Thursday, May 15, 2008

" ਧੰਨ ਭਾਗ ਕੌਮ ਦੇ ਤੇ ਧੰਨਵਾਦ ਤੁਹਾਡਾ "

ਮੈਂ ਵੱਡੇ ਪੰਥਕ ਵਿਦਵਾਨਾਂ ਤੇ ਬੁੱਧੀਜੀਵੀਆਂ ਵਾਂਗ ਏਸ ਬਿਆਨ ਦਾ ਚੀਰ ਹਰਨ ਨਹੀਂ ਕਰਾਂਗਾ ਤੇ ਨਾ ਹੀ ਇਸ ਰੌਲੇ ਵਿਚ ਪਵਾਂਗਾ ਕਿ ਇਹ ਬਿਆਨ ਤੁਸੀਂ ਕਿਉਂ ਦਿੱਤਾ? ਕਿਸ ਦੇ ਆਖੇ ਦਿੱਤਾ ਹੈ? ਕੀ ਕੋਈ ਦਬਾਅ ਸੀ ਜਾਂ ਤੁਹਾਡੀ ਜ਼ਮੀਰ ਨੇ ਆਵਾਜ਼ ਦਿੱਤੀ? ਜਾਂ ਕੀ ਕੋਈ ਲਾਲਚ? ਮੈਨੂੰ ਤਾਂ ਬਸ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਤੁਸੀਂ ਕਿਹਾ, ਜੇ ਖਾਲਿਸਤਾਨ ਅਸੀਂ ਬਣਾਉਣਾ ਹੈ ਤੇ ਜਦੋਂ ਆਹ ਮੈਂ ਦੇਖਦਾ ਹਾਂ ਵਿਦੇਸ਼ਾਂ ਵਿਚ ਜਦੋਂ ਇਸੇ ਤਰ੍ਹਾਂ ਸਿਖੀ ਪ੍ਰਫੁੱਲਤ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਖਾਲਿਸਤਾਨ ਬਣਾ ਲਵਾਂਗੇ ਅੱਗੇ ਤੁਸੀਂ ਕਿਹਾ, ਦੁਨੀਆਂ ਦੀ ਹਰੇਕ ਕੌਮ ਆਪਣਾ ਘਰ ਚਾਹੁੰਦੀ ਹੈ ਤੇ ਜੇ ਸਿਖ ਵੀ ਚਾਹੁੰਦੇ ਹਨ ਤਾਂ ਇਸ ਵਿਚ ਮਾੜੀ ਗੱਲ ਕੀ ਹੈ ਤੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ, ਅਸੀਂ ਆਪਣਾ ਹੱਕ ਮੰਗਦੇ ਹਾਂ ਸ਼ਾਇਦ ਤੁਸੀਂ ਇਹ ਸਭ ਕੁਝ ਸਹਿ ਸੁਭਾਏ ਹੀ ਕਿਸੇ ਰੌਅ ਵਿਚ ਕਹਿ ਗਏ ਹੋਵੋ ਪਰ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਇਹਨਾਂ ਚਾਰ ਬੋਲਾਂ ਨੇ ਕਿੰਨੇ ਮੁਰਝਾਏ ਚਿਹਰਿਆਂ ਤੇ ਰੌਣਕ ਲਿਆਂਦੀ ਹੈ, ਕਿੰਨਿਆਂ ਹੀ ਉਦਾਸ ਬੈਠਿਆਂ ਨੂੰ ਖੁਸ਼ ਹੋਣ ਦਾ ਇਕ ਮੌਕਾ ਦਿੱਤਾ ਹੈ, ਕਈ ਦਰਦ ਨਾਲ ਕਰਾਹ ਰਹੇ ਸਰੀਰਾਂ ਵਿਚ ਨਹੀਂ ਜਾਣ ਪਾਈ ਹੈ ਤੁਹਾਡੇ ਇਹਨਾਂ ਚੰਦ ਸ਼ਬਦਾਂ ਨੇ, ਸੈਕੜੇ ਪਰਿਵਾਰਾਂ ਦੇ ਨਾਸੂਰ ਬਣ ਚੁੱਕੇ ਫੱਟਾਂ ਤੇ ਤੁਹਾਡੇ ਇਹ ਬੋਲ ਮੱਲਮ ਬਣ ਕੇ ਲੱਗੇ ਹਨ ਤੇ ਉਹਨਾਂ ਦੀ ਪੀੜ ਕੁਝ ਘੱਟ ਹੋਈ ਹੈ। ਦਹਾਕਿਆਂ ਤੋਂ ਜ਼ੇਲ੍ਹਾਂ ਅੰਦਰ ਕੈਦ ਸਿਖ ਜੁਝਾਰੂਆਂ ਨੂੰ ਜੈਕਾਰਾ ਛੱਡਣ ਦਾ ਕੋਈ ਮੌਕਾ ਮਿਲਿਆ ਹੈ। ਧੰਨਵਾਦ ਜਥੇਦਾਰ ਸਾਹਬ ਬਹੁਤ ਬਹੁਤ ਧੰਨਵਾਦ। ਅੱਜ ਸੱਚਮੁੱਚ ਤੁਸੀਂ ਜਥੇਦਾਰਾਂ ਵਾਲੀ ਗੜ੍ਹਸ ਨਾਲ ਬੋਲੇ ਹੋ। ਮੈਂ ਹਰ ਵਾਰ 6 ਜੂਨ ਤੇ ਦਰਬਾਰ ਸਾਹਿਬ ਆਉਂਦਾ ਹਾਂ। ਹਰ ਵਾਰ ਤੁਹਾਨੂੰ ਬੋਲਦੇ ਸੁਣਦਾ ਹਾਂ, ਇਸ ਆਸ ਨਾਲ ਕਿ ਸ਼ਾਇਦ ਇਸ ਵਾਰ ਤੁਸੀਂ ਕੌਮ ਦੇ ਆਪਣੇ ਘਰ ਬਾਰੇ ਦੋ ਸ਼ਬਦ ਜਰੂਰ ਬੋਲੋਗੇ। ਪਰ ਹਰ ਵਾਰ ਮੈਂ ਨਿਰਾਸ਼ ਹੀ ਮੁੜਦਾ ਹਾਂ। ਪਰ ਸੱਚ ਪੁੱਛੋ ਤਾਂ ਤੁਹਾਡੇ ਇਸ ਬਿਆਨ ਨੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ। ਜਥੇਦਾਰ ਸਾਹਬ, ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਦੁਆਰਾ ਕੁਝ ਸ਼ਬਦ ਖਾਲਿਸਤਾਨ ਦੇ ਹੱਕ ਵਿਚ ਸੁਣ ਕੇ ਉਹਨਾਂ ਪਰਿਵਾਰਾਂ ਨੂੰ ਕਿੰਨਾ ਹੌਸਲਾ ਮਿਲਿਆ ਹੈ, ਜਿਨ੍ਹਾਂ ਦਾ ਕੋਈ ਨਾ ਕੋਈ ਜੀਅ ਆਜ਼ਾਦੀ ਦੀ ਇਸ ਲਹਿਰ ਵਿਚ ਕੁਰਬਾਨ ਹੋਇਆ ਹੈ। ਲੋਕ ਉਹਨਾਂ ਨੂੰ ਮੇਹਣੇ ਮਾਰਦੇ ਸਨ, ਥੋਡੇ ਪੱਤ ਐਵੇਂ ਭੰਗ ਦੇ ਭਾੜੇ ਹੀ ਜਾਨ ਗਵਾ ਗਏ, ਐਵੇਂ ਫਾਲਤੂ ਹੀ ਮਾਰੇ ਗਏ, ਬਿਨਾ ਕਿਸੇ ਨਿਸ਼ਾਨੇ ਤੋਂ ਲੜਦੇ ਰਹੇ ਤੇ ਅੱਜ ਹਿੰਦੂਆਂ ਦੇ ਨਾਲ ਨਾਲ ਸਿਖ ਵੀ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ। ਪਰ ਅੱਜ ਉਹ ਪਰਿਵਾਰ ਜਵਾਬ ਦੇ ਰਹੇ ਹਨ, ਸਾਡੇ ਪੁੱਤ ਐਵੇਂ ਲੜਦੇ ਨਹੀਂ ਮਰੇ ਅਸਲ ਵਿਚ ਉਹ ਮਰੇ ਨਹੀਂ ਸ਼ਹੀਦ ਹੋਏ ਨੇ ਉਹ ਨਿਸ਼ਾਨੇ ਤੋਂ ਬਿਨਾ ਨਹੀਂ ਲੜੇ, ਵੇਖੋ ਕੌਮ ਦਾ ਜਥੇਦਾਰ ਉਹਨਾਂ ਦੇ ਮਿੱਥੇ ਨਿਸ਼ਾਨੇ ਬਾਰੇ ਕਿੱਡਾ ਸੋਹਣਾ ਬੋਲਿਆ ਹੈ ਤੇ ਉਸ ਨੇ ਕਿਹਾ ਹੈ ਕਿ ਅਸੀਂ ਉਸ ਨਿਸ਼ਾਨੇ ਤੇ ਜਲਦੀ ਹੀ ਪਹੁੰਚਾਂਗੇ ਸਾਨੂੰ ਮਾਣ ਹੈ ਸਾਡੇ ਸੂਰਮੇਂ ਪੁੱਤਰਾਂ ਤੇ, ਜਿਹੜੇ ਆਪਣੇ, ਆਪਣੀ ਕੌਮ ਦੇ ਘਰ ਲਈ ਕੁਰਬਾਨ ਹੋਏ ਨੇ ਜਥੇਦਾਰ ਸਾਹਬ ਜੇ ਤੁਸੀਂ ਆਪਣੇ ਇਸ ਬਿਆਨ ਤੇ ਅਡੋਲ ਖੜ੍ਹੇ ਰਹੋਂ, ਡਟ ਕੇ ਪਹਿਰਾ ਦਿਉਂ ਤਾਂ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਦੁਸ਼ਮਨ ਨਾਲ ਸਾਰੇ ਅਗਲੇ ਪਿਛਲੇ ਸਾਰੇ ਹਿਸਾਬ ਬਰਾਬਰ ਕਰਾਂਗੇ। ਸਾਡੀ ਧਰਤੀ ਨੂੰ ਲਹੂ ਨਾਲ ਲਾਲ ਕਰ ਗਈ ਹਰੇਕ ਗੋਲੀ ਦਾ ਹਿਸਾਬ ਲਵਾਂਗੇ। ਇਕ ਇਕ ਲਾਵਾਰਸ ਲਾਸ਼ ਦਾ ਵਾਰਸ ਲੱਭਾਂਗੇ। ਅੰਨ੍ਹਾਂ ਅਣਮਨੁੱਖੀ ਤਸ਼ੱਦਦ ਕਰਕੇ ਮਾਰੇ ਗਏ ਇਕ ਇਕ ਨੌਜੁਆਨ ਦੇ ਕਾਤਲਾਂ ਦੀ ਪਛਾਣ ਕਰਾਂਗੇ ਤੇ ਉਹਨਾਂ ਨੂੰ ਲੱਭ ਕੇ ਪੁੱਛਾਂਗੇ ਕਿ ਕਿਸ ਦੇ ਹੁਕਮ ਤੇ ਤੁਸੀ ਇਹ ਅਣਮਨੁੱਖੀ ਵਿਹਾਰ ਪੰਜਾਬ ਦੇ ਜਾਇਆਂ ਨਾਲ ਕੀਤਾ। ਕਿਉਂ ਤੁਸੀਂ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਦੀਆਂ ਲੱਤਾਂ ਦੋ ਜੀਪਾਂ ਨਾਲ ਬੰਨ੍ਹ ਕੇ ਤੇ ਦੋਵੇਂ ਜੀਪਾਂ ਉਲਟ ਦਿਸ਼ਾਵਾਂ ਵੱਲ ਭਜਾ ਕੇ ਉਹਨਾਂ ਨੂੰ ਵਿਚਾਲੋਂ ਪਾੜਿਆ ਕਿਉਂ ਭਾਈ ਹਰਦੇਵ ਸਿੰਘ ਦੇਬੂ ਦੇ ਸਰੀਰ ਦਾ ਸਾਰਾ ਮਾਸ ਉੱਬਲਦੇ ਪਾਣੀ ਨਾਲ ਉਚੇੜਿਆ ਕਿਉਂ ਭਾਈ ਵਰਿਆਮ ਸਿੰਘ ਖੱਪਿਆਂਵਾਲੀ ਵਾਲਿਆਂ ਦੇ ਪੱਟ ਚੀਰ ਕੇ ਵਿਚ ਲੂਣ, ਮਿਰਚਾਂ ਭਰੀਆਂ ਕਿਉਂ ਭਾਈ ਰਛਪਾਲ ਸਿੰਘ ਛੰਦੜਾਂ ਦੇ ਪਲਾਸ ਨਾਲ ਦੰਦ ਖਿੱਚੇ ਤੇ ਕਈ ਥਾਵਾਂ ਤੋਂ ਲੱਤਾਂ ਤੋੜੀਆ ਕਿਉਂ ਭਾਈ ਅਵਤਾਰ ਸਿੰਘ ਸ਼ਤਰਾਣੇ ਦਾ ਸਰੀਰ ਗਰਮ ਪ੍ਰੈਸ ਲਾ ਕੇ ਸਾੜਿਆ ਕਿਉਂ ਭਾਈ ਅਨੋਖ ਸਿੰਘ ਬੱਬਰ ਦੀਆਂ ਗਰਮ ਲੋਹੇ ਦੀਆਂ ਸਲਾਖਾਂ ਨਾਲ ਅੱਖਾਂ ਕੱਢੀਆਂ ਕਿਉਂ ਇਕ ਸੱਪ ਸਾਰਾ ਥਾਣਾ ਲੰਘ ਕੇ ਭਾਈ ਗੁਰਮੀਤ ਸਿੰਘ ਮਚਾਕੀ ਦੀ ਬੈਰਕ ਵਿਚ ਵੜ੍ਹ ਕੇ ਸਿਰਫ ਉਹਨਾਂ ਦੇ ਹੀ ਲੜਿਆ ਕਿਉਂ ਭਾਈ ਬਸ਼ੀਰ ਮੁਹੰਮਦ ਬੱਬਰ ਦੀ ਪਤਨੀ ਤੇ ਅਣਜੰਮੇ ਬੱਚੇ ਵਿਚ ਦੀ ਸਰਕਾਰੀ ਗੋਲੀਆਂ ਲੰਘਾਈਆਂ ਗਈਆਂ ਕਿਉਂ ਕਿਉਂ ਆਖਰ ਕਿਉਂ ਸਾਰੇ ਕਿਉਂਆਂ ਦੇ ਜਵਾਬ ਲਵਾਂਗੇ ਜਥੇਦਾਰ ਸਾਹਬ, ਬਸ ਤੁਸੀਂ ਸਾਡੇ ਪਿੱਛੇਂ ਇਸੇ ਜ਼ੋਰ ਨਾਲ ਖੜ੍ਹੇ ਰਿਹੋ। ਤੁਹਾਡੇ, ਪਿੱਛੇ ਖੜ੍ਹੇ ਰਹਿਣ ਨਾਲ ਵੀ ਸਾਨੂੰ ਵੱਡਾ ਹੌਸਲਾ ਮਿਲੇਗਾ। ਤੇ ਮੈਂ ਇਹ ਵੀ ਜਾਣਦਾਂ ਕਿ ਤੁਹਾਨੂੰ ਆਪਣੇ ਇਸ ਬਿਆਨ ਦੀ ਭਾਰੀ ਕੀਮਤ ਵੀ ਚੁਕਾਉਣੀ ਪੈ ਸਕਦੀ ਹੈ। ਬਾਦਲ ਲਾਣਾ ਤੁਹਾਨੂੰ ਜਥੇਦਾਰੀ ਤੋਂ ਬਰਖਾਸਤ ਕਰਨ ਦੀਆਂ ਸਕੀਮਾਂ ਘੜ੍ਹਣ ਵੀ ਲੱਗ ਪਿਆ ਹੈ। ਪਰ ਜਥੇਦਾਰ ਸਾਹਿਬ ਅਸੀਂ ਇਤਿਹਾਸ ਤੋਂ ਸਿੱਖਿਆ ਹੈ ਕਿ ਜ਼ਮੀਰ ਜਿਉਂਦੀ ਰੱਖਣ ਲਈ ਕਈ ਵਾਰ ਅਹੁਦੇਦਾਰੀਆਂ ਨੂੰ ਲੱਤ ਮਾਰਨੀ ਪੈਂਦੀ ਹੈ। ਸਾਡੇ ਲਈ ਸਾਡਾ ਪੰਥਕ ਫਰਜ਼, ਸਾਡਾ ਕੌਮੀ ਨਿਸ਼ਾਨਾ, ਸਾਡਾ ਆਪਣਾ ਘਰ ਅਹੁਦੇਦਾਰੀਆਂ ਜਾਂ ਜਥੇਦਾਰੀਆਂ ਤੋਂ ਵੱਧ ਕੀਮਤੀ ਹੈ। ਨਵਾਬ ਕਪੂਰ ਸਿੰਘ ਤਾਂ ਤੁਹਾਨੂੰ ਭੁੱਲਿਆ ਨਹੀਂ ਹੋਵੇਗਾ ਜਿਸ ਨੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਬਦਲੇ ਨਵਾਬੀ ਨੂੰ ਠੋਕਰ ਮਾਰ ਦਿੱਤੀ ਸੀ। ਥੱਕੇ ਖਾਣ ਐਸੀਆਂ ਜਥੇਦਾਰੀਆਂ, ਜੇ ਉਸ ਬਦਲੇ ਸਾਨੂੰ ਆਪਣਾ ਜ਼ਮੀਰ ਹੀ ਬਾਦਲਕਿਆਂ ਕੋਲੇ ਗਹਿਣੇ ਧਰਨਾ ਪਵੇ। ਜਥੇਦਾਰ ਸਾਹਬ, ਤੁਸੀਂ ਤੇ ਅਸੀਂ, ਸਾਰੇ ਜਾਣਦੇ ਹਾਂ ਕਿ ਸਿਖਾਂ ਦੇ ਹਰੇਕ ਮਸਲੇ ਦਾ ਸੰਪੂਰਨ ਹੱਲ ਸਾਡਾ ਆਪਣਾ ਘਰ ਹੈ। ਸਾਡੀ ਸਾਰੀ ਊਰਜਾ, ਜਿਹੜੀ ਹੋਰ ਸੈਕੜੇ ਮਸਲਿਆਂ ਵਿਚ ਬਰਬਾਦ ਹੋ ਰਹੀ ਹੈ, ਨੂੰ ਜੇ ਅਸੀਂ ਕੌਮੀ ਘਰ ਦਾ ਕਿਲਾ ਉਸਾਰਣ ਵਿਚ ਲਾਈਏ ਤਾਂ ਸਾਡੇ ਬਾਕੀ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਜਿੰਨਾ ਚਿਰ ਕੋਈ ਕੌਮ ਬੇਘਰੀ ਹੁੰਦੀ ਹੈ, ਉੋਹ ਹਮੇਸ਼ਾਂ ਰੁਲਦੀ ਹੈ ਤੇ ਅਨੇਕਾਂ ਸਮੱਸਿਆਵਾਂ ਉਸ ਨੂੰ ਘੇਰੀ ਰੱਖਦੀਆਂ ਹਨ, ਪਰ ਜਦੋਂ ਉਹੀਂ ਕੌਮ ਆਪਣਾ ਘਰ ਬਣਾ ਲੈਂਦੀ ਹੈ ਤਾਂ ਉਸ ਦੇ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਇਜ਼ਰਾਈਲ ਦੇ ਯਹੂਦੀਆਂ ਸਮੇਤ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਸੱਚ ਪੁੱਛੋਂ ਤਾਂ ਜਥੇਦਾਰ ਸਾਹਬ ਅਸੀਂ ਬਥੇਰਾ ਚਿਰ ਸਿਆਲਾਂ ਦੀਆਂ ਚੂਰੀਆਂ ਖਾ ਲਈਆਂ। ਹੀਰ ਨੇ ਚੂਰੀ ਖਵਾ ਕੇ ਸਾਡਾ ਬਥੇਰਾ ਚੰਮ ਨੋਚ ਲਿਆ, ਹੁਣ ਸਾਥੋਂ ਹੋਰ ਮੱਝਾਂ ਤੋਂ ਪੈਰ ਨਹੀਂ ਮਿਧਾਏ ਜਾਂਦੇ। ਹੁਣ ਅਸੀਂ ਸਿਰਫ ਕੌਲੀ ਚੂਰੀ ਪਿੱਛੇ ਆਪਣੇ ਹੋਰ ਹੱਡ ਨਹੀਂ ਤੁੜਵਾ ਸਕਦੇ। ਅਸੀਂ ਤਾਂ ਹੁਣ ਆਪਣੇ ਘਰ ਨੂੰ ਪਰਤਣਾ ਚਾਹੁੰਦੇ ਹਾਂ, ਫੇਰ ਭਾਵੇਂ ਰੁੱਖੀ ਮਿੱਸੀ ਹੀ ਨਸੀਬ ਹੋਵੇ। ਅਸੀਂ ਤਾਂ ਵਾਪਸ ਮੁੜਣਾ ਚਾਹੁਮਦੇ ਹਾਂ, 1849 ਵਿਚ ਖੁੱਸੇ ਓਸ ਕੌਮੀ ਘਰ ਵੱਲ, ਜਿੱਥੇ ਸਾਡੀ ਹੋਂਦ, ਸਾਡੇ ਸਿਧਾਂਤ ਤੇ ਸਾਡੀ ਨਸਲ ਨੂੰ ਕੋਈ ਖਤਰਾ ਨਹੀਂ। ਜਥੇਦਾਰ ਸਾਹਬ, ਸਿਆਣੇ ਕਹਿੰਦੇ ਹਨ ਕਿ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਹੈ ਫਿਰ ਭਾਵੇਂ ਕੱਚਾ ਕੋਠਾ ਹੀ ਕਿਉਂ ਨਾ ਹੋਵੇ। ਨਾਲੇ ਕਿੰਨਾ ਕੁ ਚਿਰ ਹੋਰ ਅਸੀਂ ਕਿਰਾਏਦਾਰਾਂ ਵਾਂਗ ਜੀਵਨ ਬਸਰ ਕਰਦੇ ਰਹਾਂਗੇ। ਹੋਰ ਕੀ, ਹਿੰਦੋਸਤਾਨ ਵਿਚ ਅਸੀਂ ਕਿਰਾਏਦਾਰ ਹੀ ਤਾਂ ਹਾਂ, ਦਿੰਦੇ ਨਹੀਂ ਕਿਰਾਇਆ, ਪਾਣੀ, ਕਣਕ ਤੇ ਝੋਨੇ ਦੇ ਰੂਪ ਵਿਚ। ਜਿੱਦੇਂ ਅਸੀਂ ਦੇਣ ਤੋਂ ਨਾਂਹ ਕਰ ਦਿੱਤੀ ਓਦੇਂ ਹੀ ਅਗਲੇ ਸਾਡੀ ਸਾਰੀ ਦੇਸ਼ ਭਗਤੀ ਵਗਾਹ ਮਾਰਨਗੇ ਤੇ ਝੱਟ ਸਾਨੂੰ ਅੱਤਵਾਦੀ ਦਾ ਖਿਤਾਬ ਬਖਸ਼ ਦੇਣਗੇ। ਸਾਡਾ ਪੰਥ ਤੇ ਗ੍ਰੰਥ ਦੋਵੇਂ ਹੀ ਸਿਰਫ ਆਪਣੇ ਕੌਮੀਂ ਘਰ ਵਿਚ ਹੀ ਸੁਰੱਖਿਅਤ ਰਹਿ ਸਕਦੇ ਹਨ। ਨਹੀਂ ਤਾਂ ਅਗਲਿਆਂ ਨੂੰ ਸਾਡੇ ਸ਼ਬਦ ਚੁੱਭਣ ਲੱਗ ਪਏ ਹਨ,
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥108॥
ਜਾਂ
ਛੋਡਹਿ ਅੰਨੁ ਕਰਹਿ ਪਾਖੰਡ ॥ਨਾ ਸੋਹਾਗਨਿ ਨਾ ਓਹਿ ਰੰਡ ॥
ਕਿਉਂਕਿ ਵਰਤ ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਹਨ ਤੇ ਅਗਲੇ ਕਹਿੰਦੇ ਹਨ ਕਿ ਜਦੋਂ ਤੁਸੀਂ ਗੁਰਦੁਆਰਿਆਂ ਵਿਚ ਇਹ ਸ਼ਬਦ ਪੜ੍ਹਦੇ ਹੋ ਤਾਂ ਸਾਡਾ ਦਿਲ ਦੁਖਦਾ ਹੈ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।(ਇਹ ਘਟਨਾ 2005 ਸੰਨ ਵਿਚ ਤਰਨਤਾਰਨ ਦੇ ਇਕ ਗੁਰਦੁਆਰਾ ਸਾਹਿਬ ਵਿਚ ਵਾਪਰ ਚੁੱਕੀ ਹੈ। ਜਦੋਂ ਕਰਵਾ ਚੌਥ ਵਾਲੇ ਦਿਨ ਸਾਡੇ ਇਕ ਗ੍ਰੰਥੀ ਸਿੰਘ ਨੇ ਇਹ ਸ਼ਬਦ ਗੁਰਦੁਆਰਾ ਸਾਹਿਬ ਵਿਚ ਪੜ੍ਹ ਦਿੱਤੇ ਤਾਂ ਸ਼ਿਵ ਸੈਨਾ ਤੇ ਬਜ਼ਰੰਗ ਦਲੀਆਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਹੋ-ਹੱਲਾ ਕਰਕੇ ਇਸ ਦਾ ਵਿਰੋਧ ਕੀਤਾ।)ਤੇ ਮੈਂ ਸੋਚਦਾ ਹਾਂ ਕਿ ਜੇ ਅਸੀਂ ਕਿਸੇ ਸਟੇਜ ਤੋਂ ਬਾਬਾ ਨਾਮਦੇਵ ਜੀ ਦੇ ਇਹਨਾਂ ਸ਼ਬਦਾਂ ਦੀ ਵਿਆਖਿਆ ਕਰ ਦਿੱਤੀ, ਕਿ
ਗੋਂਡ
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥
ਜਾਂ
ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨ੍‍ਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥
ਤਾਂ ਫੇਰ ਕੀ ਬਣੇਗਾ। ਅਗਲੇ ਤਾਂ ਕਹਿਣਗੇ ਕਿ ਇਹ ਗ੍ਰੰਥ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਹੈ, ਇਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਹ ਤਾਂ ਜਥੇਦਾਰ ਸਾਹਬ ਸਾਡੇ ਕਿਸੇ ਕਥਾਵਾਚਕ ਨੇ ਕਦੇ ਏਨੀ ਹਿੰਮਤ ਹੀ ਨਹੀਂ ਕੀਤੀ ਕਿ ਇਹਨਾਂ ਸ਼ਬਦਾਂ ਦੀ ਕਥਾ ਕਰ ਸਕੇ ਨਹੀਂ ਤਾਂ ਫੇਰ ਕੀ ਹੋਵੇਗਾ ਜਥੇਦਾਰ ਸਾਹਬਲਿਖਣ ਨੂੰ ਤਾਂ ੳਜੇ ਬਥੇਰਾ ਕੁਝ ਬਾਕੀ ਹੈ, ਪਰ ਬਾਕੀ ਬਾਤ ਕਦੇ ਫੇਰ ਪਾਵਾਂਗੇ। ਸੋ ਮੇਰੀ ਜਾਚੇ, ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ, ਅਸੀਂ ਤਾਂ ਆਪਣਾ ਹੱਕ ਮੰਗਦੇ ਹਾਂ, ਕੋਈ ਭੀਖ ਨਹੀਂ ਚਾਹੁੰਦੇ। ਅੱਜ ਸਾਡੀ ਹਰੇਕ ਸਿਖ ਦੀ ਅਰਦਾਸ ਵਿਚ ਇਹ ਸ਼ਾਮਲ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਅਕਾਲ ਪੁਰਖ ਪਾਸੋਂ ਕੌਮ ਲਈ ਉਸਦਾ ਖੁੱਸਿਆ ਹੋਇਆ ਆਪਣਾ ਘਰ ਮੰਗੀਏ। ਇਹੀ ਸਾਡੀ ਫੌਰੀ ਲੋੜ ਤੇ ਸਾਡੇ ਕੌਮੀ ਮਸਲਿਆਂ ਦਾ ਹੱਲ ਹੈ।ਅੰਤ ਵਿਚ ਜਥੇਦਾਰ ਸਾਹਬ ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਕੁਝ ਸਮਾਂ ਪਹਿਲਾਂ ਮੈ ਤੁਹਾਡੇ ਕਿਸੇ ਬਿਆਨ ਦੇ ਵਿਰੋਧ ਵਿਚ ਇਕ ਲੇਖ ਲਿਖਿਆ ਸੀ (ਭਾਵੇਂ ਕਿ ਤੁਹਾਡਾ ਉਹ ਬਿਆਨ ਤੇ ਇਹ ਬਿਆਨ ਆਪੋਂ ਵਿਚ ਬਿਲਕੁਲ ਮੇਲ ਨਹੀਂ ਖਾਂਦੇ, ਤੇ ਜੇ ਕਿਸੇ ਨੂੰ ਇਹ ਦੋਵੇਂ ਬਿਆਨ ਸੁਣਾਈਏ ਤਾਂ ਉਹ ਕਹੇਗਾ ਕਿ ਇਹ ਦੋਵੇ ਬਿਆਨ ਦੋ ਵਿਰੋਧੀ ਆਦਮੀਆਂ ਦੇ ਹਨ, ਪਰ ਖੈਰ ਮੈ ਪਹਿਲਾਂ ਕਿਹਾ ਹੈ ਕਿ ਮੈਂ ਤੁਹਾਡੇ ਬਿਆਨ ਦੀ ਚੀਰ ਫਾੜ ਨਹੀਂ ਕਰਾਂਗਾ)। ਪਰ ਸਿਖ ਦਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੁੰਦਾ। ਇਸ ਲਈ ਤੁਹਾਡੇ ਇਸ ਬਿਆਨ ਤੇ ਮੇਰਾ ਜੀਅ ਕੀਤਾ ਕਿ ਤੁਹਾਡਾ ਧੰਨਵਾਦ ਜਰੁਰ ਕਰਨਾ ਚਾਹੀਦਾ ਹੈ। ਸੋ ਕੌਮ ਨੂੰ ਉਸ ਦੇ ਅਸਲ ਨਿਸ਼ਾਨੇ ਦੀ ਯਾਦ ਦਿਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਤੁਸੀਂ ਕੌਮੀ ਘਰ ਦੀ ਪ੍ਰਾਪਤੀ ਸੰਭਵ ਕਿਵੇਂ ਹੋਵੇ ਬਾਰੇ ਵੀ ਸੰਗਤਾਂ ਨੂੰ ਸੇਧ ਦਿਓਗੇ। ਅੰਤ ਵਿਚ ਉਸ ਬੋਲੇ, ਜੋ ਮੈਂ ਅਰਦਾਸ ਵਿਚ ਦੋਹਰੇ ਤੋਂ ਬਾਅਦ ਪੜ੍ਹਦਾ ਹਾਂ, ਨਾਲ ਸਮਾਪਤੀ ਕਰਾਂਗਾ,
ਦਿੱਲੀ ਤਖ਼ਤ ਪਰ ਬਹੇਗੀ, ਆਪ ਗੁਰੂ ਕੀ ਫੌਜ,
ਛਤਰ ਝੂਲੇਂਗੇ ਸੀਸ ਪਰ, ਬੜੀ ਕਰੇਗੀ ਮੌਜ
ਆਪ ਸਭ ਦਾ ਨਿੱਕਾ ਵੀਰ,
ਜਗਦੀਪ ਸਿੰਘ ਫਰੀਦਕੋਟ
jagdeepsfaridkot@yahoo.com

Saturday, April 19, 2008

"ਨੁਕਸਾਨ" (ਕਹਾਣੀ)

ਮੈਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਕਰਮਾਂ ਵਿਚ ਬੈਠਾ ਸੀ। ਗੁਰਬਾਣੀ ਸਰਵਣ ਕਰ ਰਿਹਾ ਸੀ ਤੇ ਨਾਲ ਹੀ ਸਮਝਣ ਦਾ ਯਤਨ ਵੀ ਕਰ ਰਿਹਾ ਸੀ। ਰਾਗੀ ਸਿੰਘ ਸ਼ਬਦ ਗਾਇਣ ਕਰ ਰਹੇ ਸਨ,
“ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥”
ਸੰਗਤ ਦਾ ਆਉਂਣ ਜਾਣ ਲਗਾਤਾਰ ਜਾਰੀ ਸੀ। ਸਭ ਕੁਝ ਬੜਾ ਸ਼ਾਤ ਸੀ। ਮਨ ਨੂੰ ਬੜਾ ਅਨੰਦ 'ਤੇ ਸਕੂਨ ਮਿਲ ਰਿਹਾ ਸੀ।
ਪ੍ਰਕਰਮਾਂ ਵਿਚ ਮੇਰੇ ਇਕ ਪਾਸੇ ਇਕ ਬੁੱਢੀ ਮਾਈ ਬੈਠੀ ਸੀ। 70 ਕੁ ਸਾਲ ਦੇ ਕਰੀਬ ਉਮਰ ਹੋਵੇਗੀ ਉਸਦੀ। ਪ੍ਰਕਰਮਾਂ ਦੀ ਕੰਧ ਨਾਲ ਮਾਈ ਨੇ ਢੋਅ ਲਾਈ ਹੋਈ ਸੀ ਤੇ ਸਿਰ ਨੀਵਾਂ ਕੀਤਾ ਹੋਇਆ ਸੀ। ਮੈਨੂੰ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਪਰ ਪਤਾ ਨਹੀਂ ਕਿਉਂ ਮੈਨੂੰ ਉਹ ਮਾਤਾ ਜਾਣੀ ਪਛਾਣੀ ਲੱਗਦੀ ਸੀ। ਇੰਝ ਲੱਗਦਾ ਸੀ ਜਿਵੇਂ ਉਹ ਕੁਝ ਥੱਕੀ ਹੋਈ ਹੋਵੇ। ਮੈਂ ਅਜੇ ਮਾਤਾ ਬਾਰੇ ਸੋਚ ਹੀ ਰਿਹਾ ਸੀ ਕਿ ਮੇਰੇ ਨਾਲ ਦੂਜੇ ਪਾਸੇ ਦੋ ਲਾਲੇ ਆ ਕੇ ਬੈਠ ਗਏ, ਜਾਂ ਕਹਿ ਲਉ ਜਿਵੇਂ ਕੋਈ ਹਫ ਕੇ ਡਿੱਗਦਾ ਹੈ, ਉਵੇਂ ਡਿੱਗ ਪਏ। ਇਕ ਸਾਹੋ ਸਾਹ ਹੋਇਆ ਇਕ ਪਾਈਪ ਜਹੀ (ਇਨਹਿਲਰ) ਨਾਲ ਸਾਹ ਲੈਂਦਾ ਹੋਇਆ ਬੋਲਿਆ,
"ਮੈਂ ਤੈਨੂੰ ਕਿਹਾ ਸੀ ਨਾ ਕਿਸ਼ੋਰੀ ਲਾਲ........, ਹੂ........ਬਈ ਇਹ ਪ੍ਰਕਰਮਾਂ ਜ੍ਹੀ ਬਹੁਤ ਵੱਡੀ ਐ......,ਆਪਾਂ ਸਾਰਾ ਚੱਕਰ ਨਾ ਲਾਈਏ.......ਹੂ......, ਪਰ ਤੂੰ ਮੰਨਿਆਂ ਨਹੀਂ......, ਹੂ...... ਹੂ....... ਹੁਣ ਵੇਖਲਾ ਕਿਵੇਂ ਸਾਹੋ ਸਾਹ ਹੋਏ ਬੈਠੇ ਹਾਂ......."
"ਓ ਮੈਨੂੰ ਕੀ ਪਤਾ ਸੀ ਤੁਲਸੀ ਰਾਮਾਂ......ਹਅ...... ਬਈ ਆਪਾਂ ਬੁੱਢੇ ਹੋ ਗਏ ਹਾਂ....... ਹਅ........ ਮੈਂ ਤਾਂ ਕਿਹਾ ਚੱਲ ਨਾਲੇ 'ਐਕਸਰਸਾਈਜ਼' ਹੋ ਜਊ....... ਹਅ........ ਤੇ ਨਾਲੇ ਏਨੇ ਚਿਰ ਬਾਅਦ ਆਏ ਆਂ ਸਾਰਾ ਆਲਾ ਦੁਆਲਾ ਵੇਖਲਾਂਗੇ........ਹਅ......."
ਇਹਨਾਂ ਦੀਆਂ ਗੱਲਾਂ ਤੋਂ ਮੈਨੂੰ ਇੰਝ ਪ੍ਰਤੀਤ ਹੋਇਆ, ਬਈ ਜਿਵੇਂ ਲਾਲਾ ਤੁਲਸੀ ਰਾਮ ਇੱਥੋਂ ਦੇ ਰਹਿਣ ਵਾਲਾ ਈ ਸੀ ਤੇ ਕਿਸ਼ੋਰੀ ਲਾਲ ਕਿਤੋਂ ਬਾਹਰੋਂ ਆਇਆ ਸੀ ਤੇ ਉਹ ਕਾਫੀ ਦੇਰ ਬਾਅਦ ਏਥੇ ਆਇਆ ਸੀ। ਥੋੜਾ ਸਾਹ ਲੈ ਕੇ ਉਹਨਾਂ ਨੇ ਆਪਣੀਆਂ ਗੱਲਾਂ ਮੁੜ ਸ਼ੁਰੂ ਕੀਤੀਆਂ। ਮੇਂ ਉਹਨਾਂ ਤੋਂ ਕੁਝ ਕੁ ਦੂਰ ਬੈਠਾ ਸੀ ਤੇ ਮੈਂ ਉਹਨਾਂ ਵੱਲ ਧਿਆਨ ਵੀ ਨਹੀਂ ਕੀਤਾ, ਪਰ ਫਿਰ ਵੀ ਉਹਨਾਂ ਦੀਆਂ ਸਾਰੀਆਂ ਗੱਲਾਂ ਮੈਨੂੰ ਸੁਣ ਰਹੀਆਂ ਸਨ।
"ਵੇਖ ਲੈ ਬਈ ਤੁਲਸੀ ਰਾਮ....... ਇਹ ਸਾਰਾ ਕੁਝ 'ਕੇਰਾਂ ਤਾਂ ਖੰਡਰ ਬਣਾਤਾ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ। ਓਦੋਂ ਤਾਂ ਆਏਂ ਲੱਗਦਾ ਸੀ ਬਈ ਹੁਣ ਨਹੀਂ ਸਦੀਆਂ ਤੱਕ ਸਿਖ ਸਿਰ ਚੁੱਕ ਸਕਣਗੇ...... ਪਰ ਵੇਖਲਾ 20-25 ਸਾਲਾਂ 'ਚੀ ਸਾਰਾ ਕੁਝ ਮੁੜ ਉਸਾਰ ਲਿਐ ਇਹਨਾਂ ਨੇ।" ਥੋੜੀ ਦੇਰ ਰੁਕ ਕੇ ਉਹ ਮੁੜ ਬੋਲਿਆ, "ਔਹ ਉਹੀ ਤਖਤ ਐ ਨਾ ਜਿੱਥੇ 'ਭਿੰਡਰਾਂਵਾਲਾ' ਰਹਿੰਦਾ ਹੁੰਦਾ ਸੀ....." "ਹਾਂ ਉਹੀ ਐ" ਤੁਲਸੀ ਰਾਮ ਨੇ ਜਵਾਬ ਦਿੱਤਾ।
"ਵੇਖਲਾ ਬਈ...... ਓਦੂਂ ਸੋਹਣਾ ਬਣਾ ਲਿਐ ਸਿਖਾਂ ਨੇ...... ਓਦੂਂ ਵੀ ਸ਼ਾਨਦਾਰ, ਸੱਚ ਪੁੱਛੇਂ ਤਾਂ ਤੁਲਸੀ ਰਾਮ ਪਤਾ ਨਹੀਂ ਕਿਉਂ ਮੈਨੂੰ ਇਹ ਤਖਤ ਬਹੁਤ ਚੁੱਭਦੈ, ਹਮੇਸ਼ਾਂ ਮੈਨੂੰ ਇਹ ਲਾਲ ਕਿਲ੍ਹੇ ਮੂਹਰੇ ਹਿੱਕ ਤਾਣ ਕੇ ਖੜਾ ਮਹਿਸੂਸ ਹੁੰਦੈ ਤੇ ਇਹਦੇ 'ਤੇ ਝੂਲਦਾ ਸਿਖਾਂ ਦਾ ਆਹ ਝੰਡਾ ਹਮੇਸ਼ਾਂ ਮੈਨੂੰ ਤਿਰੰਗੇ ਤੋਂ ਉੱਚਾ ਲੱਗਦੈ""ਇਹ ਤਾਂ ਤੇਰੀ ਗੱਲ ਠੀਕ ਐ ਕਿਸ਼ੋਰੀ, ਪਰ ਇਹਨਾਂ ਦੀ ਅਸਲ ਤਾਕਤ ਤਾਂ ਇਹਨਾਂ ਦਾ 'ਗ੍ਰੰਥ' ਐ" ਤੁਲਸੀ ਰਾਮ ਨੂੰ ਜਿਵੇਂ ਪਤਾ ਸੀ ਕਿ ਤਾਕਤ ਤਾਂ ਸਿਖ ਨੂੰ 'ਗੁਰਬਾਣੀ' ਹੀ ਬਖਸ਼ਦੀ ਹੈ।
"ਓ ਹੋਊ ਅਸਲ ਤਾਕਤ 'ਗ੍ਰੰਥ' , ਨਾਲੇ ਕੌਣ ਪੜ੍ਹਦੈ ਓਹਨੂੰ ਤੁਲਸੀ, ਕੋਈ ਵਿਰਲਾ ਟਾਵਾਂ ਸਿਖ ਤੇ ਐਸੇ ਸਿਖ ਦੀ ਕੋਈ ਨਈ ਸੁਣਦਾ। ਸਿਖਾਂ ਵਿਚ ਹੁਣ ਧਨਾਡ 'ਪ੍ਰਧਾਨ' ਨੇ ਤੇ ਇਹਨਾਂ ਸਰਮਾਏਦਾਰ ਸਿਖਾਂ ਵਿਚੋਂ ਕੋਈ ਕਦੇ ਕੋਈ ਇਸ ਨੂੰ ਨਹੀਂ ਪੜਦਾ ਹੋਣਾ ਕਿਉਂਕਿ ਜੇ ਪੜ੍ਹਦੇ ਹੋਣ ਤਾਂ ਠੱਗੀਆਂ ਠੋਰੀਆਂ ਕਰਕੇ ਧਨ ਕਿਉਂ ਇਕੱਠਾ ਕਰਨ....."
ਲਾਲਾ ਬੋਲ ਰਿਹਾ ਸੀ ਤਾਂ ਮੇਰਾ ਧਿਆਨ ਕੀਰਤਨ ਵੱਲ ਗਿਆ, ਸ਼ਬਦ ਚੱਲ ਰਿਹਾ ਸੀ,
"ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ"
"ਬਸ ਮੇਰਾ ਤਾਂ ਤੁਲਸੀ ਰਾਮ ਸਿਰਫ ਓਦੋਂ ਦਿਲ ਡੁੱਬਦੈ ਜਦੋਂ ਇਹ ਇਕੱਠੇ ਹੋ ਕੇ 'ਰਾਜ ਕਰੇਗਾ ਖਾਲਸਾ' ਬੋਲਦੇ ਐ...... ਮੇਰੇ ਦਿਲ 'ਚ ਧੜਕੂ ਜਿਹਾ ਉੱਠਦੈ ਤੇ ਮੈਨੂੰ ਪਿਛਲਾ ਸਭ ਕੁਝ ਚੇਤੇ ਆਉਣ ਲੱਗਦੈ"
ਇਹਨਾਂ ਦੋਹਾਂ ਲਾਲਿਆਂ ਦੀਆਂ ਗੱਲਾਂ ਤੋਂ ਮੈਨੂੰ ਇੰਝ ਲੱਗਿਆ ਜਿਵੇ ਇਹ ਦੋਵੇਂ ਸਿਖਾਂ ਨੂੰ ਦੁਸ਼ਮਨ ਸਮਝਦੇ ਹੋਣ ਤੇ ਮੈਨੂੰ ਲੱਗਿਆ ਕਿ ਇਸ ਨਫਰਤ ਦਾ ਕੋਈ ਕਾਰਨ ਵੀ ਹੋਵੇਗਾ। ਸ਼ਾਇਦ ਖਾੜਕੂਵਾਦ ਵੇਲੇ ਇਹਨਾਂ ਦਾ ਕੁਝ ਨੁਕਸਾਨ………, ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਹਨਾਂ ਵਿਚੋਂ ਇਕ ਨੇ ਬੋਲਣਾ ਸ਼ੁਰੂ ਕੀਤਾ।
“ਤੈਨੂੰ ਯਾਦ ਐ ਕਿਸ਼ੋਰੀ? ਆਪਣੀ ਕੱਪੜੇ ਦੀ ਦੁਕਾਨ, ਹਜ਼ਾਰਾਂ-ਲੱਖਾਂ ਦਾ ਕਾਰੋਬਾਰ, ਹਰ ਰੋਜ਼ ਦੇ ਸੈਂਕੜੇ ਗਾਹਕ। ਕਿੰਨੀਆਂ ਖੁਸ਼ੀਆਂ ਹੁੰਦੀਆਂ ਸਨ ਓਦੋਂ……”
“ਕੁਝ ਨਹੀਂ ਭੁੱਲਿਆ ਭਰਾਵਾ, ਸਭ ਕੁਝ ਯਾਦ ਐ। ਪੰਜਾਂ ਦੁਕਾਨਾਂ ਜਿੱਡੀ ਆਪਣੀ ਇਕ ਦੁਕਾਨ, ਲੱਖਾਂ ਦਾ ਕੱਪੜਾ ਤੇ…… ਤੇ…… ਸਭ ਕੁਝ ਪਲਾਂ ਵਿਚ ਸਵਾਹ…… ਕੁਝ ਨਹੀਂ ਭੁੱਲਿਆ।”
ਉਹ ਦੋਵੇਂ ਕੁਝ ਚਿਰ ਲਈ ਚੁੱਪ ਹੋ ਗਏ। ਮੈਨੂੰ ਹੁਣ ਤੱਕ ਇਹ ਪਤਾ ਲੱਗ ਚੁੱਕਾ ਸੀ ਕਿ ਉਹ ਦੋਵੇਂ ਸਕੇ ਭਰਾ ਸਨ ਤੇ ਉਹਨਾਂ ਦਾ ਪੁਰਾਣਾ ਕੋਈ ਕੱਪੜੇ ਦਾ ਕਾਰੋਬਾਰ ਸੀ ਜਿਸ ਦਾ ਨੁਕਸਾਨ ਹੋ ਗਿਆ ਸੀ। ਪਰ ਕਿਵੇਂ………? ਮੇਰੀ ਜਾਨਣ ਦੀ ਇੱਛਾ ਵਧ ਰਹੀ ਸੀ। ਏਧਰ ਮਾਤਾ ਉਸੇ ਤਰ੍ਹਾਂ ਸਿਰ ਨੀਵਾਂ ਕਰਕੇ ‘ਗੁਰਬਾਣੀ’ ਸਰਵਣ ਕਰ ਰਹੀ ਸੀ।
“ਤੁਲਸੀ…… ਕੀ ਤੈਨੂੰ ਅੱਜ ਤੱਕ ਕੁਝ ਪਤਾ ਨਈ ਲੱਗਾ ਕਿ ਉਹ ਅੱਗ ਕਿਸ ਨੇ ਲਗਾਈ ਸੀ…… ਕਿਸ ਨੇ ਸਾਡਾ ਵਸਦਾ ਰਸਦਾ ਸੰਸਾਰ ਉਜਾੜਿਆ ਸੀ……… ਕੀ ਕੋਈ ਸੂਹ ਨਹੀਂ ਮਿਲੀ ਉਸਦੀ ਜਿਸ ਨੇ ਸਾਡਾ ਏਨਾ ਨੁਕਸਾਨ ਕੀਤਾ ਸੀ……?”
“ਤੈਨੂੰ ਦੱਸਿਆ ਨ੍ਹੀ ਦੁਰਗਾ ਭਾਬੀ ਨੇ, ਮੈਂ ਤਾਂ ਉਸ ਨੂੰ ਦੱਸ ਦਿੱਤਾ ਸੀ ਸਭ ਕੁਝ……?”
“ਉਸ ਨੇ ਤਾਂ ਮੈਨੂੰ ਕੁਝ ਨਹੀਂ ਦੱਸਿਆ…… ਕੀ ਕੁਝ ਪਤਾ ਲੱਗ ਗਿਆ ਸੀ?” ਕਿਸ਼ੋਰੀ ਹੈਰਾਨੀ ਨਾਲ ਬੋਲਿਆ।
“ਸ਼ਾਇਦ ਉਸ ਨੇ ਸੋਚਿਆ ਹੋਣੈ ਬੀ ਤੁਸੀਂ ਪਹਿਲਾਂ ਹੀ ਏਨੇ ਪ੍ਰੇਸ਼ਾਨ ਰਹਿੰਦੇ ਹੋ, ਐਵੇਂ ਹੋਰ ਦੁਖੀ ਹੋਵੋਗੇ, ਨਾਲੇ ਕੋਈ ਬਹੁਤਾ ਚਿਰ ਨ੍ਹੀ ਹੋਇਆ ਥੋੜਾ ਚਿਰ ਪਹਿਲਾਂ ਈ ਪਤਾ ਲੱਗਿਐ ਸਾਰਾ ਕੁਝ”
“ਉਹ ਦੁੱਖ…… ਉਹ ‘ਨੁਕਸਾਨ’ ਤਾਂ ਮੈਨੂੰ ਸਾਰੀ ਉਮਰ ਨਈਂ ਭੁੱਲਣਾ ਤੁਲਸੀ, ਪਰ ਤੂੰ ਦੱਸ ਤਾਂ ਸਹੀ” ਕਿਸ਼ੋਰੀ ਸਭ ਕੁਝ ਜਾਨਣਾ ਚਾਹੁੰਦਾ ਸੀ।
“ਤੈਨੂੰ ਯਾਦ ਹੈ ਜਦੋਂ ਜੂਨ 84 ਵਿਚ ਹਮਲੇ ਤੋਂ ਬਾਅਦ ਆਪਾਂ ਖੁਸ਼ੀ ਵਿਚ ਆਪਣੀ ਦੁਕਾਨ ਦੇ ਬਾਹਰ ਭਾਰਤੀ ਫੌਜੀਆਂ ਲਈ ਲੱਡੂ ਅਤੇ ਛੋਲੇ ਭਟੂਰੇ ਬਣਾ ਰਹੇ ਸੀ…… ਤਾਂ ਇਕ ਭੱਜਿਆ ਆਉਂਦਾ ਸਿਖ ਮੁੰਡਾ ਬਾਊ ਜੀ ਵਿਚ ਵੱਜਿਆ ਸੀ……”
“ਹਾਂ, ਹਾਂ ਮੈਨੂੰ ਸਭ ਯਾਦ ਹੈ……, ਉਹ ਖਿੱਲਰੇ ਜਹੇ ਵਾਲਾਂ ਵਾਲਾ ਮੁੰਡਾ ਅੰਨ੍ਹੇਵਾਹ ਭੱਜਿਆ ਆਉਂਦਾ ਬਾਊ ਜੀ ਵਿਚ ਵੱਜਿਆ ਸੀ ਤੇ ਬਾਊ ਜੀ ਤੇਲ ਵਾਲੇ ਕੜਾਹੇ ਵਿਚ ਡਿੱਗਦੇ ਆਪਾਂ ਬਚਾਏ ਸਨ। ਪਰ ਬਚਾਂਦੇ ਬਚਾਂਦੇ ਵੀ ਬਾਊ ਜੀ ਦਾ ਇਕ ਪਾਸਾ ਸਾਰਾ ਗਰਮ ਤੇਲ ਨਾਲ ਝੁਲਸ ਗਿਆ ਸੀ………”
“ਹਾਂ, ਉਹੀ ਮੁੰਡਾ…… ਅਸਲ ਵਿਚ ਉਹ ਕੋਈ ਆਮ ਮੁੰਡਾ ਨਹੀਂ ਸੀ ਬਹੁਤ ‘ਖਤਰਨਾਕ ਅੱਤਵਾਦੀ’ ਸੀ। ਆਪਾਂ ਸੋਚਿਆ ਕਿ ਉਸ ਦੇ ਮਗਰ ਭੱਜੇ ਜਾਂਦੇ ਫੌਜੀਆਂ ਨੇ ਉਸ ਨੂੰ ਮਾਰ ਦਿੱਤਾ ਹੋਵੇਗਾ…… ਪਰ ਉਹ ਬਚ ਗਿਆ ਸੀ। ਉਸ ਨੇ ਭੱਜੇ ਜਾਂਦੇ ਨੇ ਆਪਾਂ ਨੂੰ ਲੱਡੂ ਵੰਡਦੇ ਵੇਖ ਲਿਆ ਸੀ ਤੇ ਆਪਣੀ ਦੁਕਾਨ ਵੀ ਪਛਾਣ ਲਈ ਸੀ……… ਬਸ ਕਹਿੰਦੇ ਨੇ ਉਸੇ ‘ਅੱਤਵਾਦੀ’ ਨੇ ਏਸ ਗੁੱਸੇ ਵਿਚ ਕਿ ਇਹਨਾਂ ਨੇ ਹਮਲੇ ਦੀ ਖੁਸ਼ੀ ਵਿਚ ਲੱਡੂ ਵੰਡੇ ਸਨ, ਆਪਣੀ ਦੁਕਾਨ ਸਾੜ ਦਿੱਤੀ ਸੀ……”
“ਹੈਅ ਤੇਰਾ ਕੱਖ ਨਾ ਰਹੇ ਦੁਸ਼ਟਾ…… ਅਸੀਂ ਤੇਰਾ ਕੀ ਵਿਗਾੜਿਆ ਸੀ…… ਲੱਡੂ ਜਲੇਬੀਆਂ ਤਾਂ ਸ਼ਹਿਰ ਦੇ ਕਈ ਹਿੰਦੂ ਪਰਿਵਾਰਾਂ ਨੇ ਵੰਡੇ ਸਨ…… ਫੇਰ ਸਾਨੂੰ ਹੀ ਕਿਉਂ…… ਬਾਊ ਜੀ ਓਸ ਘਟਨਾਂ ਤੋਂ ਪਿੱਛੋਂ ਸਦਮੇਂ ਨਾਲ ਕਦੇ ਮੰਜੇ ਤੋਂ ਨਹੀਂ ਉੱਠੇ…… ਵੇਖਲਾ ਤੁਲਸੀ ਅੱਜ ਨੂੰ ਆਪਣਾ ਕਾਰੋਬਾਰ ਅਰਬਾਂ ਦਾ ਹੋਣਾ ਸੀ……… ਜੇ ਇਕੱਲੀ ਦੁਕਾਨ ਦੀ ਕੀਮਤ ਹੀ ਵੇਖਣੀ ਹੋਵੇ ਤਾਂ 8-10 ਕਰੋੜ ਤੋਂ ਘੱਟ ਨਹੀਂ ਹੋਣੀ ਸੀ……”
“ਚੱਲ ਛੱਡ ਕਿਸ਼ੋਰੀ ਹੁਣ ਪੁਰਾਣੀਆਂ ਗੱਲਾਂ ਨੂੰ, ਐਵੇਂ ਜਖ਼ਮ ਹਰੇ ਹੋਣਗੇ……, ਓਸ ‘ਨੁਕਸਾਨ’ ਦੀ ਭਰਪਾਈ ਨ੍ਹੀ ਕਦੇ ਹੋ ਸਕਦੀ, ਚੱਲ ਉੱਠ ਦਿਲ ਹੌਲਾ ਨਾ ਕਰ, ਚੱਲ ਘਰ ਨੂੰ ਚੱਲੀਏ” ਦੋਹਾਂ ਦੀਆਂ ਅੱਖਾਂ ਵਿਚ ਹੰਝੂ ਸਨ।
“ਸੱਚ ਪੁੱਛੇ ਨਾ ਤੁਲਸੀ ਤਾਂ ਇਹ ਥਾਂ ਵੀ ਮੈਨੂੰ ਹੁਣ ਵਿਹੁ ਵਰਗੀ ਲੱਗਣ ਲੱਗ ਪਈ ਹੈ…… ਚੱਲ ਛੇਤੀ ਏਥੋਂ ਚੱਲੀਏ”
ਜਾਂਦੇ ਜਾਂਦੇ ਲਾਲੇ ਕਿਸ਼ੋਰੀ ਨੇ ‘ਅਕਾਲ ਤਖਤ ਸਾਹਿਬ’ ਨੂੰ ਬੜੇ ਭੈੜੇ ਤਰੀਕੇ ਨਾਲ ਵੇਖਿਆ। ਜਿਵੇਂ ਕੋਈ ਕਿਸੇ ਪੁਰਾਣੇ ‘ਦੁਸ਼ਮਨ’ ਨੂੰ ਦੂਰੋਂ ਵੇਖਦਾ ਹੈ। ਉਹ ਤਾਂ ਚਲੇ ਗਏ, ਪਰ ਮੈਨੂੰ ਉਹਨਾਂ ਦੋਹਾਂ ‘ਤੇ ਅੰਦਰੋ ਅੰਦਰੀ ਬਹੁਤ ਗੁੱਸਾ ਚੜ੍ਹ ਰਿਹਾ ਸੀ। ‘ਦਰਬਾਰ ਸਾਹਿਬ’ ‘ਅਕਾਲ ਤਖਤ ਸਾਹਿਬ’ ਅਤੇ ਪੂਰੀ ਸਿਖ ਕੌਮ ਦੇ ਕਦੇ ਨਾ ਪੂਰੇ ਹੋਣ ਵਾਲੇ ‘ਨੁਕਸਾਨ’ ‘ਤੇ ਲੱਡੂ ਵੰਡਣ ਵਾਲਿਆਂ ਨੂੰ ਆਪਣੀ ਇਕ ਦੁਕਾਨ ਦੇ ‘ਨੁਕਸਾਨ’ ਦਾ ਕਿੱਡਾ ਗੁਸਾ ਚੜ੍ਹ ਰਿਹਾ ਸੀ। ਜੇ ‘ਰੱਬ ਦੇ ਘਰ-ਹਰਿਮੰਦਰ’ ਤੇ ‘ਰੱਬ ਦੇ ਤਖਤ-ਅਕਾਲ ਤਖਤ’ ਦੇ ਢਾਹੇ ਜਾਣ ‘ਤੇ ਕੋਈ ਖੁਸ਼ੀ ਮਨਾਵੇ ਤਾਂ ਉਸਦਾ ਆਪਣਾ ਭਲਾ ਕਿੱਥੋਂ ਹੋਵੇਗਾ।
ਖੈਰ ਉਹਨਾਂ ਦੇ ਚਲੇ ਜਾਣ ਤੋਂ ਪਿੱਛੋਂ ਮੇਰਾ ਧਿਆਨ ਦੂਜੇ ਪਾਸੇ ਬੈਠੀ ਮਾਤਾ ਵੱਲ ਗਿਆ। ਉਹ ਸਿਰ ਉਤਾਹ ਚੱਕੀ ਬਿਲਕੁਲ ਸਿੱਧੀ ਹੋਈ ਬੈਠੀ ਸੀ, ਅਕਸਰ ਇਸ ਉਮਰ ਵਿਚ ਬਜ਼ੁਰਗਾਂ ਦੀ ਪਿੱਠ ਬਿਲਕੁਲ ਸਿੱਧੀ ਨਹੀਂ ਹੁੰਦੀ, ਪਰ ਉਸ ਮਾਤਾ ਵਿਚ ਪਤਾ ਨਹੀਂ ਕਿੱਥੋਂ ਅੰਤਾਂ ਦਾ ਜੋਰ ਆ ਗਿਆ ਸੀ ਉਹ ਚੌਕੜਾ ਮਾਰੀ ਸਰੀਰ ਅਕੜਾ ਕੇ ਬੈਠੀ ਸੀ। ਉਸਦਾ ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ ਸੀ ਪਰ ਥੱਕਿਆ ਹਰਹਿਜ਼ ਨਹੀਂ ਸੀ ਜਿਵੇਂ ਮੈਨੂੰ ਪਹਿਲਾਂ ਪ੍ਰਤੀਤ ਹੋਇਆ ਸੀ। ਮੈਂ ਉਸ ਨੂੰ ਜਾਣਦਾ ਸੀ ਤੇ ਪਛਾਣਦਾ ਵੀ ਸੀ। ਇਹ ਉਹੀ ਵੱਡੇ ਜੇਰੇ ਵਾਲੀ ਮਾਤਾ ਸੀ ‘ਨੂਰੀ’। ਭੰਮੇ ਕਲਾਂ ਵਾਲੀ ‘ਮਾਤਾ ਨੂਰੀ’। ਬਸ਼ੀਰ ਮੁਹੰਮਦ ਉਰਫ ਭਾਈ ਲਛਮਨ ਸਿੰਘ ਨੂੰ ਜੰਮਣ ਵਾਲੀ ਮਾਤਾ ‘ਨੂਰੀ’। ਪਰ ਮੈਂ ਹੈਰਾਨ ਸੀ ਕਿ ਇਕਦਮ ਉਸ ਵਿਚ ਏਨਾ ਨੂਰ ਕਿਵੇਂ ਆ ਗਿਆ ਸੀ ਕਿ ਉਸ ਦੇ ਚਿਹਰੇ ਵੱਲ ਤੱਕਿਆ ਵੀ ਨਹੀਂ ਸੀ ਜਾ ਰਿਹਾ। ਮੈਂ ਵੇਖਿਆ ਕਿ ਉਹ ਥੋੜਾ ਮੁਸਕੁਰਾ ਵੀ ਰਹੀ ਸੀ। ਥੋੜਾ ਧਿਆਨ ਉਸ ਵੱਲੋਂ ਹਟਾ ਕੇ ਜਦ ਮੈਂ ਕੀਰਤਨ ਵਾਲੇ ਪਾਸੇ ਕੀਤਾ ਤਾਂ ਮੈਂ ਸਾਰੀ ਗੱਲ ਸਮਝ ਗਿਆ, ਮੈਨੂੰ ਸ਼ਬਦ ਸੁਣਿਆਂ,
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥”
ਉਸ ਦੀ ਮੁਸਕੁਰਾਹਟ ਅਜੇ ਵੀ ਕਾਇਮ ਸੀ, ਰਾਗੀ ਸਿੰਘ ਗਾਇਨ ਕਰ ਰਹੇ ਸਨ,
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥”
ਮੈਂ ਲਗਾਤਾਰ ਹੈਰਾਨ ਹੋਈ ਜਾ ਰਿਹਾ ਸੀ ਕਿ ਇਹ ਉਹੀ ਦੁਖਿਆਰੀ ਮਾਤਾ ਸੀ, ਜਿਸਦਾ ਪੁੱਤ ਜਦ ‘ਬੱਬਰਾਂ’ ਨਾਲ ਰਲ ਗਿਆ ਸੀ ਤਾਂ ਇਸਦੇ ਪਤੀ ਨੂੰ ਚੁੱਕ ਕੇ ਪੁਲਸ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਪਤਾ ਨਹੀਂ ਕਿੰਨੀ ਕੁ ਵਾਰ ਇਸ ਨੂੰ ਵੀ ਥਾਣੇ ਵਾਲੇ ਚੁੱਕ ਕੇ ਲਗਏ ਸਨ। ਫੇਰ ਇਸ ਨੇ ਇਹ ਖਬਰ ਵੀ ਅਡੋਲਤਾ ਨਾਲ ਸੁਣੀ ਕਿ ਕਲਕੱਤੇ ਇਕ ਮੁਕਾਬਲੇ ਵਿਚ ਇਸਦਾ ਪੁੱਤ, ਇਕਲੌਤਾ ਸਹਾਰਾ, ਪੁਲਸ ਨੇ ਮਾਰ ਦਿੱਤਾ ਸੀ……, ਨਾਲ ਹੀ ਇਸ ਦੀ ਬੇਕਸੂਰੀ ਨੂੰਹ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਸੀ ਤੇ ਉਸ ਦੇ ਪੇਟ ਵਿਚ ਸੱਤ ਮਹੀਨੇ ਦਾ ਬਾਲ…… ਉਸਨੂੰ ਵੀ ਸਰਕਾਰੀ ਗੋਲੀਆਂ ਚੀਰ ਗਈਆਂ ਸਨ।
ਕਿਸੇ ਨੇ ਪੁੱਛਿਆ, “ਮਾਤਾ ਤੇਰਾ ਪੁੱਤ ਮਾਰਤਾ ਸਰਕਾਰ ਨੇ, ਤੂੰ ਕੀ ਕਹਿਣਾ ਚਾਹੁੰਦੀ ਐਂ”
ਤੇ ਇਹ ਅੱਗੋਂ ਬੋਲੀ, “ਮਰਿਆ ਨੀ ਮੇਰਾ ਪੁੱਤ……, ਸ਼ਹੀਦ ਹੋਇਐ……, ਧਰਮ ਦੀ ਖਾਤਰ……, ਦੇਸ਼ ਦੀ ਖਾਤਰ ਕੁਰਬਾਨ ਹੋਇਐ……। ਸਾਡੇ ਮੁਸਲਮਾਨਾਂ ਵਿਚ ਬੱਕਰੇ ਨ੍ਹੀ ਝਟਕਾ ਦਿੰਦੇ, ਬਲੀ ਨ੍ਹੀ ਦਿੰਦੇ……, ਮੈਂ ਆਪਣੇ ਪੁੱਤ ਦੀ ਬਲੀ ਦਿੱਤੀ ਐ ‘ਖਾਲਸਥਾਨ’ ਲਈ। ਹਾਂ ਇਹ ਦੁੱਖ ਮੈਨੂੰ ਜਰੂਰ ਐ, ਬੀ ਏਸ ‘ਕੁੱਤੀ ਗੌਰਮਿੰਟ’ ਨੇ ਮੇਰੀ ਨਹੱਕੀ ਨੂੰਹ ਤੇ ਓਹਦੇ ਢਿੱਡ ਵਿਚਲਾ ਬੱਚਾ ਕਿਉਂ ਮਾਰਿਆ। ‘ਬੱਬਰ’ ਇਹਨਾਂ ਦੇ ਭਣੋਈਏ ਐ……… ਉਹਨਾਂ ਦੇ ਮੂਹਰੇ ਨੀ ਹੁੰਦੇ……, ਉਹਨਾਂ ਨਾਲ ਮੱਥਾ ਨੀ ਲਾਉਂਦੇ…… ਸਾਨੂੰ ਤੀਮੀਆਂ ਮਾਨੀਆਂ ਨੂੰ ਤੰਗ ਕਰਦੇ ਐ ਆਵਦੀ ਭੈਣ ਦੇ ਖਸਮ। ਮੇਰਾ ਪੁੱਤ ਜਦ ਕਦੇ ਪਿੰਡ ਆ ਜਾਂਦਾ ਸੀ ਨਾ ਤਾਂ ਚੌਕੀ ਆਲਾ ਥਾਣੇਦਾਰ ਕਹਿੰਦੇ ਨੇ ਥਾਣੇ ਨੂੰ ਅੰਦਰੋਂ ਜਿੰਦਾ ਲਾ ਲੈਂਦਾ ਸੀ। ਜਦ ਮੇਰਾ ਪੁੱਤ ਕੌਡੀ ਪਾਉਂਦਾ ਹੁੰਦਾ ਸੀ ਨਾ ਤਾਂ ਆਸ ਪਾਸ ਦੇ ਬੀਹ-ਪੱਚੀ ਪਿੰਡਾ ‘ਚੋਂ ਕੋਈ ਨੀ ਹੁੰਦਾ ਸੀ ਓਹਨੂੰ ਰੋਕਣ ਆਲਾ। ਮੈਨੂੰ ਮਾਣ ਐ ਮੇਰੇ ਸੂਰਮੇ ਪੁੱਤ ‘ਤੇ ਉਹ ਸ਼ੇਰਾਂ ਦੀ ਮੌਤ ਮਰਿਐ। ਉਹ ਕਿਸੇ ਐਕਸੀਡੈਂਟ ‘ਚ ਤਾਂ ਨੀ ਮਰਿਆ ਜਾਂ ਲੋਕਾਂ ਦੇ ਮੁੰਡਿਆਂ ਮਾਗੂੰ ਦਾਰੂ ਪੀ ਕੇ ਰੂੜੀ ‘ਤੇ ਪਿਆ ਤਾਂ ਨੀ ਮਰਿਆ। ਉਹ ਬਹਾਦਰਾਂ ਦੀ ਮੌਤ ਮਰਿਐ। ਮੇਰਾ ਪੁੱਤ ਪੁਲਸ ‘ਚ ਵੀ ਰਿਹੈ, ਪਰ ਉਸਨੂੰ ਓਹਦੇ ਪਿਉ ਨੇ ਕਿਹਾ ਸੀ ਬੀ ਪੁੱਤ ਕਿਸੇ ਤੀਮੀਂ ਦੇ ਮੂਹਰੇ ਉੱਚੀ ‘ਵਾਜ ‘ਚ ਨਾ ਬੋਲੀਂ, ਉਹ ਕਦੇ ਕਿਸੇ ਤੀਮੀਂ ਨੂੰ ਮੰਦਾ ਨੀ ਬੋਲਿਆਂ ਤੇ ਆਹ ਕੁਤੀ ਪੁਲਸ ਨੂੰ ਤਾਂ ਏਨਾ ਨੀ ਪਤਾ ਬੀ ਬੁੜ੍ਹੀਆਂ ਨਾਲ ਗੱਲ ਕਿਮੇਂ ਕਰੀਦੀ ਐ, ਗਾਲ ਤੋਂ ਬਿਨਾ ਨੀ ਬੋਲਦੇ ਹਰਾਮਜਾਦੇ……… ਕੋਈ ਨੀ ਪੁੱਤ ਗੋਲੀ ਇਹਨਾਂ ਲਈ ਵੀ ਬਣੂ, ਗੋਲੀ ‘ਕੱਲੀ ਸਿਖਾਂ ਦੇ ਪੁੱਤਾਂ ਲਈ ਤਾਂ ਨਈ…… ਇਹਨਾਂ ਨੂੰ ਵੀ ਮਿਲੂ ਕੀਤੇ ਦੀ ਸਜ਼ਾ………”
ਪਤੀ ਦੀ ਮੌਤ ਤੋਂ ਬਾਅਦ ਪੁੱਤਰ ਦੀ, ਨੂੰਹ ਦੀ ਤੇ ਅਣਜੰਮੇ ਵਾਰਸ ਦੀ ਮੌਤ ‘ਤੇ ਹੀ ਬੱਸ ਨਹੀਂ ਹੋਈ। ਪੁਲਸ ਨੇ ਮਾਤਾ ਦੇ ਜਵਾਈ ਸਦੀਕ ਮੁਹੰਮਦ ਨੂੰ ਵੀ ਲਾਪਤਾ ਕਰ ਦਿੱਤਾ ਜਾਂ ਕਹਿ ਲਉ ਲਾਵਾਰਸ ਲਾਸ਼ ਕਹਿ ਕੇ ਫੂਕ ਦਿੱਤਾ ਜਾਂ ਕਿਸੇ ਦਰਿਆ ਨਹਿਰ ਵਿਚ ਮੱਛੀਆਂ ਦੀ ਭੇਂਟ ਚਾੜ੍ਹ ਦਿੱਤਾ। ਫੇਰ ਜਦ ਘਰ ਵਿਚ ਕੋਈ ਮਰਦ ਨਹੀਂ ਬਚਿਆ ਤਾਂ ਪੁਲਸ ਦਾ ਕਹਿਰ ਮਾਤਾ ਤੇ ਇਸ ਦੀ ਧੀ ‘ਤੇ ਵਰ੍ਹਿਆ। ਕੁੱਟ-ਕੁੱਟ ਕੇ ਹੱਡੀਆਂ ਤੋੜ ਦਿੱਤੀਆਂ, ਪਰ ਮਾਤਾ ਅਡੋਲ ਰਹੀ ਤੇ ਜਦ ਵੀ ਬੋਲੀ ਉਸ ਨੇ ਸਰਕਾਰ ਨੂੰ ‘ਕੁੱਤੀ ਗੌਰਮਿੰਟ’ ਕਹਿ ਕੇ ਹੀ ਸੰਬੋਧਨ ਕੀਤਾ।
…… ਤੇ ਏਨਾਂ ਕਹਿਰ ਅਡੋਲਤਾ ਨਾਲ ਝੱਲਣ ਤੋਂ ਬਾਅਦ ਵੀ ਬੱਸ ਨਹੀਂ ਹੋਈ। ਅੱਜ ਪੁਲਸ ਨੇ ਮਾਤਾ ਦੀ ਦੋਹਤਰੀ ਬੀਬੀ ਪ੍ਰਵੀਨ ਕੌਰ ਨੂੰ ਕਰਨਾਲ ਥਾਣੇ ਵਿਚ ਬਰਫ ਦੀ ਸਿੱਲ ‘ਤੇ ਲਿਟਾਇਆ ਹੋਇਆ ਸੀ। 21 ਸਾਲ ਦੀ ਮਾਸੂਮ ਦਰਦ ਨਾਲ ਕਰਾਹ ਰਹੀ ਸੀ। ਪਰ ਜ਼ਾਲਮ ਹਾਕਮਾਂ ਦੀਆਂ ਡਿਕਸ਼ਨਰੀਆਂ ਵਿਚੋਂ ਤਰਸ ਨਾਮ ਦਾ ਸ਼ਬਦ ਗੁਆਚ ਗਿਆ ਸੀ। ਕੁੱਟ-ਕੁੱਟ ਕੇ ਬੱਚੀ ਦੀਆਂ ਹੱਡੀਆਂ ਭੰਨ ਸੁੱਟੀਆਂ ਸਨ।………… ਪਰ ਮਾਤਾ ਅਡੋਲ ਬੈਠੀ ਪ੍ਰਕਰਮਾਂ ਨਾਲ ਢੋਅ ਲਾਈ ਕੀਰਤਨ ਸੁਣ ਰਹੀ ਸੀ। ਸ਼ਬਦ ਚੱਲ ਰਿਹਾ ਸੀ,
“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥”
ਮੈਂ ਮਾਤਾ ਵੱਲ ਹੈਰਾਨੀ ਨਾਲ ਤੱਕ ਰਿਹਾ ਸੀ। ਮਾਤਾ ਦੇ ਅੱਜ ਤੱਕ ਦੇ ‘ਨੁਕਸਾਨ’ ਦਾ ਮੁਲੰਕਣ ਕਰ ਰਿਹਾ ਸੀ। ਮਾਤਾ ਦੇ ‘ਨੁਕਸਾਨ’ ਨੂੰ ਵੇਖ ਕੇ ਮੈਨੂੰ ਉਨ੍ਹਾਂ ਲਾਲਿਆਂ ਦੇ ‘ਨੁਕਸਾਨ’ ਦਾ ਚੇਤਾ ਵੀ ਆ ਰਿਹਾ ਸੀ ਜਿਹੜੇ ਹੁਣੇ ਏਥੋਂ ਪਿੱਟਦੇ ਗਏ ਸਨ। ਮੈਂ ਸੋਚ ਰਿਹਾ ਸੀ ਕਿ ਕਿਸ ਦਾ ‘ਨੁਕਸਾਨ’ ਜਿਆਦਾ ਵੱਡਾ ਹੈ ਉਹਨਾਂ ਲਾਲਿਆਂ ਦਾ, ਜਿਹੜੇ ਏਥੋਂ ਰੋਂਦੇ ਗਏ ਨੇ, ਜਾਂ ਇਸ ਬੁੱਢੀ ਮਾਤਾ ‘ਨੂਰੀ’ ਦਾ, ਜਿਹੜੀ ਅਡੋਲ ‘ਗੁਰੂ ਚਰਨਾ’ ਵਿਚ ਧਿਆਨ ਲਾਈ ਬੈਠੀ ਹੈ।
ਜਦ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਨਾ ਸ਼ੁਰੂ ਕੀਤਾ ਕਿ,
“ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥”
ਤਾਂ ਮੈਂ ਮਾਤਾ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਦੋ ਅੱਥਰੂ ਡੁੱਲਦੇ ਵੇਖੇ। ਉਹ ਪ੍ਰਕਰਮਾਂ ਵਿਚ ਲੰਬੀ ਪੈ ਗਈ। ਸ਼ਾਇਦ ਕੁਝ ਥੱਕ ਗਈ ਸੀ। ਉਸ ਨੂੰ ਪਈ ਨੂੰ ਤੱਕ ਕੇ ਮੈਨੂੰ ਚਰਨ ਸਿੰਘ ਸਫਰੀ ਦਾ ਇਕ ਸ਼ੇਅਰ ਯਾਦ ਆ ਗਿਆ,
“ਦਾਤਾ ਤੇਰੀ ਪ੍ਰਕਰਮਾਂ ਦੇ ਪੱਥਰਾਂ ‘ਤੇ, ਬੁੱਢੀ ਮਾਂ ਕੋਈ ਅੱਥਰੂ ਵਹਾ ਰਹੀ ਏ,
ਮੋਏ ਪੁੱਤਰ ਦੀ ਲਾਸ਼ ਦੀ ਮਹਿਕ ਓਹਨੂੰ, ਤੇਰੇ ਪੱਥਰਾਂ ਵਿਚੋਂ ਵੀ ਆ ਰਹੀ ਏ”
ਮੈਂ ਉੱਠਣ ਦੇ ਬਹਾਨੇ ਮਾਤਾ ਦੇ ਪੈਰਾਂ ਨਾਲ ਹੱਥ ਛੁਹਾ ਕੇ ਮੱਥੇ ਨਾਲ ਲਾਏ ਤੇ ਅਕਾਲ ਪੁਰਖ ਅੱਗੇ ਜੋਦੜੀ ਕੀਤੀ ਕਿ, “ਹੇ ਸੱਚੇ ਪਾਤਸ਼ਾਹ, ਸਾਡੀਆਂ ਮਾਵਾਂ ਨੂੰ, ਸਾਰੇ ਪੰਥ ਦੀਆਂ ਮਾਵਾਂ ਨੂੰ ਇਸ ‘ਮਾਈ ਨੂਰੀ’ ਵਰਗਾ ਹੌਸਲਾ ਤੇ ਅਡੋਲਤਾ ਬਖਸ਼, ਸਾਰੀਆਂ ਮਾਵਾਂ ਦੀਆਂ ਕੁੱਖਾਂ ਨੂੰ ਭਾਗ ਲਾ ਕਿ ਉਹ ਬਸ਼ੀਰ ਮੁਹੰਮਦ ਵਰਗੇ ਦਲੇਰ ਪੁੱਤ ਜੰਮ ਸਕਣ ਤੇ ਉਹ ਮਾਵਾਂ ਦੀਆਂ ਕੁੱਖਾਂ ਸੁਲੱਖਣੀਆਂ ਕਰ ਸਕਣ, ਹੇ ਅਕਾਲ ਪੁਰਖ ਅੱਜ ਸਾਨੂੰ ਸਿਰਫ ਇਕ ਨਹੀਂ ਲੱਖਾਂ ਅਜਿਹੀਆਂ ਮਾਵਾਂ ਦੀ ਲੋੜ ਹੈ ਤਾਂ ਕਿ ਅਸੀਂ ਕੌਮ ਨੂੰ ਬਾਹਮਣਵਾਦੀ ਗਲਬੇ ਹੋਠੋਂ ਕੱਢ ਕੇ ਆਜ਼ਾਦ ਕਰਵਾ ਸਕੀਏ, ਹੇ ਵਾਹਿਗੁਰੂ ਸਾਰੀਆਂ ਮਾਵਾਂ ਨੂੰ ਇਹ ਹਿੰਮਤ ਬਖਸ਼ ਕਿ ਉਹ ਆਪਣੇ ਪੁੱਤ ਪੰਥ ਉੱਤੋਂ ਦੀ ਨਿਛਾਵਰ ਕਰ ਦੇਣ, ਹੇ ਪ੍ਰਮਾਤਮਾਂ ਮਿਹਰ ਕਰ, ਦਇਆ ਕਰ……”
ਅਰਦਾਸ ਕਰ ਕੇ ਮੱਥਾ ਟੇਕ ਕੇ ਮੈਂ ਜਦ ਤੁਰਨ ਲੱਗਿਆ ਤਾਂ ਮੈਂ ‘ਮਾਈ ਨੂਰੀ’ ਵੱਲ ਦੇਖਿਆ। ਉਹ ਉੱਥੇ ਉਸੇ ਤਰ੍ਹਾਂ ਪਈ ਸੀ, ਅਡੋਲ। ਜਿਵੇਂ ਉਸਦਾ ਕੋਈ ‘ਨੁਕਸਾਨ’ ਹੋਇਆ ਹੀ ਨਾ ਹੋਵੇ………

ਜਗਦੀਪ ਸਿੰਘ ਫਰੀਦਕੋਟ

Monday, April 7, 2008

ਭੈਣ ਨੂੰ

ਮੈਨੂੰ ਮਾਫ ਕਰੀਂ ਭੈਣੇ,
ਐਤਕੀਂ ਮੈਂ ਸੰਧਾਰਾ ਲੈ ਕੇ ਨਹੀਂ ਆ ਸਕਣਾ,
ਕਿਉਂਕਿ ਤੇਰੇ ਵਰਗੀਆਂ ਹਜ਼ਾਰਾਂ ਭੈਣਾ ਦੇ ਸੰਧਾਰੇ,
ਦਿੱਲੀ ਦੇ ਲੁਟੇਰਿਆਂ ਨੇ ਲੁੱਟ ਲਏ ਨੇ।ਭੈਣੇ,
ਹੁਣ ਤੂੰ ਤੀਆਂ ਵਿਚ ਉਹ ਬੋਲੀ ਪਾ ਕੇ ਮੈਨੂੰ ਆਵਾਜ਼ਾਂ ਨਾਂ ਮਾਰੀਂ,
'' ਵੀਰਾ ਆਈਂ ਵੇ ਭੈਣ ਦੇ ਵੇਹੜੇ, ਪੁੰਨਿਆਂ ਦਾ ਚੰਨ ਬਣਕੇ ''
ਮੇਰੇ ਤੋਂ ਹੁਣ ਛੇਤੀ ਆ ਨ੍ਹੀ ਹੋਣਾ,ਕਿਉਂਕਿ,
ਮੈਂ ਹੁਣ ਓਸ ਕਾਫਲੇ ਵਿਚ ਸ਼ਾਮਿਲ ਹੋ ਗਿਆ ਹਾਂ
ਜੋ ਦਿੱਲੀ ਦੇ ਹਾਕਮਾਂ ਤੋਂ,ਲੁੱਟ ਦੇ ਸਮਾਨ ਦੇ ਨਾਲ-ਨਾਲ
ਆਪਣੇ 'ਹੱਕ' ਖੋਹਣ ਲਈ ਤੁਰਿਆ ਹੋਇਆ ਹੈ।
ਭੇਣੇ ਪੈਂਡਾ ਬਹੁਤ ਲੰਬਾ ਹੈ,
ਛੇਤੀ ਨਹੀਂ ਮੁੜਿਆ ਜਾਣਾ,
ਜਾਂ ਹੋ ਸਕਦੈ ਆਵਾਂ ਹੀ .........
ਅਸੀਂ 'ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ' ਨੂੰ ਯਾਦ ਕਰਕੇ ਤੁਰੇ ਹਾਂ,
ਜਿਸਨੇ ਕਿਹਾ ਸੀ,
''ਜਾਂ ਜਿੱਤ ਕੇ ਮੁੜਾਂਗਾ, ਜਾਂ ਸ਼ਹੀਦ ਹੋਵਾਂਗਾ''
ਹਾਂ ਭੈਣੇ ਮੈਂ ਬਾਗੀ ਹੋ ਗਿਆਂ,
ਏਸ ਦੇਸ਼ ਦੇ ਕਨੂੰਨ ਤੋਂ,
ਜਿਹੜਾ ਕਿਰਤੀਆਂ ਦੇ ਹੱਥ 'ਚੋਂ ਟੁੱਕ ਦੀ ਬੁਰਕੀ ਖੋਹ ਲੈਂਦਾ ਹੈ,
ਭੈਣਾ ਦੀਆਂ ਚੁੰਨੀਆਂ ਲੀਰੋ-ਲੀਰ ਕਰ ਦਿੰਦਾ ਹੈ,
ਜਿਹੜਾਂ 25000 ਮਾਂਵਾਂ ਦੇ ਸਰੂਆਂ ਵਰਗੇ ਪੁੱਤਾਂ ਨੂੰ
'ਲਾਵਾਰਿਸ ਲਾਸ਼ਾਂ' ਕਹਿ ਕੇ ਫੂਕ ਦਿੰਦਾ ਹੈ,
'ਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ
ਦਰਿਆਂਵਾਂ, ਨਹਿਰਾਂ ਦੀ ਭੇਂਟ ਚੜ੍ਹਾ ਦਿੰਦਾ ਹੈ।
ਮੈਂ ਬਾਗੀ ਹੋ ਗਿਆਂ, ਏਸ ਦੇਸ਼ ਤੋਂ,
ਜਿਸ ਦੀਆਂ ਫਿਜ਼ਾਵਾਂ ਵਿਚ ਬਰੂਦ ਦੀ ਬੋ ਭਰੀ ਹੋਈ ਹੈ,
ਜਿੱਥੇ ਰਾਖੇ ਰਾਖ਼ਸ਼ਾਂ ਵਾਂਗ
ਮਾਨਸ ਬੋ, ਮਾਨਸ ਬੋ ਕਰਦੇ ਫਿਰਦੇ ਨੇ,
ਜਿੱਥੋਂ ਦੀਆਂ ਹਵਾਵਾਂ ਵੀ ਗੁਲਾਮ ਹਨ,
ਜਿੱਥੋਂ ਦੇ ਪਾਣੀ ਮੇਰੇ ਵੀਰਾਂ ਦੇ ਖ਼ੂਨ ਨਾਲ ਰੰਗੇ ਹੋਏ ਨੇ,
ਸਭ ਕੁਝ ਗੁਲਾਮ ਹੈ ਸਭ ਕੁਝ,
ਆਪਣੀ ਮੋਟਰ ਤੋਂ ਲੈ ਕੇ ਪਿੰਡ ਦੇ ਛੱਪੜ ਤੱਕ,
ਕਣਕ ਤੋਂ ਲੈ ਕੇ ਕਮਾਦ ਤੱਕ,
ਘ੍ਹੀਰੇ, ਪਹੀਆਂ, ਰੋਹੀਆਂ, ਵਣ,
ਕਿੱਕਰਾਂ, ਨਿਆਈਆਂ, ਟਿੱਬੇ
ਸਭ ਕੁਝ,
ਕੁਝ ਵੀ ਅਜ਼ਾਦ ਨਹੀਂ,
ਮੇਰੀ ਉਡੀਕ ਨਾ ਕਰੀਂ ਭੈਣੇ,
ਮੈਂ ਹੁਣ ਓਨੀ ਦੇਰ ਨਹੀਂ ਮੁੜਨਾਂ,
ਜਦੋਂ ਤੱਕ ਬਾਪੂ ਸ਼ਹਿਰ ਆਲੇ ਲਾਲੇ ਕੋਲ ਸਿਰ ਝੁਕਾ ਕੇ ਜਾਂਦਾ ਰਿਹਾ,
ਜਦੋਂ ਤੱਕ ਬੈਕ ਵਾਲੇ ਪਿੰਡ ਵਾਲਿਆਂ ਨੂੰ ਤੰਗ ਕਰਦੇ ਰਹੇ,
ਮੈਂ ਹੁਣ ਇਨ੍ਹਾਂ ਸਾਰਿਆਂ ਦਾ ਹਿਸਾਬ ਮੁਕਾ ਕੇ ਹੀ ਮੁੜਾਂਗਾ,
ਮੈਂ ਹੁਣ ਓਦੋਂ ਹੀ ਆਵਾਂਗਾ,
ਜਦੋਂ ਤੱਕ ਸਭ ਕੁਝ ਅਜ਼ਾਦ ਨਹੀਂ ਹੋ ਜਾਂਦਾ,
ਹਾਂ
ਜੇ ਹੋ ਸਕਿਆ
ਤਾਂ ਆਪਣੇ ਭਤੀਜੇ ਨੂੰ ਲੈ ਕੇ,
ਮੇਰੇ ਪਿੱਛੇ ਆ ਜਾਂਵੀ,
ਅਸੀਂ ਸਾਰੇ ਰਲ ਕੇ ਲੜਾਂਗੇ,
ਲੜਾਂਗੇ, ਮਰਾਂਗੇ
ਜਿੱਤਣ ਲਈ,
ਅਜ਼ਾਦ ਹੋਣ ਲਈ ---------

Saturday, April 5, 2008

“ਮੇਰੇ ਦੇਸ਼ ਦਾ ਹਾਲ……”

ਨਾ ਪੁੱਛੋ,
ਮੇਰੇ ਤੋਂ ਨਾ ਪੁੱਛੋ,
ਸੀਨੇ ਵਿਚ ਕਿਤੇ ਦਰਦ ਹੁੰਦੈ,
ਦੱਸਣ ਦੀ ਹਿੰਮਤ ਵੀ ਨਹੀਂ ਪੈਂਦੀ,
ਮੇਰੇ ਤੋਂ ਮੇਰੇ ਦੇਸ਼ ਦਾ ਹਾਲ ਨਾ ਪੁੱਛੋ,
ਪੰਜ-ਆਬਾਂ ਦੀ ਸਾਰ ਨਾ ਪੁੱਛੋ।
ਹੁਣ ਇੱਥੇ ਇਕ ਛੇਵਾਂ ਦਰਿਆ ਵੀ ਵਗਦੈ,
ਨਸ਼ਿਆਂ ਦਾ, ਤੇ ਵਗਦਾ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਐ।
ਹੁਣ, ਜ਼ਰਵਾਣਿਆਂ ਨਾਲ ਟੱਕਰ ਲੈਣ ਵਾਲੇ,
ਇੱਥੋਂ ਦੇ ਗੱਭਰੂ,ਦਾਰੂ ਦੀ ਬੋਤਲ ਨਾਲ ਘੁਲਦੇ ਨੇ,
ਗੋਲੀਆਂ, ਟੀਕਿਆਂ ਨਾਲ ਯੁੱਧ ਲੜਦੇ ਨੇ।
ਇਹ ਹੁਣ ਉਹ ਮਰਦ ਨਹੀਂ ਰਹੇ,
ਜੋ ਧੀਆਂ-ਭੈਣਾ ਦੀ ਇੱਜ਼ਤ ਜ਼ਰਵਾਣਿਆਂ ਤੋਂ ਬਚਾਉਦੇ ਸਨ,
ਹੁਣ ਤਾਂ ਧੀਆਂ-ਭੈਣਾ ਦੀ ਇੱਜ਼ਤ ਨੂੰ ਇਹਨਾਂ ਤੋਂ ਹੀ ਖ਼ਤਰਾ ਹੈ।
ਇਹਨਾਂ ਦਾ ਲਹੂ ਜਵਾਂ ਸਫੈਦ ਹੋ ਗਿਐ,
ਇਹ ਤਾਂ, 20 ਸਾਲਾਂ ਤੱਕ ਹੱਕਾਂ ਲਈ ਲੜੇ ਜੁਝਾਰੂਆਂ ਨੂੰ,
ਅੱਤਵਾਦੀ ਦੱਸਦੇ ਨੇ।
ਸੰਤ ਜਰਨੈਲ ਸਿੰਘ,
ਭਾਈ ਤਲਵਿੰਦਰ ਸਿੰਘ, ਭਾਈ ਅਨੋਖ ਸਿੰਘ,
ਇਹਨਾਂ ਲਈ ਓਪਰੇ ਹਨ,
ਇਹ ਬਾਈ ਜੰਟੇ ਬੁੱਧ ਸਿੰਘੀਏ ਨੂੰ ਨਹੀਂ ਜਾਣਦੇ,
ਭਾਈ ਸੁਖਦੇਵ ਸਿੰਘ ‘ਬੱਬਰ’ ਦੇ ਕਾਰਨਾਮਿਆਂ ਦਾ ਇਹਨਾਂ ਨੂੰ ਨਹੀਂ ਪਤਾ,
ਦੁਸ਼ਟ, ਪਾਪੀ, ਜ਼ਾਲਮ ਹਾਕਮ ਨੂੰ ਸੋਧਣ ਵਾਲਾ ਭਾਈ ਦਿਲਾਵਰ ਸਿੰਘ
ਇਹਨਾਂ ਦੀਆਂ ਨਜ਼ਰਾਂ ‘ਚ ਬਸ ਇਕ ਕਾਤਲ ਹੈ,
ਹਜ਼ਾਰਾਂ ਲਾਵਾਰਿਸ ਕਹਿ ਕੇ ਸਾੜੇ ਗਏ ਗੱਭਰੂਆਂ ਲਈ,
ਇਹਨਾਂ ਦੇ ਮਨ ਵਿਚ ਕੋਈ ‘ਪੀੜ’ ਨਹੀਂ,
ਇਹਨਾਂ ਦੇ ਦਿਲ ਵਿਚ ਢੱਠੇ ‘ਅਕਾਲ ਤਖ਼ਤ’ ਦੀ ਤਸਵੀਰ ਨਹੀਂ ਉਕਰੀ,
ਇਹਨਾਂ ਨੂੰ ਕੁਝ ਨਹੀਂ ਪਤਾ, ਕੌਮ ਉੱਤੇ ਬੀਤੀ ਦਾ,
ਜਾਂ ਸ਼ਾਇਦ ਪਤਾ ਕਰਨਾ ਨਹੀਂ ਚਾਹੁੰਦੇ,ਲੋੜ ਵੀ ਨਹੀਂ,
ਤੇ ਸਮਾਂ ਵੀ ਕਿੱਥੇ,ਇਹਨਾਂ ਨੂੰ ਦਿਨ ਰਾਤ ਭੰਗੜਾ ਪਾਉਣ ਤੋਂ ਵਿਹਲ ਹੀ ਨਹੀਂ,
ਹੁਣ ਬਜ਼ੁਰਗ ਵੀ ਇਹਨਾਂ ਨੂੰ,
ਸਟੇਜ਼ ‘ਤੇ ਨੰਗੀਆਂ ਨੱਚਦੀਆਂ ਕੁੜੀਆਂ ਨਾਲ ਨੱਚਣੋ ਜਾਂ ਛੇੜਣੋ ਨਹੀਂ ਹਟਾਉਦੇ,
ਕਿਉਕਿ ਬਜ਼ੁਰਗਾਂ ਨੂੰ ਵੀ ਸਟੇਜ਼ ਦਾ ਇਕ ਪਾਸਾ ਦਿੱਤਾ ਜਾਂਦੈ,
ਇਨਜੁਆਏ(Enjoy) ਕਰਨ ਲਈ।
ਹੁਣ ਤਾਂ ਇਹ ਚਮਕੀਲੇ ਦੇ ਰੀਮਿਕਸ ਗਾਣੇ ਸੁਣਦੇ ਨੇ,
ਹੁਣ ਕੋਈ ਡਰ ਨਹੀਂ,
ਜਿੰਨੇ ਮਰਜ਼ੀ ਗੰਦੇ ਗਾਣੇ ਜਿੰਨੀ ਮਰਜ਼ੀ ਉੱਚੀ ਆਵਾਜ਼ ‘ਚ ਲਾਓ,
ਕੋਈ ਨਹੀਂ ਰੋਕੇਗਾ, ਹੁਣ ਪੂਰੀ ਖੁੱਲ ਹੈ,
ਚਾਹੇ ਭੈਣ ਦੇ ਸਾਹਮਣੇ ਲੱਚਰ ਗਾਣੇ ਗਾਓ,
ਭੈਣ ਵੀ ਨਹੀਂ ਰੋਕੇਗੀ,ਕਿਉਕਿ ਉਹ ਤਾਂ ਆਪ ਹਿੰਦੀ ਪੌਪ ਸੁਣਦੀ ਐ।
ਉਸ ਨੂੰ ‘ਮਾਈ ਭਾਗੋ’ ਦੀ ਬਹਾਦਰੀ ਬਾਰੇ ਨਈ ਪਤਾ,
ਤੇ ਨਾ ਹੀ ਪਤਾ ਹੈ ਬੀਬੀ ਓਂਕਾਰ ਕੌਰ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੀ ਵਾਰਤਾ ਬਾਰੇ,
ਬੀਬੀ ਗੁਰਮੀਤ ਕੌਰ ਬੱਬਰ ’ਤੇ ਹੋਏ ਅੰਨੇ ਤਸ਼ੱਦਦ ਬਾਰੇ ਉਸ ਨੇ ਨਹੀਂ ਸੁਣਿਆਂ।
ਪਰ ਇਹ ਨਾ ਸੋਚਿਓ ਕਿ ਇਹ ਕੁਝ ਨਹੀਂ ਜਾਣਦੀ,
ਇਸ ਨੂੰ ਰੈਪ ’ਤੇ ਕੈਟਵਾਕ ਕਰਨਾ ਆਉਦੈ,
ਸਟੇਜ਼ ’ਤੇ, ਲਗਭਗ ਬਿਨਾ ਕੱਪੜਿਆਂ ਤੋਂ, ਨੱਚਣਾ ਆਉਦੈ,
ਹੁਣ ਇਹ ਰਤਾ ਸ਼ਰਮ ਨਹੀਂ ਕਰਦੀ,ਮਾਡਰਨ ਹੋ ਗਈ ਏ ਨਾ,
ਅੱਜ ਕੱਲ ਤਾਂ ਜੋ ਵੱਧ ਨੰਗਾ ਹੁੰਦੈ ਉਹ ਵੱਧ ਮਾਡਰਨ ਅਖਵਾਉਂਦੈ,
ਸੋ ਇਹ ਕਿਉਂ ਪਿੱਛੇ ਰਹੇ,21ਵੀ ਸਦੀ ਦੀ ਔਰਤ, ਮਰਦ ਦੇ ਬਰਾਬਰ,
ਹਾਂ ਸੱਚ, ਹੁਣ ਇਸ ਨੇ ਆਪਣਾ ਅਸਲੀ ਪਹਿਰਾਵਾ ਵੀ ਤਿਆਗ ਦਿੱਤਾ ਹੈ,
ਨਾਲੇ ਕੌਣ ਸੰਭਾਲੇ “ਚੁੰਨੀਆਂ”ਵੈਸਟਰਨ ਵੀਅਰ ਵਧੀਐ,
ਜੀਨ ਤੇ ਟੀ-ਸ਼ਰਟ,ਕੁਝ ਵੀ ਪਹਿਨੇ,
ਕਿਸੇ ਨੂੰ ਕੋਈ ਹੱਕ ਨਹੀਂ ਟੋਕਣ ਦਾ,ਹੁਣ ਔਰਤ ਪੂਰੀ ਅਜ਼ਾਦ ਹੈ,
ਪਰ, ਕੀ ਇਸੇ ਨੂੰ ਆਜ਼ਾਦੀ ਕਹਿੰਦੇ ਨੇ, ਨਹੀਂ, ਇਹ ਆਜ਼ਾਦੀ ਨਹੀਂ,
ਜੇ ਇਹ ਆਜ਼ਾਦੀ ਹੈ, ਤਾਂ ਫਿਰ ਉਹ ਕੀ ਸੀ,
ਜਿਸ ਲਈ ਵੀਰ ਲੜਦੇ ਸ਼ਹੀਦ ਹੋ ਗਏ,
ਉਸ ਆਜ਼ਾਦੀ ਬਾਰੇ ਇਹਨਾਂ ਨੂੰ ਕੁਝ ਨਹੀਂ ਪਤਾ,
ਉਸ ਸੋਹਣੇ ਦੇਸ਼ ਬਾਰੇ ਕੁਝ ਨਹੀਂ ਪਤਾ,
‘ਖ਼ਾਲਸਾ ਰਾਜ’ ਦੇ ਸੁਪਨੇ ਬਾਰੇ ਕੁਝ ਨਈ ਪਤਾ,
ਕੁਝ ਨਈ ਪਤਾ... ਕੁਝ ਨਈ ਪਤਾ.......,
ਬਸ ਇਹੀ ਕਹਾਣੀ ਹੈ,
ਇਹੀ ਵਾਰਤਾ ਹੈ,
ਅੱਜ ਇਹੀ ਹਾਲ ਹੈ ਮੇਰੇ ‘ਪੰਜਾਬ’ ਦਾ.....
ਜਗਦੀਪ ਸਿੰਘ ‘ਫਰੀਦਕੋਟ’

Sunday, March 30, 2008

ਭਰੂਣ ਹੱਤਿਆ ਪਾਪ ਹੈ...?

ਔਰਤ ਦਿਵਸ ‘ਤੇ ਵਿਸ਼ੇਸ਼
ਅੱਜ ਕੱਲ ਜਿਸ ਸਮਾਜਿਕ ਬੁਰਾਈ ਦਾ ਸਭ ਤੋਂ ਵੱਧ ਰੌਲਾ ਪੈ ਰਿਹਾ ਹੈ, ਉਹ ਹੈ- ਕੰਨਿਆਂ ਭਰੂਣ ਹੱਤਿਆ। ਪੋਲੀਓ ਬੂੰਦਾਂ ਤੋਂ ਬਾਅਦ ਸ਼ਾਇਦ ਭਰੂਣ ਹੱਤਿਆ ਹੀ ਹੈ ਜਿਸ ਦੇ ਹਿੱਸੇ ਏਨਾ ਸਰਕਾਰੀ ਪ੍ਰਚਾਰ ਆਇਆ ਹੈ। ਟੈਲੀਵੀਯਨ ਉੱਤੇ ਇਸ ਬੁਰਾਈ ਦੇ ਵਿਰੁੱਧ ਵਾਧੂ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅਖ਼ਬਾਰਾਂ ਵਿਚ ਇਸ ਦੇ ਵਿਰੁੱਧ ਵੱਡੇ ਵੱਡੇ ਸਰਕਾਰੀ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਏਥੋਂ ਤੱਕ ਕਿ ਇਸ ਦੇ ਵਿਰੁੱਧ ਫਿਲਮਾਂ ਵੀ ਬਣ ਚੁੱਕੀਆਂ ਨੇ। ਸਰਕਾਰ ਦੇ ਨਾਲ ਨਾਲ ਸੈਂਕੜੇ ਐਨ. ਜੀ. ਓ. ਸੰਸਥਾਵਾਂ ਵੀ ਭਰੂਣ ਹੱਤਿਆ ਵਿਰੁੱਧ ਡਟੀਆਂ ਹੋਈਆਂ ਹਨ। ਜਥੇਦਾਰ ਸਾਹਬ ਨੇ ਵੀ ਇਸ ਦੇ ਵਿਰੁੱਧ ਹੁਕਮਨਾਮਾਂ ਜਾਰੀ ਕੀਤਾ ਹੈ। ਹੋਰ ਵੀ ਹਜ਼ਾਰਾਂ ਕੁਝ ਇਸ ਦੇ ਖਿਲਾਫ ਹੋ ਰਿਹਾ ਹੈ, ਪਰ……… ਤੁਹਾਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਦੇ ਵੀ ਕਿਸੇ ਨੇ ਇਹ ਜਾਨਣ ਦੀ ਤਾਂ ਕੋਸ਼ਿਸ਼ ਹੀ ਨਹੀਂ ਕੀਤੀ ਕਿ ਲੋਕ ਕੁੜੀਆਂ ਮਾਰਦੇ ਕਿਉਂ ਨੇ……… ਉਹ ਕੀ ਕਾਰਨ ਹਨ ਜਿਨ੍ਹਾਂ ਨੇ ਭਰੂਣ ਹੱਤਿਆ ਨਾਮ ਦੀ ਬੀਮਾਰੀ ਨੂੰ ਜਨਮ ਦਿੱਤਾ।
ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਂਗੇ ਕਿ ਅੱਜ ਤੋਂ 15-20 ਸਾਲ ਪਹਿਲਾਂ ਤੱਕ ਕਦੇ ਕਿਸੇ ਨੇ ‘ਭਰੂਣ ਹੱਤਿਆ’ ਸ਼ਬਦ ਵੀ ਨਹੀਂ ਸੁਣਿਆਂ ਸੀ, ਫੇਰ ਕੀ ਕਾਰਨ ਹਨ ਕਿ ਇਹ ਸਮੱਸਿਆ ਏਨੀ ਛੇਤੀ ਏਡਾ ਘਾਤਕ ਰੂਪ ਲੈ ਗਈ। ਕੀ ਦਾਜ ਦੀ ਸਮੱਸਿਆ ਭਰੂਣ ਹੱਤਿਆ ਦਾ ਮੁੱਖ ਕਾਰਨ ਹੈ?....... ਜਾਂ ਕੀ ਮੁੰਡਿਆਂ ਦੇ ਵਿਆਹਾਂ ਤੋਂ ਹੋਣ ਵਾਲੀ ‘ਕਮਾਈ’ ਲੋਕਾਂ ਨੂੰ ਧੀਆਂ ਜੰਮਣ ਤੋਂ ਰੋਕਦੀ ਹੈ?........ ਨਹੀਂ……… ਕਾਰਨ ਇਸ ਤੋਂ ਵੀ ਕਿਤੇ ਵੱਡੇ ਨੇ…………।'ਗੱਲ ਸ਼ੁਰੂ ਕਰਦੇ ਹਾਂ ਐਤਕੀਂ ਦੀ ਲੋਹੜੀ ਤੋਂ……… ਐਤਕੀ ਪੰਜਾਬ ਵਿਚ ਕਈ ਥਾਈਂ ਕੁੜੀਆਂ ਦੀ ਲੋਹੜੀ ਮਨਾ ਕੇ ਭਰੂਣ ਹੱਤਿਆ ਦੇ ਵਿਰੁੱਧ ਆਵਾਜ਼ ਉਠਾਈ ਗਈ। ਪੰਜਾਬ ਸਰਕਾਰ ਨੇ ਵੀ ਇਕ ਲੋਹੜੀ ਦਾ ‘ਪ੍ਰੋਗਰਾਮ’ ਕੀਤਾ, ਜਿਸ ਵਿਚ ਕੁੜੀਆਂ ਦੀ ਲੋਹੜੀ ਮਨਾਈ ਗਈ……… ਪਰ ਮਨਾਈ ਕਿਵੇਂ ਗਈ……… ਸਟੇਜ ‘ਤੇ ਕੁੜੀਆਂ ਨੂੰ ਨਚਾ ਕੇ ਜਾਂ ਸਿੱਧਾ ਕਹਿ ਲਉ ਕਿ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਠੁਮਕੇ ਵੇਖ ਕੇ। ਇਸ ਗੱਲ ਵਿਚ ਰਤਾ ਝੂਠ ਨਹੀਂ ਕਿ ਇਸ ਆਰਕੈਸਟਰਾ ਕਲਚਰ ਜਾਂ ਸੱਭਿਆਚਾਰਕ? ਗਰੁੱਪਾਂ ਦੇ ਨਾਮ ‘ਤੇ ਪੈ ਰਹੇ ਗੰਦ ਨੇ ਵੀ ਔਰਤਾਂ ਨੂੰ ਇਕ ਨੁਮਾਇਸ਼ ਦੀ ਚੀਜ਼ ਬਣਾ ਕੇ ਰੱਖ ਦਿੱਤਾ ਹੈ। ਕਦੇ ਉਹ ਵੀ ਜਮਾਨਾ ਸੀ ਜਦੋਂ ਤੀਆਂ ਵਿਚ ਮੁੰਡਿਆਂ ਦੇ ਜਾਣ ਦੀ ਮਨਾਹੀ ਹੁੰਦੀ ਸੀ, ਕੁੜੀਆਂ ਨੱਚਦੀਆਂ ਨੂੰ ਮੁੰਡੇ ਨਹੀਂ ਵੇਖ ਸਕਦੇ ਸਨ, ਜਾਂ ਮੁੰਡੇ ਆਪ ਹੀ ਤੀਆਂ ਵਿਚ ਨਹੀਂ ਜਾਂਦੇ ਸਨ ਕਿ ਯਰ ਭੈਣਾ ਨੂੰ ਨੱਚਦੀਆਂ ਨੂੰ ਵੇਖਾਂਗੇ, ਸ਼ਰਮ ਨਾ ਆਊਗੀ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਮੋਰਾਂ ਨਾਚੀ ਦਾ ਨਾਚ ਵੇਖਣ ਕਰਕੇ ਸਜਾ ਲਾਈ ਸੀ। ………ਤੇ ਜੇ ਕਿਤੇ ਅੱਜ ਅਕਾਲੀ ਫੂਲਾ ਸਿੰਘ ਆ ਜਾਵੇ ਤਾਂ ਸ਼ਾਇਦ ਦੁਹੱਥੜਾ ਮਾਰ ਮਾਰ ਕੇ ਰੋਵੇਗਾ ਕਿਉਂਕਿ ਅੱਜ ਤਾਂ ਸਾਰਾ ਪੰਜਾਬ ਹੀ ਏਸ ਕੰਜਰ ਕਿੱਤੇ ‘ਤੇ ਹੋਇਆ ਪਿਆ ਹੈ। ਜਿਸ ਤਰ੍ਹਾਂ ਦੇ ਕੱਪੜੇ ਪਾ ਕੇ ਆਰਕੈਸਟਰਾ ਵਾਲੀਆਂ ਕੁੜੀਆਂ ਨੱਚਦੀਆਂ ਹਨ ਉਹਨਾਂ ਨੂੰ ਵੇਖ ਕੇ ਸ਼ਾਇਦ ਕਈ ਧੀਆਂ ਦੇ ਮਾਪੇ ਸੁਪਨੇ ਵਿਚ ਵੀ ਡਰਦੇ ਹੋਣਗੇ ਕਿ ਕਿਤੇ ਸਾਡੀ ਧੀ ਵੀ……… ਸਾਰੇ ਪੰਜਾਬ ਵਿਚ ਇਹਨਾਂ ਗਰੁੱਪਾਂ ਦੇ ਨਾਮ ਥੱਲੇ ਕੁੜੀਆਂ ਦੀ ਮੰਡੀ ਲੱਗੀ ਹੋਈ ਹੈ। ਇਕ ਵਾਰ ਮੈਂ ਤੇ ਬਾਈ ਅਮਰਦੀਪ ਕਿਤੇ ਬਜ਼ਾਰ ਵਿਚ ਜਾ ਰਹੇ ਸੀ, ਰਸਤੇ ਵਿਚ ਇਕ ਥਾਈਂ ਮੈਂ ਕਿਸੇ (ਅ)ਸੱਭਿਆਚਾਰਕ ਗਰੁੱਪ ਦਾ ਬੋਰਡ ਪੜ੍ਹਿਆ, ਜਿਸ ਗਰੁੱਪ ਦਾ ਨਾਮ ਸੀ ‘ਜੋਬਨ ਪੰਜਾਬ ਦਾ’, ਜਦ ਮੈਂ ਬੋਲਿਆ ‘ਜੋਬਨ ਪੰਜਾਬ ਦਾ’ ਤਾਂ ਬਾਈ ਹੱਸ ਕੇ ਬੋਲਿਆ, “ਆਹੋ ਜੋਬਨ ਪੰਜਾਬ ਦਾ ਮੰਡੀ ਵਿਕਣ ਆਇਐ”। 'ਬਾਈ ਦੀ ਇਹ ਗੱਲ ਬਿਲਕੁਲ ਸੱਚ ਵੀ ਹੈ। ਜਿੰਨੀ ਸੋਹਣੀ ਕੁੜੀ, ਜਿੰਨੇ ਘੱਟ ਕੱਪੜੇ ਓਨੇ ਜਿਆਦਾ ਪੈਸੇ। ਹੁਣ ਤਾਂ ਹਾਲ ਇਹ ਹੋਇਆ ਪਿਆ ਹੈ ਕਿ ਜੇ ਤੁਸੀਂ ਕਿਸੇ ਪ੍ਰੋਗਰਾਮ ਲਈ ਆਰਕੈਸਟਰਾ ਬੁੱਕ ਕਰਵਾਉਣ ਜਾਓ ਤਾਂ ਅਗਲੇ ਪੁੱਛਦੇ ਨੇ, “ਬਾਈ ਜੀ ਸੱਭਿਆਚਾਰਕ ਕਿ ਵੈਸਟਰਨ?” ਹੁਣ ਦੱਸਣ ਦੀ ਲੋੜ ਨਹੀਂ ਕਿ ਦੋਹਾਂ ਵਿਚ ਕੀ ਫਰਕ ਹੈ………ਤੁਹਾਡੇ, ਜਾਗਦੀ ਜ਼ਮੀਰ ਵਾਲਿਆਂ, ਵਿਚੋਂ ਹੈ ਕੋਈ ਜਿਹੜਾ ਚਾਹੁੰਦਾ ਹੈ ਕਿ ਮੇਰੀ ਧੀ ਵੱਡੀ ਹੋ ਕੇ ਸਟੇਜ ‘ਤੇ ਵੱਧ ਤੋਂ ਵੱਧ ਕੱਪੜੇ ਲਾਹ ਕੇ ਨੱਚੇ, ਲੋਕ ਮਜ਼ੇ ਲੈਣ ਤੇ ਪੈਸਿਆਂ ਦੀ ਵਰਖਾ ਹੋਵੇ…… ਸ਼ਾਇਦ ਜੇ ਤੁਹਾਡੇ ਅੰਦਰ ਪੰਜਾਬ ਦਾ ਖ਼ੂਨ ਹੈ ਤਾਂ ਤੁਸੀਂ ਸੁਪਨੇ ਵਿਚ ਵੀ ਏਦਾਂ ਸੋਚਣਾ ਨਹੀਂ ਚਾਹੋਂਗੇ। ਪਰ ਜੇ ਕੁੜੀ ਬਾਗੀ ਹੋ ਕੇ ਐਸਾ ਕਿੱਤਾ ਫੜ੍ਹ ਲਵੇ ਤੇ ਤੁਹਾਡੀ ਪੱਗ ਤੁਹਾਡੀ ਕੁੜੀ ਦੇ ਲਟਕਿਆਂ ਝਟਕਿਆਂ ‘ਤੇ ਨੱਚ ਰਹੇ ਲੋਕਾਂ ਦੇ ਪੈਰਾਂ ਵਿਚ ਰੁਲੇ ਤਾਂ ਤੁਸੀਂ ਕੀ ਕਹੋਂਗੇ………? “ਏਦੂਂ ਤਾਂ ਚੰਗਾ ਸੀ ਏਹਨੂੰ ਜੰਮਦੀ ਨੂੰ ਮਾਰ ਦਿੰਦੇ………”
ਅੱਗੇ ਗੱਲ ਕਰਦੇ ਹਾਂ, ਆਹ ਫਾਲਤੂ ਦੇ ਪਿਆਰ, ਇਸ਼ਕ, ਮੁਹੱਬਤ ਦੇ ਕਲਚਰ? ਦੀ। ਬਹੁਤੇ ਮਾਪਿਆਂ, ਖਾਸ ਕਰ ਪਿੰਡਾਂ ਵਾਲਿਆਂ, ਨੂੰ ਅੱਜ ਦੇ ਮਾੜੇ ਹਾਲਾਤ ਵੇਖ ਕੇ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸਾਡੀ ਕੁੜੀ ਵੀ ਇਹਨਾਂ ਹਾਲਾਤਾਂ ਦੇ ਵਹਿਣ ਵਿਚ ਵਹਿ ਕੇ ਘਰੋਂ………।' ਕਿਹੜਾ ਮਾਂ ਬਾਪ ਇਹ ਸੁਣਨਾ ਚਾਹੇਗਾ ਕਿ ਲੋਕ ਗੱਲਾਂ ਕਰਨ, “ਓਏ ਫਲਾਣਿਆਂ ਦੀ ਕੁੜੀ ਨਿਕਲ ਗਈ……… ਸਾਲੇ ਵੱਡੇ ਇੱਜ਼ਤ ਆਲੇ ਬਣੇ ਫਿਰਦੇ ਸਨ……… ਨੱਕ ‘ਤੇ ਮੱਖੀ ਨ੍ਹੀ ਸੀ ਬਹਿਣ ਦਿੰਦੇ……… ਹੁਣ ਆਵਦੀ ਕੁੜੀ ਹੀ ਸਿਰ ਸਵਾਹ ਪਾ ਗਈ………” ਕੋਈ ਮਾਂ ਪਿਉ ਇਹ ਬਦਨਾਮੀਂ ਨਹੀਂ ਝੱਲ ਸਕਦਾ। ਅੱਜ ਜਿਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਹਨ ਉਸ ਵਿਚ ਇਹ ਗੱਲ ਹੌਲੀ-ਹੌਲੀ ਆਮ ਹੋ ਰਹੀ ਹੈ। ਰਹਿੰਦੀ ਖੂੰਹਦੀ ਕਸਰ ਆਹ ਗਾਉਣ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ। ਇਹਨਾਂ ਕੋਲ ਤਾਂ ਜਿਵੇਂ ਹੋਰ ਕੋਈ ਵਿਸ਼ਾ ਰਿਹਾ ਹੀ ਨਹੀਂ ਗਾਉਣ ਨੂੰ……… ਸ਼ਾਇਦ ਇਕ ਰਿਸ਼ਤੇ ਤੋਂ ਬਿਨਾ ਬਾਕੀ ਸਾਰੇ ਤਾਂ ਖਤਮ ਹੋ ਗਏ ਹਨ। ਮੈਨੂੰ ਅੱਜ ਸਮਝ ਲੱਗੀ ਹੈ ਕਿ ਕਦੇ ‘ਪਾਸ਼’ ਨੇ ਇਹ ਕਿਉਂ ਕਿਹਾ ਸੀ ਕਿ,
“ਵਾਰਿਸ ਸ਼ਾਹ ਦੀ ਲਾਸ਼ ਸਾਡੇ ਪਿੰਡਿਆਂ ‘ਤੇ ਥੋਹਰ ਬਣ ਕੇ ਉੱਗ ਆਈ ਹੈ”
ਇਹਨਾਂ ਗੀਤਕਾਰਾਂ ਤੇ ਗਾਇਕਾਂ ਨੇ ‘ਹੀਰ ਰਾਂਝੇ’ ਨੂੰ ਤਾਂ ਖਲਨਾਇਕ ਬਣਾ ਕੇ ਰੱਖ ਦਿੱਤਾ ਹੈ। ਸ਼ਾਇਦ ਇਹਨਾਂ ਵਿਚੋਂ ਕਿਸੇ ਨੇ ਹੀਰ ਪੜ੍ਹੀ ਵੀ ਨਹੀਂ ਹੋਣੀ, ਨਹੀਂ ਤਾਂ ਉਸ ਦੇ ਕਿਰਦਾਰ ਨੂੰ ਏਨਾ ਦਾਗੀ ਨਾ ਕਰਦੇ। ਆਖਰ ਜਿਹੜੇ ਹੀਰ ਰਾਂਝੇ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਨੇ ਉਹ ਏਨੇ ਮਾੜੇ ਤਾਂ ਨਹੀਂ ਹੋਣੇ। ਜੇ ਬਾਬਾ ਬੁੱਲੇ ਸ਼ਾਹ “ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤਖ਼ਤ ਹਜ਼ਾਰੇ” ਕਹਿ ਕੇ ਤਖ਼ਤ ਹਜ਼ਾਰੇ ਨੂੰ ਮੱਕੇ ਜਿੱਡਾ ਕਰ ਰਿਹਾ ਹੈ ਤਾਂ ਕੁਝ ਤਾਂ ਰੁਹਾਨੀਅਤ ਦੀ ਗੱਲ ਹੋਵੇਗੀ……… ਪਰ ਏਹਨਾਂ ਨਚਾਰਾਂ ਨੂੰ ਕੌਣ ਸਮਝਾਵੇ……… ਹੀਰ ਵਾਰਿਸ ਵਿਚ ਇਕ ਥਾਂ ਹੀਰ ਰਾਂਝੇ ਨੂੰ ਕਹਿੰਦੀ ਹੈ ਕਿ ਮੇਰੇ ਵਿਆਹ ਤੋਂ ਪਹਿਲਾਂ ਮੈਨੂੰ ਲੈ ਚੱਲ ਤਾਂ ਅੱਗੋਂ ਰਾਂਝਾ ਜਵਾਬ ਦਿੰਦਾ ਹੈ,
“ਹੀਰੇ ਇਸ਼ਕ ਨਾ ਮੂਲ ਸਵਾਦ ਦੇਂਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ,ਵਾਰਿਸ ਸ਼ਾਹ ਸਰਾਫ਼ ਸਭ ਜਾਣਦੇ ਨੇ, ਐਬ ਖੋਟਿਆਂ ਪੈਸਿਆਂ ਵਾਲਿਆਂ ਦੇ”ਉਹ ਕੋਰਾ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਸਰਾਫ਼ (ਪ੍ਰਮਾਤਮਾਂ) ਨੂੰ ਖੋਟੇ ਖਰੇ ਦੀ ਪੂਰੀ ਪਛਾਣ ਹੈ। ………… ਤੇ ਅੱਜ ਕੱਲ ਦੇ ਗਾਣੇ, ‘ਜਾਂ ਵਿਆਹ ਕਰਵਾ ਲੈ ਵੇ, ਨਹੀਂ ਮੈਨੂੰ ਲੈ ਚੱਲ ਕਿਤੇ ਭਜਾ ਕੇ’ਹੁਣ ਏਸ ਗਾਣੇ ਦਾ ਕੀ ਮਤਲਬ ਹੈ……… ਕੀ ਦੇ ਰਹੇ ਨੇ ਏਹ ਗਾਇਕ ਨੌਜਵਾਨਾਂ ਨੂੰ……… ਖੈਰ ਕੁਝ ਹੋਰ ਨਮੂਨੇ ਤੱਕੋ,‘ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢ ਕੇ ਲੈਜੂਗਾ…………’‘ਕਾਲਜ ‘ਚ ਕੁੰਢੀਆਂ ਦੇ ਸਿੰਗ ਪਸਗੇ ਨੀ ਇਕ ਤੇਰੇ ਕਰਕੇ…………’‘ਤੇਰੇ ਪਿੱਛੇ ਕਾਲਜ ਦੇ ਮੁੰਡਿਆਂ ਦੇ ਨਾਲ ਮੇਰਾ ਵੈਰ ਪੈ ਗਿਆ…………’‘ਚੰਡੀਗੜ੍ਹ ਝੀਲ ਦੀ ਕਰਾ ਦੂਂ ਤੈਨੂੰ ਸੈਰ ਆਜੀ ਟੈਮ ਕੱਢ ਕੇ…………’‘ਜਦ ਮਰਜ਼ੀ ਆਜੀਂ ਖੇਤ ਯਾਰ ਤਾਂ ਮੋਟਰ ‘ਤੇ ਹੁੰਦੇ………’‘ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ, ਰੱਖ ਥੋੜਾ ਹੌਸਲਾ ਜ਼ਰੂਰ ਆਉਂਗੀ………’‘ਰਾਤੀਂ ਕਿਉ ਨਾ ਆਈ ਤੂੰ ਕਰਾਰ ਕਰਕੇ, ਆਉਂਣ ਤਾਂ ਲੱਗੀ ਸੀ ਵੱਡੀ ਭਾਬੀ ਉੱਠ ਗਈ………’
ਖੈਰ, ਇਹ ਨਹੀਂ ਮੁੱਕਣੇ ਭਾਵੇਂ ਜਿੰਨਾ ਚਿਰ ਮਰਜ਼ੀ ਲਿਖਦਾ ਰਹਾਂ। ਹੁਣ ਤੁਸੀਂ ਇਹਨਾਂ ਗਾਣਿਆਂ ਵਿਚ ਕੁੜੀ ਦੇ ਕਿਰਦਾਰ ਵਾਲੀ ਥਾਂ ‘ਤੇ ਆਪਣੀ ਧੀ ਨੂੰ ਖੜ੍ਹੀ ਕਰਕੇ ਦੇਖੋ……… ਕੀ ਕਰ ਸਕਦੇ ਹੋ?..... ਸ਼ਾਇਦ ਨਹੀਂ…… ਤੁਸੀਂ ਹੀ ਨਹੀਂ ਕੋਈ ਵੀ ਅਣਖ ਵਾਲੇ ਮਾਪੇ ਆਪਣੀ ਧੀ ਨੂੰ ਇਸ ਥਾਂ ‘ਤੇ ਨਹੀਂ ਦੇਖਣਾ ਚਾਹੁੰਣਗੇ…… ਤੇ ਜੇ ਕੋਈ ਕੁੜੀ ਏਸ ਦਲਦਲ ਵੱਲ ਨੂੰ ਤੁਰ ਜਾਵੇ ਤਾਂ ਉਸ ਦੇ ‘ਵਿਚਾਰੇ’ ਮਾਪੇ ਕੀ ਕਹਿੰਦੇ ਹੋਣਗੇ…… ਚੰਗਾ ਹੁੰਦਾ ਜੰਮਦੀ ਨੂੰ ਮਾਰ ਦਿੰਦੇ………
ਹੁਣ ਗੱਲ ਕਰਦੇ ਹਾਂ ਭਰੂਣ ਹੱਤਿਆ ਦੇ ਇਕ ਹੋਰ ਵੱਡੇ ਕਾਰਨ ‘ਬਲਾਤਕਾਰਾਂ’ ਦੀ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਸਾਲ ਪਹਿਲਾਂ ਰਾਸ਼ਟਰਪਤੀ (ਅਬਦੁਲ ਕਲਾਮ ਵੇਲੇ) ਦੇ ਸੁਰੱਖਿਆ ਕਰਮੀਆਂ ਨੇ ਹੀ ਇਕ ਕੁੜੀ ਦਾ ਬਲਾਤਕਾਰ ਕਰ ਦਿੱਤਾ ਸੀ। ਅਜੇ ਕੱਲ ਦੀ ਗੱਲ ਹੈ, ਸਾਡੇ ਗੁਆਂਢੀ ਸੂਬੇ (ਹਰਿਆਣੇ) ਦੇ ਰਾਜਪਾਲ ਦੇ ਸੁਰੱਖਿਆ ਗਾਰਡਾਂ ਨੇ ਵੀ ਇਹੀ ਕਾਰਾ ਕੀਤਾ ਹੈ। ਸ਼ਾਇਦ ਤੁਹਾਨੂੰ ਕੇ.ਪੀ. ਗਿੱਲ ਵੱਲੋਂ ਆਈ. ਏ. ਐਸ. ਰੂਪਨ ਦਿਊਲ ਬਜਾਜ ਦੀ ……… ‘ਤੇ ਫੇਰਿਆ ਗਿਆ ਹੱਥ ਵੀ ਭੁੱਲਿਆ ਨਹੀਂ ਹੋਵੇਗਾ, ਜਿਸ ਬਦਲੇ ‘ਮਾਨਯੋਗ’ ਅਦਾਲਤ ਨੇ ਕੇ. ਪੀ. ਗਿੱਲ ਨੂੰ ਸੁਧਰਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਸੀ। ……… ਤੇ ਫਰਾਂਸ ਦੀ ਕੁੜੀ ਕੇਤੀਆ ਦਾ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤੇ ਦੇ ਪੋਤਰੇ ਵੱਲੋਂ ਕੀਤਾ ਗਿਆ ਹਸ਼ਰ ਵੀ ਕਦੇ ਕਦਾਈਂ ਤੁਹਾਡੀਆਂ ਅੱਖਾਂ ਸਾਹਮਣੇ ਆ ਕੇ ਤੁਹਾਨੂੰ ਡਰਾ ਜਾਂਦਾ ਹੋਵੇਗਾ ਤੇ ਤੁਸੀਂ ਝੱਟ ਆਪਣੀ ਧੀ ਨੂੰ ਬੁੱਕਲ ਵਿਚ ਲਕੋ ਲੈਂਦੇ ਹੋਵੋਗੇ। ਹੁਣ ਤੁਸੀਂ ਆਪ ਹੀ ਦੱਸੋ ਕਿ ਜੇ ਦੇਸ਼ ਦੇ ਰਾਸ਼ਟਰਪਤੀ ਤੇ ਰਾਜਪਾਲ ਦੇ ਬਾਡੀਗਾਰਡਾਂ ਤੇ ਪੁਲਸ ਮੁਖੀਆਂ ਤੋਂ ਹੀ ਕੁੜੀਆਂ ਸੁਰੱਖਿਅਤ ਨਹੀਂ ਤਾਂ ਫਿਰ …………।' ਅਜੇ ਤਾਂ ਆਪਾਂ ਇਕੱਲੇ ਪੰਜਾਬ ਦੀ ਗੱਲ ਹੀ ਕਰ ਰਹੇ ਹਾਂ ਕਿਉਂਕਿ ਇਹ ‘ਦੋਸ਼’ ਸਾਡੇ ਉੱਤੇ ਹੀ ਵਾਰ-ਵਾਰ ਲੱਗ ਰਿਹਾ ਹੈ, ਪਰ ਜੇ ਬਾਕੀ ਪ੍ਰਾਂਤਾਂ ਦੀ ਗੱਲ ਵੀ ਕਰਨੀ ਹੋਵੇ? …………ਤੇ ਸ਼ਾਇਦ ਤੁਹਾਡੇ ਵਿਚੋਂ ਕਈਆਂ ਨੂੰ ਮਨੀਪੁਰ ਦੀ ਉਹ ਕੁੜੀ ਵੀ ਯਾਦ ਹੋਵੇਗੀ ਜਿਸ ਨਾਲ ਭਾਰਤੀ ਫੌਜੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਪਿੱਛੋਂ ਮਾਰ ਕੇ ਸੜਕ ‘ਤੇ ਸੁੱਟ ਦਿੱਤਾ ਗਿਆ ਸੀ, ਉਹੀ ਮਨੋਰਮਾਂ ਜਿਸ ਦੀ ਮੌਤ ਤੋਂ ਮਗਰੋਂ ਉਸ ਦੇ ਪਿੰਡ ਦੀਆਂ ਬਾਕੀ ਔਰਤਾਂ ਵੱਲੋਂ ਭਾਰਤੀ ਫੌਜ ਦੇ ਮਨੀਪੁਰ ਸਥਿਤ ਮੁੱਖ ਦਫਤਰ ਦੇ ਮੂਹਰੇ ‘ਨਿਰਵਸਤਰ’ ਹੋ ਕੇ ਮੁਜਾਹਰਾ ਕੀਤਾ ਗਿਆ ਸੀ ਤੇ ਨਾਹਰੇ ਮਾਰੇ ਗਏ ਸਨ,
‘ਭਾਰਤੀ ਫੌਜੀਓ, ਸਾਡਾ ਬਲਾਤਕਾਰ ਕਰੋ’
ਭਾਰਤ ਦੇ ਮੱਥੇ ‘ਤੇ ਲੱਗੇ ਅਣਗਿਣਤ ਕਲੰਕਾਂ ਵਿਚੋਂ ਇਕ ਕਲੰਕ ਇਹ ਵੀ ਹੈ, ਜਦੋਂ ਭਾਰਤੀ ਫੌਜ ਦੀਆਂ ਸਤਾਈਆਂ ਇਹਨਾਂ ਔਰਤਾਂ ਨੂੰ ਇਹ ਸ਼ਰਮਨਾਕ ਕਦਮ ਚੁੱਕਣਾ ਪਿਆ।
ਤੁਸੀਂ ਹਰ ਰੋਜ਼ ਟੀ. ਵੀ. ਲਗਾਓ, ਖ਼ਬਰਾਂ ਵੇਖੋ……… ਸ਼ਰਤ ਹੈ ਕਿ ਇਕ ਵੀ ਦਿਨ ਵੀ ਐਸਾ ਨਹੀਂ ਹੋਵੇਗਾ ਜਦੋਂ ਖ਼ਬਰਾਂ ਵਿਚ ਕਿਸੇ ਮਾਸੂਮ ਨਾਲ ਬਲਾਤਕਾਰ ਦੀ ਖ਼ਬਰ ਨਾ ਆਈ ਹੋਵੇ। ਅਖ਼ਬਾਰਾਂ ਦੀਆਂ ਖ਼ਬਰਾਂ ਗਵਾਹੀ ਦਿੰਦੀਆਂ ਹਨ, ਤਿੰਨ ਸਾਲ ਦੀ ਬੱਚੀ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਨਾਲ ਹੋਏ ਬਲਾਤਕਾਰਾਂ ਦੀਆਂ। ਹੁਣ ਤੁਸੀਂ ਆਪ ਸੋਚ ਲਵੋ ਕਿ ਇਸ ਦੇਸ਼ ਵਿਚ ਕੁੜੀਆਂ ਕਿੰਨੀਆਂ ਕੁ ਸੁਰੱਖਿਅਤ ਨੇ। ਸੜਕਾਂ ‘ਤੇ ਭੁੱਖੇ ਬਘਿਆੜ ਤੁਰੇ ਫਿਰਦੇ ਨੇ। ………ਇਹ ਹਲਕੇ ਹੋਏ ਕੁੱਤੇ ਤਾਂ ਭਾਰਤ ਵੇਖਣ ਆਈਆਂ ਟੂਰਿਸਟ ਕੁੜੀਆਂ ਨੂੰ ਵੀ ਨਹੀਂ ਬਖਸ਼ਦੇ। ਖੈਰ……… ਜਿਹਨਾਂ ਦੇ ਭਗਵਾਨਾਂ ਨੇ ਹੀ ਕੁੜੀਆਂ ਨਹੀਂ ਬਖਸ਼ੀਆਂ.......... ਜਿਥੇ ਬਲਾਤਕਾਰਾਂ ਨੂੰ ‘ਰਾਸ ਲੀਲਾ’ ਕਹਿ ਕੇ ਵਡਿਆਇਆ ਤੇ ਸਤਿਕਾਰਿਆ ਜਾਂਦਾ ਹੋਵੇ…… ਜਿੱਥੇ ਧਾਰਮਿਕ ਮੁਖੀਆਂ ਨੇ ਆਪਣੀਆਂ ਧੀਆਂ-ਭੈਣਾ ਨਾਲ ਵੀ ਖੇਹ ਖਾਧੀ ਹੋਵੇ……… ਓਥੋਂ ਦੀ ਆਮ ਜਨਤਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ,
‘ਗੁਰੂ ਜਿਨਾ ਦੇ ਟੱਪਣੇ ਚੇਲੇ ਜਾਣ ਛੜੱਪ’
ਕੀ ਇਹ ਸੱਚ ਨਹੀਂ ਕਿ ਇਸ ਦੇਸ਼ ਦਾ ਸੱਭਿਆਚਾਰ, ਸਾਹਿਤ ਔਰਤ ਨੂੰ ਪੈਰ ਦੀ ਜੱਤੀ, ਬਘਿਆੜਣ, ਪਸ਼ੂ, ਗਵਾਰ ਕਹਿੰਦਾ ਰਿਹਾ ਹੈ। ਸੀ ਕੋਈ ‘ਗੁਰੂ ਨਾਨਕ ਸਾਹਿਬ’ ਤੋਂ ਪਹਿਲਾਂ ਜਿਸਨੇ ਕਦੇ ਔਰਤ ਦੇ ਹੱਕ ਵਿਚ ਆਵਾਜ਼ ਉਠਾਈ ਹੋਵੇ।
ਮੈਨੂੰ ਅੱਜ ਲੱਗਦਾ ਹੈ ਕਿ ਤੁਲਸੀ ਦਾਸ, ਗੋਰਖ ਨਾਥ ਤੇ ਬਾਹਮਣ ਮਨੂ ਨੂੰ ਔਰਤਾਂ ਦੇ ਸਭ ਤੋਂ ਵੱਡੇ ਕਾਤਲ ਐਲਾਣਿਆ ਜਾਣਾ ਚਾਹੀਦਾ ਹੈ, ਜਿਹਨਾਂ ਨੇ ਔਰਤ ਨੂੰ ਕਦੇ ਵੀ ਉੱਪਰ ਨਹੀਂ ਉੱਠਣ ਦਿੱਤਾ। ਖੈਰ ਜੇ ਏਧਰ ਨੂੰ ਤੁਰੇ ਗਏ ਤਾਂ ਕਹਾਣੀ ਬਹੁਤ ਲੰਬੀ ਹੋ ਜਾਵੇਗੀ।
ਅੰਤ ਵਿਚ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਭਾਵੇਂ ਮੈਨੂੰ ਪਤਾ ਹੈ ਕਿ ਤੁਸੀ ਕੁੜੀਆਂ ਦੇ ਏਡੇ ਵੱਡੇ ਕਾਤਲ ਨਹੀਂ ਹੋਵੋਗੇ, ਜਿੱਡਾ ਕਿ ਅੱਜ ਪਰਚਾਰਿਆ ਜਾ ਰਿਹਾ ਹੈ। ਇਹ ਸਰਕਾਰੀ ਅੰਕੜੇ ਹਨ, ਇਹਨਾਂ ਦੇ ਝੂਠ-ਸੱਚ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ……… ਜੇ ਧੂਆਂ ਉੱਠਿਆ ਹੈ ਤਾਂ ਅੱਗ ਵੀ ਕਿਤੇ ਨਾ ਕਿਤੇ ਲੱਗੀ ਹੋਵੇਗੀ। ਮੈਨੂੰ ਪਤਾ ਹੈ ਕਿ ਅੱਜ ਦੇ ਦੌਰ ਵਿਚ ਕੁੜੀ ਜੰਮ ਕੇ ਉਸ ਨੂੰ ‘ਸੰਭਾਲ’ ਕੇ ਜਵਾਨ ਕਰਨਾ, ਭੁੱਖੇ ਬਘਿਆੜਾਂ ਤੋਂ ਬਚਾ ਕੇ ਰੱਖਣਾ, ਸੌਖੀ ਗੱਲ ਨਹੀਂ। ਪਰ……… ਤੁਸੀਂ ਕਲਗੀਧਰ ਦੇ ਪੁੱਤ-ਧੀਆਂ ਹੋ, ਕਦੇ ਮੁਸ਼ਕਿਲ ਤੋਂ ਘਬਰਾਏ ਨਹੀਂ। ਵੱਡੀ ਤੋਂ ਵੱਡੀ ਮੁਸ਼ਕਿਲ ਦਾ ਟਾਕਰਾ ਕਰਦੇ ਆਏ ਹੋ। ਆਪਣੀਆਂ ਧੀਆਂ ਨੂੰ ‘ਬੇਬੇ ਨਾਨਕੀ’ ਤੋਂ ਲੈ ਕੇ ‘ਮਾਤਾ ਗੁਜ਼ਰੀ’ ਤੇ ਫੇਰ ਮਾਈ ਭਾਗੋ, ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ, ਬੀਬੀ ਸਤਵੰਤ ਕੌਰ ਦੇ ਅਡੋਲ ਸਿਦਕਾਂ ਦੀਆਂ ਵਾਰਤਾਵਾਂ ਸੁਣਾ ਕੇ ਵੱਡੀਆਂ ਕਰੋ। ਉਹਨਾਂ ਨੂੰ ‘ਸੁੰਦਰੀ’ ਤੇ ‘ਸਤਵੰਤ ਕੌਰ’ ਪੜ੍ਹਾ ਕੇ ਤਕੜੀਆਂ ਕਰੋ। ਉਹਨਾਂ ਦੇ ਗਲ਼ ਕਿਰਪਾਨਾਂ ਪਵਾ ਕੇ ਉਹਨਾਂ ਦੇ ਹੌਸਲੇ ਵੱਡੇ ਕਰੋ ਤਾਂ ਕਿ ਉਹ ਜ਼ਾਲਮ ਨੂੰ ਮੂੰਹ ‘ਤੇ ਜਵਾਬ ਦੇ ਸਕਣ। ਉਹਨਾਂ ਨੂੰ ‘ਗੁਰਬਾਣੀ’ ਪੜ੍ਹਣ ਦੀ ਚੇਟਕ ਲਾਓ…… ਸਿਰਫ ‘ਗੁਰਬਾਣੀ’ ਹੀ ਸਾਨੂੰ ਅੰਦਰੋਂ ਪਕੇਰਿਆਂ ਕਰ ਸਕਦੀ ਹੈ,
‘ਹਰਿ ਕਾ ਨਾਮੁ ਕੋਟਿ ਲਖ ਬਾਹਾ ॥’
ਤੇ ਜਦ ਏਨਾ ਜ਼ੋਰ ਤੇ ਹੌਸਲਾ ਲੈ ਕੇ ਸਾਡੀਆਂ ਧੀਆਂ ਬਾਹਰ ਨਿਕਲਣਗੀਆਂ ਤਾਂ ਕੋਈ ਉਹਨਾਂ ਦੀ ‘ਵਾ ਵੱਲ ਵੀ ਨਹੀਂ ਵੇਖ ਸਕੇਗਾ………
‘ਸਿਖਾ ਦੋ ਸਰ ਕੁਚਲਣੇ ਕਾ ਹੁਨਰ ਅਪਣੇ ਮਾਸੂਮ ਬੱਚੋਂ ਕੋ,ਬਿਤਾਣੀ ਹੈ ਇਨਹੇਂ ਅਬ ਜਿੰਦਗੀ ਸਾਪੋਂ ਕੀ ਬਸਤੀ ਮੇਂ’
………ਤੇ ਫੇਰ ਸ਼ਾਇਦ ਪੇਟ ਵਿਚ ਕੁੜੀਆਂ ਨਹੀਂ ਮਾਰਨੀਆਂ ਪੈਣਗੀਆਂ……… ਜੇ ਫੇਰ ਵੀ ਕਦੇ ਤੁਹਾਡੇ ਦਿਮਾਗ ਵਿਚ ਧੀ ਨੂੰ ਮਾਰਨ ਦਾ ਵਿਚਾਰ ਆਏ ਤਾਂ ਬੀਬੀ ਰਾਜ ਕੌਰ ਨੂੰ ਯਾਦ ਕਰਿਓ, ਜਿਸਨੂੰ ਉਸਦੇ ਮਾਪੇ ਜੰਮਦੀ ਨੂੰ ਹੀ ਮਾਰਨ ਲੱਗੇ ਸਨ ਤੇ ਜੇ ਕਿਤੇ ਉਹ ਮਰ ਜਾਂਦੀ ਤਾਂ ਨਾ ਹੋਣਾ ਸੀ ਮਹਾਰਾਜਾ ਰਣਜੀਤ ਸਿੰਘ, ਨਾ ਸਰਕਾਰ-ਏ-ਖਾਲਸਾ ਤੇ ਨਾ ਹੀ ਸਾਡਾ 40 ਸਾਲ ਦਾ ਉਹ ਸ਼ਾਨਾਮੱਤਾ ਇਤਿਹਾਸ। ਸੋ ਕ੍ਰਿਪਾ ਕਰਕੇ ਕੁੜੀਆਂ ਨੂੰ ਦਲੇਰ ਬਣਾਓ ਨਾ ਕਿ ਉਹਨਾਂ ਦੇ ਪੈਦਾ ਹੋਣ ਦਾ ਅਧਿਕਾਰ ਖੋਹੋ……… ਨਹੀਂ ਤਾਂ ਯਾਦ ਰੱਖਿਓ ਕਿ ਮਾੜੀ ਔਲਾਦ ਦਾ ਲਾਂਭਾ ਉਸ ਦੇ ਪਿਉ ਨੂੰ ਜਾਂਦਾ ਹੈ ਤੇ ਸ਼ਾਇਦ ਤੁਹਾਡੇ ਵਿਚੋਂ ਕੋਈ ਗੁਰੂ ਦਸਵੇਂ ਪਿਤਾ ਨੂੰ ਲਾਂਭਾ ਨਹੀਂ ਦਿਵਾਉਣਾ ਚਾਹੇਗਾ……… ਸੋ ਸੰਭਲੋ……… ਆਉ ਧੀਆਂ ਨੂੰ ਨਾਲ ਲੈ ਕੇ ਅੱਗੇ ਵਧੀਏ ਤੇ ਗੰਧਲੇ ਨਿਜ਼ਾਮ ਨੂੰ ਸਾਫ ਕਰਨ ਦਾ ਤਹਈਆ ਕਰੀਏ। ਵਾਹਿਗੁਰੂ ਭਲੀ ਕਰੇਗਾ।
ਜਗਦੀਪ ਸਿੰਘ ਫਰੀਦਕੋਟ (9815763313)

Friday, March 28, 2008

"ਇਕ ਸੀ ਹਾਕੀ...."


ਮੈਂ - ਹਾਕੀ, ਉਮਰ - ਹਜ਼ਾਰਾਂ ਸਾਲ, ਕੱਦ...., ਰੰਗ - ਬਿਸਕੁਟੀ, ਜੰਮਪਲ- ਦੇਸ਼ ਪੰਜਾਬ, ਅੱਜ ਆਪਣੇ ਪੂਰੇ ਹੋਸ਼ੋ-ਹਵਾਸ ਵਿਚ ਇਹ ਬਿਆਨ ਦੇ ਰਹੀ ਹਾਂ ਕਿ ਮੇਰੀ ਮੌਤ ਦਾ ਕਾਰਨ ਕੋਈ ਗ਼ੈਰ ਜਾਂ ਬਿਗਾਨੇ ਮੁਲਕ ਦੇ ਲੋਕ ਨਹੀਂ, ਮੇਰਾ ਕਤਲ ਤਾਂ ਕੁਝ ਕੁ "ਆਪਣਿਆਂ" ਨੇ ਹੀ ਰਲ ਮਿਲ ਕੇ ਕੀਤਾ ਹੈ। .....ਤੇ ਸ਼ਾਇਦ ਤੁਹਾਨੂੰ ਇਹ ਵੀ ਭੁਲੇਖਾ ਹੋਵੇਗਾ ਕਿ ਮੇਰਾ ਕਤਲ ਚਿੱਲੀ ਦੇ ਸੇਂਟੀਆਗੋ ਸ਼ਹਿਰ ਵਿਚ ਇਕਦਮ ਕਰ ਦਿੱਤਾ ਗਿਆ... ਇਹ ਸੱਚ ਨਹੀਂ... ਮੇਰੇ ਕਤਲ ਦੀਆਂ ਯੋਜਨਾਵਾਂ ਤਾਂ ਪਿਛਲੇ 10-15 ਸਾਲ ਤੋਂ ਚੱਲ ਰਹੀਆਂ ਸਨ। ਮੈਨੂੰ ਤਾਂ ਸਭ ਪਤਾ ਸੀ ਕਿ ਇੰਝ ਹੋਵੇਗਾ ਹੀ.... ਤੇ ਮੈਨੂੰ ਇਹ ਦੋਸ਼ ਵੀ ਨਾ ਦਿਓ ਕਿ ਮੈਂ ਰੌਲਾ ਨਹੀਂ ਪਾਇਆ... ਮੈਂ ਬਹੁਤ ਰੋਈ, ਪਿੱਟੀ, ਕੁਰਲਾਈ, ਪਰ... ਤੁਸੀਂ ਕ੍ਰਿਕਟ ਵਿਚ ਗੁਆਚੇ ਹੋਇਆਂ ਨੇ ਮੇਰੀਆਂ ਚੀਕਾਂ ਨਹੀਂ ਸੁਣੀਆਂ।ਅੱਜ ਜਦੋਂ ਮੈਂ, ਮੇਰੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੁਹਾਡੇ ਸਾਰਿਆਂ ਦੇ ਨਾਮ ਇਹ ਖ਼ਤ ਲਿਖ ਰਹੀ ਹਾਂ ਤਾਂ ਮੈਂ ਆਖਰੀ ਵਾਰ ਤੁਹਾਡੇ ਤੋਂ ਕੁਝ ਮੰਗ ਰਹੀ ਹਾਂ, ਉਮੀਦ ਹੈ ਤੁਸੀਂ ਨਾਂਹ ਨਹੀਂ ਕਰੋਗੇ। ਮੇਰੀ ਅਰਜ਼ ਹੈ ਕਿ ਆਪਣੀ ਹੁਣ ਦੀ ਪੀੜੀ ਨੂੰ, ਜਿਸ ਨੇ ਆਪਣੀ ਉਮਰ ਵਿਚ ਮੈਨੂੰ ਰੁਲਦੇ ਹੀ ਵੇਖਿਆ ਹੈ, ਮੇਰੇ ਸ਼ਾਨਾਮੱਤੇ ਇਤਿਹਾਸ ਬਾਰੇ ਜਰੂਰ ਦੱਸਿਓ। ਉਹਨਾਂ ਨੂੰ ਹਾਕੀ ਦੇ ਮੈਦਾਨ ਵਿਚ ਕਦੇ ਕਾਇਮ ਰਹੀ ਮੇਰੀ "ਸਰਦਾਰੀ" ਤੋਂ ਜ਼ਰੂਰ ਜਾਣੂ ਕਰਵਾਇਓ।ਮੇਰੇ ਜਿੱਤੇ ਹੋਏ ਅੱਠ ਸੋਨੇਂ ਦੇ "ਤਾਜ" ਉਨ੍ਹਾਂ ਨੂੰ ਜ਼ਰੂਰ ਦਿਖਾਇਓ।ਦੱਸਿਓ ਮੇਰੇ ਜਨਮ ਬਾਰੇ, ਮੇਰੀ ਜੰਮਣ ਭੋਇੰ ਬਾਰੇ... ਇਹ ਵੀ ਕਿ ਮੈਨੂੰ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਕੰਬਲੀ ਦੀ ਛੋਹ ਵੀ ਪ੍ਰਾਪਤ ਹੈ, ਜਿਸ ਕੰਬਲੀ ਦੀ ਖਿੱਦੋ (ਗੇਂਦ) ਬਣਾ ਕੇ ਕੁਝ ਮੁੰਡੇ "ਖਿੱਦੋ ਖੂੰਡੀ" ਖੇਡੇ ਸਨ। ਉਹ ਮੇਰੇ ਬਚਪਨ ਦੇ ਨਾ ਭੁੱਲਣਯੋਗ ਦਿਨ ਸਨ। ਮੇਰਾ ਪਹਿਲਾ ਨਾਮ ?ਖਿੱਦੋ ਖੂੰਡੀ? ਹੀ ਸੀ, ਹਾਕੀ ਤਾਂ ਅਜੇ ਕੱਲ ਪਿਆ ਹੈ। ਮੈਂ ਪਿੰਡਾਂ ਦੀ ਹੀ ਜੰਮਪਲ ਹਾਂ, ਪਿੰਡਾਂ ?ਚੋਂ ਮੈਂ ਸ਼ਹਿਰਾਂ ਚ ਆਈ ਤੇ ਫੇਰ ਹੌਲੀ ਹੌਲੀ ਵਿਦੇਸ਼ਾਂ ਤੱਕ ਪਹੁੰਚ ਗਈ।ਬੱਚਿਆਂ ਨੂੰ ਇਹ ਵੀ ਦੱਸਿਓ ਕਿ ਜਦੋਂ ਅਜੇ ਦੇਸ਼ ਦੇ ਸਿਰ ਦਾ ਆਪਣਾ ਤਾਜ ਗ਼ੈਰਾਂ ਦੇ ਕਬਜੇ ਵਿਚ ਸੀ, ਓਦੋਂ ਵੀ ਮੈਂ ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਨੂੰ ਦਰੜ ਕੇ ਦੋ ਵਾਰ ਦੇਸ਼ ਦੇ ਸਿਰ ?ਤਾਜ? ਟਿਕਾਇਆ ਸੀ ਤੇ ਦੁਨੀਆਂ ਵਿਚ ਦੇਸ਼ ਦਾ ਨਾਮ ਕੀਤਾ ਸੀ। .... ਤੇ ਮੇਰੇ ਲਈ ਉਹ ਬੇਹੱਦ ਖੁਸ਼ੀ ਦਾ ਦਿਨ ਸੀ ਜਦੋਂ ਮੈਨੂੰ ਦੇਸ਼ ਦੀ 2ਰਾਸ਼ਟਰੀ ਖੇਡ" ਐਲਾਨਿਆਂ ਗਿਆ। ਇਹ ਮੇਰੇ ਲਈ ਬਹੁਤ ਵੱਡਾ ਰੁਤਬਾ ਸੀ, ਸਭ ਤੋਂ ਵੱਡਾ ਮਾਣ... ਤੇ ਮੈਂ ਵੀ ਦੇਸ਼ ਵੱਲੋਂ ਮੈਨੂੰ ਬਖ਼ਸ਼ੇ ਗਏ ਐਡੇ ਵੱਡੇ ਮਾਣ ਦਾ ਕਈ ਵਾਰ ਮਾਣ ਰੱਖਿਆ ਤੇ ਦੇਸ਼ ਦਾ ਮਾਣ ਵਧਾਇਆ।ਤੇ ਫੇਰ ਦੁਨੀਆਂ ਨੇ ਉਹ ਦਿਨ ਵੀ ਦੇਖੇ, ਜਦੋਂ ਮੇਰੇ ਪੁੱਤ ਧਿਆਨ ਚੰਦ ਨੂੰ "ਡੀ" ਵਿਚ ਫਿਰਦਿਆਂ ਤੱਕ ਕੇ ਵਿਰੋਧੀ ਖਿਡਾਰੀ "ਡੀ" ਵਿਚ ਆਉਂਦੇ ਵੀ ਭੈਅ ਖਾਂਦੇ ਸਨ ਤੇ ਉਸ ਦੀ ?ਡੀ? ਵਿਚ ਉੱਠੀ ਹੋਈ ਹਾਕੀ ਨੂੰ ਦੁਨੀਆਂ ਦੇ ਕਈ ਦੇਸ਼ਾਂ ਨੇ ਵਿਉਂਤਾਂ ਘੜ੍ਹ ਕੇ ..ਨਿਯਮਾਂ ਦੀ ਜ੍ਹੇਲ? ਵਿਚ ਕੈਦ ਕਰ ਲਿਆ।ਮੇਰੇ, ਸੋਹਣੇ ਕੇਸਾਂ ਤੇ ਬੀਬੀਆਂ ਦਾਹੜੀਆਂ ਵਾਲੇ ?ਸਰਦਾਰ? ਪੁੱਤਰਾਂ ਨੇ ਵੀ ਕਦੇ ਮੈਦਾਨ ਵਿਚ ਮੇਰੀ ਕੰਡ ਨਹੀਂ ਲੱਗਣ ਦਿੱਤੀ ਸੀ। ਇਹਨਾਂ ਦੁੱਲੇ ਸ਼ੇਰਾਂ ਨੂੰ ?ਗੁਰੂ ਦਸ਼ਮੇਸ਼? ਦਾ ਥਾਪੜਾ ਸੀ "ਹਰ ਮੈਦਾਨ ਫਤਹਿ" ਦਾ, ਫੇਰ ਇਹ ਕਿਵੇਂ ਹਾਰਦੇ.. ਕਦੇ ਦਿਖਾਇਓ ਬੱਚਿਆਂ ਨੂੰ ਜਿੱਤੇ ਤਮਗਿਆਂ ਨਾਲ ਮੇਰੇ ਪੁੱਤਰਾਂ ਦੀਆਂ ਖਿਚਵਾਈਆਂ ਫੋਟੋਆਂ.... ਉਹਨਾਂ ਨੂੰ ਵੇਖ ਕੇ ਤੁਹਾਨੂੰ ਆਪ ਹੀ ਯਕੀਨ ਆ ਜਾਵੇਗਾ ਕਿ ਸਚੁਮੱਚ ਇਹਨਾਂ ਨੂੰ ਮੈਦਾਨ ਵਿਚ ਕੋਈ ਨਹੀਂ ਹਰਾ ਸਕਦਾ ਸੀ।ਮੇਰੇ ਪੁੱਤਰਾਂ ਧਿਆਨ ਚੰਦ, ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਪਰਗਟ ਸਿੰਘ, ਧਨਰਾਜ ਪਿੱਲੇ ਵਰਗਿਆਂ ਦੇ ਸਿਰ ਤੇ ਮੈਂ 50-60 ਸਾਲ ਦੁਨੀਆਂ ਦੇ ਹਾਕੀ ਮੈਦਾਨਾਂ ਤੇ ਰਾਜ ਕੀਤਾ। ਮੈਨੂੰ ਵੀ ਇਹਨਾਂ ਪੁੱਤਰਾਂ ਤੇ ਰੱਬ ਜਿੱਡਾ ਮਾਣ ਸੀ। ਤੇ ਇਹ ਨਹੀਂ ਕਿ ਇਹਨਾਂ ਤੋਂ ਪਿੱਛੋਂ ਮੈਨੂੰ ਸੰਭਾਲਣ ਵਾਲੇ ਹੱਥ ਨਹੀਂ ਆਏ, ਬਲਜੀਤ ਸਿੰਘ ਢਿੱਲੋਂ, ਬਲਜੀਤ ਸੈਣੀ, ਗਗਨ ਅਜੀਤ ਸਿੰਘ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਸੰਦੀਪ ਸਿੰਘ, ਰਾਜਪਾਲ ਸਿੰਘ, ਹਰਪਾਲ ਸਿੰਘ, ਦੀਪਕ ਠਾਕੁਰ, ਦਿਲੀਪ ਟਿਰਕੀ ਵਰਗੇ ਅਨੇਕਾਂ ਜਾਨਦਾਰ ਹੱਥਾਂ ਵਿਚ ਮੈਂ ਰਹੀ, ਪਰ.... ਇਹਨਾਂ ਦੇ ਹੱਥ ਪੈਰ ਮੈਨੂੰ ਹਮੇਸ਼ਾਂ ਬੇੜੀਆਂ ਵਿਚ ਜਕੜੇ ਹੋਏ ਮਹਿਸੂਸ ਹੋਏ ਤੇ ਇਹ ਬੇੜੀਆਂ ਇਹਨਾਂ ਨੂੰ ਪਾਈਆਂ ਸਨ ?ਭਾਰਤੀ ਹਾਕੀ ਫੈਡਰੇਸ਼ਨ ਨੇ। ਇਹਨਾਂ ਵਿਚਾਰਿਆਂ ਨੂੰ ਇਹੀ ਪਤਾ ਨਹੀਂ ਹੁੰਦਾ ਸੀ ਕਿ ਮੈਦਾਨ ਵਿਚ ਚੰਗਾ ਖੇਡਣਾ ਹੈ ਕਿ ਮਾੜਾ ਪ੍ਰਦਰਸ਼ਨ ਕਰਨਾ ਹੈ ਕਿਉਂਕਿ ਅਨੇਕਾਂ ਵਾਰ ਇੰਝ ਹੋਇਆ ਹੈ ਕਿ ਜਿਸ ਕਿਸੇ ਖਿਡਾਰੀ ਵੱਲੋਂ ਮੈਦਾਨ ਵਿਚ ਸ਼ਾਨਦਾਰ ਖੇਡ ਵਿਖਾਈ ਜਾਂਦੀ ਉਸ ਨੂੰ ਆਉਂਦੇ ਕਈ ਟੂਰਨਾਮੈਂਟਾਂ ਵਿਚੋਂ ਟੀਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਉਹ ਵਿਚਾਰਾ ਘਰੇ ਬੈਠਾ ਝੁਰ ਰਿਹਾ ਹੁੰਦਾ ਕਿ ਸ਼ਾਇਦ ਉਸ ਨੂੰ ਏਨਾ ਜੋਸ਼ ਨਹੀਂ ਵਿਖਾਉਣਾ ਚਾਹੀਦਾ ਸੀ (ਦੀਪਕ ਠਾਕੁਰ, ਗਗਨਅਜੀਤ ਸਿੰਘ, ਸੰਦੀਪ ਸਿੰਘ, ਜਿਹੜੇ ਕਿ ਲਗਾਤਾਰ ਪ੍ਰੀਮੀਅਰ ਹਾਕੀ ਲੀਗ ਵਿਚ ਸਰਬੋਤਮ ਗੋਲ ਸਕੋਰਰ ਰਹੇ ਹਨ ਨਾਲ ਇਹੀ ਵਾਪਰਿਆ ਹੈ, ਉਹਨਾਂ ਦਾ ਸਨਮਾਨ ਉਹਨਾਂ ਨੂੰ ਟੀਮ ਵਿਚੋਂ ਕੱਢ ਕੇ ਘਰੇ ਬਿਠਾ ਕੇ ਕੀਤਾ ਗਿਆ, ਹੈ ਨਾ ਹਾਸੇ ਵਾਲੀ ਗੱਲ ਜਾਂ ਕਹਿ ਲਉ ਰੋਣ ਵਾਲੀ ) ।' ਹਮੇਸ਼ਾਂ ਇਹਨਾਂ ਮੁੰਡਿਆਂ ਦੀਆਂ ਅੱਖਾਂ ਵਿਚ ਮੈਂ ਇਕ ਸਹਿਮ ਵੇਖਿਆ ਹੈ, ਉਹੀ ਸਹਿਮ ਜੋ ਕਦੇ ਪੰਜਾਬ ਦੇ ਬੇਕਸੂਰੇ ਮਸੂਮ ਮੁੰਡਿਆਂ ਦੀਆਂ ਅੱਖਾਂ ਵਿਚ ਹੁੰਦਾ ਸੀ, ਜਦੋਂ 10 ਸਾਲ ਲਗਾਤਾਰ ਪੰਜਾਬ ਦੀ ਧਰਤੀ ?ਤੇ ਸਰਕਾਰੀ ਗੋਲੀਆਂ ਚੱਲਦੀਆਂ ਰਹੀਆਂ ਸਨ .... ਤੇ ਉਹੀ ਲੱਖਾਂ ਗੋਲੀਆਂ ਚਲਾਉਣ ਵਾਲੇ ਅੱਜ ਮੇਰੇ ਸਿਰ ?ਤੇ ਕੁਰਸੀ ਡਾਹੀ ਬੈਠੇ ਨੇ। ਸੱਚ ਪੁੱਛੋਂ ਤਾਂ ਮੈਂ ਓਦੋਂ ਤੋਂ ਹੀ ਆਪਣੇ ਆਪ ਨੂੰ ਜ੍ਹੇਲ ਵਿਚ ਕੈਦ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਤੋਂ ਇਸ ਸਖ਼ਸ਼ ਨੂੰ ਮੇਰੀ ਮਾਲਕੀ ਸਦਾ ਲਈ ਵੇਚ ਦਿੱਤੀ ਗਈ ਸੀ, ਜਿਸ ਦੇ ਹੱਥ ਕਈ ਮਾਸੂਮਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ?? ਖੈਰ, ਓਧਰ ਕਾਹਨੂੰ ਜਾਣਾ ਹੈ, ਮੇਰੀ ਤਾਂ ਆਪਣੀ ਪੀੜ ਹੀ ਬਹੁਤ ਹੈ।ਮੈਨੂੰ ਇਹ ਗਿਲਾ ਵੀ ਹਮੇਸ਼ਾਂ ਰਿਹਾ ਹੈ ਕਿ ਹਾਕੀ ਵਾਲੇ ਹੱਥਾਂ ਨੂੰ ਤੁਸੀਂ ਕਦੇ ਏਨਾ ਮਾਣ ਤੇ ਸਤਿਕਾਰ ਨਹੀਂ ਦਿੱਤਾ ਜਿੰਨਾ ਬੈਟ ਤੇ ਬਾਲ ਵਾਲੇ ਹੱਥਾਂ ਨੂੰ ਦਿੱਤਾ ਹੈ। ਇਕ ਪਾਸੇ ਤਾਂ ਉਹ ਖੇਡ ਹੈ ਜਿਸ ਨੇ ਤੁਹਾਡਾ ਨਾਮ ਦੁਨੀਆਂ ਵਿਚ ਚਮਕਾਇਆ ਹੈ ਤੇ ਇਕ ਪਾਸੇ ਉਹ ਜਿਸ ਨੂੰ ਕਿ ਦੁਨੀਆਂ ਦੇ ਮਸਾਂ 15-20 ਦੇਸ਼ ਹੀ ਖੇਡਦੇ ਹਨ। ਇਕ ਪਾਸੇ ਤਾਂ ਉਹ ਖੇਡ ਜਿਸ ਨੇ ਉਲੰਪਿਕ ਵਿਚ ਅੱਠ ਵਾਰ ਤੁਹਾਡਾ ਰਾਸ਼ਟਰੀ ਗੀਤ ਵਜਵਾਇਆ ਤੇ ਇਕ ਪਾਸੇ ਉਹ ਜਿਸ ਨੂੰ ਉਲੰਪਿਕ ਵਿਚ ਖੇਡ ਹੀ ਨਹੀਂ ਮੰਨਿਆਂ ਜਾਂਦਾ, .... ਕਿਉਂ ਤੁਸੀਂ ਮੇਰੇ ਨਾਲ ਏਨਾ ਵਿਤਕਰਾ ਕਰਦੇ ਰਹੇ। ਕ੍ਰਿਕਟਰਾਂ ਨੂੰ ਤਾਂ ਬਿਨਾ ਮੈਚ ਖੇਡੇ ਤੋਂ ਹੀ ਕਰੋੜਾਂ ਦੇ ਬੰਗਲੇ ਇਨਾਮ ਵਿਚ ਦੇ ਦਿਤੇ ਜਾਂਦੇ ਹਨ (ਪਾਰਥਿਵ ਪਟੇਲ, ਜਿਹੜਾ ਕਿ ਵਿਕੇਟ ਕੀਪਰ ਬਣ ਕੇ ਭਾਰਤੀ ਕ੍ਰਿਕਟ ਟੀਮ ਨਾਲ ਵਰਲਡ ਕੱਪ ਖੇਡਣ ਗਿਆ ਸੀ, ਉੱਥੇ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਫਿਰ ਵੀ ਉਹ, ਬਿਨਾ ਖੇਡੇ ਹੀ, ਕਰੋੜਪਤੀ ਬਣ ਗਿਆ), ਤੇ ਦੂਜੇ ਪਾਸੇ ਇੰਟਰਨੈਸ਼ਨਲ ਪੱਧਰ ਦੇ ਮੇਰੇ ਕਈ ਖਿਡਾਰੀਆਂ ਦੇ ਘਰਾਂ ਦੀਆਂ ਛੱਤਾਂ ਦੀ ਰਿਪੇਅਰ ਵੀ ਤੁਸੀਂ ਨਹੀਂ ਕਰਾ ਸਕਦੇ ਜਿਹੜੀਆਂ ਕਿ ਥੋੜਾ ਜਿਹਾ ਮੀਂਹ ਪੈਣ ?ਤੇ ਹੀ ਚਿਊਂਣ ਲੱਗ ਪੈਂਦੀਆਂ ਨੇ (1999-2000 ਦੇ ਨੇੜੇ ਤੇੜੇ ਜਦੋਂ ਭਾਰਤੀ ਹਾਕੀ ਟੀਮ ਆਪਣਾ ਕੋਈ ਇੰਟਰਨੈਸ਼ਨਲ ਮੈਚ ਖੇਡ ਰਹੀ ਸੀ ਤਾਂ ਓਦੋਂ ਵਿਰੋਧੀਆਂ ਦੀਆਂ ਹਾਕੀਆਂ ਮੂਹਰੇ ਦੀਵਾਰ ਬਣ ਕੇ ਖੜ੍ਹੇ ਗੋਲਚੀ, ਜਿਹੜਾ ਕਿ ਪੰਜਾਬ ਦਾ ਰਹਿਣ ਵਾਲਾ ਸੀ, ਦੇ ਘਰ ਦੀਆਂ ਮੀਂਹ ਦੇ ਪਾਣੀ ਨਾਲ ਚਿਊਂਦੀਆਂ ਛੱਤਾਂ ਮੈਂ ਆਪ ਵੇਖੀਆਂ ਨੇ-ਲੇਖਕ)।'ਕ੍ਰਿਕਟ ਵਾਲੇ ਭਾਵੇਂ ਕਿਸੇ ਮਰੀ ਜਿਹੀ ਟੀਮ ਤੋਂ ਕੋਈ ਮਾੜਕੂ ਜਿਹਾ ਇਨਾਮ ਜਿੱਤ ਲਿਆਉਣ ਤਾਂ ਦੇਸ਼ ਵਿਚ ਪਟਾਕੇ ਚਲਾਏ ਜਾਂਦੇ ਹਨ। ਉਹਨਾਂ ਦੇ ਸਵਾਗਤ ਵਿਚ ਜਲੂਸ ਕੱਢੇ ਜਾਂਦੇ ਹਨ, ਉਹਨਾਂ ਦੇ ਸਤਿਕਾਰ ਲਈ ਵੱਡੇ-ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਹਾਕੀ ਵਾਲੇ ਵਿਚਾਰੇ ਭਾਵੇਂ ਕੋਈ ਕਿੱਡਾ ਵੀ ਵੱਡਾ ਕੱਪ ਜਿੱਤ ਲਿਆਉਣ ਉਹਨਾਂ ਨੂੰ ਸਟੇਸ਼ਨ ?ਤੇ ਲੈਣ ਲਈ ਵੀ ਉਹਨਾਂ ਦੇ ਪਰਿਵਾਰ ਤੋਂ ਬਿਨਾ ਕੋਈ ਨਹੀਂ ਪਹੁੰਚਦਾ, ਕੀ ਇਸ ਨਾਲ ਉਨ੍ਹਾਂ ਦੇ ਹੌਸਲੇ ਨਹੀਂ ਡਿੱਗਦੇ? ਜਾਂ ਤਾਂ ਕਹਿ ਦੇਵੋ ਕਿ ਇਸ ਦੇਸ਼ ਵਿਚ ਸਿਰਫ ਇਕੋ ਖੇਡ ਲਈ ਹੀ ਥਾਂ ਹੈ ਤੇ ਦੂਜੀਆਂ ਖੇਡਾਂ ਨੂੰ ਫਾਂਸੀ ਚਾੜ੍ਹ ਦਿਉ ਤੇ ਜਾਂ ਫਿਰ ਬਾਕੀ ਖੇਡਾਂ ਨੂੰ ਵੀ ਬਣਦਾ ਸਤਿਕਾਰ ਦਿਉ।ਕ੍ਰਿਕਟਰਾਂ ਨੇ ਜੇ ਕਿਤੇ ਘਰੋਂ ਬਾਹਰ ਖਾਣਾ ਖਾਣ ਵੀ ਜਾਣਾ ਹੋਵੇ ਤਾਂ ਜਹਾਜ ਤਿਆਰ ਰਹਿੰਦੇ ਹਨ, ਪਰ ਮੇਰੇ ਪੁੱਤ ਵਿਚਾਰੇ ਸਦਾ ਰੇਲ ਗੱਡੀਆਂ ਵਿਚ ਹੀ ਧੱਕੇ ਖਾਂਦੇ ਰਹਿੰਦੇ ਨੇ ਤੇ ਉਹਨਾਂ ਨੇ ਅੱਜ ਤੱਕ ਕਦੇ ਇਸ ਗੱਲ ਤੇ ਭੋਰਾ ਗਿਲਾ ਨਹੀਂ ਕੀਤਾ, ਅਗਾਹ ਇਹ ਵੀ ਨਹੀਂ ਪਤਾ ਹੁੰਦਾ ਕਿ ਰੇਲ ਗੱਡੀ ਵਿਚ ਗੰਨ ਲੋਡ ਕਰੀ ਬੈਠੇ ਕਿਸੇ ਫੌਜੀ ਦੀ ਕਦੋਂ ਗੰਨ ਚੱਲ ਜਾਵੇ ਤੇ ਗੋਲੀ ਮੇਰੇ ਸਾਊ ਪੁੱਤ ਸੰਦੀਪ ਸਿੰਘ ਨੂੰ ਵੱਜ ਜਾਵੇ... ਵਾਹ ਜੀ ਵਾਹ???। 'ਆਹ ਫਿਲਮੀਂ ਸਟਾਰਾਂ ?ਤੇ ਵੀ ਮੈਨੂੰ ਬਹੁਤ ਗੁੱਸਾ ਹੈ ਜਿਹੜੇ ਮੇਰੇ ਵੱਡੇ ਹਿਤੈਸ਼ੀ ਬਣੇ ਫਿਰਦੇ ਨੇ ਪਰ ਪੈਸਾ ਸਿਰਫ ਕ੍ਰਿਕਟ ਵਿਚ ਹੀ ਲਗਾਉਂਦੇ ਨੇ, ਖੈਰ ਇਹਨਾਂ ਨੂੰ ਕੀ ਦੋਸ਼ ਇਹ ਤਾਂ ਬਿਜਨਸ ਮੈਨ ਨੇ ਤੇ ਇਹਨਾਂ ਨੇ ਤਾਂ ਬਿਜਨਸ ਕਰਨਾ ਹੈ।...ਤੇ ਇਹ ਦਿਨ ਵੀ ਮੈਂ ਦੇਖਣੇ ਸਨ ਕਿ ਅੱਜ ਆਹ ਕੱਲ ਦਾ ਜਵਾਕ "ਬੈਟ" ਮੇਰੀ ਹਾਲਤ ਵੇਖ ਕੇ ਮੁਸ਼ਕੜੀਆਂ ਹੱਸ ਰਿਹਾ ਹੈ। ਸ਼ਾਇਦ ਇਸ ਨੂੰ ਨਹੀਂ ਪਤਾ ਕਿ ਜੇ ਇਸ ਜਿੰਨੀਆਂ ਸਹੂਲਤਾਂ ਮੈਨੂੰ ਮਿਲੀਆਂ ਹੁੰਦੀਆਂ ਤਾਂ ਮੈਂ ਇਸ ਵਾਂਗੂ ਇਕ-ਇਕ ਕੱਪ ਨੂੰ ਨਾ ਤਰਸਦੀ ਸਗੋਂ ਮੈਂ ਦੁਨੀਆਂ ਦੀ ਬਾਦਸ਼ਾਹ ਹੁੰਦੀ।ਅੰਤ ਵਿਚ ਮੈਂ ਇਹੀ ਕਹਾਂਗੀ ਕਿ ਮੇਰੇ ਕਾਤਲ ਤੁਹਾਡੇ ਵਿਚ ਹੀ ਮੌਜੂਦ ਨੇ, ਉਹਨਾਂ ਨੂੰ ਪਛਾਣੋ। ਮੈਂ ਸੌਂਹ ਖਾ ਕੇ ਕਹਿੰਦੀ ਹਾਂ ਕਿ ਇਹ ਬਿਆਨ ਮੈਂ ਕਿਸੇ ਦਬਾਅ ਅਧੀਨ ਨਹੀਂ ਦੇ ਰਹੀ, ਇਹ ਮੇਰਾ ਆਪਣਾ ਸੱਚਾ ਬਿਆਨ ਹੈ.. ਤੇ ਜੇ ਤੁਸੀਂ ਮੈਨੂੰ ਰਤਾ ਵੀ ਪਿਆਰ ਕਰਦੇ ਸੀ ਤਾਂ ਮੇਰੇ ਦੋਸ਼ੀਆਂ ਨੂੰ ਸਜ਼ਾ ਜ਼ਰੁਰ ਦਿਉ।

ਤੁਹਾਡੇ ਦਿਲਾਂ ਵਿਚ ਥੋੜੀ ਜਿਹੀ ਜਗ੍ਹਾ ਦੀ ਚਾਹਵਾਣ

ਤੁਹਾਡੀ ਆਪਣੀ

"ਖਿੱਦੋ ਖੂੰਡੀ" ਉਰਫ "ਹਾਕੀ"

Monday, February 25, 2008

ਭਾਰਤ ਬਨਾਮ ਪੰਜਾਬ

ਤੇ ਉਸ ਨੂੰ ਪਤਾ ਈ ਨਈ ਲੱਗਿਆ ਕਿ ਕਦੋਂ ਉਸ ਦੀ ਅੱਖ ਲੱਗ ਗਈ। ਕਹਿੰਦੇ ਨੇ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੇ ਦਿਮਾਗ ਵਿਚ ਚੱਲ ਰਿਹਾ ਹੁੰਦੈ, ਸੁਪਨੇ ਵੀ ਉਸੇ ਨਾਲ ਸਬੰਧਤ ਆਉਂਦੇ ਨੇ। ਬੇਅੰਤ ਨਾਲ ਵੀ ਇਸੇ ਤਰ੍ਹਾਂ ਵਾਪਰਿਆ।
ਉਸ ਦਾ ਸੁਪਨਾਂ ਸ਼ੁਰੂ ਹੋਇਆ,ਇੱਕ ਵੱਡੀ ਅਦਾਲਤ ਵਿਚ ਬਹੁਤ ਵੱਡੀ ਭੀੜ ਜੁੜੀ ਹੋਈ ਹੈ.................., ਸ਼ਾਇਦ ਕੋਈ ਬਹੁਤ ਮਹੱਤਵਪੂਰਨ ਕੇਸ ਹੈ......................,ਕੁਝ ਚਿਰ ਪਿੱਛੋਂ ਇੱਕ ਉੱਚੀ ਆਵਾਜ ਸਾਰਿਆਂ ਦੇ ਕੰਨੀਂ ਪੈਂਦੀ ਹੈ,
“ਭਾਰਤ ਬਨਾਮ ਪੰਜਾਬ”
ਇਹ ਕੇਸ ਹੈ, ਹਿੰਦੋਸਤਾਨੀ ਹਕੂਮਤ ਦਾ ਪੰਜਾਬ ਨਾਲ, ਹਿੰਦੋਸਤਾਨ ਦੀ ਉੱਚ ਅਦਾਲਤ ਹੈ, ਉਸੇ ਦੇ ਵਕੀਲ ਹਨ, ਉਸੇ ਦੇ ਗਵਾਹ, ਪੰਜਾਬ ਤਾਂ ਵਿਚਾਰਾਂ ਪੁਲਸ ਤੇ ਫੌਜ ਦੇ ਵਿਚਕਾਰ ਇਕੱਲਾ ਹੀ ਖਲੋਤਾ ਹੈ, ਕਈ ਸਰਮਾਏਦਾਰ ਸੇਠ ਉਸ ਵਿਚਾਰੇ ਦੀ ਤਰਸਯੋਗ ਹਾਲਤ ਨੂੰ ਮਖੌਲ ਕਰਦੇ ਹੋਏ ਹੱਸ ਕੇ ਲੰਘਦੇ ਹਨ, ਪਰ ਪੰਜਾਬ ਵਿਚਾਰਾ ਚੁੱਪ ਚਾਪ ਦੁਸ਼ਮਨਾਂ ਵਿਚ ਘਿਰਿਆ ਖੜਾ ਹੈ, ਕਾਫੀ ਦੇਰ ਉਸ ਨੂੰ ਧੁੱਪੇ ਖੜਾ ਰੱਖਿਆ ਜਾਂਦਾ ਹੈ ਤੇ ਜਦ ਵਿਚਾਰਾ ਪਾਣੀ ਮੰਗਦਾ ਹੈ ਤਾਂ ਇੱਕ ਜ਼ੋਰਦਾਰ ਬੈਂਤ ਉਸ ਦੀਆਂ ਪਿੰਜਣੀਆਂ ‘ਤੇ ਵੱਜਦੀ ਹੈ ਤੇ ਨਾਲ ਹੀ ਨਿਹੋਰਾ ਵੀ ਵੱਜਦਾ ਹੈ,“ਸਾਲਾ ਪਾਣੀ ਦਾ, ਓਦੋਂ ਤਾਂ ਕਹਿੰਦਾ ਸੀ ਸਾਡੇ ਕੋਲ ਆਪਣੇ ਲਈ ਪਾਣੀ ਥੋੜੈ, ਤੇ ਹੁਣ ਸਾਥੋਂ ਭਾਲਦੈ ਸ਼ਕੰਜਵੀ, ਕੋਈ ਨੀ ਪੁਤ ਲਗਾਉਣੈ ਆਂ ਤੇਰੇ ਮੂੰਹ ਨੂੰ ਟੂਟੀ, ਤੂੰ ਵੀ ਕੀ ਯਾਦ ਰੱਖੇਂਗਾ”ਤੇ ਵਿਚਾਰਾ ਪੰਜਾਬ, ਥੱਕ ਕੇ ਧਰਤੀ ‘ਤੇ ਡਿੱਗ ਪੈਂਦੈ। ਡਿੱਗੇ ਪਏ ‘ਤੇ ਡਾਂਗਾ ਦਾ ਮੀਂਹ ਵਰ੍ਹਾ ਦਿੱਤਾ ਜਾਂਦੈ,“ਖੜਾ ਹੋ ਚੁੱਪ ਕਰਕੇ, ਇਉਂ ਬੈਠ ਗਿਐ ਜਿਵੇਂ ਸਹੁਰੀਂ ਆਇਆ ਹੋਵੇ”ਸਰਕਾਰੀ ਪੱਖ ਦੀ ਧੋਤੀ, ਜਨੇਊ, ਟਿੱਕਾ ਤੇ ਬੋਦੀ ਟਹਿਕ ਰਹੇ ਹਨ ਤੇ ਦੂਜੇ ਪਾਸੇ ਕਮਜ਼ੋਰ ਜਿਹਾ, ਖਿੱਲਰੇ ਕੇਸ ਦਾਹੜੀ ਵਾਲਾ ਵਿਚਾਰਾ ਪੰਜਾਬ, ਜਿਸਦੇ ਹੱਥ ਉਸਦੀ ਆਪਣੀ ਪੱਗ ਨਾਲ ਬੰਨ੍ਹੇ ਹੋਏ ਨੇ, ਨਿਰਬਲ ਹੋਇਆ ਖੜਾ ਹੈ।‘ਵਾਜ ਪੈਂਦੀ ਹੈ,‘ਪੰਜਾਬ ਹਾਜਰ ਹੋ’ਤੇ ਇਸ ਵਿਚਾਰੇ ਨੂੰ ਘੜੀਸ ਕੇ ਕਟਿਹਰੇ ਵਿਚ ਲਿਆ ਖੜਾ ਕੀਤਾ ਜਾਂਦੈ,ਜੱਜ ਇਸ ਦੀ ਹਾਲਤ ਵੇਖ ਕੇ ਮੁਸ਼ਕੜੀਏਂ ਹੱਸਦੈ, ਉਸ ਨੂੰ ਪਤਾ ਹੈ ਕਿ ਕੇਸ ਕੀ ਹੈ ਪਰ ਸਵਾਦ ਲੈਣ ਲਈ ਪੁਛਦਾ ਹੈ,“ਕੀ ਦੋਸ਼ ਹਨ ਇਸ ‘ਤੇ”ਆਵਾਜ ਆਉਂਦੀ ਹੈ,“ਦੇਸ਼ ਧਰੋਹ, ਅੱਤਵਾਦੀ ਕਾਰਵਾਈਆਂ, ਗਵਾਂਢੀਆਂ ਨੂੰ ਪਾਣੀ ਦੇਣ ਤੋਂ ਇਨਕਾਰ, ਕਰਜਾ ਨਾ ਮੋੜਨਾ.....”“ਹੂੰ, ਬੜੇ ਸੰਗੀਨ ਜ਼ੁਰਮ ਹਨ, ਕਾਰਵਾਈ ਸ਼ੁਰੂ ਕੀਤੀ ਜਾਏ” ਜੱਜ ਨੇ ਹੁਕਮ ਸੁਣਾਇਆ।ਸਰਕਾਰੀ ਵਕੀਲ ਉੱਠ ਕੇ ਬੋਲਣਾ ਸ਼ੁਰੂ ਕਰਦਾ ਹੈ,
“ਜੱਜ ਸਾਹਬ, ਤੁਹਾਡੀਆਂ ਅੱਖਾਂ ਦੇ ਸਾਹਮਣੇ ਭੋਲਾ ਜਿਹਾ ਬਣ ਕੇ ਖਲੋਤਾ ਇਹ ਮੁਜ਼ਰਮ ਅਸਲ ਵਿਚ ਬਹੁਤ ਖ਼ਤਰਨਾਕ ਅਪਰਾਧੀ ਹੈ। ਇਸ ਦੇ ਦੋਸ਼ ਨਾ ਕਾਬਲੇ ਮੁਆਫੀ ਹਨ। ਇਸ ਨੇ ਦੇਸ਼ ਨਾਲ ਬਹੁਤ ਧੋਖੇ ਕੀਤੇ ਹਨ, ਅਨੇਕਾਂ ਅੱਤਵਾਦੀ ਕਾਰਵਾਈਆਂ ਵਿਚ ਇਸ ਦੀ ਸਿੱਧੀ ਸ਼ਮੂਲੀਅਤ ਰਹੀ ਹੈ, ਪਰ ਕਦੇ ਵੀ ਇਸ ਨੂੰ ਸਖ਼ਤ ਸਜਾ ਨਹੀਂ ਦਿੱਤੀ ਗਈ, ਜਿਸ ਕਰਕੇ ਇਸਦੀ ਹਿੰਮਤ ਹੋਰ ਵਧਦੀ ਗਈ। ਇਹ ਪਹਿਲਾਂ ਕੇਂਦਰ ਤੋਂ ਮੰਗਾਂ ਮੰਗਦੈ ਤੇ ਜੇ ਪੂਰੀਆਂ ਨਾ ਹੋਣ ਤਾਂ ਬੰਬ ਧਮਾਕੇ ਕਰਨ ਤੋਂ ਗੁਰੇਜ ਨਹੀਂ ਕਰਦਾ........................, ਤੇ ਜੱਜ ਸਾਹਬ, ਇਸ ਦੀਆਂ ਮੰਗਾਂ ਹਨ ਕਿ ਮੁੱਕਣ ਦਾ ਨਾਮ ਹੀ ਨਹੀਂ ਲੈਂਦੀਆਂ, ਕਦੇ ਇਸ ਨੂੰ ਉੱਤਰ ਭਾਰਤ ਵਿਚ ਆਜ਼ਾਦ ਖਿੱਤਾ ਚਾਹੀਦੈ, ਕਦੇ ਪੰਜਾਬੀ ਸੂਬਾ ਚਾਹੀਦੈ, ਕਦੇ ਇਹ ਕਹਿੰਦੈ ਕਿ ਪਾਣੀ ‘ਤੇ ਸਿਰਫ ਮੇਰਾ ਹੱਕ ਐ, ਜਿਵੇਂ ਨਾਨਕਿਆਂ ਤੋਂ ਲਿਆਇਆ ਹੋਵੇ, ਕਦੇ ਇਹ ਪੰਜਾਬੀ ਬੋਲਦੇ ਇਲਾਕੇ ਚਾਹੁੰਦੈ, ਕਦੇ ਚੰਡੀਗੜ੍ਹ ਮੰਗਦੈ, ਕਦੇ ਗੱਡੀਆਂ ਦੇ ਨਾਮ ਗੁਰਦੁਆਰਿਆਂ ‘ਤੇ, ਕਦੇ ਟ੍ਰਾਸਮੀਟਰ, ਕਦੇ ਪਵਿੱਤਰ ਸ਼ਹਿਰ, ਕਦੇ....................., ਕਦੇ..........................., ਕਦੇ.....................”
ਸਰਕਾਰੀ ਵਕੀਲ ਲਗਾਤਾਰ ਬੋਲ ਰਿਹੈ, ਚੀਕ ਚੀਕ ਕੇ, ਪਰ ਪੰਜਾਬ ਵਿਚਾਰਾ ਚੁੱਪ ਚਾਪ ਖਲੋਤਾ ਹੈ। ਉਸ ਦੀਆਂ ਲੱਤਾਂ ਵਿਚ ਵੀ ਹੁਣ ਉਹ ਜਾਨ ਨਹੀਂ ਰਹੀ, ਥੱਕਿਆ ਹੋਇਆ ਕਦੇ ਸੱਜੀ ਲੱਤ ‘ਤੇ ਭਾਰ ਪਾਉਂਦੈ ਤੇ ਕਦੇ ਖੱਬੀ ‘ਤੇ। ਕਦੇ ਕਦੇ ਉਹ ਵਕੀਲ ਦੀਆਂ ਗੱਲਾਂ ਸੁਣ ਕੇ ਮਾੜਾ ਜਿਹਾ ਹੱਸ ਵੀ ਪੈਂਦੈ, ਜਿਵੇਂ ਉਸ ਨੂੰ ਲੱਗ ਰਿਹਾ ਹੋਵੇ ਕਿ ਬਾਹਮਣ ਸਾਲੇ ਝੂਠ ਵੀ ਸੱਚ ਬਣਾ ਕੇ ਪੇਸ਼ ਕਰ ਦਿੰਦੇ ਨੇ, ‘ਡਾਹਢੇ ਦਾ ਸੱਤੀਂ ਵੀਹੀਂ ਸੌ’
ਓਧਰ ਸਰਕਾਰੀ ਵਕੀਲ ਬੇਰੋਕ ਬੋਲ ਰਿਹੈ, “ਤੇ ਜੱਜ ਸਾਹਬ, ਜੇ ਅਸੀਂ (ਹੁਣ ਉਹ ਕੇਂਦਰ ਦੀ ਥਾਂ ‘ਤੇ ਅਸੀਂ ਕਹਿਣ ਲੱਗ ਪੈਂਦੈ) ਅੱਗੋਂ ਜਵਾਬ ਦੇ ਦੇਈਏ ਕਿ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਤਾਂ ਇਹ ਅੱਤਵਾਦੀ ਜੰਮਣੇ ਸ਼ੁਰੂ ਕਰ ਦਿੰਦੈ, ਜਿਹੜੇ ਸਾਡੇ ਨਾਲ ਸਿੱਧੀ ਟੱਕਰ ਲੈਂਦੇ ਨੇ। ਭਿੰਡਰਾਂਵਾਲਾ, ਤਲਵਿੰਦਰ ਸਿਹੁੰ, ਬੁਧ ਸਿੰਘ ਵਾਲਾ, ਤੂਫਾਨ ਸਿੰਘ, ਅਨੋਖ ਸਿੰਘ, ਸੁਖਦੇਵ ਬੱਬਰ ਇਸ ਦੇ ਪੈਦਾ ਕੀਤੇ ਖ਼ਤਰਨਾਕ ਅੱਤਵਾਦੀਆਂ ਵਿਚੋਂ ਕੁਝ ਕੁ ਹਨ। ਇਹਨਾਂ ਅੱਤਵਾਦੀਆਂ ਨੇ ਇੱਕ ਵਾਰ ਤਾਂ ਪੂਰੇ ਹਿੰਦੋਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਾਡੇ ਹਜ਼ਾਰਾਂ ਦੇਸ਼ ਭਗਤ ਫੌਜੀ ਤੇ ਪੁਲਸ ਦੇ ਜਵਾਨ ਸ਼ਹੀਦ ਕਰ ਦਿੱਤੇ ਇਹਨਾਂ ਦੇਸ਼ ਧ੍ਰੋਹੀਆਂ ਨੇ, ਕਰੋੜਾਂ ਦੀ ਸੰਪਤੀ ਉਜਾੜ ਦਿੱਤੀ......................, ਓਸ ਸਭ ਦਾ ਜ਼ਿੰਮੇਵਾਰ ਵੀ ਇਹੀ ਐ ਜੱਜ ਸਾਹਬ, ਓਸ ਨੁਕਸਾਨ ਦੀ ਭਰਪਾਈ ਵੀ ਇਸੇ ਤੋਂ ਕਰਵਾਉਣੀ ਚਾਹੀਦੀ ਐ................., ਮੇਰੀ ਇਹੀ ਅਪੀਲ ਐ ਜੱਜ ਸਾਹਬ ਕਿ ਇਸ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਇਸ ਦੀਆਂ ਪੁਸ਼ਤਾਂ ਵੀ ਯਾਦ ਰੱਖਣ ਕਿ ਹਿੰਦੋਸਤਾਨ ਨਾਲ ਟੱਕਰ ਲੈਣ ਵਾਲੇ ਦਾ ਹਸ਼ਰ ਕੀ ਹੁੰਦੈ..................”
ਕੁਝ ਦੇਰ ਚੁੱਪ ਰਹਿਣ ਪਿੱਛੋਂ ਸਰਕਾਰੀ ਵਕੀਲ ਮੁੜ ਬੋਲਦਾ ਹੈ, “ਜੱਜ ਸਾਹਬ, ਹੁਣ ਮੈਂ ਕੁਝ ਐਸੇ ਗਵਾਹ ਪੇਸ਼ ਕਰਨ ਦੀ ਇਜਾਜਤ ਚਾਹਾਂਗਾ, ਜਿਹੜੇ ਏਸ ਅਪਰਾਧੀ ਦੇ ਜ਼ੁਲਮਾਂ ਤੋਂ ਪੀੜਤ ਹਨ”“ਇਜਾਜਤ ਹੈ”
“ਸ਼ੁਕਰੀਆ ਜੱਜ ਸਾਹਬ, ਸਭ ਤੋਂ ਪਹਿਲਾਂ ਮੈਂ ਬੁਲਾਉਣਾ ਚਾਹਾਂਗਾ ਗਾਂਧੀ ਪਰਿਵਾਰ ਨੂੰ”“ਮੋਨੀਆਂ ਗਾਂਧੀ ਹਾਜ਼ਰ ਹੋ...................” ਅਵਾਜ ਪੈਂਦੀ ਹੈ ਤੇ ਮੋਨੀਆਂ ਗਾਂਧੀ ਨੱਕ ਉੱਤੇ ਕੱਪੜਾ ਰੱਖ ਕੇ ਪੰਜਾਬ ਕੋਲੋਂ ਲੰਘਦੀ ਹੈ ਤੇ ਦੂਜੇ ਕਟਹਿਰੇ ਵਿਚ ਜਾ ਖੜਦੀ ਹੈ। ਵਕੀਲ ਬੋਲਣਾ ਸ਼ੁਰੂ ਕਰਦਾ ਹੈ,“ਹਾਂ ਜੀ ਮੋਨੀਆਂ ਜੀ, ਕੀ ਤੁਸੀਂ ਸਾਹਮਣੇ ਖੜੇ ਏਸ ਸਖ਼ਸ਼ ਨੂੰ ਪਛਾਣਦੇ ਹੋ”“ਜੀ ਹਾਂ, ਇਸ ਕਾਤਲ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ” “ਕੀ ਤੁਸੀ ਇਸ ਬਾਰੇ ਜਰਾ ਖੁੱਲ ਕੇ ਦੱਸੋਗੇ”
“ਜੀ ਹਾਂ, ਕਿਉਂ ਨਹੀਂ, ਮੇਰੇ ਨਾਨਾ ਸਹੁਰਾ ਜੀ ਨੇ ਆਜ਼ਾਦੀ ਤੋਂ ਪਹਿਲਾਂ ਇਸ ਨੂੰ ਇੱਕ ਵਾਰ ਐਵੇਂ ਹੀ ਕਹਿ ਦਿੱਤਾ ਕਿ ਤੁਹਾਨੂੰ ਆਜ਼ਾਦੀ ਦਾ ਨਿੱਘ ਮਾਨਣ ਲਈ ਇੱਕ ਵੱਖਰਾ ਖਿੱਤਾ ਦਿੱਤਾ ਜਾਵੇਗਾ ਤੇ ਇਸ ਬੁੱਧੂ ਨੇ ਉਸ ਲਾਰੇ ਨੂੰ ਸੱਚ ਸਮਝ ਲਿਆ, ਆਜ਼ਾਦੀ ਪਿੱਛੋਂ ਲੱਗ ਪਿਆ ਜਾਨ ਖਾਣ, ਸਾਨੂੰ ਅਜਾਦ ਖਿੱਤਾ ਦਿਓ........., ਆਪਣੇ ਵਾਅਦੇ ਪੂਰੇ ਕਰੋ.................., ਨਹਿਰੂ ਜੀ ਨੇ ਬਥੇਰਾ ਸਮਝਾਇਆ ਕਿ ਮੈਂ ਤਾਂ ਐਵੇਂ ਹਾਸੇ ਵਿਚ ਹੀ ਕਿਹਾ ਸੀ ਤੇ ਤੁਸੀਂ ਪੱਕੇ ਹੀ ਹੋ ਗਏ, ਐਵੇਂ ਜਵਾਕਾਂ ਵਾਲੀ ਜਿਦ ਨਾ ਕਰੋ, ਜਾ ਕੇ ਖੇਤਾਂ ਵਿਚ ਕੰਮ ਕਰੋ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਓ, ਹੁਣ ਹਾਲਾਤ ਬਦਲ ਗਏ ਨੇ। ਪਰ ਇਹ ਸਿਰ ਹੀ ਚੜ ਗਏ ਤੇ ਲੱਗ ਪਏ ਰੌਲਾ ਪਾਉਣ, ਤੇ ਅੱਕੇ ਅਕਾਏ ਪਟੇਲ ਜੀ ਨੇ ਇਹਨਾਂ ਨੂੰ ਜ਼ਰਾਇਮ ਪੇਸ਼ਾ ਕਹਿ ਦਿੱਤਾ, ਹੁਣ ਤੁਸੀਂ ਦੱਸੋ ਜੱਜ ਸਾਹਬ ਜੇ ਇਹ ਜ਼ਰਾਇਮ ਪੇਸ਼ਾ ਨਹੀਂ ਤਾਂ ਕੌਣ ਹਨ। ਖ਼ੈਰ...................., ਫੇਰ ਪਿੱਛੋਂ ਇਹਨਾਂ ਨੇ ਭਾਸ਼ਾ ਦੇ ਅਧਾਰ ‘ਤੇ ਸਾਡੇ ਦੁਆਰਾ ਸੂਬਿਆਂ ਦੀ ਕੀਤੀ ਵੰਡ ਵੇਲੇ ਵੀ ਬਥੇਰਾ ਖੌਰੂ ਪੱਟਿਆ.................., ਐਮਰਜੈਂਸੀ ਵੇਲੇ ਮੇਰੀ ਸੱਸ ਦਾ ਡਟ ਕੇ ਵਿਰੋਧ ਕੀਤਾ..............., ਹੁਸ ਇਹਨਾਂ ਸਭ ਗੁਨਾਹਾਂ ਦੀ ਸਜ਼ਾ ਤਾਂ ਇਨ੍ਹਾਂ ਨੂੰ ਮਿਲਣੀ ਹੀ ਸੀ ਨਾ ਜੱਜ ਸਾਹਬ, ਸੋ ਅਪਰੇਸ਼ਨ ਕਰਨਾ ਪਿਆ, ‘ਨੀਲਾ ਤਾਰਾ’ ਤੇ ਇਨ੍ਹਾਂ ਦੀਆਂ ਨੀਲੀਆਂ ਪੱਗਾਂ ਮਿੱਟੀ ਵਿਚ ਰੋਲ ਕੇ ਚੰਗਾ ਸਬਕ ਸਿਖਾਇਆ ਗਿਆ, ਪਰ ਇਹ ਟਿਕਣ ਵਾਲੇ ਕਿੱਥੇ ਸਨ, ਇਹਨਾਂ ਜ਼ਾਲਮਾਂ ਨੇ ਮੇਰੀ ਸਤਿਕਾਰਯੋਗ ਸੱਸ ਤੇ ਓਸ ਵੇਲੇ ਦੀ ਪ੍ਰਧਾਨ ਮੰਤਰੀ ਦਾ ਸਾਡੇ ਘਰ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਹੁਣ ਤਾਂ ਪਾਣੀ ਸਿਰ ਤੋਂ ਲੰਘ ਚੁੱਕਾ ਸੀ ਤੇ ਚੁੱਪ ਨਹੀਂ ਬੈਠਿਆ ਜਾ ਸਕਦਾ ਸੀ, ਇਸ ਲਈ ਮੇਰੇ ਪਤੀ ਦੇ ਕਹਿਣ ‘ਤੇ ਤਿੰਨ ਦਿਨ ਲਗਾਤਾਰ ਇਹਨਾਂ ਨੂੰ ਵੱਢਿਆ, ਟੁੱਕਿਆ, ਲੁੱਟਿਆ ਤੇ ਫੂਕਿਆ ਗਿਆ। ਤੁਹਾਨੂੰ ਵੀ ਪਤਾ ਈ ਐ ਜੱਜ ਸਾਹਬ ਕਿਵੇਂ ਅਦਾਲਤਾਂ ਨੂੰ ਵੀ ਜਿੰਦਰੇ ਮਾਰ ਦਿੱਤੇ ਗਏ ਸਨ ਤੇ ਕਨੂੰਨ ਨੂੰ ਵੀ ਕੁਝ ਦਿਨ ਦੀ ਛੁੱਟੀ ਦੇ ਦਿੱਤੀ ਗਈ ਸੀ, ਤਾਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾ ਸਕੇ। ਉਸ ਤੋਂ ਬਾਅਦ ਇਹਨਾਂ ਨੇ ਸਾਡੇ ਪਰਿਵਾਰ ਦਾ ਤਾਂ ਕੋਈ ਨੁਕਸਾਨ ਨਹੀਂ ਕੀਤਾ, ਪਰ ਦੇਸ਼ ਨੂੰ ਬਹੁਤ ਨੁਕਸਾਨ ਪੁਚਾਇਆ। ਮੇਰੀ ਤਾਂ ਇਹੀ ਬੇਨਤੀ ਹੈ ਜੱਜ ਸਾਹਬ ਕਿ ਇਸ ਜ਼ਾਲਮ ਨੂੰ ਫਾਂਸੀ ‘ਤੇ ਲਟਕਾ ਦਿੱਤਾ ਜਾਵੇ” ਏਨਾ ਕਹਿ ਕੇ ਮੋਨੀਆਂ ਗਾਂਧੀ ਚੁੱਪ ਹੋ ਗਈ ਤੇ ਸਰਕਾਰੀ ਵਕੀਲ ਨੇ ਕਿਹਾ, “ਠੀਕ ਹੈ ਹੁਣ ਤੁਸੀਂ ਜਾ ਸਕਦੇ ਹੋ”ਓਧਰ ਪੰਜਾਬ ਵਿਚਾਰਾ ਖੜਾ-ਖੜਾ ਥੱਕ ਚੁੱਕਾ ਸੀ ਤੇ ਜਦੋਂ ਓਹ ਬੈਠਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਸ਼ੂਕਦੀ ਡਾਂਗ ਉਸਦੇ ਮੌਰਾਂ ਵਿਚ ਵੱਜਦੀ।
ਵਕੀਲ ਨੇ ਮੁੜ ਬੋਲਣਾ ਸ਼ੁਰੂ ਕੀਤਾ, “ਜੱਜ ਸਾਹਬ ਹੁਣ ਮੈਂ ਜਲੰਧਰ ਦੇ ਮਸ਼ਹੂਰ ਦੇਸ਼ ਭਗਤ ਲਾਲਾ ਪਰਿਵਾਰ ਵਿਚੋਂ ਕਿਸੇ ਨੂੰ ਬੁਲਾਉਣਾ ਚਾਹਾਂਗਾ”“ਲਾਲਾ ਅਜੇ ਵਲਦ ਲਾਲਾ ਭਗਤ ਨਰਾਇਣ ਹਾਜਰ ਹੋ.....................”
ਇੱਕ ਲਿਸ਼ਕਿਆ ਪੁਸ਼ਕਿਆ ਲਾਲਾ ਕਟਹਿਰੇ ਵਿਚ ਆਣ ਖੜਦਾ ਹੈ,
“ਹਾਂ ਜੀ, ਅਜੇ ਜੀ, ਤੁਸੀਂ ਇਸ ਮੁਜ਼ਰਿਮ ਬਾਰੇ ਕੀ ਕਹਿਣਾ ਚਾਹੋਂਗੇ” ਵਕੀਲ ਨੇ ਲਾਲੇ ਨੂੰ ਸਵਾਲ ਕੀਤਾ।“ਜੱਜ ਸਾਹਬ, ਮੇਰੇ ਪਿਤਾ ਜੀ ਥੋੜਾ ਜਿਹਾ ਇਸ ਵਿਰੁੱਧ ਤੇ ਏਹਨਾਂ ਦੇ ਗੁਰੂ ਵਿਰੁੱਧ ਕੀ ਬੋਲੇ, ਇਹਨਾਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ, ਸਾਡੇ ਪਰਿਵਾਰ ਦੇ ਦੋ ਮੈਂਬਰ ਇਹਨਾਂ ਨੇ ਮਾਰੇ, ਪਹਿਲਾਂ, ਲੋਕਾਂ ਨੂੰ ਆਪਸ ਵਿਚ ਜੋੜਨ ਵਾਲੇ ਭਲੇ ਪੁਰਸ਼ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਨੂੰ ਇਹਨਾਂ ਨੇ ਉਹਨਾਂ ਦੇ ਘਰ ਜਾ ਕੇ ਗੋਲੀਆਂ ਨਾਲ ਛਲਣੀ ਕੀਤਾ। ਇਸ ਦੇ ਹੱਥ ਬਹੁਤ ਦੇਸ਼ ਭਗਤਾਂ ਦੇ ਖੂਨ ਨਾਲ ਰੰਗੇ ਹੋਏ ਨੇ ਜੱਜ ਸਾਹਬ। ਪ੍ਰਧਾਨ ਮੰਤਰੀ, ਫੌਜ ਦੇ ਮੁਖੀ ਵੈਦਯਾ ਜੀ, ਕਈ ਦੇਸ਼ ਭਗਤ ਕਾਂਗਰਸੀ ਨੇਤਾ, ਕਈ ਸੂਰਮੇ ਪੁਲਸ ਅਫਸਰ ਇਹਨਾਂ ਨੇ ਚੁਣ ਚੁਣ ਕੇ ਮਾਰੇ, ਤੇ ਵਿਚਾਰੇ ਭੱਦਰ ਪੁਰਸ਼ ਬੇਅੰਤ ਸਿੰਘ ਦੇ ਸਰੀਰ ਦਾ ਤਾਂ ਇਹਨਾਂ ਨੇ ਕੋਈ ਟੁਕੜਾ ਵੀ ਨਹੀਂ ਲੱਭਣ ਦਿੱਤਾ, ਪਰ ਸ਼ਹੀਦ ਹੋਣ ਤੋਂ ਪਹਿਲਾਂ ਬੇਅੰਤ ਸਿੰਘ ਨੇ ਇਸ ਨੂੰ ਤੇ ਇਸਦੇ ਅੱਤਵਾਦੀ ਪੁੱਤਰਾਂ ਨੂੰ ਚੰਗਾ ਸਬਕ ਸਿਖਾਇਆ ਸੀ, ਗਿੱਲ ਸਾਹਬ ਨਾਲ ਰਲ ਕੇ। ਅੰਤ ਵਿਚ ਜੱਜ ਸਾਹਬ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਇਹ ਜ਼ਾਲਮ ਪੰਜਾਬ, ਭਾਰਤ ਵਰਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਸੋ ਇਸ ਦੇ ਸਾਰੇ ਸੰਗੀਨ ਜ਼ੁਲਮਾਂ ਨੂੰ ਧਿਆਨ ਵਿਚ ਰੱਖ ਕੇ ਇਸ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ”
ਬੇਅੰਤ ਦਾ ਸੁੱਤੇ ਪਏ ਦਾ ਮੱਥਾ ਤਿਊੜੀਆਂ ਨਾਲ ਭਰ ਗਿਆ ਸੀ ਤੇ ਉਸਨੇ ਦੋਹੇਂ ਹੱਥਾਂ ਦੀਆਂ ਘੁੱਟ ਕੇ ਮੁੱਠੀਆਂ ਮੀਚੀਆਂ ਹੋਈਆਂ ਸਨ, ਲਗਦਾ ਸੀ ਜਿਵੇਂ ਉਸ ਨੂੰ ਬਹੁਤ ਗੁੱਸਾ ਚੜਿਆ ਹੋਵੇ ਤੇ ਉਹ ਇਹਨਾਂ ਸਾਰਿਆਂ ਦੇ ਮੂੰਹ ਭੰਨ ਦੇਣੇ ਚਾਹੁੰਦਾ ਹੋਵੇ, ਖੈਰ........... ਸੁਪਨਾ ਜਾਰੀ ਰਿਹਾ,ਲਾਲੇ ਦੇ ਮੁੰਡੇ ਦੀ ਗਵਾਹੀ ਤੋਂ ਬਾਅਦ ਵਕੀਲ ਹੋਰ ਗਵਾਹ ਸੱਦਣ ਲੱਗਦੈ, “ਜੱਜ ਸਾਹਬ, ਹੁਣ ਮੈਂ ਸ਼ਹੀਦ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਵਿਚੋਂ...................” ਪਰ ਉਸਦੀ ਗੱਲ ਵਿਚੇ ਟੋਕ ਕੇ ਜੱਜ ਬੋਲਦਾ ਹੈ,“ਵਕੀਲ ਸਾਹਬ ਬਹੁਤੇ ਗਵਾਹ ਪੇਸ਼ ਕਰਨ ਦੀ ਲੋੜ ਨਹੀਂ, ਇਸ ‘ਤੇ ਲੱਗੇ ਸਾਰੇ ਆਰੋਪ ਸਾਬਤ ਹੋ ਚੁੱਕੇ ਹਨ, ਸਾਨੂੰ ਬਹੁਤਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ, ਇਸ ਤੋਂ ਪਹਿਲਾਂ ਕਿ ਕੋਈ ਅੰਤਰਰਾਸ਼ਟਰੀ ਦਬਾਅ ਪਵੇ, ਸਾਨੂੰ ਇਸਨੂੰ ਸਜਾ ਦੇ ਦੇਣੀ ਚਾਹੀਦੀ ਹੈ.................., ਪਰ ਪਹਿਲਾਂ ਇਸ ਦਾ ਪੱਖ ਵੀ ਸੁਣ ਲਈਏ”
ਜੱਜ ਪੰਜਾਬ ਵੱਲ ਵੇਖ ਕੇ ਕਹਿੰਦਾ ਹੈ, “ਹਾਂ ਬਈ, ਤੇਰਾ ਕੋਈ ਵਕੀਲ ਹੈ”“ਨਹੀਂ” ਜਵਾਬ ਆਇਆ, “ਵਕੀਲ ਨੂੰ ਫੀਸ ਦੇ ਰੂਪ ਵਿਚ ਦੇਣ ਲਈ ਮੇਰੇ ਕੋਲ ਕੁਝ ਨਹੀਂ, ਸਭ ਕੁਝ ਲੁੱਟਿਆ ਜਾ ਚੁੱਕੈ”“ਫੇਰ ਤੇਰਾ ਕੇਸ ਕੌਣ ਲੜੇਗਾ”
“ਕਿਉਂ ਐਵੇਂ ਮੋਮੋਠਗਣੀਆਂ ਕਰਦੇ ਹੋ, ਕੀ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਮੈਂ ਬਿਲਕੁਲ ਬੇਕਸੂਰ ਹਾਂ ਤੇ ਅਸਲ ਦੋਸ਼ੀ ਭਾਰਤ ਹੈ ਤਾਂ ਕੀ ਤੁਸੀਂ ਭਾਰਤ ਨੂੰ ਫਾਹੇ ਲਾ ਦਿਓਗੇ”“ਐਵੇਂ ਯਬਲੀਆਂ ਨਾ ਮਾਰ, ਜੇ ਆਪਣੀ ਸਫਾਈ ਵਿਚ ਕੁਝ ਕਹਿਣਾ ਹੈ ਤਾਂ ਬੋਲ”
“ਰਹਿਣਦਿਓ, ਰਹਿਣਦਿਓ, ਮੈਨੂੰ ਬੋਲਣ ਦਾ ਸਮਾਂ ਨਾ ਦਿਓ, ਜੇ ਮੈਂ ਬੋਲਣ ਲੱਗ ਪਿਆ ਤਾਂ ਥੋਡੀ ਸਾਰਿਆਂ ਦੀ ਬੋਲਤੀ ਬੰਦ ਹੋ ਜਾਊ” ਡਿੱਗਦਾ ਜਾ ਰਿਹਾ ਪੰਜਾਬ, ਇਹਨਾਂ ਨੂੰ ਜਵਾਬ ਦੇਣ ਲਈ ਮੁੜ ਉੱਠ ਖਲੋਤਾ ਸੀ।“ਤੂੰ ਬੋਲ ਲੈ ਜੋ ਬੋਲਣੈ, ਨਹੀਂ ਤਾਂ ਮੁੜਕੇ ਰੌਲਾ ਪਾਏਂਗਾ ਕਿ ਭਾਰਤ ਫਿਰਕੂ ਹੈ ਤੇ ਏਥੇ ਕਿਸੇ ਗ਼ੈਰ ਹਿੰਦੂ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ” ਜੱਜ ਨੇ ਕੱਛਾਂ ਵਿਚੋਂ ਹੱਸਦੇ ਹੋਏ ਕਿਹਾ, ਉਸਨੂੰ ਪਤਾ ਸੀ ਕਿ ਇਸ ਨੂੰ ਫਾਹੇ ਤਾਂ ਲਾ ਹੀ ਦੇਣਾ ਹੈ, ਚਾਹੇ ਕੁਝ ਵੀ ਬੋਲੇ।“ਜੇ ਇਹੀ ਗੱਲ ਹੈ ਤਾਂ ਸੁਣੋ, ਹੁਣ ਆਪਣੀ ਥਾਂ ਛੱਡ ਕੇ ਨਾ ਭੱਜਿਓ, ਤੁਸੀਂ ਜੋ ਦੋਸ਼ ਮੇਰੇ ‘ਤੇ ਲਾਏ ਐ, ਸਭ ਦਾ ਇੱਕ ਇੱਕ ਕਰਕੇ ਜਵਾਬ ਦਿਊਂ,
ਪਹਿਲਾ, ਦੇਸ਼ ਧ੍ਰੋਹ ਤੇ ਅੱਤਵਾਦੀ ਕਾਰਵਾਈਆਂ,‘ਕਿੰਨੀ ਕੁ ਦੇਰ ਮਿੱਟੀ ਖਾਮੋਸ਼ ਰਹਿ ਸਕੇਗੀ,ਕਿੰਨਾ ਕੁ ਚਿਰ ਰਹੇਗਾ ਖਾਮੋਸ਼ ਖੂਨ ਮੇਰਾ’ਧਿਆਨ ਨਾਲ ਸੁਣਿਓਂ, ਅੱਤਵਾਦੀ ਕੌਣ ਹੈ,
ਦੇਸ਼ ਦੀ ਵੰਡ ਤੁਸੀਂ ਫਿਰਕੂ ਬੀਜ, ਬੀਜ ਕੇ ਜਾਣ ਬੁੱਝ ਕੇ ਕਰਵਾਈ, ਯਾਦ ਹੈ ਸਾਧੂ ਦਯਾਨੰਦ ਦੁਆਰਾ ਪੰਜਾਬ ਦੀ ਧਰਤੀ ‘ਤੇ ਉਗਲੱਛਿਆ ਗਿਆ ਜ਼ਹਿਰ, ਜਿਸ ਨੇ ਬਟਵਾਰੇ ਦੀ ਨੀਂਹ ਰੱਖੀ................., ਤੁਸੀਂ ਸਿਖਾਂ ਤੇ ਮੁਸਲਮਾਨਾਂ ਨੂੰ ਕਤਲ ਕਰਨਾ ਚਾਹੁੰਦੇ ਸੀ, ਹਾਂ ਤੁਹਾਡੇ ਹਿੰਦੂ ਭਰਾ ਵੀ ਬਹੁਤ ਮਾਰੇ ਗਏ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ................... ਤੁਸੀਂ ਤਾਂ ਆਪਣੇ ਵਿਰੋਧੀ ਨੂੰ ਖਤਮ ਕਰਨ ਲਈ ਆਪਣੇ ਪੁੱਤ ਭਤੀਜੇ ਦੀ ਜਾਨ ਦੀ ਪ੍ਰਵਾਹ ਨਹੀਂ ਵੀ ਕਰਦੇ............... ਚੇਤੇ ਹੋਵੇਗਾ ਕੰਵਰ ਨੌਨਿਹਾਲ ਸਿੰਘ ਨਾਲ ਤੁਰਿਆ ਆਉਂਦਾ ਡੋਗਰੇ ਧਿਆਨ ਸਿਹੁੰ ਦਾ ਪੁੱਤ.................., ਤੁਸੀਂ ਉਸਨੂੰ ਬਚਾ ਸਕਦੇ ਸੀ ਜੇ ਪੜਛੱਤੀ ਨਾ ਸੁੱਟਦੇ, ਪਰ ਫੇਰ ਕੰਵਰ ਵੀ ਬਚ ਜਾਣਾ ਸੀ....................., ਤੇ ਤੁਸੀਂ ਫੈਸਲਾ ਕੀਤਾ ‘ਆਪਣਾ ਪੁੱਤ ਮਰਦਾ ਹੈ ਤਾਂ ਮਰਨ ਦਿਓ ਪਰ ਕੰਵਰ ਕਿਸੇ ਹਾਲਤ ਵਿਚ ਬਚਣਾ ਨਹੀਂ ਚਾਹੀਦਾ।
ਪਾਕਿਸਤਾਨ ‘ਚੋਂ ਉੱਜੜ ਕੇ ਆਏ ਮੇਰੇ ਪੁੱਤਰਾਂ ਨੂੰ ਤੁਸੀਂ ਦੂਰ ਦੁਰਾਡੇ ਖਿਲਾਰ ਦਿੱਤਾ ਕਿ ਕਿਤੇ ਇਹ ‘ਕੱਠੇ ਨਾ ਹੋ ਜਾਣ, ਅਮਨ ਦੇ ਰਾਖਿਆਂ ਨੂੰ ਤੁਸੀਂ ਜ਼ਰਾਇਮ ਪੇਸ਼ਾ ਕਿਹਾ, ਤੁਹਾਨੂੰ ਸ਼ਰਮ ਨਾ ਆਈ................., ਮੇਰੇ ਇਹਨਾਂ ਪੁੱਤਰਾਂ ਨੇ ਹੀ ਗੋਰਿਆਂ ਨੂੰ ਭਜਾ ਕੇ ਤੁਹਾਨੂੰ ਚੌਧਰ ਦਿਵਾਈ, ਓਦੋਂ ਅਸੀਂ ‘ਖੜਗਧਾਰੀ ਬਾਂਹ’ ਸਾਂ, ਪਰ ਹੁਣ ਇੱਕ ਦਮ ਜ਼ਰਾਇਮ ਪੇਸ਼ਾ ਕਿਵੇਂ ਬਣ ਗਏ......................., ਹੈ ਕੋਈ ਜਵਾਬ................, ਸ਼ਾਇਦ ਤੁਹਾਨੂੰ ਪਤਾ ਸੀ ਕਿ ਸਿਖ ਹੁਣ ਆਪਣੇ ਹੱਕ ਮੰਗਣਗੇ ਸੋ ਤੁਸੀਂ ਪਹਿਲਾਂ ਹੀ ਆਪਣਾ ਪੈਂਤਰਾ ਖੇਡਿਆ........, ਆਹ ਬੀਬੀ ਹੁਣੇ ਬੋਲ ਕੇ ਗਈ ਐ ‘ਨਹਿਰੂ ਜੀ ਨੇ ਤੋ ਐਸੇ ਹੀ ਕਹਿ ਦੀਆ ਥਾ, ਔਰ ਇਨਹੋਂਨੇ ਸਚ ਮਾਨ ਲੀਆ’................., ਸਾਨੂੰ ਭੋਲਿਆਂ ਨੂੰ ਕੀ ਪਤਾ, ਅਸੀਂ ਤਾਂ ਗੁਰੂ ਦੀ ਹਜ਼ੂਰੀ ਵਿਚ ਕਦੇ ਝੂਠ ਨਹੀਂ ਬੋਲਦੇ, ਅਸੀਂ ਸੋਚਿਆ ਕਿ ਤੁਸੀਂ ਵੀ ਗੁਰਦੁਆਰੇ ‘ਚ ਖਲੋ ਕੇ ਵਾਅਦਾ ਕਰ ਰਹੇ ਹੋ ਝੂਠ ਥੋੜਾ ਬੋਲੋਗੇ........., ਸਾਨੂੰ ਕੀ ਪਤਾ ਸੀ ਕਿ ਤੁਹਾਡੇ ਲਈ ਕੋਈ ਧਾਰਮਿਕ ਸਥਾਨ ਕੋਈ ਮਾਈਨੇ ਨਹੀਂ ਰੱਖਦਾ..........., ਤੇਰੇ ਗਾਂਧੀ ਨੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਥਾਨ ‘ਤੇ ਖੜ੍ਹ ਕੇ ਕਿਹਾ, ‘ਕਾਂਗਰਸ ਸਿਖ ਭਾਈਚਾਰੇ ਨਾਲ ਤਾਂ ਕੀ ਕਿਸੇ ਇੱਕ ਵਿਅਕਤੀ ਨਾਲ ਵੀ ਵਿਸ਼ਵਾਸ਼ਘਾਤ ਨਹੀਂ ਕਰੇਗੀ...................... ਸਿਖ, ਭਾਈਓ ਤੇ ਭੈਣੋ, ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਸ਼ੱਕ ਤੇ ਸੰਸੇ ਤਿਆਗ ਦਿਓ............... ਪਰਮਾਤਮਾਂ ਸਾਖੀ ਹੈ ਕਿ ਮੈਂ ਜੋ ਬਚਨ ਕਰ ਰਿਹਾ ਹਾਂ ਉਹਨਾਂ ਤੋਂ ਮੈਂ ਤੇ ਕਾਂਗਰਸ ਕਦੇ ਨਹੀਂ ਫਿਰਾਂਗੇ’, ਤੇ ਨਹਿਰੂ, ਜਿਸ ਦੀ ਵਕਾਲਤ ਆਹ ਬੀਬੀ ਕਰ ਕੇ ਗਈ ਹੈ, ਨੇ ਕਲਕੱਤੇ ਕਿਹਾ, ‘ਘੱਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਸੁਰੱਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ। ਇਹ ਸਾਡਾ ਐਲਾਨ, ਸਾਡਾ ਪ੍ਰਣ ਤੇ ਸਾਡਾ ਬਚਨ ਹੈ, ਜੋ ਅਸੀਂ ਸਾਰੇ ਸੰਸਾਰ ਦੇ ਸਨਮੁਖ ਹਿੰਦੋਸਤਾਨ ਦੇ ਕਰੋੜਾਂ ਨਾਗਰਿਕਾਂ ਨੂੰ ਦਿੰਦੇ ਹਾਂ, ਇਹ ਇੱਕ ਪਵਿੱਤਰ ਸੌਂਹ ਹੈ ਜਿਸ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ’ ਤੇ ਅਸੀਂ ਤੁਹਾਡੀ ਪਰਮਾਤਮਾਂ ਦੀ ਸੌਂਹ ਉੱਤੇ ਭਰੋਸਾ ਕਰ ਲਿਆ ਪਰ ਅਸੀਂ ਇਹ ਭੁੱਲ ਗਏ ਕਿ ਕਸਮਾਂ ਤਾਂ ਤੁਸੀਂ ਅਕਸਰ ਤੋੜ ਦਿੰਦੇ ਹੋ, ਯਾਦ ਹੈ ਅਨੰਦਪੁਰ, ਆਟੇ ਦੀ ਗਾਂ ਦੀ ਸੌਂਹ.............,
ਸਾਰੇ ਦੇਸ਼ ਵਿਚ ਭਾਸ਼ਾ ਦੇ ਅਧਾਰ ‘ਤੇ ਸੂਬੇ ਬਣਾਏ ਗਏ ਪਰ ਮੇਰੇ ਵਾਰੀ ਤੁਹਾਨੂੰ ਪਾਂ ਕਿਉਂ ਪੈ ਗਈ, ਕਿਉਂ ਮੇਰੇ ਹਜ਼ਾਰਾਂ ਪੁੱਤ ਏਸ ਨਿੱਕੀ ਜਿਹੀ ਮੰਗ ਪਿੱਛੇ ਜ਼ੇਲ੍ਹੀਂ ਤਾੜ ਦਿੱਤੇ ਤੇ ਮੇਰਾ ਮਾਸੂਮ ਛੋਟਾ ਜਿਹਾ ਪੁੱਤ, ਕਰਨਾਲ ਦਾ ਇੰਦਰਜੀਤ ਸਿਹੁੰ ਖੂਹ ਵਿਚ ਡੋਬ ਕੇ ਮਾਰ ਦਿੱਤਾ................., ਸਾਡੇ ਨਾਹਰਿਆਂ ‘ਤੇ ਵੀ ਪਾਬੰਦੀ, ਕਿਸੇ ਨੇ ‘ਪੰਜਾਬੀ ਸੂਬਾ ਜਿੰਦਾਬਾਦ ਨਹੀਂ ਕਹਿਣਾ ਤੇ ਤੂੰ ਸ਼ਰੇਆਮ ਸੜਕਾਂ ‘ਤੇ ਖਲੋ ਕੇ ਚਾਂਗਰਾਂ ਮਾਰੀਆਂ, ‘ਈੜੀ ਊੜੀ ਕਹਿਣ ਨ੍ਹੀ ਦੇਣੀ ਸਿਰ ‘ਤੇ ਪਗੜੀ ਰਹਿਣ ਨ੍ਹੀ ਦੇਣੀ’ਹੈ ਭੋਰਾ ਸ਼ਰਮ, ਪਰ ਸ਼ਰਮ ਤਾਂ ਤੁਸੀਂ ਵੇਚ ਕੇ ਖਾਧੀ ਹੈ,
ਐਮਰਜੈਂਸੀ, ਜਿਸ ਨੂੰ ਪਿੱਛੋਂ ਸਭ ਨੇ ਗ਼ਲਤ ਕਿਹਾ, ਤੇ ਜੇ ਅਸੀਂ ਵਿਰੋਧ ਕੀਤਾ ਤਾਂ ਅੱਤਵਾਦੀ............., ਤੁਸੀਂ ਰੱਥ ਯਾਤਰਾਵਾਂ ਕਰੋ, ਗਣੇਸ਼ ਵਿਸਰਜਨ ਲਈ ਜਲੂਸ ਕੱਢੋ, ਪਰ ਜੇ ਅਸੀਂ ਗੁਰਬਾਣੀ ਗਾਉਂਦੇ-ਗਾਉਂਦੇ ਕੋਈ ਨਗਰ ਕੀਰਤਨ ਵੀ ਕੱਢੀਏ ਤਾਂ ਦੇਸ਼ ਧ੍ਰੋਹੀ................., ਸਾਡਾ ਰਹਿਬਰ, ਸਾਡਾ ਸਿਧਾਂਤ, ਸਾਨੂੰ ਸੇਧ ਦੇਣ ਵਾਲੇ ‘ਗੁਰੂ ਗ੍ਰੰਥ ਸਾਹਿਬ’ ਦੇ ਸ਼ਰੀਕ ਪੈਦਾ ਕਰ ਕੇ ਤੁਸੀਂ ਦੇਹਧਾਰੀ ਰੂਪ ਵਿਚ ਮੇਰੇ ਵੱਲ ਧੱਕੇ, ਉਹਨਾਂ ਨੇ ਬਥੇਰਾ ਗੰਦ ਬਕਿਆ ਤੇ ਅਸੀਂ ਬਰਦਾਸ਼ਤ ਕਰਦੇ ਰਹੇ ਪਰ ਜਦੋਂ ਅੱਤ ਹੀ ਹੋ ਗਈ ਤਾਂ ਮੇਰੇ ਪੁੱਤ ਉਸ ਦੇ ਬਕਵਾਸ ਨੂੰ ਰੋਕਣ ਲਈ ਸ਼ਾਂਤਮਈ ਢੰਗ ਨਾਲ ਗਏ ਤੇ ਤੁਸੀਂ, ਸਾਰੇ ਗੋਲੀਆਂ ਨਾਲ ਭੁੰਨ ਦਿੱਤੇ, ਮੇਰੇ 13 ਪੁੱਤ ਸ਼ਰੇਆਮ ਮਾਰ ਕੇ ਵੀ ਨਰਕਧਾਰੀ ਸੱਤਵਾਦੀ ਤੇ ਤੁਹਾਡੀਆਂ ਅਦਾਲਤਾਂ ਵੱਲੋਂ ਇਨਸਾਫ਼ ਨਾ ਮਿਲਣ ‘ਤੇ ਜੇ ਮੇਰੇ ਕਿਸੇ ਪੁੱਤ ਨੇ ਉਸ ਨੂੰ ਮਾਰ ਦਿੱਤਾ ਤਾਂ ਅਸੀਂ ਅੱਤਵਾਦੀ.................,ਤੁਹਾਡੇ ਸਾਰੇ ਜ਼ੁਲਮਾਂ ਵਿਚੋਂ ਮੇਰਾ ਇੱਕ ਸੂਰਮਾਂ ਪੁੱਤ ਉੱਠਿਆ, ਉਸ ਨੇ ਗਰਜ ਕੇ ਕਿਹਾ, “ਜਾਨ ਦੀ ਪ੍ਰਵਾਹ ਨਾ ਕਰੋ, ਜ਼ਮੀਰ ਜਾਗਦੀ ਰੱਖੋ, ਸਾਰੇ ਹੱਕ ਲੈ ਲਵਾਂਗੇ” ਪਰ ਤੁਸੀਂ ਉਸ ਨੂੰ ਵੀ ਸਾਰੀ ਦੁਨੀਆਂ ਵਿਚ ਭੰਡਣਾ ਸ਼ੁਰੂ ਕਰ ਦਿੱਤਾ, ਸਾਰੇ ਵਾਧੂ ਘਾਟੂ ਦੋਸ਼ ਉਸ ਦੇ ਮੱਥੇ ਮੜ੍ਹ ਦਿੱਤੇ, ਹਰੇਕ ਛੋਟੀ ਵੱਡੀ ਘਟਨਾਂ ਨਾਲ ਉਸ ਦਾ ਨਾਂ ਜੋੜ ਦਿੱਤਾ...................., ਤੇ ਫੇਰ ਪੂਰੀ ਤਿਆਰੀ ਕਰਕੇ ਉਸ ਨੂੰ ਮਾਰਨ ਦੇ ਬਹਾਨੇ ਮੇਰੇ ‘ਤੇ ਚੜਾਈ ਕੀਤੀ, ਟੈਂਕਾਂ ਤੋਪਾਂ ਨਾਲ ਮੇਰਾ ਤਖਤ ਢਹਿ ਢੇਰੀ ਕਰ ਦਿੱਤਾ, ਹਰਿਮੰਦਰ ਗੋਲੀਆਂ ਨਾਲ ਛਲਣੀ ਕਰ ਦਿੱਤਾ, ਆਪਣੇ ਸ਼ਹੀਦ ਮਾਹੀ ਦੀ ਯਾਦ ਵਿਚ ਜੁੜੀ ਸਾਰੀ ਸੰਗਤ ਗੋਲੀਆਂ ਨਾਲ ਭੁੰਨ ਦਿੱਤੀ.................., ਤੇ ਤੇਰੇ ਸੂਰਮੇ ਫੌਜੀ ਬੂਟਾਂ ਸਮੇਤ ਪ੍ਰਕਰਮਾਂ ਵਿਚ ਬੀੜੀਆਂ ਪੀਂਦੇ ਮੈਨੂੰ ਚਿੜਾ ਕੇ ਕਹਿ ਰਹੇ ਸਨ, ‘ਕਹਾਂ ਹੈ ਤੁਮਾਹਰਾ ਭਿੰਡੀ ਵਾਲਾ, ਕਹਾਂ ਹੈ ਤੁਮਾਹਰੇ ਦਰਬਾਰ ਕੀ ਵੋਹ ਤਾਕਤ’.................., ਓ ਥੋਨੂੰ ਰਤਾ ਸ਼ਰਮ ਨਾ ਆਈ ਸ਼ਰੇਆਮ ਪ੍ਰਕਰਮਾਂ ਵਿਚ ਧੀਆਂ ਦੇ ਬਲਾਤਕਾਰ ਕਰਦਿਆਂ, ਏਨਾ ਕਮੀਨਾ ਤਾਂ ਸ਼ੈਤਾਨ ਵੀ ਨਹੀਂ ਹੋ ਸਕਦਾ............ ਲਾਹਨਤ..............................
............... ਤੇ ਫੇਰ ਜਦੋਂ ਤੁਸੀਂ ਮੇਰਾ ਦਿਲ, ਮੇਰਾ ਤਖ਼ਤ ਹੀ ਢਾਹ ਦਿੱਤਾ ਤਾਂ ਮੇਰੇ ਪੁੱਤ ਘਰਾਂ ਵਿਚ ਟਿਕ ਕੇ ਕਿਵੇਂ ਬਹਿੰਦੇ, ਉਨ੍ਹਾਂ ਧਹਈਆ ਕੀਤਾ ਬਾਪੂ ਦੀ ਪਰ੍ਹੇ ਵਿਚ ਲੱਥੀ ਪੱਗ ਨੂੰ ਚੁੱਕ ਕੇ ਮੁੜ ਸਿਰ ਸਜਾਉਣ ਦਾ.............., ਤੇਰੀ ਦੁਰਗਾ ਦੇਵੀ ਮੇਰੇ ਪ੍ਰਾਣਾ ਤੋਂ ਪਿਆਰੇ ਗੁਰਧਾਮ ਢਾਹ ਕੇ, ਮੇਰੇ ਹਜ਼ਾਰਾਂ ਪੁੱਤ ਮਾਰ ਕੇ ‘ਦੇਸ਼ ਭਗਤ’ ਤੇ ਓਸੇ ਇੰਦਰਾ ਨੂੰ ਕੀਤੇ ਦੀ ਸਜਾ ਦੇਣ ‘ਤੇ ਮੇਰੀ ਸਾਰੀ ਕੌਮ ਅੱਤਵਾਦੀ...................., ਵਾਹ ਭਾਰਤ ਵਾਹ........., ਸਦਕੇ ਤੇਰੀ ਧਰਮ ਨਿਰਪੱਖਤਾ ਦੇ................,ਹੋਰ ਸੁਣ.............., ਮੇਰੀ ‘ਗਵਾਚੀ ਪੱਗ’ ਲੱਭਣ ਤੁਰੇ ਮੇਰੇ ਪੁੱਤ ਜਦੋਂ ਤੇਰੀ ਨਜ਼ਰੀਂ ਪਏ ਤਾਂ ਤੂੰ ਫੌਜ ਨੂੰ ਸਰਕੂਲਰ ਜਾਰੀ ਕੀਤਾ, ਮੇਰੀ ਸਾਰੀ ਕੌਮ ਨੂੰ ਖਤਮ ਕਰਨ ਦਾ................, ਯਾਦ ਹੈ ਉਸ ਦੀ ਸ਼ਬਦਾਵਲੀ, ਸ਼ਾਇਦ ਭੁੱਲ ਗਿਆ ਹੋਵੇਂਗਾ, ਕਿਉਂਕਿ ਇਹੋ ਜਹੇ ਕਈ ਸਰਕੂਲਰ ਤੂੰ ਜਾਰੀ ਕਰ ਚੁੱਕਾ ਹੈਂ, “ਕੁਝ ਲੋਕਾਂ ਨੂੰ ਧਰਮ ਦੇ ਨਾਂ ‘ਤੇ ਸੌਂਹ ਚੁਕਾਈ ਗਈ, ਇਹ ਗਲ਼ ਦੇ ਦੁਆਲੇ ਛੋਟੀ ਕਿਰਪਾਨ ਪਾਉਂਦੇ ਨੇ ਤੇ ਇਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦੈ, ਇਹ ਅੰਮ੍ਰਿਤਧਾਰੀ ਲੋਕ ਬਹੁਤ ਖਤਰਨਾਕ ਹਨ, ਇਹਨਾਂ ਨੂੰ ਭਰਤੀ ਕਰਕੇ ਸਾਨੂੰ ਮਾਰਨ ਤੇ ਲੁੱਟਣ ਦੀ ਜਿੰਮੇਵਾਰੀ ਸੌਂਪੀ ਗਈ ਹੈ, ਕੋਈ ਵੀ ਜਾਣਕਾਰੀ, ਇਹਨਾਂ ਅੰਮ੍ਰਿਤਧਾਰੀਆਂ ਬਾਰੇ, ਨੇੜੇ ਦੇ ਆਰਮੀ ਦਫਤਰ ਵਿਚ ਦਿੱਤੀ ਜਾਵੇ, ਇਹ ਆਪਣੇ ਦੇਸ਼ ਦੀ ਇਕ ਸੱਚੀ ਸੁੱਚੀ ਤੇ ਮਹਾਨ ਸੇਵਾ ਹੋਵੇਗੀ” ਕਿਉਂ ਕੁਛ ਯਾਦ ਆਇਆ, ਤੂੰ ਫੌਜ ਨੂੰ 17 ਤੋਂ 35 ਸਾਲ ਤੱਕ ਦੇ ਮੇਰੇ ਸਾਰੇ ਪੁੱਤਰਾਂ ਨੂੰ ਨਿਸ਼ਾਨਾ ਬਣਾਉਣ ਦੇ ਹੁਕਮ ਦਿੱਤੇ, ਇਹੀ ਸੀ ਨਾ ਤੇਰਾ ‘ਵੁੱਡ ਰੋਜ਼’..............., ‘ਜੰਗਲ ਦੇ ਗੁਲਾਬ’..............., ਇਸ ਤਰ੍ਹਾਂ ਤਾਂ ਨਾਜ਼ੀ ਹਿਟਲਰ ਨੇ ਵੀ ਯਹੂਦੀਆਂ ਵਿਰੁੱਧ ਨਹੀਂ ਕੀਤਾ, 4 ਤੋਂ 12 ਸਾਲ ਤੱਕ ਦੇ 52 ਬੱਚੇ ਦੇਸ਼ ਧ੍ਰੋਹ ਦਾ ਕੇਸ ਪਾ ਕੇ ਤਿੰਨ ਮਹੀਨੇ ਲੁਧਿਆਣੇ ਕੈਦ ਰੱਖੇ, ਜਿਹਨਾਂ ਮਾਸੂਮਾਂ ਨੂੰ ਦੇਸ਼ ਧ੍ਰੋਹ ਦਾ ਮਤਲਬ ਵੀ ਨਹੀਂ ਪਤਾ ਸੀ.................., ਸੁੰਨ ਕਿਉਂ ਹੋ ਰਿਹੈਂ, ਅਜੇ ਤਾਂ ਬੜਾ ਕੁਝ ਬਾਕੀ ਐ................, ਤੇ ਫੇਰ ਖੁੱਲੀ ਜੰਗ ਛਿੜ ਪਈ ਤੇਰੇ ਤੇ ਮੇਰੇ ਵਿਚਕਾਰ, ਪਰ ਤੂੰ ਬਾਹਮਣ, ਜੰਗ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ ਤੇ ਆਪਣੇ ਸਾਮ, ਦਾਮ, ਦੰਡ, ਭੇਦ ਵਰਤੇ........................, ਹੁਕਮ ਜਾਰੀ ਕੀਤੇ ਆਪਣੀ ਪੁਲਸ ਨੂੰ, “ਜਿਸ ਦਾ ਵੀ ਨਾਮ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਦੇ ਵੀ ਪੁਲਸ ਰਿਕਾਰਡ ਵਿਚ ਆਇਆ ਹੈ, ਉਸ ਨੂੰ ਹਿਰਾਸਤ ਵਿਚ ਲਿਆ ਜਾਵੇ ਤੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇ.........................., ਇਹ ਸਾਰੇ ਹੁਕਮ ਆਪਣੇ ਏਰੀਏ ਵਿਚ ਅਮਲ ਹੇਠ ਲਿਆਓ, ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ, ਸਗੋਂ ਮੈਡਲ ਤੇ ਤਰੱਕੀਆਂ ਨਾਲ ਨਿਵਾਜਿਆ ਜਾਵੇਗਾ” ਤੇ ਸਚਮੁੱਚ ਤੂੰ ਸਿਖਾਂ ਦੇ ਕਾਤਲਾਂ ਨੂੰ ਕੋਈ ਸਵਾਲ ਨਹੀਂ ਪੁੱਛਿਆਂ ਸਗੋਂ ਰੁਤਬੇ ਬਖ਼ਸ਼ੇ, ਇੱਕ ਤਾਂ ਕਰੇਲਾ ਤੇ ਉੱਤੋਂ ਨਿੰਮ ਚਾੜ੍ਹ ਦਿੱਤਾ, ਪੁਲਸ ਵਾਲੇ ਤਾਂ ਪਹਿਲਾਂ ਹੀ ਮਾਣ ਨਹੀਂ ਸਨ............, ਕੈਟਾਂ ਦੀ ਫੌਜ ਤਿਆਰ ਕੀਤੀ ਗਈ, ਹਰ ਤਰ੍ਹਾਂ ਦੇ ਮਾੜੇ ਕੰਮ ਉਨ੍ਹਾਂ ਤੋਂ ਕਰਵਾਏ ਗਏ, ਲੁੱਟਾਂ ਖੋਹਾਂ, ਡਾਕੇ, ਬਲਾਤਕਾਰ............ ਤੇ ਸਭ ਕੁਝ ਮੜ੍ਹਿਆ ਮੇਰੇ ਸਾਊ ਪੁੱਤਰਾਂ ਦੇ ਸਿਰ.................., ਫੇਰ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਗਿਆ ਜੋ ਤੇਰਾ ਬ੍ਰਹਮ ਅਸਤਰ ਹੈ ਤੇ ਕਿਸੇ ਨੂੰ ਮਾਰਨ ਲਈ ਸਭ ਤੋਂ ਵਧੀਆ ਕਨੂੰਨੀ ਤਰੀਕਾ, ‘ਝੂਠਾ ਪੁਲਸ ਮੁਕਾਬਲਾ’, ਸਿਵੇ ਆਪ ਬੋਲ ਕੇ ਦੱਸ ਰਹੇ ਨੇ ਕਿ ਘੱਟੋ ਘੱਟ 25001 ਤਾਂ ਝੂਠੇ ਮੁਕਾਬਲੇ ਬਣਾਏ ਹੀ ਗਏ ਨੇ, ਲੱਕੜਾਂ ਬੋਲਦੀਆਂ ਨੇ, ਦਰਿਆਵਾਂ ਨਹਿਰਾਂ ਦੇ ਪੁਲ ਗਵਾਹੀ ਭਰ ਰਹੇ ਨੇ............, ਤੂੰ ਕਹੇਂਗਾ 25000 ਤਾਂ ਸੁਣਿਆਂ ਸੀ ਇਹ ਇੱਕ ਹੋਰ ਕਿੱਥੋਂ ਆ ਗਿਆ, ਦਿਮਾਗ ‘ਤੇ ਜ਼ੋਰ ਪਾ, ਯਾਦ ਆ ਜਾਵੇਗਾ, ਇੱਕ ਪੜਿਆ ਲਿਖਿਆ ਅਧਖੜ੍ਹ ਉਮਰ ਦਾ ਭੋਲਾ ਜਿਹਾ ਇਨਸਾਨ, ਜਿਹੜਾ ਜਦੋਂ ਬੋਲਦਾ ਸੀ ਤਾਂ ਤੇਰੀ ਪੁਲਸ ਤੇ ਤੇਰੀਆਂ ਅਦਾਲਤਾਂ ਲੁਕਣ ਨੂੰ ਥਾਂ ਲੱਭਦੀਆਂ ਸਨ, ਜਿਸਦੇ ਨਾਲ 25000 ਲਾਸ਼ਾਂ ਦੀਆਂ ਰੂਹਾਂ ਇਨਸਾਫ ਦੀ ਭਾਲ ਵਿਚ ਤੁਰੀਆਂ ਫਿਰਦੀਆਂ ਸਨ, ਇਹਨਾਂ ਲਾਵਾਰਸ ਲਾਸ਼ਾਂ ਨੂੰ ਲੱਭਣ ਵਾਲਾ ਮੇਰਾ ਯੋਧਾ ਪੁੱਤ ‘ਜਸਵੰਤ ਸਿੰਘ ਖਾਲੜਾ’, ਯਾਦ ਆਇਆ............, ਤੇ ਤੂੰ ਉਸ ਨੂੰ ਵੀ ਗਾਇਬ ਕਰ ਦਿੱਤਾ, ਤੂੰ ਸੋਚਿਆ ਹੋਣੈ ਜਿੱਥੇ 25000 ਖਪਾ ਦਿੱਤੇ ਉੱਥੇ ਇੱਕ ਹੋਰ ਸਹੀ, ਕਿਹੜਾ ਕਿਸੇ ਨੇ ਹਿਸਾਬ ਮੰਗਣੈ.........., ਦੁਰ ਫਿਟੇ ਮੂੰਹ ਤੇਰੇ ਨਿਆਂ ਦੇ, ਮੇਰੇ 2 ਲੱਖ ਪੁੱਤ ਤੂੰ ਸ਼ਰੇਆਮ ਅੱਤਵਾਦੀ ਕਹਿ ਕੇ ਭੁੰਨ ਦਿੱਤੇ, ਸੈਕੜੇ ਜ਼ੇਲ੍ਹੀਂ ਤੁੰਨ ਦਿੱਤੇ ਤੇ ਕਾਤਲ ਸ਼ਰੇਆਮ ਦਨਦਨਾਉਦੇ ਫਿਰ ਰਹੇ ਨੇ, ਹੂਟਰ ਵਾਲੀਆਂ ਸਰਕਾਰੀ ਗੱਡੀਆਂ ਵਿਚ, ਸੱਜਣ, ਟਾਈਟਲਰ, ਅਰਜਨ.................., ਤੇ ਕਾਤਲ ਪੁਲਸ ਅਫਸਰ, ਜਿਨ੍ਹਾਂ ਨੂੰ ਤੂੰ ਅਜੇ ਤੱਕ ਇਨਾਮਾਂ ਦੇ ਰੂਪ ਵਿਚ ਵੱਡੇ ਵੱਡੇ ਅਹੁਦੇ ਬਖ਼ਸ਼ ਰਿਹੈ, ਵਿਜੀਲੈਂਸ ਕਮਿਸ਼ਨ ਦੇ ਮੁਖੀ, ਹੱਕੀ ਫੈਡਰੇਸ਼ਨ ਦੇ ਪ੍ਰਧਾਨ................”
ਬੇਅੰਤ ਦਾ ਸੁਪਨਾ ਬਿਲਕੁਲ ਹਕੀਕਤ ਸੀ। ਜੋ ਜੋ ਉਸ ਨੇ ਹੁਣ ਤੱਕ ਪੜਿਆ-ਸੁਣਿਆਂ ਸੀ, ਉਹ ਸਭ ਉਸ ਨੂੰ ਪ੍ਰਤੱਖ ਦਿਸ ਰਿਹਾ ਸੀ, ਸੁੱਤੇ ਪਏ ਉਸ ਦੇ ਚਿਹਰੇ ਦੇ ਹਾਵ ਭਾਵ ਪਲ ਪਲ ਬਦਲ ਰਹੇ ਸਨ।ਖ਼ੈਰ, ਸੁਪਨਾ ਜਾਰੀ ਰਿਹਾ...................
“ਹੁਣ ਦੱਸ ਅੱਤਵਾਦੀ ਕੌਣ ਐਂ, ਤੂੰ ਜਿਹੜਾ ਕਾਤਲ ਐਂ ਕਿ ਮੈਂ ਜਿਸਦਾ ਕਤਲ ਕੀਤਾ ਗਿਆ................, ਤੇ ਹੁਣ ਤੂੰ ਆ ਗਿਐਂ ਕਰਜ਼ਾ ਮੰਗਣ, ਇਹ ਦੱਸ ਬਈ ਮੈਨੂੰ ਇੱਕ ਨੰਬਰ ਸੂਬੇ ਨੂੰ ਕੰਗਾਲ ਕੀਹਨੇ ਬਣਾਇਐ, ਰਾਜ ਕਰਦੇ ਨੂੰ ਕਰਜਾ ਲੈਣ ਲਈ ਮਜਬੂਰ ਕਿਸ ਨੇ ਕੀਤੈ, ਦੇਸ਼ ਦੇ 70% ਲੋਕਾਂ ਦਾ ਢਿੱਡ ਭਰਨ ਵਾਲਾ ਚਾਰ ਰੁਪਈਏ ਆਟੇ ਲਈ ਵਿਲਕਣ ਕਿਸ ਨੇ ਲਾਇਐ। ਸਭ ਤੇਰੀਆਂ ਕਮੀਨੀਆਂ ਚਾਲਾਂ ਤਹਿਤ ਹੋਇਐ..........., ਅਸੀਂ ਹਾੜ੍ਹ ਵੇਖੇ ਨਾ ਸਿਆਲ, ਸੱਪਾਂ ਦੀਆਂ ਸਿਰੀਆਂ ਮਿੱਧ, ਪੋਹ ਮਾਘ ਦੀਆਂ ਰਾਤਾਂ ਜਾਗ, ਅਮੁਲਾ ਅੰਨ ਪੈਦਾ ਕੀਤਾ ਤੇ ਤੁਸੀ ਹਰ ਵਾਰ ਕੌਡੀਆਂ ਦੇ ਭਾਅ ਚੁੱਕ ਕੇ ਲੈ ਗਏ, ਸਾਡੇ ਤੋਂ ਮੁਫਤੋ ਮੁਫਤੀ ਖ੍ਰੀਦੇ ਅਨਾਜ ਵਿਚੋਂ ਘਰ ਬੈਠੇ ਹੀ ਕਰੋੜਾਂ ਕਮਾਉਂਦੇ, ਬਸ ਤੁਹਾਡੇ ਮਹਿਲ ਉਸਰਦੇ ਗਏ ਤੇ ਸਾਡੇ ਕੱਚੇ ਕੋਠੇ ਵੀ ਖੁਰਦੇ ਗਏ। ਹੜ੍ਹ ਆਵੇ ਤਾਂ ਮਾਰੇ ਸਾਨੂੰ, ਸੋਕਾ ਪਵੇ ਤਾਂ ਸਾੜੇ ਸਾਨੂੰ, ਤੇ ਤੁਸੀ ਸਾਡਾ ਮਜਾਕ ਉਡਾਉਣ ਲਈ ਮੁਆਵਜੇ ਦੇ ਨਾਂ ‘ਤੇ ਪੰਜ-ਪੰਜ ਰੁਪਈਏ ਦੇ ਚੈਕ ਦਿੱਤੇ ਕਿੱਲੇ ਮਗਰ, ਜੇ ਝੂਠ ਸਮਝਦੈ ਤਾਂ ਚੱਲ ਮਲੋਟ, ਦਿਖਾਵਾਂ, ਅਜੇ ਤੱਕ ਤੇਰੇ ਦਿੱਤੇ ਮੁਆਵਜੇ ਦੇ ਚੈਕ ਅਸੀਂ ਸਾਂਭੀ ਬੈਠੇ ਆਂ, ਔਖੇ ਵੇਲੇ ਲਈ, ਤੇ ਕਈਆਂ ਕੋਲ ਤਾਂ ਬੈਕ ਵਿਚ ਖਾਤਾ ਖੁਲਾਉਣ ਲਈ ਪੈਸੇ ਨਹੀਂ........., ਕਿਉਂਕਿ ਖਾਤਾ ਖੁਲਾਉਣ ਲਈ 500 ਲੱਗਦੇ ਨੇ ਤੇ ਤੇਰੇ ਚੈਕ................, ਹੈ ਕੋਈ ਸ਼ਰਮ............., ਤੇ ਨਾਲੇ ਕਰਜਾ ਤੂੰ ਸਾਡੀ ਲੋੜ ਨੂੰ ਨਹੀਂ ਦਿੱਤਾ, ਤੈਨੂੰ ਪਤਾ ਸੀ ਕਿ ਇਨ੍ਹਾਂ ਦਾ ਮਿੱਟੀ ਨਾਲ ਮੋਹ ਬਹੁਤ ਐ, ਜ਼ਮੀਨ ਨੂੰ ਇਹ ਮਾਂ ਸਮਝਦੇ ਐ, ਕਿਸੇ ਹੋਰ ਢੰਗ ਨਾਲ ਜ਼ਮੀਨ ਖੋਹੀ ਨਹੀਂ ਜਾਣੀ ਸੋ ਤੂੰ ਸਾਡਾ ਹਮਦਰਦ ਬਣ ਕੇ ਕਰਜ਼ਿਆਂ ਦਾ ਹਥਿਆਰ ਵਰਤਿਆ.............,ਹੁਣ ਜ਼ਰਾ ਤੇਰੀ ਤੇਹ ਵੀ ਮਾਰ ਦੇਵਾਂ, ਪਾਣੀ ਦੀ ਗੱਲ ਕਰਕੇ................, ਪਹਿਲੀ ਗੱਲ ਤਾਂ ਇਹ ਕਿ ਸਾਡੇ ਤਾਂ ਆਪਣੇ ਹੀ ਤੌੜੇ ਖਾਲੀ ਨੇ ਗੁਆਂਢੀਆਂ ਵਾਸਤੇ ਛਬੀਲਾਂ ਕਿੱਥੋਂ ਲਾ ਦੇਈਏ..............., ਹਕੀਕਤ ਤਾਂ ਇਹ ਐ ਕਿ ਆਉਂਦੇ ਚਾਰ ਪੰਜ ਸਾਲਾਂ ਨੂੰ ਸਾਡਾ 10 ਲੱਖ ਟਿਊਬਵੈਲ ਸਿਸਟਮ ਫੇਲ੍ਹ ਹੋ ਜਾਣੈ, ਜਾਂ ਹੋ ਗਿਐ, ਮੱਛੀ ਮੋਟਰਾਂ ‘ਤੇ ਤਾਂ ਅਸੀਂ ਆ ਈ ਗਏ ਆਂ....................., ਸਾਡੇ ਦਰਿਆਵਾਂ ਦਾ ਪਾਣੀ ਤਾਂ ਸਾਡੇ ਲਈ ਈ ਥੋੜੈ, ਤੁਹਾਨੂੰ ਕਿੱਥੋਂ ਰਜਾ ਦੀਏ, ਨਾਲੇ ਥੋਡੀ ਤੇਹ ਤਾਂ ਬੁਝਦੀ ਨ੍ਹੀ, ਪਹਿਲੀਆਂ ਏਨੀਆਂ ਨਹਿਰਾਂ ਨਾਲ ਨ੍ਹੀ ਬੁਝੀ................., ਸਾਡੇ ਆਪਣੇ ਖੇਤ ਪਾਣੀ ਬਿਨਾਂ ਉਜਾੜ ਹੋ ਰਹੇ ਨੇ ਤੇ ਅਸੀਂ ਥੋਡੀ ਹਰਿਆਲੀ ਫੂਕਣੀ ਐਂ................., ਤੇ ਨਾਲੇ ਜਦੋਂ ਦਰਿਆਵਾਂ ਨਾਲ ਹੜ੍ਹ ਆ ਜਾਂਦੇ ਐ ਜਾਂ ਨਹਿਰਾਂ ਟੁੱਟ ਕੇ ਸਾਡੀ ਫਸਲ ਤਬਾਹ ਕਰ ਦਿੰਦੀਐ ਤਾਂ ਤੇਰੇ ਹਰਿਆਣੇ, ਰਾਜਸਥਾਨ ਜਾਂ ਤੈਥੋਂ ਕਦੇ ਸਰਿਐ ਕਿ ਸਾਡੀ ਸਾਰ ਲਵੇਂ, ਸਾਡਾ ਨੁਕਸਾਨ ਵੇਖ ਲਵੇਂ, ਹਰਜਾਨੇ ਦੀ ਆਸ ਤਾਂ ਤੈਥੋਂ ਕਦੇ ਅਸੀਂ ਰੱਖੀ ਨਈ............, ਸਾਡਾ ਸਾਰਾ ਪਾਣੀ ਤੁਸੀਂ ਕਿੱਦੇਂ ਦੇ ਮੁਫਤ ਲੈ ਰਹੇ ਓ ਤੇ ਜੇ ਅਸੀਂ ਪਾਣੀ ਵੱਟੇ ਕੁਝ ਮੰਗ ਲਈਏ ਤਾਂ ਝੱਟ ਭੋਲੇ ਬਣ ਕੇ ਦਿੰਨੇ ਓ, ਜੀ ਹਰਿਆਣਾ ਤਾਂ ਪੰਜਾਬ ਦਾ ਛੋਟਾ ਭਰਾ ਐ, ਭਰਾਵਾਂ-ਭਰਾਵਾਂ ‘ਚ ਵੰਡ ਤਾਂ ਹੁੰਦੀ ਆਈ ਐ, ਤੇ ਮੈਂ ਪੁੱਛਦਾਂ ਕਿ ਪਾਕਿਸਤਾਨ ਵੀ ਭਾਰਤ ਦਾ ਛੋਟਾ ਭਰਾ ਐ, ਕੀ ਤੁਸੀਂ ਕਦੇ ਕੁਝ ਮੁਫਤ ਦਿੱਤੈ ਪਾਕਿਸਤਾਨ ਨੂੰ, ਸਿਵਾਏ ਬੰਬਾਂ ਤੋਂ........, ਰਾਜਸਥਾਨ ਵੇਖਲੋ, ਘਰ ਨੂੰ ਸਿਆਣਾ, ਕਹਿੰਦਾ, “ਬਿਜਲੀ ਸਾਥੋਂ ਮੁੱਲ ਲੈ ਲਓ, ਪਾਣੀ ਸਾਨੂੰ ਮੁਫਤ ਦੇਈ ਚੱਲੋ”..............., ਸਾਨੂੰ ਤਾਂ ਤੁਸੀਂ ਮੂਰਖ ਸਮਝਿਐ....................., ਤੇ ਜੇ ਕਿਤੇ ਤੁਹਾਡੇ ਹੀ ਕਿਸੇ ਬੰਦੇ ਦੀ ਜ਼ਮੀਰ ਜਾਗ ਪਵੇ ਤੇ ਉਹ ਮੇਰੇ ਹੱਕ ਵਿਚ ਬੋਲ ਪਵੇ ਤਾਂ ਤੁਸੀਂ ਪਲ ਨਹੀਂ ਲਾਉਂਦੇ ਉਸ ਨੂੰ ਅੱਤਵਾਦੀ ਕਹਿਣ ਲੱਗੇ, ਰੋਲ ਕੇ ਰੱਖ ਦਿੰਨੇ ਐਂ, ਵੇਖਿਆ ਨਹੀਂ ਕਚਿਹਰੀਆਂ ਦੇ ਧੱਕੇ ਖਾ ਰਿਹਾ ਸਾਬਕਾ ਮੁੱਖ ਮੰਤਰੀ, ਹੈ ਕੋਈ ਜਵਾਬ ਮੇਰੇ ਸਾਰੇ ਸਵਾਲਾਂ ਦਾ” ਪੰਜਾਬ ਗੁੱਸੇ ਵਿਚ ਲਗਾਤਾਰ ਬੋਲ ਰਿਹੈ, ਪਰ ਸਭ ਚੁੱਪ ਹਨ, ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਸ ਦੇ ਮੂਹਰੇ ਖੜ੍ਹ ਕੇ ਕੁਝ ਬੋਲ ਸਕੇ, ਸਾਰੇ ਨੀਵੀਆਂ ਪਾਈ ਬੈਠੇ ਨੇ...........
“ਮੇਰੀ ਏਸ ਮਾੜੀ ਹਾਲਤ ਦੇ ਜ਼ਿੰਮੇਵਾਰ ਤੁਸੀਂ ਓ, ਪਹਿਲਾਂ ਮੇਰੇ ਸਾਰੇ ਹੱਕ ਖੋਹੇ, ਫੇਰ ਮੇਰੇ ਲੱਖਾਂ ਕਮਾਊ ਪੁੱਤ ਮਾਰੇ ਤੇ ਬਾਕੀ ਬਚਿਆਂ ‘ਤੇ ਨਸ਼ਿਆਂ ਦਾ ਮਾਰੂ ਜਾਲ ਸੁੱਟ ਦਿੱਤਾ............., ਤੇ ਤੁਹਾਡੇ ਗੁਪਤ ਹਮਲੇ ਜਿਨ੍ਹਾਂ ਦੇ ਨਤੀਜੇ ਆਉਣੇ ਅਜੇ ਬਾਕੀ ਨੇ..............., ਤੂੰ ਕੀ ਸਮਝਦੈ ਭਾਰਤ, ਮੈਨੂੰ ਕੁਝ ਨਈ ਪਤਾ, ਦਵਾਈਆਂ ਵਿਚ ਮਿਲਾ ਕੇ ਦਿੱਤੀ ਜਾ ਰਹੀ ਜ਼ਹਿਰ ਕਿ ਆਉਣ ਵਾਲੀ ਪੀੜੀ ਨਾਮਰਦ ਹੋ ਜਾਵੇ, ਏਨੀਆਂ ਕਮੀਨੀਆਂ ਚਾਲਾਂ, ਐਵੇਂ ਨ੍ਹੀ ਗੁਰੂ ਨੇ ਕਿਹਾ,“ਜਬ ਯਹ ਗਹੇ ਬਿਪਰਨ ਕੀ ਰੀਤ ਮੈ ਨ ਕਰੋ ਇਨ ਕੀ ਪਰਤੀਤ”
ਮੈਨੂੰ ਹੁਣ ਪਤਾ ਲੱਗਿਐ ਕਿ ਬਿਪਰਨ ਕੀ ਰੀਤ ਏਨੀ ਘਾਤਕ ਐ, ਜਿਹੜੀ ਹਮਲਾ ਕਰਨ ਲੱਗਿਆਂ ਇਹ ਵੀ ਨਹੀਂ ਵੇਹਦੀ ਕਿ ਸਾਹਮਣੇ ਵਾਲਾ ਅਜੇ ਪੰਜ ਸਾਲ ਤੋਂ ਵੀ ਛੋਟੈ” ਹੁਣ ਪੰਜਾਬ ਦੀਆਂ ਅੱਖਾਂ ਵਿਚੋਂ ਲਗਾਤਾਰ ਪਾਣੀ ਵਹਿ ਰਿਹਾ ਸੀ,“ਕੁਝ ਕਸੂਰ ਮੇਰੇ ਆਪਣੇ ਪੁੱਤਰਾਂ ਦਾ ਵੀ ਐ, ਜਿਹੜੇ ਮੈਨੂੰ ਦੁਸ਼ਮਨਾ ਸਾਹਵੇਂ ਇਕੱਲਾ ਛੱਡ ਕੇ ਵਿਦੇਸ਼ਾਂ ਨੂੰ ਭੱਜ ਗਏ, ਮੈਨੂੰ ਆਸ ਸੀ ਕਿ ਉਹ ਪੈਰ ਸਿਰ ਹੋ ਕੇ ਡਿੱਗੇ ਪਏ ਬਾਪੂ ਦੀ ਸਾਰ ਲੈਣਗੇ, ਪਰ ਉਹ ਤਾਂ ਕਿਤੇ ਸਾਲ ਛਿਮਾਹੀ ਆਉਂਦੇ ਤੇ ਆਪਣੇ ਸੋਨੇ ਤੇ ਪੈਸੇ ਦਾ ਵਿਖਾਵਾ ਕਰ ਕੇ ਮੁੜ ਜਾਂਦੇ, ਮੇਰੀ ਹਿੱਕ ‘ਤੇ ਵੱਡੇ ਵੱਡੇ ਮਹਿਲ ਉਸਾਰ ਜਾਂਦੇ ਭਈਆਂ ਦੇ ਰਹਿਣ ਲਈ, ਮੇਰੀ ਆਰਥਿਕਤਾ ਨੂੰ ਚੱਕਣ ਲਈ ਉਨ੍ਹਾਂ ਵੀ ਕੁਝ ਨਾ ਕੀਤਾ, ਮੈਂ ਉਨ੍ਹਾਂ ਦਾ ਰਾਹ ਵੇਂਹਦਾ ਰਹਿੰਦਾ, ਬਿਨਾ ਪਲਕਾਂ ਝਪਕੇ, ਪਰ ਉਹ ਆਉਂਦੇ ਤੇ ਬਾਪੂ ਦੇ ਪੈਰੀਂ ਹੱਥ ਵੀ ਨਾ ਲਾਉਂਦੇ, ਜਵਾਕਾਂ ਦੇ ਵਿਆਹਾਂ ‘ਤੇ ਸ਼ਰਾਬਾਂ, ਖਾਣਿਆਂ ਤੇ ਕੰਜਰ ਕਿੱਤੇ ‘ਤੇ ਲੱਖਾਂ ਲੁਟਾ ਕੇ ਮੁੜ ਜਾਂਦੇ, ਮੈਂ ਉੱਥੇ ਦਾ ਉੱਥੇ” ਏਨਾ ਕਹਿ ਕੇ ਪੰਜਾਬ ਗੋਡਿਆਂ ਭਾਰ ਡਿੱਗ ਪਿਆ............., ਜੱਜ ਸਮੇਤ ਸਾਰੇ ਵਕੀਲਾਂ ਤੇ ਬਾਕੀ ਤਮਾਸ਼ਬੀਨਾਂ ਦੇ ਚਿਹਰੇ ‘ਤੇ ਰੌਣਕ ਆ ਗਈ, ਗੋਡਿਆਂ ਭਾਰ ਪਿਆ ਦੋਹੇਂ ਹੱਥ ਕਟਿਹਰੇ ਨੂੰ ਪਾ ਕੇ ਉਹ ਮੁੜ ਬੋਲਿਆ, “ਤੂੰ ਕਾਤਲ ਐਂ ਭਾਰਤ, ਸਭ ਤੋਂ ਵੱਡਾ ਕਾਤਲ, ਜਰਮਨੀ, ਇੰਗਲੈਂਡ, ਅਮਰੀਕਾ ਤੋਂ ਵੀ ਵੱਡਾ..............., ਤੈਨੂੰ ਤੇਰੇ ਕੀਤੇ ਦੀ ਸਜਾ ਜਰੂਰ ਮਿਲੂ.............., ਤੇਰੇ ਟੁਕੜੇ ਟੁਕੜੇ ਹੋਣਗੇ..........., ਤੱਕ, ਤੂੰ ਚਾਰੇ ਪਾਸਿਓਂ ਘਿਰ ਗਿਐਂ, ਤੇਰੇ ਸਾਰੇ ਪੱਛਮੀਂ ਪ੍ਰਾਤ ਜੁਝਾਰੂਆਂ ਦੇ ਕਬਜੇ ਵਿਚ ਨੇ.........., ਨੇਪਾਲ ਦਾ ਹਾਲ ਵੇਖ........., ਤੇਰੇ ਨਾਲ ਓਦੂਂ ਵੀ ਭੈੜੀ ਹੋਊ.........., ਜਦੋਂ ਮੁਜ਼ਾਹਿਦ, ਖਾੜਕੂ, ਨਕਸਲੀ ਤੇ ਮਾਓਵਾਦੀ ਰਲ ਗਏ ਓਦੋਂ ਤੇਰਾ ਕੀ ਬਣੂ.........., ਰੱਬ ਦਾ ਤੇ ਅੱਤ ਦਾ ਵੈਰ ਹੁੰਦੈ, ਤੂੰ ਅੱਤ ਕਰ ਦਿੱਤੀ ਐ, ਤੇਰਾ ਅੰਤ ਨਜ਼ਦੀਕ ਐ............, ਤੇਰੇ ਦਿਨ ਥੋੜੇ ਨੇ........., ਤੂੰ ਨਹੀਂ ਬਚੇਂਗਾ........, ਮਨੁੱਖਤਾ ਦਿਆ ਕਾਤਲਤਾ...., ਨਹੀਂ ਬਚੇਂਗਾ.......” ਇੰਝ ਬੋਲਦਾ ਪੰਜਾਬ ਜੱਜ ਤੋਂ ਬਹੁਤੀ ਦੇਰ ਜ਼ਰਿਆ ਨਹੀਂ ਜਾਂਦਾ, ਉਹ ਪੁਲਸ ਨੂੰ ਇਸ਼ਾਰਾ ਕਰਦੈ ਤੇ ਪੁਲਸੀਏ ਡਾਂਗਾਂ ਤੇ ਬੈਂਤਾਂ ਦਾ ਮੀਂਹ ਵਰ੍ਹਾ ਦਿੰਦੇ ਨੇ, ਪੰਜਾਬ ਲਹੂ ਲੁਹਾਣ ਹੋਇਆ ਵੀ ਬੋਲ ਰਿਹੈ, “ਤੂੰ ਕਾਤਲ ਐਂ......... ਭਾਰਤ....... ਮਨੱਖਤਾ ਦਾ ਕਾਤਲ......... ਸਭ ਤੋਂ ਵੱਡਾ........”“ਚੁੱਪ ਕਰਾਓ ਏਹਦੀ ਬਕਵਾਸ.........., ਮੈਂ ਸਜ਼ਾ ਸੁਣਾਉਣ ਲੱਗਿਆਂ” ਜੱਜ ਚੀਕਦੈ,ਏਧਰ ਸੁੱਤੇ ਪਏ ਬੇਅੰਤ ਦਾ ਸਾਰਾ ਸਰੀਰ ਮੁੜਕੋ ਮੁੜਕੀ ਹੋ ਗਿਐ।
“ਤੂੰ......... ਕਾਤਲ........ ਐ......... ਭੈਣਾ ਦੇ ਵੀਰਾਂ ਦਾ........... ਮਾਵਾਂ ਦੇ ਪੁੱਤਾਂ ਦਾ.............”
“ਤਮਾਮ ਸਬੂਤਾਂ ਤੇ ਗਵਾਹਾਂ ਦੇ ਮੱਦੇਨਜ਼ਰ, ਇਹ ਅਦਾਲਤ ਇਸ ਨਤੀਜੇ ‘ਤੇ ਪੁੱਜੀ ਹੈ ਕਿ ਮੁਜ਼ਰਮ ਪੰਜਾਬ ਸਿੰਘ, ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਸੋ ਇਸ ਦੇ ਪਿਛਲੇ ਸਾਰੇ ਸੰਗੀਨ ਜ਼ੁਰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਇਸ ਨੂੰ ਤੁਰੰਤ ਫਾਂਸੀ ਦਾ ਹੁਕਮ ਸੁਣਾਉਂਦੀ ਹੈ, ਠੋ ਬੲ ਹੳਨਗ ਟਲਿਲ ਦੲੳਟਹ” ਜੱਜ ਫੈਸਲਾ ਸੁਣਾ ਕੇ ਕਲਮ ਤੋੜਦਾ ਨਹੀਂ ਸਗੋਂ ਜੇਬ ਵਿਚ ਪਾ ਲੈਂਦੈ, ਕਿਉਂਕਿ ਉਹ ਇਸ ਫੈਸਲੇ ‘ਤੇ ਬਹੁਤ ਖ਼ੁਸ਼ ਹੈ,ਪੰਜਾਬ ਨੂੰ ਘੜੀਸ ਕੇ ਫਾਂਸੀ ਵਾਲੀ ਥਾਂ ‘ਤੇ ਲੈ ਜਾਂਦੇ ਹਨ, ਬਿਨਾ ਨੁਹਾਏ ਧੁਆਏ, ਬਿਨਾ ਕੋਈ ਆਖ਼ਰੀ ਇੱਛਾ ਪੁੱਛੇ, ਤੁਰੰਤ ਮੂੰਹ ‘ਤੇ ਨਕਾਬ ਚੜ੍ਹਾ ਕੇ ਗਲ਼ ਵਿਚ ਰੱਸਾ ਪਾ ਦਿੱਤਾ ਜਾਂਦੈ...............,ਨਕਾਬ ਵਿਚੋਂ ਸ਼ਬਦ ਦੀ ਆਵਾਜ ਸੁਣਾਈ ਦਿੰਦੀ ਹੈ,“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥”
ਇਸ਼ਾਰਾ ਹੋਣ ‘ਤੇ ਜਲਾਦ ਡੰਡਾ ਖਿੱਚ ਦਿੰਦੈ ਤੇ ਏਧਰ ਬੇਅੰਤ ਦੀ ਚੀਕ ਨਿਕਲ ਜਾਂਦੀ ਐ, “ਬਾ..............ਪੂ...................” ਉਹ ਉੱਠ ਕੇ ਬੈਠ ਜਾਂਦਾ ਹੈ, ਸਾਹੋ ਸਾਹ ਹੋਇਆ ਭਮੱਤਰਿਆ ਲਗਾਤਾਰ ਉੱਚੀ ਉੱਚੀ ਰੋ ਰਿਹੈ, ਉਸਦੀ ਮਾਂ ਚੀਕ ਸੁਣ ਕੇ ਭੱਜੀ ਆਉਂਦੀ ਐ,“ਕੀ ਗੱਲ ਪੁੱਤ ਕੀ ਹੋ ਗਿਆ”
“ਬੇਬੇ............. ਬਾਪੂ................ ਬਾਪੂ” ਉਸ ਦੇ ਮੂੰਹੋਂ ਕੋਈ ਹੋਰ ਸ਼ਬਦ ਨਹੀਂ ਨਿਕਲਦੇ,“ਕੋਨੀ ਪੁੱਤ ਕੋਈ ਭੈੜਾ ਸੁਪਨਾ ਦੇਖਿਆ ਹੋਣੈ, ਆਹ ਫੜ੍ਹ ਪਾਣੀ ਪੀ ਲਾ” ਮਾਂ ਉਸ ਨੂੰ ਪਾਣੀ ਦਿੰਦੀ ਹੈ।“ਸੁਪਨਾ ਨ੍ਹੀ ਬੇਬੇ ਸਭ ਹਕੀਕਤ ਐ, ਸਭ ਸੱਚ ਐ ਬੇਬੇ, ਸੱਚ ਐ”
ਮਾਂ ਨੂੰ ਉਸ ਦੀ ਕੋਈ ਗੱਲ ਸਮਝ ਨਹੀਂ ਆਉਂਦੀ ਤੇ ਉਹ ਡੌਰ ਭੋਰ ਹੋਈ ਕੁਝ ਦੇਰ ਉਸ ਕੋਲ ਖੜ੍ਹੀ ਰਹਿੰਦੀ ਹਾਂ ਤੇ ਫੇਰ ਚੌਤਰੇ ‘ਤੇ ਜਾ ਕੇ ਚਾਹ ਧਰਨ ਲੱਗਦੀ ਐ, ਤੜਕੇ ਦਾ ਚਾਰ ਵੱਜ ਗਏ ਹਨ, ਮਾਂ ਮੂੰਹ ਵਿਚ ਬੋਲ ਰਹੀ ਐ “ਪਤਾ ਨ੍ਹੀ ਮੁੰਡੇ ਨੇ ਕੀ ਸੁਪਨਾ ਵੇਖਿਐ, ਕਹਿੰਦੇ ਐ ਤੜਕੇ ਦਾ ਸੁਪਨਾ ਸੱਚ ਹੁੰਦੈ ਕਿਤੇ..............., ਰੱਬਾ ਸੁੱਖ ਰੱਖੀਂ” ਓਧਰ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ ਆਉਂਦੀ ਐ,“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥”
ਜਗਦੀਪ ਸਿੰਘ ਫਰੀਦਕੋਟ(9815763313)(ਨਵੇਂ ਛਪ ਕੇ ਆ ਰਹੇ ਨਾਵਲ ‘ਹਥਿ ਛੁਰੀ ਜਗਤ ਕਾਸਾਈ’ ਵਿਚੋਂ)

Monday, February 18, 2008

ਸਾਬਾਸ਼ ਸ਼ੋਨਾਲੀ ਬੋਸ ........ ਧੰਨਵਾਦ ਸ਼ੋਨਾਲੀ ਬੋਸ


ਸਾਡੀ ਹਾਰ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਆਪਣਾ ਪੱਖ ਦੁਨੀਆਂ ਸਾਹਮਣੇ ਰੱਖ ਹੀ ਨਹੀਂ ਸਕੇ । ਅਸੀਂ ਸੰਸਾਰ ਪੱਧਰ ’ਤੇ ਨਹੀਂ ਵਿਖਾ ਸਕੇ ਕਿ ਸਾਡੇ ਨਾਲ ਕੀ-ਕੀ ਅਨਿਆ ਹੋਏ, ਕੀ ਧੱਕੇਸ਼ਾਹੀਆਂ ਹੋਈਆਂ, ਕਿਵੇਂ ਸਾਨੂੰ ਕੁੱਟਿਆ-ਲੁੱਟਿਆ ਗਿਆ ਹੈ ਕਿਵੇਂ ਮਾਰਿਆ-ਕੋਹਿਆ ਗਿਆ । ਨਾਲ ਹੀ ਇਕ ਹੋਰ ਗੱਲ ਇਹ ਵੀ ਕਿ ਜੇ ਸਾਡਾ ਪੱਖ ਕਿਸੇ ਬਾਹਰ ਵਾਲੇ ਨੇ ਵੀ ਲੋਕਾਂ ਦੀ ਕਚਿਹਿਰੀ ਵਿਚ ਲਿਆਂਦਾ ਤਾਂ ਅਸੀਂ ਉਸ ਦਾ ਵੀ ਭੋਰਾ ਹੌਸਲਾ ਨਹੀਂ ਵਧਾਇਆ । ਜੇ ਕੋਈ ਸਾਡਾ ਹਮਦਰਦ ਬਣ ਕੇ ਬਹੁੜਿਆ, ਜੇ ਕਿਸੇ ਨੇ ਸਾਡੇ ਜਖਮਾਂ ਤੇ ਮੱਲਮ ਲਾਉਣੀ ਚਾਹੀ ਤਾਂ ਉਸ ਦੀ ਮਦਦ ਕਰਨ ਦੀ ਗੱਲ ਤਾਂ ਦੂਰ ਅਸੀਂ ‘ਧੰਨਵਾਦ’ ਵਰਗਾ ਨਿੱਕਾ ਜਿਹਾ ਲਫ਼ਜ ਵੀ ਉਸ ਨੂੰ ਨਹੀਂ ਕਿਹਾ । ਮੌਸਮ ਕਿੰਨਾ ਖਤਰਨਾਕ ਸੀ ਜਾਂ ਹੈ, ਹਾਲਾਤ ਕਿੰਨੇ ਭੈੜੇ ਹਨ । ਇਹਨਾਂ ਬਿਖੜੇ ਪੈੜਿਆਂ ਵਿਚ ਜੇ ਕੋਈ ਸਾਡੇ ਨਾਲ ਖੜ੍ਹਦਾ ਹੈ ਤਾਂ ਇਹ ਉਸ ਦੀ ਬੜੀ ਵੱਡੀ ਦਲੇਰੀ ਹੈ, ਹਿੰਮਤ ਹੈ, ਹੌਸਲਾ ਹੈ । ਬੰਦੇ ਖਾਣੇ ਹਾਕਮ ਤੇ ਆਦਮ ਬੋ, ਆਦਮ ਬੋ ਕਰਦੀ ਫਿਰ ਰਹੀ ਫੌਜ ਤੇ ਪੁਲਸ ਦੀ ਅੱਖ ਹਰੇਕ ਉਸ ਚਿਹਰੇ ’ਤੇ ਹੁੰਦੀ ਹੈ ਜੋ ਕਦੇ ਸਾਨੂੰ ਸੁਭਾਵਿਕ ਫਤਹਿ ਵੀ ਬੁਲਾ ਦੇਵੇ। ਐਸੇ ਸਮੇਂ ਵਿਚ ਕਈ ਕਹਿੰਦੇ-ਕਹਾਉਂਦਿਆਂ ਨੇ ਸਾਡਾ ਸਾਥ ਛੱਡਿਆ ਹੈ । ਇੱਥੋਂ ਤੱਕ ਕੇ ਸਾਡੇ ਆਪਣੇ ਵੀ ‘ਸਾਡਾ ਰਾਹ’ ਛੱਡ ਕੇ ਕੁਰਾਹੇ ਪੈ ਗਏ ਹਨ । ਪਰ ਫਿਰ ਵੀ ਜਿਸ ਨੇ ਸਾਡੇ ਪੱਖ ਦੀ ਗੱਲ ਕੀਤੀ ਹੈ ਉਸ ਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ ਹੈ ।“ਜਿਹੜੇ ਸਾਡੇ ਹੱਕ ’ਚ ਖਲੋਏ ਸਾਨੂੰ ਯਾਦ ਨੇ” ਤੇ ਯਾਦ ਰੱਖਣੇ ਵੀ ਚਾਹੀਦੇ ਨੇ ………… ਖੈਰ ਬਾਤ ਨੂੰ ਬਾਹਲੀ ਲੰਬੀ ਨਾ ਕਰਦੇ ਹੋਏ ਉਧਰ ਨੂੰ ਮੁੜਦਾ ਹਾਂ ਜਿਸ ਬਾਰੇ ਮੈਂ ਲਿਖਣਾ ਚਾਹੁੰਦਾ ਹਾਂ ।ਪਿਛਲੇ ਲਗਭਗ 3-4 ਸਾਲ ਤੋਂ ਮੈਂ ਇਕ ਚੀਜ ਲੱਭ ਰਿਹਾ ਸੀ । ਬਥੇਰੀ ਭਾਲ ਕੀਤੀ ਪਰ ਕਿਤੋਂ ਨਹੀਂ ਮਿਲੀ । ਫੇਰ ਪਤਾ ਲੱਗਿਆ ਕਿ ਉਸ ’ਤੇ ਤਾਂ ਭਾਰਤ ਵਿਚ ਬੈਨ (ਪਾਬੰਦੀ) ਲੱਗ ਗਈ ਹੈ । ਸੋ ਵਿਦੇਸ਼ ਵੱਲ ਨੂੰ ਨਜ਼ਰ ਘੁਮਾਈ । ਮੇਰੇ ਕਈ ਮਿੱਤਰ ਵਿਦੇਸ਼ਾਂ ਵਿੱਚ ਬੈਠੇ ਹਨ । ਕਈਆਂ ਨੂੰ ਇਸ ਚੀਜ ਬਾਰੇ ਵੰਗਾਰ ਪਾਈ, ਪਰ ਸ਼ਾਇਦ ਆਪਣੇ ‘ਕੰਮਾਂ ਕਾਰਾਂ’ ਵਿੱਚ ਰੁੱਝੇ ਹੋਣ ਕਰਕੇ ਕੋਈ ਨਾਂ ਬਹੁੜਿਆ । ਅੰਤ ਮੇਰੇ ਅਮਰੀਕਾ ਵਸਦੇ ਇਕ ਵੱਡੇ ਭਰਾ ਨੇ ਖੇਚਲ ਕਰਕੇ ‘ਇਹ’ ਮੈਨੂੰ ਭੇਜੀ । ਤੁਸੀਂ ਸੋਚਦੇ ਹੋਵੋਂਗੇ ਕਿ ਐਸੀ ਕੀ ਚੀਜ਼ ਸੀ। ਇਹ ਸੀ ਇਕ ਫਿਲਮ - ‘ਅਮੂ’। ‘ਅਮੂ’ ਬਾਰੇ ਮੈਂ ਲਗਭਗ 4 ਕੁ ਸਾਲ ਪਹਿਲਾਂ ਸੁਣਿਆ ਕਿ ਇਹ ਨਵੰਬਰ 84 ਦੇ ਸੱਚ ਨੂੰ ਬਿਆਨਦੀ ਇਕ ਲਾਮਿਸਾਲ ਫਿਲਮ ਹੈ । ਸਾਡੇ ਪੱਖ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਸੋ ਉਦੋਂ ਤੋਂ ਹੀ ਮੈਂ ਇਸ ਦੀ ਭਾਲ ਵਿਚ ਸੀ । ਫਿਲਮ ਵੇਖਣ ਤੋਂ ਬਾਅਦ, ਇਸ ਬਾਰੇ ਜੋ ਕੁਝ ਸੁਣਿਆਂ ਸੀ ਸਭ ਸੱਚ ਸਾਬਤ ਹੋਇਆ । ਮੈਂ ਮੰਨਦਾਂ ਹਾਂ ਕਿ ਮੈਂ ਬਹੁਤ ਜਲਦੀ ਭਾਵੁਕ ਹੋ ਜਾਂਦਾ ਹਾਂ, ਪਰ ਇਸ ਫਿਲਮ ਨੇ ਤਾਂ ਇਕ ਪਲ ਲਈ ਵੀ ਅੱਖਾਂ ’ਚੋਂ ਹੰਝੂ ਸੁੱਕਣ ਨਹੀਂ ਦਿੱਤੇ । ਕਹਾਣੀ ਤਾਂ ਉਹੀ ਹੈ ਜੋ ਬਾਕੀ ਸਾਰੇ ਪਰਿਵਾਰਾਂ ਨਾਲ ਵਾਪਰੀ, ਪਰ ਪੇਸ਼ਕਾਰੀ ਕਮਾਲ ਦੀ ਹੈ । ……… ਅਮੂ (ਅੰਮ੍ਰਿਤ ਕੌਰ) ਨਾਂ ਦੀ ਇੱਕ 3 ਸਾਲ ਦੀ ਕੁੜੀ ਦਾ ਪਰਿਵਾਰ 84 ਕਤਲੇਆਮ ਦੀ ਭੇਟ ਚੜ ਜਾਂਦਾ ਹੈ । ਉਸ ਨੂੰ ਕੋਈ ਹੋਰ ਪਰਿਵਾਰ ਗੋਦ ਲੈ ਲੈਂਦਾ ਹੈ ਤੇ ਅਮਰੀਕਾ ਲੈ ਜਾਂਦਾ ਹੈ । ਉਸ ਦਾ ਨਾਮ ਵੀ ਬਦਲ ਕੇ ‘ਕਾਜੂ’ ਰੱਖ ਦਿੱਤਾ ਜਾਂਦਾ ਹੈ । ਵੱਡੀ ਹੋ ਕੇ ਜਦ ਉਹ ਵਾਪਸ ਭਾਰਤ ਆਉਂਦੀ ਹੈ ਤਾਂ ਉਸ ਨੂੰ ਸਭ ਕੁਝ ਜਾਨਿਆਂ ਪਛਾਣਿਆ ਲਗਦਾ ਹੈ । ਉਹ ਉਹਨਾਂ ਬਸਤੀਆਂ ਵਿਚ ਜਾਂਦੀ ਹੈ ਜਿੱਥੇ ਉਹ ਪੈਦਾ ਹੋਈ ਸੀ । ਉਸ ਨੂੰ ਝੋਲੇ ਜਿਹੇ ਪੈਦੇਂ ਹਨ ਤੇ ਉਸ ਵੇਲੇ ਦੇ ਕਈ ਸੀਨ ਉਸ ਦੀਆਂ ਅੱਖਾਂ ਮੁਹਰੋਂ ਲੰਘ ਜਾਂਦੇ ਹਨ । ਉਹ ਆਪਣੇ ਪੁਰਾਣੇ ਪਰਿਵਾਰ ਦੀ ਭਾਲ ਕਰਨ ਲੱਗਦੀ ਹੈ । ਇਸ ਭਾਲ ਵਿਚ ਹੀ ਫਿਲਮ ਦੀ ਪ੍ਰੋਡਿਊਸਰ ਡਾਇਰੈਕਟਰ ਸ਼ੋਨਾਲੀ ਬੋਸ ਨੇ ਲੋਕਾਂ ਦੇ ਮੂੰਹੋਂ ਅੱਡ-ਅੱਡ ਸਮੇਂ ਨਵੰਬਰ 84 ਦਾ ਸੱਚ ਕਢਵਾਇਆ ਹੈ । ਅਮੂ ਜਦੋਂ ਇਕ ਪਾਰਟੀ ਵਿਚ ਜਾਂਦੀ ਹੈ ਤਾਂ ਉਹ ਨਵੰਬਰ 84 ਦੀ ਗੱਲ ਛੇੜਦੀ ਹੈ । ਇਕ ਲਿਸ਼ਕਿਆ ਪੁਸ਼ਕਿਆ ਲਾਲਾ ਕਹਿੰਦਾ ਹੈ ਕਿ ਇਹ ਗੱਲ ਲੋਕਾਂ ਸਾਹਮਣੇ ਨਾ ਆਵੇ ਤਾਂ ਹੀ ਚੰਗਾ ਹੈ ............. ਦੇਸ਼ ਦੀ ਇਮੇਜ (ਤਸਵੀਰ) ਜਿੰਨੀ ਸਾਫ਼ ਹੋਵੇ ਓਨਾ ਹੈ ਵਧੀਆ ਹੈ “ਅਮੂ ਪੁੱਛਦੀ ਹੈ ਕਿ ਇਹ ਸਭ ਵਾਪਰਿਆ ਹੀ ਕਿਉਂ ............. 9/11 ਦੇ ਹਮਲੇ ਤੋਂ ਵੱਧ ਲੋਕ ਮਾਰੇ ਗਏ ਪਰ ਸਰਕਾਰ ਪੁਲਸ ਕਿੱਥੇ ਸੀ” ਲਾਲਾ ਹੱਸ ਕੇ ਟਾਲਣ ਦੀ ਕੋਸ਼ਿਸ਼ ਕਰਦਾ ਹੈ, “ਓ ਕੀ ਹੈ ਨਾ ਕਿ ਸਾਡੀ ਪੁਲਸ ਅਮਰੀਕਾ ਵਰਗੀ ਤੇਜ਼ ਨਹੀਂ .......... ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਸਿਖਲਾਈ ਦੇਣ .......” “ਪਰ ਉਦੋਂ ਪੁਲਸ ਬੜੀ ਤੇਜ਼ ਹੋ ਜਾਂਦੀ ਹੈ ਜਦ ਹਜ਼ਾਰਾਂ ਬੰਦਿਆਂ ਨੂੰ ਟਾਡਾ ਅਧੀਨ ਗ੍ਰਿਫਤਾਰ ਕਰਨਾ ਹੁੰਦਾ ਹੈ” ਕੋਲ ਖੜਾ ਇਕ ਹੋਰ ਮੁੰਡਾ ਬੋਲਦਾ ਹੈ । ਇਕ ਥਾਂ ਪੁੱਛ ਪੜਤਾਲ ਤੋਂ ਅਮੂ ਨੂੰ ਸ਼ੱਕ ਜਿਹਾ ਹੁੰਦਾ ਹੈ ਕਿ ਸ਼ਾਇਦ ਉਸ ਦੀ ਮਾਂ ਜਿਉਂਦੀ ਹੈ । ਉਹ ਵਿਧਵਾ ਕਲੋਨੀਆਂ (ਭਾਰਤ ਦੇ ਮੱਥੇ ਦਾ ਸਭ ਤੋਂ ਵੱਡਾ ਤੇ ਗੂਹੜਾ ਕਾਲਾ ਧੱਬਾ) ਵਿਚ ਜਾਂਦੀ ਹੈ । ਫਿਲਮ ਦੇ ਇਹੀ ਉਹ ਸੀਨ ਹਨ ਜੋ ਭਾਰਤ ਸਰਕਾਰ ਕੱਟਣਾ ਚਾਹੁੰਦੀ ਸੀ । ਇਸ ਵਿਚ ਨਵੰਬਰ 84 ਦੀਆਂ ਪੀੜਿਤ ਤਿੰਨ ਬੀਬੀਆਂ, ਮਨੁੱਖੀ ਹੱਕਾਂ ਦੇ ਆਪੂ ਅਲ਼ੰਬਰਦਾਰ ਬਣੇ ਭਾਰਤ ਦੇ ਚਿਹਰੇ ਤੋਂ ਨਕਾਬ ਉਤਾਰਦੀਆਂ ਹਨ, ਸੱਚਾਈ ਬਿਆਨ ਕਰਕੇ । ਇਕ ਬੀਬੀ ਆਪਣੀ ਕਹਾਣੀ ਦੱਸਦੀ ਹੋਈ ਕਹਿੰਦੀ ਹੈ, “ਓਸ ਕੰਜਰ ਨੇਤਾਂ ਨੇ ਮੇਰੇ ਮੁੰਡੇ ਨੂੰ ਪਛਾਣਿਆ ਸੀ ਤੇ ਭੀੜ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ” ਅਮੂ ਤੇ ਉਸ ਦੇ ਨਾਲ ਦਾ ਮੁੰਡਾ ਹੈਰਾਨੀ ਨਾਲ ਪੁਛਦੇ ਹਨ, “ਮਨਿਸਟਰ ਨੇ .......” “ਮਨਿਸਟਰ ਹੀ ਤਾਂ ਸਨ ......... ਉਹਨਾਂ ਦੀ ਸ਼ੈਅ ਤੇ ਹੀ ਹੋਇਆ ਇਹ ਸਭ ...........” “ਸਾਰੇ ਮਨਿਸਟਰ ਤਾਂ ਸ਼ਾਮਲ ਨਹੀਂ ਸਨ” ਮੁੰਡੇ ਨੇ ਪੁੱਛਿਆ“ਸਾਰੇ ਸ਼ਾਮਲ ਸਨ .......... ਪੁਲਸ.......... ਅਫ਼ਸਰ ........... ਸਰਕਾਰ .......... ਨੇਤਾ…… ਸਾਰੇ” ਜਵਾਬ ਮਿਲਿਆ।“20 ਸਾਲ ਤੋਂ ਅਸੀਂ ਅਦਾਲਤਾਂ ਦੇ ਬੂਹੇ ਖੜਕਾ ਰਹੀਆਂ ਹਾਂ ......... ਦਸ ਹਜ਼ਾਰ ਬੰਦਾ ਮਾਰਿਆ ਗਿਆ ......... 20 ਸਾਲ ਗੁਜ਼ਰ ਗਏ ......... ਸਰਕਾਰਾਂ ਬਦਲੀਆਂ ......... ਇਕ ਗਈ ਦੂਜੀ ਆਈ ......... ਦੂਜੀ ਗਈ ......... ਤੀਜੀ ਆਈ .......... ਪਰ ਇਨਸਾਫ ਨਹੀਂ ਹੋਇਆ ......... ਮੇਰੇ ਪੁੱਤਰ ਦੇ ਕਾਤਲ ਖੁੱਲੇ ਸੜਕਾਂ ਤੇ ਘੁੰਮ ਰਹੇ ਨੇ......... ਕੋਰਟ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ।“ਸਾਡੀਆਂ ਅਦਾਲਤਾਂ ਵਿਚ ਤਾਂ ਸਾਲਾਂ ਲੱਗ ਜਾਂਦੇ ਹਨ, ਤੇ ਫੇਰ ਭ੍ਰਿਸ਼ਟਾਚਾਰ ਵੀ ਹੈ, ਐਸੇ ਵਿਚ ਫੈਸਲਾ ਕਿਵੇ ਹੋ ਸਕਦਾ ਹੈ” ਮੁੰਡੇ ਨੇ ਖ਼ਦਸ਼ਾ ਪ੍ਰਗਟਾਇਆ । “ਫੈਸਲਾ ਤਾਂ ਹੁੰਦਾ ਹੈ ........... ਜਦ ਹੋਣਾ ਹੈ ਤਦ ਹੁੰਦਾ ਹੈ......... ਨਵੰਬਰ 84 ਦੇ ਦੋ ਕਾਤਲਾ ਨੂੰ ਵੀ ਸਜ਼ਾ ਹੋਈ ਸੀ .......... ਇੰਦਰਾ ਗਾਂਧੀ ਦੇ ਕਾਤਲਾਂ ਨੂੰ ” ਬੀਬੀਆਂ ਜਵਾਬ ਦਿੰਦੀਆਂ ਹਨ ।ਇਕ ਹੋਰ ਸੀਨ ਵਿਚ ਜਦੋਂ ਅਮੂ ਹੋਰੀ ਇਕ ਐਸੇ ਆਦਮੀ ਨੂੰ ਮਿਲਦੇ ਹਨ, ਜੋ ਉਸ ਸਮੇਂ ਦੰਗਾਈਆਂ ਦੇ ਵਿਚ ਸ਼ਾਮਲ ਸੀ ਤੇ ਜਿਸ ਨੇ ਕੁਝ ਸਿੱਖਾਂ ਨੂੰ ਮਾਰਿਆ ਵੀ ਸੀ, ਤਾਂ ਉਹ ਅੱਗੋ ਬੋਲਦਾ ਹੈ, “ਮੈਂ ਕੋਈ ਦੰਗਾ ਨਹੀਂ ਕੀਤਾ ......... ਉਹਨਾਂ ਨੂੰ ਜਾ ਕੇ ਕੋਈ ਕੁਝ ਨਹੀਂ ਪੁੱਛਦਾ ਜਿਹਨਾਂ ਨੇ ਤੇਲ ਲਿਆ ਕੇ ਦਿੱਤਾ ਸੀ ......... ਸਰਦਾਰਾਂ ਨੂੰ ਫੂਕਣ ਲਈ ......... ਵੋਟਰ ਲਿਸਟਾਂ ਲਿਆ ਕੇ ਦਿੱਤੀਆਂ ਸਨ....... ਇਕ-ਇਕ ਸਰਦਾਰ ਨੂੰ ਪਛਾਣ ਕੇ ਉਸ ਨੂੰ ਮਾਰਨ ਲਈ ......... ਉਹਨਾਂ ਤੋਂ ਡਰਦੇ ਓ .......... ਕਿਉਂਕਿ ਉਹ ਵੱਡੇ-ਵੱਡੇ ਸਰਦਾਰੀ ਬੰਗਲਿਆਂ ਵਿਚ ਰਹਿੰਦੇ ਨੇ ......... ਅਸੀਂ ਤਾਂ ਔਡਰ ਫੌਲੇ ਕੀਤੇ ਸਨ ........ ਬਸ” ਗੁੱਸੇ ਵਿਚ ਇਹ ਆਦਮੀ ਪੂਰਾ ਸੱਚ ਬੋਲਦਾ ਹੈ । ਫੇਰ ਅੱਗੇ ਜੋ ਅਮੂ ਦੇ ਪਰਿਵਾਰ ਦੀ ਕਹਾਣੀ ਆਉਂਦੀ ਹੈ ਉਹ ਲਿਖੀ ਨਹੀਂ ਜਾ ਸਕਦੀ ......... ਮੈਂ ਦੂਸਰੀ ਵਾਰ ਉਹ ਸੀਨ ਵੇਖ ਵੀ ਨਹੀਂ ਸਕਿਆ ........... ਜਾਂ ਕਹਿ ਲਊ ਦਜੀ ਵਾਰ ਰੋਣ ਨੂੰ ਦਿਲ ਨਹੀਂ ਕੀਤਾ । ਬੀਬੀ ਨੇ ਫਿਲਮ ਦਾ ਅੰਤ ਵੀ ਕਮਾਲ ਦਾ ਕੀਤਾ ਹੈ । ਅਮੂ ਦੀ ਕਹਾਣੀ ਮੁੱਕਣ ਤੋਂ ਬਾਅਦ ਜਾਂ ਨਵੰਬਰ 84 ਤੋਂ ਬਾਅਦ ਗੱਲ ਗੁਜਰਾਤ 2002 ਤੇ ਖ਼ਤਮ ਕੀਤੀ ਗਈ ਹੈ । ਡਾਇਰੈਕਸ਼ਨ ਪੱਖੋਂ ਫਿਲਮ ਵਿਚ ਕੋਈ ਕਮੀ ਨਹੀਂ । ਮੇਰੀ ਇਹ ਲਿਖਣ ਦੀ ਮਨਸ਼ਾ ਸਿਰਫ ਏਨੀ ਕੁ ਸੀ ਕਿ ਸਿੱਖ ਸੰਗਤਾਂ ਤੱਕ ਗੱਲ ਪਹੁੰਚ ਜਾਵੇ ਕਿ ਕੋਈ ਹੈ ਜੋ ਸਾਡੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰ ਰਿਹਾ ਹੈ । ਸਾਨੂੰ ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ । ਇਹ ਫਿਲਮ ਹਰ ਪੱਖੋਂ ਸਰਵੋਤਮ ਹੈ । ਭਾਰਤ ਸਰਕਾਰ ਨੇ ਇਹ ਫਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋਣ ਦਿੱਤੀ । ਉਹ 10-15 ਮਿੰਟ ਦੇ ਸੀਨ ਕੱਟਣਾ ਚਾਹੁੰਦੇ ਸਨ ......... ਪਰ ਸ਼ੋਨਾਲੀ ਬੋਸ ਨੂੰ ਇਹ ਮਨਜੂਰ ਨਹੀਂ ਸੀ। ਸ਼ੋਨਾਲੀ ਠੀਕ ਵੀ ਹੈ 15 ਮਿੰਟ ਦਾ ਪੂਰਾ ਸੱਚ ਫਿਲਮ ਵਿੱਚੋਂ ਕੱਢਿਆ ਨਹੀਂ ਜਾ ਸਕਦਾ । ਸ਼ੋਨਾਲੀ ਨੇ ਸਮਝੌਤਾ ਨਹੀਂ ਕੀਤਾ ਇਸ ਲਈ ਉਹ ਵਧਾਈ ਦੀ ਪਾਤਰ ਵੀ ਹੈ ।ਫਿਲਮ ਦੀ ਡੀ. ਵੀ. ਡੀ. ਵਿਚ ਫਿਲਮ ਤੋਂ ਇਲਾਵਾ ਵੀ ਕਾਫੀ ਸਮੱਗਰੀ ਹੈ । ਉਹ ਵੀ ਫਿਲਮ ਜਿੰਨੀ ਹੀ ਜਰੂਰੀ ਹੈ । ਜੋ-ਜੋ ਸ਼ੋਨਾਲੀ ਤੇ ਉਸ ਦਾ ਪਤੀ ਵਿਦੇਸ਼ਾਂ ਵਿਚ ਵੱਖ-ਵੱਖ ਥਾਵਾਂ ਤੇ ਫਿਲਮ ਬਾਰੇ ਬੋਲੇ ਹਨ, ਉਹ ਵੀ ਹਿੰਮਤ ਵਾਲਾ ਕੰਮ ਹੈ ਤੇ ਸ਼ਲਾਘਾਯੋਗ ਵੀ । ਅੰਤ ਵਿਚ ਇਕ ਗਿਲਾ ਸਿਖ ਜਥੇਬੰਦੀਆਂ ਨਾਲ ਜਰੂਰ ਕਰਨਾ ਚਾਹਾਂਗਾ ਕਿ ਸ਼ੋਨਾਲੀ ਬੋਸ ਜਿਹੜੀ ਸਿਖ ਵੀ ਨਹੀਂ, ਜਿਸ ਨੂੰ ਗੁਲਾਮਾਂ ਨਾਲ ਪਿਆਰ ਹੈ ਜਾਂ ਕਹਿ ਲਉ ਕਿ ਉਹ ਹਿੰਮਤ ਵਾਲੀ ਬੀਬੀ ਜਿਸ ਨੇ ਸੱਚ ਬਾਹਰ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ, ਕੀ ਸਾਡੇ ਵਿਚੋਂ ਕਿਸੇ ਨੇ ਵੀ ਉਸ ਦਾ ਮੋਢਾ ਥਪ-ਥਪਾਇਆ? ਕਿਸੇ ਨੇ ਹੱਲਾਸ਼ੇਰੀ ਜਾਂ ਸ਼ਾਬਾਸੇ ਦਿੱਤੀ? ਸ੍ਰੋਮਣੀ ਕਮੇਟੀ ਜਿਹੜੀ ਕਿ ਅੱਜ ਕੱਲ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੱਬਾ ਭਾਰ ਹੋਈ ਫਿਰਦੀ ਹੈ, ਨੇ ਵੀ ਕਦੇ ਇਕ ਵਾਰ ਵੀ ਬੀਬੀ ਸ਼ੋਨਾਲੀ ਬੋਸ ਦਾ ਧੰਨਵਾਦ ਕੀਤਾ? ਕੀ ਕਾਰਨ ਹੈ ਕਿ ਇਹਨਾਂ ਦਾ ਕਰੋੜਾ ਦਾ ਬਜਟ ਉਸ ਦੀ ਭੋਰਾ ਵੀ ਮਦਦ ਨਹੀਂ ਕਰ ਸਕਿਆ । ਕੀ ਸ੍ਰੋਮਣੀ ਕਮੇਟੀ ਸਰਕਾਰ ਤੇ ਦਬਾਅ ਪਾ ਕੇ ਇਹ ਫਿਲਮ ਭਾਰਤ ਵਿਚ ਬਿਨਾਂ ਕੱਟੇ ਰਿਲੀਜ਼ ਨਹੀਂ ਕਰਵਾ ਸਕਦੀ । ਕੀ ਇਹ ਸਾਰੇ ਸੱਜਣ ਕੁਮਾਰ, ਟਾਈਟਲਰ ਤੇ ਹੋਰ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸਿਰਫ ਇਸੇ ਕਰਕੇ ਰੌਲਾ ਤਾਂ ਨਹੀਂ ਪਾ ਰਹੇ ਕਿਉਂਕਿ ਉਹ ਸਾਰੇ ਕਾਂਗਰਸੀ ਸਨ । ਖੈਰ ........... ਚਾਹੀਦਾ ਸੀ ਕਿ ਸ਼ੋਨਾਲੀ ਬੋਸ ਦਾ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਕਰ ਦਿੱਤਾ ਜਾਂਦਾ ਪਰ ....... ਸ਼ਾਇਦ ਕੋਈ ਫਾਇਦਾ ਨਹੀਂ । ਸੁਹਿਰਦ ਸਿਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਸ ਦਲੇਰ ਬੀਬੀ ਦਾ ਧੰਨਵਾਦ ਜਰੂਰ ਕੀਤਾ ਜਾਵੇ । ਜਿੰਨੀ ਯੋਗ ਹੋ ਸਕੇ ਉਸ ਦੀ ਮਦਦ ਕੀਤੀ ਜਾਵੇ । ਉਸ ਨੂੰ ਫਿਲਮ ਬਣਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪੈਸੇ ਦਾ ਇੰਤਜਾਮ ਵੀ ਬਹੁਤ ਔਖਾ ਹੋਇਆ, ਆਪਾਂ ਥੋੜਾ ਬਹੁਤਾ ਕਰਕੇ ਉਸ ਦਾ ਭਾਰ ਜਰੂਰ ਹੋਲਾ ਕਰੀਏ। ਕਿਤੇ ਇਹ ਨਾ ਹੋਵੇ ਕਿ ਲੋਕ, ਜਿਹੜੇ ਸਾਡੇ ਲਈ ਕੁਝ ਕਰਨਾ ਚਾਹੁੰਦੇ ਹਨ, ਸਾਨੂੰ ਨਾ ਸ਼ੁਕਰੇ ਸਮਝ ਕੇ ਮੁੱਖ ਮੋੜ ਲੈਣ। ਸਿਖ ਕੌਮ ਨੂੰ ਵੀ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਇਹ ਫਿਲਮ ਜਰੂਰ ਵੇਖੀ ਜਾਵੇ । ਨੌਜੁਆਨ ਖਾਸ ਕਰਕੇ ਇਸ ਨੂੰ ਵੇਖਣ ਤਾਂ ਕਿ ਸਚਾਈ ਪਤਾ ਲੱਗੇ । ਅੰਤ ਵਿਚ ਬੀਬੀ ਸ਼ੋਨਾਲੀ ਬੋਸ ਦੇ ਇਸ ਦਲੇਰੀ ਭਰੇ ਕਾਰਮਾਨੇ ਲਈ ਏਨਾ ਹੀ ਕਹਾਂਗਾ ..........

“ਸਾਬਾਸ਼ ਸ਼ੋਨਾਲੀ ਬੋਸ ............... ਧੰਨਵਾਦ ਸ਼ੋਨਾਲੀ ਬੋਸ”

ਜਗਦੀਪ ਸਿੰਘ ਫਰੀਦਕੋਟ (9815763313)

Sunday, February 17, 2008

Beautiful Singh




They say they are looking for Beautiful Singhs,
at an international level.
Where will you find those Beautiful Singhs?
(But) Those Beautiful ones were killed...
They (police) found those Beautiful ones.
They ones in Elegant Dastaars, and angelic Beards.
Those with Dumallays and Chollays.
Where ever they were found,
they were detained and taken.
(Their dead bodies) thrown in rivers, drains, and under bridges,
all because a newspaper headlines needed to be made for the next day.
They (authorities) did not think those Beautiful ones were Beautiful,
But they were Beautiful not just of their appearance,
but they were Beautiful due to their deeds.
The authorities are not threatened by your appearance
It is your actions that threaten them the most
So become Beautiful not with your appearance but with your deeds.
Become Beautiful with your deeds.
Even without seeing their appearance, the public called
Sant Jarnail Singh, Bhai Talwinder Singh, Bhai Gurjant Singh Beautiful
Those of you, who wear the Kalgis on your Turban,
and parade in public on the cat walk ramps.
Listen.
Sons of Lions do not imitate the walk of house cats.
And we are not worthy of wearing Kalgis.
We are only attempting to hold on to the neglected dear memories of
our Beloved Shaheeds of The Kalgi-wearer.
If you truly want to become Beautiful, become Beautiful like those Shaheeds.
Become Beautiful like them, Become Beautiful like them.
The above is a translation of the poem entitled Beautiful Singh by Jagdeep Singh (Faridkot) regarding Mr. Singh International and what real Sikh beauty is.*

ਮਨੁੱਖਤਾ ਲਈ ਜੂਝਣਾ ਬਨਾਮ ਫੋਕੀਆਂ ਫੜ੍ਹਾਂ




ਸਰਕਾਰਾਂ ‘ਤੇ ਏਜੰਸੀਆਂ ਦੇ ਚੱਕੇ ਚਕਾਏ ਇਹ ਸਾਧ ਆਪਣੀ ਔਕਾਤ ਭੁੱਲ ਜਾਂਦੇ ਹਨ, ਜ਼ਮੀਨ ਤੋਂ ਇਹਨਾਂ ਦੇ ਪੈਰ ਚੱਕੇ ਜਾਂਦੇ ਹਨ ਤੇ ਫੇਰ ਇਹ ਓਸ ਗਿੱਦੜ ਵਾਂਗ, ਜਿਹੜਾ ਮੌਤ ਆਉਣ ’ਤੇ ਜੱਟ ਦੀ ਮੁੰਨੀ ਨਾਲ ਖਹਿਣ ਲੱਗ ਪੈਦਾ ਹੈ, ਜੁਝਾਰੂਆਂ ਦੀ ਕੌਮ ਨਾਲ ਹੀ ਮੱਥਾ ਲਾ ਲੈਂਦੇ ਹਨ। ਹਲਾਂਕਿ ਇਹਨਾਂ ਨੂੰ ਆਪਣਾ ਅੰਤ ਪਤਾ ਹੁੰਦੈ, ਪਰ ਕੁਝ ਸਮੇਂ ਲਈ ਇਹਨਾਂ ਦੀ ਅਕਲ ‘ਤੇ ਪਰਦਾ ਪੈ ਜਾਂਦਾ ਹੈ। ‘ਰੱਬ ਦਾ ਤੇ ਅੱਤ ਦਾ ਵੈਰ ਹੁੰਦੈ’ ਤੇ ਜਦੋਂ ਕੋਈ ਸਾਧ ਅੱਤ ਕਰ ਦਿੰਦੈ ਤੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦੈ ਤਾਂ ਸਿਆਣੇ ਲੋਕ ਸਮਝ ਜਾਂਦੇ ਨੇ ਕਿ ਇਸਦਾ ਅੰਤ ਆ ਗਿਐ।
ਅੱਜ ਕੱਲ ਵੀ ਪਿੰਡਾਂ ਦੀਆਂ ਸੱਥਾਂ ਵਿਚ ਸਰਸੇ ਦੇ ਇਕ ਪਖ਼ੰਡੀ ਸਾਧ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਸਾਰੇ ਏਸ ਸਾਧ ਦੀਆਂ ਕਰਤੂਤਾਂ ਦੀ ਨਿੰਦਿਆ ਕਰ ਰਹੇ ਹਨ, ਕਾਫੀ-ਕਾਫੀ ਦੇਰ ਏਸੇ ‘ਤੇ ਵਿਚਾਰਾਂ ਚੱਲਦੀਆਂ ਹਨ ਤੇ ਅੰਤ ਕੋਈ ਸਿਆਣਾ ਬਜ਼ੁਰਗ ਇਹ ਕਹਿ ਕੇ ਗੱਲ ਨਿਬੇੜ ਦਿੰਦੈ, “ਬਸ ਭਾਈ ਏਸ ਸਾਧ ਦਾ ਅੰਤ ਆ ਗਿਐ, ਏਹਦੀ ਜਿੰਦਗੀ ਹੁਣ ਬਹੁਤੀ ਨਈਂ ਬਚੀ”।
ਸਚਮੁੱਚ ਇਸ ਸਾਧ ਨੇ ਬਹੁਤ ਕਮੀਨੀਆਂ ਹਰਕਤ ਕੀਤੀ ਹੈ ਤੇ ਸਿਖ ਪੰਥ ਦਾ ਮੂੰਹ ਚਿੜਾਇਆ ਹੈ। ਜਿਸ ਦਸਵੇਂ ਪਾਤਸ਼ਾਹ ਬਾਰੇ ਇਕ ਵੀ ਗਲਤ ਸ਼ਬਦ ਸਿਖ ਬਰਦਾਸ਼ਤ ਨਹੀਂ ਕਰ ਸਕਦੇ, ਇਸ ਨੇ ਓਸ ਸਰਬੰਸਦਾਨੀ ਪਾਤਸ਼ਾਹ ਦੀ ਨਕਲ ਉਤਾਰੀ ਹੈ। 30 ਮਾਰਚ 1699 ਨੂੰ ਜੋ ਇਤਿਹਾਸਕ ਘਟਨਾ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪਾਤਸ਼ਾਹ ਨੇ ਵਰਤਾਈ ਸੀ ਤੇ ਜਿਸ ਨੇ ਇਨਕਲਾਬ ਲਿਆਂਦਾ ਸੀ, ਉਸ ਸਭ ਦੀ ਨਕਲ ਵੀ ਏਸ ਸਾਧ ਨੇ 29 ਅਪ੍ਰੈਲ 2007 ਨੂੰ ਆਪਣੇ ਸਲਾਬਤਪੁਰ ਸਥਿਤ ਡੇਰੇ ਵਿਚ ਕੀਤੀ। ਉਹੀ ਗੁਰੂ ਸਾਹਿਬ ਵਰਗਾ ਪਹਿਰਾਵਾ, ਉਸੇ ਤਰ੍ਹਾਂ ਦੀ ਕਲਗੀਂ ਲਾ ਕੇ, ਉਸੇ ਤਰ੍ਹਾਂ ਅੰਮ੍ਰਿਤ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਪੰਜ ਪਿਆਰਿਆਂ ਦੀ ਤਰਜ਼ ‘ਤੇ ਸੱਤ ਬਣਾਏ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜੇ ਏਸ ਸਾਧ ਨੇ ਏਨੀ ਹਿੰਮਤ ਕੀਤੀ ਹੀ ਸੀ ਤੇ ਜੇ, ਇਸ ਦੇ ਚੇਲਿਆਂ ਦੇ ਕਹਿਣ ਮੁਤਾਬਿਕ, ਇਹ ਸਰਬ ਸਮਰੱਥ ਹੈ ਤਾਂ ਫਿਰ ਕਿਉਂ ਨਾ ਸੱਤਾਂ ਦੇ ਸਿਰ ਵੱਢੇ। ਹਾਂ, ਇੱਕ ਛੋਟਾ ਜਿਹਾ ਪਖ਼ੰਡ ਜ਼ਰੂਰ ਕੀਤਾ, ਜਿਸ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਸਾਧ ਦੇ ਆਪਣੇ ਮੈਗਜ਼ੀਨ ਵੱਲੋਂ,
“ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਵੱਲੋਂ ਇਸ ਦਿਨ ਇਨਸਾਨੀਅਤ ਦਾ ਪ੍ਰਤੀਕ ਸਰੂਪ ਵਿਸ਼ੇਸ਼ ਲੌਕਟ ਜਾਰੀ ਕੀਤਾ ਗਿਆ। ਇਸ ਲੌਕਟ ਨੂੰ ਜਾਰੀ ਕੀਤੇ ਜਾਣ ਦਾ ਦ੍ਰਿਸ਼ ਬਹੁਤ ਹੀ ਦਿਲ ਦਹਿਲਾਉਣ ਵਾਲਾ ਸੀ। ਲੌਕਟ ਨੂੰ ਜਾਰੀ ਕਰਨ ਤੋਂ ਪਹਿਲਾਂ ਸ਼ਹਿਨਸ਼ਾਹ ਜੀ (ਇੱਥੇ ਅਸੀਂ ਸਿਖ ਸੰਗਤਾਂ ਨੂੰ ਇਹ ਦੁਬਾਰਾ ਦੱਸ ਦੇਈਏ ਕਿ ਇਹ ਸ਼ਬਦਾਵਲੀ ਸਾਧ ਦੇ ਆਪਣੇ ਮੈਗਜ਼ੀਨ ਵਿਚ ਛਪੀ ਸੀ ਤੇ ਅਸੀਂ ਇਸ ਨੂੰ ਹੂਬਹੂ ਦੇ ਰਹੇ ਹਾਂ, ਪਰ ਨਾਲ ਨਾਲ ਆਪਣੇ ਵਿਚਾਰ ਵੀ ਬਰੈਕਟਾਂ ਵਿਚ ਦੇ ਰਹੇ ਹਾਂ) ਨੇ ਸਮੂਹ ਸਾਧ ਸੰਗਤ ਤੋਂ ਪ੍ਰਤਿੱਗਆ ਕਰਵਾਉਂਦੇ ਹੋਏ ਫਰਮਾਇਆ ਕਿ ਪਹਿਲਾਂ ਸਾਰੇ ਵਾਇਦਾ ਕਰੋ ਕਿ ਜਿਵੇਂ ਅਸੀਂ ਕਰਨ ਜਾ ਰਹੇ ਹਾਂ, ਉਵੇਂ ਕੋਈ ਨਹੀਂ ਕਰੇਗਾ, ਕਿਉਂਕਿ ਜਦੋਂ ਕੁਝ ਧਾਰਨ ਕਰਨਾ ਹੋਵੇ ਤਾਂ ਉਸ ਦੇ ਲਈ ਕੁਝ ਕਰਨਾ ਹੀ ਪੈਂਦਾ ਹੈ। ਅਜਿਹਾ ਸੁਣਦੇ ਹੀ ਸੰਗਤ ਹੈਰਾਨ ਰਹਿ ਗਈ। ਚਾਰੇ ਪਾਸੇ ਖਾਮੋਸ਼ੀ ਛਾ ਗਈ ..................। 'ਹਰ ਕਿਸੇ ਨੂੰ ਅਨਜਾਨ ਗਮਾਂ ਨੇ ਘੇਰ ਲਿਆ...............। 'ਆਪਣੇ ਸਤਿਗੁਰੂ ਦੇ ਹੁਕਮ ਵਿਚ ਬੱਝੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸ਼ਾਹੀ ਫੁਰਮਾਣ ਨੂੰ ਸਲਾਮ ਕਰਦੇ ਹੋਏ ਕੁਝ ਪਲ ਲਈ ਖਾਮੋਸ਼ੀ ਤੋੜਨ ਦਾ ਸਾਹਸ ਕੀਤਾ। ਹਰ ਕੋਈ ਅਨੋਖੀ ਮਨੋ ਦਸ਼ਾ ‘ਚੋਂ ਵਿਚਰ ਰਿਹਾ ਸੀ....................... (ਉਹਨਾਂ ਨੇ ਬਹੁਤ ਸਾਰੇ ਅਲੰਕਰ ਵਰਤੇ ਹੋਏ ਨੇ ਬਿਨਾ ਕਿਸੇ ਕਾਰਨ ਗੱਲ ਨੂੰ ਵਧਾਇਆ ਗਿਆ ਹੈ, ਸੋ ਅਸੀਂ ਥਾਂ ਦੀ ਘਾਟ ਕਾਰਨ ਉਹ ਸਭ ਕੁਝ ਨਹੀਂ ਦੇ ਰਹੇ)।' ਬਸ! ਸ਼ਹਿਨਸ਼ਾਹ ਜੀ ਦੇ ਇਹਨਾਂ ਸ਼ਬਦਾਂ ਨੇ ਤਾਂ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ.................।' ਸ਼ਾਹ ਸਤਨਾਮ ਜੀ ਧਾਮ ਦੀ ਗੁਫਾ ਦੇ ਵਿਹੜੇ ਵਿਚ ਬੈਠੇ ਲਗਭਗ ਡੇਢ ਲੱਖ ਸੇਵਾਦਾਰ ਭਾਈ ਭੈਣ (ਇਸ ਗਿਣਤੀ ਨੂੰ ਮੈਗਜ਼ੀਨ ਵਿਚ ਸੈਕੜੇ ਵਾਰ ਦੁਹਰਾਇਆ ਗਿਆ ਹੈ) ਆਪਣੇ ਦਿਲ ਅਜ਼ੀਜ਼, ਪ੍ਰਾਣਾ ਤੋਂ ਪਿਆਰੇ ਸਤਿਗੁਰੂ ਦੇ ਏਨਾ ਕਹਿੰਦੇ ਹੀ ਫੁੱਟ-ਫੁੱਟ ਕੇ ਰੋਣ ਲੱਗ ਪਏ। ਏਨਾ ਦਿਲ ਦਹਿਲਾਉਣ ਵਾਲਾ ਦ੍ਰਿਸ਼ ਕਿ ਸਾਰੇ ਤਰ-ਬ-ਤਰ ਰੋ ਰਹੇ ਸਨ...................... ਸੇਜਲ ਅੱਖਾਂ ‘ਚੋਂ ਹੰਝੂ ਧਾਰਾ ਬਣ ਕੇ ਵਹਿ ਰਹੇ ਸਨ। ਇਸ ਗਮਗੀਨ ਮਾਹੌਲ ਵਿਚ ................. ਹਰ ਕੋਈ ਇਹੀ ਪੁਕਾਰ ਕਰ ਰਿਹਾ ਸੀ ਕਿ ਹੇ ਪ੍ਰੀਤਮ ਪਿਆਰੇ, ਜਿੰਦਗੀ ਵਿਚ ਕਦੇ ਵੀ ਅਜਿਹਾ ਪਲ ਨਾ ਆਵੇ .................। (ਹੁਣ ਸਿਖ ਸੰਗਤ ਤੱਕੇ ਕਿ ਉਹ ਦਿਲ ਦਹਿਲਾਉਣ ਵਾਲਾ ਦ੍ਰਿਸ਼, ਜਿਸ ਲਈ ਏਨੀ ਭੂਮਿਕਾ ਬੰਨ੍ਹੀ ਗਈ ਕਿ ਮੈਗਜ਼ੀਨ ਦੇ ਕਈ ਪੱਤਰੇ ਭਰ ਦਿੱਤੇ, ਕੀ ਸੀ) ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਸੱਜੇ ਕਰ ਕਮਲ ਦੀ ਵਿਚਕਾਰਲੀ ਉਂਗਲ ‘ਚੋਂ ਖੂਨ ਕੱਢਿਆ (ਖੋਦਿਆ ਪਹਾੜ ਤੇ ਨਿਕਲਿਆ ਚੂਹਾ) ਤੇ ਇਸ ਤੋਂ ਬਾਅਦ ਪੂਜਨੀਕ ਪਿਤਾ ਜੀ ਨੇ ਉਂਗਲ ਨੂੰ ਦਬਾਇਆ ਤਾਂ ਉਂਗਲ ਤੇ ਖੂਨ ਦੀ ਲੰਮੀ ਧਾਰ ਵਹਿ ਤੁਰੀ (ਤੇ ਉਸ ਧਾਰ ਨਾਲ ਸਾਰੇ ਸ਼ਰਧਾਲੂ ਭਿੱਜ ਗਏ ਹੋਣੇ ਐ? ਐਵੇ ਪਖੰਡ ਨੂੰ ਵਧਾ ਚੜ੍ਹਾ ਕੇ ਲਿਖਿਆ ਗਿਆ, ਸਾਧ ਨੇ ਉਂਗਲ ਵਿਚ ਹੌਲੀ ਜਿਹੀ ਪਿੰਨ ਮਾਰੀ, ਏਨੀ ਹੌਲੀ ਕਿ ਉਂਗਲ ਨੂੰ ਦਬਾਉਣਾ ਪਿਆ ਭੋਰਾ ਖੂਨ ਕੱਢਨ ਲਈ ਤੇ ਚੇਲਿਆਂ ਨੂੰ ਪਹਿਲਾਂ ਇਸ ਤਰ੍ਹਾਂ ਹਦਾਇਤਾਂ ਦਿੱਤੀਆਂ ਜਿਵੇਂ ਸਾਧ ਆਪਣਾ ਸਿਰ ਵੱਢਣ ਲੱਗਿਆ ਹੋਵੇ।) ਉਸ ਖੂਨ ਰੰਗੀ ਉਂਗਲ ਨੂੰ ਵਿਖਾਉਂਦੇ ਹੋਏ ਇਨਸਾਨੀਅਤ ਦੇ ਸੱਚੇ ਮਸੀਹਾ, (ਜਿਸ ‘ਤੇ ਕਈ ਇਨਸਾਨਾਂ ਨੂੰ ਕਤਲ ਕਰਨ ਤੇ ਕਈ ਮਾਸੂਮ ਕੁੜੀਆਂ ਦਾ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ) ਪੂਜਨੀਕ ਹਜ਼ੂਰ ਪਿਤਾ ਜੀ ਨੇ ਜੋਸ਼ ਵਿਚ ਐਲਾਨ ਕੀਤਾ ਕਿ ਅੱਜ ਅਸੀਂ ਇਨਸਾਨੀਅਤ ਦੇ ਪ੍ਰਤੀਕ ਇਸ ਲੋਗੋ ਨੂੰ ਭਾਵ ਇਨਸਾਨੀਅਤ ਨੂੰ (ਮੂਰਖ ਸਾਧ ਲੌਕਟ ਨੂੰ ਹੀ ਇਨਸਾਨੀਅਤ ਕਹੀ ਜਾਂਦਾ ਹੈ) ਆਪਣੇ ਖੂਨ ਨਾਲ ਤਿਲਕ ਲਗਾ ਰਹੇ ਹਾਂ...............। 'ਸ਼ਹਿਨਸ਼ਾਹ ਜੀ ਦਾ ਜੋਸ਼ੀਲਾ ਅੰਦਾਜ਼ (ਉਂਗਲ ਵਿਚ ਪਿੰਨ ਮਾਰ ਕੇ ਤੁਪਕਾ ਖੂਨ ਕੱਢ ਕੇ ਉਸ ਨੂੰ ਜੋਸ਼ ਚੜ੍ਹ ਗਿਆ) ਦੇਖਿਆਂ ਹੀ ਬਣ ਰਿਹਾ ਸੀ। ਆਪ ਜੀ ਦਾ ਨੂਰਾਨੀ ਚਿਹਰਾ, ਰੂਹਾਨੀ ਪ੍ਰਕਾਸ਼, ਇਲਾਹੀ ਤਾਕਤ ਨਾਲ ਦਗ ਦਗ ਕਰ ਰਿਹਾ ਸੀ ਕਿ ਕਿਸੇ ਵਿਚ ਹਿੰਮਤ ਨਹੀਂ ਸੀ ਕਿ ਉਹਨਾਂ ਦੀ ਤਾਬ ਸਹਿ ਸਕੇ (ਐਵੇ ਸਾਧ ਨੂੰ ਫੂਕ ਛਕਾਉਣ ਲਈ ਅਲ਼ੰਕਾਰ ਸਾਰੇ ਦਸ਼ਮੇਸ਼ ਪਿਤਾ ਵਾਲੇ ਵਰਤੇ ਜਾ ਰਹੇ ਹਨ)। 'ਉਹਨਾਂ ਦਾ ਚਿਹਰਾ ਏਨਾ ਨੂਰੋ ਨੂਰ ਹੋ ਰਿਹਾ ਸੀ ਕਿ ਸੂਰਜ ਦੀ ਰੌਸਨੀ ਵੀ ਉਸ ਦੇ ਸਾਹਮਣੇ ਤੁੱਛ ਹੈ ........................।' ਫਿਰ ਸ਼ਹਿਨਸ਼ਾਹ ਜੀ ਨੇ ਲੋਗੋ ਨੂੰ ਜੋਸ਼ ਭਰੇ ਅੰਦਾਜ਼ ਵਿਚ ਐਲਾਨ ਕੀਤਾ ਕਿ ਅਸੀਂ ਇਨਸਾਨੀਅਤ ਦੀ ਸੇਵਾ ਲਈ ਆਪਣੇ ਖੂਨ ਦਾ ਇਕ ਇਕ ਕਤਰਾ ਵਹਾ ਦਿਆਂਗੇ ................(ਹੋਰ ਪਾਡੀਆਂ)................। 'ਇਨਸਾਨੀਅਤ ਦੇ ਸੱਚੇ ਰੱਖਿਅਕ, ਮਾਨਵਤਾ ਨੂੰ ਆਪਣੇ ਖੂਨ ਦੀ ਬਲੀ ਦੇਣ ਵਾਲੇ (ਖੂਨ ਦੀ ਬਲੀ ਵੇਖ ਲਉ ਜੀ, ਦੋ ਤੁਪਕੇ ਵੀ ਨਹੀਂ, ਇਸ ਤੋਂ ਵੱਧ ਖੂਨ ਤਾਂ ਡਾਕਟਰ ਟੈਸਟ ਕਰਨ ਲਈ ਕੱਢ ਲੈਂਦੇ ਹਨ।) ਮਹਾਨ ਦਾਤਾਰ ਨੇ ਆਪਣੇ ਹੱਥ ਨੂੰ ਉੱਪਰ ਚੁੱਕ ਕੇ ਕੜਕਦੀ ਆਵਾਜ ਵਿਚ ਕਿਹਾ ਕਿ ਸਾਨੂੰ ਕਿਸੇ ਝੂਠ ਫਰੇਬ ਦੀ ਪਰਵਾਹ ਨਹੀਂ ਅਤੇ ਅਜਿਹਾ ਕੋਈ ਮਾਈ ਦਾ ਲਾਲ ਨਹੀਂ ਜੋ ਸਾਨੂੰ ਇਨਸਾਨੀਅਤ ਦੀ ਸੇਵਾ ਕਰਨ ਤੋਂ ਰੋਕ ਸਕੇ ...................।” ਇਸ ਤਰ੍ਹਾਂ ਦੀਆਂ ਬਹੁਤ ਸ਼ੇਖ਼ੀਆਂ ਮਾਰੀਆਂ ਏਸ ਪਖੰਡੀ ਸਾਧ ਨੇ। ਹੁਣ ਸਮਝ ਨਹੀਂ ਆਉਂਦੀ ਕਿ ਮਾਨਵਤਾ ਦੇ ਆਪੇ ਬਣੇ ਰੱਖਿਅਕ ਤੇ ਅਲੰਬਰਦਾਰ ਏਸ ਸਾਧ ਦੇ ਸੈਕੜੇ ਭੂਤਰੇ ਹੋਏ ਚੇਲਿਆਂ ਨੂੰ ਸਿਖ ਸੰਗਤਾਂ ਨੇ ਬਹੁਤ ਕੁਟਾਪਾ ਚਾੜਿਆ ਤੇ ਇਹ ਵਿਚਾਰਾ ਬਹਾਦਰ ਸਾਧ ਗੁਫਾ ਵਿਚ ਲੁਕਿਆ ਬੈਠਾ ਹੈ ਤੇ ਸਰਕਾਰ ਤੋਂ ਆਪਣੀ ਸੁਰੱਖਿਆ ਲਈ ਜ਼ੈੱਡ ਸਕਿਊਰਟੀ ਲੈ ਲਈ ਹੈ।
ਸੌਖਾ ਨਹੀਂ ਸਾਧਾ ਮਨੁੱਖਤਾ ਲਈ ਜਿਉਣਾ ਤੇ ਮਨੁੱਖਤਾ ਦੀ ਅਜ਼ਾਦੀ ਲਈ ਜੱਦੋ ਜਹਿਦ ਕਰਨੀ। ਮਨੁੱਖਤਾ ਦੀ ਆਜ਼ਾਦੀ ਸਿਰਫ ਉਂਗਲ ਦਾ ਦੋ ਤੁਪਕੇ ਖੂਨ ਨਹੀਂ ਸਗੋਂ ਪੂਰਾ ਸਰਬੰਸ ਮੰਗਦੀ ਹੈ। ਜੇ ਮਨੁੱਖਤਾ ਲਈ ਕੁਰਬਾਨੀਆਂ ਵੇਖਣੀਆਂ ਨੇ ਤਾਂ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਭਾਈ ਦਿਲਾਵਰ ਸਿੰਘ ਤੱਕ ਦਾ ਇਤਿਹਾਸ ਪੜ੍ਹ। ਪੜ੍ਹ ਤੱਤੀ ਤਵੀ ‘ਤੇ ਅਡੋਲ ਬੈਠੇ ਸਤਿਗੁਰੂ ਕਿਵੇਂ ਮੁਸਕੁਰਾ ਰਹੇ ਨੇ, ਤੱਕ ਚਾਂਦਨੀ ਚੌਂਕ ਵਿਚ ਧਰਮ ਦੀ ਚਾਦਰ ਨੌਂਵੇਂ ਪਾਤਸ਼ਾਹ ਕਿਵੇਂ ਨਿਡਰਤਾ ਨਾਲ ਬੈਠੇ ਨੇ, ਦੇਖ ਸਰਹੰਦ ਤੇ ਚਮਕੌਰ ਵੱਲ ਮੂੰਹ ਕਰਕੇ, ਕੀ ਸਹਾਰ ਸਕਦੈ ਸਰਹੰਦ ਦੀਆਂ ਦੀਵਾਰਾਂ ਅਤੇ ਚਮਕੌਰ ਦੇ ਮੈਦਾਨ ਵਿਚ ਜੂਝ ਰਹੇ ਜੁਝਾਰੂਆਂ ਦੇ ਚਿਹਰਿਆਂ ਦਾ ਨੂਰ, ਨਜ਼ਰ ਮਾਰ ਅੱਸੀ ਸਾਲਾ ਓਸ ਬਜ਼ੁਰਗ ਜਰਨੈਲ ‘ਤੇ ਜਿਸ ਦੇ ਧੜ ‘ਤੇ ਸੀਸ ਵੀ ਨਹੀਂ ਤੇ ਉਹ ਫਿਰ ਵੀ 18 ਸੇਰ ਪੱਕਾ ਖੰਡਾ ਵਾਹ ਰਿਹੈ, ਕੀ ਹੈ ਹਿੰਮਤ ਕਿ, ਬੰਦ ਬੰਦ ਕਟਵਾਉਂਦੇ ਹੋਏ ਵੀ ਸਿਮਰਨ ਕਰੇਂ, ਤੇਰੇ ਬੇਸ਼ਰਮ ਜਹੇ ਪੁੱਤ ਧੀਆਂ (ਬੇਸ਼ਰਮ ਇਸ ਲਈ ਕਿ ਸਾਧ ਦੀ ਇਕ ਕੁੜੀ ਬੱਜੋਆਣੇ ਪਿੰਡ ਦੇ ਕਿਸੇ ਪ੍ਰੋਫੈਸਰ ਮੁੰਡੇ ਨਾਲ ਨਿਕਲ ਗਈ ਸੀ) ਜਿਨ੍ਹਾਂ ਨੂੰ ਤੂੰ ਸਾਹਿਬਜਾਦੇ ਕਹਿੰਦਾ ਹੈ, ਕੀ ਹੈ ਹਿੰਮਤ ਕਿ ਉਹਨਾਂ ਵਿਚੋਂ ਕਿਸੇ ਦਾ ਕਾਲਜਾ ਕੱਢ ਕੇ ਮੂੰਹ ਵਿਚ ਪਵਾ ਸਕੇਂ, ਤੂੰ ਸੋਚ ਵੀ ਨਹੀਂ ਸਕਦਾ ਤੇ ਤੱਕ ਦਿੱਲੀ ਵੱਲ ਜਿੱਥੇ ਅੱਗ ਵਰਗੇ ਜੰਮੂਰਾਂ ਨਾਲ ਮਾਸ ਨੋਚੇ ਜਾਣ ‘ਤੇ ਅਤੇ ਪੁਤਰ ਦਾ ਕਲੇਜਾ ਮੂੰਹ ਵਿਚ ਪਾਏ ਜਾਣ ‘ਤੇ ਵੀ ਇਕ ਸੂਰਮਾਂ ‘ਵਾਹਿਗੁਰੂ’ ਦਾ ਜਾਪ ਕਰ ਰਿਹਾ ਹੈ, ਕੀ ਤੂੰ ਸੋਚ ਸਕਦੈ ਕਿ ਦੇਸ਼ (ਸਾਡੇ ਦੇਸ਼ ਪੰਜਾਬ) ਨੂੰ ਗੁਲਾਮ ਬਣਾਉਣ ਆਏ ਗੋਰਿਆਂ ਨਾਲ ਬਜੁਰਗ ਉਮਰ ਵਿਚ ਵੀ ਇਕ ਸਿੰਘ ਸਰਦਾਰ ਏਸ ਤਰ੍ਹਾਂ ਲੜਿਆ ਕਿ ਤੋਪਾਂ ਤੇ ਬੰਦੂਕਾਂ ‘ਤੇ ਕ੍ਰਿਪਾਨਾਂ ਭਾਰੂ ਪੈ ਗਈਆਂ ਤੇ ਸ਼ੇਰ ਵਿਚ ਜੋਸ਼ ਏਨਾ ਕਿ ਸ਼ਹੀਦ ਹੋਣ ਤੋਂ ਬਾਅਦ ਵੀ ਕ੍ਰਿਪਾਨ ਹੱਥ ਵਿਚੋਂ ਨਹੀਂ ਛੁੱਟੀ ਤੇ ਨਾਲ ਹੀ ਸਸਕਾਰ ਕਰਨਾ ਪਿਆ, ਤੂੰ ਕਹੇਂਗਾ ਇਹ ਸਭ ਬੀਤੀਆਂ ਸਦੀਆਂ ਦੀਆਂ ਪੁਰਾਣੀਆਂ ਗੱਲਾਂ ਹਨ, ਚੱਲ ਨੇੜੇ ਆਉਂਦੇ ਹਾਂ। ਕਰ ਮੂੰਹ ਪੰਜਾ ਸਾਹਿਬ ਵੱਲ, ਤੇ ਤੱਕ ਕਿਵੇਂ ਰੇਲ ਗੱਡੀ ਵਿਚ ਲਿਜਾਏ ਜਾ ਰਹੇ ਭੁੱਖੇ ਮਨੁੱਖਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਸਿੰਘ ਰੇਲ ਦੀਆਂ ਪਟੜੀਆਂ ਤੇ ਵਿਛ ਜਾਂਦੇ ਹਨ, ਹੈ ਹਿੰਮਤ ਕਿ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਵਾਂਗ ਮਨੱਖਤਾ ਦੀ ਸੇਵਾ ਕਰੇਂ, ਏ. ਸੀ. ਕਮਰਿਆਂ ਤੇ ਸਾਰੀਆਂ ਸੁੱਖ ਸਹੂਲਤਾਂ ਵਾਲੇ ਡੇਰਿਆਂ ‘ਚ ਬਹਿ ਕੇ ਫੜ੍ਹਾਂ ਮਾਰਨੀਆਂ ਬਹੁਤ ਸੌਖੀਆਂ ਨੇ ਸਾਧਾ ਪਰ ਮਨੱਖਤਾ ਲਈ ਕੁਰਬਾਨ ਹੋਣਾ ਬਹੁਤ ਔਖੈ। ਤੇਰੇ ਸਾਰੇ ਲਾਣੇ ਵਿਚੋਂ ਹੈ ਕੋਈ ਜਿਹੜਾ ਇਹ ਸੋਚ ਵੀ ਸਕੇ ਕਿ 21 ਸਾਲ ਤੱਕ ਜ਼ਾਲਮ ਦਾ ਪਿੱਛਾ ਕਿਵੇਂ ਕਰੀਦੈ ਤੇ ਉਸ ਮਨੱਖਤਾ ਦੇ ਕਾਤਲ ਨੂੰ ਉਸ ਦੇ ਘਰ ਜਾ ਕੇ ਕਿਵੇਂ ਸੋਧੀਦੈ, ਹੈ ਹਿੰਮਤ ਤੇਰੇ ਜਾਂ ਤੇਰੇ ਬਣਾਏ ਇਹਨਾਂ ‘ਇੰਸਾਂਨਾਂ’ ਵਿਚ। ਮਨੁੱਖਤਾ ਦੀ ਆਜ਼ਾਦੀ ਲਈ ਜੂਝਣ ਵਾਲੇ ਤਾਂ ਨਹਿਰਾਂ, ਦਰਿਆਵਾਂ ਵਿਚ ਮੱਛੀਆਂ ਦਾ ਭੋਜਨ ਬਣਦੇ ਨੇ, ਲੱਖਾਂ ਦੀ ਗਿਣਤੀ ਵਿਚ ਲਾਵਾਰਿਸ ਕਹਿ ਕੇ ਸਾੜੇ ਜਾਂਦੇ ਨੇ, ਬਾਪੂ ਦੀ ਰੁਲਦੀ ਪੱਗ, ਮਾਂ ਦੀ ਪਾਟੀ ਚੁੰਨੀ ਤੇ ਭੈਣ ਦੀਆਂ ਸਿਸਕੀਆਂ ਜ਼ਰਨੀਆਂ ਬਹੁਤ ਔਖੀਆਂ ਨੇ। ਕਦੇ ਪੁੱਛੀਂ ਉਹਨਾਂ ਖੂਫੀਆ ਏਜੰਸੀਆਂ ਵਾਲਿਆਂ ਨੂੰ ਜਿਹਨਾਂ ਨਾਲ ਤੇਰੀ ਯਾਰੀ ਐ, ਕਿ ਮਨੱਖਤਾ ਲਈ ਜੂਝਦੇ ਫੜੇ ਗਏ ਦਸਵੇਂ ਪਾਤਸ਼ਾਹ ਦੇ ਸ਼ੇਰ ਪੱਤਰਾਂ ਨੇ ਕਦੇ ਸੀ ਵੀ ਕੀਤੀ, ਤੇ ਨਾਲੇ ਪੁੱਛੀ ਕਿ ਤਸ਼ੱਦਦ ਕਿੰਨਾ ਕੀਤਾ ਗਿਆ ਉਹਨਾਂ ਜੁਝਾਰੂਆਂ ‘ਤੇ, ਕੀ ਦੇਗਾਂ ਵਿਚ ਨਹੀਂ ਉਬਾਲੇ ਗਏ, ਕੀ ਖੋਪਰ ਨਹੀਂ ਲਾਹੇ ਗਏ (ਭਾਈ ਰਣਜੀਤ ਸਿੰਘ ਤਰਸਿੱਕਾ), ਕੀ ਪੱਟ ਚੀਰ ਕੇ ਵਿਚ ਲੂਣ ਨਹੀਂ ਭਰਿਆ ਗਿਆ (ਭਾਈ ਵਰਿਆਮ ਸਿੰਘ), ਕੀ ਗਰਮ ਪ੍ਰੈਸ ਲਾ ਕੇ ਮਾਸ ਨਹੀਂ ਸਾੜਿਆ ਗਿਆ (ਭਾਈ ਅਵਤਾਰ ਸਿੰਘ ਸ਼ਤਰਾਣਾ), ਕੀ ਪਲਾਸ ਨਾਲ ਦੰਦ ਨਹੀਂ ਖਿੱਚੇ ਗਏ (ਭਾਈ ਰਛਪਾਲ ਸਿੰਘ ਛੰਦੜਾਂ), ਕੀ ਮਾਸ ਨਹੀਂ ਨੋਚਿਆ ਪਲਾਸਾਂ ਨਾਲ (ਜਥੇਦਾਰ ਸੁਖਦੇਵ ਸਿੰਘ ਬੱਬਰ) ਇਹ ਵਾਰਤਾ ਬੜੀ ਲੰਬੀ ਐ ਸਾਧਾ, ਪੁੱਛ ਲਈ ਉਹਨਾਂ ਨੂੰ ਫੇਰ ਕਰੀਂ ਮਨੁੱਖਤਾ ਦੀ ਰੱਖਿਆ ਦੀਆਂ ਗੱਲਾਂ। ਮਨੱਖਤਾ ਲਈ ਆਪਣੇ ਖੂਨ ਦਾ ਕਤਰਾ ਕਤਰਾ ਵਹਾਉਣਾ ਤਾਂ ਦਸ਼ਮੇਸ਼ ਦੇ ਦੁੱਲੇ ਪੁੱਤਰਾਂ ਦੇ ਹਿੱਸੇ ਈ ਆਇਐ, ਤੂੰ ਰਹਿਣ ਦੇ, ਤੇਰੀ ਦੁਕਾਨਦਾਰੀ ਵਧੀਆ ਚੱਲੀ ਐ ਤੇ ਤੂੰ ਆਪਣੀ ਡਫਲੀ ਵਜਾਈ ਚੱਲ, ਮਖਮਲੀ ਗੱਦੇ, ਸੇਵਾ ਲਈ ਅਪਸਰਾਵਾਂ, ਛੱਡ ਮਨੁਖਤਾ ਬਾਰੇ ਤੇ ਜਿਹੜਾ ਕੰਮ ਤੂੰ ਬਹੁਤ ਦੇਰ ਤੋਂ ਕਰਦਾ ਆ ਰਿਹੈ ਉਹੀ ਕਰ ‘ਅਯਾਸ਼ੀ’। 'ਮਨੁੱਖਤਾ ਲਈ ਖੂਨ ਵਹਾ ਦਿਆਂਗੇ, ਆਪਣੀ ਜਾਨ ਕੁਰਬਾਨ ਕਰ ਦਿਆਂਗੇ, ਕਿਸੇ ਦੀ ਈਨ ਨਹੀਂ ਮੰਨਾਂਗੇ ਇਹ ਸਭ ਤੁਹਾਡੇ ਲਈ ਕਿਤਾਬੀ ਗੱਲਾਂ ਨੇ ਜਾਂ ਕਹਿ ਲਉਂ ਚੇਲਿਆਂ ਵਿਚ ਨਾਮਣਾ ਖੱਟਣ ਲਈ ਖੇਡਿਆ ਗਿਆ ਡਰਾਮਾਂ।
ਤੇਰੇ ਵਰਗੇ ਸੋਚਦੇ ਨੇ ਕਿ ਬਸ ਸਟੇਜਾਂ ‘ਤੇ ਬੋਲ ਕੇ ਸਰ ਜਾਊ ਤੇ ਅਖ਼ਬਾਰਾਂ ਵਿਚ ਨਾਮ ਆ ਜਾਊ। ਫੋਕੀ ਸ਼ੋਹਰਤ ਦੇ ਭੁੱਖੇ ਤੁਸੀਂ ਕੀ ਜਾਣੋ ਆਜ਼ਾਦੀ ਕੀ ਹੰਦੀ ਐ। ਤੁਸੀਂ ਬੂਬਨੇ ਤਾਂ ਐਸ਼ਾਂ ਕਰਦੇ ਓ। ਸੋਚਦੇ ਓ ਕਾਫੀ ਦੇਰ ਤੋਂ ਕੁਝ ਨਵਾਂ ਨਈ ਕੀਤਾ ਚਲੋ ਇੰਜ ਕਰ ਲੈਦੇ ਹਾਂ। ਸਾਨੂੰ ਪੁੱਛ ਕੇ ਵੇਖ ਗੁਲਾਮੀ ਦੀ ਪੀੜ ਤੇ ਆਜ਼ਾਦੀ ਦੇ ਸੁਹਾਣੇ ਸੁਪਨੇ। ਕੋਈ ਨ੍ਹੀ ਸਾਧਾ ਸਾਨੂੰ ਪੈਰ ਸਿਰ ਹੋ ਜਾਣ ਦੇ ਤੇ ਸਿਵਿਆਂ ਵਿਚ ਰੁਲਦੀ ਰਾਖ ਸਾਂਭ ਲੈਣ ਦੇ, ਅਜੇ ਅਸੀਂ ਪਿਛਲੇ ਸਰਕਾਰੀ ਕਤਲੇਆਮ ਵਿਚੋਂ ਉਭਰਨ ਦਾ ਯਤਨ ਕਰ ਰਹੇ ਹਾਂ। ਸਾਨੂੰ ਸਾਂਭ ਲੈਣ ਦੇ ਵੀਰਾਂ ਦੀ ਯਾਦ ਤੇ ਗਿਣਤੀ ਵੀ ਕਰ ਲੈਣ ਦੇ ਲਾਵਾਰਸ ਲਾਸ਼ਾਂ ਦੀ। ਅਜੇ ਤਾਂ ਥਾਣਿਆਂ ਵਿਚੋਂ ਪਾਟੀਆਂ ਚੁੰਨੀਆਂ ਲੱਭ ਰਹੀਆਂ ਨੇ, ਤੇ ਪੁੱਠੇ ਲਮਕਾਏ ਬੇਕਸੂਰਾਂ ਦੀਆਂ ਚੀਕਾਂ ਸੁਣ ਰਹੀਆਂ ਨੇ, ਸਾਨੂੰ ਇਸ ਸਭ ਵਿਚੋਂ ਨਿਕਲ ਲੈਣ ਦੇ, ਫੇਰ ਅਸੀਂ ਦੱਸਾਂਗੇ ਕਿ ਅਜ਼ਾਦੀ ਲਈ ਮਨੁੱਖਤਾ ਦੀ ਆਜ਼ਾਦੀ ਲਈ ਕਿਵੇਂ ਲੜਿਆ ਜਾਂਦੈ ਤੇ ਮਨੁੱਖਤਾ ਦੀ ਸੇਵਾ ਕਿਵੇਂ ਕਰੀ ਜਾਂਦੀ ਐ। ਅਜੇ ਤਾਂ ਅਸੀਂ ਬੇਘਰੇ ਰੁਲਦੇ ਫਿਰ ਰਹੇ ਆਂ, ਸਾਨੂੰ ‘ਆਪਣਾ ਘਰ’ ਲੈ ਲੈਣ ਦੇ ਫੇਰ ਅਸੀਂ ਜੂਝਾਂਗੇ ਤੇ ਤੇਰੇ ਸਮੇਤ ਸਾਰੀ ਦੁਨੀਆਂ ਨੂੰ ਦੱਸ ਦਿਆਂਗੇ ਕਿ ਮਨੱਖਤਾ ਦੇ ਕਾਤਲਾਂ ਨੂੰ ਜਵਾਬ ਦੇਣ ਵਾਲੇ ਤੁਰ ਪਏ ਨੇ ਤੇ ਜੇ ਕੋਈ ਕਿਸੇ ‘ਤੇ ਜ਼ੁਲਮ ਕਰ ਰਿਹਾ ਹੈ ਤਾਂ ਤਿਆਰੀ ਕਰ ਲਵੇ ਪਰਲੋਕ ਦੀ।
ਹੁਣ ਸਾਧਾ ਅੰਤ ਵਿਚ ਤੈਨੂੰ ਇਕ ਨਸੀਅਤ ਐ ਕਿਉਂਕਿ ਤੂੰ ਸਾਡਾ ਇਕ ਸਿੰਘ ਸ਼ਹੀਦ ਕਰਕੇ ਸਾਨੂੰ ਫੇਰ ਝੰਜੋੜਿਐ, ਆਪਣੇ ਚੇਲਿਆਂ ਚੂਲਿਆਂ ‘ਤੇ ਬਹੁਤਾ ਮਾਣ ਨਾ ਕਰ, ਤੇਰੀ ਫੋਟੋ ਪੰਜਾਬ ਦੇ ਕਿਸੇ ਘਰ ‘ਚ ਨਈ ਦਿਸਦੀ, ਕਿਸੇ ਨੇ ਤੇਰੇ ਪਖੰਡਾਂ ਪਿੱਛੇ ਆਪਣੇ ਪੁੱਤ ਨਈਂ ਮਰਵਾਉਣੇ ਤੇ ਸਾਨੂੰ ਤਪਿਆਂ ਹੋਇਆਂ ਨੂੰ ਹੋਰ ਨਾ ਤਪਾ ਕਿਤੇ ਇਹ ਨਾ ਹੋਵੇ ਕਿ ਪਹਿਲਾਂ ਸਾਨੂੰ ....................................।
ਜਗਦੀਪ ਸਿੰਘ ‘ਫਰੀਦਕੋਟ’98157-63313

"ਕਿੰਨੇ ਸੂਰਜ ਵੈਰੀਓ ਖੋਹ ਲਉਂਗੇ ਸਾਥੋਂ.............."


“ਸੁਣ ਓ ਪਾਪੀ ਹਾਕਮਾਂ ਕੀ ਜ਼ੁਲਮ ਕਮਾਇਆ,
ਅੱਖਾਂ ‘ਤੇ ਬੰਨ੍ਹ ਪੱਟੀਆਂ ਤੂੰ ਹੁਕਮ ਸੁਣਾਇਆ,
ਅੱਗ ਲੱਗਜੇ ਤੇਰੇ ਰਾਜ ਦੇ ਮੱਚ ਜਾਣ ਮੁਨਾਰੇ,
‘ਸੱਚ ਨੂੰ ਫਾਂਸੀ’ ਲਾ ਦਿੱਤੀ ਜ਼ਾਲਮ ਸਰਕਾਰੇ।
ਕਿੰਨੇ ਸੂਰਜ ਵੈਰੀਓ ਖੋਹ ਲਉਂਗੇ ਸਾਥੋਂ,
ਕਦ ਤੱਕ ਸੁਰਖ਼ ਸਵੇਰ ਨੂੰ ਲਕੋ ਲਉਂਗੇ ਸਾਥੋਂ,
ਜਿੱਤ ਦੇ ਵੱਜ ਕੇ ਰਹਿਣਗੇ ਇਕ ਰੋਜ਼ ਨਗਾਰੇ,
‘ਸੱਚ ਨੂੰ ਫਾਂਸੀ’ ਲਾ ਦਿੱਤੀ ਜ਼ਾਲਮ ਸਰਕਾਰੇ।
31 ਜੁਲਾਈ 1940, ਇਸ ਦਿਨ ਨਾਲ ਇਕ ਮਹਾਨ ਯੋਧੇ ਦੀ ਯਾਦ ਜੁੜੀ ਹੋਈ ਹੈ। ਓਸ ਸੂਰਮੇਂ ਦੀ, ਜਿਸ ਨੇ ਅੰਗਰੇਜ਼ ਹਕੂਮਤ ਵਿਚਲੇ ਸਭ ਤੋਂ ਜ਼ਾਲਮ ਅਫਸਰ, ਲੱਖਾਂ ਇਨਸਾਨਾਂ ਦੇ ਕਾਤਲ, ਮਾਈਕਲ ਓਡਵਾਇਰ ਨੂੰ ਉਸ ਦੇ ਘਰ ਜਾ ਕੇ ਸੋਧਿਆ ਸੀ। ਭਾਂਵੇ 21 ਸਾਲ ਇੰਤਜਾਰ ਕਰਨਾ ਪਿਆ, ਪਰ 13 ਅਪ੍ਰੈਲ 1919 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਕ ਧਰਤੀ ਨੂੰ ਲਹੂ ਨਾਲ ਰੰਗਣ ਦੇ ਬਦਲੇ 13 ਮਾਰਚ 1940 ਨੂੰ ਪਾਪੀ ਓਡਵਾਇਰ ਦੀ ਛਾਤੀ ਗੋਲੀਆਂ ਨਾਲ ਛਲਣੀ ਕਰ ਕੇ ਯੋਧੇ ਨੇ ਆਪਣਾ ਪ੍ਰਣ ਨਿਭਾਇਆ ਤੇ ਪੰਥਕ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ। ਮੈਂ ਗੱਲ ਕਰ ਰਿਹਾਂ ‘ਸ਼ਹੀਦ ਸਰਦਾਰ ਊਧਮ ਸਿੰਘ ਸੁਨਾਮ’ ਦੀ, ਜਿਸ ਨੂੰ 31 ਜੁਲਾਈ 1940 ਨੂੰ ਗੋਰੀ ਹਕੂਮਤ ਨੇ ਫਾਂਸੀ ਚ੍ਹਾੜ ਕੇ ਸ਼ਹੀਦ ਕਰ ਦਿੱਤਾ ਸੀ। ਭਾਂਵੇ ਹਿੰਦੋਸਤਾਨੀਆਂ ਦੇ ਬਾਪੂ ਗਾਂਧੀ ਨੇ ਉਸ ਨੂੰ ‘ਪਾਗਲ’ ਕਿਹਾ ਸੀ ਤੇ ਭਾਂਵੇ ਹਿੰਦੋਸਤਾਨੀ ਪਾਠ ਪੁਸਤਕਾਂ ਵਿਚ ਉਸ ਯੋਧੇ ਨੂੰ ‘ਅੱਤਵਾਦੀ’ ਲਿਖਿਆ ਹੋਇਆ ਹੈ ਪਰ ਫਿਰ ਵੀ ਸਿਖ ਕੌਮ ਆਪਣੇ ਓਸ ਯੋਧੇ ਦੀ ਬਹਾਦਰੀ, ਸੂਰਮਤਾਈ ਤੇ ਕੁਰਬਾਨੀ ਨੂੰ ਹਮੇਸ਼ਾਂ ਸਿਜਦਾ ਕਰਦੀ ਰਹੇਗੀ ਤੇ ਸਿਖ ਗੱਭਰੂ ਉਸ ਤੋਂ ਪ੍ਰੇਰਨਾ ਲੈਂਦੇ ਰਹਿਣਗੇ......।
ਅੱਜ ਤੱਕ 31 ਜੁਲਾਈ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਕਰਕੇ ਹੀ ਸਾਡੇ ਦਿਲਾਂ ਵਿਚ ਵਸੀ ਹੋਈ ਹੈ। ਪਰ.............., ਅੱਜ 31 ਜੁਲਾਈ 2007 ਨੂੰ ਇਸ ਦਿਨ ਨਾਲ ਇਕ ਹੋਰ ਇਤਿਹਾਸਕ ਯਾਦ ਜੁੜ ਗਈ ਹੈ। ਅਤਿ ਸੁਰੱਖਿਅਤ? ਬੁੜੈਲ ਜ੍ਹੇਲ ਵਿਚਲੀ ਵਿਸ਼ੇਸ਼ ਅਦਾਲਤ ਨੇ ਆਪਣੇ ਇਕ ਫੈਸਲੇ ਵਿਚ ‘ਬੱਬਰ’ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਈ ਹੈ। ਕਿਉਂ................. ਕਾਰਨ ਜਾਣਨ ਲਈ ਥੋੜਾ ਪਿੱਛੇ ਜਾਣਾ ਪਵੇਗਾ।
ਇਹਨਾਂ ਯੋਧਿਆਂ ਨੇ ਵੀ ਇਕ ਓਡਵਾਇਰ ਨੂੰ ਉਡਾਇਆ ਸੀ, ਹਾਂ ਤੁਸੀ ਠੀਕ ਸੁਣਿਆਂ ਓਡਵਾਇਰ। ਸ਼ਾਇਦ ਤੁਹਾਨੂੰ ਯਾਦ ਹੋਵੇ, ਕਾਲੀਆਂ ਐਨਕਾਂ ਲਗਾ ਕੇ ਰੱਖਣ ਵਾਲਾ ਇਕ ਸਖ਼ਸ਼, ਜਿਸ ਦੇ ਜ਼ੁਲਮਾਂ ਨੇ ਜਕਰੀਆਂ ਖ਼ਾਨ ਨੂੰ ਵੀ ਮਾਤ ਪਾ ਦਿੱਤੀ ਸੀ। ਜਿਹੜਾ ਹਿੰਦੂ ਮਿਥਿਹਾਸ ਦੇ ਰਾਕਸ਼ਸ਼ਾਂ ਵਾਂਗ ਹਮੇਸ਼ਾਂ ਆਦਮ ਬੋ, ਆਦਮ ਬੋ ਕਰਦਾ ਰਹਿੰਦਾ ਸੀ, ਤੇ ਜਿੱਥੇ ਕਿਤੇ ਉਸ ਨੂੰ ਕੋਈ ਦਾਹੜੀ, ਕੇਸਾਂ ਵਾਲਾ ਕੋਈ ਇਨਸਾਨ ਦਿਸਦਾ, ਝੱਟ ਉਸ ਨੂੰ ਨਿਗਲ ਜਾਂਦਾ ਤੇ ਹੱਡੀਆਂ ਵੀ ਨਾ ਲੱਭਣ ਦਿੰਦਾ। ਇਕ ਐਸਾ ਜ਼ਾਲਮ ਜਿਸ ਨੇ ਲੋਕਾਂ ਦੇ ਮੂੰਹਾਂ ਨੂੰ ਜਿੰਦਰੇ ਲਵਾ ਦਿੱਤੇ ਸਨ, ਤੇ ਜੇ ਕੋਈ ਬੋਲਦਾ ਸੀ ਤਾਂ ਉਸ ਦੀ ਅਗਲੇ ਦਿਨ ਅਖ਼ਬਾਰ ਵਿਚ ਖ਼ਬਰ ਲੱਗੀ ਹੁੰਦੀ, ‘ਖੂੰਖ਼ਾਰ ਅੱਤਵਾਦੀ ਫਲਾਣਾ ਸਿੰਘ ਪੁਲਸ ਮੁਕਾਬਲੇ ਵਿਚ ਹਲਾਕ’। 'ਸੱਚ ਲਿਖਣ ਵਾਲੀਆਂ ਸਾਰੀਆਂ ਕਲਮਾਂ ਦੀਆਂ ਨਿੱਬਾਂ ਤੋੜ ਦਿੱਤੀਆਂ ਗਈਆਂ ਸਨ, ਤੇ ਲੋਕਾਂ ਤੱਕ ਸੱਚ ਪੁਚਾਉਣ ਵਾਲੇ ਸਾਰੇ ਕਾਗਜ਼ਾਂ ਨੂੰ ਅੱਗ ਲਾ ਦਿੱਤੀ ਗਈ ਸੀ। ਮਾਈਕਲ ਓਡਵਾਇਰ ਨੇ ਤਾਂ ਸਿਰਫ ਸ਼੍ਰੀ ਅੰਮ੍ਰਿਤਸਰ ਸਾਹਬ ਦੇ ਜਲਿਆਂ ਵਾਲੇ ਬਾਗ ਵਿਚ ਕਤਲੇਆਮ ਕੀਤਾ ਸੀ, ਪਰ ਇਸ ਜ਼ਾਲਮ ਨੇ ਤਾਂ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਦੇ ਹਰ ਇਕ ਪਿੰਡ, ਸ਼ਹਿਰ ਇੱਥੋਂ ਤੱਕ ਕਿ ਹਰ ਇਕ ਘਰ ਵਿਚ ਜਲਿਆਂ ਵਾਲਾ ਬਾਗ ਬਣਾ ਦਿੱਤਾ ਸੀ। ਇਹ ਪਾਪੀ ਸੀ, ਲੱਖਾਂ ਨੌਜੁਆਨਾਂ, ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਕਾਤਲ, ਮੁੱਖ ਮੰਤਰੀ ਬੇਅੰਤ ਸਿਹੁੰ।
6% ਵੋਟਾਂ ਨਾਲ ਮੁੱਖ ਮੰਤਰੀ ਬਣੇ ਬੇਅੰਤੇ ਦੇ ਬੇਅੰਤ ਜ਼ੁਲਮਾਂ ਨੇ ਪੰਜਾਬ ਦੀ ਧਰਤੀ ‘ਤੇ ਐਸਾ ਕਹਿਰ ਵਰਤਾਇਆ ਜਿਹਾ ਕਿ ਪਹਿਲਾਂ ਕਦੇ ਕਿਸੇ ਨੇ ਦੇਖਿਆ ਨਾ ਸੁਣਿਆਂ। ਸਾਰਾ ਪੰਜਾਬ ਤ੍ਰਾਹ-ਤ੍ਰਾਹ ਕਰ ਰਿਹਾ ਸੀ। ਕੋਈ ਐਸਾ ਘਰ ਨਹੀਂ ਸੀ ਜਿਸ ‘ਤੇ ਇਸ ਪਾਪੀ ਦਾ ਕਹਿਰ ਨਾ ਵਰਤਿਆ ਹੋਵੇ। ਮਾੜਾ ਮੋਟਾ ਸੇਕ ਹਰ ਇਕ ਨੂੰ ਲੱਗਾ ਸੀ। ਅੰਨੇਵਾਹ ਸਿਖ ਨੌਜੁਆਨੀ ਨਿੱਤ ਨਵੇਂ ਸੂਰਜ ਕਤਲ ਕੀਤੀ ਜਾ ਰਹੀ ਸੀ। ਪਰ ਇਸ ਦੀ ਭੁੱਖ ਸੀ ਕਿ ਲੱਖਾਂ ਨਰ ਬਲੀਆਂ ਲੈ ਕੇ ਵੀ ਬੁਝ ਨਹੀਂ ਰਹੀ ਸੀ। ਦਿਨ ਰਾਤ ਪੰਜਾਬ ਦੇ ਹਰੇਕ ਘਰ ਦੀਆਂ ਕੁਰਲਾਹਟਾਂ ਤੇ ਵੈਣ ਸੁਣ ਕੇ ਵੀ ਇਸ ਦਾ ਤੇ ਇਸਦੇ ਸਾਥੀਆਂ ਦਾ ਪੱਥਰ ਦਿਲ ਪਿਘਲ ਨਹੀਂ ਰਿਹਾ ਸੀ। ਥਾਣਿਆਂ, ਕੋਤਵਾਲੀਆਂ ਦੇ ਟਾਰਚਰ ਰੂਮਾਂ ਵਿਚ ਲਗਾਤਾਰ ਹੋ ਰਿਹਾ ਅਣਮਨੁੱਖੀ ਤਸ਼ੱਦਦ, ਪੁੱਠੇ ਲਮਕਾਏ ਸਿੰਘ, ਜਿਹਨਾਂ ਨੂੰ ਜਿਊਂਦੇ ਸਾੜਿਆਂ ਜਾ ਰਿਹਾ ਸੀ, ਨੌਂਹ ਖਿੱਚੇ ਜਾ ਰਹੇ ਸਨ, ਮਾਸ ਨੋਚਿਆ ਜਾ ਰਿਹਾ ਸੀ, ਬੰਦ ਬੰਦ ਕੱਟੇ ਜਾ ਰਹੇ ਸਨ, ਦੇਗਾਂ ਵਿਚ ਉਬਾਲੇ ਜਾ ਰਹੇ ਸਨ, ਖੋਪਰੀਆਂ ਲਾਹੀਆਂ ਜਾ ਰਹੀਆਂ ਸਨ, ਬਿਜਲੀ ਦੇ ਕਰੰਟ, ਦਾਰੂ ਦੀਆਂ ਬੋਤਲਾਂ, ਭੈਣ ਭਰਾ ਤੇ ਪਿਉ ਧੀ ਬਿਨਾ ਕੱਪੜਿਆਂ ਤੋਂ ਇਕੱਠੇ................, ਤੇ ਇਹ ਸਭ ਕੁਝ ਵੇਖ ਕੇ ਇਹ ਸਵਾਦ ਲੈ ਰਿਹਾ ਸੀ। ਕਈ ਵਾਰ ਮੀਰ ਮੰਨੂੰ, ਫਰਖ਼ਸ਼ੀਅਰ, ਨਾਜ਼ੀ ਹਿਟਲਰ ਤੇ ਹੋਰ ਕਈ ਮਨੁੱਖਤਾ ਦੇ ਕਾਤਲ ਬੇਅੰਤੇ ਦਾ ਘਿਣਾਉਣਾ, ਕਰੂਪ ਤੇ ਜ਼ਾਲਮ ਚਿਹਰਾ ਵੇਖ ਕੇ ਕੰਬ ਜਾਂਦੇ ਸਨ। ਪਰ ਇਸ ਦੇ ਜ਼ੁਲਮ ਬਾਦਸਤੂਰ ਜਾਰੀ ਸਨ।
ਗੁਰਦੁਆਰਿਆਂ ਵਿਚ ਜੇ ਕੋਈ ਉੱਚੀ ਆਵਾਜ ਵਿਚ ‘ਰਾਜ ਕਰੇਗਾ ਖਾਲਸਾ’ ਵਾਲਾ ਦੋਹਿਰਾ ਪੜ੍ਹ ਦਿੰਦਾ ਸੀ ਤਾਂ ਉਸ ਨੂੰ ਝੱਟ ਖਤਰਨਾਕ ਅੱਤਵਾਦੀ ਘੋਸ਼ਿਤ ਕਰ ਦਿੱਤਾ ਜਾਂਦਾ ਸੀ ਤੇ ਕੁਝ ਦਿਨਾ ਪਿੱਛੋਂ ਉਸ ਦੀ ਬੇਪਛਾਣ ਲਾਸ਼ ਕਿਸੇ ਦਰਿਆਂ, ਨਹਿਰ ਦੇ ਪੁਲ ਤੇ ਬੇਕਫਨ ਪਈ ਹੁੰਦੀ ਸੀ।
...ਤੇ ਇਹਨਾਂ ਅਨੁਸਾਰ ਸੱਤਵਾਦ ਕੀ ਸੀ, ਬੇਅੰਤੇ ਦਾ ਸਕਾ ਪੋਤਰਾ ਫਰਾਂਸ ਦੀ ਕੇਤੀਆ ਨਾਮੀ ਕੁੜੀ ਨਾਲ ਕਈ ਦਿਨ ਲਗਾਤਾਰ ਬਲਾਤਕਾਰ ਕਰਦਾ ਰਿਹਾ ਤੇ ਉਸ ਨੂੰ ਫੌਰਨ ਸੱਤਵਾਦੀ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿਤਾ ਗਿਆ। ਅੱਜ ਕੱਲ ਇਸ ਦੇ ਕਈ ਵਾਰ ਅਖ਼ਬਾਰਾਂ ਵਿਚ ਬਿਆਨ ਛਪਦੇ ਹਨ ਕਿ ‘ਪੰਜਾਬ ਵਿਚ ਅੱਤਵਾਦ ਨੂੰ ਮੁੜ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ’। ਸ਼ਾਇਦ ਇਸ ਨੂੰ ਅੱਤਵਾਦ ਦੀ ਪ੍ਰੀਭਾਸ਼ਾ ਨਹੀਂ ਪਤਾ, ਅੱਤਵਾਦ ਤਾਂ ਉਹ ਸੀ ਜੋ ਇਸ ਦੇ ਜ਼ਾਲਮ ਦਾਦੇ ਤੇ ਉਸ ਦੀ ਸ਼ਕਤੀ ਹੇਠ ਇਹਨਾਂ ਨੇ ਕੁਕਰਮ ਕਰਕੇ ਫੈਲਾਇਆ ਹੋਇਆ ਸੀ। ਧੀਆਂ, ਭੈਣਾ ਦੀ ਇੱਜਤ ਲੁੱਟਣ ਵਾਲੇ ਤਾਂ ਅੱਤਵਾਦੀ ਕਹੇ ਜਾ ਸਕਦੇ ਹਨ ਪਰ ਇੱਜ਼ਤਾਂ ਬਚਾਉਣ ਵਾਲੇ ਅੱਤਵਾਦੀ ਨਹੀਂ ਸੂਰਮੇਂ ਹੁੰਦੇ ਹਨ। ਇਹਨਾਂ ਦਾ ਨਾਮ ਹਮੇਸ਼ਾਂ ਇਜ਼ਤਾਂ ਲੁੱਟਣ ਵਿਚ ਤੇ ਸਾਡਾ ਇੱਜ਼ਤਾਂ ਬਚਾਉਣ ਵਿਚ ਆਉਂਦਾ ਹੈ।
ਡੇਢ ਲੱਖ ਸਿਖਾਂ ਦਾ ਕਾਤਲ ਬੇਅੰਤਾ ਅਸਲ ਅੱਤਵਾਦੀ ਹੈ ਨਾ ਕਿ ਉਸ ਨੂੰ ਸੋਧਣ ਵਾਲੇ ਸੂਰਮੇਂ। ਅੱਜ ਕੱਲ ਬੜਾ ਰੌਲਾ ਪਾਇਆ ਜਾ ਰਿਹਾ ਹੈ ਕਿ ਬੇਅੰਤ ਸਿਹੁੰ ਸ਼ਾਂਤੀ ਦਾ ਮਸੀਹਾ ਸੀ, ਉਸ ਨੇ ਪੰਜਾਬ ਵਿਚ ਮਹੌਲ ਠੀਕ ਕੀਤਾ, ਪਰ ਅਸਲ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਪੰਜਾਬ ਵਿਚ ਸ਼ਾਂਤੀ ਲਿਆਂਦੀ ਇਸ ਪਾਪੀ ਨੂੰ ਉਡਾਉਣ ਵਾਲੇ ਸੂਰਮਿਆਂ ਨੇ। ਬੇਅੰਤੇ ਨੇ ਅੱਤਵਾਦ ਦਾ ਹਊਆ ਖੜਾ ਕਰਕੇ ਲੱਖਾਂ ਸਿਖ ਨੌਜੁਆਨਾਂ ਦਾ ਦਿਨ ਦਿਹਾੜੇ ਕਤਲ ਕੀਤਾ, ਕਈ ਹਜ਼ਾਰ ਲਾਵਾਰਿਸ ਕਹਿ ਕੇ ਸਾੜੇ। ਆਪਣੇ ਅੰਤ ਤੱਕ ਉਹ ਸਿਖ ਨੌਜੁਆਨਾਂ ਦੇ ਖ਼ੂਨ ਨਾਲ ਹੋਲੀ ਖੇਡਦਾ ਰਿਹਾ। ਪਰ ਤੱਥ ਦੱਸਦੇ ਹਨ ਕਿ ਬੇਅੰਤੇ ਪਾਪੀ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਇਕ ਵੀ ਮੁਕਾਬਲਾ ਨਹੀਂ ਹੋਇਆ। ਕੀ ਬੇਅੰਤੇ ਦੀ ਮੌਤ ਤੋਂ ਤੁਰੰਤ ਬਾਅਦ ਹੀ ਅੱਤਵਾਦ (ਇਹਨਾਂ ਦੁਆਰਾ ਕਿਹਾ ਜਾਣ ਵਾਲਾ) ਖਤਮ ਹੋ ਗਿਆ ਸੀ? ਅਸਲ ਵਿਚ ਬੇਅੰਤਾ ਹੀ ਸਭ ਤੋਂ ਵੱਡਾ ਅੱਤਵਾਦੀ ਸੀ। ਇਸ ਨੂੰ ਕੀਤੇ ਦੀ ਸਜਾ ਮਿਲ ਗਈ ਤੇ ਇਸ ਦਾ ਦੂਜਾ ਅੱਤਵਾਦੀ ਸਾਥੀ ਪੰਜਾਬ ਵਿਚੋਂ ਭੱਜ ਗਿਆ ਤੇ ਇਹਨਾਂ ਦੋਹਾਂ ਅੱਤਵਾਦੀਆਂ ਦੇ ਚਲੇ ਜਾਣ ਪਿੱਛੋਂ ਅਸਲੀ ਅੱਤਵਾਦ (ਜੋ ਇਨ੍ਹਾਂ ਦੁਆਰਾ ਫੈਲਾਇਆ ਗਿਆ ਸੀ) ਦਾ ਖਾਤਮਾਂ ਹੋ ਗਿਆ, ਕਿਉਂਕਿ ਨਿਰਦੋਸ਼ੇ ਸਿਖ ਨੌਜੁਆਨਾਂ ਦੇ ਕਤਲ ਬੰਦ ਹੋ ਗਏ, ਧੀਆਂ, ਭੈਣਾ ਦੀ ਥਾਣਿਆਂ ਵਿਚ ਨਿਤ ਦਿਹਾੜੀ ਹੁੰਦੀ ਬੇਪੱਤੀ ਰੁਕ ਗਈ ਤੇ ਪੰਜਾਬ ਵਿਚ ਮੁੜ ਸ਼ਾਂਤੀ ਆ ਗਈ। ਸੋ ਇਸ ਸ਼ਾਂਤੀ ਦਾ ਸਾਰਾ ਕਰੈਡਿਟ ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਏਸ ਪਾਪੀ ਦਾ ਸਿਰ ਭੰਨ ਕੇ ਪੰਜਾਬ ਵਿਚ ਹੋਰ ਕਤਲੋ ਗਾਰਤ ਬੰਦ ਕਰਵਾਈ।
ਜਿਸ ਤਰ੍ਹਾਂ ਸਰਦਾਰ ਊਧਮ ਸਿੰਘ ਨੇ ਓਡਵਾਇਰ ਨੂੰ ਉਸ ਦੇ ਘਰ ਜਾ ਕੇ ਸੋਧਿਆ ਸੀ ਉਸੇ ਤਰ੍ਹਾਂ ਇਹਨਾਂ ਸੂਰਮਿਆਂ ਨੇ ਵੀ ਬੇਅੰਤੇ ਨੂੰ ਉਸ ਦੇ ਘਰ ਸਕੱਤਰੇਤ ਵਿਖੇ ਉਡਾਇਆ ਤੇ ਉਸ ਪਾਪੀ ਦੇ ਸਰੀਰ ਦਾ ਇਕ ਵੀ ਟੁਕੜਾ ਨਹੀਂ ਲੱਭਿਆ। ਭਾਈ ਦਿਲਾਵਰ ਸਿੰਘ ਦੁਆਰਾ ਕੀਤੀ ਗਈ ਇਸ ਕੁਰਬਾਨੀ ਨੂੰ ਕੌਮ ਹਮੇਸ਼ਾਂ ਸੀਸ ਝੁਕਾਉਦੀ ਰਹੇਗੀ।
ਹੁਣ ਗੱਲ ਕਰਦੇ ਹਾਂ ਕੋਰਟ ਦੁਆਰਾ ਆਏ ਇਸ ਫੈਸਲੇ ਦੀ। ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਕੇਸ ਜੇਲ੍ਹ ਵਿਚ ਅਦਾਲਤ ਲਗਾ ਕੇ ਚਲਾਇਆ ਜਾਂਦਾ ਸੀ ਉਸੇ ਤਰ੍ਹਾਂ ਇਹਨਾਂ ਜੁਝਾਰੂਆਂ ਦੇ ਕੇਸ ਦੀ ਸੁਣਵਾਈ ਵੀ ਬੁੜੈਲ ਜੇਲ਼੍ਹ ਵਿਚ ਇਕ ਵਿਸ਼ੇਸ਼ ਅਦਾਲਤ ਲਗਾ ਕੇ ਕੀਤੀ ਗਈ। ਪਿਛਲੇ 12 ਸਾਲ ਤੋਂ ਇਹ ਕੇਸ ਚੱਲ ਰਿਹਾ ਹੈ। ਹੁਣ ਅਦਾਲਤ ਨੇ ਇਸ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਤੇ ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਨੂੰ ਉਮਰ ਕੈਦ ਤੇ ਭਾਈ ਨਸੀਬ ਸਿੰਘ ਨੂੰ 10 ਸਾਲ (ਜੋ ਕਿ ਪਹਿਲਾਂ ਹੀ 12 ਸਾਲ ਕੱਟ ਚੁਕੇ ਹਨ) ਦੀ ਸਜਾ ਸੁਣਾਈ ਹੈ। ਇੱਥੇ ਇਹ ਜਿਕਰ ਜਰੂਰੀ ਹੈ ਕਿ ਭਾਈ ਨਸੀਬ ਸਿੰਘ ਨੂੰ ਆਰਮਜ਼ ਐਕਟ ਅਧੀਨ 10 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਜ਼ੁਰਮ ਲਈ ਵੱਧ ਤੋਂ ਵੱਧ ਹੈ ਤੇ ਇਸੇ ਆਰਮਜ਼ ਐਕਟ ਅਧੀਨ ਸੰਜੇ ਦੱਤ ਨੂੰ 6 ਸਾਲ ਦੀ ਸਜਾ ਸੁਣਾਈ ਹੈ ਤੇ ਇਸ ਲਈ ਘੱਟ ਤੋਂ ਘੱਟ ਸਜਾ ਹੈ 5 ਸਾਲ, ਤੇ ਉੱਤੋਂ ਸੰਜੇ ਦੱਤ ਨੂੰ ਜਮਾਨਤ ਵੀ ਦੇ ਦਿੱਤੀ ਗਈ ਹੈ, ਹੈ ਨਾ ਸ਼ਰੇਆਮ ਬੇਇਨਸਾਫੀ।
ਭਾਈ ਜਗਤਾਰ ਸਿੰਘ ਹਵਾਰਾ ਇਸ ਕੇਸ ਵਿਚ ਮੁੱਖ ਆਰੋਪੀ ਸੀ। ਇਕ ਵਾਰ ਉਹ ਆਪਣੇ ਦੋ ਸਾਥੀਆਂ ਨਾਲ ਇਸ ਅਤਿ ਸੁਰੱਖਿਅਤ ਬੁੜੈਲ ਜੇਲ੍ਹ ਵਿਚੋਂ ਭੱਜਣ ਵਿਚ ਵੀ ਕਾਮਯਾਬ ਰਹੇ ਹਨ ਤੇ ਜਦੋਂ ਉਹ ਦੁਬਾਰਾ ਫੜ੍ਹੇ ਗਏ ਤਾਂ ਤੁਹਨਾਂ ਦੇ ਚਿਹਰੇ ‘ਤੇ ਚੜਦੀ ਕਲਾ ਉਵੇਂ ਬਰਕਰਾਰ ਸੀ। ਅਖ਼ਬਾਰਾਂ ਵਿਚ ਉਹਨਾਂ ਦੀ ਇਕ ਤਸਵੀਰ ਛਪੀ, ਜਿਸ ਵਿਚ ਕਈ ਪੁਲਸ ਵਾਲਿਆਂ ਨੇ ਉਹਨਾਂ ਨੂੰ ਜਕੜਿਆ ਹੋਇਆ ਸੀ ਪਰ ਉਹ ਫਿਰ ਵੀ ਮੁਸਕੁਰਾ ਰਹੇ ਸਨ ਤੇ ਇੰਜ ਕਹਿੰਦੇ ਪ੍ਰਤੀਤ ਹੋ ਰਹੇ ਸਨ,
“ਮੰਜ਼ਿਲ ਦੇ ਵੱਲ ਜਾਂਦਿਆਂ ਰਾਹੀਆਂ ਦੇ ਬੇੜੀਆਂ,

ਮੈਂ ਹਾਂ ਬੈਠਾ ਸੋਚਦਾ ਰੁੱਤਾਂ ਇਹ ਕਿਹੜੀਆਂ,

ਇਹਨਾਂ ਰੁੱਤਾਂ ਨੂੰ ਬਦਲਾਉਣ ਦਾ ਇਕਰਾਰ ਕਰਾਂਗਾ ਮੈਂ,

ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈਂ।
ਭਾਈ ਬਲਵੰਤ ਸਿੰਘ ਨੇ ਅਦਾਲਤ ਵਿਚ ਪਹਿਲਾਂ ਹੀ ਕਬੂਲ ਕਰ ਲਿਆ ਸੀ ਕਿ ਉਹ ਇਸ ਸਭ ਦੀ ਜਿੰਮੇਵਾਰੀ ਆਪਣੇ ਸਿਰ ਲੈਂਦਾ ਹੈ। ਸੋ ਇਹਨਾਂ ਦੋਹਾਂ ਵੀਰਾਂ ਨੂੰ ਫਾਂਸੀ ਦੀ ਸਜਾ ਤਾਂ ਤਹਿ ਹੀ ਮੰਨੀ ਜਾਂਦੀ ਸੀ। ਇਹਨਾਂ ਦੋਹਾਂ ਨੂੰ ਜਦੋਂ ਜੱਜ ਨੇ ਸਜਾ ਸੁਣਾਈ ਤਾਂ ਇਹਨਾਂ ਨੇ ਚੜਦੀ ਕਲਾ ਦਾ ਸਬੂਤ ਦਿੰਦੇ ਹੋਏ ਨਾਹਰਿਆਂ ਨਾਲ ਜੇਲ੍ਹ ਗੂੰਜਾ ਦਿੱਤੀ। ਦੋਹਾਂ ਨੇ ਹੀ ਫਾਂਸੀ ਦੀ ਸਜਾ ਖਿੜੇ ਮੱਥੇ ਪ੍ਰਵਾਨ ਕੀਤੀ। ਭਾਈ ਬਲਵੰਤ ਸਿੰਘ ਨੇ ਤਾਂ ਸਾਫ ਕਹਿ ਦਿੱਤਾ ਕਿ ਉਹ ਅੱਗੇ ਅਪੀਲ ਨਹੀਂ ਕਰਨਗੇ। ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਮੁਸਕੁਰਾਉਂਦੇ ਹੋਏ ਕਿਹਾ ਕਿ ਉਹ ਫਾਂਸੀ ਚੜਨ ਤੋਂ ਪਹਿਲਾਂ ਵੀ ਐਕਸਰਸਾਈਜ (ਕਸਰਤ, ਜੋ ਕਿ ਉਹਨਾਂ ਦੇ ਰੋਜ ਦਾ ਰੁਟੀਨ ਹੈ) ਕਰਨਗੇ। ਦੋਹਾਂ ਯੋਧਿਆਂ ਨੇ ਜੇਲ੍ਹ ਵਿਚ ਆਪਣੇ ਵੱਲੋਂ ਲੱਡੂ ਵੰਡੇ ਜਾਣ ਦਾ ਐਲਾਨ ਵੀ ਕੀਤਾ।
ਇਸ ਸਾਰੇ ਘਟਨਾਕ੍ਰਮ ਵਿਚ ਜਿਸ ਗੱਲ ਨੇ ਮਨ ਨੂੰ ਸਭ ਤੋਂ ਵੱਧ ਦੁਖੀ ਕੀਤਾ ਉਹ ਹੈ, ਪੰਥ ਵੱਲੋਂ ਇਹਨਾਂ ਜੁਝਾਰੂਆਂ ਨੂੰ ਵਿਸਾਰਨਾ। ਮੰਨਿਆਂ ਕਿ ਸਰਸੇ ਵਾਲਾ ਮੁੱਦਾ ਵੱਡਾ ਹੈ, ਪਰ ਉਸ ਵਿਚ ਹੁਣ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਰਿਹਾ, ਸਭ ਕੁਝ ਸਿਆਸੀ ਹੱਥਾਂ ਵਿਚ ਚਲਾ ਗਿਆ ਹੈ। ਪਰ ਇਹਨਾਂ ਜੁਝਾਰੂਆਂ ਦੀ ਸੁਣਵਾਈ ’ਤੇ ਸਾਨੂੰ ਵੱਡੀ ਗਿਣਤੀ ਵਿਚ ਇਕੱਠੇ ਹੋਣਾ ਚਾਹੀਦਾ ਸੀ। ਭਾਂਵੇ ਕਿ ਸੂਰਮੇ ਚੜਦੀ ਕਲਾ ਵਿਚ ਸਨ, ਪਰ ਉਹਨਾਂ ਦੇ ਪਰਿਵਾਰਾਂ ਨੂੰ ਸਾਡੇ ਆਉਣ ਨਾਲ ਬਹੁਤ ਹੌਸਲਾ ਮਿਲਣਾ ਸੀ ਤੇ ਉਹਨਾਂ ਨੂੰ ਆਪਣੇ ਪੁੱਤਰਾਂ ਉੱਤੇ ਹੋਰ ਫਖ਼ਰ ਹੋਣਾ ਸੀ। ਉਹੀ ਗਿਣੀਆਂ ਚੁਣੀਆਂ ਤਿੰਨ ਚਾਰ ਜਥੇਬੰਦੀਆਂ ਦੇ 100 ਕੁ ਦੇ ਕਰੀਬ ਸਿੰਘ, ਜਿਵੇਂ ਇਹ ਸਿਰਫ ਉਹਨਾਂ ਦੀ ਹੀ ਡਿਊਟੀ ਹੁੰਦੀ ਹੈ।
ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਹਨਾਂ ਯੋਧਿਆਂ ਦੀ ਚੜਦੀ ਕਲਾ ਲਈ ਅਰਦਾਸਾਂ ਕਰੀਏ ਤੇ ਇਹਨਾਂ ਨੂੰ ਆਪਣੇ ਦਿਲਾਂ ਵਿਚ ਥਾਂ ਦੇਈਏ॥ ਇਹਨਾਂ ਨੇ ਆਪਣੀਆਂ ਜਵਾਨੀਆਂ ਪੰਥ ਦੇ ਲੇਖੇ ਲਾਈਆਂ ਹਨ ਤੇ ਪੰਥ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਵੇ। ਸਾਡੇ ‘ਦੇਸ਼ ਭਗਤ’ ਜਥੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਜੇ ਕਦੇ ਮਾੜਾ ਮੋਟਾ ਟਾਈਮ ਲੱਗੇ ਤਾਂ ਇਹਨਾਂ ਸੂਰਮਿਆਂ ਦੀ ਸਾਰ ਲੈਣ, ਭਾਂਵੇ ਇਹਨਾਂ ਜਥੇਦਾਰਾਂ ਤੋਂ ਬਹੁਤੀ ਆਸ ਤਾਂ ਨਹੀਂ ਰੱਖੀ ਜਾ ਸਕਦੀ ਪਰ ਫਿਰ ਵੀ ਸਾਨੂੰ ਇਹਨਾਂ ਦੇ ਫਰਜ਼ ਯਾਦ ਦਿਵਾਉਂਦੇ ਰਹਿਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਏ.ਸੀ. ਗੱਡੀਆਂ ਤੇ ਮਖ਼ਮਲੀ ਸੋਫੇ ਸਭ ਕੁਝ ਭੁਲਾ ਦਿੰਦੇ ਹਨ। ਸੋ ਮਖ਼ਮਲੀ ਗੱਦਿਆਂ ਦਾ ਅਨੰਦ ਮਾਣ ਰਹੇ ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਕਦੇ ਬੁੜੈਲ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਗਰਮੀਂ ਨਾਲ ਸੜ ਰਹੇ ਉਹਨਾਂ ਸਿੰਘਾਂ ਦੀ ਸਾਰ ਵੀ ਲੈ ਲਿਉ, ਉਨ੍ਹਾਂ ਨੇ ਤੁਹਾਨੂੰ ਤੇ ਸਾਨੂੰ ਇਹ ਸੁਖ ਸਹੂਲਤਾਂ ਦਿਵਾਉਣ ਲਈ ਹੀ ਆਪਣਾ ਸਭ ਕੁਝ ਵਾਰਿਆ ਹੈ। ਤੇ ਅੰਤ ਵਿਚ ਹਿੰਦ ਹਕੂਮਤ ਨੂੰ ਇਕ ਸੁਨੇਹਾਂ,
“ਝੂਠਿਆਂ ਕੇਸਾਂ ‘ਚ ਸਾਨੂੰ ਕਰ ਲੈ ਤੂੰ ਕੈਦ ਭਾਂਵੇ, ਮਰਜ਼ੀ ਦੇ ਘੜ ਕੇ ਕਨੂੰਨ ਨੀ,ਡੱਕ ਨਈਓਂ ਹੋਣੀ ਇਹ ਜਵਾਨੀ ਨੀ ਜੰਜ਼ੀਰਾਂ ਵਿਚ ਡੋਲ ਨਾ ਬੇਦੋਸ਼ਿਆਂ ਦਾ ਖ਼ੂਨ ਨੀ,ਸਿੰਘਾਂ ਨੂੰ ਤਾਂ ਚਾਅ ਸਦਾ ਰਹਿੰਦਾ ਕੁਰਬਾਨੀਆਂ ਦਾ, ਲੈਂਦੇ ਨੇ ਸ਼ਹੀਦੀ ਜ਼ਾਮ ਪੀ,ਵੱਢ ਲੈ ਟੁੱਕ ਲੈ ਮਾਰਲੈ ਹਕੂਮਤੇ ਨੀ, ਜਿੰਨਾ ਤੇਰਾ ਕਰਦਾ ਏ ਜੀਅ,ਹੱਕਾਂ ਲਈ ਸ਼ਹੀਦ ਹੋਣਾ ਮੁੱਢ ਤੋਂ ਅਸੂਲ ਸਾਡਾ ਅਸਾਂ ਤੈਥੋਂ ਝੁਕਣਾ ਏ ਕੀ”
ਜਗਦੀਪ ਸਿੰਘ ਫਰੀਦਕੋਟ (9815763313)

ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ


'ਜੁਗਰਾਜ ਸਿੰਘ ਯੋਧਾ ਜੋ ਟਕਰਾਉਦਾ ਨਾਲ ਤੂਫਾਨਾਂ'"
ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ" ਅੱਜ ਫਿਰ ਸ਼ਾਮ ਨੂੰ ਸਾਡੇ ਘਰ ਰੋਟੀ ਨਹੀਂ ਪੱਕੀ। ਮਾਂ ਨੂੰ ਕਿਹਾ, "ਮਾਂ ਭੁੱਖ ਲੱਗੀ ਐ" ਤਾਂ ਮਾਂ ਨੇ ਜਵਾਬ ਦਿੱਤਾ, "ਪੁੱਤ ਅੱਜ ਤਾਂ ਸਾਰੇ ਪੰਜਾਬ ਦੇ ਗਲੋਂ ਪਾਣੀ ਦਾ ਘੁੱਟ ਨਈਂ ਲੰਘਦਾ ਮੈ ਰੋਟੀ ਕਿਵੇਂ ਪਕਾਵਾਂ" ਏਨਾ ਕਹਿਣ ਪਿੱਛੋਂ ਮਾਂ ਰੋਣ ਲੱਗੀ, ਮਾਂ ਨੂੰ ਰੋਂਦੇ ਦੇਖ ਕੇ ਛੋਟੀ ਭੈਣ ਵੀ ਨਾਲ ਹੀ ਰੋਣ ਲੱਗ ਪਈ। ਮੈਂ ਹੈਰਾਨ ਸਾਂ, ਮਾਂ ਦੀ ਗੱਲ ਮੇਰੀ ਜਵਾਂ ਸਮਝ ਨਹੀਂ ਆਈ। ਉਮਰ ਹੀ ਛੋਟੀ ਸੀ, ਸਿਰਫ 9 ਸਾਲ। ਗੱਲ 8 ਅਪ੍ਰੈਲ 1990 ਦੀ ਹੈ। ਇਸ ਦਿਨ ਵਾਪਰੀ ਘਟਨਾਂ ਤੇ ਮਾਂ ਵੱਲੋਂ ਕਹੀਆਂ ਗਈਆਂ ਗੱਲਾਂ ਦੀ ਮੈਨੂੰ ਹੁਣ ਸਮਝ ਲੱਗਣ ਲੱਗੀ ਹੈ, ਜਦੋਂ ਮੈਂ ਇਸ ਦਿਨ ਦਾ ਇਤਿਹਾਸ ਪੜ੍ਹਿਆ ਤੇ ਇਤਿਹਾਸ ਨੂੰ ਇਹ ਦਿਨ ਚੇਤੇ ਕਰ-ਕਰ ਭੁੱਬਾਂ ਮਾਰਦੇ ਤੱਕਿਆ। ਇਸ ਦਿਨ ਇਕ ਲੋਕ ਨਾਇਕ ਸੂਰਮਾਂ ਜ਼ਾਲਮ ਹਕੂਮਤ ਨਾਲ ਲੋਹਾ ਲੈਂਦਾ ਸ਼ਹੀਦ ਹੋ ਗਿਆ ਸੀ, ਜਿਸਦਾ ਨਾਮ ਅੱਜ ਵੀ ਕਿਸੇ ਨੂੰ ਨਹੀਂ ਭੁੱਲਾ, 'ਭਾਈ ਜੁਗਰਾਜ ਸਿੰਘ ਤੂਫਾਨ'।
'ਜੀਹਦੇ ਨਾਮ ਤੋਂ ਸੁਣਕੇ ਦਿਲੀ ਥਰ ਥਰ ਕੰਬਦੀ ਸੀ,ਕਈ ਬੁੱਚੜਾਂ ਦਾ ਜੀਹਨੇ ਕੀਤਾ ਮਾਰ ਸਫਾਇਆ।
ਭਾਈ ਜੁਗਰਾਜ ਸਿੰਘ ਸੀ ਪਾਂਧੀ ਪ੍ਰੀਤ ਦੇ ਪੈਡੇ ਦਾ,ਜਿਸਨੇ ਦੇਸ਼ ਧਰਮ ਲਈ ਸੱਚਾ ਇਸ਼ਕ ਕਮਾਇਆ।'
ਕਿਸੇ ਨੇ ਉਸ ਨੂੰ 'ਅਮਨ ਦਾ ਦੇਵਤਾ' ਕਿਹਾ, ਕਿਸੇ ਨੇ 'ਮਜ਼ਲੂਮਾਂ ਦਾ ਰਾਖਾ' ਤੇ ਕਿਸੇ ਨੇ 'ਜ਼ਾਲਮਾਂ ਨੂੰ ਵੰਗਾਰ' ਤੇ ਕਿਸੇ ਨੇ ਉੱਚੀ ਆਵਾਜ ਵਿਚ ਖਾੜਕੂਆਂ ਨੂੰ ਸੁਨੇਹਾਂ ਦਿੱਤਾ 'ਯੋਧਿਓ ਤੂਫਾਨ ਬਣੋ'।'ਸਚਮੱਚ ਭਾਈ ਸਾਹਿਬ ਦਾ ਜੀਵਨ ਐਸਾ ਸੀ ਕਿ ਆਪਣਿਆਂ ਦੇ ਨਾਲ-ਨਾਲ ਅੱਜ ਤੱਕ ਗ਼ੈਰਾਂ ਦੀ ਮਹਿਫਿਲ ਵਿਚ ਵੀ ਉਹਨਾਂ ਦੇ ਚਰਚੇ ਨੇ। ਭਾਈ ਸਾਹਿਬ ਦੁਆਰਾ ਚਲਾਈਆਂ ਗਈਆਂ ਗੋਲੀਆਂ ਵਿਚੋਂ ਇਕ ਨੇ ਵੀ ਕਿਸੇ ਨਿਰਦੋਸ਼ ਦੀ ਜਾਨ ਨਹੀਂ ਲਈ। ਬਟਾਲੇ ਤੋਂ ਕਰੀਬ 20 ਕਿ:ਮੀ: ਦੂਰ ਪਿੰਡ ਚੀਮਾਂ ਖੁੱਡੀ (ਨੇੜੇ ਸ਼੍ਰੀ ਹਰਿਗੋਬਿੰਦਪੁਰ) ਵਿਖੇ ਇਕ ਸਧਾਰਨ ਕਿਸਾਨ ਸ. ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਸੰਨ 1971 ਈ. ਨੂੰ ਇਕ ਸਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਜੁਗਰਾਜ ਸਿੰਘ ਰੱਖਿਆ ਗਿਆ। ਪਿੰਡ ਵਿਚ ਭਾਈ ਸਾਹਿਬ ਦੇ ਪਰਿਵਾਰ ਨੂੰ ਬੰਦੂਕਚੀਆਂ ਦਾ ਟੱਬਰ ਕਰਕੇ ਜਾਣਿਆਂ ਜਾਂਦਾ ਸੀ, ਕਿਉਂਕਿ ਸ. ਮਹਿੰਦਰ ਸਿੰਘ ਦੇ ਦਾਦਾ ਸ. ਭਾਨ ਸਿੰਘ ਬੜੇ ਪ੍ਰਸਿੱਧ ਨਿਸ਼ਾਨੇ ਬਾਜ ਸਨ। ਬੜੀ ਡੂੰਘੀ ਸੋਚ ਦਾ ਮਾਲਕ, ਪੰਜਾਂ ਭੈਣਾ ਦਾ ਇਕੱਲਾ ਭਰਾ ਜੁਗਰਾਜ ਸਿੰਘ ਬਚਪਨ ਤੋਂ ਹੀ ਬੜਾ ਚੁੱਪ-ਚਾਪ ਰਹਿੰਦਾ ਸੀ। ਮੁੱਢਲੀ ਸਿੱਖਿਆ ਸ਼੍ਰੀ ਹਰਿਗੋਬਿੰਦਪੁਰ ਦੇ ਭੂਸ਼ਨ ਮਾਡਲ ਸਕੂਲ ਤੋਂ ਅਤੇ ਦਸਵੀਂ ਭਗਤੂਪੁਰ ਤੋਂ ਕੀਤੀ। ਘੱਲੂਘਾਰਾ 1984 ਵੇਲੇ ਜੁਗਰਾਜ ਸਿੰਘ ਦੀ ਉਮਰ 14 ਕੁ ਸਾਲ ਸੀ। ਇਸ ਸਾਰੇ ਘਟਨਾਕ੍ਰਮ ਦਾ ਉਸ ਦੇ ਮਨ 'ਤੇ ਬਹੁਤ ਗਹਿਰਾ ਅਸਰ ਹੋਇਆ। ਉਸ ਨੇ ਮਾਪਿਆਂ ਅੱਗੇ ਅੰਮ੍ਰਿਤ ਛਕਣ ਦੀ ਇੱਛਾ ਜਾਹਰ ਕੀਤੀ ਪਰ ਪਿਤਾ ਜੀ ਨੇ ਕਿਹਾ ਕਿ ਅਜੇ ਉਮਰ ਛੋਟੀ ਹੈ। 1986 ਵਿਚ ਭਾਈ ਜੁਗਰਾਜ ਸਿੰਘ ਨੇ ਅੰਮ੍ਰਿਤ ਛਕ ਲਿਆ ਤੇ ਇਸੇ ਸਾਲ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੰਗਰੂਰ ਜੇਲ੍ਹ ਵਿਚ ਲਿਜਾਇਆ ਗਿਆ, ਪਰ ਉਮਰ ਛੋਟੀ ਹੋਣ ਕਰਕੇ ਉਹਨਾਂ ਨੂੰ ਕੁਝ ਦੇਰ ਪਿੱਛੋਂ ਹੁਸ਼ਿਆਰਪੁਰ ਬੱਚਿਆਂ ਦੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਇੱਥੋਂ ਅਪ੍ਰੈਲ 1987 ਵਿਚ ਉਹ ਆਪਣੇ ਛੇ ਸਾਥੀਆਂ ਸਮੇਤ ਫਰਾਰ ਹੋ ਗਏ 'ਤੇ ਸੰਘਰਸ਼ ਵਿਚ ਕੁੱਦ ਪਏ। ਬਾਪੂ ਮਹਿੰਦਰ ਸਿੰਘ ਨੇ ਆਪ ਨੂੰ ਵਰਜਿਆ ਕਿ ਤੂੰ ਪੰਜਾਂ ਭੈਣਾ ਦਾ ਇੱਕੋ ਭਰਾ ਹੈਂ ਤੇ ਸਾਡਾ ਇਕਲੌਤਾ ਸਹਾਰਾ ਹੈਂ। ਆਪਣੇ ਬਾਰੇ ਨਹੀਂ ਤਾਂ ਸਾਡੇ ਸਾਰਿਆਂ ਬਾਰੇ ਹੀ ਕੁਝ ਸੋਚ। ਪਰ ਭਾਈ ਸਾਹਿਬ ਨੇ ਉੱਤਰ ਦਿੱਤਾ, " ਭੈਣਾ ਦੀ ਰਾਖੀ ਵੀ ਆਪ ਗੁਰੂ ਕਰੇਗਾ। ਮੈਂ ਉਨ੍ਹਾਂ ਹਜ਼ਾਰਾਂ ਅਬਲਾਵਾਂ ਦੀ ਬੇਪੱਤੀ ਨਹੀਂ ਸਹਾਰ ਸਕਦਾ ਜੋ ਦਿੱਲੀ, ਕਾਨਪੁਰ, ਬੋਕਾਰੋ ਤੇ ਹੋਰ ਥਾਵਾਂ 'ਤੇ ਹੋਈ ਹੈ ਕੀ ਉਹ ਮੇਰੀਆਂ ਭੈਣਾ ਨਹੀਂ ਸਨ? ਮੈਂ ਜ਼ਾਲਮਾਂ ਨੂੰ ਸਬਕ ਸਿਖਾਉਣਾ ਹੈ, ਵੀਰਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ ਹੈ, ਕੌਮ ਨੂੰ ਉਸ ਦੀ ਖੁੱਸੀ ਸ਼ਾਨ ਵਾਪਸ ਦਿਵਾਉਣੀ ਹੈ, ਪੰਜਾਬ ਦੀ ਪਰ੍ਹੇ ਵਿਚ ਲੱਥੀ ਪੱਗ ਨੂੰ ਮੁੜ ਤੋਂ ਉਸ ਦੇ ਸਿਰ 'ਤੇ ਸਜਾਉਣਾ ਹੈ ਨਹੀਂ ਤਾਂ ਦੁਨੀਆਂ ਤਾਅਨੇ ਮਾਰੇਗੀ ਕਿ ਅਣਖੀਲੇ ਪੰਜਾਬ ਦੇ ਪੁੱਤਰਾਂ ਦੀਆਂ ਰਗਾਂ ਵਿਚ ਹੁਣ ਕਲਗੀਂਧਰ ਦਾ ਖ਼ੂਨ ਨਹੀਂ ਰਿਹਾ। ਹੁਣ ਮੈਂ ਜਾਂ ਤਾਂ ਸ਼ਹੀਦ ਹੋਵਾਂਗਾ ਤੇ ਜਾਂ ਸਭਰਾਵਾਂ ਦੇ ਮੈਦਾਨ ਵਿਚ ਸ. ਸ਼ਾਮ ਸਿੰਘ ਅਟਾਰੀ ਦੇ ਹੱਥੋਂ ਡਿੱਗੇ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ 'ਤੇ ਝੁਲਾ ਕੇ ਹੀ ਵਾਪਸ ਪਰਤਾਂਗਾ "। 'ਭਾਈ ਸਾਹਿਬ ਰੂਪੋਸ਼ ਹੋ ਗਏ। ਕਈ ਵੱਡੇ ਕਾਰਨਾਮੇ ਕੀਤੇ ਤੇ ਦੁਸ਼ਟਾਂ ਨੂੰ ਸੋਧੇ ਲਾਏ। ਕੁਝ ਸਮੇਂ ਵਿਚ ਆਪ ਜੀ ਨੂੰ 'ਖਾਲਿਸਤਾਨ ਲਿਬਰੇਸ਼ਨ ਫੋਰਸ' ਦਾ ਲੈਫਟੀਨੈਂਟ ਜਨਰਲ ਨਿਯੁਕਤ ਕੀਤਾ ਗਿਆ, ਆਪ ਜੀ ਨੇ ਇਹ ਸੇਵਾ ਖਿੜੇ ਮੱਥੇ ਪ੍ਰਵਾਨ ਕੀਤੀ। ਇਹਨਾਂ ਦਿਨਾਂ ਵਿਚ ਭਾਈ ਸਾਹਿਬ ਦੀ ਬੁੱਚੜ ਗੋਬਿੰਦ ਰਾਮ ਨਾਲ ਅੜਫਸ ਚੱਲ ਰਹੀ ਸੀ। ਗੋਬਿੰਦ ਰਾਮ ਨੇ ਭਾਈ ਸਾਹਿਬ ਦੀਆਂ ਭੈਣਾ ਸਮੇਤ ਹੋਰ ਬਹੁਤ ਸਿਖ ਬੀਬੀਆਂ ਦੀ ਬੇਇੱਜ਼ਤੀ ਕੀਤੀ। ਉਸ ਨੇ ਸਿਖ ਬੀਬੀਆਂ 'ਤੇ ਅਣਮਨੁੱਖੀ ਤਸ਼ੱਦਦ ਕੀਤਾ। ਗਬਿੰਦ ਰਾਮ, ਜਿਹੜਾ ਕਹਿੰਦਾ ਸੀ, " ਮੈਂ ਸਿੱਖਾਂ 'ਤੇ ਐਸਾ ਜ਼ੁਲਮ ਕਰਾਂਗਾ ਕਿ ਉਹ (ਗੂਰੂ) ਗੋਬਿੰਦ ਸਿੰਘ ਨੂੰ ਭੁੱਲ ਜਾਣਗੇ"।' ਏਸ ਜ਼ਾਲਮ ਨੇ ਐਲਾਨ ਕੀਤਾ ਸੀ ਕਿ ਅੱਵਲ ਤਾਂ ਮੈ (ਭਾਈ) ਜੁਗਰਾਜ ਸਿੰਘ ਨੂੰ ਛੱਡਦਾ ਨਹੀਂ ਤੇ ਜੇ ਕਿਤੇ ਉਹ ਬਚ ਵੀ ਗਿਆ ਤਾਂ ਉਸ ਨੂੰ ਬਟਾਲੇ ਵਿਚ ਨਹੀਂ ਰਹਿਣ ਦਿੰਦਾ। ਅੱਗੋਂ ਭਾਈ ਸਾਹਿਬ ਦਾ ਜਵਾਬ ਸੀ ਕਿ ਮੈਂ ਆਪਣੇ ਲੋਕਾਂ ਦੇ ਜੰਗਲ ਵਿਚ ਹੀ ਰਹਿਣਾ ਹੈ, ਤੇ ਲੋਕਾਂ ਦਾ ਇਹ ਜੰਗਲ ਹੀ ਗੁਰੀਲਿਆਂ ਦੀ ਅਸਲ ਸੁਰੱਖਿਆ ਛਤਰੀ ਹੁੰਦਾ ਹੈ ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ੍ਹ ਲਵੇ। ..'ਤੇ ਫਿਰ ਇੱਕ ਦਿਨ ਲੋਕਾਂ ਨੇ ਜ਼ਾਲਮ ਗੋਬਿੰਦ ਰਾਮ ਦੀ ਲਾਸ਼ ਦੇ ਟੁਕੜੇ ਹਵਾ ਵਿਚ ਉੱਡਦੇ ਵੇਖੇ। ਜਿਸ ਨੂੰ ਭਾਈ ਜੁਗਰਾਜ ਸਿੰਘ ਨੇ ਕੀਤੇ ਦੀ ਸਜਾ ਦਿੱਤੀ।ਸਾਰੇ ਪੰਜਾਬ ਵਿਚੋਂ ਇੱਕੋ ਵਾਰ ਆਵਾਜ਼ ਆਈ "ਜਿਉਂਦਾ ਰਹਿ ਜੁਗਰਾਜ ਸਿਆਂ"। ਭਾਈ ਜੁਗਰਾਜ ਸਿੰਘ ਦਾ ਨਾਮ ਏਸ ਲਈ ਵੀ ਹਮੇਸ਼ਾਂ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ ਕਿਉਂਕਿ ਉਸ ਨੇ ਆਪਣੇ ਇਲਾਕੇ ਦੇ ਸਾਰੇ ਹਿੰਦੂ ਪਰਿਵਾਰਾਂ ਦਾ ਹਮੇਸ਼ਾਂ ਖਿਆਲ ਰੱਖਿਆ। ਕਈ ਉੱਜੜ ਚੁੱਕੇ ਹਿੰਦੂ ਪਰਿਵਾਰਾਂ ਨੂੰ ਮੁੜ ਵਸਾਇਆ। ਹਿੰਦੂ ਤਾਂ ਸਾਫ ਕਹਿੰਦੇ ਸਨ ਕਿ ਉਹ ਸਾਡਾ ਰਖਵਾਲਾ ਹੈ। ਹਰ ਕਿਸੇ ਦੇ ਦਿਲ ਵਿਚ ਵਸਣ ਵਾਲੇ ਲੋਕ ਨਾਇਕ ਭਾਈ ਜੁਗਰਾਜ ਸਿੰਘ ਦੇ ਪੁਲਿਸ ਨਾਲ ਕਈ ਮੁਕਾਬਲੇ ਹੋਏ, ਪਰ ਹਰ ਵਾਰ ਪੁਲਸੀਆਂ ਨੂੰ ਹਾਰ ਝੱਲਣੀ ਪਈ। 7 ਅਪ੍ਰੈਲ 1990 ਨੂੰ ਆਥਣ ਵੇਲੇ ਭਾਈ ਸਾਹਿਬ ਦਾ ਸਮਸਾ ਪਿੰਡ ਵਿਖੇ ਸੁਰੱਖਿਆਂ ਬਲਾਂ ਨਾਲ ਮੁਕਾਬਲਾ ਹੋਇਆ ਜਿੱਥੋਂ ਬਚ ਕੇ ਉਹ ਆਪਣੇ ਸਾਥੀਆਂ ਸਮੇਤ ਤੜਕੇ 3:30 ਵਜੇ ਮਾੜੀ ਬੁੱਚੀਆਂ ਇਕ ਠਾਹਰ 'ਤੇ ਪਹੁੰਚ ਗਏ। ਭਾਈ ਸਾਹਿਬ ਏਸ ਵੇਲੇ ਕਾਫੀ ਬੀਮਾਰ ਸਨ। ਕੁਝ ਸਿੰਘਾਂ ਅਨੁਸਾਰ ਤਾਂ ਉਹਨਾਂ ਨੂੰ ਪਿਛਲੇ ਦੋ ਹਫਤਿਆਂ ਤੋਂ ਪੀਲੀਆ ਹੋਇਆ ਸੀ। ਨਾਲ ਦੇ ਸਿੰਘ ਪ੍ਰਸ਼ਾਦਾ ਛਕ ਕੇ ਸੌਂ ਗਏ ਪਰ ਭਾਈ ਸਾਹਿਬ ਨੇ ਕੁਝ ਨਹੀਂ ਖਾਧਾ। ਭਾਈ ਸਾਹਿਬ ਹੋਰਾਂ ਦੇ ਮਾੜੀ ਬੁੱਚੀਆਂ ਵਿਖੇ ਹੋਣ ਦੀ ਖ਼ਬਰ ਮੁਖ਼ਬਰ ਨੇ ਪੁਲਿਸ ਨੂੰ ਕਰ ਦਿੱਤੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕਿਸੇ ਨੇੜਲੇ ਸਾਥੀ ਵੱਲੋਂ ਗ਼ਦਾਰੀ ਕੀਤੀ ਗਈ, ਜਿਸ ਨੇ ਭਾਈ ਸਾਹਿਬ ਦੀ ਏ.ਕੇ.94 ਰਾਈਫਲ ਦਾ ਪਿੰਨ ਵੀ ਕੱਢ ਲਿਆ ਸੀ। ਭਾਈ ਸਾਹਿਬ ਦੇ ਸਾਥੀ ਭਾਈ ਬਖਸ਼ੀਸ ਸਿੰਘ ਦੀ ਭਰਜਾਈ ਬੀਬੀ ਗੁਰਮੀਤ ਕੌਰ ਅਨੁਸਾਰ ਭਾਈ ਜੁਗਰਾਜ ਸਿੰਘ ਹੋਰਾਂ ਨਾਲ ਇਕ ਸਰਕਾਰੀ ਕੈਟ ਰਲ ਗਿਆ ਸੀ ਜਿਹੜਾ ਸ਼ੇਰ ਦੇ ਸ਼ਿਕਾਰ ਲਈ ਮੌਕੇ ਦੀ ਭਾਲ ਵਿਚ ਸੀ ਤੇ ਮੌਕਾ ਅੱਜ ਆ ਗਿਆ ਸੀ ਕਿਉਂਕਿ ਸ਼ੇਰ ਅੱਜ ਜਖ਼ਮੀ(ਬਿਮਾਰ) ਸੀ ਤੇ ਉੱਤੋਂ ਹਥਿਆਰ ਵੀ ਨਕਾਰਾ ਕਰ ਦਿੱਤੇ ਗਏ। ਪੁਲਿਸ ਨੇ ਸਵੇਰੇ 6 ਵਜੇ ਠਾਹਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਭਾਈ ਜੁਗਰਾਜ ਸਿੰਘ "ਸੂਰਾ ਸੋ ਪਹਿਚਾਨੀਐ" ਸ਼ਬਦ ਅਕਸਰ ਗਾਉਂਦਾ ਰਹਿੰਦਾ ਸੀ ਤੇ ਅੱਜ ਸਚਮੁੱਚ ਪੁਰਜ਼ਾ-ਪੁਰਜ਼ਾ ਕਟਵਾ ਕੇ "ਦੀਨ ਕੇ ਹੇਤ" ਲੜਨ ਦਾ ਵੇਲਾ ਆ ਗਿਆ ਸੀ। ਭਾਈ ਸਾਹਿਬ ਨੇ ਸਾਥੀ ਸਿੰਘਾਂ ਨੂੰ ਜਗਾਇਆ ਤੇ ਮੁਕਾਬਲੇ ਲਈ ਤਿਆਰ ਹੋ ਜਾਣ ਲਈ ਕਿਹਾ। ਸਾਰੇ ਜਣੇ ਬਾਹਰ ਆ ਗਏ। ਭਾਈ ਸਾਹਿਬ ਨੇ ਪੁਲਿਸ ਨੂੰ ਫੋਕਲ ਪੁਆਇੰਟ ਵਿਖੇ ਮੁਕਾਬਲੇ ਲਈ ਵੰਗਾਰਿਆ ਕਿਉਂਕਿ ਏਥੇ ਮੁਕਾਬਲੇ ਵਿਚ ਪਿੰਡ ਵਾਲਿਆਂ ਦਾ ਜਿਆਦਾ ਨੁਕਸਾਨ ਹੋ ਜਾਣਾ ਸੀ। ਭਾਈ ਸਾਹਿਬ ਸਾਥੀਆਂ ਸਮੇਤ ਘਰੋਂ ਨਿਕਲ ਕੇ ਕਮਾਦ ਵਿਚ ਚਲੇ ਗਏ। ਜਦੋਂ ਏ.ਕੇ. 94 ਚਲਾਈ ਗਈ ਤਾਂ ਗੋਲੀ ਚੈਬਰ ਵਿਚ ਫਸ ਗਈ, ਹੁਣ ਇਹ ਰਾਈਫਲ ਪਿੰਨ ਤੋਂ ਬਿਨਾ ਨਕਾਰਾ ਹੋ ਚੁੱਕੀ ਸੀ। ਭਾਈ ਬਖਸ਼ੀਸ ਸਿੰਘ ਨੇ ਭਾਈ ਜੁਗਰਾਜ ਸਿੰਘ ਨੂੰ ਏ.ਕੇ.47 ਫੜਾ ਦਿੱਤੀ। ਇਸੇ ਵੇਲੇ ਖੇਤਾਂ ਵਿਚ ਲੁਕੇ ਹੋਏ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਜੋ ਭਾਈ ਜੁਗਰਾਜ ਸਿੰਘ ਦੀ ਖੱਬੀ ਲੱਤ ਵਿਚ ਵੱਜੀ। ਤੁਰਦੇ ਤੁਰਦੇ ਉਹ ਸੜਕ ਉੱਤੇ ਪੁੱਜ ਗਏ। ਇੱਥੋਂ ਕਿਸੇ ਤੋਂ ਟਰੈਕਟਰ ਲਿਆ। ਸਾਰੇ ਸਿੰਘ ਟਰੈਕਟਰ ਤੋਂ ਗੋਲੀਆਂ ਚਲਾਉਂਦੇ ਰਹੇ। ਇੱਥੇ ਇਕ ਬਰਸਟ ਭਾਈ ਜੁਗਰਾਜ ਸਿੰਘ ਨੂੰ ਲੱਗਾ ਤੇ ਉਹ ਟਰੈਕਟਰ ਦੇ ਸਟੇਰਿੰਗ ਉੱਤੇ ਹੀ ਡਿੱਗ ਪਏ। ਪੰਜਾਬ ਨੇ ਇਕ ਵਾਰ ਫਿਰ ਧਾਹ ਮਾਰੀ। ਇਕ ਹੋਰ ਸੂਰਮਾਂ ਉਸ ਦੀ ਅਜ਼ਮਤ ਦੀ ਰਾਖੀ ਲਈ ਆਪਾ ਕੁਰਬਾਨ ਕਰ ਗਿਆ ਸੀ। ਮਾਂ ਧਰਤੀ ਸ਼ਹੀਦ ਦੇ ਡੁੱਲ ਰਹੇ ਖ਼ੂਨ ਨੂੰ ਆਪਣੀ ਬੁੱਕਲ ਵਿਚ ਸਾਂਭ ਰਹੀ ਸੀ। 8 ਅਪ੍ਰੈਲ 1990 ਨੂੰ ਕਰੀਬ 20 ਸਾਲ ਦੀ ਉਮਰ ਵਿਚ ਸਵੇਰੇ 10 ਵਜੇ ਦੇ ਕਰੀਬ ਭਾਈ ਜੁਗਰਾਜ ਸਿੰਘ ਤੂਫਾਨ ਆਪਣੇ ਇਕ ਸਾਥੀ ਭਾਈ ਬਖਸ਼ੀਸ ਸਿੰਘ ਸਮੇਤ ਜਾਮੇ ਸ਼ਹਾਦਤ ਪੀ ਗਏ। ਪੁਲਸ ਵਾਲੇ 2 ਵਜੇ ਤੱਕ ਯੋਧਿਆਂ ਦੀਆਂ ਲਾਸ਼ਾਂ ਦੇ ਕਰੀਬ ਨਾ ਗਏ। ਭਾਈ ਸਾਹਿਬ ਦੀ ਸ਼ਹਾਦਤ ਦੀ ਖ਼ਬਰ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜੋ ਵੀ ਸੁਣਦਾ ਸੁੰਨ ਹੋ ਜਾਂਦਾ। ਭਾਈ ਸਾਹਿਬ ਦਾ ਲੋਕਾਂ ਨਾਲ ਏਨਾ ਸਨੇਹ ਸੀ ਕਿ ਉਹਨਾਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਨੇੜੇ ਦੇ 40-50 ਕਿ:ਮੀ: ਤੱਕ ਦਾ ਏਰੀਆ ਪੂਰੀ ਤਰ੍ਹਾਂ ਬੰਦ ਹੋ ਗਿਆ, ਕਰੀਬ 10 ਦਿਨ ਤੱਕ ਕੋਈ ਦੁਕਾਨ ਨਹੀਂ ਖੁੱਲੀ ਤੇ ਕੋਈ ਬੱਸ ਨਹੀਂ ਚੱਲੀ। ਆਪਣੇ ਸ਼ਹੀਦਾਂ ਦੀਆਂ ਲਾਸ਼ਾਂ ਲੈਣ ਲਈ ਥਾਣਾ ਸ਼੍ਰੀ ਹਰਗੋਬਿੰਦਪੁਰ ਦਾ ਘੇਰਾਓ ਕੀਤਾ ਗਿਆ। ਸਵੇਰੇ 11 ਵਜੇ ਤੋਂ ਲੋਕ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਰਾਤ ਨੌਂ ਵਜੇ ਤੱਕ ਲੋਕਾਂ ਦਾ ਜਿਵੇਂ ਹੜ੍ਹ ਆ ਗਿਆ। 30000 ਲੋਕਾਂ ਦੀ ਭੀੜ ਅੱਗੇ ਪੁਲਿਸ ਦੀ ਇਕ ਨਹੀਂ ਚੱਲੀ ਤੇ ਉਹਨਾਂ ਨੂੰ ਸ਼ਹੀਦਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਪਣੀਆਂ ਪਈਆਂ।(ਇਹ ਵੀ ਸੁਣਿਆ ਹੈ ਕਿ ਭਾਈ ਸਾਹਿਬ ਤੇ ਉਹਨਾਂ ਦੇ ਸਾਥੀ ਦੀਆਂ ਦੇਹਾਂ ਪੁਲਸ ਨੇ ਸ਼੍ਰੀ ਅੰਮ੍ਰਿਤਸਰ ਦੇ ਕਿਸੇ ਸ਼ਮਸ਼ਾਨ ਘਾਟ ਵਿਚ ਸਸਕਾਰ ਲਈ ਭੇਜ ਦਿੱਤੀਆਂ ਸਨ, ਪਰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਉਹਨਾਂ ਨੂੰ ਆਪਣਾ ਫੈਸਲਾ ਬਦਲਣਾ ਪਿਆ।) 17 ਅਪ੍ਰੈਲ ਨੂੰ ਸਿੰਘਾਂ ਦਾ ਭੋਗ ਪਾਇਆ ਗਿਆ। 6 ਕਿੱਲਿਆਂ ਵਿਚ ਪੰਡਾਲ ਲਗਾਇਆ ਗਿਆ। 4 ਲੱਖ ਦੇ ਕਰੀਬ ਲੋਕ ਆਪਣੇ ਚਹੇਤੇ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜੇ। ਏਡੇ ਵੱਡੇ ਇਕੱਠ ਨੇ ਇਕ ਵਾਰ ਤਾਂ ਦਿੱਲੀ ਵਾਲਿਆਂ ਨੂੰ ਕੰਬਣੀ ਛੇੜ ਦਿੱਤੀ। ਉਹਨਾਂ ਨੂੰ ਹੁਣ ਇਹ ਲਹਿਰ ਲੋਕ ਲਹਿਰ ਬਣਦੀ ਦਿਸ ਰਹੀ ਸੀ। ਹਰ ਧਰਮ ਦੇ ਲੋਕ ਭਾਈ ਜੁਗਰਾਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ। ਵੱਡੀ ਗਿਣਤੀ ਵਿਚ ਹਿੰਦੂ ਇਸ ਸਮਾਗਮ ਵਿਚ ਸ਼ਾਮਿਲ ਹੋਏ। ਦਰਸ਼ਨ ਲਾਲ ਚੋਪੜਾ ਮੀਤ ਪ੍ਰਧਾਨ ਨਗਰ ਪਾਲਿਕਾ ਸ਼੍ਰੀ ਹਰਿਗੋਬਿੰਦਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, " ਇਹ ਰੋਹ ਭਰਿਆ ਸਮਾਗਮ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜ਼ਾਹਿਰ ਕਰਦਾ ਹੈ। ਭਾਈ ਜੁਗਰਾਜ ਸਿੰਘ ਇਕ ਜੁਝਾਰੂ ਸੀ, ਉਹਦਾ ਸਰਕਾਰ ਨਾਲ ਟਕਰਾਅ ਸੀ ਪਰ ਜਨਤਾ ਨੂੰ ਉਸ ਦਾ ਸੁਖ ਸੀ। ਉਸ ਦੇ ਜਿਉਂਦੇ ਜੀ ਲੁਟੇਰਿਆਂ ਨੇ ਸਿਰ ਨਹੀਂ ਸੀ ਚੁੱਕਿਆ। ਸਿਰਫ ਸਿਖ ਹੀ ਸੁਖ ਦੀ ਨੀਂਦ ਨਹੀਂ ਸਨ ਸੌਂਦੇ ਸਗੋਂ ਹਿੰਦੂਆਂ ਨੂੰ ਵੀ ਕਿਸੇ ਕਿਸਮ ਦੀ ਤਕਲੀਫ ਨਹੀਂ ਸੀ। ਭਾਈ ਜੁਗਰਾਜ ਸਿੰਘ ਨੇ ਹਿੰਦੂਆਂ ਨੂੰ ਉਜੜਨ ਨਹੀਂ ਦਿੱਤਾ ਸਗੋਂ ਜਿਹੜੇ ਉੱਜੜ ਕੇ ਚਲੇ ਗਏ ਸਨ ਉਹਨਾਂ ਨੂੰ ਵੀ ਵਾਪਸ ਲਿਆਂਦਾ ਅਤੇ ਕਿਹਾ ਕਿ ਸਾਡੀ ਲੜਾਈ ਕਿਸੇ ਫਿਰਕੇ ਨਾਲ ਨਹੀਂ, ਸਾਡੀ ਲੜਾਈ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ। ਜ਼ਾਲਮ ਭਾਵੇਂ ਹਿੰਦੂ ਹੋਵੇ ਸਿੱਖ ਜਾਂ ਕੋਈ ਸਰਕਾਰ"।' ਭਾਈ ਜੁਗਰਾਜ ਸਿੰਘ ਐਸਾ ਨਿਰਸੁਆਰਥ ਯੋਧਾ ਸੀ ਜਿਸ ਨੇ ਕਦੇ ਆਪਣੇ ਬਾਰੇ ਜਾਂ ਆਪਣੇ (ਨਿੱਜੀ) ਘਰ ਬਾਰੇ ਕਦੇ ਨਹੀਂ ਸੋਚਿਆ। ਭਾਈ ਸਾਹਿਬ ਦੀ ਸ਼ਹੀਦ ਹੋਣ ਵੇਲੇ ਤੱਕ ਉਹਨਾਂ ਦਾ ਘਰ ਕੱਚਾ ਸੀ, ਦੁਆਲੇ ਚਾਰਦੀਵਾਰੀ ਨਹੀਂ ਸੀ ਅਤੇ ਘਰੇ ਬਿਜਲੀ ਵੀ ਨਹੀਂ ਸੀ ਚਾਨਣ ਲਈ ਦੀਵੇ ਦਾ ਸਹਾਰਾ ਹੀ ਲਿਆ ਜਾਂਦਾ ਸੀ। ਪਰ ਏਸ ਘਰ ਨੇ ਐਸੇ ਚਿਰਾਗ ਨੂੰ ਜਨਮ ਦਿੱਤਾ ਜਿਸ ਨੇ ਸੂਰਜ ਬਣ ਕੇ ਚਾਨਣ ਦੇ ਕਾਤਲਾਂ ਨਾਲ ਮੱਥਾ ਲਾਇਆ। ਭਾਈ ਸਾਹਿਬ ਦੀ ਸ਼ਹੀਦੀ 'ਤੇ ਹੋਏ ਇਕੱਠ ਨੇ ਹਾਕਮਾਂ ਦੀ ਸੁਰਤ ਭੁਲਾ ਦਿੱਤੀ। ਇਸ ਤੋਂ ਪਿੱਛੋਂ ਸਰਕਾਰ ਨੇ ਸਖਤੀ ਕਰ ਦਿੱਤੀ ਤੇ ਪੁਲਿਸ ਨੂੰ ਹੁਕਮ ਦਿੱਤੇ ਕਿ ਕਿਸੇ ਖਾੜਕੂ ਦੇ ਭੋਗ 'ਤੇ ਇਕੱਠ ਨਾ ਹੋਣ ਦਿੱਤਾ ਜਾਵੇ। ਇਸ ਹੁਕਮ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ। ਇਸ ਤੋਂ ਪਿੱਛੋਂ ਭਾਈ ਰਛਪਾਲ ਸਿੰਘ ਛੰਦੜਾਂ ਤੇ ਕਈ ਹੋਰ ਜੁਝਾਰੂਆਂ ਦੇ ਭੋਗਾਂ 'ਤੇ ਲੋਕਾਂ ਉੱਤੇ ਵਰ੍ਹਾਈਆਂ ਗਈਆਂ ਡਾਂਗਾ ਇਸੇ ਦਾ ਹਿੱਸਾ ਸਨ। ਭਾਈ ਜੁਗਰਾਜ ਸਿੰਘ ਤੂਫਾਨ ਦੇ ਵਿਚਾਰ ਕਿਸੇ ਕੈਸਿਟ ਵਿਚੋਂ ਇਕ ਵਾਰ ਸੁਣੇ ਜਿਸ ਵਿਚ ਉਹਨਾਂ ਨੇ ਇਕ ਗੱਲ ਕਹੀ ਸੀ, "ਕੋਈ ਵੀ ਸੰਘਰਸ਼ ਨੇਪਰੇ ਚਾੜ੍ਹਨ ਲਈ ਲੋਕ ਰਾਇ ਸਭ ਤੋਂ ਵੱਡਾ ਹਥਿਆਰ ਹੈ"। 'ਸੋ ਸੁਹਿਰਦ ਧਿਰਾਂ ਨੂੰ ਬੇਨਤੀ ਹੈ ਕਿ ਲਹਿਰ ਨੂੰ ਜਥੇਬੰਦੀਆਂ ਵਿਚ ਨਾਂ ਵੰਡੋ ਸਗੋਂ ਇਸ ਨੂੰ ਲੋਕ ਲਹਿਰ ਬਨਾਉਣ ਲਈ ਉਪਰਾਲੇ ਕਰੋ। ਵਾਹਿਗੁਰੂ ਭਲੀ ਕਰੇਗਾ।"ਜੀਹਦੇ ਵਿਚ ਕੁਰਬਾਨੀ ਦੀ ਚਿਣਗ ਹੋਵੇ ਉਹ ਕੌਮ ਗੁਲਾਮ ਨਹੀਂ ਰਹਿ ਸਕਦੀ,ਜਾਬਰ ਰਾਜ ਨਹੀਂ ਕਦੇ ਵੀ ਕਾਇਮ ਰਹਿੰਦਾ ਇਸ ਤੋਂ ਵੱਧ ਜ਼ੁਬਾਨ ਨਹੀਂ ਕਹਿ ਸਕਦੀ"ਜਗਦੀਪ ਸਿੰਘ ਫਰੀਦਕੋਟ(9815763313)
jagdeepsfaridkot@yahoo.com