Tuesday, January 18, 2011

‘ਤੇਰਾ ਪੁੱਤ ਬਹੁਤ ਸੋਹਣਾ ਸੀ ਮਾਂ’

ਅਜੇ ਪਰਸੋਂ ਦੀ ਤਾਂ ਗੱਲ ਐ। ਐਡੀ ਛੇਤੀ ਨ੍ਹੀ ਭੁੱਲ ਸਕਦਾ। ਜਦੋਂ ਵੀ ਕਿਸੇ ਸ਼ਹੀਦ ਪਰਿਵਾਰ ਦੇ ਘਰ ਜਾ ਕੇ ਆਉਦਾਂ, ਤਾਂ ਕਈ-ਕਈ ਦਿਨ ਨੀਂਦ ਜਹੀ ਨਹੀਂ ਆਉਂਦੀ। ਪਰ ਐਤਕੀਂ ਤਾਂ ਸੰਘੋਂ ਵੀ ਥੱਲੇ ਨ੍ਹੀ ਲੰਘਦਾ ਕੁਝ। ਹੁਣ ਜਦੋਂ ਦੋ ਡੰਗ ਚੱਜ ਨਾਲ ਰੋਟੀ ਨਾ ਖਾਧੀ ਤਾਂ ਮਾਂ ਨੇ ਤਾਂ ਪੁੱਛਣਾ ਈ ਸੀ, “…ਤਾਂ ਈ ਤਾਂ ਮੈਂ ਤੈਨੂੰ ਜਾਣ ਨ੍ਹੀ ਦਿੰਦੀ ਕਿਤੇ, ਆ ਕੇ ਫੇਰ ਕਈ ਦਿਨ ਗੁੰਮ-ਸੁੰਮ ਜਾ ਹੋ ਕੇ ਬੈਠਾ ਰਹਿਣੈ… ਭੁੱਲ ਵੀ ਜਾ ਹੁਣ”।
ਮਾਂ ਨੇ ਤਾਂ ਕਹਿਤਾ ‘ਭੁੱਲ ਵੀ ਜਾ’, ਪਰ ਉਹਨਾਂ ਦੀ ਹਾਲਤ ਭੁੱਲਣ ਵਾਲੀ ਨਹੀਂ ਸੀ। ਕੋਈ ਏਨਾ ਗਰੀਬ ਕਿਵੇਂ ਹੋ ਸਕਦੈ। ਕੋਈ ਏਨੀ ਗਰੀਬੀ ਵਿਚ ਜਿਉਂਦਾ ਵੀ ਕਿਵੇਂ ਰਹਿ ਸਕਦੈ। ਨਹੀਂ ਮੈਥੋਂ ਨ੍ਹੀ ਭੁੱਲੀ ਜਾਂਦੀ ਉਹ ਮਾਂ, ਜੀਹਨੇ ਆਵਦਾ ਸੋਨੇ ਵਰਗਾ ਪੁੱਤ ਤੇ ਦੋ ਜਵਾਈ ਪੰਥ ਦੀ ਝੋਲੀ ਪਾਏ ਐ ਤੇ ਅੱਜ ਰੋਟੀ ਵੱਲੋਂ ਵੀ……। 'ਜੀਹਦਾ ਸਾਰਾ ਕੁਝ ਲੁੱਟ ਲਿਆ 'ਕੁੱਤੀ ਗੌਰਮਿੰਟ’ ਨੇ, ਤੇ ਉਹ ਵਿਚਾਰੀ ਆਵਦੇ ਪੁੱਤ ਦੀ ਫੋਟੋ ਹੱਥ ਵਿਚ ਫੜੀ ਕਈ ਵਾਰ ਸਾਰਾ-ਸਾਰਾ ਦਿਨ ਉਸ ਨੂੰ ਕੋਸਦੀ ਰਹਿੰਦੀ ਐ। ਜੇ ਮੈਂ ਇਹ ਬਾਤ ਜਾਣਦਿਆਂ ਹੋਇਆਂ ਵੀ ਪੰਥ ਮੂਹਰੇ ਨਾ ਪਾਈ ਤਾਂ ਸੱਚੇ ਪਾਤਸ਼ਾਹ ਨੂੰ ਕਿਵੇਂ ਮੂੰਹ ਵਿਖਾਵਾਂਗਾ।
ਇਹ ਕਹਾਣੀ ਐਂ ਬਠਿੰਡੇ ਏਰੀਏ ਦੇ ਪਿੰਡ ਗਹਿਰੀ ਬੁੱਟਰ ਦੇ ਸ਼ਹੀਦ ਭਾਈ ਲਛਮਣ ਸਿੰਘ ਦੀ ਮਾਤਾ ਸੁਰਜੀਤ ਕੌਰ ਦੀ। ਕਾਫੀ ਚਿਰ ਤੋਂ ਵੀਰ ਜੀ ਕਰਮਜੀਤ ਸਿੰਘ ਸਿਖਾਂਵਾਲਾ ਕਹਿ ਰਹੇ ਸਨ ਕਿ ਜਗਦੀਪ ਜੇ ਕੋਈ ਸਿੰਘ ਸ਼ਹੀਦ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੋਇਆ ਤਾਂ ਆਪਾਂ ਗਹਿਰੀ ਆਲੇ ਪਰਿਵਾਰ ਦੀ ਮਦਦ ਜਰੂਰ ਕਰਵਾਉਣੀ ਐ, ਉਹਨਾਂ ਦੀ ਹਾਲਤ ਬਹੁਤ ਮਾੜੀ ਐ। ਪਰ ਸੱਚ ਜਾਣਿਓ ਮੈਂ ਤਾਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਕਿਸੇ ਪਰਿਵਾਰ ਦੀ ਹਾਲਤ ਏਨੀ ਮਾੜੀ ਵੀ ਹੋ ਸਕਦੀ ਐ।
ਏਧਰ ਇਕ ਗੁਰਸਿਖ ਪਰਿਵਾਰ ਕਾਫੀ ਦੇਰ ਤੋਂ ਕਹਿ ਰਿਹਾ ਸੀ ਕਿ ਜੇ ਕਿਸੇ ਸ਼ਹੀਦ ਸਿੰਘ ਦਾ ਪਰਿਵਾਰ ਲੋੜਵੰਦ ਹੋਏ ਤਾਂ ਸਾਨੂੰ ਜਰੂਰ ਦੱਸਿਓ, ਅਸੀਂ ਕੁਝ ਮਦਦ ਕਰਨਾ ਚਾਹੁੰਦੇ ਹਾਂ। ਪਰ ਪਤਾ ਨਹੀਂ ਸੱਚੇ ਪਾਤਸ਼ਾਹ ਮੈਨੂੰ ਮੇਰੀ ਏਸ ਭੁੱਲ ਲਈ ਕਦੇ ਮੁਆਫ ਕਰਨਗੇ ਵੀ ਕਿ ਨਹੀਂ ਕਿ ਮੈਂ ਕੁਝ ਆਪਣੇ ਰੁਝੇਵਿਆਂ (ਜਵਾਂ ਫਾਲਤੂ ਰੁਝੇਵਿਆਂ) ਕਾਰਨ ਦੋਹੇਂ ਪਾਸੇ ਲਾਰੇ ਜਹੇ ਲਾਉਂਦਾ ਰਿਹਾ। ਫੇਰ ਕੁਝ ਦਿਨ ਪਹਿਲਾਂ ਵੀਰ ਜੀ ਨੇ ਫੇਰ ਯਾਦ ਦਿਵਾਇਆ ਕਿ ਜਗਦੀਪ ਬਾਹਰਲਿਆਂ ਦੀ ਕੁਝ ਜਾਨ ਖਾ ਬਾਬਾ, ਜੇ ਉਹ ਏਸ ਪਰਿਵਾਰ ਦੀ ਮਦਦ ਕਰ ਦੇਣ ਤਾਂ। ਬਾਹਰਲੇ-ਬੂਹਰਲੇ ਨੂੰ ਤਾਂ ਮੈਂ ਕਿਸੇ ਨੂੰ ਨਹੀਂ ਕਿਹਾ, ਪਰ ਦੂਜੇ ਪਰਿਵਾਰ (ਜਿਹੜਾ ਮਦਦ ਕਰਨ ਦਾ ਚਾਹਵਾਨ ਸੀ) ਨਾਲ ਗੱਲ ਜਰੂਰ ਤੋਰੀ।
…ਤੇ ਉਹ ਤਾਂ ਜਿਵੇਂ ਪਹਿਲਾਂ ਹੀ ਪੱਬਾਂ ਭਾਰ ਹੋਏ ਬੈਠੇ ਸਨ। “ਕਿੱਦੇਂ ਚੱਲਣੈ ਬੇਟੇ…” ਉਹਨਾਂ ਦਾ ਹਾਂ ਪੱਖੀ ਜਵਾਬ ਸੀ। ਸੋ ਅਸੀਂ ਗਹਿਰੀ ਨੂੰ ਚੱਲ ਪਏ। ਰਸਤੇ ਵਿਚ ਬਾਜੇਖਾਨੇ ਤੋਂ ਇਕ ਸਿੰਘ ਨੂੰ ਨਾਲ ਲੈ ਲਿਆ, ਜਿਹੜਾ ਕਦੇ ਸ਼ਹੀਦ ਭਾਈ ਲਛਮਣ ਸਿੰਘ ਦਾ ਸਾਥੀ ਰਿਹਾ ਸੀ ਤੇ ਉਸ ਪਰਿਵਾਰ ਦਾ ਵੀ ਜਾਣੂ ਸੀ।
ਪੰਜਾਬ ਦੇ ਪੰਜਵੇਂ ਸਭ ਤੋਂ ‘ਵਿਕਸਿਤ’ ਸ਼ਹਿਰ ਬਠਿੰਡੇ ਵਿਚ ਦੀ ਅਸੀਂ ਜਾਣਾ ਸੀ। ਗੋਨੇਆਣਾ ਟੱਪ ਕੇ ਸਾਨੂੰ ਉਹੀ ਚਾਰ ਵੱਡੇ-ਵੱਡੇ ਦੈਂਤ ਦਿਖਾਈ ਦਿੱਤੇ, ਜਿਹਨਾਂ ਬਾਰੇ ਬਾਪੂ ਜਸਵੰਤ ਸਿੰਘ ਕੰਵਲ ਕਹਿੰਦਾ ਹੁੰਦਾ ਸੀ ਕਿ ਸੈਂਟਰ ਵਿਚ ਬੈਠਾ ਬਾਹਮਣ ਬਹੁਤ ਸਿਆਣੈ, ਉਸ ਨੇ ਮੁਫਤ ਵਾਂਗ ਪੈਦਾ ਹੁੰਦੀ ਸਾਰੀ ਬਿਜਲੀ ਆਪ ਸਾਂਭ ਲਈ ਤੇ ਸਾਡੇ ਮੱਥੇ ਮਾਰੇ ਆਹ ਕੋਲੇ ਨਾਲ ਚੱਲਣ ਵਾਲੇ ਰਾਕਸ਼ਸ਼। ਜਿੱਦੇਂ ਸੈਂਟਰ ਨੇ ਕੋਲਾ ਦੇਣਾ ਬੰਦ ਕਰ ਦਿੱਤਾ ਓਦੇਂ ਇਹ ਚਿੱਟੇ ਹਾਥੀਆਂ ਤੋਂ ਵਧ ਕੁਝ ਸਾਬਤ ਨਹੀਂ ਹੋਣੇ। ਥਰਮਲ ਟੱਪ ਕੇ ਮੈਂ ਬਠਿੰਡੇ ਦੀ ਚਕਾਚੌਂਧ ਵੇਖ ਕੇ ਹੈਰਾਨ ਜਿਹਾ ਹੋ ਗਿਆ। ਵੱਡੇ-ਵੱਡੇ ਮਾਲ, ਸ਼ਾਪਿੰਗ-ਕੰਪਲੈਕਸ ਤੇ ਪੁਲਾਂ ਨੇ ਸ਼ਹਿਰ ਨੂੰ ਚੁਫੇਰਿਓ ਘੇਰ ਰੱਖਿਆ ਹੈ। ਪਹਿਲੀ ਨਜ਼ਰੇ ਤਾਂ ਇਹ ਕਿਸੇ ਵਿਕਸਿਤ ਦੇਸ਼ ਦਾ ਭੁਲੇਖਾ ਪਾਉਂਦਾ ਹੈ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਤੇ ਉਹ ਉਹਨਾਂ ਨੂੰ ਹੀ ਦਿਸਦੀ ਹੈ ਜਿਹੜੇ ਜ਼ਮੀਨ ’ਤੇ ਤੁਰਦੇ ਨੇ। ਸਾਡੇ ਵਰਗੇ ਜਿਹੜੇ ਪੁਲਾਂ ਉੱਤੋਂ ਦੀ ਲੰਘ ਜਾਂਦੇ ਨੇ ਉਹਨਾਂ ਨੂੰ ਪੁਲਾਂ ਹੇਠ ਭੁੱਖ ਨਾਲ ਵਿਲਕਦੇ ਬਾਲ ਦਿਖਾਈ ਨਹੀਂ ਦਿੰਦੇ, ਉਹ ਬਾਲ ਜਿਹਨਾਂ ਦੇ ਮਾਪੇ ਸਾਡੇ ਲਈ ਕੋਈ ਨਵਾਂ ਪੁਲ ਬਣਾਉਣ ਗਏ ਹੁੰਦੇ ਨੇ… ਖ਼ੈਰ ਏਧਰ ਕਾਹਨੂੰ ਜਾਣੈ……।
ਪੀਜ਼ਿਆਂ ਦੀ ਇਕ ਦੁਕਾਨ ਦੇ ਬਾਹਰ ਲੱਗੀ ਭੀੜ ਨੂੰ ਵੇਖ ਕੇ ਇਕ ਵਾਰ ਵੀ ਮੇਰੇ ਮਨ ਵਿਚ ਨਹੀਂ ਆਇਆ ਕਿ ਜਿਹੜੀ ਮਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਸਨੇ ਦੋ ਦਿਨਾਂ ਤੋਂ ਰੋਟੀ ਨਹੀਂ ਖਾਧੀ ਹੋਣੀ। ਸੰਗਤ ਕੈਂਚੀਆਂ ਟੱਪ ਕੇ ਅਸੀਂ ਗਹਿਰੀ ਪਹੁੰਚ ਗਏ। ਪਿੰਡ ਦੇ ਦੋ ਸਿੰਘ ਸਾਨੂੰ ਭਾਈ ਸਾਹਿਬ ਦੇ ਘਰ ਛੱਡਣ ਗਏ। ਭੀੜੀ ਜਹੀ ਬੀਹ ਵਿਚ ਇਕ ਢੱਠੇ ਜਹੇ ਘਰ ਦੇ ਬਾਹਰ ਉਹਨਾਂ ਸਿੰਘਾਂ ਨੇ ਆਪਣਾ ਮੋਟਰ ਸਾਈਕਲ ਰੋਕ ਦਿੱਤਾ। ਮੈਂ ਮਨ ਹੀ ਮਨ ਸੋਚਿਆ ਕਿ ਸ਼ਾਇਦ ਏਦੂਂ ਅੱਗੇ ਗੱਡੀ ਨਹੀਂ ਜਾ ਸਕਦੀ, ਏਸ ਲਈ ਉਹ ਏਥੇ ਰੁਕ ਗਏ ਹੋਣਗੇ, ਏਦੂਂ ਅੱਗੇ ਸ਼ਾਇਦ ਤੁਰ ਕੇ ਜਾਣਾ ਪਵੇਗਾ। ਪਰ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਸਿੰਘਾਂ ਨੇ ਕਿਹਾ, “ਇਹ ਐ ਜੀ ਲਛਮਣ ਸਿਹੁੰ ਦਾ ਘਰ…”। 'ਇਹ ਘਰ ਕਿਵੇਂ ਹੋ ਸਕਦਾ ਹੈ, ਇਸ ਨੂੰ ਇਹ ਘਰ ਕਹਿ ਵੀ ਕਿਵੇਂ ਸਕਦੇ ਨੇ, ਘਰ ਵਿਚ ਸਿਰ ਲਕੋਣ ਨੂੰ ਥਾਂ ਤਾਂ ਹੁੰਦੀ ਐ, ਪਰ ਏਥੇ ਤਾਂ……। 'ਅੰਦਰ ਇਕ ਮਾਈ, ਜਿਹੜੀ ਆਪਣੀ ਉਮਰ ਨਾਲੋਂ ਕਿਤੇ ਵਧ ਬੁੱਢੀ ਲੱਗਦੀ ਸੀ, ਮੰਜੇ ’ਤੇ ਢਿੱਡ ਜਿਹਾ ਫੜ੍ਹੀ ਬੈਠੀ ਸੀ।
“ਔਹ ਐ ਜੀ ਯੋਧੇ ਦੀ ਮਾਤਾ…”
“ਉਏ ਹੋਏ…” ਮੇਰੇ ਅੰਦਰੋਂ ਆਵਾਜ਼ ਜਹੀ ਆਈ ਤੇ ਮੈਂ ਗੱਡੀ ਲੌਕ ਕਰਨ ਦੇ ਬਹਾਨੇ ਬਾਹਰ ਨਿਕਲ ਆਇਆ। ਥੋੜੇ ਚਿਰ ਪਿੱਛੋਂ ਮਨ ਜਿਹਾ ਕਰੜਾ ਕਰਕੇ ਫੇਰ ਅੰਦਰ ਗਿਆ ਤਾਂ ਸਾਡੇ ਨਾਲ ਗਈ ਇਕ ਮਾਤਾ ਬੇਬੇ ਨੂੰ ਗਲਵੱਕੜੀ ਪਾਈ ਖੜ੍ਹੀ ਸੀ। ਬੇਬੇ ਦੀਆਂ ਅੱਖਾਂ ਵਿਚੋਂ ਅੱਥਰੂ ਡਿੱਗ ਰਹੇ ਸਨ। ਪਤਾ ਨਹੀਂ ਆਪਣੇ ਪੁੱਤ ਨੂੰ ਚੇਤੇ ਕਰਕੇ ਤੇ ਪਤਾ ਨਹੀਂ ਉਸ ਨੂੰ ਕਦੇ ਕਿਸੇ ਨੇ ਏਨੇ ਪਿਆਰ ਨਾਲ ਗਲਵੱਕੜੀ ਪਾਈ ਹੀ ਨਹੀਂ ਸੀ।
“ਔਥੋਂ ਮੰਜਾ ਚੱਕ ਕੇ ਡਾਹ ਲਓ…” ਦੋ-ਤਿੰਨ ਵਾਰ ਬੇਬੇ ਬੋਲੀ। ਜਵਾਬ ਤਾਂ ਪਹਿਲੀ ਵਾਰ ਹੀ ਦੇ ਦਿੱਤਾ ਸੀ, ਪਰ ਉਸ ਨੂੰ ਸੁਣਦਾ ਨਾ ਹੋਣ ਕਰਕੇ ਪਤਾ ਨਹੀਂ ਲੱਗਿਆ ਸੀ।
“ਔਥੋਂ ਮੰਜਾ ਚੱਕ ਲੋ… ਡਾਹ ਤਾਂ ਮੈਂ ਵੀ ਦਿੰਦੀ, ਪਰ ਢਿੱਡ ਬਾਹਲਾ ਦੁਖਦਾ ਰਹਿੰਦੈ, ਚੱਕਿਆ ਨ੍ਹੀ ਜਾਂਦਾ…”
“ਕੋਨੀ ਬੇਬੇ ਤੂੰ ਬਹਿ ਜਾ, ਅਸੀਂ ਲੈ ਆਉਣੇ ਆਂ ਮੰਜਾ…” ਸਾਨੂੰ ਘਰੇ ਲਿਆਉਣ ਵਾਲਾ ਇਕ ਸਿੰਘ ਬੋਲਿਆ।
“ਰਾਮ ਨ੍ਹੀ ਮਿਲਿਆ ਰਾਮ… ਥੋਨੂੰ ਵੇਖਣ ਗਿਆ ਸੀ… ਆਉਂਦਾ ਹੋਣੈ…” ਰਾਮ ਬੇਬੇ ਦਾ ਦੂਜਾ ਪੁੱਤ ਸੀ। ਸਾਨੂੰ ਘਰ ਲਿਆਏ ਸਿੰਘ ਉਸਨੂੰ ਦੱਸ ਗਏ ਸਨ ਸਾਡੇ ਬਾਰੇ, ਸੋ ਉਹ ਸਾਨੂੰ ਵੇਖਣ ਗਿਆ ਸੀ। “ਰਾਮ ਕਹਿੰਦਾ ਸੀ ਮੈ ਲ੍ਹਾਮ (ਮਾਲਵੇ ਵਿਚ ਜਦ ਕਿਤੇ ਵੀ ਬਾਹਰ ਜਾਣਾ ਹੋਵੇ ਤਾਂ ਉਸਨੂੰ ਲ੍ਹਾਮ ਕਹਿੰਦੇ ਨੇ) ਜਾਣੈ, ਮੈਂ ਤਾਂ ਜਾਣ ਨ੍ਹੀ ਦਿੱਤਾ, ਦੂਜਾ (ਭਾਈ ਲਛਮਣ ਸਿੰਘ) ਵੀ ਆਈਂ ਕਹਿ ਕੇ ਗਿਆ ਸੀ ਤੇ ਅੱਜ ਤਾਈਂ ਨ੍ਹੀ ਮੁੜਿਆ… ਪਤਾ ਨਹੀਂ ਕਿਹੜੇ ਪੁੱਠੇ ਰਾਹ ਪੈ ਗਿਆ…”।
ਮੇਰਾ ਜੀਅ ਕੀਤਾ ਕਿ ਮਾਂ ਨੂੰ ਕਹਾਂ ਕਿ ਮਾਂ ਉਹ ਤਾਂ ਸਿੱਧੇ ਰਾਹ ਹੀ ਪਿਆ ਸੀ, ਪੁੱਠੇ ਰਾਹ ਤਾਂ ਓਦੂਂ ਪਿੱਛੋਂ ਪੰਥ ਪੈ ਗਿਆ। ਜਿਹੜਾ ਮੌਕਾ ਪ੍ਰਸਤ ਲੀਡਰਾਂ ਦੇ ਮਗਰ ਲੱਗ ਕੇ ਉਹਨਾਂ ਸੂਰਮਿਆਂ ਨੂੰ ਅੱਤਵਾਦੀ ਕਹਿਣ ਲੱਗ ਪਿਆ ਤੇ ਭੁੱਖੇ ਮਰਦੇ ਪਰਿਵਾਰਾਂ ਦੀ ਸਾਰ ਨਹੀਂ ਲਈ। ਏਨੇ ਨੂੰ ਬਾਈ ਰਾਮ ਵੀ ਆ ਗਿਆ। ਘਸਮੈਲਾ ਜਿਹਾ ਕੁੜਤਾ-ਪਜਾਮਾਂ, ਜਿਹੜਾ ਸ਼ਾਇਦ ਕਦੇ ਚਿੱਟਾ ਹੋਵੇਗਾ, ਸਿਰ ’ਤੇ ਕਾਲਾ ਪਰਨਾ ਤੇ ਕਾਲੀ ਜਹੀ ਜਾਕਟ ਪਾਈ। ਉਹ ਸਭ ਨੂੰ ਬੜੇ ਸਤਿਕਾਰ ਨਾਲ ਮਿਲਿਆ।
“ਰਾਮ, ਬਾਈ (ਲਛਮਣ ਸਿੰਘ) ਦੀਆਂ ਫੋਟੋਆਂ ਲਿਆਈਂ ਕੱਢ ਕੇ…” ਵੀਰ ਜੀ ਨੇ ਬਾਈ ਰਾਮ ਨੂੰ ਕਿਹਾ।
“ਲਿਆਉਣਾ ਜੀ” ਕਹਿ ਕੇ ਉਹ ਇਕ ਟੁੱਟੀ ਜਹੀ ਢੂੰਘੀ ਬੈਠਕ, ਜਿਹੜੀ ਸ਼ਾਇਦ ਕਦੇ ਰਸੋਈ ਹੋਵੇ, ਵਿਚ ਵੜ੍ਹ ਗਿਆ। ਬਾਹਰ ਆਉਂਦੇ ਦੇ ਉਹਦੇ ਹਥ ’ਚ ਸ਼ਹੀਦ ਭਾਈ ਲਛਮਣ ਸਿੰਘ ਦੀ ਫੋਟੋ ਸੀ। ਸਾਡੇ ਸਾਰਿਆਂ ਦੇ ਹੱਥਾਂ ’ਚੋਂ ਲੰਘਦੀ ਉਹ ਫੋਟੋ ਬੇਬੇ ਦੇ ਹਥ ਵਿਚ ਚਲੀ ਗਈ, “ਬਲਾਂ ਸੋਹਣਾ ਸੀ ਮੇਰਾ ਪੁੱਤ, ਚੰਦਰਿਆਂ ਨੇ ਜਿਊਂਦੇ ਨੂੰ ਸਾੜਤਾ…” ਭਾਈ ਲਛਮਣ ਸਿੰਘ ਤੇ ਉਹਨਾਂ ਦੇ ਤਿੰਨ ਹੋਰ ਸਾਥੀਆਂ ਨੂੰ ਪੁਲਸ ਨੇ ਇਕ ਘਰ ਵਿਚ ਘੇਰਾ ਪਾ ਕੇ ਘਰ ਨੂੰ ਹੀ ਅੱਗ ਲਗਾ ਦਿੱਤੀ ਸੀ।
“ਬਾਹਲਾ ਸੋਹਣਾ ਸੀ, ਮੈਂ ਆਖਣਾ ਬੀ ਓਹਦੇ ਵਾਸਤੇ ਬਾਹਲੀ ਸੋਹਣੀ ਬਹੂ ਲਿਆਊਂ, ਪਰ…” ਮਾਤਾ ਚੁੱਪ ਕਰ ਗਈ, “ਪਰ ਉਹ ਤਾਂ ਕੋਈ ਹੋਰ ਬਹੂ ਵਿਆਹੁਣ ਤੁਰ ਗਿਆ” ਸ਼ਾਇਦ ਜੇ ਮਾਤਾ ਬੋਲਦੀ ਤਾਂ ਇਹੀ ਕਹਿੰਦੀ।
“ਬਾਈ ਰਾਮ ਹੋਰ ਨ੍ਹੀ ਕੋਈ ਸਮਾਨ ਹੈਗਾ ਬਾਈ ਦਾ…?” ਵੀਰ ਜੀ ਨੇ ਬਾਈ ਰਾਮ ਨੂੰ ਫੇਰ ਪੁੱਛਿਆ ਤੇ ਬਾਈ ਫੇਰ ਉਸੇ ਰਸੋਈ-ਨੁਮਾਂ ਬੈਠਕ ਜਹੀ ਵਿਚ ਚਲਾ ਗਿਆ। ਐਤਕੀ ਉਸ ਨੇ ਕਾਫੀ ਚਿਰ ਲਗਾਇਆ। ਅਸਲ ਵਿਚ ਸਮਾਨ ਬੇਬੇ ਦੇ ਸੰਦੂਕ ਵਿਚ ਸੀ ਤੇ ਅੰਦਰ ਹਨੇਰਾ ਹੋਣ ਕਰਕੇ ਲੱਭਣਾ ਔਖਾ ਸੀ। ਪਰ ਬਾਈ ਮਿਹਨਤ ਕਰਕੇ ਲੱਭ ਈ ਲਿਆਇਆ। ਐਤਕੀਂ ਓਹਦੇ ਇਕ ਹਥ ਵਿਚ ਲਿਫਾਫਾ ਤੇ ਦੂਜੇ ਹਥ ਵਿਚ ਬੂਟ ਸਨ। ਬੂਟ ਜੋ ਭਾਈ ਲਛਮਣ ਸਿੰਗ ਦੇ ਸਨ ਵੀਰ ਜੀ ਨੇ ਫੜ੍ਹ ਲਏ ਤੇ ਲਿਫਾਫਾ ਬਾਈ ਨੇ ਮੈਨੂੰ ਫੜ੍ਹਾ ਦਿੱਤਾ। ਲਿਫਾਫੇ ਵਿਚ ਕੁਝ ਕਾਗਜ਼ ਸਨ। ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਰਿਵਾਰ ਨੇ ਜੋ ਕੇਸ ਲਾਇਆ ਸੀ ਜਿਆਦਾਤਰ ਕਾਗਜ਼ ਉਸੇ ਨਾਲ ਸਬੰਧਤ ਸਨ… ਤੇ ਇਕ ਫੋਟੋ ਸਟੇਟ ਸੀ। ਇਹ ਭਾਈ ਲਛਮਣ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਭੋਗ ਨਮਿਤ ਅਜੀਤ ਵਿਚ ਛਪਿਆ ਇਸ਼ਤਿਹਾਰ ਸੀ ਤੇ ਛਪਵਾਉਣ ਵਾਲੇ ਸਨ, ‘ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ’ ਤੇ ‘ਭਾਈ ਸਤਨਾਮ ਸਿੰਘ ਛੀਨਾ’।
“ਬਾਈ ਆਹ ਫੋਟੋ ਹੈਨੀ ਬਾਈ ਦੀ ਥੋਡੇ ਕੋਲ?” ਇਸ਼ਤਿਹਾਰ ’ਤੇ ਭਾਈ ਸਾਹਿਬ ਦੀ ਕੋਈ ਹੋਰ ਫੋਟੋ ਲੱਗੀ ਹੋਈ ਸੀ।
“ਨਹੀਂ ਬਾਈ ਜੀ, ਸਾਨੂੰ ਤਾਂ ਆਹ ਫੋਟੋ ਵੀ ਭੈਣ ਤੋਂ ਮਿਲੀ ਐ… ਓਹਨੇ ਓਦੋਂ ਇਹ ਫੋਟੋ ਕੁੱਜੇ ਵਿਚ ਪਾ ਕੇ ਮਿੱਟੀ ’ਚ ਨੱਪਤੀ ਸੀ, ਨਹੀਂ ਤਾਂ ਇਹ ਵੀ ਕਾਹਨੂੰ ਮਿਲਣੀ ਸੀ”।
ਮੈਂ ਸੋਚਿਆ ਕਿ ਇਹ ਭੈਣ ਦਾ ਪਿਆਰ ਈ ਸੀ ਆਪਣੇ ਵੀਰ ਨਾਲ, ਜੀਹਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਵੀ ਫੋਟੋ ਸਾਂਭ ਕੇ ਰੱਖੀ। ਨਹੀਂ ਤਾਂ ਉਸ ਵੇਲੇ ਤਾਂ ਜੇ ਕਿਸੇ ਕੋਲੋਂ ਕਿਸੇ ਖਾੜਕੂ ਦੀ ਫੋਟੋ ਵੀ ਨਿਕਲ ਆਉਂਦੀ ਸੀ ਤਾਂ ਪੁਲਸ ਤਾਂ ਓਹਦਾ ਵੀ ਘਾਣ ਬੱਚਾ ਪੀੜ ਦਿੰਦੀ ਸੀ। ਇਹ ਭੈਣ ਈ ਸੀ ਜੀਹਨੇ ਆਵਦੇ ਵੀਰ ਦੀ ਫੋਟੋ ਵੀ ਜਾਨੋਂ ਪਿਆਰੀ ਸਮਝੀ, ਕੋਈ ਹੋਰ ਹੁੰਦਾ ਤਾਂ ਸ਼ਾਇਦ ਚੁੱਲੇ ਵਿਚ ਸਾੜ੍ਹ ਦਿੰਦਾ।
“ਬੇਬੇ ਤੇਰੇ ਜਵਾਈ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਨਾਂ ਕੀ ਸੀ?...” ਪਰ ਬੇਬੇ ਚੁੱਪ ਬੈਠੀ ਰਹੀ… ਤੇ ਫੇਰ ਇਕ-ਦਮ ਬੋਲੀ, “ਚਾਹ ਨ੍ਹੀ ਪੀਂਦੇ ਤੁਸੀਂ ਚਾਹ…?” ਸਾਡਾ ਨਾਂਹ ਵਿਚ ਹਿੱਲਦਾ ਸਿਰ ਵੇਖ ਕੇ ਉਹ ਬੋਲੀ, “ਕੋਨੀ ਭਾਂਡੇ ਚੱਜ ਨਾਲ ਮਾਂਜ ਸਵਾਰ ਲਾਂਗੇ…” ਹੁਣ ਅਸੀਂ ਕੀ ਬੋਲਦੇ, ਸਾਡੇ ਨਾਲ ਗਈਆਂ ਬੀਬੀਆਂ ਦਾ ਰੋਣ ਨਿਕਲ ਗਿਆ। ਮਾਤਾ ਫੇਰ ਆਪ ਈ ਬੋਲੀ, “ਆਹੋ ਭਾਈ ਆਂਹਦੇ ਹੁੰਦੇ ਐ ਖਾਲਸੇ ਚਾਹ ਨ੍ਹੀ ਪੀਂਦੇ… ਲਛਮਣ ਸਿਹੁੰ ਨੇ ਬੀ ਜਦੋਂ ਗਾਤਰਾ ਛਕ ਲਿਆ ਸੀ ਤਾਂ ਉਹ ਵੀ ਚਾਹ ਪੀਣੋ ਹਟ ਗਿਆ ਸੀ… ਮੇਰੇ ਤਾਂ ਦਿਲ ਨੂੰ ਓਦੋਂ ਈ ਧੁੜਕੂ ਜਿਹਾ ਲਗ ਗਿਆ ਸੀ… ਸਰਕਾਰ ਤਾਂ ਓਦੋਂ ਗਾਤਰਿਆਂ ਆਲੇ ਮੁੰਡਿਆਂ ਨੂੰ ਵੇਖ ਨ੍ਹੀ ਜਰਦੀ ਸੀ… ਮੈਨੂੰ ਤਾਂ ਬਲਾਂ ਡਰ ਲੱਗਿਆ ਕਰਨਾ ਬੀ ਰੱਬਾ ਕਿਤੇ ਕੋਈ ਜਾਹ ਜਾਂਦੀ ਨਾ ਹੋਜੇ… ਪਰ ਲਛਮਣ ਨੇ ਮੈਨੂੰ ਧੀਰਜ ਧਰਾਉਣਾ… ਮੈਂ ਕਹਿਣਾ ਪੁੱਤ ਘਰ ਮੁੜ ਆ ਲਛਮਣਾ… ਪਰ ਓਹਨੇ ਸਦਾ ਇਹੀ ਕਹਿਣਾ ‘ਤੂੰ ਡਰਿਆ ਨਾ ਕਰ ਬੇਬੇ, ਗੁਰੁ ਸਾਡੇ ਨਾਲ ਐ, ਹੁਣ ਤਾਂ ਜਿੱਤ ਕੇ ਈ ਮੁੜਾਂਗੇ… ਵੇਖਲੋ ਅਜੇ ਤਾਈਂ ਨ੍ਹੀ ਮੁੜਿਆ, ਮੈਨੂੰ ਲੱਗਦੈ ਅਜੇ ਜਿੱਤੇ ਈ ਨ੍ਹੀ ਹੋਣੇ…” ਮੈਨੂੰ ਕਈ ਵਾਰ ਲੱਗਿਆ ਕਿ ਬੇਬੇ ਨੂੰ ਅਜੇ ਵੀ ਲਛਮਣ ਸਿਹੁੰ ਦੇ ਮੁੜ ਆਉਣ ਦੀ ਆਸ ਹੈ। ਉਸਨੇ ਫੇਰ ਬੋਲਣਾ ਸ਼ੁਰੂ ਕੀਤਾ, “ਕੇਰਾਂ ਕੋਈ ਭਾਈ ਗੁਰਦਾਰੇ ਆਲੇ ਸਪੀਕਰ ’ਚ ਬੋਲੀ ਜਾਏ, ਅਖੇ ਸੂਰਮਾਂ ਸੀ ਲਛਮਣ ਸਿਹੁੰ ਤਾਂ… ਮੈਂ ਪੁੱਛਦੀਂ ਐਂ ਬੀ ਸੂਰਮਾਂ ਸਾਡੇ ਗਰੀਬਾਂ ਦੇ ਕਾਹਨੂੰ ਜੰਮਿਆਂ, ਕਿਸੇ ਸਰਦੇ-ਪੁੱਜਦਿਆਂ ਦੇ ਜੰਮਦਾ। ਅਸੀਂ ਤਾਂ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ। ਧੀਆਂ ਅੱਲੋਂ ਤਾਂ ਮੈਂ ਔਖੀ। ਕਿੰਨਾ ਚਿਰ ਵਿਚਾਰੇ ਰਾਮ ਨੂੰ ਸੀਖਾਂ ਪਿੱਛੇ ਤਾੜੀ ਰੱਖਿਆ ਪੁਲਸ ਨੇ, ਤੁਰਿਆ ਏਹਤੋਂ ਨ੍ਹੀ ਜਾਂਦਾ ਸੀ ਜਦੋਂ ਛੁੱਟ ਕੇ ਆਇਐ…ਮੈਂ ਤਾਂ ਆਹਣੀ ਐਂ ਬੀ ਰੱਬਾ ਅੱਗੇ ਤੋਂ ਕਿਸੇ ਗਰੀਬ ਦੇ ਘਰੇ ਸੂਰਮਾਂ ਨਾ ਜੰਮੇ…”
“ਤੂੰ ਚੁੱਪ ਕਰਜਾ ਹੁਣ, ਆਪ ਈ ਬੋਲੀ ਜਾਂਦੀ ਐ, ਕਿਸੇ ਦੀ ਨ੍ਹੀ ਸੁਣਦੀ ਕੋਈ…” ਬਾਈ ਰਾਮ ਥੋੜਾ ਖਿਝ ਕੇ ਬੇਬੇ ਨੂੰ ਬੋਲਿਆ।
“ਕੋਨੀ ਬਾਈ ਰੋ ਲੈਣ ਦੇ ਦੁੱਖੜੇ…” ਵੀਰ ਜੀ ਨੇ ਰਾਮ ਨੂੰ ਕਿਹਾ, ਪਰ ਬੇਬੇ ਰਾਮ ਦੇ ਮੂੰਹ ਜਹੇ ਵਲ ਦੇਖ ਕੇ ਚੁੱਪ ਕਰ ਗਈ।
“ਰਾਮ ਤੈਨੂੰ ਕਿਹੜੇ ਥਾਣੇ ਆਲੇ ਲਗਏ ਸੀ ਬਾਈ”
“ਮੈਨੂੰ ਬਾਈ ਜੀ ਫਰੀਦਕੋਟ ਵੀ ਰੱਖਿਐ ਸੀ.ਆਈ.ਏ. ਸਟਾਫ ਤੇ ਬਠਿੰਡੇ ਵੀ… ਮੇਰੇ ਤਾਂ ਬਾਈ ਜੀ ਐਡੀ-ਐਡੀ ਲੰਮੀ ਦਾਹੜੀ ਹੁੰਦੀ ਸੀ (ਆਪਣੇ ਢਿੱਡ ’ਤੇ ਹਥ ਲਾ ਕੇ ਰਾਮ ਬੋਲਿਆ) ਬਸ ਕੀ ਕਰੀਏ ਮਜਬੂਰੀਆਂ…” ਰਾਮ ਤੋਂ ਗਾਹਾਂ ਬੋਲਿਆ ਨਾ ਗਿਆ।
“ਅਸੀਂ ਥੋਡੀਆਂ ਦਾਹੜੀਆਂ ਪਰਖਣ ਨ੍ਹੀ ਆਏ ਬਾਈ, ਤੂੰ ਐਹੋ ਜੀ ਗੱਲ ਨਾ ਕਰ, ਏਨਾ ਕੁਝ ਵਾਪਰ ਜਾਣ ਤੋਂ ਬਾਅਦ ਵੀ ਤੁਸੀਂ ਅਜੇ ਤੁਰੇ ਫਿਰਦੇ ਓਂ ਇਹੀ ਥੋਡਾ ਬਹੁਤ ਵੱਡਾ ਹੌਸਲੈ… ਕੋਈ ਆਮ ਬੰਦਾ ਨ੍ਹੀ ਸਹਾਰ ਸਕਦਾ ਏਨਾ ਜ਼ੁਲਮ” ਵੀਰ ਜੀ ਬੋਲੇ।
ਮੈਨੂੰ ਬਾਈ ਰਾਮ ਦੀ ਦਾਹੜੀ ਵਾਲੀ ਗੱਲ ਤੋਂ ਇਕ ਘਟਨਾ ਉਥੇ ਹੀ ਚੇਤੇ ਆਈ। ਜੱਥੇ ਦੇ ਕੁਝ ਸਿੰਘ ਕੇਰਾ ਕਿਸੇ ਬਾਹਰਲੇ ਦੇਸ਼ੋਂ ਬਾਈ ਕਰਮਜੀਤ ਹੋਰਾਂ ਦੇ ਘਰ ਆਏ। ਕਾਫੀ ਚਿਰ ਬੈਠੇ ਗੱਲਾਂ ਕਰਦੇ ਰਹੇ। ਏਨੇ ਨੂੰ ਬਾਈ ਕਰਮਜੀਤ ਦੀ ਸਿੰਘਣੀ ਉਹਨਾਂ ਲਈ ਦੱਧ ਲੈ ਕੇ ਆਈ। ਉਹ ਸਾਰੇ ਸਿੰਘ ਦੁੱਧ ਚੱਕਣ ਤੋਂ ਝਿਪਣ ਜਹੇ ਲੱਗ ਪਏ। ਜਦੋਂ ਭੈਣ ਜੀ ਦੁੱਧ ਰੱਖ ਕੇ ਚਲੇ ਗਏ ਤਾਂ ਵੀਰ ਜੀ ਨੇ ਉਹਨਾਂ ਨੂੰ ਫੇਰ ਕਿਹਾ, “ਲਓ ਭਾਈ ਸਾਹਿਬ ਦੁਧ ਛਕੋ…”
“ਵੀਰ ਜੀ ਭੈਣ ਜੀ ਹੋਰਾਂ ਅੰਮ੍ਰਿਤਪਾਨ ਨਹੀਂ ਕੀਤਾ… ਭੈਣ ਜੀ ਕੇਸਕੀ ਨਹੀਂ ਕਰਦੇ…?” ਉਹਨਾਂ ’ਚੋਂ ਇਕ ਸਿੰਘ ਬੋਲਿਆ।
“ਹਾਂ ਜੀ ਵੀਰ ਜੀ ਭੈਣ ਜੀ ਦੀ ਕੇਸਕੀ ਕਿੱਧਰ ਗਈ…?” ਇਕ ਹੋਰ ਸਿੰਘ ਨਾਲ ਦੀ ਨਾਲ ਬੋਲਿਆ।
“…ਕੇਸਕੀ…ਕੇਸਕੀ ਵੀਰ ਜੀ… ਜਦੋਂ ਸਿੰਘਣੀ ਨੂੰ ਪੁਲਸ ਵਾਲਿਆਂ ਨੇ ਕਈ ਦਿਨ ਥਾਣੇ ਵਿਚ ਪੁੱਠੀ ਲਮਕਾਈ ਰੱਖਿਆ, ਉਥੇ ਈ ਕਿਤੇ ਡਿੱਗ ਪਈ… ਕੇਸਕੀ…” ਏਨਾ ਕਹਿ ਕੇ ਵੀਰ ਜੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਤੇ ਉਹ ਲਿਸ਼ਕੇ-ਪੁਸ਼ਕੇ ਸਿੰਘਾਂ ਨੂੰ ਵੀ ਅਕਲ ਜਹੀ ਆ ਗਈ।
ਗ਼ੁਰਬਤ ਨਾਲ ਘੁਲਦੇ ਕਿਸੇ ਸ਼ਹੀਦ ਸਿੰਘ ਘਰ ਜਾ ਕੇ ਅਸੀਂ ਉਹਨਾਂ ਦੇ ਪਰਿਵਾਰ ਦੀ ਸਿਖੀ ਪਰਖਣ ਲੱਗ ਜਾਈਏ ਇਹ ਕਿਥੋਂ ਦੀ ਸਿਆਣਪ ਹੈ।
ਮੇਰਾ ਜੀਅ ਕੀਤਾ ਕਿ ਬਾਈ ਰਾਮ ਨੂੰ ਘੁੱਟ ਕੇ ਜੱਫੀ ਪਾਵਾਂ। ਪਰ ਉਹ ਪਰ੍ਹੇ ਜਹੇ ਹੋ ਗਿਆ। ਸ਼ਾਇਦ ਉਸ ਨੂੰ ਲੱਗਿਆ ਕਿ ਉਸਦੇ ਮਿੱਟੀ ਵਾਲੇ ਲੀੜਿਆਂ ਨਾਲ ਮੇਰਾ ‘ਚਿੱਟਾ ਲਿਸ਼ਕਦਾ’ ਕੁੜਤਾ ਖ਼ਰਾਬ ਨਾ ਹੋ ਜਾਏ। ਉਸ ਵੇਲੇ ਮੈਨੂੰ ਆਪਣੇ ਬਾਹਲੇ ਚਿੱਟੇ ਜਹੇ ਲੀੜਿਆਂ ’ਤੇ ਵੀ ਖਿਝ ਜਹੀ ਆਈ। ਮੈਨੂੰ ਆਏਂ ਲੱਗਿਆ ਕਿ ਜਿਵੇਂ ਮੇਰਾ ਚਿੱਟਾ ਕੁੜਤਾ ਬਾਈ ਰਾਮ ਦੇ ਕਦੇ ਚਿੱਟੇ ਰਹੇ ਲੀੜਿਆਂ ਨੂੰ ਚਿੜਾ ਰਿਹਾ ਸੀ, ਪਰ ਇਹ ਸ਼ਾਇਦ ਨਹੀਂ ਜਾਣਦਾ ਸੀ ਕਿ ਧੁਰ-ਦਰਗਾਹੀ ਰਾਮ ਦੇ ਮੈਲੇ ਲੀੜੇ ਹੀ ਪ੍ਰਵਾਨ ਹੋਣਗੇ।
ਜਦੋਂ ਸਾਡੇ ਨਾਲ ਗਏ ਪਰਿਵਾਰ ਨੇ ਮਾਤਾ ਨੂੰ ਕੁਝ ਸਹਾਇਤਾ ਦਿੱਤੀ ਤਾਂ ਵੀਰ ਜੀ ਨੇ ਬਾਈ ਰਾਮ ਨੂੰ ਕਿਹਾ, “ਬਾਈ ਰਾਮ ਆਹ ਸੰਗਤ ਦਾ ਦਸਵੰਧ ਐ, ਕਿਸੇ ਚੰਗੇ ਕੰਮ ’ਤੇ ਲਾਈਂ…”
“ਨਹੀਂ ਬਾਈ ਜੀ ਅਸੀਂ ਤਾਂ ਕੁੜੀਆਂ ਨੂੰ ਪੁਚਾ ਦਿਆਂਗੇ ਸਾਰੇ ਪੈਸੇ…” ਰਾਮ ਦਾ ਇਹ ਜਵਾਬ ਸੁਣ ਕੇ ਮੇਰੀ ਫੇਰ ਧਾਹ ਨਿਕਲ ਗਈ। ਹਾਇ ਉਏ ਰੱਬਾ ਘਰੇ ਵਿਚਾਰਿਆਂ ਦੇ ਇਕ ਡੰਗ ਜੋਗਾ ਆਟਾ ਹੈਨੀ ਤੇ ਪੈਸੇ ਅਜੇ ਵੀ ਆਂਹਦਾ ਸਾਰੇ ਕੁੜੀਆਂ ਨੂੰ ਪੁਚਾ ਦਿਆਂਗੇ, “ਧੰਨ ਐਂ ਭਰਾਵਾ ਤੂੰ…” ਮੇਰਾ ਜੀਅ ਕੀਤਾ ਕਿ ਰਾਮ ਨੂੰ ਕਹਾਂ ਪਰ ਮੈਥੋਂ ਪਹਿਲਾਂ ਈ ਵੀਰ ਜੀ ਬੋਲੇ, “ਨਹੀਂ ਬਾਈ ਰਾਮ ਇਹ ਮਾਇਆ ਤੂੰ ਰੱਖੀਂ, ਜੇ ਮਹਾਰਾਜ ਨੇ ਮਿਹਰ ਕੀਤੀ ਤਾਂ ਭੈਣਾ ਨੂੰ ਵੀ ਅਸੀਂ ਮਿਲਾਂਗੇ ਤੇ ਜਿੰਨੀ ਹੋ ਸਕਿਆ ਮਦਦ ਵੀ ਕਰਾਂਗੇ।”
“ਹੁਣ ਤੁਸੀਂ ਜਾਨੇ ਓ…” ਸਾਨੂੰ ਖੜ੍ਹੇ ਹੁੰਦੇ ਵੇਖ ਕੇ ਮਾਤਾ ਬੋਲੀ।
“ਬਾਈ ਜੀ ਚਾਹ ਮੰਗਵਾ ਲੈਣੇ ਆਂ, ਪੰਜ ਮਿੰਟ ਲੱਗਣੇ ਐਂ…” ਜਦੋਂ ਬਾਈ ਰਾਮ ਨੇ ‘ਮੰਗਵਾ ਲੈਣੇ ਆਂ’ ਕਿਹਾ ਤਾਂ ਉਹਨਾਂ ਦੇ ਘਰ ਦੀ ਗ਼ੁਰਬਤ ਜਿਵੇਂ ਸਾਡੇ ਮੂਹਰੇ ਢਾਕਾਂ ’ਤੇ ਹਥ ਧਰ ਕੇ ਖਲੋ ਗਈ ਸੀ।
ਅਰਜਨਟੀਨਾਂ ਦੇ ਪ੍ਰਸਿੱਧ ਇਨਕਲਾਬੀ, ਜਿਹੜਾ ਕਿਊਬਾ ਵਿਚ ਲੜਿਆ ਤੇ ਬੋਲਵੀਆ ਵਿਚ ਸ਼ਹੀਦ ਹੋਇਆ, ਚੀ ਗੁਵੇਰਾ ਨੂੰ ਜਦੋਂ ਇਨਕਲਾਬ ਦੇ ਦੁਸ਼ਮਨ ਅਮਰੀਕਾ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਮਾਰਨ ਤੋਂ ਪਹਿਲਾਂ ਉਸ ਦੇ ਰਾਜ ਜਾਨਣ ਲਈ ਟਾਰਚਰ ਕਰਨ ਲੱਗੇ ਤਾਂ ਦੁਸ਼ਮਨ ਦੇ ਇਕ ਵੱਡੇ ਅਫਸਰ ਨੇ ਕਿਹਾ, “ਸੋਚ ਲੈ ਤੇਰੇ ਪਰਿਵਾਰ ਦਾ ਕੀ ਬਣੇਗਾ…”
ਤਾਂ ਜੋ ਚੀ ਨੇ ਜਵਾਬ ਦਿੱਤਾ ਉਹ ਸ਼ਾਇਦ ਤੁਹਾਨੂੰ ਵੀ ਸੋਚਣ ਲਈ ਮਜਬੂਰ ਕਰ ਦੇਵੇ। ਉਸਨੇ ਕਿਹਾ, “ਮੈਂ ਸਾਰੀ ਉਮਰ ਆਪਣੀ ਕੌਮ ਆਪਣੇ ਲੋਕਾਂ ਲਈ ਲੜਿਆ, ਕੀ ਹੁਣ ਮੇਰੀ ਮੌਤ ਤੋਂ ਬਾਅਦ ਮੇਰੇ ਲੋਕ ਮੇਰੇ ਪਰਿਵਾਰ ਨੂੰ ਵੀ ਨਹੀਂ ਸਾਂਭਣਗੇ…”
ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਕੀ ਸਿਰਫ ਵਿਖਾਵੇ ਵਾਲੇ ਪ੍ਰੋਗਰਾਮਾਂ ’ਤੇ ਲੱਖਾਂ ਖਰਚ ਕਰਨੇ ਨੇ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਵੀ ਲੈਣੀ ਹੈ…?
ਜਗਦੀਪ ਸਿੰਘ ਫਰੀਦਕੋਟ
9815763313

Friday, December 24, 2010

ਮਹਾਨ ਚਿੰਤਕ ਹਰਿੰਦਰ ਮਹਿਬੂਬ

-ਨਵਤੇਜ ਭਾਰਤੀ
ਕਈ ਵਰ੍ਹੇ ਪਹਿਲਾਂ ਦੀ ਗੱਲ ਹੈ। ਦਾਸਤੋਵਸਕੀ ਬਾਰੇ ਬੋਲਦਿਆਂ ਹਰਿੰਦਰ ਮਹਿਬੂਬ ਨੇ ਮੈਨੂੰ ਕਿਹਾ, “ਮੇਰੇ ਮਰਨ ਪਿੱਛੋਂ ਮੇਰੇ ‘ਤੇ ਸੁਹਣਾ ਜਿਹਾ ਲੇਖ ਲਿਖੀਂ।”
“ਸਿਫ਼ਤ ਵਿਚ…?” ਮੈਂ ਪੁੱਛਿਆ।
ਉਹ ਮੇਰੇ ਵੱਲ ਕੁਨੱਖਾ ਝਾਕਿਆ। ਆਪਣੀ ਸਿਫ਼ਤ ਤੋਂ ਉਹ ਸਤਿਆ ਹੋਇਆ ਸੀ ਪਰ ਇਸ ਨਾਲ ਸੁਲ੍ਹਾ ਵੀ ਕੀਤੀ ਹੋਈ ਸੀ। ਉਹਨੂੰ ਸਿਫ਼ਤ ਦੀ ਓਨੀ ਲਾਲਸਾ ਨਹੀਂ ਸੀ, ਜਿੰਨੀ ਲੋੜ ਸੀ। ਇਹਨੂੰ ਉਹ ਲੋਕਾਂ ਦੀ ਸੁਰਤ ਬਦਲਣ ਲਈ ਵਰਤਣਾ ਚਾਹੁੰਦਾ ਸੀ ਪਰ ਸਿਫ਼ਤ ਲੇਖਕ ਦੇ ਆਪਣੇ ਵੱਸ ਨਹੀਂ ਹੁੰਦੀ। ਪਹਿਲਾਂ ਸਿਫ਼ਤੀਆਂ ਦੇ ਹੱਥ ਹੁੰਦੀ ਹੈ ਕਿੰਨੀ ਤੇ ਕਿਹੋ ਜਿਹੀ ਕਰਨੀ ਹੈ। ਫੇਰ ਸਿਫ਼ਤਫ਼ਰੋਸ਼ਾਂ ਦੇ ਹੱਥ ਵਿਚ; ਕਿਵੇਂ ਵੇਚਣੀ-ਵੱਟਣੀ ਤੇ ਸਿਆਸਤ ਕਰਨੀ ਹੈ। ਹਰਿੰਦਰ ਨੂੰ ਤਾਂ ਸੌਦਾ ਕਰਨਾ ਹੀ ਨਹੀਂ ਆਉਂਦਾ ਸੀ। ਆਲੂ-ਗੋਭੀ, ਮਿਰਚ-ਮਸਾਲਾ ਖ਼ਰੀਦਣ ਵੇਲੇ ਵੀ ਹਰਫਲ ਜਾਂਦਾ ਸੀ। ਉਹ ਆਪਣੀ ਸਿਫ਼ਤ ਨੂੰ ਲੋਕ ਭਲੇ ਲਈ ਵਰਤਣ ਵਿਚ ਆਪ ਵਰਤਿਆ ਗਿਆ।
ਇਕ ਵਾਰ ਮੈਂ ਉਹਨੂੰ ਪੁੱਛਿਆ, ਜਿਹੜੇ ਲੋਕ ਪੂਰਨ ਸਿੰਘ ਨੂੰ ‘ਜਾਹਨ ਸਾਈਮਨ ਨੂੰ ਖੁੱਲ੍ਹੀ ਚਿੱਠੀ’ ਲਿਖਣ ਕਰਕੇ ਹੀ ਜਾਣਦੇ ਹਨ, ਉਹ ਉਹਨੂੰ ਕਿੰਨਾ ਕੁ ਜਾਣਦੇ ਹਨ?
“ਆਪਣੀ ਹੋਂਦ ਦੇ ਮਹਾਂ ਸੰਘਰਸ਼ ਵਿਚ ਜੂਝਦੀਆਂ ਕੌਮਾਂ ਕਿਸੇ ਲੇਖਕ ਨੂੰ ਆਪਣੇ ਈ ਤਰਕ ਨਾਲ ਵੇਖਦੀਆਂ ਨੇ,” ਉਹਨੇ ਉਤਰ ਦਿੱਤਾ।
ਮੈਂ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ। ਇਹ ਕੋਈ ਉਤਰ ਨਹੀਂ ਸੀ। ਭਾਰਾ ਜਿਹਾ ਪੱਥਰ ਮੇਰੇ ਵੱਲ ਵਗ੍ਹਾ ਮਾਰਿਆ ਸੀ। ਪਹਿਲੀ ਵਾਰ ਉਹ ਇੰਨਾ ਵਿੰਗ-ਤੜਿੰਗਾ ਹੋ ਕੇ ਬੋਲਿਆ ਸੀ। ਉਹ ਤਾਂ ਸਿੱਧੀ ਗੱਲ ਕਰਨ ਵਾਲਾ ਬੰਦਾ ਸੀ। ਜੋ ਜੀਅ ਆਉਂਦਾ, ਕਹਿ ਦਿੰਦਾ ਸੀ। ਲਗਮਾਤਰ, ਕੰਨਾ, ਸਿਹਾਰੀ, ਬਿਹਾਰੀ ਨਹੀਂ ਸੀ ਲਾਉਂਦਾ। ਮੈਨੂੰ ਯਾਦ ਹੈ ਕਿ ਇਕ ਦਿਨ ਭੂਤਵਾੜੇ ਵਿਚ ਮਾਓ ਦੀਆਂ ਕਵਿਤਾਵਾਂ ਅਨੁਵਾਦ ਕਰਦਾ-ਕਰਦਾ ਉਹ ਮੰਜੀ ‘ਤੇ ਲੇਟ ਗਿਆ। ਅੱਖਾਂ ਮੀਚ ਲਈਆਂ, ਕਹਿੰਦਾ, “ਆਲਸ ਵੀ ਕੋਈ ਦੈਵੀ ਅਵਸਥਾ ਐ। ਇਸੇ ਵਿਚੋਂ ਕਲਾ ਪੈਦਾ ਹੁੰਦੀ ਐ।” ਮੈਂ ਕਿਹਾ, “ਕਵੀ ਜੀ, ਇਨਕਲਾਬ ਪਿੱਛੋਂ ਆਲਸੀਆਂ ਲਈ ਕੋਈ ਥਾਂ ਨਹੀਂ ਹੋਣੀ।”
“ਇਹ ਟੈਰੇ ਦਾ ਇਨਕਲਾਬ ਐ ਫੇਰ। ਇਹੋ ਜਿਹਾ ਇਨਕਲਾਬ ਕੋਈ ਦਾਸਤੋਵਸਕੀ ਪੈਦਾ ਨਹੀਂ ਕਰ ਸਕਦਾ,” ਉਹ ਮੰਜੀ ਤੋਂ ਉਠ ਖੜ੍ਹਾ ਹੋਇਆ। ਹੱਥ ਵਿਚ ਮਾਓ, ਹੋਂਠਾਂ ‘ਤੇ ਗ਼ਾਲਿਬ, ਉਹ ਵਿਹੜੇ ਵਿਚ ਗੇੜੇ ਕੱਢਣ ਲੱਗ ਪਿਆ:
ਦਿਲ ਢੂੰਡਤਾ ਹੈ ਫਿਰ ਵਹੀ ਫ਼ੁਰਸਤ ਕੇ ਰਾਤ ਦਿਨ।
ਬੈਠੇ ਰਹੇਂ ਤਸੱਵਰੁ-ਇ-ਜਾਨਾ ਕਿਏ ਹੂਏ…।
ਪੂਰਨ ਸਿੰਘ ਨੂੰ ਉਹ ਲੂੰ ਲੂੰ ਵਿਚੋਂ ਪਿਆਰ ਕਰਦਾ ਸੀ। ਉਹਨੂੰ ਸਾਈਮਨ ਵਾਲੀ ਚਿੱਠੀ ਲਿਖਣ ਵਾਲੇ ਪੂਰਨ ਸਿੰਘ ਨਾਲ ਮੇਚਣਾ ਉਹ ਸਹਾਰ ਨਹੀਂ ਸਕਦਾ ਸੀ। ਇਹ ਪੂਰਨ ਸਿੰਘ ਦੀ ਸਿਆਸੀ ਵਰਤੋਂ ਸੀ। ਸਿਆਸਤ ਬੰਦੇ ਨੂੰ ਉਨਾ ਕੁ ਵਰਤਦੀ ਹੈ, ਜਿੰਨੀ ਲੋੜ ਹੁੰਦੀ ਹੈ। ਬਾਕੀ ਨੂੰ ਕੱਟ ਕੇ ਸੁੱਟ ਦਿੰਦੀ ਹੈ। ਉਹ ਚੁੱਪ ਸੀ। ਉਹਦੀ ਚੁੱਪ ਵਿਚ ਦੁੱਖ ਸੀ। ਦੁੱਖ ਵਿਚੋਂ ਬਾਹਰ ਕੱਢਣ ਲਈ ਮੈਂ ਬੇਕਿਰਕ ਹੋ ਕੇ ਕਿਹਾ:
“ਹੋ ਸਕਦੈ ਤੈਨੂੰ ਵੀ ਲੋਕ ਏਸੇ ਕਰਕੇ ਹੀ ਜਾਣਨ ਕਿ ਤੂੰ ‘ਨੀਂਦਾਂ ਦਾ ਕਤਲ’ ਤੇ ‘ਸ਼ਹੀਦ ਦਾ ਗ਼ਜ਼ਬ‘ ਕਵਿਤਾ ਜਾਂ ‘ਸਹਿਜੇ ਰਚਿਓ ਖ਼ਾਲਸਾ’ ਦਾ ਲੇਖਕ ਹੈਂ!”
ਹਰਿੰਦਰ ਨੇ ਮੇਰੇ ਵੱਲ ਬਸ ਘੂਰ ਕੇ ਵੇਖਿਆ। ਚੁੱਪ ਰਿਹਾ। ਤੇ ਬਹੁਤ ਦਿਨ ਮੇਰੇ ਨਾਲ ਗ਼ੁੱਸੇ ਰਿਹਾ। ਤੇ ਫੇਰ ਉਸ ਦਿਨ ਦਾਸਤੋਵਸਕੀ ਦੀ ਗੱਲ ਵਿਚ ਮੈਨੂੰ ਕਿਹਾ ਸੀ, ਮੇਰੇ ਮਰਨ ਪਿੱਛੋਂ ਮੇਰੇ ‘ਤੇ ਸੁਹਣਾ ਜਿਹਾ ਲੇਖ ਲਿਖੀਂ।
ਹਰਿੰਦਰ ਚਾਹੁੰਦਾ ਸੀ, ਉਹਨੂੰ ਲੋਕ ਉਹਦੇ ਮਹਾਂ ਕਾਵਿ ਵਿਚੋਂ ਵੇਖਣ। ‘ਸਹਿਜੇ ਰਚਿਓ ਖ਼ਾਲਸਾ‘ ਨੂੰ ਉਹ ‘ਹਿਸਾਬੀ ਦਲੀਲਬਾਜ਼ੀ‘ ਅਤੇ ‘ਝਨਾਂ ਦੀ ਰਾਤ‘ ਨੂੰ ਉਹ ਮਹਾਂ ਕਾਵਿ ਦੀ ਵਰਣਮਾਲਾ ਸਮਝਦਾ ਸੀ। ‘ਝਨਾਂ ਦੀ ਰਾਤ‘ ਦੇ ਮੁਖਬੰਦ ਦੇ ਅੰਤ ਵਿਚ ਉਹ ਕਹਿੰਦਾ ਹੈ:
“ਹੁਣ ਮੇਰਾ ਕਵੀ-ਮਨ ਦਿਸਦੀ ਅਸਲੀਅਤ ਦੀ ਜ਼ਮੀਨ ਉਤੇ ਖਲੋ ਕੇ ‘ਸਹਿਜੇ ਰਚਿਓ ਖ਼ਾਲਸਾ‘ ਵਿਚ ਆਖੀਆਂ ਗੱਲਾਂ ਦੀ ਹੋਰ ਸਫ਼ਾਈ ਦੇਣ ਲਈ ਹਿਸਾਬੀ ਦਲੀਲਾਂ ਵਿਚ ਨਹੀਂ ਪੈਣਾ ਚਾਹੁੰਦਾ, ਮੈਂ ਕਿਸੇ ਲੰਮੀ ਕਾਵਿ ਸਿਰਜਣਾ ਦੇ ਵਿਜੈਈ ਜਲਾਲ ਰਾਹੀਂ ਹੀ ਉਸ ਦੇ ਸੱਚ ਨੂੰ ਸਥਾਪਤ ਕਰਨ ਲਈ ਤ੍ਰਿਖਾਵੰਤ ਹਾਂ। ਇਹ ਕਵਿਤਾਵਾਂ (ਝਨਾਂ ਦੀ ਰਾਤ) ਵਿਚਕਾਰਲਾ ਪੜਾਅ ਹਨ। ਇਹ ਅਗਲੀ ਕਵਿਤਾ ਨੂੰ ਸਮਝਣ ਲਈ ਵਰਣਮਾਲਾ ਹਨ…।”
ਹਰਿੰਦਰ ਇਸ ਵਿਚਕਾਰਲੇ ਪੜਾਅ ਤੋਂ ਲੰਘ ਰਿਹਾ ਸੀ। ਉਸ ਦੇ ਪ੍ਰਸ਼ੰਸਕ ਉਥੇ ਹੀ ਖੜ੍ਹੇ ਸਨ। ਸ਼ਰਧਾਵਾਨਾਂ ਨੂੰ ਸ਼ਰਧਾ ਤੁਰਨ ਨਹੀਂ ਦਿੰਦੀ, ਨਾ ਨੀਤੀਵਾਨਾਂ ਨੂੰ ਨੀਤੀ। ਮੱਥਾ ਤੁਰਦੇ ਪੈਰਾਂ ‘ਤੇ ਨਹੀਂ ਟਿਕਦਾ। ਪੈਰ ਨਾ ਰੁਕਣ ਤਾਂ ਉਨ੍ਹਾਂ ਦੀਆਂ ਖੜਾਵਾਂ ਵਰਤ ਲਈਆਂ ਜਾਂਦੀਆਂ ਹਨ। ਮੈਨੂੰ ਹਰਿੰਦਰ ਨੇ ਦੱਸਿਆ ਸੀ ‘ਇਲਾਹੀ ਨਦਰ ਦੇ ਪੈਂਡੇ‘ ਨਾਲੋਂ ਅਜੇ ਵੀ ‘ਸਹਿਜੇ ਰਚਿਓ ਖ਼ਾਲਸਾ‘ ਅਤੇ ‘ਝਨਾਂ ਦੀ ਰਾਤ‘ ਵਧੇਰੇ ਪੜ੍ਹੀ ਜਾ ਰਹੀ ਹੈ।
ਮੈਂ ਉਸ ਦਾ ਪ੍ਰਸ਼ੰਸਕ ਨਹੀਂ ਸੀ, ਮਿੱਤਰ ਸੀ। ਸਾਡੇ ਵਿਚ ਅਨੇਕਾਂ ਮਤਭੇਦ ਸਨ ਪਰ ਮੈਨੂੰ ਉਹਦੇ ਅੰਦਰ ਆਉਣ-ਜਾਣ ਦੀ ਖੁੱਲ੍ਹ ਸੀ। ਉਹ ਆਪਣੇ ਆਪ ਕੋਲੋਂ ਲੁਕਾਉਣ ਵਾਲੀਆਂ ਗੱਲਾਂ ਵੀ ਮੈਨੂੰ ਦੱਸ ਦਿੰਦਾ ਸੀ ਅਤੇ ਆਪ ਕਈ ਵਾਰ ਭੁੱਲ ਜਾਂਦਾ ਸੀ। ਮੈਂ ਉਹਦੀ ਦੂਜੀ ਸਿਮਰਤੀ (ਮੈਮਰੀ ਡਰਾਈਵ) ਸੀ।
ਹਰਿੰਦਰ ਅੰਦਰੋਂ ਉਦਾਸ ਸੀ। ਇਹ ਉਦਾਸੀ ਪਿੰਡੇ ਦੀ ਨਹੀਂ, ਪਿੰਡ (ਵਿਸ਼ਵ) ਦੀ ਸੀ। ਇਹ ਗੱਲ ਨਹੀਂ ਕਿ ਉਹਨੂੰ ਪਿੰਡੇ ਦਾ ਦੁੱਖ ਨਹੀਂ ਸੀ। ਉਹ ਅੰਤਿਮ ਸੁਆਸ ਤਕ ਇਹਦੀ ਭਖ਼ਦੀ ਤਵੀ ‘ਤੇ ਬੈਠਾ ਰਿਹਾ ਹੈ ਪਰ ਇਕ ਸ਼ਬਦ ਨੂੰ ਵੀ ਸੇਕ ਨਹੀਂ ਲੱਗਣ ਦਿੱਤਾ। ਉਹਦੀ ਕਵਿਤਾ ਸਰੀਰ ਜਸ਼ਨ ਤੇ ਰਸ ਕਸ ਤੋਂ ਵਿਰਵੀ ਵੀ ਨਹੀਂ। ਉਹ ਕਿਹੜੇ ਸਰੀਰ ਵਿਚ ਬਹਿ ਕੇ ਲਿਖਦਾ ਸੀ, ਇਹ ਗੱਲ ਵੀ ਗੌਲਣਯੋਗ ਹੈ।
ਉਹਦੀ ਉਦਾਸੀ ਹੱਦ ਦੀ ਸੀ। ਵਿਸ਼ਵ ਦੇ ਵਿਨਾਸ਼ ਦੀ। ਮ੍ਰਿਤੂ ਤੋਂ ਕੁਝ ਦਿਨ ਪਹਿਲਾਂ ਜਦੋਂ ਉਹ ਸਰੀਰਕ ਪੀੜ ਨਾਲ ਨਿਢਾਲ ਸੀ, ਮੇਰੇ ਨਾਲ ਗੱਲਾਂ ਕਰਦਿਆਂ ਕਹਿੰਦਾ ‘ਸਾਡੀ ਪਿਆਰੀ ਧਰਤੀ ਤਬਾਹ ਹੋਈ ਜਾ ਰਹੀ ਹੈ।‘ ਮੈਂ ਕਿਹਾ, “ਕਵੀ ਜੀ, ਚਿੰਤਾ ਨਾ ਕਰੋ, ਕਿਤੇ ਨਾ ਕਿਤੇ ਘਾਹ ਦੀਆਂ ਤਿੜ੍ਹਾਂ ਬਚੀਆਂ ਰਹਿ ਜਾਣਗੀਆਂ।” ਉਹ ਧੀਮੀ ਆਵਾਜ਼ ਵਿਚ ਬੋਲਿਆ, “ਸਹੀ ਹੈ, ਗੁਰੂ ਜੀ ਵੀ ਏਹੀ ਧਰਵਾਸ ਦਿੰਦੇ ਹਨ, ‘ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟਾ ਰਹਿਓ ਰੀ।”
ਉਹਦਾ ਮੇਰੇ ਨਾਲ ਇਹ ਅੰਤਿਮ ਬਚਨ ਸੀ। ਸਾਡੀ ਪੀੜ੍ਹੀ ਵਿਚ ਧਰਤੀ ਦੀ ਇੰਨੀ ਚਿੰਤਾ ਕਰਨ ਵਾਲਾ ਮੈਨੂੰ ਕੋਈ ਹੋਰ ਕਵੀ ਨਹੀਂ ਦਿਸਦਾ। ਨਵੀਂ ਕਵਿਤਾ ਸੰਸਕ੍ਰਿਤੀ ਦੇ ਪ੍ਰਸੰਗ ਤੋਂ ਵਿਜੋਗੀ ਗਈ ਹੈ। ਨਿਕ-ਸੁਕ ਦੇ ਵੇਰਵਿਆਂ ਦੀ ਤਸਵੀਰਕਸ਼ੀ ਵਿਚ ਖਚਿਤ ਹੋ ਗਈ ਹੈ। ਹਰਿੰਦਰ ਨੂੰ ਸਿਮਰਦਿਆਂ ਮੈਨੂੰ ਉਹ ਕਵੀ ਯਾਦ ਆਉਂਦੇ ਹਨ ਜਿਹੜੇ ਧਰਤੀ ਦੀ ਚਿੰਤਾ ਕਰਦੇ ਹਨ।
ਹਰਿੰਦਰ ਦਾ ਵਿਸ਼ਵਾਸ ਸੀ, ਵਿਸ਼ਵ ਦੇ ਸਰਵਨਾਸ਼ ਨੂੰ ਕੇਵਲ ਗੁਰੂਸੁਰਤ ਹੀ ਬਚਾ ਸਕਦੀ ਹੈ। ਉਹ ਵੀ ਕਵਿਤਾ ਰਾਹੀਂ।
ਕਵਿਤਾ ‘ਤੇ ਏਡਾ ਵੱਡਾ ਦਾਈਆ ਮੈਨੂੰ ਹੈਰਾਨ ਕਰਦਾ ਹੈ। ਅੱਜ ਕੱਲ੍ਹ ਬਹੁਤੇ ਕਵੀ ਤਾਂ ਆਪ ਵੀ ਕਵਿਤਾ ਨੂੰ ਫ਼ਾਲਤੂ ਸਮਝਣ ਲੱਗ ਪਏ ਹਨ। ਇਸ ਗੱਲੋਂ ਹਰਿੰਦਰ ਦੀ ਕਵਿਤਾ ਪੜ੍ਹਨਾ ਕਵਿਤਾ ‘ਤੇ ਮਾਣ ਕਰਨਾ ਹੈ। ਆਪਣੇ ਕਵੀ ਹੋਣ ‘ਤੇ ਮਾਣ ਕਰਨਾ ਹੈ।
ਅਸੀਂ ਹਰਿੰਦਰ ਦੇ ਚਿੰਤਨ ‘ਤੇ ਸ਼ੰਕਾ ਕਰ ਸਕਦੇ ਹਾਂ ਪਰ ਉਸ ਦੀ ਚਿੰਤਾ ‘ਤੇ ਨਹੀਂ। ਤੇ ਕਵਿਤਾ ਦੇ ਪ੍ਰਾਣ ਚਿੰਤਨ ਵਿਚ ਨਹੀਂ, ਚਿੰਤਾ ਵਿਚ ਹੁੰਦੇ ਹਨ।
ਮੈਨੂੰ ਹਰਿੰਦਰ ਇਸ ਗੱਲੋਂ ਵੀ ਚੰਗਾ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਵਿਸ਼ਵ ਦੇ ਮਹਾਂ ਕਵੀਆਂ ਨਾਲ ਮੇਚਦਾ ਸੀ। ਉਹ ਦਾਂਤੇ ਨੂੰ ਵਿਸ਼ਵ ਦਾ ਸਰਵੋਤਮ ਕਵੀ ਮੰਨਦਾ ਸੀ ਤੇ ਉਹਤੋਂ ਅੱਗੇ ਨਿਕਲਣ ਦੀ ਦਾਈ ਲਾਈ ਹੋਈ ਸੀ। ਇਕ ਚਿੱਠੀ ਵਿਚ ਉਹ ਲਿਖਦਾ ਹੈ, ਜੇ ਤੈਨੂੰ ਮੈਂ ਸ਼ੇਖ਼ਚਿਲੀ ਲੱਗਦਾ ਹਾਂ ਤਾਂ ਮੈਨੂੰ ਸ਼ੇਖ਼ਚਿਲੀਆਂ ਮਾਰ ਲੈਣ ਦੇ। ਉਹਦੇ ਵਿਚ ਹੋਮਰ, ਦਾਂਤੇ, ਮਿਲਟਨ, ਸ਼ੈਕਸਪੀਅਰ, ਵਾਲਟ ਵਿਟਮੈਨ ਤੇ ਤਾਲਸਤਾਏ ਦੇ ਆਕਾਸ਼ ਵਿਚ ਉਡਣ ਦਾ ਜੇਰਾ ਸੀ।
ਇਹ ਲੇਖ ਜਦੋਂ ਅਰੰਭ ਕੀਤਾ, ਉਹ ਜਿਉਂਦਾ ਸੀ। ਅਸੀਂ ਇਕ-ਦੂਜੇ ਬਾਰੇ ਕਦੇ ਨਹੀਂ ਲਿਖਿਆ ਸੀ। ਮੈਂ ਇਹ ਨੇਮ ਤੋੜ ਕੇ ਉਹਨੂੰ ਹੈਰਾਨ ਕਰਨਾ ਚਾਹੁੰਦਾ ਸੀ ਪਰ ਉਹਨੇ ਮੈਨੂੰ ਇਹ ਨੇਮ ਤੋੜਨ ਨਾ ਦਿੱਤਾ। ਮੈਨੂੰ ਉਹਦੇ ‘ਤੇ ਗ਼ੁੱਸਾ ਹੈ। ਲੇਖ ਸਮਾਪਤ ਹੋਣ ਤੋਂ ਪਹਿਲਾਂ ਉਹ ਉਨ੍ਹਾਂ ਲੇਖਕਾਂ ਦੀ ਸੰਗਤ ਵਿਚ ਰਲ ਗਿਆ ਜਿਨ੍ਹਾਂ ਨਾਲ ਉਹ ਉਡਣਾ ਚਾਹੁੰਦਾ ਸੀ। ਤੇ ਸਾਡੇ ਆਸਮਾਨ ਨੂੰ ਹੋਰ ਉਚਾ ਕਰਨਾ ਚਾਹੁੰਦਾ ਸੀ। ਉਹਦੇ ਉਤੇ ‘ਸੁਹਣਾ ਲੇਖ‘ ਲਿਖਣ ਦੀ ਦਾਈ ਅਜੇ ਮੇਰੇ ਸਿਰ ਹੈ।

Wednesday, December 1, 2010

ਮੌਲਾਨਾ ਰੂਮੀ ਦੀ ਜ਼ਿੰਦਗੀ ਵਿਚ ਇਕ ਵਾਕਾ

ਮੌਲਾਨਾ ਰੂਮੀ ਇਕ ਦਿਨ ਖ਼ਰੀਦੋ ਫ਼ਰੋਖ਼ਤ ਦੇ ਸਿਲਸਿਲੇ ਵਿੱਚ ਬਾਜ਼ਾਰ ਤਸ਼ਰੀਫ਼ ਲੈ ਗਏ। ਇਕ ਦੁਕਾਨ ਪਰ ਜਾਕੇ ਰੁਕ ਗਏ। ਦੇਖਿਆ ਕਿ ਇਕ ਔਰਤ ਕੁਛ ਸੌਦਾ ਖ਼ਰੀਦ ਰਹੀ ਹੈ। ਸੌਦਾ ਖ਼ਰੀਦਣ ਦੇ ਬਾਅਦ ਜਦ ਔਰਤ ਨੇ ਰਕਮ ਅਦਾ ਕਰਨੀ ਚਾਹੀ ਤਾਂ ਦੁਕਾਨਦਾਰ ਨੇ ਕਿਹਾ ,
“ਇਸ਼ਕ ਵਿੱਚ ਪੈਸੇ ਕਹਾਂ ਹੋਤੇ ਹੈਂ, ਛੋੜੋ ਪੈਸੇ ਔਰ ਜਾਉ”
ਅਸਲ ਵਿੱਚ ਉਹ ਦੋਨੋਂ ਆਸ਼ਿਕ ਮਾਸ਼ੂਕ ਸਨ । ਮੌਲਾਨਾ ਰੂਮੀ ਇਹ ਸੁਣ ਕੇ ਗ਼ਸ਼ ਖਾਕੇ ਗਿਰ ਪਏ । ਦੁਕਾਨਦਾਰ ਸਖ਼ਤ ਘਬਰਾ ਗਿਆ । ਇਸ ਦੌਰਾਨ ਉਹ ਔਰਤ ਵੀ ਉਥੋਂ ਚਲੀ ਗਈ। ਖ਼ਾਸੀ ਦੇਰ ਬਾਅਦ ਜਦ ਮੌਲਾਨਾ ਨੂੰ ਹੋਸ਼ ਆਇਆ ਤਾਂ ਦੁਕਾਨਦਾਰ ਨੇ ਪੁਛਿਆ ।
ਮੌਲਾਨਾ ਆਪ ਕਿਉਂ ਬੇ ਹੋਸ਼ ਹੋਏ?
ਮੌਲਾਨਾ ਰੂਮੀ ਨੇ ਜਵਾਬ ਦਿੱਤਾ ।
“ਮੈਂ ਉਸ ਬਾਤ ਪਰ ਬੇਹੋਸ਼ ਹੋਇਆ ਕਿ ਤੇਰੇ ਅਤੇ ਉਸ ਔਰਤ ਵਿੱਚ ਇਸ਼ਕ ਇਤਨਾ ਮਜ਼ਬੂਤ ਹੈ, ਕਿ ਦੋਨਾਂ ਵਿੱਚ ਕੋਈ ਹਿਸਾਬ ਕਿਤਾਬ ਹੀ ਨਹੀਂ, ਜਦ ਕਿ ਅੱਲ੍ਹਾ ਨਾਲ ਮੇਰਾ ਇਸ਼ਕ ਇਤਨਾ ਕਮਜ਼ੋਰ ਹੈ ਕਿ ਮੈਂ ਤਸਬੀਹ ਵੀ ਗਿਣ ਕੇ ਕਰਦਾ ਹਾਂ ।”

Wednesday, July 28, 2010

ਸ਼ੱਕੀ ਸ਼ਹਾਦਤ (ਕਿਉਂ ਹੋਈ ਲਾਲਾ ਲਾਲਾ....)

-ਰਾਜਿੰਦਰ ਸਿੰਘ ਰਾਹੀ

ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼

ਲਾਲਾ ਲਾਜਪਤ ਰਾਏ ਦੇ ਬਾਰੇ ਬੱਬੂ ਮਾਨ ਵੱਲੋਂ ਗਾਏ ਇਕ ਗੀਤ ਨੂੰ ਲੈ ਕੇ ਤਿੱਖਾ ਵਾਦ-ਵਿਵਾਦ ਪੈਦਾ ਹੋਣ ਅਤੇ ਉਸ ਵਲੋਂਮਜਬੂਰੀਵੱਸ ਮਾਫ਼ੀ ਮੰਗਣ ਬਾਅਦ ਵਿਵਾਦ ਮੱਠਾ ਪੈ ਗਿਆ ਸੀ ਪਰ ਖੇਡ ਲੇਖਕ ਪ੍ਰਿਸੀਪਲ ਸਰਵਨ ਸਿੰਘ ਵਲੋਂਪੇਕਾਪਿਆਰ ਵੱਸ ਲਿਖੇ ਆਰਟੀਕਲ, ਜਿਹੜਾ ਅੰਮ੍ਰਿਤਸਰ ਟਾਈਮਜ਼ ਨੇ ਪੰਜਾਬੀ ਟ੍ਰਿਬਿਊਨ ਵਿਚੋਂ ਪਿਛਲੇ ਅੰਕ ਵਿੱਚ ਛਾਪਿਆ, ਵਿੱਚ ਲਾਲਾ ਲਾਜਪਤ ਰਾਏ ਦੇ ਗੁਣਗਾਣ ਅਤੇ ਬੱਬੂ ਮਾਨ ਨੂੰ ਗੁਝੀਆਂ ਚੋਭਾਂ ਮਾਰਨ ਦੇ ਪ੍ਰਤੀਕਰਮ ਵਜੋਂ ਰਾਜਿੰਦਰ ਸਿੰਘ ਰਾਹੀ ਵਲੋਂ ਬੜੀ ਮੇਹਨਤ ਨਾਲ ਠੋਸ ਤੱਥਾਂ ਉੱਤੇ ਅਧਾਰਿਤ ਰਿਪੋਰਟ ਤਿਆਰ ਕੀਤੀ ਗਈ ਹੈ, ਜੋ ਆਪ ਜੀ ਦੇ ਸਨਮੁਖ ਪੇਸ਼ ਹੈ ਤਾਂ ਜੋ ਆਪ ਵੀ ਸੱਚਾਈ ਤੋਂ ਜਾਣੂ ਹੋ ਸਕੋ।

ਇਸ ਲਿਖਤ ਨੂੰ ਤਿਆਰ ਕਰਨ ਸਮੇਂ ਮੇਰੇ ਕਈ ਦੋਸਤਾਂ ਮਿੱਤਰਾਂ ਅਤੇ ਸੰਸਥਾਵਾਂ ਨੇ ਮੇਰੀ ਸਹਾਇਤਾ ਕੀਤੀ ਹੈ ਉਨ੍ਹਾਂ ਸਭ ਦਾ ਧੰਨਵਾਦ ਖ਼ਾਸ ਕਰਕੇ ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਦਾ ਜਿਸ ਨੇ 80 ਸਾਲਾਂ ਤੋਂ ਸਾਂਭ ਕੇ ਰੱਖੀਆਂ ਹੋਈਆਂ ਅਖ਼ਬਾਰ ਅਕਾਲੀ ਤੇ ਪ੍ਰਦੇਸੀ` ਦੀਆਂ ਫਾਈਲਾਂ ਮੈਨੂੰ ਦੇਖਣ ਦੀ ਇਜਾਜ਼ਤ ਦਿੱਤੀ

ਧੰਨਵਾਦ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਰੈਫਰੈਂਸ ਲਾਇਬਰੇਰੀ ਦੇ ਕਾਰਜਕਰਤਾ ਸ. ਬੁੱਧ ਸਿੰਘ ਨੀਲੋਂ ਦਾ ਜਿਸ ਨੇ ਮੇਰੀ ਆਰਸੀ ਮੈਗਜ਼ੀਨ ਦਾ ਉਹ ਅੰਕ ਲੱਭਣ ਵਿਚ ਮੱਦਦ ਕੀਤੀ ਜਿਸ ਵਿਚੋਂ ਲਾਲਾ ਲਾਜਪਤ ਰਾਏ ਵੱਲੋਂ ਮਾਂਡਲੇ ਜੇਲ੍ਹ ਵਿਚੋਂ ਸਰਕਾਰ ਨੂੰ ਲਿਖੇ ਪੱਤਰ ਛਪੇ ਸਨ ਸਿੱਖ ਇਤਿਹਾਸ ਰਿਸਰਚ ਬੋਰਡ ਸ੍ਰੀ ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬਰੇਰੀ ਤੋਂ ਮੈਨੂੰ ਪ੍ਰੋ. ਹਜ਼ਾਰਾ ਸਿੰਘ ਦਾ ਉਹ ਮਹੱਤਵਪੂਰਨ ਲੇਖ ਮਿਲਿਆ ਜਿਸ ਵਿਚ ਉਨ੍ਹਾਂ ਨੇ ਲਾਠੀਚਾਰਜ ਦੇ ਦਿਨ ਤੋਂ ਲੈ ਕੇ ਮੌਤ ਦੇ ਦਿਨ ਤੱਕ ਲਾਲਾ ਲਾਜਪਤ ਰਾਏ ਦੀਆਂ ਸਰਗਰਮੀਆਂ ਦੀ ਜਾਣਕਾਰੀ ਤੋਂ ਇਲਾਵਾ ਹੋਰ ਕਈ ਅਹਿਮ ਤੱਥ ਪੇਸ਼ ਕੀਤੇ ਹਨ ਸ. ਗੁਰਬਚਨ ਸਿੰਘ (ਦੇਸ ਪੰਜਾਬ) ਤੋਂ ਮੈਨੂੰ ਇਕ ਡੀਵੀਡੀ ਮਿਲੀ ਜਿਸ ਵਿਚ ਫਰਵਰੀ 1926 ਤੋਂ ਲੈ ਕੇ ਮਈ 1930 ਦੇ 'ਕਿਰਤੀ` ਰਸਾਲੇ ਦੇ 30 ਅੰਕ ਸਨ ਮੈਂ ਪ੍ਰੋ:ਮਲਵਿੰਦਰਜੀਤ ਸਿੰਘ ਵੜੈਚ ਦਾ ਵੀ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨਾਲ ਹੋਈ ਲੰਮੀ ਚੌੜੀ ਗੱਲਬਾਤ `ਚੋਂ ਮੈਨੂੰ ਦੇਸ਼ ਭਗਤੀ ਦੀਆਂ ਲਹਿਰਾਂ ਤੇ ਦੇਸ਼ਭਗਤਾਂ ਦੀਆਂ ਜੀਵਨੀਆਂ ਨੂੰ ਸ਼ਰਧਾਮਈ ਅੰਦਾਜ਼ ਵਿਚ ਲਿਖਣ ਵਾਲੇ ਸਥਾਪਤ ਲੇਖਕਾਂ ਦੇ ਮਨੋ-ਜਗਤ ਨੂੰ ਸਮਝਣ ਵਿਚ ਭਰਪੂਰ ਮੱਦਦ ਮਿਲੀ

ਲਾਲਾ ਲਾਜਪਤ ਰਾਏ ਦੇ ਬਾਰੇ ਵਿਚ ਬੱਬੂ ਮਾਨ ਵੱਲੋਂ ਗਾਏ ਇਕ ਗੀਤ ਨੂੰ ਲੈ ਕੇ ਤਿੱਖਾ ਵਾਦ-ਵਿਵਾਦ ਪੈਦਾ ਹੋ ਗਿਆ ਹੈ ਇਸ ਵਿਵਾਦ ਵਿਚ ਜਿਹੜਾ ਮੁੱਖ ਸੁਆਲ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਲਾਲਾ ਜੀ ਦੀ ਮੌਤ ਦੀ ਅਸਲੀ ਵਜ੍ਹਾ ਕੀ ਬਣੀ ਸੀ? ਭਾਵ ਕੀ ਇਹ ਮੌਤ ਲਾਲਾ ਜੀ ਨੂੰ ਵੱਜੀਆਂ ਕਹੀਆਂ ਜਾਂਦੀਆਂ ਲਾਠੀਆਂ ਦੀ ਵਜ੍ਹਾ ਕਰਕੇ ਹੋਈ ਸੀ ਜਾਂ ਕਈ ਦਿਨਾਂ ਬਾਅਦ ਜਾ ਕੇ ਲਾਲਾ ਜੀ ਨੂੰ ਪਏ ਦਿਲ ਦੇ ਦੌਰੇ ਕਰਕੇ ਹੋਈ ਸੀ? ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਵਿਵਾਦ ਲਈ ਨਿਰੋਲ ਬੱਬੂ ਮਾਨ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ ਜੇਕਰ ਇਸ ਵਿਵਾਦ ਦਾ ਇਤਿਹਾਸ ਵਿਚ ਕੋਈ ਨਿੱਗਰ ਅਧਾਰ ਮੌਜੂਦ ਨਾ ਹੁੰਦਾ, ਅਤੇ ਨਾਲ ਹੀ ਜੇਕਰ ਇਸ ਦੀ ਵਰਤਮਾਨ ਰਾਜਸੀ ਯਥਾਰਥ ਨਾਲ ਤੰਦ ਨਾ ਜੁੜੀ ਹੁੰਦੀ, ਤਾਂ ਮਹਿਜ਼ ਇਕ ਗੀਤ ਨੇ ਏਡਾ ਤੂਫ਼ਾਨ ਖੜ੍ਹਾ ਨਹੀਂ ਸੀ ਕਰ ਦੇਣਾ ਮੇਰੀ ਜਾਚੇ ਸਾਡੇ ਦਾਨਸ਼ਵਰ ਵਰਗ ਦੀ ਇਤਿਹਾਸਕ ਤੱਥਾਂ ਬਾਰੇ ਅਗਿਆਨਤਾ ਇਸ ਵਿਵਾਦ ਦਾ ਇਕ ਵੱਡਾ ਕਾਰਨ ਹੋ ਨਿਬੜੀ ਹੈ ਉਨ੍ਹਾਂ ਦਾ ਪ੍ਰਤੀਕਰਮ ਇਤਿਹਾਸਕ ਤੱਥਾਂ ਉਤੇ ਅਧਾਰਤ ਨਹੀਂ, ਬਲਕਿ ਨਿਰੋਲ ਮਨੋ-ਭਾਵਾਂ ਉਤੇ ਅਧਾਰਤ ਹੈ ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦਾਪੰਜਾਬੀ ਟ੍ਰਿਬਿਊਨ ਵਿਚ ਛਪਿਆ ਲੇਖ ਇਸ ਦੀ ਸਟੀਕ ਉਦਾਹਰਣ ਹੈ ਇਤਿਹਾਸ ਦੇ ਅਜਿਹੇ ਪੇਚੀਦਾ ਮਸਲੇ ਕਦੇ ਵੀ ਨਿਰੋਲ ਮਨੋ-ਭਾਵਾਂ ਨਾਲ ਹੱਲ ਨਹੀਂ ਹੋਇਆ ਕਰਦੇ ਖਾਸ ਕਰਕੇ ਉਦੋਂ ਜਦੋਂ ਮਨੋ-ਭਾਵਾਂ ਵੀ ਪੂਰੀਆਂ ਸ਼ੁੱਧ ਨਾ ਹੋਣ, ਸਗੋਂ ਉਨ੍ਹਾਂ ਵਿਚ ਗਰਜ਼ਾਂ ਦੀ ਜੂਠ ਰਲੀ ਹੋਵੇ ਇਹ ਗੱਲ ਜਸਵੰਤ ਸਿੰਘ ਕੰਵਲ ਦੇ ਹਥਲੀ ਲਿਖਤ ਵਿਚ ਦਿਤੇ ਗਏ ਇਕ ਹਵਾਲੇ ਤੋਂ ਸਵੈ ਪ੍ਰਤੱਖ ਹੋ ਜਾਂਦੀ ਹੈ

ਇਸ ਵਿਵਾਦ ਦੇ ਪ੍ਰਸੰਗ ਵਿਚ ਸਮਝਣ ਵਾਲੀ ਸਭ ਨਾਲੋਂ ਅਹਿਮ ਗੱਲ ਇਹ ਹੈ ਕਿ ਜਿੰਨਾ ਚਿਰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਲਾਲ ਲਾਜਪਤ ਰਾਏ ਦੇ ਰਾਜਸੀ ਰੋਲ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਾਂਦਾ, ਉਨਾ ਚਿਰ ਉਸਦੀ ਮੌਤ ਦੇ ਕਾਰਨਾਂ ਬਾਰੇ ਵਿਵਾਦ ਦੀ ਸਹੀ ਸਮਝ ਨਹੀਂ ਪੈ ਸਕਦੀ ਲਾਲੇ ਬਾਰੇ ਹੁਣ ਤਕ ਸਰਕਾਰੀ ਪੱਧਰ `ਤੇ ਜੋ ਪ੍ਰਚਾਰਿਆ ਗਿਆ ਹੈ (ਪਾਠ ਪੁਸਤਕਾਂ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਤਕ), ਉਹ ਇਹ ਹੈ ਕਿ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮੋਢੀ ਆਗੂਆਂ ਵਿਚੋਂ ਇਕ, ਅਡੋਲ ਦੇਸ਼ ਭਗਤ, ਸੁ਼ਧ ਰਾਸ਼ਟਰਵਾਦੀ ਤੇ ਨਿਧੜਕ ਸੰਗਰਾਮੀਆ ਸੀ ਪਰ ਇਸ ਸਰਕਾਰੀ ਦਾਅਵੇ ਨੂੰ ਅੱਖਾਂ ਮੀਚ ਕੇ ਪਰਵਾਨ ਕਰ ਲੈਣ ਦੀ ਬਜਾਇ, ਇਸ ਨੂੰ ਇਤਿਹਾਸਕ ਸੱਚ ਦੀ ਰੋਸ਼ਨੀ ਵਿਚ ਪਰਖਣਾ ਜਰੂਰੀ ਹੈ ਸੋ ਆਓ ਇਤਿਹਾਸਕ ਤੱਥਾਂ ਉਤੇ ਇਕ ਉਡਦੀ ਨਜ਼ਰ ਮਾਰੀਏ

ਪਗੜੀ ਸੰਭਾਲ ਜੱਟਾ ਲਹਿਰ ਅਤੇ ਲਾਲਾ ਲਾਜਪਤ ਰਾਏ

1907 ਵਿਚ ਪੰਜਾਬ ਅੰਦਰ ਇਕ ਤਕੜੀ ਕਿਸਾਨ ਲਹਿਰ ਉਠ ਖੜ੍ਹੀ ਹੋਈ ਸੀ ਜਿਸ ਨੂੰ ਪਗੜੀ ਸੰਭਾਲ ਜੱਟਾ` ਲਹਿਰ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਲਹਿਰ ਸਮੇਂ ਸਰਕਾਰ ਨੇ ਲਾਲਾ ਲਾਜਪਤ ਰਾਏ ਨੂੰ ਗ੍ਰਿਫਤਾਰ ਕਰਕੇ ਬਰਮਾ ਅੰਦਰ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ ਸੀ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਲਾਲਾ ਲਾਜਪਤ ਰਾਏ ਨੇ ਇਕ ਦੋ ਥਾਵਾਂ `ਤੇ ਕਿਸਾਨ ਇਕੱਠਾਂ ਨੂੰ ਸੰਬੋਧਿਤ ਕੀਤਾ ਸੀ ਇਨ੍ਹਾਂ ਤੱਥਾਂ ਨੂੰ ਲੈ ਕੇ ਕੁਝ ਲੋਕ ਲਾਜਪਤ ਰਾਏ ਨੂੰ ਇਸ ਲਹਿਰ ਦੇ ਨਾਇਕ ਵਜੋਂ ਪੇਸ਼ ਕਰਨ ਲੱਗ ਪੈਂਦੇ ਹਨ ਪਰ ਇਸ ਲਹਿਰ ਦੇ ਹਕੀਕੀ ਨਾਇਕ ਸ. ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੇ ਵਿਚਾਰ ਇਸ ਤੋਂ ਬਿਲਕੁਲ ਵੱਖਰੇ ਹਨਸ. ਅਜੀਤ ਸਿੰਘ ਨੇ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ :

....ਰਾਵਲਪਿੰਡੀ ਜ਼ਿਲ੍ਹੇ ਵਿਚ ਜ਼ਮੀਨ ਦਾ ਮਾਲੀਆ ਬਹੁਤ ਵਧਾ ਦਿੱਤਾ ਗਿਆ ਦੁਆਬ ਬਾਰੀ ਐਕਟ ਅਤੇ ਕਾਲੋਨਾਈਜੇਸ਼ਨ ਐਕਟ ਨੇ... ਪੰਜਾਬ ਅੰਦਰ ਜੱਦੋਜਹਿਦ ਕਰਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਬਰਤਾਨਵੀ ਹਕੂਮਤ ਖਿਲਾਫ਼ ਮੁਹਿੰਮ ਚਲਾਉਣ ਲਈ ਮੌਕਾ ਮੁਹੱਈਆ ਕੀਤਾ ਜਨਤਾ ਨੂੰ ਜਗਾਉਣ ਅਤੇ ਉਨ੍ਹਾਂ ਅੰਦਰ ਰਾਜਨੀਤਕ ਚੇਤਨਾ ਜਗਾ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਸੀ ਮੈਂ ਆਪਣੇ ਵੱਡੇ ਭਰਾ ਕਿਸ਼ਨ ਸਿੰਘ ਤੇ ਘਸੀਟਾ ਰਾਮ ਨੂੰ ਆਪਣੇ ਇਨ੍ਹਾਂ ਵਿਚਾਰਾਂ ਬਾਰੇ ਜਾਣੂ ਕਰਾਇਆ.... ਮੇਰੇ ਭਰਾ ਦਾ ਵਿਚਾਰ ਸੀ ਕਿ ਲਾਲਾ ਲਾਜਪਤ ਰਾਏ ਅਤੇ ਹੋਰ ਪ੍ਰਸਿੱਧ ਨੇਤਾਵਾਂ ਦੀ ਵੀ ਸਹਾਇਤਾ ਪ੍ਰਾਪਤ ਕੀਤੀ ਜਾਵੇ ਮੈਨੂੰ ਇਸ ਵਿਚਾਰ `ਤੇ ਯਕੀਨ ਨਹੀਂ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਸਹਾਇਤਾ ਦੇਣਗੇ ਫਿਰ ਸੋਚਿਆ ਘੱਟੋ ਘੱਟ ਕੋਸ਼ਿਸ਼ ਕਰਨ ਵਿਚ ਤਾਂ ਹਰਜ਼ ਕੋਈ ਨਹੀਂ ਮੇਰੇ ਭਰਾ ਕਿਸ਼ਨ ਸਿੰਘ ਨੇ ਲਾਜਪਤ ਰਾਏ ਨੂੰ ਮਿਲਣ ਦੀ ਜਿੰਮੇਵਾਰੀ ਲਈ ਅਤੇ ਲਾਲਾ ਲਾਜਪਤ ਰਾਏ ਨਾਲ ਸੰਪਰਕ ਕਰਕੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਕਿਵੇਂ ਅੰਗਰੇਜ਼ੀ ਰਾਜ ਦੀਆ ਜੜ੍ਹਾਂ ਹਿਲਾਉਣ ਲਈ ਲੋਕਾਂ ਨੂੰ ਜਾਗਰਤ ਕੀਤਾ ਜਾਵੇਗਾ ਲਾਲ ਲਾਜਪਤ ਰਾਏ ਪੂਰੀ ਤਰ੍ਹਾਂ ਬਣਤਰ ਨਾ ਸਮਝ ਸਕਿਆ ਉਸ ਨੂੰ ਡਰ ਸੀ ਕਿ ਇਸ ਨਾਲ ਮੁਸੀਬਤਾਂ ਵਧਣਗੀਆਂ ਅਤੇ ਸਾਰੇ ਹੀ ਪ੍ਰਮੁੱਖ ਨੇਤਾ ਜੇਲ੍ਹ ਭੇਜ ਦਿੱਤੇ ਜਾਣਗੇ ਉਹ ਇਸ ਨੂੰ ਕਾਹਲੀ ਦਾ ਕਦਮ ਮੰਨਦਾ ਸੀ ਅਤੇ ਮੈਨੂੰ ਗਰਮ ਮਿਜ਼ਾਜ ਵਿਅਕਤੀ.... ਉਸ ਨੇ ਮੇਰੇ ਭਰਾ ਨੂੰ ਨਿਰਉਤਸ਼ਾਹ ਕਰਨ ਦੀ ਕੋਸ਼ਿਸ਼ ਕੀਤੀ` (ਸਫ਼ੇ 40-41)

ਲਾਲਾ ਬੁਜ਼ਦਿਲ ਹੈ : ਸ. ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦਾ ਚਾਚਾ)

. ਅਜੀਤ ਸਿੰਘ ਨੂੰ ਯਕੀਨ ਕਿਉਂ ਨਹੀਂ ਸੀ ਕਿ ਲਾਜਪਤ ਰਾਏ ਉਨ੍ਹਾਂ ਨੂੰ ਸਹਾਇਤਾ ਦੇਣਗੇ? ਇਸ ਦਾ ਕਾਰਨ ਸ. ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਸਪੱਸ਼ਟ ਨਹੀਂ ਕੀਤਾ ਪਰ ਇਹ ਘੁੰਡੀ ਗੋਪਾਲ ਕ੍ਰਿਸ਼ਨ ਗੋਖ਼ਲੇ ਨੇ ਜ਼ਰੂਰ ਖੋਲ੍ਹ ਦਿੱਤੀ ਹੈ ਉਸ ਨੇ ਲਾਲਾ ਲਾਜਪਤ ਰਾਏ ਦੀ ਮਾਂਡਲੇ ਜੇਲ੍ਹ ਵਿਚੋਂ ਰਿਹਾਈ ਦੀ ਮੰਗ ਕਰਦੀ ਇਕ ਚਿੱਠੀ 10 ਜੂਨ 1907 ਨੂੰ ਵਾਇਸਰਾਏ ਦੇ ਪ੍ਰਾਈਵੇਟ ਸੈਕਟਰੀ ਨੂੰ ਭੇਜੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ, ਲਾਜਪਤ ਰਾਏ ਨੂੰ ਅਜੀਤ ਸਿੰਘ ਨਾਲ ਬਰੈਕਟ (ਨੱਥੀ) ਕਰਨਾ ਲਾਜਪਤ ਰਾਏ ਨਾਲ ਘੋਰ ਅਨਿਆਂ ਹੈ ਜਦੋਂ ਪਿਛਲੀ ਫਰਵਰੀ ਵਿਚ ਮੈਂ ਲਾਹੌਰ ਆਇਆ ਸੀ ਤਾਂ ਅਜੀਤ ਸਿੰਘ ਨੇ ਉਸ ਨੂੰ ਬੁਜ਼ਦਿਲ ਅਤੇ ਸਰਕਾਰ ਪੱਖੀ ਕਹਿ ਕੇ ਨਿਖੇਧੀ ਕਰਨੀ ਸ਼ੁਰੂ ਕੀਤੀ ਹੋਈ ਸੀ...`

ਜਿਸ ਵਿਅਕਤੀ ਨੂੰ ਸ. ਅਜੀਤ ਸਿੰਘ ਬੁਜ਼ਦਿਲ ਅਤੇ ਸਰਕਾਰ ਪੱਖੀ ਸਮਝਦਾ ਸੀ, ਉਹ ਉਸ ਕੋਲੋਂ ਸਰਕਾਰ ਵਿਰੋਧੀ ਜੱਦੋਜਹਿਦ ਵਿਚ ਸਹਾਇਤਾ ਦੀ ਆਸ ਕਿਵੇਂ ਕਰ ਸਕਦਾ ਸੀ?

ਲਾਲਾ ਲਾਜਪਤ ਰਾਏ ਬਾਰੇ ਇਸ ਸਮਝ ਦੇ ਬਾਵਜੂਦ ਸ. ਅਜੀਤ ਸਿੰਘ ਹੋਰੀਂ ਉਸ ਨੂੰ ਲਹਿਰ ਅੰਦਰ ਘਸੀਟਣ ਵਿਚ ਕਿਵੇਂ ਕਾਮਯਾਬ ਹੋ ਗਏ, ਇਹ ਇਕ ਦਿਲਚਸਪ ਕਹਾਣੀ ਹੈ ਲਓ, ਸ. ਅਜੀਤ ਸਿੰਘ ਦੇ ਹੀ ਜਬਾਨੀ ਸੁਣੋ :

ਸਾਡੀ ਇਹ ਇੱਛਾ ਸੀ ਕਿ ਲਾਲਾ ਲਾਜਪਤ ਰਾਏ ਅਤੇ ਹੋਰ ਦੂਸਰੇ ਪ੍ਰਸਿੱਧ ਨੇਤਾ (3 ਮਾਰਚ 1907 ਨੂੰ ਲਾਇਲਪੁਰ ਵਿਖੇ ਹੋਣ ਜਾ ਰਹੀ) ਮੀਟਿੰਗ ਵਿਚ ਹਿੱਸਾ ਲੈਣ,ਪ੍ਰੰਤੂ ਅਸੀਂ ਜਾਣਦੇ ਸੀ ਕਿ ਉਹ ਇਨਕਾਰ ਕਰ ਦੇਣਗੇ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮੀਟਿੰਗ ਮੈਂ ਜਥੇਬੰਦ ਕਰ ਰਿਹਾ ਸੀ ਇਸ ਲਈ ਅਸੀਂ ਰਾਮ ਭਜ ਦੱਤ ਨੂੰ ਲਾਲਾ ਲਾਜਪਤ ਰਾਏ ਨੂੰ ਮਨਾਉਣ ਭੇਜਿਆ ਸੀ ਕਿ ਉਹ ਲਾਇਲਪੁਰ ਆਉਣ ਅਤੇ ਮੀਟਿੰਗ ਨੂੰ ਸੰਬੋਧਨ ਕਰਨ ਲਾਹੌਰ ਤੱਕ ਲਾਲੇ ਨੇ ਅਤੇ ਮੈਂ ਇਕੋ ਹੀ ਗੱਡੀ ਵਿਚ ਸਫ਼ਰ ਕੀਤਾ ਪਰ ਮੈਂ ਇਸ ਗੱਲ ਦਾ ਧਿਆਨ ਰੱਖਿਆ ਕਿ ਉਸ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਅਸੀਂ ਇਸ ਗੱਲ ਦਾ ਪ੍ਰਬੰਧ ਕੀਤਾ ਸੀ ਕਿ ਲਾਇਲਪੁਰ ਸਟੇਸ਼ਨ `ਤੇ ਲਾਲਾ ਜੀ ਦਾ ਉਤਸ਼ਾਹਪੂਰਨ ਨਿੱਘਾ ਸਵਾਗਤ ਕੀਤਾ ਜਾਵੇ.... ਉਸ ਨੂੰ ਹੱਥਾਂ `ਤੇ ਚੁੱਕ ਲਿਆ ਗਿਆ ਅਤੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ ਅਤੇ ਜਲੂਸ ਦੀ ਸ਼ਕਲ ਵਿਚ ਲਿਜਾਇਆ ਗਿਆ ਉਸ ਦੀ ਗੱਡੀ ਨੂੰ ਬੈਲਾਂ ਦੀ ਬਜਾਏ ਬੰਦਿਆਂ ਵੱਲੋਂ ਖਿੱਚਿਆ ਗਿਆ... ਮੈਂ ਸਟੇਸ਼ਨ ਤੋਂ ਸਿੱਧਾ ਮੀਟਿੰਗ ਵਿਚ ਗਿਆ ਤੇ ਇਸ ਨੂੰ ਸੰਬੋਧਨ ਕੀਤਾ ਜਿਉਂ ਹੀ ਲਾਲਾ ਜੀ ਪਹੁੰਚੇ ਮੈਂ ਆਪਣਾ ਭਾਸ਼ਣ ਖਤਮ ਕਰ ਦਿੱਤਾ ਲਾਲਾ ਜੀ ਮੈਨੂੰ ਦੇਖ ਕੇ ਹੈਰਾਨ ਹੋ ਗਏ.......

ਲਾਲਾ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਨ ਵਿਚ ਪਹਿਲਾਂ ਝਿਜਕ ਦਿਖਾਈ ਪ੍ਰੰਤੂ ਲੋਕਾਂ ਨੇ ਰੌਲਾ ਪਾਇਆ ਕਿ ਉਹ ਲਾਲਾ ਜੀ ਨੂੰ ਸੁਣਨ ਲਈ ਉਤਸੁਕ ਹਨਅਸਲ ਵਿਚ ਲਾਲਾ ਜੀ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਮੈਂ ਰਾਮ ਭਜ ਦੱਤ ਨੂੰ ਅੱਖ ਦਾ ਇਸ਼ਾਰਾ ਕੀਤਾ ਅਤੇ ਉਹ ਉਠ ਖੜ੍ਹਾ ਹੋਇਆ ਤੇ ਉਸ ਨੇ ਐਲਾਨ ਕੀਤਾ ਕਿ ਹੁਣ ਲਾਲਾ ਜੀ ਮੀਟਿੰਗ ਨੂੰ ਸੰਬੋਧਨ ਕਰਨਗੇ ਲਾਲਾ ਜੀ ਨੇ ਪਹਿਲਾਂ ਆਪਣੇ ਆਪ `ਤੇ ਕਾਬੂ ਰੱਖਿਆ ਪ੍ਰੰਤੂ ਲੋਕਾਂ ਦਾ ਉਤਸ਼ਾਹ ਦੇਖ ਕੇ ਉਨ੍ਹਾਂ ਨੇ ਆਪਣਾ ਸਭ ਤੋਂ ਵਧੀਆ ਭਾਸ਼ਣ ਕੀਤਾ....`

ਇਸ ਤੋਂ ਬਾਅਦ ਲਾਲ ਲਾਜਪਤ ਰਾਏ ਨੂੰ 9 ਮਈ 1907 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸ. ਅਜੀਤ ਸਿੰਘ ਨੂੰ 2 ਜੂਨ ਨੂੰ ਦੋਹਾਂ ਨੂੰ ਬਰਮਾ ਦੀ ਮਾਂਡਲੇ ਜੇਲ੍ਹ ਵਿਚ ਡੱਕ ਦਿੱਤਾ ਗਿਆ ਲਾਲਾ ਲਾਜਪਤ ਰਾਏ ਨੇ ਰਿਹਾਈ ਲਈ ਕੀ ਕੁਝ ਕੀਤਾ, ਉਹ ਇਸ ਲਿਖਤ ਦੇ ਅੰਤ ਵਿਚ ਛਪੀਆਂ ਉਸ ਦੀਆਂ ਦੋ ਚਿੱਠੀਆਂ ਤੋਂ ਸਾਫ਼ ਹੋ ਜਾਂਦਾ ਹੈ ਇਨਕਲਾਬੀ ਹਲਕੇ ਇਨ੍ਹਾਂ ਚਿੱਠੀਆਂ ਨੂੰ ਲਹਿਰ ਨਾਲ ਗ਼ੱਦਾਰੀ ਅਤੇ ਮੁਆਫ਼ੀਨਾਮੇ ਦਾ ਨਾਂ ਦੇਂਦੇ ਸਨ

(ਦੇਖੋ Satya M Rai, Punjabi Heroic Tradition, p.22)

ਸਰਕਾਰ ਨੇ ਲਾਲਾ ਲਾਜਪਤ ਰਾਏ ਅਤੇ ਸ. ਅਜੀਤ ਸਿੰਘ ਨੂੰ 11 ਨਵੰਬਰ 1907 ਨੂੰ ਰਿਹਾਅ ਕਰ ਦਿੱਤਾ ਸ. ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਸਪੱਸ਼ਟ ਕੀਤਾ ਹੈ ਕਿ ਉਸ ਨੇ ਰਿਹਾਈ ਹਾਸਲ ਕਰਨ ਲਈ ਲਾਲਾ ਲਾਜਪਤ ਰਾਏ ਵਾਲੇ ਕੰਮ ਨਹੀਂ ਸੀ ਕੀਤੇ

ਗ਼ਦਰ ਪਾਰਟੀ ਅਤੇ ਲਾਲਾ ਲਾਜਪਤ ਰਾਏ

ਭਾਰਤੀ ਜਨਤਾ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਲਿਖੀ ਬਹੁ ਚਰਚਿਤ ਸਵੈ ਜੀਵਨੀਨੁਮਾ ਕਿਤਾਬ ਮਾਈ ਕੰਟਰੀ, ਮਾਈ ਲਾਈਫ਼, (ਜਿਹੜੀ ਸੰਨ 2008 ਵਿੱਚ ਛਪੀ) ਵਿੱਚ ਉਸ ਨੇ ਗ਼ਦਰ ਪਾਰਟੀ ਦੀ ਚਰਚਾ ਕਰਦਿਆਂ ਲਾਲਾ ਲਾਜਪਤ ਰਾਏ ਨੂੰ ਇਸ ਪਾਰਟੀ ਦਾ ਆਗੂ ਦੱਸਿਆ ਸੀ ਲਾਲ ਕ੍ਰਿਸ਼ਨ ਅਡਵਾਨੀ ਦਾ ਇਹ ਦਾਅਵਾ ਹਕੀਕਤਾਂ ਤੋਂ ਕਿੰਨੀ ਦੂਰ ਹੈ ਇਸ ਬਾਰੇ ਪ੍ਰਮੁੱਖ ਗ਼ਦਰੀ ਬਾਬਿਆਂ ਦੀਆਂ ਲਾਜਪਤ ਰਾਏ ਬਾਰੇ ਅੱਗੇ ਦਿੱਤੀਆਂ ਗਈਆਂ ਰਾਵਾਂ ਤੋਂ ਪਤਾਚੱਲ ਜਾਵੇਗਾ ਸ਼ੁਰੂ ਵਿਚ ਅਸੀਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਅਗਲੇ ਹੀ ਦਿਨ ਲਾਲਾ ਲਾਜਪਤ ਰਾਏ ਵੱਲੋਂ ਰਤਨ ਟਾਟਾ, ਮੁਹੰਮਦ ਅਲੀ ਜਿਨਾਹ ਵਰਗੇ 54ਪ੍ਰਮੁੱਖ ਵਿਅਕਤੀਆਂ ਨਾਲ ਰਲ ਕੇ ਜਾਰੀ ਕੀਤੇ ਉਸ ਸਾਂਝੇ ਬਿਆਨ ਕੇ ਕੁਝ ਅੰਸ਼ ਪੇਸ਼ ਕਰਦੇ ਹਾਂ, ਜਿਸ ਵਿਚ ਲਾਲੇ ਹੋਰਾਂ ਨੇ ਦੇਸ਼ ਅੰਦਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਅਤੇ ਪ੍ਰਮਾਤਮਾ ਤੋਂ ਬਰਤਾਨਵੀ ਸਲਤਨਤ ਦੀ ਜਿੱਤ ਲਈ ਆਸ਼ੀਰਵਾਦ ਮੰਗੀ ਸੀ, ਜਦੋਂ ਕਿ ਗ਼ਦਰੀ ਬਾਬਿਆਂ ਨੇ ਸੁਨਹਿਰੀ ਮੌਕਾ ਹੱਥ ਆਇਆ ਸਮਝ ਕੇ ਹਥਿਆਰਬੰਦ ਘੋਲ ਦਾ ਬਿਗਲ ਵਜਾ ਦਿੱਤਾ ਸੀ ਅਤੇ ਸਿਰਾਂ `ਤੇ ਕੱਫ਼ਣ ਬੰਨ੍ਹ ਕੇ ਵਿਦੇਸ਼ਾਂ ਤੋਂ ਦੇਸ਼ ਨੂੰ ਚਾਲੇ ਪਾ ਦਿੱਤੇ ਸਨ

ਬਿਆਨ ਵਿਚ ਕਿਹਾ ਗਿਆ ਸੀ, ਅਸੀਂ, ਮਹਾਮਯ ਮਹਾਰਾਜ ਜੀ ਦੀ ਭਾਰਤੀ ਪਰਜਾ ਜੋ ਹੁਣ ਅੰਤਰਰਾਸ਼ਟਰੀ ਮਹਾਂਨਗਰ ਦੇ ਵਾਸੀ ਹਾਂ ਇਹ ਦੱਸਣਾ ਆਪਣਾ ਕਰਤੱਵ ਤੇ ਫਰਜ਼ ਸਮਝਦੇ ਹਾਂ ਕਿ ਜੋ ਸਾਡਾ ਵਿਸ਼ਵਾਸ਼ ਹੈ ਉਹੀ ਸਾਰੇ ਭਾਰਤ ਦੀ ਵਿਆਪਕ ਭਾਵਨਾ ਹੈ ਅਤੇ ਉਹ ਹੈ ਜੰਗ ਵਿਚ ਬਰਤਾਨਵੀ ਸੈਨਾ ਦੀ ਜਿੱਤ ਦੀ ਸੁਹਿਰਦ ਤਾਂਘ ਇਸ ਤੋਂ ਅਗਾਂਹ ਸਾਨੂੰ ਇਸ ਵਿਚ ਰਤੀ ਭਰ ਵੀ ਸ਼ੱਕ ਨਹੀਂ ਕਿ ਪਹਿਲੇ ਮੌਕਿਆਂ ਵਾਂਗ ਹੀ, ਜਦ ਬਰਤਾਨਵੀ ਸੈਨਾਵਾਂ ਸਲਤਨਤ ਦੇ ਹਿੱਤਾਂ ਦੀ ਰਾਖੀ ਵਿਚ ਜੁਟੀਆਂ ਹੁੰਦੀਆਂ ਸਨ, ਹੁਣ ਵੀ ਭਾਰਤ ਦੇ ਮਹਾਰਾਜੇ ਤੇ ਲੋਕ ਦੇਸ਼ ਦੇ ਸਭ ਵਸੀਲੇ ਮਹਾਰਾਜ ਅਧਿਰਾਜ ਦੀ ਸੇਵਾ ਵਿਚ ਹਾਜ਼ਰ ਕਰਨ ਲਈ ਆਪਣੀ ਯੋਗਤਾ ਅਨੁਸਾਰ ਪੂਰਾ ਤਾਣ ਲਾ ਦੇਣਗੇ.....ਅਮਨ ਦੇ ਸਮਿਆਂ ਵਿਚ ਦੇਸ਼ ਦੇ ਅੰਦਰੂਨੀ ਪ੍ਰਸ਼ਾਸਨ ਨੂੰ ਪ੍ਰਭਾਵਤ ਕਰਨ ਵਾਲੇ ਸਵਾਲਾਂ ਬਾਰੇ ਕੋਈ ਵੀ ਮਤਭੇਦ ਪਿਆ ਹੋਵੇ ਪਰ ਵਿਦੇਸ਼ੀ ਦੁਸ਼ਮਣ ਦੇ ਰੂ-ਬ-ਰੂ ਭਾਰਤੀ ਲੋਕਾਂ ਦੀ ਸ਼ਾਹੀ ਤਖਤ ਪ੍ਰਤੀ ਸ਼ਰਧਾ ਅੰਦਰੂਨੀ ਸ਼ਾਂਤੀ ਤੇ ਤਾਲਮੇਲ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਰੰਗ ਲਿਆਏਗੀ ਕਿ ਸਲਤਨਤ ਦੀ ਛੇਤੀ ਤੋਂ ਛੇਤੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੇ ਤਨ ਮਨ ਨਾਲ ਬਰਤਾਨਵੀ ਕੌਮ ਨਾਲ ਇਕਮੁੱਠਤਾ ਦੀ ਸਿਰਜਣਾ ਹੋ ਜਾਵੇਗੀ` ਸਾਂਝੇ ਬਿਆਨ ਦੇ ਅੰਤ ਵਿਚ ਬਰਤਾਨਵੀ ਸਲਤਨਤ ਦੀ ਜਿੱਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗੀ ਗਈ ਸੀ

ਜਦੋਂ ਲਾਲਾ ਲਾਜਪਤ ਰਾਏ ਬਰਤਾਨਵੀ ਸਲਤਨਤ ਦੀ ਜਿੱਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗ ਰਿਹਾ ਸੀ, ਉਸ ਵੇਲੇ ਗ਼ਦਰੀ ਬਾਬੇ ਇਸ ਸਲਤਨਤ ਨੂੰ ਤਬਾਹ ਕਰ ਸੁੱਟਣ ਲਈ ਥਾਂ ਥਾਂ `ਤੇ ਹਥਿਆਰਬੰਦ ਬਗਾਵਤਾਂ ਖੜ੍ਹੀਆਂ ਕਰਨ ਵਿਚ ਜੁੱਟ ਗਏ ਸਨ

ਆਓ, ਹੁਣ ਵੱਖ ਵੱਖ ਗ਼ਦਰੀ ਬਾਬਿਆਂ ਦੇ ਲਾਲਾ ਲਾਜਪਤ ਰਾਏ ਬਾਰੇ ਵਿਚਾਰ ਜਾਣੀਏ

ਲਾਲਾ ਹਰਦਿਆਲ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ

ਲਾਲਾ ਹਰਦਿਆਲ ਤੇ ਸ਼ਹੀਦ ਕਰਤਾਰ ਸਿੰਘ ਨੇ ਲੋਕਾਂ ਅੰਦਰ ਸਿਆਸੀ ਚੇਤਨਾ ਫੈਲਾਉਣ ਅਤੇ ਭਾਰਤ ਦੀ ਆਜ਼ਾਦੀ ਲਈ ਬਗਾਵਤ ਦੀ ਤਿਆਰੀ ਵਜੋਂ ਇਕ ਹਫ਼ਤਾਵਾਰ ਪੇਪਰ 'ਗਦਰ` ਕੱਢਿਆ ਸੀ ਇਸ ਪਰਚੇ ਦੇ 23 ਦਸੰਬਰ 1913 ਦੇ ਅੰਕ ਵਿਚ ਲਾਲਾ ਲਾਜਪਤ ਰਾਏ ਨੂੰ 'ਸਰਕਾਰੀ ਟੱਟੂ` ਕਰਾਰ ਦਿਤਾ ਗਿਆ ਸੀ ਜਿਹੜੇ ਪਾਠਕ ਵੀਰ ਇਸ ਲਿਖਤ ਨੂੰ ਆਪ ਪੜ੍ਹਨਾ ਚਾਹੁੰਦੇ ਹਨ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਪੁਸਤਕ 'ਗਦਰ ਲਹਿਰ ਦੀ ਵਾਰਤਕ` ਦੇ ਸਫ਼ਾ 192 ਤੋਂ ਪੜ੍ਹ ਸਕਦੇ ਹਨ

ਭਾਈ ਸੰਤੋਖ ਸਿੰਘ

ਗਦਰ ਲਹਿਰ ਦੇ ਅਨਮੋਲ ਹੀਰੇ ਭਾਈ ਸੰਤੋਖ ਸਿੰਘ ਨੇ ਆਪਣੀਆਂ ਦੋ ਲਿਖਤਾਂ ਅੰਦਰ ਲਾਲਾ ਲਾਜਪਤ ਰਾਏ ਦਾ ਜਿਕਰ ਕੀਤਾ ਹੈ ਇਕ ਜਦੋਂ ਉਹਨਾਂ ਸ਼ਹੀਦ ਭਾਈ ਬਲਵੰਤ ਸਿੰਘ (ਖੁਰਦਪੁਰ) ਨੂੰ ਸਰਧਾਂਜਲੀ ਭੇਟ ਕਰਦਿਆਂ ਇਕ ਲੇਖ ਲਿਖਿਆ ਸੀ ਅਤੇ ਦੂਜਾ ਜਦੋਂ 1925 ਵਿਚ ਕਾਨਪੁਰ ਵਿਖੇ ਹੋਏ ਕਾਂਗਰਸ ਦੇ ਸੰਮੇਲਨ ਦੀ ਰਿਪੋਰਟ ਲਿਖੀ ਸੀ ਇਸ ਵਿਚ ਬੋਲਦਿਆਂ ਲਾਲਾ ਲਾਜਪਤ ਰਾਏ ਨੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਤੁੱਛ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਭਾਈ ਜੀ ਲਿਖਦੇ ਹਨ, 'ਇਥੇ ਆਣ ਕੇ ਲਾਲਾ ਜੀ ਆਪਣਾ ਸੁਭਾਉ ਜ਼ਾਹਰ ਕਰਨ ਤੋਂ ਨਾ ਰੁਕ ਸਕੇ ਅਤੇ ਕਹਿਣ ਲੱਗੇ ਕਿ ਕੌਮ ਦੀ ਖਾਤਰ ਜੀਵਨ ਬਤੀਤ ਕਰਨ ਨਾਲੋਂ ਕੌਮ ਦੀ ਖਾਤਰ ਮੌਤ ਕਬੂਲ ਕਰਨੀ ਸੌਖੀ ਹੈ ਬਿਰਧ ਲਾਲਾ ਜੀ ਨੂੰ ਇਕ ਪਾਸੇ ਦਾ (ਭਾਵ ਜਿਉਣ ਦਾ) ਹੀ ਤਜਰਬਾ ਹੈ ਦੂਸਰੇ ਪਾਸੇ ਦਾ (ਭਾਵ ਦੇਸ਼ ਲਈ ਜਾਨ ਕੁਰਬਾਨ ਕਰ ਦੇਣ ਦਾ) ਤਜਰਬਾ ਕਰਨ ਤੋਂ ਅਜੇ ਤੱਕ ਲਾਲਾ ਜੀ ਨੇ ਪਰਹੇਜ਼ ਹੀ ਕੀਤਾ ਹੈ` (ਕਿਰਤੀ ਫਰਵਰੀ 1926, ਨੋਟ:ਭਾਵ ਸਪਸ਼ਟ ਕਰਨ ਲਈ ਬਰੈਕਟਾਂ ਵਿਚਲੇ ਸ਼ਬਦ ਮੇਰੇ ਵੱਲੋਂ ਸ਼ਾਮਲ ਕੀਤੇ ਗਏ ਹਨ-ਰਾਹੀ)

ਸ਼ਹੀਦ ਭਾਈ ਬਲਵੰਤ ਸਿੰਘ (ਖੁਰਦਪੁਰ) ਨੂੰ ਸਰਧਾਂਜਲੀ ਭੇਟ ਕਰਦੇ ਆਪਣੇ ਲੇਖ ਵਿਚ ਭਾਈ ਸੰਤੋਖ ਸਿੰਘ ਨੇ ਲਿਖਿਆ ਸੀ, 'ਹਿੰਦੁਸਤਾਨੀਆਂ ਦੀ ਮੰਗ ਸੀ ਕਿ ਘਟ ਤੋਂ ਘਟ ਜੋ ਹਿੰਦੁਸਤਾਨੀ ਕੈਨੇਡਾ ਵਿਚ ਆ ਚੁੱਕੇ ਹਨ ਉਹ ਹਿੰਦੁਸਤਾਨ ਵਾਪਸ ਜਾ ਕੇ ਮੁੜ ਕੈਨੇਡਾ ਆ ਸਕਣ ਅਤੇ ਆਪਣੇ ਪਰਿਵਾਰ ਮੰਗਵਾ ਲਿਆ ਸਕਣ... ਆਖਰ ਦੋ ਸਾਲ ਹਰ ਇਕ ਸੰਭਵ ਅਤੇ ਯੋਗ ਵਸੀਲਾ ਆਪਣੇ ਸਵਾਲ ਨੂੰ ਹੱਲ ਕਰਨ ਲਈ ਵਰਤ ਕੇ ਉਸ ਨੂੰ ਨਿਸਫਲ ਹੁੰਦਾ ਦੇਖ ਕੇ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਨੇ ਫੈਸਲਾ ਕੀਤਾ ਕਿ ਇਸ ਸਵਾਲ ਨੂੰ ਨਜਿੱਠਣ ਵਾਸਤੇ ਇਕ ਆਖਰੀ ਕੰਮ ਹੋਰ ਭੀ ਕੀਤਾ ਜਾਵੇ ਉਹ ਇਹ ਕਿ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਦਾ ਸਵਾਲ ਇੰਗਲਿਸ਼ਤਾਨ ਦੀ ਗੌਰਮੈਂਟ ਅਤੇ ਇੰਗਲਿਸ਼ਤਾਨ ਦੀ ਪਬਲਿਕ ਅਰ ਹਿੰਦੁਸਤਾਨ ਦੀ ਗੌਰਮਿੰਟ ਅਤੇ ਹਿੰਦੁਸਤਾਨ ਦੀ ਪਬਲਿਕਪਾਸ ਇਕ ਵੇਰੀ ਪੇਸ਼ ਕੀਤਾ ਜਾਵੇ ਇਸ ਮਹਾਨ ਕੰਮ ਲਈ 1913 ਵਿਚ ਇਕ ਡੈਪੂਟੇਸ਼ਨ ਇੰਗਲਸਤਾਨ ਅਤੇ ਹਿੰਦੁਸਤਾਨ ਭੇਜਣ ਦਾ ਫੈਸਲਾ ਕੀਤਾ ਗਿਆ ਅਤੇ ਉਸ ਡੈਪੂਟੇਸ਼ਨ ਵਿਚ ਫਿਰ ਸੇਵਾ ਭਾਈ ਸਾਹਿਬ ਭਾਈ ਬਲਵੰਤ ਨੂੰ ਦਿਤੀ ਗਈ।..... ਗੌਰਮਿੰਟ ਦੇ ਅਫਸਰਾਂ ਵੱਲੋਂ ਜੋ ਨਿਰਾਸ਼ਤਾ ਹੋਣੀ ਸੀ ਉਹ ਤਾਂ ਹੋਈ ਪਰ ਉਸ ਸਮੇਂ ਦੇ ਕੌਮੀ ਆਗੂਆਂ ਨੇ ਵੀ ਚੰਗੀ ਸਿੱਖਿਆ ਦਿਤੀ ਲਾਲਾ ਲਾਜਪਤ ਰਾਏ ਜਿਹੇ ਭੱਦਰ ਪੁਰਸ਼ਾਂ ਨੇ ਜੋ ਇਹ ਚਾਹੁੰਦੇ ਹਨ ਕਿ ਅਸੀਂ ਕਿਵੇਂ ਪੰਜਾਬ ਦੇ ਆਗੂ ਅਖਵਾ ਸਕੀਏ, ਉਨ੍ਹਾਂ ਪਾਸੋਂ ਨਾ ਕੇਵਲ ਸਹੈਤਾ ਦੇਣ ਤੋਂ ਹੀ ਕੋਰਾ ਜਵਾਬ ਮਿਲਿਆ ਸਗੋਂ ਉਹਨਾਂ ਨੇ ਇਕ ਅਜਿਹੀ ਕਮੀਨੀ ਸ਼ਰਤ ਪੇਸ਼ ਕੀਤੀ ਜਿਸ ਨੂੰ ਕੋਈ ਸਿੱਖ ਹਿਰਦਾ ਮੰਨਣਾ ਤਾਂ ਇਕ ਪਾਸੇ ਰਿਹਾ ਸੁਣ ਵੀ ਨਹੀਂ ਸਕਦਾ ਇਹ ਸ਼ਰਤ ਲਾਉਣ ਵੇਲੇ ਆਪ ਨੇ ਇਹ ਕਹਿ ਦਿਤਾ ਕਿ ਇਹ ਮਾਮਲਾ ਕੇਵਲ ਸਿੱਖਾਂ ਦਾ ਹੈ ਇਸ ਵਿਚ ਅਸੀਂ ਸਹੈਤਾ ਤਦ ਕਰਾਂਗੇ ਜੇਕਰ ਸਾਡੀ ਫਲਾਨੀ (ਕਮੀਨੀ) ਸ਼ਰਤ ਪੂਰੀ ਕਰੋਗੇ (ਕਿਰਤੀ ਅਕਤੂਬਰ 1926)ਬਾਬਾ ਸੋਹਣ ਸਿੰਘ ਭਕਨਾ

ਬਾਬਾ ਸੋਹਨ ਸਿੰਘ ਭਕਨੇ ਨੇ ਜੇਲ੍ਹ ਵਿਚ ਹੀ ਆਪਣੀ ਸਵੈ-ਜੀਵਨੀ 'ਮੇਰੀ ਰਾਮ-ਕਹਾਣੀ` ਲਿਖ ਲਈ ਸੀ ਜੋ 1930 ਵਿਚ ਮਹੀਨੇਵਾਰ ਕਿਰਤੀ ਅਤੇ ਰੋਜਾਨਾ'ਅਕਾਲੀ ਤੇ ਪ੍ਰਦੇਸੀ` ਵਿਚ ਛਪੀ ਸੀ30 ਮਾਰਚ 1930 ਦੇ 'ਅਕਾਲੀ ਤੇ ਪ੍ਰਦੇਸੀ` ਵਿਚ ਛਪੀ ਕਿਸ਼ਤ ਵਿਚੋਂ ਸਪਸ਼ਟ ਸੰਕੇਤ ਮਿਲ ਜਾਂਦਾ ਹੈ ਕਿ ਲਾਲਾ ਲਾਜਪਤ ਰਾਏ ਦਾੜ੍ਹੇ ਕੇਸਾਂ ਤੇ ਦਸਤਾਰਿਆਂ ਵਾਲੇ ਸਿੱਖ ਕਾਮਿਆਂ ਪ੍ਰਤੀ ਕਿੰਨੇ ਤੁਅੱਸਬੀ ਵਿਚਾਰ ਰਖਦਾ ਸੀ ਬਾਬਾ ਜੀ ਨੇ ਲਿਖਿਆ ਸੀ:

'ਵਪਾਰ ਤੇ ਵਾਹੀ ਤੋਂ ਛੁਟ ਹੁਣ ਸਾਡੀ ਮਜ਼ੂਰੀ ਵੀ ਅਮਰੀਕਣਾਂ ਦੀਆਂ ਅੱਖਾਂ ਦਾ ਕੰਡਾ ਬਣ ਗਈ ਉਥੋਂ ਦਾ ਮਜ਼ੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਹਥ ਪੈਰ ਧੋ ਕੇ ਪਿਛੇ ਪੈ ਗਿਆ ਅਖੀਰ ਵਿਚ ਦੋ ਲੱਕੜੀ ਦੇ ਕਾਰਖਾਨਿਆਂ ਵਿਚੋਂ ਮਜ਼ਦੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ ਮਾਰ ਕੇ ਕੱਢ ਦਿਤਾ ਸ਼ਾਇਦ ਪਾਠਕ ਇਹ ਖਿਆਲ ਕਰਨਗੇ ਕਿ ਇਹਨਾ ਕਾਰਖਾਨਿਆਂ ਵਿਚ ਦਸਤਾਰਿਆਂ ਵਾਲੇ ਪੰਜਾਬੀ ਸਿੱਖ ਹੋਣਗੇ ਜਿਹਨਾਂ ਨੂੰ ਲਾਲਾ ਲਾਜਪਤ ਰਾਏ ਆਦਿਕਾਂ ਦੇ ਖਿਆਲ ਅਨੁਸਾਰ, ਅਮਰੀਕਨ ਇਸ ਵਾਸਤੇ ਹੋਛੀ ਨਿਗਾਹ ਨਾਲ ਨਹੀਂ ਸਨ ਦੇਖਦੇ ਕਿ ਦਾੜ੍ਹੇ ਕੇਸ ਤੇ ਦਸਤਾਰਿਆਂ ਦੇ ਕਾਰਨ (ਉਹ) ਮੈਲੇ-ਕੁਚੇਲੇ ਰਹਿੰਦੇ ਸਨ, ਦੂਜੇ ਉਹਨਾਂ ਦਾ ਚਾਲ ਚਲਨ ਵੀ ਦਸਤਾਰਿਆਂ (ਪਗੜੀਆਂ) ਵਾਲੇ ਨਹੀਂ ਸਨ ਸਗੋਂ ਟੋਪੀਆਂ ਵਾਲੇ ਜੈਂਟਲਮੈਨ ਹਿੰਦੀ ਸਨ ਜਿਹਨਾਂ ਦੀ ਇਹ ਦੁਰਗਤ ਹੋਈ`

ਬਾਬਾ ਗੁਰਦਿੱਤ ਸਿੰਘ ਕਾਮਾਗਾਟਾ-ਮਾਰੂ

ਬੱਜ ਬੱਜ ਘਾਟ ਦੇ ਸਾਕੇ ਤੋਂ ਬਾਅਦ ਬਾਬਾ ਜੀ ਲੁਕ-ਛਿਪ ਕੇ ਜੀਵਨ ਬਿਤਾਉਣ ਲਈ ਮਜਬੂਰ ਹੋ ਗਏ ਇਸ ਸਮੇਂ ਇਕ ਵਾਰ ਉਹਨਾਂ ਦਾ ਲਾਲਾ ਲਾਜਪਤ ਰਾਏ ਨਾਲ ਮੇਲ ਹੋ ਗਿਆ ਪਰ ਲਾਲਾ ਜੀ ਉਹਨਾਂ ਦੀ ਕਿਸੇ ਕਿਸਮ ਦੀ ਮਦਦ ਕਰਨ ਤੋਂ ਟਾਲ-ਮਟੋਲਾ ਕਰ ਗਏ ਇਸ ਬੇਸੁਆਦੀ ਮੁਲਾਕਾਤ ਬਾਰੇ ਬਾਬਾ ਜੀ ਤੋਂ ਸੁਣੋ:

ਇਕ ਵਾਰ ਮੈਨੂੰ ਪਤਾ ਲੱਗਿਆ ਕਿ ਲਾਲਾ ਲਾਜਪਤ ਰਾਏ ਬੰਬਈ ਆਇਆ ਹੋਇਆ ਹੈ.... ਮੈਂ ਉਸ ਨੂੰ ਮਿਲਣ ਗਿਆ... (ਦੋ ਘੰਟੇ ਦੀ ਉਡੀਕ ਬਾਅਦ) ਮੈਂ ਇਕ ਚਿੱਟ ਲਿਖੀ, 'ਮੈਂ ਕਾਮਾਗਾਟਾ ਮਾਰੂ ਵਾਲਾ ਗੁਰਦਿੱਤ ਸਿੰਘ ਹਾਂ` ਅਤੇ ਗੇਟ-ਕੀਪਰ ਨੂੰ ਦੇ ਦਿਤੀ ਅਤੇ ਕਿਹਾ ਕਿ ਲਾਲਾ ਜੀ ਨੂੰ ਦੇ ਦਿਓ ਮੈਂ ਗੇਟ ਕੀਪਰ ਦੇ ਇਕ ਇਕ ਕਦਮ ਨੂੰ ਇਹ ਜਾਨਣ ਲਈ ਧਿਆਨ ਨਾਲ ਦੇਖਿਆ ਕਿ ਜਦੋਂ ਲਾਲਾ ਜੀ ਨੂੰ ਚਿੱਟ ਦਿਤੀ ਜਾਵੇਗੀ ਤਾਂ ਉਸ ਦਾ ਕੀ ਪ੍ਰਤੀਕਰਮ ਹੋਵੇਗਾ ਮੈਂ ਦੇਖਿਆ ਕਿ ਜਦੋਂ ਲਾਲਾ ਜੀ ਨੂੰ ਚਿੱਟ ਫੜਾਈ ਗਈ ਤਾਂ ਉਸ ਨੇ ਇਹ ਸੋਚਦਿਆਂ ਹੋਇਆਂ ਕਿ ਗੁਰਦਿੱਤ ਸਿੰਘ ਤਾਂ ਮਰ ਚੁੱਕਾ, ਇਸ ਨੂੰ ਪਾਸੇ ਰੱਖ ਦਿਤਾ ਜਿਉਂ ਹੀ ਮੈਂ ਦੇਖਿਆ ਕਿ ਚਿੱਟ ਤਾਂ ਪਾਸੇ ਸੁੱਟ ਦਿਤੀ ਗਈ ਹੈ, ਮੈਂ ਭੱਜ ਕੇ ਅੰਦਰ ਚਲਾ ਗਿਆ ਅਤੇ ਉਸ ਨੂੰ ਚੁੱਕ ਲਿਆ ਤਾਂ ਕਿ ਹੋਰ ਕਿਸੇ ਨੂੰ ਪਤਾ ਨਾ ਲਗ ਸਕੇ ਕਿ ਮੈਂ ਵੀ ਉਥੇ ਪਹੁੰਚਿਆ ਹੋਇਆ ਹਾਂ ਜਦੋਂ ਲਾਲਾ ਜੀ ਗੇਟ ਵਿਚੋਂ ਬਾਹਰ ਨਿਕਲੇ ਮੈਂ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਉਸ ਦੀ ਬਾਂਹ ਫੜ ਕੇ ਕਿਹਾ, 'ਮੈਂ ਤੁਹਾਡੇ ਨਾਲ ਗੱਲ ਕਰਨ ਲਈ ਉਡੀਕਦਾ ਉਡੀਕਦਾ ਥੱਕ ਗਿਆ ਹਾਂ, ਮਿਹਰਬਾਨੀ ਕਰਕੇ ਮੈਨੂੰ ਗੱਲ ਕਰਨ ਲਈ ਸਮਾਂ ਦਿਓ ਮੈਂ ਉਸ ਨੂੰ ਚਿੱਟ ਦਿਖਾਈ ਕਿ ਜੇ ਇਹ ਪੁਲਿਸ ਦੇ ਹੱਥ ਲਗ ਜਾਂਦੀ ਤਾਂ ਕੀ ਹੁੰਦਾ ਇਸ ਦੇ ਬਾਵਜੂਦ ਵੀ ਉਸ ਨੇ ਮੇਰੇ ਮਾਮਲੇ ਵੱਲ ਕੋਈ ਬਹੁਤਾ ਧਿਆਨ ਨਾ ਦਿਤਾ ਉਸ ਨੇ ਮੈਨੂੰ ਕਿਹਾ ਲਾਹੌਰ ਜਾ ਕੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨਾਲ ਗੱਲ ਕਰ... ਜੇ ਉਹ ਕਹੇਗਾ ਤਾਂ ਹੀ ਮੈਂ ਤੇਰੇ ਕੇਸ ਨੂੰ ਹੱਥ ਲਵਾਂਗਾ`

(Voyage of Kamagatamaru, pp. 198-99)

ਪ੍ਰੋ. ਬਰਕਤ ਉਲ੍ਹਾ

ਗਦਰ ਪਾਰਟੀ ਦੇ ਪ੍ਰਮੁੱਖ ਆਗੂ ਪ੍ਰੋ. ਬਰਕਤ ਉਲ੍ਹਾ ਨੂੰ ਲਾਲਾ ਲਾਜਪਤ ਰਾਏ ਨਫ਼ਰਤ ਨਾਲ 'ਬਗਲੋਲ ਕਹਿੰਦਾ ਹੁੰਦਾ ਸੀ ਜਿਸ ਦਾ ਭਾਵ ਸੀ ਮੂਰਖ` ਲਾਲੇ ਨੂੰ ਰੰਜ਼ਸ਼ ਸੀ ਕਿ ਬਰਕਤ ਉਲ੍ਹਾ ਮੈਨੂੰ ਬੁਜ਼ਦਿਲ ਕਹਿੰਦਾ ਹੁੰਦਾ ਸੀ ਅਤੇ ਉਸ ਨੇ ਮੇਰੇ ਨਾਲ ਕੋਈ ਵੀ ਭੇਦ ਸਾਂਝਾ ਕਰਨ ਤੋਂ ਇਨਕਾਰ ਕਰ ਦਿਤਾ ਸੀ` ਇਹ ਗੱਲ ਲਾਲਾ ਲਾਜਪਤ ਰਾਏ ਦੀ ਕਿਤਾਬ 'ਸਟੋਰੀ ਆਫ਼ ਮਾਈ ਲਾਈਫ` ਦੇ ਸਫ਼ਾ 199 `ਤੇ ਦਰਜ ਹੈ

ਭਾਈ ਪਰਮਾਨੰਦ ਲਾਹੌਰ

ਭਾਈ ਪਰਮਾਨੰਦ ਲਾਹੌਰ ਨੂੰ ਗਦਰੀ ਬਾਬਿਆਂ ਨਾਲ ਫਾਂਸੀ ਦਾ ਹਕਮ ਹੋਇਆ ਸੀ ਜਿਸ ਨੂੰ ਬਾਅਦ ਵਿਚ ਉਮਰ ਕੈਦ ਵਿਚ ਬਦਲ ਦਿਤਾ ਗਿਆ ਭਾਈ ਜੀ ਨੇ ਰਿਹਾਅ ਹੋਣ ਤੋਂ ਬਾਅਦ 22 ਫਰਵਰੀ 1928 ਦੇ ਆਪਣੇ ਪਰਚੇ 'ਹਿੰਦੂ` ਵਿਚ ਲਿਖਿਆ ਸੀ ਕਿ ਅਮਰੀਕਾ ਨਿਵਾਸੀ ਹਿੰਦੀ ਦੇਸ਼ ਭਗਤਾਂ ਨੇ ਲਾਲਾ ਲਾਜਪਤ ਰਾਏ ਨੂੰ- ਜਦੋਂ ਉਹ ਅਮਰੀਕਾ ਗਏ ਹੋਏ ਸਨ ਤੇ ਭਾਈ ਜੀ ਅੰਡੇਮਾਨ ਜੇਲ੍ਹ ਵਿਚ ਕੈਦ ਸਨ- ਭਾਈ ਜੀ ਦੇ ਪਰਿਵਾਰ ਦੀ ਸਹਾਇਤਾ ਲਈ 11000 ਰੁਪਏ ਭੇਜੇ ਸਨ ਜੋ ਪਰਿਵਾਰ ਨੂੰ ਨਹੀਂ ਮਿਲੇ

ਬਾਬਾ ਗੁਰਮੁੱਖ ਸਿੰਘ ਲਲਤੋਂ

ਪੰਜਾਬ ਦੇ ਉਘੇ ਨਾਵਲਕਾਰ ਸ.ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ਪੁੰਨਿਆ ਦਾ ਚਾਨਣ` ਦੇ ਸਫ਼ਾ 23 `ਤੇ ਇਕ ਘਟਨਾ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ :

ਪਿੰਡ ਵਿਚ ਇਕ ਦਿਨ ਕਮਿਊਨਿਸਟ ਕਾਨਫਰੰਸ ਆ ਗਈ। (ਗ਼ਦਰੀ) ਬਾਬਾ ਗੁਰਮੁੱਖ ਸਿੰਘ ਮੇਰੇ ਘਰ ਹੀ ਮੇਰੇ ਦੁਆਲੇ ਖੰੂਡਾ ਚੁੱਕ ਖਲੋਤਾ ਤੇਜਾ ਸਿੰਘ ਸੁਤੰਤਰ ਤੇ (ਅਵਤਾਰ ਸਿੰਘ) ਮਲਹੋਤਰਾ ਸਾਡਾ ਤਮਾਸ਼ਾ ਵੇਖਦੇ ਮਿੰਨਾ ਮਿੰਨਾ ਮੁਸਕਾਈ ਜਾ ਰਹੇ ਸਨ ਬਾਬਾ ਮਿਲਦੇ ਸਾਰ ਹੀ ਚੜ੍ਹ ਪਿਆ

ਓਏ ਕੰਵਲਾ! ਖੋਟੇ ਲਾਲੇ ਦਿਆ ਝੋਲੀ ਚੁੱਕਾ! ਤੈਨੂੰ ਯਾਦਗਾਰਾਂ ਬਣਾਉਣ ਲਈ ਫਾਂਸੀ ਚੜ੍ਹਨ ਵਾਲੇ ਪਿੰਡ ਦੇ ਦੇਸ਼ ਭਗਤ ਨਾ ਦਿਸੇ? ਗ਼ਦਰ ਪਾਰਟੀ ਦਾ ਫੰਡ ਹਜ਼ਮ ਕਰਨ ਵਾਲਾ ਲਾਲਾ ਅਸਮਾਨੇ ਚਾੜ੍ਹ ਛੱਡਿਆ?`

ਮੈਂ ਹੀ ਨਹੀਂ, ਸਾਰਾ ਹਿੰਦੋਸਤਾਨ ਬਾਬਾ ਗੁਰਮੁਖ ਸਿੰਘ ਦੀ ਬੱਤੀ ਵਰ੍ਹੇ ਕੱਟੀ ਸਖ਼ਤ ਜੇਲ੍ਹ ਦਾ ਸਤਿਕਾਰ ਕਰਦਾ ਸੀ ਮੈਂ ਬਾਬਾ ਜੀ ਦੇ ਸਖ਼ਤ ਖਿੰਗਰ ਸੁਭਾਅ ਨੂੰ ਸਤਿਕਾਰਤ ਮਖਣੀ ਲਾਇਆ ਚਾਹੁੰਦਾ ਸੀ ਲਾਲੇ ਦਾ ਨਾਂ ਵਰਤਣ `ਤੇ ਮੈਨੂੰ ਬਾਬੇ ਦੇ ਔਖੇ ਹੋਣ ਦਾ ਪਹਿਲੋਂ ਹੀ ਪਤਾ ਸੀ ਇਸ ਗੱਲ `ਤੇ ਇਕ ਵਾਰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਵੀ ਉਹ ਮੇਰੇ ਗਲ਼ ਪਿਆ ਸੀ 'ਮੈਂ ਨਿਮਰਤਾ ਨਾਲ ਬੇਨਤੀ ਕੀਤੀ, ਬਾਬਾ ਜੀ...ਲਾਲੇ ਦੇ ਨਾਂਅ ਨਾਲ ਸਰਕਾਰੀ ਮੱਝ ਪਸਮਦੀ ਸੀ,ਅਸਾਂ ਚਾਟ ਪਾ ਕੇ ਚੋ ਲਈ ; ਕੀ ਬੁਰਾ ਕੀਤਾ? ਅਸਾਂ ਕਾਲਜ ਤੱਕ ਦੀਆਂ ਸਹੂਲਤਾਂ ਖੜ੍ਹੀਆਂ ਕਰ ਲਈਆਂ ; ਕੀ ਮਾੜਾ ਕੀਤਾ ?.... ਗਾਂਧੀ ਤੁਹਾਡੇ ਬਹੁਤਿਆਂ ਸਿਆਣਿਆਂ ਨਾਲ ਕਿਵੇਂ ਠੱਗੀ ਮਾਰ ਗਿਆ? ਜੇਲ੍ਹਾਂ ਦੀ ਸਖਤ ਕੁੱਟ ਤੁਸਾਂ ਖਾਧੀ ; ਚੂਰੀ ਖਰੀ ਬਾਹਮਣ ਤੋਤੇ ਮੁਫ਼ਤ ਵਿਚ ਹੀ ਖਾ ਗਏ`, ਮੈਂ ਬਾਬੇ ਦਾ ਸਖਤ ਰਵੱਈਆ ਤਾੜ ਗਿਆ ਸੀ, ਜੇ ਬਹੁਤਾ ਨਰਮ ਨਾ ਪਿਆ ਆਪਣੇ ਘਰ ਵਿਚ ਹੀ ਬਾਬੇ ਤੋਂ ਕੁੱਟ ਖਾਵਾਂਗਾ

'ਹੁਣ ਬੱਚੂ ਤੂੰ ਸਾਨੂੰ ਮੱਤਾਂ ਦੇਵੇਂਗਾ` ਬਾਬੇ ਦਾ ਢਲਦਾ ਗੁੱਸਾ ਜਾਚ ਕੇ ਮੈਂ ਸ਼ੁਕਰ ਮਨਾਇਆ