Friday, December 24, 2010

ਮਹਾਨ ਚਿੰਤਕ ਹਰਿੰਦਰ ਮਹਿਬੂਬ

-ਨਵਤੇਜ ਭਾਰਤੀ
ਕਈ ਵਰ੍ਹੇ ਪਹਿਲਾਂ ਦੀ ਗੱਲ ਹੈ। ਦਾਸਤੋਵਸਕੀ ਬਾਰੇ ਬੋਲਦਿਆਂ ਹਰਿੰਦਰ ਮਹਿਬੂਬ ਨੇ ਮੈਨੂੰ ਕਿਹਾ, “ਮੇਰੇ ਮਰਨ ਪਿੱਛੋਂ ਮੇਰੇ ‘ਤੇ ਸੁਹਣਾ ਜਿਹਾ ਲੇਖ ਲਿਖੀਂ।”
“ਸਿਫ਼ਤ ਵਿਚ…?” ਮੈਂ ਪੁੱਛਿਆ।
ਉਹ ਮੇਰੇ ਵੱਲ ਕੁਨੱਖਾ ਝਾਕਿਆ। ਆਪਣੀ ਸਿਫ਼ਤ ਤੋਂ ਉਹ ਸਤਿਆ ਹੋਇਆ ਸੀ ਪਰ ਇਸ ਨਾਲ ਸੁਲ੍ਹਾ ਵੀ ਕੀਤੀ ਹੋਈ ਸੀ। ਉਹਨੂੰ ਸਿਫ਼ਤ ਦੀ ਓਨੀ ਲਾਲਸਾ ਨਹੀਂ ਸੀ, ਜਿੰਨੀ ਲੋੜ ਸੀ। ਇਹਨੂੰ ਉਹ ਲੋਕਾਂ ਦੀ ਸੁਰਤ ਬਦਲਣ ਲਈ ਵਰਤਣਾ ਚਾਹੁੰਦਾ ਸੀ ਪਰ ਸਿਫ਼ਤ ਲੇਖਕ ਦੇ ਆਪਣੇ ਵੱਸ ਨਹੀਂ ਹੁੰਦੀ। ਪਹਿਲਾਂ ਸਿਫ਼ਤੀਆਂ ਦੇ ਹੱਥ ਹੁੰਦੀ ਹੈ ਕਿੰਨੀ ਤੇ ਕਿਹੋ ਜਿਹੀ ਕਰਨੀ ਹੈ। ਫੇਰ ਸਿਫ਼ਤਫ਼ਰੋਸ਼ਾਂ ਦੇ ਹੱਥ ਵਿਚ; ਕਿਵੇਂ ਵੇਚਣੀ-ਵੱਟਣੀ ਤੇ ਸਿਆਸਤ ਕਰਨੀ ਹੈ। ਹਰਿੰਦਰ ਨੂੰ ਤਾਂ ਸੌਦਾ ਕਰਨਾ ਹੀ ਨਹੀਂ ਆਉਂਦਾ ਸੀ। ਆਲੂ-ਗੋਭੀ, ਮਿਰਚ-ਮਸਾਲਾ ਖ਼ਰੀਦਣ ਵੇਲੇ ਵੀ ਹਰਫਲ ਜਾਂਦਾ ਸੀ। ਉਹ ਆਪਣੀ ਸਿਫ਼ਤ ਨੂੰ ਲੋਕ ਭਲੇ ਲਈ ਵਰਤਣ ਵਿਚ ਆਪ ਵਰਤਿਆ ਗਿਆ।
ਇਕ ਵਾਰ ਮੈਂ ਉਹਨੂੰ ਪੁੱਛਿਆ, ਜਿਹੜੇ ਲੋਕ ਪੂਰਨ ਸਿੰਘ ਨੂੰ ‘ਜਾਹਨ ਸਾਈਮਨ ਨੂੰ ਖੁੱਲ੍ਹੀ ਚਿੱਠੀ’ ਲਿਖਣ ਕਰਕੇ ਹੀ ਜਾਣਦੇ ਹਨ, ਉਹ ਉਹਨੂੰ ਕਿੰਨਾ ਕੁ ਜਾਣਦੇ ਹਨ?
“ਆਪਣੀ ਹੋਂਦ ਦੇ ਮਹਾਂ ਸੰਘਰਸ਼ ਵਿਚ ਜੂਝਦੀਆਂ ਕੌਮਾਂ ਕਿਸੇ ਲੇਖਕ ਨੂੰ ਆਪਣੇ ਈ ਤਰਕ ਨਾਲ ਵੇਖਦੀਆਂ ਨੇ,” ਉਹਨੇ ਉਤਰ ਦਿੱਤਾ।
ਮੈਂ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ। ਇਹ ਕੋਈ ਉਤਰ ਨਹੀਂ ਸੀ। ਭਾਰਾ ਜਿਹਾ ਪੱਥਰ ਮੇਰੇ ਵੱਲ ਵਗ੍ਹਾ ਮਾਰਿਆ ਸੀ। ਪਹਿਲੀ ਵਾਰ ਉਹ ਇੰਨਾ ਵਿੰਗ-ਤੜਿੰਗਾ ਹੋ ਕੇ ਬੋਲਿਆ ਸੀ। ਉਹ ਤਾਂ ਸਿੱਧੀ ਗੱਲ ਕਰਨ ਵਾਲਾ ਬੰਦਾ ਸੀ। ਜੋ ਜੀਅ ਆਉਂਦਾ, ਕਹਿ ਦਿੰਦਾ ਸੀ। ਲਗਮਾਤਰ, ਕੰਨਾ, ਸਿਹਾਰੀ, ਬਿਹਾਰੀ ਨਹੀਂ ਸੀ ਲਾਉਂਦਾ। ਮੈਨੂੰ ਯਾਦ ਹੈ ਕਿ ਇਕ ਦਿਨ ਭੂਤਵਾੜੇ ਵਿਚ ਮਾਓ ਦੀਆਂ ਕਵਿਤਾਵਾਂ ਅਨੁਵਾਦ ਕਰਦਾ-ਕਰਦਾ ਉਹ ਮੰਜੀ ‘ਤੇ ਲੇਟ ਗਿਆ। ਅੱਖਾਂ ਮੀਚ ਲਈਆਂ, ਕਹਿੰਦਾ, “ਆਲਸ ਵੀ ਕੋਈ ਦੈਵੀ ਅਵਸਥਾ ਐ। ਇਸੇ ਵਿਚੋਂ ਕਲਾ ਪੈਦਾ ਹੁੰਦੀ ਐ।” ਮੈਂ ਕਿਹਾ, “ਕਵੀ ਜੀ, ਇਨਕਲਾਬ ਪਿੱਛੋਂ ਆਲਸੀਆਂ ਲਈ ਕੋਈ ਥਾਂ ਨਹੀਂ ਹੋਣੀ।”
“ਇਹ ਟੈਰੇ ਦਾ ਇਨਕਲਾਬ ਐ ਫੇਰ। ਇਹੋ ਜਿਹਾ ਇਨਕਲਾਬ ਕੋਈ ਦਾਸਤੋਵਸਕੀ ਪੈਦਾ ਨਹੀਂ ਕਰ ਸਕਦਾ,” ਉਹ ਮੰਜੀ ਤੋਂ ਉਠ ਖੜ੍ਹਾ ਹੋਇਆ। ਹੱਥ ਵਿਚ ਮਾਓ, ਹੋਂਠਾਂ ‘ਤੇ ਗ਼ਾਲਿਬ, ਉਹ ਵਿਹੜੇ ਵਿਚ ਗੇੜੇ ਕੱਢਣ ਲੱਗ ਪਿਆ:
ਦਿਲ ਢੂੰਡਤਾ ਹੈ ਫਿਰ ਵਹੀ ਫ਼ੁਰਸਤ ਕੇ ਰਾਤ ਦਿਨ।
ਬੈਠੇ ਰਹੇਂ ਤਸੱਵਰੁ-ਇ-ਜਾਨਾ ਕਿਏ ਹੂਏ…।
ਪੂਰਨ ਸਿੰਘ ਨੂੰ ਉਹ ਲੂੰ ਲੂੰ ਵਿਚੋਂ ਪਿਆਰ ਕਰਦਾ ਸੀ। ਉਹਨੂੰ ਸਾਈਮਨ ਵਾਲੀ ਚਿੱਠੀ ਲਿਖਣ ਵਾਲੇ ਪੂਰਨ ਸਿੰਘ ਨਾਲ ਮੇਚਣਾ ਉਹ ਸਹਾਰ ਨਹੀਂ ਸਕਦਾ ਸੀ। ਇਹ ਪੂਰਨ ਸਿੰਘ ਦੀ ਸਿਆਸੀ ਵਰਤੋਂ ਸੀ। ਸਿਆਸਤ ਬੰਦੇ ਨੂੰ ਉਨਾ ਕੁ ਵਰਤਦੀ ਹੈ, ਜਿੰਨੀ ਲੋੜ ਹੁੰਦੀ ਹੈ। ਬਾਕੀ ਨੂੰ ਕੱਟ ਕੇ ਸੁੱਟ ਦਿੰਦੀ ਹੈ। ਉਹ ਚੁੱਪ ਸੀ। ਉਹਦੀ ਚੁੱਪ ਵਿਚ ਦੁੱਖ ਸੀ। ਦੁੱਖ ਵਿਚੋਂ ਬਾਹਰ ਕੱਢਣ ਲਈ ਮੈਂ ਬੇਕਿਰਕ ਹੋ ਕੇ ਕਿਹਾ:
“ਹੋ ਸਕਦੈ ਤੈਨੂੰ ਵੀ ਲੋਕ ਏਸੇ ਕਰਕੇ ਹੀ ਜਾਣਨ ਕਿ ਤੂੰ ‘ਨੀਂਦਾਂ ਦਾ ਕਤਲ’ ਤੇ ‘ਸ਼ਹੀਦ ਦਾ ਗ਼ਜ਼ਬ‘ ਕਵਿਤਾ ਜਾਂ ‘ਸਹਿਜੇ ਰਚਿਓ ਖ਼ਾਲਸਾ’ ਦਾ ਲੇਖਕ ਹੈਂ!”
ਹਰਿੰਦਰ ਨੇ ਮੇਰੇ ਵੱਲ ਬਸ ਘੂਰ ਕੇ ਵੇਖਿਆ। ਚੁੱਪ ਰਿਹਾ। ਤੇ ਬਹੁਤ ਦਿਨ ਮੇਰੇ ਨਾਲ ਗ਼ੁੱਸੇ ਰਿਹਾ। ਤੇ ਫੇਰ ਉਸ ਦਿਨ ਦਾਸਤੋਵਸਕੀ ਦੀ ਗੱਲ ਵਿਚ ਮੈਨੂੰ ਕਿਹਾ ਸੀ, ਮੇਰੇ ਮਰਨ ਪਿੱਛੋਂ ਮੇਰੇ ‘ਤੇ ਸੁਹਣਾ ਜਿਹਾ ਲੇਖ ਲਿਖੀਂ।
ਹਰਿੰਦਰ ਚਾਹੁੰਦਾ ਸੀ, ਉਹਨੂੰ ਲੋਕ ਉਹਦੇ ਮਹਾਂ ਕਾਵਿ ਵਿਚੋਂ ਵੇਖਣ। ‘ਸਹਿਜੇ ਰਚਿਓ ਖ਼ਾਲਸਾ‘ ਨੂੰ ਉਹ ‘ਹਿਸਾਬੀ ਦਲੀਲਬਾਜ਼ੀ‘ ਅਤੇ ‘ਝਨਾਂ ਦੀ ਰਾਤ‘ ਨੂੰ ਉਹ ਮਹਾਂ ਕਾਵਿ ਦੀ ਵਰਣਮਾਲਾ ਸਮਝਦਾ ਸੀ। ‘ਝਨਾਂ ਦੀ ਰਾਤ‘ ਦੇ ਮੁਖਬੰਦ ਦੇ ਅੰਤ ਵਿਚ ਉਹ ਕਹਿੰਦਾ ਹੈ:
“ਹੁਣ ਮੇਰਾ ਕਵੀ-ਮਨ ਦਿਸਦੀ ਅਸਲੀਅਤ ਦੀ ਜ਼ਮੀਨ ਉਤੇ ਖਲੋ ਕੇ ‘ਸਹਿਜੇ ਰਚਿਓ ਖ਼ਾਲਸਾ‘ ਵਿਚ ਆਖੀਆਂ ਗੱਲਾਂ ਦੀ ਹੋਰ ਸਫ਼ਾਈ ਦੇਣ ਲਈ ਹਿਸਾਬੀ ਦਲੀਲਾਂ ਵਿਚ ਨਹੀਂ ਪੈਣਾ ਚਾਹੁੰਦਾ, ਮੈਂ ਕਿਸੇ ਲੰਮੀ ਕਾਵਿ ਸਿਰਜਣਾ ਦੇ ਵਿਜੈਈ ਜਲਾਲ ਰਾਹੀਂ ਹੀ ਉਸ ਦੇ ਸੱਚ ਨੂੰ ਸਥਾਪਤ ਕਰਨ ਲਈ ਤ੍ਰਿਖਾਵੰਤ ਹਾਂ। ਇਹ ਕਵਿਤਾਵਾਂ (ਝਨਾਂ ਦੀ ਰਾਤ) ਵਿਚਕਾਰਲਾ ਪੜਾਅ ਹਨ। ਇਹ ਅਗਲੀ ਕਵਿਤਾ ਨੂੰ ਸਮਝਣ ਲਈ ਵਰਣਮਾਲਾ ਹਨ…।”
ਹਰਿੰਦਰ ਇਸ ਵਿਚਕਾਰਲੇ ਪੜਾਅ ਤੋਂ ਲੰਘ ਰਿਹਾ ਸੀ। ਉਸ ਦੇ ਪ੍ਰਸ਼ੰਸਕ ਉਥੇ ਹੀ ਖੜ੍ਹੇ ਸਨ। ਸ਼ਰਧਾਵਾਨਾਂ ਨੂੰ ਸ਼ਰਧਾ ਤੁਰਨ ਨਹੀਂ ਦਿੰਦੀ, ਨਾ ਨੀਤੀਵਾਨਾਂ ਨੂੰ ਨੀਤੀ। ਮੱਥਾ ਤੁਰਦੇ ਪੈਰਾਂ ‘ਤੇ ਨਹੀਂ ਟਿਕਦਾ। ਪੈਰ ਨਾ ਰੁਕਣ ਤਾਂ ਉਨ੍ਹਾਂ ਦੀਆਂ ਖੜਾਵਾਂ ਵਰਤ ਲਈਆਂ ਜਾਂਦੀਆਂ ਹਨ। ਮੈਨੂੰ ਹਰਿੰਦਰ ਨੇ ਦੱਸਿਆ ਸੀ ‘ਇਲਾਹੀ ਨਦਰ ਦੇ ਪੈਂਡੇ‘ ਨਾਲੋਂ ਅਜੇ ਵੀ ‘ਸਹਿਜੇ ਰਚਿਓ ਖ਼ਾਲਸਾ‘ ਅਤੇ ‘ਝਨਾਂ ਦੀ ਰਾਤ‘ ਵਧੇਰੇ ਪੜ੍ਹੀ ਜਾ ਰਹੀ ਹੈ।
ਮੈਂ ਉਸ ਦਾ ਪ੍ਰਸ਼ੰਸਕ ਨਹੀਂ ਸੀ, ਮਿੱਤਰ ਸੀ। ਸਾਡੇ ਵਿਚ ਅਨੇਕਾਂ ਮਤਭੇਦ ਸਨ ਪਰ ਮੈਨੂੰ ਉਹਦੇ ਅੰਦਰ ਆਉਣ-ਜਾਣ ਦੀ ਖੁੱਲ੍ਹ ਸੀ। ਉਹ ਆਪਣੇ ਆਪ ਕੋਲੋਂ ਲੁਕਾਉਣ ਵਾਲੀਆਂ ਗੱਲਾਂ ਵੀ ਮੈਨੂੰ ਦੱਸ ਦਿੰਦਾ ਸੀ ਅਤੇ ਆਪ ਕਈ ਵਾਰ ਭੁੱਲ ਜਾਂਦਾ ਸੀ। ਮੈਂ ਉਹਦੀ ਦੂਜੀ ਸਿਮਰਤੀ (ਮੈਮਰੀ ਡਰਾਈਵ) ਸੀ।
ਹਰਿੰਦਰ ਅੰਦਰੋਂ ਉਦਾਸ ਸੀ। ਇਹ ਉਦਾਸੀ ਪਿੰਡੇ ਦੀ ਨਹੀਂ, ਪਿੰਡ (ਵਿਸ਼ਵ) ਦੀ ਸੀ। ਇਹ ਗੱਲ ਨਹੀਂ ਕਿ ਉਹਨੂੰ ਪਿੰਡੇ ਦਾ ਦੁੱਖ ਨਹੀਂ ਸੀ। ਉਹ ਅੰਤਿਮ ਸੁਆਸ ਤਕ ਇਹਦੀ ਭਖ਼ਦੀ ਤਵੀ ‘ਤੇ ਬੈਠਾ ਰਿਹਾ ਹੈ ਪਰ ਇਕ ਸ਼ਬਦ ਨੂੰ ਵੀ ਸੇਕ ਨਹੀਂ ਲੱਗਣ ਦਿੱਤਾ। ਉਹਦੀ ਕਵਿਤਾ ਸਰੀਰ ਜਸ਼ਨ ਤੇ ਰਸ ਕਸ ਤੋਂ ਵਿਰਵੀ ਵੀ ਨਹੀਂ। ਉਹ ਕਿਹੜੇ ਸਰੀਰ ਵਿਚ ਬਹਿ ਕੇ ਲਿਖਦਾ ਸੀ, ਇਹ ਗੱਲ ਵੀ ਗੌਲਣਯੋਗ ਹੈ।
ਉਹਦੀ ਉਦਾਸੀ ਹੱਦ ਦੀ ਸੀ। ਵਿਸ਼ਵ ਦੇ ਵਿਨਾਸ਼ ਦੀ। ਮ੍ਰਿਤੂ ਤੋਂ ਕੁਝ ਦਿਨ ਪਹਿਲਾਂ ਜਦੋਂ ਉਹ ਸਰੀਰਕ ਪੀੜ ਨਾਲ ਨਿਢਾਲ ਸੀ, ਮੇਰੇ ਨਾਲ ਗੱਲਾਂ ਕਰਦਿਆਂ ਕਹਿੰਦਾ ‘ਸਾਡੀ ਪਿਆਰੀ ਧਰਤੀ ਤਬਾਹ ਹੋਈ ਜਾ ਰਹੀ ਹੈ।‘ ਮੈਂ ਕਿਹਾ, “ਕਵੀ ਜੀ, ਚਿੰਤਾ ਨਾ ਕਰੋ, ਕਿਤੇ ਨਾ ਕਿਤੇ ਘਾਹ ਦੀਆਂ ਤਿੜ੍ਹਾਂ ਬਚੀਆਂ ਰਹਿ ਜਾਣਗੀਆਂ।” ਉਹ ਧੀਮੀ ਆਵਾਜ਼ ਵਿਚ ਬੋਲਿਆ, “ਸਹੀ ਹੈ, ਗੁਰੂ ਜੀ ਵੀ ਏਹੀ ਧਰਵਾਸ ਦਿੰਦੇ ਹਨ, ‘ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟਾ ਰਹਿਓ ਰੀ।”
ਉਹਦਾ ਮੇਰੇ ਨਾਲ ਇਹ ਅੰਤਿਮ ਬਚਨ ਸੀ। ਸਾਡੀ ਪੀੜ੍ਹੀ ਵਿਚ ਧਰਤੀ ਦੀ ਇੰਨੀ ਚਿੰਤਾ ਕਰਨ ਵਾਲਾ ਮੈਨੂੰ ਕੋਈ ਹੋਰ ਕਵੀ ਨਹੀਂ ਦਿਸਦਾ। ਨਵੀਂ ਕਵਿਤਾ ਸੰਸਕ੍ਰਿਤੀ ਦੇ ਪ੍ਰਸੰਗ ਤੋਂ ਵਿਜੋਗੀ ਗਈ ਹੈ। ਨਿਕ-ਸੁਕ ਦੇ ਵੇਰਵਿਆਂ ਦੀ ਤਸਵੀਰਕਸ਼ੀ ਵਿਚ ਖਚਿਤ ਹੋ ਗਈ ਹੈ। ਹਰਿੰਦਰ ਨੂੰ ਸਿਮਰਦਿਆਂ ਮੈਨੂੰ ਉਹ ਕਵੀ ਯਾਦ ਆਉਂਦੇ ਹਨ ਜਿਹੜੇ ਧਰਤੀ ਦੀ ਚਿੰਤਾ ਕਰਦੇ ਹਨ।
ਹਰਿੰਦਰ ਦਾ ਵਿਸ਼ਵਾਸ ਸੀ, ਵਿਸ਼ਵ ਦੇ ਸਰਵਨਾਸ਼ ਨੂੰ ਕੇਵਲ ਗੁਰੂਸੁਰਤ ਹੀ ਬਚਾ ਸਕਦੀ ਹੈ। ਉਹ ਵੀ ਕਵਿਤਾ ਰਾਹੀਂ।
ਕਵਿਤਾ ‘ਤੇ ਏਡਾ ਵੱਡਾ ਦਾਈਆ ਮੈਨੂੰ ਹੈਰਾਨ ਕਰਦਾ ਹੈ। ਅੱਜ ਕੱਲ੍ਹ ਬਹੁਤੇ ਕਵੀ ਤਾਂ ਆਪ ਵੀ ਕਵਿਤਾ ਨੂੰ ਫ਼ਾਲਤੂ ਸਮਝਣ ਲੱਗ ਪਏ ਹਨ। ਇਸ ਗੱਲੋਂ ਹਰਿੰਦਰ ਦੀ ਕਵਿਤਾ ਪੜ੍ਹਨਾ ਕਵਿਤਾ ‘ਤੇ ਮਾਣ ਕਰਨਾ ਹੈ। ਆਪਣੇ ਕਵੀ ਹੋਣ ‘ਤੇ ਮਾਣ ਕਰਨਾ ਹੈ।
ਅਸੀਂ ਹਰਿੰਦਰ ਦੇ ਚਿੰਤਨ ‘ਤੇ ਸ਼ੰਕਾ ਕਰ ਸਕਦੇ ਹਾਂ ਪਰ ਉਸ ਦੀ ਚਿੰਤਾ ‘ਤੇ ਨਹੀਂ। ਤੇ ਕਵਿਤਾ ਦੇ ਪ੍ਰਾਣ ਚਿੰਤਨ ਵਿਚ ਨਹੀਂ, ਚਿੰਤਾ ਵਿਚ ਹੁੰਦੇ ਹਨ।
ਮੈਨੂੰ ਹਰਿੰਦਰ ਇਸ ਗੱਲੋਂ ਵੀ ਚੰਗਾ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਵਿਸ਼ਵ ਦੇ ਮਹਾਂ ਕਵੀਆਂ ਨਾਲ ਮੇਚਦਾ ਸੀ। ਉਹ ਦਾਂਤੇ ਨੂੰ ਵਿਸ਼ਵ ਦਾ ਸਰਵੋਤਮ ਕਵੀ ਮੰਨਦਾ ਸੀ ਤੇ ਉਹਤੋਂ ਅੱਗੇ ਨਿਕਲਣ ਦੀ ਦਾਈ ਲਾਈ ਹੋਈ ਸੀ। ਇਕ ਚਿੱਠੀ ਵਿਚ ਉਹ ਲਿਖਦਾ ਹੈ, ਜੇ ਤੈਨੂੰ ਮੈਂ ਸ਼ੇਖ਼ਚਿਲੀ ਲੱਗਦਾ ਹਾਂ ਤਾਂ ਮੈਨੂੰ ਸ਼ੇਖ਼ਚਿਲੀਆਂ ਮਾਰ ਲੈਣ ਦੇ। ਉਹਦੇ ਵਿਚ ਹੋਮਰ, ਦਾਂਤੇ, ਮਿਲਟਨ, ਸ਼ੈਕਸਪੀਅਰ, ਵਾਲਟ ਵਿਟਮੈਨ ਤੇ ਤਾਲਸਤਾਏ ਦੇ ਆਕਾਸ਼ ਵਿਚ ਉਡਣ ਦਾ ਜੇਰਾ ਸੀ।
ਇਹ ਲੇਖ ਜਦੋਂ ਅਰੰਭ ਕੀਤਾ, ਉਹ ਜਿਉਂਦਾ ਸੀ। ਅਸੀਂ ਇਕ-ਦੂਜੇ ਬਾਰੇ ਕਦੇ ਨਹੀਂ ਲਿਖਿਆ ਸੀ। ਮੈਂ ਇਹ ਨੇਮ ਤੋੜ ਕੇ ਉਹਨੂੰ ਹੈਰਾਨ ਕਰਨਾ ਚਾਹੁੰਦਾ ਸੀ ਪਰ ਉਹਨੇ ਮੈਨੂੰ ਇਹ ਨੇਮ ਤੋੜਨ ਨਾ ਦਿੱਤਾ। ਮੈਨੂੰ ਉਹਦੇ ‘ਤੇ ਗ਼ੁੱਸਾ ਹੈ। ਲੇਖ ਸਮਾਪਤ ਹੋਣ ਤੋਂ ਪਹਿਲਾਂ ਉਹ ਉਨ੍ਹਾਂ ਲੇਖਕਾਂ ਦੀ ਸੰਗਤ ਵਿਚ ਰਲ ਗਿਆ ਜਿਨ੍ਹਾਂ ਨਾਲ ਉਹ ਉਡਣਾ ਚਾਹੁੰਦਾ ਸੀ। ਤੇ ਸਾਡੇ ਆਸਮਾਨ ਨੂੰ ਹੋਰ ਉਚਾ ਕਰਨਾ ਚਾਹੁੰਦਾ ਸੀ। ਉਹਦੇ ਉਤੇ ‘ਸੁਹਣਾ ਲੇਖ‘ ਲਿਖਣ ਦੀ ਦਾਈ ਅਜੇ ਮੇਰੇ ਸਿਰ ਹੈ।

Wednesday, December 1, 2010

ਮੌਲਾਨਾ ਰੂਮੀ ਦੀ ਜ਼ਿੰਦਗੀ ਵਿਚ ਇਕ ਵਾਕਾ

ਮੌਲਾਨਾ ਰੂਮੀ ਇਕ ਦਿਨ ਖ਼ਰੀਦੋ ਫ਼ਰੋਖ਼ਤ ਦੇ ਸਿਲਸਿਲੇ ਵਿੱਚ ਬਾਜ਼ਾਰ ਤਸ਼ਰੀਫ਼ ਲੈ ਗਏ। ਇਕ ਦੁਕਾਨ ਪਰ ਜਾਕੇ ਰੁਕ ਗਏ। ਦੇਖਿਆ ਕਿ ਇਕ ਔਰਤ ਕੁਛ ਸੌਦਾ ਖ਼ਰੀਦ ਰਹੀ ਹੈ। ਸੌਦਾ ਖ਼ਰੀਦਣ ਦੇ ਬਾਅਦ ਜਦ ਔਰਤ ਨੇ ਰਕਮ ਅਦਾ ਕਰਨੀ ਚਾਹੀ ਤਾਂ ਦੁਕਾਨਦਾਰ ਨੇ ਕਿਹਾ ,
“ਇਸ਼ਕ ਵਿੱਚ ਪੈਸੇ ਕਹਾਂ ਹੋਤੇ ਹੈਂ, ਛੋੜੋ ਪੈਸੇ ਔਰ ਜਾਉ”
ਅਸਲ ਵਿੱਚ ਉਹ ਦੋਨੋਂ ਆਸ਼ਿਕ ਮਾਸ਼ੂਕ ਸਨ । ਮੌਲਾਨਾ ਰੂਮੀ ਇਹ ਸੁਣ ਕੇ ਗ਼ਸ਼ ਖਾਕੇ ਗਿਰ ਪਏ । ਦੁਕਾਨਦਾਰ ਸਖ਼ਤ ਘਬਰਾ ਗਿਆ । ਇਸ ਦੌਰਾਨ ਉਹ ਔਰਤ ਵੀ ਉਥੋਂ ਚਲੀ ਗਈ। ਖ਼ਾਸੀ ਦੇਰ ਬਾਅਦ ਜਦ ਮੌਲਾਨਾ ਨੂੰ ਹੋਸ਼ ਆਇਆ ਤਾਂ ਦੁਕਾਨਦਾਰ ਨੇ ਪੁਛਿਆ ।
ਮੌਲਾਨਾ ਆਪ ਕਿਉਂ ਬੇ ਹੋਸ਼ ਹੋਏ?
ਮੌਲਾਨਾ ਰੂਮੀ ਨੇ ਜਵਾਬ ਦਿੱਤਾ ।
“ਮੈਂ ਉਸ ਬਾਤ ਪਰ ਬੇਹੋਸ਼ ਹੋਇਆ ਕਿ ਤੇਰੇ ਅਤੇ ਉਸ ਔਰਤ ਵਿੱਚ ਇਸ਼ਕ ਇਤਨਾ ਮਜ਼ਬੂਤ ਹੈ, ਕਿ ਦੋਨਾਂ ਵਿੱਚ ਕੋਈ ਹਿਸਾਬ ਕਿਤਾਬ ਹੀ ਨਹੀਂ, ਜਦ ਕਿ ਅੱਲ੍ਹਾ ਨਾਲ ਮੇਰਾ ਇਸ਼ਕ ਇਤਨਾ ਕਮਜ਼ੋਰ ਹੈ ਕਿ ਮੈਂ ਤਸਬੀਹ ਵੀ ਗਿਣ ਕੇ ਕਰਦਾ ਹਾਂ ।”