Wednesday, March 30, 2011

“ਬਾਪੂ, ਬਠਿੰਡਾ ਤੇ ਮੋਹਾਲੀ”

“ਇਹ ਸਾਡੇ ਸਮਾਜ ਦੀ ਸੱਚਾਈ ਐ… ਜੇ ਇਕ ਮਾਂ ਆਪਣੀ ਧੀ ਨੂੰ ਨਹੀਂ ਬਚਾਊਗੀ ਤਾਂ ਕੌਣ ਬਚਾਊਗਾ
…” ਬੀਬੀ ਜੀ ਆਪਣੀ ‘ਨੰਨੀ ਛਾਂ’ ਦੀ ਐਡ ਕਰ ਰਹੇ ਸਨ ਤਾਂ ਜਦੇ ਬਾਪੂ ਪੰਜਾਬ ਸਿਹੁੰ ਬੋਲਿਆ, “ਆਹੋ ਲੋਕੀਂ ਧੀਆਂ ਜਮਮਣ ਤੇ ਜਦੋਂ ਉਹ ਵੱਡੀਆਂ ਹੋ ਕੇ ਪੜ੍ਹ ਲਿਖ ਕੇ ਆਪਣੇ ਹੱਕ ਮੰਗਣ ਤਾਂ ਥੋਡੀ ਪੁਲਸ ਤੇ ਥੋਡੇ ‘ਜਥੇਦਾਰ’ ਰਲ ਕੇ ਉਹਨਾਂ ਨੂੰ ਕੁੱਟੋ ਤੇ ਉਹਨਾਂ ਦੀਆਂ ਚੁੰਨੀਆਂ ਸਿਰਾਂ ਤੋਂ ਲਾਹ ਕੇ ਉਹਨਾਂ ਦੀ ਬੇਪੱਤੀ ਕਰੋਂ…” ਬਾਪੂ ਥੋੜਾ ਗੁੱਸੇ ਵਿਚ ਜਾਪਦਾ ਸੀ। ਪਰ ਬਾਪੂ ਦਾ ਗੁੱਸਾ ਜਾਇਜ਼ ਵੀ ਸੀ।
ਅਸਲ ਵਿਚ ਉਹ ਕੁਝ ਦਿਨ ਪਹਿਲਾਂ ਬਠਿੰਡੇ ਗਿਆ ਸੀ ਤੇ ਜਦੋਂ ਉਹ ਬੀਬੀ ਜੀ ਦੀ ਰੈਲੀ ਦੇ ਬਾਹਰ ਦੀ ਲੰਘਿਆਂ ਤਾਂ ਉੱਥੇ ਕੁਝ ਰੌਲਾ-ਗੌਲਾ ਸੁਣਿਆਂ। ਅੰਦਰ ਪੁਲਸ ਕੁਝ ਕੁੜੀਆਂ ਤੇ ਮੁੰਡਿਆਂ ਨੂੰ ਅੱਗੇ ਜਾਣ ਤੋਂ ਰੋਕ ਰਹੀ ਸੀ। ਬਾਪੂ ਵੇਖਣ ਤੁਰ ਪਿਆ ਤੇ ਇਹੀ ਉਸਦੀ ਗਲਤੀ ਸੀ। ਉਹ ਮੁੰਡੇ-ਕੁੜੀਆਂ ਬੀਬੀ ਜੀ ਨੂੰ ਮਿਲਣਾ ਚਾਹੁੰਦੀਆਂ ਸਨ, ਪਰ ਪੁਲਸ ਰੋਕ ਰਹੀ ਸੀ। ਬਾਪੂ ਦੇ ਵੇਹਦੇ-ਵੇਹਦੇ ਇਕ ਨਾਮੀ ‘ਜਥੇਦਾਰ’ ਨੇ ਇਕ ਕੁੜੀ ਦੇ ਚਪੇੜ ਕੱਢ ਮਾਰੀ। ਇਹ ਇਸ਼ਾਰਾ ਸੀ ਪੁਲਸ ਤੇ ਆਪਣੇ ਵਰਕਰਾਂ ਨੂੰ ਤੇ ਉਹ ਤਾਂ ਬਹਾਨਾਂ ਭਾਲਦੇ ਸਨ, ਸੋ ਉਹਨਾਂ ਸਾਰਿਆਂ ਨੇ ਰਲ ਕੇ ਮੁੰਡੇ ਕੁੜੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਾਪੂ ਵਿਚਾਰਾ ਛੁਡਵਾਉਣ ਲਈ ਅੱਗੇ ਹੋਇਆ ਤਾਂ ਵਿਖਾਵਾਕਾਰੀਆਂ ਦਾ ਸਾਥੀ ਜਾਣ ਕੇ ‘ਜਥੇਦਾਰਾਂ’ ਨੇ ਉਸ ਦੇ ਵੀ ਜੜ ਦਿੱਤੀਆਂ। ਮੋਰਚਾ ‘ਫਤਹਿ’ ਹੋਣ ਤੋਂ ਬਾਅਦ ਉਹ ’ਕਾਲੀ ਦਲ ਜਿੰਦਾਬਾਦ ਦੇ ਨਾਹਰੇ ਮਾਰਦੇ ਤੁਰ ਗਏ। ਬਾਪੂ ਵਿਚਾਰਾ ਲੀੜੇ ਝਾੜਦਾ ਖੜ੍ਹਾ ਹੋਇਆ ਤਾਂ ਉਸ ਦੇ ਸਾਹਮਣੇ ਖੜ੍ਹੀ ਇਕ ਕੁੜੀ ਆਪਣੀ ਚੁੰਨੀ ਲੱਭ ਰਹੀ ਸੀ ਤਾਂ ਕਿ ਉਹ ਚੁੰਨੀ ਨਾਲ ਆਪਣੇ ਸਰੀਰ ਨੂੰ ਢਕ ਸਕੇ ਕਿਉਂਕਿ ਉਸਦੇ ਕੱਪੜੇ ਕੁਝ ਥਾਵਾਂ ਤੋਂ ਪਾਟ ਗਏ ਸਨ। ਬਾਪੂ ਨੇ ਆਪਣੇ ਗਲ ਪਾਇਆ ਸਾਫਾ ਨੀਵੀ ਪਾ ਕੇ ਉਸ ਨੂੰ ਫੜ੍ਹਾਉਂਦਿਆਂ ਕਿਹਾ, “ਆਹ ਲੈ ਧੀਏ ਇਹਨੂੰ ਲੈ ਲਾ ਸਿਰ ’ਤੇ…”
“ਏਦੂਂ ਤਾਂ ਚੰਗਾ ਸੀ ਮਾਪੇ ਮੈਨੂੰ ਜੰਮਦੀ ਨੂੰ ਜ਼ਹਿਰ ਦੇ ਦਿੰਦੇ… ਜਾਂ ਮੇਰੀ ਮਾਂ ਮੈਨੂੰ ਜੰਮਦੀ ਹੀ ਨਾ… ਕੀ ਘਾਟਾ ਪੈ ਜਾਣਾ ਸੀ… ਏਸ ਜ਼ਿੰਦਗੀ ਨਾਲੋਂ ਤਾਂ ਮੌਤ ਭਲੀ…” ਕੁੜੀ ਆਪ ਮੁਹਾਰੇ ਬੋਲ ਗਈ ਤੇ ਕੁੜੀ ਦੀਆਂ ਗੱਲਾਂ ਬਾਪੂ ਨੂੰ ਉੱਥੇ ਲੱਗੇ ‘ਨੰਨੀ ਛਾਂ’ ਦੇ ਬੈਨਰਾਂ ਦਾ ਮੂੰਹ
ਚਿੜਾਉਂਦੀਆਂ ਲੱਗੀਆਂ। ਅੰਦਰ ਨਾਹਰੇ ਲੱਗ ਰਹੇ ਸਨ ‘ਭਰੂਣ ਹੱਤਿਆ ਪਾਪ ਹੈ, ਭਰੂਣ ਹੱਤਿਆ ਬੰਦ ਕਰੋ’
“ਕੀ ਨੰਨੀ ਛਾਂ ਵਾਲੇ ਬੀਬੀ ਜੀ ਨੂੰ ਕੁੜੀਆਂ ਦੀ ਹੁੰਦੀ ਇਹ ਬੇਪੱਤੀ ਨਹੀਂ ਦਿਸੀ, ਜੋ ਉਹਨਾਂ ਨੇ ਇਸ ਨੂੰ ਰੋਕਿਆ ਨਹੀਂ ਜਾਂ ਫਿਰ ਇਹ ਸਭ ਕੁਝ ਉਹਨਾਂ ਦੇ ਇਸ਼ਾਰੇ ’ਤੇ ਹੀ…?” ਬਾਪੂ ਪੰਜਾਬ ਸਿਹੁੰ ਸੋਚਦਾ ਜਾ ਰਿਹਾ ਸੀ।
ਬਠਿੰਡੇ ਵਾਲੀ ਘਟਨਾਂ ਤੋਂ ਕੁਝ ਦਿਨ ਮਗਰੋਂ ਹੀ ਬਾਪੂ ਨੂੰ ਮੋਹਾਲੀ ਜਾਣਾ ਪਿਆ। ਉਸਦੀ ਇਕ ਧੀ ਉੱਥੇ ਵਿਆਹੀ ਹੋਈ ਹੈ। ਪਰ ਜਦੋਂ ਉਹ ਆਵਦੀ ਕੁੜੀ ਦੇ ਗਰ ਪਹੁੰਚਿਆ ਤਾਂ ਉਸ ਦੀ ਪੱਗ ਲੱਥੀ ਹੋਈ ਸੀ ਤੇ ਕੱਪੜੇ ਮਿੱਟੀ ਨਾਲ ਲਿੱਬੜੇ ਹੋਏ ਸਨ।
“ਆਹ ਕੀ ਹੋ ਗਿਆ ਬਾਪੂ ਜੀ…?” ਧੀ ਨੇ ਬਾਪੂ ਦਾ ਬੁਰਾ ਹਾਲ ਵੇਖਦਿਆਂ ਕਿਹਾ।
“ਇਹ ਤਾਂ ਮੇਰਾ ਸਨਮਾਨ ਹੋਇਐ ਧੀਏ…” ਬਾਪੂ ਨੇ ਆਪਣੇ ਮਜਾਕੀਆ ਸੁਭਾਅ ਅਨੁਸਾਰ ਹੱਸਦੇ ਹੋਏ ਕਿਹਾ।
“ਸਨਮਾਨ… ਇਹ ਕੇਹਾ ਸਨਮਾਨ…” ਕੁੜੀ ਹੈਰਾਨ ਹੁੰਦਿਆਂ ਬੋਲੀ।
“ਓ ਅਸਲ ਵਿਚ ਮੈਂ ਜ਼ੇਲ੍ਹਾਂ ਕੱਟੀਐਂ ਨਾ ਐਮਰਜੈਂਸੀ ਤੇ ਧਰਮ ਯੁੱਧ ਮੋਰਚੇ ਵੇਲੇ… ਸੋ ਸਰਕਾਰ ਨੇ ਮੇਰਾ ਸਨਮਾਨ ਕੀਤੈ… ਉਹ ਆਪ ਤਾਂ ਰੁੱਝੇ ਹੋਏ ਸਨ ‘ਮੈਚ’ ਦੀਆਂ ਤਿਆਰੀਆਂ ਵਿਚ, ਇਸ ਲਈ ਉਹਨਾਂ ਨੇ ਪੁਲਸ ਭੇਜੀ ਸੀ ‘ਸਨਮਾਨ’ ਵਾਸਤੇ… ਤੇ ਪੁਲਸ ਦਾ ਤਾਂ ਤੈਨੂੰ ਪਤਾ ਈ ਆਂ ਪੁੱਤ… ਉਹ ਕੋਈ ਕੰਮ ਠੀਕ ਤਰ੍ਹਾਂ ਨਹੀਂ ਕਰ ਸਕਦੇ… ‘ਸਨਮਾਨ’ ਲਈ ਸਿਰੋਪੇ ਲਿਆਉਣੇ ਈ ਭੁੱਲ ਗਏ… ਸੋ ਉਹਨਾਂ ਮੇਰੀ ਪੱਗ ਲਾਹ ਕੇ ਹੀ ਸਿਰੋਪਾ ਬਣਾ ਕੇ ਮੇਰੇ ਗਲ ਪਾ ਦਿੱਤੀ…”
“ਤੇ ਆਹ ਲੀੜੇ… ਇਹ ਕਿਵੇਂ ਲਿੱਬੜੇ?” ਕੁੜੀ ਹੱਸਦੀ ਹੋਈ ਬੋਲੀ। ਉਸ ਨੂੰ ਪਤਾ ਸੀ ਕਿ ਗੱਲ ਕੋਈ ਹੋਰ ਹੈ ਤੇ ਬਾਪੂ ਜੀ ਮਜ਼ਾਕ ਕਰ ਰਹੇ ਨੇ।
“ਇਹ ਲੀੜੇ ਤਾਂ ਫੇਰ ਮੈਂ ਪੱਗ ਲਹਾਉਂਦਾ ਨਹੀਂ ਸੀ ਨਾ… ਫੇਰ ਉਹਨਾਂ ਮੈਨੂੰ ਢਾਹ ਕੇ ਮੇਰੀ ਪੱਗ ਲਾਹੀ… ਤਾਂ ਫੇਰ ਇਹ ਲੀੜੇ ਲਿੱਬੜ ਗਏ…” ਬਾਪੂ ਨੇ ਸਾਰੀ ਗੱਲ ਹਾਸੇ ਵਿਚ ਪਾ ਕੇ ਕੁੜੀ ਨੂੰ ਟਾਲ ਦਿੱਤਾ ਤੇ ਉਸਨੂੰ ਚਾਹ ਬਣਾਉਣ ਲਈ ਭੇਜ ਦਿੱਤਾ।
ਪਰ ਸਾਰੀ ਗੱਲ ਸਾਫ ਹੋਈ ਦੋ ਦਿਨਾਂ ਬਾਅਦ। ਜਦੋਂ ਬਾਪੂ ਨੇ ਟੀ.ਵੀ. ’ਤੇ ਵੇਖਿਆ ਕਿ ਸਰਦਾਰ ਬਹਾਦਰ ਸਰਦਾਰ ਮਨਮੋਹਨ ਸਿੰਘ, ਪਹਿਲਾ ਸਿਖ ਪ੍ਰਧਾਨ ਮੰਤਰੀ, ਸਟੇਡੀਅਮ ਵਿਚ ਬੈਠਾ ਚਾਹ ਦੀਆਂ ਚੁਸਕੀਆਂ ਨਾਲ ‘ਮੈਚ’ ਦਾ ਅਨੰਦ ਮਾਣ ਰਿਹਾ ਸੀ।
“ਓ ਸਰਦਾਰਾ ਮੈਚ ਤੋਂ ਧਿਆਨ ਜ਼ਰਾ ਹਟਾ ਕੇ ਸਟੇਡੀਅਮ ਦੇ ਬਾਹਰ ਵੀ ਝਾਕ ਲੈ… ਸਾਨੂੰ ਬੜੀ ਖੁਸ਼ੀ ਹੋਈ ਸੀ ਜਿੱਦੇਂ ਤੂੰ ਪ੍ਰਧਾਨ ਮੰਤਰੀ ਬਣਿਆਂ… ਅਸੀਂ ਸੋਚਿਆ ਕਿ ਆਵਦਾ ਮਾਰੂ ਤਾਂ ਚੱਲ ਛਾਵੇਂ ਤਾਂ ਸੁੱਟੂ… ਪਰ ਤੂੰ ਤਾਂ ਪਤੰਦਰਾ ਧੁੱਪੇ ਹੀ ਸਾਡੀਆਂ ਪੱਗਾਂ ਲੁਹਾ ਦਿੱਤੀਆਂ…”
ਤੇ ਇਹ ਕਹਿੰਦਿਆਂ ਬਾਪੂ ਨੇ ਚੈਨਲ ਬਦਲ ਦਿੱਤਾ। ਹੁਣ ਬਾਪੂ ਪੰਜਾਬੀ ਚੈਨਲ ’ਤੇ ਜਾ ਕੇ ਰੁਕਿਆ। ਜਿੱਥੇ ਕੁਝ ਪੁਰਾਣੀਆਂ ਖ਼ਬਰਾਂ ਚੱਲ ਰਹੀਆਂ ਸਨ ਤੇ ਸਰਦਾਰ ਬਹਾਦਰ ਸਰਦਾਰ ‘ਛੋਟੇ’ ਮੁੱਖ ਮੰਤਰੀ ਜੀ ਬੋਲ ਰਹੇ ਸਨ, “ਕੇਂਦਰ ਸਰਕਾਰ ਸਿਖਾਂ ਨਾਲ ਵਿਤਕਰਾ ਕਰ ਰਹੀ ਐ… ਇਟਲੀ ਵਿਚ ਸਿਖਾਂ ਦੀਆਂ ਦਸਤਾਰਾਂ ਦੀ ਬੇਅਦਬੀ ਹੋ ਰਹੀ ਐ ਤੇ ਕੇਂਦਰ ਸਰਕਾਰ ਚੁੱਪ ਐ, ਆਸਟਰੇਲੀਆ ਵਿਚ ਸਿਖਾਂ ਦੀਆਂ ਦਸਤਾਰਾ ਲੁਹਾ ਕੇ ਤਲਾਸ਼ੀ ਲਈ ਜਾ ਰਹੀ ਹੈ ਪਰ ਸੈਂਟਰ ਵਾਲਿਆਂ ਨੂੰ ਕੋਈ ਫਿਕਰ ਨਹੀਂ, ਫਰਾਂਸ ਵਿਚ ਪੱਗ ’ਤੇ ਪਾਬੰਦੀ ਲਾਈ ਗਈ ਐ ਪਰ ਸਰਦਾਰ ਮਨਮੋਹਨ ਸਿੰਘ ਕੁਝ ਨਹੀਂ ਬੋਲ ਰਹੇ……”
“ਤੇ ਕਾਕਾ ਪੰਜਾਬ ਵਿਚ ਜਿਹੜੀਆਂ ਦਸਤਾਰਾਂ ਤੇਰੇ ਵਰਕਰਾਂ ਤੇ ਪੰਜਾਬ ਪੁਲਸ ਵੱਲੋਂ ਰੋਲੀਆਂ ਜਾ ਰਹੀਐਂ ਉਸ ਬਾਰੇ ਅਸੀਂ ਕਿਸ ਅੱਗੇ ਜਾ ਕੇ ਦੁੱਖੜੇ ਰੋਈਏ…”
“ਕੀ ਗੱਲ ਬਾਪੂ ਜੀ ਬੜੇ ਭਰੇ-ਭੀਤੇ ਜਹੇ ਬੈਠੇ ਓ… ਪਹਿਲਾਂ ਮਨਮੋਹਨ ਸਿੰਘ ’ਤੇ ਗੁੱਸਾ ਕੱਢੀ ਜਾਂਦੇ ਸੀ ਤੇ ਹੁਣ ਏਹਦੇ ਮਗਰ ਹੋ ਗਏ…” ਕੋਲ ਬੈਠਾ ਬਾਪੂ ਦਾ ਪੋਤਾ ਬੋਲਿਆ।
“ਕੀ ਦੱਸਾਂ ਕਾਕਾ… ਮੈਂ ਜਿੱਦੇਂ ਆਇਆ ਸੀ ਨਾ ਤਾਂ ਜਦੋਂ ਸਟੇਡੀਅਮ ਦੇ ਅੱਗਿਓ ਲੰਘਿਆ ਤਾਂ ਕੁਝ ਮੁੰਡੇ ਨਾਹਰੇ ਜਹੇ ਮਾਰ ਰਹੇ ਸਨ… ਸ਼ਾਇਦ ਫਾਰਮਸਿਸਟ ਸਨ ਤੇ ਕੋਈ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਤੇ ਪੁਲਸ ਜਿਹੜੀ ‘ਮੈਚ’ ਨੂੰ ਸਫਲ ਕਰਵਾਉਣ ਦੇ ਪ੍ਰਬੰਧਾਂ ਵਿਚ ਰੁੱਝੀ ਹੋਈ ਸੀ, ਇਹਨਾਂ ’ਤੇ ਖ਼ਫਾ ਹੋ ਗਈ। ਸੋ ਉਹ ਮੁੰਡਿਆਂ ਨੂੰ ਭਜਾਉਣ ਲੱਗੀ। ਜਦੇ ਮੇਰੀ ਨਿਗਾਹ ਇਕ ਪੁਲਸ ਅਫਸਰ ’ਤੇ ਪਈ ਜਿਹੜਾ ਇਕ ਸਿਖ ਨੌਜੁਆਨ ਨੂੰ ਬਾਹੋਂ ਫੜ੍ਹ ਕੇ ਲਿਜਾ ਰਿਹਾ ਸੀ। ਮੈਂ ਸੋਚਿਆ ਬੀ ਚਲ ਏਹਨੂੰ ਗ੍ਰਿਫਤਾਰ ਕਰਕੇ ਲਿਜਾਂਦੇ ਹੋਣਗੇ। ਪਰ ਮੇਰੀ ਹੈਰਾਨੀ ਦੀ ਹਦ ਨਾ ਰਹੀ ਜਦੋਂ ਉਹ ਅਫਸਰ, ਜੀਹਦੇ ਆਵਦੇ ਸਿਰ ’ਤੇ ਵੀ ਪਗ ਸੀ, ਦੂਜੇ ਅਫਸਰ ਨੂੰ ਬੋਲਿਆ, “ਪੱਗ ਲਾਹ ਏਹਦੀ… ਪੱਗ ਲਾਹਦੇ” ਤੇ ਦੂਜੇ ਘੋਨੇ ਜਹੇ ਅਫਸਰ ਨੇ ਝਪੱਟਾ ਮਾਰ ਕੇ ਉਸ ਮੁੰਡੇ ਦੀ ਪੱਗ ਲਾਹ ਦਿੱਤੀ… ਮੁੰਡਾ ਸ਼ਰੀਫ ਸੀ ਕੁਝ ਨਾ ਬੋਲਿਆ… ਪਰ ਮੈਥੋਂ ਉੱਚੀ ਕਹਿ ਹੋ ਗਿਆ, ‘ਸ਼ਰਮ ਕਰੋ ਉਏ ਸ਼ਰਮ, ਜੇ ਪੰਜਾਬ ਵਿਚ ਤੁਸੀਂ ਸਿਖਾਂ ਦੀਆਂ ਪੱਗਾਂ ਇੰਝ ਰੋਲੋਂਗੇ ਤਾਂ ਫੇਰ ਬਾਹਰਲੇ ਦੇਸ਼ਾਂ ’ਤੇ ਕਾਹਦਾ ਰੋਸ… ਕਿਉਂ ਤੁਸੀਂ ਲੋਕਾਂ ਨੂੰ ਗੁਲਾਮੀਂ ਦਾ ਅਹਿਸਾਸ ਕਰਵਾਉਂਦੇ ਓ… ਹੁਣ ਤੁਸੀਂ ਕੀ ਚਾਹੁੰਦੇ ਓ ਕਿ ਲੋਕ ਸ਼ਾਂਤਮਈ ਧਰਨੇ ਪ੍ਰਦਰਸ਼ਨ ਕਰਨ ਲਈ ਵੀ ਆਪਣੀ ਰਾਖੀ ਲਈ ਹਥਿਆਰ ਲੈ ਕੇ ਆਇਆ ਕਰਨ… ਓ ਥੋਡੇ ’ਚ ਤੇ ਗੋਰੇ ਹਾਕਮਾਂ ’ਚ ਕੀ ਫਰਕ ਰਹਿ ਗਿਐ…’ ਮੇਰਾ ਜੀਅ ਕੀਤਾ ਕਿ ਉਸ ਮੁੰਡੇ ਵਲ ਮੂੰਹ ਕਰਕੇ ਉੱਚੀ ਆਵਾਜ ਵਿਚ ਗਾਵਾਂ, ‘ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਉਏ’ …”
“ਤੇ ਫੇਰ ਬਾਪੂ ਜੀ…” ਪੋਤੇ ਨੇ ਉਤਸੁਕਤਾ ਨਾਲ ਪੁੱਛਿਆ।
“ਫੇਰ… ਫੇਰ ਤੂੰ ਆਵਦੀ ਮਾਂ ਤੋਂ ਪੁੱਛ ਲੈ ਬੀ ਜਦੋਂ ਮੈਂ ਘਰੇ ਆਇਆ ਸੀ ਤਾਂ ਮੇਰਾ ਕੀ ਹਾਲ ਸੀ…?”
…ਤੇ ਜਦੋਂ ਮੁੰਡੇ ਨੇ ਮਾਂ ਵੱਲ ਵੇਖਿਆ ਤਾਂ ਉਹ ਰਸੋਈ ਵਿਚ ਖੜੀ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ ਤੇ ਉਸ ਦੀਆਂ ਅੱਖਾਂ ਸਾਹਮਣੇ ਭੀਖੀ ਵਿਖੇ ਪੰਜਾਬ ਪੁਲਸ ਵੱਲੋਂ ਪੰਜਾਂ ਪਿਆਰਿਆਂ ਦੀਆਂ ਰੋਲੀਆਂ ਦਸਤਾਰਾਂ ਆ ਰਹੀਆਂ ਸਨ……
ਜਗਦੀਪ ਸਿੰਘ ਫਰੀਦਕੋਟ
9815763313