Friday, December 16, 2011

ਦਰਦਮੰਦੀ ਦਾ ਮਿਡਫੀਲਡ ਤੇ ਸੌਕਰੇਟਸ ਦਾ ਚਲਾਣਾ


ਦਲਜੀਤ ਅਮੀ
ਸੌਕਰੇਟਸ ਦੀ ਮੌਤ ਨਾਲ ਖੇਡ ਮੈਦਾਨ ਦੇ ਮਾਣ ਵਿਚ ਵਾਧਾ ਕਰਨ ਵਾਲਾ ਦਰਦਮੰਦ ਡਾਕਟਰ ਤੁਰ ਗਿਆ। ਉਸੇ ਸਮੇਂ ਭਾਰਤ ਦੇ ਸੱਤ ਨਾਮੀ ਖਿਡਾਰੀਆਂ ਦੀ ਮੁਲਕਵਾਸੀਆਂ ਦੇ ਨਾਮ ਲਿਖੀ ਚਿੱਠੀ ਦੇ ਨਜ਼ਰਅੰਦਾਜ਼ ਹੋ ਜਾਣ ਅਤੇ ਕੋਲਕਾਤੇ ਵਿਚ ਹੋਏ ਅਗਨੀ ਕਾਂਡ ਨਾਲ ਸੌਕਰੇਟਸ ਦੀ ਮੌਤ ਜ਼ਿਆਦਾ ਰੜਕਣ ਲੱਗੀ ਹੈ। ਫੁੱਟਬਾਲ ਦੇ ਆਲਮੀ ਕੱਪ ਵਿਚ ਦੋ ਵਾਰ ਬ੍ਰਾਜ਼ੀਲ ਦੀ ਕਪਤਾਨੀ ਕਰਨ ਵਾਲਾ ਸੌਕਰੇਟਸ ਕਹਿੰਦਾ ਸੀ, “ਮੈਂ ਫੁੱਟਬਾਲਰ ਨਹੀਂ ਹਾਂ। ਮੈਂ ਮਨੁੱਖ ਹਾਂ।” ਫੁੱਟਬਾਲ ਦੇ ਇਤਿਹਾਸ ਵਿਚ ਸੰਨ 1982 ਦੇ ਆਲਮੀ ਕੱਪ ਵਿਚ ਹਿੱਸਾ ਲੈਣ ਵਾਲੀ ਬ੍ਰਾਜ਼ੀਲ ਦੀ ਟੀਮ ਨੂੰ ਜਿੱਤੀ ਨਾ ਜਾ ਸਕਣ ਵਾਲੀ ਸਭ ਤੋਂ ਤਾਕਤਵਰ ਟੀਮ ਮੰਨਿਆ ਜਾਂਦਾ ਸੀ। ਸੌਕਰੇਟਸ ਬਾਬਤ ਕਿਹਾ ਜਾਂਦਾ ਹੈ ਕਿ ਉਹ ਫੁੱਟਬਾਲ ਦੇ ਆਲਮੀ ਜੇਤੂ ਨਾ ਰਹਿਣ ਵਾਲੇ ਖਿਡਾਰੀਆਂ ਵਿਚੋਂ ਸਭ ਤੋਂ ਮਹਾਨ ਹੈ। ਬ੍ਰਾਜ਼ੀਲ 1982 ਦੇ ਫੁੱਟਬਾਲ ਆਲਮੀ ਕੱਪ ਦੀ ਤਾਕਤਵਰ ਦਾਅਵੇਦਾਰ ਟੀਮ ਸੀ। ਉਸ ਵੇਲੇ ਬ੍ਰਾਜ਼ੀਲ ਨੂੰ ਸੈਮੀਫਾਈਨਲ ਵਿਚ ਪਹੁੰਚਣ ਲਈ ਇਟਲੀ ਨਾਲ ਮੈਚ ਬਰਾਬਰ ਰੱਖਣ ਦੀ ਲੋੜ ਸੀ ਪਰ ਪਾਓਲੋ ਰੋਸੀ ਦੀ ਤਿਕੜੀ ਕਾਰਨ ਸੌਕਰੇਟਸ ਦੀ ਟੀਮ ਆਲਮੀ ਕੱਪ ਤੋਂ ਬਾਹਰ ਹੋ ਗਈ। ਸੰਨ 1986 ਦੇ ਆਲਮੀ ਕੱਪ ਦੇ ਕੁਆਰਟਰ ਫਾਈਨਲ ਮੈਚ ਵਿਚ ਸੌਕਰੇਟਸ ਫਰਾਂਸ ਖ਼ਿਲਾਫ਼ ਪੈਨਲਟੀ ਰਾਹੀਂ ਗੋਲ ਕਰਨ ਤੋਂ ਖੁੰਝ ਗਿਆ। ਖੇਡ ਮੈਦਾਨ ਦੀਆਂ ਇਨ੍ਹਾਂ ਹਾਰਾਂ ਬਾਬਤ ਉਹ ਕਹਿੰਦਾ ਸੀ, “ਬੀਮਾਰੀ ਨਾਲ ਬੱਚਿਆਂ ਦਾ ਮਰਨਾ ਇਸ ਤੋਂ ਜ਼ਿਆਦਾ ਸੋਗਵਾਰ ਹੈ।” ਉਹ ਬੱਚਿਆਂ ਦਾ ਡਾਕਟਰ ਸੀ।
‘ਦ ਹਿੰਦੂ’ ਅਖ਼ਬਾਰ ਦੇ ਖੇਡ ਲੇਖਕ ਨਿਰਮਲ ਸ਼ੇਖ਼ਰ ਨੇ ਸੌਕਰੇਟਸ ਦੇ ਸ਼ਰਧਾਜਲੀ ਲੇਖ ਵਿਚ ਲਿਖਿਆ ਹੈ, “ਉਹ ਬੱਚਿਆਂ ਦਾ ਪੇਸ਼ੇਵਰ ਡਾਕਟਰ ਸੀ। ਯੂਨੀਸੈਫ਼ ਦੇ ਕੈਂਪ ਵਿਚ ਬੀਮਾਰ ਬੱਚਿਆਂ ਨੂੰ ਜੱਫ਼ੀ ਪਾਉਂਦਾ ਸੌਕਰੇਟਸ ਮਦਰ ਟੈਰੇਸਾ ਦੀ ਮੂਰਤ ਜਾਪਦਾ ਸੀ।” ਮਦਰ ਟੈਰੇਸਾ ਦੀ ਕਰਮਭੂਮੀ ਕੋਲਕਾਤਾ ਦੇ ਹਸਪਤਾਲ ਵਿਚ ਵਾਪਰੀ ਤ੍ਰਾਸਦੀ, ਸੌਕਰੇਟਸ ਨਾਲ ਨਿਭੀਆਂ ਕਦਰਾਂ-ਕੀਮਤਾਂ ਨਾਲ ਗਹਿਗੱਚ ਸਵਾਲ-ਜਵਾਬ ਕਰ ਰਹੀ ਹੈ। ਫੁੱਟਬਾਲ ਦੇ ਇਤਿਹਾਸ ਦੇ ਮਹਾਨਤਮ ਮਿਡਫੀਲਡਰਾਂ ਵਿਚ ਸ਼ੁਮਾਰ ਸੌਕਰੇਟਸ ਦੇ ਚਲਾਣੇ ਰਾਹੀਂ ਮਨੁੱਖੀ ਦਰਦਮੰਦੀ ਦੀ ਬਹਿਸ ਮਿਡਫੀਲਡ ਵਿਚ ਆ ਗਈ ਹੈ।
ਖਿਡਾਰੀਆਂ ਤੋਂ ਵੱਧ ਤੰਦਰੁਸਤੀ ਦੀ ਅਹਿਮੀਅਤ ਕੌਣ ਜਾਣਦਾ ਹੈ! ਜੇ ਖਿਡਾਰੀ ਡਾਕਟਰ ਹੋਵੇ ਤਾਂ ਤੰਦਰੁਸਤੀ ਸਮਾਜਿਕ ਮਸਲਾ ਬਣ ਜਾਂਦੀ ਹੈ। ਜੇ ਡਾਕਟਰ ਖਿਡਾਰੀ ਨਾਲ ਸਮਾਜਵਾਦੀ ਵੀ ਹੋਵੇ ਤਾਂ ਉਸ ਨਾਲ ਦਰਦਮੰਦੀ ਸਮੂਰਤ ਹੋ ਜਾਂਦੀ ਹੈ। ਜਦੋਂ ਦਰਦਮੰਦੀ ਸਿਆਸੀ ਗ਼ਲਬਿਆਂ ਨੂੰ ਲਲਕਾਰਦੀ ਹੈ ਤਾਂ ਇਸ ਸੋਚ ਦੇ ਧਾਰਨੀ ਨਾਬਰੀ ਤੋਂ ਇਨਕਲਾਬੀ ਹੋਣ ਦੇ ਰਾਹ ਪੈ ਜਾਂਦੇ ਹਨ। ਇਨ੍ਹਾਂ ਰਾਹਾਂ ਉਤੇ ਲੋਕ ਗੀਤ ਗਾਉਣ ਵਾਲੇ ਮਨੁੱਖੀ ਵਿਰਾਸਤ ਦਾ ਬੇਸ਼ਕੀਮਤੀ ਖ਼ਜ਼ਾਨਾ ਹਨ। ਇਨ੍ਹਾਂ ਸਾਰੇ ਗੁਣਾਂ ਦੀ ਗੁਥਲੀ ਸੌਕਰੇਟਸ ਸੀ। ਉਸ ਦੇ ਛੋਟੇ ਪਾਸਾਂ ਅਤੇ ਸਾਥੀ ਖਿਡਾਰੀਆਂ ਨਾਲ ਤਾਲਮੇਲ ਨੂੰ ਮੋਜ਼ਾਰਟ ਦੇ ਸੰਗੀਤ ਜਿੰਨਾ ਸੁਰੀਲਾ ਕਿਹਾ ਜਾਂਦਾ ਹੈ।
ਸਾਓ ਪਾਅਲੋ ਦੇ ਕਲੱਬ ਕੌਰਿੰਨਥੀਅਨ ਵਿਚ ਸੌਕਰੇਟਸ ਨਾਲ ਖੇਡਣ ਵਾਲੇ ਉਸ ਦੇ ਸਾਥੀ ਦੇ ਹਵਾਲੇ ਨਾਲ ਨਿਰਮਲ ਸ਼ੇਖ਼ਰ ਨੇ ਲਿਖਿਆ ਹੈ, “ਉਹ ਗੀਤ ਗਾਉਂਦਾ ਅਤੇ ਅਸੀਂ ਸਾਰੇ ਖ਼ੁਸ਼ੀ ਮਨਾਉਂਦੇ। ਇਸ ਤੋਂ ਬਾਅਦ ਉਹ ਅਚਾਨਕ ਖਾਮੋਸ਼ ਹੋ ਜਾਂਦਾ। ਇਸ ਖਾਮੋਸ਼ੀ ਨੂੰ ਅਸੀਂ ਸਾਰੇ ਤੋੜ ਨਾ ਸਕਦੇ। ਅਸੀਂ ਉਸ ਨੂੰ ਜਾਣਦੇ ਸਾਂ ਪਰ ਹਰ ਵਾਰ ਲੱਗਦਾ ਕਿ ਉਹ ਸਾਡੇ ਲਈ ਅਜਨਬੀ ਹੈ।” ਗੀਤ ਅਤੇ ਖਾਮੋਸ਼ੀ ਦਾ ਸੁਮੇਲ ਇਹ ਬੰਦਾ ਫ਼ੌਜੀ ਤਾਨਾਸ਼ਾਹੀ ਖ਼ਿਲਾਫ਼ ਬ੍ਰਾਜ਼ੀਲ ਦਾ ਨਿਧੜਕ ਬੁਲਾਰਾ ਸੀ। ਮਨੁੱਖ ਨੂੰ ਪੇਸ਼ਾਵਰ ਖ਼ਾਨਿਆਂ ਵਿਚ ਤਕਸੀਮ ਕਰਨ ਗਿਝੇ ਪੜਚੋਲੀਏ ਉਸ ਦੇ ਨਾਪ ਦਾ ਖ਼ਾਨਾ ਲੱਭਣ ਲਈ ਖਪਦੇ ਰਹੇ ਪਰ ਉਹ ਖ਼ਾਨਾਬੰਦੀ ਤੋਂ ਨਾਬਰ ਰਿਹਾ। ਉਹ ਮਿਡਫੀਲਡ ਵਿਚ ਸਾਥੀਆਂ ਨਾਲ ਪਾਸਾਂ ਦੀ ਸੁਰੀਲੀ ਜੁਗਲਬੰਦੀ ਕਰਦਾ ਸੀ ਅਤੇ ਲੰਮੀਆਂ ਕਰਾਰੀਆਂ ਕਿੱਕਾਂ ਨਾਲ ਗੋਲਚੀਆਂ ਦਾ ਇਮਤਿਹਾਨ ਲੈਂਦਾ ਸੀ। ਛੇ ਫੁੱਟ ਚਾਰ ਇੰਚ ਲੰਮੇ ਕੱਦ ਦਾ ਸੌਕਰੇਟਸ ਫੁੱਟਬਾਲ ਦੇ ਖੇਡ ਮੈਦਾਨ ਦੀ ਕਮਾਈ ਦਾ ਬਿਆਨ ਕਰਨ ਲਈ ਪੜਚੋਲੀਆਂ ਦਾ ਸਹਾਰਾ ਨਹੀਂ ਲੈਂਦਾ। ਉਸ ਨੇ ਜੁਲਾਈ 2010 ਵਿਚ ਬੀ.ਬੀ.ਸੀ. ਨਾਲ ਮੁਲਾਕਾਤ ਵਿਚ ਕਿਹਾ ਸੀ, “ਫੁੱਟਬਾਲ ਦੇ ਮੈਦਾਨ ਵਿਚ ਮੇਰੀ ਹੌਂਸਲਾ-ਅਫ਼ਜਾਈ ਕਰਨ ਵਾਲੇ ਲੋਕ ਮੇਰੀ ਤਾਕਤ ਹਨ।”
ਸੌਕਰੇਟਸ ਦੇ ਸਮਕਾਲੀ ਖਿਡਾਰੀਆਂ ਦੇ ਨਾਇਕ ਪੇਲੇ ਅਤੇ ਡੈਰੀਇਨਚਾ ਵਰਗੇ ਸਾਬਕਾ ਖਿਡਾਰੀ ਸਨ। ਸੌਕਰੇਟਸ ਦੇ ਨਾਇਕ ਹੋਰ ਸਨ-ਕਿਊਬਾ ਦੇ ਇਨਕਲਾਬ ਦੇ ਆਗੂ ਫੀਦਲ ਕਾਸਤਰੋ ਅਤੇ ਚੀ ਗਵੇਰਾ। ਇਨ੍ਹਾਂ ਤੋਂ ਬਿਨਾ ਵੀਅਤਨਾਮ ਦੀ ਜੰਗ ਦੌਰਾਨ ਅਮਰੀਕੀ ਜਬਰ ਖ਼ਿਲਾਫ਼ ਸੁਰੀਲੀ ਆਵਾਜ਼ ਬੁਲੰਦ ਕਰਨ ਵਾਲਾ ਜੌਨ ਲੈਨਿਨ। ਉਹ ਬੀ.ਬੀ.ਸੀ. ਨਾਲ ਮੁਲਾਕਾਤ ਵਿਚ ਅੱਗੇ ਕਹਿੰਦਾ ਹੈ, “ਜੇ ਲੋਕਾਂ ਕੋਲ ਬੋਲਣ ਦੀ ਤਾਕਤ ਨਹੀਂ ਹੈ ਤਾਂ ਮੈਂ ਉਨ੍ਹਾਂ ਦੇ ਨੁਮਾਇੰਦੇ ਵਜੋਂ ਬੋਲਾਂਗਾ। ਜੇ ਮੈਂ ਲੋਕਾਂ ਦੀ ਥਾਂ ਦੂਜੀ ਧਿਰ ਨਾਲ ਖੜ੍ਹਾਂਗਾ ਤਾਂ ਮੇਰੀ ਰਾਏ ਕੋਈ ਨਹੀਂ ਸੁਣੇਗਾ। ਫੁੱਟਬਾਲ ਨੇ ਮੈਨੂੰ ਲੋਕਾਂ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਦਿੱਤਾ ਹੈ। ਮੈਂ ਉਹ ਦੁਨੀਆਂ ਦੇਖੀ ਹੈ ਜੋ ਥੁੜਾਂ ਹੰਢਾ ਰਹੀ ਹੈ। ਮੈਂ ਉਹ ਦੁਨੀਆਂ ਵੀ ਦੇਖੀ ਹੈ ਜੋ ਹਰ ਤਰ੍ਹਾਂ ਦੀ ਬਹੁਤਾਤ ਵਿਚ ਜਿਉ ਰਹੀ ਹੈ। ਨਾਲੋ-ਨਾਲ ਪਰ ਦੂਰ-ਦੂਰ ਵਸਦੀ ਇਸ ਦੁਨੀਆਂ ਦੇ ਦੋਵੇਂ ਤਬਕਿਆਂ ਨਾਲ ਮੇਰੀ ਵਾਕਫ਼ੀ ਹੈ।” ਇਹ ਦੁਨੀਆਂ ਤਾਂ ਮਨੀਪੁਰ ਦੇ ਖਿਡਾਰੀਆਂ ਨੇ ਵੀ ਦੇਖੀ ਹੈ ਪਰ ਉਨ੍ਹਾਂ ਦੀ ਆਵਾਜ਼ ਅਣਸੁਣੀ ਕਿਵੇਂ ਹੋ ਗਈ? ਆਖ਼ਰ ਬਾਈਚੁੰਗ ਭੂਟੀਆ ਭਾਰਤੀ ਫੁੱਟਬਾਲ ਦੇ ਇਤਿਹਾਸ ਦਾ ਸਭ ਤੋਂ ਨਾਮੀ ਖਿਡਾਰੀ ਹੈ!
ਸੌਕਰੇਟਸ ਨੇ ਡਾਕਟਰੀ ਦੀ ਪੜ੍ਹਾਈ ਕਾਰਨ ਪੱਚੀ ਸਾਲ ਦੀ ਉਮਰ ਤੱਕ ਚੰਗਾ ਖਿਡਾਰੀ ਹੋਣ ਦੇ ਬਾਵਜੂਦ ਪੇਸ਼ੇਵਰ ਫੁੱਟਬਾਲ ਨਹੀਂ ਖੇਡੀ। ਉਸ ਨੇ ਸਾਓ ਪਾਅਲੋ ਦੇ ਕਲੱਬ ਕੌਰਿੰਨਥੀਅਨ ਵਿਚ ਖੇਡਣਾ ਸ਼ੁਰੂ ਕੀਤਾ। ਬ੍ਰਾਜ਼ੀਲ ਵਿਚ ਫ਼ੌਜੀ ਤਾਨਾਸ਼ਾਹੀ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਸੀ। ਤਾਨਾਸ਼ਾਹੀ ਰੁਝਾਨ ਹਰ ਅਦਾਰੇ ਦਾ ਖ਼ਾਸਾ ਸੀ। ਖੇਡ ਕਲੱਬਾਂ ਦਾ ਪ੍ਰਬੰਧ ਤਾਨਾਸ਼ਾਹੀ ਤਰਜ਼ ਨਾਲ ਚੱਲਦਾ ਸੀ। ਇਸ ਕਲੱਬ ਦੇ ਪ੍ਰਬੰਧ ਖ਼ਿਲਾਫ਼ ਸੰਘਰਸ਼ ਵਿਚ ਸੌਕਰੇਟਸ ਨੇ ਮੁਲਾਜ਼ਮਾਂ, ਖਿਡਾਰੀਆਂ ਅਤੇ ਹਮਾਇਤੀਆਂ ਨੂੰ ਲਾਮਬੰਦ ਕੀਤਾ। ਤਾਨਾਸ਼ਾਹੀ ਨਿਜ਼ਾਮ ਵਿਚ ਜਮਹੂਰੀ ਪ੍ਰਬੰਧ ਦਾ ਪਹਿਲਾ ਤਜਰਬਾ ਇਹੋ ਕਲੱਬ ਬਣਿਆ। ਇਸ ਮੁਹਿੰਮ ਨੂੰ ‘ਕੌਰਿੰਨਥੀਅਨ ਡੈਮੋਕਰੇਸੀ’ ਵਜੋਂ ਜਾਣਿਆ ਜਾਂਦਾ ਹੈ। ਕਲੱਬ ਦੇ ਪ੍ਰਬੰਧ ਵਿਚ ਲੌਕਰ-ਰੂਮ ਦੇ ਕਾਰਿੰਦਿਆਂ ਤੋਂ ਨਾਮੀ ਖਿਡਾਰੀਆਂ ਤੱਕ ਦੀ ਆਵਾਜ਼ ਸਤਿਕਾਰ ਦੀ ਹੱਕਦਾਰ ਬਣੀ। ਇਹ ਮਿਸਾਲ ਮੁਲਕ ਵਿਚ ਜਮਹੂਰੀਅਤ ਲਈ ਸੰਘਰਸ਼ ਕਰਨ ਵਾਲਿਆਂ ਦੀ ਹੌਂਸਲਾ-ਅਫ਼ਜਾਈ ਦਾ ਸਬੱਬ ਬਣੀ। ਸੌਕਰੇਟਸ ਦੀ ਅਗਵਾਈ ਵਿਚ ਜਮਹੂਰੀਅਤ ਪੱਖੀ ਨਾਅਰੇ ਖਿਡਾਰੀਆਂ ਦੀ ਜਰਸੀਆਂ ਦਾ ਸ਼ਿੰਗਾਰ ਬਣੇ। ਆਪਣੇ ਨਾਇਕਾਂ ਵਾਂਗ ਆਵਾਮ ਪੱਖੀ ਸਿਆਸਤ ਉਸ ਦੇ ਖ਼ੂਨ ਵਿਚ ਖੌਲਦੀ ਸੀ। ਉਸ ਦਾ ਨਾਇਕ ਚੀ ਗਵੇਰਾ ਸਿਖਲਾਈ ਯਾਫ਼ਤਾ ਡਾਕਟਰ ਸੀ। ਘਰੋਂ ਕੋਹੜੀਆਂ ਦੀਆਂ ਕਾਲੋਨੀਆਂ ਦਾ ਅਧਿਐਨ ਕਰਨ ਤੁਰੇ ਚੀ ਗਵੇਰਾ ਨੇ ਕੋਹੜ ਦੀਆਂ ਜੜ੍ਹਾਂ ਨਾਇਨਸਾਫ਼ੀ ਅਤੇ ਗ਼ੈਰ-ਮਨੁੱਖੀ ਕਦਰਾਂ-ਕੀਮਤਾਂ ਉਤੇ ਟਿਕੇ ਮੁਨਾਫ਼ਾਮੁਖੀ ਨਿਜ਼ਾਮ ਵਿਚ ਲੱਭ ਲਈਆਂ। ਉਸ ਨੇ ਮਨੁੱਖਤਾ ਦਾ ਕੋਹੜ ਵੱਢਣ ਲਈ ਇਨਕਲਾਬ ਦਾ ਰਾਹ ਚੁਣਿਆ। ਡਾਕਟਰ ਚੀ ਗਵੇਰਾ ਲੋੜ ਵੇਲੇ ਮੇਜਰ ਚੀ ਗਵੇਰਾ ਬਣ ਗਿਆ। ਮੇਜਰ ਚੀ ਗਵੇਰਾ ਅੰਦਰਲਾ ਡਾਕਟਰ ਕਿਊਬਾ ਵਿਚ ਹੁਣ ਵੀ ਜਰਬਾਂ ਲੈਂਦਾ ਹੈ ਅਤੇ ਹੁਣ ਤੱਕ ਹਰ ਮਨੁੱਖੀ ਆਫ਼ਤ ਜਾਂ ਤ੍ਰਾਸਦੀ ਵੇਲੇ ਉਨ੍ਹਾਂ ਦੇ ਡਾਕਟਰ ਸਭ ਤੋਂ ਪਹਿਲਾਂ ਪੁੱਜਦੇ ਹਨ। ਉਨ੍ਹਾਂ ਦੇ ਮੁਲਕ ਵਿਚ ਲੋਕਾਂ ਦਾ ਹਰ ਇਲਾਜ ਮੁਫ਼ਤ ਹੈ।
ਜਦੋਂ ਕੌਮਾਂਤਰੀ ਪੱਧਰ ਉਤੇ ਪੋਲੀਓ ਦੀ ਭਿਆਨਕ ਬਿਮਾਰੀ ਵਜੋਂ ਨਿਸ਼ਾਹਦੇਹੀ ਕਰਕੇ ਇਲਾਜ ਲੱਭਣ ਦੀ ਗੱਲ ਤੁਰੀ ਤਾਂ ਕੋਹੜ ਦਾ ਇਲਾਜ ਕਰਨ ਲਈ ਇਨਕਲਾਬ ਕਰਨ ਵਾਲਿਆਂ ਨੇ ਆਪਣੀ ਸਮਝ ਦੀ ਆਲਮੀ ਮੰਚ ਉਤੇ ਤਸਦੀਕ ਹੁੰਦੀ ਵੇਖੀ। ਪੂੰਜੀਵਾਦੀਆਂ ਲਈ ਪੋਲੀਓ ਦਾ ਇਲਾਜ ਮੁਨਾਫ਼ੇ ਦਾ ਮੌਕਾ ਸੀ ਪਰ ਸਮਾਜਵਾਦੀਆਂ ਲਈ ਮਨੁੱਖੀ ਕਲਿਆਣ ਦਾ। ਅਮਰੀਕੀ ਅਗਵਾਈ ਵਿਚ ਪੋਲੀਓ ਦੇ ਇਲਾਜ ਲਈ ਮਹਿੰਗਾ ਟੀਕਾ ਬਣਿਆ ਅਤੇ ਕਿਊਬਾ ਨੇ ਇਸ ਬਿਮਾਰੀ ਦਾ ਫਸਤਾ ਵੱਢਣ ਲਈ ਸਸਤੀਆਂ ਤੋਂ ਵੀ ਅੱਗੇ ਜਾ ਕੇ ਮੁਫ਼ਤ ਵੰਡੀਆਂ ਜਾ ਸਕਣ ਵਾਲੀਆਂ ਬੂੰਦਾਂ ਦੀ ਕਾਢ ਕੱਢੀ। ਇਨ੍ਹਾਂ ਬੂੰਦਾਂ ਖ਼ਿਲਾਫ਼ ਕਈ ਸਾਲ ਅਮਰੀਕਾ ਨੇ ‘ਕਮਿਉਨਿਸਟ ਵੈਕਸਿਨ’ ਕਹਿ ਕੇ ਪ੍ਰਚਾਰ ਕੀਤਾ। ਹੁਣ ਇਹੋ ਬੂੰਦਾਂ ਬੱਚਿਆਂ ਨੂੰ ਪਿਲਾਈਆਂ ਜਾਂਦੀਆਂ ਹਨ। ਜਦੋਂ ਡਾਕਟਰ ਚੀ ਗਵੇਰਾ ਕੋਹੜ ਦੇ ਇਲਾਜ ਦਾ ਮੰਤਰ ਲੱਭਣ ਲਈ ਘਰੋਂ ਤੁਰ ਪਿਆ ਸੀ ਤਾਂ 19 ਫਰਵਰੀ 1954 ਨੂੰ ਬ੍ਰਾਜ਼ੀਲ ਵਿਚ ‘ਬੀਲਮ ਦਾ ਪਾਰਾ’ ਵਿਚ ਸੌਕਰੇਟਸ ਦਾ ਜਨਮ ਹੋਇਆ। ਡਾਕਟਰੀ ਪੜ੍ਹਨ ਤੋਂ ਬਾਅਦ ਕੌਮਾਂਤਰੀ ਫੁੱਟਬਾਲ ਦੀਆਂ ਸਿਖ਼ਰਾਂ ਛੂਹਣ ਵਾਲਾ ਸੌਕਰੇਟਸ ਕਹਿੰਦਾ ਸੀ, “ਫੁੱਟਬਾਲਰ ਹੋਣ ਕਾਰਨ ਮੈਂ ਵਿੱਤੀ ਪੱਖੋਂ ਜਲਦੀ ਮਹਿਫ਼ੂਜ਼ ਹੋ ਗਿਆ। ਗ਼ਰੀਬਾਂ ਦੇ ਡਾਕਟਰ ਵਜੋਂ ਇਹ ਮਹਿਫ਼ੂਜ਼ੀਅਤ ਮੇਰੀ ਲੋੜ ਸੀ।”
ਸੌਕਰੇਟਸ ਦੇ ਮਨੁੱਖੀ ਗੁਣਾਂ ਦਾ ਮੁਜ਼ਾਹਰਾ ਉਸ ਦੀ ਖੇਡ ਵਿਚ ਹੁੰਦਾ ਸੀ। ਆਪਣੇ ਸਾਥੀਆਂ ਦੇ ਸੁਭਾਅ ਅਤੇ ਖੇਡ ਬਾਬਤ ਉਸ ਦੀ ਜਾਣਕਾਰੀ ਦਾ ਅੱਡੀ ਨਾਲ ਦਿੱਤੇ ਪਾਸਾਂ ਤੋਂ ਪਤਾ ਲੱਗਦਾ ਸੀ। ਉਸ ਨੂੰ ਬਿਨਾ ਦੇਖੇ ਆਪਣੇ ਸਾਥੀਆਂ ਦੀ ਥਾਂ ਦਾ ਪੁਖ਼ਤਾ ਅਹਿਸਾਸ ਰਹਿੰਦਾ ਸੀ, ਇਸੇ ਕਾਰਨ ਉਸ ਦੇ ਅੱਡੀ ਵਾਲੇ ਪਾਸ ਖੇਡ ਦਾ ਛਿਣਾਂ ਵਿਚ ਪਾਸਾ ਪਲਟ ਦਿੰਦੇ ਸਨ। ਇਟਲੀ ਦਾ ਪਾਓਲੋ ਰੋਸੀ ਕਹਿੰਦਾ ਹੈ, “ਸੌਕਰੇਟਸ ਕਿਸੇ ਹੋਰ ਯੁੱਗ ਦਾ ਖਿਡਾਰੀ ਜਾਪਦਾ ਸੀ। ਤੁਸੀਂ ਉਸ ਨੂੰ ਖੇਡ ਮੈਦਾਨ ਦੇ ਅੰਦਰ ਅਤੇ ਬਾਹਰ ਬਣੇ-ਬਣਾਏ ਖ਼ਾਨਿਆਂ ਵਿਚ ਨਹੀਂ ਪਾ ਸਕਦੇ। ਸਭ ਜਾਣਦੇ ਸਨ ਕਿ ਉਹ ਸਿਖਲਾਈ-ਯਾਫ਼ਤਾ ਡਾਕਟਰ ਹੈ। ਇਸ ਤੋਂ ਬਿਨਾ ਉਸ ਦੀ ਸੱਭਿਆਚਾਰ ਅਤੇ ਸਮਾਜ ਵਿਚ ਡੂੰਘੀ ਦਿਲਚਸਪੀ ਸੀ। ਉਹ ਹਰ ਪੱਖੋਂ ਅਜੂਬਾ ਸੀ।” ਪਾਓਲੋ ਰੋਸੀ ਬ੍ਰਾਜ਼ੀਲ ਖ਼ਿਲਾਫ਼ 1982 ਦੇ ਆਲਮੀ ਕੱਪ ਵਿਚ ਖੇਡਿਆ ਸੀ ਜਿਸ ਵਿਚ ਸੌਕਰੇਟਸ, ਜ਼ੀਕੋ ਅਤੇ ਪਾਲਕੋ ਦੀ ਤਿਕੜੀ ਬ੍ਰਾਜ਼ੀਲੀ ਹਮਲਾਵਰ ਅਤੇ ਰੱਖਿਆ ਟੋਲੀ ਦੇ ਵਿਚਕਾਰਲੀ ਕੜੀ ਸੀ। ਇਨ੍ਹਾਂ ਦੀ ਤਿਕੜੀ ਦਾ ਤਾਲਮੇਲ ਖੇਡ ਦੀ ਕੌਮਾਂਤਰੀ ਲੋਕਧਾਰਾ ਦਾ ਹਿੱਸਾ ਬਣ ਗਿਆ ਹੈ। ਸੌਕਰੇਟਸ ਦੀ ਖੇਡ ਬਾਬਤ ਪਾਓਲੋ ਰੋਸੀ ਕਹਿੰਦਾ ਹੈ, “ਉਹ ਜਾਦੂਮਈ ਪੈਰਾਂ ਵਾਲਾ ਫੁਰਤੀਲਾ ਖਿਡਾਰੀ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਬਹੁਤ ਹੁਸ਼ਿਆਰ ਮਨੁੱਖ ਸੀ।”
ਦੋਵਾਂ ਪੈਰਾਂ ਨਾਲ ਫੁੱਟਬਾਲ ਨੂੰ ਕਰਾਰੀਆਂ ਕਿੱਕਾਂ ਮਾਰਨ ਵਾਲਾ ਸੌਕਰੇਟਸ ਆਮ ਤੌਰ ਉਤੇ ਮੱਥੇ ਉਤੇ ਪੱਟੀ ਬੰਨ੍ਹਦਾ ਸੀ ਅਤੇ ਛੋਟੀ-ਛੋਟੀ ਦਾਹੜੀ ਰੱਖਦਾ ਸੀ। ਦਾਹੜੀ ਅਤੇ ਸਿਰ ਦੇ ਘੁੰਗਰਾਲੇ ਵਾਲਾਂ ਵਿਚੋਂ ਚੀ ਗਵੇਰਾ ਦਾ ਮੜੰਗਾ ਪੈਂਦਾ ਸੀ। ਫੁੱਟਬਾਲ ਖੇਡਣੀ ਛੱਡਣ ਤੋਂ ਬਾਅਦ ਸੌਕਰੇਟਸ ਨੇ ਡਾਕਟਰੀ ਸ਼ੁਰੂ ਕੀਤੀ। ਅਖ਼ਬਾਰਾਂ ਵਿਚ ਖੇਡ ਦੇ ਨਾਲ-ਨਾਲ ਸਿਆਸੀ, ਆਰਥਿਕ ਅਤੇ ਸਮਾਜਿਕ ਮਸਲਿਆਂ ਬਾਬਤ ਲੇਖ ਲਿਖੇ। ਟੈਲੀਵਿਜ਼ਨਾਂ ਉਤੇ ਉਸ ਨੂੰ ਟਿੱਪਣੀਕਾਰ ਵਜੋਂ ਵੱਖ-ਵੱਖ ਮਸਲਿਆਂ ਉਤੇ ਵਿਚਾਰ ਚਰਚਾ ਕਰਨ ਲਈ ਸੱਦਿਆ ਜਾਂਦਾ ਸੀ। ਖੇਡਾਂ ਨੂੰ ਉਹ ਲਾਤੀਨੀ ਅਮਰੀਕਾ ਦੇ ਸਿਆਸੀ ਅਤੇ ਆਰਥਿਕ ਮਸਲਿਆਂ ਨਾਲ ਜੋੜ ਕੇ ਲੇਖ ਲਿਖਦਾ ਸੀ। ਅੰਕੜਾਮੁਖੀ ਖੇਡ ਪ੍ਰਾਪਤੀਆਂ ਅਤੇ ਲਿਖਤਾਂ ਦੇ ਦੌਰ ਵਿਚ ਸੌਕਰੇਟਸ ਸੱਚਮੁੱਚ ਕਿਸੇ ਹੋਰ ਯੁੱਗ ਦਾ ਬੰਦਾ ਲੱਗਦਾ ਹੈ। ਉਹ ਕਿਸੇ ਹੋਰ ਗ੍ਰਹਿ ਤੋਂ ਤਾਂ ਨਹੀਂ ਆਇਆ ਸੀ?
‘ਇਕਨੌਮਿਕ ਐਂਡ ਪੋਲੀਟੀਕਲ ਵੀਕਲੀ’ ਦਾ ਮੌਜੂਦਾ ਐਸੋਸੀਏਟ ਐਡੀਟਰ ਅਨਿਕੇਤ ਆਲਮ ਬੋਲੀਵੀਆ ਵਿਚ ਸੰਯੁਕਤ ਰਾਸ਼ਟਰ ਦੇ ਰਾਹਤ ਕੈਂਪਾਂ ਦਾ ਜਾਇਜ਼ਾ ਲੈਣ ਗਿਆ ਸੀ। ਆਲਮੀ ਡਾਕਟਰੀ ਟੀਮਾਂ ਸ਼ਾਮ ਦੇ ਪੰਜ ਵਜੇ ਆਪਣੇ ਹੋਟਲਾਂ ਨੂੰ ਪਰਤ ਜਾਂਦੀਆਂ ਸਨ। ਅਨਿਕੇਤ ਨੇ ਦੇਖਿਆ ਕਿ ਡਾਕਟਰਾਂ ਦੀ ਟੋਲੀ ਗਈ ਰਾਤ ਤੱਕ ਰੁਝੀ ਰਹਿੰਦੀ ਹੈ ਅਤੇ ਇਲਾਕੇ ਦੇ ਸਕੂਲ ਵਿਚ ਤੰਬੂਆਂ ਵਿਚ ਰਹਿੰਦੀ ਹੈ। ਪਤਾ ਲੱਗਿਆ ਕਿ ਇਹ ਕਿਊਬਾ ਦੇ ਡਾਕਟਰ ਹਨ। ਅਨਿਕੇਤ ਨੇ ਉਨ੍ਹਾਂ ਨੂੰ ਦੇਰ ਰਾਤ ਤੱਕ ਕੰਮ ਕਰਨ ਦਾ ਕਾਰਨ ਪੁੱਛਿਆ। ਡਾਕਟਰ ਸਵਾਲ ਤੋਂ ਹੈਰਾਨ ਸਨ ਅਤੇ ਅਨਿਕੇਤ ਉਨ੍ਹਾਂ ਦੀ ਹੈਰਾਨੀ ਤੋਂ ਹੈਰਾਨ। ਡਾਕਟਰਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਇਲਾਜ ਦੀ ਲੋੜ ਹੈ ਅਤੇ ਸਾਡੇ ਕੋਲ ਹੁਨਰ ਹੈ। ਇਸ ਲੋੜ ਅਤੇ ਹੁਨਰ ਦਾ ਮੇਲ ਮਨੁੱਖ ਦੀਆਂ ਲੋੜਾਂ ਤੈਅ ਕਰਦੀਆਂ ਹਨ। ਅਨਿਕੇਤ ਨੇ ਉਨ੍ਹਾਂ ਨੂੰ ਤਨਖ਼ਾਹਾਂ ਬਾਬਤ ਪੁੱਛਿਆ। ਘੱਟ ਤਨਖ਼ਾਹਾਂ ਵਾਲੇ ਡਾਕਟਰਾਂ ਨੂੰ ਦੱਸਿਆ ਕਿ ਜੇ ਉਹ ਚਾਹੁਣ ਤਾਂ ਦੂਜੇ ਮੁਲਕਾਂ ਵਿਚ ਪਨਾਹ ਲੈ ਕੇ ਜ਼ਿਆਦਾ ਪੈਸਾ ਕਮਾ ਸਕਦੇ ਹਨ। ਕੋਈ ਵੀ ਮੁਲਕ ਪਨਾਹ ਦੇਣ ਲਈ ਤਿਆਰ ਹੋਏਗਾ। ਡਾਕਟਰਾਂ ਦਾ ਸਵਾਲ ਸੀ ਕਿ ਜਦੋਂ ਇਸ ਪੈਸੇ ਵਿਚ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ ਅਤੇ ਜ਼ਿੰਦਗੀ ਤਸੱਲੀ ਵਿਚ ਹੈ ਤਾਂ ਕਿਤੇ ਹੋਰ ਜਾਣ ਦਾ ਕੀ ਮੁਨਾਫਾ? ਲੰਮੀ ਬਹਿਸ ਵਿਚ ਅਨਿਕੇਤ ਉਨ੍ਹਾਂ ਨੂੰ ਮੁਨਾਫ਼ੇ ਦੇ ਅਰਥ ਨਾ ਸਮਝਾ ਸਕਿਆ। ਅਨਿਕੇਤ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਦਾ ਇਕਲੌਤਾ ਮੰਤਰ ਮੁਨਾਫ਼ਾ ਨਹੀਂ ਹੈ।
ਜਦੋਂ ਹੈਤੀ ਵਿਚ ਭਿਆਨਕ ਭੂਚਾਲ ਆਇਆ ਤਾਂ ਅਰਜਨਟੀਨਾ ਮੂਲ ਦਾ ਸਪੇਨੀ ਫੋਟੋਗ੍ਰਾਫ਼ਰ ਵਾਲਟਰ ਐਸਟਰਾਡਾ ਉਥੇ ਪਹੁੰਚਿਆ। ਬੇਵਿਸਾਹੀ, ਬੇਘਰੀ, ਭੁੱਖਮਰੀ ਅਤੇ ਮੌਕਾਪ੍ਰਸਤੀ ਦੇ ਦੌਰ ਵਿਚ ਉਸ ਨੂੰ ਕਿਊਬਾ ਦੇ ਡਾਕਟਰਾਂ ਦਾ ਸਿਰੜ ਦੇਖ ਕੇ ਸਾਹ ਆਉਂਦਾ ਸੀ। ਸਾਮਰਾਜਵਾਦ ਕਬਜ਼ੇ ਲਈ ਫ਼ੌਜੀ ਅੱਡਾ ਬਣਾ ਰਿਹਾ ਸੀ ਅਤੇ ਸਮਾਜਵਾਦੀ ਡਾਕਟਰ ਲੋੜਵੰਦ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਡਾਕਟਰ ਚੀ ਗਵੇਰਾ ਦੀ ਅਗਲੀ ਪੀੜ੍ਹੀ ਨੇ ਕੋਹੜ ਖ਼ਿਲਾਫ਼ ਲੜਾਈ ਜਾਰੀ ਰੱਖੀ ਹੈ। ਸੌਕਰੇਟਸ ਇਸੇ ਗ੍ਰਹਿ ਦੀ ਹਵਾ ਵਿਚ ਸਾਹ ਲੈਂਦਾ ਸੀ। ਜਦੋਂ ਮਨੀਪੁਰ ਦੇ ਖਿਡਾਰੀ ਭਾਰਤਵਾਸੀਆਂ ਦੇ ਨਾਮ ਚਿੱਠੀ ਲਿਖਦੇ ਹਨ ਤਾਂ ਉਹ ਆਵਾਜ਼ ਕਿਸ ਗ੍ਰਹਿ ਦੇ ਲੋਕਾਂ ਨੂੰ ਮਾਰ ਰਹੇ ਹਨ? ਕੁੰਜੂਰਾਣੀ ਦੇਵੀ, ਮੋਨਿਕਾ ਦੇਵੀ, ਐਮ.ਸੀ.ਮੈਰੀ ਕੌਮ ਦੀ ਆਵਾਜ਼ ਹੀ ਕਮਜ਼ੋਰ ਹੈ ਜਾਂ ਦੂਜੀ ਧਿਰ ਦੇ ਕੰਨਾਂ ਵਿਚ ਕਿਸੇ ਨੇ ‘ਢਲਿਆ ਹੋਇਆ ਸਿੱਕਾ’ ਪਾ ਦਿੱਤਾ ਹੈ?
ਸੌਕਰੇਟਸ ਤੋਂ ਬਾਅਦ ਲਾਤੀਨੀ ਅਮਰੀਕੀ ਫੁੱਟਬਾਲ ਦਾ ਮਕਬੂਲ ਖਿਡਾਰੀ ਮੈਰਾਡੋਨਾ ਹੈ। ਮੈਰਾਡੋਨਾ ਦੀ ਕਪਤਾਨੀ ਵਿਚ ਅਰਜਨਟੀਨਾ ਦੀ ਟੀਮ ਨੇ 1986 ਦਾ ਆਲਮੀ ਕੱਪ ਜਿੱਤਿਆ ਸੀ। ਸੰਨ 1990 ਵਿਚ ਬ੍ਰਾਜ਼ੀਲ ਮਜ਼ਬੂਤ ਦਾਅਵੇਦਾਰ ਸੀ। ਅਰਜਨਟੀਨਾ ਨੇ ਬ੍ਰਾਜ਼ੀਲ ਨੂੰ ਹਰਾ ਦਿੱਤਾ। ਮੈਰਾਡੋਨਾ ਕਪਤਾਨ ਵਜੋਂ ਲਗਾਤਾਰ ਦੂਜਾ ਆਲਮੀ ਕੱਪ ਜਿੱਤਣ ਵੱਲ ਵਧ ਰਿਹਾ ਸੀ। ਉਹ ਉਦਾਸ ਹੋਇਆ ਬੋਲ ਰਿਹਾ ਸੀ, “ਬ੍ਰਾਜ਼ੀਲ ਨੂੰ ਹਰਾ ਕੇ ਸਾਡੇ ਲਈ ਜਿੱਤਣਾ ਸੁਖਾਲਾ ਹੋ ਗਿਆ ਹੈ ਪਰ ਹੁਣ ਸਾਡੀ ਜ਼ਿੰਮੇਵਾਰੀ ਵਧ ਗਈ ਹੈ। ਹੁਣ ਅਸੀਂ ਅਰਜਨਟੀਨਾ ਦੀ ਨੁਮਾਇੰਦਗੀ ਨਹੀਂ ਕਰਦੇ ਸਗੋਂ ਸਮੁੱਚੇ ਲਾਤੀਨੀ ਅਮਰੀਕਾ ਦੀ ਨੁਮਾਇੰਦਗੀ ਕਰਦੇ ਹਾਂ।” ਜਦੋਂ ਮੈਰਾਡੋਨਾ ਦੇ ਡੌਲੇ ਉਤੇ ਖੁਣਵਾਇਆ ਚੀ ਗਵੇਰਾ ਦਾ ਚਿਹਰਾ ਨਜ਼ਰ ਆਉਂਦਾ ਹੈ ਤਾਂ ਇਸ ਉਦਾਸ ਬਿਆਨ ਦਾ ਪਿਛੋਕੜ ਸਮਝ ਆਉਂਦਾ ਹੈ। ਅਰਜਨਟੀਨਾ ਦਾ ਡਾਕਟਰ, ਕਿਊਬਾ ਦਾ ਮੇਜਰ ਤੇ ਮੰਤਰੀ ਅਤੇ ਬੋਲੀਵੀਆ ਦਾ ਸ਼ਹੀਦ ਚੀ ਗਵੇਰਾ ਲਾਤੀਨੀ ਅਮਰੀਕਾ ਨੂੰ ਵੰਨ-ਸਵੰਨਤਾ ਸਮੇਤ ਇਕਮੁੱਠਤਾ ਦੀਆਂ ਤੰਦਾਂ ਨਾਲ ਰੂਬਰੂ ਕਰਵਾਉਂਦਾ ਹੈ ਅਤੇ ਮੈਰਾਡੋਨਾ ਇਸੇ ਰਵਾਇਤ ਦੀ ਕੜੀ ਬਣਦਾ ਹੈ। ਮੈਰਾਡੋਨਾ ਖੇਡ ਮੈਦਾਨ ਵਿਚੋਂ ਮੁਲਕ ਤੋਂ ਉਪਰ ਉਠ ਕੇ ਸਮੁੱਚੇ ਮਹਾਂਦੀਪ ਦਾ ਨੁਮਾਇੰਦਾ ਬਣਦਾ ਹੈ। ਉਸੇ ਖੇਡ ਮੈਦਾਨ ਵਿਚੋਂ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਗੌਅਰਮੰਗੀ ਸਿੰਘ, ਗੋਬਿੰਦ ਸਿੰਘ, ਸੁਸ਼ੀਲ ਸਿੰਘ, ਲਾਲਰਿੰਦੀਕਾ ਰਾਲਟੇ ਤੇ ਰੋਕਸ ਲਾਮਾਰੇ ਅਤੇ ਸੰਧਿਆ ਰਾਣੀ ਆਪਣੇ ਸੂਬੇ ਮਨੀਪੁਰ ਤੱਕ ਮਹਿਦੂਦ ਕਿਵੇਂ ਹੋ ਜਾਂਦੇ ਹਨ?
ਪਿਛਲੇ ਦਿਨੀਂ ਨਾਕਾਬੰਦੀ ਕਾਰਨ ਵਧੀਆਂ ਔਕੜਾਂ ਬਾਬਤ ਮਨੀਪੁਰ ਦੇ ਖਿਡਾਰੀਆਂ ਨੇ ਭਾਰਤਵਾਸੀਆਂ ਦੇ ਨਾਮ ਖੁੱਲ੍ਹੀ ਚਿੱਠੀ ਲਿਖੀ ਹੈ। ਖੇਡਾਂ ਦੀਆਂ ਖ਼ਬਰਾਂ ਲਈ ਖ਼ਾਸ ਪ੍ਰੋਗਰਾਮ ਪੇਸ਼ ਕਰਨ ਵਾਲੇ ਚੈਨਲਾਂ ਅਤੇ ਥਾਂ ਰਾਖਵੀਂ ਰੱਖਣ ਵਾਲੇ ਅਖ਼ਬਾਰਾਂ ਨੇ ਇਸ ਚਿੱਠੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਅਮਿਤਾਭ ਬਚਨ ਦੀ ਪੋਤੀ, ਤੇਂਦੁਲਕਰ ਦੇ ਕੌਮਾਂਤਰੀ ਕ੍ਰਿਕਟ ਵਿਚ ਸੌਵੇਂ ਸੈਂਕੜੇ ਅਤੇ ਸਹਿਵਾਗ ਦੇ ਦੋਹਰੇ ਸੈਂਕੜੇ ਬਾਬਤ ਹਰ ਨਿਗੂਣੀ ਤੋਂ ਨਿਗੂਣੀ ਜਾਣਕਾਰੀ ਨੂੰ ਨਿਵੇਕਲੀ ਕਹਿ ਕੇ ਪੇਸ਼ ਕਰਨ ਵਾਲੇ ਮੀਡੀਆ ਨੂੰ ਇਹ ਚਿੱਠੀ ਨਾਖ਼ੁਸ਼ਗਵਾਰ ਕਿਉਂ ਗੁਜ਼ਰੀ ਹੈ? ਅਗਲੀ ਗੱਲ ਤੋਂ ਪਹਿਲਾਂ ਇਸ ਚਿੱਠੀ ਦਾ ਤਰਜਮਾ ਪੜ੍ਹ ਲੈਣਾ ਜ਼ਰੂਰੀ ਜਾਪਦਾ ਹੈ,
“ਪਿਆਰੇ ਭਾਰਤੀਓ,
ਅਸੀਂ ਸ਼ਿੱਦਤ ਨਾਲ ਖੇਡ ਮੈਦਾਨ ਵਿਚ ਖੇਡਦੇ ਹਾਂ ਅਤੇ ਲੋਕਾਂ ਵਿਚ ਖ਼ੁਸ਼ੀ ਦਾ ਅਹਿਸਾਸ ਜਗਾਉਂਦੇ ਹਾਂ। ਅਸੀਂ ‘ਭਾਰਤ’ ਲਈ ਖੇਡਦੇ ਹਾਂ ਅਤੇ ਅਸੀਂ ਆਪਣੇ ਹਮਵਤਨਾਂ ਦੇ ਮਾਣ ਲਈ ਖੇਡਦੇ ਹਾਂ। ਲੋਕ ਸਾਡੀ ਹਰ ਚਾਲ ਉਤੇ ਹੌਸਲਾ-ਅਫ਼ਜਾਈ ਕਰਨ ਅਤੇ ਜਿੱਤ ਲਈ ਅਰਦਾਸਾਂ ਕਰਦੇ ਹਨ। ਇਸ ਤੋਂ ਵੱਡਾ ਇਨਾਮ ਕੋਈ ਨਹੀਂ ਹੋ ਸਕਦਾ।
ਸਾਡਾ ਯਕੀਨ ਹੈ ਖਿਡਾਰੀਆਂ ਅਤੇ ਆਮ ਲੋਕਾਂ ਦੀ ਖ਼ੁਸ਼ੀ-ਗਮੀ ਇਕੱਠੇ ਵਹਿੰਦੇ ਹਨ। ਅਸੀਂ ਭਾਰਤ ਦੇ ਇਸ ਖ਼ੂਬਸੂਰਤ ਇਲਾਕੇ ਤੋਂ ਹਾਂ ਜਿਸ ਨੂੰ ਉਤਰ-ਪੂਰਬ ਕਿਹਾ ਜਾਂਦਾ ਹੈ। ਅਸੀਂ ਸਾਦ-ਮੁਰਾਦੇ ਲੋਕ ਹਾਂ ਅਤੇ ਆਪਣੇ ਛੋਟੇ-ਛੋਟੇ ਸੁਫ਼ਨਿਆਂ ਵਿਚੋਂ ਖ਼ੁਸ਼ੀ ਭਾਲਦੇ ਹਾਂ। ਸਾਨੂੰ ਖੇਡਣ ਅਤੇ ਜਿੱਤਣ ਦਾ ਜਨੂੰਨ ਹੈ। ਅਸੀਂ ਖੁੱਲ੍ਹ ਕੇ ਮੁਸਕਰਾਉਂਦੇ ਹਾਂ ਅਤੇ ਦੁਨੀਆਂ ਨੂੰ ਦਿਖਾਉਂਦੇ ਹਾਂ ਕਿ ਧਰਤੀ ਦਾ ਇਹ ਹਿੱਸਾ ਕਿੰਨਾ ਮਨਮੋਹਣਾ ਹੈ। ਅਫ਼ਸੋਸ! ਇੰਜ ਹਰ ਵੇਲੇ ਨਹੀਂ ਹੁੰਦਾ।
ਅਸੀਂ ਕੌਮਾਂਤਰੀ ਮੰਚਾਂ ਉਤੇ ਤੁਹਾਡੀ ਨੁਮਾਇੰਦਗੀ ਕਰਨ ਦਾ ਅਨੰਦ ਮਾਣਿਆ ਹੈ। ਸਾਡੇ ਪਿਆਰੇ ਅਤੇ ਖ਼ੂਬਸੂਰਤ ਸੂਬੇ ਮਨੀਪੁਰ ਵਿਚ ਵਾਰ-ਵਾਰ ਵਾਪਰ ਰਹੀਆਂ ਨਾਖ਼ੁਸ਼ਗਵਾਰ ਘਟਨਾਵਾਂ ਨੇ ਸਾਨੂੰ ਉਦਾਸ ਕੀਤਾ ਹੈ। ਮਨੀਪੁਰ ਦਾ ਆਮ ਬੰਦਾ ਆਪਣੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਆਹਰੀ ਹੋਇਆ ਪਿਆ ਹੈ। ਚਾਰ ਮਹੀਨੇ ਲੰਮੀ ਨਾਕਾਬੰਦੀ ਨੇ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਬੇਸੁਰ ਕਰ ਦਿੱਤੀ ਹੈ। ਗੱਲਬਾਤ ਦੀ ਤੰਦ ਟੁੱਟਣ ਨਾਲ ਹਾਲਾਤ ਜ਼ਿਆਦਾ ਵਿਗੜੇ ਹਨ।
ਅਫ਼ਸੋਸ ਦੀ ਗੱਲ ਹੈ ਕਿ ਇਕ ਪਾਸੇ ਮਨੀਪੁਰ ਵਰਗਾ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਨਾਕਾਬੰਦੀ ਦੇ ਮਾਰੂ ਅਸਰ ਹੇਠ ਹੈ ਪਰ ਮਹਾਨ ਮੁਲਕ ਦੀ ਸਰਕਾਰ ਦੇ ਕੰਨਾਂ ਉਤੇ ਜੂੰ ਨਹੀਂ ਸਰਕਦੀ। ਇਹ ਅਹਿਸਾਸ ਬਹੁਤ ਤਕਲੀਫ਼ਦੇਹ ਹੈ ਕਿ ਚਾਰ ਮਹੀਨਿਆਂ ਤੋਂ ਲੋਕ ਬੁਨਿਆਦੀ ਲੋੜਾਂ ਦੀਆਂ ਵਸਤਾਂ, ਸੰਜੀਵਨੀ ਦਵਾਈਆਂ ਅਤੇ ਹੋਰ ਚੀਜ਼ਾਂ ਦੀ ਕਿੱਲਤ ਦਾ ਸ਼ਿਕਾਰ ਹਨ ਪਰ ਸਰਕਾਰੀ ਪੱਖੋਂ ਕੋਈ ਜ਼ਿੰਮੇਵਾਰਾਨਾ ਪਹਿਲਕਦਮੀ ਨਹੀਂ ਕੀਤੀ ਗਈ।
ਇਹ ਉਹ ਸੂਬਾ ਹੈ ਜਿਸ ਨੇ ਮੁਲਕ ਦੇ ਬਿਹਰਤੀਨ ਖਿਡਾਰੀ ਪੈਦਾ ਕੀਤੇ ਹਨ ਅਤੇ ਉਨ੍ਹਾਂ ਨੇ ਕੌਮਾਂਤਰੀ ਪੱਧਰ ਉਤੇ ਮੁਲਕ ਦਾ ਨਾਮ ਰੋਸ਼ਨ ਕੀਤਾ ਹੈ। ਇਹ ਉਹ ਸੂਬਾ ਹੈ ਕਿ ਜਿਸ ਨੇ ਮੁਲਕ ਨੂੰ ਕਲਾ ਦੀਆਂ ਬਿਹਤਰੀਨ ਵੰਨਗੀਆਂ ਅਤੇ ਕਲਾਕਾਰਾਂ ਨਾਲ ਨਿਵਾਜਿਆ ਹੈ। ਹੁਣ ਇਨ੍ਹਾਂ ਨੂੰ ਤੁਹਾਡੀ ਇਮਦਾਦ ਦਰਕਾਰ ਹੈ। ਇਨ੍ਹਾਂ ਨੂੰ ਹਰ ਜੀਅ ਦੀ ਮਦਦ ਚਾਹੀਦੀ ਹੈ ਤਾਂ ਜੋ ਇਨ੍ਹਾਂ ਦੀਆਂ ਦੁਸ਼ਵਾਰੀਆਂ ਦਾ ਅੰਤ ਕੀਤਾ ਜਾ ਸਕੇ। ਇਨ੍ਹਾਂ ਲੋਕਾਂ ਦੀ ਜ਼ਿੰਦਗੀ ਰਵਾਂ ਕਰਨ ਵਿਚ ਮਦਦ ਕੀਤੀ ਜਾ ਸਕੇ।
ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਮਨੁੱਖੀ ਹਕੂਕ ਦੀ ਕਦਰ ਕਰਦੇ ਹੋਏ ਰੋਹ ਦੇ ਮੁਜ਼ਾਹਰੇ ਵਜੋਂ ਨਾਕਾਬੰਦੀ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਭ ਮਸਲਿਆਂ ਦੇ ਹੱਲ ਜਮਹੂਰੀ ਤਰੀਕੇ ਨਾਲ ਲੱਭੇ ਜਾਣ। ਇਸ ਦੇ ਨਾਲ ਹੀ ਅਸੀਂ ਆਪਣੇ ਮੁਲਕ ਵਾਸੀਆਂ ਅਤੇ ਲੋਕਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦੇ ਹਾਂ ਕਿ ਮਨੀਪੁਰ ਨੂੰ ਵਿਕਾਸ ਦੇ ਰਾਹ ਪਾਉਣ ਲਈ ਹਿੱਸਾ ਪਾਉਣ ਤਾਂ ਜੋ ਇਸ ਸੂਬੇ ਨੂੰ ਮੁਲਕ ਦੇ ਵਿਕਾਸ ਦਾ ਅਨਿੱਖਵਾਂ ਹਿੱਸੇਦਾਰ ਬਣਾਇਆ ਜਾ ਸਕੇ।
ਮੁਲਕ ਵਾਸੀਓ ਆਓ, ਭਾਰਤ ਦੇ ਇਸ ਗਹਿਣੇ ਨੂੰ ਬਹਾਲੀ ਦੇ ਰਾਹ ਪਾਈਏ। ਅਸੀਂ ਆਸ ਕਰਦੇ ਹਾਂ ਕਿ ਮਾਣਯੋਗ ਪ੍ਰਧਾਨ ਮੰਤਰੀ 3 ਦਸੰਬਰ 2011 ਨੂੰ ਆਪਣੇ ਮਨੀਪੁਰ ਦੇ ਦੌਰੇ ਦੌਰਾਨ ਅਮਨ ਦੇ ਬੀਜ ਬੀਜਣਗੇ ਅਤੇ ਮਨੀਪੁਰ ਖ਼ੁਸ਼ਹਾਲੀ ਦੀ ਨੀਂਹ ਰੱਖਣਗੇ।
ਦਸਤਖ਼ਤ
(ਕੁੰਜੂਰਾਣੀ ਦੇਵੀ ਤੇ ਮੋਨਿਕਾ ਦੇਵੀ (ਭਾਰ ਤੋਲਕ), ਐਮ.ਸੀ.ਮੈਰੀ ਕੌਮ (ਮੁੱਕੇਬਾਜ਼ੀ), ਬੈਚੁੰਗ ਬੁਤੀਆ, ਗੌਅਰਮੰਗੀ ਸਿੰਘ, ਗੋਬਿੰਦ ਸਿੰਘ, ਸੁਸ਼ੀਲ ਸਿੰਘ, ਲਾਲਰਿੰਦੀਕਾ ਰਾਲਟੇ ਤੇ ਰੋਕਸ ਲਾਮਾਰੇ (ਫੁੱਟਬਾਲ) ਅਤੇ ਸੰਧਿਆ ਰਾਣੀ (ਵੁਸ਼ੂ)।”
ਇਹ ਸਵਾਲ ਤਾਂ ਪੁੱਛਣਾ ਬਣਦਾ ਹੈ ਕਿ ਇਸ ਚਿੱਠੀ ਦੀ ਨਾਕਾਬੰਦੀ ਖ਼ਤਮ ਹੋ ਜਾਣ ਤੋਂ ਬਾਅਦ ਕੀ ਅਹਿਮੀਅਤ ਹੈ? ਇਸ ਚਿੱਠੀ ਦੀ ਸੌਕਰੇਟਸ ਨਾਲ ਕੀ ਸਕੀਰੀ ਜੁੜਦੀ ਹੈ? ਕੋਲਕਾਤਾ ਦੇ ਹਸਪਤਾਲ ਵਿਚ ਲੱਗੀ ਅੱਗ ਦੀ ਸੌਕਰੇਟਸ ਅਤੇ ਇਸ ਚਿੱਠੀ ਨਾਲ ਕਿਹੜੀ ਤੰਦ ਜੁੜਦੀ ਹੈ? ਕੁਕੀ ਕਬੀਲੇ ਦੀ ਸਦਰ ਹਿੱਲ ਡਿਸਟ੍ਰਿਕਟ ਡਿਮਾਂਡ ਕਮੇਟੀ ਨੇ ਵੱਖਰੇ ਜ਼ਿਲ੍ਹੇ ਦੀ ਮੰਗ ਲਈ ਨਾਗਾਲੈਂਡ ਦੀ ਨਾਕਾਬੰਦੀ ਕੀਤੀ ਸੀ। ਉਨ੍ਹਾਂ ਨੇ ਪਹਿਲੀ ਅਗਸਤ ਤੋਂ ਦੋ ਕੌਮੀ ਸੜਕਾਂ ਇੰਫ਼ਾਲ-ਦੀਮਾਪੁਰ-ਗੋਹਾਟੀ (ਕੌਮੀ ਮਾਰਗ 39) ਅਤੇ ਇੰਫ਼ਾਲ-ਜੀਰਾਬਮ-ਸਿਲਚਰ (ਕੌਮੀ ਮਾਰਗ 53) ਨੂੰ ਬੰਦ ਕਰ ਦਿੱਤਾ। ਉਸ ਖ਼ਿਤੇ ਦਾ ਦੂਜੇ ਕਬਾਇਲੀ ਯੂਨਾਈਟਿਡ ਨਾਗਾ ਕੌਂਸਲ ਦੇ ਝੰਡੇ ਹੇਠ ਇਸ ਮੰਗ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਮੰਗ ਦੇ ਵਿਰੋਧ ਵਿਚ ਨਾਕਾਬੰਦੀ ਕਰ ਦਿੱਤੀ। ਇਸ ਨਾਲ ਰੋਜ਼ਾਨਾ ਲੋੜਾਂ ਦੀਆਂ ਵਸਤਾਂ ਦੀ ਕਿੱਲਤ ਆਈ ਅਤੇ ਮਹਿੰਗਾਈ ਵਧੀ। ਰੁਜ਼ਗਾਰ ਤੋਂ ਲੈ ਕੇ ਜ਼ਿੰਦਗੀ ਦੀ ਹਰ ਸਰਗਰਮੀ ਅਸਰਅੰਦਾਜ਼ ਹੋਈ। ਕੇਂਦਰ ਸਰਕਾਰ ਨੇ ਪਿਛਲੇ ਪੰਜਾਹ ਸਾਲਾਂ ਤੋਂ ਲਗਾਤਾਰ ਉਸ ਇਲਾਕੇ ਵਿਚ ਅਫ਼ਸਪਾ ਵਰਗਾ ਕਾਨੂੰਨ ਲਾਗੂ ਕੀਤਾ ਹੋਇਆ ਹੈ। ਫ਼ੌਜ ਦੀਆਂ ਵਧੀਕੀਆਂ ਮਨੋਰਮਾ ਅਤੇ ਸ਼ਰਮੀਲਾ ਇਰੋਮ ਦੇ ਰੂਪ ਵਿਚ ਉਘੜੀਆਂ ਹਨ। ਹੁਣ ਕੇਂਦਰ ਸਰਕਾਰ ਮਣੀਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਦੇ ਦੌਰੇ ਦੀ ਉਡੀਕ ਕਿਉਂ ਕਰਦੀ ਹੈ? ਕੇਂਦਰ ਖ਼ਿਲਾਫ਼ ਇੱਕਮੁੱਠ ਲੜਾਈ ਕਰਨ ਵਾਲੇ ਹੁਣ ਕਬੀਲਿਆਂ ਦੇ ਨਾਮ ਉਤੇ ਆਪਸ ਵਿਚ ਲੜ ਰਹੇ ਹਨ। ਕੇਂਦਰ ਸਰਕਾਰ ਤਾਂ ਭਰਾ-ਮਾਰ ਲੜਾਈ ਨੂੰ ਆਪਣੀ ਮੁਹਿੰਮ ਦੀ ਕਾਮਯਾਬੀ ਸਮਝਦੀ ਜਾਪਦੀ ਹੈ। ਇਸ ਉਤੇ ਖਿਡਾਰੀਆਂ ਦੀ ਦਰਦਮੰਦੀ ਨੂੰ ਮਾਰੀ ਆਵਾਜ਼ ਦਾ ਕੀ ਅਸਰ ਹੋਣਾ ਹੈ?
ਇਸ ਆਵਾਜ਼ ਦਾ ਮੌਜੂਦਾ ਸਰਕਾਰ ਦੇ ਖ਼ਾਸੇ ਨਾਲ ਟਕਰਾਵਾਂ ਰਿਸ਼ਤਾ ਹੈ। ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰ ਸ਼ਹਿਰੀ ਨੂੰ ਖਪਤਕਾਰ ਬਣਾ ਰਹੀ ਹੈ। ਕਾਰਪੋਰੇਟ ਸਰਪ੍ਰਸਤੀ ਵਿਚ ਖੇਡ ਮੈਦਾਨ ਨੂੰ ਖੁੱਲ੍ਹੀ ਮੰਡੀ ਦਾ ਇਸ਼ਤਿਹਾਰ ਮੰਚ ਬਣਾਇਆ ਜਾ ਰਿਹਾ ਹੈ। ਖੇਡ ਦਰਸ਼ਕਾਂ ਨੂੰ ਖੇਡ ਭਾਵਨਾ ਅਤੇ ਖੇਡਾਂ ਦੇ ਮਨੁੱਖੀ ਖ਼ਾਸੇ ਤੋਂ ਨਿਖੇੜ ਕੇ ਅੰਕੜਾਮੁਖੀ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਸਿਖਾਇਆ ਜਾ ਰਿਹਾ ਹੈ। ਜਦੋਂ ਕ੍ਰਿਕਟ ਮਾਹਿਰ ਰਵੀ ਸ਼ਾਸਤਰੀ ਖਿਡਾਰੀਆਂ ਨੂੰ ਗਲੇਡੀਏਟਰ ਆਖਦਾ ਹੈ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ। ਕਦੇ ਰਾਜੇ-ਮਹਾਰਾਜੇ ਅਤੇ ਅਮੀਰਜ਼ਾਦੇ ਜਾਨਵਰਾਂ ਤੋਂ ਬਾਅਦ ਆਪਣੇ ਗ਼ੁਲਾਮਾਂ ਨੂੰ ਲੜਾ ਕੇ ਚਿੱਤ ਪਰਚਾਉਂਦੇ ਸਨ। ਹੁਣ ਕੌਮਾਂਤਰੀ ਖੇਡ ਮੇਲਿਆਂ ਉਤੇ ਕਾਬਜ਼ ਕਾਰਪੋਰੇਟ ਖਿਡਾਰੀਆਂ ਨੂੰ ਖਰੀਦ-ਵੇਚ ਦਾ ਸਾਮਾਨ ਮੰਨਦੀ ਹੈ ਜਿਨ੍ਹਾਂ ਦਾ ਕੰਮ ਖੇਡ ਮੈਦਾਨ ਦੀ ਕਾਰਗੁਜ਼ਾਰੀ ਵਿਚੋਂ ਹਾਸਲ ਮਕਬੂਲੀਅਤ ਨੂੰ ਇਸ਼ਤਿਹਾਰਬਾਜ਼ੀ ਦੇ ਲੇਖੇ ਲਾਉਣਾ ਹੈ।
ਖਿਡਾਰੀ ਆਪਣੀ ਮਕਬੂਲੀਅਤ ਨਾਲ ਆਵਾਮ ਨੂੰ ਸੀਲ ਖਪਤਕਾਰ ਬਣਾਉਣ ਵਿਚ ਰੁਝੇ ਹੋਏ ਹਨ। ਇਸੇ ਮਕਬੂਲੀਅਤ ਨੂੰ ਸੌਕਰੇਟਸ ਲੋਕਾਂ ਦੀ ਦਿੱਤੀ ਤਾਕਤ ਮੰਨਦਾ ਸੀ ਅਤੇ ਲੋਕਾਂ ਦੇ ਨੁਮਾਇੰਦੇ ਵਜੋਂ ਆਵਾਜ਼ ਬੁਲੰਦ ਕਰਦਾ ਸੀ। ਇਸ ਵੇਲੇ ਮੁਕਾਮੀ ਤੇ ਕੌਮਾਂਤਰੀ ਖੇਡ ਪ੍ਰਬੰਧਾਂ ਵਿਚ ਕਾਰਪੋਰੇਟ ਜਗਤ ਅਤੇ ਸਿਆਸਤਦਾਨਾਂ ਦਾ ਗ਼ਲਬਾ ਹੈ। ਖੇਡਾਂ ਦਾ ਵਧੇਰੇ ਪ੍ਰਬੰਧ ਪੁਲਿਸ ਅਤੇ ਫ਼ੌਜ ਦੇ ਪਿਛੋਕੜ ਵਾਲਾ ਹੈ। ਸ੍ਰੀਲੰਕਾ ਦੇ ਰਾਜਾਪਾਕਸ਼ਾ ਕੁਨਬਾ, ਪਾਕਿਸਤਾਨ ਤੇ ਬੰਗਾਲਦੇਸ਼ ਦੇ ਜਰਨੈਲ ਅਤੇ ਭਾਰਤ ਦੇ ਪੁਲਿਸ ਅਫ਼ਸਰ ਇਸੇ ਰੁਝਾਨ ਦੀਆਂ ਕੜੀਆਂ ਹਨ। ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕਸ ਤੋਂ ਲੈ ਕੇ ਕੌਮੀ ਹਾਕੀ ਵਿਚ ਪੁਲਿਸ ਵਾਲਿਆਂ ਦਾ ਕਬਜ਼ਾ ਹੈ। ਕ੍ਰਿਕਟ ਬੋਰਡ ਵਿਚ ਸਿਆਸਤਦਾਨਾਂ ਅਤੇ ਕਾਰਪੋਰੇਟ ਪ੍ਰਬੰਧਕਾਂ ਦੀ ਜੁੰਡਲੀ ਅਫ਼ਸਰਸ਼ਾਹੀ ਦੀ ਹਮਾਇਤ ਨਾਲ ਹੀ ਚੱਲ ਰਹੀ ਹੈ। ਮੁਨਾਫ਼ੇ ਦੇ ਇਸ ਨਗ਼ਾਰਖ਼ਾਨੇ ਵਿਚ ਮੀਡੀਆ ਮਨੀਪੁਰੀ ਖਿਡਾਰੀਆਂ ਦੀ ਆਵਾਜ਼ ਕਿਵੇਂ ਸੁਣ ਸਕਦਾ ਹੈ?
ਕੋਲਕਾਤਾ ਵਿਚ ਪ੍ਰਾਈਵੇਟ-ਪਬਲਿਕ ਹਿੱਸੇਦਾਰੀ ਵਾਲੇ ਹਸਪਤਾਲ ਵਿਚ ਅੱਗ ਲੱਗੀ ਹੈ। ਇਸ ਹਸਪਤਾਲ ਦੇ ਪ੍ਰਬੰਧ ਵਿਚ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਤੋਂ ਇਲਾਵਾ ਕਾਰੋਬਾਰੀ ਸ਼ਾਮਿਲ ਹਨ। ਹਰ ਕਾਇਦੇ-ਕਾਨੂੰਨ ਦੀ ਉਲੰਘਣਾ ਕਰਕੇ ਹਸਪਤਾਲ ਦੇ ਸੁਰੱਖਿਆ ਨੇਮਾਂ ਨੂੰ ਦਰਕਿਨਾਰ ਕੀਤਾ ਗਿਆ ਜੋ ਕਰੀਬ ਸੌ ਲੋਕਾਂ ਦੇ ਜਿਉਂਦੇ ਸੜ ਕੇ ਮਰ ਜਾਣ ਦਾ ਸਬੱਬ ਬਣਿਆ ਹੈ। ਹਸਪਤਾਲ ਦਾ ਬੁਨਿਆਦੀ ਕੰਮ ਇਲਾਜ ਕਰਨਾ ਹੈ। ਜਦੋਂ ਅੱਗ ਲੱਗੀ ਤਾਂ ਸੁਰੱਖਿਆ ਅਮਲਾ ਮਰੀਜ਼ਾਂ ਦੀ ਬਾਹਰੋਂ ਦਰਦਮੰਦੀ ਦੇ ਨਾਤੇ ਨਾਲ ਹੋਣ ਵਾਲੀ ਮਦਦ ਦੀ ਨਾਕਾਬੰਦੀ ਕਰਨ ਲੱਗਿਆ ਹੋਇਆ ਸੀ। ਲਾਗੇ ਦੀ ਝੁੱਗੀ-ਝੋਪੜੀ ਬਸਤੀ ਦੇ ਨੌਜਵਾਨਾਂ ਨੇ ਦਰਦਮੰਦੀ ਦੇ ਨਾਤੇ ਨਾਲ ਹਸਪਤਾਲ ਦੀ ਕੰਧ ਤੋੜ ਕੇ ਅੱਗ ਵਿਚ ਘਿਰੇ ਲੋਕਾਂ ਨੂੰ ਬਚਾਉਣ ਲਈ ਜਾਨ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਬਹੁਤ ਸਾਰੇ ਬੰਦਿਆਂ ਨੂੰ ਕੰਧ ਵਿਚ ਕੀਤੇ ਮਘੋਰੇ ਰਾਹੀਂ ਹੀ ਬਾਹਰ ਕੱਢਿਆ। ਹਸਪਤਾਲ ਦੇ ਬਾਹਰ ਹੋਈ ਨੌਜਵਾਨਾਂ ਅਤੇ ਸੁਰੱਖਿਆ ਅਮਲੇ ਦੀ ਤਕਰਾਰ ਨੂੰ ਸ਼ਾਮਿਲ ਬੰਦਿਆਂ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਇਹ ਕਦਰਾਂ-ਕੀਮਤਾਂ ਦੀ ਲੜਾਈ ਹੈ। ਨਿੱਜੀਕਰਨ ਤਹਿਤ ਹਸਪਤਾਲ ਲਈ ਮਰੀਜ਼ ਖਪਤਕਾਰ ਹੈ। ਇਲਾਜ ਬਿਮਾਰੀ ਦੀ ਥਾਂ ਪੈਸੇ ਮੁਤਾਬਕ ਹੁੰਦਾ ਹੈ। ਅੱਗ ਵਿਚ ਘਿਰੇ ਲੋਕ ਚੀਕਾਂ ਮਾਰ ਰਹੇ ਸਨ ਤਾਂ ਨੌਜਵਾਨਾਂ ਨੂੰ ਧੂਹ ਪਈ। ਇਸ ਦਰਦਮੰਦੀ ਨਾਲ ਮੁਨਾਫ਼ੇ ਦਾ ਸਿਰ ਵੱਢਵਾਂ ਵੈਰ ਹੈ। ਇਸੇ ਦਰਦਮੰਦੀ ਨੂੰ ਮਨੀਪੁਰ ਦੇ ਖਿਡਾਰੀ ਲੱਭ ਰਹੇ ਹਨ। ਸੌਕਰੇਟਸ ਇਸੇ ਦਰਦਮੰਦੀ ਦਾ ਮੂੰਹ-ਜ਼ੋਰ ਪ੍ਰਗਟਾਵਾ ਸੀ। ਇਸ ਤਰ੍ਹਾਂ ਦਰਦਮੰਦੀ ਅਤੇ ਮੁਨਾਫ਼ੇ ਦੀ ਲੜਾਈ ਮਨੁੱਖੀ ਪਿੰਡੇ ਦੇ ਮਿਡਫੀਲਡ ਵਿਚ ਲੜੀ ਜਾ ਰਹੀ ਹੈ।
ਸਮਾਜੀਕਰਨ ਦੀ ਅਹਿਮ ਸਰਗਰਮੀ ਵਜੋਂ ਖੇਡ ਨੂੰ ਦਰਦਮੰਦ ਤੇ ਜਾਗਰੂਕ ਮਨੁੱਖ ਦੀ ਉਸਾਰੀ ਦਾ ਅਹਿਮ ਮੰਚ ਮੰਨਿਆ ਜਾਂਦਾ ਹੈ, ਇਸੇ ਲਈ ਗੁਰਬਾਣੀ ਖੇਡ ਨੂੰ ‘ਮਨ ਕਾ ਚਾਅ’ ਕਰਾਰ ਦਿੰਦੀ ਹੈ। ਮਨੁੱਖੀ ਮਨ ਨੂੰ ਹੁਲਾਰਾ ਦੇਣ ਵਾਲਾ ਖੇਡ ਮੈਦਾਨ ਹੁਣ ਮੁਨਾਫ਼ਾਖੋਰਾਂ ਦੀ ਤਾਨਾਸ਼ਾਹੀ ਘੇਰਾਬੰਦੀ ਵਿਚ ਫਸਿਆ ਹੋਇਆ ਹੈ। ਰਾਜਤੰਤਰ ਦੇ ਖ਼ਾਸੇ ਵਿਚੋਂ ਮਨਫ਼ੀ ਦਰਦਮੰਦੀ ਦਾ ਪ੍ਰਗਟਾਵਾ ਖੇਡ ਮੈਦਾਨ ਵਿਚੋਂ ਵੀ ਹੋਣ ਲੱਗਿਆ ਹੈ। ਖਿਡਾਰੀ ਕਾਨੂੰਨੀ ਰੂਪ ਵਿਚ ਖ਼ਤਮ ਕੀਤੇ ਜਾ ਚੁੱਕੇ ਗ਼ੁਲਾਮ ਦੌਰ ਦਾ ਸੱਚ ਹੰਢਾ ਰਹੇ ਹਨ। ਉਨ੍ਹਾਂ ਬੰਦਿਆਂ ਦੀ ਗਿਣਤੀ ਨਿਗੂਣੀ ਤੋਂ ਵੀ ਘਟ ਗਈ ਹੈ ਜੋ ਰਾਜਤੰਤਰ, ਕਾਰਪੋਰੇਟ ਅਤੇ ਤਾਨਾਸ਼ਾਹੀ ਦੇ ਖ਼ਾਨਿਆਂ ਤੋਂ ਨਾਬਰ ਹੋਣ ਅਤੇ ਮਨੁੱਖੀ ਪਛਾਣ ਨੂੰ ਤਰਜੀਹ ਦੇਣ। ਸੌਕਰੇਟਸ ਇਸੇ ਨਾਬਰੀ ਦਾ ਜ਼ਿੰਦਗੀ ਦੇ ਨਾਮ ਲਿਖਿਆ ਗੀਤ ਹੈ।
ਉਹ ਦੁਨੀਆਂ ਦੀ ਆਲਮੀ ਕੱਪ ਨਾ-ਜਿੱਤ ਸਕਣ ਵਾਲੀ ਸਭ ਤੋਂ ਮਜ਼ਬੂਤ ਫੁੱਟਬਾਲ ਟੀਮ ਦਾ ਕਪਤਾਨ ਰਿਹਾ ਹੈ। ਉਹ ਦਰਦਮੰਦੀ ਨੂੰ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਣ ਵਾਲੀ ਮਰਜ਼ਾਂ, ਗ਼ਲਬਿਆਂ ਅਤੇ ਮੁਨਾਫ਼ਿਆਂ ਖ਼ਿਲਾਫ਼ ਲੜਦੀ ਧਿਰ ਦਾ ਨੁਮਾਇੰਦਾ ਹੈ। ਚੀ ਗਵੇਰਾ ਦਾ ਡਾਕਟਰ ਤੋਂ ਜਰਨੈਲ ਬਣ ਜਾਣਾ, ਗੁਰਸ਼ਰਨ ਸਿੰਘ ਦਾ ਇੰਜੀਨੀਅਰ ਤੋਂ ਨਾਟਕਕਾਰ ਬਣ ਜਾਣਾ ਅਤੇ ਸੌਕਰੇਟਸ ਦਾ ਡਾਕਟਰ ਤੋਂ ਫੁੱਟਬਾਲਰ ਬਣ ਜਾਣਾ ਮਨੁੱਖੀ ਦਰਦਮੰਦੀ ਦੀਆਂ ਮਿਸਾਲਾਂ ਹਨ। ਗੁਰਸ਼ਰਨ ਸਿੰਘ ਕਿਹਾ ਕਰਦੇ ਸਨ, “ਮੈਂ ਨਾਟਕਕਾਰ ਨਹੀਂ ਹਾਂ। ਮੈਂ ਕਮਿਉਨਿਸਟ ਹਾਂ।”
ਮਨੀਪੁਰ ਦੇ ਖਿਡਾਰੀਆਂ ਦੀ ਚਿੱਠੀ ਦਾ ਭਾਵੇਂ ਹਵਾਲਾ ਨਹੀਂ ਆਇਆ ਪਰ ਦਿੱਲੀ ਵਿਚ ਮਨੁੱਖੀ ਹਕੂਕ ਦਿਵਸ ਮੌਕੇ ਕੁਝ ਲੋਕਾਂ ਨੇ ਸ਼ਰਮੀਲਾ ਇਰੋਮ ਦੀ ਹਮਾਇਤ ਵਿਚ ਅਤੇ ‘ਅਫ਼ਸਪਾ’ ਦੇ ਵਿਰੋਧ ਵਿਚ ਰਾਜ ਘਾਟ ਉਤੇ ਨਾਅਰੇ ਲਗਾਏ। ਇਨ੍ਹਾਂ ਨਾਅਰੇ ਲਗਾਉਣ ਵਾਲਿਆਂ ਨੂੰ ਜਦੋਂ ਗ੍ਰਹਿ ਮੰਤਰਾਲੇ ਤੋਂ ਫ਼ੋਨ ਆਇਆ ਕਿ ਤੁਹਾਡੀਆਂ ਕਾਰਵਾਈ ਲਈ ਫੋਟੋਆਂ ਖਿੱਚ ਲਈਆਂ ਗਈਆਂ ਹਨ ਤਾਂ ਹਿਮਾਂਸ਼ੂ ਕੁਮਾਰ ਦਾ ਜਵਾਬ ਸੀ, “ਅਸੀਂ ਜੋ ਕਰਨਾ ਸੀ, ਸੋ ਕਰ ਲਿਆ। ਹੁਣ ਤੁਸੀਂ ਜੋ ਕਰਨਾ ਹੈ, ਉਹ ਕਰ ਲਓ।” ਸੌਕਰੇਟਸ ਕਹਿੰਦਾ ਸੀ, “ਜ਼ਿੰਦਗੀ ਮਿਕਦਾਰ ਦਾ ਨਹੀਂ ਸਗੋਂ ਮਿਆਰ ਦਾ ਨਾਮ ਹੈ।” ਸ਼ਰਾਬ ਅਤੇ ਸਿਗਰਟ ਨੂੰ ਸੌਕਰੇਟਸ ਆਪਣਾ ਸਾਥੀ ਮੰਨਦਾ ਸੀ। ਸ਼ਾਇਦ ਇਹੋ ਉਸ ਦੀ ਚੁੱਪ ਦੀਆਂ ਰਾਜ਼ਦਾਰ ਸਨ। ਜ਼ਿਆਦਾਤਰ ਸ਼ਰਧਾਂਜਲੀ ਲੇਖ ਸਹਿਮਤ ਹਨ ਕਿ ਸ਼ਰਾਬ ਅਤੇ ਸਿਗਰਟ ਉਸ ਦੀ ਮੌਤ ਦੇ ਅਹਿਮ ਕਾਰਨ ਹਨ। ਡਾਕਟਰ ਸੌਕਰੇਟਸ ਹੀ ਦੱਸ ਸਕਦਾ ਹੈ ਕਿ ਇੰਨੀ ਬੇਬਾਕੀ ਅਤੇ ਦਰਦਮੰਦੀ ਨਾਲ ਕੋਈ 58 ਵਰ੍ਹੇ ਕਿਵੇਂ ਜਿਉਂ ਸਕਦਾ ਹੈ?
ਮੌਤ ਤੋਂ ਪਹਿਲਾਂ ਜ਼ਿੰਦਗੀ ਨਾਲ ਕੀਤੀ ਸੌਕਰੇਟਸ ਦੀ ਮਸ਼ਕਰੀ ਦਾ ਜ਼ਿਕਰ ਬੀ.ਬੀ.ਸੀ. ਦਾ ਖੇਡ ਲੇਖਕ ਜੋਨਾਥਨ ਜੁਰੀਜਕੋ ਕਰਦਾ ਹੈ। ਸੌਕਰੇਟਸ ਦੇ ਬੋਲਾਂ ਨੂੰ ਜੋਨਾਥਨ ਨੇ ਦੁਹਰਾਇਆ ਹੈ, “ਜਦੋਂ ਮੈਂ ਆਪਣੇ ਮੁੰਡੇ ਦਾ ਨਾਮ ਫੀਦਲ ਰੱਖਿਆ ਤਾਂ ਮੇਰੀ ਮਾਂ ਨੇ ਉਜਰ ਕੀਤਾ ਸੀ ਕਿ ਇਹ ਬੱਚੇ ਲਈ ਬਹੁਤ ਵੱਡਾ ਨਾਮ ਹੈ। ਮੈਂ ਪੁੱਛਿਆ ਸੀ ਕਿ ਤੂੰ ਮੇਰੇ ਨਾਲ ਕੀ ਕੀਤਾ ਸੀ?” ਸੌਕਰੇਟਸ ਨੇ ਆਪਣੇ ਨਾਂ ਅਤੇ ਸਿਰਨਾਂਵੀਏ ਸੁਕਰਾਤ ਨਾਲ ਤੋੜ ਨਿਭਾਈ ਹੈ। ਉਹ ਆਪਣੇ ਹਿੱਸੇ ਦਾ ਜ਼ਹਿਰ ਪੀ ਕੇ ਪੂਰਾ ਹੋਇਆ ਹੈ ਅਤੇ ਦਰਦਮੰਦੀ ਦੀ ਅਮੀਰ ਵਿਰਾਸਤ ਦਾ ਹਿੱਸਾ ਹੋ ਗਿਆ ਹੈ। ਉਹ ਭਾਵੇਂ ਕਿਸੇ ਖ਼ਾਨੇ ਲਈ ਨਹੀਂ ਬਣਿਆ ਪਰ ਪਾਲਿਆਂ ਦੀ ਬੇਬਾਕ ਚੋਣ ਉਸ ਦਾ ਅਸਲਾ ਰੂਪਮਾਨ ਕਰਦੀ ਹੈ। ਅਲਵਿਦਾ! ਡਾਕਟਰ ਸੌਕਰੇਟਸ।

Wednesday, November 23, 2011

ਮਾਂਵਾਂ ਪੁੱਤ ਨਈ ਜੰਮਣੇ ਨਿੱਤ ਨਿੱਤ ਹਵਾਰੇ

ਕਈ ਸਾਲ ਪਹਿਲਾਂ ਜਦੋਂ ਈ.ਟੀ.ਟੀ. ਵਾਲਿਆਂ ਨੂੰ ਅਜੇ ਨੌਕਰੀਆਂ ਨਹੀਂ ਮਿਲੀਆਂ ਸਨ ਤਾਂ ਉਹ ਲਗਾਤਾਰ ਧਰਨੇ, ਪ੍ਰਦਰਸ਼ਨ, ਰੋਸ ਮੁਜ਼ਾਹਰੇ ਆਦਿ ਕਰ ਰਹੇ ਸਨ। ਬਹੁਤਿਆਂ ਨੇ ਕਈ-ਕਈ ਰਾਤਾਂ ਜ਼ੇਲ੍ਹਾਂ ਵਿਚ ਵੀ ਕੱਟੀਆਂ। ਜਦੋਂ ਉਹਨਾਂ ਉੱਤੇ ਹੁੰਦਾ ਪੁਲਸੀਆ ਕਹਿਰ ਖ਼ਬਰਾਂ ਆਦਿ ਵਿਚ ਵੇਖਦੇ ਸਾਂ ਤਾਂ ਮਨ ਬਹੁਤ ਉਦਾਸ ਹੁੰਦਾ ਸੀ ਤੇ ਮਨ ਹੀ ਮਨ ਮੈਂ ਸੋਚਦਾ ਹੁੰਦਾ ਸੀ ਕਿ ਹੇ ਸੱਚੇ ਪਾਤਸ਼ਾਹ ਕੀ ਆਹੀ ਉਹ ਆਜ਼ਾਦੀ ਹੈ ਜਿਹੜੀ ਪਿਛਲੇ 60 ਸਾਲਾਂ ਤੋਂ 15 ਅਗਸਤ ਵਾਲੇ ਦਿਨ ਝੰਡੇ ਚੜ੍ਹਾ ਕੇ ਮਨਾ ਰਹੇ ਹਾਂ। ਹੱਕ ਮੰਗਣ ਵਾਲਿਆਂ ਨੂੰ ਗੋਰੇ ਕੁੱਟਦੇ ਸਨ ਤੇ ਹੱਕ ਮੰਗਣ ਵਾਲਿਆਂ ਨੂੰ ਹੀ ਭਾਰਤੀ ਹਾਕਮ ਡਾਂਗਾਂ ਨਾਲ ਨਿਵਾਜ਼ ਰਹੇ ਹਨ। ਪਰ ਖ਼ੈਰ ਆਪਾਂ ਗੱਲ ਨੂੰ ਹੋਰ ਪਾਸੇ ਨਹੀਂ ਜਾਣ ਦੇਣਾ। ਫੇਰ ’ਕੇਰਾਂ ਮੈਂ ਕਿਸੇ ਕੰਮ ਲਈ ਬਠਿੰਡੇ ਗਿਆ ਤੇ ਉੱਥੇ ਉਹਨਾਂ ਦਾ ਪ੍ਰਦਰਸ਼ਨ ਵੇਖ ਕੇ ਬਹੁਤ ਹੈਰਾਨ ਹੋਇਆ। ਇਹ ਹੈਰਾਨੀ ਉਹਨਾਂ ਦੁਆਰਾ ਲਾਏ ਜਾ ਰਹੇ ਨਾਹਰਿਆਂ ਤੋਂ ਉਪਜੀ ਸੀ। ਪਹਿਲਾ ਨਾਹਰਾ ਸੀ,
‘ਸਰਕਾਰੇ ਤੇਰੇ ਕੰਮ ਨਿਕੰਮੇਂ, ਫੇਰ ਕਹਿਣਗੇ ਖਾੜਕੂ ਜੰਮੇ’
ਤੇ ਦੂਜਾ ਨਾਹਰਾ ਜਿਸ ਤੋਂ ਮੈਂ ਜਿਆਦਾ ਹੈਰਾਨ ਹੋਇਆ ਉਹ ਸੀ,
‘ਜੇਕਰ ਜ਼ੁਲਮ ਨਾ ਥੰਮਣਗੇ, ਘਰ ਘਰ ‘ਹਵਾਰੇ’ ਜੰਮਣਗੇ’
ਹਵਾਰਾ, ਇਸ ਨਾਮ ਤੋਂ ਮੈਂ ਓਦੋਂ ਅਣਜਾਣ ਨਹੀਂ ਸੀ ਤੇ ਬੇਸ਼ੱਕ ਉਸ ਕਾਰਨਾਮੇਂ, ਜਿਹੜਾ ਉਸਨੇ ਕੀਤਾ ਸੀ, ਦਾ ਮੈਨੂੰ ਤੇ ਸ਼ਾਇਦ ਮੇਰੀ ਸਾਰੀ ਕੌਮ ਨੂੰ ਮਾਣ ਵੀ ਸੀ। ਕੌਮ ਦੀ ਲੱਥੀ ਪੱਗ ਨੂੰ ਮੁੜ ਬਣਦਾ ਸਤਿਕਾਰ ਦਿਵਾਉਣ ਵਾਲਾ ਯੋਧਾ ਸਦਾ ਸਤਿਕਾਰਯੋਗ ਰਹਿੰਦਾ ਹੈ।
ਮੈਂ ਆਪਣੇ ਇੱਕ ਮਿੱਤਰ (ਈ.ਟੀ.ਟੀ. ਮਾਸਟਰ) ਨਾਲ ਇਹਨਾਂ ਨਾਹਰਿਆਂ ਬਾਰੇ ਗੱਲ ਕੀਤੀ। ਉਹ ਕਹਿੰਦਾ, “ਹਾਂ ਬਾਈ ਜੀ, ਅਸੀਂ ਹਰ ਥਾਂ ਲਾਉਂਦੇ ਆਂ ਇਹ ਨਾਹਰੇ।”
“ਪਰ ਸਰਕਾਰ ਤਾਂ ਉਹਨਾਂ ਨੂੰ ਅੱਤਵਾਦੀ ਕਹਿੰਦੀ ਐ…”
“ਬਾਈ ਜੀ ਮਾੜੇ ਅੱਤਵਾਦੀ ਨਈ, ਮਾੜੇ ਤਾਂ ਉਹ ਕਾਰਨ ਨੇ ਜਿਹੜੇ ਕਿਸੇ ਨੂੰ ਅੱਤਵਾਦੀ ਬਨਣ ਲਈ ਮਜ਼ਬੂਰ ਕਰਦੇ ਨੇ… ਨਹੀਂ ਕੀਹਦਾ ਜੀਅ ਕਰਦੈ ਆਪਣਾ ਘਰ ਪਰਿਵਾਰ ਛੱਡ ਕੇ ਬੰਦੂਕ ਚੁੱਕਣ ਦਾ ਤੇ ਸਰੀਰ ਨਾਲ ਬੰਬ ਬੰਨ੍ਹ ਕੇ ਆਪਣੇ ਆਪ ਨੂੰ ਉਡਾ ਲੈਣ ਦਾ… ਇਹ ਕੋਈ ਸ਼ੌਕੀਆ ਖੇਡ ਨਹੀਂ ਬਾਈ… ਨਾਲੇ ਅੱਤਵਾਦ ਬਾਰੇ ਸਭ ਦੀ ਆਪਣੀ-ਆਪਣੀ ਪਰਿਭਾਸ਼ਾ ਹੈ। ਕਈ ਵਾਰ ਸਰਕਾਰ ਜੀਹਨੂੰ ਅੱਤਵਾਦੀ ਕਹਿ ਰਹੀ ਹੁੰਦੀ ਐ ਉਹ ਅਸਲ ਵਿੱਚ ਲੋਕਾਂ ਲਈ ਜੂਝਣ ਵਾਲਾ ਯੋਧਾ ਹੁੰਦੈ…” ਪਹਿਲੀ ਵਾਰ ਉਹ ਮਿੱਤਰ ਮੈਨੂੰ ਸਿਆਣਾ ਜਿਹਾ ਜਾਪਿਆ ਤੇ ਨਾਲ ਮਨਮੋਹਣ ਬਾਵਾ ਦੇ ਕਿਸੇ ਨਾਵਲ ਵਿਚੋਂ ਇਹ ਸਤਰਾਂ ਚੇਤੇ ਆ ਗਈਆਂ ਕਿ “ਹੁਕਮਰਾਨ ਤਬਕਾ ਗ਼ੈਰਤਮੰਦ ਤੇ ਸਮਝਦਾਰ ਬੰਦਿਆਂ ਤੋਂ ਸਦਾ ਘਬਰਾਉਂਦਾ ਹੈ।”
ਜਦੋਂ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਹੁੰਦੇ ਸੀ ਤਾਂ ਸਾਡਾ ਇੱਕ ਬੇਲੀ ਇਹ ਗੀਤ ਬਹੁਤ ਗਾਉਂਦਾ ਹੁੰਦਾ ਸੀ, ਜੋ ਉਸ ਨੇ ਆਪ ਹੀ ਲਿਖਿਆ ਸੀ,
“ਮਾਵਾਂ ਪੁੱਤ ਨਹੀਂ ਜੰਮਣੇ ਨਿੱਤ-ਨਿੱਤ ਹਵਾਰੇ”
ਪਿੰਡ ‘ਹਵਾਰਾ’, ਜੋ ਹੁਣ ਤੱਕ ਸਾਡੀਆਂ ਯਾਦਾਂ ਵਿਚ ਉੱਕਰਿਆ ਜਾ ਚੁੱਕਿਆ ਹੈ। ਰੋਡੇ, ਦਾਸੂਵਾਲ, ਮਾਣੋਚਾਹਲ, ਬੁਧ ਸਿੰਘ ਵਾਲਾ ਤੋਂ ਬਾਅਦ ਪਿੰਡ ‘ਹਵਾਰਾ’ ਨੂੰ ਮੌਜੂਦਾ ਸਿਖ ਸੰਘਰਸ਼ ਏਡਾ ਮਾਣ ਮਿਲਿਆ ਹੈ ਤੇ ਇਹ ਮਾਣ ਦਿਵਾਉਣ ਵਾਲਾ ਸੂਰਮਾਂ ਹੈ ‘ਭਾਈ ਜਗਤਾਰ ਸਿੰਘ’ ਜਿਸਦੀ ਗੱਲ ਅੱਜ ਅਸੀਂ ਕਰਨੀ ਹੈ।
ਡਾ. ਗੰਡਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਦਿਆਂ ਕਿਹਾ ਸੀ ਕਿ, “ਯੋਧੇ ਨੂੰ ਛੇਤੀ ਗੁੱਸਾ ਨਹੀਂ ਆਉਂਦਾ। ਉਸਦੀ ਕੌਮ ’ਤੇ ਹੋਏ ਸਦੀਆਂ ਦੇ ਜ਼ੁਲਮ, ਤਸ਼ੱਦਦ, ਅੱਤਿਆਚਾਰ ਪਿੱਛੋਂ ਹੀ ਯੋਧੇ ਨੂੰ ਗੁੱਸਾ ਆਉਂਦਾ ਤੇ ਜਦੋਂ ਯੋਧੇ ਨੂੰ ਗੁੱਸਾ ਆ ਜਾਵੇ, ਫੇਰ ਉਹ ਛੇਤੀ ਸ਼ਾਂਤ ਨਹੀਂ ਹੁੰਦਾ… ਤੇ ਉਹ ਜ਼ਾਲਮਾਂ ਦਾ ਖ਼ੁਰਾ-ਖੋਜ ਮਿਟਾ ਕੇ ਹੀ ਦਮ ਲੈਂਦਾ ਹੈ।”
ਇਹ ਸਤਰਾਂ ਪੜ੍ਹਣ ਪਿੱਛੋਂ ਪਤਾ ਨਹੀਂ ਕਿਉਂ ਮੇਰੇ ਜ਼ਿਹਨ ਵਿਚ ਇੱਕ-ਦਮ ਪੰਜਾਬ ਸੈਕਟ੍ਰੀਏਟ ਦੀਆਂ ਪੌੜੀਆਂ ਆ ਗਈਆਂ, ਜਿਹਨਾਂ ਵਿਚ ਕਹਿੰਦੇ ਅਜੇ ਤੱਕ ਤਰੇੜਾਂ ਪਈਆਂ ਹੋਈਆਂ ਨੇ ਤੇ ਉਹ ਯੋਧਿਆਂ ਨੂੰ ਆਇਆ ਗੁੱਸਾ ਸੀ ਜੋ 31 ਅਗਸਤ 1995 ਆਥਣੇ ਸਵਾ ਪੰਜ ਵਜੇ ਆਪਣੇ ਨਿਸ਼ਾਨ ਛੱਡ ਗਿਆ।
ਜਦੋਂ ਅਸੀਂ ਭਾਈ ਸਾਹਿਬ ਦੇ ਪਿੰਡ ਗਏ ਸਾਂ ਤਾਂ ਸਾਨੂੰ ਇੱਕ ਮਾਸਟਰ ਜੀ ਮਿਲੇ ਜਿਹਨਾਂ ਤੋਂ ਭਾਈ ਸਾਹਬ ਪੜ੍ਹਦੇ ਰਹੇ ਨੇ। ਉਹਨਾਂ ਸਾਨੂੰ ਗੱਲਾਂ ਸੁਣਾਉਂਦਿਆਂ ਉਹ ਸਕੂਲ ਵੀ ਦਿਖਾਇਆ ਤੇ ਵਾਲੀਬਾਲ ਦੀ ਉਹ ਗਰਾਊਂਡ ਵੀ। ਫੇਰ ਅਸੀਂ ਸੱਥ ਵਿਚ ਬੈਠੇ ਬਜ਼ੁਰਗਾਂ ਤੋਂ ਭਾਈ ਸਾਹਿਬ ਬਾਰੇ ਪੁੱਛਿਆ,
“ਉਹ ਤਾਂ ਬਾਹਲਾ ਸਾਊ ਸੀ ਭਾਈ… ਨੀਵੀਂ ਪਾ ਕੇ ਤੁਰਨ ਵਾਲਾ… ਬਾਹਲਾ ਸੰਗਦਾ ਹੁੰਦਾ ਸੀ…”
“ਪਰ ਉਸ ਯੋਧੇ ਨੇ ਪਿੰਡ ਦਾ ਨਾਂ ਕੱਢਦਾ ਬਈ ਸਾਰੀ ਦੁਨੀਆਂ ’ਚ… ਹੁਣ ‘ਹਵਾਰਾ’ ਓਹਦੇ ਕਰਕੇ ਈ ਜਾਣਿਆਂ ਜਾਂਦੈ…”
ਇੱਕ ਵਾਰ ਮੈਂ ਅਮਰੀਕੀ ਜੁਝਾਰੂ ਪੈਟ੍ਰਿਕ ਹੈਨਰੀ ਦਾ ਲੇਖ ਪੜ੍ਹਿਆ। ਉਸ ਰਾਤ ਮੈਨੂੰ ਸੁਪਨਾ ਆਇਆ। ਹੈਨਰੀ ਦੀਆਂ ਲਿਖੀਆਂ ਸਾਰੀਆਂ ਗੱਲਾਂ ਬਾਈ ਹਵਾਰੇ ਨੇ ਸੁਣਾਈਆਂ, ਜਿਵੇਂ ਇੱਕ ਭਾਸ਼ਨ ਦੇ ਰੂਪ ਵਿੱਚ,
“ਸ਼ਰੀਫ ਲੋਕ? ਸ਼ਾਂਤੀ-ਸ਼ਾਂਤੀ ਚੀਕ ਸਕਦੇ ਹਨ, ਪਰ ਕੋਈ ਸ਼ਾਂਤੀ ਨਹੀਂ ਹੈ। ਅਸਲ ਵਿਚ ਯੁੱਧ ਤਾਂ ਸ਼ੁਰੂ ਹੋ ਚੁੱਕਿਆ ਹੈ। ਸਾਡੇ ਭਰਾ ਪਹਿਲਾਂ ਹੀ ਲੜ੍ਹਾਈ ਦੇ ਮੈਦਾਨ ਵਿਚ ਹਨ। ਅਸੀਂ ਏਥੇ ਬੇਕਾਰ ਕਿਉਂ ਖੜ੍ਹੇ ਹਾਂ? ਆਖ਼ਰ ਸ਼ਰੀਫ ਲੋਕ ਕੀ ਚਾਹੁੰਦੇ ਹਨ? ਕੀ ਜ਼ਿੰਦਗੀ ਏਨੀ ਪਿਆਰੀ ਤੇ ਸ਼ਾਂਤੀ ਏਨੀ ਮਿੱਠੀ ਹੈ ਕਿ ਉਸਨੂੰ ਬੇੜੀਆਂ ਤੇ ਗੁਲਾਮੀਂ ਦੀ ਕੀਮਤ ’ਤੇ ਵੀ ਖ਼੍ਰੀਦ ਲਿਆ ਜਾਵੇ? ਹੇ ਸਰਬ ਸ਼ਕਤੀਮਾਨ ਪ੍ਰਮਾਤਮਾਂ, ਮੈਂ ਨਹੀਂ ਜਾਣਦਾ ਕਿ ਲੋਕ ਹੋਰ ਕਿਹੜਾ ਰਾਹ ਫੜ੍ਹਨਗੇ, ਪਰ ਜਿੱਥੋਂ ਤੱਕ ਮੇਰੀ ਗੱਲ ਹੈ, ਮੈਨੂੰ ਆਜ਼ਾਦੀ ਦਿਓ ਜਾਂ ਮੌਤ…”
ਸਾਡੀ ਕੋਈ ਵੀ ਸਫਲਤਾ ਹਾਸਲ ਕਰਨ ਯੋਗ ਨਹੀਂ ਜੇ ਅਸੀਂ ਉਸ ਲਈ ਜੂਝੇ ਨਹੀਂ। ਬੇਸ਼ੱਕ ਹਾਕਮ ਇਸ ਬਦਲੇ ਸਾਨੂੰ ਅੱਤਵਾਦੀ, ਬਾਗੀ ਜਾਂ ਪਾਗਲ ਦੇ ਲਕਬ ਵੀ ਦੇ ਸਕਦੇ ਹਨ। ਪਰ ਯਾਦ ਰੱਖਿਓ ਫੀਦਲ ਕਾਸਤਰੋ ਦੀ ਇਹ ਗੱਲ ਕਿ “ਇਤਿਹਾਸ ਸਾਨੂੰ ਸਹੀ ਸਾਬਤ ਕਰੇਗਾ।” ਬਸ਼ਰਤੇ ਕਿ ਅਸੀਂ ਆਪਣੇ ਲੋਕਾਂ ਦੀ ਆਜ਼ਾਦੀ ਲਈ ਆਖ਼ਰੀ ਦਮ ਤੱਕ ਜੂਝੀਏ। ਲੜਾਈਆਂ ਵਿਚ ਜਿੱਤ-ਹਾਰ ਤਾਂ ਹੁੰਦੀ ਰਹਿੰਦੀ ਹੈ, ਪਰ ਅਸਲੀ ਹਾਰ ਓਦੋਂ ਹੁੰਦੀ ਹੈ ਜਦੋਂ ਕੌਮਾਂ ਹਿੰਮਤ ਹਾਰ ਜਾਣ। ਕੌਮਾਂ ਦੀ ਹਿੰਮਤ ਇਹ ਸੂਰਮੇਂ ਹੁੰਦੇ ਹਨ। ਕਈ ਵਾਰ ਮੌਜ਼ੂਦਾ ਹਾਲਾਤਾਂ ਵਿਚ ਇਹ ਮਹਿਸੂਸ ਹੁੰਦਾ ਹੈ ਕਿ ਕੌਮ ਘਸਿਆਰੀ ਜਹੀ ਸਾਹ-ਸੱਤ ਹੀਣ ਹੋ ਗਈ ਹੈ। ਪਰ ਇਸ ‘ਥੱਪੜ ਵਰਤਾਰੇ’ ਤੋਂ ਬਾਅਦ ਜਿਵੇਂ ਕੌਮ ਵਿਚੋਂ ਪ੍ਰਤੀਕਰਮ ਆਏ ਹਨ, ਇਹਨਾਂ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਜਿੰਨਾ ਚਿਰ ਕੌਮ ਦੀ ਹਿੰਮਤ ਇਹ ਸੂਰਮੇਂ ਚੜ੍ਹਦੀ ਕਲਾ ਵਿਚ ਨੇ ਓਨਾ ਚਿਰ ਕੌਮ ਜ਼ਾਬਰਾਂ ਮੂਹਰੇ ਹਿੱਕ ਤਾਣ ਕੇ ਹੀ ਖਲੋਤੀ ਰਹੇਗੀ। ਆੜਤੀਆਂ ਦੇ ਸਰ੍ਹਾਣੇ ਵਰਗੇ ਓਸ ਲਾਲੇ ਦੇ ਸਿਰ ਵਿਚ ਵੱਜੀ ਬਾਈ ਦੀ ਚਪੇੜ ਨੇ ਇੱਕ ਵਾਰ ਤਾਂ ਸਿਖ ਨੌਜੁਆਨਾਂ ਦੇ ਡੌਲੇ ਫਰਕਣ ਲਾ ਦਿੱਤੇ ਹਨ। ਇਸ ਦਾ ਪ੍ਰਤੀਕਰਮ ਕੌਮ ਵਿਚ ਇਸ ਤਰ੍ਹਾਂ ਹੋਇਆ ਹੈ ਜਿਵੇਂ ਕਿਸੇ ਘੇਸਲ ਵੱਟ ਕੇ ਪਏ ਹੋਏ ਬੰਦੇ ਉੱਤੇ ਕਿਸੇ ਨੇ ਪਾਣੀ ਦਾ ਤੌੜਾ ਮਧਿਆ ਦਿੱਤਾ ਹੋਵੇ।
ਚਾਰਲਸ ਡਿੰਕਨਜ਼ ਅਨੁਸਾਰ, “ਪਿੰਜਰੇ ਵਿਚ ਕੈਦ ਸ਼ੇਰ ਨੂੰ ਜੰਗਲ ਤੋਂ ਦੂਰ ਰੱਖਣ ਦੀ ਹਮੇਸ਼ਾਂ ਲੋੜ ਹੁੰਦੀ ਹੈ। ਜੰਗਲ ਵੇਖ ਕੇ ਉਸ ਨੂੰ ਸਦਾ ਆਜ਼ਾਦੀ ਯਾਦ ਆਉਂਦੀ ਹੈ।”
ਬਾਈ ਦੇ ਏਸ ਥੱਪੜ ਨੇ ਹਿੰਦੋਸਤਾਨ ਰੂਪੀ ਪਿੰਜਰੇ ਵਿਚ ਕੈਦ ਸਿਖਾਂ ਨੂੰ ਜੰਗਲ ਦੀਆਂ ਆਜ਼ਾਦ ਫਿਜ਼ਾਵਾਂ ਦੇ ਦਰਸ਼ਨ ਕਰਵਾ ਦਿੱਤੇ ਹਨ ਤੇ ਹੁਣ ਆਲਮ ਇਹ ਹੈ ਕਿ ਆਪ ਮੁਹਾਰੇ ਉਹਨਾਂ ਦੇ ਮੂੰਹੋਂ ਨਿਕਲ ਰਿਹਾ ਹੈ,
“ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ॥”
ਜਾਂ
“ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਇ॥
ਜਹਿ ਜਹਿ ਬਹੈਂ ਜ਼ਮੀਨ ਮਲ ਤਹਿ ਤਹਿ ਤਖ਼ਤ ਬਨਾਇ॥”
ਸਿਖ ਨੌਜੁਆਨਾਂ ਦੇ ਕੰਨਾਂ ਵਿਚ ਗੁੰਜਾਰਾਂ ਪੈ ਰਹੀਆਂ ਹਨ ਜਿਵੇਂ ਹਜ਼ਾਰਾਂ ਹਾਥੀ ਇਕੱਠੇ ਚਘਿੰਆੜ ਰਹੇ ਹੋਣ, ਤੇ ਉਹਨਾਂ ਆਵਾਜ਼ਾਂ ਵਿਚੋਂ ਜੋ ਦੋ ਬੋਲ ਸੁਣਾਈ ਦੇ ਰਹੇ ਹਨ ਉਹ ਉਹਨਾਂ ਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ।
‘ਬਾਗੀ ਜਾਂ ਬਾਦਸ਼ਾਹ’
ਉਹ ਸੋਚ ਰਹੇ ਹਨ ਕਿ ਮੌਜੂਦਾ ਸਮੇਂ ਵਿਚ ਉਹ ਦੋਹਾਂ ਵਿਚੋਂ ਕੋਈ ਵੀ ਨਹੀਂ ਤੇ ਅਜਿਹਾ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਇਆ। ਭਾਵੇਂ ਕਿ ਬਾਈ ਹਵਾਰੇ ਨੇ ਚੰਡੀਗੜ੍ਹ ਕੋਰਟ ਵਿਚ ‘ਬਾਗੀ’ ਹੋਣ ਦਾ ਪੂਰਾ ਸਬੂਤ ਦਿੱਤਾ ਹੈ।
ਮੰਨੋ ਭਾਵੇਂ ਨਾ ਮੰਨੋਂ ਏਸ ‘ਥੱਪੜ ਵਰਤਾਰੇ’ ਤੋਂ ਬਾਅਦ ਕੌਮ ਵਿਚ ਜੋ ਚੜ੍ਹਦੀ ਕਲਾ ਆਈ ਹੈ, ਉਸ ਵਿਚ 1-2% ਯੋਗਦਾਨ ਤਾਂ ਹਿੰਦੂ ਸੁਰੱਖਿਆ ਸਮਿਤੀ ਵਾਲਿਆਂ ਦਾ ਵੀ ਹੈ, ਜਿਹਨਾਂ ਨੇ ਆਪ ਛਿੱਤਰ ਖਾ ਕੇ ਸਾਨੂੰ ਜਗਾਇਆ। ਪਰ ਇੱਕ ਗੱਲ ਤੋਂ ਮੈਂ ਆਪਣੇ ਆਪ ਨੂੰ ਹੱਸਣੋ ਰੋਕ ਨਹੀਂ ਸਕਿਆ, ਜਦੋਂ ਉਹਨਾਂ ਨੇ ਜਿੰਮੇਵਾਰੀ ਲਈ ਏਸ ਹਮਲੇ ਦੀ, ਮੈਂ ਓਦੋਂ ਆਪਣੇ ਇੱਕ ਮਿੱਤਰ ਹਰਮਿੰਦਰ ਸਿੰਘ ਨਾਲ ਗੱਲ ਕਰ ਰਿਹਾ ਸਾਂ। ਮੈਂ ਉਸ ਨੂੰ ਕਿਹਾ, “ਦਾਰੇ ਕਿਸੇ ਹਿੰਦੂ ਸੁਰੱਖਿਆ ਸਮਿਤੀ ਨੇ ਜਿੰਮੇਵਾਰੀ ਲਈ ਐ ਏਸ ਕਾਂਡ ਦੀ”
“ਕਾਹਦੀ ਜਿੰਮੇਵਾਰੀ ਵੀਰੇ… ਛਿੱਤਰ ਖਾਣ ਦੀ…?”
ਖ਼ੈਰ ਉਹ ਗਿੱਝੇ ਹੋਏ ਸਨ ਅਜਿਹੇ ਹਮਲੇ ਕਰਨ ਲਈ। ਗਿਲਾਨੀ, ਮੀਰਵਾਈਜ਼ ਆਦਿ ਕਸ਼ਮੀਰੀ ਜੁਝਾਰੂਆਂ ’ਤੇ ਉਹਨਾਂ ਕਈ ਵਾਰ ਇਹ ਪ੍ਰਯੋਗ ਕੀਤੇ ਹਨ, ਪਰ ਅੱਗੋਂ ਕਦੇ ਮੋੜਵਾਂ ਜਵਾਬ ਨਹੀਂ ਮਿਲਿਆ। …ਤੇ ਜਿਵੇਂ ਆਪਣੇ ਪਿੰਡਾਂ ’ਚ ਕਹਿੰਦੇ ਹੁੰਦੇ ਨੇ ਨਾ, ਗਿੱਝੀ-ਗਿੱਝੀ ਲੂੰਬੜੀ……। 'ਉਹਨਾਂ ਸੋਚਿਆ ਐਤਕੀਂ ਚੰਡੀਗੜ੍ਹ ਵੀ ਇਹ ਕਰਕੇ ਵੇਖ ਲੈਂਦੇ ਹਾਂ, ਪਰ ਉਹਨਾਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਵਿਰੋਧ ਏਨਾ ਜਬਰਦਸਤ ਹੋਵੇਗਾ। ਕੌਮ ਦੀ ਡਿੱਗੀ ਪਈ ਅਣਖ ਰੂਪੀ ਪੱਗ ਇੱਕ ਵਾਰ ਤਾਂ ਬਾਈ ਹਵਾਰੇ ਨੇ ਓਹਦੇ ਸਿਰ ਸਜਾ ਦਿੱਤੀ, ਹੁਣ ਸਾਂਭਣ ਦਾ ਫਰਜ਼ ਸਾਡਾ ਹੈ।
ਕੋਈ ਗਿਲਾ ਨਹੀਂ ਦੁਸ਼ਮਨ ਦੇ ਮੀਡੀਏ ’ਤੇ। ਹਿੰਦੀ ਨਿਊਜ਼ ਚੈਨਲਾਂ ਨੇ ਜਿਸ ਤਰ੍ਹਾਂ ਇਸ ਵਰਤਾਰੇ ਨੂੰ ਪੇਸ਼ ਕੀਤਾ, ਉਸ ਦੀ ਪੂਰੀ-ਪੂਰੀ ਆਸ ਸੀ ਤੇ ਉਹ ਆਸ ’ਤੇ ਖਰੇ ਉੱਤਰੇ। ਬਸ ਗੁੱਸਾ ਤਾਂ ਇਸ ਗੱਲ ਦਾ ਹੈ ਕਿ ਮੀਡੀਏ ਵਿਚ ਬੈਠੀਆਂ ਇਹ ‘ਕਲਮੀਂ ਰੰਡੀਆਂ’ ਕੀ ਇੱਕ ਵੀ ਸਬੂਤ ਦੇਣਗੀਆਂ, ਜਿੱਥੋਂ ਇਹ ਸਾਬਤ ਹੋਵੇ ਕਿ ਭਾਈ ਜਗਤਾਰ ਸਿੰਘ ਹਵਾਰੇ ਦੇ ਇੱਕ ਝਰੀਟ ਵੀ ਵੱਜੀ ਹੋਵੇ। ਕੀ ਇਹ ਆਪਣੇ ਪੱਤਰਕਾਰੀ ਦੇ ਪੇਸ਼ੇ ਨਾਲ ਪੂਰੀ ਵਫਾ ਨਿਭਾ ਰਹੀਆਂ ਹਨ? ਇਹਨਾਂ ਨਾਲੋਂ ਤਾਂ ਵੇਸਵਾਵਾਂ ਕਿਤੇ ਚੰਗੀਆਂ ਹਨ। ਆਈ.ਬੀ.ਐਨ. ਸੈਵਨ ਨੇ ਇਸ ਵਰਤਾਰੇ ਸਬੰਧੀ ਇੱਕ ਰਿਪੋਰਟ ਪੇਸ਼ ਕੀਤੀ ਜਿਸ ਦਾ ਸਿਰਲੇਖ ਸੀ ‘ਆਤੰਕੀ ਕੋ ਤਮਾਚਾ’… ਰਿਪੋਰਟ ਤਾਂ ਮੈਂ ਨਹੀਂ ਦੇਖ ਸਕਿਆ ਪਰ ਇੱਕ ਗੱਲ ਹੈ ਕਿ ਤਮਾਚਾ (ਥੱਪੜ) ਤਾਂ ਸੱਚਮੁਚ ਆਤੰਕੀ (ਨਿਸ਼ਾਤ ਸ਼ਰਮਾਂ) ਦੇ ਮੂੰਹ ’ਤੇ ਹੀ ਪਿਆ ਸੀ। ਕੁਝ ਦਿਨ ਪਹਿਲਾਂ ਭਨਿਆਰੇ ਵਾਲੇ ਸਾਧ ’ਤੇ ਹਮਲਾ ਕਰਨ ਵਾਲੇ ਮੁੰਡਿਆਂ ਨੂੰ ਬਿਨਾ ਕਿਸੇ ਪੁੱਛ-ਪੜਤਾਲ ਤੋਂ ਅੱਤਵਾਦੀ ਗਰਦਾਨਣ ਵਾਲੇ ਏਸ ਮੀਡੀਏ ਦੀ ਨਿਰਪੱਖ ਪੱਤਰਕਾਰੀ ਦੀਆਂ ਧੱਜੀਆਂ ਉਸ ਵੇਲੇ ਉੱਡ ਗਈਆਂ ਜਦੋਂ ਇਹਨਾਂ ਹਮਲਾਵਰ ਨਿਸ਼ਾਤ ਨੂੰ ‘ਹਿੰਦੂ ਸੁਰਕਸ਼ਾਂ ਸਮਿਤੀ ਕੇ ਕ੍ਰਾਯਕਰਤਾ’ ਐਲਾਨਿਆਂ। ਅਰੁੰਧਤੀ ਰਾਏ ਸੱਚ ਈ ਕਹਿੰਦੀ ਐ ਕਿ ਲੋਕਤੰਤਰ ਦੇ ਇਸ ਚੌਥੇ ਥੰਮ ਮੀਡੀਆ ਦਾ ਤਾਂ ਭਾਰਤ ਵਿਚ ਬਿਲਕੁਲ ਬੇੜਾ ਗਰਕ ਹੋ ਚੁੱਕਿਐ।
ਪਰ ਫਿਰ ਵੀ ਖੁਸ਼ੀ ਹੋਈ ਪੰਜਾਬੀ ਮੀਡੀਏ ਦਾ ਪ੍ਰਤੀਕਰਮ ਵੇਖ ਕੇ। ਅਸੀਂ ਨਹੀਂ ਕਹਿੰਦੇ ਕਿ ਮੀਡੀਆ ਸਿਖ ਸੰਘਰਸ਼ ਦੀ ਹਮਾਇਤ ਕਰੇ, ਪਰ ਕਮ ਸੇ ਕਮ ਸੱਚ ਤਾਂ ਪੇਸ਼ ਕਰੇ। ਏਸ ਗੱਲੋਂ ਏਸ ਵਾਰੀ ਤਾਂ ਪੰਜਾਬੀ ਅਖ਼ਬਾਰ ਨੰਬਰ ਲੈ ਗਏ। ਬਸ ਮੂੰਹ ’ਤੇ ਥੁੱਕਣ ਨੂੰ ਜੀਅ ਕੀਤਾ ‘ਦੇਸ ਦਾ ਸੇਵਕ’ ਅਖਵਾਉਣ ਵਾਲੀ ਇਕ ਅਖ਼ਬਾਰ ਦੇ ਮੂੰਹ ’ਤੇ, ਜਿਹਨਾਂ ਝੂਠ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ। ਕੀ ਸਿੱਖਾਂ ਨੂੰ ਦੁਸ਼ਮਨ ਸਮਝਣ ਵਾਲਾ ਇਹ ਕਮਰੇਟੀ ਅਖ਼ਬਾਰ ਇੱਕ ਵੀ ਸਬੂਤ ਦੇਵੇਗਾ ਉਹਨਾਂ ‘ਠੁੱਡੇ ਤੇ ਥੱਪੜਾਂ’ ਦਾ, ਜਿਹੜੇ ਇਹਨਾਂ ਅਨੁਸਾਰ ਭਾਈ ਜਗਤਾਰ ਸਿੰਘ ਹੋਰਾਂ ਨੂੰ ਕਚਿਹਰੀ ਵਿਚ ਖਾਣੇ ਪਏ, ਜੇ ਨਹੀਂ ਤਾਂ ‘ਦੁਰ ਫਿੱਟੇ ਮੂੰਹ’ ਐਸੀ ਪੱਤਰਕਾਰੀ ਦੇ। ਕਲਮੀਂ ਰੰਡੀਆਂ…
ਇੱਕ ਅਖ਼ਬਾਰ ਨੇ ਲਿਖਿਆ ਕਿ ਭਾਈ ਜਗਤਾਰ ਸਿੰਘ ਹਵਾਰੇ ਨੇ ਕਿਹਾ ਕਿ ਜੇ ਇਹਨਾਂ ਵਿਚ ਹਿੰਮਤ ਹੈ ਤਾਂ ਇਹ ਦਸ ਜਣੇ ਆ ਜਾਣ ਤੇ ਮੈਂ ਇਕੱਲਾ ਆਵਾਂਗਾ, ਬਸ ਮੇਰੀਆਂ ਹਥਕੜੀਆਂ ਖੋਲ੍ਹ ਦੇਣ ਤੇ ਕਰ ਲੈਣ ਮੁਕਾਬਲਾ। ਬਾਈ ਦੀ ਇਹ ਜੁਰਤ ਵੇਖ ਕੇ ਮੈਨੂੰ ਸਰਦਾਰ ਨਿਧਾਨ ਸਿੰਘ ‘ਪੰਜ ਹੱਥਾ’ ਦੀ ਯਾਦ ਆ ਗਈ। ਜਿਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ‘ਪੰਜ ਹੱਥਾ’ ਖਿਤਾਬ ਦਿੱਤਾ ਸੀ, ਕਿਉਂਕਿ ਸਰਦਾਰ ਨਿਧਾਨ ਸਿੰਘ ਨੇ ਦੁਸ਼ਮਨ ਦੀ ਫੌਜ ਦੇ ਪੰਜ ਜਰਨੈਲਾਂ ਨੂੰ ਵੰਗਾਰ ਕੇ ਉਹਨਾਂ ਨਾਲ ਇਕੱਲਿਆਂ ਮੁਕਾਬਲਾ ਕੀਤਾ ਤੇ ਪੰਜਾਂ ਨੂੰ ਚਿੱਤ ਕਰਕੇ ਲੜਾਈ ਜਿੱਤ ਲਈ ਸੀ। ਜੇ ਸਰਕਾਰ ਹਿੰਮਤ ਵਿਖਾਵੇ ਤਾਂ ਸ਼ਾਇਦ ਭਾਈ ਜਗਤਾਰ ਸਿੰਘ ਦੇ ਨਾਮ ਨਾਲ ‘ਦਸ ਹੱਥਾ’ ਲਕਬ ਜੁੜ ਜਾਵੇ।
ਪਹਾੜਾਂ ਦੀ ਇੱਕ ਕਹਾਵਤ ਹੈ,
“ਉਕਾਬ ਤੂੰ ਕਿੱਥੇ ਜੰਮਿਆਂ ਹੈਂ?”
“ਤੰਗ ਗੁਫ਼ਾ ਵਿਚ”
“ਉਕਾਬ ਤੂੰ ਕਿੱਧਰ ਉੱਡਦਾ ਜਾ ਰਿਹੈ?”
“ਵਿਸ਼ਾਲ ਆਕਾਸ਼ ਵਿਚ”
ਸੋ ਆਓ ਆਪਣੇ ਖੰਭ ਫੜ੍ਹ-ਫੜਾਈਏ ਤੇ ਉਡਾਰੀ ਭਰੀਏ ਆਜ਼ਾਦ ਵਿਸ਼ਾਲ ਅਸਮਾਨਾਂ ਵੱਲ।
“ਨਹੀਂ ਤੇਰਾ ਠਿਕਾਣਾ ਕਸਰੇ ਸੁਲਤਾਨੀ ਕੇ ਗੁੰਬਦ ਪਰ,
ਤੂੰ ਸ਼ਾਹੀ ਹੈ ਠਿਕਾਣਾ ਕਰ ਪਹਾੜੋਂ ਕੀ ਚੱਟਾਨੋਂ ਪਰ”
ਯਾਦ ਰੱਖੋ ਇਹ ਕਹਾਵਤ ਜਿਹੜੀ ਕਿਸੇ ਲੇਖਕ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਬਾਰੇ ਕਹੀ ਸੀ, “ਸ਼ੇਰ, ਹਾਥੀ ਤੇ ਸੂਰਮੇਂ, ਜਿੱਥੇ ਜੰਮਦੇ ਹਨ, ਉੱਥੇ ਨਹੀਂ ਮਰਦੇ।”
ਮਹਾਨ ਇਨਕਲਾਬੀ ਚੀ ਗੁਵੇਰਾ ਬਾਰੇ ਮਸ਼ਹੂਰ ਹੈ ਕਿ ਉਸ ਦੇ ਫੇਫੜਿਆਂ ਨੂੰ ਸਾਹ ਉੱਥੇ ਆਉਂਦਾ ਸੀ, ਜਿੱਥੇ ਇਨਕਲਾਬ ਦੀ ਕੋਈ ਲਹਿਰ ਚੱਲਦੀ ਸੀ। ਯਾਦ ਰੱਖੋ ਦੁਨੀਆਂ ਭਰ ਦੇ ਐਸੇ ਸੂਰਮਿਆਂ ਨੂੰ ਜੋ ਲੋਕਾਂ ਲਈ ਜੂਝੇ ਤੇ ਜੂਝ ਰਹੇ ਹਨ। ਆਪਣੇ ਵਸਦੇ-ਰਸਦੇ ਘਰ ਜਿਹਨਾਂ ਛੱਡ ਦਿੱਤੇ ਕੌਮ ਦਾ ਘਰ ਬਣਾਉਣ ਲਈ। ਸ਼ਾਇਦ ਵਾਰਿਸ ਨੇ ਇਹ ਸਤਰਾਂ ਇਹਨਾਂ ਨੂੰ ਤੱਕ ਕੇ ਲਿਖੀਆਂ ਹੋਣ,
“ਜਿਹਨਾਂ ਸਿਦਕ ਯਕੀਨ ਤਹਿਕੀਕ ਕੀਤਾ, ਰਾਹ ਰੱਬ ਦੇ ਸੀਸ ਵਿਕੰਦੜੇ ਨੇ,
ਸ਼ੌਕ ਛੱਡ ਕੇ ਜਿਨ੍ਹਾਂ ਨੇ ਜ਼ੁਹਦ ਕੀਤਾ, ਵਾਹ ਵਾਹ ਉਹ ਰੱਬ ਦੇ ਬੰਦੜੇ ਨੇ॥’
ਜਗਦੀਪ ਸਿੰਘ ਫਰੀਦਕੋਟ

Wednesday, October 12, 2011

ਅਰੁੰਧਤੀ ਰਾਏ ਨਾਲ ਪਹਿਲੀ ਮੁਲਾਕਾਤ


ਮੈਂ ਉਸਨੂੰ ਕਾਫੀ ਸਮੇਂ ਤੋਂ ਜਾਣਦਾਂ। ਪਹਿਲੀ ਵਾਰ ਮੈਂ ਉਸਨੂੰ ‘God Of Small Things’ ਰਾਹੀਂ ਦੇਖਿਆ। ਬਿਨਾ ਸ਼ੱਕ ਮੈਂ ਉਸਦਾ ਇਹ ਨਾਵਲ ਬਹੁਤੇ ਲੋਕਾਂ ਵਾਂਗ ਸਿਰਫ ਇਸੇ ਲਈ ਪੜ੍ਹਿਆ ਸੀ ਕਿ ਉਸਨੂੰ ਬੂਕਰ ਪ੍ਰਾਈਜ਼ ਮਿਲਿਆ ਸੀ। ਚੰਗਾ ਲੱਗਾ। ਪਰ ਉਹ ਓਦੋਂ ਹੀ ਮੇਰੇ ਸਭ ਤੋਂ ਮਨਪਸੰਦ ਲੇਖਕਾਂ ਦੀ ਕਤਾਰ ਵਿਚ ਨਹੀਂ ਆਈ ਸੀ। ਬਸ ਪਾਠਕ ਤੇ ਲੇਖਕ ਦੀ ਇੱਕ ਸਾਂਝ ਜਰੂਰ ਬਣ ਗਈ ਸੀ। ਕੁਝ ਕੁ ਨਾਵਲ ਪੜ੍ਹਣ ਤੋਂ ਬਾਅਦ ਜੀਅ ਕੀਤਾ ਸੀ ਕਿ ਜੇ ਇਹਨਾਂ ਦੇ ਲੇਖਕ ਜਿਊਂਦੇ ਹੁੰਦੇ ਤਾਂ ਉਹਨਾਂ ਨੂੰ ਮਿਲਣ ਲਈ ਕੋਈ ਨਾ ਕੋਈ ਉਪਰਾਲੇ ਜਰੂਰ ਕਰਦਾ, ਜਿਵੇਂ ਵਾਂਦਾ ਵਾਸਲੀਊਸਕਾ ਦੀ ‘ਸਤਰੰਗੀ ਪੀਂਘ’, ਮੈਕਸਿਮ ਗੋਰਕੀ ਦੀ ‘ਮਾਂ’, ਆਨ ਡਿਊਸ ਦੀ ‘ਗੁਰੀਲੇ’ ਆਦਿ। ਪਰ ‘God Of Small Things’ ਪੜ੍ਹਣ ਤੋਂ ਬਾਅਦ ਐਸਾ ਤਾਂ ਪ੍ਰਤੀਤ ਨਹੀਂ ਹੋਇਆ ਸੀ। ਉਹ ਮੇਰੇ ਉਹਨਾਂ ਲੇਖਕਾਂ ਦੀ ਕਤਾਰ ਵਿਚ ਨਹੀਂ ਆਈ ਸੀ ਜਿਹਨਾਂ ਨਾਲ ਮੈਨੂੰ ‘ਪਹਿਲੀ ਨਜ਼ਰੇ ਪਿਆਰ’ ਹੋ ਗਿਆ ਸੀ। ਮੈਂ ਸ਼ੁਰੂ ਤੋਂ ਮੁਰੀਦ ਰਿਹਾਂ ਉਹਨਾਂ ਦਾ ਜੋ ਮਨੁੱਖਤਾ ਦੀ ਆਜ਼ਾਦੀ ਲਈ ਜੂਝੇ ਜਾਂ ਜੂਝ ਰਹੇ ਹਨ। ਪਵਿੱਤਰ ਕੁਰਾਨ ਦੇ ਬੋਲ ਹਨ ਕਿ ਜਦੋਂ ਤੁਸੀਂ ਕਿਸੇ ’ਤੇ ਜ਼ੁਲਮ ਹੁੰਦਾ ਵੇਖੋ ਤਾਂ ਤੁਹਾਨੂੰ ਜਾ ਕੇ ਉਸਨੂੰ ਹੱਥੀਂ ਰੋਕਣਾ ਚਾਹੀਦਾ ਹੈ, ਜੇ ਹੱਥਾਂ ਨਾਲ ਨਹੀਂ ਰੋਕ ਸਕਦੇ ਤਾਂ ਉਸ ਦੇ ਵਿਰੁੱਧ ਬੋਲਣਾ ਚਾਹੀਦਾ ਹੈ ਤੇ ਜੇ ਇਹ ਵੀ ਨਹੀਂ ਕਰ ਸਕਦੇ ਤਾਂ ਦਿਲ ਵਿਚ ਉਸ ਨੂੰ ਮਾੜਾ ਕਹਿਣਾ ਚਾਹੀਦਾ ਹੈ। ਮੇਰੇ ਨਾਇਕ ਪਹਿਲੀਆਂ ਦੋਹਾਂ ਕਿਸਮਾਂ ਵਿਚ ਆਉਂਦੇ ਹਨ। ਤੀਜੀ ਕਿਸਮ ਵਾਲਿਆਂ ਨੂੰ ਪਵਿੱਤਰ ਕੁਰਾਨ ਵੀ ਸੂਰਮੇਂ ਨਹੀਂ ਮੰਨਦੀ। ਮੇਰੇ ਨਾਇਕ ‘ਜਬ ਆਵ ਕੀ ਅਉਧ ਨਿਧਾਨ ਬਣੈ’ ਤਾਂ ‘ਅਤਿ ਹੀ ਰਣ ਮਹਿ’ ਜੂਝ ਮਰੇ ਹਨ ਤੇ ਮਰ ਰਹੇ ਹਨ।
ਕਾਫੀ ਸਮੇਂ ਪਿੱਛੋਂ, ਜਦੋਂ ਮੈਂ ਅਰੁੰਧਤੀ ਰਾਏ ਦਾ ‘Voice of Voiceless’ ਵਾਲਾ ਪੋਸਟਰ ਆਪਣੇ ਕਮਰੇ ਦੀ ਕੰਧ ’ਤੇ ਲਗਾ ਰਿਹਾ ਸੀ, ਉਸ ਤੋਂ ਥੋੜਾ ਸਮਾਂ ਪਹਿਲਾਂ ਹੀ ਮੈਨੂੰ ਉਸ ਬਾਰੇ ‘ਉਹ’ ਪਰਤੀਤ ਹੋਇਆ ਜੋ ਮੈਨੂੰ ਆਪਣੇ ਨਾਇਕਾਂ ਬਾਰੇ ਹੁੰਦਾ ਸੀ। ਸ਼ਾਇਦ ਅਜੇ ‘Walking With Comrades’ ਵੀ ਨਹੀਂ ਛਪਿਆ ਸੀ ਤੇ ਨਾ ਹੀ ਕਸ਼ਮੀਰੀਆਂ ਦਾ ‘Aazadi is The Only Way’ ਸੈਮੀਨਾਰ ਹੋਇਆ ਸੀ, ਜਿੱਥੇ ਬੋਲਣ ਕਰਕੇ ਹਿੰਦੂ ਸੰਗਠਨਾਂ ਨੇ ਉਸ ਦੇ ਘਰ ’ਤੇ ਹਮਲਾ ਕੀਤਾ ਸੀ ਤੇ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾਂ ਚਲਾਉਣ ਦੀ ਮੰਗ ਵੀ ਕੀਤੀ ਸੀ। …ਤੇ ਉਸ ਨੇ ਮੁਸਕੁਰਾਉਂਦੇ ਹੋਏ ਕਿਹਾ ਸੀ, “ਤਰਸਯੋਗ ਹੈ ਉਹ ਦੇਸ਼ ਜੋ ਗੋਲੀ ਮਾਰ ਦਿੰਦਾ ਹੈ ਉਹਨਾਂ ਨੂੰ ਜੋ ਆਜ਼ਾਦੀ ਮੰਗਦੇ ਹਨ…।”
ਆਰ.ਐਸ.ਐਸ., ਭਾਜਪਾ ਤੇ ਹੋਰ ਹਿੰਦੂਵਾਦੀ ਸੰਗਠਨਾਂ ਦੀ ਹਿੱਟ ਲਿਸਟ ’ਤੇ ਤਾਂ ਉਹ ਇਸ ਤੋਂ ਪਹਿਲਾਂ ਹੀ ਆ ਚੁੱਕੀ ਸੀ। ਇਹਨਾਂ ਸੰਗਠਨਾਂ ਵਿਚੋਂ ਕਿਸੇ ਇੱਕ ਦੁਆਰਾ ਬਣਾਏ ਇੱਕ ਵੀਡੀਓ, ਜਿਸ ਵਿਚ ਕੁਝ ਲੋਕਾਂ ਨੂੰ ਹਿੰਦੂਸਤਾਨ ਦੇ ਦੁਸ਼ਮਨ ਘੋਸ਼ਿਤ ਕੀਤਾ ਗਿਆ ਸੀ, ਵਿਚ ਨੰਦਿਤਾ ਦਾਸ, ਸ਼ਬਾਨਾਂ ਆਜ਼ਮੀ, ਦੀਪਾ ਮਹਿਤਾ ਨਾਲ ਅਰੁੰਧਤੀ ਰਾਏ ਵੀ ਸ਼ਾਮਲ ਸੀ। ਪਹਿਲੀਆਂ ਤਿੰਨੇ ਸ਼ਖ਼ਸੀਅਤਾਂ ਆਪਣੀਆਂ ਫਿਲਮਾਂ (Fire, Water etc ਤੇ ਨੰਦਿਤਾ ਦਾਸ ਕੁਝ ਹੋਰ ਜਿਵੇਂ ‘ਲਾਲ ਸਲਾਮ’ ਤੇ ‘ਫਿਰਾਕ’ ਜੋ ਗੁਜਰਾਤ ਕਤਲੇਆਮ ’ਤੇ ਬਣਾਈ ਗਈ ਸੀ) ਕਰਕੇ ਇਸ ਲਿਸਟ ਵਿਚ ਸ਼ਾਮਲ ਸਨ ਤੇ ਅਰੁੰਧਤੀ ਰਾਏ ਸੰਸਦ ਹਮਲੇ ਤੇ ਗੁਜਰਾਤ ਕਤਲੇਆਮ ਬਾਰੇ ਲਿਖੇ ਆਪਣੇ ਲੇਖਾਂ ਕਰਕੇ ਇਸ ਸੂਚੀ ਵਿਚ ਸ਼ਾਮਲ ਕਰ ਲਈ ਗਈ ਸੀ। ਸੰਸਦ ਹਮਲੇ ਬਾਰੇ ਲਿਖੇ ਉਸਦੇ ਲੇਖਾਂ ਨੇ ਇਕ ਵਾਰ ਤਾਂ ਭੁਚਾਲ ਜਿਹਾ ਲਿਆ ਦਿੱਤਾ ਸੀ। ਕਸ਼ਮੀਰ ਦਾ ਉਹ ਸੱਚ ਉਸਨੇ ਬਾਹਰ ਲਿਆਂਦਾ ਜਿਹੜਾ ਸਰਕਾਰਾਂ ਨੇ 50 ਸਾਲਾਂ ਤੋਂ ਵੱਧ ਸਮੇਂ ਤੋਂ ਦਬਾ ਕੇ ਰੱਖਿਆ ਸੀ। ਗਿਲਾਨੀ ਤੇ ਅਫ਼ਜ਼ਲ ਨਾਲ ਬਹੁਤ ਲੋਕਾਂ ਨੇ ਹਮਦਰਦੀ ਜਾਹਰ ਕੀਤੀ ਤੇ ਇੱਕ ਮਾਸ ਮੂਵਮੈਂਟ ਉਹਨਾਂ ਨਿਰਦੋਸ਼ਾਂ ਦੇ ਹੱਕ ਵਿਚ ਖੜ੍ਹੀ ਕੀਤੀ ਗਈ। ਗਿਲਾਨੀ ਨੂੰ ਤਾਂ ਬਰੀ ਕਰ ਦਿੱਤਾ ਗਿਆ ਪਰ ਅਫਜ਼ਲ ਦੇ ਸਿਰ ’ਤੇ ਫਾਂਸੀ ਦਾ ਫੰਦਾ ਅਜੇ ਵੀ ਲਟਕ ਰਿਹਾ ਹੈ। ਫੈਸਲੇ ਵਿਚ ਸ਼ਰੇਆਮ ਲਿਖਿਆ ਗਿਆ ਕਿ ਬੇਸ਼ੱਕ ਅਫ਼ਜ਼ਲ ਦੇ ਖਿਲਾਫ ਠੋਸ ਸਬੂਤ ਨਹੀਂ ਪਰ ‘ਭਾਰਤ ਦੀ ਸਮੂਹਿਕ ਚੇਤਨਾ’ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਫਾਂਸੀ ਦਿੱਤੀ ਜਾਂਦੀ ਹੈ। ਇਹ ਕੈਸਾ ਇਨਸਾਫ।
ਕਾਂਗਰਸ ਉਸ ਦੀ ਦੁਸ਼ਮਨ ਥੋੜਾ ਪਿੱਛੋਂ ਜਾ ਕੇ ਬਣੀ। ਜਦੋਂ ਤੋਂ ਉਹ ਸਾਥੀਆਂ ਨਾਲ ਵਿਚਰਨ ਲੱਗੀ (Walking With Comrades) ਸ਼ਾਇਦ ਉਸ ਤੋਂ ਕੁਝ ਸਮਾਂ ਪਹਿਲਾਂ। ਉਸ ਨੇ ਆਵਾਜ ਉਠਾਈ ਕਿ ਇਹਨਾਂ ਦੋਹਾਂ ਤਾਕਤਾਂ ਤੋਂ ਲੋਕਾਂ ਨੂੰ ਖਤਰਾ ਹੈ। ਜਦੋਂ ਭਾਜਪਾ ਸੱਤਾ ਵਿਚ ਆਉਂਦੀ ਹੈ ਤਾਂ ਹਿੰਦੂਤਵ ਭਾਰੂ ਹੋ ਜਾਂਦਾ ਹੈ ਤੇ ਜਦੋਂ ਕਾਂਗਰਸ ਹੇਠ ਕੁਰਸੀ ਆਉਂਦੀ ਹੈ ਤਾਂ ਕਾਰਪੋਰੇਟਸ ਭਾਰੂ ਹੋ ਜਾਂਦੇ ਹਨ। ਦੋਹਾਂ ਹਾਲਤਾਂ ਵਿਚ ਮਰਦਾ ਗਰੀਬ ਆਦਮੀਂ ਹੀ ਹੈ।
ਪੰਜਾਬੀ ਦੇ ਨਾਮਵਰ ਸ਼ਾਇਰ ਦੀਆਂ ਲਿਖੀਆਂ ਸਤਰਾਂ ਕਿ ‘ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ’ ਨੂੰ ਸ਼ਾਇਦ ਅਰੁੰਧਤੀ ਇਹ ਕਹਿ ਕੇ ਅੱਗੇ ਲੰਘ ਗਈ ਕਿ ‘ਸੱਚ ਬੋਲਣ ਵਾਲੇ ਮੋਢਿਆਂ ਦੀ ਪ੍ਰਵਾਹ ਨਹੀਂ ਕਰਦੇ’।
ਓਪਰੇਸ਼ਨ ਗ੍ਰੀਨ ਹੰਟ ਦੇ ਵਿਰੋਧ ਵਿਚ ਉਹ ਡਟ ਕੇ ਸਾਹਮਣੇ ਆਈ। Walking With Comrades ਨਾਂ ਦੇ ਵੱਡੇ ਲੇਖ ਵਿਚ ਉਸਨੇ ਕਈ ਪਰਤਾਂ ਖੋਲੀਆਂ। ਆਦੀਵਾਸੀਆਂ ਉੱਤੇ ਸਰਕਾਰ ਤੇ ਸਲਵਾ ਜੁਡਮ ਦੇ ਅੱਤਿਆਚਾਰਾਂ ਨੂੰ ਪੜ੍ਹ ਕੇ ਰੂਹ ਕੰਬ ਗਈ। ਪਹਿਲੀ ਵਾਰ ‘ਉਹਨਾਂ’ ਲਈ ਵੀ ਦਿਲ ਵਿਚ ਹਮਦਰਦੀ ਜਾਗੀ। ਸਰਕਾਰੀ ਅੱਤਵਾਦ ਬਾਦਸਤੂਰ ਜਾਰੀ ਹੈ। ਕਸ਼ਮੀਰ ਤੇ ਪੰਜਾਬ ਉਸਦਾ ਸ਼ਿਕਾਰ ਪਹਿਲਾਂ ਹੀ ਸਨ ਤੇ ਹੁਣ ਵਿਚਾਰੇ ਇਹ ਆਦੀਵਾਸੀ ਵੀ ਹੋ ਗਏ। ਹਲਾਂਕਿ ਉਹ ਆਜ਼ਾਦ ਭਾਰਤ ਤੋਂ ਆਜ਼ਾਦੀ ਵੀ ਨਹੀਂ ਮੰਗ ਰਹੇ। ਇਹ ਤਾਂ ਬਸ ਸਰਕਾਰ ਦੀਆਂ ਲਾਲਾਂ ਡਿੱਗ ਪਈਆਂ ਉਹਨਾਂ ਦੀਆਂ ਜ਼ਮੀਨਾਂ ’ਤੇ। ਬਸ ਫੇਰ ਉਹ ਕਿਸੇ ਪਰੀ ਕਹਾਣੀ ਦੇ ਰਾਕਸ਼ਸ ਵਾਂਗ ‘ਆਦਮ ਬੋ-ਆਦਮ ਬੋ’ ਕਰਦੇ ਵੜ੍ਹ ਗਏ ਜੰਗਲਾਂ ਵਿਚ ਤੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਤੇ ਨਾ ਚਾਹੁੰਦਿਆਂ ਹੋਇਆਂ ਵੀ ਲੋਕਾਂ ਨੂੰ ਬੰਦੂਕਾਂ ਚੁੱਕਣੀਆਂ ਪਈਆਂ। ਉਸ ਤੋਂ ਪਿੱਛੋਂ ਆਜ਼ਾਦ ਭਾਰਤ ਦੇ ਆਜ਼ਾਦ ਪ੍ਰਧਾਨ ਮੰਤਰੀ ਜੀ ਦੇ ਕਹਿਣ ਅਨੁਸਾਰ ਮਾਉਵਾਦੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਭ ਤੋਂ ਵੱਡਾ ਖਤਰਾ ਬਣ ਗਏ। ਨਿਊਜ਼ ਚੈਨਲਾਂ ਨੇ ਰਾਤੋ-ਰਾਤ ਇਸਲਾਮਿਕ ਅੱਤਵਾਦ ਨੂੰ ਛੱਡ ਕੇ ਮਾਓਵਾਦੀ ਅੱਤਵਾਦ ਬਾਰੇ ਰਿਪੋਰਟਾਂ ਤਿਆਰ ਕਰ ਲਈਆਂ ਜੋ ਲਗਾਤਾਰ ਦਿਖਾਈਆਂ ਜਾ ਰਹੀਆਂ ਹਨ।ਇਹ ਸਭ ਖ਼ਬਰਾਂ ਛੋਟੇ ਜਵਾਕਾਂ ਦੀ ਚਿੜੀ ਉੱਡ, ਕਾਂ ਉੱਡ ਦੀ ਖੇਡ ਵਾਂਗ ਹਨ। ਜਿਸ ਵਿਚ ਕੋਈ ਬੱਚਾ ਜਦੋਂ ਕੋਈ ਨਾ ਉੱਡਣ ਵਾਲੀ ਚੀਜ਼ ਬਾਰੇ ਵੀ ਉੱਡਣ ਵਾਲਾ ਇਸ਼ਾਰਾ ਕਰ ਦੇਵੇ ਤਾਂ ਬਾਕੀ ਖਿਡਾਰੀ ਉਸ ਦੇ ਹੱਥਾਂ ’ਤੇ ਚਪੇੜਾਂ ਮਾਰਦੇ ਹਨ। ਪਰ ਮਾਰਨ ਤੋਂ ਪਹਿਲਾਂ ਉਹ ਇਹ ਕਹਿੰਦੇ ਹਨ, ਲੂਣ… ਮਿਰਚ… ਮਸਾਲਾ… ਤੇ ਹਲਦੀ ਕਹਿੰਦਿਆਂ ਹੀ ਉਹ ਜੜ੍ਹ ਦਿੰਦੇ ਹਨ। ਬਸ ਇਹ ਖ਼ਬਰਾਂ ਵਾਲੇ ਚੈਨਲ ਵੀ ਇਸੇ ਤਰ੍ਹਾਂ ਹਨ। ਲੂਣ, ਮਿਰਚ, ਮਸਾਲਾ, ਹਲਦੀ ਪੂਰੀ ਤੇਜ਼ ਹੀ ਰੱਖਦੇ ਹਨ ਤੇ ਆਪਾਂ ਨੂੰ ਸੁਰਤ ਈ ਨਹੀਂ ਆਉਂਦੀ ਕਿ ਕਦੋਂ ਚਪੇੜ ਵੱਜ ਜਾਂਦੀ ਹੈ।
ਖੈਰ… ਅਰੁੰਧਤੀ ਰਾਏ ਦੇ ਸੰਘਰਸ਼ ਕਰ ਰਹੇ ਲੋਕਾਂ ਦੇ ਹੱਕ ਵਿਚ ਖੜ੍ਹਣ ਦੇ ਸਟੈਂਡ ਨੇ ਉਸ ਨੂੰ ਵੱਡਾ ਕਰ ਦਿੱਤਾ। ਮੈਂ ਲੱਭ-ਲੱਭ ਕੇ ਉਸਦੇ ਲੇਖ ਪੜ੍ਹੇ। ਸੱਚਮੁੱਚ ਉਹ ‘Voice of Voiceless’ ਲੱਗੀ। ਪਿੱਛੇ ਜਹੇ ਜਦੋਂ ਉਹ ਜਲੰਧਰ ਆਈ ਤਾਂ ਪਤਾ ਨਾ ਲੱਗਿਆ ਤੇ ਜਾ ਕੇ ਸੁਣ ਨਾ ਸਕੇ। ਭਾਵੇਂ ਕਿ ਬਾਅਦ ਵਿਚ ਸੀ.ਡੀ. ਰਾਹੀਂ ਉਸ ਨੂੰ ਸੁਣ ਲਿਆ ਸੀ, ਪਰ ਸੀ.ਡੀ. ਵਿਚ ਕੀਤੀ ਗਈ ਕੱਟ-ਵੱਢ ਨਾਲ ਇਹ ਮਲਾਲ ਤਾਂ ਦਿਲ ਵਿਚ ਰਿਹਾ ਹੀ ਕਿ ਜੇ ਉੱਥੇ ਗਏ ਹੁੰਦੇ ਤਾਂ ਪੂਰਾ ਸੁਣ ਲੈਂਦੇ।
ਫੇਰ ਹਿੰਦੋਸਤਾਨ ਵਿਚ ਚੱਲੇ ਇੱਕ ਅਧੂਰੇ ਜਹੇ ਸੰਘਰਸ਼, ਜਿਸਨੂੰ ਮੀਡੀਆ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਤੋਂ ਵੀ ਵੱਡਾ ਕਰ ਕੇ ਦਿਖਾਇਆ, ਬਾਰੇ ਉਸਦੀਆਂ ਬੇਬਾਕ ਟਿੱਪਣੀਆਂ ਸੁਣੀਆਂ। ਜਦੋਂ ਐਕਰ ਬਰਖ਼ਾ ਨੇ ਉਸ ਨੂੰ ਪੁੱਛਿਆ, “ਪਰ ਤੁਸੀਂ ਉਸ ਏਡੇ ਵੱਡੇ ਇਕੱਠ ਬਾਰੇ ਕੀ ਕਹੋਗੇ, ਜੋ ਉਹਨਾਂ ਦੇ ਨਾਲ ਸੀ…” ਤਾਂ ਅਰੁੰਧਤੀ ਰਾਏ ਥੋੜਾ ਜਿਹਾ ਮੁਸਕੁਰਾਉਂਦੇ ਹੋਏ ਬੋਲੀ, “ਬਰਖ਼ਾ… ਮੈਂ ਇਸ ਤੋਂ ਕਿਤੇ ਵੱਡੇ ਇਕੱਠ ਵੇਖੇ ਹਨ… ਕਸ਼ਮੀਰ ਵਿਚ… ਜਿੱਥੇ ਲੋਕ ਆਜ਼ਾਦੀ ਦੇ ਨਾਹਰੇ ਮਾਰਦੇ ਹਨ ਤੇ ਤੁਸੀਂ ਮੀਡੀਆ ਵਾਲੇ ਉਹਨਾਂ ਨੂੰ ਸਿਰਫ ਇਹ ਕਹਿ ਕੇ ਨਜ਼ਰ-ਅੰਦਾਜ਼ ਕਰ ਦਿੰਦੇ ਹੋ ਕਿ ਐਵੇਂ ਇਹਨਾਂ ਨੇ ਟਰੈਫਿਕ ਜਾਮ ਲਗਾਇਆ ਹੋਇਐ…।”
5-7 ਦਿਨਾਂ ਦੀ ਭੁੱਖ ਹੜਤਾਲ ਨੂੰ ਲਹਿਰ ਬਣਾਉਣ ਵਾਲੇ ਮੀਡੀਆ ਨੇ 11 ਸਾਲਾਂ ਤੋਂ ਭੁੱਖ ਹੜ੍ਹਤਾਲ ’ਤੇ ਬੈਠੀ ਇਰੋਮ ਸ਼ਰਮੀਲਾ ਬਾਰੇ ਇੱਕ ਸਕਿੰਟ ਦੀ ਖ਼ਬਰ ਵੀ ਨਹੀਂ ਦਿੱਤੀ… ਕਿਉਂ?
ਖੈਰ… ਐਤਕੀਂ ਉਹ ਫੇਰ ਆਈ, ਕੁਝ ਦਿਨ ਪਹਿਲਾਂ। ਕੁੱਸੇ, ਮੋਗੇ ਦੇ ਨੇੜੇ। ਇਸ ਵਾਰ ਅਸੀਂ ਖੁੰਝਣ ਵਾਲੇ ਨਹੀਂ ਸਾਂ। ਪਹੁੰਚ ਗਏ। ਚੰਗਾ ਇਕੱਠ ਸੀ। ਭਾਵੇਂ ਇਕੱਠ ਵਿਚੋਂ ਬਹੁਤੇ ਉਸ ਨੂੰ ਜਾਣਦੇ ਨਹੀਂ ਸਨ ਤੇ ਕਈਆਂ ਨੂੰ ਤਾਂ ਉਸ ਦਾ ਨਾਂ ਲੈਣ ’ਚ ਵੀ ਮੁਸ਼ਕਿਲ ਆ ਰਹੀ ਸੀ। ਬੁਲਾਰੇ ਬੋਲ ਰਹੇ ਸਨ। ‘ਭਾਅ ਜੀ’ ਨੂੰ ਸ਼ਰਧਾਂਜਲੀਆਂ ਪੇਸ਼ ਕਰ ਰਹੇ ਸਨ। ਪੰਜਾਬ ਦੇ ਕਾਮਰੇਡਾਂ ਨਾਲ ਇਹ ਗਿਲਾ ਤਾਂ ਹਮੇਸ਼ਾਂ ਹੀ ਰਹੇਗਾ ਕਿ ਇਹ ਸਾਨੂੰ ‘ਗਾਤਰਿਆਂ ਵਾਲਿਆਂ’ (ਉਹ ਇੰਝ ਹੀ ਕਹਿੰਦੇ ਹਨ) ਨੂੰ ਸ਼ੂਦਰ ਹੀ ਸਮਝਦੇ ਨੇ। ਗਲਤੀਆਂ ਸਾਥੋਂ ਤੇ ਤੁਹਾਥੋਂ ਦੋਹਾਂ ਤੋਂ ਹੋਈਆਂ, ਪਰ ਹੁਣ ਸਭ ਕਾਸੇ ਨੂੰ ਲਤਾੜ ਕੇ ਲੰਘ ਜਾਣ ਦਾ ਵੇਲਾ ਹੈਂ। ਸਾਡਾ ਦੁਸ਼ਮਨ ਤਾਂ ਸਾਂਝਾ ਹੈ। ਕੁਝ ਆਪਾ ਵਿਰੋਧੀ ਗੱਲਾਂ ਵੀ ਸਟੇਜ਼ ’ਤੇ ਹੋਈਆਂ, ਜਿੱਥੋਂ ਇਹ ਪ੍ਰਤੀਤ ਵੀ ਹੋਇਆ ਕਿ ‘ਗੁਰੂ ਨਾਨਕ’ ਇਹਨਾਂ ਨੂੰ ਪ੍ਰਵਾਨ ਤਾਂ ਹੈ ਪਰ ‘ਟੋਟਿਆਂ’ ਵਿੱਚ। ਸ਼ਾਇਦ ਜੇ ਬੀਬੀ ਅਰੀਤ ਕੁਝ ਨਾ ਬੋਲਦੀ ਤਾਂ ਉਸਦੇ ‘ਪਾਪਾ’ ਦੀ ਤਸਵੀਰ ਜਿਆਦਾ ਸਾਫ ਰਹਿੰਦੀ। ਉਸ ਨੇ ਆਪ ਵੱਡੀ ਬਨਣ ਦੀ ਕੋਸ਼ਿਸ਼ ਵਿਚ ਬਾਪੂ ਦਾ ਅਕਸ ਥੋੜਾ ਧੁੰਦਲਾ ਕਰ ਦਿੱਤਾ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਪੁੱਤ ਕਿਸੇ ਦੂਜੇ ਨੂੰ ਨੀਵਾਂ ਦਿਖਾ ਕੇ ਆਪ ਵੱਡੇ ਨਹੀਂ ਹੋਈਦਾ। ਕੜਾ ਵੀ ਪਵਾ ਕੇ ਰੱਖਣੈ ਬਾਪੂ ਦੇ, ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਕਰਨੈ ਘਰੇ ਤੇ ਬਾਪੂ ਦੇ ਮੂੰਹੋਂ ਗਾਲ੍ਹਾਂ ਵੀ ਕਢਾਉਣੀਐਂ ਰੱਬ ਨੂੰ…। 'ਇਹ ਸਭ ਕੁਝ ਇਕੱਠਾ ਸੰਭਵ ਨਹੀਂ ਬੀਬੀ ਜੀ। ਕੀ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਆਸਤਿਕ (ਵਾਹਿਗੁਰੂ ਨੂੰ ਮੰਨਣ ਵਾਲੇ) ਲੋਕ ਸੰਘਰਸ਼ ਕਰ ਹੀ ਨਹੀਂ ਸਕਦੇ? ਲੱਗਿਆ ਕਿ ਜਿਵੇਂ ਬੀਬੀ ਪੰਜਾਬ ਦੇ ਇਤਿਹਾਸ ਤੋਂ ਜਾਣੂ ਨਹੀਂ। ਪਤਾ ਨਹੀਂ ਕਿਉਂ ਉਹ ਏਨੇ ਗੁੱਸੇ ਵਿੱਚ ਸੀ…।
ਇਸ ਸਭ ਤੋਂ ਅਭਿੱਜ ਸੱਜੇ ਪਾਸੇ ਇੱਕ ਬੀਬੀ ਚਿੱਟੀ ਚੁੰਨੀ ਗਲ ’ਚ ਪਾਈ ਬੈਠੀ ਸੀ। ਮੈਂ ਅੱਖਾਂ ਥੋੜੀਆਂ ਜਹੀਆਂ ਮੀਚ ਕੇ ਵੇਖਿਆ (ਕੁਝ ਦਿਨ ਪਹਿਲਾਂ ਮੇਰੀ ਐਨਕ ਟੁੱਟ ਗਈ ਸੀ), ਇਹ ਉਹੀ ਸੀ। ਜੀਅ ਕੀਤਾ ਕਿ ਬਾਲ-ਨਾਥ ਨੂੰ ’ਵਾਜ ਮਾਰ ਕੇ ਕਹਾਂ ਕਿ ਔਹ ਬੈਠੀ ਐ ਨਾਥਾ ਹੀਰ… ਮਿਲਾ ਦੇ ਜੇ ਮਿਲਾ ਸਕਦੈਂ ਤਾਂ…।
ਉਹ ਬੋਲੀ, ਰਲਵੀਂ-ਮਿਲਵੀਂ ਹਿੰਦੀ-ਅੰਗਰੇਜ਼ੀ ਵਿੱਚ, ਬਹੁਤ ਥੋੜਾ, ਪਰ ਚੰਗਾ। ਸੰਘਰਸ਼ ਕਰ ਰਹੀਆਂ ਧਿਰਾਂ ਬਾਰੇ ਕੁਝ ਗੱਲਾਂ ਕਰ ਕੇ ਉਹ ਸਟੇਜ ਤੋਂ ਉਤਰ ਗਈ ਤੇ ਅਸੀਂ ਵੀ ਮੁਹਾਰਾਂ ਮੋੜ ਲਈਆਂ ਤਖ਼ਤ ਹਜ਼ਾਰੇ ਵੱਲ। ਜਦੇ ਮੇਰੇ ਮਿੱਤਰ ਸੁਖਜੀਵਨ ਦਾ ਫੋਨ ਆਇਆ, “ਬਾਈ ਜਗਦੀਪ… ਮਿਲਣੈ…।” ਮੈਂ ਕਿਹਾ, “ਮਿਲ ਸਕਦੇ ਆਂ?” “ਹਾਂ ਤੁਸੀਂ ਸਕੂਲ ’ਚ ਆ ਜਾਓ।”
ਅਸੀਂ ਹੱਥ ਵਿਚ ਉਸ ਦੀ ਇੱਕ ਕਿਤਾਬ ਫੜ੍ਹੀ ਪਹੁੰਚ ਗਏ। ’ਗਾਹਾਂ ਫੇਰ ਕਾਮਰੇਡ। ਸਾਨੂੰ ਆਵਦੇ ਨਹੀਂ ਸਮਝਦੇ। ਮੈਂ ਕਿਹਾ ਈਮੇਲ ਈ ਲੈ ਦਿਉ ਬੀਬੀ ਦੀ। “ਕੋਨੀ ਖਾਲਸਾ ਜੀ, ਤੁਸੀਂ ਏਥੇ ਖੜ੍ਹੋ… ਪੁੱਛ ਲੈਂਦੇ ਆਂ…।” ਪਰ ਮੈਨੂੰ ਲੱਗਿਆ ਕਿ ਉਹ ਮੇਰੀ ਕਿਰਪਾਨ ਵੱਲ ਕਸੂਤਾ ਜਿਹਾ ਝਾਕ ਰਹੇ ਹਨ, ਸ਼ਾਇਦ ਮੇਰਾ ਵਹਿਮ ਹੀ ਹੋਵੇ। ਮੈਂ ਸੋਚਿਆ, ਮਨਾਂ! ਇਹਨਾਂ ਕਿੱਥੋਂ ਮਿਲਣ ਦੇਣੈ, ਉਸੇ ਵੇਲੇ ਮੇਰੇ ਮੋਢੇ ’ਤੇ ਪਿੱਛੋਂ ਕਿਸੇ ਨੇ ਹੱਥ ਰੱਖਿਆ। ਲੱਗਿਆ ਕਿ ਬਾਲ-ਨਾਥ ਐ। ਪਲਟ ਕੇ ਵੇਖਿਆ ਤਾਂ ਇੱਕ ਸਿਆਣੀ ਜਹੀ ਉਮਰ ਦਾ ਕਾਮਰੇਡ ਸੀ। ਉਹਨਾਂ ਨੇ ਈਮੇਲ ਲਿਖ ਕੇ ਫੜ੍ਹਾ ਦਿੱਤੀ। ਮੇਰੇ ਅਜੇ ਮਨ ਵਿਚ ਈ ਸੀ ਕਿ ਉਸ ਨੂੰ ਕਹਾਂ ਕਿ ਯਰ ਦਰਸ਼ਨ ਤਾਂ ਕਰਵਾ ਦਿਓ, ਉਸ ਤੋਂ ਪਹਿਲਾਂ ਹੀ ਉਹ ਬੋਲੇ ਜੇ ਤੁਸੀਂ ਮਿਲਣਾ ਚਾਹੁੰਦੇ ਓ ਤਾਂ ਮਿਲ ਸਕਦੇ ਓ। ਲੈ ਅੰਨ੍ਹਾਂ ਕੀ ਭਾਲੇ ਦੋ ਅੱਖਾਂ। ਅਸੀਂ ਅੰਦਰ ਚਲੇ ਗਏ। ਉਸ ਨੇ ਹੱਸ ਕੇ ਸਵਾਗਤ ਕੀਤਾ।
“ਯੇਹ ਕੌਨ ਸੀ ਕਿਤਾਬ ਹੈ ਆਪ ਕੇ ਪਾਸ?” ਮੈਂ ਕਿਤਾਬ ਮੂਹਰੇ ਕਰ ਦਿੱਤੀ।
ਉਹ ਸਾਨੂੰ ਮੁਖਾਤਿਬ ਹੁੰਦਿਆਂ ਬੋਲੀ, “ਇਸ ਕਿਤਾਬ ਕੀ ਵਜਹ ਸੇ ਭਾਜਪਾ ਵਾਲੇ ਮੇਰੇ ਦੁਸ਼ਮਨ ਬਣ ਗਏ, ਇਸ ਕਿਤਾਬ ਪਰ ਵੋਹ ਸਬਸੇ ਜਿਆਦਾ ਚੀਖ਼ੇ ਹੈਂ…”
“ਅੰਦਰ ਸੇ ਕਾਫੀ ਕੁਝ ਟੂਟ ਗਯਾ ਥਾ ਪੰਜਾਬ ਮੇਂ ਸਰਕਾਰੀ ਆਤੰਕਵਾਦ ਕੇ ਬਾਰੇ ਮੇਂ ਪੜ੍ਹ ਕਰ, ਔਰ ਬਚਾ-ਖੁਚਾ ਢਹਿ ਗਯਾ ਇਸ ਕਿਤਾਬ ਕੇ ਜਰਿਯੇ…” ਮੈਂ ਮਸਾਂ ਹਿੰਦੀ ਵਿਚ ਵਾਕ ਪੂਰਾ ਕੀਤਾ।
“ਆਪ ਨੇ ਪੜ੍ਹ ਲੀ…”
“ਜੀ ਹਾਂ”
ਫੇਰ ਉਸ ਨੇ ਆਪ ਹੀ ਕਿਤਾਬ ਦੇ ਮੂਹਰਲੇ ਪੰਨੇ ’ਤੇ ਹਸਤਾਖ਼ਰ ਵੀ ਕਰ ਦਿੱਤੇ। ਕੁਝ ਹੋਰ ਗੱਲਾਂ ਹੋਈਆਂ, ਫੋਟੋਆਂ ਖਿੱਚੀਆਂ ਤੇ ਧੰਨਵਾਦ ਕਰਕੇ ਬਾਹਰ ਆ ਗਏ। ਬਾਹਰ ਆਉਂਦਿਆਂ ਮੈਂ ਉਹ ਪੰਨਾ ਖ੍ਹੋਲ ਕੇ ਵੇਖਿਆ, “ਬਾਈ ਟੁੱਟੇ ਜਹੇ ਅੱਖਰ ਐ…” ਮੇਰਾ ਮਿੱਤਰ ਬੋਲਿਆ।
“ਓ ਨਹੀਂ… ਵੱਡੇ ਬੰਦੇ ਇੰਝ ਈ ਪਾਉਨਦੇ ਹੁੰਦੇ ਐ…” ਮੈਨੂੰ ਉਸ ’ਤੇ ਗੁੱਸਾ ਜਿਹਾ ਵੀ ਆਇਆ।
ਉਸ ਕਾਮਰੇਡ ਦੋਸਤ ਦਾ ਧੰਨਵਾਦ ਵੀ ਕੀਤਾ, ਜਿਹੜਾ ਬਾਲ-ਨਾਥ ਬਣ ਕੇ ਬਹੁੜਿਆ ਸੀ। ਜੀਅ ਕੀਤਾ ਕਿ ਉਸ ਨੂੰ ਕਹਾਂ, “ਯਾਰਾ ਅਸੀਂ ਵੀ ਥੋਡੇ ਸਾਥੀ ਈ ਆਂ, ਸਾਨੂੰ ਗੁਰੂ ਨੇ ਮਜ਼ਲੂਮਾਂ ਲਈ ਲੜ੍ਹਣਾ ਸਿਖਾਇਐ, ਸਾਰਾ ਇਤਿਹਾਸ ਐਸੀਆਂ ਕੁਰਬਾਨੀਆਂ ਨਾਲ ਭਰਿਆ ਪਿਐ। ਆਪਣੇ ਸਾਥੀਆਂ ਨੂੰ ਸਮਝਾਓ ਕਿ ਇੱਕ ਤੇ ਇੱਕ ਹਮੇਸ਼ਾਂ ਦੋ ਹੀ ਨਹੀਂ ਹੁੰਦੇ ਗਿਆਰਾਂ ਵੀ ਹੋ ਜਾਂਦੇ ਐ। ਸਾਨੂੰ ਬੇਗਾਨੇ ਨਾ ਸਮਝੋ। ਤੁਸੀਂ ਸਾਨੂੰ ਆਸਤਿਕ ਕਹਿ ਕੇ ਮੂੰਹ ਫੇਰ ਲੈਂਦੇ ਓ ਤੇ ਅਸੀਂ ਥੋਨੂੰ ਨਾਸਤਿਕ ਕਹਿ ਕੇ ਭੰਡਦੇ ਆਂ। ਪਰ ਜੇ ਆਪਾਂ ਏਸ ਮੁੱਦੇ ਨੂੰ ਇੱਕ ਵਾਰ ਪਾਸੇ ਰਾਖ ਕੇ ਸੰਘਰਸ਼ ਦੀ ਗੱਲ ਕਰੀਏ ਤਾਂ ਬਹੁਤ ਕੁਝ ਆਪਣੇ ਵਿਚ ਸਾਂਝਾ ਵੀ ਐ। ਸੰਤ ਭਾਈ ਰਣਧੀਰ ਸਿੰਘ, ਬਾਬਾ ਬੂਝਾ ਸਿੰਘ, ਨਿਰੰਜਨ ਸਿੰਘ ਅਕਾਲੀ ਵੀ ਤਾਂ ਸਾਡੇ ਵਿਚੋਂ ਈ ਸਨ। ਹਾਕਮ ਸਿੰਘ ਸਮਾਓ ਵਰਗੇ ਸਿਆਣੇ ਆਗੂਆਂ ਨੇ ਤਾਂ ਕਦੇ ਸਾਨੂੰ ਆਏਂ ਨਹੀਂ ਭੰਡਿਆ, ਜਿਵੇਂ ਤੁਹਾਡੀ ਆਹ ਨਵੀਂ ਨਸਲ ਕਰਦੀ ਐ। ਸੋ ਆਉ ਸਿਆਣੇ ਬਣੀਏਂ ਤੇ ਇਕੱਠੇ ਹੋ ਕੇ ਲੋਕ ਹੱਕਾਂ ਲਈ ਘੋਲ ਕਰੀਏ ਤੇ ਗਾਈਏ,
“ਲੜਾਂਗੇ ਸਾਥੀ,
ਜੇ ਰੋਟੀ ਨਾ ਮਿਲੀ,
ਤਾਂ ਬਾਰੂਦ ਖਾ ਕੇ ਲੜ੍ਹਾਂਗੇ…”
ਕਾਮਰੇਡ ਅਮੋਲਕ ਦੀ ਉਸ ਗੱਲ ਨੂੰ ਪ੍ਰਨਾਮ ਜਿਹੜੀ ਉਸ ਨੇ ਉਸੇ ਦਿਨ ਗੋਬਿੰਦਪੁਰੇ ਵਾਪਰੇ ਕਹਿਰ ਬਾਰੇ ਸਟੇਜ ਤੋਂ ਕਹੀ ਸੀ, “ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਦੀ ਲਹਿਰ ਤੋਂ 100 ਸਾਲ ਬਾਅਦ ਵੀ ਅੱਜ ਦਸਤਾਰਾਂ ਸੁਰੱਖਿਅਤ ਨਹੀਂ। ਦਸਤਾਰਾਂ ਅੱਜ ਵੀ ਪੰਜਾਬ ਵਿਚ ਰੋਲੀਆਂ ਜਾ ਰਹੀਆਂ ਨੇ ਤੇ ਪੰਜਾਬ ਇਸ ਦਾ ਜਵਾਬ ਦੇਵੇਗਾ, ਪੰਜਾਬ ਬਦਲਾ ਲਵੇਗਾ…”
ਵਾਪਸ ਮੁੜਦੇ ਨੂੰ ਮੈਨੂੰ ਇਕ ਨੌਜੁਆਨ ਕਹਿੰਦਾ, “ਬਾਈ ਕੌਣ ਸੀ ਉਹ ਬੀਬੀ…”
ਮੇਰਾ ਜੀਅ ਕੀਤਾ ਕਿ ਉਸਨੂੰ ਕਹਾਂ, “ਉਹ ਆਪਣੀ ਸਾਰਿਆਂ ਦੀ ਭੈਣ ਸੀ ਵੀਰ। ਜਗਾਉਣ ਆਈ ਸੀ ਸੁੱਤਿਆਂ ਨੂੰ…।” ਪਰ ਮੈਂ ਕੁਝ ਨਾ ਬੋਲਿਆ।
ਜਗਦੀਪ ਸਿੰਘ ਫਰੀਦਕੋਟ
9815763313

Saturday, October 8, 2011

ਫਾਂਸੀ ਦੇ ਤਖ਼ਤੇ ਤੋਂ……ਮੁਹੰਮਦ ਅਫ਼ਜ਼ਲ

(ਵਿਨੋਦ ਕੇ ਜੋਸ਼)
ਅਮਨ ਇਨਸਾਫ਼ ਨਾਲ ਆਉਂਦਾ ਹੈ।
ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ।
( 13 ਦਿਸੰਬਰ 2001 ਨੂੰ ਭਾਰਤੀ ਸੰਸਦ ਉੱਤੇ ਹਮਲੇ ਦੇ ਦੋਸ਼ ਵਿਚ ਫਾਂਸੀ ਦੀ ਉਡੀਕ ਕਰ ਰਹੇ ਕਸ਼ਮੀਰੀ ਨਾਗਰਿਕ ਮੁਹੰਮਦ ਅਫ਼ਜ਼ਲ ਨਾਲ ਇਹ ਮੁਲਾਕਾਤ ਵਿਨੋਦ ਕੇ ਜੋਸ਼, ਜੋ ਕਿ ਰੇਡੀਓ ਪੈਸਿਫਿਕ ਅਮਰੀਕਾ ਦੇ ਵਿਦੇਸ਼ ਪ੍ਰਤੀਨਿਧੀ ਹਨ, ਵੱਲੋਂ ਕੀਤੀ ਗਈ ਸੀ। ਮੂਲ ਰੂਪ ਵਿਚ ਇਹ ਮੁਲਾਕਾਤ ਅੰਗਰੇਜ਼ੀ ਵਿਚ ਛਪੀ ਹੋਣ ਕਾਰਨ ਇਹ ਜਿਆਦਾ ਪਾਠਕਾਂ ਤੱਕ ਨਹੀਂ ਪਹੁੰਚ ਸਕੀ। ਪੰਜਾਬ, ਜਿਸ ਨੇ ਕਿ ਖ਼ੁਦ ਇਹ ਬੇਇਨਸਾਫੀ ਤੇ ਤਸ਼ੱਦਦ ਆਪਣੇ ਪਿੰਡੇ ’ਤੇ ਸਹਾਰਿਆ ਹੈ, ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦੀ ਮੰਗ ਰਹੇ ਕਸ਼ਮੀਰ ਦੇ ਦਰਦ ਨੂੰ ਪੰਜਾਬ ਤੋਂ ਚੰਗੀ ਤਰ੍ਹਾਂ ਹੋਰ ਕੌਣ ਸਮਝ ਸਕਦਾ ਹੈ। ਸੋ ਅਸੀਂ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਮੁਲਾਕਾਤ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਇਹ ਤੁਹਾਡੀ ਕਚਿਹਰੀ ਵਿਚ ਪੇਸ਼ ਹੈ। ਆਸ ਹੈ ਕਿ ਇਨਸਾਫ਼ ਪਸੰਦ ਲੋਕ ਜ਼ਰੂਰ ਬੇਕਸੂਰ ਫਾਂਸੀਆਂ ’ਤੇ ਲਟਕਾਏ ਜਾ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਮੁਹੰਮਦ ਅਫ਼ਜ਼ਲ ਵਰਗਿਆਂ ਦੀ ਬੰਦ ਖਲਾਸੀ ਲਈ ਅੱਗੇ ਆਉਣਗੇ। ਆਸ ਹੈ ਕਿ ਕਸ਼ਮੀਰੀ ਅਫ਼ਜ਼ਲ ਦੀ ਫੋਟੋ ਨਾਲ ਭਾਈ ਦਵਿੰਦਰ ਪਾਲ ਸਿੰਘ ਦੀ ਤੇ ਪੰਜਾਬੀ ਭਾਈ ਸਾਹਿਬ ਦੀ ਫੋਟੋ ਨਾਲ ਮੁਹੰਮਦ ਅਫ਼ਜ਼ਲ ਦੀ ਫੋਟੋ ਚੁੱਕ ਕੇ ਆਵਾਜ਼ ਉਠਾਉਣਗੇ। ਅਨੁਵਾਦ: ਜਗਦੀਪ ਸਿੰਘ ਫਰੀਦਕੋਟ)
ਇੱਕ ਜੰਗਾਲ ਖਾਧੀ ਮੇਜ਼ ਤੇ ਉਸਦੇ ਪਿੱਛੇ ਵਰਦੀ ਵਿੱਚ ਇੱਕ ਆਦਮੀਂ ਹੱਥ ਵਿੱਚ ਇੱਕ ਚਮਚਾ ਫੜ੍ਹੀ ਖੜ੍ਹਾ ਸੀ। ਮੁਲਾਕਾਤੀ, ਸਾਰੇ ਇਸ ਦੇ ਆਦੀ ਦਿਸ ਰਹੇ ਸਨ। ਕਤਾਰ ’ਚ, ਖਾਣੇ ਦੇ ਪਲਾਸਟਿਕ ਦੇ ਲਿਫਾਫੇ ਦਿਖਾਉਣ ਲਈ, ਖੜ੍ਹੇ ਸਨ ਕਿ ਉਹ (ਪੁਲਸ ਵਾਲਾ) ਖਾਣੇ ਨੂੰ ਸੁੰਘੇ ਤੇ ਕਦੇ-ਕਦੇ ਸੁਆਦ ਵੀ ਚੱਖ਼ ਲਵੇ। ਸੁਰੱਖਿਆ ਕਰਮਚਾਰੀ ਦਾ ਚਮਚਾ ਮਲਾਈ ਕੋਫ਼ਤੇ, ਸ਼ਾਹੀ ਪਨੀਰ, ਆਲੂ ਬੈਂਗਣ ਤੇ ਹੋਰ ਰਲੀਆਂ ਮਿਲੀਆਂ ਸਬਜ਼ੀਆਂ ਦੀ ਤਰੀ ਵਿੱਚੋਂ ਗੋਤਾ ਮਾਰ ਕੇ ਬਾਹਰ ਆਉਂਦਾ। ਮੁਲਾਕਾਤੀ, ਸਬਜ਼ੀਆ ਦੇ ਛੋਟੇ-ਛੋਟੇ ਲਿਫਾਫੇ ਖੋਲ੍ਹਦੇ ਤਾਂ ਚਮਚਾ ਸਬਜੀ ਦੇ ਇੱਕ-ਇੱਕ ਟੁਕੜੇ ਨੂੰ ਟੋਹ ਕੇ ਵੇਖਦਾ। ਇੱਕ ਅਧਖੜ ਉਮਰ ਦੀ ਬੀਬੀ ਦੇ ਖਾਣੇ ਨੂੰ ‘ਖੰਗਾਲ’ ਕੇ ਕੋਲ ਹੀ ਰੱਖੇ ਪਾਣੀ ਦੇ ਭਰੇ ਹੋਏ ਸਟੀਲ ਦੇ ਕੌਲੇ ਵਿੱਚ ਚਮਚੇ ਨੇ ਇਸ਼ਨਾਨ ਕੀਤਾ ਤੇ ਫੇਰ ਉਹ ਲਾਈਨ ਵਿੱਚ ਅੱਗੇ ਖੜ੍ਹੇ 14-15 ਸਾਲਾਂ ਦੇ ਮੁੰਡੇ ਦੇ ਪਲਾਸਟਿਕ ਦੇ ਲਿਫਾਫਿਆਂ ਵੱਲ ਵੱਧ ਗਿਆ। ਹੁਣ ਤੱਕ ਸਟੀਲ ਦੇ ਕੌਲੇ ਵਿਚਲਾ ਪਾਣੀ ਕਈ ਰੰਗ ਬਦਲ ਚੁੱਕਾ ਸੀ। ਉਸ ਪਾਣੀ ਉੱਤੇ ਤੈਰ ਰਹੇ ਤੇਲ ਉੱਤੇ ਸਰਦੀ ਦੇ ਢੱਲਦੇ ਸੂਰਜ ਦੀਆਂ ਕਿਰਨਾਂ ਪੈ ਕੇ ਸਤਰੰਗੀ ਪੀਂਘ ਬਣਾ ਰਹੀਆਂ ਸਨ।
ਲਗਭਗ ਸਾਢੇ ਚਾਰ ਵਜੇ ਮੇਰੀ ਵਾਰੀ ਆਈ। ਚਮਚੇ ਵਾਲੇ ਦੇ ਖੱਬੇ ਪਾਸੇ ਖੜ੍ਹੇ ਆਦਮੀਂ ਨੇ ਚਾਰ-ਪੰਜ ਵਾਰ ਸਿਰ ਤੋਂ ਪੈਰਾਂ ਤੱਕ ਮੇਰੀ ਤਲਾਸ਼ੀ ਲਈ ਤੇ ਜਦੋਂ ਉਹਨਾਂ ਦੇ ਮੈਟਲ ਡਿਟੈਕਟਰ ਨੇ ਚੀਕਾਂ ਜਹੀਆਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਤਾਂ ਮੈਨੂੰ ਆਪਣੀ ਬੈਲਟ, ਸਟੀਲ ਦੇ ਬੈਚ ਤੇ ਚਾਬੀਆਂ ਵੀ ਬਾਹਰ ਕੱਢ ਕੇ ਰੱਖਣੀਆਂ ਪਈਆਂ। ਤਾਮਿਲਨਾਡੂ ਸਪੈਸ਼ਲ ਪੁਲਸ ਦਾ ਬੈਚ ਲਾ ਕੇ ਡਿਊਟੀ ’ਤੇ ਖੜ੍ਹਾ ਆਦਮੀਂ ਹੁਣ ਸੰਤੁਸ਼ਟ ਲੱਗ ਰਿਹਾ ਸੀ ਤੇ ਮੈਨੂੰ ਅੰਦਰ ਜਾਣ ਦੀ ਆਗਿਆ ਮਿਲ ਗਈ।
ਤਿਹਾੜ ਦੀ ਜ਼ੇਲ੍ਹ ਨੰਬਰ ਤਿੰਨ ਦੇ ਹਾਈ ਰਿਸਕ ਵਾਰਡ ਵਿਚ ਜਾਣ ਲਈ ਮੈਂ ਚੌਥੀ ਵਾਰ ਸੁਰੱਖਿਆ ਜਾਲ ਵਿਚੋਂ ਲੰਘਿਆ ਸਾਂ। ਮੈਂ ਮੁਹੰਮਦ ਅਫ਼ਜ਼ਲ ਨੂੰ ਮਿਲਣ ਜਾ ਰਿਹਾ ਸੀ, ਉਹੀ ਅਫ਼ਜ਼ਲ ਜਿਸਦੀ ਅੱਜ-ਕੱਲ੍ਹ ਬਹੁਤ ਚਰਚਾ ਹੈ।
ਛੋਟੇ-ਛੋਟੇ ਕਮਰਿਆਂ (ਖ਼ਾਨਿਆਂ ਵਰਗੇ) ਵਾਲਾ ਇੱਕ ਵੱਡਾ ਕਮਰਾ, ਮੁਲਾਕਾਤੀ ਅਤੇ ਕੈਦੀਆਂ ਵਿਚਕਾਰ ਇੱਕ ਮੋਟੇ ਕੱਚ ਦੀ ਕੰਧ ਅਤੇ ਲੋਹੇ ਦੀਆਂ ਸਲਾਖਾਂ ਹੁੰਦੀਆਂ ਹਨ। ਦੋਨਾਂ ਦੀ ਗੱਲਬਾਤ ਲਈ ਇਕ ਮਾਈਕ ਹੁੰਦਾ ਹੈ ਅਤੇ ਦੀਵਾਰ ਤੇ ਇੱਕ ਸਪੀਕਰ ਲੱਗਿਆ ਹੁੰਦਾ ਹੈ। ਬਹੁਤ ਥੋੜ੍ਹੀ ਆਵਾਜ਼ ਆਉਂਦੀ ਹੈ, ਕੱਚ ਦੀ ਕੰਧ ਦੇ ਦੋਵੇਂ ਪਾਸੇ ਬੈਠੇ ਆਦਮੀਂ ਕੰਧ ਉੱਪਰ ਕੰਨ੍ਹ ਲਗਾ ਕੇ ਪੂਰੀ ਕੋਸ਼ਿਸ਼ ਨਾਲ ਇੱਕ ਦੂਜੇ ਦੀ ਗੱਲ ਸੁਣਦੇ ਹਨ। ਮੁਹੰਮਦ ਅਫ਼ਜ਼ਲ ਛੋਟੇ ਕਮਰੇ ਦੇ ਦੂਜੇ ਪਾਸੇ ਪਹਿਲਾਂ ਹੀ ਮੌਜੂਦ ਸੀ। ਉਸ ਦੇ ਚਿਹਰੇ ਉੱਪਰ ਮੈਨੂੰ ਬਹੁਤ ਸ਼ਾਂਤੀ ਨਜ਼ਰ ਆਈ। ਪੈਂਤੀਆਂ ਨੂੰ ਢੁੱਕੇ ਇਸ ਮਧਰੇ ਜਹੇ ਆਦਮੀਂ, ਜਿਸਨੇ ਚਿੱਟਾ ਕੁੜ੍ਹਤਾ ਪਜਾਮਾ ਪਾਇਆ ਹੋਇਆ ਸੀ ਤੇ ਜਿਸਦੀ ਜੇਬ ਵਿੱਚ ‘ਰੋਨਾਲਡ’ ਦਾ ਪੈੱਨ ਲੱਗਿਆ ਹੋਇਆ ਸੀ ਨੇ ਬਹੁਤ ਸਾਫ਼ ਆਵਾਜ਼ ਤੇ ਉਤਸ਼ਾਹ ਨਾਲ ਮੇਰਾ ਸਵਾਗਤ ਕੀਤਾ, “ਕੀ ਹਾਲ ਹੈ ਜਨਾਬ।”
ਮੈਂ ਕਿਹਾ “ਮੈਂ ਠੀਕ ਹਾਂ।”
ਕੀ ਮੌਤ ਦੀ ਦਹਿਲੀਜ਼ ਖੜ੍ਹੇ ਆਦਮੀਂ ਨੂੰ ਮੈਨੂੰ ਵੀ ਇਹੋ ਹੀ ਸਵਾਲ ਪੁੱਛਣਾ ਚਾਹੀਦਾ ਹੈ। ਇਕ ਪਲ ਲਈ ਮੈਂ ਉਲਝਣ ਵਿੱਚ ਪੈ ਗਿਆ, ਫੇਰ ਮੈਂ ਪੁੱਛ ਹੀ ਲਿਆ ਤੁਹਾਡਾ “ਕੀ ਹਾਲ ਹੈ?” “ਬਹੁਤ ਵਧੀਆ ਹੈ, ਧੰਨਵਾਦ ਜਨਾਬ।” ਉਸ ਨੇ ਗਰਮਜੋਸ਼ੀ ਨਾਲ ਕਿਹਾ। ਸਾਡੀ ਗੱਲਬਾਤ ਤਕਰੀਬਨ ਇੱਕ ਘੰਟਾ ਚੱਲੀ। ਅਸੀਂ ਦੋਵੇਂ ਹੀ ਉਸ ਸੀਮਤ ਸਮੇਂ ਵਿੱਚ ਵੱਧ ਤੋਂ ਵੱਧ ਗੱਲਬਾਤ ਕਰਨਾ ਚਾਹੁੰਦੇ ਸੀ। ਮੈਂ ਆਪਣੀ ਛੋਟੀ ਜਿਹੀ ਡਾਇਰੀ ਵਿੱਚ ਉਸਦੇ ਜਵਾਬ ਦਰਜ ਕਰਦਾ ਗਿਆ। ਉਹ ਇਸ ਤਰ੍ਹਾਂ ਦਾ ਆਦਮੀਂ ਲਗ ਰਿਹਾ ਸੀ ਜੋ ਦੁਨੀਆਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦਾ ਸੀ। ਪਰ ਫਾਂਸੀ ਦੀ ਸਜ਼ਾ ਮਿਲੇ ਵਿਅਕਤੀ ਹੋਣ ਦੀ ਸਥਿਤੀ ਵਿੱਚ ਲੋਕਾਂ ਤੱਕ ਪਹੁੰਚਣ ਦੀ ਆਪਣੀ ਮਜ਼ਬੂਤੀ ਨੂੰ ਉਹ ਵਾਰ-ਵਾਰ ਦੁਹਰਾ ਰਿਹਾ ਸੀ।
ਪ੍ਰਸ਼ਨ: ਅਫ਼ਜ਼ਲ ਦੀਆਂ ਬਹੁਤ ਸਾਰੀਆਂ ਵਿਰੋਧੀ ਤਸਵੀਰਾਂ ਹਨ ਮੈਂ ਕਿਸ ਅਫ਼ਜ਼ਲ ਨਾਲ ਮਿਲ ਰਿਹਾ ਹਾਂ?
ਉੱਤਰ: ਕੀ ਇਸੇ ਤਰ੍ਹਾਂ ਹੈ? ਪਰ ਜਿੱਥੋਂ ਤੱਕ ਮੈਨੂੰ ਲਗਦਾ ਹੈ ਬਸ ਇਕ ਹੀ ਅਫ਼ਜ਼ਲ ਹੈ ਉਹ ਮੈਂ ਹਾਂ।
ਪ੍ਰ. ਉਹ ਅਫ਼ਜ਼ਲ ਕੌਣ ਹੈ?
ੳ. ਇਕ ਪਲ ਦੀ ਖਾਮੋਸ਼ੀ। ਅਫ਼ਜ਼ਲ ਇੱਕ ਨੌਜਵਾਨ ਦੇ ਤੌਰ ’ਤੇ ਉਤਸ਼ਾਹੀ, ਬੁੱਧੀਮਾਨ ਤੇ ਆਦਰਸ਼ਵਾਦੀ ਹੈ। ਕਸ਼ਮੀਰ ਦਾ ਅਫ਼ਜ਼ਲ ਵਾਦੀ ਦੇ 1990 ਦੇ ਦਹਾਕੇ ਦੇ ਰਾਜਨੀਤਿਕ ਮਾਹੌਲ ਤੋਂ ਪ੍ਰਭਾਵਿਤ ਦੂਜੇ ਹਜ਼ਾਰਾਂ ਲੋਕਾਂ ਵਾਂਗ ਸੀ, ਜੋ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੈਂਬਰ ਸੀ ਤੇ ਜੋ ਸਰਹੱਦ ਪਾਰ ਕਸ਼ਮੀਰ ਦੇ ਦੂਜੇ ਹਿੱਸੇ ਵਿੱਚ ਚਲਾ ਗਿਆ ਸੀ। ਪਰ ਕੁਝ ਹੀ ਹਫ਼ਤਿਆਂ ਵਿੱਚ ਉਸ ਦਾ ਮੋਹ ਭੰਗ ਹੋ ਗਿਆ ਅਤੇ ਉਹ ਵਾਪਸ ਆ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਲੱਗਾ ਪਰ, ਸੁਰੱਖਿਆ ਏਜੰਸੀਆਂ ਨੇ ਮੈਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ। ਉਹ ਜਦੋਂ ਜੀਅ ਕਰਦਾ ਮੈਨੂੰ ਚੁੱਕ ਕੇ ਲੈ ਜਾਂਦੇ, ਬੁਰੀ ਤਰ੍ਹਾਂ ਤਸੀਹੇ ਦਿੰਦੇ, ਬਿਜਲੀ ਦੇ ਝਟਕੇ ਲਾਉਂਦੇ, ਬਰਫ਼ੀਲੇ ਪਾਣੀ ਵਿੱਚ ਜਮਾਉਂਦੇ, ਪੈਟਰੋਲ ਵਿੱਚ ਡੁਬੋਂਦੇ, ਮਿਰਚਾਂ ਦਾ ਧੂੰਆਂ ਦਿੰਦੇ ’ਤੇ ਹੋਰ ਵੀ ਕਈ ਤਰੀਕੇ ਦੇ ਤਸ਼ੱਦਦ… ਤੇ ਅੰਤ ਉਹਨਾਂ ਨੇ ਇੱਕ ਝੂਠੇ ਕੇਸ ਵਿਚ ਫਸਾ ਦਿੱਤਾ। ਬਿਨ੍ਹਾਂ ਵਕੀਲ ਬਿਨ੍ਹਾਂ ਨਿਰਪੱਖ ਮੁਕੱਦਮੇ ਦੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪੁਲਿਸ ਨੇ ਜੋ ਝੂਠ ਪੈਦਾ ਕੀਤੇ, ਉਹਨਾਂ ਨੂੰ ਮੀਡੀਆ ਵਿੱਚ ਤੁਸੀਂ, ਲੋਕਾਂ ਨੂੰ ਵੱਡੇ ਕਰ-ਕਰ ਦਿਖਾਇਆ ’ਤੇ ਇਸੇ ਨੇ ਸ਼ਾਇਦ ਉਹ ਮਾਹੌਲ ਪੈਦਾ ਕੀਤਾ ਜਿਸ ਨੂੰ ਸੁਪਰੀਮ ਕੋਰਟ ਨੇ ‘ਰਾਸ਼ਟਰ ਦੀ ਸਮੂਹਿਕ ਚੇਤਨਾ’ ਕਿਹਾ ਸੀ, ਤੇ ਉਸ ‘ਸਮੂਹਿਕ ਚੇਤਨਾ’ ਨੂੰ ਸੰਤੁਸ਼ਟ ਕਰਨ ਲਈ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਹੈ ਮੁਹੰਮਦ ਅਫ਼ਜ਼ਲ ਜਿਸ ਨੂੰ ਤੁਸੀਂ ਮਿਲ ਰਹੇ ਹੋ। ਇਕ ਪਲ ਦੀ ਖਾਮੋਸ਼ੀ ਤੋਂ ਬਾਅਦ ਉਹ ਫਿਰ ਬੋਲਿਆ, ਪਰ ਮੈਨੂੰ ਨਹੀਂ ਪਤਾ ਕਿ ਬਾਹਰ ਦੀ ਦੁਨੀਆਂ ਨੂੰ ਇਸ ਅਫ਼ਜ਼ਲ ਬਾਰੇ ਕੁਝ ਪਤਾ ਹੈ ਕਿ ਨਹੀਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕੀ ਮੈਨੂੰ ਆਪਣੀ ਕਹਾਣੀ ਦੱਸਣ ਦਾ ਮੌਕਾ ਦਿੱਤਾ ਗਿਆ? ਤੁਹਾਨੂੰ ਲੱਗਦਾ ਹੈ ਇਹ ਇਨਸਾਫ਼ ਹੋਇਆ? ਕੀ ਤੁਸੀਂ ਕਿਸੇ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਤੇ ਲਟਕਾਉਣਾ ਚਾਹੋਗੇ? ਬਿਨ੍ਹਾਂ ਨਿਰਪੱਖ ਮੁਕੱਦਮੇ ਦੇ। ਬਿਨ੍ਹਾਂ ਇਹ ਸੁਣੇ ਕਿ ਉਸ ਨੂੰ ਜ਼ਿੰਦਗੀ ਵਿੱਚ ਕੀ-ਕੀ ਭੁਗਤਣਾ ਪਿਆ ਹੈ। ਲੋਕਤੰਤਰ ਦਾ ਮਤਲਬ ਇਹ ਤਾਂ ਨਹੀਂ ਨਾ?
ਪ੍ਰ. ਤੁਹਾਡੀ ਜ਼ਿੰਦਗੀ ਤੋਂ ਹੀ ਗੱਲ ਸ਼ੁਰੂ ਕਰੀਏ, ਇਸ ਤੋਂ ਪਹਿਲਾਂ ਦੀ ਤੁਹਾਡੀ ਜ਼ਿੰਦਗੀ....?
ੳ. ਜਦੋਂ ਮੈਂ ਵੱਡਾ ਹੋ ਰਿਹਾ ਸੀ ਉਸ ਸਮੇਂ ਕਸ਼ਮੀਰ ਵਿੱਚ ਜ਼ਬਰਦਸਤ ਗੜਬੜੀ ਚਲ ਰਹੀ ਸੀ। ਮਕਬੂਲ ਭੱਟ ਨੂੰ ਫਾਂਸੀ ਹੋ ਗਈ ਸੀ। ਹਾਲਾਤ ਵਿਸਫੋਟਕ ਸਨ। ਕਸ਼ਮੀਰ ਦੇ ਲੋਕਾਂ ਨੇ ਇਕ ਵਾਰ ਫਿਰ ਕਸ਼ਮੀਰ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਚੋਣਾ ਰਾਹੀਂ ਜੰਗ ਲੜਨ ਦਾ ਇਰਾਦਾ ਕੀਤਾ। ਕਸ਼ਮੀਰ ਮਸਲੇ ਦੇ ਅੰਤਮ ਨਿਪਟਾਰੇ ਲਈ ਕਸ਼ਮੀਰੀ ਮੁਸਲਮਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ‘ਮੁਸਲਿਮ ਯੂਨਾਈਟਡ ਫਰੰਟ’ ਬਣਾ ਦਿੱਤਾ ਗਿਆ ਸੀ। ਇਸ ਫਰੰਟ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਦਿੱਲੀ ਦਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਅਤੇ ਨਤੀਜਾ ਇਹ ਹੋਇਆ ਕਿ ਚੋਣਾ ਵਿਚ ਅਸੀਂ ਵੱਡੇ ਪੱਧਰ ਤੇ ਧਾਂਦਲੀ ਹੁੰਦੀ ਵੇਖੀ। ਜਿੰਨ੍ਹਾਂ ਲੀਡਰਾਂ ਨੇ ਚੋਣਾ ਵਿਚ ਹਿੱਸਾ ਲਿਆ ਸੀ ਅਤੇ ਭਾਰੀ ਬਹੁਮਤ ਨਾਲ ਜਿੱਤੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੇਇੱਜ਼ਤ ਕੀਤਾ ਗਿਆ ਤੇ ਜ਼ੇਲ੍ਹਾਂ ਵਿੱਚ ਡੱਕ ਦਿੱਤੇ ਗਏ ’ਤੇ ਇਸ ਤੋਂ ਬਾਅਦ ਉਹਨਾਂ ਲੀਡਰਾਂ ਨੇ ਹੀ ਵਿਰੋਧ ਵਿੱਚ ਹਥਿਆਰ ਚੁੱਕਣ ਦਾ ਫੈਸਲਾ ਕਰ ਲਿਆ ਤੇ ਹਜ਼ਾਰਾਂ ਨੌਜਵਾਨਾਂ ਨੇ ਉਹਨਾਂ ਨਾਲ ਹੀ ਹਥਿਆਰ ਚੁੱਕ ਲਏ। ਮੈਂ ਵੀ ਸ਼੍ਰੀਨਗਰ ਦੇ ਜੇਹਲਮ ਮੈਡੀਕਲ ਕਾਲਜ ਵਿਚ ਆਪਣੀ ਐਮ.ਬੀ.ਬੀ.ਐਸ. ਵਿੱਚੇ ਛੱਡ ਦਿੱਤੀ। ਮੈਂ ਵੀ ਉਹਨਾਂ ਨੌਜਵਾਨਾਂ ਵਿਚ ਸ਼ਾਮਲ ਸੀ, ਜੋ ਜੇ.ਕੇ.ਐਲ.ਐਫ. (ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ) ਦੇ ਮੈਂਬਰ ਵਜੋਂ ਸਰਹੱਦ ਪਾਰ ਚਲੇ ਗਏ, ਪਰ ਪਾਕਿਸਤਾਨੀ ਲੀਡਰਾਂ ਦਾ ਕਸ਼ਮੀਰੀਆਂ ਨਾਲ ਹਿੰਦੋਸਤਾਨੀ ਲੀਡਰਾਂ ਵਰਗਾ ਵਰਤਾਅ (ਵਿਵਹਾਰ) ਦੇਖ ਕੇ ਮੇਰੀਆਂ ਅੱਖਾਂ ਤੋਂ ਪਰਦਾ ਹਟ ਗਿਆ। ਕੁਝ ਹੀ ਹਫ਼ਤਿਆਂ ਵਿੱਚ ਮੈਂ ਵਾਪਸ ਆ ਗਿਆ। ਸੁਰੱਖਿਆ ਬਲਾਂ ਦੇ ਸਾਹਮਣੇ ਮੈਂ ਆਤਮ ਸਮਰਪਣ ਕਰ ਦਿੱਤਾ ਤੇ ਬੀ.ਐਸ.ਐਫ. ਨੇ ਮੈਨੂੰ ਆਤਮ ਸਮਰਪਿਤ ਅੱਤਵਾਦੀ ਦਾ ਸਰਟੀਫਿਕੇਟ ਦੇ ਦਿੱਤਾ। ਹੁਣ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਡਾਕਟਰ ਤਾਂ ਨਹੀਂ ਬਣ ਸਕਿਆ, ਪਰ ਕਮਿਸ਼ਨ ਬੇਸਿਸ ’ਤੇ ਦਵਾਈਆਂ ਤੇ ਮੈਡੀਕਲ ਨਾਲ ਸੰਬੰਧਿਤ ਡੀਲਰ ਬਣ ਗਿਆ (ਹੱਸ ਪੈਂਦਾ ਹੈ)। 'ਜੋ ਥੋੜ੍ਹੀ ਬਹੁਤ ਕਮਾਈ ਸੀ ਉਸ ਵਿੱਚ ਮੈਂ ਇੱਕ ਸਕੂਟਰ ਖਰੀਦ ਲਿਆ ਤੇ ਵਿਆਹ ਵੀ ਕਰਵਾ ਲਿਆ, ਪਰ ਇੱਕ ਦਿਨ ਵੀ ਐਸਾ ਨਹੀਂ ਬੀਤਿਆ ਜਦੋਂ “ਰਾਸ਼ਟਰੀ ਰਾਈਫਲਜ” ਤੇ “ਐਸ.ਟੀ.ਐਫ” ਦੇ ਜਵਾਨਾਂ ਦੇ ਤੰਗ ਕਰਨ ਦੇ ਭੈਅ ਵਿੱਚੋਂ ਅਜ਼ਾਦ ਹੋਇਆ ਹੋਵਾਂ। ਕਸ਼ਮੀਰ ਵਿੱਚ ਕੋਈ ਵੀ ਹਮਲਾ ਹੁੰਦਾ ਤਾਂ ਉਹ ਆਮ ਲੋਕਾਂ ਨੂੰ ਫੜ੍ਹ ਲੈਂਦੇ ਤੇ ਬੁਰੀ ਤਰ੍ਹਾਂ ਕੁਟਦੇ ਤੇ ਮੇਰੇ ਵਰਗੇ ਸਮਰਪਨ ਕਰ ਚੁੱਕੇ ਅੱਤਵਾਦੀਆਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਸੀ। ਉਹ ਸਾਨੂੰ ਹਫ਼ਤਿਆਂ ਬੱਧੀ ਬੰਦ ਰੱਖਦੇ, ਝੂਠੇ, ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੰਦੇ ਤੇ ਉਦੋਂ ਹੀ ਛੱਡਦੇ ਜਦੋਂ ਉਨ੍ਹਾਂ ਨੂੰ ਚੰਗੀ ਰਿਸ਼ਵਤ ਮਿਲ ਜਾਂਦੀ ਸੀ। ਮੈਨੂੰ ਕਈ ਵਾਰ ਇਹ ਝੱਲਣਾ ਪਿਆ। 22ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਰਾਮ ਮੋਹਨ ਨੇ ਮੇਰੇ ਗੁਪਤ ਅੰਗਾਂ ’ਤੇ ਬਿਜਲੀ ਦੇ ਝਟਕੇ ਦਿੱਤੇ। ਪਤਾ ਨਹੀਂ ਮੈਨੂੰ ਕਿੰਨੀ ਵਾਰ ਟੱਟੀਆਂ ਸਾਫ਼ ਕਰਨੀਆਂ ਪਈਆਂ। ਉਨ੍ਹਾਂ ਦੇ ਕੈਂਪਾਂ ਵਿੱਚ ਝਾੜੂ ਮਾਰਨਾ ਪਿਆ। ਇੱਕ ਵਾਰੀ ਤਾਂ ਮੈਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਿਸ਼ਵਤ ਦੇਣੀ ਪਈ ਤਾਂ ਕਿ ਮੈਂ ਹੁਮਹੁਮਾ ਸਥਿਤ ਐਸ.ਟੀ.ਐਫ. ਦੇ ਤਸ਼ੱਦਦ ਸੈਂਟਰ ਤੋਂ ਬਚ ਸਕਾਂ। ਡੀ.ਐਸ.ਪੀ. ਵਿਨੈ ਗੁਪਤਾ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਹ ਜ਼ਾਲਮਾਂਨਾ ਤਸ਼ੱਦਦ ਕੀਤੇ ਜਾਂਦੇ ਸਨ। ਉਹਨਾਂ ਦੇ ਇਕ ਤਜ਼ਰਬੇਕਾਰ ਇੰਸਪੈਕਟਰ ਸ਼ਾਂਤੀ ਸਿੰਘ ਨੇ ਮੈਨੂੰ ਤਿੰਨ ਘੰਟੇ ਤੱਕ ਬਿਜਲੀ ਦੇ ਕਰੰਟ ਦਿੱਤੇ, ਤੇ ਉਸ ਨੇ ਹਾਲਾਂ ਵੀ ਨਹੀਂ ਹੱਟਣਾ ਸੀ ਇਹ ਤਾਂ ਮੈਂ ਇਕ ਲੱਖ ਰੁਪਏ ਰਿਸ਼ਵਤ ਦੇਣ ਲਈ ਰਜ਼ਾਮੰਦ ਹੋ ਗਿਆ ਸੀ। ਮੇਰੀ ਪਤਨੀ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਬਾਕੀ ਪੈਸੇ ਲਈ ਮੇਰਾ ਸਕੂਟਰ ਵੀ ਵੇਚਣਾ ਪਿਆ। ਬਾਹਰ ਆਉਣ ਵੇਲੇ ਤੱਕ ਮੈਂ ਦਿਮਾਗ਼ੀ ਤੇ ਆਰਥਿਕ ਦੋਵਾਂ ਤਰ੍ਹਾਂ ਨਾਲ ਬੁਰੀ 30 ਟੁੱਟ ਚੁੱਕਾ ਸੀ। 6 ਮਹੀਨੇ ਤੱਕ ਮੈਂ ਘਰੋਂ ਨਾ ਨਿਕਲ ਸਕਿਆ। ਆਪਣੇ ਜ਼ਖਮਾਂ ਦੀ ਵਿਆਖਿਆ ਕਰਦਿਆਂ ਅਫ਼ਜ਼ਲ ਦੇ ਚਿਹਰੇ ਤੇ ਇੱਕ ਪ੍ਰਸ਼ਨਾਤਮਿਕ ਸ਼ਾਂਤੀ ਛਾਈ ਹੋਈ ਸੀ। ਉਹ ਸ਼ਾਇਦ ਮੈਨੂੰ ਆਪਣੇ ਉੱਪਰ ਹੋਏ ਜ਼ੁਲਮਾਂ ਦੀ ਲੰਬੀ ਦਾਸਤਾਂ ਸੁਣਾਉਣਾ ਚਾਹੁੰਦਾ ਸੀ। ਪਰ ਮੇਰੇ ਦਿੱਤੇ ਟੈਕਸ ਦੇ ਪੈਸਿਆਂ ਨਾਲ ਚੱਲਣ ਵਾਲੇ ਸੁਰੱਖਿਆ ਬਲਾਂ ਦੀਆਂ ਭਿਆਨਕ ਕਾਰਗੁਜ਼ਾਰੀਆਂ ਨੂੰ ਮੈਂ ਹੋਰ ਨਹੀਂ ਸੁਣ ਸਕਿਆ। ਮੈਂ ਉਸ ਦੀ ਗੱਲ ਵਿਚ ਹੀ ਕੱਟ ਕੇ ਪੁੱਛਿਆ।
ਪ੍ਰ. ਇਸ ਕੇਸ ਦੀ ਗੱਲ ਕਰੀਏ? ਸੰਸਦ ਉੱਪਰ ਹਮਲੇ ਪਿੱਛੇ ਕੀ ਘਟਨਾਵਾਂ ਸਨ?
ੳ. ਐਸ.ਟੀ.ਐਫ. ਕੈਂਪ ਵਿੱਚ ਮੈਂ ਇਹ ਸਬਕ ਸਿੱਖਿਆ ਕਿ ਜਾਂ ਤਾਂ ਵਿਰੋਧ ਕਰਨ ਦੇ ਨਤੀਜੇ ਵਜੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਬੇ-ਤਹਾਸ਼ਾ ਜੁਲਮ ਸਹੋ ਤੇ ਜਾਂ ਫਿਰ ਬਿਨ੍ਹਾਂ ਸਵਾਲ ਕੀਤੇ ਐਸ.ਟੀ.ਐਫ. ਦੀ ਗੱਲ ਮੰਨਦੇ ਰਹੋ। ਜਦੋਂ ਡੀ.ਐਸ.ਪੀ. ਦਵਿੰਦਰ ਸਿੰਘ ਨੇ ਮੈਨੂੰ ਇੱਕ ਛੋਟਾ ਜਿਹਾ ਕੰਮ ਕਰਨ ਲਈ ਕਿਹਾ ਤਾਂ ਮੇਰੇ ਕੋਲ ਦੂਜਾ ਕੋਈ ਹੋਰ ਰਸਤਾ ਨਹੀਂ ਸੀ। ਉਸ ਨੇ ਇਹ ਹੀ ਕਿਹਾ ਸੀ, “ਛੋਟਾ ਜਿਹਾ ਕੰਮ”। 'ਉਸ ਨੇ ਕਿਹਾ ਕਿ ਮੈਂ ਇਕ ਆਦਮੀਂ ਨੂੰ ਦਿੱਲੀ ਲੈ ਜਾਵਾਂ, ਉਸਨੂੰ ਉੱਥੇ ਕਿਰਾਏ ਤੇ ਇਕ ਘਰ ਦਿਵਾਉਣਾ ਸੀ। ਮੈਂ ਉਸ ਆਦਮੀਂ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਕਸ਼ਮੀਰੀ ਨਹੀਂ ਬੋਲ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਉਹ ਬਾਹਰ ਦਾ ਆਦਮੀਂ ਸੀ। ਉਸ ਨੇ ਆਪਣਾ ਨਾਂ ਮੁਹੰਮਦ ਦੱਸਿਆ (ਸੰਸਦ ਉੱਪਰ ਹਮਲਾ ਕਰਨ ਵਾਲੇ ਪੰਜ ਲੋਕਾਂ ਵਿਚੋਂ ਇਕ ਦੀ ਸ਼ਨਾਖਤ ਪੁਲਿਸ ਨੇ ਮੁਹੰਮਦ ਵਜੋਂ ਕੀਤੀ ਸੀ। ਇਨ੍ਹਾਂ ਪੰਜਾਂ ਨੂੰ ਸੁਰੱਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ।)। 'ਦਿੱਲੀ ਵਿੱਚ ਸਾਡੇ ਕੋਲ ਦਵਿੰਦਰ ਸਿੰਘ ਦੇ ਫੋਨ ਆਉਂਦੇ ਹੀ ਰਹਿੰਦੇ ਸਨ। ਮੁਹੰਮਦ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਸੀ। ਕਾਰ ਖਰੀਦਣ ਤੋਂ ਬਾਅਦ ਉਸ ਨੇ ਮੇਰੇ ਵਾਪਸ ਜਾਣ ਲਈ ਕਿਹਾ ਅਤੇ 35 ਹਜ਼ਾਰ ਰੁਪਏ ਵੀ ਦਿੱਤੇ। ਉਸ ਨੇ ਕਿਹਾ ਕਿ ਇਹ ਤੇਰੇ ਲਈ ਤੋਹਫ਼ਾ ਹੈ। ਈਦ ਲਈ ਮੈਂ ਕਸ਼ਮੀਰ ਚਲਾ ਗਿਆ। ਸ੍ਰੀਨਗਰ ਅੱਡੇ ਤੇ ਪਹੁੰਚਦਿਆਂ ਹੀ ਮੈਨੂੰ ਗ੍ਰਿਫ਼ਤਾਰ ਕਰ ਕੇ ਪਰੀਮਪੋਰਾ ਥਾਣੇ ਲੈ ਗਏ। ਤਸੀਹਿਆਂ ਦਾ ਦੌਰ ਫਿਰ ਸ਼ੁਰੂ ਹੋਇਆ। ਐਸ.ਟੀ.ਐਫ. ਹੈੱਡਕੁਆਟਰ ਤੋਂ ਮੈਨੂੰ ਦਿੱਲੀ ਲੈ ਆਏ ਦਿੱਲੀ ਪੁਲਿਸ ਦੇ ਤਸੀਹਾ ਸੈਂਟਰ ਵਿੱਚ ਮੈਂ ਉਹਨਾਂ ਨੂੰ ਜੋ ਕੁਝ ਮੈਨੂੰ ਮੁਹੰਮਦ ਬਾਰੇ ਪਤਾ ਸੀ, ਸਭ ਦੱਸ ਦਿੱਤਾ। ਪਰ ਉਹ ਜ਼ੋਰ ਦੇ ਰਹੇ ਸਨ ਕਿ ਮੈਂ ਇਹ ਕਹਾਂ ਕਿ ਇਸ ਮਾਮਲੇ ਵਿਚ ਮੇਰੇ ਚਾਚੇ ਦਾ ਮੁੰਡਾ ਸ਼ੌਕਤ, ਉਸ ਦੀ ਪਤਨੀ ਨਵਜੋਤ, ਐਸ.ਏ.ਆਰ. ਗਿਲਾਨੀ ਤੇ ਮੈਂ ਸ਼ਾਮਿਲ ਸਾਂ। ਉਹ ਚਾਹੁੰਦੇ ਸਨ ਕਿ ਮੈਂ ਮੀਡੀਆ ਦੇ ਸਾਹਮਣੇ ਇਹ ਬਿਆਨ ਦੇਵਾਂ। ਮੈਂ ਵਿਰੋਧ ਕੀਤਾ। ਪਰ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਉਹਨਾਂ ਦੇ ਕਬਜ਼ੇ ਵਿਚ ਹੈ ਤੇ ਉਹ (ਪੁਲਸ) ਮੇਰੇ ਪਰਿਵਾਰ ਨੂੰ ਮਾਰ ਦੇਣਗੇ ਤਾਂ ਮੇਰੇ ਕੋਲ ਉਹਨਾਂ ਦੀ ਗੱਲ ਮੰਨਣ ਤੋਂ ਬਿਨ੍ਹਾਂ ਦਜਾ ਕੋਈ ਰਸਤਾ ਨਹੀਂ ਬਚਿਆ। ਮੇਰੇ ਤੋਂ ਕੋਰੇ ਕਾਗਜ਼ਾਂ ’ਤੇ ਸਾਈਨ ਕਰਵਾਏ ਗਏ ਤੇ ਮੀਡੀਆ ਨੂੰ, ਜੋ ਪੁਲਸ ਨੇ ਕਿਹਾ ਸੀ, ਉਹੀ ਕਹਿਣ ਲਈ ਤੇ ਹਮਲੇ ਬਾਰੇ ਆਪਣੀ ਜਿੰਮੇਵਾਰੀ ਕਬੂਲਨ ਲਈ ਮਜ਼ਬੂਰ ਕੀਤਾ ਗਿਆ। ਜਦ ਇੱਕ ਪੱਤਰਕਾਰ ਨੇ ਮੈਨੂੰ ਐਸ.ਏ.ਆਰ. ਗਿਲਾਨੀ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਗਿਲਾਨੀ ਬੇਕਸੂਰ ਹੈ। ਐਸ.ਪੀ. ਰਾਜਬੀਰ ਸਿੰਘ ਸਾਰੇ ਮੀਡੀਆ ਦੇ ਸਾਹਮਣੇ ਮੇਰੇ ਉੱਤੇ ਚੀਕਿਆ ਕਿ ਮੈਂ ਸਿਖਾਈਆਂ ਗਈਆਂ ਗੱਲਾਂ ਤੋਂ ਅੱਡ ਕੁਝ ਵੀ ਕਿਉਂ ਕਿਹਾ। ਉਹ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ ਕਿਉਂਕਿ ਮੈਂ ਉਹਨਾਂ ਦੀ ਕਹਾਣੀ ਬਦਲ ਦਿੱਤੀ ਸੀ। ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਿਲਾਨੀ ਦੀ ਬੇਗੁਨਾਹੀ ਬਾਰੇ ਕਹੀ ਮੇਰੀ ਗੱਲ ਨੂੰ ਉਹ ਅੱਗੇ ਨਾ ਲਿਆਉਣ। ਅਗਲੇ ਦਿਨ ਰਾਜਬੀਰ ਸਿੰਘ ਨੇ ਮੇਰੀ ਗੱਲ ਮੇਰੀ ਪਤਨੀ ਨਾਲ ਕਰਵਾਈ ਤੇ ਨਾਲ ਕਿਹਾ ਕਿ ਜੇ ਮੈਂ ਉਹਨਾਂ ਨੂੰ ਜਿਉਂਦੇ ਦੇਖਣਾ ਚਾਹੁੰਦਾ ਹਾਂ ਤਾਂ ਮੈਂ ਪੁਲਸ ਨਾਲ ਸਹਿਯੋਗ ਕਰਾਂ। ਪਰਿਵਾਰ ਦੀ ਜਾਨ ਬਚਾਉਣ ਲਈ ਉਹਨਾਂ ਦੀਆਂ ਗੱਲਾਂ ਮੰਨਣਾ ਮੇਰੇ ਲਈ ਆਖਰੀ ਰਸਤਾ ਸੀ। ਕੁਝ ਅਫ਼ਸਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਮੇਰਾ ਕੇਸ ਕਮਜ਼ੋਰ ਕਰ ਦੇਣਗੇ ਜਿਸ ਨਾਲ ਮੈਂ ਕੁਝ ਦੇਰ ਪਿੱਛੋਂ ਛੁੱਟ ਜਾਵਾਂਗਾ।
ਸੰਸਦ ਉੱਤੇ ਹਮਲੇ ਦੇ ਮਾਸਟਰ ਮਾਈਂਡ ਲੱਭਣ ਵਿੱਚ ਆਪਣੀ ਕਮਜ਼ੋਰੀ ਲਕੋਣ ਲਈ ਪੁਲਸ ਨੇ ਮੈਨੂੰ ਬਲੀ ਦਾ ਬਕਰਾ ਬਣਾ ਦਿੱਤਾ। ਆਮ ਜਨਤਾ ਨੂੰ ਬੇਵਕੂਫ ਬਣਾਇਆ ਗਿਆ। ਲੋਕ ਅਜੇ ਤੱਕ ਇਹ ਨਹੀਂ ਜਾਣਦੇ ਕਿ ਸੰਸਦ ਉੱਤੇ ਹਮਲਾ ਕਰਵਾਉਣ ਦਾ ਵਿਚਾਰ ਕਿਸਦਾ ਸੀ। ਮੈਨੂੰ ਇਸ ਮਾਮਲੇ ਵਿਚ ਕਸ਼ਮੀਰ ਦੀ ਐਸ.ਟੀ.ਐਫ. ਨੇ ਫਸਾਇਆ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੈਨੂੰ ਦਬੋਚ ਲਿਆ।
ਮੀਡੀਆ ਨੇ ਵਾਰ-ਵਾਰ ਉਹ ਟੇਪ(ਸੰਸਦ ਉੱਤੇ ਹਮਲੇ ਦੀ) ਵਿਖਾਈ। ਪੁਲਸ ਅਫ਼ਸਰਾਂ ਨੇ ਇਨਾਮ ਹਾਸਲ ਕੀਤੇ ਤੇ ਮੈਨੂੰ ਸਜਾਏ ਮੌਤ ਮਿਲੀ।
ਪ੍ਰ. ਤੁਸੀਂ ਆਪਣਾ ਕਾਨੂੰਨੀ ਬਚਾ ਕਿਉਂ ਨਹੀਂ ਕੀਤਾ?
ੳ. ਮੈਂ ਕੀਹਦਾ ਮੂੰਹ ਵੇਖਦਾ। ਮੁਕੱਦਮੇ ਦੇ ਪਹਿਲੇ ਛੇ ਮਹੀਨੇ ਮੈਂ ਆਪਣੇ ਘਰ ਵਾਲਿਆਂ ਦੀ ਸ਼ਕਲ ਨਹੀਂ ਵੇਖੀ ਤੇ ਫੇਰ ਜੇ ਮੈਂ ਉਹਨਾਂ ਨੂੰ ਪਟਿਆਲਾ ਕੋਰਟ ਵਿੱਚ ਮਿਲਿਆ ਵੀ ਤਾਂ ਕੁਝ ਪਲਾਂ ਲਈ। ਮੇਰੇ ਲਈ ਵਕੀਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੇਸ਼ ਵਿੱਚ ਕਾਨੂੰਨੀ ਸਹਾਇਤਾ ਮੂਲ ਅਧਿਕਾਰ ਹੈ, ਇਸ ਲਈ ਮੈਂ ਆਪਣੀ ਪੈਰਵੀ ਕਰਨ ਲਈ ਚਾਰ ਵਕੀਲਾਂ ਦੇ ਨਾਮ ਦਿੱਤੇ। ਪਰ ਜੱਜ ਐਸ.ਐਨ. ਢੀਂਗਰਾ ਨੇ ਕਿਹਾ ਕਿ ਚਾਰਾਂ ਨੇ ਮੇਰੀ ਪੈਰਵੀਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਲਤ ਨੇ ਜੋ ਵਕੀਲ ਮੈਨੂੰ ਦਿੱਤੀ, ਉਹ ਠੀਕ ਕੰਮ ਨਹੀਂ ਕਰ ਰਹੀ ਸੀ। ਉਸ ਨੇ ਮੇਰੇ ਤੋਂ ਸੱਚਾਈ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਫੇਰ ਉਹ ਇਸੇ ਕੇਸ ਨਾਲ ਜੁੜੇ ਕਿਸੇ ਦੂਜੇ ਮੁਜ਼ਰਿਮ ਦਾ ਕੇਸ ਵੇਖਣ ਲੱਗ ਪਈ। ਇਹ ਹੈ ਮੇਰਾ ਕੇਸ, ਜੋ ਮੁਕੱਦਮੇ ਦੇ ਸਭ ਤੋਂ ਮਹੱਤਵਪੂਰਨ ਦੌਰ ਵਿੱਚ ਪੂਰੀ ਤਰ੍ਹਾਂ ਬਿਨ੍ਹਾਂ ਪੈਰਵੀਂ ਤੋਂ ਰਿਹਾ। ਸੱਚ ਇਹ ਹੈ ਕਿ ਮੇਰਾ ਕੋਈ ਵਕੀਲ ਨਹੀਂ ਸੀ ਤੇ ਇਹੋ ਜਹੇ ਕਿਸੇ ਮਾਮਲੇ ਵਿਚ ਵਕੀਲ ਨਾ ਹੋਣ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ। ਜੇ ਮੈਨੂੰ ਫਾਂਸੀ ਦੇਣੀ ਹੀ ਸੀ ਤਾਂ ਏਨੀ ਲੰਬੀ ਕਾਨੂੰਨੀ ਪ੍ਰਕ੍ਰਿਆ ਦੀ ਕੀ ਲੋੜ ਸੀ, ਜੋ ਕਿ ਮੇਰੇ ਲਈ ਪੂਰੀ ਤਰ੍ਹਾਂ ਬੇਈਮਾਨੀ ਸੀ।
ਪ੍ਰ. ਤੁਸੀਂ ਦੁਨੀਆਂ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ?
ੳ. ਮੈਂ ਕੋਈ ਵਿਸ਼ੇਸ਼ ਅਪੀਲ ਨਹੀਂ ਕਰਨੀ। ਜੋ ਕੁਝ ਕਹਿਣਾ ਸੀ, ਉਹ ਮੈਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਆਪਣੀ ਅਪੀਲ ਵਿਚ ਕਹਿ ਚੁੱਕਾ ਹਾਂ। ਮੇਰੀ ਤਾਂ ਸਧਾਰਨ ਜਹੀ ਸਿਰਫ ਇਹੀ ਅਪੀਲ ਹੈ ਕਿ ਅੰਨ੍ਹੀ ਦੇਸ਼ਭਗਤੀ ਤੇ ਗ਼ਲਤ ਨਜ਼ਰੀਏ ਦੇ ਆਧਾਰ ’ਤੇ ਆਪਣੇ ਸਾਥੀ ਦੇਸ਼ ਵਾਸੀਆਂ ਦੇ ਅਧਿਕਾਰਾਂ ਨੂੰ ਨਾ ਕੁਚਲੋ। ਮੈਂ ਐਸ.ਏ.ਆਰ. ਗਿਲਾਨੀ ਦੀ ਗੱਲ ਨੂੰ ਹੀ ਦੁਹਰਾਵਾਂਗਾ, ਜੋ ਉਸ ਨੇ ਟਰਾਇਲ ਕੋਰਟ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਕਹੀ ਸੀ, ਉਸਨੇ ਕਿਹਾ ਸੀ, “ਅਮਨ ਇਨਸਾਫ ਨਾਲ ਆਉਂਦਾ ਹੈ। ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ।” ਸ਼ਾਇਦ ਹੁਣ ਮੈਂ ਵੀ ਇਹੀ ਕਹਿਣਾ ਚਾਹੂੰਗਾ। ਤੁਸੀਂ ਮੈਨੂੰ ਫਾਂਸੀ ਦੇਣਾ ਚਾਹੁੰਦੇ ਹੋ, ਤਾਂ ਦੇ ਦਿਉ, ਪਰ ਯਾਦ ਰੱਖੋ ਕਿ ਇਹ ਹਿੰਦੋਸਤਾਨ ਦੀ ਨਿਆ ਪਾਲਿਕਾ ਦੇ ਮੱਥੇ ਤੇ ਕਲੰਕ ਹੋਵੇਗਾ।
ਪ੍ਰ. ਜ਼ੇਲ ਵਿਚ ਕੀ ਹਾਲਤ ਹੈ?
ੳ. ਮੈਨੂੰ ਹਾਈ ਰਿਸਕ ਸੈੱਲ ਵਿੱਚ ਇਕੱਲੇ ਨੂੰ ਰੱਖਿਆ ਗਿਆ ਹੈ। ਦੁਪਹਿਰ ਵੇਲੇ ਕੁਝ ਸਮੇਂ ਲਈ ਮੈਨੂੰ ਕੋਠੀ ਤੋਂ ਬਾਹਰ ਕੱਢਿਆ ਜਾਂਦਾ ਹੈ। ਨਾ ਰੇਡੀਓ, ਨਾ ਟੀ.ਵੀ.। 'ਅਖ਼ਬਾਰ ਜਿਹੜੇ ਮੈਂ ਮੰਗਵਾਉਂਦਾ ਹਾਂ, ਉਹ ਪਾਟੇ ਹੋਏ ਮਿਲਦੇ ਹਨ। ਮੇਰੇ ਬਾਰੇ ਕੋਈ ਖ਼ਬਰ ਲੱਗੀ ਹੋਵੇ ਤਾਂ ਅਖ਼ਬਾਰ ਦਾ ਉਹ ਹਿੱਸਾ ਕੱਟ ਲਿਆ ਜਾਂਦਾ ਹੈ।
ਪ੍ਰ. ਆਪਣੇ ਭਵਿੱਖ ਬਾਰੇ ਅਨਿਸਚਿਤਤਾ ਤੋਂ ਬਿਨ੍ਹਾਂ ਤੁਹਾਡੀ ਸਭ ਤੋਂ ਵੱਡੀ ਫ਼ਿਕਰ ਕੀ ਹੈ?
ੳ. ਹਾਂ, ਮੈਨੂੰ ਬਹੁਤ ਸਾਰੇ ਫ਼ਿਕਰ ਹਨ। ਅਨੇਕਾਂ ਜ਼ੇਲ੍ਹਾਂ ਵਿੱਚ ਸੈਂਕੜੇ ਕਸ਼ਮੀਰੀ ਬੰਦ ਹਨ, ਬਿਨ੍ਹਾਂ ਵਕੀਲ, ਬਿਨ੍ਹਾਂ ਮੁਕੱਦਮੇ ਤੇ ਬਿਨ੍ਹਾਂ ਕਿਸੇ ਹੱਕ ਦੇ। ਕਸ਼ਮੀਰ ਦੀਆਂ ਸੜਕਾਂ ’ਤੇ ਚੱਲ ਰਹੇ ਆਮ ਆਦਮੀਂ ਦੀ ਜ਼ਿੰਦਗੀ ਵੀ ਕੈਦੀਆਂ ਨਾਲੋਂ ਕੁਝ ਵੱਖਰੀ ਨਹੀਂ।
ਵਾਦੀ ਆਪਣੇ ਆਪ ਵਿੱਚ ਇਕ ਖੁਲ੍ਹੀ ਜ਼ੇਲ ਹੈ ਇਨ੍ਹੀਂ ਦਿਨੀਂ ਤਾਂ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ ਵੀ ਬਾਹਰ ਆ ਰਹੀਆਂ ਹਨ, ਪਰ ਇਹ ਤਾਂ ਇੱਕ ਬਹੁਤ ਵੱਡੇ ਬਰਫੀਲੇ ਪਹਾੜ ਦੀ ਚੋਟੀ ਮਾਤਰ ਹੈ। ਕਸ਼ਮੀਰ ਵਿੱਚ ਉਹ ਸਭ ਕੁਝ ਹੋ ਰਿਹਾ ਹੈ ਜੋ ਤੁਸੀਂ ਇੱਕ ਸਭਿਅਕ ਦੇਸ਼ ਵਿੱਚ ਕਦੇ ਦੇਖਣਾ ਨਹੀਂ ਚਾਹੋਗੇ। ਕਸ਼ਮੀਰੀ ਜ਼ੁਲਮ ਦਾ ਸਾਹ ਲੈਂਦੇ ਹਨ, ਅਨਿਆਂ ਵਿੱਚ ਜਿਉਂਦੇ ਹਨ।
(ਇੱਕ ਪਲ ਲਈ ਉਹ ਰੁਕਿਆ)
ਇਸ ਤੋਂ ਬਿਨ੍ਹਾਂ ਵੀ ਕਈ ਗੱਲਾਂ ਮੇਰੇ ਦਿਮਾਗ਼ ਵਿੱਚ ਆਉਂਦੀਆਂ ਹਨ। ਬੇ-ਘਰ-ਬਾਰ ਹੋਏ ਕਿਸਾਨ, ਉਹ ਦੁਕਾਨਦਾਰ, ਜਿਨ੍ਹਾਂ ਦੀਆਂ ਦੁਕਾਨਾਂ ਦਿੱਲੀ ਵਿੱਚ ਸੀਲ ਹੋ ਗਈਆਂ ਹਨ, ਵਗੈਰਾ-ਵਗੈਰਾ……। 'ਅਨਿਆਂ ਦੇ ਕਿੰਨੇ ਹੀ ਚਿਹਰੇ ਤੁਸੀਂ ਵੇਖ ਸਕਦੇ ਹੋ, ਪਛਾਣ ਵੀ ਸਕਦੇ ਹੋ, ਕੀ ਇਹ ਸਭ ਝੂਠ ਹੈ?
ਕਦੀ ਸੋਚਿਆ ਹੈ ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਜੋ ਇਸ ਸਭ ਨਾਲ ਪ੍ਰਭਾਵਿਤ ਹੋਣਗੇ ਉਨ੍ਹਾਂ ਦੀ ਰੋਜ਼ੀ ਰੋਟੀ ਉਨ੍ਹਾਂ ਦੇ ਪ੍ਰੀਵਾਰਾਂ.....?
ਇਹ ਸਭ ਗੱਲਾਂ ਵੀ ਮੈਨੂੰ ਫ਼ਿਕਰਮੰਦ ਕਰਦੀਆਂ ਹਨ।
(ਫਿਰ ਕੁਝ ਪਲਾਂ ਦੀ ਖਮੋਸ਼ੀ)
ਅਤੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ, ਸੱਦਾਮ ਹੁਸੈਨ ਦੀ ਫਾਂਸੀ ਦੀ ਖ਼ਬਰ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇਨ੍ਹੇ ਖੁਲ੍ਹੇਆਮ ਅਤੇ ਬੇਹਯਾਈ ਨਾਲ ਬੇਇਨਸਾਫੀ ਹੋਈ ਹੈ। ਇਰਾਕ, ਮੈਸੋਪਟਾਮੀਆਂ ਦੀ ਧਰਤੀ, ਦੁਨੀਆਂ ਦੀ ਸਭ ਤੋਂ ਅਮੀਰ ਸਭਿਅਤਾ, ਜਿਸ ਨੇ ਗਣਿਤ ਦਾ ਗਿਆਨ ਦਿੱਤਾ। 60 ਮਿੰਟ ਦੀ ਘੜੀ, 24 ਘੰਟੇ ਦਾ ਦਿਨ ਦਿੱਤਾ, ਉਸ ਨੂੰ ਅਮਰੀਕੀ ਧੂੜ ਵਿੱਚ ਮਿਲਾ ਰਹੇ ਹਨ। ਅਸਲ ਵਿੱਚ ਅਮਰੀਕੀ ਦੂਜੀਆਂ ਸਾਰੀਆਂ ਸੱਭਿਅਤਾਵਾਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਹੁਣ ਇਹ ਅਖੌਤੀ ਅਤਿਵਾਦ ਦੇ ਖਿਲਾਫ਼ ਜੰਗ ਸਿਰਫ਼ ਨਫ਼ਰਤ ਵਧਾਏਗੀ ਅਤੇ ਬਰਬਾਦੀ ਹੀ ਕਰੇਗੀ। ਮੈਂ ਤਾਂ ਕਹਿੰਦਾ ਹੀ ਜਾਵਾਂਗਾ ਕਿ ਮੈਨੂੰ ਕੀ ਕੀ ਫ਼ਿਕਰ ਹੈ।
ਪ੍ਰ. ਅੱਜ ਕੱਲ੍ਹ ਕੀ ਪੜ੍ਹ ਰਹੇ ਹੋ?
ੳ. ਹੁਣੇ ਅਰੁੰਧਤੀ ਰਾਇ ਨੂੰ ਪੜ੍ਹ ਕੇ ਹਟਿਆ ਹਾਂ। ਹੁਣ ਹੋਂਦ ਦੇ ਸੰਘਰਸ਼ ਉੱਤੇ ਸਾਰਤਰ ਦੀ ਕਿਤਾਬ ਪੜ੍ਹ ਰਿਹਾ ਹਾਂ। ਜੇਲ੍ਹ ਦੀ ਲਾਇਬ੍ਰੇਰੀ ਕੋਈ ਬਹੁਤੀ ਚੰਗੀ ਨਹੀਂ। ਇਸ ਲਈ ਮੈਨੂੰ ਨਜ਼ਰਬੰਦਾਂ ਅਤੇ ਕੈਦੀਆਂ ਦੇ ਅਧਿਕਾਰਾਂ ਲਈ ਬਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਕਿਤਾਬ ਮੰਗਵਾਉਣ ਲਈ ਬੇਨਤੀ ਕਰਨੀ ਪੈਂਦੀ ਹੈ।
ਪ੍ਰ. ਤੁਹਾਡੇ ਬਚਾਅ ਲਈ ਇੱਕ ਮੁਹਿੰਮ ਚੱਲ ਰਹੀ ਹੈ.......
ੳ. ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਅਹਿਸਾਨ-ਮੰਦ ਵੀ ਹਾਂ ਕਿ ਹਜ਼ਾਰਾਂ ਲੋਕ ਸਾਹਮਣੇ ਆ ਕੇ ਕਹਿ ਰਹੇ ਹਨ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਹੈ। ਵਕੀਲ, ਵਿਦਿਆਰਥੀ, ਲੇਖਕ, ਬੁੱਧੀਜੀਵੀ ਅਤੇ ਬਾਕੀ ਲੋਕ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾ ਕੇ ਵੱਡਾ ਕੰਮ ਕਰ ਰਹੇ ਹਨ।
ਸ਼ੁਰੂ ਵਿੱਚ, 2001 ਵਿੱਚ ਮੁਕੱਦਮੇ ਦੇ ਸ਼ੁਰੂਆਤੀ ਦਿਨਾਂ ਦੇ ਹਾਲਾਤ ਐਸੇ ਸਨ ਕਿ ਇਨਸਾਫ਼ ਪਸੰਦ ਲੋਕਾਂ ਲਈ ਅੱਗੇ ਆਉਣਾ ਨਾ ਮੁਮਕਿਨ ਸੀ। ਜਦੋਂ ਹਾਈਕੋਰਟ ਨੇ ਐਸ.ਏ.ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਤਾਂ ਲੋਕਾਂ ਨੇ ਪੁਲਿਸ ਦੀ ਕਹਾਣੀ ’ਤੇ ਸਵਾਲ ਉਠਾਉਣੇ ਸ਼ੁਰੁ ਕੀਤੇ ਅਤੇ ਜਿਵੇਂ-2 ਲੋਕਾਂ ਨੂੰ ਮੁਕੱਦਮੇ ਦੇ ਬਿਊਰੇ ਅਤੇ ਤੱਥਾਂ ਦੀ ਜਾਣਕਾਰੀ ਹੁੰਦੀ ਗਈ ਤਾਂ ਉਨ੍ਹਾਂ ਨੂੰ ਸਰਕਾਰੀ ਝੂਠ ਦਾ ਪਰਲਾ ਪਾਸਾ ਦਿਖਾਈ ਦੇਣ ਲੱਗਾ। ਫਿਰ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ। ਇਹ ਸੁਭਾਵਿਕ ਸੀ ਕਿ ਇਨਸਾਫ ਪਸੰਦ ਲੋਕ ਬੋਲਣਗੇ ਅਤੇ ਕਹਿਣਗੇ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਤੇ ਇਹ ਸੱਚ ਵੀ ਹੈ।
ਪ੍ਰ. ਤੁਹਾਡੇ ਪਰਵਾਰਿਕ ਮੈਂਬਰਾਂ ਦੀ ਇਸ ਕੇਸ ਬਾਰੇ ਵਿਰੋਧੀ ਰਾਇ ਕਿਉਂ ਹੈ?
ੳ. ਮੇਰੀ ਪਤਨੀ ਨੇ ਹਮੇਸ਼ਾ ਕਿਹਾ ਹੈ ਕਿ ਮੈਨੂੰ ਇਸ ਕੇਸ ਵਿੱਚ ਗਲਤ ਫਸਾ ਲਿਆ ਗਿਆ ਹੈ। ਉਸ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਐਸ.ਟੀ.ਐਫ. ਨੇ ਮੇਰੇ ਉੱਤੇ ਅੰਨਾ ਤਸ਼ੱਦਦ ਢਾਇਆ ਅਤੇ ਮੈਨੂੰ ਇੱਕ ਆਮ ਜ਼ਿੰਦਗੀ ਨਹੀਂ ਜਿਉਣ ਦਿੱਤੀ। ਉਹ ਇਹ ਵੀ ਜਾਣਦੀ ਹੈ ਕਿ ਉਨ੍ਹਾਂ ਨੇ ਮੈਨੂੰ ਕਿਸ ਤਰ੍ਹਾਂ ਇਸ ਕੇਸ ਵਿੱਚ ਫਸਾਇਆ। ਉਹ ਚਾਹੁੰਦੀ ਹੈ ਕਿ ਮੈਂ ਸਾਡੇ ਪੁੱਤਰ ਗਾਲਿਬ ਨੂੰ ਵੱਡਾ ਹੁੰਦਾ ਦੇਖਾਂ। ਮੇਰਾ ਇਕ ਵੱਡਾ ਭਰਾ ਹੈ ਜੋ ਜ਼ਾਹਿਰ ਹੈ ਕਿ ਐਸ.ਟੀ.ਐਫ. ਦੇ ਦਬਾ ਕਰਕੇ ਮੇਰੇ ਵਿਰੁੱਧ ਬੋਲ ਰਿਹਾ ਹੈ। ਇਹ ਬਦਕਿਸਮਤੀ ਹੈ ਕਿ ਉਹ ਇਸ ਤਰ੍ਹਾਂ ਕਰ ਰਿਹਾ ਹੈ। ਮੈਂ ਤਾਂ ਇਹ ਹੀ ਕਹਿ ਸਕਦਾ ਹਾਂ।
ਵੇਖੋ ਅੱਜ ਕਸ਼ਮੀਰ ਦੀ ਸਚਾਈ ਇਹ ਹੈ, ਜਿਸ ਨੂੰ ਤੁਸੀਂ ਕਾਊਂਟਰ ਇਨਸਰਜੈਂਸੀ ਓਪਰੇਸ਼ਨ ਕਹਿੰਦੇ ਹੋ, ਉਹ ਕੋਈ ਵੀ ਗੰਦੀ ਸ਼ਕਲ ਅਖ਼ਤਿਆਰ ਕਰ ਸਕਦੇ ਹਨ। ਉਹ ਭਰਾ ਨੂੰ ਭਰਾ ਦੇ ਖਿਲਾਫ਼ ਤੇ ਗੁਆਂਢੀ ਨੂੰ ਗੁਆਂਢੀ ਦੇ ਖਿਲਾਫ਼ ਖੜ੍ਹਾ ਕਰ ਸਕਦੇ ਹਨ। ਆਪਣੀਆਂ ਗੰਦੀਆਂ ਚਾਲਾਂ ਦੇ ਨਾਲ ਉਹ ਸਮਾਜ ਨੂੰ ਤੋੜ ਰਹੇ ਹਨ। ਜਿੱਥੋਂ ਤੱਕ ਮੁਹਿੰਮ ਦਾ ਸਵਾਲ ਹੈ ਮੈਂ ਗਿਲਾਨੀ ਅਤੇ ਬਾਕੀ ਕਾਰਕੁੰਨਾਂ ਦੁਆਰਾ ਚਲਾਈ ਜਾ ਰਹੀ ਨਜ਼ਰਬੰਦਾਂ ਤੇ ਕੈਦੀਆਂ ਦੇ ਅਧਿਕਾਰਾਂ ਦੇ ਕਮੇਟੀ ਨੂੰ ਗੁਜਾਰਿਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਲਈ ਆਗਾਹ ਕੀਤਾ ਸੀ।
ਪ੍ਰ. ਜਦੋਂ ਤੁਸੀਂ ਆਪਣੇ ਬੇਟੇ ਗਾਲਿਬ ਅਤੇ ਪਤਨੀ ਤਬੱਸੁਮ ਬਾਰੇ ਸੋਚਦੇ ਹੋ ਤਾਂ ਦਿਮਾਗ਼ ਵਿਚ ਕੀ ਆਉਂਦਾ ਹੈ?
ੳ. ਇਸ ਸਾਲ ਸਾਡੇ ਨਿਕਾਹ ਨੂੰ ਦਸ ਸਾਲ ਹੋ ਜਾਣਗੇ। ਅੱਧਾ ਸਮਾਂ ਤਾਂ ਮੇਰਾ ਜ਼ੇਲ ਵਿੱਚ ਹੀ ਬਤਿਆ ਹੈ ਤੇ ਓਦੂ ਪਹਿਲਾਂ ਵੀ, ਬਹੁਤ ਵਾਰ ਮੈਨੂੰ ਕਸ਼ਮੀਰ ਵਿਚ ਹਿੰਦੋਸਤਾਨੀ ਫੋਰਸਾਂ ਨੇ ਨਜ਼ਰਬੰਦ ਰੱਖਿਆ ਤੇ ਤਸੀਹੇ ਦਿੱਤੇ। ਤਬੱਸੁਮ ਮੇਰੇ ਜਿਸਮਾਨੀ ਤੇ ਦਿਮਾਗ਼ੀ ਜ਼ਖ਼ਮਾਂ ਦੀ ਗਵਾਹ ਹੈ। ਕਈ ਵਾਰ ਜਦੋਂ ਮੈਂ ਪੁਲਸ ਦੇ ਬੁੱਚੜ-ਖਾਨਿਆਂ ਵਿਚੋਂ ਮੁੜਦਾ ਤਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਅਨੇਕ ਤਰ੍ਹਾਂ ਦੇ ਜ਼ੁਲਮ ਹੋਏ। ਗੁਪਤ ਅੰਗਾਂ ਤੇ ਵੀ ਕਰੰਟ ਲਗਾਏ ਗਏ। ਏਸ ਮੁਸ਼ਕਿਲ ਵਕਤ ਵਿਚ ਤਬੱਸੁਮ ਨੇ ਮੈਨੂੰ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ। ਅਸੀਂ ਚੈਨ ਦੀ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਮਾਣਿਆ। ਅਣਗਿਣਤ ਕਸ਼ਮੀਰੀ ਜੋੜਿਆਂ ਦੀ ਇਹੀ ਕਹਾਣੀ ਹੈ। ਹਰੇਕ ਕਸ਼ਮੀਰੀ ਘਰ ਵਿਚ ਇੱਕ ਡਰ ਦਾ ਪਰਛਾਵਾਂ ਹਰ ਵਕਤ ਮੰਡਰਾਉਂਦਾ ਰਹਿੰਦਾ ਹੈ। ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਬਹੁਤ ਖੁਸ਼ ਸੀ। ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਨਾਮ ’ਤੇ ਅਸੀਂ ਉਸ ਦਾ ਨਾਂ ਰੱਖਿਆ। ਮੇਰੀ ਰੀਝ ਸੀ ਕਿ ਮੈਂ ਉਸਨੂੰ ਵੱਡੇ ਹੁੰਦੇ ਵੇਖਾਂ। ਪਰ ਮੈਂ ਉਸ ਨਾਲ ਬਹੁਤ ਘੱਟ ਰਹਿ ਸਕਿਆ। ਉਸਦੇ ਦੂਜੇ ਜਨਮ ਦਿਨ ਤੇ ਹੀ ਮੈਨੂੰ ਇਸ ਕੇਸ ਵਿੱਚ ਫਸਾ ਦਿੱਤਾ ਗਿਆ।
ਪ੍ਰ. ਤੁਸੀਂ ਕੀ ਚਾਹੁੰਦੇ ਹੋ ਕਿ ਉਹ ਵੱਡਾ ਹੋ ਕਿ ਕੀ ਬਣੇ?
ੳ. ਪੇਸ਼ੇਵਰ ਤੌਰ ’ਤੇ ਪੁੱਛ ਰਹੇ ਹੋ ਤਾਂ ਡਾਕਟਰ ਕਿਉਂਕਿ ਇਹ ਮੇਰਾ ਅਧੂਰਾ ਸੁਪਨਾ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਬੇਖੌਫ ਵੱਡਾ ਹੋਵੇ। ਮੈਂ ਚਾਹੁੰਦਾ ਹਾਂ ਕਿ ਉਹ ਬੇਇਨਸਾਫ਼ੀ ਦੇ ਖਿਲਾਫ ਆਵਾਜ ਉਠਾਵੇ। ਮੈਨੂੰ ਯਕੀਨ ਹੈ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੇਇਨਸਾਫੀ ਦੀ ਕਹਾਣੀ ਮੇਰੀ ਪਤਨੀ ਤੇ ਬੇਟੇ ਤੋਂ ਬਿਹਤਰ ਕੌਣ ਸਮਝ ਸਕਦਾ ਹੈ।
ਪ੍ਰ. ਕਸ਼ਮੀਰ ਮੁੱਦੇ ਨੂੰ.... ਤੁਹਾਡੇ ਖਿਆਲ ਨਾਲ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
ੳ. ਸਭ ਤੋਂ ਪਹਿਲਾਂ ਤਾਂ ਸਰਕਾਰ ਕਸ਼ਮੀਰੀ ਅਵਾਮ ਪ੍ਰਤੀ ਸੰਜੀਦਾ ਹੋਵੇ ਤੇ ਫੇਰ ਉਹ ਕਸ਼ਮੀਰ ਦੇ ਅਸਲੀ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ। ਮੇਰਾ ਯਕੀਨ ਕਰੋ, ਕਸ਼ਮੀਰ ਦੇ ਅਸਲੀ ਪ੍ਰਤੀਨਿਧ ਇਸ ਮਸਲੇ ਨੂੰ ਸੁਲਝਾ ਸਕਦੇ ਹਨ। ਪਰ ਜੇ ਸਰਕਾਰ ਆਪਣੇ ਕੀਤੇ ਜਾ ਰਹੇ ਉਪਾਵਾਂ (ਜਿਹਨਾਂ ਵਿਚ ਜਿਆਦਾਤਰ ਅਣਮਨੁੱਖੀ ਹਨ) ਨਾਲ ਹੀ ਸ਼ਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਇਸ ਸਮੱਸਿਆ ਦਾ ਹੱਲ ਕਦੇ ਨਹੀ ਹੋਵੇਗਾ। ਹੁਣ ਸਮਾਂ ਹੈ ਕਿ ਇਸ ਮਸਲੇ ਤੇ ਸੰਜੀਦਗੀ ਵਿਖਾਈ ਜਾਵੇ।
ਪ੍ਰ. ......ਤੇ ਉਹ ਅਸਲੀ ਪ੍ਰਤਨਿਧ ਕੌਣ ਹਨ?
ੳ. ਕਸ਼ਮੀਰੀ ਅਵਾਮ ਦੇ ਜਜ਼ਬਾਤ ਤੋਂ ਪਤਾ ਲਗਾਓ। ਮੈਂ ਕਿਸੇ ਵਿਅਕਤੀ ਦਾ ਨਾਮ ਨਹੀਂ ਲਵਾਂਗਾ। ਮੈਂ ਹਿੰਦੋਸਤਾਨੀ ਮੀਡੀਆਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਹਾਂ, ਤੁਸੀਂ ਪ੍ਰਾਪੇਗੰਡਾ ਦਾ ਜ਼ਰੀਆ ਨਾ ਬਣੋ। ਸੱਚਾਈ ਦੱਸੋ। ਆਪਣੀ ਲੱਛੇਦਾਰ ਭਾਸ਼ਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਖ਼ਬਰਾ ਨਾਲ ਉਹ (ਮੀਡੀਆ) ਸੱਚ ਨੂੰ ਤੋੜ-ਮਰੋੜ ਦਿੰਦੇ ਹਨ, ਅਧੂਰੀਆਂ ਰਿਪੋਰਟਾਂ ਦਿੰਦੇ ਹਨ, ਅੱਤਵਾਦੀਆਂ ਨੂੰ ਜਨਮ ਦਿੰਦੇ ਹਨ। ਉਹ ਅਸਾਨੀ ਨਾਲ ਖੂਫੀਆਂ ਏਜੰਸੀਆਂ ਦੇ ਖੇਡ ਵਿੱਚ ਫੱਸ ਜਾਂਦੇ ਹਨ। ਥੋਥੀ ਪੱਤਰਕਾਰਤਾ ਨਾਲ ਉਹ ਸਮੱਸਿਆ ਨੂੰ ਵਧਾ ਰਹੇ ਹਨ। ਕਸ਼ਮੀਰ ਬਾਰੇ ਗ਼ਲਤ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ।
ਹਿੰਦੁਸਤਾਨੀਆਂ ਨੂੰ ਕਸ਼ਮੀਰ ਸੰਘਰਸ਼ ਦਾ ਪੂਰਾ ਇਤਿਹਾਸ ਜਾਨਣ ਦਿਉ, ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਦਿਉ। ਸੱਚੇ ਪਰਜਾਤੰਤਰੀ ਸੱਚ ਨੂੰ ਦਬਾਉਣਗੇ ਨਹੀਂ। ਜੇ ਹਿੰਦੋਸਤਾਨੀ ਸਰਕਾਰ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਸਮਝੇਗੀ ਤਾਂ ਸਮੱਸਿਆ ਕਦੇ ਹੱਲ ਨਹੀਂ ਹੋਵੇਗੀ ਤੇ ਸੰਘਰਸ਼ ਕਸ਼ਮੀਰ ਵਿਚ ਸਦਾ ਚੱਲਦਾ ਰਹੇਗਾ।
ਮੈਨੂੰ ਇਹ ਵੀ ਦੱਸੋ ਕਿ ਤੁਸੀਂ ਕਸ਼ਮੀਰੀਆਂ ਵਿੱਚ ਭਰੋਸੇ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ ਜਦ ਕਿ ਤੁਸੀਂ ਉਹਨਾਂ ਨੂੰ ਇਹ ਸੰਦੇਸ਼ ਦੇ ਰਹੇ ਹੋ ਕਿ ਹਿੰਦੋਸਤਾਨ ਦੀ ਨਿਆਇਕ ਪ੍ਰਕਿਰਿਆ ਲੋਕਾਂ ਨੂੰ ਬਿਨ੍ਹਾਂ ਵਕੀਲ ਦਿੱਤੇ, ਬਿਨਾਂ ਨਿਰਪੱਖ ਸੁਣਵਾਈ ਦੇ ਫਾਂਸੀ ਦੇ ਦਿੰਦੀ ਹੈ? ਦੱਸੋ, ਜਦੋਂ ਹਜ਼ਾਰਾਂ ਕਸ਼ਮੀਰੀ ਜ਼ੇਲ੍ਹਾਂ ਵਿੱਚ ਬੰਦ ਨੇ, ਜ਼ਿਆਦਾਤਰ ਕੋਲ ਵਕੀਲ ਨਹੀਂ, ਇਨਸਾਫ਼ ਦੀ ਕੋਈ ਉਮੀਦ ਨਹੀਂ, ਤਾਂ ਤੁਸੀਂ ਕਸ਼ਮੀਰੀਆਂ ਵਿੱਚ ਹਿੰਦੋਸਤਾਨੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਹੋਰ ਨਹੀਂ ਵਧਾ ਰਹੇ? ਤੁਹਾਨੂੰ ਲੱਗਦਾ ਹੈ ਕਿ ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਸੁਧਾਰ ਦੀ ਕੋਸ਼ਿਸ਼ ਕਰਨ ਤੋਂ ਬਿਨ੍ਹਾਂ ਵੀ ਕਸ਼ਮੀਰ ਮੁੱਦੇ ਨੂੰ ਸੁਲਝਾ ਲਉਗੇ? ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਪਾਕਿਸਤਾਨ ਦੀਆਂ ਲੋਕਤੰਤਰਿਕ ਸੰਸਥਾਵਾਂ ਕੁਝ ਸੰਜੀਦਗੀ ਦਿਖਾਉਣ, ਨੇਤਾ, ਸੰਸਦ ਨਿਆਪਾਲਿਕਾ, ਮੀਡੀਆ, ਬੁੱਧੀਜੀਵੀ.... ਸਾਰੇ।
ਪ੍ਰ. ਸੰਸਦ ਉੱਤੇ ਹਮਲੇ ਵਿੱਚ ਨੌ ਸੁਰੱਖਿਆ ਜਵਾਨ ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ੳ. ਅਸਲ ਵਿੱਚ, ਮੈਂ ਉਹਨਾਂ ਲੋਕਾਂ ਦਾ ਦਰਦ ਵੰਡਾਉਦਾ ਹਾਂ, ਜਿਹਨਾਂ ਦੇ ਆਪਣੇ ਇਸ ਹਮਲੇ ਵਿੱਚ ਮਾਰੇ ਗਏ। ਪਰ ਮੈਨੂੰ ਦੁੱਖ ਹੁੰਦਾ ਹੈ ਕਿ ਉਹਨਾਂ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਮੇਰੇ ਵਰਗੇ ਬੇਗੁਨਾਹ ਦੀ ਮੌਤ ਨਾਲ ਉਹਨਾਂ ਨੂੰ ਸੰਤੋਸ਼ ਮਿਲੇਗਾ। ਦੇਸ਼-ਭਗਤੀ ਦੇ ਸਭ ਤੋਂ ਭੈੜੀ ਮਿਸਾਲ ਵਿੱਚ ਉਹਨਾਂ ਨੂੰ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ। ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਸਾਹਮਣੇ ਆ ਕੇ ਸੱਚਾਈ ਨੂੰ ਦੇਖਣ।
ਪ੍ਰ. ਆਪਣੀ ਜ਼ਿੰਦਗੀ ਦੀ ਕੀ ਪ੍ਰਾਪਤੀ ਮੰਨਦੇ ਹੋ?
ੳ. ਮੇਰੀ ਸਭ ਤੋਂ ਵੱਡੀ ਪ੍ਰਾਪਤੀ ਸ਼ਾਇਦ ਇਹੀ ਹੈ ਕਿ ਮੇਰੇ ਕੇਸ ਅਤੇ ਮੇਰੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਮੁਹਿੰਮ ਨਾਲ ਐਸ.ਟੀ.ਐਫ. ਦੁਆਰਾ ਕੀਤੀਆਂ ਗਈਆਂ ਜ਼ਿਆਦਤੀਆਂ ਸਾਹਮਣੇ ਆਈਆਂ ਹਨ। ਮੈਨੂੰ ਖੁਸ਼ੀ ਹੈ ਕਿ ਹੁਣ ਲੋਕ ਸੁਰੱਖਿਆ ਬਲਾਂ ਦੁਆਰਾ ਆਮ ਆਦਮੀਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ, ‘ਮੁਕਾਬਲਿਆਂ’ ਵਿੱਚ ਹੋਈਆਂ ਮੌਤਾਂ, ਲੋਕਾਂ ਦੇ ਲਾਪਤਾ ਹੋਣ, ਟਾਰਚਰ ਸੈਂਟਰਾਂ ਬਾਰੇ ਗੱਲਾਂ ਕਰ ਰਹੇ ਹਨ.....। 'ਇੱਕ ਕਸ਼ਮੀਰੀ ਇਹਨਾਂ ਹਕੀਕਤਾਂ ਨਾਲ ਹੀ ਵੱਡਾ ਹੁੰਦਾ ਹੈ। ਕਸ਼ਮੀਰ ਤੋਂ ਬਾਹਰ ਬੈਠੇ ਲੋਕਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਕਿ ਸੁਰੱਖਿਆ ਬਲ ਕਸ਼ਮੀਰ ਵਿਚ ਕੀ-ਕੀ ਕਰ ਰਹੇ ਹਨ।
ਮੇਰਾ ਗੁਨਾਹ ਨਾ ਹੁੰਦੇ ਹੋਏ ਵੀ ਭਾਵੇਂ ਮੈਨੂੰ ਮਾਰ ਦਿੱਤਾ ਜਾਏ, ਪਰ ਐਸਾ ਇਸ ਲਈ ਹੋਵੇਗਾ ਕਿ ਉਹ ਸੱਚਾਈ ਨੂੰ ਬਦਰਾਸ਼ਤ ਨਹੀਂ ਕਰ ਸਕਦੇ। ਇੱਕ ਕਸ਼ਮੀਰੀ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਉੱਤੇ ਲਟਕਾ ਦੇਣ ਨਾਲ ਉੱਠਣ ਵਾਲੇ ਸਵਾਲਾਂ ਦਾ ਉਹ ਸਾਹਮਣਾ ਨਹੀਂ ਕਰ ਸਕਦੇ।
(ਕੰਨਾਂ ਨੂੰ ਪਾੜਦੀ ਹੋਈ ਘੰਟੀ ਵੱਜ ਉੱਠੀ। ਆਸੇ ਪਾਸੇ ਦੇ ਮੁਲਾਕਾਤੀ ਜਲਦੀ-ਜਲਦੀ ਗੱਲਾਂ ਕਰਨ ਲੱਗੇ। ਅਫ਼ਜ਼ਲ ਨੂੰ ਇਹ ਮੇਰਾ ਆਖ਼ਰੀ ਸਵਾਲ ਸੀ)
ਪ੍ਰ. ਤੁਸੀਂ ਕਿਸ ਤਰ੍ਹਾਂ ਜਾਣੇ-ਜਾਣਾ ਚਾਹੁੰਦੇ ਹੋ?
ੳ. (ਉਸਨੇ ਇੱਕ ਪਲ ਸੋਚ ਕੇ ਜਵਾਬ ਦਿੱਤਾ) ਅਫ਼ਜ਼ਲ, ਮੁਹੰਮਦ ਅਫ਼ਜ਼ਲ ਦੀ ਤਰ੍ਹਾਂ। ਕਸ਼ਮੀਰੀਆਂ ਦੇ ਲਈ ਮੈਂ ਅਫ਼ਜ਼ਲ ਹਾਂ ਤੇ ਹਿੰਦੋਸਤਾਨੀਆਂ ਦੇ ਲਈ ਵੀ। ਪਰ ਦੋਵਾਂ ਅਵਾਮਾਂ ਵਿਚ ਮੇਰੇ ਵਜ਼ੂਦ ਨੂੰ ਲੈ ਕੇ ਵੱਖ-ਵੱਖ ਨਜ਼ਰੀਏ ਹਨ। ਕੁਦਰਤੀ ਤੌਰ ’ਤੇ ਮੈਂ ਕਸ਼ਮੀਰੀ ਲੋਕਾਂ ਦੇ ਫੈਸਲੇ ਉੱਤੇ ਭਰੋਸਾ ਕਰਾਂਗਾ, ਨਾ ਸਿਰਫ ਇਸ ਲਈ ਕਿ ਮੈਂ ਕਸ਼ਮੀਰੀ ਹਾਂ, ਸਗੋਂ ਇਸ ਲਈ ਵੀ ਕਿ ਉਹ (ਕਸ਼ਮੀਰੀ ਲੋਕ) ਉਸ ਹਕੀਕਤ ਨੂੰ ਬਾਖੂਬੀ ਜਾਣਦੇ ਹਨ, ਜਿਸ ਵਿੱਚੋਂ ਮੈਂ ਗੁਜ਼ਰਿਆ ਹਾਂ ਅਤੇ ਉਹ ਇਤਿਹਾਸ ਜਾਂ ਕਿਸੇ ਘਟਨਾ ਦੇ ਤੋੜੇ-ਮਰੋੜੇ ਬਿਆਨ ’ਤੇ ਯਕੀਨ ਨਹੀਂ ਕਰਨਗੇ।
ਅਫ਼ਜ਼ਲ ਦੇ ਇਸ ਅੰਤਮ ਜਵਾਬ ਉੱਤੇ ਮੈਂ ਥੋੜਾ ਜਿਹਾ ਉਲਝ ਗਿਆ, ਪਰ ਧਿਆਨ ਨਾਲ ਸੋਚਿਆਂ ਮੈਨੂੰ ਉਸਦੀ ਗੱਲ ਦਾ ਮਤਲਬ ਸਮਝ ਆਇਆ। ਇੱਕ ਕਸ਼ਮੀਰੀ ਦੀ ਜ਼ੁਬਾਨੀ ਕਸ਼ਮੀਰ ਦੇ ਇਤਿਹਾਸ ਅਤੇ ਕਿਸੇ ਘਟਨਾ ਦੇ ਵੇਰਵੇ ਨੂੰ ਸੁਣ ਕੇ ਕਿਸੇ ਵੀ ਭਾਰਤੀ ਨੂੰ ਸਦਮਾਂ ਲੱਗਦਾ ਹੈ, ਕਿਉਂਕਿ ਕਸ਼ਮੀਰ ਦੇ ਬਾਰੇ ਵਿੱਚ ਆਮ ਭਾਰਤੀ ਦੀ ਜਾਣਕਾਰੀ ਦਾ ਜ਼ਰੀਆ ਸਕੂਲੀ/ਕਾਲਜੀ ਕਿਤਾਬਾਂ ਜਾਂ ਮੀਡੀਆ ਰਿਪੋਰਟਾਂ ਹੀ ਰਹੀਆਂ ਹਨ। ਅਫ਼ਜ਼ਲ ਨੇ ਮੇਰੇ ਨਾਲ ਵੀ ਇਹੀ ਕੀਤਾ।
ਦੋ ਘੰਟੀਆਂ ਹੋਰ ਵੱਜੀਆਂ। ਮੁਲਾਕਾਤ ਖ਼ਤਮ ਕਰਨ ਦਾ ਸਮਾਂ ਹੋ ਗਿਆ। ਪਰ ਲੋਕ ਅਜੇ ਵੀ ਗੱਲੀਂ ਲੱਗੇ ਹੋਏ ਸਨ।ਮਾਈਕ ਬੰਦ ਕਰ ਦਿੱਤੇ ਗਏ। ਸਪੀਕਰ ਖ਼ਾਮੋਸ਼ ਹੋ ਗਏ। ਪਰ ਕੰਨਾਂ ’ਤੇ ਜ਼ੋਰ ਦੇ ਕੇ ਅਤੇ ਬੁੱਲ੍ਹਾਂ ਦੇ ਹਿੱਲਣ ਤੋਂ ਬੋਲ ਅਜੇ ਵੀ ਸਮਝੇ ਜਾ ਸਕਦੇ ਸਨ। ਗਾਰਡਾਂ ਨੇ ਸਖ਼ਤੀ ਨਾਲ ਮੁਲਾਕਾਤੀਆਂ ਨੂੰ ਜਾਣ ਦੀਆਂ ਹਦਾਇਤਾਂ ਕੀਤੀਆਂ। ਜਦੋਂ ਉਹ ਨਹੀਂ ਗਏ ਤਾਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਤੇ ਮੁਲਾਕਾਤ ਦਾ ਕਮਰਾ ਹਨ੍ਹੇਰੇ ਵਿੱਚ ਡੁੱਬ ਗਿਆ।
ਤਿਹਾੜ ਜੇਲ ਦੇ ਅਹਾਤੇ ਵਿਚ ਜ਼ੇਲ੍ਹ ਨੰਬਰ 3 ਤੋਂ ਮੁੱਖ ਸੜਕ ਤੱਕ ਜਾਂਦੇ ਲੰਬੇ ਰਸਤੇ ਉੱਤੇ ਚੱਲਦੇ ਹੋਏ ਮੈਂ ਖ਼ੁਦ ਨੂੰ ਦੋ-ਤਿੰਨ ਤਰੀਕੇ ਦੇ ਲੋਕਾਂ ਦੇ ਝੁੰਡਾਂ ਵਿੱਚ ਚੱਲਦਾ ਮਹਿਸੂਸ ਕੀਤਾ। ਮਾਂ, ਬੀਵੀ ਅਤੇ ਬੇਟੀ, ਭਾਈ, ਭੈਣ ਤੇ ਬੀਵੀ ਜਾਂ ਦੋਸਤ ਤੇ ਭਰਾ। ਹਰ ਝੁੰਡ ਵਿੱਚ ਦੋ ਸਮਾਨਤਾਵਾਂ ਸਨ। ਉਹਨਾਂ ਕੋਲ ਖਾਲੀ ਸੂਤੀ ਝੋਲੇ ਸਨ। ਉਹਨਾਂ ਝੋਲਿਆਂ ਉੱਤੇ ਮਲਾਈ ਕੋਲ਼ਤੇ, ਮਿਕਸਡ-ਵੈਜੀਟੇਬਲ ਤੇ ਸ਼ਾਹੀ ਪਨੀਰ ਦੇ ਧੱਬੇ ਸਨ, ਜੋ ਅਕਸਰ ਟੀ.ਐਸ.ਪੀ. ਦੇ ਜਵਾਨ ਦੇ ਚਮਚੇ ਨਾਲ ਜਲਦਬਾਜ਼ੀ ਵਿੱਚ ਕੀਤੀ ਗਈ ਜਾਂਚ ਨਾਲ ਛਲਕ ਜਾਂਦੇ ਸਨ। ਦੂਜੀ ਗੱਲ ਜੋ ਮੈਂ ਵੇਖੀ ਉਹ ਇਹ ਕਿ ਸਭ ਨੇ ਸਸਤੇ ਗਰਮ ਕੱਪੜੇ ਤੇ ਪਾਟੇ-ਪੁਰਾਣੇ ਬੂਟ ਪਾਏ ਹੋਏ ਸਨ। ਉਹ ਗੇਟ ਨੰਬਰ 3 ਦੇ ਬਾਹਰ 588 ਨੰਬਰ ਦੀ ਤਿਲਕ ਨਗਰ- ਨਹਿਰੂ ਸਟੇਡੀਅਮ ਦੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜੋ ਸ਼ਾਇਦ ਉਹਨਾਂ ਨੂੰ ਧੌਲਾ ਕੂਆਂ ਚੌਂਕ ਤੱਕ ਛੱਡ ਦੇਵੇਗੀ। ਉਹ ਇਸ ਦੇਸ਼ ਦੀ ਗਰੀਬ ਜਨਤਾ ਹੈ। ਯਾਦ ਆਇਆ ਰਾਸ਼ਟਰਪਤੀ ਅਬਦੁਲ ਕਲਾਮ ਦਾ ਕਹਿਣਾ ਕਿ ਕਿਵੇਂ ਗਰੀਬ ਲੋਕ ਮੌਤ ਦੀ ਸਜ਼ਾ ਦੇ ਹੱਕਦਾਰ ਬਣਦੇ ਹਨ। ਜਿਸ ਨਾਲ ਮੈਂ ਗੱਲਬਾਤ ਕੀਤੀ, ਉਹ ਵੀ ਗਰੀਬ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਕੋਲ ਕਿੰਨੇ ਟੋਕਣ (ਜ਼ੇਲ੍ਹ ਵਿੱਚ ਚੱਲਣ ਵਾਲੀ ਕਰੰਸੀ) ਹਨ, ਤਾਂ ਉਸ ਨੇ ਕਿਹਾ, “ਜਿਉਂਦੇ ਰਹਿਣ ਜੋਗੇ।”

Friday, September 30, 2011

ਸੱਚੇ ਪਾਤਸ਼ਾਹ … ਗਿਲਾ ਤੇਰੇ ਨਾਲ ਵੀ ਐ

ਮੈਂ ਸੋਚ ਲਿਆ ਸੀ ਸੱਚੇ ਪਾਤਸ਼ਾਹ, ਪੱਕਾ ਧਾਰ ਲਿਆ ਸੀ, ਕਿ ਹੁਣ ਕੁਝ ਨਈ ਬੋਲਣਾ, ਅੱਜ ਤੋਂ ਬਾਅਦ ਕੁਝ ਨਹੀਂ ਲਿਖਣਾ। ਐਨਾ ਧੱਕਾ, ਕਦੇ ਵੇਖਿਆ ਨਾ ਸੁਣਿਆਂ। ਕਹਿੰਦੇ ਐ ਰੱਬ ਦਾ ਤੇ ਅੱਤ ਦਾ ਵੈਰ ਹੁੰਦੈ ਪਰ ਅੱਤ ਤਾਂ ਕਿੱਦੇ ਦੀ ਲੰਘ ਗਈ ਐ। ਮੈਂ ਸ਼ਹਿਰ ਗੁਰਸਿੱਖਾਂ ਦੀ ਹੋ ਰਹੀ ਬੇਪੱਤੀ ਸਹਾਰ ਨਾ ਸਕਿਆ ਤੇ ਘਰ ਜਾ ਕੇ ਬੈਠ ਗਿਆ, ਚੁਪ-ਚਾਪ। ਸ਼ਹਿਰ ਮੈਂ ਜਾਣਾ ਵੀ ਕਾਹਨੂੰ ਸੀ। ਉਹ ਤਾਂ ਮੈਥੋਂ ਛੋਟਾ ਜਿਦ ਕਰ ਗਿਆ, “ਬਾਈ ਕਿਤੇ ਤੇਰੇ ਕਰਕੇ ਈ ਨਾ ਹਾਰ ਜਾਈਏ…ਤੂੰ ਜ਼ਰੂਰ ਜਾ…।” ਤੂੰ ਤਾਂ ਜਾਣੀ-ਜਾਣ ਐ ਸੱਚੇ ਪਾਤਸ਼ਾਹ। ਮੈਂ ਤਾਂ ਅੱਜ ਤੱਕ ਕਦੇ ਵੋਟ ਪਾਈ ਈ ਨਹੀਂ ਸੀ। ਜਦੋਂ ਮੈਨੂੰ ਏਸ ਝੂਠੇ ਲੋਕਤੰਤਰ ’ਚ ਵਿਸ਼ਵਾਸ ਈ ਨਹੀਂ ਤਾਂ ਮੈਂ ਵੋਟ ਕਿੱਥੋਂ ਪਾਉਣੀ ਸੀ। ਪਰ ਐਤਕੀਂ ਛੋਟਾ ਬਾਹਲੀ ਜਿੱਦ ਕਰ ਗਿਆ। ਮੈਨੂੰ ਵੀ ਪਤਾ ਨਹੀਂ ਕਿੱਥੋਂ ਇੱਕ ਆਸ ਜਹੀ ਬੱਝ ਗਈ। ਆਏਂ ਜੇ ਵੀ ਲੱਗਿਆ ਕਿ ਕਿਤੇ ਯਾਰ ਮੇਰੀ ਵੋਟ ਬਿਨ੍ਹਾਂ ਹੀ ਨਾ ਵਿਚਾਰਾ ਗੁਰਸਿੱਖ ਹਾਰ ਜਾਵੇ। ਬਸ ਭੰਬਲਭੂਸੇ ਜਹੇ ਵਿੱਚ ਸ਼ਹਿਰ ਤੁਰ ਗਿਆ। ਪਰ ਮਹਾਰਾਜ ਜੇ ਮੈਨੂੰ ਪਤਾ ਹੁੰਦਾ ਕਿ ’ਗਾਹਾਂ ਆਹ ਕੁਝ ਹੁੰਦਾ ਹੋਣੈ ਤਾਂ ਤੇਰੀ ਸੋਂਹ ਮੈਂ ਕਦੇ ਨ ਜਾਂਦਾ।
ਏਡਾ ਕਹਿਰ……… ਮੈਨੂੰ ਤਾ ਲੱਗਦੈ ਇਹ ਵੋਟਾਂ ਹੀ ਪਤਿਤਾ ਦੀਆਂ ਸਨ। ਸਚ ਜਾਣੀ, ਪਹਿਲਾਂ ਤਾਂ ਮੈਨੂੰ ਆਏਂ ਹੀ ਲੱਗਿਆ ਸੀ ਕਿ ਜਿਵੇਂ ਕਿਸੇ ਹਿੰਦੂ ਮੰਦਰ ਦੀ ਕਮੇਟੀ ਲਈ ਵੋਟਾਂ ਪੈਂਦੀਆਂ ਹੁੰਦੀਐਂ। ਕਿਉਂਕਿ ਪਤਿਤਾਂ ਨੂੰ ਤਾਂ ਉਹ ਅਗਾਂਹ ਕਰ ਰਹੇ ਸਨ ਤੇ ਅੰਮ੍ਰਿਤਧਾਰੀਆਂ ਨੂੰ ਧੱਕੇ ਮਾਰ ਰਹੇ ਸਨ ਤੇ ਨਾਲੇ ਕਹਿ ਰਹੇ ਸਨ, “ਏਹਨੇ ਗਾਤਰੇ ਜੇ ਆਲੇ ਨੇ ਆਪਾਂ ਨੂੰ ਕਿੱਥੋਂ ਵੋਟ ਪਾਉਣੀ ਐ, ਭਜਾਓ ਏਹਨੂੰ ਏਥੋਂ………”
ਮੈਂ ਤਾਂ ਕੰਬ ਗਿਆ। ਏਨੀ ਹਨੇਰਗਰਦੀ ਮੈਂ ਉਥੋਂ ਭੱਜਿਆ ਬਾਵਰਿਆਂ ਵਾਂਗ। ਬਸ ਸੋਚਦਾ ਸੀ ਘਰ ਜਾ ਕੇ ਹੀ ਸਾਹ ਲਊਂਗਾ। ਰਸਤੇ ਵਿੱਚ ਕਈ ਗੁਰਸਿੱਖ ਵਿਚਾਰੇ ਛੋਟੀਆਂ-ਛੋਟੀਆਂ ਕੇਸਕੀਆਂ ਨਾਲ ਸਿਰ ਜਹੇ ਢੁੱਕੀ ਜਾ ਰਹੇ ਸਨ ਤੇ ਪੱਗਾਂ ਵਿਚਾਰਿਆਂ ਦੀਆਂ ਕੱਛਾਂ ਵਿੱਚ ਸਨ। ਸ਼ਾਇਦ ਇਹ ਵੀ ਵੋਟਾਂ ਪਾਉਣ ਗਏ ਸਨ। ਮੈਂ ਹੋਰ ਤੇਜ਼ੀ ਨਾਲ ਭੱਜਿਆ ਤੇ ਅੱਗੇ ਇੱਕ ਬਜ਼ੁਰਗ ਅੰਮ੍ਰਿਤਧਾਰੀ ਨੂੰ ਕੁਝ ਘੋਨੇ-ਮੋਨੇ ਮੁੰਡੇ ਕੁੱਟ ਰਹੇ ਸਨ, “ਤੈਨੂੰ ਬਾਹਲੀ ਸਿੱਖੀ ਚੜ੍ਹੀ ਐ, ਸਾਲਾ ਚੌਰਾ……ਹੁਣੇ ਕੱਢਦੇ ਆਂ ਤੇਰੀ ਸਿੱਖੀ… ਸਾਲਾ ਹੋਇਐ ਜਾਅਲੀ ਵੋਟਾਂ ਦਾ…… ਅਸੀਂ ਤਾਂ ਆਈਂ ਪਾਵਾਂਗੇ ਤੂੰ …… ਜਿਹੜਾ ਪੱਟਣੈ……” ਤੇ ਉਹ ਫਿਰ ਵਿਚਾਰੇ ਬਜ਼ੁਰਗ ਨੂੰ ਕੁੱਟਣ ਲੱਗ ਪਏ, ਤੇ ਫੇਰ ਜਦ ਉਹ ਬਾਪੂ ਨਿੱਸਲ ਹੋ ਗਿਆ ਤਾਂ ਉਹਨਾਂ ਘੋਨਿਆਂ ਵਿੱਚੋਂ ਇੱਕ ਉੱਚੀ ਸਾਰੀ ਬੋਲਿਆ,
“ਬੋਲੇ ਸੋ ਨਿਹਾਲ”
“ਸਾਸਰੀ ’ਕਾਲ” ਬਾਕੀਆਂ ਨੇ ਡਾਂਗਾਂ ਤਾਹਾਂ ਨੂੰ ਉਲਾਰਦਿਆਂ ਜਵਾਬ ਦਿੱਤਾ।
ਆਹ ਕੀ ਹੋ ਗਿਆ ਸੱਚੇ ਪਾਤਸ਼ਾਹ। ਏਦਾਂ ਤਾਂ ਕਦੇ ਸਾਡੇ ਨਾਲ ਡੇਰਿਆਂ ਆਲਿਆਂ ਨੇ ਨੀ ਕੀਤਾ ਜਿੱਦਾਂ ਇਹ ਸਾਡੇ ਆਪਣੇ ਹੀ ਕਰ ਰਹੇ ਨੇ। ਮੈਂ ਭੱਜਿਆ, ਪੂਰੇ ਤਾਣ ਨਾਲ…ਟਰੱਕ-ਟਰੁੱਕ ਤੇ ਘੋੜਿਆਂ-ਘਾੜਿਆਂ ਆਲਿਆਂ ਦੇ ਟੈਂਟ ਲੀਰੋ-ਲੀਰ ਕੀਤੇ ਪਏ ਸਨ ਤੇ ਉਹਨਾਂ ਦੇ ਬੈਨਰ-ਪੋਸਟਰ ਸੜਕਾਂ ’ਤੇ ਉੱਡੇ ਫਿਰਦੇ ਸਨ।
“ਸਾਲੇ ਹੋਏ ਐ ਬੂਥ ਲਾਉਣ ਦੇ…ਬਥਾੜੇ ਭੰਨ ਦਿਉ ਇਹਨਾਂ ਦੇ … ਸਾਲੇ ਕਾਂਗਰਸ ਦੇ ’ਜੰਟ” ਇਕ ਅਮਲੀ ਜਿਹਾ ਬੋਲਿਆ। ਅੱਜ ਮੈਨੂੰ ਓਹਦੇ ਤੋਂ ਵੀ ਡਰ ਜਿਹਾ ਲੱਗਿਆ, ਜੀਹਨੂੰ ਰੋਜ਼ ਉਹਦੀ ਘਰ ਆਲੀ ਗਲੀ ’ਚ ਡਿੱਗੇ ਪਏ ਨੂੰ ਚੁੱਕ ਕੇ ਲਿਜਾਂਦੀ ਸੀ ਤੇ ਨਾਲ ਨਸ਼ੇ ਦੇ ਰੱਜੇ ਹੋਏ ਨੂੰ ਗਾਲ੍ਹਾਂ ਕੱਢਦੀ ਤੇ ਛਿੱਤਰ ਮਾਰਦੀ ਸੀ। ਅੱਜ ਤਾਂ ਉਹ ਵੀ ‘ਜਥੇਦਾਰ’ ਬਣਿਆ ਫਿਰਦਾ ਸੀ।
“ਨਿਆਓ ਖਾਸਾ ਜੀ, ਮੈਂ ਫੇਰ ਜਾ ਆਵਾਂ…………”
“ਓ ਠਹਿਰ ਜਾ ਨੱਥੂ, ਭੈਣ ਦੇਣਿਆ 15 ਤਾਂ ਤੂੰ ਪਹਿਲਾਂ ਪਾ ਆਇਐ..”
“ਬਸ ਖਾਸਾ ਜੀ ਆਪਣੇ ਤੋਂ ਵੇਹਲੇ ਨੀ ਬੈਠਿਆ ਜਾਂਦਾ, ਨਾਲੇ ਆਪਾਂ ਪੰਥ ਨੀ ਹਾਰਨ ਦੇਣਾ, ’ਕਾਲੀ ਦਲ ਜਿੰਦਾਬਾਦ, ਤੁਸੀਂ ਬੋਲਦੇ ਨੀ ਭੈਣ ਦੇਣੀਏਂ ਮੁੰਡੀਹਰੇ, ਸਾਲਿਓ ਭੁੱਕੜ ਤਾਂ ਕਿੱਲੋ-ਕਿੱਲੋ ਛਕਗੇ ਸੀ ਉਦੋਂ, ਸਾਲਿਓ ਹੁਣ ਪੰਥ ਜਿੰਦਾਬਾਦ ਵੀ ਨੀ ਕਹਿੰਦੇ ......।”
ਏਹ ਕੈਸਾ ਪੰਥ ਸੱਚੇ ਪਾਤਸ਼ਾਹ!
ਮੈਂ ਹੰਭ ਕੇ ਘਰੇ ਆ ਡਿੱਗਾ।ਬਸ ਵਾਰੀ-ਵਾਰੀ ਮੈਨੂੰ ਉਂਗਲ ’ਤੇ ਲੱਗਾ ਨਿਸ਼ਾਨ ਚਿੜਾਈ ਜਾਵੇ… ਮੈਂ ਉਹ ਮਿਟਾਉਣ ਲਾਗਾ… ਪਰ ਉਹ ਲੱਥੇ ਈ ਨਾ… ਜੀਅ ਕੀਤਾ ਕਿ ਉਂਗਲ ਵੱਢ ਕੇ ਸੁੱਟ ਦਿਆਂ। ਰੋਂਦਾ ਤਾਂ ਮੈਂ ਰਸਤੇ ਤੋਂ ਹੀ ਆ ਰਿਹਾ ਸਾਂ, ਘਰੇ ਆ ਕੇ ਹੋਰ ਭੜਾਸ ਕੱਢ ਲਈ ਤੇ ਸੌਂਹ ਖਾ ਲਈ ਕਿ ਬਸ ਹੁਣ ਕੁਝ ਨਹੀਂ ਬੋਲਣਾ, ਨਾ ਕੁਝ ਲਿਖਣੈ। ਕੀ ਕਰਾਂਗੇ ਲਿਖਕੇ ਅੱਗੇ ਕੁਝ ਬਦਲਿਐ........ ਹੁਣ ਕੀ ਕਿੰਗਰੇ ਢਾਹ ਦਿਆਂਗੇ। ਆਵਦੇ ਮਨ ਦੀ ਭੜਾਸ ਐ ਬਸ। ਸੋ ਅੱਗੋਂ ਬਸ ਪੜਣੈ, ਲਿਖਣਾ ਕੁਝ ਨਹੀਂ।
ਪਰ ਸੱਚੇ ਪਾਤਸ਼ਾਹ, ਅੱਜ ਮੈਥੋਂ ਉਹ ਗੁਰਸਿੱਖ ਰੋਂਦਾ ਜਰਿਆ ਨਈ ਗਿਆ। ਉਹ ਜੀਹਨੂੰ ਵੇਖ-ਵੇਖ ਅਸੀਂ ਹੱਸਣਾ ਸਿੱਖਿਐ। ਉਹ ਜੀਹਨੇ ਸਾਨੂੰ ਉਂਗਲੀ ਫੜ੍ਹ ਤੁਰਨਾ ਸਿਖਾਇਐ। ਉਹ ਜਿਹੜਾ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਪੜ੍ਹਣ ਲਈ ਆਪਣਾ ਦਸਵੰਦ ਦਿੰਦੈ। ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲਾਉਂਦੈ। ਉਹ ਜਿਹੜਾ ਪਿੰਡ-ਪਿੰਡ ਫਿਰ ਕੇ ਗੁਰਦੁਆਰਿਆਂ ਵਿੱਚ ਸਿੱਖ ਇਤਿਹਾਸ ਬਾਰੇ ਮੁਫ਼ਤ ਫਿਲਮਾਂ ਦਿਖਾਉਂਦਾ ਫਿਰਦੈ। ਉਹ ਜੀਹਨੇ ਸਾਡੇ ਅੱਧੇ ਸ਼ਹਿਰ ਦੇ ਮੁੰਡਿਆਂ ਨੂੰ ਮੁਫ਼ਤ ਪੱਗਾਂ ਬੰਨ੍ਹਣੀਆਂ ਸਿਖਾਈਆਂ। ਉਹ ਜਿਹੜਾ ਗਲੀ-ਗੁਆਂਢ ਦੇ ਬੱਚਿਆਂ ਨੂੰ ਕੱਠੇ ਕਰਕੇ ਗੁਰਦੁਆਰੇ ਲਿਆਉਂਦੈ, ਫੇਰ ਭਾਵੇਂ ਚੀਜੀ ਦਾ ਲਾਲਚ ਦੇ ਕੇ ਹੀ ਲਿਆਵੇ।ਉਹ ਜੀਹਨੂੰ ਸਾਰੇ ਬੱਚੇ ਸਤਿਕਾਰ ਨਾਲ ‘ਬਾਬਾ ਜੀ’ ਕਹਿੰਦੇ ਐ। ਉਹ ਜੀਹਨੂੰ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜੱਥੇਬੰਦੀਆਂ ਵਾਲੇ ਸਤਿਕਾਰ ਨਾਲ ਬੁਲਾਉਂਦੇ ਐ। ਚੰਦਨ ਤੇ ਪਾਰਸ ਅਸੀਂ ਕਦੇ ਨਹੀਂ ਵੇਖੇ, ਪਰ ਇਸ ਗੁਰਸਿੱਖ ਵਿਚੋਂ ਉਹਨਾਂ ਦੋਹਾਂ ਦਾ ਝੌਲਾ ਪੈਂਦੇ। ਜੇ ਨਹੀਂ ਯਕੀਨ ਤਾਂ ਓਹਦੇ ਗੁਆਢੀ ਵੇਖ ਲਓ, ਜਿਹੜੇ ਹਿੰਦੂ ਹੋਣ ਦੇ ਬਾਵਜੂਦ ਵੀ ਪੱਗਾਂ ਬੰਨ੍ਹੀ ਫਿਰਦੇ ਐ।
ਅੱਜ ਮੈਥੋਂ ਉਹ ਰੋਂਦਾ ਨਹੀਂ ਝੱਲਿਆ ਗਿਆ ਸੱਚੇ ਪਾਤਸ਼ਾਹ ਜੀਹਨੇ ਸਾਨੂੰ ਹੱਸਣਾ ਸਿਖਾਇਐ। ਤਾਂ ਹੀ ਹਾਰ ਕੇ ਮੈਂ ਤੈਥੋਂ ਸਵਾਲ ਪੁੱਛਣ ਲਈ ਲਿਖਣ ਲੱਗੇ। ਉਹ ਤਾਂ ਸਾਡੇ ਹੈ ਈ ਨਈਂ ਸੱਚੇ ਪਾਤਸ਼ਾਹ। ਉਹਨਾਂ ਤੇ ਕੋਈ ਗਿਲਾ ਨਹੀਂ। ਉਹ ਦਿੱਲੀ ਵੱਲ ਨੂੰ ਮੂੰਹ ਕਰੀ ਪੂਛ ਹਿਲਾਉਂਦੇ ਰਹਿਦੇ ਨੇ, ਕਿ ਸ਼ਾਇਦ ਇੱਕ ਅੱਧੀ ਬੋਟੀ ਹੋਰ ਮਿਲ ਜਾਏ। ਅਕਾਲ ਤਖ਼ਤ ਨੂੰ ਪਿੱਠ ਦਿੱਤਿਆਂ ਤਾਂ ਉਹਨਾਂ ਨੂੰ 25-30 ਸਾਲ ਹੋ ਗਏ। ਸੋ ਰੋਸ ਉਹਨਾਂ ਤੇ ਨਹੀਂ, ਉਹ ਤਾਂ ਸਾਡੇ ਹੈ ਈ ਨਹੀਂ।
ਗਿਲਾ ਤਾਂ ਤੇਰੇ ਨਾਲ ਐ ਸੱਚੇ ਪਾਤਸ਼ਾਹ ਤੂੰ ਦੱਸ ਤੂੰ ਸਾਡੇ ਵੱਲ ਹੈਂ ਕਿ ਨਹੀਂ। ਤੂੰ ਜਾਣੀ ਜਾਣ ਐਂ ਸੱਚੇ ਪਾਤਸ਼ਾਹ। ਅਸੀਂ ਤਾਂ ਤੈਨੂੰ ਪਿੱਠ ਨਹੀਂ ਦਿੱਤੀ। ਫੇਰ ਤੂੰ.........
ਹੁਣ ਤੈਨੂੰ ਕੀ ਦੱਸਾਂ ਕਿ ਉਹ ਕਿਉਂ ਰੋਂਦਾ ਸੀ। ਤੈਨੂੰ ਸਭ ਪਤੈ। ਪਰ ਫਿਰ ਵੀ ਸੁਣ।
ਕਿੱਦੇਂ ਦਾ ਡਰਾਮਾਂ ਚੱਲਦਾ ਸੀ ਅਖ਼ਬਾਰਾਂ ਵਿੱਚ। ਅਖੇ ਜੀ ਕੇਸਾਧਾਰੀਆਂ ਦੀਆਂ ਵੋਟਾਂ ਪੈਣਗੀਆਂ। ਸਹਿਜਧਾਰੀ (ਪਤਿਤ) ਵੋਟ ਨਹੀਂ ਪਾ ਸਕਣਗੇ। ਜੇ ਉਹ ਆਏ ਤਾਂ ਪਰਚੇ ਕੀਤੇ ਜਾਣਗੇ। ਇਸ ਵਿਚਾਰੇ ਗੁਰਸਿੱਖ ਦੀ ਡਿਊਟੀ ਸਾਡੇ ਗੁਆਂਢੀ ਜਿਲ੍ਹੇ ਦੇ ਇੱਕ ਪਿੰਡ ਵਿੱਚ ਲੱਗੀ। ਇਹ ਉਸ ਰੋਜ਼ ਦੇ ਚੱਲ ਰਹੇ ਨਾਟਕ ਨੂੰ ਸੱਚ ਸਮਝ ਬੈਠੇ ਸਨ ਕਿ ਵੋਟਾਂ ਸਿਰਫ਼ ਕੇਸਾਧਾਰੀਆਂ ਦੀਆਂ ਹੀ ਪੈਣਗੀਆਂ। ਪਰ ਉਸ ਪਿੰਡ ਦਾ ਤਾਂ ਸਰਪੰਚ ਈ ਪਤਿਤ ਸੀ।
“ਹੁਣ ਤੂੰ ਮੇਰੀ ਵੋਟ ਵੀ ਨਈ ਪੈਣ ਦਿੰਦਾ” ਇਸ ਗੁਰਸਿੱਖ ਦੇ ਰੋਕਣ ’ਤੇ ਸਰਪੰਚ ਕੜਕਿਆ।
“ਨਹੀਂ ਵੀਰ ਜੀ, ਮੇਰੀ ਹੱਥ ਜੋੜ ਕੇ ਬੇਨਤੀ ਐ, ਇਹ ਵੋਟਾਂ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਪੈ ਰਹੀਐਂ ਤੇ ਇਹਨਾਂ ਵਿੱਚ ਵੋਟ ਦਾ ਅਧਿਕਾਰ ਸਿਰਫ ਕੇਸਾਧਾਰੀਆਂ ਨੂੰ ਐ” ਸਰਪੰਚ ਨੇ ਖੜੇ ਹੋਏ ਉਮੀਦਵਾਰ ਨੂੰ ਫੋਨ ਕਰ ਦਿੱਤਾ। ਉਹ ਪਹੁੰਚ ਗਿਆ ਲਾਮ ਲਸ਼ਕਰ ਨਾਲ ਟਰੈਕਟਰ ਤੇ ਚੜ੍ਹ ਕੇ।
“ਕਿਹੜਾ ਐ ਉਹ ਵੱਡਾ ਜੱਥੇਦਾਰ, ਜਿਹੜਾ ਆਪਣੀਆਂ ਵੋਟਾਂ ਨਈਂ ਪੈਣ ਦਿੰਦਾ” ਉਮੀਦਵਾਰ ਕੜਕਿਆ।
ਇਸ ਗੁਰਸਿੱਖ ਨੇ ਉਸ ਉਮੀਦਵਾਰ ਨੂੰ ਸਿੱਖ ਰਹਿਤ ਮਰਿਆਦਾ ਦਾ ਪਹਿਲਾ ਪੰਨਾ ਖੋਲ੍ਹ ਕੇ ਸਿੱਖ ਦੀ ਪਰਿਭਾਸ਼ਾ ਵਿਖਾਉਣੀ ਚਾਹੀ।
“ਪਰ੍ਹੇ ਸਿੱਟ ਆਹ ਕਤਾਬਚਾ ਜਿਹਾ, ਚੱਕੀ ਫਿਰਦੈ ਆਂਵਦੇ ਪਿਉ ਆਲੀ ਮਰਯਾਦਾ, ਅਸੀਂ ਨੀ ਜਾਣਦੇ ਤੇਰੀ ਮਰਿਆਦਾ-ਮਰੂਦਾ ਨੂੰ, ਤੂੰ ਸਿੱਧਾ ਹੋ ਕੇ ਦੱਸ ਕਿਵੇਂ ਕਰਾਉਣੀ ਐ”
ਜਦੋਂ ਉਸ ਗੁਰਸਿੱਖ ਨੇ ਪਤਿਤ ਵੋਟਾਂ ਪਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਮੀਦਵਾਰ ਨੇ ਮੰਤਰੀ ਜੀ ਨੂੰ ਫੋਨ ਲਾ ਲਿਆ। ਮੰਤਰੀ ਨੇ ਅਫਸਰ ਖਿੱਚ ਦਿੱਤੇ ਤੇ ਡੀ.ਸੀ., ਐਸ.ਐਸ.ਪੀ.... ਹੁਣ ਤੈਨੂੰ ਪਤਾ ਈ ਐ ਸੱਚੇ ਪਾਤਸ਼ਾਹ।
“ਦੇਖੋ ਵੀਰ ਜੀ ਭਾਈ ਤਾਰੂ ਸਿੰਘ ਨੇ ਕੇਸਾਂ ਖਾਤਰ ਖੋਪਰੀ ਲੁਹਾ ਲਈ ਤੇ ਆਪਾਂ ਵੋਟਾਂ ਖਾਤਰ ਇਤਿਹਾਸ.....”
“ਕਿਹੜਾ ਤਾਰੂ ਸਿੰਘ, ਇਹ ਮੂਰਖ ਜਿਹਾ ਕਿੰਨਾ ਦੇ ਨਾਮ ਲਈ ਜਾਂਦਾ, ਆਪਾਂ ਤਾਂ ਇਹਨਾਂ ਨੂੰ ਜਾਣਦੇ ਨਹੀਂ, ਤਾਰੂ-ਤੂਰੂ ਸਿੰਘ ਨਈ, ਤੂੰ ਦੱਸ ਫੋਨ ਕੀਹਦਾ ਕਰਵਾਈਏ...........”
ਸੱਚੇ ਪਾਤਸ਼ਾਹ ਤੂੰ ਓਹਨੂੰ ਤਾਕਤ ਦਿੱਤੀ ਤੇ ਉਹ ਡਟਿਆ ਰਿਹਾ, ਪਰ ਜਦੋਂ ਉਹ ਦੁਸ਼ਟ ਉਸ ਗੁਰਸਿੱਖ ਨੂੰ ਕੁੱਟ-ਮਾਰ ਰਹੇ ਸਨ ਤਾਂ ਤੂੰ ਕੋਈ ਕਲਾ ਕਿਉਂ ਨ ਵਰਤਾਈ।
“ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥”
ਮਹਾਰਾਜ ਮਰਨ ਪਿੱਛੋਂ ਮੁਕਤੀ ਦਾ ਕੀ ਫਾਇਦਾ। ਜੇ ਐਸੇ ਗੁਰਸਿੱਖਾਂ ਦੀ ਵੀ ਤੂੰ ਬਹੁੜੀ ਨਹੀਂ ਕਰਦਾ। ਦੱਸ ਸੱਚੇ-ਪਾਤਸ਼ਾਹ ਇਹਨਾਂ ਦਾ ਕਸੂਰ ਦੱਸ। ਇਹ ਇੱਕ ਇਕੱਲੇ ਇਸੇ ਗੁਰਸਿੱਖ ਦੀ ਗੱਲ ਨਹੀਂ, ਪਤਾ ਨਹੀਂ ਕਿੰਨੀਆਂ-ਥਾਵਾਂ ’ਤੇ ਕਿੰਨਿਆਂ ਨਾਲ ਇੰਝ ਵਾਪਰਿਆ ਹੋਣੈ।
ਵੱਡੇ ਘੱਲੂਘਾਰੇ ਤੋਂ ਬਾਅਦ ਬਚੇ ਹੋਏ ਸਿੱਖਾਂ ਨੇ ਰਲ ਕੇ ਅਰਦਾਸ ਕੀਤੀ, ਚੜ੍ਹਦੀ ਕਲਾ ਦੀ ਅਰਦਾਸ ਪਿੱਛੋਂ ਉਹਨਾਂ ਇਹ ਸ਼ਬਦ ਵੀ ਕਹੇ,
“ਪੰਥ ਕੀ ਜੋ ਰਾਖੋਗੇ ਤਉ ਗ੍ਰੰਥ ਕੀ ਰਹੇਗੀ ਨਾਥ
ਪੰਥ ਨ ਰਹੇਗਾ ਤੋਂ ਗ੍ਰੰਥ ਕੌਣ ਮਾਨੋਗੇ”
ਹੁਣ ਤੂੰ ਹੀ ਦੱਸ ਸੱਚੇ ਪਾਤਸ਼ਾਹ ਇਹ ਧੱਕੇ ਨਾਲ ਜਿੱਤੇ ਹੋਏ, ਜਿਹਨਾਂ ਲਈ ਮਰਿਆਦਾ ਕੋਈ ਚੀਜ਼ ਨਈਂ, ਸਿਧਾਂਤ ਕੋਈ ਚੀਜ਼ ਨਹੀਂ........ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੁਨੀਆਂ ਵਿੱਚ ਕਿਵੇਂ ਫੈਲਾਉਣਗੇ, ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨਹੀਂ ਪਤਾ ਕਿੰਨੇ ਨੇ। ਜਿਹੜੇ ਰਾਤ ਨੂੰ ਗਾਤਰੇ ਕਿੱਲੀ ’ਤੇ ਟੰਗ ਕੇ ਸੌਂਦੇ ਨੇ। ਅੰਮ੍ਰਿਤ ਛਕਣੇ ਦਾ ਪਖੰਡ ਤਾਂ ਇਹਨਾਂ ਨੂੰ ਕਰਨਾ ਪਿਐ ਵੋਟਾਂ ਲਈ।
ਤੂੰ ਹੀ ਦੱਸ ਸੱਚੇ ਪਾਤਸ਼ਾਹ ਦੁਖ ਕਿਸ ਅੱਗੇ ਫੋਲੀਏ।
“ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥”
ਦੱਸ ਮਹਾਰਾਜ ਏਸ ਹਨ੍ਹੇਰੇ ਵਿੱਚ ਕਿੱਧਰ ਜਾਈਏ। ਸੱਚੇ ਪਾਤਸ਼ਾਹ ਸਾਨੂੰ ਤਾਂ ਅੱਜ ਆਏਂ ਹੀ ਨ੍ਹੀ ਪਤਾ ਲੱਗਦਾ ਕਿ ਹਰਨਾਖਸ ਕੌਣ ਐ ਤੇ ਪ੍ਰਹਲਾਦ ਕੌਣ ਐ। ਕਿਤੇ ਤੂੰ ਵੀ ਟੀ.ਵੀ., ਅਖ਼ਬਾਰਾਂ ਦੇ ਝਾਂਸੇ ਵਿੱਚ ਤਾਂ ਨਹੀਂ ਆ ਗਿਆ। ਉਹ ਤਾਂ ਇਹਨਾਂ ਹਰਨਾਖਸਾਂ ਨੂੰ ਪਰਲਾਦ ਕਹਿ ਰਹੇ ਨੇ। ਬਸ ਹੁਣ ਪੈਜ ਤੂੰ ਰੱਖਣੀ ਅਂੈ। ਪਰ ਹਰਨਾਖਸ ਤੇ ਪਰਲਾਦ ਦੀ ਪਛਾਣ ਕਰਕੇ। ਜਾਂ ਤਾਂ ਸਾਨੂੰ ਮਾਰ ਦੇ ਤੇ ਜਾਂ ਇਹਨਾਂ ਦੁਸ਼ਟਾਂ ਨੂੰ ਸੋਧਨ ਲਈ ਸਾਨੂੰ ਏਨੀ ਤਾਕਤ ਬਖਸ਼।
“ਸੁਣ ਐ ਤਖਤਾਂ ਵਾਲਿਆ ਅਸੀਂ ਸਹਿ ਨਾ ਸਕੀਏ ਹੋਰ
ਬਾਰ ਪਰਾਏ ਮਾਲਕਾ ਅਸੀਂ ਬਹਿ ਨਾ ਸਕੀਏ ਹੋਰ”
ਹੁਣ ਹੋਰ ਸਹਾਰ ਨੀ ਹੁੰਦਾ ਸੱਚੇ ਪਾਤਸ਼ਾਹ। ਉਸ ਗੁਰਸਿੱਖ ਨੂੰ ਤੂੰ ਖ਼ੁਦ ਹੀ ਢਾਰਸ ਬੰਨਾਈ। ਤੇ ਕੌਮ ਨੂੰ ਵੀ ਕਿਸੇ ਤਰੀਕੇ ਸਮਝਾਈ ਕਿ ਇਸ ਜੋਕਤੰਤਰ ਵਿੱਚ ਉਹ ਵੋਟਾਂ ਵਾਲੇ ਢੰਗ ਨਾਲ ਨਹੀਂ ਜਿੱਤ ਸਕਦੀ। ਇੱਥੇ ਕੁਝ ਵੀ ਉਹਨਾਂ ਦੇ ਹੱਕ ਵਿੱਚ ਨਹੀਂ।
ਚਾਰਲਸ ਡਿਕਨਜ਼ ਆਪਣੇ ਜਗਤ ਪ੍ਰਸਿੱਧ ਨਾਵਲ ‘ਦੋ ਸ਼ਹਿਰਾਂ ਦੀ ਕਹਾਣੀ’ ਵਿਚ ਕਹਿੰਦਾ ਹੈ, “ਕਨੂੰਨ ਉਸੇ ਲਈ ਚੰਗਾ ਹੁੰਦਾ ਹੈ ਜਿਸ ਦੀ ਇਹ ਜੇਬ੍ਹ ਵਿੱਚ ਹੋਵੇ।”
ਉਹ ਕਮਲੇ ਨਹੀਂ ਸੀ ਜਿਹਨਾਂ ਵੋਟਾਂ ਦਾ ਬਾਈਕਾਟ ਕੀਤਾ ਸੀ। ਸਾਡੇ ਲੀਡਰ ਵੀ ਕੁਝ ਸੁਹਿਰਦ ਹੋਣ ਤੇ ਇੱਕੋ ਪਲੇਟਫਾਰਮ ਤੇ ਇਕੱਠੇ ਹੋਣ, ਵੋਟਾਂ ਲੜਣ ਲਈ ਨਹੀਂ, ਸਗੋਂ ਵੋਟਾਂ ਦੇ ਸਮੂਹਿਕ ਬਾਈਕਾਟ ਲਈ। ਕਸ਼ਮੀਰੀਆਂ ਤੋਂ ਕੁਝ ਸਿੱਖਣ।
.....ਤੇ ਦੁਨੀਆਂ ਨੂੰ ਦਿਖਾਉਣ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਸਲੀ ਤਸਵੀਰ।
ਬਸ ਲੋੜ ਤਾਂ ਤੇਰੇ ਸਹਾਰੇ ਦੀ ਹੈ, ਤੂੰ ਸਾਥੋਂ ਮੂੰਹ ਨਾ ਫੇਰੀਂ।
“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥”

ਜਗਦੀਪ ਸਿੰਘ ਫਰੀਦਕੋਟ

Monday, April 4, 2011

ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ; ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ


ਦਸਤਾਰ ਦੇ ਅਪਮਾਨ ਦਾ ਮਾਮਲਾ ਕਿਸੇ ਵੀ ਤਰਾਂ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ. ਅਸਲ ਵਿੱਚ ਇਸ ਸ਼ਰਮਨਾਕ ਹਰਕਤ ਨੇ ਵਿਦੇਸ਼ਾਂ ਵਿੱਚ ਦਸਤਾਰ ਦੇ ਅਪਮਾਨ ਵਿਰੁਧ ਚੱਲ ਰਹੇ ਸੰਘਰਸ਼ ਨੂੰ ਵੀ ਢਾਹ ਕਈ ਹੈ. ਬਹੁਤ ਸਾਰੇ ਯਾਦਗਾਰੀ ਗੀਤ ਰਚਨ ਵਾਲੇ ਅਮਰਦੀਪ ਸਿੰਘ ਗਿੱਲ ਹੁਰਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਦਗੀ ਦੇ ਕਈ ਰੰਗ ਬਹੁਤ ਹੀ ਨੇੜਿਓਂ ਹੋ ਕੇ ਦੇਖੇ ਹਨ. ਦਸਤਾਰ ਦੇ ਅਪਮਾਨ ਨੇ ਵੀ ਉਹਨਾਂ ਦੇ ਦਿਲ ਦਿਮਾਗ ਨੂੰ ਝੰਜੋੜਿਆ ਹੈ. ਹੁਣ ਉਹ ਇਸ ਮੁਦੇ ਨੂੰ ਲੈ ਕੇ ਸਾਰਿਆਂ ਨੂੰ ਹਲੂਣ ਰਹੇ ਹਨ. ਆਪਣੀ ਸਪਸ਼ਟਵਾਦੀ ਸੁਰ ਅਤੇ ਬੁਲੰਦ ਆਵਾਜ਼ ਨਾਲ ਉਹਨਾਂ ਸਾਫ਼ ਸਾਫ਼ ਲਿਖਿਆ ਹੈ ਕਿ

ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ;

ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ !


ਦਸਤਾਰ ਦਾ ਅਪਮਾਨ : ਕੁੱਝ ਸੰਸੇ ਕੁੱਝ ਸਵਾਲ !// ਅਮਰਦੀਪ ਸਿਘ ਗਿੱਲ

ਗੁਰੂ - ਰੂਪ ਸਾਧ - ਸੰਗਤ ਜੀਓ !

ਵਾਹਿਗੁ੍ਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ !
_____________________________________
ਸਾਰੇ ਪੰਜਾਬੀਆਂ , ਸਾਰੇ ਸਿੱਖਾਂ ਵਾਂਗ , ਸਾਰੇ ਸੂਝਵਾਨ , ਸੰਵੇਦਨਸ਼ੀਲ ਇਨਸਾਨਾਂ ਵਾਂਗ ਹੀ ਮੈਂ ਮੋਹਾਲੀ ਵਾਲੀ ਦੁਰਘਟਨਾ ਨਾਲ ਡਾਅਢਾ ਦੁੱਖੀ ਹਾਂ , ਇੱਕ ਪੰਜਾਬੀ ਪੁਲਿਸ ਵਾਲਾ , ਇੱਕ ਸਿੱਖ ਪੁਲਿਸ ਵਾਲਾ ਇਹ ਹੁਕਮ ਕਿਵੇਂ ਦੇ ਸਕਦਾ ਕਿ ਇੱਕ ਸਿੱਖ ਨੌਜਵਾਨ ਦੀ ਦਸਤਾਰ ਇੰਝ ਉਤਾਰ ਲਈ ਜਾਵੇ ? ਡੀ. ਐਸ. ਪੀ. ਪ੍ਰੀਤਮ ਸਿੰਘ ਦੇ ਮਨ ਵਿੱਚ ਉਸ ਵੇਲੇ ਕੀ ਚੱਲ ਰਿਹਾ ਸੀ ? ਦਸਤਾਰ ਲਾਹੁਣ ਵਾਲਾ ਕੁਲਭੂਸ਼ਨ ਕੀ ਸਿਰਫ ਆਪਣੇ "ਸਾਬ੍ਹ" ਦਾ ਹੁਕਮ ਹੀ ਵਜਾ ਰਿਹਾ ਸੀ ਜਾਂ ਉਸਦਾ ਨਜ਼ਰੀਆ ਮੁਜ਼ਾਹਰਾਕਾਰੀ ਨੌਜਵਾਨ ਦੇ ਸਿੱਖ ਹੋਣ ਕਾਰਨ ਐਨਾ ਖਤਰਨਾਕ ਹੋ ਗਿਆ ? ਜਗਜੀਤ ਸਿੰਘ ਜਿਸਦੀ ਕਿ ਦਸਤਾਰ ਲਾਹੀ ਗਈ ਉਹ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲਾ ਗੰਭੀਰ ਨੌਜਵਾਨ ਦਿਖਾਈ ਦਿੰਦਾ ਹੈ , ਉਸਦੀ ਉਮਰ ਤੇ ਉਸਦੀ ਦਿੱਖ ਕੋਈ ਬਚਗਾਨਾ ਨਹੀਂ ਹੈ , ਫਿਰ ਕਿਸ ਗੰਦੀ ਸੋਚ ਅਧੀਨ ਇਹ ਕੁਕਰਮ ਕੀਤਾ ਗਿਆ ? ਕੀ ਸਟੇਟ ਦਾ ਹੁਕਮ ਸੀ ਇਹ ? ਕੀ ਇਹ ਕੋਈ ਸਿੱਖ ਵਿਰੋਧੀ ਸਾਜ਼ਿਸ਼ ਹੈ ? ਕੀ ਇਸਦੇ ਪਿੱਛੇ ਕੋਈ ਤੀਜੀ ਤਾਕਤ ਵੀ ਕੰਮ ਕਰ ਰਹੀ ਹੈ ? ਮੇਰੀ ਤੁੱਛ ਬੁੱਧੀ ਕੁੱਝ ਵੀ ਸਾਫ ਸਾਫ ਸਮਝ ਨਹੀਂ ਪਾ ਰਹੀ ਦੋਸਤੋ ! ਮੇਰਾ ਗੁੱਸਾ ਹਰ ਵਾਰ ਇਹ ਵੀਡੀਓ ਵੇਖ ਕੇ ਸਵਾਇਆ ਹੋ ਜਾਂਦਾ ਹੈ , ਜੋ ਲੋਕ ਖੁੱਦ ਦਸਤਾਰ ਨਹੀਂ ਬੰਨਦੇ ਉਨਾਂ ਦੇ ਗੁੱਸੇ ਦਾ ਵੀ ਇਹੋ ਹਾਲ ਹੈ । ਇਹ ਦਸਤਾਰ ਉਤਾਰਨ ਵਾਲਾ ਦ੍ਰਿਸ਼ ਮੇਰੇ ਜ਼ਹਿਨ 'ਚ ਡੂੰਘਾ ਛਪ ਗਿਆ ਹੈ , ਇਹ ਗੱਲ ਮੈਨੂੰ ਉਪਰਾਮ ਕਰ ਰਹੀ ਹੈ ਜਦਕਿ ਮੈਂ ਆਪਣੇ ਆਪ ਨੂੰ ਬੜਾ ਧਰਮ-ਨਿਰਪੱਖ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਪਰ ਅੱਜ ਇਸ ਗੱਲ ਨਾਲ ਮੈਂ ਅੰਦਰੋਂ ਹਿੱਲ ਗਿਆ ਹਾਂ । " ਮੈਂ ਸਿੱਖ ਹਾਂ...ਸਿਰਫ ਸਿੱਖ ...ਗੁਰੂ ਦਸਮ ਪਿਤਾ ਦਾ ਸਿੱਖ " , ਇਹ ਆਵਾਜ਼ ਮੇਰੇ ਅੰਦਰ ਗੂੰਜ ਰਹੀ ਹੈ ।
" ਨਾ ਸਿਰਫ ਪਹਿਰਾਵਾ ਹਾਂ ਨਾ ਇੱਕਲੀ ਦਿੱਖ ਹਾਂ
ਮੈਂ ਤਾਂ ਗੁਰੂ ਜੀ ਤੇਰਾ ਅਮਲਾਂ ਤੋਂ ਹੀ ਸਿੱਖ ਹਾਂ "
ਮੈਨੂੰ ਇੱਥੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਚੁਰਾਸੀ ਦੇ ਸਿੱਖ ਕਤਲੇਆਮ ਤੋਂ ਬਾਅਦ ਖਾੜਕੂ ਲਹਿਰ 'ਚ ਕੁੱਦਣ ਵਾਲੇ ਸਿੱਖ ਨੌਜਵਾਨਾ ਦੀ ਮਨੋਸਥਿੱਤੀ ਅੱਜ ਮੈਂ ਵਧੇਰੇ ਚੰਗੀ ਤਰਾਂ ਸਮਝ ਪਾ ਰਿਹਾ ਹਾਂ , ਉਨਾਂ ਨੇ ਤਾਂ ਬਹੁਤ ਜ਼ਿਆਦਾ ਜ਼ੁਲਮ ਵੇਖਿਆ ਸੀ , ਉਨਾਂ ਦਾ ਪ੍ਰਤੀਕਰਮ ਉਹੀ ਹੋਣਾ ਸੀ ਜੋ ਉਨਾਂ ਨੇ ਵਿਖਾਇਆ ! ਮੈਂ ਅੱਜ ਪੰਜਾਬ ਸਰਕਾਰ ਨੂੰ ਇਹੋ ਕਹਿਣਾ ਚਾਹੁੰਨਾਂ ;
" ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ
ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ
ਤਾਕਤ 'ਚ ਅੰਨੇ ਹੋ ਕੇ ਵੇਲਾ ਭੁੱਲੋ ਨਾ
ਇੱਕੋ ਸ਼ੇਰ ਬੜਾ ਲੇਲ੍ਹਿਆਂ ਦੇ ਵੱਗ ਨੂੰ "
ਮੈ ਇੱਥੇ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਪਿਛਲੇ ਦਸ ਬਾਰਾਂ ਸਾਲ ਦਸਤਾਰ ਨਹੀਂ ਬੰਨੀ , ਪਰ ਹੁਣ ਦੁਬਾਰਾ ਸਿੱਖੀ ਸਰੂਪ ਅਖਤਿਆਰ ਕੀਤਾ ਹੈ , ਮੈਂ ਦਸਤਾਰ ਬਾਰੇ ਇੱਕ ਫਿਲਮ ਦੀ ਕਹਾਣੀ ਲਿਖਦੇ ਹੋਏ ਆਪਣੇ ਅੰਦਰ ਇਹ ਬਦਲਾਅ ਮਹਿਸੂਸ ਕੀਤਾ ਕਿ ਹੁਣ ਮੈਂਨੂੰ ਆਪਣੀ ਗੱਲ ਕਹਿਣ ਲਈ ਸਿੱਖੀ ਸਰੂਪ ਨੂੰ ਅਪਨਾਉਣਾ ਚਾਹੀਦਾ ਹੈ । ਸਿੱਖ ਧਰਮ ਹਮੇਸ਼ਾ ਮੇਰਾ ਮਨਪਸੰਦ ਵਿਸ਼ਾ ਰਿਹਾ ਹੈ । ਮੈਂ ਸਿੱਖ ਧਰਮ ਦਾ ਵਿਦਿਆਰਥੀ ਹਾਂ , ਭਾਵੁਕ ਬੰਦਾ ਹਾਂ , ਮੈਂ ਜੇ ਹੁਣ ਸਿੱਖੀ ਸਰੂਪ ਧਾਰਨ ਕੀਤਾ ਹੈ ਤਾਂ ਇਸ ਗੱਲ ਤੇ ਮੈਂ ਇੰਨਾ ਪੱਕਾ ਹਾਂ ਕਿ ਨਾ ਤਾਂ ਮੈਂ ਦਾਹੜੀ ਨੂੰ ਕੈਂਚੀ ਲਾਉਣੀ ਹੈ ਨਾ ਕਦੇ ਖਿਜ਼ਾਬ ਲਾਉਣਾ ਹੈ ! ਮੇਰੇ ਬਾਪੂ ਜੀ ਵੀ ਸਾਰੀ ਉਮਰ ਇੰਝ ਹੀ ਰਹੇ ਹਨ , ਇੱਕ "ਕਾਮਰੇਡ" ਹੁੰਦੇ ਹੋਏ ਉਹ ਅਖੌਤੀ ਸਿੱਖਾਂ ਤੋਂ ਵੱਡੇ ਸਿੱਖ ਹਨ । ਮੇਰੇ ਅਜੋਕੇ ਰੂਪ ਦੀ ਸਭ ਤੋਂ ਪਹਿਲੀ ਖੁਸ਼ੀ ਮੇਰੇ ਬਾਪੂ ਜੀ ਨੂੰ ਹੀ ਹੋਈ ਹੈ ।
ਮੈਨੂੰ ਉਨਾਂ ਸੱਜਣਾਂ ਤੇ ਬੜਾ ਵੱਡਾ ਵਿਸ਼ਵਾਸ਼ ਹੈ ਜੋ ਦਸਤਾਰ ਲਈ ਕਾਨੂੰਨੀ ਲੜਾਈ ਲੜ ਰਹੇ ਹਨ , ਸਰਦਾਰ ਨਵਕਿਰਨ ਸਿੰਘ ਜੀ ਜਾਂ ਕੋਈ ਵੀ ਹੋਰ ਸਤਿਕਾਰਯੋਗ ਸੱਜਣ । ਕੱਲ ਮੈਨੂੰ ਭਾਈ ਸਾਹਿਬ ਕਰਨੈਲ ਸਿੰਘ ਪੀਰ ਮੁਹੰਮਦ ਜੀ ਦਾ ਫੋਨ ਆਇਆ , ਇਸੇ ਵਿਸ਼ੇ ਤੇ ਗੱਲ ਹੋਈ , ਮੈਨੂੰ ਚੰਗਾ ਲੱਗਿਆ ਕਿ ਫੇਸਬੁੱਕ ਤੇ ਕੀਤੀ ਕੋਈ ਵੀ ਗੰਭੀਰ ਗੱਲ ਵੱਡੇ ਅਰਥ ਰੱਖ ਸਕਦੀ ਹੈ । ਮੇਰੀ ਇਹ ਕੋਸ਼ਿਸ਼ ਹਮੇਸ਼ਾਂ ਰਹੇਗੀ ਕਿ ਹੱਕ , ਸੱਚ ਲਈ , ਧਰਮ ਲਈ , ਆਪਣੇ ਲੋਕਾਂ ਲਈ ਮੈਂ ਆਪਣੀਆਂ ਰਚਨਾਵਾਂ 'ਚ ਆਪਣੀ ਸੋਚ ਦੀ ਗੱਲ ਕਰਦਾ ਰਹਾਂ , ਮੇਰੀ ਕਲਮ ਮੇਰੇ ਲੋਕਾਂ ਨੂੰ ਸਮਰਪਿਤ ਹੈ ! ਮੇਰਾ ਧਰਮ , ਮੇਰਾ ਵਿਰਸਾ , ਮੇਰਾ ਇਤਿਹਾਸ , ਮੇਰਾ ਮਾਣਯੋਗ ਸਭਿਆਚਾਰ ਹੀ ਮੇਰੀ ਸ਼ਕਤੀ ਹੈ !
ਹੁਣ ਮੈਨੂੰ ਇਹ ਸਵਾਲ ਵੀ ਬੇਚੈਨ ਕਰ ਰਿਹਾ ਹੈ ਕਿ ਕੀ ਸਰਕਾਰ ਸੱਚਮੁੱਚ ਇੰਨਾਂ ਪੁਲਿਸ ਵਾਲਿਆਂ ਨੂੰ ਸਜ਼ਾ ਦੇਵੇਗੀ ? ਸਿੱਖ ਪ੍ਰਧਾਨ - ਮੰਤਰੀ , ਸਿੱਖ ਮੁੱਖਮੰਤਰੀ ਦੇ ਹੁੰਦੇ ਹੋਏ ਜਿਸ ਨਿਜ਼ਾਮ 'ਚ ਇਹ ਕਾਰਾ ਹੋ ਸਕਦਾ ਹੈ , ਕੀ ਉੱਥੇ ਇਨਸਾਫ ਦੀ ਉਮੀਦ ਰੱਖੀ ਜਾ ਸਕਦੀ ਹੈ ? ਕੀ ਉਹ ਪੁਲਿਸ ਵਾਲੇ ਸਿੱਖ ਜਗਤ ਦੀ ਚੀਸ ਸਮਝ ਸਕਦੇ ਨੇ ? ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ , ਸਿੱਖ ਵੀਰਾਂ ਦੇ ਫੋਨ ਆ ਰਹੇ ਨੇ , ਇਸ ਘਟਨਾ ਦੇ ਵਿਰੁੱਧ ਉਨਾਂ ਦਾ ਗੁੱਸਾ ਬਿਆਨ ਨਹੀਂ ਹੋ ਸਕਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤਕ ਪਾਰਟੀਆਂ ਅਤੇ ਪ੍ਰੈਸ ਦਾ ਯੋਗਦਾਨ ਹਾਲੇ ਕਾਫੀ ਨਹੀਂ ਹੈ ...ਚਲੋ ਖੈਰ ਸਭ ਦੇ ਆਪਣੇ ਆਪਣੇ ਹਿੱਤ ਨੇ.....ਵਿਦੇਸਾਂ 'ਚ ਦਸਤਾਰ ਦੀ ਬੇਇੱਜ਼ਤੀ ਵਿਰੁੱਧ ਬੋਲਣ ਵਾਲੇ ਨੇਤਾ ਹੁਣ ਚੁੱਪ ਹਨ....ਸੁਖਵੀਰ ਬਾਦਲ ਵੱਲੋਂ ਦਿੱਤੇ ਅਦਾਲਤੀ ਜਾਂਚ ਦੇ ਹੁਕਮ ਜਾਂ ਸਿੱਖ ਡੀ. ਐਸ. ਪੀ . ਨੂੰ ਅਕਾਲ ਤਖਤ ਤੇ ਤਲਬ ਕਰਨ ਦੀ ਗੱਲ , ਮੇਰੇ ਅਨੁਸਾਰ ਸ਼ੱਕ ਦੇ ਘੇਰੇ 'ਚ ਹੈ , ਬਾਕੀ ਤੁਸੀਂ ਆਪ ਸਿਆਣੇ ਹੋ !
ਮੈਂ ਵੀ ਆਪ ਸਭ ਵਾਂਗ ਇਹੋ ਚਾਹੁੰਦਾ ਹਾਂ ਕਿ ਪੁਲਸੀਆਂ ਨੂੰ ਐਸੀ ਸਜ਼ਾ ਮਿਲੇ ਕਿ ਭਵਿੱਖ 'ਚ ਫਿਰ ਐਸੀ ਦੁਰਘਟਨਾ ਨਾ ਹੋਵੇ , ਇਸ ਲਈ ਮੈਂ ਸਿਰਫ ਚਿੰਤਾ ਹੀ ਨਹੀਂ ਕਰਦਾ ਸਗੋਂ ਆਪਣੀ ਸਮਰੱਥਾ ਅਨੁਸਾਰ ਮੈਂ ਇਸ ਧਰਮ ਦੀ ਲੜਾਈ 'ਚ ਇੱਕ ਸਮਰਪਿਤ ਸਿਪਾਹੀ ਵਾਂਗ ਸਦਾ ਹਾਜ਼ਿਰ ਹਾਂ ਆਪਣੇ ਹਿੱਸੇ ਦੀ ਸ਼ਮਸ਼ੀਰ ਲੈ ਕੇ , ਪਰ ਸਰਕਾਰ ਬਾਰੇ ਮੇਰੇ ਵਿਚਾ੍ਰ ਇਹ ਨੇ ;
" ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ,
ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ਼ ਨਹੀਂ,
ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ,
ਉਸਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ,
ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ ,
ਹਰ ਯੁੱਗ ਵਿੱਚ ਮੈਂ ਹੀ ਉਸਦੀ ਧੌਣ ਹੈ ਭੰਨੀ ,
ਵੇਖ ਲਉ ਇਤਹਾਸ ਚੁੱਕ ਕੇ ਬੋਸ਼ੱਕ ਸਦੀਆਂ ਦਾ,
ਮਿਲ ਜਾਵੇਗਾ ਲੇਖਾ ਜੋਖਾ ਇਸਦੀਆਂ ਬਦੀਆਂ ਦਾ,
ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ,
ਦਸ਼ਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ,
ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ,
ਇਤਹਾਸ ਬਦਲਦੇ ਨੇ, ਤਸਵੀਰ ਬਦਲਦੀ ਹੈ,
ਚਾਂਦਨੀ ਚੌਂਕ ਤੋਂ ਪੁੱਛ ਲਉ ਜਾਂ ਕੰਧ ਸਰਹੰਦ ਕੋਲੋਂ,
ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ,
ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ
ਓਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਿਵਾਉਂਦੀ ਹੈ,
ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ,
ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ,
ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ,
ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ਼ ਨਹੀਂ,
ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ...!"
ਮੈਂ ਚਾਹੁੰਦਾ ਹਾਂ ਕਿ ਇਹ ਲੜਾਈ ਰੁਕਣੀ ਨਹੀਂ ਚਾਹੀਦੀ , ਸਾਨੂੰ ਇਹ ਦੁਰਘਟਨਾ ਭੁੱਲਣੀ ਨਹੀਂ ਚਾਹੀਦੀ । ਹੋ ਸਕਦਾ ਮੈਂ ਗਲਤ ਹੋਵਾਂ , ਹੋ ਸਕਦਾ ਮੈਂ ਭਾਵੁਕ ਹੋਵਾਂ....ਪਰ ਮੈਂ ਤਾਂ ਅਜਿਹਾ ਹੀ ਹਾਂ , ਮੈਂ ਤਾਂ ਇੰਝ ਹੀ ਸੋਚਦਾ ਹਾਂ ! ਇੱਕ ਆਖਰੀ ਗੱਲ , ਇਹ ਬੇਇੱਜ਼ਤੀ ਇੱਕਲੇ ਜਗਜੀਤ ਸਿੰਘ ਦੀ ਨਹੀਂ ਸਾਡੀ ਸਭ ਦੀ ਹੈ ਪੂਰੀ ਸਿੱਖ ਕੌਮ ਦੀ ਹੈ , ਜਗਜੀਤ ਸਿੰਘ ਤਾਂ ਇੱਕ ਬਿੰਬ ਹੈ , ਬਿਲਕੁਲ ਉਵੇਂ ਜਿਵੇਂ "ਜਲ੍ਹਿਆਂ ਵਾਲਾ ਬਾਗ " ਇੱਕ ਬਿੰਬ ਹੈ , ਜਿਵੇਂ " ਸੰਨ ਚੁਰਾਸੀ " ਇੱਕ ਬਿੰਬ ਹੈ । ਇਹ ਮੇਰੀ ਸੋਚ ਹੈ ਮੇਰੀ ਭਾਵੁਕਤਾ ਹੈ ....ਜੋ ਵੀ ਹੈ ਇਹੋ ਮੇਰੇ ਅੰਦਰਲਾ ਸੱਚ ਹੈ ! ਆਖਿਰ 'ਚ ਬੱਸ ਇਹੋ ਕਹਿਣਾ ਹੈ ;

ਅਮਰਦੀਪ ਸਿੰਘ ਗਿੱਲ

" ਪੱਗੜੀ ਸੰਭਾਲ ਸਿੰਘਾ ਪੱਗੜੀ ਸੰਭਾਲ ਓਏ !
ਇਹੋ ਤੇਰੇ ਲਈ ਅੱਜ ਮੁੱਢਲਾ ਸਵਾਲ ਓਏ !
ਪੱਗੜੀ ਏ ਸਿਰ ਉੱਤੇ ਤਾਂ ਹੀ ਸਿਰਦਾਰ ਤੂੰ
ਅਣਖ ਨਾਲ ਜੀਣ ਦਾ ਸੱਚਾ ਹੱਕਦਾਰ ਤੂੰ
ਕਾਇਮ ਰੱਖ ਸਿਰ ਦੇ ਕੇ ਏਸਦਾ ਜਲਾਲ ਓਏ !
ਪੱਗੜੀ ਸੰਭਾਲ ਸਿੰਘਾ ਪੱਗੜੀ ਸੰਭਾਲ ਓਏ ! "