Wednesday, June 2, 2010

ਨਿਆਜੀ ਠੀਕ ਕਹਿੰਦਾ ਸੀ…

“…ਕਹਿਰ ਐ ਜੀ ਕਹਿਰ… ਗੁਰੂ ਦੇ ਦਰ ’ਤੇ ਹਮਲਾ ਕਰਕੇ ਹਕੂਮਤ ਨੇ ਆਪਣੀ ਕਬਰ ਆਪ ਪੁੱਟ ਲਈ ਐ ਜੀ…”
“ਤਾਕਤ ਦਾ ਨਸ਼ੈ ’ਜਮੇਰ ਸਿਆਂ… ਇਹ ਅਕ੍ਰਿਤਘਣ ਭੁੱਲ ਗਏ ਨੇ ਗੁਰੂ ਸਾਹਬਾਂ ਦੇ ਉਪਕਾਰਾਂ ਨੂੰ… ਭੁੱਲ ਗਏ ਨੇ ਇਹ ਕਿ ਕਿਵੇਂ ਕਸ਼ਮੀਰੀ ਪੰਡਤ ਵਿਲਕਦੇ ਹੋਏ, ਨੌਵੇਂ ਗੁਰੂ ਅੱਗੇ ਫਰਿਆਦੀ ਬਣੇ ਖੜ੍ਹੇ ਸਨ ਤੇ ਮਹਾਰਾਜ ਨੇ ਬਿਨਾ ਕਿਸੇ ਦੇਰੀ ਉਹਨਾਂ ਦੀ ਬਾਂਹ ਫੜ੍ਹੀ ਸੀ… ਰੁੜਦੀ ਜਾਂਦੀ ਹਿੰਦ ਮਹਾਰਾਜ ਨੇ ਸੀਸ ਦੇ ਕੇ ਰੱਖੀ ਸੀ… ਤੇ ਸਦੀਆਂ ਤੋਂ ਗੁਲਾਮ ਚੱਲੇ ਆ ਰਹੇ ਹਿੰਦੂਆਂ ਦੀ ਆਜਾਦੀ ਦੀ ਨੀਂਹ ਰੱਖੀ ਸੀ… ਤੇ ਫੇਰ ਉਸੇ ਗੁਰੂ ਦੀ ਉੱਮਤ ਨੇ ਪਹਿਲਾਂ ਮੁਗਲਾਂ ਤੇ ਫੇਰ ਗੋਰਿਆਂ ਨੂੰ ਏਥੋਂ ਕੱਢ ਹਜ਼ਾਰਾਂ ਲੱਖਾਂ ਕੁਰਬਾਨੀਆਂ ਦੇ ਕੇ ਇਹਨਾਂ ਦੀ ਸਦੀਆਂ ਦੀ ਗੁਲਾਮੀਂ ਤੋੜੀ ਸੀ… ਪਰ ਇਹ ਤਾਂ ਹਾਬੜ ਕੇ ਪੈ ਗਏ ਸੱਤਾ ਨੂੰ ਤੇ ਬਸ ਉਸ ਪਿੱਛੋਂ ਜਿਸ ਕਿਸੇ ਹਿੱਲ-ਜੁਲ ਨਾਲ ਇਹਨਾਂ ਦੇ ਤਖ਼ਤ ਡੋਲੇ ਉਸ ਨੂੰ ਇਹ ਮੁਕਾਉਂਦੇ ਆਏ… ਤੇ ਅੱਜ ਸਭ ਉਪਕਾਰ ਭੁੱਲ ਕੇ ਇਹਨਾਂ ਸਿਖਾਂ ’ਤੇ ਚੜ੍ਹਾਈ ਕਰ ਦਿੱਤੀ…”
“… ਤੇ ਇਹਨਾਂ ਨੂੰ ਇਹ ਵੀ ਭੁੱਲ ਗਿਐ ਮੰਬਰਾ ਕਿ ਇਹਨਾਂ ਦੀ ਆਜ਼ਾਦੀ ਕਾਇਮ ਰੱਖਣ ਲਈ ਸਿਖਾਂ ਨੇ ਸੰਤਾਲੀ ਤੋਂ ਪਿੱਛੋਂ ਵੀ ਢਿੱਲ ਨਹੀਂ ਕੀਤੀ… ਜੇ ਪਾਕਸਤਾਨ ਤੇ ਚੀਨ ਨਾਲ ਹੋਈਆਂ ਤਿੰਨਾਂ ਜੰਗਾਂ ਵਿਚ ਸਿਖ ਨਾ ਹੁੰਦੇ ਤਾਂ ਇਹ ਮੂੰਹ ਦੀਆਂ ਖਾਂਦੇ… ਸਿਖ ਫੌਜੀਆਂ ਨੇ ਹੀ ਪੈਟਨ ਟੈਂਕਾਂ ਅੱਗੇ ਹਿੱਕਾਂ ਡਾਹ ਕੇ ਇਹਨਾਂ ਨੂੰ ਜਿੱਤਾਂ ਦੁਆਈਆਂ ਸਨ”
“ਪਰ ਹੁਣ ਸਿਖ ਫੌਜੀਆਂ ਨੂੰ ਵੀ ਸੋਚਣਾ ਚਾਹੀਦੈ ਜੀ, ਜਦੋਂ ਇਹਨਾਂ ਹਿੰਦੀਆਂ ਨੇ ਸਾਡਾ ਸਭ ਤੋਂ ਪਵਿੱਤਰ ਸਥਾਨ ਹੀ ਢਾਹਤਾ ਫੇਰ ਅਸੀਂ ਇਹਨਾਂ ਲਈ ਕਿਉਂ ਮਰਦੇ-ਖਪਦੇ ਰਹੀਏ…”
ਗੱਡੀ ਵਿਚ ਕੋਈ ਬਹੁਤੀ ਭੀੜ ਨਹੀਂ ਸੀ। ਇਸ ਡੱਬੇ ਵਿਚ ਤਾਂ ਦਸ ਕੁ ਸਵਾਰੀਆਂ ਹੀ ਸਨ। ਅਜੇ ਕੁਝ ਦਿਨ ਪਹਿਲਾਂ ਹੀ ਕਰਫਿਊ ਹਟਣੇ ਸ਼ੁਰੂ ਹੋਏ ਸਨ। ਸੋ ਲੋਕ ਅਜੇ ਵੀ ਘਰਾਂ ’ਚੋਂ ਨਿਕਲਦੇ ਡਰਦੇ ਸਨ।
ਹਰਬਕਸ਼ ਸਿੰਘ ਭਾਰਤੀ ਫੌਜ ਵਿਚ ਰਿਹਾ ਸੀ। ਅੰਦਰੋਂ ਉਹ ਵੀ ਗੁੱਸੇ ਨਾਲ ਭਰਿਆ ਹੋਇਆ ਸੀ, ਪਰ ਅਜੇ ਵੀ ਓਹਦੇ ਅੰਦਰ ਦੇ ਕਿਸੇ ਕੋਨੇਂ ਵਿਚੋਂ ਆਵਾਜ਼ ਆ ਰਹੀ ਸੀ, “ਨਹੀਂ ਨਹੀਂ… ਏਨਾ ਨੁਕਸਾਨ ਨਹੀਂ ਕੀਤਾ ਹੋਣਾ ਗੌਰਮਿੰਟ ਨੇ… ਆਖਰ ਅਸੀਂ ਉਹਨਾਂ ਦੇ ‘ਆਪਣੇ’ ਆਂ… ਕੋਈ ਪਾਰ ਦੇ ਦੁਸ਼ਮਨ ਤਾਂ ਨਹੀਂ…”
ਪਰ ਪਤਾ ਨਹੀਂ ਕਿਉਂ, ਜਦੋਂ ਓਹਦੇ ਅੰਦਰੋਂ ਇਹ ਆਵਾਜ਼ ਆਉਂਦੀ ਤਾਂ ‘ਆਪਣੇ’ ਸ਼ਬਦ ਥੋੜਾ ਜਿਹਾ ਅੜਕ ਕੇ ਨਿਕਲਦਾ, ਜਿਵੇਂ ਕਿਸੇ ਨੂੰ ਹੱਕ ਪੈਂਦੀ ਹੋਵੇ।
ਉਸ ਦੇ ਸਾਹਮਣੀ ਸੀਟ ’ਤੇ ਦੋ ਬਜ਼ੁਰਗ ਬੈਠੇ ਸਨ। ਜਿਹੜੇ ਦੋਵੇਂ ਆਪਸ ਵਿਚ ਇਸ ਹਮਲੇ ਬਾਰੇ ਗੱਲਾਂ ਕਰ ਰਹੇ ਸਨ। ਹਲਾਂਕਿ ਉਹ ਵੀ ਹਮਲੇ ਤੋਂ ਬਾਅਦ ਅੱਜ ਪਹਿਲੀ ਵਾਰੀ ਹੀ ਅੰਮ੍ਰਿਤਸਰ ਜਾ ਰਹੇ ਸਨ, ਪਰ ਕੁਝ ਦਿਨ ਪਹਿਲਾਂ ਉਹਨਾਂ ਦੇ ਪਿੰਡ ਦਾ ਤੀਰਥ ਸਿਹੁੰ ਨਿਹੰਗ ਦਰਬਾਰ ਸਾਹਬ ਹੋ ਕੇ ਆਇਆ ਸੀ।
…ਤੇ ਜਦੋਂ ਉਹ ਮੁੜਕੇ ਆਇਆ ਤਾਂ ਓਹਤੋਂ ਸੱਥ ਵਿਚਦੀ ਲੰਘਿਆ ਨਾ ਗਿਆ… ਓਹਦੀਆਂ ਥਾਏਂ ਧਾਹਾਂ ਨਿਕਲ ਗਈਆਂ।
“ਓ ਪੱਟੇ ਗਏ ’ਜਮੇਰ ਸਿਆਂ… ਪੱਟੇ ਗਏ ਮੰਬਰਾ ਜਵਾਂ ਈ ਓਏ… ਢਾਹਤਾ ਓਏ ਕੁੱਤੀ ਗੌਰਮਿੰਟ ਨੇ ਗੁਰੂ ਦਾ ਦਰ… ਭੋਰਾ ਤਰਸ ਨ੍ਹੀ ਕੀਤਾ ਓਏ ਇਹਨਾਂ ਬੁੱਚੜਾਂ… ਦੁੱਧ ਚੁੰਘਦੇ ਬਾਲਾਂ ਵਿਚਦੀ ਗੋਲੀਆਂ ਕੱਢਤੀਆਂ… ਬਹੁਤ ਵੱਡਾ ਧ੍ਰੋਹ ਕਮਾਇਆ ਓਏ ਗੰਗੂ ਦਾ ’ਲਾਦ ਨੇ ਸਾਡੇ ਨਾਲ… ਕੱਖ ਨਾ ਰਹੇ ਓਹਨਾਂ ਲੀਡਰਾਂ ਦਾ ਜਿਹਨਾਂ ਸਾਨੂੰ ਇਹਨਾਂ ਬਾਹਮਣਾ ਦੇ ਲੜ੍ਹ ਲਾਇਆ… ਓਏ ਅਸੀਂ ਕਦੇ ਇਹਨਾਂ ਤੋਂ ਕੱਖ ਨਾ ਮੰਗਿਆ… ਤੇ ਅੱਜ ਚਾਰ ਹੱਕ ਦੀਆਂ ਗੱਲਾਂ ਬਦਲੇ ਇਹਨਾਂ ਤੋਪਾਂ ਦੇ ਗੋਲੇ ਪਾਏ ਓਏ ਸਾਡੀਆਂ ਝੋਲੀਆਂ ’ਚ… ਹੈਅ ਥੋਡਾ ਬੀਜ ਨਾਸ਼ ਹੋ ਜਏ ਜ਼ਾਲਮੋਂ… ਓ ਅਸੀਂ ਆਥਣ ਸਵੇਰ ਸਰਬੱਤ ਦਾ ਭਲਾ ਮੰਗਣ ਵਾਲੇ… ਓ ਥੋਨੂੰ ਰਾਜ ਭਾਗ ਦੇ ਮਾਲਕ ਬਣਾਉਣ ਵਾਲੇ… ਤੇ ਤੁਸੀਂ… ਤੁਸੀਂ…?”
ਅਜੇ ਤੀਰਥ ਸਿਹੁੰ ਸੱਥ ਵਾਲੇ ਥੜੇ ਉੱਤੇ ਸਿਰ ਧਰੀ ਓਵੇਂ ਵਿਲਕ ਰਿਹਾ ਸੀ ਕਿ ਗੁਰਦੁਆਰੇ ਆਲੇ ਭਾਈ ਜੀ ਨੇ ਆਥਣ ਦਾ ਵਾਕ ਲੈਣ ਲਈ ਮੰਗਲਾ ਚਰਨ ਸ਼ੁਰੂ ਕੀਤਾ,
“ਮਥੈ ਟਿਕਾ ਤੇੜਿ ਧੋਤੀ ਕਖਾਈ ॥
ਹਥਿ ਛੁਰੀ ਜਗਤ ਕਾਸਾਈ ॥”
ਅਜਮੇਰ ਸਿਹੁ ਤੇ ਸੱਥ ਵਿਚ ਬੈਠੇ ਕੁਝ ਹੋਰ ਲੋਕਾਂ ਨੇ ਤੀਰਥ ਸਿਹੁ ਨੂੰ ਸੰਭਾਲਿਆ। ਅੱਜ ਤੱਕ ਕਦੇ ਕਿਸੇ ਨੇ ਨਿਹੰਗ ਦੀ ਅੱਖ ਵਿਚ ਅੱਥਰੂ ਨਹੀਂ ਵੇਖਿਆ ਸੀ। ਏਥੋਂ ਤਕ ਕਿ ਉਸਦਾ ਜਵਾਨ ਪੁੱਤ ਸਪਰੇਹ ਚੜ੍ਹਣ ਨਾਲ ਮਾਰਿਆ ਗਿਆ ਸੀ, ਪਰ ਤੀਰਥ ਸਿਹੁ ਨੇ ਇਹ ਘਟਨਾ ਮਾਲਕ ਦਾ ਭਾਣਾ ਆਖ ਕੇ ਜਰ ਲਈ ਸੀ ਤੇ ਅੱਖ ਵਿਚ ਭੋਰਾ ਨਮੀਂ ਨਹੀਂ ਆਉਣ ਦਿੱਤੀ ਸੀ। ਪਰ ਅੱਜ… ਸਭ ਹੈਰਾਨ ਸਨ।
ਹਨੇਰਾ ਹੋਣ ਤਕ ਤੀਰਥ ਸਿਹੁ ਸੱਥ ਵਿਚ ਬੈਠਿਆਂ ਸਾਰਿਆਂ ਨੂੰ ਅੰਮ੍ਰਿਤਸਰ ਹਮਲੇ ਦੀ ਵਾਰਤਾ ਸੁਣਾਉਂਦਾ ਰਿਹਾ। ਕਿਤੇ-ਕਿਤੇ ਜਦ ਉਹ ਜੋਸ਼ ਵਿਚ ਆ ਜਾਂਦਾ ਤਾਂ ਖਾੜਕੂਆਂ ਦੀਆਂ ਤਾਰੀਫਾਂ ਕਰਨ ਲੱਗ ਪੈਂਦਾ।
“ਊਂ ਇਕ ਗੱਲ ਤਾਂ ਹੈ ਮੰਬਰਾ… ਏਹਨਾਂ ਸਾਲੇ ਗੁੱਲੀ ਰਾਮਾਂ ਦੀ ਭੁਗਤ ਚੰਗੀ ਸਵਾਰੀ ਆਪਣੇ ਯੋਧਿਆਂ ਨੇ… ਕਹਿੰਦੇ ਭੱਜਦਿਆਂ ਨੂੰ ਰਾਹ ਨ੍ਹੀ ਲੱਭੇ ਫੌਜੀਆਂ ਨੂੰ… ਜਿੱਧਰੋਂ ਇਹ ’ਗਾਹਾਂ ਵਧਦੇ ਓਧਰੋਂ ਈ ਗੋਲੀਆਂ ਇਹਨਾਂ ਦਾ ਸਵਾਗਤ ਕਰਦੀਆਂ ਤੇ ਇਹ ਚਿੱਤੜਾਂ ਨੂੰ ਅੱਡੀਆਂ ਲਾ ਕੇ ਪਿਛਲ ਖੁਰੀ ਦੌੜ ਜਾਂਦੇ…”
ਫੇਰ ਜਦੋਂ ਓਹਨੂੰ ਪ੍ਰਕਰਮਾਂ ਦੇ ਵਰਾਂਡਿਆਂ ’ਚ ਪਈਆਂ ਲਾਸ਼ਾਂ ਦਾ ਚੇਤਾ ਆਉਂਦਾ, ਜਿਹਨਾਂ ਬਾਰੇ ਉੱਥੋਂ ਦੇ ਕਿਸੇ ਵਸਨੀਕ ਨੇ ਉਸਨੂੰ ਦੱਸਿਆ ਸੀ, ਤਾਂ ਉਸਦੀਆਂ ਅੱਖਾਂ ਫੇਰ ਭਰ ਜਾਂਦੀਆਂ…
“ਦੱਸਦੇ ਨੇ ’ਜਮੇਰ ਸਿਆਂ ਬੀ ਇਹਨਾਂ ਬੁੱਚੜ ਫੌਜੀਆਂ ਨੇ ਕੁੜੀਆਂ ਨਾਲ ਖੇਹ-ਖਰਾਬੀ ਵੀ ਕੀਤੀ ਉੱਥੇ… ਸਾਰੇ ਵਰਾਂਡੇ ਯਾਤਰੀਆਂ ਦੀਆਂ ਲਾਸ਼ਾਂ ਨਾਲ ਭਰੇ ਪਏ ਸਨ… ਨਿਰਦੋਸ਼ੇ ਯਾਤਰੀਆਂ ਨੇ ਇਹਨਾਂ ਦਾ ਕੀ ਵਿਗਾੜਿਆ ਸੀ… ਪ੍ਰਕਰਮਾਂ ਲਹੂ ਲੁਹਾਣ ਹੋਈ ਪਈ ਸੀ… ਦਰਬਾਰ ਸਾਹਬ ਵਿਚ ਵੀ ਸੈਂਕੜੇ ਗੋਲੀਆਂ ਵੱਜੀਆਂ ਸਨ…”
ਖਾਸੀ ਰਾਤ ਲੰਘ ਗਈ ਤੇ ਤੀਰਥ ਸਿਹੁ ਉਹਨਾਂ ਨੂੰ ਸਾਰਾ ਹਾਲ ਸੁਣਾਉਂਦਾ ਰਿਹਾ। ਅਜਮੇਰ ਸਿਹੁ ਤੇ ਜੀਤ ਮੈਂਬਰ ਨੇ ਓਦੇਂ ਰਾਤ ਨੂੰ ਹੀ ਅੰਮ੍ਰਿਤਸਰ ਸਾਹਿਬ ਜਾਣ ਦੀ ਸਲਾਹ ਕਰ ਲਈ ਸੀ।
…ਤੇ ਇਹ ਉਹ ਦੋਵੇਂ ਹੀ ਸਨ ਜੋ ਗੱਡੀ ਵਿਚ ਹਰਬਕਸ਼ ਸਿੰਘ ਦੇ ਮੂਹਰੇ ਬੈਠੇ ਸਨ। ਹਰਬਕਸ਼ ਸਿੰਘ 64 ਦੇ ਅੱਧ ਕੁ ’ਚ ਭਰਤੀ ਹੋਇਆ ਸੀ। 65 ਤੇ 71 ਦੀਆਂ ਦੋਵੇਂ ਜੰਗਾਂ ਉਸ ਨੇ ਲੜੀਆਂ ਸਨ। ਜਨਰਲ ਗੁਰਬਖ਼ਸ਼ ਸਿੰਘ ਤੇ ਸ਼ੁਬੇਗ ਸਿੰਘ ਦੀ ਕਮਾਨ ਥੱਲੇ। ਉਸ ਨੂੰ ਇਹ ਵੀ ਪਤਾ ਸੀ ਕਿ ਸ਼ੁਬੇਗ ਸਿੰਘ ਨਾਲ ਕੀ ਕੀਤੀ ਸੀ ਗੌਰਮਿੰਟ ਨੇ। 93000 ਪਾਕਿਸਤਾਨੀ ਫੌਜੀਆਂ ਦੀਆਂ ਬਾਹਾਂ ਖੜ੍ਹੀਆਂ ਕਰਵਾ ਲੈਣ ਵਾਲੇ ਯੋਧੇ ਦੇ ਗਲ ਬਦਨਾਮੀਂ ਦੇ ਹਾਰ ਪਾ ਕੇ ਵਿਦਾ ਕੀਤਾ ਗਿਆ ਸੀ।
ਬਜ਼ੁਰਗਾਂ ਨੇ ਜਦ ਆਪਸ ਵਿਚ ਤੀਰਥ ਸਿੰਘ ਦੀਆਂ ਦੱਸੀਆਂ ਕੁਝ ਹੋਰ ਗੱਲਾਂ ਕੀਤੀਆਂ ਤਾਂ ਹਰਬਕਸ਼ ਸਿੰਘ ਇਕਦਮ ਬੋਲ ਪਿਆ, “ਨਹੀਂ ਨਹੀਂ… ਐਸਾ ਨਹੀਂ ਹੋ ਸਕਦਾ… ਝੂਠ ਹੈ ਏਹ… ਫੌਜੀ ਰਖਵਾਲੇ ਹੁੰਦੇ ਨੇ… ਬਲਾਤਕਾਰ ਨਹੀਂ ਕਰ ਸਕਦੇ ਉਹ…” ਆਪ ਫੌਜੀ ਹੋਣ ਕਰਕੇ ਉਸ ਨੂੰ ਇਹਨਾਂ ਘਟਨਾਵਾਂ ਨਾਲ ਆਪਾ ਸ਼ਰਮਸ਼ਾਰ ਹੋ ਰਿਹਾ ਜਾਪਦਾ ਸੀ। ਉਸ ਨੂੰ ਲੱਗਦਾ ਸੀ ਕਿ ਇਹ ਬਜ਼ੁਰਗ ਜਿਵੇਂ ਉਸ ਨੂੰ ਸੁਣਾ ਕੇ ਹੀ ਗੱਲਾਂ ਕਰ ਰਹੇ ਸਨ। ਹਲਾਂਕਿ ਉਹ ਇਸ ਸੱਚਾਈ ਤੋਂ ਵੀ ਭਲੀ ਭਾਂਤ ਜਾਣੂ ਸੀ ਕਿ ਕਸ਼ਮੀਰ ਤੇ ਆਸਾਮ ਆਦਿ ਰਾਜਾਂ ਵਿਚ ਵੀ ਫੌਜੀ ਅਜਿਹੀਆਂ ਘਿਣਾਉਣੀਆਂ ਘਟਨਾਵਾਂ ਆਮ ਕਰਦੇ ਸਨ। ਤਫਤੀਸ਼ ਦੇ ਬਹਾਨੇ… ਪਰ…
“ਨਹੀਂ ਨਹੀਂ ਬਾਪੂ ਜੀ… ਸਾਰੇ ਫੌਜੀ ਇਸ ਤਰ੍ਹਾਂ ਦੇ ਨਹੀਂ ਹੁੰਦੇ…”
“ਪਰ ਪੁੱਤਰਾ ਏਥੇ ਭਲੇਮਾਣਸਾਂ ਦਾ ਕੰਮ ਕੀ ਸੀ… ਏਥੇ ਤਾਂ ਗੌਰਮਿੰਟ ਨੇ ਭੇਜੇ ਹੀ ਐਸੇ ਫੌਜੀ ਸਨ ਜਿਹੜੇ ਕਿਸੇ ਧਾਰਮਿਕ ਸਥਾਨ ’ਤੇ ਗੋਲੀ ਚਲਾਉਣ ਲੱਗੇ ਪਲ ਨਾ ਲਾਉਣ…”
“ਜਦੋਂ ਧਾਰਮਿਕ ਸਥਾਨ ਹਥਿਆਰਾਂ ਦੇ ਅੱਡੇ ਬਣ ਜਾਣ ਤਾਂ ਮੂਹਰੋਂ ਗੋਲੀਆਂ ਚਲਾਉਣੀਆਂ ਪੈਦੀਐਂ ਬਾਪੂ ਜੀ…”
“ਲੱਗਦੈ ’ਖ਼ਬਾਰ ਨ੍ਹੀ ਪੜ੍ਹਦਾ ਚੋਬਰਾ… ਏਥੇ ਤਾਂ ਚੱਲ ਅੱਤਵਾਦੀ ਰਹਿੰਦੇ ਸਨ ਤੇ ਉਹਨਾਂ ਕੋਲ ਹਥਿਆਰ ਵੀ ਸਨ ਪਰ ਬਾਕੀ ਤੀਂਹ-ਪੈਂਤੀ ਹੋਰ ਗੁਰੂ ਘਰਾਂ ’ਚ ਕੌਣ ਸੀ… ਦੂਖ ਨਿਵਾਰਨ ਸਾਹਬ ਪਟਿਆਲੇ ਕਿਹੜੇ ਹਥਿਆਰ ਸਨ, ਟੁੱਟੀ ਗੰਢੀ ਸਾਹਬ ਮੁਕਸਰ ਕਿਹੜਾ ਅੱਤਵਾਦੀ ਬੈਠਾ ਸੀ…” ਜੀਤ ਮੈਂਬਰ ਦੀ ਗੱਲ ਦਾ ਕੋਈ ਜਵਾਬ ਨਾ ਅਹੁੜਿਆ ਹਰਬਕਸ਼ ਸਿਹੁ ਨੂੰ… ਤੇ ਜਵਾਬ ਹੈ ਵੀ ਨਹੀਂ ਸੀ…।
“…ਤੇ ਨਾਲੇ ਲੱਗਦੈ ਜਵਾਨਾਂ ਅਕਾਲ ਤਖ਼ਤ ’ਤੇ ਗਿਆ ਨੀ ਕਦੇ ਤੂੰ…” ਜੀਤ ਮੈਂਬਰ ਦੇ ਚੁੱਪ ਹੁੰਦੇ ਹੀ ਅਜਮੇਰ ਸਿਹੁ ਨੇ ਬੋਲਣਾ ਸ਼ੁਰੂ ਕੀਤਾ।
“…ਜੇ ਗਿਆ ਹੁੰਦਾ ਤਾਂ ਸ਼ੈਤ ਤੈਨੂੰ ਪਤਾ ਹੁੰਦਾ ਕਿ ਉੱਥੇ ਰੋਜ਼ ਆਥਣੇ ਰਹਿਰਾਸ ਤੋਂ ਪਿੱਛੋਂ ਹਥਿਆਰਾਂ ਦੇ ਹੀ ਦਰਸ਼ਨ ਕਰਵਾਏ ਜਾਂਦੇ ਐ… ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ, ਦਸਵੇਂ ਪਾਤਸ਼ਾਹ ਦੇ, ਸਾਹਿਬਜਾਦਿਆਂ ਦੇ ਤੇ ਹੋਰ ਕਿੰਨੇ ਪੁਰਾਤਨ ਸਿੰਘਾਂ ਸ਼ਸਤਰ ਪਏ ਐ ਉੱਥੇ… ਤੇ ਉਹਨਾਂ ਸ਼ਸਤਰਾਂ ਵਿਚ ਹੀ ਬਾਬਾ ਗੁਰਬਖ਼ਸ਼ ਸਿੰਘ ਜੀ ਦੀਆਂ ਪਸਤੌਲਾਂ ਵੀ ਪਈਐਂ… ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਸੰਗਤ ਉਹਨਾਂ ਸ਼ਸਤਰਾਂ ਨੂੰ ਮੱਥਾ ਟੇਕਦੀ ਐ… ਅਨੰਦਪੁਰ ਸਾਹਿਬ ਵਿਚ ਭਾਈ ਬਚਿੱਤਰ ਸਿੰਘ ਦੀ ਨਾਗਣੀ… ਦਮਦਮੇਂ ਭਾਈ ਡੱਲੇ ਵਾਲੀ ਬੰਦੂਕ… ਕੀ ਤੈਂ ਨੀ ਵੇਖੀ ਕਦੇ… ਨਾਲੇ ਛੇਵੇਂ ਪਾਤਸ਼ਾਹ ਦਾ ਬਣਾਇਆ ਤਖ਼ਤ ਐ ਇਹ, ਜਿਹਨਾਂ ਨੇ ਸਿਖਾਂ ਨੂੰ ਭੇਟ ਵਜੋਂ ਘੋੜੇ ਤੇ ਵਧ ਤੋਂ ਵਧ ਸ਼ਸਤਰ ਲਿਆਉਣ ਲਈ ਹੁਕਮ ਕੀਤੇ ਸਨ…” ਅਜਮੇਰ ਸਿਹੁ ਨੇ ਗੱਲ ਜਵਾਂ ਸਾਫ ਕਰ ਦਿੱਤੀ।
“ਤੇ ਨਾਲੇ ਮਹਾਰਾਜ ਤਾਂ ਆਪ ਕਹਿੰਦੇ ਐ ਕਾਕਾ ਕਿ,
“ਬਿਨਾ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ
ਗਹੈ ਕਾਨ ਤਕੇ ਕਿਤੇ ਲੈ ਸਿਧਾਨੋ,
ਇਹੋ ਮੋਰਿ ਆਗਿਆ ਸੁਣੇ ਹੇ ਪਯਾਰੇ,
ਬਿਨਾ ਤੇਗ ਕੇਸੰ ਦੇਹੂ ਨ ਦੀਦਾਰੇ”
ਕਿ ਕੇਸ ਤੇ ਸ਼ਸਤਰਾਂ ਤੋਂ ਬਿਨਾ ਮੈਂ ਸਿਖ ਨੂੰ ਦੀਦਾਰ ਈ ਨਹੀਂ ਦਿੰਦਾ… ਨਾਲੇ ਗੁਰੂ ਤਾਂ ਆਪ ਸ਼ਸਤਰਧਾਰੀ ਸੀ, ਤੇ ਉਸੇ ਗੁਰੂ ਦੇ ਦੁਆਰੇ ਸ਼ਸਤਰ ਲਿਆਉਣੇ ਕਿਹੜਾ ਪਾਪ ਹੋ ਗਿਆ… ਹੁਣ ਤੂੰ ਹੀ ਦੱਸ ਚੋਬਰਾ ਬੀ ਥੋਡੀ ਸਰਕਾਰ ਦੇ ਆਖੇ ਲੱਗੀਏ ਕਿ ਗੁਰੂ ਦੇ… ਇਕ ਪਾਸੇ ਥੋਡੀ ਸਰਕਾਰ ਜੀਹਦਾ ਲੋਕਾਂ ਨੂੰ ਲੁੱਟ-ਲੁੱਟ ਕੇ ਢਿੱਡ ਨੀ ਭਰਦਾ ਤੇ ਇਕ ਪਾਸੇ ਗੁਰੂ ਜਿਹੜਾ ਲੋਕਾਂ ਤੋਂ ਸਰਬੰਸ ਵਾਰ ਗਿਆ, ਤੇ ਸਿਖ ਓਸ ਗੁਰੂ ਵਲ ਪਿੱਠ ਕਰਕੇ ਨਰਕਾਂ ਦਾ ਭਾਗੀ ਕਿਵੇਂ ਬਣੇ…” ਜੀਤ ਮੈਂਬਰ ਦੀ ਏਸ ਦਲੀਲ ਨੇ ਹਰਬਕਸ਼ ਸਿਹੁ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ।
“ਤੂੰ ਮੈਨੂੰ ਆਪ ਫੌਜੀ ਲੱਗਦੈਂ ਜਵਾਨਾ… ਸ਼ੈਤ ਤੂੰ ਕਿਤੇ ਹੋਰ ਚੱਲਿਆ ਹੋਵੇਂ… ਪਰ ਜੇ ਦਰਬਾਰ ਸਾਹਬ ਈ ਚੱਲਿਐਂ ਤਾਂ ਫੋਕੀ ਜਹੀਂ ਦੇਸ਼ ਭਗਤੀ ਦਾ ਨਕਾਬ ਮੂੰਹ ਤੋਂ ਲਾਹ ਕੇ ਜਾਈਂ… ਤੇ ਮੁੜ ਜਾ ਕੇ ਆਵਦੇ ਸਾਥੀਆਂ ਨਾਲ ਵਿਚਾਰ ਜਰੂਰ ਕਰੀਂ… ਕਿ ਜੀਹਦੀ ਸੌਂਹ ਚੱਕ ਕੇ ਤੁਸੀਂ ਦੇਸ਼ ਲਈ ਮਰ ਮਿਟਣ ਦਾ ਪ੍ਰਣ ਕੀਤਾ ਸੀ, ਉਸੇ ਗੁਰੂ ਗ੍ਰੰਥ ਸਾਹਿਬ ਵਿਚ ਦੀ ਤੁਹਾਡੇ ਦੇਸ਼ ਨੇ ਗੋਲੀਆਂ ਕੱਢ ਦਿੱਤੀਐਂ… ਹੁਣ ਅੱਗੇ ਫੈਸਲਾ ਤੁਸੀਂ ਕਰਨੈ… ਬੀ ਦੇਸ਼ ਨਾਲ ਖੜਣੈ ਕਿ ਪੰਥ ਨਾਲ…” ਅਜਮੇਰ ਸਿਹੁ ਦੇ ਇਹ ਬੋਲ ਹਰਬਕਸ਼ ਸਿਹੁ ਦਾ ਸੀਨਾ ਚੀਰ ਗਏ। ਉਹ ਏਸ ਤਰ੍ਹਾਂ ਦੀਆਂ ਤੀਰਾਂ ਵਾਂਗ ਚੁੱਭਦੀਆਂ ਸੱਚਾਈ ਭਰੀਆਂ ਗੱਲਾਂ ਹੋਰ ਨਹੀਂ ਸਹਾਰ ਸਕਦਾ ਸੀ, ਸੋ ਉਹ ਹੁਣ ਚੁੱਪ-ਚਾਪ ਅੰਮ੍ਰਿਤਸਰ ਪਹੁੰਚਣ ਦਾ ਇੰਤਜਾਰ ਕਰਨ ਲੱਗਾ।
ਅੰਮ੍ਰਿਤਸਰ ਸਟੇਸ਼ਨ ਫੌਜੀਆਂ ਦੀ ਛਾਉਣੀ ਵਿਚ ਤਬਦੀਲ ਹੋਇਆ ਪਿਆ ਸੀ। ਹਰ ਕਿਸੇ ਯਾਤਰੀ ਦੀ ਪੁੱਛ-ਗਿੱਛ ਤੇ ਤਲਾਸ਼ੀ ਹੋ ਰਹੀ ਸੀ। ਹਰਬਕਸ਼ ਸਿੰਘ ਨੇ ਆਪਣਾ ਫੌਜੀ ਪਛਾਣ ਵਾਲਾ ਕਾਰਡ ਤਲਾਸ਼ੀ ਕਰ ਰਹੇ ਫੌਜੀ ਮੂਹਰੇ ਕਰ ਦਿੱਤਾ। ਉਹ ਕਾਰਡ ਫੜ੍ਹ ਕੇ ਪਰੇ ਬੈਠੇ ਕਿਸੇ ਅਫਸਰ ਕੋਲ ਗਿਆ,
“ਸਰ ਯੇਹ ਫੌਜੀ ਹੈ…”
“ਤੋ…”
“ਸਰ ਕਯਾ ਇਸੇ ਜਾਨੇ ਦੇਂ... ਬਿਨਾ ਤਲਾਸ਼ੀ ਕੇ...”
“ਫੋਜੀ ਹੈ ਤੋ ਕਯਾ ਹੂਆ... ਹੈ ਤੋ ਸਰਦਾਰ ਨਾ... ਵੋ ਭੀ ਫੌਜੀ ਹੀ ਥਾ ਅੰਦਰ... ਜਿਸਨੇ ਛਹ-ਸਾਤ ਦਿਨ ਹਮਾਰੀ ਨਾਕ ਮੇ ਦਮ ਕਰੇ ਰੱਖਾ... ਸ਼ੁਬੇਗ ਸੀਂਗ... ਭੂਲ ਗਏ ਕਯਾ...”
ਤਲਾਸ਼ੀ ਲੈਣ ਵਾਲਾ ਫੌਜੀ ਚੁਪ-ਚਾਪ ਵਾਪਸ ਆ ਕੇ ਹਰਬਕਸ਼ ਦੇ ਸਮਾਨ ਦੀ ਫਰੋਲਾ ਫਰਾਲੀ ਕਰਨ ਲੱਗਾ। ਹਰਬਕਸ਼ ਨੇ ਨਿੰਮੋਝੂਣਾ ਜਿਹਾ ਹੋ ਕੇ ਕਾਰਡ ਜੇਬ ਵਿਚ ਪਾ ਲਿਆ। ਦੂਜੀ ਕਤਾਰ ਵਿਚ ਖੜ੍ਹੇ ਦੋਹੇਂ ਬਜ਼ੁਰਗ ਇਹ ਸਭ ਦੇਖ ਰਹੇ ਸਨ। ਜਦ ਹਰਬਕਸ਼ ਦੀ ਨਜ਼ਰ ਉਹਨਾਂ ਨਾਲ ਮਿਲੀ ਤਾਂ ਉਹ ਹੋਰ ਸ਼ਰਮਸਾਰ ਹੋ ਗਿਆ। ਸਟੇਸ਼ਨ ਤੋਂ ਬਾਹਰ ਨਿਕਲਦੇ ਹੋਏ ਉਸਨੇ ਦਰਬਾਰ ਸਾਹਬ ਦਾ ਮਾਡਲ ਚਕਨਾਚੂਰ ਹੋਇਆ ਦੇਖਿਆ, ਇਕਦਮ ਉਸ ਦੇ ਲੂ ਕੰਡੇ ਜਹੇ ਖੜ੍ਹੇ ਹੋ ਗਏ।
ਸਟੇਸ਼ਨ ਤੋਂ ਹਾਲ ਗੇਟ ਤੇ ਫੇਰ ਕੋਤਵਾਲੀ... ਇਸ ਤਰ੍ਹਾਂ ਦਰਬਾਰ ਸਾਹਬ ਪਹੁੰਚਦੇ-ਪਹੁੰਚਦੇ ਤਿੰਨ ਚਾਰ ਵਾਰ ਤਲਾਸ਼ੀ ਹੋਈ। ਉਸ ਨੂੰ ਹੈਰਾਨੀ ਸੀ ਕਿ ਕਾਰਡ ਨੇ ਕਿਤੇ ਵੀ ਕੰਮ ਨਹੀਂ ਕੀਤਾ ਸੀ। ਇਕ ਵਾਰ ਤਾਂ ਉਸਦਾ ਜੀਅ ਕੀਤਾ ਕਿ ਕਾਰਡ ਪਾੜ ਕੇ ਫੌਜੀ ਅਫਸਰ ਦੇ ਮੂੰਹ ’ਤੇ ਮਾਰੇ, ਪਰ ਫੇਰ ਕਿਸੇ ਅਣਜਾਣ ਜਹੇ ਡਰੋਂ ਉਸ ਨੇ ਅਜਿਹਾ ਨਾ ਕੀਤਾ।
ਜੋੜੇ ਘਰ ਵਿਚ ਜੋੜੇ ਜਮਾਂ ਕਰਵਾ, ਜਦ ਉਹ ਘੰਟਾ ਘਰ ਵਾਲੇ ਪਾਸਿਓਂ ਚਰਨ ਗੰਗਾ ਵਿਚ ਪੈਰ ਧੋ ਕੇ ਅਗਾਹ ਤੁਰਨ ਲੱਗਿਆ ਤਾਂ ਉਸ ਨੂੰ ਇੰਝ ਜਾਪਿਆ ਕਿ ਜਿਵੇਂ ਉਸ ਦੇ ਪੈਰ ਉਸਦਾ ਸਾਥ ਨਾ ਦੇ ਰਹੇ ਹੋਣ ਤੇ ਉਸ ਨੂੰ ਪਿਛਾਂਹ ਨੂੰ ਖਿੱਚ ਰਹੇ ਹੋਣ। ਕਰਦੇ-ਕਰਾਉਂਦੇ ਉਸਨੇ ਕੁਝ ਕਦਮ ਪੁੱਟੇ ਤੇ ਪੌੜੀਆਂ ਕੋਲ ਆ ਕੇ ਮੁੜ ਰੁਕ ਗਿਆ। ਉਸ ਦਾ ਮਨ ਕੀਤਾ ਕਿ ਸਭ ਤੋਂ ਪਹਿਲਾਂ ਅਕਾਲ ਤਖ਼ਤ ਵਲ ਤੱਕੇ… ਪਰ ਕਿਸੇ ਅਣਦਿਸਦੀ ਜਹੀ ਸ਼ਕਤੀ ਨੇ ਉਸ ਨੂੰ ਸਿਰ ਉਤਾਂਹ ਨਾ ਚੁੱਕਣ ਦਿੱਤਾ। ਚੁੱਪ-ਚਾਪ ਉਹ ਥੱਲੇ ਉਤਰ ਕੇ ਖੱਬੇ ਪਾਸੇ ਵਲ ਨੂੰ ਮੁੜ ਪਿਆ। ਉਹ ਆਸੇ-ਪਾਸੇ ਪ੍ਰਕਰਮਾਂ ਵਲ ਤੱਕਣਾ ਚਾਹੁੰਦਾ ਸੀ, ਬੁੰਗੇ ਵੇਖਣੇ ਚਾਹੁੰਦਾ ਸੀ… ਪਰ…
…ਤੇ ਜੇ ਉਹ ਗੋਲੀਆਂ ਨਾਲ ਵਿੰਨ੍ਹੀ ਪ੍ਰਕਰਮਾਂ ਤੱਕ ਲੈਦਾ ਤਾਂ ਸ਼ਾਇਦ ਉੱਥੋਂ ਹੀ ਵਾਪਸ ਮੁੜ ਜਾਂਦਾ… ਅਗਾਂਹ ਦੀ ਤਬਾਹੀ ਵੇਖਣ ਲਈ ਉਸ ਵਿਚ ਰਤੀ ਭਰ ਜਿੰਨੀ ਵੀ ਹਿੰਮਤ ਨਹੀਂ ਬਚਣੀ ਸੀ। ਸੋ ਉਹ ਅੱਖਾਂ ਬੰਦ ਕਰੀ, ਨੀਵੀਂ ਪਾਈ ਅੱਗੇ ਵਧਦਾ ਗਿਆ।
ਇਕ ਥਾਂ ਜਾ ਕੇ ਉਸ ਨੂੰ ਜਿਵੇਂ ਠੇਡਾ ਜਿਹਾ ਲੱਗਾ। ਉਹ ਡਿੱਗਦਾ-ਡਿੱਗਦਾ ਮਸਾਂ ਸੰਭਲਿਆ। ਕੋਲ ਦੀ ਲੰਘ ਰਿਹਾ ਇਕ ਸਿੰਘ ਉਸਨੂੰ ਸੰਭਾਲਦਿਆਂ ਬੋਲਿਆ, “ਧਿਆਨ ਨਾਲ ਵੀਰ ਜੀ… ਲੱਗੀ ਤਾਂ ਨਹੀਂ… ਏਥੋਂ ਦੀ ਕਾਤਲ ਟੋਲਿਆਂ ਦੇ ਟੈਕ ਅੰਦਰ ਆਏ ਸਨ, ਇਸੇ ਲਈ ਪ੍ਰਕਰਮਾਂ ਦੇ ਪੱਥਰ ਏਥੋਂ ਲੈ ਕੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੱਕ ਹੇਠਾਂ ਬੈਠ ਗਏ ਨੇ…”
ਥੋੜਾ ਅੱਗੇ, ਜਿੱਥੇ ਟੈਕਾਂ ਦੇ ਚੱਕਿਆਂ ਨਾਲ ਬੈਠੀ ਇਹ ਲੀਹ ਮੁੱਕਦੀ ਸੀ, ਜਾ ਕੇ ਉਸ ਨੇ ਇਕ ਬਜ਼ੁਰਗ ਰੋਂਦਾ ਵੇਖਿਆ। ਉਹ ਬਜ਼ੁਰਗ ਲੀਹ ਦੇ ਅੰਤ ਵਿਚ ਬੈਠਾ ਸੀ। ਇਸ ਬਜ਼ੁਰਗ ਦੇ ਪੁੱਤਰ ਨੇ ਬਾਬਾ ਦੀਪ ਸਿੰਘ ਨੂੰ ਚੇਤੇ ਕਰ ਆਪਣੇ ਲੱਕ ਨਾਲ ਬੰਬ ਬੰਨ੍ਹ ਕੇ ਟੈਂਕ ਵਿਚ ਛਾਲ ਮਾਰ ਦਿੱਤੀ ਸੀ, ਇਸੇ ਲਈ ਟੈਂਕ ਦੀ ਇਹ ਲੀਹ ਇੱਥੇ ਹੀ ਮੁੱਕ ਜਾਂਦੀ ਸੀ।
ਹੌਸਲਾ ਜਿਹਾ ਕਰਕੇ ਹਰਬਕਸ਼ ਸਿਹੁ ਅੱਗੇ ਵਧਿਆ। ਘੰਟਾ ਘਰ ਦੇ ਬਿਲਕੁਲ ਸਾਹਮਣੇ ਵਾਲੇ ਇਸ ਗੇਟ ਦੇ ਸੱਜੇ ਪਾਸਿਓਂ ਅਜੇ ਵੀ ਧੂੰਆਂ ਨਿਕਲ ਰਿਹਾ ਸੀ, ਇਹ ਸ਼ਾਇਦ ਸਿਖ ਰੈਫਰੈਸ ਲਾਇਬਰੇਰੀ ਦੀਆਂ ਕਿਤਾਬਾਂ ਸਨ ਜਿਹਨਾਂ ਨੂੰ ਹਮਲਾ ਖਤਮ ਹੋ ਜਾਣ ਤੋਂ ਪਿੱਛੋਂ ਅੱਗ ਲਗਾਈ ਗਈ ਸੀ ਤੇ ਜਿਹੜੀਆਂ ਅਜੇ ਤਕ ਧੁਖ ਰਹੀਆਂ ਸਨ। ਤੁਰਦੇ-ਤੁਰਦੇ ਹਰਬਕਸ਼ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਚੁੱਕਾ ਸੀ। ਸਾਰੇ ਰਾਹ ਉਸ ਦਾ ਮਨ ਕਰਦਾ ਰਿਹਾ ਸੀ ਕਿ ਆਸੇ-ਪਾਸੇ ਤੱਕੇ… ਪਰ ਏਥੇ ਪਹੁੰਚ ਕੇ ਉਸਦਾ ਜਿਵੇਂ ਸਰੀਰ ਝੂਠਾ ਜਿਹਾ ਪੈ ਗਿਆ ਸੀ। ਲੱਤਾਂ ਜਵਾਬ ਦੇ ਗਈਆਂ ਸਨ। ਉਸ ਦਾ ਦਿਲ ਵਾਪਸ ਮੁੜਣ ਨੂੰ ਕਹਿ ਰਿਹਾ ਸੀ। ਜੱਕੋ-ਤੱਕੀ ਜਹੀ ਵਿਚ ਉਹ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਪਹੁੰਚ ਗਿਆ, ਪਰ ਅਜੇ ਵੀ ਉਸ ਨੇ ਨੀਵੀਂ ਪਾਈ ਹੋਈ ਸੀ। ਉਸ ਦਾ ਮਨ ਅਰਦਾਸ ਕਰ ਰਿਹਾ ਸੀ ਕਿ ਰਬ ਕਰਕੇ ਓਨਾ ਨੁਕਸਾਨ ਨਾ ਹੋਇਆ ਹੋਵੇ ਜਿੰਨਾ ਸੁਣਿਆਂ ਜਾਂ ਸੋਚਿਆ ਸੀ।
“ਹੈਅ ਥੋਡਾ ਕੱਖ ਨਾ ਰਹੇ ਜ਼ਾਲਮੋਂ…”
“ਜ਼ੁਲਮਾਂ ਦੀ ਜਵਾਂ ਅੱਤ ਕਰਤੀ ਜੀ ਹਿੰਦ ਹਕੂਮਤ ਨੇ…”
“…ਰੱਬ ਦਾ ਤੇ ਅੱਤ ਦਾ ਵੈਰ ਹੁੰਦੈ ਜੀ… ਹੁਣ ਏਸ ਹਕੂਮਤ ਦੇ ਦਿਨ ਪੁੱਗ ਗਏ ਨੇ…”
“ਏਸ ਕੁੱਤੀ ਗੌਰਮਿੰਟ ਨੂੰ ਰਤਾ ਉਪਕਾਰ ਚੇਤੇ ਨਾ ਆਏ ਸਿਖਾਂ ਦੇ…”
ਆਸੇ-ਪਾਸਿਓਂ ਆ ਰਹੀਆਂ ਇਹਨਾਂ ਆਵਾਜ਼ਾਂ ਨੂੰ ਸੁਣ ਕੇ ਹਰਬਕਸ਼ ਦਾ ਦਿਲ ਡੁੱਬਦਾ ਜਾਂਦਾ ਸੀ। ਏਨੇ ਨੂੰ ਉਸ ਦੇ ਕੋਲ ਖੜ੍ਹਾ ਇਕ ਨੌਜਵਾਨ ਮੁੰਡਾ ਇਕਦਮ ਬੋਲਿਆ, “ਔਹ ਵੇਖੋ ਜੀ ਔਹ ਗੁੰਬਦ ਟੈਕਾਂ ਦੇ ਗੋਲਿਆਂ ਨਾਲ ਟੁੱਟਿਐ…”
ਉਸਦੀ ਆਵਾਜ ਸੁਣ ਕੇ ਇਕਦਮ ਹਰਬਕਸ਼ ਦਾ ਸਿਰ ਉਤਾਂਹ ਨੂੰ ਚੁੱਕਿਆ ਗਿਆ। ਨਾਲ ਦੀ ਨਾਲ ਜਿਵੇਂ ਉਸ ਦੇ ਕਾਲਜੇ ਵਿਚੋਂ ਕਿਸੇ ਨੇ ਰੁੱਗ ਭਰ ਲਿਆ ਸੀ। ਉਸ ਦੇ ਨਾਲ ਖੜ੍ਹੇ ਸਾਰੇ ਲੋਕ ਉੱਪਰ ਗੁੰਬਦ ਦੇ ਪਾੜ ਨੂੰ ਤੱਕ ਰਹੇ ਸਨ, ਪਰ ਗੁਰਬਕਸ਼ ਦੇ ਅੰਦਰ ਪਏ ਪਾੜ ਨੂੰ ਸਿਰਫ ਉਹ ਖੁਦ ਹੀ ਮਹਿਸੂਸ ਕਰ ਸਕਦਾ ਸੀ। ਇੰਝ ਜਾਪਦਾ ਸੀ ਕਿ ਜਿਵੇਂ ਉਸ ਨੂੰ ਧੌਣ ਲੋਕਾਂ ਨਾਲੋਂ ਵਧ ਉਤਾਂਹ ਚੁੱਕਣੀ ਪੈ ਰਹੀ ਹੋਵੇ ਤੇ ਇਹ ਠੀਕ ਵੀ ਸੀ। ਗੁਰਬਕਸ਼ ਕਦੋ ਗੋਡਿਆਂ ਭਾਰ ਹੋ ਗਿਆ ਸੀ ਉਸ ਨੂੰ ਖੁਦ ਵੀ ਪਤਾ ਨਹੀਂ ਲੱਗਿਆ ਸੀ। ਹੁਣ ਉਸ ਨੂੰ ਆਸੇ ਪਾਸੇ ਦੇ ਲੋਕਾਂ ਦੀਆਂ ਆਵਾਜਾਂ ਸੁਨਣੀਆਂ ਬੰਦ ਹੋ ਗਈਆਂ ਸਨ। ਉਸ ਦੇ ਕੰਨਾਂ ਵਿਚ ਗੋਲੀਆਂ ਤੇ ਬੰਬਾਂ ਦਾ ਖੜਾਕ ਹੋਣ ਲੱਗ ਪਿਆ ਸੀ। ਅਸਲ ਵਿਚ ਹੁਣ ਉਹ ਸਿਰਫ ਸਰੀਰ ਕਰਕੇ ਹੀ ਉੱਥੇ ਸੀ, ਸੁਰਤ ਕਰਕੇ ਤਾਂ ਉਹ ਕਿਤੇ ਅਤੀਤ ਵਿਚ ਚਲਾ ਗਿਆ ਸੀ।
ਉਸਦਾ ਲੈਫਟੀਨੈਂਟ ਜਨਰਲ ਗੁਰਬਖ਼ਸ਼ ਸਿੰਘ ਬੋਲ ਰਿਹਾ ਸੀ, “ਮੇਰੇ ਪਿਆਰੇ ਪੁੱਤਰੋ… ਆਰਮੀਂ ਹੈਡ-ਕੁਆਟਰ ਤੋਂ ਵਾਇਰਲੈਸ ’ਤੇ ਮੈਸੇਜ਼ ਆਇਆ ਹੈ ਕਿ ਦੁਸ਼ਮਨ ਦੇ ਪੈਟਨ ਟੈਂਕ ਮਾਰੋ-ਮਾਰ ਕਰਦੇ ਆ ਰਹੇ ਨੇ। ਸਾਡੀਆਂ ਐਂਟੀ ਟੈਂਕ ਰਾਈਫਲਜ਼ ਉਹਨਾਂ ਸਾਹਮਣੇ ਫੇਲ੍ਹ ਨੇ। ਅਮਰੀਕਾ ਦੇ ਬਣੇ ਇਹਨਾਂ ਟੈਂਕਾਂ ਦਾ ਸਾਡੀ ਫੌਜ ਕੋਲ ਕੋਈ ਤੋੜ ਨਹੀਂ…” ਹੈਡ-ਕੁਆਟਰ ਤੋਂ ਆਇਆ ਸੁਨੇਹਾਂ ਸੁਣਾਉਣ ਤੋਂ ਬਾਅਦ ਜਨਰਲ ਨੇ ਆਪਣੀ ਗੱਲ ਸ਼ੁਰੂ ਕੀਤੀ,
“ਪੰਜਾਬ ਦੇ ਸੂਰਮਿਓਂ, ਸ਼ਾਇਦ ਆਰਮੀਂ-ਹੈਡਕੁਆਟਰ ਵਿਚ ਬੈਠੇ ਲੋਕ ਸਾਡੇ ਇਤਿਹਾਸ ਤੋਂ ਅਣਜਾਣ ਹਨ… ਪਰ ਤੁਸੀਂ ਦਸ਼ਮੇਸ਼ ਦੇ ਦੁੱਲੇ ਪੁੱਤਰੋ ਆਪਣੇ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਫ ਹੋ। ਅਸੀਂ ਉਹ ਹਾਂ ਜਿਹਨਾਂ ਸਭਰਾਵਾਂ ਦੇ ਮੈਦਾਨ ਵਿਚ ਕਿਰਪਾਨਾਂ ਨਾਲ ਤੋਪਾਂ ਦਾ ਮੁਕਾਬਲਾ ਕੀਤਾ ਹੈ… ਹੁਣ ਤਾਂ ਫੇਰ ਸਾਡੇ ਕੋਲ ਗੋਲੀਆਂ ਤੇ ਬੰਬ ਹਨ… ਹਾਈ ਕਮਾਨ ਨੇ ਸਾਡੀ ਰੈਜਮੈਂਟ ਨੂੰ ਪਿੱਛੇ ਹਟ ਕੇ ਬਿਆਸ ਦਾ ਮੋਰਚਾ ਸੰਭਾਲਣ ਦਾ ਆਰਡਰ ਦਿੱਤਾ ਹੈ… ਪਰ ਪਿੱਛੇ ਹਟਣਾ ਪੰਜਾਬ ਦੇ ਜਾਇਆਂ ਦੀ ਫਿਤਰਤ ਵਿਚ ਨਹੀਂ… ਮੈਂ ਅੰਮ੍ਰਿਤਸਰ ਨੂੰ ਦੁਸ਼ਮਨ ਦੇ ਹੱਥੀਂ ਨਹੀਂ ਚੜ੍ਹਣ ਦਿਆਂਗਾ… ਦਰਬਾਰ ਸਾਹਿਬ ਦੀ ਬੇਅਦਬੀ ਮੈਂ ਜਿਉਂਦੇ ਜੀਅ ਨਹੀਂ ਸਹਾਰ ਸਕਦਾ… ਸੋ ਮੈਂ ਇਹ ਫੈਸਲਾ ਕੀਤਾ ਹੈ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਲੱਕ ਨਾਲ ਬੰਬ ਬੰਨ੍ਹ ਕੇ ਪੈਟਨ ਟੈਂਕ ਨਾਲ ਟਕਰਾਵਾਂਗਾ ਤੇ ਉਸ ਨੂੰ ਤਬਾਹ ਕਰਾਂਗਾ… ਜੇ ਤੁਹਾਡੇ ਵਿਚੋਂ ਵੀ ਕੁਝ ਸੂਰਮੇਂ ਆਪਣੇ ਇਤਿਹਾਸ ਨੂੰ ਪਿੱਠ ਨਹੀਂ ਦੇਣਾ ਚਾਹੁੰਦੇ ਤਾਂ ਉਹ ਏਥੇ ਮੇਰੇ ਨਾਲ ਰਹਿਣ ਤੇ ਬਾਕੀ ਸਭ ਬਿਆਸ ਚਲੇ ਜਾਣ…”
ਜਨਰਲ ਦੀ ਵੰਗਾਰ ਸੁਣ ਕੇ ਕਈ ਸੂਰਮੇਂ ਅੱਗੇ ਵਧ ਆਏ। ਜਨਰਲ ਉਹਨਾਂ ਨੂੰ ਸੰਬੋਧਨ ਹੁੰਦਾ ਹੋਇਆ ਫਿਰ ਬੋਲਿਆ, “ਇਹ ਜਿੰਦ ਤਾਂ ਪੁੱਤਰੋ ਗੁਰੂ ਦੀ ਅਮਾਨਤ ਹੈ… ਤੇ ਗੁਰਧਾਮਾਂ ਦੀ ਰਾਖੀ ਲਈ ਕੁਰਬਾਨ ਹੋ ਕੇ ਅਸੀਂ ਅੱਜ ਇਸ ਨੂੰ ਗੁਰੂ ਲੇਖੇ ਹੀ ਲਾ ਦੇਵਾਂਗੇ…”
ਅਗਲੇ ਕੁਝ ਪਲਾਂ ਵਿਚ ਹੀ ਆਰਮੀਂ-ਹੈਡ ਕੁਆਟਰ ਦੇ ਸਭ ਸੁਖ ਸਹੂਲਤਾਂ ਵਾਲੇ ਕਮਰਿਆਂ ਵਿਚ ਬੈਠੇ ਨੀਤੀ ਘਾੜਿਆਂ ਨੂੰ ਸੰਦੇਸ਼ ਮਿਲਣੇ ਸ਼ੁਰੂ ਹੋ ਗਏ।
“ਕਮਾਲ ਹੋ ਗਈ ਸਰ… ਗਜ਼ਬ ਕੀ ਬਹਾਦੁਰੀ…”
“ਕਯਾ ਹੂਆ...”
“ਸਰ ਸਿਖ ਰੈਜਮੈਂਟ ਕੇ ਜਵਾਨ ਬੰਬ ਲੇ ਕਰ ਪੈਟਨ ਟੈਂਕੋਂ ਕੇ ਨੀਚੇ ਘੁਸ ਗਏ... ਉਨਹੋਂਨੇ ਟੈਂਕ ਤਬਾਹ ਕਰ ਦੀਏ ਸਰ... ਪੈਟਨ ਟੈਂਕ ਨਾਕਾਮ ਹੋ ਗਏ...”
“ਕਮਾਲ ਕੇ ਲੋਗ ਹੈਂ ਯੇਹ ਸਿਖ... ਐਸੀ ਬਹਾਦੁਰੀ, ਜੋ ਕਭੀ ਦੇਖੀ ਸੁਣੀ ਨ ਹੋ, ਯੇਹ ਹੀ ਕਰ ਸਕਤੇ ਹੈਂ… ਕਯਾ ਹਮਾਰੀ ਕਿਸੀ ਔਰ ਰੈਜਮੈਂਟ ਕੇ ਦਿਮਾਗ ਮੇਂ ਐਸਾ ਵਿਚਾਰ ਆ ਸਕਤਾ ਥਾਂ…?” ਅਫਸਰ ਦੇ ਮੂੰਹੋਂ ਖੁਦ-ਬ-ਖੁਦ ਇਹ ਬੋਲ ਨਿਕਲ ਗਏ।
ਪਾਕਿਸਤਾਨੀ ਅਫਸਰ ਵੀ ਆਪਸ ਵਿਚ ਗੱਲਾਂ ਕਰ ਰਹੇ ਸਨ।
“ਆਫ਼ਰੀਨ ਇਨ ਸਰਦਾਰੋਂ ਕੇ… ਮੌਤ ਕੋ ਮਖੌਲ ਸਮਝਤੇ ਹੈਂ…”
“ਅਸ਼ਕੇ ਬਈ ਇਹਨਾਂ ਨੂੰ ਜੰਮਣ ਵਾਲੀ ਦੇ… ਇਹਨਾਂ ਟੈਂਕਾਂ ਨੂੰ ਇਹਨਾਂ ਦੀਆਂ ਸ਼ਹਾਦਤਾਂ ਹੀ ਤੋੜ ਸਕਦੀਆਂ ਸਨ… ਮੈਂ ਕਿਹਾ ਸੀ ਜਨਰਲ ਸਾਹਬ ਨੂੰ ਕਿ ਹਰਿਮੰਦਰ ਸਾਹਬ ਲਈ ਮਰਨੀ ਮਰ ਜਾਣਗੇ ਸਿਖ ਪਰ ਸਾਨੂੰ ਅਗਾਂਹ ਨਹੀਂ ਲੰਘਣ ਦੇਣਗੇ… ਗੁਰਦੁਆਰਿਆਂ ਦੀ ਬੇਪਤੀ ਨਹੀਂ ਸਹਾਰ ਸਕਦੇ ਇਹ ਲੋਕ…”
ਏਧਰ ਜਨਰਲ ਗੁਰਬਖ਼ਸ਼ ਸਿੰਘ ਆਪਣੇ ਬਚੇ ਖੁਚੇ ਜਵਾਨਾਂ ਨੂੰ ਕਹਿ ਰਿਹਾ ਸੀ, “ਸ਼ਾਬਾਸ਼ ਮੇਰੇ ਪੁੱਤਰੋ… ਤਾਰੀਖ ਤੁਹਾਨੂੰ ਸਦਾ ਯਾਦ ਰੱਖੇਗੀ… ਆਪਣੇ ਸਰੀਰਾਂ ਨਾਲ ਟੈਂਕਾਂ ਨੂੰ ਤਬਾਹ ਕਰ ਦੇਣ ਵਾਲੇ ਯੋਧਿਆਂ ਦਾ ਨਾਮ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਏਗਾ। ਕੋਟ-ਕੋਟ ਪ੍ਰਣਾਮ ਉਹਨਾਂ ਯੋਧਿਆਂ ਨੂੰ ਜਿਹਨਾਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਹਰਿਮੰਦਰ ਸਾਹਿਬ ਦੀ ਪਵਿੱਤਰਤਾਂ ਭੰਗ ਨਹੀਂ ਹੋ ਦਿੱਤੀ…”
“ਪਵਿੱਤਰਤਾ ਭੰਗ ਹੋ ਗਈ ਜਨਾਬ… ਭੰਗ ਹੋ ਗਈ… ਤੁਸੀਂ ਦੁਸ਼ਮਨ ਦੀ ਪਛਾਣ ਨਹੀਂ ਕਰ ਸਕੇ… ਇਹ ਪਵਿੱਤਰਤਾ ਸਰਹੱਦ ਪਾਰ ਦੇ ਦੁਸ਼ਮਨ ਨੇ ਨਹੀਂ ਕੀਤੀ… ਇਹ ਤਾਂ ‘ਆਪਣਿਆਂ’…” ਆਪਣਿਆਂ ਫੇਰ ਹਰਬਕਸ਼ ਦੇ ਅੰਦਰ ਫਸ ਗਿਆ “… ਇਹ ਤਾਂ ਉਹਨਾਂ ਨੇ ਕੀਤੀ ਜਿਹਨਾਂ ਲਈ ਅਸੀਂ ਸਦੀਆਂ ਤੋਂ ਮਰਦੇ ਆਏ ਹਾਂ…”
ਢੱਠੇ ਅਕਾਲ ਤਖ਼ਤ ਦੇ ਸਾਹਮਣੇ ਬੈਠੇ ਹਰਬਕਸ਼ ਦੇ ਮੂੰਹੋਂ ਆਪ ਮੁਹਾਰੇ ਇਹ ਸ਼ਬਦ ਨਿਕਲੇ…। 'ਪਰ ਉਹ ਅਜੇ ਵੀ ਬੇਸੁਰਤ ਸੀ।
“ਯਾਰ ਜੇ ਏਡੇ ਬਹਾਦਰ ਤੇ ਨੇਕ ਦਿਲ ਸਿਖ ਅਫਸਰ ਸਾਡੀ ਸਰਕਾਰ ਕੋਲ ਹੁੰਦੇ ਤਾਂ ਅਮਾਨ ਨਾਲ ਅਸੀਂ ਦਿੱਲੀ ਫਨਾਹ ਕਰ ਸੁੱਟਦੇ…”
ਢਾਕੇ ਦੀਆਂ ਗਲੀਆਂ ਵਿਚ ਕੈਦ ਕੀਤੇ ਹੋਏ ਪਾਕਿਸਤਾਨੀ ਫੌਜੀ ਆਪਸ ਵਿਚ ਗੱਲਾਂ ਕਰਦੇ ਜਾਂਦੇ ਸਨ। ਦੋ ਹਫਤਿਆਂ ਵਿਚ ਹੀ ਸਿਖ ਅਫਸਰਾਂ ਨੇ 93000 ਪਾਕਿਸਤਾਨੀ ਫੌਜੀਆਂ ਦੇ ਹਥਿਆਰ ਸੁਟਵਾ ਲਏਸ ਨ। ਜਨਰਲ ਨਿਆਜੀ ਨੇ ਹਥਿਆਰ ਰੱਖਦੇ ਹੋਏ ਕਿਹਾ, “ਅਸੀਂ ਲੜਾਈ ਏਥੇ ਬੰਦ ਕਰਕੇ ਆਪਣੇ ਹਥਿਆਰ ਰੱਖ ਰਹੇ ਹਾਂ। ਮੇਰੇ ਜਵਾਨ ਹੁਣ ਫਾਇਰਿੰਗ ਨਹੀਂ ਕਰਨਗੇ… ਮਿਹਰਬਾਨੀ ਕਰਕੇ ਹੋਰ ਖੂਨ ਖਰਾਬਾ ਨਾ ਕੀਤਾ ਜਾਵੇ…”
ਜਨਰਲ ਨਿਆਜੀ ਤੇ ਬਰਗੇਡੀਅਰ ਸ਼ੁਬੇਗ ਸਿੰਘ ਦੇਹਰਾਦੂਨ ਟ੍ਰੇਨਿੰਗ ਅਕੈਡਮੀਂ ਵਿਚ ਇਕੱਠੇ ਰਹੇ ਸਨ। ਦੋਹਾਂ ਨੇ ਇਕ ਦੂਜੇ ਨੂੰ ਪਛਾਣ ਲਿਆ ਸੀ।
“ਓਏ ਨਿਆਜੀ ਦਿਆ ਬੱਚਿਆ… ਤੂੰ ਏਥੇ ਕਿੱਥੇ ਆ ਗਿਆ ਸਿੰਘਾਂ ਦੇ ਅੜਿੱਕੇ…” ਸ਼ੁਬੇਗ ਸਿੰਘ ਨੇ ਟਿੱਚਰ ਕਰਦੇ ਹੋਏ ਨਿਆਜ਼ੀ ਨੂੰ ਕਿਹਾ।
“ਓਏ ਤੂੰ ਏਥੇ ਵੀ ਆ ਮਰਿਐਂ ਜ਼ਾਲਮਾਂ… ਛੱਡ ਦੇ ਮੇਰਾ ਪਿੱਛਾ ਚੰਡਾਲਾ… ਅਕੈਡਮੀਂ ਵਿਚ ਵੀ ਤੂੰ ਮੈਨੂੰ ਪਿੱਛੇ ਛੱਡਦਾ ਰਿਹੈਂ… ਨਾਲੇ ਮੈਂ ਤਾਂ ਆਪਣੇ ਮੁਲਕ ਵਿਚ ਹਾਂ, ਪਾਕਿਸਤਾਨ ਵਿਚ…”
“ਓ ਹੁਣ ਇਹ ਤੇਰਾ ਮੁਲਕ ਨੀ ਰਿਹਾ… ਹੁਣ ਇਹ ਬੰਗਲਾ ਦੇਸ਼ ਐ…”
“ਤੁਸੀਂ ਸਾਡੀ ਜਾਨ ਦੇ ਵੈਰੀ ਆ ਗਏ ਏਥੇ, ਨਹੀਂ ਅਸੀਂ ਇਹਨਾਂ ਬੰਗਾਲੀਆਂ ਨੂੰ ਕੀ ਲਈ ਬੈਠੇ ਸੀ… ਸੱਚੀਂ ਸ਼ੁਬੇਗ ਸਿਆਂ ਤਾਰੀਖ਼ ਹਮੇਸ਼ਾਂ ਮੈਨੂੰ ਬੁਜ਼ਦਿਲ ਕਹੇਗੀ… ਏਦੂਂ ਤਾਂ ਚੰਗਾ ਸੀ ਮੈਂ ਲੜ੍ਹ ਕੇ ਮਰ ਜਾਂਦਾ…” ਜਨਰਲ ਨਿਆਜੀ ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਤੇ ਆਪਣੇ ਹੁਕਮਰਾਨਾਂ ਦੀਆਂ ਗਲਤੀਆਂ ’ਤੇ ਝੂਰ ਰਿਹਾ ਸੀ।
ਉਸ ਦਾ ਉਦਾਸ ਮਨ ਵੇਖ ਕੇ ਸ਼ੁਬੇਗ ਸਿੰਘ ਨੇ ਗੱਲ ਮੁੜ ਹਾਸੇ ਵਿਚ ਪਾਉਣੀ ਚਾਹੀ, “ਨਿਆਜ਼ੀ ਦਿਆ ਬੱਚਿਆ… ਮੇਰੇ ਨਾਲੋਂ ਇਕ ਸਾਲ ਪਿੱਛੇ ਹੁੰਦਾ ਸੀ ਤੂੰ ਤੇ ਲੈਫ਼ਟੀਨੈਂਟ ਜਨਰਲ ਕਿਵੇਂ ਬਣ ਗਿਆ…?”
“ਇਹੀ ਫਾਇਦਾ ਹੁੰਦੈ ਬਾਈ ‘ਆਪਣੇ’ ਆਜ਼ਾਦ ਮੁਲਕ ਦਾ… ਨਹੀਂ ਤਾਂ ਗੋਰੇ ਮਾੜੇ ਸੀ… ਇਸੇ ਲਈ ਅਸੀਂ ਆਜ਼ਾਦੀ ਚਾਹੁੰਦੇ ਸੀ ਨਾ ਬਈ ਸਾਨੂੰ ਬਰਾਬਰ ਦੇ ਮੌਕੇ ਮਿਲਣ ਤੇ ਵੇਖਲਾ… ਖੁਦਾ ਜਾਮਨ ਐਂ ਬਈ ਬਿਨਾ ਕਿਸੇ ਦਾ ਹਕ ਮਾਰੇ ਏਥੋਂ ਤਕ ਪੁੱਜਾਂ…” ਨਿਆਜੀ ਹਲਕੀ ਜਹੀ ਚੋਟ ਲਾ ਗਿਆ ਸੀ।
“ਤੇ ਤੇਰਾ ਕੀ ਮਤਲਬ ਐ ਬਈ ਮੈਂ ਗੁਲਾਮ ਮੁਲਕ ਦਾ ਵਾਸੀ ਆਂ…?”
“ਹੋਰ ਨਹੀਂ ਤਾਂ ਕੀ… ਏਹਦੇ ਵਿਚ ਕੀ ਸ਼ਕ ਐ… ਏਡੇ ਮਾਹਰ ਸਿਖ ਅਫਸਰ, ਏਨੀਆਂ ਜੰਗਾਂ ਜਿੱਤਣ ਵਾਲੇ… ਦੱਸ ਫੇਰ ਤੁਹਾਡੀ ਕਮਾਂਡਰ ਇਨ ਚੀਫ਼ ਬਣਨ ਦੀ ਵਾਰੀ ਕਿਉਂ ਨਾ ਆਈ…?” ਨਿਆਜੀ ਦੀ ਇਸ ਗਲ ਵਿਚ ਕਾਫੀ ਸੱਚਾਈ ਸੀ।
“ਸਚ ਜਾਣੀ ਸ਼ੁਬੇਗ ਸਿਆਂ ਇਹ ਬਾਹਮਣਵਾਦ ਕਿਸੇ ਦਾ ਮਿੱਤ ਨਹੀਂ… ਸਾਡੇ ਲੀਡਰ ਅਜਾਦੀ ਵੇਲੇ ਪਛਾਣ ਗਏ ਤੇ ਤੁਹਾਡੇ ਗਲਤੀਆਂ ਕਰ ਗਏ… ਇਹਨਾਂ ਦੀ ਤੁਅੱਸਬੀ ਸੋਚ ਨੇ ਪਾਕਿਸਤਾਨ ਬਣਵਾਇਆ… ਨਹੀਂ ਤਾਂ ਭਰਾ ਕਦੋਂ ਭਰਾਵਾਂ ਨਾਲ ਅੱਡ ਹੁੰਦੇ ਸਨ…”
“ਚਲ ਛੱਡ ਪੁਰਾਣੀਆਂ ਗੱਲਾਂ ਨੂੰ… ਜੋ ਬੀਤ ਗਿਆ ਉਸ ’ਤੇ ਕੀ ਝੂਰਨਾ…” ਸ਼ੁਬੇਗ ਸਿੰਘ ਇਸ ਗੱਲ ਤੋਂ ਟਾਲਾ ਵੱਟਣਾ ਚਾਹੁੰਦਾ ਸੀ।
“ਜੇ ਇਹਨਾਂ ਦੀ ਨੀਤ ਸਾਫ ਹੁੰਦੀ ਮੁਲਕ ਕਦੇ ਟੋਟੇ ਨਾ ਹੁੰਦਾ… ਬਾਹਮਣ ਦੀ ਬੇਟੀ ਨਾ ਮਿੱਤ ਹੋਈ ਤੁਹਾਡੀ…”
“ਪਹਿਲੀ ਗੱਲ ਤੇਰੀ ਠੀਕ ਪਰ ਦੂਜੀ…”
“ਕੋਈ ਨੀ ਜਿੱਦੇਂ ਨਤੀਜੇ ਸਾਹਮਣੇ ਆਏ ਦੂਜੀ ਵੀ ਠੀਕ ਹੋ ਜਾਊ... ਯਾਦ ਰੱਖੀਂ ਸਰਦਾਰਾ ਕਰਨੀ ਇਹਨਾਂ ਤੁਹਾਡੇ ਨਾਲ ਵੀ ਭਲੀ ਨਹੀਂ... ਤੁਸੀਂ ਭੋਲੇ... ਇਹ ਤੁਹਾਡੀ ਸੂਰਮਤਾਈ ਨੂੰ ਵਰਤ ਰਹੇ ਨੇ… ਤੁਸੀਂ ਇਹਨਾਂ ਦੇ ਦੁਸ਼ਮਨਾਂ ਸਾਹਮਣੇ ਲੋਹੇ ਦੀ ਦੀਵਾਰ… ਪਰ ਤੁਸੀਂ ਹਕ ਸੱਚ ਦੇ ਆਸ਼ਕ ਤੇ ਇਹ ਕੂੜ ਦੇ ਵਪਾਰੀ… ਨਿਭਣੀ ਨਹੀਂ ਤੁਹਾਡੀ ਇਹਨਾਂ ਨਾਲ ਇਹ ਲਿਖਾ ਲੈ ਮੈਥੋਂ… ਤੁਹਾਡੇ ਹਥ ਇਹਨਾਂ ਕਦੇ ਕੋਈ ਤਾਕਤ ਨਹੀਂ ਆਉਣ ਦੇਣੀ… ਜ਼ਾਲਮ ਹਾਕਮ ਕਦੇ ਜੁਝਾਰੂ ਕੌਮਾਂ ਨੂੰ ਸਿਰ ਚੁੱਕਦੇ ਨਹੀਂ ਵੇਖ ਸਕਦੇ… ਤੂੰ ਵੇਖ ਲਈਂ ਜਦੋਂ ਆਹ ਸਾਰੇ ਰੇੜਕੇ ਮੁੱਕ ਗਏ ਇਹਨਾਂ ਤੁਹਾਡੇ ਵਲ ਧਿਆਨ ਵੀ ਜਰੂਰ ਕਰਨੈ… ਅਜੇ ਤਕ ਤੁਸੀਂ ਇਹਨਾਂ ਨੂੰ ਹੀ ਕੁਝ ਨ ਕੁਝ ਦੇ ਰਹੇ ਹੋ ਤੇ ਜਿੱਦੇਂ ਤੁਸੀਂ ਆਪਣੇ ਲਈ ਕੁਝ ਮੰਗ ਲਿਆ… ਮੇਰੀ ਗਲ ਯਾਦ ਰੱਖੀ ਸ਼ੁਬੇਗ ਸਿਆਂ ਬਹੁਤ ਭੈੜੀ ਮਾਰ ਮਾਰਨਗੇ ਇਹ ਤੁਹਾਨੂੰ… ਧੀ ਤਾਂ ਨਹਿਰੂ ਦੀ ਈ ਐ ਨਾ… ਯਾਦ ਨਹੀਂ ਓਹਨੇਂ ਮਾਸਟਰ ਤਾਰਾ ਸਹੁੰ ਨੂੰ ਭੈੜਾ ਜਿਹਾ ਮੂੰਹ ਬਣਾ ਕੇ ਕੀ ਕਿਹਾ ਸੀ, ‘ਮਾਸਟਰ ਜੀ ਅਬ ਹਾਲਾਤ ਬਦਲ ਗਏ ਹੈ…’ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆਂ ਸਾਡਾ ਵਾਹ ਇਹਨਾਂ ਨਾਲ ਤੁਹਾਡੇ ਤੋਂ ਪੁਰਾਣੈ… ਜੇ ਹੋ ਸਕੇ ਤਾਂ ਆਪਣੀ ਕੌਮ ਲਈ ਕੋਈ ਬੰਨ-ਸੁਬ ਕਰ ਲਓ…” ਨਿਆਜੀ ਖਰੀਆਂ-ਖਰੀਆਂ ਸੁਣਾ ਗਿਆ।
“ਨਹੀਂ… ਨਹੀਂ ਨਹੀਂ ਨਿਆਜੀ… ਤੇਰੀਆਂ ਇਹ ਗੱਲਾਂ ਸੱਚ ਨਹੀਂ ਹੋਣਗੀਆਂ… ਤੂੰ ਦੇਖ ਲਈਂ… ਇਹ ਸਭ ਗੱਲਾਂ ਝੂਠੀਆਂ ਸਾਬਤ ਹੋਣਗੀਆਂ…” ਸ਼ੁਬੇਗ ਸਿੰਘ ਅਣਮੰਨੇ ਜਹੇ ਮਨ ਨਾਲ ਬੋਲ ਗਿਆ।
“ਨਹੀਂ ਸਾਹਬ ਜੀ… ਨਿਆਜੀ ਠੀਕ ਕਹਿੰਦਾ ਸੀ… ਠੀਕ ਕਹਿੰਦਾ ਸੀ ਨਿਆਜੀ ਸਾਹਬ ਜੀ…” ਹਰਬਕਸ਼ ਸਿੰਘ ਉੱਚੀ-ਉੱਚੀ ਧਾਹਾਂ ਮਾਰਨ ਲੱਗ ਪਿਆ।
ਅਜਮੇਰ ਸਿਹੁ ਤੇ ਜੀਤ ਮੈਂਬਰ, ਜਿਹੜੇ ਪਰੇ ਦਰਸ਼ਨੀਂ ਡਿਊਂੜੀ ਕੋਲ ਬੈਠੇ ਸਨ, ਭੱਜ ਕੇ ਉਸ ਕੋਲ ਆਏ, “ਕੋਨੀ ਪੁੱਤਰਾ, ਸੰਭਾਲ ਆਪਣੇ ਆਪ ਨੂੰ… ਹਾਰਾਂ ਦਾ ਸੋਗ ਮਨਾਉਣ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ… ਤਕੜਾ ਹੋ ਸੂਰਮਾਂ ਬਣ…
“ਨਿਆਜੀ ਠੀਕ ਕਹਿੰਦਾ ਸੀ ਬਾਪੂ ਜੀ…” ਹਰਬਕਸ਼ ਸਿੰਘ ਅਜੇ ਵੀ ਓਵੇਂ ਵਿਲਕ ਰਿਹਾ ਸੀ।

ਜਗਦੀਪ ਸਿੰਘ ਫਰੀਦਕੋਟ
9815763313