Monday, April 19, 2010

There is no Revolution without violence. Those who don't accept violence can cross out the word Revolution from their dictionary. (Malcolm)


‘ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥’

ਜਿਹੜੇ ਲੋਕ ਕੁਝ ਵੀ ਗਿਆਨ ਨਾ ਰੱਖਣ ਦੇ ਬਾਵਜੂਦ ਇਹ ਕਹਿੰਦੇ ਹਨ ਕਿ ਉਹ ਸਭ ਜਾਣਦੇ ਹਨ, ਉਹ ਅਸਲ ਵਿਚ ਕੁਝ ਨਹੀਂ ਜਾਣਦੇ। ਜਿਹੜੇ ਇਹ ਮੰਨ ਲੈਂਦੇ ਹਨ ਕਿ ਉਹ ਕੁਝ ਨਹੀਂ ਜਾਣਦੇ ਤਾਂ ਅੱਲਾਹ ਤਾਅਲਾ ਅਜਿਹੇ ਲੋਕਾਂ ਨੂੰ ਹਰ ਸ਼ੈਅ ਤੋਂ ਪਰਿਚਤ ਕਰਵਾ ਦਿੰਦਾ ਹੈ। (ਅਬੂ ਅਲ ਹਸਨ ਖ਼ਰਕਾਨੀ)
ਇਸਲਾਮ ਦੇ ਬਹੁਤ ਵੱਡੇ ਸੰਤ ਹਜ਼ਰਤ ਅਬੂ ਹੁਰੈਰਾ, ਜਿਹਨਾਂ ਦਾ ਪਾਵਨ ਹਦੀਸਾਂ ਇਕੱਠੀਆਂ ਕਰਨ ਵਿਚ ਬਹੁਤ ਵੱਡਾ ਯੋਗਦਾਨ ਸੀ, ਨੇ ਸਾਰੀ ਉਮਰ ਖ਼ਰਬੂਜ਼ਾ ਨਹੀਂ ਖਾਧਾ। ਕਈ ਵਾਰ ਉਹਨਾਂ ਨੂੰ ਮੁਸਲਮਾਨਾਂ ਨੇ ਖ਼ਰਬੂਜ਼ਾ ਪੇਸ਼ ਕੀਤਾ ਪਰ ਉਹ ਹਰ ਵਾਰ ਜਵਾਬ ਦੇ ਦਿੰਦੇ। ਇਕ ਦਿਨ ਕਿਸੇ ਨੇ ਪੁੱਛਿਆ ਕਿ ਤੁਸੀਂ ਖ਼ਰਬੂਜ਼ਾ ਕਿਉਂ ਨਹੀਂ ਖਾਂਦੇ। ਉਹਨਾਂ ਜੋ ਉੱਤਰ ਦਿੱਤਾ ਉਹ ਬਹੁਤ ਕਮਾਲ ਸੀ। ਉਹ ਕਹਿੰਦੇ, “ਮੈਨੂੰ ਇਹ ਨਹੀਂ ਪਤਾ ਕਿ ਮੇਰੇ ਨਬੀ (ਹਜ਼ਰਤ ਮੁਹੰਮਦ ਸਾਹਿਬ) ਨੇ ਖ਼ਰਬੂਜਾ ਕਿਵੇਂ ਖਾਧਾ ਹੋਏਗਾ, ਚੀਰ ਕੇ, ਭੰਨ ਕੇ ਜਾਂ ਛਿੱਲ ਕੇ… ਸੋ ਇਸ ਲਈ ਮੈਂ ਇਸ ਨੂੰ ਨਹੀਂ ਖਾ ਸਕਦਾ…”
ਇਹ ਹੁੰਦਾ ਹੈ ਵਿਸ਼ਵਾਸ। ਮਹਾਰਾਜ ਗੁਰਬਾਣੀ ਵਿਚ ਫਰਮਾਉਂਦੇ ਹਨ,
“ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥”
ਜਦੋਂ ਤੁਸੀਂ ਆਪਣੇ ਗੁਰੂ ਜਾਂ ਨਬੀ ਦੇ ਮਗਰ ਚੱਲਦੇ ਹੋ ਤਾਂ ਤੁਹਾਨੂੰ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ। ਗੁਰੂ ਆਪੇ ਤੁਹਾਨੂੰ ਰਾਹ ਦਿਖਾਏਗਾ। ਹਾਂ ਸ਼ਰਤ ਇਹ ਹੈ ਕਿ ਤੁਸੀਂ ਕਦੇ ਡੋਲੋ ਨਾ ਤੇ ਤੁਹਾਡਾ ਵਿਸ਼ਵਾਸ਼ ਕੱਚਾ ਨਾ ਹੋਏ।
ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਤਾਂ ਮੇਰੇ ਕੁਝ ਸਿਆਣੇ ਦੋਸਤਾਂ ਨੇ ਸਲਾਹ ਦਿੱਤੀ ਸੀ ਕਿ ‘ਪ੍ਰੋ. ਪੂਰਨ ਸਿੰਘ ਨੂੰ ਜ਼ਰੂਰ ਪੜ੍ਹੀਂ… ਸਾਰੇ ਦਾ ਸਾਰਾ…’। 'ਪਰ ਮੇਰੀ ਬਦਕਿਸਮਤੀ ਕਹਿ ਲਓ ਕਿ ਮੈਨੂੰ ਪ੍ਰੋ. ਪੂਰਨ ਸਿੰਘ ਹੋਰਾਂ ਦੀਆਂ ਲਿਖਤਾਂ ਦੀ ਓਦੋਂ ਜਵਾਂ ਸਮਝ ਨਹੀਂ ਪੈਂਦੀ ਸੀ ਤੇ ਮੈਂ ਉਹਨਾਂ ਦੀ ਕਿਤਾਬ ਵਿਚਾਲੇ ਛੱਡ ਦਿੰਦਾ ਸੀ। ਕਹਿੰਦੇ ਨੇ ਕਿ ਆਦਮੀਂ ਦੀ ਸਮਝ ਦੀਆਂ ਵੀ ਕੁਝ ਸਟੇਜਾਂ ਹੁੰਦੀਆਂ ਨੇ। ਸੋ ਪਿਛਲੇ 10-12 ਸਾਲਾਂ ਤੋਂ ਸਾਹਿਤ ਨਾਲ ਬਾਵਾਸਤਾ ਹੋਣ ਕਰਕੇ ਕੁਝ ਐਸੀਆਂ ਲਿਖਤਾਂ, ਜੋ ਓਦੋਂ ਸਿਰ ਉੱਤੋਂ ਦੀ ਲੰਘ ਜਾਂਦੀਆਂ ਸਨ, ਹੁਣ ਪਕੜ ਵਿਚ ਆਉਣ ਲੱਗ ਪਈਆਂ ਨੇ। ਕਦੇ ਮੌਕਾ ਮਿਲਿਆ ਤਾਂ ਪ੍ਰੋ. ਪੂਰਨ ਸਿੰਘ ਦੀਆਂ ਕਿਤਾਬਾਂ, ਜਿਹਨਾਂ ਨੇ ਮੇਰੀ ਸੋਚ ਨੂੰ ਤਰਾਸ਼ਿਆ ਹੈ ਤੇ ਮੇਰੀ ਆਉਣ ਵਾਲੀ ਜਿੰਦਗੀ ਵਿਚ ਉਹਨਾਂ ਦਾ ਵੱਡਾ ਪ੍ਰਭਾਵ ਰਹੇਗਾ, ਬਾਰੇ ਬਹੁਤ ਕੁਝ ਸਾਂਝਾ ਕਰਾਂਗਾ। ਪਰ ਅੱਜ ਉਹਨਾਂ ਦੀਆਂ ਕੁਝ ਕੁ ਗੱਲਾਂ, ਜੋ ਪੰਥ ਦੇ ਮੌਜੂਦਾ ਹਾਲਾਤਾਂ ਵਿਚ ਜਰੂਰੀ ਨੇ, ਜਰੂਰ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ, ਕਿਉਂ ਜੁ ਅੱਜ ਪੰਥ ਵਿਚ ਆਪੂ ਬਣੇ ਸੁਧਾਰਵਾਦੀਆਂ ਦੀ ਬਹੁਤਾਤ ਹੋ ਗਈ ਹੈ। ਜਿਹਨਾਂ ਨੂੰ ਤਰਕ ਦੀ ਬਹੁਤ ਵੱਡੀ ਬਿਮਾਰੀ ਲੱਗ ਗਈ ਹੈ। ਧਰਮ, ਪਿਆਰ ਜਾਂ ਇਸ਼ਕ ਨਾਲ ਸਬੰਧਤ ਹੈ। ਹਊਮੈਂ ਵਿਚ ਗ੍ਰਸੇ ਹੋਏ ਤਰਕਵਾਦੀ ਲੋਕਾਂ ਦਾ ਧਰਮ ਨਾਲ ਪਿਆਰ ਤਾਂ ਮਜਾਜੀ ਇਸ਼ਕ ਵਿਚ ਰੁੱਧੀ ਹੋਈ ਕੱਚੇ ਘੜ੍ਹੇ ’ਤੇ ਤਰ ਕੇ ਝਨਾਂ ਪਾਰ ਕਰ ਰਹੀ ਕੁੜੀ ਨਾਲੋਂ ਵੀ ਕਿਤੇ ਮਾੜਾ ਹੈ।
ਇਹ ਗੱਲ ਚੇਤੇ ਸਾਨੂੰ ਵਿਚ ਵਸਾ ਲੈਣੀ ਚਾਹੀਦੀ ਹੈ ਕਿ ਇਸ਼ਕ ਜਾਂ ਪਿਆਰ ਵਿਚ ਤਰਕ ਜਾਂ ਸ਼ੰਕੇ ਲਈ ਕੋਈ ਥਾਂ ਨਹੀਂ। ਗੁਰੂ ਨਾਨਕ ਸਾਹਿਬ ਦੁਆਰਾ ਭਾਈ ਲਹਿਣਾ ਜੀ ਨੂੰ (ਪਰਖ ਕਰਨ ਲਈ) ਮੁਰਦਾਰ ਖਾਣ ਲਈ ਕਹਿਣਾ ਤੇ ਅੱਗੋਂ ਉਹਨਾਂ ਦੁਆਰਾ ਹੁਕਮ ਸਿਰ ਮੱਥੇ ਮੰਨਣ ਵਿਚ ਹੀ ਸੱਚਾ ਇਸ਼ਕ ਹੈ।
ਇਹ ਇਸ਼ਕ ਹੀ ਹੈ, ਗੁਰੂ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਵਿਚ ਪੰਜ ਸਿਰ ਮੰਗੇ ਜਾਣ ’ਤੇ ਵਾਰੋ ਵਾਰੀ ਪੰਜ ਜਣਿਆਂ ਦਾ ਉੱਠਣਾ। ਕੋਈ ਬੇ-ਵਿਸ਼ਵਾਸ਼ਾਂ ਇਸ ਤਰ੍ਹਾਂ ਸਿਰ ਭੇਂਟ ਨਹੀਂ ਕਰ ਸਕਦਾ, ਸਗੋਂ ਦੀਵਾਨ ਵਿਚੋਂ ਖਿਸਕਣ ਦੀ ਕਰਦਾ ਹੈ। ਉਹਨਾਂ ਗੁਰੂ ਦੇ ਪਿਆਰ ਵਿਚ ਸਿਰਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਗੁਰੂ ਸਾਹਿਬ ਨੇ ਵੀ ਉਹਨਾਂ ਨੂੰ ਅੰਤਾਂ ਦਾ ਪਿਆਰ ਕੀਤਾ ਤੇ ਇਤਿਹਾਸ ਵਿਚ ਉਹਨਾਂ ਨੂੰ ‘ਪੰਜ ਪਿਆਰਿਆਂ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।
…ਤੇ ਇਹ ਵੀ ਇਸ਼ਕ ਹੀ ਸੀ ਕਿ ਛੋਟੇ ਜਹੇ ਕੱਦ ਦੇ ਭਾਈ ਬਚਿੱਤਰ ਸਿੰਘ ਸ਼ਰਾਬ ਨਾਲ ਮਸਤ ਹਾਥੀ ਦੇ ਮੂਹਰੇ ਦੀਵਾਰ ਬਣ ਖਲੋ ਗਏ। ਇਤਿਹਾਸ ਅਨੁਸਾਰ ਭਾਈ ਬਚਿੱਤਰ ਸਿੰਘ ਹੋਰੀਂ ਕੱਦ ਵਿਚ ਕਾਫੀ ਛੋਟੇ ਸਨ। ਪਰ ਦੁਨੀਂ ਚੰਦ ਦੇ ਭੱਜ ਜਾਣ ਤੇ ਜਦੋਂ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਪੁੱਛਿਆ ਕਿ ਉਸਨੂੰ ਸਾਹਮਣੇ ਕੀ ਦਿਖਾਈ ਦਿੰਦਾ ਹੈ ਤਾਂ ਭਾਈ ਸਾਹਿਬ ਨੇ ਅੱਗੋਂ ਕਿਹਾ, “ਮਹਾਰਾਜ ਇੱਕ ਕੱਟਾ ਆ ਰਿਹਾ ਹੈ ਹੁਣੇ ਮਾਰ ਕੇ ਤੁਹਾਡੇ ਚਰਨਾ ਵਿਚ ਲੈ ਕੇ ਆਉਂਦਾ ਹਾਂ”। 'ਜੇ ਸਾਡੇ ਅੱਜ ਦੇ ਸੁਧਾਰਵਾਦੀ ਇਤਿਹਾਸਕਾਰ (ਅ)ਵਿਦਵਾਨਾਂ ਵਰਗਾ ਕੋਈ ਹੁੰਦਾ ਤਾਂ ਕਹਿੰਦਾ ਕਿ ਮਹਾਰਾਜ ਤੁਸੀਂ ਕਮਾਲ ਕਰਦੇ ਹੋ, ਇੱਕ ਬੰਦਾ ਸ਼ਰਾਬ ਨਾਲ ਰੱਜੇ ਹਾਥੀ ਦਾ ਮੁਕਾਬਲਾ ਕਿਵੇਂ ਕਰ ਸਕਦਾ ਹੈ?... ਅਸਲ ਵਿਚ ਦੁਨੀਂ ਚੰਦ ਇਹਨਾਂ ਵਰਗਾ ਹੀ ਸੀ। ਦੁੱਧ ਪੀਣੇ ਮਜਨੂੰ… ਇਸ਼ਕ ਵਿਚ ਸ਼ੰਕਾ…
ਇਹ ਵੀ ਗੁਰੂ ਦਾ ਪਿਆਰ ਹੀ ਸੀ ਕਿ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਇਕੱਲੇ ਹੀ ਮੁਕਾਬਲਾ ਕਰਨ ਲਈ ਤੁਰ ਪਏ ਤੇ ਆਪਣਾ ਬਚਨ, ਕਿ ਸਿਰ ਦਰਬਾਰ ਸਾਹਿਬ ਜਾ ਕੇ ਭੇਂਟ ਕਰਾਂਗਾ, ਤੋੜ ਨਿਭਾਇਆ। ਅੱਜ ਦੇ ਇਹ ਕੱਚ-ਘਰੜ ਹੁੰਦੇ ਤਾਂ ਇਹਨਾਂ ਕਹਿਣਾ ਸੀ, ‘ਛੱਡੋ ਜੀ… ਦੁਸ਼ਮਨ ਦੀ ਗਿਣਤੀ ਜਿਆਦਾ ਹੋਏਗੀ, ਕੋਈ ਹੋਰ ਸਕੀਮ ਘੜੋ… ਜਾਂ ਕੋਈ ਨਹੀਂ ਜੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਹੋ ਜਾਵੇਗਾ ਤਾਂ ਦੁਬਾਰਾ ਉਸਾਰ ਲਵਾਂਗੇ, ਪਰ ਅਬਦਾਲੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ……।
ਗੁਰੂ ਦੇ ਇਸ਼ਕ ਵਿਚ ਰਤੇ ਹੋਏ ਪਿਆਰਿਆਂ ਨੇ ਆਪਣੇ ਇਸ਼ਕ ਨੂੰ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਨਿਭਾਹਿਆ। ਹਰ ਦੁਖ-ਕਸ਼ਟ ਗੁਰੂ ਦਾ ਭਾਣਾ ਮੰਨ ਸਰੀਰਾਂ ’ਤੇ ਝੱਲਿਆ। ਭਾਵੇਂ ਉਹ ਜ਼ਕਰੀਆ ਖ਼ਾਨ ਦੇ ਜ਼ੁਲਮ ਹੋਣ, ਭਾਵੇਂ ਮੀਰ ਮੰਨੂ ਦੀਆਂ ਕੈਦਾਂ ਦਾ ਅਣਮਨੁੱਖੀ ਤਸ਼ੱਦਦ, ਭਾਵੇਂ ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚੇ ਵਿਚ ਅੰਗਰੇਜ਼ਾਂ ਦੀਆਂ ਵਰ੍ਹਦੀਆਂ ਡਾਂਗਾਂ ਤੇ ਗੋਲੀਆਂ ਹੋਣ ਤੇ ਜਾਂ ਫਿਰ ਹਿੰਦ ਹਕੂਮਤ ਦੁਆਰਾ ਥਾਣਿਆਂ ਵਿਚ ਕੋਹੇ ਜਾਂਦੇ ਤੇ ਝੂਠੇ ਪੁਲਸ ਮੁਕਾਬਲਿਆਂ ਦਾ ਸ਼ਿਕਾਰ ਬਣਾਏ ਜਾਂਦੇ ਸਿਖ ਨੌਜੁਆਨ ਹੋਣ। ਗੁਰੂ ਕਿਆਂ ਇਹਨਾਂ ਸ਼ੇਰਾਂ ਨੇ,
“ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥”
ਨੂੰ ਚੇਤੇ ਵਿਚ ਵਸਾ ਜ਼ਾਲਮ ਹਕੂਮਤਾਂ ਦਾ ਹਰੇਕ ਜ਼ੁਲਮ ਆਪਣੇ ਪਿੰਡਿਆਂ ’ਤੇ ਝੱਲਿਆ ਪਰ ਡੋਲੇ ਨਹੀਂ…।' ਕਿਉਂਕਿ ਉਹ ਗੁਰੂ ਦੇ ਪਿਆਰ ਵਿਚ ਗੜੁੱਚ ਸਨ ਨਾ ਕੇ ਫਾਲਤੂ ਦੇ ਸ਼ੰਕਿਆਂ ਤੇ ਤਰਕਾਂ ਵਿਚ ਗ੍ਰਸੇ ਹੋਏ।
…ਤੇ ਇਹ ਅੱਜ ਦੇ ਆਪੂ ਬਣੇ ਇਤਿਹਾਸਕਾਰ ਇਹਨਾਂ ਘਟਨਾਵਾਂ ਤੋਂ ਮੁਨਕਰ ਵੀ ਹੋ ਰਹੇ ਨੇ। ਕਦੇ ਗੁਰੂ ਅਰਜਨ ਸਾਹਿਬ ਦੁਆਰਾ ਤੱਤੀ ਤਵੀਂ ’ਤੇ ਬੈਠਣ ਬਾਰੇ ਸਵਾਲ ਕਰਦੇ ਹਨ, ਕਦੇ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਚ ਵਾਪਰੇ ਇਤਿਹਾਸਕ ਵਰਤਾਰੇ ਬਾਰੇ ਸ਼ੰਕੇ ਕਰਦੇ ਹਨ ਤੇ ਕਦੇ ਜੰਗ ਵਿਚ ਸੀਸ ਤਲੀ ’ਤੇ ਧਰ ਜੂਝ ਰਹੇ ਬਾਬਾ ਦੀਪ ਸਿੰਘ ਜੀ ਵੱਲ ਸ਼ੱਕੀ ਕਲਮਾਂ ਚਲਾਉਂਦੇ ਹਨ। ਇਹ ਤਾਂ ਏਥੋ ਤੱਕ ਕਹਿ ਦਿੰਦੇ ਹਨ ਕਿ, ‘ਪੁਰਾਣੇ ਸਿੰਘਾਂ ਨੂੰ ਅਕਲ ਥੋੜੀ ਘੱਟ ਹੁੰਦੀ ਸੀ।’
ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਗੁਰੂ ਅੱਗੇ ਕੀਤੀ ਅਰਦਾਸ (ਜੋ ਉਸ ਨੇ ਸਭਰਾਵਾਂ ਦੀ ਲੜਾਈ ਤੋਂ ਪਹਿਲੀ ਰਾਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੀਤੀ ਸੀ ਕਿ ਸੱਚੇ ਪਾਤਸ਼ਾਹ ਜਾਂ ਜੰਗੇ ਮੈਦਾਨ ਵਿਚੋਂ ਜਿੱਤ ਕੇ ਮੁੜਾਂ ਜਾਂ ਜੂਝ ਕੇ ਸ਼ਹੀਦੀ ਪਾ ਜਾਵਾਂ) ਬਾਰੇ ਇਹਨਾਂ ਦੇ ਇਕ ਵੱਡੇ (ਅ)ਵਿਦਵਾਨ ਦਾ ਕਹਿਣਾ ਹੈ ਕਿ ਫੇਰ ਕੀ ਹੋ ਗਿਆ ਸੀ ਜੇ ਉਸ ਨੇ ਅਰਦਾਸ ਕਰ ਲਈ ਸੀ, ਜੇ ਜੰਗ ਜਿੱਤਦੀ ਪ੍ਰਤੀਤ ਨਹੀਂ ਹੁੰਦੀ ਸੀ ਤਾਂ ਉਸ ਨੂੰ ਚਾਹੀਦਾ ਸੀ ਕਿ ਉੱਥੋਂ ਆਪਣੇ ਸਿੰਘਾਂ ਨੂੰ ਲੈ ਕੇ ਨਿਕਲ ਜਾਂਦਾ…।' ਇਹਨਾਂ ਵਿਦਵਾਨਾਂ ਲਈ ਅਰਦਾਸ ਦਾ ਕੋਈ ਮਹੱਤਵ ਨਹੀਂ। ਇਥੋਂ ਇਹਨਾਂ ਦੇ ਕੱਚੇ ਵਿਸ਼ਵਾਸ਼ ਦੀ ਸਾਫ ਝਲਕ ਪੈ ਜਾਂਦੀ ਹੈ। ਜਿਸ ਨੂੰ ਗੁਰੂ ’ਤੇ ਪੂਰਾ ਵਿਸ਼ਵਾਸ਼ ਹੈ ਉਹ ਆਪਣੀ ਅਰਦਾਸ ਨਿਭਾਉਣ ਲਈ ਜਾਨ ਦੀ ਬਾਜ਼ੀ ਲਾ ਦੇਵੇਗਾ ਤੇ ਜਿਸਦਾ ਵਿਸ਼ਵਾਸ਼ ਕੱਚਾ ਹੈ ਉਹ ‘ਅਰਦਾਸ’ ਬਦਲਣ ਲਈ ਉਪਰਾਲੇ ਕਰਦਾ ਫਿਰੇਗਾ ਤੇ ਬਚਣ ਲਈ ਚੋਰ-ਮੋਰੀਆਂ ਲੱਭਦਾ ਫਿਰੇਗਾ।
ਪ੍ਰੋ. ਪੂਰਨ ਸਿੰਘ ‘ਸਿਖੀ ਦੀ ਆਤਮਾਂ’ ਦੇ ਪੰਨਾ 215 ਉੱਤੇ ਲਿਖਦੇ ਹਨ, “ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਿਖ ਇਤਿਹਾਸ ਉਸ ਢੰਗ ਨਾਲ ਨਹੀਂ ਲਿਖਿਆ ਗਿਆ ਜਿਸ ਨੂੰ ਅਧੁਨਿਕ ਇਤਿਹਾਸਕਾਰ ਪਸੰਦ ਕਰਦੇ ਹਨ…… ਪੂਰਬ ਵਿਚ ਇਤਿਹਾਸ ਨੂੰ ਕਲਾ ਦੇ ਰੂਪ ਵਿਚ ਜਾਣਿਆਂ ਜਾਂਦਾ ਹੈ ਨਾ ਕਿ ਵਿਗਿਆਨ ਜਾਂ ਸ਼ਾਸਤਰ ਦੇ ਰੂਪ ਵਿਚ। ਇਸ ਗੱਲ ਦੀ ਆਸ ਕਰਨਾ ਅਸੰਭਵ ਹੈ ਕਿ ਸਿਖ ਇਤਿਹਾਸ, ਜੋ ਵਧੇਰੇ ਕਰਕੇ ਕਾਵਿਮਈ ਤੇ ਭਾਵ-ਭਰਪੂਰ ਹੈ, ਨੂੰ ਆਧੁਨਿਕ ਇਤਿਹਾਸਕਾਰਾਂ ਦੀ ਆਲੋਚਨਾਤਮਕ ਸ਼ੈਲੀ ਵਿਚ ਲਿਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਇਹ ਆਪਣੇ ਵਿਚ ਅੰਕਿਤ ਜੀਵਨ ਕੀਮਤਾਂ ਤੋਂ ਵਿਹੂਣਾ ਹੋ ਜਾਵੇਗਾ…।”
ਅੱਗੇ ਪੰਨਾ 216 ਉੱਤੇ ਲਿਖਦੇ ਹਨ, “ਸਿਖ ਇਤਿਹਾਸਕਾਰਾਂ ਦੀ ਇਹ ਨਵੀਂ ਮੰਗ, ਕਿ ਗੁਰੂ ਇਤਿਹਾਸ ਨੂੰ ਨੀਰਸ ਗੱਦਮਈ ਰੂਪ ਵਿਚ ਪੇਸ਼ ਕਰਨਾ ਚਾਹੀਦਾ ਹੈ, ਕਿੰਨੀ ਨਿਗੂਣੀ ਤੇ ਨਿਕੰਮੀ ਹੈ… ਇਹਨਾਂ ਨਵੇਂ ਇਤਿਹਾਸਕਾਰਾਂ ਦੀ ਮੰਗ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਆਤਮਾਂ ਨੂੰ ਛੱਡ ਕੇ ਪਰਛਾਵਿਆਂ ਨੂੰ ਫੜਨ ਦਾ ਯਤਨ ਕੀਤਾ ਜਾਵੇ। ਇਸੇ ਕਾਰਨ ਕੁਝ ਵਾਦ-ਵਿਵਾਦ ਗ੍ਰਸਤ ਇਤਿਹਾਸਕਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਮੱਕੇ ਤੇ ਬਗਦਾਦ ਨਹੀਂ ਗਏ……”
ਪ੍ਰੋ. ਪੂਰਨ ਸਿੰਘ ਜੀ ਦਾ ਡਰ ਪੂਰੀ ਤਰ੍ਹਾਂ ਸਹੀ ਸੀ ਤੇ ਅੱਜ ਇਹਨਾਂ ਆਪੂ ਬਣੇ ਪ੍ਰੋਫੈਸਰਾਂ (ਜਿਹੜੇ ਕਦੇ ਕਾਲਜਾਂ-ਯੂਨੀਵਰਸਿਟੀਆਂ ਦੇ ਮੂਹਰ ਦੀ ਨਹੀਂ ਲੰਘੇ), (ਅ)ਵਿਦਵਾਨਾਂ ਨੇ ਇਤਿਹਾਸ ਨੂੰ ਬਦਲਨ ਜਾਂ ਹਰੇਕ ਘਟਨਾਂ ਤੇ ਸਵਾਲ ਖੜ੍ਹਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਧਰਮ ਹਮੇਸ਼ਾਂ ਵਿਸ਼ਵਾਸ਼ ’ਤੇ ਖੜ੍ਹਾ ਹੁੰਦਾ ਹੈ। ਜੇ ਕਿਸੇ ਦਾ ਵਿਸ਼ਵਾਸ਼ ਹੀ ਥਿੜਕਣ ਲੱਗ ਪਵੇ ਤੇ ਉਹ ਹਰੇਕ ਗੱਲ ਨੂੰ ਸ਼ੱਕੀ ਨਜ਼ਰ ਨਾਲ ਦੇਖਣ ਲੱਗ ਪਵੇ ਤਾਂ ਸਮਝ ਲਵੋ ਕਿ ਉਹ ਨਾਸਤਿਕਤਾ ਵੱਲ ਨੂੰ ਵਧਣ ਲੱਗ ਪਿਆ ਹੈ। ਤਰਕ ਜਾਂ ਜਿਸ ਨੂੰ ਇਹ ਵਿਗਿਆਨਕ ਸੋਚ ਕਹਿੰਦੇ ਹਨ, ਹਮੇਸ਼ਾਂ ਦਿਸਦੇ ’ਤੇ ਵਿਸ਼ਵਾਸ਼ ਕਰਦਾ ਹੈ, ਪਰ ਅਕਾਲ ਪੁਰਖ ਤਾਂ ਅਦ੍ਰਿਸ਼ ਹੈ ਤੇ ਉਹ ‘ਅਜੂਨੀ’ ਤੇ ‘ਸੈਭੰ’ ਹੈ, ਇਸ ਦਾ ਮਤਲਬ ਕੱਲ ਨੂੰ ਇਹ ਅਕਾਲ ਪੁਰਖ ’ਤੇ ਵੀ ਉਂਗਲ ਚੁੱਕਣੀ ਸ਼ੁਰੂ ਕਰ ਦੇਣਗੇ। ਵੈਸੇ ਵੀ ਇਹਨਾਂ ਦੇ ਕੁਝ ਬਾਹਲੇ ਅਗਾਂਹਵਧੂ? (ਅ)ਵਿਦਵਾਨਾਂ ਨੇ ਤਾਂ ਇਹ ਕਹਿਣਾ ਸ਼ੁਰੂ ਵੀ ਕਰ ਦਿੱਤਾ ਹੈ ਕਿ ਪ੍ਰਮਾਤਮਾਂ ਸਿਰਫ ਚੰਗੇ ਗੁਣਾ ਦਾ ਨਾਮ ਹੈ।
ਸ਼ੁਰੂ-ਸ਼ੁਰੂ ਵਿਚ ਅਸੀਂ ਵੀ ਇਹਨਾਂ (ਅ)ਵਿਦਵਾਨਾਂ ਦੀ ‘ਸੰਗਤ’ ਮਾਣੀ ਹੈ ਤੇ ਇਹਨਾਂ ਦੇ ਜੀਵਨ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਜਦੋਂ ਕਦੇ ਮੈਂ ਇਹਨਾਂ ਦੇ ਪ੍ਰਭਾਵ ਥੱਲੇ ਹੁੰਦਾ ਸੀ ਤਾਂ ਆਪਣੇ ਕੁਝ ਦੂਜੇ ਮਿੱਤਰਾਂ ਨਾਲ ਕਈ ਮੁੱਦਿਆਂ ’ਤੇ ਜਿਦ ਪੈਂਦਾ ਸੀ (ਅਸਲ ਵਿਚ ਇਹਨਾਂ ਕੋਲੋਂ ਵਿਚ ਸਿੱਖਿਆ ਹੀ ਇਹ ਸੀ), ਪਰ ਅੱਗੋਂ ਉਹ ਇਹ ਕਹਿ ਕੇ ਗੱਲ ਮੁਕਾ ਦਿੰਦੇ ਸਨ, “ਵੇਖ ਲਈਂ ਤੇਰੇ ਇਹਨਾਂ ਘੜੰਮ ਚੌਧਰੀਆਂ ਨੇ ਕਿਸੇ ਦਿਨ ਗੁਰੂ ਗ੍ਰੰਥ ਸਾਹਿਬ ’ਤੇ ਹੀ ਉਂਗਲ ਚੁੱਕ ਦੇਣੀ ਹੈ…”।
…ਤੇ ਉਹਨਾਂ ਮਿੱਤਰਾਂ ਦੇ ਬੋਲ ਸੱਚ ਸਾਬਤ ਹੋਏ। ਇਹਨਾਂ ਬਹੁਤੇ ਸਿਆਣਿਆਂ ਨੇ ਗੁਰਬਾਣੀ ਵੱਲ ਵੀ ਉਂਗਲ ਚੁੱਕ ਦਿੱਤੀ। ਇਹ ਹਊਮੈਂ ਵਿਚ ਗ੍ਰਸੇ ਹੋਏ ਵਪਾਰੀ ਸੋਚ ਦੇ ਲੋਕ ‘ਗੁਰੂ’ ਤੋਂ ਵੱਡੇ ਜਾਂ ਸਿਆਣੇ ਬਣਨਾ ਚਾਹੁੰਦੇ ਹਨ। ਵਾਹਿਗੁਰੂ ਇਹਨਾਂ ਨੂੰ ਸੁਮੱਤ ਦੇਵੇ।
“ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥”
ਕਈ ਵੱਡੀਆਂ ਚੀਜਾਂ ਦੀ ਜਦੋਂ ਸਾਨੂੰ ਸਮਝ ਨਾ ਪਵੇ ਤਾਂ ਅਸੀਂ ਸਵਾਲ ਖੜ੍ਹੇ ਕਰਦੇ ਹਾਂ, ਪਰ ਉੱਥੇ ਇਹ ਮੰਨਣ ਵਿਚ ਹੀ ਭਲਾਈ ਹੈ ਕਿ ਸਾਡੀ ਮਤ ਅਜੇ ਇਸ ਚੀਜ ਨੂੰ ਸਮਝਣ ਲਈ ਬੌਣੀ ਹੈ, ਬਜਾਏ ਕਿ ਕਿਤੂੰ ਪ੍ਰੰਤੂ ਕੀਤੇ ਜਾਣ।
ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਦਰਪਣ ਵਿਚ ਲਿਖਿਆ ਹੈ ਕਿ ਗੁਰਬਾਣੀ ਦੀ ਪੂਰੀ ਸਮਝ ਸਾਨੂੰ ਓਦਣ ਆਵੇਗੀ ਜਿੱਦਣ ਸਾਡੀ ਸੋਚ ਓਡੀ ਵੱਡੀ ਹੋ ਗਈ, ਜਿੱਡੀ ਸੋਚ ਨਾਲ ਗੁਰੂ ਸਾਹਿਬਾਨ ਨੇ ਬਾਣੀ ਦੀ ਰਚਨਾ ਕੀਤੀ ਹੈ। ਅਸੀਂ ਤਾਂ ਇੱਕ-ਅੱਧ ਕਿਤਾਬ ਪਿੱਛੋਂ ਲਿਖਦੇ ਹਾਂ ਤੇ ਆਪਣੇ ਨਾਵਾਂ ਨਾਲ ਪ੍ਰੋਫੈਸਰੀ ਦੀਆਂ ਪੂਛਾਂ ਪਹਿਲਾਂ ਲਾ ਲੈਂਦੇ ਹਾਂ।
……ਤੇ ਰੀਸਾਂ ਕਰਦੇ ਹਾਂ ਓਸ ਸੋਚ ਦੀਆਂ ਜੋ ਸਾਰੀ ਬਾਣੀ ਦੀ ਰਚਨਾਂ ਕਰਨ ਤੋਂ ਪਿੱਛੋਂ ਅੰਤ ਵਿਚ ਲਿਖਦੇ ਹਨ,
“ਸਲੋਕ ਮਹਲਾ 5
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥1॥”
ਸੋ ਭਾਈ ਆਹ ਵਿਦਵਤਾ ਦਾ ਭੂਤ ਆਪਣੇ ਗਲੋਂ ਲਾਹੋ ਤੇ ਬਹੁਤੀਆਂ ਸਿਆਣਪਾਂ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸ਼ਰਨ ਵਿਚ ਆਓ। ਉਹ ਬਹੁਤ ਦਿਆਲੂ ਹੈ। ਮੁਆਫੀ ਮੰਗੋ ਤੇ ਉਸਦੇ ਚਰਨਾਂ ਅੱਗੇ ਸੀਸ ਨਿਵਾਓ ਤੇ ਤੌਬਾ ਕਰੋ ਏਹੋ ਜਹੀਆਂ ਘਤਿੱਤਾਂ ਤੋਂ ਜੋ ਤੁਸੀਂ ਅੱਜ ਤੱਕ ਕਰਦੇ ਆਏ ਹੋ।
ਪ੍ਰੋ. ਪੂਰਨ ਸਿੰਘ ਲਿਖਦੇ ਹਨ, “ਮਨ ਦੀ ਉਪਰਲੀ ਸਤਾ ਉੱਤੇ ਕਾਰਜਸ਼ੀਲ ਗਿਆਨ, ਜੋ ਸਸੀਮ, ਵਿਸ਼ਲੇਸ਼ਨ ਤੇ ਬੁੱਧੀ ਦੇ ਤਰਕ ਉੱਤੇ ਆਧਾਰਿਤ ਹੁੰਦਾ ਹੈ, ਮਨੁੱਖ ਨੂੰ ਸ਼ਾਂਤੀ ਨਹੀਂ ਦੇ ਸਕਦਾ। ਆਪਣੇ ਆਲੇ-ਦੁਆਲੇ ਦੀਆਂ ਵਸਤਾਂ ਬਾਰੇ ਉਸਦਾ ਇਹ ਬੋਧ ਤੇ ਤਰਕਸ਼ੀਲ ਗਿਆਨ ਕੇਵਲ ਉਪਰਲੀ ਸਤਾ ਦਾ ਹੀ ਗਿਆਨ ਹੈ ਅਤੇ ਇਸ ਲਈ ਇਹ ਅਸਤਿ ਹੁੰਦਾ ਹੈ, ਇਹ ਤਾਂ ਉਸ ਨੂੰ ਹੋਰ ਵਧੇਰੇ ਜਟਿਲ ਅਗਿਆਨ ਵਲ ਲੈ ਜਾਂਦਾ ਹੈ। ਇਸ ਨਾਲ ਤਾਂ ਉਸ ਦਾ ਜੀਵਨ ਵਧੇਰੇ ਬੇਸੁਰਾ, ਪੇਤਲਾ ਅਤੇ ਆਪਣੀਆਂ ਜੜ੍ਹਾਂ ਤੋਂ ਕੱਟਿਆ ਹੋਇਆ ਕੇਵਲ ਇੰਦਰੀਗਤ ਕਾਮਨਾਵਾਂ ਵਿਚ ਗ੍ਰਸਤ ਹੋ ਕੇ ਹੀ ਖ਼ਤਮ ਹੋ ਜਾਂਦਾ ਹੈ……”
ਗੁਰੂ ਮਹਾਰਾਜ ਫਰਮਾਉਂਦੇ ਹਨ,
“ਛਾਡਿ ਸਿਆਨਪ ਬਹੁ ਚਤੁਰਾਈ
ਗੁਰ ਪੂਰੇ ਕੀ ਟੇਕ ਟਿਕਾਈ ॥”
ਸਮਰਥ ਗੁਰੂ ’ਤੇ ਟੇਕ ਰੱਖੋਂ ਤੇ ਆਪਣੀਆਂ ਚਤੁਰਾਈਆਂ ਤੇ ਸਿਆਣਪਾਂ ਨੂੰ ਵਗਾਹ ਮਾਰੋ। ਉਹਨਾਂ ਭੋਲੇ ਸਿਖਾਂ, ਜਿਹੜੇ ਵਿਚਾਰੇ ਦੂਰ ਦੇ ਢੋਲ ਸੁਹਾਵਣੇ ਵੇਖ ਕੇ ਇਹਨਾਂ ਵੱਲ ਭੱਜੇ ਆਏ, ਨੂੰ ਵੀ ਕਹਿਣਾ ਚਾਹਾਂਗਾ ਕਿ ਵੀਰੋ ਮੰਨਿਆਂ ਕਿ ਸਾਡੀ ਅਕਾਲੀ ਲੀਡਰਸ਼ਿੱਪ ਨੇ ਕੌਮ ਨਾਲ ਬਹੁਤ ਧ੍ਰੋਹ ਕਮਾਇਆ, ਸ਼੍ਰੋਮਣੀ ਕਮੇਟੀ ਵਰਗੀ ਸਿਖਾਂ ਦੀ ਸਿਰਮੌਰ ਸੰਸਥਾਂ ਨੂੰ ਗੁਲਾਮ ਬਣਾ ਰੱਖਿਆ ਹੈ ਤੇ ਜਥੇਦਾਰਾਂ ਨੂੰ ਸਿਰਫ ਕਠਪੁਤਲੀਆਂ ਵਾਂਗ ਵਰਤਿਆ ਜਾ ਰਿਹਾ ਹੈ। ਸਿਖਾਂ ਦੇ ਦੁਸ਼ਮਨਾਂ ਦੀ ਕਤਾਰ ਵਿਚ ਇਹਨਾਂ ਆਪਣਾ ਨਾਮ ਸਭ ਤੋਂ ਉੱਪਰ ਕਰ ਲਿਆ ਹੈ…… ਪਰ ਵੀਰੋ ਦੁਸ਼ਮਨ ਦਾ ਦੁਸ਼ਮਨ ਹਰ ਵਾਰ ਦੋਸਤ ਨਹੀਂ ਹੁੰਦਾ। ਇਹ ਤਰਕਵਾਦੀ ਲਾਣਾ ਸਾਡੀ ਬੇਵਕੂਫ ਲੀਡਰਸ਼ਿਪ ਨੂੰ ਭੰਡ ਕੇ ਸਿਰਫ ਸਾਡੀ ਹਮਦਰਦੀ ਹਾਸਲ ਕਰ ਰਿਹਾ ਹੈ ਤੇ ਉਹਨਾਂ ਦੀਆਂ ਕੁਰਸੀਆਂ ’ਤੇ ਹੌਲੀ-ਹੌਲੀ ਆਪ ਬੈਠਣਾ ਲੋਚਦਾ ਹੈ। ਪਰ ਅਸਲ ਵਿਚ ਇਹ ਉਸ ਸਿਊਂਖ ਵਾਂਗ ਹੈ ਜੋ ਅੰਦਰੋ-ਅੰਦਰੀ ਸਾਨੂੰ ਖੋਖਲਾ ਕਰ ਰਹੀ ਹੈ। ਇਹ ਸਿਧਾਂਤਾਂ ਨੂੰ ਚੈਲੇਂਜ਼ ਕਰ ਰਹੇ ਹਨ। ਇੰਦਰਾ ਗਾਂਧੀ ਨੇ ਤਾਂ ਸਿਰਫ ‘ਅਕਾਲ ਤਖ਼ਤ’ ਸਾਹਿਬ ਦੀ ਇਮਾਰਤ ਹੀ ਢਾਹੀ ਸੀ (ਤੇ ਉਸ ਦੀ ਬਣਦੀ ਸਜ਼ਾ ਸਿਖਾਂ ਨੇ ਉਸਨੂੰ ਦਿੱਤੀ ਵੀ), ਪਰ ਇਹ (ਅ)ਵਿਦਵਾਨ ਤਾਂ ਤੁਹਾਡੇ ਮਨਾਂ ਵਿਚੋਂ ‘ਅਕਾਲ ਤਖ਼ਤ’ ਨੂੰ ਢਾਹੁਣਾ ਚਾਹੁੰਦੇ ਹਨ, ਜਦੋਂ ਇਹ ਕਹਿੰਦੇ ਹਨ ਕਿ, “……ਅਕਾਲ ਤਖ਼ਤ ਤਾਂ ਗੁਰੂ ਸਾਹਿਬ ਨੇ ਸਿਰਫ ਉੱਚੀ ਥਾਂ ਬੈਠਣ ਲਈ ਇਕ ਥੜਾ ਬਣਾਇਆ ਸੀ…”। 'ਸੰਤ ਜਰਨੈਲ ਸਿੰਘ ਨੂੰ ਵੀ ਇਹ ਆਪਣੀ ਸੁਵਿਧਾ ਵਾਸਤੇ ਓਨਾ ਕੁ ਹੀ ਵਰਤਦੇ ਹਨ ਜਿੰਨੇ ਕੁ ਨਾਲ ਇਹਨਾਂ ਦੀ ਦੁਕਾਨਦਾਰੀ ਚੱਲਦੀ ਰਹੇ… ਤੇ ਉਹ ਵੀ ਸਿਰਫ ਇਸ ਲਈ ਕਿ ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਨੇ ਸਿਖ ਨੌਜੁਆਨੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਹਨਾਂ ਨੂੰ ਯਕੀਨ ਹੋਇਆ ਹੈ ਕਿ ਅੱਜ ਦੇ ਸਾਰੇ ਲੀਡਰ ਹੀ ਵਿਕਾਊ ਤੇ ਸੁਆਰਥੀ ਨਹੀਂ। ਸੋ ਸੰਤ ਜੀ ਦਾ ਨਾਮ ਲਏ ਬਿਨਾ ਅੱਜ ਦੀ ਨੌਜੁਆਨ ਪੀੜੀ ਤੁਹਾਡੇ ਨਾਲ ਤੁਰਦੀ ਹੀ ਨਹੀਂ। ਸੋ ਵੀਰੋ ਇਹ ਅਕਾਲੀ ਲੀਡਰਾਂ ਨੂੰ ਭੰਡ ਕੇ ਤੇ ਸੰਤ ਜਰਨੈਲ ਸਿੰਘ ਜੀ ਦੀ ਉਪਰੋਂ-ਉਪਰੋਂ ਹਮਾਇਤ ਕਰ ਕੇ ਸਿਰਫ ਤੁਹਾਡੇ ਜਜ਼ਬਾਤਾਂ ਨਾਲ ਖੇਡ ਰਹੇ ਹਨ ਤਾਂ ਕਿ ਤੁਸੀਂ ਇਹਨਾਂ ਦੇ ਪਿਛੇ ਤੁਰਦੇ ਰਹੋ। ਇਸ ਲਈ ਇਹਨਾਂ ਦੇ ਕਿਰਦਾਰ ਨੂੰ ਪਛਾਣ ਕੇ ਫੈਸਲਾ ਤੁਸੀਂ ਕਰਨਾ ਹੈ। ਮਹਾਰਾਜ ਫੁਰਮਾਉਂਦੇ ਹਨ,
ਸਲੋਕ ਮਃ 4 ॥
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਹਾਰੁ ॥
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥1॥
ਸੋ ਇਹਨਾਂ ਮਨਮੁਖਾਂ ਦਾ ਸਾਂਝ ਨਾਲੋਂ ਤਾਂ ਅਸੀਂ ਇਕੱਲੇ ਹੀ ਚੰਗੇ ਹਾਂ, ਬਸ਼ਰਤੇ ਕਿ ਗੁਰੂ ਵਲ ਮੂੰਹ ਰਹੇ ਤੇ ਯਾਦ ਰੱਖਿਓ ਕਿ ਜੇ ਗੁਰੂ ’ਤੇ ਅਟੁੱਟ ਭਰੋਸਾ ਰਿਹਾ ਤਾਂ ਅਕਾਲ ਪੁਰਖ ਆਪ ਸਹਾਈ ਹੋਵੇਗਾ ਤੇ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ,
“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥”
ਸੋ ਜੇ ਆਪਣੀ ਥੋਥੀ ਮੱਤ ਛੱਡ ਕੇ ਗੁਰੂ ਦੀ ਸ਼ਰਨ ਵਿਚ ਆ ਜਾਓਗੇ ਤਾਂ ਭਲਾ ਹੋਵੇਗਾ ਨਹੀਂ ਤਾਂ ਸਮਝ ਲਿਓ ਕਿ ਹਜ਼ਰਤ ਬਾਬਾ ਸੁਲਤਾਨ ਬਾਹੂ ਨੇ ਇਹ ਤੁਹਾਡੇ ਲਈ ਹੀ ਲਿਖਿਆ ਹੈ,
‘ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਆਲਮ ਹੋਏ ਭਾਰੇ ਹੂ।
ਹਰਫ਼ ਇਸ਼ਕ ਦਾ ਪੜ੍ਹ ਨ ਜਾਣਨ, ਭੁੱਲੇ ਫਿਰਨ ਵਿਚਾਰੇ ਹੂ।’

ਜਗਦੀਪ ਸਿੰਘ ਫਰੀਦਕੋਟ
9815763313

‘ਪੰਥ ਚਲੈ ਤਬ ਜਗਤੁ ਮਹਿ ਜਬ ਤੁਮ ਕਰਹੁ ਸਹਾਇ’


ਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਤਾਂ ‘ਮੁਆਫੀ’…… ਕਿਉਂਕਿ ਅਸੀਂ ਕਈ ਵਾਰ ਤੁਹਾਨੂੰ ਵਿਸਾਰ ਕੇ ਹੋਰ ਰਾਹਾਂ ‘ਤੇ ਤੁਰੇ…… ਅਸੀਂ ਤੁਹਾਡੇ ਵੱਲ ਪਿੱਠ ਕੀਤੀ…… ਤੁਹਾਨੂੰ ਬੇਦਾਵਾ ਦਿੱਤਾ। ਭਾਈ ਮਹਾਂ ਸਿੰਘ ਜੀ ਦਾ ਬੇਦਾਵਾਂ ਤਾਂ ਤੁਸੀਂ ਪਲ ਵਿਚ ਪਾੜ ਦਿੱਤਾ ਸੀ…… ਪਰ ਪਾਤਸ਼ਾਹ ਅਸੀਂ ਤਾਂ ਏਨੀਆਂ ਗਲਤੀਆਂ ਕਰੀ ਬੈਠੇ ਹਾਂ ਕਿ ‘ਬੇਦਾਵਾ ਪਾੜ ਦਿਓ’ ਕਹਿਣ ਦੇ ਹੱਕਦਾਰ ਵੀ ਨਹੀਂ, ਤੇ ਨਾਲੇ ਹੱਕਦਾਰ ਤਾਂ, ਤਾਂ ਹੋਈਏ ਜੇ ਅਸੀਂ ਸਿਰਫ ਤੁਹਾਡੇ ’ਤੇ ਟੇਕ ਰੱਖੀ ਹੋਵੇ…… ਅਸੀਂ ਤਾਂ ਕਈ ਵਾਰੀ ਤੁਹਾਨੂੰ ਵਿਸਾਰ ਕੇ ਕਈਆਂ ਨੂੰ ਪਿਓ ਬਣਾਇਆ ਹੈ। ਕਦੇ ਕੁਰਸੀ ਖਾਤਰ, ਕਦੇ ਚੌਧਰ ਖਾਤਰ, ਕਦੇ ਪਦਾਰਥਾਂ ਖਾਤਰ ਤੇ ਕਦੇ…… ਕਦੇ…… ਕਦੇ।
ਪਾਤਸ਼ਾਹ, ਇਸ ਤੋਂ ਵੱਡੀ ਸਾਡੀ ਗਲਤੀ, ਬੱਜ਼ਰ ਗਲਤੀ ਕੀ ਹੋਵੇਗੀ ਕਿ ਅਸੀਂ ਤੁਹਾਡੇ ’ਤੇ ਵੀ ਉਂਗਲਾਂ ਚੁੱਕਣ ਲੱਗ ਪਏ। ਅਸੀਂ ਪਾਤਸ਼ਾਹ ਅੱਜ ਏਨੇ ਸਿਆਣੇ ਹੋ ਗਏ ਹਾਂ ਕਿ ਤੁਹਾਡੀਆਂ ਬਾਣੀਆਂ ਵਿਚ ਵੀ ਨਖੇੜਾ ਆਪ ਹੀ ਕਰਨ ਲੱਗ ਪਏ ਹਾਂ, ਜਾਂ ਸਿੱਧਾ ਕਹਿ ਲਓ ਕਿ ਅਸੀਂ ਆਪਣੇ ਆਪ ਨੂੰ ਤੁਹਾਡੇ ਤੋਂ (ਗੁਰੂ ਤੋਂ) ਵੀ ਵੱਡਾ ਸਮਝਣ ਲੱਗ ਪਏ ਹਾਂ। ਪਾਤਸ਼ਾਹ, ਪੰਥ ਨੂੰ ਸੇਧ ਦੇਣ ਵਾਲੇ ਤਕਰੀਬਨ ਸਾਰੇ (ਅ)ਵਿਦਵਾਨ ਅੱਜ ਬਹੁਤ ਜਰੂਰੀ ਕੰਮ ਵਿੱਚ ਰੁੱਝੇ ਹੋਏ ਹਨ। ਉਹ ਇਹ ਫੈਸਲਾ ਕਰ ਰਹੇ ਹਨ ਕਿ ਕਿਹੜੀ ਬਾਣੀ ਤੁਹਾਡੀ ਮੰਨਣੀ ਹੈ ਤੇ ਕਿਹੜੀ ਨਹੀਂ। ਏਥੇ ਹੀ ਬਸ ਨਹੀਂ ਕਈਆਂ ਨੂੰ ਤਾਂ ਵਿਚਾਰਿਆਂ ਨੂੰ ਰੋਟੀ ਖਾਣ ਦੀ ਵਿਹਲ ਵੀ ਨਹੀਂ ਮਿਲਦੀ, ਉਹ ਦਿਨ ਰਾਤ ਇਸੇ ਕੰਮ ਵਿਚ ਰੁੱਝੇ ਹੋਏ ਹਨ ਕਿ ਨਵੇਂ-ਨਵੇਂ ਮਸਲੇ (ਕਈ ਤਾਂ ਬਿਨਾ ਸਿਰ ਪੈਰ ਤੋਂ) ਲੱਭ ਕਿ ਲਿਆਂਦੇ ਜਾਣ ਤੇ ਕੌਮ ਦੀ ‘ਸੇਵਾ’? ਕੀਤੀ ਜਾਵੇ। ਪਰ ਪਾਤਸ਼ਾਹ ਕੀ ਪੰਥ ਵਿਚ ਬਿਲਕੁਲ ਏਕਤਾ ਨਾ ਹੋਣ ਦੇਣਾ ਤੇ ਕੌਮ ਨੂੰ ਫਾਲਤੂ ਦੇ ਮਸਲਿਆਂ ਵਿਚ ਉਲਝਾ ਕੇ ਕੌਮੀ ਸ਼ਕਤੀ ਨੂੰ ਨਸ਼ਟ ਕਰਨਾਂ ਹੀ ਸਭ ਤੋਂ ਵੱਡੀ ਸੇਵਾ ਹੈ?
ਇਹਨਾਂ ਵਿਚੋਂ ਕਈ (ਅ)‘ਵਿਦਵਾਨਾਂ’ ਨੂੰ ਤਾਂ ਪੰਥ ਵਿਚ ਕੁਝ ਵੀ ਚੰਗਾ ਨਹੀਂ ਲੱਗਦਾ। ਏਥੋਂ ਤੱਕ ਕਿ ਇਹ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਵੀ ‘ਨੁਕਸ’ ਕੱਢ ਰਹੇ ਹਨ (ਵਾਹਿਗੁਰੂ ਇਹਨਾਂ ਨੂੰ ਸੁਮੱਤ ਦੇਵੇ)।' ਕਈ ਵਾਰ ਤਾਂ ਜੀਅ ਕਰਦਾ ਹੈ ਕਿ ਇਹਨਾਂ ਨੂੰ ਜਾ ਕੇ ਕਹਿ ਦੇਈਏ ਕਿ ਜੇ ਸਿਖਾਂ ਵਿਚ ਸਭ ਕੁਝ ਮਾੜਾ ਹੀ ਹੈ ਤਾਂ ਫਿਰ ਹਿੰਦੂ ਬਣ ਜਾਓ ਜਾਂ ਕੋਈ ਹੋਰ ਧਰਮ ਗ੍ਰਹਿਣ ਕਰ ਲਓ…… ਨਾਲੇ ਸਾਡਾ ਖਹਿੜਾ ਛੁੱਟ ਜਾਉਗਾ।
ਪਾਤਸ਼ਾਹ, ਸਾਡੀਆਂ ਏਨੀਆਂ ਗਲਤੀਆਂ ਦੇ ਬਾਵਜੂਦ ਵੀ, ਭਾਵੇਂ ਅਸੀਂ ਹੱਕ ਤਾਂ ਨਹੀਂ ਰੱਖਦੇ ਕਿ ਤੁਹਾਨੂੰ ਕਹੀਏ ਕਿ ‘ਪੰਥ ਦੀ ਬਹੁੜੀ ਕਰੋ’।' ਪਰ ਤੁਹਾਡੇ ਬਿਨਾ ਸਾਡੀ ਬਾਂਹ ਹੋਰ ਕਿਸੇ ਨੇ ਨਹੀਂ ਫੜਣੀ। ਅੱਜ ਸਾਨੂੰ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕ ਪੈ ਰਿਹਾ ਹੈ ਉਸ ਸਭ ਦੀ ਵਜਹ ਅਸੀਂ ਖੁਦ ਹੀ ਹਾਂ ਤੇ ਇਹ ਪੂਰੀ ਇਮਾਨਦਾਰੀ ਨਾਲ ਸਵੀਕਾਰ ਵੀ ਕਰਦੇ ਹਾਂ।
ਨਾ ਅਸੀਂ ਡੋਗਰਿਆਂ, ਬਾਹਮਣਾ ਹੱਥ ਸ਼ਕਤੀ ਆਉਣ ਦਿੰਦੇ ਤੇ ਨਾ ‘ਖਾਲਸਾ ਰਾਜ’ ਖੁੱਸਦਾ। ਨਾ ਅਸੀਂ ਗਾਂਧੀ, ਨਹਿਰੂ ਵਰਗੇ ਸ਼ਾਤਰਾਂ ’ਤੇ ਭਰੋਸਾ ਕਰਦੇ ਤੇ ਨਾ ਕੌਮ ਨੂੰ ਅੱਜ ‘ਪਰਾਏ ਬਾਰਾਂ’ ’ਤੇ ਭਟਕਣਾ ਪੈਂਦਾ। ਪਰ ਪਾਤਸ਼ਾਹ ਸਾਡੀ ਲਡਿਰਸ਼ਿੱਪ ਦੀਆਂ ਗਲਤੀਆਂ ਦੀ ਸਜ਼ਾ ਸਾਨੂੰ ਕਿਉਂ ਮਿਲ ਰਹੀ ਹੈ। ਜਿਹਨਾਂ ਗਲਤੀਆਂ ਕੀਤੀਆਂ ਉਹ ਤਾਂ ਐਸ਼ ਦੀ ਜ਼ਿੰਦਗੀ ਭੋਗਦੇ ਮਰ ਗਏ ਤੇ ਕੁਝ ਅਜੇ ਵੀ ਭੋਗ ਰਗੇ ਹਨ। ਪਰ ਰੁਲ ਤਾਂ ਪਾਤਸ਼ਾਹ ਉਹ ਗਰੀਬ ਸਿਖ ਰਹੇ ਹਨ ਜਿਹਨਾਂ ਨੂੰ ਤੁਸੀਂ ‘ਪਾਤਸ਼ਾਹੀ’ ਬਖ਼ਸ਼ੀ ਸੀ। ……ਤੇ ਉਹ ਪਾਤਸ਼ਾਹੀ ਉਹਨਾਂ ਗਰੀਬ ਸਿਖਾਂ ਨੇ ਨਹੀਂ ਗਵਾਈ, ਸਗੋਂ ਗੱਦਾਰ ਤੇ ਧੋਖੇਬਾਜ਼ ਲੀਡਰਾਂ ਨੇ ਖੁਹਾਈ ਹੈ। ਪਾਤਸ਼ਾਹ ਮਿਹਰ ਕਰੋ ਤੇ ਇਸ ਮੱਕਾਰ ਲੀਡਰਸ਼ਿੱਪ ਤੋਂ ਕੌਮ ਦਾ ਖਹਿੜਾ ਛੁਡਾਓ।
ਗਰੀਬ ਸਿਖ ਤਾਂ ਪਾਤਸ਼ਾਹ ਅੱਜ ਵੀ ਸਿਧਾਂਤ ਤੋਂ, ਪੰਥ ਤੋਂ ਆਪਾ ਕੁਰਬਾਨ ਕਰਨ ਨੂੰ ਤਿਆਰ ਬੈਠੇ ਹਨ, ਤੇ ਕਰ ਵੀ ਰਹੇ ਹਨ…… ਬਸ ਝੋਰਾ ਤਾਂ ਇਸ ਗੱਲ ਦਾ ਹੈ ਕਿ ਕੋਈ ਬਾਂਹ ਫੜ੍ਹਣ ਵਾਲਾ ਨਹੀਂ। ਅੱਜ ਕੋਈ ਐਸਾ ਸੂਰਾ ਨਹੀਂ ਬਚਿਆ ਜਿਹੜਾਂ ਗਰਜ਼ਵੀਂ ਆਵਾਜ਼ ਵਿਚ ਕਹੇ, “ਪਰ ਜੇ ਕੋਈ, ਐਸੇ ਸਮੇਂ ਵਿਚ ਸ਼ਾਂਤੀ ਪੂਰਵਕ ਚੱਲਦਿਆਂ ਹੋਇਆਂ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰੇ, ਇਹ ਨਹੀਂ ਕਿ ਆਪਣੀਆਂ ਭੈਣਾਂ ਦੀ ਇੱਜ਼ਤ ਲੁਟਾ ਕੇ ਵੀ ਸ਼ਾਂਤੀ ਰੱਖਣੀ ਐਂ, ਐਸੀ ਆਗਿਆ ਨਹੀਂ, ਓਸ ਵੇਲੇ ਆਪਣਾ ਹੱਕ ਜਰੂਰ ਲੈਣੈ……” ਜਾਂ “ਅਸੀਂ 1947 ਵਿਚ ਟੋਪੀ ਤੇ ਜਨੇਊ ਨੂੰ ਆਜ਼ਾਦ ਕਰਵਾਇਐ ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਵਾਉਣੀ ਐਂ, ਇਹ ਗੁਲਾਮੀ ਦੇ ਥੱਲੇ ਨਈ ਰਹਿਣ ਦੇਣੀ”
ਏਥੇ ਤਾਂ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ। ਜਦੋਂ ਵੀਹਵੀ ਸਦੀ ਦੇ ਆਖਰੀ ਦਹਾਕਿਆਂ ਵਿਚ ਸਿਖ ਆਜ਼ਾਦੀ ਲਈ ਚੱਲ ਰਹੀ ਜੱਦੋ-ਜਹਿਦ ਪੂਰੇ ਜੋਬਨ ’ਤੇ ਸੀ ਤਾਂ ਉਦੋਂ ਇਹ ਪਖੰਡੀ ਤੇ ਗਦਾਰ ਰਾਜਨੇਤਾ ਖਾੜਕੂ ਸਿੰਘਾਂ ਅੱਗੇ ਹੱਥ ਜੋੜ ਕੇ ਖੜ੍ਹੇ ਰਹਿੰਦੇ ਸਨ ਤੇ ਦਿੱਲੀ ਦਰਬਾਰ ਨੂੰ ਗਾਲ੍ਹਾਂ ਕੱਢਦੇ ਥੱਕਦੇ ਨਹੀਂ ਸਨ। ਅੱਜ ਇਹਨਾਂ ਨੇ ਇਹੀ ਹੱਥ ਦਿੱਲੀ ਦਰਬਾਰ ਸਾਹਮਣੇ ਜੋੜੇ ਹੋਏ ਹਨ, ਜਾਂ ਕਹਿ ਲਓ ਅੱਡੇ ਹੋਏ ਹਨ, ਸੱਤਾ ਦੀ ਭੀਖ ਮੰਗਣ ਲਈ। ਖਾੜਕੂ ਸਿੰਘਾਂ ਨੂੰ ਜਥੇਦਾਰ-ਜਥੇਦਾਰ ਕਹਿੰਦੇ ਨਾ ਥੱਕਣ ਵਾਲੇ ਪਖੰਡੀ ਅੱਜ ਉਹਨਾਂ ਨੂੰ ਅੱਤਵਾਦੀ ਤੋਂ ਬਿਨਾਂ ਨਹੀਂ ਬੋਲਦੇ। ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਆਪਣੇ ਹੱਥੀਂ ਸਾੜਣ ਵਾਲੇ ਅੱਜ ਉਸੇ ਸੰਵਿਧਾਨ ਨੇ ਸਭ ਤੋਂ ਵੱਡੇ ਰਾਖੇ ਬਣੇ ਬੈਠੇ ਹਨ।
ਭਾਵੇਂ ਪਾਤਸ਼ਾਹ ਇਹਨਾਂ ਲੀਡਰਾਂ ਨੇ ਪੰਥ ਨਾਲ ਧ੍ਰੋਹ ਕਮਾਉਣ ਵਿਚ ਕੋਈ ਕਸਰ ਨਹੀਂ ਛੱਡੀ, ਪਰ ਫਿਰ ਵੀ ਅਣਖੀ ਸਿਖ ਖੁਨ ਜਦੋਂ ਵੀ ਲੋੜ ਪਈ ਹੈ ਡੁੱਲਦਾ ਰਿਹਾ ਹੈ। ਡੇਢ ਲੱਖ ਦੇ ਕਰੀਬ ਅਣਖੀਲੇ ਨੌਜੁਆਨ ਪਾਤਸ਼ਾਹ ਤੇਰੇ ਪੰਥ ਤੋਂ ਆਪਣੇ ਲਹੂ ਦਾ ਆਖਰੀ ਕਤਰਾ ਤੱਕ ਕੁਰਬਾਨ ਕਰ ਗਏ ਹਨ। ਸ਼ਹੀਦ ਭਾਈ ਇੰਦਰਜੀਤ ਸਿੰਘ ਕਰਨਾਲ ਤੋਂ ਲੈ ਕੇ ਸ਼ਹੀਦ ਭਾਈ ਦਿਲਾਵਰ ਸਿੰਘ ‘ਬੱਬਰ’ ਤੱਕ ਤੇ ਅੱਜ ਸ਼ਹੀਦ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਬਲਕਾਰ ਸਿੰਘ ਜਾਮਾਰਾਏ ਤੇ ਸ਼ਹੀਦ ਭਾਈ ਹਰਮੰਦਰ ਸਿੰਘ ਡੱਬਵਾਲੀ ਦੇ ਰੂਪ ਵਿਚ ਸੂਰਮੇਂ ਗੁਰੂ ਗ੍ਰੰਥ ਅਤੇ ਪੰਥ ਦੀ ਆਨ ਅਤੇ ਸ਼ਾਨ ਦੀ ਕਾਇਮੀਂ ਲਈ ਛਾਤੀਆਂ ਵਿਚ ਗੋਲੀਆਂ ਖਾ ਰਹੇ ਹਨ। ਕੁਰਬਾਨੀਆਂ ਕਰਨ ਵਾਲਿਆਂ ਦੀ ਅਜੇ ਵੀ ਕੋਈ ਘਾਟ ਨਹੀਂ,
‘ਅਸੀਂ ਅੱਜ ਵੀ ਮੀਰ ਹਾਂ ਆਸ਼ਕਾਂ ਦੇ ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ,
ਅਸੀਂ ਅੱਜ ਵੀ ਤਲੀ ’ਤੇ ਸੀਸ ਧਰਕੇ ਗਲ਼ੀ ਯਾਰ ਦੀ ਪਹੁੰਚਣਾ ਜਾਣਦੇ ਹਾਂ।’
ਅਜੇ ਵੀ ਕਈ ਭਾਈ ਜਗਤਾਰ ਸਿੰਘ ‘ਹਵਾਰੇ’ ਬੱਬਰ, ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਤੇਰੇ ਦੂਲੇ ਸ਼ੇਰ ਦਿੱਲੀ ਦਰਬਾਰ ਦੇ ਮੂਹਰੇ ਛਾਤੀਆਂ ਤਾਣ ਕੇ ਤਖ਼ਤੇ ’ਤੇ ਖੜ੍ਹੇ ਫਾਂਸੀ ਦੇ ਰੱਸੇ ਵਾਲ ਤੱਕ ਕੇ ਮੁਸਕੁਰਾ ਰਹੇ ਨੇ। ਸੱਚਮੁੱਚ ਪਾਤਸ਼ਾਹ ਅਜੇ ਵੀ ਸਾਡੀਆਂ ਰਗ਼ਾਂ ਵਿਚ ਤੁਹਾਡਾ ਖੂਨ ਵਹਿ ਰਿਹਾ ਹੈ, ਬਸ ਲੋੜ ਤਾਂ ਹੈ ਕਿਸੇ ਸੁਯੋਗ ਅਗਵਾਈ ਦੀ।
ਕੋਈ ਆਵੇ, ਜਿਹੜਾ ਪੰਜਾਬ ਦੀ ਆਜ਼ਾਦੀ ਦੀ ਖਾਤਰ ਜੂਝ ਕੇ ਸ਼ਹੀਦ ਹੋਏ ਲੱਖਾਂ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀਆਂ ਹੁਬਕੋ-ਹੁਬਕੀ ਰੋ ਰਹੀਆਂ ਮਾਵਾਂ ਦੇ ਹੰਝੂ ਪੂੰਝੇ ਤੇ ਉਹਨਾਂ ਦੀ ਗੋਦੀ ਵਿਚ ਸਿਰ ਰੱਖ ਕੇ ਉਹਨਾਂ ਨੂੰ ਪੁੱਤਰਾਂ ਵਾਲਾ ਆਸਰਾ ਦੇਵੇ, ਬੁੱਢੇ ਬਾਪੂਆਂ ਦੀ ਡੰਗੋਰੀ ਬਣੇ, ਧੀਆਂ ਦੇ ਸਿਰ ਪਲੂਸੇ ਤੇ ਪਿਉ ਬਣ ਕੇ ਉਹਨਾਂ ਦੀਆਂ ਡੋਲੀਆਂ ਤੋਰੇ। ਸਚੁਮੱਚ ਪਾਤਸ਼ਾਹ ਸ਼ਹੀਦਾਂ ਦੇ ਇਹ ਪਰਿਵਾਰ ਰੁਲ ਰਹੇ ਹਨ। ਇਹਨਾਂ ਦੇ ਪੁੱਤਰਾਂ ਨੇ ਪੰਥ ਤੋਂ ਜਾਨ ਵਾਰਨ ਲੱਗਿਆਂ ਨੇ ਪਲ ਨਹੀਂ ਲਾਇਆ…… ਤੇ ਕੀ ਪੰਥ ਦਾ ਇਹਨਾਂ ਪ੍ਰਤੀ ਕੋਈ ਫਰਜ਼ ਨਹੀਂ?....... ਕਿਸੇ ਦੇ ਮਕਾਨ ਦੀ ਛੱਤ ਡਿੱਗੀ ਹੋਈ ਹੈ…… ਕਿਸੇ ਦੀ ਧੀ ਕਾਲਜ (ਸ਼੍ਰੋਮਣੀ ਕਮੇਟੀ ਵਾਲਿਆਂ ਦੇ ਕਾਲਜ) ਵਾਲਿਆਂ ਨੇ ਫੀਸ ਨਾ ਦੇਣ ਕਾਰਨ ਕਾਲਜ ਵਿਚੋਂ ਕੱਢ ਦਿੱਤੀ ਹੈ…… ਕਿਸੇ ਦੀ ਕੁੜੀ ਦਾ ਮੁੰਡੇ ਵਾਲਿਆਂ ਨੇ ਰਿਸ਼ਤਾ ਛੱਡ ਦਿੱਤਾ ਹੈ ਇਹ ਕਹਿ ਕੇ ਕਿ “ਅਸੀਂ ਨ੍ਹੀਂ ਅੱਤਵਾਦੀਆਂ ਦੇ ਆਵਦਾ ਮੁੰਡਾ ਵਿਆਹੁਣਾ”…… ਪਾਤਸ਼ਾਹ ਕੌਣ ਫੜੇਗਾ ਇਹਨਾਂ ਵਿਲਕਦੇ ਪਰਿਵਾਰਾਂ ਦੀ ਬਾਂਹ, ਇਹਨਾਂ ਰੋਂਦਿਆਂ ਨੂੰ ਕੌਣ ਚੁੱਪ ਕਰਾਏਗਾ, ਕੀ ਕਦੇ ਇਹਨਾਂ ਦੇ ਘਰਾਂ ਵਿਚ ਵੀ ਖੁਸ਼ੀ ਆਏਗੀ?
ਸੁਣਿਆਂ ਹੈ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਸਿੰਘਾਂ ਨੇ ਰਾਤ ਨੂੰ ਚੜ੍ਹਦੀ ਕਲਾ ਵਾਲੀ ਅਰਦਾਸ ਕੀਤੀ ਪਰ ਅੰਤ ਵਿਚ ਇਹ ਸ਼ਬਦ ਵੀ ਕਹੇ,
“ਪੰਥ ਕੀ ਜੋ ਰਾਖੋਗੇ ਤੋਂ ਗ੍ਰੰਥ ਕੀ ਰਹੇਗੀ ਨਾਥ,
ਪੰਥ ਨਾ ਰਹੇਗਾ ਤੋਂ ਗ੍ਰੰਥ ਕੌਣ ਮਾਨੈਗੋ”
ਸਚੁਮੱਚ ਪਾਤਸ਼ਾਹ ਅੱਜ ਅਸੀਂ ਵੀ ਇਸੇ ਹਾਲਤ ਵਿਚ ਹਾਂ। ਜਦੋਂ ਅਸੀਂ ਪੜ੍ਹਦੇ ਹਾਂ,
“ਮਥੈ ਟਿਕਾ ਤੇੜਿ ਧੋਤੀ ਕਖਾਈ ॥
ਹਥਿ ਛੁਰੀ ਜਗਤ ਕਾਸਾਈ ॥”
“ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥”
“ਗੋਂਡ ॥
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ 'ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥2॥6॥”
“ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥
ਤਾਂ ਅਗਲੇ ਔਖੇ ਹੁੰਦੇ ਹਨ। ਸਾਡੀ ਕਥਾ ਵੀ ਸੈਂਸਰ ਹੋਣ ਲੱਗ ਪਈ ਹੈ। ਜਿਹੜੀ ਕਥਾ ਤੇ ਕੀਰਤਨ ਅਗਲਿਆਂ ਨੂੰ ਪ੍ਰਵਾਨ ਹੈ ਉਹੀ ਟੀ.ਵੀ. ’ਤੇ ਚੱਲਦਾ ਹੈ। ਨਹੀਂ ਤਾਂ ਅਗਲੇ ਕਹਿੰਦੇ, “ਹਮਾਰੀ ਧਾਰਮਿਕ ਭਾਵਨਾਓ ਕੋ ਠੇਸ ਪਹੰਚਦੀ ਹੈ”।'ਕੀ ਬਣੇਗਾ ਪਾਤਸ਼ਾਹ…… (ਕੁਝ ਸਾਲ ਪਹਿਲਾਂ ਗੋਇੰਦਵਾਲ ਸਾਹਿਬ ਵਿਖੇ ਕਰਵਾ ਚੌਥ ਵਾਲੇ ਦਿਨ ਕਿਸੇ ਸਿੰਘ ਨੇ ਵਰਤਾਂ ਬਾਰੇ ਗੁਰਬਾਣੀ ਦੇ ਵਿਚਾਰ ਸੰਗਤਾਂ ਨੂੰ ਸੁਣਾ ਦਿੱਤੇ ਤੇ ਉੱਥੋਂ ਦੀਆਂ ਸਾਰੀਆਂ ਹਿੰਦੂ ਜਥੇਬੰਦੀਆਂ ਦੇ ਮੈਂਬਰ ਉਸ ਸਿੰਘ ਨੂੰ ਧਮਕਾਉਣ ਲਈ ਇਕੱਠੇ ਹੋ ਕੇ ਆ ਗਏ। ਗੁਰਦੁਆਰਾ ਕਮੇਟੀ ਨੇ ਇਸ ਗੱਲ ’ਤੇ ਸਮਝੌਤਾ ਕੀਤਾ ਕਿ ਅੱਗੇ ਤੋਂ ਐਸੀ ਕਥਾ ਨਹੀਂ ਹੋਵੇਗੀ)…… ਕੱਲ ਨੂੰ ਇਹ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਗੱਲ ਨੂੰ ਆਧਾਰ ਬਣਾ ਕੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ’ਤੇ ਹੀ ਪਾਬੰਦੀ ਲਵਾਉਣ ਬਾਰੇ ਰੌਲਾ ਪਾਉਣਗੇ। ਤੇ ਫੇਰ ਕੀ ਅਸੀਂ ਗੁਰਬਾਣੀ ਵਿਚੋਂ ਉਹ ‘ਕਰੜੇ’ (ਇਹਨਾਂ ਅਨੁਸਾਰ) ਸ਼ਬਦ ਕੱਢ ਦੇਵਾਂਗੇ?
ਕਿਸੇ ਸੁਯੋਗ ਅਗਵਾਈ ਦੀ ਘਾਟ ਅਤੇ ਕਿਸੇ ਕਿਰਦਾਰ ਵਾਲੇ ਲੀਡਰ ਦੀ ਅਣਹੋਂਦ ਕਾਰਨ ਅੱਜ ਦੀ ਜਵਾਨੀ ਪੰਥ ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਬੇਦਾਵਾ ਦੇ ਰਹੀ ਹੈ। ਜਿਨ੍ਹਾਂ ਦੇ ਸਿਰ ਉੱਤੋਂ ਤੁਸੀਂ ‘ਚਾਰ’ ਵਾਰੇ ਅੱਜ ਉਹਨਾਂ ਦੀਆਂ ਸ਼ਕਲਾਂ ਵੀ ਤੁਹਾਡੇ ਨਾਲ ਨਹੀਂ ਮਿਲਦੀਆਂ। ਕਿਸੇ ਹੋਰ ਨਸਲ ਦੀ ਪਿਉਂਦ ਤੇਰੇ ਪੰਥ ਨੂੰ ਚੜ੍ਹਾ ਦਿੱਤੀ ਗਈ ਹੈ ਜਾਂ ਸਹੀ ਅਰਥਾਂ ਵਿਚ ਕੌਮ ਦੀ ਨਸਲਕੁਸ਼ੀ ਕਰ ਦਿੱਤੀ ਗਈ ਹੈ। ਅੱਜ ਆਪਣੇ ਵਿਰਸੇ ਨੂੰ ਭੁੱਲੀ ਇਸ ਪੀੜੀ ਨੇ ਸਾਰੀ ਸ਼ਰਮ ਲਾਹ ਕੇ ਸੁੱਟ ਦਿੱਤੀ ਹੈ। ਗਜ਼ਨੀ ਦੇ ਬਜ਼ਾਰਾਂ ਵਿਚ ਸ਼ਰੇਆਮ ਟਕੇ-ਟਕੇ ਨੂੰ ਵਿਕਦੀ ਲੋਕਾਂ ਦੀ ਇੱਜ਼ਤ ਨੂੰ ਬਚਾਉਣ ਵਾਲੇ ਸੂਰਮਿਆਂ ਦੇ ਵਾਰਸ (ਭਾਵੇਂ ਇਹ ਵਾਰਸ ਅਖਵਾਉਣ ਦੇ ਹੱਕਦਾਰ ਵੀ ਨਹੀਂ) ਅੱਜ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਲੁਟੇਰੇ ਬਣੇ ਬੈਠੇ ਨੇ। ਭੈਣਾਂ ਦੇ ਸਿਰਾਂ ਦੀਆਂ ਚੁੰਨੀਆਂ ਦੇ ਰਾਖੇ ਅੱਜ ਆਪਣੀਆਂ ਭੈਣਾਂ ਦੀਆਂ ਚੁੰਨੀਆਂ ਲੁਹਾ ਕੇ ਸਟੇਜ਼ ਉੱਤੇ ਹੱਥ ਫੜ੍ਹ ‘ਨਾਗ ਸਾਂਭ ਲੈ ਜ਼ੁਲਫਾਂ ਦੇ’ ਵਰਗੇ ਗਾਣਿਆਂ ’ਤੇ ਨੱਚਦੇ ਹਨ। …… ਤੇ ਬੇਗ਼ੈਰਤ ਮਾਪੇ ਥੱਲੇ ਕੁਰਸੀਆਂ ’ਤੇ ਬੈਠੇ ਨਾਲਦਿਆਂ ਨੂੰ ਦੱਸ ਰਹੇ ਹੁੰਦੇ ਹਨ, “ਸਾਡੀ ਦਵਿੰਦਰ (ਨਾਮ ਕੋਈ ਵੀ ਹੋ ਸਕਦਾ ਹੈ, ਹਰਿੰਦਰ, ਨਰਿੰਦਰ, ਲਖਵਿੰਦਰ, ਰਾਜਬੀਰ, ਹਰਲੀਨ ਆਦਿ ਕੋਈ ਵੀ, ਕਿਉਂਕਿ ਸਬ ਦਾ ਇਹੀ ਹਾਲ ਹੈ) ਕਿੰਨਾ ਸੋਹਣਾ ਨੱਚਦੀ ਹੈ ਨਾ…… ਇਹਨੂੰ ਤਾਂ ਜੀ ਬੱਸ ਨੱਚਣ ਦਾ ਹੀ ਸ਼ੌਂਕ ਹੈ…… ਜਦੋਂ ਇਹ ਛੋਟੀ ਜਹੀਂ ਹੁੰਦੀ ਸੀ ਲੱਕ ਤਾਂ ਓਦੋਂ ਹੀ ਬਹੁਤ ਵਧੀਆ ਹਿਲਾਉਣ ਲੱਗ ਪਈ ਸੀ…… ਨਖ਼ਰਾ ਤਾਂ ਜੀ ਇਸ ਵਿਚ ਓਦਾਂ ਹੀ ਬਹੁਤ ਐ…… ਸਾਰੇ ਕਾਲਜ਼ ‘ਚ ਇਸ ਦੀ ਨੱਚਣ ‘ਚ ਝੰਡੀ ਐ ਜੀ…… ਆਦਿ ਆਦਿ” ਦੱਸੋ ਕੀ ਪ੍ਰਾਪਤੀਆਂ ਗਿਣਾ ਰਹੇ ਨੇ ਆਵਦੀ ਲਾਡਲੀ ਦੀਆਂ, ਸਾਰੀਆਂ ਆਦਤਾਂ ਕੰਜਰਾਂ ਆਲੀਆਂ। ਤੇ ਅਜਿਹੀ ‘ਹੋਣਹਾਰ’? ਲਾਡਲੀ ਨੂੰ ਕਦੇ ਪੁੱਛੋ, “ਪੁੱਤ ਮਾਤਾ ਭਾਗ ਕੌਰ ਕੌਣ ਸੀ?” ਤਾਂ ਜਵਾਬ ਦੇਵੇਗੀ, “ਪਲੀਜ਼ ਅੰਕਲ…… ਮੈਨੂੰ ਬੋਰ ਨਾ ਕਰੋ…… ਹਿਸਟਰੀ ਬਾਰੇ ਮੈਨੂੰ ਕੁਝ ਨਹੀਂ ਪਤਾ” ਅਗਲਾ ਮਨ ਵਿਚ ਸੋਚਦਾ ਹੈ, “ਝੱਲੀਏ ਜੇ ਹਿਸਟਰੀ ਬਾਰੇ ਨਹੀਂ ਪਤਾ ਤਾਂ ਹੀ ਆਹ ਹਾਲ ਹੈ, ਨਹੀਂ ਤਾਂ ਤੂੰ ਕਦੇ ਨਚਾਰ ਨਾ ਬਣਦੀ।”
“ਤਾਗਾ ਤਾਗਾ ਹੋ ਜਾਂਦੀ ਕਬੀਲਦਾਰ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ,
ਪਾਰਸ ਮਿਟ ਜਾਂਦੀ ਅੱਖ਼ਰ ਗਲਤ ਵਾਂਗਰ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ”
ਇੱਕ ਇਕੱਲੀ ਦੀ ਗੱਲ ਨਹੀਂ ਪਾਤਸ਼ਾਹ ਸਾਰੀ ਕੌਮ ਹੀ ਨਚਾਰਾਂ ਦੀ ਬਣਦੀ ਜਾ ਰਹੀ ਹੈ। ਸਾਡੇ ਜੁਝਾਰੂਪੁਣੇ ਨੂੰ ਵੀ ਕੁੜੀਆਂ ਪਿੱਛੇ ਲੜ੍ਹ ਕੇ ਇੱਕ ਦੂਜੇ ਦੇ ਸਿਰ ਪਾੜ ਦੇਣ ਵਾਲੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਵਿਚ ਕੁਝ ਨਾ ਕੁਝ ਸੱਚਾਈ ਵੀ ਜ਼ਰੂਰ ਹੈ। ਸਾਡੇ ‘ਯੋਧੇ’ ਅੱਜ ਕੱਲ ਕੁੜੀਆਂ ਦੇ ਸਕੂਲਾਂ-ਕਾਲਜ਼ਾਂ ਦੇ ਗੇਟਾਂ ਮੂਹਰੇ ਜੋਰ ਅਜ਼ਮਾਇਸ਼ਾਂ ਕਰਦੇ ਹਨ। ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕੌਮ ਉੱਤੇ, ਦੇਸ ਪੰਜਾਬ ਉੱਤੇ ਝੁੱਲ ਰਹੀਆਂ ਕਾਲੀਆਂ, ਬੋਲੀਆਂ, ਤੂਫਾਨੀ ਹਨੇਰੀਆਂ ਨਾਲ। ਇਹਨਾਂ ਲਈ ਤਾਂ ਬਸ ਫੁੱਲ ਸਪੀਡ ’ਤੇ ਮੋਟਰ ਸਾਈਕਲ ਭਜਾ ਕੇ ਉਸਦਾ ਅਗਲਾ ਟਾਇਰ ਚੁੱਕ ਦੇਣਾ ਹੀ ਵੱਡੀ ਬਹਾਦਰੀ ਹੈ। ਅੱਬਲ ਤਾਂ ਇਹਨਾਂ ਨੂੰ ਸਾਰਾ ਦਿਨ ਮੋਬਾਇਲ ਹੀ ਵਿਹਲੇ ਨਹੀਂ ਹੋਣ ਦਿੰਦੇ ਤੇ ਜੇ ਕਿਤੇ ਵਿਹਲ ਮਿਲ ਵੀ ਜਾਵੇ ਤਾਂ ਜਰਦਾ, ਬੀੜੀਆਂ, ਗੋਲੀਆਂ, ਟੀਕੇ, ਸਮੈਕ, ਸ਼ਰਾਬ ਇਹਨਾਂ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ।
ਪਹਿਲਾਂ, ਜਦੋਂ ਇਹਨਾਂ ਵਿਚ ਮਾੜੀ ਮੋਟੀ ਅਣਖ ਜਿਉਂਦੀ ਸੀ, ਤਾਂ ਇਹ ਸਰਾਬ ਪੀ ਕੇ ਵੀ ਗਾਉਂਦੇ ਸਨ, “ਅੱਗ ਲਾ ਕੇ ਫੂਕ ਦੂ ਲੰਦਨ ਸ਼ਹਿਰ ਨੂੰ…… ਬੂਰਰਰਰਰਰ…… ਅਅਅਅਅਅ”
ਜਨਰਲ ਡਾਇਰ ਦੀਆਂ ਜ਼ਲ੍ਹਿਆਂ ਵਾਲੇ ਬਾਗ ਵਿਚ ਚਲਾਈਆਂ ਗੋਲੀਆਂ ਦਾ ਗੁੱਸਾ ਦਾਰੂ ਪੀ ਕੇ ਵੀ ਮਨ ਵਿਚ ਰੱਖਦੇ ਸਨ। ਪਰ ਹੁਣ ਕੌਮ ’ਤੇ ਜ਼ਲ੍ਹਿਆਂ ਵਾਲੇ ਬਾਗ਼ ਤੋਂ ਵੀ ਵੱਡੇ ਕਿੰਨੇ ਘੱਲੂਘਾਰੇ ਵਾਪਰ ਗਏ ਪਰ ਇਹਨਾਂ ਦੇ ਗੀਤਾਂ ਦਾ ਹਿੱਸਾ ਨਹੀਂ ਬਣੇ। ਇਹਨਾਂ ਕਦੇ ਦਿੱਲੀ ਵੱਲ ਮੂੰਹ ਕਰਕੇ ਨਹੀਂ ਕਿਹਾ, “ਢਾਹਵਾਂ ਦਿੱਲੀ ਦੇ ਕਿੰਗਰੇ……”
ਹੁਣ ਤਾਂ ਦਾਰੂ ਨਾਲ ਰੱਜ ਕੇ ਇਹ ਬੱਸ ਏਨਾ ਗਾਉਣ ਜੋਗੇ ਹੀ ਹਨ,
‘ਬਾਬੇ ਦੀ ਫੁੱਲ ਕਿਰਪਾ ਜੱਟ ਮਾਰਦਾ ਫਿਰੇ ਲਲਕਾਰੇ’
‘ਕਹਿੰਦਾ ਸੀ ਚਮਕੀਲਾ ਨਾਲੇ ਜਾਊ ਲਾਲ ਪਰੀ’ (ਚਮਕੀਲਾ ਵੇਖੋ ਇਹਨਾਂ ਨੇ ਮਹਾਂਪੁਰਖ ਲੱਭਿਆ)
‘ਜੇ ਪੀਣੀ ਛੱਡ ਤੀ ਜੱਟਾਂ ਨੇ ਫਿਰ ਕੌਣ ਮਾਰੂ ਲਲਕਾਰੇ’
ਜਿਵੇਂ ਜੇ ਲਲਕਾਰੇ ਨਾ ਵੱਜੇ ਤਾਂ ਪਤਾ ਨਈ ਕੌਮ ਦਾ ਜਾਂ ਮਨੁੱਖਤਾ ਦਾ ਕਿੱਡਾ ਕੁ ਵੱਡਾ ਨੁਕਸਾਨ ਹੋ ਜਾਏਗਾ। ਸ਼ਾਇਦ ਇਹਨਾਂ ਨੂੰ ਨਹੀਂ ਪਤਾ ਕਿ ਹੁਣ ਹਕੂਮਤਾਂ ਥੋਡੇ ਫੋਕੇ ਲਲਕਾਰਿਆਂ ਤੋਂ ਨਈ ਡਰਦੀਆਂ ਕਿਉਂਕਿ ਉਹਨਾਂ ਨੂੰ ਪਤੈ ਕਿ ਤੁਸੀਂ ਹੁਣ ਲਲਕਾਰੇ ਮਾਰ ਕੇ ਵੱਧ ਤੋਂ ਵੱਧ ਘਰਵਾਲੀ ਨੂੰ ਕੁੱਟ ਸਕਦੇ ਓ ਤੇ ਜਾਂ ਫਿਰ ਧੀਆਂ ਭੈਣਾਂ ਮੂਹਰੇ ਨੰਗੀਆਂ ਗਾਲ੍ਹਾਂ ਕੱਢ ਸਕਦੇ ਓ…… ਜ਼ਾਲਮ ਸਰਕਾਰਾਂ ਦਾ ਕੁਝ ਨਈ ਵਿਗਾੜ ਸਕਦੇ। ਤੇ ਜਿਹਨਾਂ, ਆਪਣੇ ਬਾਪੂਆਂ, ਦੇ ਸਿਰ ’ਤੇ ਇਹ ਲਲਕਾਰੇ ਮਾਰਦੇ ਨੇ ਉਹਨਾਂ ਦੀ ਹਾਲਤ ਵੀ ਪੁੱਛਿਆਂ ਹੀ ਜਾਣੀਦੀ ਹੈ। ਸਚੁਮੱਚ ਪਾਤਸ਼ਾਹ, ਲੋਕਾਂ ਦਾ ਢਿੱਡ ਭਰਨ ਵਾਲੇ ਤੇਰੇ ਕਿਰਤੀ ਪੁੱਤ ਅੱਜ ਕਰਜ਼ੇ ਦੇ ਬੋਝ ਥੱਲੇ ਪੀਸੇ ਗਏ ਹਨ ਤੇ ਵਿਚਾਰੇ ਨਿੱਤ ਦਿਹਾੜੀ ਗਲਾਂ ਵਿਚ ਫਾਹੇ ਪਾ ਕੇ ਖੁਦਕੁਸ਼ੀਆਂ ਕਰ ਰਹੇ ਹਨ।
ਚਾਰੇ ਪਾਸੇ ਹਨੇਰਾ ਹੈ ਪਾਤਸ਼ਾਹ। ਕੋਈ ਵੀ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਕੋਈ ਇੱਕ ਵੀ ਆਗੂ ਪੰਥ ਕੋਲ ਅਜਿਹਾ ਨਹੀਂ ਬਚਿਆ ਜਿਸ ਵੱਲ ਉਂਗਲ ਕਰ ਕੇ ਕਿਹਾ ਜਾ ਸਕਦਾ ਹੋਵੇ ਕਿ ਬਈ ਇਹ ਸੱਚਾ-ਸੁੱਚਾ, ਨਿਰਸੁਆਰਥ ਤੇ ਇਮਾਨਦਾਰ ਲੀਡਰ ਹੈ ਤੇ ਜੇ ਕੋਈ ਇੱਕ ਅੱਧਾ ਹੈ ਵੀ ਤਾਂ ਓਹਨੂੰ ਇਹਨਾਂ ਦੀ ਗੰਦੀ ਰਾਜਨੀਤੀ ਉੱਤੇ ਨਈ ਉੱਠਣ ਦਿੰਦੀ।
ਤੁਸੀਂ ਪਾਤਸ਼ਾਹ ਜੰਗ ਵਿਚ ਜਾਂਦੇ ਬਾਬਾ ਜੁਝਾਰ ਸਿੰਘ ਨੂੰ ਕਿਹਾ ਸੀ,
‘ਬੇਟਾ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ,
ਸਰ ਭੇਂਟ ਕਰੋ ਤਾਂ ਕਿ ਚਲੇ ਧਰਮ ਕੀ ਨਈਆ’
ਅਸੀਂ ਮੰਨਦੇ ਆਂ ਪਾਤਸਾਹ ਕਿ ਨੌਜੁਆਨ ਪੀੜੀ ਪੰਥ ਦੇ ਬੇੜੇ ਦੀ ਮਲਾਹ ਹੈ ਤੇ ਪਿਛਲੇ ਸੰਘਰਸ਼ ਦੇ 15-20 ਸਾਲਾਂ ਦੌਰਾਨ ਨੌਜੁਆਨਾਂ ਨੇ ਮਲਾਹ ਬਣ ਕੇ ਵੀ ਦਿਖਾਇਆ ਹੈ। ਪੰਥ ਦਾ ਬੇੜਾ ਤੁਰਦਾ ਰੱਖਣ ਲਈ ਲੱਖਾਂ ਦੀ ਗਿਣਤੀ ਵਿਚ ‘ਸਰ ਭੇਂਟ’ ਕੀਤੇ ਵੀ ਹਨ…… ਪਰ ਪਾਤਸ਼ਾਹ ਜਦ ਆਗੂ ਹੀ ਗੱਦਾਰ ਹੋ ਜਾਣ ਤਾਂ…… ਪੈਰ-ਪੈਰ ਤੇ ਪਾਤਸ਼ਾਹ ਸਾਨੂੰ ਗੱਦਾਰੀਆਂ, ਧੋਖੇਬਾਜ਼ੀਆਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹੀ, ਪੰਥ ਦੀ ਪਿੱਠ ਵਿਚ ਛੁਰਾ ਖਭੋਣ ਵਾਲੇ ਗੱਦਾਰ, ਅੱਜ ‘ਸਭ ਕਾਸੇ’ ਦੇ ਮਾਲਕ ਬਣੇ ਬੈਠੇ ਹਨ।
ਬਸ ਪਾਤਸ਼ਾਹ…… ਹੁਣ ਤਾਂ ਮੇਰੀ ਅਤੇ ਮੇਰੇ ਵਰਗੇ ਹੋਰ ਹਜ਼ਾਰਾਂ ਨੌਜੁਆਨਾਂ ਦੀ ਗਲ ਵਿਚ ਪੱਲਾ ਪਾ ਕੇ ਤੇ ਝੋਲੀ ਅੱਡ ਕੇ ਬਸ ਇਹੀ ਅਰਦਾਸ ਹੈ,
‘ਪੰਥ ਚਲੈ ਤਬ ਜਗਤੁ ਮਹਿ ਜਬ ਤੁਮ ਕਰਹੁ ਸਹਾਇ’
ਨਹੀਂ ਤਾਂ ਪਾਤਸ਼ਾਹ ਜਿਨ੍ਹਾਂ ਨੂੰ ਤੁਸੀਂ ਰੁਤਬੇ ਤੇ ਬਾਦਸ਼ਾਹੀਆਂ ਬਖ਼ਸ਼ੀਆਂ ਸਨ, ਅੱਜ ਉਹਨਾਂ ਨੇ ‘ਪਰਾਏ ਬਾਰਾਂ’ ’ਤੇ ਰੁਲਦਿਆਂ ਤੇ ਵਿਲਕਦਿਆਂ ਨੇ ਮਰ ਜਾਣਾ ਹੈ।
ਬਹੁੜੀ ਕਰੋ ਪਾਤਸ਼ਾਹ…… ਬਹੁੜੀ ਕਰੋ……
ਜਗਦੀਪ ਸਿੰਘ ਫਰੀਦਕੋਟ
9815763313


Friday, April 16, 2010

ਸਾਂਭਲੋ ਯਾਰੋ.. ਡਿੱਗਦੇ ਬਾਪੂ ਨੂੰ

ਹੱਸਦਾ, ਖੇਡਦਾ, ਅਣਖੀ,
ਸਿਰ ਚੱਕ ਕੇ ਜਿਉਣ ਵਾਲਾ
ਹੁਣ, ਡਿੱਗੀ ਕੰਧ ਦੇ ਲੱਗੇ ਇੱਟਾਂ ਦੇ ਢੇਰ ਆਂਗੂ
ਗੋਡਿਆਂ ਭਾਰ ਹੋਇਆ
ਅੱਖਾਂ ‘ਚ’ ਹੜਾਂ ਦੇ ਹੜ ਅੱਥਰੂ ਸਾਂਭੀ
ਨੀਵੀ ਪਾ, ਉਂਗਲਾਂ ਨਾਲ ਮਿੱਟੀ ਫਰੋਲਦਾ
ਸ਼ਾਇਦ, ਆਵਦੀ ਹੋਂਦ ਦੇ ਖਿੱਲਰੇ ਮਣਕੇ ਲੱਭ ਰਿਹੈ
ਪਰ, ਕਦੇ ਸੱਥ ‘ਚ’ ਲਹੀ ਚੁੰਨੀ ਹੱਥ ਲਗਦੀ ਐ, ਤੇ
ਕਦੇ ਮੋਟਰ ਆਲੀ ਕਿੱਕਰ ਤੇ ਲਮਕਦਾ ਪੁੱਤ ਨਜ਼ਰੀਂ ਪੈਂਦੈ
ਹੁਣ ਸੁਨਿਹਰੀ ਕਣਕਾਂ ਦੇਖ. ਚਾਅ ਨੀ ਚੜਦਾ, ਸਗੋਂ
ਫਿਕਰ ਘੇਰਦੈ, ਮੰਡੀ ‘ਚ’ ਹੋਣ ਵਾਲੀ ਲੁੱਟ ਦਾ, ਤਾਂ ਹੀ
ਏਸ ਮਿੱਟੀ ਦੇ ਨੇੜਲੇ ਪੁੱਤਾਂ ਦੇ ਹੁਣ ਪੈਰ ਮੱਚਦੇ ਨੇ ਵੱਟਾਂ ਤੇ
ਆਦਤ ਪੈ ਗਈ ਐ, ਪੱਬਾਂ ਤੇ ਕਲੱਬਾਂ ‘ਚ’ ਮਾਰਬਲ ਤੇ ਤੁਰਨ ਦੀ
ਸਾਂਭੀ ਫਿਰਦੇ ਨੇ, ਸੁੰਨੇ ਖੇਤ, ਬੇਗਾਨੇ..
ਥਾਂ-ਥਾਂ ਖਿੱਲਰੀਆਂ ਬੀੜੀਆਂ, ਟਰੈਕਟਰ ਦੇ ਟੈਰਾਂ ਤੇ ਥੁੱਕਿਆ ਪਾਨ ਵੇਖ
ਕੇਰਾਂ ਤਾਂ, ਧਾਹੀਂ ਰੋ ਪੈਂਦੈ ਬਾਪੂ (ਪੰਜਾਬ) ‘ਤੇ
ਪੁੱਤ, ਨਸ਼ਿਆਂ ‘ਚ’ ਗੜੁੱਚ, ਬੇਸੁਰਤਾ ਵੜਦੈ ਘਰੇ
ਬੀੜੀ ਦੀ ਚੰਗਿਆੜੀ, ਕਦੋਂ ਸਾਡੀ ਚੁੰਨੀ ਤੇ ਪੈਂਦੀ ਐ
ਪਤਾ ਹੀ ਨਹੀਂ ਲਗਦਾ…
ਅੱਖਾਂ ਮੀਚੀ ਬੈਠੇ ਬਾਪੂ ਨੂੰ
ਖਿਆਲ ਆਉਂਦੈ ਉਹਨਾ ਪੁੱਤਾਂ ਦਾ
ਜਿਹੜੇ, ਅਣਖ ਖਾਤਰ, ਆਪਾ ਵਾਰ ਦਿੰਦੇ ਸੀ
ਸ਼ਾਇਦ..ਬਾਪੂ ਕਿਸੇ ਸਹਾਰੇ ਨਾਲ ਮੁੱੜ ਖੜਾ ਹੋਣਾ ਲੋਚਦੈ
ਉਹਦੀਆਂ ਆਸਾਂ ਭਰੀਆਂ ਅੱਖਾਂ,
ਸਾਡੇ ਵੱਲ ਝਾਕਦੀਆਂ ਨੇ ਯਾਰੋ
ਆਪਾਂ ਬਾਪੂ ਨੂੰ ਗਲਵਕੜੀ ਪਾ ਕੇ ਚੁਕਣੈ
ਲੋਕਾਂ ਦੇ ਖਿਆਲ ਨੂੰ ਬਦਲਣੈ, ਬਈ
ਪੰਜਾਬੀ ਤਾਂ, ਦਾਰੂ ਪੀ, ਕੁੜੀਆਂ ਦੇ ਕਾਲਜ ਮੂਹਰੇ,
ਜੰਗ ਦੇ ਮੈਦਾਨ ਬਨਾਉਣ ਜੋਗੇ ਹੀ ਰਹਿ ਗਏ ਐ
ਉਹ ਆਪ ਵੇਖਣ
ਲੋੜ ਪੈਣ ਤੇ, ਆਵਦੀਆਂ ਦਾਤੀਆਂ, ਪੱਠਿਆਂ ਦੀ ਥਾਂ
ਜਾਲਮਾ ਦੇ ਗਾਟਿਆਂ ਤੇ ਵੀ ਧਰਨਾ ਜਾਣਦੇ ਐ
ਆਵਦੇ ਹੱਕਾਂ ਵਾਸਤੇ ਲੜਨਾ, ਅੱਜ ਵੀ ਆਉਂਦਾ ਇਹਨਾ ਨੂੰ
“ਅਤਿ ਹੀ ਰਣ ਮਹਿ ਤਬ ਜੂਝ ਮਰੋਂ”
ਭੁਲਿਆ ਨੀ ਅਜੇ
ਸਾਂਭਲੋ ਯਾਰੋ.. ਡਿੱਗਦੇ ਬਾਪੂ ਨੂੰ
ਉਹਦੀ ਹੋਂਦ ਹੀ, ਜਿੰਦਗੀ ਐ ਸਾਡੀ……..

ਹਰਸਿਮਰਨ(ਢੁੱਡੀਕੇ) 9814104646

Sunday, April 11, 2010

ਬੁਰਾ ਸੂਰਮੇਂ ਨੂੰ ਰਣੋਂ ਹਿੱਲਣਾ ਜੀ

ਪ੍ਰੋ. ਪੂਰਨ ਸਿੰਘ ਦੀ ਇਕ ਕਵਿਤਾ ਹੈ, ‘ਜਵਾਨ ਪੰਜਾਬ ਦੇ’। 'ਉਸ ਦੀਆਂ ਹੇਠ ਲਿਖੀਆਂ ਕੁਝ ਸਤਰਾਂ ਧਿਆਨ ਨਾਲ ਪੜ੍ਹੋ,
‘ਇਹ ਬੇਪਰਵਾਹ ਪੰਜਾਬ ਦੇ,
ਮੌਤ ਨੂੰ ਮਖੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ।
ਪਿਆਰ ਨਾਲ ਇਹ ਕਰਨ ਗੁਲਾਮੀਂ,
ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ‘ਟੈਂ’ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ’ਤੇ ਉਲਾਰਦੇ……’
ਅਸਲ ਵਿਚ ਗੱਲ ਸਾਰੀ ‘ਟੈਂ’ ਮਨਵਾਉਣ ਦੀ ਹੀ ਹੈ। ਜ਼ਾਲਮ ਸਰਕਾਰਾਂ, ਬਾਬਰ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਤੇ ਰਾਜੀਵ ਗਾਂਧੀ, ਨਰਸਿਮਹਾਂ ਰਾਓ ਤੇ ਬੇਅੰਤੇ ਤੋਂ ਅੱਜ ਤੱਕ, ਬਸ ਸਾਨੂੰ ਆਪਣੀ ‘ਟੈਂ’ ਹੀ ਮਨਵਾਉਣਾ ਚਾਹੁੰਦੀਆਂ ਸਨ ਤੇ ਹਨ। ਪਰ ਗੁਰੂ ਮਹਾਰਾਜ ਦਾ ਹੱਥ ਸਦਾ ਸਾਡੀ ਪਿੱਠ ’ਤੇ ਰਿਹਾ……
‘… ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ……’
ਤੇ ਅਸੀਂ ਸਦਾ ਜ਼ਾਲਮ ਸਰਕਾਰਾਂ ਤੇ ਉਹਨਾਂ ਦੇ ਜ਼ੁਲਮਾਂ ਨੂੰ ਹੱਸ-ਹੱਸ ਕੇ ਜ਼ਰਿਆ। ਪਰ ‘ਟੈਂ’ ਨਹੀਂ ਮੰਨੀ। ਸਾਨੂੰ ਗੁਰੂ ਨੇ ਗੁਲਾਮ ਰਹਿਣਾ ਸਿਖਾਇਆ ਹੀ ਨਹੀਂ…… ਅਸੀਂ ਤਾਂ ਜਨਮ ਤੋਂ ਹੀ ਜਾਂ ਤਾਂ ਬਾਦਸ਼ਾਹ ਹਾਂ ਤੇ ਜਾਂ ਬਾਗੀ……।
13 ਅਪ੍ਰੈਲ 1978 ਨੂੰ ਵੀ ਸਰਕਾਰ ਸਾਡੇ ਪਵਿੱਤਰ ਦਿਹਾੜੇ ’ਤੇ, ਸਾਡੀ ਮੁਕੱਦਸ ਧਰਤੀ ’ਤੇ ਨਰਕਧਾਰੀਆਂ ਦਾ ਕੁਸਤਸੰਗ ਰਖਵਾ ਕੇ ਸਾਨੂੰ ‘ਟੈਂ’ ਹੀ ਮਨਵਾਉਣਾ ਚਾਹੁੰਦੀ ਸੀ। ਪਰ ਗੁਰੂ ਕਿਆਂ ਲਾਲਾਂ ਨੇ ਆਪਣੀਆਂ ਛਾਤੀਆਂ ਵਿਚ ਗੋਲੀਆਂ ਤਾਂ ਖਾ ਲਈਆਂ ਪਰ ‘ਗੁਰ ਕੀ ਨਿੰਦਾ’ ਨਹੀਂ ਹੋਣ ਦਿੱਤੀ।
ਸ਼ਹੀਦ ਭਾਈ ਫੌਜਾ ਸਿੰਘ ਅਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਨਰਕਧਾਰੀਆਂ ਦਾ ਕੁਸਤਸੰਗ ਰੁਕਵਾਇਆ।
ਸ਼ਹੀਦ ਭਾਈ ਫੌਜਾ ਸਿੰਘ, ਜਿਹਨਾਂ ਵਿਚ ਸਿਖੀ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਹਰ ਵਕਤ ਪੰਥ ਲਈ ਕੁਝ ਕਰ ਗੁਜ਼ਰਨ, ਕੁਰਬਾਨ ਹੋਣ ਲਈ ਤਿਆਰ ਰਹਿੰਦੇ ਸਨ। ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਦੇ ਖ਼ਿਲਾਫ ਤਾਂ ਇਕ ਵੀ ਸ਼ਬਦ ਨਹੀਂ ਸੁਣ ਸਕਦੇ ਸਨ। ਕਹਿੰਦੇ ਨੇ ਇਕ ਵਾਰ ਕਿਸੇ ਥਾਂ ਪੰਜਾਬ ਦੇ ਇਕ ਨਾਮਵਰ ਪ੍ਰਫੈਸਰ ਨੇ ਬੋਲਦਿਆਂ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਜਾਂ ਉਹਨਾਂ ਦੀ ਸੀਸ ਤਲੀ ’ਤੇ ਧਰ ਕੇ ਲੜਣ ਵਾਲੀ ਬੀਰਤਾ ਪ੍ਰਤੀ ਕੋਈ ਸ਼ੰਕਾ ਕੀਤੀ। ਸਰੋਤਿਆਂ ਵਿਚ ਭਾਈ ਸਾਹਿਬ ਵੀ ਬੈਠੇ ਹੋਏ ਸਨ। ਉਹ ਉਸੇ ਵੇਲੇ ਉੱਠੇ ਤੇ ਆਪਣੀ ਕਿਰਪਾਨ ਉਸ ਪ੍ਰੋਫੈਸਰ ਦੇ ਮੂਹਰੇ ਕੱਢ ਕੇ ਰੱਖਦੇ ਹੋਏ ਬੋਲੇ, “ਬਾਬਾ ਦੀਪ ਸਿੰਘ ਜੀ ਨੇ ਤਾਂ ਗੁਰੂ ਦਸਮੇਸ਼ ਜੀ ਦੀ ਸੰਗਤ ਦਾ ਅਨੰਦ ਮਾਣਿਆਂ ਹੋਇਆ ਸੀ…… ਤੁਸੀਂ ਮੇਰਾ ਸਿਰ ਕੱਟੋ, ਮੈਂ ਤੁਹਾਨੂੰ ਤੁਰ ਕੇ ਦਿਖਾਉਂਦਾ ਹਾਂ……”
ਇਹ ਸੁਣ ਕੇ ਪ੍ਰੋਫੈਸਰ ਨੂੰ ਤਰੇਲੀਆਂ ਆ ਗਈਆਂ ਤੇ ਉਸ ਦੇ ਮੂੰਹ ’ਚੋਂ ਕੋਈ ਸ਼ਬਦ ਨਾ ਨਿਕਲਿਆ।
ਜਦੋਂ ਭਾਈ ਗਜਿੰਦਰ ਸਿੰਘ ਦਾ ਕਾਵਿ ਸੰਗ੍ਰਹਿ ‘ਪੰਜ ਤੀਰ ਹੋਰ’ ਛਪਿਆ ਤਾਂ ਕਹਿੰਦੇ ਨੇ ਕਿ ਭਾਈ ਫੌਜਾ ਸਿੰਘ ਓਹਦੇ ਵਿਚੋਂ ਕਈ ਕਵਿਤਾਵਾਂ ਪੜ੍ਹ ਕੇ ਜ਼ਾਰੋ-ਜ਼ਾਰ ਰੋ ਪੈਂਦੇ ਸਨ। ਉਹਨਾਂ ਅੰਦਰਲਾ ਸਿਖੀ ਪ੍ਰਤੀ ਇਹ ਪਿਆਰ ਤੇ ਸਿਖੀ ਸਪਿਰਿਟ ਹੀ ਸੀ ਜਿਸ ਨੇ ਉਹਨਾਂ ਨੂੰ ਪੰਥ ਤੋਂ ਕੁਰਬਾਨ ਹੋ ਜਾਣ ਲਈ ਪ੍ਰੇਰਿਆ। ਵਾਰਸ ਸ਼ਾਹ ਦੀ ਹੀਰ ਦੀਆਂ ਉਪਰੋਕਤ ਤੁਕਾਂ ਭਾਈ ਸਾਹਿਬ ’ਤੇ ਪੂਰੀਆਂ ਫਿੱਟ ਬੈਠਦੀਆਂ ਹਨ। ਸੂਰਮੇਂ ਉਹ ਨਹੀਂ ਹੁੰਦੇ ਜੋ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਹਨ ਤੇ ਸਮਝੌਤੇ ਕਰਕੇ ਘਰਾਂ ਵਿਚ ਬੈਠ ਜਾਂਦੇ ਹਨ। ਜਿਹਨਾਂ ਦੀ ਗੱਦਾਰੀ ਨੂੰ ‘ਮੁੱਖ ਧਾਰਾ’ ਦਾ ਨਾਂ ਦੇ ਦਿੱਤਾ ਜਾਂਦੈ। ਸੂਰਮੇਂ ਉਹ ਹੁੰਦੇ ਹਨ ਕਿ,
“ਜਬ ਆਵ ਕੀ ਅਉਧ ਨਿਧਾਨ ਬਨੈ, ਅਤਿ ਹੀ ਰਣ ਮਹਿ ਤਬ ਜੂਝ ਮਰੋਂ”
ਜਿਹੜੇ ਜਾਨ ਦੀ ਪ੍ਰਵਾਹ ਨਾ ਕਰਨ ਤੇ ਆਪਣੇ ਮਕਸਦ, ਨਿਸ਼ਾਨੇ ਲਈ ਆਪਣੇ ਲਹੂ ਦਾ ਅੰਤਿਮ ਕਤਰਾ ਤੱਕ ਵਹਾ ਜਾਣ।
ਸ਼ਹੀਦ ਭਾਈ ਫੌਜਾ ਸਿੰਘ ਨੇ ਇੰਜ ਹੀ ਕੀਤਾ……
ਪਰ ਕੀ ਅੱਜ ਅਸੀਂ ਉਹਨਾਂ ਸ਼ਹਾਦਤਾਂ ਤੋਂ ਕੋਈ ਸੇਧ ਲੈ ਰਹੇ ਹਾਂ? ਕੀ ਜਿਹੜੇ ਨਿਸ਼ਾਨੇ ਲਈ ਉਹਨਾਂ ਯੋਧਿਆਂ ਨੇ ਲਹੂ ਡੋਲ੍ਹਿਆ ਉਹ ਪੂਰਾ ਹੋ ਚੁੱਕਾ ਹੈ? ਭਾਈ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਤੋਂ 31 ਸਾਲ ਬਾਅਦ ਵੀ ਕੀ ਕੌਮ ਦੇਹਧਾਰੀਆਂ ਦੇ ਮੱਕੜ ਜਾਲ ਤੋਂ ਮੁਕਤ ਹੋ ਚੁੱਕੀ ਹੈ?
ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੁੰਦੀ ਹੈ ਕਿ ਉਹਨਾਂ ਦੇ ਦਰਸਾਏ ਮਾਰਗ ’ਤੇ ਤੁਰਿਆ ਜਾਵੇ। ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਅਹਿਦ ਲਿਆ ਸੀ ਕਿ ਦੇਹਧਾਰੀ ਗੁਰੂਡੰਮ ਦਾ ਪੰਜਾਬ ਦੀ ਧਰਤੀ ਤੋਂ ਸਰਵਨਾਸ਼ ਕਰ ਦੇਣਗੇ…… ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਅਧੂਰਾ ਸੁਪਨਾ ਪੂਰਾ ਕਰੀਏ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਸਿਖ ਨੌਜੁਆਨ ਵਿਚ ਪੰਥਕ ਸਪਿਰਿਟ ਦੀ ਕੋਈ ਘਾਟ ਨਹੀਂ, ਬਸ ਲੋੜ ਤਾਂ ਸੁਯੋਗ ਅਗਵਾਈ ਦੀ ਹੈ। ਜਿਹੜੀ ਦੁਸ਼ਮਨ ਦੀ ਹਰੇਕ ਚਾਲ ਨੂੰ ਪਛਾਣ ਸਕੇ।
ਅੱਜ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਦੁਸ਼ਮਨ ਦੇ ਕੰਮ ਕਰਨ ਦੇ ਤਰੀਕੇ ਨੂੰ ਪਛਾਨਣ। ਫਾਲਤੂ ਦੀ ‘ਜਿੰਦਾਬਾਦ ਮੁਰਦਾਬਾਦ’ ਤੇ ਅਰਥੀ ਫੂਕ ਮੁਜ਼ਾਹਰੇ ਤੁਹਾਨੂੰ ਸਿਰਫ ਸੀ.ਆਈ.ਡੀ. ਵਾਲਿਆਂ ਦੀਆਂ ਡਾਇਰੀਆਂ ਵਿਚ ਪਹੁਚਾਉਂਦੇ ਹਨ। ਜਿਹੜੇ ਨੌਜੁਆਨਾਂ ਦੀ ਨਿਸ਼ਾਨਦੇਹੀ ਕਰ ਕੇ ਲਿਸਟ ‘ਵੱਡੇ ਸਾਹਬ’ ਦੇ ਟੇਬਲ ਤੱਕ ਪੁਚਾ ਦਿੰਦੇ ਹਨ ਤੇ ਫੇਰ ਕਿਸੇ ਆਨੇ ਬਹਾਨੇ ਉਹਨਾਂ ਨੌਜੁਆਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਦਾ ਹੈ ਜਾਂ ਕੋਈ ਨਾ ਕੋਈ ਕੇਸ ਪਾ ਕੇ ਜ਼ੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ। ਪਿਛਲੇ ਦੋ ਤਿੰਨ ਸਾਲਾਂ ਤੋਂ ਇਹੀ ਸਭ ਕੁਝ ਹੋ ਰਿਹਾ ਹੈ।
ਲੋੜ ਹੈ ਸੁਚੇਤ ਹੋਣ ਦੀ। ਸੂਰਮਿਆਂ ਦੇ ਇਤਿਹਾਸ ਤੋਂ ਸੇਧ ਲੈ ਕੇ ਸੂਰਮੇਂ ਬਣਨ ਦੀ ਤਾਂ ਜੋ ਜ਼ਾਲਮ ਸਰਕਾਰਾਂ ਦੀ ‘ਟੈਂ’ ਵੀ ਨਾ ਮੰਨੀ ਜਾਵੇ, ਤੇ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਦੇਹਧਾਰੀਆਂ ਦੇ ਜਾਲ ਵਿਚੋਂ ਮੁਕਤ ਵੀ ਕਰਾਇਆ ਜਾ ਸਕੇ।
ਜਗਦੀਪ ਸਿੰਘ ਫਰੀਦਕੋਟ

Friday, April 9, 2010

ਕਾਸ਼ ਬਿਲ ਕਲਿੰਟਨ ਭਾਰਤ ਨਾ ਆਉਂਦਾ…

ਜਦੋਂ ਪਹਿਲੀ ਵਾਰ ਮੈਂ ਉਸ ਮੁੰਡੇ ਦੀ ਤਸਵੀਰ ਦੇਖੀ ਤਾਂ ਰੱਬ ਦੀ ਸੌਂਹ ਮੇਰੀ ਧਾਹ ਨਿਕਲ ਗਈ। ਸ਼ਾਇਦ ‘ਸਿਖ ਸ਼ਹਾਦਤ’ ਦਾ ਅਪ੍ਰੈਲ 2000 ਦਾ ਅੰਕ ਸੀ ਉਹ। ਟਾਈਟਲ ਉੱਤੇ ਉਹ ਤਸਵੀਰ ਲੱਗੀ ਹੋਈ ਸੀ ਤੇ ਹੇਠਾਂ ਲਿਖਿਆ ਸੀ, ‘ਕੇਹੀ ਵਗੀ ਵਾ ਚੰਦਰੀ’।' ਪਤਾ ਨਹੀਂ ਕਿਉਂ ਉਹ ਵਿਲਕਦਾ ਮੁੰਡਾ ਮੇਰੇ ਮਨ ਵਿਚ ਕਿਤੇ ਬੈਠ ਗਿਆ ਤੇ ਕਈ ਦਿਨ ਮੈਨੂੰ ਉਸ ਦੀ ਉਸ ਤਸਵੀਰ ਨੇ ਸੌਣ ਨਾ ਦਿੱਤਾ। ਪਹਿਲਾਂ ਤਾਂ ਮੇਰਾ ਜ਼ੇਰਾ ਨਾ ਪਿਆ ਉਸ ਬਾਰੇ ਪੜ੍ਹਨ ਦਾ। ਪਰ ਫੇਰ ਮੈਂ ਇਕ ਦਿਨ ਪੜ੍ਹਿਆ। ਪਤਾ ਲੱਗਿਆ ਕਿ ਇਹ ਮੁੰਡਾ ਕਸ਼ਮੀਰ ਦੇ ਇਕ ਪਿੰਡ ਚਿੱਠੀ ਸਿੰਘਪੁਰਾ ਦਾ ਹੈ। ਜੋ ਕੁਝ ਉਸ ਨਾਲ ਤੇ ਉਸ ਦੇ ਪਿੰਡ ਦੇ ਬਾਕੀ ਸਿੱਖ ਪਰਿਵਾਰਾਂ ਨਾਲ ਵਾਪਰਿਆ ਉਸ ਨੂੰ ਪੜ੍ਹ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਜਾਪਿਆ ਕਿ ਸਚੁਮੱਚ ਉਸ ਮੁੰਡੇ ਦੀ ਉਹ ਤਸਵੀਰ ਹੀ ਦੱਸਦੀ ਸੀ ਕਿ ਕੁਝ ਬਹੁਤ ਹੀ ਭਿਆਨਕ ਵਾਪਰਿਆ ਹੈ। ਪਰ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਸਭ ਕੁਝ ਏਨਾ ਖਤਰਨਾਕ ਹੋਵੇਗਾ।

ਉਸ ਦਿਨ ਜਦੋਂ ਮੈਂ ਰਾਤ ਨੂੰ ਸੁੱਤਾ……ਉਹ ਮੁੰਡਾ ਆਇਆ……ਉਵੇਂ ਹੀ ਵਿਲਕ ਰਿਹਾ ਸੀ। ਮੈਂ ਹੌਸਲਾ ਜਿਹਾ ਕਰ ਕੇ ਉਸ ਕੋਲ ਗਿਆ। ਉਸ ਦੇ ਹਉਂਕੇ ਰਾਤ ਦਾ ਸੀਨਾ ਚੀਰ ਰਹੇ ਸਨ। ਪਰ ਉਸ ਦੇ ਹਉਂਕਿਆਂ ਤੋਂ ਬਿਨਾ ਉੱਥੇ ਹੋਰ ਕੋਈ ਆਵਾਜ਼ ਨਹੀਂ ਸੀ। ਚਾਰੇ ਪਾਸੇ ‘ਕਬਰਾਂ ਦੀ ਚੁੱਪ’ ਫੈਲੀ ਹੋਈ ਸੀ। ਮੈਨੂੰ ਪਤਾ ਸੀ ਕਿ ਇਸ ਮੁੰਡੇ ਦੇ ਪਿਤਾ ਨੂੰ ਵੀ 35 ਹੋਰਾਂ ਸਮੇਤ ਫੌਜ ਨੇ ਮੁਸਲਮਾਨ ਮੁਜ਼ਾਹਿਦ ਬਣ ਕੇ ਗੋਲੀ ਮਾਰ ਦਿੱਤੀ ਸੀ। ਇਸ ਲਈ ਮੈਂ ਉਸ ਨੂੰ ਚੁੱਪ ਹੋਣ ਲਈ ਕਿਵੇਂ ਕਹਿ ਸਕਦਾ ਸੀ। ਪਿਉ ਦੇ ਸਭ ਤੋਂ ਵੱਡਾ ਦੁੱਖ ਪੁੱਤ ਨੂੰ ਹੀ ਹੁੰਦਾ ਹੈ… ਤੇ ਜੇ ਪੁੱਤ ਅਜੇ ਉਮਰ ਵਿਚ ਹੀ ਛੋਟਾ ਹੋਵੇ…।' ਮੈਂ ਉਸ ਦੇ ਮੋਢਿਆਂ ‘ਤੇ ਹੱਥ ਰੱਖਿਆ। ਉਸ ਨੇ ਸਿਰ ਮੇਰੇ ਮੋਢੇ ‘ਤੇ ਰੱਖ ਲਿਆ, ਪਰ ਰੋਂਦਾ ਉਵੇਂ ਹੀ ਰਿਹਾ। ਮੈਂ ਉਸ ਦਾ ਸਿਰ ਪਲੋਸਿਆ…… ਕੁਝ ਚਿਰ ਪਿੱਛੋਂ ਪੁੱਛਿਆ, “ਇਹ ਸਭ ਕੁਝ ਕਿਵੇਂ ਵਾਪਰਿਆ ਵੀਰ…” ਉਹ ਨਾ ਬੋਲਿਆ… ਉਸ ਲਈ ਬੋਲਣਾ ਔਖਾ ਵੀ ਸੀ। “ਏਹ ਨਈ ਬੋਲਦਾ ਵੀਰ… ਇਹ ਤਾਂ ਓਦੂਂ ਬਾਦ ਊਈਂ ਗੁੰਮ ਸੁੰਮ ਜਿਹਾ ਹੋ ਗਿਆ… ਅਸੀਂ ਤਾਂ ਸਾਰਿਆਂ ਨੇ ਜੋਰ ਲਾ ਕੇ ਵੇਖ ਲਿਆ, ਪਰ… ਏਹਦਾ ਮੋਹ ਵੀ ਬਾਹਲਾ ਸੀ ਆਪਣੇ ਬਾਪੂ ਨਾਲ…” ਉਸ ਮੁੰਡੇ ਦੀ ਮਾਂ, ਜੋ ਉੱਥੇ ਆ ਗਈ ਸੀ, ਬੋਲੀ। “ਪਰ ਇਹ ਸਭ ਕੁਝ ਹੋਇਆ ਕਿੰਝ… ਕੀ ਤੁਸੀਂ…?” “ਕੀ ਦੱਸੀਏ ਵੀਰਾ… ਲੋਕ ਕਹਿੰਦੇ ਨੇ ਕਸ਼ਮੀਰ ਸਵਰਗ ਹੈ… ਪਰ ਸਾਡੇ ਲਈ ਤਾਂ ਨਰਕ ਤੋਂ ਵੀ ਮਾੜੀ ਐ ਇਹ ਜ਼ੰਨਤ… ਸਾਨੂੰ ਤਾਂ ਆਪਣੇ ਹੀ…” “ਕੀ ਇਹ ਗੱਲ ਸੱਚੀ ਐ ਭੈਣ ਜੀ… ਕੀ ਫੌਜ ਨੇ ਹੀ…” “ਮੈਂ ਇੱਕ-ਇੱਕ ਨੂੰ ਪਛਾਣਦੀ ਆਂ ਵੀਰਾ… ਸਾਰਾ ਸਿੰਘਪੁਰਾ ਪਛਾਣਦੈ… ਉਹਨਾਂ ਦੀ ਭਾਸ਼ਾ… ਕੱਪੜੇ… ਕਾਰ ਵਿਹਾਰ… ਕੁਝ ਵੀ ਪਾਰ ਵਾਲਿਆਂ ਵਰਗਾ ਨਹੀਂ ਸੀ… ਉਹ ਪਾਰ ਤੋਂ ਸਨ ਹੀ ਨਹੀਂ… ਉਹ ਤਾਂ ਏਧਰਲੇ ਹੀ ਸਨ…” ਮੇਰੇ ਲਈ ਇਹ ਸਭ ਕੁਝ ਬਰਦਾਸ਼ਤ ਕਰਨਾ ਔਖਾ ਹੁੰਦਾ ਜਾ ਰਿਹਾ ਸੀ। “ਪਹਿਲਾਂ ਵੀ ਸਾਡੇ ਪਿੰਡ ਦੀ ਬਥੇਰੀ ਵਾਰ ਤਲਾਸ਼ੀ ਲਈ ਗਈ ਹੈ… ਇਹ ਕੋਈ ਪਹਿਲੀ ਵਾਰ ਨਹੀਂ ਸੀ… ਸਾਰਿਆਂ ਨੂੰ ਗੁਰਦੁਆਰੇ ਸੱਦ ਕੇ ਘਰ੍ਹਾਂ ਦੀ ਤਲਾਸ਼ੀ ਲੈਂਦੀ ਸੀ ਫੌਜ… ਜਦ ਅਸੀਂ ਘਰ ਮੁੜਦੇ ਤਾਂ ਘਰ੍ਹਾਂ ‘ਚੋਂ ਕਾਫੀ ਕੁਝ ਗਾਇਬ ਹੁੰਦਾ ਸੀ… ਪਰ ਐਤਕੀਂ ਤਾਂ ਸਾਡੇ ਬੰਦੇ ਹੀ ਨਹੀਂ ਮੁੜੇ…” “ਵਾਹਿਗੁਰੂ…” “ਕਾਸ਼ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਨਾ ਆਉਂਦਾ… ਸ਼ਾਇਦ ਸਾਡੇ ਬੰਦੇ ਬਚ ਹੀ ਜਾਂਦੇ…” ਮੈਂ ਸੋਚ ਰਿਹਾ ਸੀ ਕਿ ਹਕੂਮਤ ਕਿੰਨੀਆਂ ਘਟੀਆ ਚਾਲਾਂ ਚੱਲ ਰਹੀ ਹੈ। ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਜਾ ਰਹੇ ਹਨ। ਸਿਖ ਤੇ ਮੁਸਲਮਾਨ ਦੋਵੇਂ ਸ਼ਿਕਾਰ ਬਣਾਏ ਜਾ ਰਹੇ ਸਨ। ਮੈਨੂੰ ਦਿੱਲੀ ਏਅਰਪੋਰਟ ‘ਤੇ ਬਿੱਲ ਕਲਿੰਟਨ ਉੱਤਰਦਾ ਦਿਸਿਆ…… ਇੱਕਦਮ ਗੋਲੀਆਂ ਚੱਲੀਆਂ ਤੇ ਅਗਲੇ ਪਲ ਚਿੱਠੀ ਸਿੰਘਪੁਰੇ ਦੇ 35 ਸਿੰਘ ਤੇ ਇੱਕ ਬੀਬੀ ਜ਼ਮੀਨ ‘ਤੇ ਭੁੰਨੇ ਪਏ ਸਨ। ਸ਼ਾਇਦ ਨਹਿਰੂ ਏਸੇ ਨੂੰ ‘ਆਜ਼ਾਦੀ ਦਾ ਨਿੱਘ’ ਕਹਿੰਦਾ ਸੀ ਜਿਹੜਾ ਸਿਖਾਂ ਨੇ ਆਜ਼ਾਦ ਭਾਰਤ ਵਿਚ ਮਾਨਣਾ ਸੀ। “ਆਪ ਨੇ ਦੇਖਾ ਸਰ… ਆਪ ਕੇ ਆਨੇ ਕਾ ਵਿਰੋਧ ਕਰ ਰਹੇ ਕਸ਼ਮੀਰੀ ਆਤੰਕਵਾਦੀਓ ਨੇ ‘ਹਮਾਰੇ’? 36 ਲੋਗ ਮਾਰ ਦੀਏ……” ਪ੍ਰਧਾਨ ਮੰਤਰੀ, ਬਿੱਲ ਕਲਿੰਟਨ ਨੂੰ ਕਹਿ ਰਿਹਾ ਸੀ। ਫੇਰ ਰੋਣ ਧੋਣ ਦੀਆਂ ਆਵਾਜ਼ਾਂ ਸੁਣਨ ਲੱਗੀਆਂ। ਹੁਣ ਉਸ ਮੁੰਡੇ ਦੇ ਨਾਲ ਨਾਲ ਸਾਰਾ ਪਿੰਡ ਰੋ ਰਿਹਾ ਸੀ। ਸ਼ਾਇਦ ਇਹਨਾਂ ਨੂੰ ਕਦੇ ਇਨਸਾਫ ਨਹੀਂ ਮਿਲਣਾ ਸੀ। ਇਨਸਾਫ ਮੰਗਦੇ ਵੀ ਕਿਸ ਤੋਂ। “ਕਾਸ਼ ਬਿੱਲ ਕਲਿੰਟਨ ਭਾਰਤ ਨਾ ਆਉਂਦਾ” ਮੇਰੇ ਮੂੰਹੌਂ ਆਪ ਮੁਹਾਰੇ ਨਿਕਲ ਗਿਆ।

ਜਗਦੀਪ ਸਿੰਘ ਫਰੀਦਕੋਟ 9815763313