Tuesday, January 18, 2011

‘ਤੇਰਾ ਪੁੱਤ ਬਹੁਤ ਸੋਹਣਾ ਸੀ ਮਾਂ’

ਅਜੇ ਪਰਸੋਂ ਦੀ ਤਾਂ ਗੱਲ ਐ। ਐਡੀ ਛੇਤੀ ਨ੍ਹੀ ਭੁੱਲ ਸਕਦਾ। ਜਦੋਂ ਵੀ ਕਿਸੇ ਸ਼ਹੀਦ ਪਰਿਵਾਰ ਦੇ ਘਰ ਜਾ ਕੇ ਆਉਦਾਂ, ਤਾਂ ਕਈ-ਕਈ ਦਿਨ ਨੀਂਦ ਜਹੀ ਨਹੀਂ ਆਉਂਦੀ। ਪਰ ਐਤਕੀਂ ਤਾਂ ਸੰਘੋਂ ਵੀ ਥੱਲੇ ਨ੍ਹੀ ਲੰਘਦਾ ਕੁਝ। ਹੁਣ ਜਦੋਂ ਦੋ ਡੰਗ ਚੱਜ ਨਾਲ ਰੋਟੀ ਨਾ ਖਾਧੀ ਤਾਂ ਮਾਂ ਨੇ ਤਾਂ ਪੁੱਛਣਾ ਈ ਸੀ, “…ਤਾਂ ਈ ਤਾਂ ਮੈਂ ਤੈਨੂੰ ਜਾਣ ਨ੍ਹੀ ਦਿੰਦੀ ਕਿਤੇ, ਆ ਕੇ ਫੇਰ ਕਈ ਦਿਨ ਗੁੰਮ-ਸੁੰਮ ਜਾ ਹੋ ਕੇ ਬੈਠਾ ਰਹਿਣੈ… ਭੁੱਲ ਵੀ ਜਾ ਹੁਣ”।
ਮਾਂ ਨੇ ਤਾਂ ਕਹਿਤਾ ‘ਭੁੱਲ ਵੀ ਜਾ’, ਪਰ ਉਹਨਾਂ ਦੀ ਹਾਲਤ ਭੁੱਲਣ ਵਾਲੀ ਨਹੀਂ ਸੀ। ਕੋਈ ਏਨਾ ਗਰੀਬ ਕਿਵੇਂ ਹੋ ਸਕਦੈ। ਕੋਈ ਏਨੀ ਗਰੀਬੀ ਵਿਚ ਜਿਉਂਦਾ ਵੀ ਕਿਵੇਂ ਰਹਿ ਸਕਦੈ। ਨਹੀਂ ਮੈਥੋਂ ਨ੍ਹੀ ਭੁੱਲੀ ਜਾਂਦੀ ਉਹ ਮਾਂ, ਜੀਹਨੇ ਆਵਦਾ ਸੋਨੇ ਵਰਗਾ ਪੁੱਤ ਤੇ ਦੋ ਜਵਾਈ ਪੰਥ ਦੀ ਝੋਲੀ ਪਾਏ ਐ ਤੇ ਅੱਜ ਰੋਟੀ ਵੱਲੋਂ ਵੀ……। 'ਜੀਹਦਾ ਸਾਰਾ ਕੁਝ ਲੁੱਟ ਲਿਆ 'ਕੁੱਤੀ ਗੌਰਮਿੰਟ’ ਨੇ, ਤੇ ਉਹ ਵਿਚਾਰੀ ਆਵਦੇ ਪੁੱਤ ਦੀ ਫੋਟੋ ਹੱਥ ਵਿਚ ਫੜੀ ਕਈ ਵਾਰ ਸਾਰਾ-ਸਾਰਾ ਦਿਨ ਉਸ ਨੂੰ ਕੋਸਦੀ ਰਹਿੰਦੀ ਐ। ਜੇ ਮੈਂ ਇਹ ਬਾਤ ਜਾਣਦਿਆਂ ਹੋਇਆਂ ਵੀ ਪੰਥ ਮੂਹਰੇ ਨਾ ਪਾਈ ਤਾਂ ਸੱਚੇ ਪਾਤਸ਼ਾਹ ਨੂੰ ਕਿਵੇਂ ਮੂੰਹ ਵਿਖਾਵਾਂਗਾ।
ਇਹ ਕਹਾਣੀ ਐਂ ਬਠਿੰਡੇ ਏਰੀਏ ਦੇ ਪਿੰਡ ਗਹਿਰੀ ਬੁੱਟਰ ਦੇ ਸ਼ਹੀਦ ਭਾਈ ਲਛਮਣ ਸਿੰਘ ਦੀ ਮਾਤਾ ਸੁਰਜੀਤ ਕੌਰ ਦੀ। ਕਾਫੀ ਚਿਰ ਤੋਂ ਵੀਰ ਜੀ ਕਰਮਜੀਤ ਸਿੰਘ ਸਿਖਾਂਵਾਲਾ ਕਹਿ ਰਹੇ ਸਨ ਕਿ ਜਗਦੀਪ ਜੇ ਕੋਈ ਸਿੰਘ ਸ਼ਹੀਦ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੋਇਆ ਤਾਂ ਆਪਾਂ ਗਹਿਰੀ ਆਲੇ ਪਰਿਵਾਰ ਦੀ ਮਦਦ ਜਰੂਰ ਕਰਵਾਉਣੀ ਐ, ਉਹਨਾਂ ਦੀ ਹਾਲਤ ਬਹੁਤ ਮਾੜੀ ਐ। ਪਰ ਸੱਚ ਜਾਣਿਓ ਮੈਂ ਤਾਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਕਿਸੇ ਪਰਿਵਾਰ ਦੀ ਹਾਲਤ ਏਨੀ ਮਾੜੀ ਵੀ ਹੋ ਸਕਦੀ ਐ।
ਏਧਰ ਇਕ ਗੁਰਸਿਖ ਪਰਿਵਾਰ ਕਾਫੀ ਦੇਰ ਤੋਂ ਕਹਿ ਰਿਹਾ ਸੀ ਕਿ ਜੇ ਕਿਸੇ ਸ਼ਹੀਦ ਸਿੰਘ ਦਾ ਪਰਿਵਾਰ ਲੋੜਵੰਦ ਹੋਏ ਤਾਂ ਸਾਨੂੰ ਜਰੂਰ ਦੱਸਿਓ, ਅਸੀਂ ਕੁਝ ਮਦਦ ਕਰਨਾ ਚਾਹੁੰਦੇ ਹਾਂ। ਪਰ ਪਤਾ ਨਹੀਂ ਸੱਚੇ ਪਾਤਸ਼ਾਹ ਮੈਨੂੰ ਮੇਰੀ ਏਸ ਭੁੱਲ ਲਈ ਕਦੇ ਮੁਆਫ ਕਰਨਗੇ ਵੀ ਕਿ ਨਹੀਂ ਕਿ ਮੈਂ ਕੁਝ ਆਪਣੇ ਰੁਝੇਵਿਆਂ (ਜਵਾਂ ਫਾਲਤੂ ਰੁਝੇਵਿਆਂ) ਕਾਰਨ ਦੋਹੇਂ ਪਾਸੇ ਲਾਰੇ ਜਹੇ ਲਾਉਂਦਾ ਰਿਹਾ। ਫੇਰ ਕੁਝ ਦਿਨ ਪਹਿਲਾਂ ਵੀਰ ਜੀ ਨੇ ਫੇਰ ਯਾਦ ਦਿਵਾਇਆ ਕਿ ਜਗਦੀਪ ਬਾਹਰਲਿਆਂ ਦੀ ਕੁਝ ਜਾਨ ਖਾ ਬਾਬਾ, ਜੇ ਉਹ ਏਸ ਪਰਿਵਾਰ ਦੀ ਮਦਦ ਕਰ ਦੇਣ ਤਾਂ। ਬਾਹਰਲੇ-ਬੂਹਰਲੇ ਨੂੰ ਤਾਂ ਮੈਂ ਕਿਸੇ ਨੂੰ ਨਹੀਂ ਕਿਹਾ, ਪਰ ਦੂਜੇ ਪਰਿਵਾਰ (ਜਿਹੜਾ ਮਦਦ ਕਰਨ ਦਾ ਚਾਹਵਾਨ ਸੀ) ਨਾਲ ਗੱਲ ਜਰੂਰ ਤੋਰੀ।
…ਤੇ ਉਹ ਤਾਂ ਜਿਵੇਂ ਪਹਿਲਾਂ ਹੀ ਪੱਬਾਂ ਭਾਰ ਹੋਏ ਬੈਠੇ ਸਨ। “ਕਿੱਦੇਂ ਚੱਲਣੈ ਬੇਟੇ…” ਉਹਨਾਂ ਦਾ ਹਾਂ ਪੱਖੀ ਜਵਾਬ ਸੀ। ਸੋ ਅਸੀਂ ਗਹਿਰੀ ਨੂੰ ਚੱਲ ਪਏ। ਰਸਤੇ ਵਿਚ ਬਾਜੇਖਾਨੇ ਤੋਂ ਇਕ ਸਿੰਘ ਨੂੰ ਨਾਲ ਲੈ ਲਿਆ, ਜਿਹੜਾ ਕਦੇ ਸ਼ਹੀਦ ਭਾਈ ਲਛਮਣ ਸਿੰਘ ਦਾ ਸਾਥੀ ਰਿਹਾ ਸੀ ਤੇ ਉਸ ਪਰਿਵਾਰ ਦਾ ਵੀ ਜਾਣੂ ਸੀ।
ਪੰਜਾਬ ਦੇ ਪੰਜਵੇਂ ਸਭ ਤੋਂ ‘ਵਿਕਸਿਤ’ ਸ਼ਹਿਰ ਬਠਿੰਡੇ ਵਿਚ ਦੀ ਅਸੀਂ ਜਾਣਾ ਸੀ। ਗੋਨੇਆਣਾ ਟੱਪ ਕੇ ਸਾਨੂੰ ਉਹੀ ਚਾਰ ਵੱਡੇ-ਵੱਡੇ ਦੈਂਤ ਦਿਖਾਈ ਦਿੱਤੇ, ਜਿਹਨਾਂ ਬਾਰੇ ਬਾਪੂ ਜਸਵੰਤ ਸਿੰਘ ਕੰਵਲ ਕਹਿੰਦਾ ਹੁੰਦਾ ਸੀ ਕਿ ਸੈਂਟਰ ਵਿਚ ਬੈਠਾ ਬਾਹਮਣ ਬਹੁਤ ਸਿਆਣੈ, ਉਸ ਨੇ ਮੁਫਤ ਵਾਂਗ ਪੈਦਾ ਹੁੰਦੀ ਸਾਰੀ ਬਿਜਲੀ ਆਪ ਸਾਂਭ ਲਈ ਤੇ ਸਾਡੇ ਮੱਥੇ ਮਾਰੇ ਆਹ ਕੋਲੇ ਨਾਲ ਚੱਲਣ ਵਾਲੇ ਰਾਕਸ਼ਸ਼। ਜਿੱਦੇਂ ਸੈਂਟਰ ਨੇ ਕੋਲਾ ਦੇਣਾ ਬੰਦ ਕਰ ਦਿੱਤਾ ਓਦੇਂ ਇਹ ਚਿੱਟੇ ਹਾਥੀਆਂ ਤੋਂ ਵਧ ਕੁਝ ਸਾਬਤ ਨਹੀਂ ਹੋਣੇ। ਥਰਮਲ ਟੱਪ ਕੇ ਮੈਂ ਬਠਿੰਡੇ ਦੀ ਚਕਾਚੌਂਧ ਵੇਖ ਕੇ ਹੈਰਾਨ ਜਿਹਾ ਹੋ ਗਿਆ। ਵੱਡੇ-ਵੱਡੇ ਮਾਲ, ਸ਼ਾਪਿੰਗ-ਕੰਪਲੈਕਸ ਤੇ ਪੁਲਾਂ ਨੇ ਸ਼ਹਿਰ ਨੂੰ ਚੁਫੇਰਿਓ ਘੇਰ ਰੱਖਿਆ ਹੈ। ਪਹਿਲੀ ਨਜ਼ਰੇ ਤਾਂ ਇਹ ਕਿਸੇ ਵਿਕਸਿਤ ਦੇਸ਼ ਦਾ ਭੁਲੇਖਾ ਪਾਉਂਦਾ ਹੈ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਤੇ ਉਹ ਉਹਨਾਂ ਨੂੰ ਹੀ ਦਿਸਦੀ ਹੈ ਜਿਹੜੇ ਜ਼ਮੀਨ ’ਤੇ ਤੁਰਦੇ ਨੇ। ਸਾਡੇ ਵਰਗੇ ਜਿਹੜੇ ਪੁਲਾਂ ਉੱਤੋਂ ਦੀ ਲੰਘ ਜਾਂਦੇ ਨੇ ਉਹਨਾਂ ਨੂੰ ਪੁਲਾਂ ਹੇਠ ਭੁੱਖ ਨਾਲ ਵਿਲਕਦੇ ਬਾਲ ਦਿਖਾਈ ਨਹੀਂ ਦਿੰਦੇ, ਉਹ ਬਾਲ ਜਿਹਨਾਂ ਦੇ ਮਾਪੇ ਸਾਡੇ ਲਈ ਕੋਈ ਨਵਾਂ ਪੁਲ ਬਣਾਉਣ ਗਏ ਹੁੰਦੇ ਨੇ… ਖ਼ੈਰ ਏਧਰ ਕਾਹਨੂੰ ਜਾਣੈ……।
ਪੀਜ਼ਿਆਂ ਦੀ ਇਕ ਦੁਕਾਨ ਦੇ ਬਾਹਰ ਲੱਗੀ ਭੀੜ ਨੂੰ ਵੇਖ ਕੇ ਇਕ ਵਾਰ ਵੀ ਮੇਰੇ ਮਨ ਵਿਚ ਨਹੀਂ ਆਇਆ ਕਿ ਜਿਹੜੀ ਮਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਸਨੇ ਦੋ ਦਿਨਾਂ ਤੋਂ ਰੋਟੀ ਨਹੀਂ ਖਾਧੀ ਹੋਣੀ। ਸੰਗਤ ਕੈਂਚੀਆਂ ਟੱਪ ਕੇ ਅਸੀਂ ਗਹਿਰੀ ਪਹੁੰਚ ਗਏ। ਪਿੰਡ ਦੇ ਦੋ ਸਿੰਘ ਸਾਨੂੰ ਭਾਈ ਸਾਹਿਬ ਦੇ ਘਰ ਛੱਡਣ ਗਏ। ਭੀੜੀ ਜਹੀ ਬੀਹ ਵਿਚ ਇਕ ਢੱਠੇ ਜਹੇ ਘਰ ਦੇ ਬਾਹਰ ਉਹਨਾਂ ਸਿੰਘਾਂ ਨੇ ਆਪਣਾ ਮੋਟਰ ਸਾਈਕਲ ਰੋਕ ਦਿੱਤਾ। ਮੈਂ ਮਨ ਹੀ ਮਨ ਸੋਚਿਆ ਕਿ ਸ਼ਾਇਦ ਏਦੂਂ ਅੱਗੇ ਗੱਡੀ ਨਹੀਂ ਜਾ ਸਕਦੀ, ਏਸ ਲਈ ਉਹ ਏਥੇ ਰੁਕ ਗਏ ਹੋਣਗੇ, ਏਦੂਂ ਅੱਗੇ ਸ਼ਾਇਦ ਤੁਰ ਕੇ ਜਾਣਾ ਪਵੇਗਾ। ਪਰ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਸਿੰਘਾਂ ਨੇ ਕਿਹਾ, “ਇਹ ਐ ਜੀ ਲਛਮਣ ਸਿਹੁੰ ਦਾ ਘਰ…”। 'ਇਹ ਘਰ ਕਿਵੇਂ ਹੋ ਸਕਦਾ ਹੈ, ਇਸ ਨੂੰ ਇਹ ਘਰ ਕਹਿ ਵੀ ਕਿਵੇਂ ਸਕਦੇ ਨੇ, ਘਰ ਵਿਚ ਸਿਰ ਲਕੋਣ ਨੂੰ ਥਾਂ ਤਾਂ ਹੁੰਦੀ ਐ, ਪਰ ਏਥੇ ਤਾਂ……। 'ਅੰਦਰ ਇਕ ਮਾਈ, ਜਿਹੜੀ ਆਪਣੀ ਉਮਰ ਨਾਲੋਂ ਕਿਤੇ ਵਧ ਬੁੱਢੀ ਲੱਗਦੀ ਸੀ, ਮੰਜੇ ’ਤੇ ਢਿੱਡ ਜਿਹਾ ਫੜ੍ਹੀ ਬੈਠੀ ਸੀ।
“ਔਹ ਐ ਜੀ ਯੋਧੇ ਦੀ ਮਾਤਾ…”
“ਉਏ ਹੋਏ…” ਮੇਰੇ ਅੰਦਰੋਂ ਆਵਾਜ਼ ਜਹੀ ਆਈ ਤੇ ਮੈਂ ਗੱਡੀ ਲੌਕ ਕਰਨ ਦੇ ਬਹਾਨੇ ਬਾਹਰ ਨਿਕਲ ਆਇਆ। ਥੋੜੇ ਚਿਰ ਪਿੱਛੋਂ ਮਨ ਜਿਹਾ ਕਰੜਾ ਕਰਕੇ ਫੇਰ ਅੰਦਰ ਗਿਆ ਤਾਂ ਸਾਡੇ ਨਾਲ ਗਈ ਇਕ ਮਾਤਾ ਬੇਬੇ ਨੂੰ ਗਲਵੱਕੜੀ ਪਾਈ ਖੜ੍ਹੀ ਸੀ। ਬੇਬੇ ਦੀਆਂ ਅੱਖਾਂ ਵਿਚੋਂ ਅੱਥਰੂ ਡਿੱਗ ਰਹੇ ਸਨ। ਪਤਾ ਨਹੀਂ ਆਪਣੇ ਪੁੱਤ ਨੂੰ ਚੇਤੇ ਕਰਕੇ ਤੇ ਪਤਾ ਨਹੀਂ ਉਸ ਨੂੰ ਕਦੇ ਕਿਸੇ ਨੇ ਏਨੇ ਪਿਆਰ ਨਾਲ ਗਲਵੱਕੜੀ ਪਾਈ ਹੀ ਨਹੀਂ ਸੀ।
“ਔਥੋਂ ਮੰਜਾ ਚੱਕ ਕੇ ਡਾਹ ਲਓ…” ਦੋ-ਤਿੰਨ ਵਾਰ ਬੇਬੇ ਬੋਲੀ। ਜਵਾਬ ਤਾਂ ਪਹਿਲੀ ਵਾਰ ਹੀ ਦੇ ਦਿੱਤਾ ਸੀ, ਪਰ ਉਸ ਨੂੰ ਸੁਣਦਾ ਨਾ ਹੋਣ ਕਰਕੇ ਪਤਾ ਨਹੀਂ ਲੱਗਿਆ ਸੀ।
“ਔਥੋਂ ਮੰਜਾ ਚੱਕ ਲੋ… ਡਾਹ ਤਾਂ ਮੈਂ ਵੀ ਦਿੰਦੀ, ਪਰ ਢਿੱਡ ਬਾਹਲਾ ਦੁਖਦਾ ਰਹਿੰਦੈ, ਚੱਕਿਆ ਨ੍ਹੀ ਜਾਂਦਾ…”
“ਕੋਨੀ ਬੇਬੇ ਤੂੰ ਬਹਿ ਜਾ, ਅਸੀਂ ਲੈ ਆਉਣੇ ਆਂ ਮੰਜਾ…” ਸਾਨੂੰ ਘਰੇ ਲਿਆਉਣ ਵਾਲਾ ਇਕ ਸਿੰਘ ਬੋਲਿਆ।
“ਰਾਮ ਨ੍ਹੀ ਮਿਲਿਆ ਰਾਮ… ਥੋਨੂੰ ਵੇਖਣ ਗਿਆ ਸੀ… ਆਉਂਦਾ ਹੋਣੈ…” ਰਾਮ ਬੇਬੇ ਦਾ ਦੂਜਾ ਪੁੱਤ ਸੀ। ਸਾਨੂੰ ਘਰ ਲਿਆਏ ਸਿੰਘ ਉਸਨੂੰ ਦੱਸ ਗਏ ਸਨ ਸਾਡੇ ਬਾਰੇ, ਸੋ ਉਹ ਸਾਨੂੰ ਵੇਖਣ ਗਿਆ ਸੀ। “ਰਾਮ ਕਹਿੰਦਾ ਸੀ ਮੈ ਲ੍ਹਾਮ (ਮਾਲਵੇ ਵਿਚ ਜਦ ਕਿਤੇ ਵੀ ਬਾਹਰ ਜਾਣਾ ਹੋਵੇ ਤਾਂ ਉਸਨੂੰ ਲ੍ਹਾਮ ਕਹਿੰਦੇ ਨੇ) ਜਾਣੈ, ਮੈਂ ਤਾਂ ਜਾਣ ਨ੍ਹੀ ਦਿੱਤਾ, ਦੂਜਾ (ਭਾਈ ਲਛਮਣ ਸਿੰਘ) ਵੀ ਆਈਂ ਕਹਿ ਕੇ ਗਿਆ ਸੀ ਤੇ ਅੱਜ ਤਾਈਂ ਨ੍ਹੀ ਮੁੜਿਆ… ਪਤਾ ਨਹੀਂ ਕਿਹੜੇ ਪੁੱਠੇ ਰਾਹ ਪੈ ਗਿਆ…”।
ਮੇਰਾ ਜੀਅ ਕੀਤਾ ਕਿ ਮਾਂ ਨੂੰ ਕਹਾਂ ਕਿ ਮਾਂ ਉਹ ਤਾਂ ਸਿੱਧੇ ਰਾਹ ਹੀ ਪਿਆ ਸੀ, ਪੁੱਠੇ ਰਾਹ ਤਾਂ ਓਦੂਂ ਪਿੱਛੋਂ ਪੰਥ ਪੈ ਗਿਆ। ਜਿਹੜਾ ਮੌਕਾ ਪ੍ਰਸਤ ਲੀਡਰਾਂ ਦੇ ਮਗਰ ਲੱਗ ਕੇ ਉਹਨਾਂ ਸੂਰਮਿਆਂ ਨੂੰ ਅੱਤਵਾਦੀ ਕਹਿਣ ਲੱਗ ਪਿਆ ਤੇ ਭੁੱਖੇ ਮਰਦੇ ਪਰਿਵਾਰਾਂ ਦੀ ਸਾਰ ਨਹੀਂ ਲਈ। ਏਨੇ ਨੂੰ ਬਾਈ ਰਾਮ ਵੀ ਆ ਗਿਆ। ਘਸਮੈਲਾ ਜਿਹਾ ਕੁੜਤਾ-ਪਜਾਮਾਂ, ਜਿਹੜਾ ਸ਼ਾਇਦ ਕਦੇ ਚਿੱਟਾ ਹੋਵੇਗਾ, ਸਿਰ ’ਤੇ ਕਾਲਾ ਪਰਨਾ ਤੇ ਕਾਲੀ ਜਹੀ ਜਾਕਟ ਪਾਈ। ਉਹ ਸਭ ਨੂੰ ਬੜੇ ਸਤਿਕਾਰ ਨਾਲ ਮਿਲਿਆ।
“ਰਾਮ, ਬਾਈ (ਲਛਮਣ ਸਿੰਘ) ਦੀਆਂ ਫੋਟੋਆਂ ਲਿਆਈਂ ਕੱਢ ਕੇ…” ਵੀਰ ਜੀ ਨੇ ਬਾਈ ਰਾਮ ਨੂੰ ਕਿਹਾ।
“ਲਿਆਉਣਾ ਜੀ” ਕਹਿ ਕੇ ਉਹ ਇਕ ਟੁੱਟੀ ਜਹੀ ਢੂੰਘੀ ਬੈਠਕ, ਜਿਹੜੀ ਸ਼ਾਇਦ ਕਦੇ ਰਸੋਈ ਹੋਵੇ, ਵਿਚ ਵੜ੍ਹ ਗਿਆ। ਬਾਹਰ ਆਉਂਦੇ ਦੇ ਉਹਦੇ ਹਥ ’ਚ ਸ਼ਹੀਦ ਭਾਈ ਲਛਮਣ ਸਿੰਘ ਦੀ ਫੋਟੋ ਸੀ। ਸਾਡੇ ਸਾਰਿਆਂ ਦੇ ਹੱਥਾਂ ’ਚੋਂ ਲੰਘਦੀ ਉਹ ਫੋਟੋ ਬੇਬੇ ਦੇ ਹਥ ਵਿਚ ਚਲੀ ਗਈ, “ਬਲਾਂ ਸੋਹਣਾ ਸੀ ਮੇਰਾ ਪੁੱਤ, ਚੰਦਰਿਆਂ ਨੇ ਜਿਊਂਦੇ ਨੂੰ ਸਾੜਤਾ…” ਭਾਈ ਲਛਮਣ ਸਿੰਘ ਤੇ ਉਹਨਾਂ ਦੇ ਤਿੰਨ ਹੋਰ ਸਾਥੀਆਂ ਨੂੰ ਪੁਲਸ ਨੇ ਇਕ ਘਰ ਵਿਚ ਘੇਰਾ ਪਾ ਕੇ ਘਰ ਨੂੰ ਹੀ ਅੱਗ ਲਗਾ ਦਿੱਤੀ ਸੀ।
“ਬਾਹਲਾ ਸੋਹਣਾ ਸੀ, ਮੈਂ ਆਖਣਾ ਬੀ ਓਹਦੇ ਵਾਸਤੇ ਬਾਹਲੀ ਸੋਹਣੀ ਬਹੂ ਲਿਆਊਂ, ਪਰ…” ਮਾਤਾ ਚੁੱਪ ਕਰ ਗਈ, “ਪਰ ਉਹ ਤਾਂ ਕੋਈ ਹੋਰ ਬਹੂ ਵਿਆਹੁਣ ਤੁਰ ਗਿਆ” ਸ਼ਾਇਦ ਜੇ ਮਾਤਾ ਬੋਲਦੀ ਤਾਂ ਇਹੀ ਕਹਿੰਦੀ।
“ਬਾਈ ਰਾਮ ਹੋਰ ਨ੍ਹੀ ਕੋਈ ਸਮਾਨ ਹੈਗਾ ਬਾਈ ਦਾ…?” ਵੀਰ ਜੀ ਨੇ ਬਾਈ ਰਾਮ ਨੂੰ ਫੇਰ ਪੁੱਛਿਆ ਤੇ ਬਾਈ ਫੇਰ ਉਸੇ ਰਸੋਈ-ਨੁਮਾਂ ਬੈਠਕ ਜਹੀ ਵਿਚ ਚਲਾ ਗਿਆ। ਐਤਕੀ ਉਸ ਨੇ ਕਾਫੀ ਚਿਰ ਲਗਾਇਆ। ਅਸਲ ਵਿਚ ਸਮਾਨ ਬੇਬੇ ਦੇ ਸੰਦੂਕ ਵਿਚ ਸੀ ਤੇ ਅੰਦਰ ਹਨੇਰਾ ਹੋਣ ਕਰਕੇ ਲੱਭਣਾ ਔਖਾ ਸੀ। ਪਰ ਬਾਈ ਮਿਹਨਤ ਕਰਕੇ ਲੱਭ ਈ ਲਿਆਇਆ। ਐਤਕੀਂ ਓਹਦੇ ਇਕ ਹਥ ਵਿਚ ਲਿਫਾਫਾ ਤੇ ਦੂਜੇ ਹਥ ਵਿਚ ਬੂਟ ਸਨ। ਬੂਟ ਜੋ ਭਾਈ ਲਛਮਣ ਸਿੰਗ ਦੇ ਸਨ ਵੀਰ ਜੀ ਨੇ ਫੜ੍ਹ ਲਏ ਤੇ ਲਿਫਾਫਾ ਬਾਈ ਨੇ ਮੈਨੂੰ ਫੜ੍ਹਾ ਦਿੱਤਾ। ਲਿਫਾਫੇ ਵਿਚ ਕੁਝ ਕਾਗਜ਼ ਸਨ। ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਰਿਵਾਰ ਨੇ ਜੋ ਕੇਸ ਲਾਇਆ ਸੀ ਜਿਆਦਾਤਰ ਕਾਗਜ਼ ਉਸੇ ਨਾਲ ਸਬੰਧਤ ਸਨ… ਤੇ ਇਕ ਫੋਟੋ ਸਟੇਟ ਸੀ। ਇਹ ਭਾਈ ਲਛਮਣ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਭੋਗ ਨਮਿਤ ਅਜੀਤ ਵਿਚ ਛਪਿਆ ਇਸ਼ਤਿਹਾਰ ਸੀ ਤੇ ਛਪਵਾਉਣ ਵਾਲੇ ਸਨ, ‘ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ’ ਤੇ ‘ਭਾਈ ਸਤਨਾਮ ਸਿੰਘ ਛੀਨਾ’।
“ਬਾਈ ਆਹ ਫੋਟੋ ਹੈਨੀ ਬਾਈ ਦੀ ਥੋਡੇ ਕੋਲ?” ਇਸ਼ਤਿਹਾਰ ’ਤੇ ਭਾਈ ਸਾਹਿਬ ਦੀ ਕੋਈ ਹੋਰ ਫੋਟੋ ਲੱਗੀ ਹੋਈ ਸੀ।
“ਨਹੀਂ ਬਾਈ ਜੀ, ਸਾਨੂੰ ਤਾਂ ਆਹ ਫੋਟੋ ਵੀ ਭੈਣ ਤੋਂ ਮਿਲੀ ਐ… ਓਹਨੇ ਓਦੋਂ ਇਹ ਫੋਟੋ ਕੁੱਜੇ ਵਿਚ ਪਾ ਕੇ ਮਿੱਟੀ ’ਚ ਨੱਪਤੀ ਸੀ, ਨਹੀਂ ਤਾਂ ਇਹ ਵੀ ਕਾਹਨੂੰ ਮਿਲਣੀ ਸੀ”।
ਮੈਂ ਸੋਚਿਆ ਕਿ ਇਹ ਭੈਣ ਦਾ ਪਿਆਰ ਈ ਸੀ ਆਪਣੇ ਵੀਰ ਨਾਲ, ਜੀਹਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਵੀ ਫੋਟੋ ਸਾਂਭ ਕੇ ਰੱਖੀ। ਨਹੀਂ ਤਾਂ ਉਸ ਵੇਲੇ ਤਾਂ ਜੇ ਕਿਸੇ ਕੋਲੋਂ ਕਿਸੇ ਖਾੜਕੂ ਦੀ ਫੋਟੋ ਵੀ ਨਿਕਲ ਆਉਂਦੀ ਸੀ ਤਾਂ ਪੁਲਸ ਤਾਂ ਓਹਦਾ ਵੀ ਘਾਣ ਬੱਚਾ ਪੀੜ ਦਿੰਦੀ ਸੀ। ਇਹ ਭੈਣ ਈ ਸੀ ਜੀਹਨੇ ਆਵਦੇ ਵੀਰ ਦੀ ਫੋਟੋ ਵੀ ਜਾਨੋਂ ਪਿਆਰੀ ਸਮਝੀ, ਕੋਈ ਹੋਰ ਹੁੰਦਾ ਤਾਂ ਸ਼ਾਇਦ ਚੁੱਲੇ ਵਿਚ ਸਾੜ੍ਹ ਦਿੰਦਾ।
“ਬੇਬੇ ਤੇਰੇ ਜਵਾਈ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਨਾਂ ਕੀ ਸੀ?...” ਪਰ ਬੇਬੇ ਚੁੱਪ ਬੈਠੀ ਰਹੀ… ਤੇ ਫੇਰ ਇਕ-ਦਮ ਬੋਲੀ, “ਚਾਹ ਨ੍ਹੀ ਪੀਂਦੇ ਤੁਸੀਂ ਚਾਹ…?” ਸਾਡਾ ਨਾਂਹ ਵਿਚ ਹਿੱਲਦਾ ਸਿਰ ਵੇਖ ਕੇ ਉਹ ਬੋਲੀ, “ਕੋਨੀ ਭਾਂਡੇ ਚੱਜ ਨਾਲ ਮਾਂਜ ਸਵਾਰ ਲਾਂਗੇ…” ਹੁਣ ਅਸੀਂ ਕੀ ਬੋਲਦੇ, ਸਾਡੇ ਨਾਲ ਗਈਆਂ ਬੀਬੀਆਂ ਦਾ ਰੋਣ ਨਿਕਲ ਗਿਆ। ਮਾਤਾ ਫੇਰ ਆਪ ਈ ਬੋਲੀ, “ਆਹੋ ਭਾਈ ਆਂਹਦੇ ਹੁੰਦੇ ਐ ਖਾਲਸੇ ਚਾਹ ਨ੍ਹੀ ਪੀਂਦੇ… ਲਛਮਣ ਸਿਹੁੰ ਨੇ ਬੀ ਜਦੋਂ ਗਾਤਰਾ ਛਕ ਲਿਆ ਸੀ ਤਾਂ ਉਹ ਵੀ ਚਾਹ ਪੀਣੋ ਹਟ ਗਿਆ ਸੀ… ਮੇਰੇ ਤਾਂ ਦਿਲ ਨੂੰ ਓਦੋਂ ਈ ਧੁੜਕੂ ਜਿਹਾ ਲਗ ਗਿਆ ਸੀ… ਸਰਕਾਰ ਤਾਂ ਓਦੋਂ ਗਾਤਰਿਆਂ ਆਲੇ ਮੁੰਡਿਆਂ ਨੂੰ ਵੇਖ ਨ੍ਹੀ ਜਰਦੀ ਸੀ… ਮੈਨੂੰ ਤਾਂ ਬਲਾਂ ਡਰ ਲੱਗਿਆ ਕਰਨਾ ਬੀ ਰੱਬਾ ਕਿਤੇ ਕੋਈ ਜਾਹ ਜਾਂਦੀ ਨਾ ਹੋਜੇ… ਪਰ ਲਛਮਣ ਨੇ ਮੈਨੂੰ ਧੀਰਜ ਧਰਾਉਣਾ… ਮੈਂ ਕਹਿਣਾ ਪੁੱਤ ਘਰ ਮੁੜ ਆ ਲਛਮਣਾ… ਪਰ ਓਹਨੇ ਸਦਾ ਇਹੀ ਕਹਿਣਾ ‘ਤੂੰ ਡਰਿਆ ਨਾ ਕਰ ਬੇਬੇ, ਗੁਰੁ ਸਾਡੇ ਨਾਲ ਐ, ਹੁਣ ਤਾਂ ਜਿੱਤ ਕੇ ਈ ਮੁੜਾਂਗੇ… ਵੇਖਲੋ ਅਜੇ ਤਾਈਂ ਨ੍ਹੀ ਮੁੜਿਆ, ਮੈਨੂੰ ਲੱਗਦੈ ਅਜੇ ਜਿੱਤੇ ਈ ਨ੍ਹੀ ਹੋਣੇ…” ਮੈਨੂੰ ਕਈ ਵਾਰ ਲੱਗਿਆ ਕਿ ਬੇਬੇ ਨੂੰ ਅਜੇ ਵੀ ਲਛਮਣ ਸਿਹੁੰ ਦੇ ਮੁੜ ਆਉਣ ਦੀ ਆਸ ਹੈ। ਉਸਨੇ ਫੇਰ ਬੋਲਣਾ ਸ਼ੁਰੂ ਕੀਤਾ, “ਕੇਰਾਂ ਕੋਈ ਭਾਈ ਗੁਰਦਾਰੇ ਆਲੇ ਸਪੀਕਰ ’ਚ ਬੋਲੀ ਜਾਏ, ਅਖੇ ਸੂਰਮਾਂ ਸੀ ਲਛਮਣ ਸਿਹੁੰ ਤਾਂ… ਮੈਂ ਪੁੱਛਦੀਂ ਐਂ ਬੀ ਸੂਰਮਾਂ ਸਾਡੇ ਗਰੀਬਾਂ ਦੇ ਕਾਹਨੂੰ ਜੰਮਿਆਂ, ਕਿਸੇ ਸਰਦੇ-ਪੁੱਜਦਿਆਂ ਦੇ ਜੰਮਦਾ। ਅਸੀਂ ਤਾਂ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ। ਧੀਆਂ ਅੱਲੋਂ ਤਾਂ ਮੈਂ ਔਖੀ। ਕਿੰਨਾ ਚਿਰ ਵਿਚਾਰੇ ਰਾਮ ਨੂੰ ਸੀਖਾਂ ਪਿੱਛੇ ਤਾੜੀ ਰੱਖਿਆ ਪੁਲਸ ਨੇ, ਤੁਰਿਆ ਏਹਤੋਂ ਨ੍ਹੀ ਜਾਂਦਾ ਸੀ ਜਦੋਂ ਛੁੱਟ ਕੇ ਆਇਐ…ਮੈਂ ਤਾਂ ਆਹਣੀ ਐਂ ਬੀ ਰੱਬਾ ਅੱਗੇ ਤੋਂ ਕਿਸੇ ਗਰੀਬ ਦੇ ਘਰੇ ਸੂਰਮਾਂ ਨਾ ਜੰਮੇ…”
“ਤੂੰ ਚੁੱਪ ਕਰਜਾ ਹੁਣ, ਆਪ ਈ ਬੋਲੀ ਜਾਂਦੀ ਐ, ਕਿਸੇ ਦੀ ਨ੍ਹੀ ਸੁਣਦੀ ਕੋਈ…” ਬਾਈ ਰਾਮ ਥੋੜਾ ਖਿਝ ਕੇ ਬੇਬੇ ਨੂੰ ਬੋਲਿਆ।
“ਕੋਨੀ ਬਾਈ ਰੋ ਲੈਣ ਦੇ ਦੁੱਖੜੇ…” ਵੀਰ ਜੀ ਨੇ ਰਾਮ ਨੂੰ ਕਿਹਾ, ਪਰ ਬੇਬੇ ਰਾਮ ਦੇ ਮੂੰਹ ਜਹੇ ਵਲ ਦੇਖ ਕੇ ਚੁੱਪ ਕਰ ਗਈ।
“ਰਾਮ ਤੈਨੂੰ ਕਿਹੜੇ ਥਾਣੇ ਆਲੇ ਲਗਏ ਸੀ ਬਾਈ”
“ਮੈਨੂੰ ਬਾਈ ਜੀ ਫਰੀਦਕੋਟ ਵੀ ਰੱਖਿਐ ਸੀ.ਆਈ.ਏ. ਸਟਾਫ ਤੇ ਬਠਿੰਡੇ ਵੀ… ਮੇਰੇ ਤਾਂ ਬਾਈ ਜੀ ਐਡੀ-ਐਡੀ ਲੰਮੀ ਦਾਹੜੀ ਹੁੰਦੀ ਸੀ (ਆਪਣੇ ਢਿੱਡ ’ਤੇ ਹਥ ਲਾ ਕੇ ਰਾਮ ਬੋਲਿਆ) ਬਸ ਕੀ ਕਰੀਏ ਮਜਬੂਰੀਆਂ…” ਰਾਮ ਤੋਂ ਗਾਹਾਂ ਬੋਲਿਆ ਨਾ ਗਿਆ।
“ਅਸੀਂ ਥੋਡੀਆਂ ਦਾਹੜੀਆਂ ਪਰਖਣ ਨ੍ਹੀ ਆਏ ਬਾਈ, ਤੂੰ ਐਹੋ ਜੀ ਗੱਲ ਨਾ ਕਰ, ਏਨਾ ਕੁਝ ਵਾਪਰ ਜਾਣ ਤੋਂ ਬਾਅਦ ਵੀ ਤੁਸੀਂ ਅਜੇ ਤੁਰੇ ਫਿਰਦੇ ਓਂ ਇਹੀ ਥੋਡਾ ਬਹੁਤ ਵੱਡਾ ਹੌਸਲੈ… ਕੋਈ ਆਮ ਬੰਦਾ ਨ੍ਹੀ ਸਹਾਰ ਸਕਦਾ ਏਨਾ ਜ਼ੁਲਮ” ਵੀਰ ਜੀ ਬੋਲੇ।
ਮੈਨੂੰ ਬਾਈ ਰਾਮ ਦੀ ਦਾਹੜੀ ਵਾਲੀ ਗੱਲ ਤੋਂ ਇਕ ਘਟਨਾ ਉਥੇ ਹੀ ਚੇਤੇ ਆਈ। ਜੱਥੇ ਦੇ ਕੁਝ ਸਿੰਘ ਕੇਰਾ ਕਿਸੇ ਬਾਹਰਲੇ ਦੇਸ਼ੋਂ ਬਾਈ ਕਰਮਜੀਤ ਹੋਰਾਂ ਦੇ ਘਰ ਆਏ। ਕਾਫੀ ਚਿਰ ਬੈਠੇ ਗੱਲਾਂ ਕਰਦੇ ਰਹੇ। ਏਨੇ ਨੂੰ ਬਾਈ ਕਰਮਜੀਤ ਦੀ ਸਿੰਘਣੀ ਉਹਨਾਂ ਲਈ ਦੱਧ ਲੈ ਕੇ ਆਈ। ਉਹ ਸਾਰੇ ਸਿੰਘ ਦੁੱਧ ਚੱਕਣ ਤੋਂ ਝਿਪਣ ਜਹੇ ਲੱਗ ਪਏ। ਜਦੋਂ ਭੈਣ ਜੀ ਦੁੱਧ ਰੱਖ ਕੇ ਚਲੇ ਗਏ ਤਾਂ ਵੀਰ ਜੀ ਨੇ ਉਹਨਾਂ ਨੂੰ ਫੇਰ ਕਿਹਾ, “ਲਓ ਭਾਈ ਸਾਹਿਬ ਦੁਧ ਛਕੋ…”
“ਵੀਰ ਜੀ ਭੈਣ ਜੀ ਹੋਰਾਂ ਅੰਮ੍ਰਿਤਪਾਨ ਨਹੀਂ ਕੀਤਾ… ਭੈਣ ਜੀ ਕੇਸਕੀ ਨਹੀਂ ਕਰਦੇ…?” ਉਹਨਾਂ ’ਚੋਂ ਇਕ ਸਿੰਘ ਬੋਲਿਆ।
“ਹਾਂ ਜੀ ਵੀਰ ਜੀ ਭੈਣ ਜੀ ਦੀ ਕੇਸਕੀ ਕਿੱਧਰ ਗਈ…?” ਇਕ ਹੋਰ ਸਿੰਘ ਨਾਲ ਦੀ ਨਾਲ ਬੋਲਿਆ।
“…ਕੇਸਕੀ…ਕੇਸਕੀ ਵੀਰ ਜੀ… ਜਦੋਂ ਸਿੰਘਣੀ ਨੂੰ ਪੁਲਸ ਵਾਲਿਆਂ ਨੇ ਕਈ ਦਿਨ ਥਾਣੇ ਵਿਚ ਪੁੱਠੀ ਲਮਕਾਈ ਰੱਖਿਆ, ਉਥੇ ਈ ਕਿਤੇ ਡਿੱਗ ਪਈ… ਕੇਸਕੀ…” ਏਨਾ ਕਹਿ ਕੇ ਵੀਰ ਜੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਤੇ ਉਹ ਲਿਸ਼ਕੇ-ਪੁਸ਼ਕੇ ਸਿੰਘਾਂ ਨੂੰ ਵੀ ਅਕਲ ਜਹੀ ਆ ਗਈ।
ਗ਼ੁਰਬਤ ਨਾਲ ਘੁਲਦੇ ਕਿਸੇ ਸ਼ਹੀਦ ਸਿੰਘ ਘਰ ਜਾ ਕੇ ਅਸੀਂ ਉਹਨਾਂ ਦੇ ਪਰਿਵਾਰ ਦੀ ਸਿਖੀ ਪਰਖਣ ਲੱਗ ਜਾਈਏ ਇਹ ਕਿਥੋਂ ਦੀ ਸਿਆਣਪ ਹੈ।
ਮੇਰਾ ਜੀਅ ਕੀਤਾ ਕਿ ਬਾਈ ਰਾਮ ਨੂੰ ਘੁੱਟ ਕੇ ਜੱਫੀ ਪਾਵਾਂ। ਪਰ ਉਹ ਪਰ੍ਹੇ ਜਹੇ ਹੋ ਗਿਆ। ਸ਼ਾਇਦ ਉਸ ਨੂੰ ਲੱਗਿਆ ਕਿ ਉਸਦੇ ਮਿੱਟੀ ਵਾਲੇ ਲੀੜਿਆਂ ਨਾਲ ਮੇਰਾ ‘ਚਿੱਟਾ ਲਿਸ਼ਕਦਾ’ ਕੁੜਤਾ ਖ਼ਰਾਬ ਨਾ ਹੋ ਜਾਏ। ਉਸ ਵੇਲੇ ਮੈਨੂੰ ਆਪਣੇ ਬਾਹਲੇ ਚਿੱਟੇ ਜਹੇ ਲੀੜਿਆਂ ’ਤੇ ਵੀ ਖਿਝ ਜਹੀ ਆਈ। ਮੈਨੂੰ ਆਏਂ ਲੱਗਿਆ ਕਿ ਜਿਵੇਂ ਮੇਰਾ ਚਿੱਟਾ ਕੁੜਤਾ ਬਾਈ ਰਾਮ ਦੇ ਕਦੇ ਚਿੱਟੇ ਰਹੇ ਲੀੜਿਆਂ ਨੂੰ ਚਿੜਾ ਰਿਹਾ ਸੀ, ਪਰ ਇਹ ਸ਼ਾਇਦ ਨਹੀਂ ਜਾਣਦਾ ਸੀ ਕਿ ਧੁਰ-ਦਰਗਾਹੀ ਰਾਮ ਦੇ ਮੈਲੇ ਲੀੜੇ ਹੀ ਪ੍ਰਵਾਨ ਹੋਣਗੇ।
ਜਦੋਂ ਸਾਡੇ ਨਾਲ ਗਏ ਪਰਿਵਾਰ ਨੇ ਮਾਤਾ ਨੂੰ ਕੁਝ ਸਹਾਇਤਾ ਦਿੱਤੀ ਤਾਂ ਵੀਰ ਜੀ ਨੇ ਬਾਈ ਰਾਮ ਨੂੰ ਕਿਹਾ, “ਬਾਈ ਰਾਮ ਆਹ ਸੰਗਤ ਦਾ ਦਸਵੰਧ ਐ, ਕਿਸੇ ਚੰਗੇ ਕੰਮ ’ਤੇ ਲਾਈਂ…”
“ਨਹੀਂ ਬਾਈ ਜੀ ਅਸੀਂ ਤਾਂ ਕੁੜੀਆਂ ਨੂੰ ਪੁਚਾ ਦਿਆਂਗੇ ਸਾਰੇ ਪੈਸੇ…” ਰਾਮ ਦਾ ਇਹ ਜਵਾਬ ਸੁਣ ਕੇ ਮੇਰੀ ਫੇਰ ਧਾਹ ਨਿਕਲ ਗਈ। ਹਾਇ ਉਏ ਰੱਬਾ ਘਰੇ ਵਿਚਾਰਿਆਂ ਦੇ ਇਕ ਡੰਗ ਜੋਗਾ ਆਟਾ ਹੈਨੀ ਤੇ ਪੈਸੇ ਅਜੇ ਵੀ ਆਂਹਦਾ ਸਾਰੇ ਕੁੜੀਆਂ ਨੂੰ ਪੁਚਾ ਦਿਆਂਗੇ, “ਧੰਨ ਐਂ ਭਰਾਵਾ ਤੂੰ…” ਮੇਰਾ ਜੀਅ ਕੀਤਾ ਕਿ ਰਾਮ ਨੂੰ ਕਹਾਂ ਪਰ ਮੈਥੋਂ ਪਹਿਲਾਂ ਈ ਵੀਰ ਜੀ ਬੋਲੇ, “ਨਹੀਂ ਬਾਈ ਰਾਮ ਇਹ ਮਾਇਆ ਤੂੰ ਰੱਖੀਂ, ਜੇ ਮਹਾਰਾਜ ਨੇ ਮਿਹਰ ਕੀਤੀ ਤਾਂ ਭੈਣਾ ਨੂੰ ਵੀ ਅਸੀਂ ਮਿਲਾਂਗੇ ਤੇ ਜਿੰਨੀ ਹੋ ਸਕਿਆ ਮਦਦ ਵੀ ਕਰਾਂਗੇ।”
“ਹੁਣ ਤੁਸੀਂ ਜਾਨੇ ਓ…” ਸਾਨੂੰ ਖੜ੍ਹੇ ਹੁੰਦੇ ਵੇਖ ਕੇ ਮਾਤਾ ਬੋਲੀ।
“ਬਾਈ ਜੀ ਚਾਹ ਮੰਗਵਾ ਲੈਣੇ ਆਂ, ਪੰਜ ਮਿੰਟ ਲੱਗਣੇ ਐਂ…” ਜਦੋਂ ਬਾਈ ਰਾਮ ਨੇ ‘ਮੰਗਵਾ ਲੈਣੇ ਆਂ’ ਕਿਹਾ ਤਾਂ ਉਹਨਾਂ ਦੇ ਘਰ ਦੀ ਗ਼ੁਰਬਤ ਜਿਵੇਂ ਸਾਡੇ ਮੂਹਰੇ ਢਾਕਾਂ ’ਤੇ ਹਥ ਧਰ ਕੇ ਖਲੋ ਗਈ ਸੀ।
ਅਰਜਨਟੀਨਾਂ ਦੇ ਪ੍ਰਸਿੱਧ ਇਨਕਲਾਬੀ, ਜਿਹੜਾ ਕਿਊਬਾ ਵਿਚ ਲੜਿਆ ਤੇ ਬੋਲਵੀਆ ਵਿਚ ਸ਼ਹੀਦ ਹੋਇਆ, ਚੀ ਗੁਵੇਰਾ ਨੂੰ ਜਦੋਂ ਇਨਕਲਾਬ ਦੇ ਦੁਸ਼ਮਨ ਅਮਰੀਕਾ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਮਾਰਨ ਤੋਂ ਪਹਿਲਾਂ ਉਸ ਦੇ ਰਾਜ ਜਾਨਣ ਲਈ ਟਾਰਚਰ ਕਰਨ ਲੱਗੇ ਤਾਂ ਦੁਸ਼ਮਨ ਦੇ ਇਕ ਵੱਡੇ ਅਫਸਰ ਨੇ ਕਿਹਾ, “ਸੋਚ ਲੈ ਤੇਰੇ ਪਰਿਵਾਰ ਦਾ ਕੀ ਬਣੇਗਾ…”
ਤਾਂ ਜੋ ਚੀ ਨੇ ਜਵਾਬ ਦਿੱਤਾ ਉਹ ਸ਼ਾਇਦ ਤੁਹਾਨੂੰ ਵੀ ਸੋਚਣ ਲਈ ਮਜਬੂਰ ਕਰ ਦੇਵੇ। ਉਸਨੇ ਕਿਹਾ, “ਮੈਂ ਸਾਰੀ ਉਮਰ ਆਪਣੀ ਕੌਮ ਆਪਣੇ ਲੋਕਾਂ ਲਈ ਲੜਿਆ, ਕੀ ਹੁਣ ਮੇਰੀ ਮੌਤ ਤੋਂ ਬਾਅਦ ਮੇਰੇ ਲੋਕ ਮੇਰੇ ਪਰਿਵਾਰ ਨੂੰ ਵੀ ਨਹੀਂ ਸਾਂਭਣਗੇ…”
ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਕੀ ਸਿਰਫ ਵਿਖਾਵੇ ਵਾਲੇ ਪ੍ਰੋਗਰਾਮਾਂ ’ਤੇ ਲੱਖਾਂ ਖਰਚ ਕਰਨੇ ਨੇ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਵੀ ਲੈਣੀ ਹੈ…?
ਜਗਦੀਪ ਸਿੰਘ ਫਰੀਦਕੋਟ
9815763313