Sunday, March 30, 2008

ਭਰੂਣ ਹੱਤਿਆ ਪਾਪ ਹੈ...?

ਔਰਤ ਦਿਵਸ ‘ਤੇ ਵਿਸ਼ੇਸ਼
ਅੱਜ ਕੱਲ ਜਿਸ ਸਮਾਜਿਕ ਬੁਰਾਈ ਦਾ ਸਭ ਤੋਂ ਵੱਧ ਰੌਲਾ ਪੈ ਰਿਹਾ ਹੈ, ਉਹ ਹੈ- ਕੰਨਿਆਂ ਭਰੂਣ ਹੱਤਿਆ। ਪੋਲੀਓ ਬੂੰਦਾਂ ਤੋਂ ਬਾਅਦ ਸ਼ਾਇਦ ਭਰੂਣ ਹੱਤਿਆ ਹੀ ਹੈ ਜਿਸ ਦੇ ਹਿੱਸੇ ਏਨਾ ਸਰਕਾਰੀ ਪ੍ਰਚਾਰ ਆਇਆ ਹੈ। ਟੈਲੀਵੀਯਨ ਉੱਤੇ ਇਸ ਬੁਰਾਈ ਦੇ ਵਿਰੁੱਧ ਵਾਧੂ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅਖ਼ਬਾਰਾਂ ਵਿਚ ਇਸ ਦੇ ਵਿਰੁੱਧ ਵੱਡੇ ਵੱਡੇ ਸਰਕਾਰੀ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਏਥੋਂ ਤੱਕ ਕਿ ਇਸ ਦੇ ਵਿਰੁੱਧ ਫਿਲਮਾਂ ਵੀ ਬਣ ਚੁੱਕੀਆਂ ਨੇ। ਸਰਕਾਰ ਦੇ ਨਾਲ ਨਾਲ ਸੈਂਕੜੇ ਐਨ. ਜੀ. ਓ. ਸੰਸਥਾਵਾਂ ਵੀ ਭਰੂਣ ਹੱਤਿਆ ਵਿਰੁੱਧ ਡਟੀਆਂ ਹੋਈਆਂ ਹਨ। ਜਥੇਦਾਰ ਸਾਹਬ ਨੇ ਵੀ ਇਸ ਦੇ ਵਿਰੁੱਧ ਹੁਕਮਨਾਮਾਂ ਜਾਰੀ ਕੀਤਾ ਹੈ। ਹੋਰ ਵੀ ਹਜ਼ਾਰਾਂ ਕੁਝ ਇਸ ਦੇ ਖਿਲਾਫ ਹੋ ਰਿਹਾ ਹੈ, ਪਰ……… ਤੁਹਾਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਦੇ ਵੀ ਕਿਸੇ ਨੇ ਇਹ ਜਾਨਣ ਦੀ ਤਾਂ ਕੋਸ਼ਿਸ਼ ਹੀ ਨਹੀਂ ਕੀਤੀ ਕਿ ਲੋਕ ਕੁੜੀਆਂ ਮਾਰਦੇ ਕਿਉਂ ਨੇ……… ਉਹ ਕੀ ਕਾਰਨ ਹਨ ਜਿਨ੍ਹਾਂ ਨੇ ਭਰੂਣ ਹੱਤਿਆ ਨਾਮ ਦੀ ਬੀਮਾਰੀ ਨੂੰ ਜਨਮ ਦਿੱਤਾ।
ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਂਗੇ ਕਿ ਅੱਜ ਤੋਂ 15-20 ਸਾਲ ਪਹਿਲਾਂ ਤੱਕ ਕਦੇ ਕਿਸੇ ਨੇ ‘ਭਰੂਣ ਹੱਤਿਆ’ ਸ਼ਬਦ ਵੀ ਨਹੀਂ ਸੁਣਿਆਂ ਸੀ, ਫੇਰ ਕੀ ਕਾਰਨ ਹਨ ਕਿ ਇਹ ਸਮੱਸਿਆ ਏਨੀ ਛੇਤੀ ਏਡਾ ਘਾਤਕ ਰੂਪ ਲੈ ਗਈ। ਕੀ ਦਾਜ ਦੀ ਸਮੱਸਿਆ ਭਰੂਣ ਹੱਤਿਆ ਦਾ ਮੁੱਖ ਕਾਰਨ ਹੈ?....... ਜਾਂ ਕੀ ਮੁੰਡਿਆਂ ਦੇ ਵਿਆਹਾਂ ਤੋਂ ਹੋਣ ਵਾਲੀ ‘ਕਮਾਈ’ ਲੋਕਾਂ ਨੂੰ ਧੀਆਂ ਜੰਮਣ ਤੋਂ ਰੋਕਦੀ ਹੈ?........ ਨਹੀਂ……… ਕਾਰਨ ਇਸ ਤੋਂ ਵੀ ਕਿਤੇ ਵੱਡੇ ਨੇ…………।'ਗੱਲ ਸ਼ੁਰੂ ਕਰਦੇ ਹਾਂ ਐਤਕੀਂ ਦੀ ਲੋਹੜੀ ਤੋਂ……… ਐਤਕੀ ਪੰਜਾਬ ਵਿਚ ਕਈ ਥਾਈਂ ਕੁੜੀਆਂ ਦੀ ਲੋਹੜੀ ਮਨਾ ਕੇ ਭਰੂਣ ਹੱਤਿਆ ਦੇ ਵਿਰੁੱਧ ਆਵਾਜ਼ ਉਠਾਈ ਗਈ। ਪੰਜਾਬ ਸਰਕਾਰ ਨੇ ਵੀ ਇਕ ਲੋਹੜੀ ਦਾ ‘ਪ੍ਰੋਗਰਾਮ’ ਕੀਤਾ, ਜਿਸ ਵਿਚ ਕੁੜੀਆਂ ਦੀ ਲੋਹੜੀ ਮਨਾਈ ਗਈ……… ਪਰ ਮਨਾਈ ਕਿਵੇਂ ਗਈ……… ਸਟੇਜ ‘ਤੇ ਕੁੜੀਆਂ ਨੂੰ ਨਚਾ ਕੇ ਜਾਂ ਸਿੱਧਾ ਕਹਿ ਲਉ ਕਿ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਠੁਮਕੇ ਵੇਖ ਕੇ। ਇਸ ਗੱਲ ਵਿਚ ਰਤਾ ਝੂਠ ਨਹੀਂ ਕਿ ਇਸ ਆਰਕੈਸਟਰਾ ਕਲਚਰ ਜਾਂ ਸੱਭਿਆਚਾਰਕ? ਗਰੁੱਪਾਂ ਦੇ ਨਾਮ ‘ਤੇ ਪੈ ਰਹੇ ਗੰਦ ਨੇ ਵੀ ਔਰਤਾਂ ਨੂੰ ਇਕ ਨੁਮਾਇਸ਼ ਦੀ ਚੀਜ਼ ਬਣਾ ਕੇ ਰੱਖ ਦਿੱਤਾ ਹੈ। ਕਦੇ ਉਹ ਵੀ ਜਮਾਨਾ ਸੀ ਜਦੋਂ ਤੀਆਂ ਵਿਚ ਮੁੰਡਿਆਂ ਦੇ ਜਾਣ ਦੀ ਮਨਾਹੀ ਹੁੰਦੀ ਸੀ, ਕੁੜੀਆਂ ਨੱਚਦੀਆਂ ਨੂੰ ਮੁੰਡੇ ਨਹੀਂ ਵੇਖ ਸਕਦੇ ਸਨ, ਜਾਂ ਮੁੰਡੇ ਆਪ ਹੀ ਤੀਆਂ ਵਿਚ ਨਹੀਂ ਜਾਂਦੇ ਸਨ ਕਿ ਯਰ ਭੈਣਾ ਨੂੰ ਨੱਚਦੀਆਂ ਨੂੰ ਵੇਖਾਂਗੇ, ਸ਼ਰਮ ਨਾ ਆਊਗੀ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਮੋਰਾਂ ਨਾਚੀ ਦਾ ਨਾਚ ਵੇਖਣ ਕਰਕੇ ਸਜਾ ਲਾਈ ਸੀ। ………ਤੇ ਜੇ ਕਿਤੇ ਅੱਜ ਅਕਾਲੀ ਫੂਲਾ ਸਿੰਘ ਆ ਜਾਵੇ ਤਾਂ ਸ਼ਾਇਦ ਦੁਹੱਥੜਾ ਮਾਰ ਮਾਰ ਕੇ ਰੋਵੇਗਾ ਕਿਉਂਕਿ ਅੱਜ ਤਾਂ ਸਾਰਾ ਪੰਜਾਬ ਹੀ ਏਸ ਕੰਜਰ ਕਿੱਤੇ ‘ਤੇ ਹੋਇਆ ਪਿਆ ਹੈ। ਜਿਸ ਤਰ੍ਹਾਂ ਦੇ ਕੱਪੜੇ ਪਾ ਕੇ ਆਰਕੈਸਟਰਾ ਵਾਲੀਆਂ ਕੁੜੀਆਂ ਨੱਚਦੀਆਂ ਹਨ ਉਹਨਾਂ ਨੂੰ ਵੇਖ ਕੇ ਸ਼ਾਇਦ ਕਈ ਧੀਆਂ ਦੇ ਮਾਪੇ ਸੁਪਨੇ ਵਿਚ ਵੀ ਡਰਦੇ ਹੋਣਗੇ ਕਿ ਕਿਤੇ ਸਾਡੀ ਧੀ ਵੀ……… ਸਾਰੇ ਪੰਜਾਬ ਵਿਚ ਇਹਨਾਂ ਗਰੁੱਪਾਂ ਦੇ ਨਾਮ ਥੱਲੇ ਕੁੜੀਆਂ ਦੀ ਮੰਡੀ ਲੱਗੀ ਹੋਈ ਹੈ। ਇਕ ਵਾਰ ਮੈਂ ਤੇ ਬਾਈ ਅਮਰਦੀਪ ਕਿਤੇ ਬਜ਼ਾਰ ਵਿਚ ਜਾ ਰਹੇ ਸੀ, ਰਸਤੇ ਵਿਚ ਇਕ ਥਾਈਂ ਮੈਂ ਕਿਸੇ (ਅ)ਸੱਭਿਆਚਾਰਕ ਗਰੁੱਪ ਦਾ ਬੋਰਡ ਪੜ੍ਹਿਆ, ਜਿਸ ਗਰੁੱਪ ਦਾ ਨਾਮ ਸੀ ‘ਜੋਬਨ ਪੰਜਾਬ ਦਾ’, ਜਦ ਮੈਂ ਬੋਲਿਆ ‘ਜੋਬਨ ਪੰਜਾਬ ਦਾ’ ਤਾਂ ਬਾਈ ਹੱਸ ਕੇ ਬੋਲਿਆ, “ਆਹੋ ਜੋਬਨ ਪੰਜਾਬ ਦਾ ਮੰਡੀ ਵਿਕਣ ਆਇਐ”। 'ਬਾਈ ਦੀ ਇਹ ਗੱਲ ਬਿਲਕੁਲ ਸੱਚ ਵੀ ਹੈ। ਜਿੰਨੀ ਸੋਹਣੀ ਕੁੜੀ, ਜਿੰਨੇ ਘੱਟ ਕੱਪੜੇ ਓਨੇ ਜਿਆਦਾ ਪੈਸੇ। ਹੁਣ ਤਾਂ ਹਾਲ ਇਹ ਹੋਇਆ ਪਿਆ ਹੈ ਕਿ ਜੇ ਤੁਸੀਂ ਕਿਸੇ ਪ੍ਰੋਗਰਾਮ ਲਈ ਆਰਕੈਸਟਰਾ ਬੁੱਕ ਕਰਵਾਉਣ ਜਾਓ ਤਾਂ ਅਗਲੇ ਪੁੱਛਦੇ ਨੇ, “ਬਾਈ ਜੀ ਸੱਭਿਆਚਾਰਕ ਕਿ ਵੈਸਟਰਨ?” ਹੁਣ ਦੱਸਣ ਦੀ ਲੋੜ ਨਹੀਂ ਕਿ ਦੋਹਾਂ ਵਿਚ ਕੀ ਫਰਕ ਹੈ………ਤੁਹਾਡੇ, ਜਾਗਦੀ ਜ਼ਮੀਰ ਵਾਲਿਆਂ, ਵਿਚੋਂ ਹੈ ਕੋਈ ਜਿਹੜਾ ਚਾਹੁੰਦਾ ਹੈ ਕਿ ਮੇਰੀ ਧੀ ਵੱਡੀ ਹੋ ਕੇ ਸਟੇਜ ‘ਤੇ ਵੱਧ ਤੋਂ ਵੱਧ ਕੱਪੜੇ ਲਾਹ ਕੇ ਨੱਚੇ, ਲੋਕ ਮਜ਼ੇ ਲੈਣ ਤੇ ਪੈਸਿਆਂ ਦੀ ਵਰਖਾ ਹੋਵੇ…… ਸ਼ਾਇਦ ਜੇ ਤੁਹਾਡੇ ਅੰਦਰ ਪੰਜਾਬ ਦਾ ਖ਼ੂਨ ਹੈ ਤਾਂ ਤੁਸੀਂ ਸੁਪਨੇ ਵਿਚ ਵੀ ਏਦਾਂ ਸੋਚਣਾ ਨਹੀਂ ਚਾਹੋਂਗੇ। ਪਰ ਜੇ ਕੁੜੀ ਬਾਗੀ ਹੋ ਕੇ ਐਸਾ ਕਿੱਤਾ ਫੜ੍ਹ ਲਵੇ ਤੇ ਤੁਹਾਡੀ ਪੱਗ ਤੁਹਾਡੀ ਕੁੜੀ ਦੇ ਲਟਕਿਆਂ ਝਟਕਿਆਂ ‘ਤੇ ਨੱਚ ਰਹੇ ਲੋਕਾਂ ਦੇ ਪੈਰਾਂ ਵਿਚ ਰੁਲੇ ਤਾਂ ਤੁਸੀਂ ਕੀ ਕਹੋਂਗੇ………? “ਏਦੂਂ ਤਾਂ ਚੰਗਾ ਸੀ ਏਹਨੂੰ ਜੰਮਦੀ ਨੂੰ ਮਾਰ ਦਿੰਦੇ………”
ਅੱਗੇ ਗੱਲ ਕਰਦੇ ਹਾਂ, ਆਹ ਫਾਲਤੂ ਦੇ ਪਿਆਰ, ਇਸ਼ਕ, ਮੁਹੱਬਤ ਦੇ ਕਲਚਰ? ਦੀ। ਬਹੁਤੇ ਮਾਪਿਆਂ, ਖਾਸ ਕਰ ਪਿੰਡਾਂ ਵਾਲਿਆਂ, ਨੂੰ ਅੱਜ ਦੇ ਮਾੜੇ ਹਾਲਾਤ ਵੇਖ ਕੇ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸਾਡੀ ਕੁੜੀ ਵੀ ਇਹਨਾਂ ਹਾਲਾਤਾਂ ਦੇ ਵਹਿਣ ਵਿਚ ਵਹਿ ਕੇ ਘਰੋਂ………।' ਕਿਹੜਾ ਮਾਂ ਬਾਪ ਇਹ ਸੁਣਨਾ ਚਾਹੇਗਾ ਕਿ ਲੋਕ ਗੱਲਾਂ ਕਰਨ, “ਓਏ ਫਲਾਣਿਆਂ ਦੀ ਕੁੜੀ ਨਿਕਲ ਗਈ……… ਸਾਲੇ ਵੱਡੇ ਇੱਜ਼ਤ ਆਲੇ ਬਣੇ ਫਿਰਦੇ ਸਨ……… ਨੱਕ ‘ਤੇ ਮੱਖੀ ਨ੍ਹੀ ਸੀ ਬਹਿਣ ਦਿੰਦੇ……… ਹੁਣ ਆਵਦੀ ਕੁੜੀ ਹੀ ਸਿਰ ਸਵਾਹ ਪਾ ਗਈ………” ਕੋਈ ਮਾਂ ਪਿਉ ਇਹ ਬਦਨਾਮੀਂ ਨਹੀਂ ਝੱਲ ਸਕਦਾ। ਅੱਜ ਜਿਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਹਨ ਉਸ ਵਿਚ ਇਹ ਗੱਲ ਹੌਲੀ-ਹੌਲੀ ਆਮ ਹੋ ਰਹੀ ਹੈ। ਰਹਿੰਦੀ ਖੂੰਹਦੀ ਕਸਰ ਆਹ ਗਾਉਣ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ। ਇਹਨਾਂ ਕੋਲ ਤਾਂ ਜਿਵੇਂ ਹੋਰ ਕੋਈ ਵਿਸ਼ਾ ਰਿਹਾ ਹੀ ਨਹੀਂ ਗਾਉਣ ਨੂੰ……… ਸ਼ਾਇਦ ਇਕ ਰਿਸ਼ਤੇ ਤੋਂ ਬਿਨਾ ਬਾਕੀ ਸਾਰੇ ਤਾਂ ਖਤਮ ਹੋ ਗਏ ਹਨ। ਮੈਨੂੰ ਅੱਜ ਸਮਝ ਲੱਗੀ ਹੈ ਕਿ ਕਦੇ ‘ਪਾਸ਼’ ਨੇ ਇਹ ਕਿਉਂ ਕਿਹਾ ਸੀ ਕਿ,
“ਵਾਰਿਸ ਸ਼ਾਹ ਦੀ ਲਾਸ਼ ਸਾਡੇ ਪਿੰਡਿਆਂ ‘ਤੇ ਥੋਹਰ ਬਣ ਕੇ ਉੱਗ ਆਈ ਹੈ”
ਇਹਨਾਂ ਗੀਤਕਾਰਾਂ ਤੇ ਗਾਇਕਾਂ ਨੇ ‘ਹੀਰ ਰਾਂਝੇ’ ਨੂੰ ਤਾਂ ਖਲਨਾਇਕ ਬਣਾ ਕੇ ਰੱਖ ਦਿੱਤਾ ਹੈ। ਸ਼ਾਇਦ ਇਹਨਾਂ ਵਿਚੋਂ ਕਿਸੇ ਨੇ ਹੀਰ ਪੜ੍ਹੀ ਵੀ ਨਹੀਂ ਹੋਣੀ, ਨਹੀਂ ਤਾਂ ਉਸ ਦੇ ਕਿਰਦਾਰ ਨੂੰ ਏਨਾ ਦਾਗੀ ਨਾ ਕਰਦੇ। ਆਖਰ ਜਿਹੜੇ ਹੀਰ ਰਾਂਝੇ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਨੇ ਉਹ ਏਨੇ ਮਾੜੇ ਤਾਂ ਨਹੀਂ ਹੋਣੇ। ਜੇ ਬਾਬਾ ਬੁੱਲੇ ਸ਼ਾਹ “ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤਖ਼ਤ ਹਜ਼ਾਰੇ” ਕਹਿ ਕੇ ਤਖ਼ਤ ਹਜ਼ਾਰੇ ਨੂੰ ਮੱਕੇ ਜਿੱਡਾ ਕਰ ਰਿਹਾ ਹੈ ਤਾਂ ਕੁਝ ਤਾਂ ਰੁਹਾਨੀਅਤ ਦੀ ਗੱਲ ਹੋਵੇਗੀ……… ਪਰ ਏਹਨਾਂ ਨਚਾਰਾਂ ਨੂੰ ਕੌਣ ਸਮਝਾਵੇ……… ਹੀਰ ਵਾਰਿਸ ਵਿਚ ਇਕ ਥਾਂ ਹੀਰ ਰਾਂਝੇ ਨੂੰ ਕਹਿੰਦੀ ਹੈ ਕਿ ਮੇਰੇ ਵਿਆਹ ਤੋਂ ਪਹਿਲਾਂ ਮੈਨੂੰ ਲੈ ਚੱਲ ਤਾਂ ਅੱਗੋਂ ਰਾਂਝਾ ਜਵਾਬ ਦਿੰਦਾ ਹੈ,
“ਹੀਰੇ ਇਸ਼ਕ ਨਾ ਮੂਲ ਸਵਾਦ ਦੇਂਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ,ਵਾਰਿਸ ਸ਼ਾਹ ਸਰਾਫ਼ ਸਭ ਜਾਣਦੇ ਨੇ, ਐਬ ਖੋਟਿਆਂ ਪੈਸਿਆਂ ਵਾਲਿਆਂ ਦੇ”ਉਹ ਕੋਰਾ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਸਰਾਫ਼ (ਪ੍ਰਮਾਤਮਾਂ) ਨੂੰ ਖੋਟੇ ਖਰੇ ਦੀ ਪੂਰੀ ਪਛਾਣ ਹੈ। ………… ਤੇ ਅੱਜ ਕੱਲ ਦੇ ਗਾਣੇ, ‘ਜਾਂ ਵਿਆਹ ਕਰਵਾ ਲੈ ਵੇ, ਨਹੀਂ ਮੈਨੂੰ ਲੈ ਚੱਲ ਕਿਤੇ ਭਜਾ ਕੇ’ਹੁਣ ਏਸ ਗਾਣੇ ਦਾ ਕੀ ਮਤਲਬ ਹੈ……… ਕੀ ਦੇ ਰਹੇ ਨੇ ਏਹ ਗਾਇਕ ਨੌਜਵਾਨਾਂ ਨੂੰ……… ਖੈਰ ਕੁਝ ਹੋਰ ਨਮੂਨੇ ਤੱਕੋ,‘ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢ ਕੇ ਲੈਜੂਗਾ…………’‘ਕਾਲਜ ‘ਚ ਕੁੰਢੀਆਂ ਦੇ ਸਿੰਗ ਪਸਗੇ ਨੀ ਇਕ ਤੇਰੇ ਕਰਕੇ…………’‘ਤੇਰੇ ਪਿੱਛੇ ਕਾਲਜ ਦੇ ਮੁੰਡਿਆਂ ਦੇ ਨਾਲ ਮੇਰਾ ਵੈਰ ਪੈ ਗਿਆ…………’‘ਚੰਡੀਗੜ੍ਹ ਝੀਲ ਦੀ ਕਰਾ ਦੂਂ ਤੈਨੂੰ ਸੈਰ ਆਜੀ ਟੈਮ ਕੱਢ ਕੇ…………’‘ਜਦ ਮਰਜ਼ੀ ਆਜੀਂ ਖੇਤ ਯਾਰ ਤਾਂ ਮੋਟਰ ‘ਤੇ ਹੁੰਦੇ………’‘ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ, ਰੱਖ ਥੋੜਾ ਹੌਸਲਾ ਜ਼ਰੂਰ ਆਉਂਗੀ………’‘ਰਾਤੀਂ ਕਿਉ ਨਾ ਆਈ ਤੂੰ ਕਰਾਰ ਕਰਕੇ, ਆਉਂਣ ਤਾਂ ਲੱਗੀ ਸੀ ਵੱਡੀ ਭਾਬੀ ਉੱਠ ਗਈ………’
ਖੈਰ, ਇਹ ਨਹੀਂ ਮੁੱਕਣੇ ਭਾਵੇਂ ਜਿੰਨਾ ਚਿਰ ਮਰਜ਼ੀ ਲਿਖਦਾ ਰਹਾਂ। ਹੁਣ ਤੁਸੀਂ ਇਹਨਾਂ ਗਾਣਿਆਂ ਵਿਚ ਕੁੜੀ ਦੇ ਕਿਰਦਾਰ ਵਾਲੀ ਥਾਂ ‘ਤੇ ਆਪਣੀ ਧੀ ਨੂੰ ਖੜ੍ਹੀ ਕਰਕੇ ਦੇਖੋ……… ਕੀ ਕਰ ਸਕਦੇ ਹੋ?..... ਸ਼ਾਇਦ ਨਹੀਂ…… ਤੁਸੀਂ ਹੀ ਨਹੀਂ ਕੋਈ ਵੀ ਅਣਖ ਵਾਲੇ ਮਾਪੇ ਆਪਣੀ ਧੀ ਨੂੰ ਇਸ ਥਾਂ ‘ਤੇ ਨਹੀਂ ਦੇਖਣਾ ਚਾਹੁੰਣਗੇ…… ਤੇ ਜੇ ਕੋਈ ਕੁੜੀ ਏਸ ਦਲਦਲ ਵੱਲ ਨੂੰ ਤੁਰ ਜਾਵੇ ਤਾਂ ਉਸ ਦੇ ‘ਵਿਚਾਰੇ’ ਮਾਪੇ ਕੀ ਕਹਿੰਦੇ ਹੋਣਗੇ…… ਚੰਗਾ ਹੁੰਦਾ ਜੰਮਦੀ ਨੂੰ ਮਾਰ ਦਿੰਦੇ………
ਹੁਣ ਗੱਲ ਕਰਦੇ ਹਾਂ ਭਰੂਣ ਹੱਤਿਆ ਦੇ ਇਕ ਹੋਰ ਵੱਡੇ ਕਾਰਨ ‘ਬਲਾਤਕਾਰਾਂ’ ਦੀ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਸਾਲ ਪਹਿਲਾਂ ਰਾਸ਼ਟਰਪਤੀ (ਅਬਦੁਲ ਕਲਾਮ ਵੇਲੇ) ਦੇ ਸੁਰੱਖਿਆ ਕਰਮੀਆਂ ਨੇ ਹੀ ਇਕ ਕੁੜੀ ਦਾ ਬਲਾਤਕਾਰ ਕਰ ਦਿੱਤਾ ਸੀ। ਅਜੇ ਕੱਲ ਦੀ ਗੱਲ ਹੈ, ਸਾਡੇ ਗੁਆਂਢੀ ਸੂਬੇ (ਹਰਿਆਣੇ) ਦੇ ਰਾਜਪਾਲ ਦੇ ਸੁਰੱਖਿਆ ਗਾਰਡਾਂ ਨੇ ਵੀ ਇਹੀ ਕਾਰਾ ਕੀਤਾ ਹੈ। ਸ਼ਾਇਦ ਤੁਹਾਨੂੰ ਕੇ.ਪੀ. ਗਿੱਲ ਵੱਲੋਂ ਆਈ. ਏ. ਐਸ. ਰੂਪਨ ਦਿਊਲ ਬਜਾਜ ਦੀ ……… ‘ਤੇ ਫੇਰਿਆ ਗਿਆ ਹੱਥ ਵੀ ਭੁੱਲਿਆ ਨਹੀਂ ਹੋਵੇਗਾ, ਜਿਸ ਬਦਲੇ ‘ਮਾਨਯੋਗ’ ਅਦਾਲਤ ਨੇ ਕੇ. ਪੀ. ਗਿੱਲ ਨੂੰ ਸੁਧਰਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਸੀ। ……… ਤੇ ਫਰਾਂਸ ਦੀ ਕੁੜੀ ਕੇਤੀਆ ਦਾ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤੇ ਦੇ ਪੋਤਰੇ ਵੱਲੋਂ ਕੀਤਾ ਗਿਆ ਹਸ਼ਰ ਵੀ ਕਦੇ ਕਦਾਈਂ ਤੁਹਾਡੀਆਂ ਅੱਖਾਂ ਸਾਹਮਣੇ ਆ ਕੇ ਤੁਹਾਨੂੰ ਡਰਾ ਜਾਂਦਾ ਹੋਵੇਗਾ ਤੇ ਤੁਸੀਂ ਝੱਟ ਆਪਣੀ ਧੀ ਨੂੰ ਬੁੱਕਲ ਵਿਚ ਲਕੋ ਲੈਂਦੇ ਹੋਵੋਗੇ। ਹੁਣ ਤੁਸੀਂ ਆਪ ਹੀ ਦੱਸੋ ਕਿ ਜੇ ਦੇਸ਼ ਦੇ ਰਾਸ਼ਟਰਪਤੀ ਤੇ ਰਾਜਪਾਲ ਦੇ ਬਾਡੀਗਾਰਡਾਂ ਤੇ ਪੁਲਸ ਮੁਖੀਆਂ ਤੋਂ ਹੀ ਕੁੜੀਆਂ ਸੁਰੱਖਿਅਤ ਨਹੀਂ ਤਾਂ ਫਿਰ …………।' ਅਜੇ ਤਾਂ ਆਪਾਂ ਇਕੱਲੇ ਪੰਜਾਬ ਦੀ ਗੱਲ ਹੀ ਕਰ ਰਹੇ ਹਾਂ ਕਿਉਂਕਿ ਇਹ ‘ਦੋਸ਼’ ਸਾਡੇ ਉੱਤੇ ਹੀ ਵਾਰ-ਵਾਰ ਲੱਗ ਰਿਹਾ ਹੈ, ਪਰ ਜੇ ਬਾਕੀ ਪ੍ਰਾਂਤਾਂ ਦੀ ਗੱਲ ਵੀ ਕਰਨੀ ਹੋਵੇ? …………ਤੇ ਸ਼ਾਇਦ ਤੁਹਾਡੇ ਵਿਚੋਂ ਕਈਆਂ ਨੂੰ ਮਨੀਪੁਰ ਦੀ ਉਹ ਕੁੜੀ ਵੀ ਯਾਦ ਹੋਵੇਗੀ ਜਿਸ ਨਾਲ ਭਾਰਤੀ ਫੌਜੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਪਿੱਛੋਂ ਮਾਰ ਕੇ ਸੜਕ ‘ਤੇ ਸੁੱਟ ਦਿੱਤਾ ਗਿਆ ਸੀ, ਉਹੀ ਮਨੋਰਮਾਂ ਜਿਸ ਦੀ ਮੌਤ ਤੋਂ ਮਗਰੋਂ ਉਸ ਦੇ ਪਿੰਡ ਦੀਆਂ ਬਾਕੀ ਔਰਤਾਂ ਵੱਲੋਂ ਭਾਰਤੀ ਫੌਜ ਦੇ ਮਨੀਪੁਰ ਸਥਿਤ ਮੁੱਖ ਦਫਤਰ ਦੇ ਮੂਹਰੇ ‘ਨਿਰਵਸਤਰ’ ਹੋ ਕੇ ਮੁਜਾਹਰਾ ਕੀਤਾ ਗਿਆ ਸੀ ਤੇ ਨਾਹਰੇ ਮਾਰੇ ਗਏ ਸਨ,
‘ਭਾਰਤੀ ਫੌਜੀਓ, ਸਾਡਾ ਬਲਾਤਕਾਰ ਕਰੋ’
ਭਾਰਤ ਦੇ ਮੱਥੇ ‘ਤੇ ਲੱਗੇ ਅਣਗਿਣਤ ਕਲੰਕਾਂ ਵਿਚੋਂ ਇਕ ਕਲੰਕ ਇਹ ਵੀ ਹੈ, ਜਦੋਂ ਭਾਰਤੀ ਫੌਜ ਦੀਆਂ ਸਤਾਈਆਂ ਇਹਨਾਂ ਔਰਤਾਂ ਨੂੰ ਇਹ ਸ਼ਰਮਨਾਕ ਕਦਮ ਚੁੱਕਣਾ ਪਿਆ।
ਤੁਸੀਂ ਹਰ ਰੋਜ਼ ਟੀ. ਵੀ. ਲਗਾਓ, ਖ਼ਬਰਾਂ ਵੇਖੋ……… ਸ਼ਰਤ ਹੈ ਕਿ ਇਕ ਵੀ ਦਿਨ ਵੀ ਐਸਾ ਨਹੀਂ ਹੋਵੇਗਾ ਜਦੋਂ ਖ਼ਬਰਾਂ ਵਿਚ ਕਿਸੇ ਮਾਸੂਮ ਨਾਲ ਬਲਾਤਕਾਰ ਦੀ ਖ਼ਬਰ ਨਾ ਆਈ ਹੋਵੇ। ਅਖ਼ਬਾਰਾਂ ਦੀਆਂ ਖ਼ਬਰਾਂ ਗਵਾਹੀ ਦਿੰਦੀਆਂ ਹਨ, ਤਿੰਨ ਸਾਲ ਦੀ ਬੱਚੀ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਨਾਲ ਹੋਏ ਬਲਾਤਕਾਰਾਂ ਦੀਆਂ। ਹੁਣ ਤੁਸੀਂ ਆਪ ਸੋਚ ਲਵੋ ਕਿ ਇਸ ਦੇਸ਼ ਵਿਚ ਕੁੜੀਆਂ ਕਿੰਨੀਆਂ ਕੁ ਸੁਰੱਖਿਅਤ ਨੇ। ਸੜਕਾਂ ‘ਤੇ ਭੁੱਖੇ ਬਘਿਆੜ ਤੁਰੇ ਫਿਰਦੇ ਨੇ। ………ਇਹ ਹਲਕੇ ਹੋਏ ਕੁੱਤੇ ਤਾਂ ਭਾਰਤ ਵੇਖਣ ਆਈਆਂ ਟੂਰਿਸਟ ਕੁੜੀਆਂ ਨੂੰ ਵੀ ਨਹੀਂ ਬਖਸ਼ਦੇ। ਖੈਰ……… ਜਿਹਨਾਂ ਦੇ ਭਗਵਾਨਾਂ ਨੇ ਹੀ ਕੁੜੀਆਂ ਨਹੀਂ ਬਖਸ਼ੀਆਂ.......... ਜਿਥੇ ਬਲਾਤਕਾਰਾਂ ਨੂੰ ‘ਰਾਸ ਲੀਲਾ’ ਕਹਿ ਕੇ ਵਡਿਆਇਆ ਤੇ ਸਤਿਕਾਰਿਆ ਜਾਂਦਾ ਹੋਵੇ…… ਜਿੱਥੇ ਧਾਰਮਿਕ ਮੁਖੀਆਂ ਨੇ ਆਪਣੀਆਂ ਧੀਆਂ-ਭੈਣਾ ਨਾਲ ਵੀ ਖੇਹ ਖਾਧੀ ਹੋਵੇ……… ਓਥੋਂ ਦੀ ਆਮ ਜਨਤਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ,
‘ਗੁਰੂ ਜਿਨਾ ਦੇ ਟੱਪਣੇ ਚੇਲੇ ਜਾਣ ਛੜੱਪ’
ਕੀ ਇਹ ਸੱਚ ਨਹੀਂ ਕਿ ਇਸ ਦੇਸ਼ ਦਾ ਸੱਭਿਆਚਾਰ, ਸਾਹਿਤ ਔਰਤ ਨੂੰ ਪੈਰ ਦੀ ਜੱਤੀ, ਬਘਿਆੜਣ, ਪਸ਼ੂ, ਗਵਾਰ ਕਹਿੰਦਾ ਰਿਹਾ ਹੈ। ਸੀ ਕੋਈ ‘ਗੁਰੂ ਨਾਨਕ ਸਾਹਿਬ’ ਤੋਂ ਪਹਿਲਾਂ ਜਿਸਨੇ ਕਦੇ ਔਰਤ ਦੇ ਹੱਕ ਵਿਚ ਆਵਾਜ਼ ਉਠਾਈ ਹੋਵੇ।
ਮੈਨੂੰ ਅੱਜ ਲੱਗਦਾ ਹੈ ਕਿ ਤੁਲਸੀ ਦਾਸ, ਗੋਰਖ ਨਾਥ ਤੇ ਬਾਹਮਣ ਮਨੂ ਨੂੰ ਔਰਤਾਂ ਦੇ ਸਭ ਤੋਂ ਵੱਡੇ ਕਾਤਲ ਐਲਾਣਿਆ ਜਾਣਾ ਚਾਹੀਦਾ ਹੈ, ਜਿਹਨਾਂ ਨੇ ਔਰਤ ਨੂੰ ਕਦੇ ਵੀ ਉੱਪਰ ਨਹੀਂ ਉੱਠਣ ਦਿੱਤਾ। ਖੈਰ ਜੇ ਏਧਰ ਨੂੰ ਤੁਰੇ ਗਏ ਤਾਂ ਕਹਾਣੀ ਬਹੁਤ ਲੰਬੀ ਹੋ ਜਾਵੇਗੀ।
ਅੰਤ ਵਿਚ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਭਾਵੇਂ ਮੈਨੂੰ ਪਤਾ ਹੈ ਕਿ ਤੁਸੀ ਕੁੜੀਆਂ ਦੇ ਏਡੇ ਵੱਡੇ ਕਾਤਲ ਨਹੀਂ ਹੋਵੋਗੇ, ਜਿੱਡਾ ਕਿ ਅੱਜ ਪਰਚਾਰਿਆ ਜਾ ਰਿਹਾ ਹੈ। ਇਹ ਸਰਕਾਰੀ ਅੰਕੜੇ ਹਨ, ਇਹਨਾਂ ਦੇ ਝੂਠ-ਸੱਚ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ……… ਜੇ ਧੂਆਂ ਉੱਠਿਆ ਹੈ ਤਾਂ ਅੱਗ ਵੀ ਕਿਤੇ ਨਾ ਕਿਤੇ ਲੱਗੀ ਹੋਵੇਗੀ। ਮੈਨੂੰ ਪਤਾ ਹੈ ਕਿ ਅੱਜ ਦੇ ਦੌਰ ਵਿਚ ਕੁੜੀ ਜੰਮ ਕੇ ਉਸ ਨੂੰ ‘ਸੰਭਾਲ’ ਕੇ ਜਵਾਨ ਕਰਨਾ, ਭੁੱਖੇ ਬਘਿਆੜਾਂ ਤੋਂ ਬਚਾ ਕੇ ਰੱਖਣਾ, ਸੌਖੀ ਗੱਲ ਨਹੀਂ। ਪਰ……… ਤੁਸੀਂ ਕਲਗੀਧਰ ਦੇ ਪੁੱਤ-ਧੀਆਂ ਹੋ, ਕਦੇ ਮੁਸ਼ਕਿਲ ਤੋਂ ਘਬਰਾਏ ਨਹੀਂ। ਵੱਡੀ ਤੋਂ ਵੱਡੀ ਮੁਸ਼ਕਿਲ ਦਾ ਟਾਕਰਾ ਕਰਦੇ ਆਏ ਹੋ। ਆਪਣੀਆਂ ਧੀਆਂ ਨੂੰ ‘ਬੇਬੇ ਨਾਨਕੀ’ ਤੋਂ ਲੈ ਕੇ ‘ਮਾਤਾ ਗੁਜ਼ਰੀ’ ਤੇ ਫੇਰ ਮਾਈ ਭਾਗੋ, ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ, ਬੀਬੀ ਸਤਵੰਤ ਕੌਰ ਦੇ ਅਡੋਲ ਸਿਦਕਾਂ ਦੀਆਂ ਵਾਰਤਾਵਾਂ ਸੁਣਾ ਕੇ ਵੱਡੀਆਂ ਕਰੋ। ਉਹਨਾਂ ਨੂੰ ‘ਸੁੰਦਰੀ’ ਤੇ ‘ਸਤਵੰਤ ਕੌਰ’ ਪੜ੍ਹਾ ਕੇ ਤਕੜੀਆਂ ਕਰੋ। ਉਹਨਾਂ ਦੇ ਗਲ਼ ਕਿਰਪਾਨਾਂ ਪਵਾ ਕੇ ਉਹਨਾਂ ਦੇ ਹੌਸਲੇ ਵੱਡੇ ਕਰੋ ਤਾਂ ਕਿ ਉਹ ਜ਼ਾਲਮ ਨੂੰ ਮੂੰਹ ‘ਤੇ ਜਵਾਬ ਦੇ ਸਕਣ। ਉਹਨਾਂ ਨੂੰ ‘ਗੁਰਬਾਣੀ’ ਪੜ੍ਹਣ ਦੀ ਚੇਟਕ ਲਾਓ…… ਸਿਰਫ ‘ਗੁਰਬਾਣੀ’ ਹੀ ਸਾਨੂੰ ਅੰਦਰੋਂ ਪਕੇਰਿਆਂ ਕਰ ਸਕਦੀ ਹੈ,
‘ਹਰਿ ਕਾ ਨਾਮੁ ਕੋਟਿ ਲਖ ਬਾਹਾ ॥’
ਤੇ ਜਦ ਏਨਾ ਜ਼ੋਰ ਤੇ ਹੌਸਲਾ ਲੈ ਕੇ ਸਾਡੀਆਂ ਧੀਆਂ ਬਾਹਰ ਨਿਕਲਣਗੀਆਂ ਤਾਂ ਕੋਈ ਉਹਨਾਂ ਦੀ ‘ਵਾ ਵੱਲ ਵੀ ਨਹੀਂ ਵੇਖ ਸਕੇਗਾ………
‘ਸਿਖਾ ਦੋ ਸਰ ਕੁਚਲਣੇ ਕਾ ਹੁਨਰ ਅਪਣੇ ਮਾਸੂਮ ਬੱਚੋਂ ਕੋ,ਬਿਤਾਣੀ ਹੈ ਇਨਹੇਂ ਅਬ ਜਿੰਦਗੀ ਸਾਪੋਂ ਕੀ ਬਸਤੀ ਮੇਂ’
………ਤੇ ਫੇਰ ਸ਼ਾਇਦ ਪੇਟ ਵਿਚ ਕੁੜੀਆਂ ਨਹੀਂ ਮਾਰਨੀਆਂ ਪੈਣਗੀਆਂ……… ਜੇ ਫੇਰ ਵੀ ਕਦੇ ਤੁਹਾਡੇ ਦਿਮਾਗ ਵਿਚ ਧੀ ਨੂੰ ਮਾਰਨ ਦਾ ਵਿਚਾਰ ਆਏ ਤਾਂ ਬੀਬੀ ਰਾਜ ਕੌਰ ਨੂੰ ਯਾਦ ਕਰਿਓ, ਜਿਸਨੂੰ ਉਸਦੇ ਮਾਪੇ ਜੰਮਦੀ ਨੂੰ ਹੀ ਮਾਰਨ ਲੱਗੇ ਸਨ ਤੇ ਜੇ ਕਿਤੇ ਉਹ ਮਰ ਜਾਂਦੀ ਤਾਂ ਨਾ ਹੋਣਾ ਸੀ ਮਹਾਰਾਜਾ ਰਣਜੀਤ ਸਿੰਘ, ਨਾ ਸਰਕਾਰ-ਏ-ਖਾਲਸਾ ਤੇ ਨਾ ਹੀ ਸਾਡਾ 40 ਸਾਲ ਦਾ ਉਹ ਸ਼ਾਨਾਮੱਤਾ ਇਤਿਹਾਸ। ਸੋ ਕ੍ਰਿਪਾ ਕਰਕੇ ਕੁੜੀਆਂ ਨੂੰ ਦਲੇਰ ਬਣਾਓ ਨਾ ਕਿ ਉਹਨਾਂ ਦੇ ਪੈਦਾ ਹੋਣ ਦਾ ਅਧਿਕਾਰ ਖੋਹੋ……… ਨਹੀਂ ਤਾਂ ਯਾਦ ਰੱਖਿਓ ਕਿ ਮਾੜੀ ਔਲਾਦ ਦਾ ਲਾਂਭਾ ਉਸ ਦੇ ਪਿਉ ਨੂੰ ਜਾਂਦਾ ਹੈ ਤੇ ਸ਼ਾਇਦ ਤੁਹਾਡੇ ਵਿਚੋਂ ਕੋਈ ਗੁਰੂ ਦਸਵੇਂ ਪਿਤਾ ਨੂੰ ਲਾਂਭਾ ਨਹੀਂ ਦਿਵਾਉਣਾ ਚਾਹੇਗਾ……… ਸੋ ਸੰਭਲੋ……… ਆਉ ਧੀਆਂ ਨੂੰ ਨਾਲ ਲੈ ਕੇ ਅੱਗੇ ਵਧੀਏ ਤੇ ਗੰਧਲੇ ਨਿਜ਼ਾਮ ਨੂੰ ਸਾਫ ਕਰਨ ਦਾ ਤਹਈਆ ਕਰੀਏ। ਵਾਹਿਗੁਰੂ ਭਲੀ ਕਰੇਗਾ।
ਜਗਦੀਪ ਸਿੰਘ ਫਰੀਦਕੋਟ (9815763313)

Friday, March 28, 2008

"ਇਕ ਸੀ ਹਾਕੀ...."


ਮੈਂ - ਹਾਕੀ, ਉਮਰ - ਹਜ਼ਾਰਾਂ ਸਾਲ, ਕੱਦ...., ਰੰਗ - ਬਿਸਕੁਟੀ, ਜੰਮਪਲ- ਦੇਸ਼ ਪੰਜਾਬ, ਅੱਜ ਆਪਣੇ ਪੂਰੇ ਹੋਸ਼ੋ-ਹਵਾਸ ਵਿਚ ਇਹ ਬਿਆਨ ਦੇ ਰਹੀ ਹਾਂ ਕਿ ਮੇਰੀ ਮੌਤ ਦਾ ਕਾਰਨ ਕੋਈ ਗ਼ੈਰ ਜਾਂ ਬਿਗਾਨੇ ਮੁਲਕ ਦੇ ਲੋਕ ਨਹੀਂ, ਮੇਰਾ ਕਤਲ ਤਾਂ ਕੁਝ ਕੁ "ਆਪਣਿਆਂ" ਨੇ ਹੀ ਰਲ ਮਿਲ ਕੇ ਕੀਤਾ ਹੈ। .....ਤੇ ਸ਼ਾਇਦ ਤੁਹਾਨੂੰ ਇਹ ਵੀ ਭੁਲੇਖਾ ਹੋਵੇਗਾ ਕਿ ਮੇਰਾ ਕਤਲ ਚਿੱਲੀ ਦੇ ਸੇਂਟੀਆਗੋ ਸ਼ਹਿਰ ਵਿਚ ਇਕਦਮ ਕਰ ਦਿੱਤਾ ਗਿਆ... ਇਹ ਸੱਚ ਨਹੀਂ... ਮੇਰੇ ਕਤਲ ਦੀਆਂ ਯੋਜਨਾਵਾਂ ਤਾਂ ਪਿਛਲੇ 10-15 ਸਾਲ ਤੋਂ ਚੱਲ ਰਹੀਆਂ ਸਨ। ਮੈਨੂੰ ਤਾਂ ਸਭ ਪਤਾ ਸੀ ਕਿ ਇੰਝ ਹੋਵੇਗਾ ਹੀ.... ਤੇ ਮੈਨੂੰ ਇਹ ਦੋਸ਼ ਵੀ ਨਾ ਦਿਓ ਕਿ ਮੈਂ ਰੌਲਾ ਨਹੀਂ ਪਾਇਆ... ਮੈਂ ਬਹੁਤ ਰੋਈ, ਪਿੱਟੀ, ਕੁਰਲਾਈ, ਪਰ... ਤੁਸੀਂ ਕ੍ਰਿਕਟ ਵਿਚ ਗੁਆਚੇ ਹੋਇਆਂ ਨੇ ਮੇਰੀਆਂ ਚੀਕਾਂ ਨਹੀਂ ਸੁਣੀਆਂ।ਅੱਜ ਜਦੋਂ ਮੈਂ, ਮੇਰੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੁਹਾਡੇ ਸਾਰਿਆਂ ਦੇ ਨਾਮ ਇਹ ਖ਼ਤ ਲਿਖ ਰਹੀ ਹਾਂ ਤਾਂ ਮੈਂ ਆਖਰੀ ਵਾਰ ਤੁਹਾਡੇ ਤੋਂ ਕੁਝ ਮੰਗ ਰਹੀ ਹਾਂ, ਉਮੀਦ ਹੈ ਤੁਸੀਂ ਨਾਂਹ ਨਹੀਂ ਕਰੋਗੇ। ਮੇਰੀ ਅਰਜ਼ ਹੈ ਕਿ ਆਪਣੀ ਹੁਣ ਦੀ ਪੀੜੀ ਨੂੰ, ਜਿਸ ਨੇ ਆਪਣੀ ਉਮਰ ਵਿਚ ਮੈਨੂੰ ਰੁਲਦੇ ਹੀ ਵੇਖਿਆ ਹੈ, ਮੇਰੇ ਸ਼ਾਨਾਮੱਤੇ ਇਤਿਹਾਸ ਬਾਰੇ ਜਰੂਰ ਦੱਸਿਓ। ਉਹਨਾਂ ਨੂੰ ਹਾਕੀ ਦੇ ਮੈਦਾਨ ਵਿਚ ਕਦੇ ਕਾਇਮ ਰਹੀ ਮੇਰੀ "ਸਰਦਾਰੀ" ਤੋਂ ਜ਼ਰੂਰ ਜਾਣੂ ਕਰਵਾਇਓ।ਮੇਰੇ ਜਿੱਤੇ ਹੋਏ ਅੱਠ ਸੋਨੇਂ ਦੇ "ਤਾਜ" ਉਨ੍ਹਾਂ ਨੂੰ ਜ਼ਰੂਰ ਦਿਖਾਇਓ।ਦੱਸਿਓ ਮੇਰੇ ਜਨਮ ਬਾਰੇ, ਮੇਰੀ ਜੰਮਣ ਭੋਇੰ ਬਾਰੇ... ਇਹ ਵੀ ਕਿ ਮੈਨੂੰ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਕੰਬਲੀ ਦੀ ਛੋਹ ਵੀ ਪ੍ਰਾਪਤ ਹੈ, ਜਿਸ ਕੰਬਲੀ ਦੀ ਖਿੱਦੋ (ਗੇਂਦ) ਬਣਾ ਕੇ ਕੁਝ ਮੁੰਡੇ "ਖਿੱਦੋ ਖੂੰਡੀ" ਖੇਡੇ ਸਨ। ਉਹ ਮੇਰੇ ਬਚਪਨ ਦੇ ਨਾ ਭੁੱਲਣਯੋਗ ਦਿਨ ਸਨ। ਮੇਰਾ ਪਹਿਲਾ ਨਾਮ ?ਖਿੱਦੋ ਖੂੰਡੀ? ਹੀ ਸੀ, ਹਾਕੀ ਤਾਂ ਅਜੇ ਕੱਲ ਪਿਆ ਹੈ। ਮੈਂ ਪਿੰਡਾਂ ਦੀ ਹੀ ਜੰਮਪਲ ਹਾਂ, ਪਿੰਡਾਂ ?ਚੋਂ ਮੈਂ ਸ਼ਹਿਰਾਂ ਚ ਆਈ ਤੇ ਫੇਰ ਹੌਲੀ ਹੌਲੀ ਵਿਦੇਸ਼ਾਂ ਤੱਕ ਪਹੁੰਚ ਗਈ।ਬੱਚਿਆਂ ਨੂੰ ਇਹ ਵੀ ਦੱਸਿਓ ਕਿ ਜਦੋਂ ਅਜੇ ਦੇਸ਼ ਦੇ ਸਿਰ ਦਾ ਆਪਣਾ ਤਾਜ ਗ਼ੈਰਾਂ ਦੇ ਕਬਜੇ ਵਿਚ ਸੀ, ਓਦੋਂ ਵੀ ਮੈਂ ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਨੂੰ ਦਰੜ ਕੇ ਦੋ ਵਾਰ ਦੇਸ਼ ਦੇ ਸਿਰ ?ਤਾਜ? ਟਿਕਾਇਆ ਸੀ ਤੇ ਦੁਨੀਆਂ ਵਿਚ ਦੇਸ਼ ਦਾ ਨਾਮ ਕੀਤਾ ਸੀ। .... ਤੇ ਮੇਰੇ ਲਈ ਉਹ ਬੇਹੱਦ ਖੁਸ਼ੀ ਦਾ ਦਿਨ ਸੀ ਜਦੋਂ ਮੈਨੂੰ ਦੇਸ਼ ਦੀ 2ਰਾਸ਼ਟਰੀ ਖੇਡ" ਐਲਾਨਿਆਂ ਗਿਆ। ਇਹ ਮੇਰੇ ਲਈ ਬਹੁਤ ਵੱਡਾ ਰੁਤਬਾ ਸੀ, ਸਭ ਤੋਂ ਵੱਡਾ ਮਾਣ... ਤੇ ਮੈਂ ਵੀ ਦੇਸ਼ ਵੱਲੋਂ ਮੈਨੂੰ ਬਖ਼ਸ਼ੇ ਗਏ ਐਡੇ ਵੱਡੇ ਮਾਣ ਦਾ ਕਈ ਵਾਰ ਮਾਣ ਰੱਖਿਆ ਤੇ ਦੇਸ਼ ਦਾ ਮਾਣ ਵਧਾਇਆ।ਤੇ ਫੇਰ ਦੁਨੀਆਂ ਨੇ ਉਹ ਦਿਨ ਵੀ ਦੇਖੇ, ਜਦੋਂ ਮੇਰੇ ਪੁੱਤ ਧਿਆਨ ਚੰਦ ਨੂੰ "ਡੀ" ਵਿਚ ਫਿਰਦਿਆਂ ਤੱਕ ਕੇ ਵਿਰੋਧੀ ਖਿਡਾਰੀ "ਡੀ" ਵਿਚ ਆਉਂਦੇ ਵੀ ਭੈਅ ਖਾਂਦੇ ਸਨ ਤੇ ਉਸ ਦੀ ?ਡੀ? ਵਿਚ ਉੱਠੀ ਹੋਈ ਹਾਕੀ ਨੂੰ ਦੁਨੀਆਂ ਦੇ ਕਈ ਦੇਸ਼ਾਂ ਨੇ ਵਿਉਂਤਾਂ ਘੜ੍ਹ ਕੇ ..ਨਿਯਮਾਂ ਦੀ ਜ੍ਹੇਲ? ਵਿਚ ਕੈਦ ਕਰ ਲਿਆ।ਮੇਰੇ, ਸੋਹਣੇ ਕੇਸਾਂ ਤੇ ਬੀਬੀਆਂ ਦਾਹੜੀਆਂ ਵਾਲੇ ?ਸਰਦਾਰ? ਪੁੱਤਰਾਂ ਨੇ ਵੀ ਕਦੇ ਮੈਦਾਨ ਵਿਚ ਮੇਰੀ ਕੰਡ ਨਹੀਂ ਲੱਗਣ ਦਿੱਤੀ ਸੀ। ਇਹਨਾਂ ਦੁੱਲੇ ਸ਼ੇਰਾਂ ਨੂੰ ?ਗੁਰੂ ਦਸ਼ਮੇਸ਼? ਦਾ ਥਾਪੜਾ ਸੀ "ਹਰ ਮੈਦਾਨ ਫਤਹਿ" ਦਾ, ਫੇਰ ਇਹ ਕਿਵੇਂ ਹਾਰਦੇ.. ਕਦੇ ਦਿਖਾਇਓ ਬੱਚਿਆਂ ਨੂੰ ਜਿੱਤੇ ਤਮਗਿਆਂ ਨਾਲ ਮੇਰੇ ਪੁੱਤਰਾਂ ਦੀਆਂ ਖਿਚਵਾਈਆਂ ਫੋਟੋਆਂ.... ਉਹਨਾਂ ਨੂੰ ਵੇਖ ਕੇ ਤੁਹਾਨੂੰ ਆਪ ਹੀ ਯਕੀਨ ਆ ਜਾਵੇਗਾ ਕਿ ਸਚੁਮੱਚ ਇਹਨਾਂ ਨੂੰ ਮੈਦਾਨ ਵਿਚ ਕੋਈ ਨਹੀਂ ਹਰਾ ਸਕਦਾ ਸੀ।ਮੇਰੇ ਪੁੱਤਰਾਂ ਧਿਆਨ ਚੰਦ, ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਪਰਗਟ ਸਿੰਘ, ਧਨਰਾਜ ਪਿੱਲੇ ਵਰਗਿਆਂ ਦੇ ਸਿਰ ਤੇ ਮੈਂ 50-60 ਸਾਲ ਦੁਨੀਆਂ ਦੇ ਹਾਕੀ ਮੈਦਾਨਾਂ ਤੇ ਰਾਜ ਕੀਤਾ। ਮੈਨੂੰ ਵੀ ਇਹਨਾਂ ਪੁੱਤਰਾਂ ਤੇ ਰੱਬ ਜਿੱਡਾ ਮਾਣ ਸੀ। ਤੇ ਇਹ ਨਹੀਂ ਕਿ ਇਹਨਾਂ ਤੋਂ ਪਿੱਛੋਂ ਮੈਨੂੰ ਸੰਭਾਲਣ ਵਾਲੇ ਹੱਥ ਨਹੀਂ ਆਏ, ਬਲਜੀਤ ਸਿੰਘ ਢਿੱਲੋਂ, ਬਲਜੀਤ ਸੈਣੀ, ਗਗਨ ਅਜੀਤ ਸਿੰਘ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਸੰਦੀਪ ਸਿੰਘ, ਰਾਜਪਾਲ ਸਿੰਘ, ਹਰਪਾਲ ਸਿੰਘ, ਦੀਪਕ ਠਾਕੁਰ, ਦਿਲੀਪ ਟਿਰਕੀ ਵਰਗੇ ਅਨੇਕਾਂ ਜਾਨਦਾਰ ਹੱਥਾਂ ਵਿਚ ਮੈਂ ਰਹੀ, ਪਰ.... ਇਹਨਾਂ ਦੇ ਹੱਥ ਪੈਰ ਮੈਨੂੰ ਹਮੇਸ਼ਾਂ ਬੇੜੀਆਂ ਵਿਚ ਜਕੜੇ ਹੋਏ ਮਹਿਸੂਸ ਹੋਏ ਤੇ ਇਹ ਬੇੜੀਆਂ ਇਹਨਾਂ ਨੂੰ ਪਾਈਆਂ ਸਨ ?ਭਾਰਤੀ ਹਾਕੀ ਫੈਡਰੇਸ਼ਨ ਨੇ। ਇਹਨਾਂ ਵਿਚਾਰਿਆਂ ਨੂੰ ਇਹੀ ਪਤਾ ਨਹੀਂ ਹੁੰਦਾ ਸੀ ਕਿ ਮੈਦਾਨ ਵਿਚ ਚੰਗਾ ਖੇਡਣਾ ਹੈ ਕਿ ਮਾੜਾ ਪ੍ਰਦਰਸ਼ਨ ਕਰਨਾ ਹੈ ਕਿਉਂਕਿ ਅਨੇਕਾਂ ਵਾਰ ਇੰਝ ਹੋਇਆ ਹੈ ਕਿ ਜਿਸ ਕਿਸੇ ਖਿਡਾਰੀ ਵੱਲੋਂ ਮੈਦਾਨ ਵਿਚ ਸ਼ਾਨਦਾਰ ਖੇਡ ਵਿਖਾਈ ਜਾਂਦੀ ਉਸ ਨੂੰ ਆਉਂਦੇ ਕਈ ਟੂਰਨਾਮੈਂਟਾਂ ਵਿਚੋਂ ਟੀਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਉਹ ਵਿਚਾਰਾ ਘਰੇ ਬੈਠਾ ਝੁਰ ਰਿਹਾ ਹੁੰਦਾ ਕਿ ਸ਼ਾਇਦ ਉਸ ਨੂੰ ਏਨਾ ਜੋਸ਼ ਨਹੀਂ ਵਿਖਾਉਣਾ ਚਾਹੀਦਾ ਸੀ (ਦੀਪਕ ਠਾਕੁਰ, ਗਗਨਅਜੀਤ ਸਿੰਘ, ਸੰਦੀਪ ਸਿੰਘ, ਜਿਹੜੇ ਕਿ ਲਗਾਤਾਰ ਪ੍ਰੀਮੀਅਰ ਹਾਕੀ ਲੀਗ ਵਿਚ ਸਰਬੋਤਮ ਗੋਲ ਸਕੋਰਰ ਰਹੇ ਹਨ ਨਾਲ ਇਹੀ ਵਾਪਰਿਆ ਹੈ, ਉਹਨਾਂ ਦਾ ਸਨਮਾਨ ਉਹਨਾਂ ਨੂੰ ਟੀਮ ਵਿਚੋਂ ਕੱਢ ਕੇ ਘਰੇ ਬਿਠਾ ਕੇ ਕੀਤਾ ਗਿਆ, ਹੈ ਨਾ ਹਾਸੇ ਵਾਲੀ ਗੱਲ ਜਾਂ ਕਹਿ ਲਉ ਰੋਣ ਵਾਲੀ ) ।' ਹਮੇਸ਼ਾਂ ਇਹਨਾਂ ਮੁੰਡਿਆਂ ਦੀਆਂ ਅੱਖਾਂ ਵਿਚ ਮੈਂ ਇਕ ਸਹਿਮ ਵੇਖਿਆ ਹੈ, ਉਹੀ ਸਹਿਮ ਜੋ ਕਦੇ ਪੰਜਾਬ ਦੇ ਬੇਕਸੂਰੇ ਮਸੂਮ ਮੁੰਡਿਆਂ ਦੀਆਂ ਅੱਖਾਂ ਵਿਚ ਹੁੰਦਾ ਸੀ, ਜਦੋਂ 10 ਸਾਲ ਲਗਾਤਾਰ ਪੰਜਾਬ ਦੀ ਧਰਤੀ ?ਤੇ ਸਰਕਾਰੀ ਗੋਲੀਆਂ ਚੱਲਦੀਆਂ ਰਹੀਆਂ ਸਨ .... ਤੇ ਉਹੀ ਲੱਖਾਂ ਗੋਲੀਆਂ ਚਲਾਉਣ ਵਾਲੇ ਅੱਜ ਮੇਰੇ ਸਿਰ ?ਤੇ ਕੁਰਸੀ ਡਾਹੀ ਬੈਠੇ ਨੇ। ਸੱਚ ਪੁੱਛੋਂ ਤਾਂ ਮੈਂ ਓਦੋਂ ਤੋਂ ਹੀ ਆਪਣੇ ਆਪ ਨੂੰ ਜ੍ਹੇਲ ਵਿਚ ਕੈਦ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਤੋਂ ਇਸ ਸਖ਼ਸ਼ ਨੂੰ ਮੇਰੀ ਮਾਲਕੀ ਸਦਾ ਲਈ ਵੇਚ ਦਿੱਤੀ ਗਈ ਸੀ, ਜਿਸ ਦੇ ਹੱਥ ਕਈ ਮਾਸੂਮਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ?? ਖੈਰ, ਓਧਰ ਕਾਹਨੂੰ ਜਾਣਾ ਹੈ, ਮੇਰੀ ਤਾਂ ਆਪਣੀ ਪੀੜ ਹੀ ਬਹੁਤ ਹੈ।ਮੈਨੂੰ ਇਹ ਗਿਲਾ ਵੀ ਹਮੇਸ਼ਾਂ ਰਿਹਾ ਹੈ ਕਿ ਹਾਕੀ ਵਾਲੇ ਹੱਥਾਂ ਨੂੰ ਤੁਸੀਂ ਕਦੇ ਏਨਾ ਮਾਣ ਤੇ ਸਤਿਕਾਰ ਨਹੀਂ ਦਿੱਤਾ ਜਿੰਨਾ ਬੈਟ ਤੇ ਬਾਲ ਵਾਲੇ ਹੱਥਾਂ ਨੂੰ ਦਿੱਤਾ ਹੈ। ਇਕ ਪਾਸੇ ਤਾਂ ਉਹ ਖੇਡ ਹੈ ਜਿਸ ਨੇ ਤੁਹਾਡਾ ਨਾਮ ਦੁਨੀਆਂ ਵਿਚ ਚਮਕਾਇਆ ਹੈ ਤੇ ਇਕ ਪਾਸੇ ਉਹ ਜਿਸ ਨੂੰ ਕਿ ਦੁਨੀਆਂ ਦੇ ਮਸਾਂ 15-20 ਦੇਸ਼ ਹੀ ਖੇਡਦੇ ਹਨ। ਇਕ ਪਾਸੇ ਤਾਂ ਉਹ ਖੇਡ ਜਿਸ ਨੇ ਉਲੰਪਿਕ ਵਿਚ ਅੱਠ ਵਾਰ ਤੁਹਾਡਾ ਰਾਸ਼ਟਰੀ ਗੀਤ ਵਜਵਾਇਆ ਤੇ ਇਕ ਪਾਸੇ ਉਹ ਜਿਸ ਨੂੰ ਉਲੰਪਿਕ ਵਿਚ ਖੇਡ ਹੀ ਨਹੀਂ ਮੰਨਿਆਂ ਜਾਂਦਾ, .... ਕਿਉਂ ਤੁਸੀਂ ਮੇਰੇ ਨਾਲ ਏਨਾ ਵਿਤਕਰਾ ਕਰਦੇ ਰਹੇ। ਕ੍ਰਿਕਟਰਾਂ ਨੂੰ ਤਾਂ ਬਿਨਾ ਮੈਚ ਖੇਡੇ ਤੋਂ ਹੀ ਕਰੋੜਾਂ ਦੇ ਬੰਗਲੇ ਇਨਾਮ ਵਿਚ ਦੇ ਦਿਤੇ ਜਾਂਦੇ ਹਨ (ਪਾਰਥਿਵ ਪਟੇਲ, ਜਿਹੜਾ ਕਿ ਵਿਕੇਟ ਕੀਪਰ ਬਣ ਕੇ ਭਾਰਤੀ ਕ੍ਰਿਕਟ ਟੀਮ ਨਾਲ ਵਰਲਡ ਕੱਪ ਖੇਡਣ ਗਿਆ ਸੀ, ਉੱਥੇ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਫਿਰ ਵੀ ਉਹ, ਬਿਨਾ ਖੇਡੇ ਹੀ, ਕਰੋੜਪਤੀ ਬਣ ਗਿਆ), ਤੇ ਦੂਜੇ ਪਾਸੇ ਇੰਟਰਨੈਸ਼ਨਲ ਪੱਧਰ ਦੇ ਮੇਰੇ ਕਈ ਖਿਡਾਰੀਆਂ ਦੇ ਘਰਾਂ ਦੀਆਂ ਛੱਤਾਂ ਦੀ ਰਿਪੇਅਰ ਵੀ ਤੁਸੀਂ ਨਹੀਂ ਕਰਾ ਸਕਦੇ ਜਿਹੜੀਆਂ ਕਿ ਥੋੜਾ ਜਿਹਾ ਮੀਂਹ ਪੈਣ ?ਤੇ ਹੀ ਚਿਊਂਣ ਲੱਗ ਪੈਂਦੀਆਂ ਨੇ (1999-2000 ਦੇ ਨੇੜੇ ਤੇੜੇ ਜਦੋਂ ਭਾਰਤੀ ਹਾਕੀ ਟੀਮ ਆਪਣਾ ਕੋਈ ਇੰਟਰਨੈਸ਼ਨਲ ਮੈਚ ਖੇਡ ਰਹੀ ਸੀ ਤਾਂ ਓਦੋਂ ਵਿਰੋਧੀਆਂ ਦੀਆਂ ਹਾਕੀਆਂ ਮੂਹਰੇ ਦੀਵਾਰ ਬਣ ਕੇ ਖੜ੍ਹੇ ਗੋਲਚੀ, ਜਿਹੜਾ ਕਿ ਪੰਜਾਬ ਦਾ ਰਹਿਣ ਵਾਲਾ ਸੀ, ਦੇ ਘਰ ਦੀਆਂ ਮੀਂਹ ਦੇ ਪਾਣੀ ਨਾਲ ਚਿਊਂਦੀਆਂ ਛੱਤਾਂ ਮੈਂ ਆਪ ਵੇਖੀਆਂ ਨੇ-ਲੇਖਕ)।'ਕ੍ਰਿਕਟ ਵਾਲੇ ਭਾਵੇਂ ਕਿਸੇ ਮਰੀ ਜਿਹੀ ਟੀਮ ਤੋਂ ਕੋਈ ਮਾੜਕੂ ਜਿਹਾ ਇਨਾਮ ਜਿੱਤ ਲਿਆਉਣ ਤਾਂ ਦੇਸ਼ ਵਿਚ ਪਟਾਕੇ ਚਲਾਏ ਜਾਂਦੇ ਹਨ। ਉਹਨਾਂ ਦੇ ਸਵਾਗਤ ਵਿਚ ਜਲੂਸ ਕੱਢੇ ਜਾਂਦੇ ਹਨ, ਉਹਨਾਂ ਦੇ ਸਤਿਕਾਰ ਲਈ ਵੱਡੇ-ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਹਾਕੀ ਵਾਲੇ ਵਿਚਾਰੇ ਭਾਵੇਂ ਕੋਈ ਕਿੱਡਾ ਵੀ ਵੱਡਾ ਕੱਪ ਜਿੱਤ ਲਿਆਉਣ ਉਹਨਾਂ ਨੂੰ ਸਟੇਸ਼ਨ ?ਤੇ ਲੈਣ ਲਈ ਵੀ ਉਹਨਾਂ ਦੇ ਪਰਿਵਾਰ ਤੋਂ ਬਿਨਾ ਕੋਈ ਨਹੀਂ ਪਹੁੰਚਦਾ, ਕੀ ਇਸ ਨਾਲ ਉਨ੍ਹਾਂ ਦੇ ਹੌਸਲੇ ਨਹੀਂ ਡਿੱਗਦੇ? ਜਾਂ ਤਾਂ ਕਹਿ ਦੇਵੋ ਕਿ ਇਸ ਦੇਸ਼ ਵਿਚ ਸਿਰਫ ਇਕੋ ਖੇਡ ਲਈ ਹੀ ਥਾਂ ਹੈ ਤੇ ਦੂਜੀਆਂ ਖੇਡਾਂ ਨੂੰ ਫਾਂਸੀ ਚਾੜ੍ਹ ਦਿਉ ਤੇ ਜਾਂ ਫਿਰ ਬਾਕੀ ਖੇਡਾਂ ਨੂੰ ਵੀ ਬਣਦਾ ਸਤਿਕਾਰ ਦਿਉ।ਕ੍ਰਿਕਟਰਾਂ ਨੇ ਜੇ ਕਿਤੇ ਘਰੋਂ ਬਾਹਰ ਖਾਣਾ ਖਾਣ ਵੀ ਜਾਣਾ ਹੋਵੇ ਤਾਂ ਜਹਾਜ ਤਿਆਰ ਰਹਿੰਦੇ ਹਨ, ਪਰ ਮੇਰੇ ਪੁੱਤ ਵਿਚਾਰੇ ਸਦਾ ਰੇਲ ਗੱਡੀਆਂ ਵਿਚ ਹੀ ਧੱਕੇ ਖਾਂਦੇ ਰਹਿੰਦੇ ਨੇ ਤੇ ਉਹਨਾਂ ਨੇ ਅੱਜ ਤੱਕ ਕਦੇ ਇਸ ਗੱਲ ਤੇ ਭੋਰਾ ਗਿਲਾ ਨਹੀਂ ਕੀਤਾ, ਅਗਾਹ ਇਹ ਵੀ ਨਹੀਂ ਪਤਾ ਹੁੰਦਾ ਕਿ ਰੇਲ ਗੱਡੀ ਵਿਚ ਗੰਨ ਲੋਡ ਕਰੀ ਬੈਠੇ ਕਿਸੇ ਫੌਜੀ ਦੀ ਕਦੋਂ ਗੰਨ ਚੱਲ ਜਾਵੇ ਤੇ ਗੋਲੀ ਮੇਰੇ ਸਾਊ ਪੁੱਤ ਸੰਦੀਪ ਸਿੰਘ ਨੂੰ ਵੱਜ ਜਾਵੇ... ਵਾਹ ਜੀ ਵਾਹ???। 'ਆਹ ਫਿਲਮੀਂ ਸਟਾਰਾਂ ?ਤੇ ਵੀ ਮੈਨੂੰ ਬਹੁਤ ਗੁੱਸਾ ਹੈ ਜਿਹੜੇ ਮੇਰੇ ਵੱਡੇ ਹਿਤੈਸ਼ੀ ਬਣੇ ਫਿਰਦੇ ਨੇ ਪਰ ਪੈਸਾ ਸਿਰਫ ਕ੍ਰਿਕਟ ਵਿਚ ਹੀ ਲਗਾਉਂਦੇ ਨੇ, ਖੈਰ ਇਹਨਾਂ ਨੂੰ ਕੀ ਦੋਸ਼ ਇਹ ਤਾਂ ਬਿਜਨਸ ਮੈਨ ਨੇ ਤੇ ਇਹਨਾਂ ਨੇ ਤਾਂ ਬਿਜਨਸ ਕਰਨਾ ਹੈ।...ਤੇ ਇਹ ਦਿਨ ਵੀ ਮੈਂ ਦੇਖਣੇ ਸਨ ਕਿ ਅੱਜ ਆਹ ਕੱਲ ਦਾ ਜਵਾਕ "ਬੈਟ" ਮੇਰੀ ਹਾਲਤ ਵੇਖ ਕੇ ਮੁਸ਼ਕੜੀਆਂ ਹੱਸ ਰਿਹਾ ਹੈ। ਸ਼ਾਇਦ ਇਸ ਨੂੰ ਨਹੀਂ ਪਤਾ ਕਿ ਜੇ ਇਸ ਜਿੰਨੀਆਂ ਸਹੂਲਤਾਂ ਮੈਨੂੰ ਮਿਲੀਆਂ ਹੁੰਦੀਆਂ ਤਾਂ ਮੈਂ ਇਸ ਵਾਂਗੂ ਇਕ-ਇਕ ਕੱਪ ਨੂੰ ਨਾ ਤਰਸਦੀ ਸਗੋਂ ਮੈਂ ਦੁਨੀਆਂ ਦੀ ਬਾਦਸ਼ਾਹ ਹੁੰਦੀ।ਅੰਤ ਵਿਚ ਮੈਂ ਇਹੀ ਕਹਾਂਗੀ ਕਿ ਮੇਰੇ ਕਾਤਲ ਤੁਹਾਡੇ ਵਿਚ ਹੀ ਮੌਜੂਦ ਨੇ, ਉਹਨਾਂ ਨੂੰ ਪਛਾਣੋ। ਮੈਂ ਸੌਂਹ ਖਾ ਕੇ ਕਹਿੰਦੀ ਹਾਂ ਕਿ ਇਹ ਬਿਆਨ ਮੈਂ ਕਿਸੇ ਦਬਾਅ ਅਧੀਨ ਨਹੀਂ ਦੇ ਰਹੀ, ਇਹ ਮੇਰਾ ਆਪਣਾ ਸੱਚਾ ਬਿਆਨ ਹੈ.. ਤੇ ਜੇ ਤੁਸੀਂ ਮੈਨੂੰ ਰਤਾ ਵੀ ਪਿਆਰ ਕਰਦੇ ਸੀ ਤਾਂ ਮੇਰੇ ਦੋਸ਼ੀਆਂ ਨੂੰ ਸਜ਼ਾ ਜ਼ਰੁਰ ਦਿਉ।

ਤੁਹਾਡੇ ਦਿਲਾਂ ਵਿਚ ਥੋੜੀ ਜਿਹੀ ਜਗ੍ਹਾ ਦੀ ਚਾਹਵਾਣ

ਤੁਹਾਡੀ ਆਪਣੀ

"ਖਿੱਦੋ ਖੂੰਡੀ" ਉਰਫ "ਹਾਕੀ"