਦੇ ਹਾਂ ਪੱਖੀ ਅੰਸ਼ ਕਿਹੜੇ ਹਨ? ਕੀ ਨਾਂਹ ਪੱਖੀ ਅੰਸ਼ ਵੀ ਤੁਹਾਨੂੰ ਕਦੇ ਨਜ਼ਰ ਆਏ?
ਉੱਤਰ :- ਸੰਤ ਜਰਨੈਲ ਸਿੰਘ ਦੀ ਰੂਹਾਨੀ ਛੋਹ ਤੋਂ ਉਪਜਿਆ ਮਾਹੌਲ ਨਿਰੋਲ ਗੁਰਸਿੱਖੀ ਰੰਗਣ ਵਾਲਾ ਸੀ। ਇਹ ਮਾਹੌਲ ਪੰਥ ਦੋਖੀਆਂ ਦੀ ਬੇਇਨਸਾਫ਼ੀਆਂ ਨੂੰ ਜਗ ਜ਼ਾਹਰਾ ਕਰਨ ਲਈ ਅਤੇ ਪੰਥ ਦੀ ਨਿਆਰੀ ਹੋਂਦ ਦਾ ਪ੍ਰਤੀਕ ਸਿਰਜਣ ਲਈ ਸ਼ਹੀਦੀਆਂ ਪਾਉਣ ਦੇ ਚਾਅ ਨਾਲ ਛਲਕ ਰਿਹਾ ਸੀ। ਸਿੰਘ ਜਾਣਦੇ ਸਨ ਅਤੇ ਭਾਰਤੀ ਸ਼ਾਸਕਾਂ ਨੂੰ ਵੀ ਪਤਾ ਸੀ ਕਿ ਸਿੱਖ ਸੰਘਰਸ਼ ਦਾ ਇਹ ਪੜਾਅ ਰਾਜ ਭਾਗੀ ਦੀ ਪ੍ਰਾਪਤ ਦੀ ਪੜਾਅ ਨਹੀਂ ਸੀ, ਪਰ ਇਨਸਾਫ਼ ਲੈਣ ਦੀ ਤਾਂਘ ਨੂੰ ਕੌਮਾਂਤਰੀ ਬਣਾਉਣ ਦਾ ਇਹ ਇਕ ਉਚਿਤ ਮੌਕਾ ਸੀ। ਸੰਤ ਜੀ ਦਾ ਗੁਰਸਿੱਖਾਂ ਨੂੰ ਸ਼ੋਭਦਾ ਨਿਰਮਲ ਇਖ਼ਲਾਕ, 18ਵੀਂ ਸਦੀ ਦੇ ਸਿੱਖ ਸੰਘਰਸ਼ ਦੇ ਤੇਜ਼ ਅਨੁਭਵ ਅਤੇ ਜੀਵਨ ਦੇ ਹਰ ਪੜਾਅ ਵਿਚ ਰਹਿਣ ਵਾਲੀ ਨਿਰਭੈਅਤਾ ਆਦਿ ਬਰਕਤਾਂ ਉਨ੍ਹਾਂ ਦੇ ਉਪਾਸ਼ਕਾਂ ਦੀਆਂ ਜ਼ਮੀਰਾਂ ਨੂੰ ਪਿਛਲੀਆਂ ਪੰਜ ਸਦੀਆਂ ਦੀਆਂ ਸਿੱਖ ਯਾਦਾਂ ਨਾਲ ਜੋੜ ਦਿੰਦੀਆਂ ਸਨ। ਸੰਤ ਜੀ ਨੇ ਜਨਰਲ ਸੁਬੇਗ ਸਿੰਘ ਦੇ ਸੀਨੇ ਅੰਦਰ ਵੀ ਪੁਰਾਤਨ ਸਿੱਖ ਇਤਿਹਾਸ ਦੇ ਇਸ ਸਿਮਰਨ ਰੂਪ ਵਿਚ ਪੂਰੀ ਤਰ੍ਹਾਂ ਰੌਸ਼ਨ ਕਰ ਦਿੱਤਾ ਸੀ। ਸੰਤ ਜੀ ਦੇ ਆਪ ਮੁਹਾਰਾ ਰਚਨਾਤਮਕ ਹੁੰਗਾਰਾ ਦਿੰਦੇ ਪੈਰੋਕਾਰਾਂ ਨੇ ਜਿਹੜਾ ਮਾਹੌਲ ਪੈਦਾ ਕੀਤਾ, ਉਹ ਸਥਾਨਕ ਅਤੇ ਇਕਹਿਰਾ ਨਹੀਂ ਸੀ, ਸਗੋਂ ਉਸ ਵਿਚ ਪੰਜ ਸਦੀਆਂ ਦੇ ਅਤਿ ਜਿੰਦਾ ਇਤਿਹਾਸਕ ਪ੍ਰਭਾਵ ਵੀ ਸਮਾਏ ਹੋਏ ਸਨ। ਮੇਰੇ ਦੋਸਤ ! ਉਂਜ ਤੁਹਾਡਾ ਸ਼ੰਕਾ ਵੀ ਠੀਕ ਹੈ। ਸੰਤਾਂ ਦੀ ਨੇੜ ਛੋਹ ਤੋਂ ਕੁਝ ਪਰ੍ਹੇ ਉਨ੍ਹਾਂ ਦੁਆਲੇ ਅਸੀਂ ਨਾਂਹਪੱਖੀ ਅੰਸ਼ ਵੀ ਵੇਖਦੇ ਹਾਂ। ਹੋਰ ਵੀ ਦੁਖਾਂਤਕ ਸਥਿਤੀ ਇਹ ਹੈ ਕਿ ਉਹ ਲੋਕ ਆਪਣਿਆਂ ਵਿਚ ਗਿਣੇ ਜਾਂਦੇ ਸਨ। ਧਰਮ ਧੁੱਧ ਮੋਰਚੇ ਦੇ ਨੇਤਾ ਹਰਚੰਦ ਸਿੰਘ ਲੌਂਗੋਵਾਲ ਵਿਚ ਸਿੱਖ ਸੰਤ ਵਾਲੀ ਇਕ ਵੀ ਸਿਫ਼ਤ ਨਹੀਂ ਸੀ। ਉਹ ਹੱਦ ਦਰਜੇ ਦਾ ਡਰਪੋਕ, ਪੇਟੂ, ਮੌਕਾਸ਼ਨਾਸ, ਕੱਚੇ ਜਿਹੇ ਮਖੌਲ ਕਰਨ ਵਾਲਾ ਮਿੱਠਬੋਲੜਾ ਅਤੇ ਅਸ਼ਲੀਲ ਸੁਆਦਾਂ ਵਾਲਾ ਵਿਅਕਤੀ ਸੀ। ਅਜਿਹੇ ਨਾਂਹਪੱਖੀ ਮਾਨਸਿਕਤਾ ਵਾਲੇ ਨੇਤਾ ਨਾਲ ਸੰਤ ਜਰਨੈਲ ਸਿੰਘ ਦੀ ਮਜ਼ਬੂਰੀ ਵੱਸ ਪਾਈ ਸਾਂਝ ਪੰਥ ਲਈ ਭਾਰੀ ਬਦਸ਼ਗਨੀ ਸੀ। ਸੰਤ ਜਰਨੈਲ ਸਿੰਘ ਦੀ ਸ਼ਹਾਦਤ ਪਿੱਛੋਂ ਅਨਿਸਚਿਤ ਤੇ ਬੇਅਣਖਾ ਪੰਜਾਬ ਸਮਝੌਤਾ, ਲੌਂਗੋਵਾਲ, ਬਰਨਾਲਾ ਅਤੇ ਬਲਵੰਤ ਸਿੰਘ ਵਰਗਿਆਂ ਦੀ ਖੁਦਗਰਜ਼ ਅਤੇ ਬਣਾਵਟੀ ਸਿੱਖੀ ਦਾ ਹੀ ਨਤੀਜਾ ਸੀ ਜਿਸ ਦੀ ਬੇਚੈਨ ਮਿਰਗ ਤ੍ਰਿਸ਼ਨਾ ਅਤੇ ਪੰਥਕ ਤਕਦੀਰ ਤੋਂ ਅਣਭਿੱਜ ਚੀਫ਼ ਮਨਿਸਟਰੀਆਂ ਦੀ ਬੇਅਸੂਲੀ ਭੁੱਖ ਨੇ ਰਿਬੈਰੋ ਅਤੇ ਕੇ ਪੀ ਐਸ ਗਿੱਲ ਵਰਗਿਆਂ ਲਈ ਪੰਥ ਨੂੰ ਅਣਕਿਆਸੇ ਕਸ਼ਟ ਅਤੇ ਨਮੋਸ਼ੀਆਂ ਦੇਣ ਦਾ ਅਤਿ ਖੂਨੀ ਰਾਹ ਖੋਲ੍ਹ ਦਿੱਤਾ। ਪੰਥਕ ਕੀਮਤਾਂ ਦਾ ਅੰਧ ਰਸਾਤਲ ਅਤੇ ਆਮ ਇਖ਼ਲਾਕੀ ਨਿਘਾਰ ਇਸ ਹੱਦ ਤੱਕ ਪਹੁੰਚ ਗਿਆ ਕਿ ਇਕ ਵਾਰ ਤਾਂ ਅਕਾਲ ਤਖ਼ਤ ਵੀ ਅਗਿਆਨ ਤੇ ਭ੍ਰਿਸ਼ਟ ਸਿਆਸਤਦਾਨਾਂ ਦਾ ਖਿਡੌਣਾ ਬਣ ਕੇ ਰਹਿ ਗਿਆ ਹੈ।

? ਇਤਿਹਾਸ ਵਿਚ ਬਹੁਤ ਘੱਟ ਅਜਿਹੇ ਇਨਸਾਨ ਹੋਏ ਹਨ ਜਿਹੜੇ ਏਨੀ ਛੇਤੀ, ਏਨੀ ਤੇਜ਼ੀ ਨਾਲ ਥੋੜੇ ਜਿਹੇ ਅਰਸੇ ਵਿਚ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ‘ਤੇ ਛਾ ਗਏ। ਕੀ ਸੰਤ ਜਰਨੈਲ ਸਿੰਘ ਹਾਲਤਾਂ ਦੀ ਇਸ ਜ਼ਬਰਦਸਤ ਛੱਲ ‘ਤੇ ਸਵਾਰ ਸਨ ਜਾਂ ਇਹ ਹਾਲਤਾਂ ਉਨ੍ਹਾਂ ਨੇ ਬੜੀ ਮਿਹਨਤ ਤੇ ਤਿਆਗ ਨਾਲ ਤਿਆਰ ਕੀਤੀਆਂ?
ਉੱਤਰ :- ਮੇਰੇ ਵੀਰ ! ਪੰਥ ‘ਤੇ ਭੀੜ ਪੈਣ ‘ਤੇ ਜਿਸ ਵੀ ਸਖ਼ਸ ਨਾਲ ਕਦੇ ਸਿੱਖ ਇਤਿਹਾਸ ਦੀਆਂ ਪੰਜ ਸਦੀਆਂ ਸਫਰ ਕਰਨਗੀਆਂ, ਉਸ ਹਰ ਸਖ਼ਸ਼ ਨੇ ਸੰਤ ਜੀ ਵਾਂਗ ਹੀ ਚੇਤੰਨਤਾ ਅਤੇ ਬੇਗਰਜ਼ ਕੁਰਬਾਨੀਆਂ ਦੇ ਅਰੁਕ ਹੜ੍ਹ ਪੈਦਾ ਕਰਨੇ ਹਨ। ਇਤਿਹਾਸਕ ਅਸੂਲ ਦਾ ਇਕ ਰਾਜ਼ ਚੰਗੀ ਤਰ੍ਹਾਂ ਸਮਝ ਲਵੋ। ਉਹ ਰਾਜ ਇਹ ਹੈ ਕਿ ਕੌਮਾਂ ਦੇ ਸੰਕਟ ਸਮੇਂ ਇਤਿਹਾਸ ਆਪਣੇ ਮਸੀਹਾ ਨੂੰ ਉਡੀਕਦਾ ਹੈ। ਫਿਰ ਮਸੀਹਾ ਦੇ ਬਹੁੜਣ ‘ਤੇ ਉਹ ਆਪਣਾ ਆਪ ਉਸ ਅੱਗੇ ਸਮਰਪਿਤ ਕਰ ਦਿੰਦਾ ਹੈ। ਇਸ ਪਿੱਛੋਂ ਮਸੀਹਾ ਆਪਣੀ ਮਰਜ਼ੀ ਅਤੇ ਲੋੜ ਅਨੁਸਾਰ ਉਸ ਦੇ ਨਕਸ਼ ਤਰਾਸ਼ਦਾ ਹੈ। ਯਕੀਨ ਕਰਨਾ ਸੰਤ ਜਰਨੈਲ ਸਿੰਘ ਦਾ ਵੀ ਇਹੋ ਰੋਲ ਸੀ। ਸਿੱਖ ਧਰਮ ਦੇ ਪੈਦਾ ਹੁੰਦਿਆਂ ਹੀ ਇਸ ਦੀਆਂ ਬਰਬਾਦੀਆਂ ਦੇ ਮਸ਼ਵਰੇ ਵੀ ਅਸਮਾਨਾਂ ਵਿਚ ਹੋਣੇ ਸ਼ੁਰੂ ਹੋ ਗਏ ਸਨ। ਕਿਉਂਕਿ ਸਥਾਪਤ ਧਰਮਾਂ ਨੇ ਇਸ ਦੀ ਨਵੀਨਤਾ ਨੂੰ ਈਰਖਾ ਵੱਸ ਬਰਦਾਸ਼ਤ ਨਹੀਂ ਸੀ ਕੀਤਾ। ਸਦੀਆਂ ਦੇ ਵੱਖ ਵੱਖ ਪੜਾਵਾਂ ਵਿਚ ਇਸ ਦੀ ਤਬਾਹੀ ਦੇ ਸਾਮਾਨ ਪੈਦਾ ਹੋਏ, ਇਤਿਹਾਸਕ ਸਮੱਸਿਆਵਾਂ ਨੇ ਆਪਣੇ ਸਮਾਧਾਨ ਲਈ ਮਹਾਂਪੁਰਖਾਂ ਦੀ ਉਡੀਕ ਕੀਤੀ ਜਿਹੜੀ ਕਦੇ ਲੋੜ ‘ਤੇ ਪੂਰੀ ਉਤਰੀ, ਪਰ ਕਦੇ ਲੋੜ ਤੋਂ ਘੱਟ ਰਹੀ। ਭਾਰਤ ਦੀ ਆਜ਼ਾਦੀ ਪਿੱਛੋਂ ਸਿੱਖਾਂ ਦੀ ਤਬਾਹੀ ਜਾਂ ਅਧੀਨਤਾ ਲਈ ਐਨੀਆਂ ਸਾਜ਼ਿਸ਼ਾਂ ਜਾਂ ਗੁਪਤ ਮਨਸੂਬੇ, ਰਣਨੀਤੀਆਂ ਅਤੇ ਕੂਟਨੀਤੀਆਂ ਹੋਂਦ ਵਿਚ ਆਈਆਂ ਕਿ ਇਨ੍ਹਾਂ ਦਾ ਪਰਦਾ ਚਾਕ ਕਰਨ ਲਈ, ਇਨ੍ਹਾਂ ਦੀ ਗੁੱਝੀ ਭਿਅੰਕਰਤਾ ‘ਤੇ ਧਰਵਾਸ ਦੇਣ ਲਈ ,ਭਾਵ ਜ਼ਖਮਾਂ ‘ਤੇ ਮੱਲ੍ਹਮ ਲਾਉਣ ਲਈ, ਅਤੇ ਸੰਕੇਤਕ ਸਮਾਧਾਨ ਕਰਨ ਲਈ ਕਿਸੇ ਐਸੇ ਮਸੀਹਾ ਦੀ ਲੋੜ ਸੀ, ਜਿਹੜਾ ਗੁਰੂ ਕਾਲ ਦੇ ਮੁਕੰਮਲ ਸਿਦਕ ਨਾਲ ਸਰਸ਼ਾਰ ਹੋਵੇ ਅਤੇ ਆਪਣੀ ਜਾਨ ਦੀ ਕੀਮਤ ‘ਤੇ ਪੰਥ ਦੋਖੀਆਂ ਦੀ ਸਹੀ ਨਿਸ਼ਾਨਦੇਹੀ ਕਰ ਸਕੇ। ਸੰਤ ਜੀ ਐਨੀ ਜਲਦੀ ਅਤੇ ਤੇਜ਼ੀ ਨਾਲ ਇਸੇ ਕਾਰਨ ਪਰਵਾਨ ਹੋਏ ਕਿ ਉਹ ਸਿੱਖ ਕੌਮ ਦੇ ਸਦੀਆਂ ਪੁਰਾਣੇ ਦਰਦ ਦੇ ਹਾਣ ਦੇ ਸਨ। ਦਰਦ ਵੀ ਹਾਜ਼ਰ ਸੀ, ਇਤਿਹਾਸਕ ਸਮੱਸਿਆਵਾਂ ਦਾ ਸਖਤ ਘੇਰਾ ਵੀ ਸੀ, ਆਧੁਨਿਕ ਸ਼ਸਤਰਧਾਰੀ ਦੇ ਰੂਪ ਵਿਚ ਬਲਵਾਨ ਦੋਖੀ ਵੀ ਮੌਜੂਦ ਸਨ, ਸੋ ਜਿਸ ਨੇ ਹਰ ਕੀਮਤ ‘ਤੇ ਇਸ ਲੰਮੇ ਪੰਥਕ ਦੁਖਾਂਤ ਦੀ ਗਵਾਹੀ ਦੇ ਕੇ ਇਸ ਦਾ ਇਲਾਜ ਵੀ ਦੱਸਣਾ ਸੀ, ਉਸ ਮਸੀਹਾ ਨੂੰ ਤੇਜ਼ੀ ਨਾਲ ਪ੍ਰਵਾਨ ਹੋਣੋਂ ਕੌਣ ਰੋਕ ਸਕਦਾ ਸੀ? ਇਤਿਹਾਸ ਨੇ ਸੰਤ ਜੀ ਨੂੰ ਬੁਲਾਇਆ, ਅੱਗੋਂ ਸੰਤ ਜੀ ਨੇ ਸੱਦਾ ਪ੍ਰਵਾਨ ਕਰਕੇ ਇਤਿਹਾਸ ਨੂੰ ਅਨੇਕ ਛੱਲਾਂ ਨਾਲ ਭਰਪੂਰ ਕੀਤਾ, ਇੰਝ ਉਸ ਅੰਦਰ ਕਰੀਏਟਿਵ ਜਲਵਾ ਪੈਦਾ ਕੀਤਾ। ਪੀੜਾਂ ਲੱਦੇ ਕਾਲ ਅਤੇ ਮਾਨਵ ਦੀ ਸੰਘਰਸ਼ਕ ਦ੍ਰਿੜਤਾ ਵਿਚਕਾਰ ਇਕਸੁਰਤਾ ਪੈਦਾ ਹੋਣ ‘ਤੇ ਹੀ ਸੰਤ ਜੀ ਅਤੇ ਇਤਿਹਾਸ ਇਕ ਦੂਜੇ ਦੇ ਪੂਰਕ ਬਣੇ।

? ਕੀ ਤੁਹਾਨੂੰ ਕਦੇ ਇਉਂ ਵੀ ਮਹਿਸੂਸ ਹੁੰਦਾ ਸੀ ਕਿ ਸਿੱਖੀ ਜਜ਼ਬਿਆਂ ਨਾਲ ਲਬਾ ਲਬ ਭਰਿਆ ਇਹ ਇਨਸਾਨ ਬਿਲਕੁਲ ਇਕੱਲਾ ਮੁਕੱਲਾ ਵੀ ਸੀ? ਕੀ ਸਿੱਖ ਪੰਥ ਵਿਚ ਕੋਈ ਵੀ ਉਸ ਦੇ ਦਰਦ ਦਾ ਹਾਣੀ ਨਹੀਂ ਸੀ? ਕੀ ਕਈ ਵਾਰ ਕੌਮਾਂ ਦਾ ਸਮੁੱਚਾ ਦਰਦ ਇਕ ਬੰਦੇ ਵਿਚ ਵੀ ਇਕੱਠਾ ਹੋ ਜਾਂਦਾ ਹੈ? ਤੁਸੀਂ ਇਸ ਸਥਿਤੀ ਨੂੰ ਕਿਵੇਂ ਬਿਆਨ ਕਰਨਾ ਚਾਹੋਗੇ।
ਉੱਤਰ :- ਪਿਆਰੇ ਦੋਸਤ! ਤੇਰੇ ਸਵਾਲ ਨੇ ਮੇਰੇ ਸੀਨੇ ਵਿਚ ਉਸ ਵੇਦਨਾ ਨੂੰ ਜਗਾ ਦਿੱਤਾ ਹੈ ਜਿਹੜੀ ਤੀਸਰੇ ਵੱਡੇ ਘੱਲੂਘਾਰੇ ਤੋਂ ਕੁਝ ਮਹੀਨੇ ਪਹਿਲਾਂ, ਇਸ ਦੀਆਂ ਬੇਰਿਹਮ ਦਿਵਸ ਰਾਤਾਂ ਵਿਚ ਅਤੇ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖ ਕੌਮ ਨੂੰ ਤਰਸ, ਭੈਅ ਅਤੇ ਅੱਚਵੀਂ ਦੇ ਮਾਹੌਲ ਵਿਚ ਸੌਣ ਨਹੀਂ ਸੀ ਦੇ ਰਹੀ। ਸਿੱਖ ਰਾਜ ਦੇ ਖਤਮ ਹੋਣ ਪਿੱਛੋਂ ਖਾਲਸਾ ਪੰਥ ਕੁਝ ਵਰ੍ਹੇ ਮਹਾਰਾਜਾ ਦਲੀਪ ਸਿੰਘ ਵਾਂਗ ਹੀ ਕਦੇ ਉਦਾਸ ਨੇਸਤੀ ਅਤੇ ਕਦੇ ਬੇਚੈਨ ਭਟਕਣ ਵਿਚ ਰਿਹਾ, ਪਰ ਆਜ਼ਾਦੀ ਪਿੱਛੋਂ ਇਹ ਤੜਪ ਤੱਤੀ ਤਵੀ ਵਾਂਗ ਪ੍ਰਚੰਡ ਹੋ ਗਈ, ਭਾਵੇਂ ਤੱਤੀ ਤਵੀ ‘ਤੇ ਬੈਠਣ ਵਾਲੇ ਜੇਡਾ ਸਰਬ ਤੇ ਜੇਰਾ ਸਮੁੱਚੇ ਪੰਥ ਤੋਂ ਹਾਲੇ ਦੂਰ ਸੀ। ਅਸੀਂ ਵਰ੍ਹਿਆਂ ਤੋਂ ਲਗਾਤਾਰ ਰੱਬੀ ਰਹਿਮਤਾਂ ਤੋਂ ਸੱਖਣੇ ਕਿਸੇ ਮਾਰੂ ਘੇਰੇ ਵਿਚ ਰਹੇ । ਸਿੱਖਾਂ ਦੀ ਇਕ ਵੱਡੀ ਗਿਣਤੀ ਨੂੰ ਇਸ ਦੇ ਵਕਤੀ ਅਤੇ ਕਦੇ ਕਦੇ ਇਕਹਿਰੇ ਅਨੁਭਵ ਵੀ ਹੋਏ, ਪਰ ਅਜਿਹੇ ਲੋਕ ਬਿੱਲੀ ਵੇਖ ਕੇ ਕਬੂਤਰ ਦੇ ਅੱਖਾਂ ਮੀਟਣ ਵਾਂਗ ਵਾਰ ਵਾਰ ਸਵੈ ਛਲਾਵੇ ਦੇ ਸ਼ਿਕਾਰ ਵੀ ਹੁੰਦੇ ਰਹੇ। ਸੰਤ ਜੀ ਦੀ ਗੁਰਮੁਖ ਪ੍ਰਤਿਭਾ ਨੂੰ ਪੰਥ ਦੀ ਇਸ ਅਟੱਲ ਦੁਖਾਂਤਕ ਸਥਿਤੀ ਦਾ ਐਨਾ ਗਹਿਰਾ, ਵਿਸ਼ਾਲ ਅਤੇ ਸਰਬ ਪੱਖੀ ਅਨੂਭਵ ਹੋਇਆ ਕਿ ਸਿੱਖ ਇਤਿਹਾਸ ਦੇ ਪਹਿਲੇ ਦੋ ਵੱਡੇ ਘੱਲੂਘਾਰੇ, ਮਾਵਾਂ ਭੈਣਾਂ ਦੇ ਕੁੱਲ ਕਸ਼ਟ, ਖੂਨੀ ਹਾਦਸੇ, ਮਹੀਨ ਫਰੇਬ ਅਤੇ ਛਲਾਵਾ-ਰੂਪ ਸਾਜ਼ਿਸ਼ਾਂ ਸੰਤ ਜੀ ਦੇ ਸੀਨੇ ਅੰਦਰ ਲਟ ਲਟ ਬਲਣ ਲੱਗੀਆਂ। ਉਂਝ ਸੰਤ ਜੀ ਨੇ ਆਪਣੀ ਸਿਦਕ ਦੀ ਚੜ੍ਹਤਲ ਵਿਚ ਬਲਵਾਨ ਜ਼ਬਤ ਦੇ ਸਦਕੇ ਆਪਣੇ ਦਰਦ, ਹੰਝੂਆਂ ਅਤੇ ਰੁਦਨ ਨੂੰ ਆਪਣੀ ਰਚਨਾਤਮਕ ਖਾਮੋਸ਼ੀ ਵਿਚ ਸੰਭਾਲ ਲਿਆ। ਪਿਆਰੇ ਜੀਓ ਸੰਤ ਜੀ ਦਾਂ ਇਹ ਦਰਦ ਬਹੁਤ ਵੱਡਾ ਸੀ, ਨਤਮਸਤਕ ਲੋਕਾਂ ਨੂੰ ਖੁੱਲ੍ਹ ਕੇ ਵੰਡਣ ਦੇ ਬਾਵਜੂਦ ਇਹ ਦਰਦ ਆਪਣੇ ਅੰਤਮ ਪੜਾਅ ‘ਤੇ ਉਸੇ ਤਰ੍ਹਾਂ ਇਕੱਲਾ ਸੀ, ਜਿਵੇਂ ਦੋਸਤੇਇਵਸਕੀ, ਪਾਸਤਰਨਾਕ ਅਤੇ ਸੋਲਜ਼ੇਨਿਤਸਨ ਅਨੇਕ ਪਾਠਕਾਂ ਦੇ ਹੁੰਦਿਆਂ ਸੁੰਦਿਆਂ ਮਨੁੱਖ ਦੀ ਅਮੋੜ ਪ੍ਰਾਧੀਨਤਾ ਅਤੇ ਰੂਹਾਨੀ ਵੇਦਨਾ ਦੇ ਸਾਹਮਣੇ ਆਪਣੇ ਅੰਤਮ ਵਿਸ਼ਲੇਸ਼ਣ ਸਮੇਂ ਇਕੱਲੇ ਹੀ ਨਜ਼ਰ ਪੈਂਦੇ ਹਨ। ਇਤਿਹਾਸ ਵਿਚ ਹੋਰ ਵੱਡੇ ਧਰਮਾਂ ਅਤੇ ਕੌਮਾਂ ਨੂੰ ਵੀ ਸਖ਼ਤ ਘੇਰੇ ਪਏ, ਪਰ ਭਾਰਤ ਦੀ ਆਜ਼ਾਦੀ ਪਿੱਛੋਂ ਸਾਡੀ ਸਥਿਤੀ ਵੱਖਰੀ ਹੀ ਸੀ, ਯਹੂਦੀ ਵੀ ਬਹੁਤ ਉਦਾਸ ਲੋਕ ਸਨ, ਪਰ ਇਸਲਾਮ ਅਤੇ ਈਸਾਈਅਤ ਦੀਆਂ ਜਹਾਦੀ ਟੱਕਰਾਂ, ਕੌਮੀ ਈਗੋ ਅਤੇ ਆਰਥਿਕਤਾ ਵਿਚੋਂ ਜਨਮੀਆਂ ਯੂਰਪ ਦੀਆਂ ਈਸਾਈ ਸਟੇਟਾਂ ਆਪਸੀ ਜੰਗਾਂ ਅਤੇ ਅਖੀਰ ਇਟਲੀ, ਜਰਮਨੀ, ਰੂਸ ਦੀਆਂ ਪ੍ਰਬੰਧਕੀ ਵਿਚਾਰਧਾਰਾਵਾਂ ਦੇ ਅੰਦਰੋਂ ਕਮਜ਼ੋਰ ਪੈਣ ਪਿੱਛੋਂ ਸੰਸਾਰ ਈਸਾਈਅਤ ਵੱਲੋਂ ਸੰਤੁਲਨ ਲਈ ਇਸਲਾਮ ਦੇ ਮੁਕਾਬਲੇ ਵਿਚ ਯਹੂਦੀਅਤਾ ਵੱਲ ਝੁਕਾਓ ਵਰਗੀਆਂ ਹਾਲਤਾਂ ਨੇ ਯਹੂਦੀ ਕੌਮ ਅਤੇ ਧਰਮ ਨੂੰ ਰਾਜਨੀਤਕ ਸਹਿਯੋਗ ਅਤੇ ਸਥਿਰਤਾ ਪ੍ਰਦਾਨ ਕੀਤੇ। ਨਤੀਜੇ ਵਜੋਂ ਉਨ੍ਹਾਂ ਨੂੰ ਜੀਣ ਥੀਣ ਦਾ ਧਰਵਾਸ ਮਿਲਿਆ। ਇਉਂ ਯਹੂਦੀਆਂ ਦਾ ਦਰਦ ਦੋ ਵਿਸ਼ਵ ਯੁੱਧਾਂ ਪਿੱਛੋਂ ਵੀ ਸੰਤ ਜੀ ਵਾਂਗ ਵੀਰਾਨੀਆਂ ਵਿਚ ਨਹੀਂ ਸੀ ਕੂਕਿਆ। ਜਦੋਂ ਪੱਛਮ ਦਾ ਰੋਗੀ ਸੱਭਿਆਚਾਰ ਅੰਦਰਲੇ ਪਾਸਿਓਂ ਇਸਲਾਮ ਨੂੰ ਖੋਰਾ ਲਾਉਣ ਲੱਗਿਆ, ਅਤੇ ਬਾਅਦ ਵਿਚ ਸਲਮਾਨ ਰਸ਼ਦੀ ਦੀ ਠਹੲ ੰਅਟਅਨਚਿ ੜੲਰਸੲਸ ਨੇ ਇਸ ਖੋਰੇ ਦੀ ਮਦਦ ਵਿਚ ਪ੍ਰਤੱਖ ਪ੍ਰਮਾਣ ਵੀ ਦਿੱਤਾ ਤਾਂ ਆਇਤਲਾ ਖੋਮੀਨੀ ਬੇਚੈਨ ਹੋਏ, ਨਤੀਜਾ ਇਹ ਨਿਕਲਿਆ ਕਿ ਈਰਾਨ ਦੀ ਕ੍ਰਾਂਤੀ ਅਤੇ ਈਰਾਨ, ਇਰਾਕ ਵਿਚ ਲੰਬੀ ਜੰਗ ਹੋਂਦ ਵਿਚ ਆਈ, ਪਰ ਖੋਮੀਨੀ ਦਾ ਦਰਦ ਵੀ ਸੰਤ ਜੀ ਵਾਂਗ ਇਕੱਲਾ ਮੁਕੱਲਾ ਨਹੀਂ ਸੀ। ਕਿਉਂਕਿ ਇਸਲਾਮੀ ਸਟੇਟਾਂ ਹੋਣ ਕਾਰਨ ਘੱਟੋ ਘੱਟ ਇਸਲਾਮ ਨੂੰ ਹਕੂਮਤੀ ਤਸ਼ੱਦਦ ਤੋਂ ਕੋਈ ਖਤਰਾ ਨਹੀਂ ਸੀ। ਧਰਮ ਨੂੰ ਬਾਹਰੋਂ ਖਤਰਾ ਨਾ ਹੋਣ ਕਾਰਨ ਖੋਮੀਨੀ ਨੂੰ ਇਸਲਾਮੀ ਸਟੇਟਾਂ ਨਾਲ ਵੀ ਜੰਗ ਅਤੇ ਝਗੜੇ ਮੁੱਲ ਲੈਣੇ ਪੁੱਗ ਸਕਦੇ ਹਨ, ਪਰ ਇਧਰ ਤਾਂ ਸੰਤ ਜੀ ਨੂੰ ਸਾਫ਼ ਦਿਸਦਾ ਸੀ ਕਿ ਸ਼ਕਤੀਸ਼ਾਲੀ ਵਿਰੋਧੀ ਨੇ ਬਾਹਰਲੀ ਹਿੰਸਾ ਦੇ ਨਾਲ ਨਾਲ ਆਪਣੇ ਮੰਤਕ, ਤਰਕ, ਹਕੂਮਤੀ ਪਕੜ ਅਤ ਸੰਚਾਰ ਸਾਧਨਾਂ ਦੀਆਂ ਸਾਜ਼ਿਸ਼ੀ ਨਿਗਾਹਾਂ ਨੂੰ ਪੰਥ ਦੇ ਅੰਦਰਲੇ ਘੇਰੇ ‘ਤੇ ਵੀ ਗੱਡ ਰੱਖਿਆ ਹੈ। ਸੰਤ ਜੀ ਨੂੰ ਇਲਮ ਸੀ ਕਿ ਉਹ ਆਪਣੇ ਵਿਰਾਟ ਦਰਦ ਰਾਹੀਂ ਖਾਲਸਾ ਸ਼ਕਤੀ ਦੇ ਨਵੇਂ ਸੰਤਾਂ ਦੇ ਸਦਾ-ਜ਼ਿੰਦਾ ਪ੍ਰਤੀਕ ਸਿਰਜਣ ਪਿੱਛੋਂ ਇਸ ਦੁਨੀਆ ਵਿਚ ਨਹੀਂ ਰਹਿਣਗੇ। ਪਰ ਸੰਤ ਦੀ ਸਾਹਮਣੇ ਖਾਲਸਾ ਦੀ ਨਿਰਾਕਾਰ ਸ਼ਕਤੀ ਤੋਂ ਬਿਨ੍ਹਾਂ ਉਨ੍ਹਾਂ ਦੇ ਦਰਦ ਦੇ ਹਾਣ ਦਾ ਕੋਈ ਜਾਨਸ਼ੀਨ ਨਹੀਂ ਸੀ। ਸੰਤ ਜੀ ਅਸੀਸ ਨਾਲ ਵਰੋਸਾਈ ਹੋਈ ਜਿੱਤ ਜਾਂ ਸ਼ਹਾਦਤ ਇਨ੍ਹਾਂ ਦੋਵਾਂ ਰਾਹਾਂ ਵਿਚੋਂ ਇਕ ਰਾਹ ਜਨਰਲ ਸੁਬੇਗ ਸਿੰਘ ਲਈ ਅਟੱਲ ਸੀ। ਇਸ ਪੱਖ ਤੋਂ ਸਿੱਖੀ ਦਰਦ ਨਾਲ ਲਬਾ ਲਬ ਭਰੇ ਸੰਤ ਜਰਨੈਲ ਸਿੰਘ ਹਜ਼ਾਰਾਂ ਪੈਰੋਕਾਰਾਂ ਵਿਚਕਾਰ ਬੈਠੇ ਹੋਏ ਵੀ ਇਕੱਲ ਮੁਕੱਲੇ ਇਨਸਾਨ ਸਨ।

? ਤੁਸੀਂ ਇਤਿਹਾਸ ਅਤੇ ਰਾਜਨੀਤੀ ਦੇ ਸੁਚੇਤ ਅਤੇ ਗੰਭੀਰ ਵਿਦਿਆਰਥੀ ਹੋ। ਸਾਹਿਤ ਨਾਲ ਵੀ ਤੁਹਾਡੀ ਜਾਣ ਪਛਾਣ ਹੈ। ਸੰਤ ਜਰਨੈਲ ਸਿੰਘ ਨੇ ਇਕ ਵੱਡੀ ਲਹਿਰ ਨੂੰ ਸ਼ੁਰੂ ਕੀਤਾ, ਉਸ ਨੇ ਨਵੀਆਂ ਪਿਰਤਾਂ ਵੀ ਪਾਈਆਂ, ਪਰ ਕੀ ਕਾਰਨ ਹੈ ਕਿ ਇਸ ਲਹਿਰ ਨੇ ਵੱਡੇ ਸਾਹਿਤਕਾਰ ਪੈਦਾ ਨਹੀਂ ਕੀਤੇ?
ਉੱਤਰ : ਮੇਰੇ ਵੀਰ ! ਸਿੱਖ ਕੌਮ ਤਾਂ ਤੀਜੇ ਵੱਡੇ ਘੱਲੂਘਾਰੇ ਪਿੱਛੋਂ ਕਿਸੇ ਉਜੜੇ ਘਰ ਵਾਂਗ ਹੈ। ਇਸ ਦਾ ਕੋਈ ਪਹਿਰੇਦਾਰ ਨਜ਼ਰ ਨਹੀਂ ਪੈਂਦਾ। ਹਾਲੇ ਤਾਂ ਉਸ ਦੀ ਕਿਸੇ ਨੂੰ ਲੋੜ ਵੀ ਨਹੀਂ ਭਾਸਦੀ। ਇਸ ਘਰ ਅਤੇ ਇਸ ਦੀ ਵੇਦਨਾ ਬਾਰੇ ਕੋਈ ਸਾਹਿਤ? ਸ਼ੁਰੂ ਸ਼ੁਰੂ ਵਿਚ ਅਜੀਤ ਕੌਰ, ਦਲੀਪ ਕੌਰ ਟਿਵਾਣਾ, ਦੁੱਗਲ ਸਾਹਿਬ, ਕੰਵਲ ਜੀ ਅਤੇ ਡਾ. ਹਰਭਜਨ ਸਿੰਘ ਨੇ ਸਿੱਖ ਦਰਦ ਦੇ ਕੁਝ ਹੋਕੇ ਦਿੱਤੇ, ਪਰ ਜਲਦੀ ਹੀ ਅਜਿਹੀਆਂ ਆਵਾਜ਼ਾਂ ਤੋਂ ਇਨਕਾਰ ਕਰਦੇ ਸਾਹਿਤਕਾਰਾਂ ਦੇ ਸਾਜ਼ਿਸ਼ੀ ਗਰੁੱਪ ਖੁੰਬਾਂ ਵਾਂਗ ਫੁੱਟ ਪਏ, ਭਾਵੇਂ ਕੰਵਲ ਸਾਹਿਬ ਦਾ ਸਿੱਖ ਦਰਦ ਤਾਂ ਹੁਣ ਵੀ ਕੂਕ ਰਿਹਾ ਹੈ। ਸਾਹਿਤ ਦੇ ਤਰੱਕੀ ਪਸੰਦ ਦੌਰ ਜਾਂ ਮਾਰਕਸੀ ਦੌਰ ਦੇ ਸਾਹਿਤ ਸਮੇਂ ਹਕੂਮਤੀ ਤਾਕਤਾਂ ਦੇ ਵਿਰੋਧ ਵਿਚ ਲਿਖਣਾ ਸੌਖੀ ਜਿਹੀ ਗੱਲ ਸੀ। ਸੋ ਕਵੀ ਪਾਸ਼ ਵਰਗਿਆਂ ਦਾ ਸਥਾਪਤੀ ਵਿਰੁੱਧ ਲਿਖਣਾ ਇਕ ਸਾਹਿਤਕ ਸ਼ੁਗਲ ਸੀ, ਕਿਉਂਕਿ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਤੋਂ ਬਿਨਾਂ ਕਈ ਹੋਰ ਵਿਰੋਧੀ ਪਾਰਟੀਆਂ ਵੀ ਅਜਿਹੀ ਬਾਗੀ ਆਵਾਜ਼ ਉਠਾਉਣ ‘ਤੇ ਸਾਹਿਤਕਾਰਾਂ ਨੂੰ ਥਾਪੜਾ ਦਿੰਦੀਆਂ ਸਨ, ਪਰ ਸੰਤ ਜਰਨੈਲ ਸਿੰਘ ਦੇ ਵਰੋਸਾਏ ਦੌਰ ਦੇ ਹੱਕ ਵਿਚ ਲਿਖਣਾ ਜਾਂ ਕਸ਼ਮੀਰੀ ਸੰਘਰਸ਼ ਬਾਰੇ ਕੁਸਕਣਾ ਸਰਕਾਰ ਦੇ ਅਣਮਨੁੱਖੀ ਕਹਿਰ ਨੂੰ ਸੱਦਾ ਦੇਣਾ ਹੈ। ਦੂਜੇ ਪਾਸੇ ਮੌਕਾ ਸ਼ਨਾਸ ਸਾਹਿਤਕਾਰਾਂ ਨੇ ਸ਼ਕਤੀਸ਼ਾਲੀ ਯੂਨੀਅਨਾਂ, ਜਿਨ੍ਹਾਂ ਨੂੰ ਕਿ ਉਹ ਸਾਹਿਤ ਸਭਾਵਾਂ ਕਹਿੰੇਦ ਹਨ, ਬਣਾਈਆਂ ਹੋਈਆਂ ਹਨ। ਇਹ ਲੋਕ ਜਦ ਆਪਣੇ ਬਣਾਵਟੀ ਰੁਦਨ, ਪੁਲਿਸ ਤੇ ਨਿਆਂਪਾਲਿਕਾਂ ਦੇ ਤਿਰਸਕਾਰ ਅਤੇ ਰਲ ਕੇ ਖੇਡੇ ਮੈਚ ਵਾਂਗ ਕੁਝ ਸਰਕਾਰੀ ਨੁਕਸ ਬਿਆਨ ਕਰ ਹਟਦੇ ਹਨ ਤਾਂ ਆਪਣੇ ਮਾਨਵਵਾਦ ਦਾ ਕੋਟਾ ਪੂਰਾ ਕਰਨ ਲਈ ਇਹ ਲੋਕ ਆਪਣੀਆਂ ਕਹਾਣੀਆਂ, ਨਾਵਲਾਂ, ਗਜ਼ਲਾਂ ਅਤੇ ਸਾਹਿਤਕ ਆਲੋਚਨਾ ਰਾਹੀਂ ਪ੍ਰਾਧੀਨਤਾ ਦੀ ਸ਼ਿਕਾਇਤ ਕਰ ਰਹੇ ਸਿੱਖਾਂ ਦੇ ਗੁਨਾਹਾਂ ਦੇ ਇਤਿਹਾਸਕ ਸੂਝ ਤੋਂ ਸੱਖਣੇ ਅਤੇ ਨਾਸਤਕ, ਸੰਵੇਦਨਸ਼ੀਲਤ ਭਰੇ ਇਕ ਪਾਸੜ ਵਿਸਥਾਰ ਦੇਣ ਲੱਗਦੇ ਹਨ। ਅਜਿਹੇ ਸਾਹਿਤਕ ਬਿਆਨਾਂ ‘ਤੇ ਦਿੱਲੀ ਦੇ ਵਾਈਟ ਪੇਪਰ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਬਲਕਿ ਇਸ ਦੀ ਅਚੇਤ ਸ਼ਹਿ ਅਤੇ ਗੁੱਝੀ ਮੁਸਕਾਨ ਇਸ ਦੇ ਪਿਛੋਕੜ ਵਿਚ ਖੜੀ ਹੁੰਦੀ ਹੈ। ਸੋ ਧੜੇਬਾਜ਼ ਸਾਹਿਤਕਾਰਾਂ ਦੇ ਸੁਆਰਥੀ ਮਨੋਰਥਾਂ ਨੇ ਸਿੱਖ ਸੰਘਰਸ਼ ਦੀ ਸੁਥਰੀ ਨੁਹਾਰ ਨੂੰ ਗੰਧਲਾਉਣ ਲਈ ਸਰਕਾਰੀ ਜਾਂ ਆਪਣੀਆਂ ਕੁਝ ਮਨਚਾਹੀਆਂ ਪਾਰਟੀਆਂ ਦਾ ਪੱਖ ਵੀ ਪੂਰਿਆ ਹੈ। ਸਮੇਂ ਦੇ 80 ਪ੍ਰਤੀਸ਼ਤ ਸਾਹਿਤਕਾਰਾਂ ਨੇ ਕੁਝ ਇਨਾਮਾਂ ਅਤੇ ਸ਼ਹੁਰਤਾਂ ਦੀ ਝਾਕ ਵਿਚ ਸਿੱਖ ਸੰਘਰਸ਼ ਵਿਰੁੱਧ ਸਰਕਾਰੀ ਮਨਸ਼ਾ ਨਾਲ ਅਚੇਤ ਅਤੇ ਅਣਕਹੀ ਦੋਸਤੀ ਪਾਲੀ ਹੈ। ਇਧਰ ਖਾਲਸਾ ਇਕੱਲਾ ਹੈ, ਉਸ ਨੂੰ ਲੰਬੇ ਸਮੇਂ ਤੱਕ ਇਨਸਾਫ਼ ਮੰਗਣ ‘ਤੇ ਬੇਪੱਤ ਕੀਤਾ ਗਿਆ ਹੈ, ਉਸ ਦੇ ਬਿਬੇਕ ਅਤੇ ਅਧਿਆਤਮਕ ਰਮਜ਼ ਦਾ ਹਾਕਮਾਂ ਨੇ ਮਖੌਲ ਉਡਾਇਆ ਹੈ ਅਤੇ ਵਿਰੋਧੀ ਸਰਕਾਰਾਂ ਨੇ ਉਸ ਦੇ ਹਰ ਸੰਭਾਵਤ ਘਰ ਨੂੰ ਉਜਾੜ ਦਿੱਤਾ ਹੈ। ਸਰਕਾਰੀ ਜਬਰ ਤਾਂ ਹਾਲੇ ਵੀ ਐਨਾ ਬਹੁ-ਰੂਪੀਆ ਹੈ ਕਿ ਖਾਲਸਾ ਪੰਥ ਨੂੰ ਤਾਂ ਤੀਜੇ ਵੱਡੇ ਘੱਲੂਘਾਰੇ ਦੀ ਇਤਿਹਾਸਕ ਤੌਰ ‘ਤੇ ਸੱਚੀ ਦਾਸਤਾਨ ਵੀ ਨਹੀਂ ਕਹਿਣ ਦਿੱਤੀ ਜਾ ਰਹੀ, ਭਾਵੇਂ ਜਬਰ ਹੇਠ ਲੁਕਾੲਂੀ ਇਹ ਇਤਿਹਾਸਕ ਹਕੀਕਤ ਅਤੇ ਖਾਲਸਾ ਪੰਥ ਦਾ ਸਰਬਪੱਖੀ ਮੌਲਿਕ ਸਰੂਪ ਨਿਖਾਰਨ ਲਈ ਪੰਥ ਦੇ ਚਿੰਤਕ ਅਤੇ ਇਤਿਹਾਸਕਾਰ ਦਿਨ ਰਾਤ ਤਪੱਸਿਆ ਕਰ ਰਹੇ ਹਨ। ਜ਼ਰਾ ਚਿੰਤਨ ਅਤੇ ਇਤਿਹਾਸ ਦੇ ਅਸਮਾਨ ਨੂੰ ਨਿੰਬਲ ਹੋਣ ਦਿਓ, ਖਾਲਸੇ ਦੀ ਵੇਦਨਾ ਅਤੇ ਉਹ ਦਾ ਵਿਸ਼ਵ ਸੱਚ ਇਕ ਦਿਨ ਆਪਣੀ ਕਾਮਲ ਸਾਹਿਤਕਤਾ ਨੂੰ ਜ਼ਰੂਰ ਰੁਸ਼ਨਾਉਣਗੇ।
ਹੈ ਕੁਛ ਐਸੀ ਹੀ ਬਾਤ ਜੋ ਚੁੱਪ ਹੂੰ
ਵਰਨਾ ਕਯਾ ਬਾਤ ਕਰ ਨਹੀਂ ਆਤੀ । (ਗ਼ਾਲਿਬ)
ਕਰਮਜੀਤ ਜੀਓ! ਕਾਹਲੇ ਨਾਂਹ ਪਊ ਅਨੁਭਵ ਹੀ ਕੁਠਾਲੀ ਵਿਚ ਮਹਾਨ ਸਾਹਿਤ ਬਣਦਿਆਂ ਕਾਫੀ ਦੇਰ ਵੀ ਲੱਗਦੀ ਹੈ। ਆਹ ਦਾ ਕਾਮਲ ਅਸਰ ਹੋਣ ਤੱਕ ਦਿਲ ਦੇ ਨਵੇਂ ਤੋਂ ਨਵੇਂ ਮਜੀਠੀ ਰੂਪ ਆਪਣੀ ਵਿਸ਼ੇਸ਼ ਝਲਕਾਂ ਜ਼ਰੂਰ ਵਿਖਾਉਣਗੇ। ਉਂਝ ਹਾਲੇ ਵੀ ਪੰਥ ਦਾ ਬਹੁਤ ਸਾਰਾ ਮਹਾਨ ਸਾਹਿਤ ਗੁਪਤਵਾਸ ਅਤੇ ਬਨਵਾਸ ਵਿਚ ਦਿਨ ਗੁਜ਼ਾਰ ਰਿਹਾ ਹੈ ਅਤੇ ਇਕ ਦਿਨ ਸਮੇਂ ਦੀ ਮੁਨਾਸਬ ਤਰਤੀਬ ਵਿਚ ਜ਼ਾਹਰ ਹੋਵੇਗਾ।

? ਗੁਸਤਾਖ਼ੀ ਮੁਆਫ਼ ਸੰਤ ਜੀ ਬਾਰੇ ਤੁਹਾਡੀ ਕੋਈ ਵਿਸ਼ੇਸ਼ ਸਾਹਿਤਕ ਟਿੱਪਣੀ?
ਉੱਤਰ : ‘ਕੁਝ ਹੈਰਾਨ ਹੋ ਕੇ‘, ਮੈਂ ਸੰਤ ਜੀ ਬਾਰੇ ਸਾਹਿਤਕ ਟਿੱਪਣੀ ਤਾਂ ਕਰ ਚੁੱਕਿਆ ਹਾਂ । ਚਲੋ, ਜੋ ਤੁਸਾਂ ਫਿਰ ਵੀ ਪੁੱਛਿਆ ਹੈ, ਤਾਂ ਕੁਝ ਹੋ ਸੰਕੇਤ ਹਾਜ਼ਰ ਹਨ। ਦੇਖੋ ਜੀ -ਸੰਤ ਜੀ ਪੜ੍ਹੇ ਅਤੇ ਅਨਪੜ੍ਹ ਦੀਆਂ ਪਰੰਪਰਾਗਤ ਹੱਦਾਂ ਨੂੰ ਮੇਸਕੇ ਉਨ੍ਹਾਂ ਤੋਂ ਬਹੁਤ ਅੱਗੇ ਲੰਘ ਗਏ ਸਨ। ਮੈਂ ਕਿਤਾਬੀ ਇਲਮ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕਰਦਾ, ਪਰ ਰੂਮੀ ਦੇ ਉਸਤਾਦ ਸ਼ਮਸ ਤਬਰੇਜ਼ ਵਾਂਗ ਸੰਤ ਜੀ ਦਾ ਅਨੁਭਵ ਕਿਤਾਬੀ ਇਲਮ ਤੋਂ ਉਚੇਰੇ ਮੰਡਲ ਵਿਚ ਲਿਸ਼ਕਦਾ ਸੀ। ਇਤਿਹਾਸ ਵਿਚ ਨਿਰੋਲ ਕਿਤਾਬੀ ਇਲਮ ਕਈ ਵਾਰ ਰੁਕਾਵਟਾਂ ਅਤੇ ਗੁੰਮਰਾਹੀਆਂ ਪੈਦਾ ਕਰਦਾ ਹੈ, ਔਰੰਗਜੇਬ ਦੀ ਮਿਸਾਲ ਆਪਦੇ ਸਾਹਮਣੇ ਹਨ, ਪਰ ਮਨੁੱਖ ਦੇ ਕਵੀ ਤੋਂ ਸਿਪਾਹੀ ਤੱਕ ਫੈਲੈ ਰੂਪਾਂ ਨੂੰ ਬਹੁਤ ਵਾਰ ਸਿੱਧੇ ਅਨੁਭਵ ਦੀ ਲੋੜ ਹੁੰਦੀ ਹੈ, ਜੋ ਕਿ ਡੂੰਘਾ ਅਤੇ ਤੇਜ਼ ਰਫ਼ਤਾਰ ਹੁੰਦਾ ਹੈ। ਸੰਤ ਜੀ ਜੌਨ ਆਫ਼ ਆਰਕ ਅਤੇ ਸ਼ਮਸ ਵਾਂਗ ਆਪਣੇ ਪੈਰੋਕਾਰਾਂ ਨੂੰ ਸਿੱਧਾ ਅਨੁਭਵ ਦਿੰਦੇ ਸਨ। ਸ਼ਮਸ ਦੀ ਸ਼ਖਸੀਅਤ ਦੇ ਦੋ ਪਹਿਲੂ ਸਨ। ਪਰ ਉਸ ਦਾ ਅਨੁਭਵ ਦੋਵਾਂ ਵਿਚ ਰੁਕਾਵਟ ਰਹਿਤ ਸੀ। ਉਹ ਰੂਮੀ ਸਿਰਜ ਸਕਦਾ ਸੀ, ਉਹ ਮੁਜਾਹਿਦਾਂ ਨੂੰ ਕੁਰਾਨ ਨਾਲ ਜੋੜ ਵੀ ਸਕਦਾ ਸੀ। ਇਲਮ, ਕਵਿਤਾ ਅਤੇ ਕਲਾ ਦੇ ਮਾਮਲੇ ਵਿਚ ਸ਼ਮਸ ਤਬਰੇਜ਼ ਦੇ ਸਿੱਧੇ ਅਨੁਭਵ ਵਾਲਾ ਪੱਖ ਦੱਸਣ ਲਈ ਮੈ ਆਪਣੇ ਪਰਮ ਮਿੱਤਰ ਪ੍ਰੋ. ਹਰਦਿਲਜੀਤ ਸਿੰਘ ਲਾਲੀ, ਪਟਿਆਲਾ ਦੀ ਮਿਸਾਲ ਅਕਸਰ ਵਰਤਿਆ ਕਰਦਾ ਹਾਂ, ਜਦੋਂ ਕਿ ਤਲਵਾਰ ‘ਸਿਪਾਹੀ‘ ਦਾ ਪੱਖ ਦੱਸਣ ਲਈ ਸ਼ਮਸ, ਜੌਨ ਆਫ਼ ਆਰਕ ਅਤੇ ਸੰਤ ਜੀ ਦੇ ਇਤਿਹਾਸ ਨਾਲ ਸਦੀਵੀ ਰੂਪ ਵਿਚ ਜੁੜੇ ਪਰ ਕਦੇ ਨਾ ਰੁਕਣ ਵਾਲੇ ਅਤੇ ਨਾਲੋ ਨਾਲ ਮਾਨਵ ਚੇਤਨਾ ਦਾ ਹਿੱਸਾ ਬਣਨ ਵਾਲੇ ਸਿੱਧੇ ਅਨੁਭਵਾਂ ਦਾ ਜ਼ਿਕਰ ਕਰਦਾ ਹਾਂ।

? ਮੇਰਾ ਆਖ਼ਰੀ ਸਵਾਲ ! ਆਉਣ ਵਾਲੀਆਂ ਸਦੀਆਂ ਵਿਚ ਸੰਤ ਜਰਨੈਲ ਸਿੰਘ ਦੀ ਪੰਥਕ ਵਿਰਾਸਤ ਨੂੰ ਸਿੱਖ ਕੌਮ ਕਿਵੇਂ ਸੰਭਾਲੇ?
ਉੱਤਰ :-ਪਿਆਰੇ ਕਰਮਜੀਤ ! ਇਸ ਸਾਦਾ ਮਨ ਆਦਮੀ ਨੂੰ ਤੇਰਾ ਆਖ਼ਰੀ ਸੁਆਲ ਬਹੁਤ ਮੁਸ਼ਕਲ ਜਾਪਦਾ ਹੈ। ਫਿਰ ਵੀ ਮੈਂ ਅਰਜ਼ ਕਰਦਾ ਹਾਂ :
1. ਪੰਥ ਦਸ ਗੁਰੂ ਜੀਵਨਾਂ ਨੂੰ ਆਪਣੇ ਹਿਰਦੇ ਵਿਚ ਸਦਾ ਤਾਜ਼ਾ, ਪ੍ਰੀਤ ਨਾਲ ਲਹਿਰਾਂਦਾ ਅਤੇ ਕਰੀਏਟਿਵ ਰੱਖੇ।
2. ਗੁਰੂ ਗ੍ਰੰਥ ਸਾਹਿਬ ਦੀ ਸਿੱਧੀ ਸਾਦੀ ਅਤੇ ਕੁਦਰਤੀ ਭਾਵਨਾ ਅਨੁਸਾਰ ਪੰਥ ਉੱਚੇ ਇਖ਼ਲਾਕ ਦੀ ਪਾਲਣਾ ਕਰੇ, ਕਿਉਂਕਿ ਹੁਣ ਦੱਸੀ ਗੁਰੂ ਪ੍ਰੀਤ ਇਸ ਬਿਨਾਂ ਜੀਅ ਨਹੀਂ ਸਕਦੀ।
3. ਪੰਥ ਆਪਣੀ ਕੌਮ ਪੱਤ ਨੂੰ ਹਰ ਦੌਲਤ, ਹਰ ਹੁਸਨ, ਹਰ ਰੁਤਬੇ ਅਤੇ ਹਰ ਸ਼ੁਹਰਤ ਤੋਂ ਉਪਰ ਉੱਠ ਕੇ ਮਾਂ ਵਾਂਗ ਪਿਆਰੇ ਅਤੇ ਸਤਿਕਾਰੇ।
4. ਖਾਲਸਾ ਸੰਭਾਵੀ ਪੱਤ ਲੋਟੂਆਂ ਤੋਂ ਖ਼ਬਰਦਾਰ ਰਹੇ ਅਤੇ ਕੌਮ ਪੱਤ ਨੂੰ ਇਸ ਤਰ੍ਹਾਂ ਸੰਭਾਲੇ, ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ।
5. ਪੰਥ ਆਪਣੀ ਵੱਖਰੀ ਪਛਾਣ ਅਤੇ ਉਸ ਦੇ ਇਤਿਹਾਸਕ ਅਨੁਭਵ ਨੂੰ ਸੰਗਰਾਮੀ ਦ੍ਰਿੜਤਾ ਸਹਿਤ ਕਾਇਮ ਰੱਖਦਾ ਹੋਇਆ ਵਿਗਿਆਨਕ ਅਤੇ ਤਰਕਸ਼ੀਲ, ਪਰ ਨਾਲ ਹੀ ਕੂਟਨੀਤਕ ਪਹਿਲੂਆਂ ਵਾਲੇ ਨਵੇਂ ਜਗਤ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰੇ, ਪਰ ਆਪਣੀ ਅੰਮ੍ਰਿਤੀ ਰਹਿਤ ਨੂੰ ਕਦੇ ਵੀ ਨੀਰਸ, ਕੱਟੜ ਅਤੇ ਗੁੰਝਲਦਾਰ ਨਾ ਬਣਾਵੇ। ਕੁਦਰਤੀ ਸਾਦਗੀ ਵਿਚ ਵਧੇ ਫੁੱਲੇ। ਨਰ ਨਾਰੀਆਂ ਸਰੀਰ ਦੇ ਹਰ ਰੋਮ ਨੂੰ ਸਲਾਮਤ ਰੱਖਣ।
ਇੰਝ ਸੰਤ ਜਰਨੈਲ ਸਿੰਘ ਦੀ ਪੰਥਕ ਵਿਰਾਸਤ ਨੂੰ ਭਵਿੱਖ ਦੇ ਤਿਲਕਦੇ ਮੋੜਾਂ ‘ਤੇ ਸੰਭਾਲਿਆ ਜਾ ਸਕਦਾ ਹੈ।

Monday, February 15, 2010

ਮਹਿਬੂਬ ਸਾਹਿਬ ਤਾਂ ਹਮੇਸ਼ਾਂ ਸਾਡੇ ਸੰਗ ਰਹਿਣਗੇ


ਕੱਚੇ ਵਿਹੜਿਆਂ ਵਿਚ ਤ੍ਰਿਝਣਾ ਦਾ,
ਯਾਰੋ ਰਾਗ ਅਨੋਖੜਾ ਮਾਣਿਆਂ ਮੈਂ
ਕੌਮਾਂ ਬਹੁਤ ਜਹਾਨ ਦੇ ਵਿਚ ਆਈਆਂ,
'ਪੰਥ' ਜੇਡ ਨਾ ਕਿਸੇ ਨੂੰ ਜਾਣਿਆਂ ਮੈਂ
ਇਹੋ ਜਹੀਆਂ ਹਜ਼ਾਰਾਂ ਸਤਰਾਂ ਦੇ ਰਚਨਹਾਰ, ਪ੍ਰੋ. ਪੂਰਨ ਸਿੰਘ ਜੀ ਤੋਂ ਬਾਅਦ ਪੰਥ ਦੇ ਸੁਰਤ ਦੇ ਹਾਣ ਦੇ ਦਾਨਿਸ਼ਵਰ ਕਵੀ ਤੇ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਜੋ ਕਿ 14 ਫਰਵਰੀ 2010 ਨੂੰ ਪੰਥ ਨੂੰ ਅਲਵਿਦਾ ਕਹਿ ਗਏ... ਸ਼ਾਇਦ ਹੀ ਉਹਨਾਂ ਦੀ ਥਾਂ ਕਦੇ ਭਰੀ ਜਾ ਸਕੇ.... ਪੰਥ ਉਹਨਾਂ ਦੀਆਂ ਸੇਵਾਵਾਂ ਕਦੇ ਨਹੀਂ ਭੁਲੇਗਾ... ਤੇ ਭੁੱਲ ਸਕਦਾ ਵੀ ਨਹੀਂ, ਕਿਉਂਕਿ ਇਹੋ ਜਹੇ ਦਾਨਿਸ਼ਵਰ ਭੁਲਣਵਾਲੇ ਨਹੀਂ ਹੁੰਦੇ.... ਇਲਾਹੀ ਨਦਰ ਦੇ ਪੈਂਡੇ (ਮਹਾਂ ਕਾਵਿ), ਝਨਾਂ ਦੀ ਰਾਤ (ਮਹਾਂ ਕਾਵਿ) ਤੇ ਸਹਿਜੇ ਰਚਿਓ ਖਾਲਸਾ(ਵਾਰਤਕ) ਉਹਨਾਂ ਦੀਆਂ ਸ਼ਾਹਕਾਰ ਰਚਨਾਵਾਂ ਹਨ। ਯਾਦ ਰੱਖਿਓ ਉਹਨਾਂ ਦੀਆਂ ਸਤਰਾਂ,
ਰੁਲਦੀ ਤੇਗ਼ ਸ਼ਹੀਦ ਦੀ, ਸ਼ਾਹ ਅਸਵਾਰ ਨੇ ਦੂਰ
ਅਣਖਾਂ ਨਾਲ ਹੀ ਪੈਣਗੇ ਪੰਥ ਸੁਰਤ ਨੂੰ ਬੂਰ....
'ਮੂੰਹ ਜ਼ੋਰ ਸਮਾਂ ਨਾ ਕੌਮੇਂ ਮੇਟ ਸਕੇਗਾ ਤੈਨੂੰ,
ਆਪਣੀ ਪੱਤ ਪਛਾਣ ਲਏਂ ਜੇ ਲੜ੍ਹ ਮਾਹੀ ਦਾ ਫੜ੍ਹਕੇ।'

Thursday, February 11, 2010

“ਕੋਈ ਲੱਭੋ ਬਾਬੇ ਨੂੰ”


ਇਕ ਦਿਨ ਮੈਂ ਆਪਣੇ ਇਕ ਮਿੱਤਰ ਨਾਲ ਸੰਤ ਅਤੇ ਸਿਪਾਹੀ ਬਾਰੇ ਚਰਚਾ ਕਰ ਰਿਹਾ ਸੀ। ਅਸੀਂ ਇਤਿਹਾਸ ਵਾਚ ਰਹੇਂ ਸਾਂ ਤੇ ਪਤਾ ਲੱਗ ਰਿਹਾ ਸੀ ਕਿ ਸਿਖ ਪੰਥ ਵਿਚ ਸੰਤ-ਸਿਪਾਹੀ ਨਾਲ-ਨਾਲ ਚੱਲਦੇ ਹਨ। ਕੋਈ ਵੀ ਇਕੱਲਾ ਸੰਤ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਕੱਲਾ ਸਿਪਾਹੀ। ਸੰਤ ਵਿਚ ਸਿਪਾਹੀ ਵਾਲੀ ਹਿੰਮਤ, ਹੌਸਲਾ ਤੇ ਸਿਪਾਹੀ ਵਿਚ ਸੰਤ ਵਾਲੀ ਆਤਮਿਕ ਸ਼ਕਤੀ ਚਾਹੀਦੀ ਹੈ। ਸਾਡੀ ਨਜ਼ਰ ਪਿਛਲੀ ਸਦੀ ਵਿਚੋਂ ਉਦਾਹਰਣ ਲੱਭ ਰਹੀ ਸੀ ਤੇ ਨਜ਼ਰ ਸਿੱਧੀ ਗੁਰੂ ਰਾਮਦਾਸ ਲੰਗਰ ਦੀ ਛੱਤ ‘ਤੇ ਬੈਠੀ ਇਕ ਸ਼ਖ਼ਸ਼ੀਅਤ ਉੱਤੇ ਆ ਕੇ ਟਿਕ ਗਈ,
“ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ”
ਪਿਛਲੀ ਸਦੀ ਵਿਚ ਹੋਰ ਵੀ ਸਤਿਕਾਰਯੋਗ ਸ਼ਖ਼ਸ਼ੀਅਤਾਂ ਹੋਈਆਂ ਨੇ ਜਿਹਨਾਂ ਵਿਚ ਇਹ ਗੁਣ ਮੌਜ਼ੂਦ ਸਨ, ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਭਾਈ ਰਣਧੀਰ ਸਿੰਘ ਤੇ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ। ਸਮੇਂ-ਸਮੇਂ ‘ਤੇ ਲੋਕਾਂ ਨੇ ਇਹਨਾਂ ਮਹਾਂਪੁਰਸ਼ਾਂ ਵਿਚ ਸੰਤ ਸਿਪਾਹੀ ਦੇ ਦਰਸ਼ਨ ਕੀਤੇ ਹਨ।
ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਕ ਵਾਰ ਦਿੱਲੀ ਵਿਚ ਨਗਰ ਕੀਰਤਨ ਕੱਢ ਰਹੇ ਸਨ। ਸੰਗਤਾਂ ਉਤਸ਼ਾਹ ਨਾਲ ਗੁਰੂ ਜਸ ਗਾਇਨ ਕਰ ਰਹੀਂ ਸਨ।ਸੰਤ ਅਤਰ ਸਿੰਘ ਜੀ ਵੀ ਸੰਗਤਾਂ ਦੇ ਨਾਲ-ਨਾਲ ਸ਼ਬਦ ਗਾਉਂਦੇ ਹੋਏ ਚਲ ਰਹੇ ਸਨ। ਇਕ ਥਾਂ ‘ਤੇ ਕੁਝ ਅੰਗਰੇਜ਼ ਸਿਪਾਹੀਆਂ ਨੇ ਨਗਰ ਕੀਰਤਨ ਨੂੰ ਰੋਕ ਦਿੱਤਾ। ਕਾਰਨ ਪੁੱਛਣ ‘ਤੇ ਉਹਨਾਂ ਨੇ ਕਿਹਾ ਕਿ ਕਿਸੇ ਵੱਡੇ ਅਫਸਰ ਦੀ ਗੱਡੀ ਆ ਰਹੀ ਹੈ, ਪਹਿਲਾਂ ਉਹ ਲੰਘਾਈ ਜਾਵੇਗੀ ਤੇ ਮਗਰੋਂ ਨਗਰ ਕੀਰਤਨ ਲੰਘਾਇਆ ਜਾਵੇਗਾ। ਇਹ ਗੱਲ ਸਿਖ ਸੰਗਤਾਂ ਦੇ ਬਰਦਾਸ਼ਤ ਤੋਂ ਬਾਹਰ ਸੀ। ਸੰਤ ਜੀ ਵੀ ਰੋਹ ਵਿਚ ਆ ਰਹੇ ਸਨ, ਕਿਸੇ ਇਨਸਾਨ ਦੇ ਲੰਘਣ ਖਾਤਰ ਗੁਰੂ ਮਹਾਰਾਜ ਦੀ ਸਵਾਰੀ ਨਹੀਂ ਰੋਕੀ ਜਾ ਸਕਦੀ ਸੀ। ਉੱਧਰੋਂ ਅਫਸਰ ਦੀ ਗੱਡੀ ਆ ਗਈ। ਸੰਤ ਜੀ ਸਭ ਤੋਂ ਮੂਹਰੇ ਆ ਗਏ ਤੇ ਅਫਸਰ ਦੀ ਗੱਡੀ ਮੂਹਰੇ ਖਲੋ ਕੇ ਉੱਚੀ-ਉੱਚੀ ਗਾਉਂਣ ਲੱਗੇ,
“ਕੋਊ ਹਰਿ ਸਮਾਨਿ ਨਹੀ ਰਾਜਾ ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥1॥”
ਨਗਰ ਕੀਰਤਨ ਦੁਬਾਰਾ ਚੱਲ ਪਿਆ। ਸੰਤ ਜੀ ਉਸੇ ਲੋਰ ਵਿਚ ਗਾਉਂਦੇ ਰਹੇ। ਸਭ ਸੰਗਤਾਂ ਦੇ ਲੰਘ ਜਾਣ ਤੋਂ ਬਾਅਦ ਸੰਤ ਜੀ ਨੇ ਅੰਗਰੇਜ਼ ਅਫਸਰ ਨੂੰ ਕਿਹਾ, “ਸਿਖ ਕਦੇ ਕਿਸੇ ਦੀ ਈਨ ਨਹੀਂ ਮੰਨਦੇ, ਸਿਖ ਕਦੇ ਕਿਸੇ ਦਾ ਗੁਲਾਮ ਨਹੀਂ, ਗੁਰੂ ਮਹਾਰਾਜ ਦੀ ਬੇਅਦਬੀ ਸਿਖ ਕਦੇ ਵੀ ਸਹਾਰ ਨਹੀਂ ਸਕਦਾ। ਅੱਗੇ ਤੋਂ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਜਾਵੇ, ਨਹੀਂ ਤਾਂ ਇਸਦੇ ਸਿੱਟੇ ਗੰਭੀਰ ਨਿਕਲਣਗੇ”। ਅੰਗਰੇਜ਼ ਅਫਸਰ ਨੇ ਇਸ ਗਲਤੀ ਲਈ ਮੁਆਫੀ ਮੰਗੀ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ। ਇਹ ਹੁੰਦੀ ਹੈ ਸੰਤ ਦੇ ਨਾਲ ਸਿਪਾਹੀ ਦੀ ਦਿਖ। ਜਦੋਂ ਕਿਸੇ ‘ਤੇ ਕੋਈ ਵਧੀਕੀ ਹੋ ਰਹੀ ਹੋਵੇ ਤਾਂ ਸੰਤ ਦਾ ਫਰਜ਼ ਹੈ ਕਿ ਉਸ ਵਧੀਕੀ ਦੇ ਵਿਰੁੱਧ ਡਟ ਕੇ ਖੜ ਜਾਵੇ।
ਇਸੇਂ ਤਰ੍ਹਾਂ ਬਾਕੀ ਸਤਿਕਾਰਯੋਗ ਸ਼ਖ਼ਸ਼ੀਅਤਾਂ ਵੀ ਸਮੇਂ-ਸਮੇਂ ‘ਤੇ ਸੰਤ ਰੂਪ ਹੁੰਦੇ ਹੋਏ ਵੀ ਸਿਪਾਹੀ ਬਣ ਕੇ ਜ਼ਾਲਮਾਂ ਦੇ ਵਿਰੁੱਧ ਖੜੀਆਂ ਹਨ। ਭਾਂਵੇ ਸੰਤ ਭਾਈ ਰਣਧੀਰ ਸਿੰਘ ਵੱਲੋਂ ਅੰਗਰੇਜ਼ੀ ਰਾਜ ਦੀ ਵਿਰੋਧਤਾ ਹੋਵੇ ਜਾਂ ਸੰਤ ਕਰਤਾਰ ਸਿੰਘ ਦੁਆਰਾ ਦਿੱਲੀ ਵਿਖੇ ਲੱਗੇ ਦੀਵਾਨ ਵਿਚ ਇੰਦਰਾ ਗਾਂਧੀ ਦੇ ਆਉਣ ‘ਤੇ ਕੁਝ ਭੁੱਲੜ ਸਿਖਾਂ ਵੱਲੋਂ ਖੜੇ ਹੋ ਜਾਣ ‘ਤੇ ਉਹਨਾਂ ਨੂੰ ਸ਼ਰੇਆਮ ਕੀਤੀ ਗਈ ਤਾੜਨਾ ਹੋਵੇ।
ਸੰਤ ਕਰਤਾਰ ਸਿੰਘ ਜੀ ਤੋਂ ਬਾਅਦ ਉਹਨਾਂ ਦੀ ਥਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਲਈ। ਸੰਤਾਂ ਦੀ ਸਿਪਾਹੀ ਦੀ ਦਿਖ ਤਾਂ ਸਾਰੀ ਦੁਨੀਆਂ ਨੇ ਵੇਖੀ ਹੈ। ਸਭ ਨੂੰ ਪਤਾ ਹੈ ਕਿ ਉਹਨਾਂ ਦੀ ਮੰਜੀ ਸਾਹਿਬ ਵਿਚਲੀ ਕੜਕਵੀਂ ਆਵਾਜ਼ ਨਾਲ ਲਾਲ ਕਿਲੇ ਦੀਆਂ ਕੰਧਾਂ ਕੰਬਣ ਲੱਗ ਪੈਂਦੀਆਂ ਸਨ। ਦਿੱਲੀ ਦਿਆਂ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ। ਕਈਆਂ ਨੂੰ ਤਾਂ ਭੱਜਿਆਂ ਨੂੰ ਰਾਹ ਨਹੀਂ ਲੱਭੇ। ਜਿਨ੍ਹਾਂ-ਜਿਨ੍ਹਾਂ ਨੇ ਕੌਮ ‘ਤੇ ਜ਼ੁਲਮ ਕੀਤੇ ਸਨ ਉਹਨਾਂ ਨੂੰ ਜਵਾਬ ਦੇਣ ਵਾਲਾ ਕੋਈ ਜੰਮ ਪਿਆ ਸੀ, ਸੋ ਜ਼ਾਲਮਾਂ ਦੀਆਂ ਨੀਦਾਂ ਉੱਡ ਗਈਆਂ ਸਨ। ਉਹਨਾਂ ਦਾ ਸਾਰਾ ਸਮਾਂ ਹੁਣ ਇਹੀ ਸੋਚਣ ਵਿਚ ਲੰਘ ਰਿਹਾ ਸੀ ਕਿ ਕਿਵੇਂ ਏਸ ਸਿਪਾਹੀ ਨੂੰ ਖਤਮ ਕੀਤਾ ਜਾਵੇ, ਜਿਸ ਨੇ ਖਿੱਲਰੀ ਪਈ ਕੌਮ ਨੂੰ ਮੁੜ ਜਥੇਬੰਦ ਕਰ ਲਿਆ ਹੈ। ਹਕੂਮਤਾਂ ਲਈ ਅਜਿਹੇ ਇਨਸਾਨ ਹਮੇਸ਼ਾ ਖਤਰਨਾਕ ਹੁੰਦੇ ਹਨ, ਜਿਹੜੇ ਉਹਨਾਂ ਦੇ ਜ਼ੁਲਮਾਂ ਸਾਹਮਣੇ ਇਕ ਕੌਮੀ ਦੀਵਾਰ ਉਸਾਰ ਲੈਂਦੇ ਹਨ ਤੇ ਹਕੂਮਤ ਦੇ ਹਰ ਹਮਲੇ ਦਾ ਡਟਵਾਂ ਜਵਾਬ ਦਿੰਦੇ ਹਨ।
ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਵੀ ਸ਼ਾਨਾਮੱਤੇ ਇਤਿਹਾਸ ਨੂੰ ਦੁਹਰਾਉਦੇ ਹੋਏ ਜ਼ਾਲਮ ਹਕੂਮਤ ਨਾਲ ਲੋਹਾ ਲਿਆ। ਜੂਨ 84 ਵਿਚ ਲੜੀ ਗਈ ਹਿੰਦ ਪੰਜਾਬ ਜੰਗ ਵਿਚ ਮੁੱਠੀ ਭਰ ਸਿੰਘਾਂ ਨੇ 7 ਲੱਖ ਫੌਜ ਨਾਲ ਟੱਕਰ ਲੈ ਕੇ ਗੁਰਦਾਸ ਨੰਗਲ ਦੇ ਇਤਿਹਾਸ ਨੂੰ ਦੁਹਰਾਇਆ। ਅੰਗਰੇਜ਼ ਇਤਿਹਾਸਕਾਰ ਮਾਰਕ ਟੱਲੀ ਨੇ ਲਿਖਿਆ ਹੈ ਕਿ“A place between Darshni Deori and Akal Thakhat became a cremation ground of Indian Army” ਅਰਥਾਤ ਦਰਸ਼ਨੀ ਡਿਉਡੀ ਅਤੇ ਅਕਾਲ ਤਖ਼ਤ ਸਾਹਿਬ ਦੇ ਵਿਚਕਾਰਲੀ ਥਾਂ ਭਾਰਤੀ ਫੌਜ ਦਾ ਕਬਰਿਸਤਾਨ ਬਣ ਗਈ। ਮੀਟ ਸ਼ਰਾਬ ਨਾਲ ਰੱਜੀ ਭਾੜੇ ਦੀ ਫੌਜ ਦਾ ਮੁਕਾਬਲਾ ਮੁੱਠ-ਮੁੱਠ ਛੋਲਿਆਂ ਦੀ ਖਾ ਕੇ ਬੈਠੇ ਜੁਝਾਰੂਆਂ ਨਾਲ ਸੀ ਤੇ ਭਾਰਤੀ ਫੌਜ ਨੂੰ ਭੁਲੇਖਾ ਸੀ ਕਿ ਲੜਾਈ 2 ਘੰਟੇ ਤੋਂ ਵੱਧ ਨਹੀਂ ਚੱਲੇਗੀ, ਪਰ 72 ਘੰਟੇ ਦੇ ਜਬਰਦਸਤ ਮੁਕਾਬਲੇ ਨੇ ਉਹਨਾਂ ਦੇ ਨਾਸੀਂ ਧੂਆਂ ਲਿਆ ਦਿੱਤਾ।ਇਕ ਸਾਬਕਾ ਆਈ.ਏ.ਐਸ. ਅਨੁਸਾਰ ਜੇ ਸੰਤਾਂ ਤਾ ਉਹਨਾਂ ਦੇ ਸਾਥੀਆਂ ਕੋਲ ਭਾਰਤੀ ਫੌਜ ਦੇ ਮੁਕਾਬਲੇ ਦੇ ਹਥਿਆਰ ਹੁੰਦੇ ਤਾਂ ਉਹ ਭਾਰਤੀ ਫੌਜ ਨੂੰ ਜਮਨਾ ਪਾਰ ਤੱਕ ਭਜਾ ਕੇ ਆਉਂਦੇ। ਇਕ ਸਾਬਕਾ ਫੌਜੀ ਅਫਸਰ ਮੁਤਾਬਿਕ ਭਾਰਤੀ ਫੌਜ ਦਾ ਲੜਾਈ ਵਿਚ ਏਨਾ ਨੁਕਸਾਨ ਕਦੇ ਗੁਆਂਢੀ ਮੁਲਕ ਨੇ ਨਹੀਂ ਕੀਤਾ ਜਿੰਨਾ ਏਸ ਜੰਗ ਵਿਚ ਹੋਇਆ। 60-70 ਦੇ ਕਰੀਬ ਸਿੰਘਾਂ ਨੇ 3700 ਭਾਰਤੀ ਫੌਜੀ ਮਾਰ ਦਿੱਤੇ।ਭਾਰਤੀ ਫੌਜ ਨੂੰ ਕਿਸੇ ਪਾਸੇ ਤੋਂ ਅੰਦਰ ਜਾਣ ਲਈ ਰਾਹ ਨਹੀਂ ਮਿਲ ਰਿਹਾ ਸੀ। ਜਿਸ ਰਸਤੇ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਗੋਲੀਆਂ ਦੀ ਬੌਛਾੜ ਉਹਨਾਂ ਦਾ ਸਵਾਗਤ ਕਰਦੀ ਤੇ ਫੌਜੀਆਂ ਦੀਆਂ ਲਾਸ਼ਾਂ ਦਾ ਇਕ ਵੱਡਾ ਢੇਰ ਲੱਗ ਜਾਂਦਾ। ਫੌਜ ਨੇ ਟੈਕ ਵੀ ਅੰਦਰ ਲਿਆਦਾ, ਸਿੰਘਾਂ ਨੇ ਉਸ ਨੂੰ ਵੀ ਤਬਾਹ ਕਰ ਦਿੱਤਾ।…… ਤੇ ਅੰਤ ਜੇ ਕਿਤੇ ਭਾਰਤੀ ਫੌਜ ਹੈਲੀਕਾਪਟਰ ਤੇ ਹੋਰ ਹਵਾਈ ਸੈਨਾ ਇਸਤਮਾਲ ਨਾਂ ਕਰਦੀ ਤਾਂ ਉਹਨਾਂ ਨੂੰ ਜਬਰਦਸਤ ਹਾਰ ਦਾ ਮੂੰਹ ਦੇਖਣਾ ਪੈਂਦਾ।
ਖੈਰ ਸਿੰਘਾਂ ਨੇ ਏਸ ਲੜਾਈ ਵਿਚ ਆਪਣੇ ਇਤਿਹਾਸਕ ਜੰਗੀ ਜੌਹਰ ਦੁਹਰਾਏ। ਅੰਤ, ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਤਾਂ ਕਿਤੇ ਜਾ ਕੇ ਭਾਰਤੀ ਫੌਜ ਦਰਬਾਰ ਸਾਹਿਬ ਸਮੂਹ ਤੇ ਕਬਜਾ ਕਰ ਸਕੀ। ਹਰੇਕ ਸਿੰਘ ਆਪਣੀ ਅਖੀਰਲੀ ਗੋਲੀ ਤੱਕ ਲੜਿਆ। ਇਸ ਜੰਗ ਵਿਚ ਸੰਤ ਜਰਨੈਲ ਸਿੰਘ ਜੀ ਦੇ ਸਿਪਾਹੀ ਰੂਪ ਦੇ ਦਰਸ਼ਨ ਸਭ ਨੇ ਕੀਤੇ ਤੇ ਇਸ ਰੂਪ ਵਿਚ ਮਾਰੀਆਂ ਗਈਆਂ ਮੱਲਾਂ ਵੀ ਇਤਿਹਾਸ ਦੇ ਸੁਨਹਿਰੀ ਪੱਤਰਿਆਂ ‘ਤੇ ਦਰਜ ਹਨ। ਪਰ ਸਿਪਾਹੀ ਹੋਣ ਦੇ ਨਾਲ-ਨਾਲ ਸੰਤ ਜੀ ਵਿਚ ਸੰਤਾਂ ਵਾਲੇ ਵੀ ਸਭ ਗੁਣ ਮੌਜ਼ੂਦ ਸਨ।
ਆਪਣੇ ਬਚਪਨ ਤੋਂ ਉਹ ਸ਼ਾਂਤ ਸੁਭਾਅ ਦੇ ਮਾਲਕ ਸਨ। ਕਦੇ ਕਿਸੇ ਨੇ ਉਹਨਾਂ ਨੂੰ ਗੁੱਸੇ ਨਾਲ ਉੱਚੀ ਬੋਲਦੇ ਨਹੀਂ ਸੁਣਿਆਂ ਸੀ। ਪੌਣੇ ਪੰਜ ਦੀ ਸਾਲ ਵਿਚ ਉਨ੍ਹਾਂ ਨੇ ਸੰਤ ਗੁਰਬਚਨ ਸਿੰਘ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਸੀ। ਸੰਤ ਜਰਨੈਲ ਸਿੰਘ ਜੀ ਦੀ ਯਾਦ ਸ਼ਕਤੀ ਵੀ ਕਮਾਲ ਦੀ ਸੀ।ਉਹਨਾਂ ਨੇ ਦੱਖਣੀ ਓਅੰਕਾਰ ਤੇ ਸਿੱਧ ਗੋਸ਼ਟਿ ਦੀ ਬਾਣੀ ਇਕ-ਇਕ ਦਿਨ ਵਿਚ, ਆਸਾ ਦੀ ਵਾਰ 8 ਘੰਟੇ ਵਿਚ ਤੇ ਸੁਖਮਨੀ ਸਾਹਿਬ 13 ਦਿਨਾਂ ਵਿਚ ਕੰਠ ਕਰ ਲਿਆ ਸੀ। ਹਰ ਰੋਜ਼ ਪੰਜ ਗ੍ਰੰਥੀ ਦੇ ਨਿੱਤਨੇਮ ਤੋਂ ਬਿਨਾ 100 ਤੋਂ ਵੱਧ ਜਪੁ ਜੀ ਸਾਹਿਬ ਦੇ ਪਾਠ ਉਹ ਖੇਤ ਕੰਮ ਕਰਦੇ ਹੀ ਕਰ ਦਿੰਦੇ ਸਨ। ਹਰ ਮਹੀਨੇ ਇਕ ਸਹਿਜ ਪਾਠ ਸੰਪੂਰਨ ਕਰਦੇ ਸਨ। ਸੰਤ ਜੀ ਬਹੁਤ ਮਿਹਨਤੀ ਵੀ ਸਨ। ਖੇਤੀ ਦੌਰਾਨ ਉਹਨਾਂ ਨੇ 2-2 ਹਜ਼ਾਰ ਮਣ ਕਣਕ ਵੀ ਪੈਦਾ ਕੀਤੀ। ਉਹ ਇਕ ਸਫਲ ਕਿਰਤੀ ਕਿਸਾਨ ਵੀ ਸਨ। ਪਰ ਇਕ ਵੇਲਾ ਐਸਾ ਵੀ ਆਇਆ ਕਿ ਘਰ ਡੰਗਰਾਂ ਨੂੰ ਪਾਉਣ ਲਈ ਵੀ ਪੱਠੇ ਨਾ ਹੋਏ। ਕਿਸੇ ਦੇ ਖੇਤ ਵਿਚੋਂ ਵੱਢ ਕੇ ਲਿਆਂਦੀ ਕਮਾਦ ਦੀ ਖੋਰੀ ਵੀ ਡੰਗਰਾਂ ਨੂੰ ਪਾਉਣੀ ਨਸੀਬ ਨਾ ਹੋਈ। ਕੁਰਲੀ ਵਿਚ ਪਈ ਹੋਈ ਖੋਰੀ ਖੇਤ ਦੇ ਮਾਲਕਾਂ ਨੇ ਵਾਪਸ ਮੰਗ ਲਈ। ਅਜਿਹੀ ਹਾਲਤ ਵਿਚ ਹੀ (ਸੰਤ) ਜਰਨੈਲ ਸਿੰਘ ਇਕ ਵਾਰ ਆਪਣੇ ਭਰਾ ਵੀਰ ਸਿੰਘ ਦੀ ਲੜਕੀ ਦਾ ਰਿਸ਼ਤਾ ਕਰਨ ਕਿਸੇ ਵਿਅਕਤੀ ਕੋਲ ਗਏ। ਇਹ ਵਿਅਕਤੀ ਸੰਤ ਜੀ ਦੀ ਘਰੋਗੀ ਹਾਲਤ ਜਾਣਦਾ ਸੀ। ਉਸ ਨੇ ਇਨਕਾਰ ਕਰਦੇ ਹੋਏ ਕਿਹਾ “ਮੈਂ ਨਹੀਂ ਮਲੰਗਾਂ ਦਾ ਰਿਸ਼ਤਾ ਲੈਣਾ”। 'ਸੰਤ ਜੀ ਚੁੱਪ ਚਾਪ ਵਾਪਸ ਆ ਗਏ। ਸੰਤ ਕਰਤਾਰ ਸਿੰਘ ਜੀ ਨੇ ਜਦੋਂ ਇਹ ਵਿਥਿਆ ਸੁਣੀ ਤਾਂ ਉਹਨਾਂ ਨੇ ਕਿਹਾ, “ਦਸ਼ਮੇਸ਼ ਪਿਤਾ ਦਾ ਆਸਰਾ ਰੱਖੀ। ਜੋ ਲੋਕ ਅੱਜ ਮਲੰਗ ਦੱਸਦੇ ਹਨ ਸਮਾਂ ਆਉਣ ‘ਤੇ ਤੇਰੇ ਪੈਰ ਫੜਨਗੇ”।
ਸੰਤ ਗੁਰਬਚਨ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਨੂੰ 1965 ਵਿਚ ਆਪਣੇ ਨਾਲ ਲੈ ਆਏ। ਏਥੇ ਸੇਵਾ ਵਿਚ ਸੰਤ ਜੀ ਸਭ ਤੋਂ ਮੋਹਰੀ ਹੁੰਦੇ। ਸੰਤ ਕਰਤਾਰ ਸਿੰਘ ਜੀ ਕਥਾ ਦੌਰਾਨ ਕਈ ਵੇਰ ਕਿਸੇ ਸੇਵਾ ਸਿਮਰਨ ਵਾਲੇ ਸਿਖ ਦੀ ਉਦਾਹਰਨ ਦੇਣ ਲਈ (ਸੰਤ) ਜਰਨੈਲ ਸਿੰਘ ਨੂੰ ਹੀ ਆਦਰਸ਼ ਸਿਖ ਮੰਨਦੇ ਸਨ।
ਇਕ ਵਾਰ ਸੰਤ ਕਰਤਾਰ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਜੀ ਦੀ ਡਿਊਟੀ ਲਾਈ ਕਿ ਫਰੀਦਕੋਟ ਜਾ ਕੇ ਮਹਾਰਾਜੇ ਫਰੀਦਕੋਟ ਤੋਂ ਨਗਰ ਕੀਰਤਨ ਉੱਤੇ ਫੁੱਲਾਂ ਦੀ ਵਰਖਾ ਕਰਨ ਵਾਸਤੇ ਹੈਲੀਕਾਪਟਰ ਦੇਣ ਦੀ ਬੇਨਤੀ ਕਰੋ। ਸੰਤ ਜੀ ਫਰੀਦਕੋਟ ਭਾਈ ਗੁਰਮੇਲ ਸਿੰਘ (ਜੋ ਰਾਜੇ ਦੇ ਦਰਬਾਰ ਵਿਚ ਕਾਫੀ ਰਸੂਖ ਰੱਖਦੇ ਸਨ) ਪਾਸ ਆ ਗਏ। ਗੁਰਮੇਲ ਸਿੰਘ ਨੂੰ ਨਾਲ ਲੈ ਕੇ ਮਹਾਰਾਜੇ ਪਾਸ ਜਾਣਾ ਸੀ। ਭਾਈ ਗੁਰਮੇਲ ਸਿੰਘ ਨੇ ਦੇਖਿਆ ਕਿ ਸੰਤ ਜੀ ਪੈਰਾਂ ਤੋਂ ਨੰਗੇ ਸਨ। ਉਹਨਾਂ ਨੇ ਪੁੱਛਿਆ “(ਸੰਤ) ਜਰਨੈਲ ਸਿਆਂ ਭਾਈ ਕੋਈ ਜੋੜਾ ਕਿਉਂ ਨਹੀਂ ਪਾਇਆ”
ਸੰਤ ਜੀ ਨੇ ਉੱਤਰ ਦਿੱਤਾ, “ਜੋੜੇ ਦੀ ਭਾਈ ਸਾਹਿਬ ਕੋਈ ਸਵੇਰੇ ਸੇਵਾ ਕਰ ਗਿਆ (ਚੁੱਕ ਕੇ ਲੈ ਗਿਆ)। 'ਸੰਤ ਜੀ ਦਾ ਹੁਕਮ ਸੀ ਕਿ ਛੇਤੀ ਫਰੀਦਕੋਟ ਜਾਣਾ ਹੈ, ਸੋ ਮੈਂ ਇਸੇ ਤਰ੍ਹਾਂ ਆ ਗਿਆ”।
“ਪਰ ਭਾਈ ਤੁਹਾਡੇ ਕੋਲ ਚੰਗੇ ਭਲੇ ਪੈਸੇ ਹਨ, ਰਸਤੇ ‘ਚੋਂ ਜੋੜਾ ਖਰੀਦ ਲੈਣਾ ਸੀ” ਭਾਈ ਗੁਰਮੇਲ ਸਿੰਘ ਨੇ ਫਿਰ ਪੁੱਛਿਆ।
“ਇਹ ਪੈਸੇ ਤਾਂ ਜੀ ਪੰਥ ਦੇ ਐ, ਮੇਰੇ ਕੋਲ ਆਪਣਾ ਕੋਈ ਪੈਸਾ ਨਹੀਂ” ਸੰਤ ਜੀ ਨੇ ਜਵਾਬ ਦਿੱਤਾ।
ਖੈਰ ਭਾਈ ਗੁਰਮੇਲ ਸਿੰਘ ਨੇ ਆਪਣੇ ਘਰੋਂ ਇਕ ਚੱਪਲਾਂ ਸੰਤ ਜੀ ਨੂੰ ਪਾਉਣ ਲਈ ਦੇ ਦਿੱਤੀਆਂ। ਰਾਜੇ ਨੂੰ ਮਿਲ ਕੇ ਕੰਮ ਪੂਰਾ ਕਰਕੇ ਭਾਈ ਗੁਰਮੇਲ ਸਿੰਘ, ਸੰਤ ਜੀ ਨੂੰ ਬੱਸ ਚੜਾਉਣ ਲਈ ਆਏ। ਸੰਤ ਜੀ ਨੇ ਭਾਈ ਗੁਰਮੇਲ ਸਿੰਘ ਨੂੰ ਕਿਹਾ, “ ਭਾਈ ਸਾਹਿਬ ਜੀ ਤੁਸੀ ਆਹ ਸਮਾਨ ਸੀਟ ‘ਤੇ ਰੱਖੋ ਮੈਂ ਹੁਣੇ ਆਇਆ”
ਜਦੋਂ ਭਾਈ ਗੁਰਮੇਲ ਸਿੰਘ ਬੱਸ ਵਿਚ ਚੜ ਗਏ ਤਾਂ ਸੰਤ ਜੀ ਨੇ ਉਹਨਾਂ ਦੇ ਜੋੜੇ ਇਕ ਨੁੱਕਰ ਵਿਚ ਲਾਹ ਦਿੱਤੇ ਤੇ ਬੱਸ ਵਿਚ ਚੜ ਕੇ ਭਾਈ ਗੁਰਮੇਲ ਸਿੰਘ ਨੂੰ ਕਹਿਣ ਲੱਗੇ, “ਭਾਈ ਸਾਹਿਬ ਤੁਹਾਡੇ ਜੋੜੇ ਔਹ ਪਏ ਹਨ, ਯਾਦ ਨਾਲ ਲੈ ਜਾਣਾ”
ਭਾਈ ਗੁਰਮੇਲ ਸਿੰਘ, ਜੋ ਹੁਣ ਕਨੇਡਾ ਰਹਿੰਦੇ ਹਨ, ਨੇ ਦੱਸਿਆ ਕਿ ਉਸ ਵੇਲੇ ਮੇਰੀਆਂ ਅੱਖਾਂ ਵਿਚ ਪਾਣੀ ਆ ਗਿਆ ਤੇ ਇਸ ਘਟਨਾਂ ਨੂੰ ਯਾਦ ਕਰਕੇ ਅੱਜ ਵੀ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਮੈਂ ਕਈ ਵਾਰ ਸੋਚਦਾਂ ਹਾਂ ਕਿ ਸਾਡੇ ਵਿਚ ਕਈ ਅਜਿਹੇ ਸੰਤ ਪ੍ਰਚੱਲਤ ਹੋ ਚੁੱਕੇ ਹਨ ਜਿਨ੍ਹਾਂ ਨੇ ਕੌਮ ਲਈ ਕੱਖ ਵੀ ਨਹੀਂ ਕੀਤਾ, ਵੱਧ ਤੋਂ ਵੱਧ ਭੋਰਿਆਂ ਵਿਚ ਬੈਠੇ ਹਨ, ਤੇ ਜਿਨ੍ਹਾਂ ਦੀਆਂ ਜੁੱਤੀਆਂ ਅੱਜ ਕੱਲ ਉਨ੍ਹਾਂ ਭੋਰਿਆਂ ਵਿਚ ਰੱਖੀਆਂ ਹੋਈਆਂ ਹਨ, ਤਿੱਲੇਦਾਰ, ਸੋਨੇਰੰਗੀ ਕਢਾਈ ਵਾਲੀਆਂ ਤੇ ਲੋਕ ਉਹਨਾਂ ਜੁੱਤੀਆਂ ਨੂੰ ਹੀ ਮੱਥੇ ਟੇਕੀ ਜਾਂਦੇ ਹਨ। ਤੇ ਇੱਧਰ ਇਕ ਅਜਿਹਾ ਸੰਤ ਹੈ “ਸੰਤ ਜਰਨੈਲ ਸਿੰਘ” ਜਿਸ ਨੂੰ ਜਦੋਂ ਕੋਈ ਸੇਵਾ ਮਿਲਦੀ ਸੀ ਤਾਂ ਉਹ ਜੁਤੀ ਪਾਉਣ ਦੀ ਵੀ ਪਰਵਾਹ ਨਹੀਂ ਕਰਦਾ ਸੀ। ਇਹ ਸੀ ਅਸਲੀ “ਸੰਤ”, ਜਿਸ ਨੂੰ ਸਰਕਾਰ ਅੱਤਵਾਦੀ ਕਹਿ ਕੇ ਭੰਡਦੀ ਰਹੀ।ਪਿਆਰਾ ਸਿੰਘ ਨਿਰਛਲ ਨੇ ਬੜਾ ਸੋਹਣਾ ਲਿਖਿਆ ਹੈ,
“ਆਖੇ ਸਿੱਖਾਂ ਨੂੰ ਸਿਖੀ ਵਿਚ ਰਹੋ ਪੂਰੇ, ਜੇ ਉਹ ਸਿੰਘ ਸਜਾਏ ਤਾਂ ਅੱਤਵਾਦੀ,
ਇਕ ਇਕ ਦਿਨ ਵਿਚ ਕਈ ਹਜ਼ਾਰਾਂ ਤਾਈਂ, ਜੇ ਉਹ ਅੰਮ੍ਰਿਤ ਛਕਾਏ ਤਾਂ ਅੱਤਵਾਦੀ,
ਜਿਹੜੇ ਬੇਮੁਖ ਗੁਰੂ ਤੋਂ ਹੋ ਰਹੇ ਨੇ, ਗੁਰੂ ਵਾਲੇ ਬਣਾਏ ਤਾਂ ਅੱਤਵਾਦੀ,
ਕੋਹੜ ਕੌਮ ਨੂੰ ਲੱਗਾ ਸ਼ਰਾਬ ਵਾਲਾ, ਜੇ ਉਹ ਕੋਹੜ ਹਟਾਏ ਤਾਂ ਅੱਤਵਾਦੀ,
ਇਹ ਕੌਮ ਕਰਨ ਵਾਲਾ ਜੇ ਹੈ ਅੱਤਵਾਦੀ, ਇਹ ਕੰਮ ਕਰਨ ਲਈ ਪੱਕੇ ਠਣ ਜਾਈਏ,
ਅੰਮ੍ਰਿਤ ਛਕ ਕੇ ਗੁਰੂ ਦਸ਼ਮੇਸ਼ ਵਾਲਾ, ਆਓ ਸਾਰੇ ਅੱਤਵਾਦੀ ਬਣ ਜਾਈਏ”
ਜਗਰਾਉਂ ਤੋਂ ਇਕ ਸਤਿਕਾਰਯੋਗ ਬਜ਼ੁਰਗ, ਜਿਹਨਾਂ ਨਾਲ ਸੰਤ ਜੀ ਦੀ ਬਹੁਤ ਨੇੜਤਾ ਸੀ, ਨੇ ਦੱਸਿਆ ਕਿ ਸੰਤ ਜੀ ਨੇ ਕਦੇ ਵੀ ਪ੍ਰਸ਼ਾਦਾ ਮੰਗਿਆ ਨਹੀਂ ਸੀ, ਜੇ ਕਿਸੇ ਨੇ ਲਿਆ ਕੇ ਫੜਾ ਦਿੱਤਾ ਤਾਂ ਛਕ ਲੈਂਦੇ ਨਹੀਂ ਤਾਂ…। ਇੰਝ ਲਗਦਾ ਸੀ ਜਿਵੇਂ ਭੁੱਖ ਉਹਨਾਂ ਨੂੰ ਲੱਗਦੀ ਹੀ ਨਹੀਂ ਸੀ। ਕਦੇ ਉਹਨਾਂ ਨੇ ਲੰਗਰ ਵਿਚ (ਅੱਜ ਦੇ ਸਾਧਾਂ ਵਾਂਗ) ਕੋਈ ਨਘੋਚ ਨਹੀਂ ਕੱਢਿਆ ਸੀ, ਨਾ ਹੀ ਕਦੇ ਵੇਸਣ ਦੀਆਂ ਰੋਟੀਆਂ ਮੰਗੀਆਂ ਸਨ ਤੇ ਨਾਂ ਹੀ ਉਹ ਕਦੇ ਬੈਠਣ ਲੱਗੇ ਹੇਠਾਂ ਤੌਲੀਆਂ ਵਿਛਾਉਦੇ ਸਨ। ਪੋਚ-ਪੋਚ ਕੇ ਦਸਤਾਰ ਸਜਾਉਣੀ ਤਾਂ ਉਹਨਾਂ ਨੂੰ ਆਉਂਦੀ ਹੀ ਨਹੀਂ ਸੀ, ਕਿਉਂਕਿ ਉਹਨਾਂ ਨੂੰ ਹੋਰ ਬਥੇਰੇ ਕੰਮ ਸਨ। ਅੱਜ ਕੱਲ ਦੇ ਸੰਤਾਂ ਵਿਚ ਤਾਂ ਸੋਹਣੇ ਬਣਨ ਦੀ ਹੋੜ ਲੱਗੀ ਹੋਈ ਹੈ, ਸਾਰੇ ਵਿਹਲੇ ਹਨ ਨਾਂ, ਸਰਕਾਰਾਂ ਦੇ ਕਹੇ ਅਨੁਸਾਰ ਚੱਲਦੇ ਹਨ, ਬਸ ਵੱਧ ਤੋਂ ਵੱਧ ਦੀਵਾਨ ਲਾਉਂਦੇ ਹਨ ਤੇ ਆਪਣੇ ਪੈਰੀਂ ਹੱਥ ਲਵਾਉਂਦੇ ਹਨ। ਪਰ ਸੰਤ ਜਰਨੈਲ ਸਿੰਘ ਅਜਿਹੇ ਨਹੀਂ ਸਨ, ਜੇ ਕੋਈ ਪੈਰੀ ਹੱਥ ਲਾਉਣ ਲੱਗਦਾ ਤਾ ਪਾਸੇ ਹੋ ਜਾਂਦੇ ਤੇ ਕਹਿੰਦੇ ਭਾਈ ਸਿੱਖ ਨੂੰ ਹੁਕਮ ਐ ਕਿ ਸਿੱਖ ਸਿਰ ਸਿਰਫ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਮਹਾਰਾਜ ਨੂੰ ਝੁਕਾਵੇ, ਐਵੇ ਕਿਸੇ ਦੇ ਪੈਰਾਂ ‘ਚ ਨਾ ਢਿੱਗਿਆ ਕਰੋ ਮੈ ਤਾ ਸੰਗਤ ਦਾ ਚੌਕੀਦਾਰ ਐ ਜਿੰਨੀ ਸੇਵਾ ਹੋ ਸਕੀ ਕਰਾਗਾ, ਤੁਸੀ ਵੀ ਸਾਰੇ ਤਕੜੇ ਹੋਵੋ ਅਤੇ ਆਪਣੇ ਹੱਕਾਂ ਲਈ ਲੜੋ।
ਬਹੁਤ ਸਾਦੇ, ਮਿਹਨਤੀ, ਨਿਡਰ, ਕਹਿਣੀ ਤੇ ਕਰਨੀ ਦੇ ਸੂਰੇ ਤੇ ਕੌਮ ਦੇ ਨਿਧੜਕ ਜਰਨੈਲ ਸਨ,
“ਸੰਤ ਜਰਨੈਲ ਸਿੰਘ ਭਿੰਡਰਾਂਵਾਲੇ” ਤਾਂ ਹੀ ਤਾਂ ਕਵੀ ਉਹਨਾਂ ਨੂੰ ਯਾਦ ਕਰਕੇ ਹਉਂਕੇ ਲੈ ਰਿਹਾ ਹੈ,
“ਕੋਈ ਲੱਭੋ ਬਾਬੇ ਨੂੰ
ਕੋਈ ਲਿਆਵੋ ਬਾਬੇ ਨੂੰ,
ਰੋਂਦੀ ਕੌਮ ਦਾ ਹਾਲ ਕੋਈ ਸੁਣਾਵੋ ਬਾਬੇ ਨੂੰ……”
ਉਹਨਾਂ ਵਰਗਾ ਉਹਨਾਂ ਤੋਂ ਬਾਅਦ ਕੋਈ ਨਹੀਂ ਮਿਲਿਆ। ਪਰ ਅੱਜ ਕੌਮ ਨੂੰ ਫਿਰ ਉਹਨਾਂ ਦੀ ਲੋੜ ਹੈ। ਨੌਜਾਵਨੀ, ਜਿਨ੍ਹਾਂ ਦੀਆਂ ਅੱਖਾਂ ਵਿਚ ਬਸ ਸੰਤ ਜੀ ਦੀ ਤਸਵੀਰ ਹੈ ਉਹਨਾਂ ਨੂੰ ਸੰਤ ਜੀ ਦੀ ਅਗਵਾਈ ਦੀ ਲੋੜ ਹੈ।ਪ੍ਰਮਾਤਮਾਂ ਕਰੇ ਉਹ ਮੁੜ ਸਾਡੀ ਕੌਮ ਵਿਚ ਜਨਮ ਲੈ ਲੈਣ।
“ਕੋਈ ਓਹਦੇ ਵਰਗਾ ਸਿਦਕੀ ਤੇ ਬਚਨਾਂ ਦਾ ਪੂਰਾ
ਨਾ ਅੱਜ-ਕੱਲ ਦੇ ਠੱਗਾਂ ਵਰਗਾ ਦੇਈਂ ਭੇਜ ਅਧੂਰਾ
ਇੱਕ ਹੱਥ ਵਿਚ ਖੰਡਾ ਹੋਵੇ ਤੇ ਦੂਜੇ ਹੱਥ ਮਾਲਾ
ਗੁਰੂ ਮੇਰਿਆ ਬਖ਼ਸ਼ ਦੇ ਕੌਮ ਨੂੰ ਇੱਕ ਭਿੰਡਰਾਂਵਾਲਾ”

ਜਗਦੀਪ ਸਿੰਘ ਫਰੀਦਕੋਟ(9815763313)

Friday, February 5, 2010

ਕਲਗ਼ੀਆਂ ਵਾਲੇ ਦੇ ਵਿਯੋਗ ਵਿਚ...ਭਾਈ ਵੀਰ ਸਿੰਘ


ਪੰਜਾਬ ਕੌਰ ਦੀ ਅਰਜ਼ੋਈ-
ਸੁਣ ਕਲਗ਼ੀਆਂ ਵਾਲਿਆ ਵੇ!
ਮੈਂ ਅਰਜ਼ ਕਰਾਂ ਹਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!
ਸੁਣ ਸਾਂਈਆਂ!
ਮੈਂਡੇ ਪੁਤ ਅਵੈੜੇ...
ਜਿਨ੍ਹਾਂ ਡਾਢੇ ਧ੍ਰੋਹ ਕਮਾਏ,
ਔਖੀਆਂ ਵੇਲੇ ਲਿਖੇ ਬਿਦਾਵੇ,
ਤੇ ਨ ਕੀਤੇ ਕੌਲ ਕਮਾਏ,
ਪਰ ਬਖਸ਼ਣ ਵਾਲਿਆ ਵੇ!
ਮੈਂ ਅਰਜ਼ ਕਰਾਂ ਹ¤ਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!
ਸੁਣ ਸਾਂਈਆਂ!
ਮੇਰੀ ਮਿ¤ਟੀ ਮਾੜੀ,
ਜਿਨ ਜ਼ਾਲਮ ਪੈਦਾ ਕੀਤੇ,
ਤੇਰੇ ਜਿਹਾਂ ਤੇ ਚੜ੍ਹ ਚੜ੍ਹ ਆਏ,
ਭਰ ਜ਼ਹਿਰ ਪਿਆਲੇ ਪੀਤੇ,
ਤੈਂ ਸਾਰ ਨ ਜਾਣਨ ਵੇ!
ਮੈਂ ਅਰਜ਼ ਕਰਾਂ ਹਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!
ਬਖਸ਼ੇਂ ਪਾਪ ਤੂੰ ਜ਼ੁਲਮ ਸਹਾਰੇਂ,
ਕਦੀ ਔਗੁਣ ਨਹੀਂ ਚਿਤਾਰੇਂ,
ਤੂੰ ਬਖ਼ਸ਼ਿੰਦ ਅਨੋਖਾ ਦਾਤਾ!
ਮੂੰਹੋਂ ਬਖ਼ਸ਼ੇਂ ਤੇ ਮਨੋਂ ਵਿਸਾਰੇਂ,
ਸਦ ਰਹਿਮਤ ਵਾਲਿਆ ਵੇ!
ਮੈਂ ਅਰਜ਼ ਕਰਾਂ ਹਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!
ਕਲਗ਼ੀਆਂ ਵਾਲੇ ਦੀ ਸਦ-
ਤੂੰ ਸੁਣ ਧਰਤ ਸੁਹਾਵੀ ਸੁਹਿਣੀ!
ਮੈਂ ਸਾਂ ਜ਼ਹਿਰ ਉਤਾਰਣ ਆਇਆ,
ਦੇ ਦੇ ਅੰਮ੍ਰਿਤ ਤੇਰੇ ਲਾਲ ਜਿਵਾਏ,
ਜਿਨ੍ਹਾਂ ਰੰਗ ਤੁਧੇ ਨੂੰ ਲਾਯਾ,
ਸੁਣ ਕਰਮਾਂ ਵਾਲੀਏ ਨੀ!
ਹ¤ਥ ਸਾਈਂ ਅਗੇ ਜੋੜ ਕੇ
ਰਹਿ ਨਾਮ ਜਪੰਦੀ ਤੂੰ,
ਮਨ ਮਾਯਾ ਵਲੋਂ ਮੋੜ ਕੇ!
ਪੰਜਾਬ ਕੌਰ-
ਤਾਂ ਵੀ ਸੁਣ ਕਲਗ਼ੀਆਂ ਵਾਲਿਆ ਵੇ!
ਮੈਂ ਅਰਜ਼ ਕਰਾਂ ਹ¤ਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!

Friday, January 22, 2010

‘ਧੀਏ ਖੂਹ ’ਚ ਛਾਲ ਮਾਰਜੀਂ, ਪਰ……’

ਕਈ ਵਾਰ ਉਸ ਨੇ ਆਪਣੀ ਗੱਡੀ ’ਤੇ ਉਥੋਂ ਲੰਘਦੇ ਨੇ ਉਹ ਕੁੜੀ ਉਥੇ ਖੜ੍ਹੀ ਵੇਖੀ ਸੀ। ਪਤਾ ਨਹੀਂ ਕਿਉਂ ਹਰ ਵਾਰ, ਜਦੋਂ ਉਹ ਉਸ ਕੁੜੀ ਦਾ ਚਿਹਰਾ ਵੇਖਦਾ ਤਾਂ ਉਹ ਉਸ ਨੂੰ ਜਾਣਿਆਂ-ਪਛਾਣਿਆਂ ਲੱਗਦਾ। ਕਈ ਵਾਰ ਉਹ ਜਦੋਂ ਉਥੇ ਨਾ ਹੁੰਦੀ ਤਾਂ ਓਹਦਾ ਕਾਲਜਾ ਪਾਟਣ ਨੂੰ ਆਉਂਦਾ ਸੀ। ਆਪਣੇ ਦਿਲ ਦੀ ਧੜਕਣ ਉਸ ਨੂੰ ਆਪਣੇ ਕੰਨਾਂ ਨਾਲ ਸੁਣਦੀ ਪ੍ਰਤੀਤ ਹੁੰਦੀ ਸੀ। ਭਾਵੇਂ ਉਸ ਦਾ ਦਿਮਾਗ ਸ਼ਰੇਆਮ ਕਹਿ ਦਿੰਦਾ ਸੀ ਕਿ ਅੱਜ ਉਹ ਕੁੜੀ……… ਪਰ ਉਸ ਦਾ ਦਿਲ ਨਹੀਂ ਮੰਨਦਾ ਸੀ।
“ਨਹੀਂ ਨਹੀਂ…… ਅੱਜ ਉਹ ਘਰ੍ਹੋਂ ਹੀ ਨਈਂ ਆਈ ਹੋਣੀ…” ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ
ਜਾਂਦਾ।
ਕਈ ਵਾਰ ਉਸ ਦਾ ਜੀਅ ਕੀਤਾ ਕਿ ਉਹ ਕੁੜੀ ਨੂੰ ਮਿਲੇ, ਉਸ ਨਾਲ ਜਾ ਕੇ ਗੱਲ ਕਰੇ, ਉਸ ਨੂੰ ਪੁੱਛੇ ਕਿ ਉਹ ਕੌਣ ਹੈ ਤੇ ਏਸ ‘ਭੈੜੀ ਥਾਂ’ ’ਤੇ ਖੜ੍ਹੀ ਕੀ ਕਰਦੀ ਹੈ।
ਕਈ ਵਾਰ ਜਦੋਂ ਉਹ ਕੁੜੀ ਉਸਦੀ ਗੱਡੀ ਦੇ ਬਹੁਤ ਨੇੜੇ ਹੁੰਦੀ ਤਾਂ ਉਹ ਬੋਲਦਾ-ਬੋਲਦਾ ਰਹਿ ਜਾਂਦਾ, “ਚੱਲ ਕੁੜੀਏ, ਘਰ ਚੱਲ, ਏਥੇ ਤੇਰਾ ਕੀ ਕੰਮ, ਸਿਆਣੀਆਂ ਧੀਆਂ ਐਸ ਵੇਲੇ ਘਰ੍ਹੋਂ ਨ੍ਹੀ ਨਿਕਲਦੀਆਂ…”
ਪਰ ਹਮੇਸ਼ਾਂ ਉਹ ਚੁੱਪ ਰਹਿੰ
ਦਾ। ਜਿੱਥੇ ਉਹ ਖੜ੍ਹੀ ਹੁੰਦੀ ਸੀ, ਉਥੇ ਕੋਈ ਇੱਜ਼ਤਦਾਰ ਬੰਦਾ ਨਹੀਂ ਜਾਂਦਾ ਸੀ। ਇਸੇ ਲਈ ਉਹ ਵੀ ਡਰਦਾ ਸੀ ਕਿ ਜੇ ਕਿਸੇ ਨੇ ਉਸ ਨੂੰ ਏਥੇ ਕੁੜੀ ਨਾਲ ਗੱਲ
ਕਰਦੇ ਵੇਖ ਲਿਆ ਤਾਂ ਅਗਲਾ ਕੀ ਸੋਚੇਗਾ। ਸੋ……
ਕਰਦੇ ਕਰਦੇ ਡੇਢ-ਦੋ ਮਹੀਨੇ ਲੰਘ ਗਏ। ਹਰ ਰੋਜ਼ ਉਵੇਂ ਹੀ ਵਾਪਰਦਾ ਸੀ। ਉਸ ਦੀ, ਕੁੜੀ ਨਾਲ ਇਕ ਅਣਕਹੀ ਸਾਂਝ ਜਹੀ ਪੈ ਗਈ ਸੀ।
“ਯਰ ਚਰਨਜੀਤ, ਮੰਨ ਨਾ ਮੰਨ, ਪਰ ਇਹ ਕੁੜੀ ‘ਆਪਣੀ’ ਐਂ ਯਰ……” ਇਕ ਦਿਨ ਉਹ ‘ਉਸੇ ਥਾਂ’ ਤੋਂ ਆਪਣੇ ਮਿੱਤਰ ਚਰਨਜੀਤ ਸਿਹੁ ਨਾਲ ਲੰਘ ਰਿਹਾ ਸੀ। ਉਹ ਚਾਹੁੰਦਾ ਸੀ ਕਿ ਚਰਨਜੀਤ ਵੀ ਹਾਮੀ ਭਰੇ ਤੇ ਉਸ ਨੂੰ ‘ਆਪਣੀ’ ਕਹੇ।
“ਛੱਡ ਯਾਰ ਮੀਤ… ‘ਏਥੇ’ ਕੋਈ ਆਪਣਾ ਨਈਂ ਰਹਿ ਜਾਂਦਾ… ਇਹ ਮੰਡੀ ਆ ਯਾਰਾ ਮੰਡੀ… ਜਿਸਮਾਂ ਦੀ ਮੰਡੀ… ਵਿਕਾਊ ਜਿਸਮ ਖ੍ਰੀਦਾਰਾਂ ਦੀ ਭਾਲ ’ਚ ਝਾਕ ਰਹੇ ਨੇ ਚਾਰੇ ਪਾਸੇ… ਕੋਈ ‘ਆਪਣਾ’ ਨਈ ਏਥੇ… ਤੂੰ ਛੇਤੀ ਨਾਲ ਲੰਘ ਚੱਲ ਏਥੋਂ…”
“ਨਈਂ ਯਾਰਾ… ਪਤਾ ਨਈ ਕਿਉਂ… ਇਹ ਮੈਨੂੰ ਆਪਣੀ ‘ਰਾਜੋ’ ਵਰਗੀ ਲੱਗਦੀ ਆ…” ਏਨਾ ਕਹਿੰਦਿਆਂ ਉਸਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ।
******
‘ਰਾਜੋ’… ਰਾਜਵੰਤ ਕੌਰ। ਸਿਆਣੀ ਕੁੜੀ ਸੀ। ਮੀਤ ਦੀ ਭੂਆ ਦੀ ਕੁੜੀ। ਇਹਨਾਂ ਹੀ ਸੱਦਿਆ ਸੀ ਓਹਨੂੰ ਏਥੇ।
“ਰਾਜੋ ਭੈਣੇ ਤੇਰਾ ਏਥੇ ਈ ਵਿਆਹ ਕਰ ਦੇਣਾ ਹੁਣ… ਤੈਨੂੰ ਵਾਪਸ ਨ੍ਹੀ ਜਾਣ ਦੇਣਾ ਪੰਜਾਬ… ਏਥੇ ਈ ਰੱਖਣੈ ਹੁਣ ਬਸ… ਨਾਲੇ ਉਥੇ ‘ਹਾਲਾਤ’ ਬਹੁਤੇ ਚੰਗੇ ਨਹੀਂ…” ਕਈ ਵਾਰ ਮੀਤ ਨੇ ਜਦੋਂ ਖੁਸ਼ ਹੋਣਾ ਤਾਂ ਰਾਜਵੰਤ ਨੂੰ ਕਹਿਣਾ।
ਪਰ…… ਕੁਦਰਤ ਤਾਂ ਕੁਝ ਹੋਰ ਸੋਚੀ ਬੈਠੀ ਸੀ। ਰਾਜਵੰਤ ਦੀ ਜ਼ਿੰਦਗੀ ’ਚ ਇਕ ਮੁੰਡਾ ਆਇਆ। ਕੁਲਵੰਤ ਸਿੰਘ ਨਾਮ ਦੱਸਿਆ ਸੀ ਓਹਨੇ ਆਪਣਾ। ਕੇਸ ਤਾਂ ਕੱਟੇ ਹੋਏ ਸਨ ਓਹਦੇ, ਪਰ ਹੱਥ ਵਿਚ ਕੜਾ ਪਾ ਕੇ ਰੱਖਦਾ ਸੀ। ‘ਜਪੁਜੀ ਸਾਹਿਬ’ ਦਾ ਪਾਠ ਵੀ ਬਹੁਤ ਸੋਹਣਾ ਕਰਦਾ ਸੀ। ਰਾਜਵੰਤ ਦੇ ਸਟੋਰ ਦੇ ਨਾਲ ਦੇ ਸਟੋਰ ’ਚ ਕੰਮ ਕਰਦਾ ਸੀ ਉਹ। ਨੇੜਤਾ ਹੌਲੀ-ਹੌਲੀ ਵਧ ਗਈ ਤੇ ਓਹਨੇ ਕੁੜੀ ਨੂੰ ਵਿਆਹ ਦਾ ਲਾਰਾ ਵੀ ਲਾ ਦਿੱਤਾ। ਪਰ… ਅਸਲੀਅਤ ਕੁਝ ਹੋਰ ਈ ਸੀ। ਉਹ ਤਾਂ ਕੁੜੀ ਨੂੰ ਓਦੇਂ ਪਤਾ ਲੱਗਿਆ, ਜਿਦੇਂ ਉਸ ਨੇ ਉਹ ‘ਫੋਟੋਆਂ’ ਦਿਖਾਈਆਂ।
“ਮੈਂ ਨਈਂ ਜਾਣਦੀ ਸੀ ਕਿ ਤੂੰ ਏਨਾ ਨੀਚ ਐਂ… ਤੈਨੂੰ ਭੋਰਾ ਸ਼ਰਮ ਨਾ ਆਈ…”
“ਅੱਲਾ ਪਾਕ ਦੀ ਸੌਂਹ ਰਾਜਵੰਤ…… ਮੈਂ ਇਹ ਕਿਸੇ ਨੂੰ ਨਹੀਂ ਵਿਖਾਵਾਂਗਾ… ਬਸ ਤੂੰ ਮੇਰੇ ਨਾਲ ਚੱਲ ਤੇ ਮੁਸਲਮਾਨ ਬਣ ਜਾ… ਮੈਂ ਹੁਣੇ ਕਾਜ਼ੀ ਸਾਹਬ ਨਾਲ ਗੱਲ ਕਰਦਾਂ ਤੇ ਤੇਰਾ ਨਾਲ ਨਿਕਾਹ ਕਰਵਾ ਲੈਨਾਂ…” ਇਕਦਮ ਉਸਦੀ ਬੋਲੀ ਵਿਚਲੇ ਕਈ ਸ਼ਬਦ ਬਦਲ ਗਏ। ਕੁੜੀ ਸੁੰਨ ਹੋ ਗਈ। ਉਸ ਨੂੰ ਤਾਂ ਇਹ ਪਤਾ ਵੀ ਹੁਣ ਈ ਲੱਗਿਆ ਸੀ ਕਿ ਉਹ ਮੁਸਲਮਾਨ ਸੀ ਤੇ ਦਾ ਅਸਲੀ ਨਾਮ ਅਸ਼ਫ਼ਾਕ ਸੀ। ਬਸ… ਬੇਜ਼ਤੀ ਦੇ ਡਰੋਂ ਕੁੜੀ ਉਸ ਨਾਲ ਤੁਰ ਪਈ ਤੇ ਉਹ ਉਸ ਨੂੰ ਛੱਡ ਆਇਆ… ਬੈਂਕਾਕ… ਵੱਡੀ ਮੰਡੀ…।
******
ਅੱਜ ਜਦੋਂ ਮੀਤ ਉਥੋਂ ਲੰਘ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਉਸ ਕੁੜੀ ਨਾਲ ਇਕ ਕਾਲਾ ਖਹਿਬੜ ਰਿਹਾ ਸੀ। ਇੰਝ ਲੱਗਦਾ ਸੀ ਕਿ ਉਹ ਕਾਲਾ ਕੁੜੀ ਦੇ ਥੱਪੜ ਮਾਰ ਦੇਵੇਗਾ। ਮੀਤ ਦਾ ਮਨ ਬਹੁਤ ਘਬਰਾ ਗਿਆ। ਉਸ ਦਾ ਜੀਅ ਕੀਤਾ ਕਿ ਕਾਲੇ ਨੂੰ ਜਾ ਕੇ ਭਜਾ ਦੇਵੇ, ਪਰ ਉਹ ਬੈਠਾ ਰਿਹਾ। ਬੱਤੀ ਹਰੀ ਹੋ ਚੁੱਕੀ ਸੀ, ਪਰ ਉਸ ਨੇ ਗੱਡੀ ਨਹੀਂ ਤੋਰੀ। ਏਨੇ ਨੂੰ ਕਾਲੇ ਨੇ ਕੁੜੀ ਦੀ ਜਬਰਦਸਤੀ ਬਾਂਹ ਫੜ੍ਹ ਲਈ, ਪਰ ਕੁੜੀ ਨੇ ਝਟਕੇ ਨਾਲ ਛੁਡਾ ਲਈ। ਆਪਣੇ ਆਪ ਮੀਤ ਦੇ ਖੱਬੇ ਹੱਥ ਨੇ ਗੱਡੀ ਦੀ ਬਾਰੀ ਖੋਹਲ ਦਿੱਤੀ। ਸ਼ਾਇਦ ਦਿਮਾਗ ਦੀ ਥਾਂ ਦਿਲ ਨੇ ਹੱਥ ਨੂੰ ਇਸ਼ਾਰਾ ਕਰ ਦਿੱਤਾ ਸੀ। ਉਹ ਉੱਤਰਿਆ ਤੇ ਛੇਤੀ ਨਾਲ ‘ਉਥੇ ‘ਪਹੁੰਚ ਗਿਆ। ਜਦ ਦੂਜੀ ਵਾਰ ਕਾਲੇ ਨੇ ਕੁੜੀ ਦਾ ਹੱਥ ਫੜ੍ਹਿਆ ਤਾਂ ਮੀਤ ਨੇ ਇਕ ਜ਼ੋਰਦਾਰ ਧੱਕਾ ਉਸ ਨੂੰ ਮਾਰਿਆ।
you dirty dog... ਕਹਿੰਦਾ ਕਾਲਾ ਭੁੰਜੇ ਡਿੱਗ ਪਿਆ। ਸ਼ਰਾਬ ਨਾਲ ਰੱਜਿਆ ਹੋਇਆ ਸੀ ਉਹ। ਡਿੱਗਦਾ-ਢਹਿੰਦਾ ਉੱਠਿਆ ਤੇ i’ll see you...ਕਹਿੰਦਾ ਤੁਰ ਗਿਆ।
ਮੀਤ ਬਿਨਾ ਕੁੜੀ ਵੱਲ ਵੇਖੇ ਆਪਣੀ ਗੱਡੀ ਵਿਚ ਆ ਗਿਆ। ਅਜੇ ਉਸ ਨੇ ਗੱਡੀ ਸਟਾਰਟ ਕੀਤੀ ਹੀ ਸੀ ਕਿ ਪਰਲੀ ਬਾਰੀ ਵਿਚ ਦੀ ਕੁੜੀ ਆ ਕੇ ਖਲੋ ਗਈ।
“ਤੁਸੀਂ ਤਾਂ ‘ਆਪਣੇ’ ਈ ਓਂ… Thank you...” ਏਨੀ ਕੁ ਗੱਲ ਮੀਤ ਨੂੰ ਚੰਗੀ ਲੱਗੀ, ਪਰ ਕੁੜੀ ਫੇਰ ਬੋਲੀ,
Are you intrusted... forty pounds only... for one night... ਮੀਤ ਦੇ ਸਿਰ ਵਿਚ ਜਿਵੇਂ ਕਿਸੇ ਨੇ ਮਣਾਂ ਮੂੰਹੀਂ ਭਾਰਾ ਪੱਥਰ ਦੇ ਮਾਰਿਆ ਸੀ। ਉਹ ਸੁੰਨ ਹੋ ਗਿਆ।
“ਕੀ ਗੱਲ ਸਰਦਾਰ ਜੀ… 40 ਪੌਂਡ ਤਾਂ ਕੋਈ ਬਾਹਲੇ ਨ੍ਹੀ… ਚਲੋਂ ਤੁਸੀਂ ਉਸ ‘ਰਿੱਛ’ ਤੋਂ ਮੇਰਾ ਖਹਿੜਾ ਛੁਡਾਇਐ… ਸੋ ਤੁਸੀਂ ਤੀਹ ਪੌਂਡ ਦੇ ਦਿਓ… ਨਾਲੇ ਮੈਂ ਮਸਾਜ ਵੀ ਕਰ ਲੈਂਦੀ ਹਾਂ…” ਬਸ਼ਰਮਾਂ ਵਾਂਗ ਉਹ ਫੇਰ ਬੋਲੀ।
ਮੀਤ ਦੀਆਂ ਅੱਖਾਂ ਵਿਚੋਂ ਹੰਝੂ ਤਰਿਪ-ਤਰਿਪ ਡਿੱਗ ਪਏ। ਉਸ ਦਾ ਉੱਚੀ ਧਾਹ ਮਾਰਨ ਨੂੰ ਦਿਲ ਕੀਤਾ।
“ਹਾਏ ਓ ਰੱਬਾ… ਅਸੀਂ ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ… ਓ ਅੱਜ ਸਾਡੀਆਂ ਇੱਜ਼ਤਾਂ ਲੰਦਨ ਦੀਆਂ ਸੜਕਾਂ ’ਤੇ 30-30, 40-40 ਪੌਡਾਂ ਨੂੰ ਰੁਲਦੀਆਂ ਫਿਰਦੀਆਂ ਨੇ…”
ਇਕ ਦਮ ਮੀਤ ਨੂੰ ਲੰਡਨ ਗਜ਼ਨੀ ਦੇ ਬਜ਼ਾਰਾਂ ਵਰਗਾ ਜਾਪਿਆ।
“ਛੇਤੀ ਬੋਲੋ ਸਰਦਾਰ ਸਾਹਬ… ਨਹੀਂ ਮੈਂ ਕੋਈ ਹੋਰ ਲੱਭਾਂ…” ਕੁੜੀ ਕਾਹਲ ਵਿਚ ਸੀ, ਸ਼ਾਇਦ ਉਸ ਦੇ ‘ਗਾਹਕ’ ਲੰਘ ਰਹੇ ਸਨ।
“…ਓ… ਮੈਂ ਤਾਂ… ਕੁੜੀਏ… ਤੈਨੂੰ ਬਚਾਉਣ…” ਮਸਾਂ ਮੀਤ ਨੇ ਜੇਰਾ ਜਿਹਾ ਕਰਕੇ ਚਾਰ ਕੁ ਸ਼ਬਦ ਇਕੱਠੇ ਕੀਤੇ।
“ਐਵੇਂ ਬਾਹਲੀ ਹਮਦਰਦੀ ਨਾ ਵਿਖਾਓ ਸਰਦਾਰ ਜੀ… ਏਹ ਧੱਕਾ ਮੁੱਕੀ ਤਾਂ ਏਥੋਂ ਦਾ ਰੋਜ਼ ਦਾ ਕੰਮ ਐਂ… ਪੰਜ-ਦਸ ਪੌਂਡਾਂ ਪਿੱਛੇ ਆਮ ਈ ਗੱਲ ਵਿਗੜ ਜਾਂਦੀ ਐ…”
“ਪਰ… ਤੂੰ… ਕੁੜੀਏ… ਏਥੇ…” ਮੀਤ ਤੋਂ ਗੱਲ ਫੇਰ ਪੁਰੀ ਨਾ ਹੋਈ।
“ਜੇ ਏਥੇ ਨਾ ਆਵਾਂ ਤਾਂ ਕਾਲਜ ਦੀ ਫੀਸ ਕੌਣ ਭਰੂਗਾ… ਨਾਲੇ ਕਮਰੇ ਦਾ ਕਿਰਾਇਆ, ਬਿਜਲੀ ਦਾ ਬਿੱਲ ਤੇ…” ਕੁੜੀ ਦੇ ਗੱਲ ਅਜੇ ਮੂੰਹ ਵਿਚ ਈ ਸੀ ਕਿ ਮੀਤ ਬੋਲਿਆ,
“ਤੂੰ ਪੜ੍ਹਦੀ ਐਂ ਅਜੇ…”
“ਹਾਂ ਜੀ… ਮੈਂ ਪੜ੍ਹਦੀ ਆਂ ਤੇ ਸਟੱਡੀ ਵੀਜ਼ੇ ’ਤੇ ਆਂ ਏਥੇ… ਚੰਗਾ ਤੇ ਫੇਰ ਮੈਂ ਜਾਵਾਂ…”
“ਪਰ……” ਮੀਤ ਉਸ ਨੂੰ ਰੋਕਣਾ ਚਾਹੁੰਦਾ ਸੀ।
“ਪਰ ਕੀ ਜੀ… 30 ਪੌਂਡ…” ਮੀਤ ਕੁਝ ਨਾ ਬੋਲਿਆ।
“ਦਿਓਗੇ… ਜਾਂ ਮੈਂ ਜਾਵਾਂ”
“ਤੂੰ ਬਹਿਜਾ ਗੱਡੀ ’ਚ…”
“ਪਰ ਮੈਂ 30 ਪੌਂਡ ਤੋਂ ਘੱਟ ਨ੍ਹੀ ਲੈਣੇ…”
“ਆਜਾ ਆਜਾ… ਕੋਨੀ…” ਮੀਤ ਦਾ ਗੱਚ ਭਰ ਆਇਆ। ਕੁੜੀ ਬਹਿ ਗਈ ਤੇ ਮੀਤ ਨੇ ਗੱਡੀ ਤੋਰ ਲਈ।
“ਤੇਰਾ ਨਾਂ ਕੀ ਆ ਕੁੜੇ…” ਥੋੜੀ ਦੂਰ ਜਾ ਕੇ ਮੀਤ ਨੇ ਕੁੜੀ ਨੂੰ ਪੁੱਛਿਆ।
“ਰਾਜਵੰਤ… ਰਾਜਵੰਤ ਕੌਰ…” ਮੀਤ ਦਾ ਪੈਰ ਇਕਦਮ ਬਰੇਕ ਉੱਤੇ ਗਿਆ ਤੇ ਗੱਡੀ ਰੁਕ ਗਈ। ਉਸ ਨੇ ਧਿਆਨ ਨਾਲ ਕੁੜੀ ਦੇ ਮੂੰਹ ਵੱਲ ਵੇਖਿਆ।
“ਕੀ ਗੱਲ, ਗੱਡੀ ਕਿਉਂ ਰੋਕ ’ਤੀ”
“ਨਹੀਂ ਨਹੀਂ… ਕੁਝ ਨਹੀਂ…” ਕਹਿੰਦਿਆਂ ਮੀਤ ਨੇ ਰੇਸ ਦਬਾਈ ਤੇ ਆਪਣੇ ਹੰਝੂ ਵੀ ਕੁੜੀ ਤੋਂ ਲਕੋ ਲਏ।
“ਜੇ ਕੁੜੀਏ ਮੈਂ ਤੈਨੂੰ ਕੋਈ ਚੱਜ ਦਾ ਕੰਮ ਦਵਾ ਦੇਵਾਂ ਤਾਂ ਕੀ ਤੂੰ ਆਹ ਮਾੜਾ ਕੰਮ ਛੱਡ ਦਏਂਗੀ”
“ਕਿਹੜੀ ਨੌਕਰੀ ’ਚੋਂ ਏਨੀ ਕਮਾਈ ਹੋਊ… ਮੈਨੂੰ ਤਾਂ ਬਾਹਲੇ ਪੈਸਿਆਂ ਦੀ ਲੋੜ ਆ…”
“ਕਿੰਨੇ ਕੁ ਪੈਸਿਆਂ ਦੀ…”
“ਬਸ ਏਨੇ ਕੁ ਕਿ ਕਾਲਜ ਦੀ ਫੀਸ ਰਹਿਣ ਤੇ ਖਾਣ ਪੀਣ ਦਾ ਖਰਚਾ ਕੱਢਣ ਤੋਂ ਬਾਅਦ ਘਰ੍ਹੇ ਭੇਜਣ ਜੋਗੇ ਵੀ ਬਚ ਜਾਣ…”
“ਘਰ੍ਹੇ ਭੇਜਣ ਜੋਗੇ… ਤੂੰ ਏਥੇ ਪੜ੍ਹਣ ਆਈਂ ਐਂ ਕਿ ਕਮਾਈ ਕਰਨ…”
“ਬਾਪੂ ਨੇ ਘਰ ਗਹਿਣੇ ਧਰ ਕੇ ਮੈਨੂੰ ਏਥੇ ਭੇਜਿਐ… ਉਹ ਵੀ ਛਡਾਉਣੈ… ਪੜਾਈ ਦਾ ਤਾਂ ਬਹਾਨੈਂ… ਮੈਂ ਤਾਂ ਮਾੜੀ ਮੋਟੀ ਸੈੱਟ ਹੋ ਕੇ ਛੋਟੇ ਭਰਾ ਨੂੰ ਵੀ ਏਥੇ ਸੱਦਣੈ… ਊਹ ਵੀ ਖਹਿੜੇ ਪਿਆ ਹੋਇਐ… ਮੈਂ ਤਾਂ ਓਹਨੂੰ ਕਈ ਵਾਰੀ ਕਿਹੈ ਕਿ ਇਹ ਬਾਹਲੀ ਚੰਗੀ ਥਾਂ ਨੀ, ਪਰ ਉਹ ਮੰਨਦੈ… ਕਹਿਦਾ ਆਪ ਤਾਂ ‘ਮੌਜਾਂ’ ਲੈਂਦੀ ਐਂ ਇੰਗਲੈਂਡ ’ਚ ਤੇ ਮੈਨੂੰ ਕਹਿੰਦੀ ਐ ਚੰਗਾ ਨੀ… ਸ਼ਾਇਦ ਓਹਨੂੰ ਏਥੇ ਆ ਕੇ ਪਤਾ ਲੱਗਣੈ ਏ ਨਰਕ ਦਾ…” ਕੁੜੀ ਇਕੋ ਸਾਹ ਸਭ ਕੁਝ ਬੋਲ ਗਈ।
“ਹਾਏ ਓ ਮੇਰੀਏ ਭੈਣੇ…” ਮੀਤ ਦੀ ਧਾਹ ਨਿਕਲ ਗਈ, “…ਤੈਨੂੰ ਮਾਪਿਆਂ ਨੇ ਆਈਂ ਤੋਰਤਾ ’ਕੱਲੀ ਨੂੰ… ਬਿਨਾ ਇਹ ਵੇਖਿਆਂ ਕਿ ਉਥੇ ਕੋਈ ਕੁੜੀ ਨੂੰ ਸਾਂਭਣ ਵਾਲਾ ਵੀ ਹੈ ਕੇ ਨਹੀਂ…” ਕੁੜੀ ਮੀਤ ਦੇ ਮੂੰਹੋਂ ‘ਭੈਣੇ’ ਸੁਣ ਕੇ ਹੈਰਾਨ ਜਹੀ ਹੋ ਗਈ।
“ਤੁਸੀਂ ਮੈਨੂੰ 30 ਪੌਂਡ ਦਿਓਗੇ ਤਾਂ ਸਹੀ ਨਾ…” ਉਸ ਨੇ ਡਰ ਜਾਹਰ ਕਰਦੀ ਨੇ ਕਿਹਾ।
“ਮੈਂ ਤੈਨੂੰ ਏਸ ਨਰਕ ’ਚੋਂ ਕੱਢਣ ਨੂੰ ਫਿਰਦਾਂ ਤੇ ਤੂੰ… ਕੋਈ ਨੀ ਦੇਦੂਂਗਾ ਤੈਨੂੰ 30 ਪੌਂਡ…” ਮੀਤ ਨੇ ਗੁੱਸੇ ਹੁੰਦੇ ਨੇ ਕਿਹਾ।
“ਨਹੀਂ ਨਹੀਂ… ਮੈਂ ਤਾਂ ਸੋਚਿਆ ਬੀ ਤੁਸੀਂ ਮੈਨੂੰ ਭੈਣ ਕਹੀ ਜਾਨੇ ਓਂ…”
“ਆਹੋ ਭੈਣ ਈ ਆਂ ਤੂੰ ਮੇਰੀ… ਤੇ ਮੈਂ ਤੈਨੂੰ ਕੋਈ ਮਾੜਾ ਕੰਮ ਕਰਨ ਨੀ ਲਿਆਇਆ… ਮੈਂ ਤੈਨੂੰ ਚੰਗੀ ਨੌਕਰੀ ’ਤੇ ਲਵਾਊਂ… ਆਵਦੇ ਦੇਸ਼ ਪੰਜਾਬ ਦੀ ਇੱਜ਼ਤ ਮੈਂ ਆਏਂ ਨੀ ਲੰਦਨ ਦੀਆਂ ਸੜਕਾਂ ’ਤੇ ਰੁਲਣ ਦੇਣੀ… ਤੂੰ ਮੇਰੀ ਭੈਣ ਵਾਅਦਾ ਕਰ ਮੇਰੇ ਨਾਲ ਬੀ ’ਗਾਹਾਂ ਤੋਂ ਇਹ ਭੈੜਾ ਕੰਮ ਨਹੀਂ ਕਰੇਂਗੀ ਤੇ ਉਹਨਾਂ ਬਦਨਾਮ ਗਲ਼ੀਆਂ ’ਚ ਮੁੜ ਨਹੀਂ ਜਾਏਂਗੀ…”
“ਠੀਕ ਆ ਵੀਰੇ…” ‘ਵੀਰੇ’ ਕੁੜੀ ਦੇ ਮੂੰਹੋਂ ਆਪ ਈ ਨਿਕਲ ਗਿਆ ਤੇ ਮੀਤ ਨੂੰ ਇਹ ਮਿਸ਼ਰੀ ਵਰਗਾ ਲੱਗਿਆ। ਉਹ ਕੁੜੀ ਵੱਲ ਵੇਖ ਕੇ ਥੋੜਾ ਮੁਸਕੁਰਾਇਆ। ਕੁੜੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ।
“ਏਜੰਟ ਕਹਿੰਦਾ ਸੀ, ਥੋਨੂੰ ਚੰਗੀ ਨੌਕਰੀ ਦਿਵਾਵਾਂਗੇ… ਫਰੀ ਹੋਸਟਲ ਹੋਵੇਗਾ… ਵਧੀਆਂ ਖਾਣ ਪੀਣ ਮਿਲੇਗਾ… ਪਰ ਏਥੇ… ਤੈਨੂੰ ਪਤੈ ਵੀਰੇ ਮੈਂ ਦੋ ਦਿਨਾਂ ਤੋਂ ਕੁਝ ਨੀ ਖਾਧਾ…” ਮੀਤ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ।
“…ਮੇਰਾ ਤਾਂ ਵੀਰੇ ਕਈ ਵਾਰ ਜੀਅ ਕੀਤੈ ਕਿ ਭੱਜ ਜਾਵਾਂ… ਪਰ ਫੇਰ ਬਾਪੂ ਦੇ ਸਿਰ ਦਾ ਕਰਜ਼ਾ ਤੇ ਭਰਾ ਦੇ ਹਿੱਸੇ ਦਾ ਗਹਿਣੇ ਪਿਆ ਘਰ ਦਿਸ ਪੈਂਦੈ… ਤੇ ਮੈਂ… ਕਈ ਵਾਰ ਤਾਂ ਮਨ ਕਰਦੈ ਕਿ ਹੀਥਰੋ ਹਵਾਈ ਅੱਡੇ ’ਤੇ ਚਲੀ ਜਾਵਾਂ ਤੇ ਉੱਚੀ-ਉੱਚੀ ਰੌਲਾ ਪਾਵਾਂ… ਕਿ ਚਲੀਆਂ ਜਾਓ ਵਾਪਸ ਜਿਹੜੀਆਂ ਨਵੀਆਂ ਆ ਰਹੀਆਂ ਓ… ਮੁੜ ਜਾਓ ਅਜੇ ਵੀ ਜੇ ਨਰਕ ਤੋਂ ਭੈੜੀ ਜ਼ਿੰਦਗੀ ਨ੍ਹੀ ਜਿਊਣੀ ਤਾਂ… ਨਾ ਵਧਿਓ ’ਗਾਹਾਂ ਜੇ ਬਾਪੂ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਫਿਕਰ ਐ ਤਾਂ…”
ਕੁੜੀ ਦੀ ਮਾੜੀ ਹੁੰਦੀ ਜਾ ਰਹੀ ਹਾਲਤ ਨੂੰ ਵੇਖ ਕੇ ਮੀਤ ਨੇ ਸਟੀਰੀਓ ਔਨ ਕਰ ਦਿੱਤਾ।
“ਚੰਗਾ ਕੀਰਤਨ ਸੁਣ… ਰੋ ਨਾ ਐਵੇਂ ਸਭ ਠੀਕ ਹੋਜੂ…”
ਸ਼ਬਦ ਚੱਲ ਪਿਆ,
“ਮੋਹਨਿ ਮੋਹਿ ਲੀਆ ਮਨੁ ਮੋਹਿ॥……
ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ॥”
ਜਦੋਂ ਇਹ ਤੁਕ ਆਈ ਤਾਂ ਰਾਜਵੰਤ ਬੋਲੀ, “ਇਹਦਾ ਕੀ ਅਰਥ ਆ ਵੀਰੇ…”
ਕਹਿੰਦੇ ਨੇ…… ਸਿੰਗਲਾਦੀਪ ਟਾਪੂ, ਜੀਹਨੂੰ ਅੱਜ-ਕੱਲ ਸ੍ਰੀ ਲੰਕਾ ਵੀ ਕਹਿੰਦੇ ਆ, ਦਾ ਰਾਜਾ ਹੁੰਦਾ ਸੀ ਸ਼ਿਵਨਾਭ। ਬੜਾ ਚੰਗਾ ਰਾਜਾ ਸੀ। ਹਰ ਆਏ ਸਾਧੂ ਸੰਤ ਦੀ ਚੰਗੀ ਟਹਿਲ ਸੇਵਾ ਕਰਦਾ ਸੀ। ਉਸ ਨੂੰ ਉਸਦੇ ਕੁਝ ਅਹਿਲਕਾਰਾਂ ਨੇ ਦੱਸਿਆ ਕਿ ਮਹਾਰਾਜ ‘ਨਾਨਕ’ ਫਕੀਰ ਏਧਰ ਨੂੰ ਆ ਰਿਹੈ। ਬਹੁਤ ਨਾਮ ਸੁਣਿਐਂ ਉਸਦਾ। ਕਹਿੰਦੇ ਨੇ ਬੜਾ ‘ਜ਼ਾਹਰ ਪੀਰ’ ਐ। ਇਸ ਤਰ੍ਹਾਂ ‘ਗੁਰੂ ਨਾਨਕ’ ਬਾਰੇ ਕਾਫੀ ਕੁਝ ਰਾਜੇ ਦੇ ਅਹਿਲਕਾਰਾਂ ਨੇ ਉਸ ਨੂੰ ਦੱਸਿਆ। ਰਾਜਾ ਬੜੀ ਬੇਸਬਰੀ ਨਾਲ ਗੁਰੁ ਨਾਨਕ ਨੂੰ ਉਡੀਕਣ ਲੱਗਾ। ਜਦੋਂ ਕੁਝ ਪਖੰਡੀ ਲੋਕਾਂ ਨੂੰ ਰਾਜੇ ਵੱਲੋਂ ਗੁਰੂ ਨਾਨਕ ਦੀ ਉਤਸੁਕਤਾ ਨਾਲ ਕੀਤੀ ਜਾ ਰਹੀ ਉਡੀਕ ਬਾਰੇ ਪਤਾ ਲੱਗਿਆ ਤਾਂ ਉਹਨਾਂ ਵਿਚੋਂ ਕਈ ਨਾਨਕ ਬਣ ਕੇ ਰਾਜੇ ਦੇ ਦਰਬਾਰ ਪਹੁੰਚ ਗਏ। ਰਾਜਾ ਬੜਾ ਹੈਰਾਨ ਹੋਇਆ ਤੇ ਉਸ ਨੇ ਉਹਨਾਂ ਪਖੰਡੀਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਹੁਣ ਕੋਈ ਪਖੰਡੀ ਪੈਸੇ ’ਤੇ ਡੋਲ ਜਾਇਆ ਕਰੇ, ਕੋਈ ਖਾਣ-ਪੀਣ ’ਤੇ, ਕੋਈ ਮਹਿਲ ਮਾੜੀਆਂ ’ਤੇ… ਅੰਤ ਵਿਚ ਰਾਜਾ ਇਕ ਪ੍ਰੀਖਿਆ ਲੈਂਦਾ ਸੀ ਕਿ ਨਾਨਕ ਬਣ ਕੇ ਆਏ ਬੰਦੇ ਦੇ ਮੂਹਰੇ ਵੇਸਵਾਵਾਂ ਦਾ ਨਾਚ ਕਰਵਾਉਂਦਾ ਸੀ… ਤੇ ਤਕਰੀਬਨ ਸਾਰੇ ਪਖੰਡੀ ਹੀ ਉਹਨਾਂ ਵੇਸਵਾਵਾਂ ਦੀਆਂ ਅਦਾਵਾਂ ਦੇ ਸ਼ਿਕਾਰ ਬਣ ਜਾਂਦੇ ਸਨ।
ਇਕ ਦਿਨ ਸਚਮੁੱਚ ‘ਗੁਰੂ ਨਾਨਕ’ ਸਹਿਬ ਆ ਗਏ। ਹੁਣ ਰਾਜਾ ਤਾਂ ਉਹਨਾਂ ਨੂੰ ਪਛਾਣਦਾ ਨਹੀਂ ਸੀ। ਸੋ ਉਹਨਾਂ ਨੇ ਗੁਰੂ ਨਾਨਕ ਦੀ ਪ੍ਰੀਖਿਆ ਵੀ ਲੈਣੀ ਸ਼ੁਰੂ ਕਰ ਦਿੱਤੀ…… ਤੇ ਅੰਤ ਵਿਚ ਜਦੋਂ ਉਹੀ ਵੇਸਵਾਵਾਂ ਗੁਰੂ ਨਾਨਕ ਜੀ ਅੱਗੇ ਨੱਚੀਆਂ ਤਾਂ ਉਹ ਬੋਲੇ,
“ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥”
ਮਤਲਬ ਕਿ ‘ਛੱਡ ਦਿਓ ਮੇਰੀਓ ਧੀਓ ਇਹ ਸਭ ਕੁਝ’।
ਇਹ ਸੁਣ ਕੇ ਉਹ ਵੇਸਵਾਵਾਂ ਰੋਣ ਲੱਗ ਪਈਆਂ ਤੇ ਉੱਚੀ-ਉੱਚੀ ਬੋਲਣ ਲੱਗੀਆਂ, “ਇਹੀ ਗੁਰੂ ਨਾਨਕ ਹੈ, ਜ਼ਾਹਰ ਪੀਰ। ਸਾਨੂੰ ਸਾਡੇ ਮਾਪੇ ਆਪਣੀਆਂ ਧੀਆਂ ਨਹੀਂ ਮੰਨਦੇ, ਇਹੀ ਅਸਲੀ ਨਾਨਕ ਫਕੀਰ ਹੈ ਜੋ ਸਾਨੂੰ ਵੀ ਪੁੱਤਰੀਆਂ ਕਹਿੰਦਾ ਹੈ…”
ਮੀਤ ਲੋਰ ਵਿਚ ਹੀ ਕਹਾਣੀ ਸੁਣਾ ਰਿਹਾ ਸੀ, ਪਰ ਜਦੋਂ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਰਾਜਵੰਤ ਜਾਰ-ਜਾਰ ਰੋ ਰਹੀ ਸੀ।
“ਹੈ ਮੇਰੀ ਕਮਲੀ ਭੈਣ… ਤੈਨੂੰ ਕੀ ਹੋ ਗਿਆ…”
“ਮੈਨੂੰ ਮਾਫ ਕਰਦਿਓ ਬਾਬਾ ਜੀ…” ਕਾਰ ਵਿਚ ਲੱਗੀ ਗੁਰੂ ਨਾਨਕ ਸਾਹਿਬ ਦੀ ਫੋਟੋ ਅੱਗੇ ਹੱਥ ਬੰਨ੍ਹ ਕੇ ਉਹ ਬੋਲੀ, “ਮੈਂ ਪਾਪਣ… ਮੈਨੂੰ ਮਾਫ ਕਰ ਦਈਂ ਵੀਰੇ…” ਹੁਣ ਉਸ ਦੇ ਹੱਥ ਮੀਤ ਵੱਲ ਹੋ ਗਏ। ਇੰਝ ਲੱਗਦਾ ਸੀ ਜਿਵੇਂ ਉਸ ਅੰਦਰ ਕਾਫੀ ਟੁੱਟ-ਭੱਜ ਹੋ ਰਹੀ ਸੀ। ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹ ਫੇਰ ਬੋਲੀ,
“ਵੀਰੇ ਕੀ ਆਪਾਂ ਮੇਰੀਆਂ ਸਹੇਲੀਆਂ ਨੂੰ ਵੀ ਏਸ ਗੰਦ ਵਿਚੋਂ ਕੱਢ ਸਕਦੇ ਆਂ…”
ਮੀਤ ਦੇ ਪੈਰ ਫੇਰ ਇਕਦਮ ਬਰੇਕ ’ਤੇ ਗਏ। ਗੱਡੀ ਰੁਕਦਿਆਂ ਹੀ ਉਹ ਬੋਲਿਆ, “ਕੀ…ਈ…ਈ… ਤੇਰੀਆਂ ਸਹੇਲੀਆਂ…? ਕੀ ਹੋਰ ਪੰਜਾਬਣ ਕੁੜੀਆਂ ਵੀ ਏਸ ਦਲਦਲ ਵਿਚ ਫਸੀਆਂ ਪਈਆਂ ਨੇ… ਹਾਏ ਓ ਮੇਰਿਆ ਰੱਬਾ… ਹੋਰ ਕਿੰਨੇ ਕੁ ਕਹਿਰ ਢਾਹੇਂਗਾ…”
“ਹਾਂ ਵੀਰੇ… ਮੇਰੇ ਗਰੁੱਪ ਦੀਆਂ ਤਕਰੀਬਨ ਸਾਰੀਆਂ ਕੁੜੀਆਂ ਹੀ… ਬਸ 50 ਵਿਚੋਂ 2 ਕੁ ਮੁੜੀਆਂ ਨੇ ਪੰਜਾਬ ਨੂੰ ਜਿਹੜੀਆਂ ਘਰੋਂ ਕੁਝ ਠੀਕ ਸਨ… ਬਾਕੀ… ਤੇ ਨਾਲੇ ਇਕੱਲੇ ਮੇਰੇ ਬੈਚ ਦੀਆਂ ਨਹੀਂ ਵੀਰੇ… ਸਟੱਡੀ ਵੀਜ਼ੇ ’ਤੇ ਆਉਣ ਵਾਲੀਆਂ ਕੁੜੀਆਂ ਵਿਚੋਂ ਬਹੁਤੀਆਂ ਏਸ ਗੰਦ ਵਿਚ ਹੀ ਧਸ ਜਾਂਦੀਆਂ ਨੇ…”
“ਹਾਏ ਓ ਰੱਬਾ… ਮੈਂ ਤਾਂ ਇਕ ਰਾਜਵੰਤ ਨੂੰ ਰੋਂਦਾ ਸੀ ਤੇ ਏਥੇ ਤਾਂ ਪਤਾ ਨਹੀਂ ਕਿੰਨੀਆਂ ਰਾਜਵੰਤਾਂ…” ਮੀਤ ਨੂੰ ਆਪਣਾ ਦਿਲ ਡੁੱਬ ਰਿਹਾ ਜਾਪਦਾ ਸੀ।
“ਕਿੱਥੇ ਨੇ ਉਹ… ਤੇਰੀਆਂ ਸਹੇਲੀਆਂ…”
“ਓਥੇ ਈ… ਮੇਰੇ ਤੋਂ ਪਿਛਲੀ ਗਲ਼ੀ ’ਚ…”
“ਖਬਰਦਾਰ ਜੇ ਅੱਗੇ ਤੋਂ ‘ਮੇਰੀ ਗਲ਼ੀ’ ਕਿਹਾ ਤਾਂ… ਮੈਥੋਂ ਬੁਰਾ ਕੋਈ ਨੀ ਫੇਰ… ਭੁੱਲ ਜਾ ਕਿ ਤੂੰ ਕਦੇ ਉਹਨਾਂ ਗਲ਼ੀਆਂ ’ਚ ਹੁੰਦੀ ਸੀ… ਮੈਂ ਤੈਨੂੰ ਘਰੇ ਛੱਡ ਕੇ ਓਧਰ ਜਾ ਕੇ ਆਉਂਗਾ…”
“ਪਰ ਵੀਰੇ ਮੈਂ ਤੇਰੇ ਨਾਲ ਚੱਲਦੀ ਆਂ… ਤੈਨੂੰ ਪਛਾਣ ਨੀ ਆਉਂਣੀ ਉਹਨਾਂ ਦੀ……”
“ਪਛਾਣ… ਤੇਰੀ ਪਛਾਣ ਮੈਨੂੰ ਕੀਹਨੇ ਕਰਾਈ ਸੀ… ਆਜੂਗੀ ਉਹਨਾਂ ਦੀ ਪਛਾਣ ਵੀ, ਜਿਵੇਂ ਤੇਰੀ ਆ ਗਈ ਸੀ… ਪਰ ਤੂੰ ਓਧਰ ਮੁੜਕੇ ਕਦੇ ਨੀ ਜਾਣਾ…”
ਰਾਜਵੰਤ ਨੂੰ ਘਰੇ ਛੱਡ ਕੇ ਮੀਤ ਫੇਰ ‘ਓਧਰ’ ਨੂੰ ਗਿਆ। ਜਦੋਂ ਉਹ ਰਾਜਵੰਤ ਦੀ ਦੱਸੀ ਗਲ਼ੀ ਵਿਚ ਪਹੁੰਚਿਆ ਤਾਂ ਸਚਮੁੱਚ ਉਸ ਦੀ ਚੀਕ ਨਿਕਲ ਗਈ… ਚੀਕ ਸੁਣ ਕੇ ਇਕ ਮੇਮ ਉਸ ਵੱਲ ਭੱਜੀ ਆਈ।
what happened... do you want something... we’ve punjabi girls for customers like you... very hot punjabi girls ਤੇ ਮੇਮ ਖਚਰੀ ਜਹੀ ਹਾਸੀ ਹੱਸਣ ਲੱਗੀ। ਮੀਤ ਦੇ ਸੀਨੇ ਵਿਚ ਜਿਵੇਂ ਕਿਸੇ ਨੇ ਛੁਰਾ ਖਭੋ ਦਿੱਤਾ ਹੋਵੇ। ਉਸ ਨੂੰ ਇੰਜ ਲੱਗਿਆ ਜਿਵੇਂ ਪੰਜਾਬ ਦੀ ਅਣਖ ਤੇ ਗ਼ੈਰਤ ਦੇ ਮੂੰਹ ’ਤੇ ਉਸ ਮੇਮ ਨੇ ਚਪੇੜ ਮਾਰ ਦਿੱਤੀ ਹੋਵੇ…।
shut your mouth ਕਹਿ ਕੇ ਉਸ ਨੇ ਗੱਡੀ ਭਜਾ ਲਈ।
“…ਆਜਾ ਆਜਾ… ਕੋਈ ਨੀ… ਸ਼ੁਰੂ-ਸ਼ੁਰੂ ਵਿਚ ਈ ਡਰ ਜਿਹਾ ਲੱਗਦੈ… ਫੇਰ ਸਭ ਠੀਕ ਹੋ ਜਾਂਦੈ…” ਇਕ ਕੁੜੀ ਦੂਜੀ, ਜੀਹਦਾ ਸ਼ਾਇਦ ਅੱਜ ਪਹਿਲਾ ਦਿਨ ਸੀ, ਨੂੰ ‘ਸਮਝਾਉਂਦੀ’ ਜਾ ਰਹੀ ਸੀ।
ਪਰ੍ਹੇ ਇਕ ਗੋਰੇ ਨੇ ਇਕ ਕੁੜੀ ਦੀ ਚੁੰਨੀ ਲਾਹ ਕੇ ਸੜਕ ’ਤੇ ਵਗਾਹ ਮਾਰੀ ਤੇ ਕੁੜੀ ਨੂੰ ਗੱਡੀ ਵਿਚ ਬਿਠਾ ਕੇ ਲੈ ਗਿਆ। ਮੀਤ ਨੂੰ ਜਾਪਿਆ ਜਿਵੇਂ ਪੰਜਾਬੀਆਂ ਦੀ ਇੱਜ਼ਤ ਉਸ ਗੋਰੇ ਨੇ ਲੰਡਨ ਦੀ ਸੜਕ ’ਤੇ ਵਗਾਹ ਮਾਰੀ ਹੋਵੇ। ਉਸਦਾ ਜੀਅ ਕੀਤਾ ਕਿ ਭੱਜ ਕੇ ਚੁਮਨਿ ਚੁੱਕ ਲਵੇ… ਪਰ ਇਕਦਮ ਉਸਦਾ ਧਿਆਨ ਦੂਜੇ ਪਾਸੇ ਗਿਆ… ਇਕ ਹੋਰ ਕੁੜੀ ਇਕ ਕਾਰ ਨਾਲ ਲਮਕਦੀ ਆਉਂਦੀ ਸੀ,
ok sir ok... only twenty pounds... only twenty
“ਮੈਂ ਤਾਂ 10 ਪੌਂਡ ਦੇਣੇ ਐਂ… ਜੇ ਚਿੱਤ ਮੰਨਦੈ ਤਾਂ ਬਹਿ ਜਾ ਨਹੀਂ ਤਾਂ ਹੋਰ ਬਥੇਰੀਆਂ ਖੜ੍ਹੀਆਂ ਨੇ…” ਖ੍ਰੀਦਾਰ ਦੇ ਮੂੰਹੋਂ ਨਿਕਲੀ ਪੰਜਾਬੀ ਨੇ ਜਿਵੇਂ ਮੀਤ ਦੇ ਕਾਲਜਿਓਂ ਰੁੱਗ ਭਰ ਲਿਆ ਸੀ। ਕੁੜੀ ਵਿਚਾਰੀ ਮੋਸਸੇ ਜਹੇ ਮਨ ਨਾਲ ਬਾਰੀ ਖੋਲ੍ਹ ਕੇ ਅੰਦਰ ਬਹਿ ਗਈ। ਅੰਦਰ ਇਕ ਲੰਮੇ ਦਾਹੜੇ ਤੇ ਪੇਚਾਂ ਵਾਲੀ ਪੱਗ ਵਾਲਾ ‘ਸਰਦਾਰ’ ਬੈਠਾ ਸੀ।
little bit more baby...
ਜਦੇ ਮੀਤ ਨੂੰ ਇਕ ਹੋਰ ਆਵਾਜ਼ ਸੁਣਾਈ ਦਿੱਤੀ। ਇਕ ਗੋਰਾ ਕੁੜੀ ਨੂੰ ਪੌਂਡ ਵਿਖਾਉਂਦਾ ਹੋਇਆ ਬੋਲ ਰਿਹਾ ਸੀ ਤੇ ਕੁੜੀ ਦੇ ਕੱਪੜੇ ਹੌਲੀ-ਹੌਲੀ ਉਤਾਂਹ ਹੋ ਰਹੇ ਸਨ।
ਜਿੰਨਾਂ ਚਿਰ ਮੀਤ ਏਥੇ ਖੜ੍ਹਾ ਰਿਹਾ ਓਨਾ ਚਿਰ ਉਸ ਨੂੰ ਇੰਜ ਲੱਗਦਾ ਰਿਹਾ ਜਿਵੇਂ ਕੋਈ ਭਾਰੇ ਹਥੌੜੇ ਨਾਲ ਉਸ ਦੇ ਸਿਰ ਵਿਚ ਮੇਖਾਂ ਠੋਕ ਰਿਹਾ ਹੋਵੇ। ਉਹ ਹੋਰ ਨਹੀਂ ਸਹਾਰ ਸਕਦਾ ਸੀ। ਉਸ ਨੇ ਉਥੋਂ ਗੱਡੀ ਭਜਾ ਲਈ। ਅੱਗੇ ਇਕ ਚੌਂਕ ਵਿਚ ਕਈ ਪੰਜਾਬੀ ਮੁੰਡੇ ਇਕ ਕਾਰ ਦੇ ਦੁਆਲੇ ਖੜ੍ਹੇ ਸਨ। ਹੱਥਾਂ ਵਿਚ ਉਹਨਾਂ ਦੇ ਰੋਟੀ ਵਾਲੇ ਡੱਬੇ ਸਨ। ਆਵਾਜ਼ਾਂ ਆ ਰਹੀਆਂ ਸਨ,
ten pounds... ok ok... only five pounds...
ਲੱਗਦਾ ਸੀ ਜਿਵੇਂ ਕਾਰ ਵਾਲੇ ਨੂੰ ਮਜ਼ਦੂਰ ਦੀ ਤਲਾਸ਼ ਸੀ ਤੇ ਇਹ ਸਾਰੇ ਉਸ ਨਾਲ ਜਾਣਾ ਚਾਹੁੰਦੇ ਸਨ ਤੇ ਆਪਣੀ ਬੋਲੀ ਲਾ ਰਹੇ ਸਨ। ਇਹਨਾਂ ਨੂੰ ਵੇਖ ਕੇ ਮੀਤ ਨੂੰ ਕਿਤੋਂ ਪੜ੍ਹੀ ਇਕ ਗੱਲ ਚੇਤੇ ਆ ਰਹੀ ਸੀ,
“……ਇਹ ਮਹਾਰਾਜਾ ਦਲੀਪ ਸਿੰਘ ਦੀ ਕਲਗੀਂ ਦੇ ਮੋਤੀ ਨੇ… ਇਹਨਾਂ ਦਾ ਆਪਣਾ ਕੋਈ ਦੇਸ਼ ਨਹੀਂ… ਇਹਨਾਂ ਦਾ ਆਪਣਾ ਕੋਈ ਘਰ ਨਹੀਂ… ਇਸੇ ਲਈ ਇਹ ਬਿਗਾਨੇਂ ਦਰਾਂ ’ਤੇ ਠੋਕਰਾਂ, ਧੱਕੇ ਖਾਂਦੇ ਫਿਰਦੇ ਨੇ ਤਾਂ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ…।”
ਮੀਤ ਨੇ ਫਿਰ ਗੱਡੀ ਭਜਾ ਲਈ ਤੇ ਐਤਕੀਂ ਇਹ ਹੀਥਰੋ ਹਵਾਈ ਅੱਡੇ ’ਤੇ ਆ ਕੇ ਰੁਕੀ।
ਕਈ ਪੰਜਾਬੀ ਮੁੰਡੇ ਕੁੜੀਆਂ ਬੈਗ ਘੜੀਸੀ ਹਵਾਈ ਅੱਡੇ ਤੋਂ ਬਾਹਰ ਆ ਰਹੇ ਸਨ। ਉਹਨਾਂ ਨੂੰ ਵੇਖ ਕੇ ਮੀਤ ਬਾਵਰਿਆਂ ਵਾਂਗ ਉੱਚੀ-ਉੱਚੀ ਬੋਲਣ ਲੱਗ ਪਿਆ,
“ਮੁੜ ਜਾਓ ਨੀ ਮੇਰੀਓ ਭੈਣੋਂ ਆਪਣੇ ਦਰਾਂ ਨੂੰ… ਮੁੜ ਜਾਓ ਜੇ ਇੱਜ਼ਤਾਂ ਪਿਆਰੀਆਂ ਨੇ ਤਾਂ… ਮੁੜ ਜਾਓ ਥੋਨੂੰ ਅਣਖੀਂ ਪੰਜਾਬ ਦਾ ਵਾਸਤਾ…” ਮੀਤ ਨੂੰ ਅਣਸੁਣਿਆਂ ਕਰਕੇ ਇਹ ਸਾਰੇ ਅੱਗੇ ਲੰਘ ਗਏ। ਕੁਝ ਕੁ ਅੱਗੇ ਜਾ ਕੇ ਇਕ ਦੂਜੇ ਨੂੰ ਕਹਿਣ ਲੱਗੇ, “ਐਵੇਂ ਭੌਕੀ ਜਾਂਦੈ ਕਮਲਿਆਂ ਵਾਂਗੂ… ਸਾਨੂੰ ਕਾਲਜਾਂ ਵਾਲੇ ਉਡੀਕਦੇ ਹੋਣਗੇ… ਸਾਡੇ ਹੋਸਟਲਾਂ ਵਾਲੇ ਸਾਨੂੰ ਲੱਭਦੇ ਫਿਰਦੇ ਹੋਣਗੇ…।”
ਕੁੜੀਆਂ ਇਕ ਦੂਜੀ ਨਾਲ ਗੱਲਾਂ ਕਰ ਰਹੀਆਂ ਸਨ, “ਗੁਰਜੀਤ, ਤੇਰੇ ਰਿਸ਼ਤੇਦਾਰਾਂ ਨੇ ਤੈਨੂੰ ਚੰਗੀ ਨੌਕਰੀ ਦਿਵਾ ਦੇਣੀ ਐਂ… ਵੇਖੀਂ ਕਿਤੇ ਸਾਨੂੰ ਭੁੱਲ ਨਾ ਜਾਈਂ…”
“ਲੈ ਨੌਕਰੀਆਂ ਬਥੇਰੀਐਂ ਏਥੇ… ਸਭ ਨੂੰ ਮਿਲ ਜਾਣਗੀਆਂ ਚੰਗੀਆਂ ਨੌਕਰੀਆਂ… ਮੇਰੇ ‘ਆਂਟੀ’ ਕਹਿੰਦੇ ਸੀ ਕਿ ‘ਕੰਮ’ ਬਹੁਤ ਐ ਏਥੇ… ਉਹ ਮੈਨੂੰ ਲੈਣ ਆਉਣ ਵਾਲੇ ਸਨ ਪਰ ਦਿਸਦੇ ਨਹੀਂ ਕਿਤੇ…”
ਸ਼ਾਇਦ ਇਹਨਾਂ ਕੁੜੀਆਂ ਨੂੰ ਪਤਾ ਨਹੀਂ ਸੀ ਲੰਡਨ ਦੀਆਂ ਉਹੀ ਬਦਨਾਮ ਗਲ਼ੀਆਂ ਹੁਣ ਇਹਨਾਂ ਨੂੰ ਉਡੀਕ ਰਹੀਆਂ ਸਨ।
ਮੀਤ ਅਜੇ ਵੀ ਓਵੇਂ ਬੋਲ ਰਿਹਾ ਸੀ,
“ਹਾੜਾ ਵੇ ਮਾਪਿਓ… ਆਪਣੀਆਂ ਅਣਖਾਂ ਇੱਜ਼ਤਾਂ ਦਾ ਖਿਆਲ ਕਰੋ… ਏਨੇ ਬੇਗ਼ੈਰਤ ਨਾ ਬਣੋ… ਧੀਆਂ, ਘਰਾਂ ਦੀਆਂ ਇੱਜ਼ਤਾਂ… ਇੰਜ ਇਕੱਲੀਆਂ ਵਿਦੇਸ਼ੀਂ ਰੁਲਣ ਨਾ ਭੇਜੋ… ਹਾੜਾ ਮਾਪਿਓ ਵਾਸਤਾ ਥੋਨੂੰ ਅਣਖੀ ਪੰਜਾਬ ਦਾ…”
ਰਾਜਵੰਤ ਨੂੰ ਕਮਰੇ ਵਿਚ ਬੈਠੀ ਨੂੰ ਮਾਂ ਦੀ ਯਾਦ ਆ ਰਹੀ ਸੀ। ਦਿੱਲੀ ਹਵਾਈ ਅੱਡੇ ’ਤੇ ਤੁਰਨ ਲੱਗੀ ਨੂੰ ਮਾਂ ਨੇ ਸਮਝਾਇਆ ਸੀ,
“ਵੇਖੀ ਧੀਏ ਬਾਪ ਦੀ ਇੱਜ਼ਤ ਦਾ ਖਿਆਲ ਰੱਖੀਂ… ਜਵਾਨ ਧੀ ਖੁੱਲੀ ਤਿਜ਼ੋਰੀ ਵਾਂਗ ਹੁੰਦੀ ਐ ਪੁੱਤ… ਮੇਰਾ ਤਾਂ ਦਿਲ ਡੁੱਬਦੈ ਤੈਨੂੰ ’ਕੱਲੀ ਨੂੰ ਤੋਰ ਕੇ… ਪਰ ਹੋਰ ਕੋਈ ਅੱਗਾ ਦਿਸਦਾ ਵੀ ਨਈਂ ਨਾ… ਵੇਖੀ ਮੇਰੀ ਰਾਣੀ ਧੀ ਕੋਈ ਹੀਮ-ਕੀਮ ਨਾ ਹੋ ਜਾਏ… ਇੱਜ਼ਤ ਤੋਂ ਵੱਡੀ ਕੋਈ ਚੀਜ਼ ਨੀ ਰਾਜੋ… ਜੇ ਕੋਈ ਐਸੀ ਬਿਪਤਾ ਪੈ ਗਈ ਤਾਂ ਧੀਏ ਖੂਹ ’ਚ ਛਾਲ ਮਾਰ ਦੇਈਂ ਪਰ……”
ਜਗਦੀਪ ਸਿੰਘ ਫਰੀਦਕੋਟ
9815763313

‘ਹਾਕਮਾਂ ਲਈ ਵੇਖਣੀ ਜ਼ਿਆਦਾ ਜ਼ਰੂਰੀ ਹੈ ਫਿਲਮ ਮਿੱਟੀ’

“ਮੇਰੇ ਪਿਆਰੇ ਲੋਕੋ… ਮਸਲਾ ਸਿਰਫ ਸਾਡੀ ਜ਼ਮੀਨ ਦਾ ਨਹੀਂ… ਮਸਲਾ ਸਾਡੀ ਹੋਂਦ ਦੈ… ਇਹਨਾਂ ਪੈਸੇ ਤੇ ਤਾਕਤ ਦੇ ਭੁੱਖੇ ਲੋਕਾਂ ਨੂੰ ਇਹ ਦੱਸਣ ਦਾ ਏ ਕਿ ‘ਗੁਰੂ’ ਦੀ ਲੜਾਈ ਖਿਦਰਾਣੇ ਦੀ ਢਾਬ ’ਤੇ ਖਤਮ ਨ੍ਹੀ ਹੋਈ… ਬੰਦਾ ਸਿੰਘ ਬਹਾਦਰ ਅੱਜ ਵੀ ਪਹਾੜਾਂ ਤੋਂ ਉਤਰ ਕੇ ਆ
ਸਕਦੈ
… ਓਹਨੂੰ ਬੇਸ਼ਕ ਅਸੀਂ ਕੈਥਲ ’ਚ ਨਾ ਮਿਲੀਏ… ਪਰ ਸਰਹੰਦ ’ਚ ਓਹਦੇ ਨਾਲ ਜਰੂਰ ਖੜ੍ਹਾਂਗੇ… ਹੁਣ ਮੌਕਾ ਆ ਗਿਐ ਇਹਨਾਂ ਨੂੰ ਦੱਸ ਦੇਣ ਦਾ ਕਿ
ਸ਼ੇਰ ਸਿਰਫ ਅਸਾਮ ਦੇ ਜੰਗਲਾਂ ’ਚ ਨ੍ਹੀ ਮਿਲਦੇ… ਉਹ ਜਦੋਂ ਚਾਹੇ ਮੁਦਕੀ ਤੇ ਸਭਰਾਵਾਂ ਦੇ ਮੈਦਾਨ ’ਚ ਸ਼ਰੇਆਮ ਗੱਜ ਸਕ
ਦੇ ਨੇ…”
“ਗਲਤ ਨੇ ਓਹ ਲੋਕ… ਗਲਤ ਨੇ ਉਹ ਲੋਕ, ਜਿਹੜੇ ਸਮਝਦੇ ਨੇ ਕਿ ਅਸੀਂ ਲੜਾਈ ਹਾਰ ਗਏ ਆਂ… ਅਸੀਂ ਸਿਰਫ ਪਿੱਛੇ ਹਟੇ ਸੀ… ਆਓ… ਆਓ ਦਰਿਆਵਾਂ ਵਾਗੂੰ ਅੱਗੇ ਵਧੀਏ ਤੇ ਦੰਦ ਭੰਨ ਦੇਈਏ ਉਹਨਾਂ ਮਗਰਮੱਛਾਂ ਦੇ… ਸੌਂਹ ਐਂ ਸਾਨੂੰ ਬਾਜਾਂ ਵਾਲੇ ਦੀ… ਅੱਜ ਇਹਨਾਂ ਨੂੰ ਦਿਖਾ ਦਿਆਂਗੇ ਕਿ ਪਿੰਡ ਦੇ ਖੇਤ ਵੀ ਚਮਕੌਰ ਦੀ ਗੜ੍ਹੀ ਬਣ ਸਕਦੇ ਨੇ……”
ਇਹ ਬੋਲ ਹਨ, ਫਿਲਮ ਮਿੱਟੀ ਦੇ ਉਸ ਬਜ਼ੁਰਗ ਕਿਸਾਨ ਪਾਤਰ ਦੇ, ਜਿਹੜਾ ਹੁਣ ਸੱਥਾਂ ਵਿਚ ਬੈਠ ਕੇ ਤਾਸ਼ ਖੇਡਣ ਜੋਗਾ ਨਹੀਂ ਰਿਹਾ, ਹੁਣ ਉਸ ਨੂੰ ਸੀਪ ਲੱਗਣ ਦੇ ਡਰ ਤੋਂ ਬਹੁਤ ਵੱਡੇ ਡਰਾਂ ਨੇ ਘੇਰ ਲਿਐ ਤੇ ਘਰ ਦਾ ਬੋਝ ਨੇ ਉਸ ਦੇ ਸਾਰੇ ਸ਼ੌਕ ਮਾਰ ਦਿੱਤੇ ਨੇ, ਜਿਹੜਾ ਬੋਲਦਾ ਹੋਇਆ ਕਦੇ ਵੀ ਤੁਹਾਨੂੰ ਸਿਰਫ ਫਿਲਮ ਦਾ ਪਾਤਰ ਨਹੀਂ ਲੱਗਣਾ, ਹਮੇਸ਼ਾਂ ਪਿੰਡ ਦਾ ਉਹ ਗਰੀਬ ਕਿਸਾਨ ਹੀ ਲੱਗੇਗਾ, ਜੀਹਦੀ ਗੁਜ਼ਾਰੇ ਜੋਗੀ ਬਚੀ ਜ਼ਮੀਨ ਵੀ ਖੋਹਣ ਲਈ ਸਰਕਾਰ ਤੇ ਸਰਮਾਏਦਾਰੀ ਪੱਬਾਂ ਭਾਰ ਹੋਈ ਬੈਠੀ ਹੈ, ਤਾਂ ਕਿ ਉਸ ਜ਼ਰਖੇਜ਼ ਜ਼ਮੀਨ ’ਤੇ ਸ਼ਰਾਬ ਦੀ ਫੈਕਟਰੀ ਲਾਈ ਜਾ ਸਕੇ।
ਇਹ ਬੋਲ ਨੇ, ਫਿਲਮ ਦੇ ਉਸ ਨੌਜੁਆਨ ਪਾਤਰ ਦੇ, ਜੀਹਨੇ ਹੱਥੋਂ ਸ਼ਰਾਬ ਦੀ ਬੋਤਲ ਵਗਾਹ ਮਾਰੀ ਐ, ਜਿਹੜਾ ਕਦੇ ਲੀਡਰਾਂ ਪਿੱਛੇ ਸਿਰ ਪਾੜਦਾ ਤੇ ਪੜਵਾਉਂਦਾ ਫਿਰਦਾ ਸੀ। ਉਹ ਨੌਜੁਆਨ, ਜੀਹਨੂੰ ਪਤਾ ਲੱਗ ਗਿਐ ਕਿ ਇਹ ਲੀਡਰ ਹੀ ਉਹਨਾਂ ਦੇ ਪਿੰਡੇ ਨੂੰ ਚਿੰਬੜੀਆਂ ਲਹੂ ਪੀਣੀਆਂ ਜੋਕਾਂ ਨੇ, ਜਿਹਨਾਂ ਨੇ ਉਹਨਾਂ ਦੇ ਪੂਰੇ ਦੇ ਪੂਰੇ ਪੂਰ ਨੂੰ ਸਾਹ ਸੱਤ ਹੀਣ ਕਰ ਛੱਡਿਐ। ……ਤੇ ਇਹ ਜਾਗਿਆ ਹੋਇਆ ਨੌਜੁਆਨ, ਜਿਹੜਾ ਕਦੇ ਕਪਟੀ ਲੀਡਰਾਂ ਦੇ ਕਹੇ ਉਹਨਾਂ ਦੇ ਰਾਜਸੀ ਵਿਰੋਧੀਆਂ ਨੂੰ ਮਾਰਦਾ ਫਿਰਦਾ ਸੀ, ਅੱਜ ਕਸੀਏ, ਤੰਗਲੀਆਂ ਤੇ ਟਕੂਏ ਚੁੱਕ ਕੇ ਉਹਨਾਂ ਲੀਡਰਾਂ ਦੇ ਹੀ ਮੂੰਹ ਭੰਨਣ ਨੂੰ ਤਿਆਰ ਖੜਾ ਹੈ, ਤੇ ਨਾਲਦਿਆਂ ਨੂੰ ਕਹਿ ਰਿਹੈ,
“ਏਸ ਮਿੱਟੀ ਲਈ ਅੱਜ ਮਰਨੈ ਜਾਂ ਮਾਰਨੈ… ਤੇ ਮੌਤ ਨੂੰ ਖਤਮ ਕਰਨੈ…”
ਇਹ ਫਿਲਮ ਚੇਤਾਵਨੀਂ ਐਂ ਉਹਨਾਂ ਲੀਡਰਾਂ ਤੇ ਸਰਮਾਏਦਾਰ ਲੋਕਾਂ ਲਈ, ਜਿਹੜੇ ਕਿਸਾਨਾਂ ਦੇ ਘਰ ਉਜਾੜ ਕੇ ਉੱਤੇ ਆਪਣੇ ਮਹਿਲ ਖੜ੍ਹੇ ਕਰਨੇ ਚਾਹੁੰਦੇ ਨੇ।
ਚੇਤਾਵਨੀਂ ਐਂ ਉਹਨਾਂ ਲਈ ਕਿ ਸੰਭਲ ਜਾਓ। ਜਿੱਦੇਂ ਪੰਜਾਬ ਦੇ ਨੌਜੁਆਨਾਂ ਨੇ ਹੱਥਾਂ ਵਿਚ ਫੜ੍ਹੀਆਂ ਦਾਰੂ ਦੀਆਂ ਬੋਤਲਾਂ ਤੇ ਸਮੈਕ ਦੀਆਂ ਪੁੜੀਆਂ (ਜਿਹੜੀਆਂ ਤੁਸੀਂ ਹੀ ਉਹਨਾਂ ਦੇ ਹੱਥਾਂ ਵਿਚ ਫੜਾਈਆਂ ਨੇ) ਸੜਕਾਂ ’ਤੇ ਵਗਾਹ ਮਾਰੀਆਂ, ਜਿੱਦੇਂ ਉਹਨਾਂ ਨੇ ਸਿਰਫ ਨੱਚਣ-ਗੌਣ ਨੂੰ ਹੀ ਆਪਣਾ ਸੱਭਿਆਚਾਰ ਸਮਝਣਾ ਛੱਡ ਦਿੱਤਾ (ਕਿਉਂਕਿ ਬਾਗੀਪੁਣਾ ਵੀ ਉਹਨਾਂ ਦੇ ਸੱਭਿਆਚਾਰ ਦਾ ਹੀ ਹਿੱਸਾ ਹੈ) ਜਿੱਦੇਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਸਿਰ ਪਈਆਂ ਸਾਰੀਆਂ ਮੁਸੀਬਤਾਂ ਦੇ ਜਨਮਦਾਤੇ ਤੁਸੀਂ (ਲੀਡਰਾਂ) ਹੋ… ਤਾਂ ਚੇਤੇ ਰੱਖਿਓ ਓਦੇਂ ਉਹਨਾਂ ਦੇ ਹਥਿਆਰਾਂ ਦੇ ਮੂੰਹ ਥੋਡੇ ਵੱਲ ਨੂੰ ਹੋ ਜਾਣੇ ਨੇ ਤੇ ਫੇਰ ਥੋਨੂੰ ਭੱਜਿਆਂ ਨੂੰ ਰਾਹ ਨਈਂ ਲੱਭਣੇ।
…ਤੇ ਇਹ ਵੀ ਯਾਦ ਰੱਖਿਓ ਕਿ ਆਪਣੀ ‘ਮਿੱਟੀ’ ਲਈ ਮਰਨ ਵਿਚ ਦੇਸ ਪੰਜਾਬ ਦੇ ਜਾਏ ਹਮੇਸ਼ਾਂ ਮੋਹਰੀ ਰਹੇ ਨੇ। ਕਦੇ ਉਹਨਾਂ ਨੇ ਆਪਣੇ ਬਾਪੂ (ਪੰਜਾਬ) ਨੂੰ ਪਿੱਠ ਨਹੀਂ ਵਿਖਾਈ। ਭਾਵੇਂ ਅੱਜ ਤੱਕ ਦਾ ਸਾਰਾ ਇਤਿਹਾਸ ਫੋਲਕੇ ਵੇਖ ਲਓ। ਇਸਦੀ ਗਵਾਹੀ ਤਾਂ ਹੋਰ ਧਰਮਾਂ ਦੇ ਇਤਿਹਾਸਕਾਰ ਵੀ ਦਿੰਦੇ ਨੇ,
“ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ,
ਅੱਜ ਵਿੱਚ ਸ਼ਹੀਦੀਂ ਝੰਡਿਆਂ ਹੈ ਮੇਰਾ ਝੰਡਾ ਤਾਂਹ”
ਜਿੱਦੇਂ ਪੰਜਾਬ ਦੇ ਨੌਜੁਆਨ ਨੇ ਬਾਬੇ ਬੰਦੇ ਸਿੰਘ ਬਹਾਦਰ, ਜਿਸਨੇ ਜਗੀਰਦਾਰੀ ਪ੍ਰਥਾ ਦਾ ਪੰਜਾਬ ਵਿਚੋਂ ਬਿਲਕੁਲ ਖਾਤਮਾਂ ਕਰ ਦਿੱਤਾ ਸੀ ਤੇ ਜਦੋਂ ਇਹ ਪ੍ਰਚੱਲਤ ਹੋ ਗਿਆ ਸੀ ਕਿ ‘ਜ਼ਮੀਨ ਹਲ਼ ਵਾਹ ਦੀ’ , ਨੂੰ ਚੇਤੇ ਕਰਕੇ ਤੇ ਅਨੰਦਪੁਰ ਦੇ ਮਾਹੀ ਨੂੰ ਦਿਲ ਵਿਚ ਵਸਾ ਕੇ ਤੁਹਾਡੇ ਵੱਲ ਕੂਚ ਕਰ ਦਿੱਤਾ ਤਾਂ ਫੇਰ ਦਿੱਲੀ ਦਾ ਹਾਲ ਵੀ ਸਰਹੰਦ ਵਰਗਾ ਹੀ ਹੋਵੇਗਾ… ਚੇਤੇ ਰੱਖਿਓ…।
ਮੌਕਾ ਹੈ… ਅਜੇ ਵੀ ਸੰਭਲ ਜਾਓ… ਨਾ ਧ੍ਰੋਹ ਕਮਾਓ ਪੰਜਾਬ ਨਾਲ, ਏਥੋਂ ਦੇ ਲੋਕਾਂ ਨਾਲ… ਆਪਣੇ ਭਰਾਵਾਂ ਨਾਲ। ਬੇਗਾਨਿਆਂ ਨੇ ਸਦਾ ਬੇਗਾਨੇ ਹੀ ਰਹਿਣਾ ਹੈ, ਆਖ਼ਰ ਨੂੰ ਤਾਂ ਆਪਣਿਆਂ ਨੇ ਹੀ ਕੰਮ ਆਉਣਾ ਹੈ।
ਸੋ ਮੈਂ ਚਾਹੁਦਾਂ ਕਿ ਪੰਜਾਬ ਦੇ ਉਹ ਸਾਰੇ ਲੀਡਰ, ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉੱਥੇ ਫੈਕਟਰੀਆਂ ਲਾਉਣ ਦੇ ਚਾਹਵਾਨ ਹਨ, ਇਕ ਵਾਰ ‘ਮਿੱਟੀ’ ਫਿਲਮ ਜਰੂਰ ਵੇਖਣ ਤੇ ਫੇਰ ਆਪ ਫੈਸਲਾ ਕਰਨ ਕਿ ਉਹਨਾਂ ਨੇ ਬੇਗਾਨਿਆਂ ਨਾਲ ਖੜ੍ਹਣਾ ਹੈ ਕਿ ਬਾਪੂ (ਪੰਜਾਬ) ਤੇ ਆਪਣੇ ਭਰਾਵਾਂ ਨਾਲ।
ਇਸ ਫਿਲਮ ਦੇ ਸੰਦੇਸ਼ ਦੇ ਨਾਲ ਹੋਰ ਵੀ ਬਹੁਤ ਕੁਝ ਇਹ ਵਿਚ ਸਲਾਹੁਣਯੋਗ ਹੈ। ਫਿਲਮ ਵਿਚਲੇ ਗੀਤਾਂ ਦੇ ਬੋਲ ਤੁਹਾਡੇ ਲੂੰ ਕੰਡੇ ਖੜ੍ਹੇ ਕਰ ਦਿੰਦੇ ਨੇ ਤੇ ਤੁਹਾਨੂੰ ਸੋਚਣ ਲਈ ਵੀ ਮਜ਼ਬੂਰ ਕਰਦੇ ਨੇ। ਇਕ ਕਿਸਾਨ ਲੀਡਰ, ਜਿਹੜਾ ਕਿ ਪੁਲਸ ਦੀ ਗੋਲੀ ਨਾਲ ਸ਼ਹੀਦ ਹੋ ਜਾਂਦਾ ਹੈ, ਦੇ ਸੰਸਕਾਰ ਦਾ ਦ੍ਰਿਸ਼ ਤੁਹਾਡੀਆਂ ਅੱਖਾਂ ਨਮ ਕਰ ਜਾਵੇਗਾ। ਜਦੋਂ ਉਸ ਦੀ ਅਰਥੀ ਨੂੰ ਪਿੰਡ ਦੀਆਂ ਗਲੀਆਂ ਵਿਚ ਦੀ ਸਿਵਿਆਂ ਵੱਲ ਲਿਜਾਇਆ ਜਾ ਰਿਹਾ ਹੈ ਤਾਂ ਗੀਤ ਚੱਲ ਰਿਹਾ ਹੁੰਦੈ,
“ਬੁਜ਼ਦਿਲ ਦੇ ਵਾਂਗ ਜੀਣਾ, ਮੇਰੇ ਨਹੀਂ ਮੁਆਫਿਕ,
ਯਾਰਾਂ ਦਾ ਵਾਂਗ ਅਰਥੀ ਸੜਕਾਂ ’ਤੇ ਹੀ ਜਲਾਇਓ,
ਮੇਰੀ ਮੌਤ ’ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ਰੇਤੇ ’ਚ ਨਾ ਰੁਲਾਇਓ……”
ਇਹ ਗੀਤ ਤੁਹਾਨੂੰ ਇਕ ਹੋਰ ਯੋਧੇ ਦੀ ਯਾਦ ਵੀ ਕਰਵਾ ਜਾਂਦੈ। ਉਹ ਹੈ ਇਸ ਗੀਤ ਦਾ ਰਚੈਤਾ, ਸੰਤ ਰਾਮ ਉਦਾਸੀ, ਇਕ ਇਨਕਲਾਬੀ ਕਵੀ, ਜਿਹੜਾ ਆਪ ਵੀ ਸਾਰੀ ਉਮਰ ਲੋਕਾਂ ਲਈ ਸੰਘਰਸ਼ ਕਰਦਾ ਰਿਹਾ ਤੇ ਅੰਤ ਪਤਾ ਨਈਂ ਕਿੱਥੇ ………
ਇਸ ਫਿਲਮ ਦਾ ਸਮਰਪਣ ਵੀ ਤੁਹਾਨੂੰ ਇਤਿਹਾਸ ਦੇ ਇਕ ਹੋਰ ਵੱਡੇ ਸੂਰਮੇਂ ਦੀ ਯਾਦ ਦਿਵਾਉਂਦਾ ਹੈ। ਇਹ ਫਿਲਮ ਸਮਰਪਣ ਕੀਤੀ ਗਈ ਹੈ ‘ਬਾਬਾ ਬੰਦਾ ਸਿੰਘ ਬਹਾਦਰ’ ਨੂੰ, ਜੀਹਨੇ ਗੁਰੂ ਦਸਮੇਸ਼ ਦੁਆਰਾ ਬਖ਼ਸ਼ੇ ‘ਪੰਜ ਤੀਰਾਂ’ ਨਾਲ ਪੰਜਾਬ ਦੀ ਧਰਤੀ ਤੋਂ ਜ਼ੁਲਮਾਂ ਦਾ ਸਾਮਰਾਜਵਾਦ ਜੜ੍ਹੋਂ ਪੁੱਟ ਕੇ ਏਥੇ ਲੋਕਾਂ ਦਾ ਰਾਜ ਕਾਇਮ ਕੀਤਾ ਸੀ।
ਅੰਤ ਵਿਚ ਫਿਲਮ ‘ਮਿੱਟੀ’ ਬਣਾਉਣ ਵਾਲੀ ਸਮੁੱਚੀ ਟੀਮ ਤੇ ਕਲਾਕਾਰਾਂ ਦਾ ਧੰਨਵਾਦ ਕੀਤੇ ਬਿਨਾ ਵੀ ਨਹੀਂ ਰਿਹਾ ਜਾ ਸਕਦਾ, ਜਿਹਨਾਂ ਨੇ ਇਹ ਸਾਹਸ ਭਰਿਆ ਉਪਰਾਲਾ ਕੀਤਾ ਤੇ ਦੇਸ ਪੰਜਾਬ ਦੇ ਨੌਜੁਆਨਾਂ, ਜਿਹੜੇ ਸਟੇਜ਼ਾਂ ’ਤੇ ਚੜ੍ਹ ਕੇ ਗਾਉਣ ਵਾਲੀਆਂ ਨਾਲ ਨੱਚਣ ਵਿਚ ਮਸਰੂਫ ਨੇ, ਨੂੰ ਤਸਵੀਰ ਦਾ ਦੂਜਾ ਪਾਸਾ ਵੀ ਵਿਖਾਇਆ। ਪ੍ਰਮਾਤਮਾਂ ਥੋਨੂੰ ਹੋਰ ਬਲ ਦੇਵੇ ਤੇ ਤੁਸੀਂ ਅਜਿਹੇ ਹੋਰ ਉਪਰਾਲੇ ਕਰ ਸਕੋ।
ਸਮਾਪਤੀ ਮੈਂ ਏਸ ਫਿਲਮ ਦੇ ਇਕ ਗੀਤ ਦੀਆਂ ਚਾਰ ਲਾਈਨਾਂ ਨਾਲ ਕਰਾਂਗਾ, ਜਿਹੜੀਆਂ ਇਹਨੀਂ ਦਿਨੀ ਮੇਰੇ ਬੁੱਲਾਂ ’ਤੇ ਚੜ੍ਹੀਆਂ ਹੋਈਆਂ ਨੇ,
“ਤਲਵਾਰ ਤਾਂ ਉਠਾਓ, ਦੀਵਾਰ ਤਾਂ ਬਣਾਓ
ਰੁਕਣੇ ਕਦੇ ‘ਫਤਹਿ’ ਨਾ ਝੁਕਣੇ ‘ਜੁਝਾਰ’ ਏਥੇ,
ਨਿਸ ਦਿਨ ਗੁਜ਼ਰਨਾ ਪੈਂਦੈ, ਖੂਨੀ ਬਾਜ਼ਾਰ ਏਥੇ,
ਸਾਡੇ ਸਿਰਾਂ ਦਾ ਹਰ ਇਕ, ਯਾਰੋ ਤਲਬਦਾਰ ਏਥੇ……”

ਜਗਦੀਪ ਸਿੰਘ ਫਰੀਦਕੋਟ
9815763313

Sunday, February 22, 2009

"ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਗਈਆਂ"

'ਖਾੜਾ ਪੂਰਾ ਭਖਿਆ ਹੋਇਆ ਸੀ। ਕਿਸੇ ਨੂੰ ਸੁਰਤ ਨਹੀਂ ਸੀ। ਸ਼ਰਾਬੀਆਂ ਦੇ ਤਾਂ ਚਲੋ ਦਿਮਾਗਾਂ ਨੂੰ ਸ਼ਰਾਬ ਚੜ੍ਹੀ ਹੋਈ ਸੀ, ਪਰ ਘੱਟ ਸੋਫੀ ਵੀ ਨਹੀਂ ਸਨ। ਕਾਫੀ ਚਿਰ ਤਾਂ ਉਹ ਸਾਰੇ ਥੱਲੇ ਨੱਚਦੇ ਰਹੇ, ਪਰ ਫੇਰ ਲੋਰ ਜਹੀ ਵਿਚ ਆ ਕੇ ਸਟੇਜ਼ 'ਤੇ ਚੜ੍ਹ ਗਏ। ਆਰਕੈਸਟਰਾ ਵਾਲੀਆਂ ਕੁੜੀਆਂ ਦੇ ਹੱਥ ਫੜ੍ਹ-ਫੜ੍ਹ ਕੇ ਨੱਚਣ ਲੱਗੇ। ਕੁਝ ਮੁੰਡਿਆਂ ਨੇ ਗਲਤ ਹਰਕਤਾਂ ਵੀ ਕਰ ਦਿੱਤੀਆਂ। ਸੋ ਪ੍ਰੋਗਰਾਮ ਵਾਲਿਆਂ ਨੇ ਆਪਣੀਆਂ ਨੱਚਣ ਵਾਲੀਆਂ ਹਟਾ ਲਈਆਂ। ਹੁਣ ਸ਼ਰਾਬੀਆਂ ਨੂੰ ਆਪਣੀ ਹੱਤਕ ਮਹਿਸੂਸ ਹੋਈ ਤੇ ਉਹਨਾਂ ਨੇ ਆਪਣੀਆਂ ਆਪਣੀਆਂ ਪਤਨੀਆਂ ਘਸੀਟ ਲਿਆਂਦੀਆਂ। ਫੇਰ ਉਹੀ ਕੰਜਰ ਖਾਨਾ ਜੋਬਨ 'ਤੇ ਪਹੁੰਚ ਗਿਆ। ਭਾਬੀਆਂ ਦੇ ਜਾਣ ਤੋਂ ਬਾਅਦ ਨਨਾਣਾ ਦੇ ਵੀ ਪੈਰਾਂ ਵਿਚ ਖੁਰਕ ਜਹੀ ਹੋਣ ਲੱਗ ਪਈ। ਵਿਆਹ ਵਾਲੇ ਮੁੰਡੇ ਦੀਆਂ ਭੈਣਾ, ਮਾਮੇ-ਚਾਚੇ-ਮਾਸੀ ਦੀਆਂ ਕੁੜੀਆਂ, ਵੀ ਖਾੜੇ ਵਿਚ ਕੁੱਦ ਪਈਆਂ ਤੇ ਆਪਣੇ ਭਰਾਵਾਂ ਦੇ ਹੱਥ ਫੜ੍ਹ ਕੇ ਨੱਚਣ ਲੱਗ ਪਈਆਂ। ਭਾਬੀਆਂ ਤਾਂ ਲੋਕਾਂ ਤੋਂ ਸੰਗਦੀਆਂ ਬੈਠ ਗਈਆਂ ਤੇ ਪੂਰਾ 'ਖਾੜਾ ਭੈਣਾ-ਭਰਾਵਾਂ ਨੇ ਸਾਂਭ ਲਿਆ। ਭਰਾ ਆਪਣੀਆਂ ਭੈਣਾ ਵੱਲ ਇਸ਼ਾਰੇ ਕਰ ਕਰ ਕੇ ਨੱਚ ਰਹੇ ਸਨ, ਤੇ ਗੀਤ ਚੱਲ ਰਿਹਾ ਸੀ,'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ'ਕੁਝ ਗੈਰਤ ਵਾਲੇ ਪਰਿਵਾਰ ਤਾਂ ਵਿਆਹ ਛੱਡ ਕੇ ਤੁਰਨ ਲੱਗੇ। ਉਹ ਸਿਆਣੇ ਸਨ ਤੇ ਨਹੀਂ ਚਾਹੁੰਦੇ ਸਨ ਕਿ ਏਹਨਾਂ ਨਚਾਰਾਂ ਦਾ ਪਾਹ ਉਹਨਾਂ ਦੇ ਜਵਾਕਾਂ ਨੂੰ ਵੀ ਲੱਗੇ।ਏਧਰ ਕੰਜਰ ਕਿੱਤਾ ਜਾਰੀ ਸੀ,'ਤੇਰਾ ਹੁਸਨ ਇਹ ਕਤਲ ਕਰਾ ਦੂ, ਗੱਭਰੂ ਪੰਜ ਦਰਿਆਵਾਂ ਦੇ.....'ਸ਼ਰਮ....? ਉਹ ਤਾਂ ਕਿਸੇ ਨੁੱਕਰ ਵਿਚ ਬੈਠੀ ਆਪ ਸ਼ਰਮ ਸਾਰ ਹੋ ਰਹੀ ਸੀ। ਉਸ ਨੂੰ ਭੱਜਣ ਨੂੰ ਥਾਂ ਨਹੀਂ ਲੱਭ ਰਿਹਾ ਸੀ। ਰੋਣਾ ਸਿਰਫ ਇਹੀ ਨਹੀਂ ਸੀ ਕਿ ਲੋਕਾਂ ਦੀਆਂ ਧੀਆਂ ਭੈਣਾ ਦੀਆਂ ਇੱਜ਼ਤਾਂ ਦੇ ਰਾਖੇ ਪੰਜਾਬ ਦੇ ਜਾਏ ਅੱਜ ਏਨੇ ਬੇਅਣਖੇ ਹੋ ਗਏ ਹਨ ਕਿ ਆਪਣੀਆਂ ਭੈਣਾ ਦੀ ਇੱਜ਼ਤ ਵੀ ਲੋਕਾਂ ਸਾਹਮਣੇ ਨੀਲਾਮ ਕਰ ਰਹੇ ਹਨ, ਰੋਣਾ ਇਹ ਵੀ ਸੀ ਕਿ ਭੈਣਾ ਵੀ ਇਸ ਕਾਰੇ ਤੋਂ ਦੁਖੀ ਨਹੀਂ ਸਨ ਸਗੋਂ ਪੂਰੀਆਂ ਖੁਸ਼ ਸਨ ਤੇ ਭਰਾਵਾਂ ਦੇ ਪੱਬਾਂ ਨਾਲ ਪੱਬ ਰਲਾ ਕੇ ਨੱਚ ਰਹੀਆਂ ਸਨ, ਕਿਸੇ ਪੱਖੋਂ ਵੀ ਉਹ ਘੱਟ ਨਹੀਂ ਅਖਵਾਉਣਾ ਚਾਹੁੰਦੀਆਂ ਸਨ। ਅਖਵਾਉਣ ਵੀ ਕਿਉਂ,'21ਵੀਂ ਸਦੀ ਦੀ ਔਰਤ ਮਰਦ ਦੇ ਬਰਾਬਰ'ਕੁਝ ਕੁੜੀਆਂ ਤਾਂ ਉੱਚੀ-ਉੱਚੀ ਗਾ ਵੀ ਰਹੀਆਂ ਸਨ,'ਪੇਪਰ ਜਾਂ ਚੜੂ ਸਾਡਾ ਪਿਆਰ ਮੁੰਡਿਆ ਵੇ ਸਿਰੇ ਦੋਨਾਂ ਵਿਚੋਂ ਇਕ.....'ਵਿਆਹ ਵਾਲੇ ਮੁੰਡੇ ਦੀ ਪੜਦਾਦੀ ਮੁੰਡੇ ਨੂੰ ਸ਼ਗਨ ਦੇਣ ਲਈ ਲਿਆਂਦੀ ਗਈ। ਜਦੋਂ ਉਹ ਸ਼ਗਨ ਦੇ ਕੇ ਵਾਪਸ ਮੁੜੀ ਤਾਂ ਉਹ ਲੰਘਦੀ-ਲੰਘਦੀ ਏਸ ਭੂਤ ਭੰਗੜੇ ਨੂੰ ਵੇਖਣ ਲੱਗ ਪਈ। ਮਾਤਾ ਨੂੰ ਅਜੇ ਮਾੜਾ-ਮੋਟਾ ਦਿਸਦਾ ਸੀ। ਉਹ ਨਾਲ ਦੀ ਕੁੜੀ ਨੂੰ ਪੁੱਛਣ ਲੱਗੀ, "ਕੁੜੇ ਜੀਤ ਆਹ ਪੈਟਾਂ ਜੀਹਾਂ ਆਲੇ ਮੁੰਡੇ ਕੌਣ ਆਂ...... ਇਹ ਤਾਂ ਆਏਂ ਲੱਗਦਾ ਜਿਵੇਂ ਗੁੱਤਾਂ ਜੀਹਾਂ ਕਰੀ ਫਿਰਦੇ ਹੁੰਦੇ ਆ...."ਮਨਜੀਤ ਹੱਸਦੀ ਹੋਈ ਬੋਲੀ, "ਬੇਬੇ ਇਹ ਮੁੰਡੇ ਨ੍ਹੀ ਕੁੜੀਆਂ ਨੇ ਆਪਣੀਆਂ, ਇੱਕ ਮਿੰਦੋ ਦੀ, ਇੱਕ ਰਾਜੇ ਦੀ ਤੇ ਔਹ ਆਪਣੀ ਸਿਮਰ......" ਅਜੇ ਮਨਜੀਤ ਬੋਲ ਹੀ ਰਹੀ ਸੀ ਕਿ ਮਾਤਾ ਵਿਚੋਂ ਬੋਲੀ, "ਫੋਟ.... ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਆ.... ਨਾਲੇ ਹਾਅ ਕਿਹੋ ਜੇ ਲੀੜੇ ਪਾਏ ਆ ਏਹਨਾਂ ਨੇ.....""ਚੁੰਨੀਆਂ ਬੇਬੇ ਅੱਜ ਕੱਲ ਦੀਆਂ ਕੁੜੀਆਂ ਨ੍ਹੀ ਲੈਂਦੀਆਂ, ਕਹਿੰਦੀਆਂ ਸਾਡੇ ਤੋਂ ਨ੍ਹੀ ਸੰਭਦੀਆਂ ਚੁੰਨੀਆਂ""ਲੈ ਚੁੰਨੀਆਂ ਨ੍ਹੀ ਸੰਭਦੀਆਂ ਇਹਨਾਂ ਤੋਂ ਹੋਰ ਕੀ ਪੂਰਨੇ ਪਾਉਣਗੀਆਂ.... ਛਿੱਤਰ ਆਲਾ ਈ ਹੈਣੀ ਕੋਈ.... ਸ਼ਰਮ ਤਾਂ ਜਵਾਂ ਵੇਚ ਕੇ ਖਾਲੀ ਲੰਡਰਾਂ ਨੇ..... ਨੀ ਇਹਨਾਂ ਦੇ ਮਾਪੇ ਨ੍ਹੀ ਰੋਕਦੇ ਇਹਨਾਂ ਨੂੰ..... ਤੇਰੇ ਬਾਪੂ ਜੀ ਹੁੰਦੇ ਤਾਂ ਹੁਣੇ ਗੁੱਤਾਂ ਮਰੋੜ ਦਿੰਦੇ ਕੰਜਰੀਆਂ ਦੀਆਂ...." ਬੇਬੇ ਵਿਚਾਰੀ ਕੁੜ੍ਹਦੀ ਹੋਈ ਤੁਰ ਗਈ ਤੇ ਮਨਜੀਤ ਵੀ ਕੁਝ ਨਾ ਬੋਲ ਸਕੀ।ਪਰ ਇਹਨਾਂ ਨਚਾਰਾਂ 'ਤੇ ਕਿਸੇ ਦਾ ਕੋਈ ਅਸਰ ਨਹੀਂ ਸੀ। ਕੁਝ ਕੁੜੀਆਂ ਜਿਹਨਾਂ ਦੇ ਉੱਚੀਆਂ ਜਹੀਆਂ ਟੀ-ਸ਼ਰਟਾਂ ਪਾਈਆਂ ਸਨ, ਜਦੋਂ ਹੱਥ ਉਤਾਂਹ ਚੁੱਕ ਕੇ ਨੱਚਦੀਆਂ ਤਾਂ ਸਾਰਾ ਢਿੱਡ ਨੰਗਾ ਹੋ ਜਾਂਦਾ ਤੇ ਨਾਲ ਦੀ ਨਾਲ ਮਾਪਿਆਂ ਦੀ ਇੱਜਤ ਦਾ ਦੀਵਾਲਾ ਵੀ ਨਿਕਲ ਜਾਂਦਾ। ਦੋ ਮੁੰਡੇ ਬੈਠੇ ਗੱਲਾਂ ਕਰ ਰਹੇ ਸਨ, "ਯਰ ਆਰਕੈਸਟਰਾ ਵਾਲੀਆਂ ਨੇ ਤਾਂ ਕੋਈ ਮਜ਼ਾ ਨਹੀਂ ਲਿਆਂਦਾ, ਅਸਲੀ ਰੰਗ ਤਾਂ ਇਹਨਾਂ ਨੇ ਬੰਨ੍ਹਿਐ..... 'ਏਨਾ ਕੁਝ' ਤਾਂ ਅਰਕੈਸਟਰਾ ਵਾਲੀਆਂ ਨੇ ਨ੍ਹੀ ਦਿਖਾਇਆ ਜਿੰਨਾ ਇਹ ਦਿਖਾਈ ਜਾਂਦੀਆਂ.....""ਚੱਲ ਤੂੰ ਮੋਬਾਈਲ ਨਾ ਹਿਲਾ, ਵੀਡੀਓ ਠੀਕ ਨ੍ਹੀ ਬਣਨੀ, ਨਾਲੇ ਔਹ ਚਿੱਟੀ ਟੀ-ਸ਼ਰਟ ਵਾਲੀ 'ਤੇ ਜ਼ੂਮ ਕਰ....."ਜਦੋਂ ਉਹ ਅੱਧ ਨੰਗੀਆਂ ਕੁੜੀਆਂ ਸਟੇਜ 'ਤੇ ਨੱਚ ਰਹੀਆਂ ਸਨ ਤਾਂ ਕੁਦਰਤੀ ਡੀ.ਜੇ. ਵਾਲਿਆਂ ਤੋਂ ਇਹ ਗਾਣਾ ਪਲੇ ਹੋ ਗਿਆ,"ਵੱਡੀਏ ਮਜਾਜਣੇ ਨੰਗੇਜ਼ ਕੱਜ ਨੀ, ਲੋਕੀਂ ਤੇਰਾ ਵੇਖਦੇ ਤਮਾਸ਼ਾ ਅੱਜ ਨੀ,ਤੂੰ ਰੰਗ ਰਲੀਆਂ ਮਾਣੇ, ਕੀ ਬਣੂ ਦੁਨੀਆਂ ਦਾ,ਸੱਚੇ ਪਾਤਸ਼ਾਹ ਵਾਹਗੁਰੂ ਜਾਣੇ ਕੀ ਬਣੂ ਦੁਨੀਆਂ ਦਾ....."ਸਾਰੇ ਜਣੇ ਡੀ.ਜੇ. ਵਾਲੇ ਵੱਲ ਘੂਰ ਘੂਰ ਕੇ ਵੇਖਣ ਲੱਗ ਪਏ। ਉਹਨਾਂ ਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ ਸੀ। ਪਰ ਡੀ.ਜੇ. ਵਾਲੇ ਨੇ ਨਾਲ ਦੀ ਨਾਲ ਮੌਕਾ ਸਾਂਭ ਲਿਆ,'ਮੇਰੀ ਜਿੰਦ ਨੂੰ ਪੁਆੜੇ ਪਾਉਣ ਵਾਲਿਆ ਵੇ ਤੂੰ ਜਿਪਸੀ 'ਤੇ ਕਾਹਤੋਂ ਲਿਖਵਾਇਆ ਮੇਰਾ ਨਾ....'-------"ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਆ" ਇੱਕ ਵਾਰ ਫੇਰ ਮੇਰੇ ਕੰਨਾਂ ਵਿਚ ਇਹ ਆਵਾਜ਼ ਗੂੰਜੀ। ਸੱਚਮੁੱਚ, ਇਹਨਾਂ ਦੀਆਂ ਚੁੰਨੀਆਂ ਕਿੱਥੇ ਸਨ। ਜਿਹੜੀ ਕੌਮ ਨੂੰ ਕੇਸਾਂ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਹੋਵੇ, ਜਿਹੜੀ ਕੌਮ ਨੂੰ ਹਮੇਸ਼ਾਂ ਸਿਰ ਢਕ ਕੇ ਰੱਖਣ ਦਾ ਹੁਕਮ ਹੋਵੇ, ਜਿੱਥੇ ਚੁੰਨੀ ਨੂੰ ਇੱਜ਼ਤ ਸਮਝਿਆ ਜਾਂਦਾ ਹੋਵੇ, ਜਿੱਥੇ ਕਿਸੇ ਕੁੜੀ ਦੀ ਧੱਕੇ ਨਾਲ ਲਾਹੀ ਚੁੰਨੀ ਬਦਲੇ ਲਾਹੁਣ ਵਾਲੇ ਦਾ ਗਾਟਾ ਲਾਹ ਦਿੱਤਾ ਜਾਂਦਾ ਹੋਵੇ, ਜਿਹੜੀ ਕੌਮ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਾਬਲ ਕੰਧਾਰ ਤੋਂ ਆਏ ਜ਼ਾਲਮਾਂ ਦੇ ਪੰਜੇ ਵਿਚੋਂ ਛੁਡਾ ਕੇ ਉਹਨਾਂ ਦੇ ਸਿਰ ਕੱਜ ਕੇ ਵਾਪਸ ਘਰੀਂ ਤੋਰਦੀ ਹੋਵੇ, ਉਸ ਕੌਮ ਦੀਆਂ ਆਪਣੀਆਂ ਧੀਆਂ ਦੀਆਂ ਚੁੰਨੀਆਂ ਕਿੱਥੇ ਗਾਇਬ ਹੋ ਗਈਆਂ ਸਨ। ਸਚਮੁੱਚ ਇਹ ਹੈਰਾਨੀ ਵਾਲੀ ਗੱਲ ਸੀ। ਮੈਂ ਸੋਚਦਾ ਰਿਹਾ।ਇੱਕ ਦਿਨ ਕਿਸੇ ਬਜ਼ੁਰਗ ਨੂੰ ਪੁੱਛਿਆ, "ਬਾਪੂ ਜੀ ਪੰਜਾਬ ਦੀਆਂ ਕੁੜੀਆਂ ਦੀਆਂ ਚੁੰਨੀਆਂ ਕਿਧਰ ਗਈਆਂ.....?"ਬਜ਼ੁਰਗ ਦੀਆਂ ਅੱਖਾਂ ਵਿਚ ਪਾਣੀ ਆ ਗਿਆ, "ਚੁੰਨੀਆਂ...?, ਪੁੱਤ ਚੁੰਨੀਆਂ..... ਕੁਝ ਤਾਂ ਵੰਡ ਵੇਲੇ ਪਾਕਿਸਤਾਨ ਰਹਿ ਗਈਆਂ..... ਕੁਝ ਜੂਨ 84 ਵਿਚ ਭਾਰਤੀ ਫੌਜ ਨੇ ਲੁੱਟ ਲਈਆਂ, ਜਦੋਂ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਸਿਖ ਬੀਬੀਆਂ ਨਾਲ ਬਲਾਤਕਾਰ ਕੀਤੇ..... ਕੁਝ ਨਵੰਬਰ 84 ਦੀਆਂ ਭੂਤਰੀਆਂ ਟੋਲੀਆਂ ਨੇ ਪਾੜ ਦਿੱਤੀਆਂ, ਜਦੋਂ ਉਹਨਾਂ ਨੇ ਲੱਭ-ਲੱਭ ਕੇ 'ਸਰਦਾਰਨੀਆਂ' ਦੇ ਜਿਸਮਾਂ ਨੂੰ ਜਾਨਵਰਾਂ ਵਾਂਗ ਨੋਚਿਆ..... ਤੇ ਕੁਝ ਪੁੱਤ 84 ਤੋਂ 94 ਤੱਕ ਚੱਲੀ ਸਰਕਾਰੀ ਦਹਿਸ਼ਤਗਰਦੀ ਦੀ ਹਨੇਰੀ ਉਡਾ ਕੇ ਲੈ ਗਈ, ਖਾੜਕੂਆਂ ਦੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਪੁੱਤ ਥਾਣਿਆਂ-ਕਚਿਹਰੀਆਂ ਵਿਚ ਰੁਲ ਗਈਆਂ......" ਬਾਪੂ ਹੁਬਕੋ-ਹੁਬਕੀ ਰੋਣ ਲੱਗ ਪਿਆ। ਉਸਦੀਆਂ ਗੱਲਾਂ ਪੂਰੀਆਂ ਸੱਚ ਸਨ। ਮੇਰਾ ਕਾਲਜਾ ਪਾਟਣ ਨੂੰ ਆ ਗਿਆ। ਸਚਮੁੱਚ ਸਿੰਘਾਂ ਦੇ ਪਰਿਵਾਰਾਂ 'ਤੇ ਅੰਨ੍ਹਾਂ ਸਰਕਾਰੀ ਕਹਿਰ ਵਰ੍ਹਿਆ ਸੀ ਤੇ ਉਹਨਾਂ ਦੀਆਂ ਬੱਚੀਆਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ। ਇਹ ਸਭ ਕੁਝ 94-95 ਤੱਕ ਚੱਲਿਆ ਤੇ ਉਸ ਤੋਂ ਬਾਅਦ......ਉਸ ਤੋਂ ਬਾਅਦ ਸਿਖ ਲਹਿਰ ਤਾਂ ਦਬਾ ਦਿੱਤੀ ਗਈ ਪਰ ਦੁਸ਼ਮਨ ਹਾਕਮਾਂ ਨੇ ਆਪਣਾ ਕੰਮ ਜਾਰੀ ਰੱਖਿਆ। ਹੁਣ ਪੰਜਾਬ 'ਤੇ ਹੋਣਾ ਸੀ '(ਅ)ਸੱਭਿਆਚਾਰਕ ਹਮਲਾ'। ਜਿਹੜਾ ਏਨਾ ਲੁਕਵਾਂ ਸੀ ਕਿ ਅਸੀਂ ਪਛਾਣ ਨਾ ਸਕੇ। ਇਹ ਸੱਭਿਆਚਰਕ ਮੇਲਿਆਂ ਦੇ ਨਾਮ 'ਤੇ ਸ਼ੁਰੂ ਹੋਇਆ ਗੰਦ ਹੀ ਸੀ ਜਿਸਨੇ ਅੱਜ ਏਨਾ ਘਾਤਕ ਰੂਪ ਲੈ ਲਿਆ ਸੀ। ਕੌਮ ਨੂੰ ਉਸ ਦੇ ਸਿਧਾਂਤ, ਫਲਸਫੇ ਤੇ ਇਤਿਹਾਸ ਨਾਲੋਂ ਤੋੜ ਕੇ ਏਸ ਕੰਜਰ ਕਲਚਰ ਦਾ ਹਿੱਸਾ ਬਣਾਇਆ ਜਾਣਾ ਸੀ। ਸਿੱਧੇ ਸ਼ਬਦਾਂ ਵਿਚ ਕਹਿ ਲਉ ਕਿ ਜੁਝਾਰੂਆਂ ਦੀ ਕੌਮ ਨੂੰ ਨਚਾਰਾਂ ਦੀ ਕੌਮ ਬਣਾਇਆ ਜਾਣਾ ਸੀ। ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ (ਇੱਜ਼ਤਾਂ) ਦੇ ਰਾਖਿਆਂ ਨੂੰ ਆਪਣੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਰੋਲਣ ਲਾਉਣਾ ਸੀ..... ਤੇ ਹਕੂਮਤ ਆਪਣੇ ਇਸ ਹਮਲੇ ਵਿਚ ਸਫਲ ਰਹੀ। ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਹੱਸਦੇ, ਨੱਚਦੇ, ਟੱਪਦੇ ਆਪਣੇ ਅਸਲੀ ਵਿਰਸੇ ਤੇ ਸੱਭਿਆਚਾਰ ਤੋਂ ਟੁੱਟ ਕੇ ਕੰਜਰ ਕਿੱਤੇ ਵਿਚ ਧਸ ਗਏ। ਦੁਸ਼ਮਨ ਦੀਆਂ ਘੰਡੀਆਂ ਮਰੋੜਣ ਵਾਲੇ ਹੱਥ ਪਤਾ ਨਈ ਕਦੋਂ ਆਪਣੀਆਂ ਧੀਆਂ-ਭੈਣਾਂ ਨਾਲ ਸਟੇਜਾਂ 'ਤੇ ਭੰਗੜੇ ਦੇ ਐਕਸ਼ਨਾਂ ਵਿਚ ਹਿੱਲਣ ਲੱਗ ਪਏ। ਭੰਗੜਾ ਗਿੱਧਾ ਪਾਉਣਾ ਕੋਈ ਬੱਜਰ ਕੁਰਿਹਤ ਨਹੀਂ, ਮੈਂ ਇਸ ਨੂੰ ਨਿੰਦ ਨਹੀਂ ਰਿਹਾ। ਪਰ ਨਾਚ ਸੁਖੀ ਵਸਦਿਆਂ ਨੂੰ ਸੋਭਦੇ ਹਨ। 'ਰੋਮ ਜਲਦਾ ਰਿਹਾ ਤੇ ਨੀਰੋ ਬੰਸਰੀ ਵਜਾਉਦਾ ਰਿਹਾ' ਜਿਹਨਾਂ ਦੇ ਘਰ ਨੂੰ ਅੱਗ ਲੱਗੀ ਹੋਵੇ ਉਹ ਭੰਗੜੇ ਨਹੀਂ ਪਾਉਂਦੇ। ਨੱਚਣ ਵੱਲੋਂ ਥੋੜਾ ਜਿਹਾ ਧਿਆਨ ਹਟਾਉਂਗੇ ਤਾਂ ਘਰ ਨੂੰ ਲੱਗੀ ਅੱਗ ਤੁਹਾਨੂੰ ਵੀ ਦਿਸ ਪਵੇਗੀ। ਕਰਜਿਆਂ ਦੇ ਕਹਿਰ ਦੇ ਮਾਰੇ ਦਰਖਤਾਂ ਨਾਲ ਫਾਹਾ ਲੈ ਕੇ ਲਟਕਦੇ ਹਜ਼ਾਰਾਂ ਕਿਸਾਨ ਤੁਹਾਨੂੰ ਦਿਸ ਪੈਣਗੇ, ਪਾਣੀ ਖੁਣੋਂ ਸੁੱਕਦੀ ਜਾ ਰਹੀ ਜ਼ਰਖੇਜ ਮਾਂ ਧਰਤੀ ਤੁਹਾਡੀ ਨਜ਼ਰੀ ਪੈ ਜਾਵੇਗੀ, ਪਰਿਵਾਰਾਂ ਦੇ ਢਿੱਡ ਭਰਨ ਲਈ ਵਿਦੇਸ਼ ਜਾਣ ਦੀ ਲਾਲਸਾ ਵਿਚ ਅੰਬੈਸੀਆਂ ਦੇ ਧੱਕੇ ਖਾ ਰਹੇ ਲੱਖਾਂ ਨੌਜੁਆਨ ਤੁਹਾਨੂੰ ਦਿਖਾਈ ਦੇਣਗੇ। ਬਸ ਲੋੜ ਤਾਂ ਨਾਚ ਗਾਣੇ ਵੱਲੋਂ ਥੋੜਾ ਜਿਹਾ ਧਿਆਨ ਹਟਾਉਣ ਦੀ ਹੈ। ਯਾਦ ਰੱਖਿਓ ਨਚਾਰਾਂ ਨੇ ਇਤਿਹਾਸ ਵਿਚ ਕੋਈ ਮੱਲਾਂ ਨਹੀਂ ਮਾਰੀਆਂ।ਆਪਣੀਆਂ ਭੈਣਾਂ ਮੂਹਰੇ ਵੀ ਹੱਥ ਬੰਨ ਕੇ ਬੇਨਤੀ ਕਰਨੀ ਚਾਹਾਂਗਾ ਕਿ ਭੈਣੋਂ ਅੱਗੇ ਵਧੋ, ਮਰਦਾਂ ਦੇ ਬਰਾਬਰ ਆਓ। ਹਰੇਕ ਖੇਤਰ ਵਿਚ ਤਰੱਕੀ ਕਰੋ। ਪਰ ਕਿਤੇ ਅੱਗੇ ਵਧਦੀਆਂ ਆਪਣੇ ਵਿਰਸੇ, ਇਤਿਹਾਸ ਤੇ ਸਿਧਾਂਤ ਵੱਲ ਪਿੱਠ ਨਾ ਕਰ ਲਿਓ। ਅੱਜ ਵੱਧ ਗਿਲਾ ਤੁਹਾਡੇ 'ਤੇ ਹੈ। ਜੰਗ ਵਿਚ ਸੱਚੇ ਪਾਤਸ਼ਾਹ ਨੂੰ ਬੇਦਾਵਾ ਲਿਖ ਕੇ ਦੇ ਆਏ ਸਿੰਘਾਂ ਨੂੰ ਮਾਤਾ ਭਾਗ ਕੌਰ ਦੀ ਵੰਗਾਰ ਨੇ ਵਾਪਸ ਮੋੜ ਲਿਆ ਸੀ। ਪਰ ਤੁਸੀਂ ਤਾਂ ਗਲਤੀਆਂ ਕਰ ਰਹੇ ਵੀਰਾਂ ਨੂੰ ਮੋੜਣ ਦੀ ਥਾਂ 'ਤੇ ਆਪ ਵੀ ਨਾਲ ਹੀ ਤੁਰ ਪਈਆਂ। ਥੋਨੂੰ ਕਿਸੇ ਨੇ ਸਿਆਣੀਆਂ ਨਈ ਕਹਿਣਾ ਭੈਣੋਂ ਜੇ ਤੁਸੀਂ ਆਪਣਾ ਸੋਹਣਾ ਪਹਿਰਾਵਾ ਤਿਆਗ ਦਿੱਤਾ। ਅੱਜ ਕਈ ਵਾਰ ਤੁਹਾਡੇ ਪਾਏ ਕੱਪੜੇ ਵੇਖ ਕੇ ਆਪ ਸ਼ਰਮ ਨਾਲ ਮੂੰਹ ਥੱਲੇ ਕਰਨਾ ਪੈਂਦਾ ਹੈ। ਵੇਖਿਓ ਮੇਰੀਆਂ ਭੈਣਾਂ ਕਿਤੇ ਬੇਬੇ ਨਾਨਕੀ, ਬੀਬੀ ਭਾਨੀ, ਮਾਤਾ ਗੁਜ਼ਰੀ, ਮਾਤਾ ਸਾਹਿਬ ਕੌਰ, ਬੀਬੀ ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ ਤੇ ਬੀਬੀ ਸਤਵੰਤ ਕੌਰ ਨੂੰ ਵਿਸਾਰ ਨਾ ਦਿਓ। ਇਹ ਹਮੇਸ਼ਾਂ ਤੁਹਾਨੂੰ ਤਾਕਤ ਤੇ ਬਲ ਬਖਸ਼ਨਗੀਆਂ। ਇਹਨਾਂ ਦੇ ਜੀਵਨ ਤੁਹਾਨੂੰ ਸੇਧ ਦੇਣਗੇ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਈ ਵਿਗੜਿਆ। ਮੁੜ ਆਓ ਵਾਪਸ...... ਭਾਵੇਂ ਤੁਸੀਂ ਕਾਫੀ ਦੂਰ ਨਿਕਲ ਗਈਆਂ ਹੋ.... ਪਰ ਅਜੇ ਵੀ ਵਾਪਸ ਮੁੜ ਸਕਦੀਆਂ ਹੋ। ਗੁਰੁ ਬਖ਼ਸ਼ਨਹਾਰ ਹੈ, ਸਾਡੀਆਂ ਸਾਰੀਆਂ ਗਲਤੀਆਂ ਭੁੱਲ ਕੇ ਗਲ ਲਾ ਲੈਂਦਾ ਹੈ,"ਮੇਰੇ ਗੁਣ ਅਵਗਨ ਨ ਬੀਚਾਰਿਆ ॥ਪ੍ਰਭਿ ਅਪਣਾ ਬਿਰਦੁ ਸਮਾਰਿਆ ॥ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥18॥"ਗੁਰੂ ਨਾਲ, ਸਿਧਾਂਤ ਨਾਲ, ਇਤਿਹਾਸ ਨਾਲ ਪਿਆਰ ਪਾਓ। ਛੱਡੋ ਆਹ ਫਾਲਤੂ ਦੇ ਪਿਆਰ-ਮੁਹੱਬਤਾਂ ਨੂੰ। ਇਹ ਸਭ ਫਿਲਮੀਂ ਚਕਾਚੌਂਧ ਹੈ ਜੋ ਸਾਡਾ ਬੇੜਾ ਗਰਕ ਕਰ ਰਹੀ ਹੈ। ਮਾਪੇ ਤੁਹਾਡੇ ਵੈਰੀ ਨਹੀਂ ਕਿ ਤੁਹਾਡੇ ਵਾਸਤੇ ਮਾੜੇ ਵਰ ਲੱਭਣਗੇ। ਅੰਕੜੇ ਦੱਸਦੇ ਹਨ ਕਿ ਅਰੇਂਜ ਮੈਰਿਜ਼ਿਸ, ਲਵ ਮੈਰਿਜ਼ਾਂ ਤੋਂ ਕਈ ਗੁਣਾ ਵੱਧ ਸਫਲ ਹਨ। ਕੋਈ ਮਾਂ-ਬਾਪ ਇਹ ਤਾਅਨੇ ਨਹੀਂ ਸੁਣਨਾ ਚਾਹੁੰਦੇ ਕਿ ਕੋਈ ਕਹੇ ਕਿ 'ਯਰ ਇਹਨਾਂ ਦੀ ਕੁੜੀ ਨਿਕਲ ਗਈ'। ਹੁਣ ਇਹ ਤੁਹਾਡੇ 'ਤੇ ਹੈ ਕਿ ਬਾਪੂ ਦੀ ਪੱਗ ਸ਼ਹਿਰ ਬਜ਼ਾਰ ਰੋਲਣੀ ਹੈ ਜਾਂ ਉਸ ਨੂੰ ਏਨੇ ਜੋਗਾ ਬਣਾਉਣਾ ਹੈ ਕਿ ਉਹ ਤੁਹਾਡੇ 'ਤੇ ਮਾਣ ਕਰਕੇ ਹਿੱਕ ਤਾਣ ਕੇ ਤੁਰ ਸਕੇ। ਤੁਸੀਂ ਸਮਾਜ ਵਿਚ ਉੱਚੇ ਕਿਰਦਾਰ ਨਾਲ ਜੀਵੋ ਤੇ ਉੱਚੇ ਰੁਤਬਿਆਂ 'ਤੇ ਪਹੁੰਚੋਂ। ਆਪਣੀ ਚੁੰਨੀ ਤੇ ਬਾਪੂ ਦੀ ਪੱਗ ਨੂੰ ਦਾਗ਼ ਨਾ ਲੱਗਣ ਦਿਓ ਤੇ ਹੋਰਾਂ ਲਈ ਮਿਸਾਲਾਂ ਕਾਇਮ ਕਰੋ, ਫੇਰ ਕਿਸੇ ਦੀ ਮਜਾਲ ਨਹੀਂ ਕਿ ਕੁੱਖ ਵਿਚ ਧੀਆਂ ਨੂੰ ਕਤਲ ਕਰਵਾਵੇ।ਰਸੂਲ ਹਮਜਾਤੋਵ ਦੇ ਬੋਲ ਯਾਦ ਰੱਖੋ,"ਜੇ ਤੁਸੀਂ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ"ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਸਾਡਾ ਇਤਿਹਾਸ ਸਾਨੂੰ ਹੱਕ-ਸੱਚ ਅਤੇ ਮਨੁੱਖਤਾ ਦੀ ਆਜ਼ਾਦੀ ਲਈ ਜੂਝਣਾ ਸਿਖਾਉਂਦਾ ਹੈ ਨਾ ਕਿ ਸਟੇਜ਼ਾਂ 'ਤੇ ਅੱਧ ਨੰਗੇ ਹੋ ਕੇ ਦੋਹਰੇ ਅਰਥਾਂ ਵਾਲੇ ਗਾਣਿਆਂ 'ਤੇ ਨੱਚਣਾ। ਵੇਖਿਓ ਕਿਤੇ ਤੁਹਾਡੀਆਂ ਦਾਦੀਆਂ ਨੂੰ ਵੀ ਇਹ ਨਾ ਕਹਿਣਾ ਪਵੇ, "ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਗਈਆਂ....?"ਵਾਸਤਾ ਥੋਨੂੰ ਅਣਖੀ ਪੰਜਾਬ ਦਾ।ਜੇ ਮੇਰੇ ਇਸ ਲੇਖ ਨੂੰ ਪੜ੍ਹ ਕੇ ਇੱਕ ਵੀ ਕੁੜੀ ਨੇ ਚੁੰਨੀ ਸੰਭਾਲਣੀ ਸਿੱਖ ਲਈ ਤਾਂ ਮੈਂ ਆਪਣਾ ਉਪਰਾਲਾ ਸਾਰਥਕ ਸਮਝਾਂਗਾ। ਤੁਹਾਡੇ ਸੁਝਾਵਾਂ ਦੇ ਇੰਤਜ਼ਾਰ ਵਿਚ
ਜਗਦੀਪ ਸਿੰਘ ਫਰੀਦਕੋਟ (9815763313)