Wednesday, October 12, 2011

ਅਰੁੰਧਤੀ ਰਾਏ ਨਾਲ ਪਹਿਲੀ ਮੁਲਾਕਾਤ


ਮੈਂ ਉਸਨੂੰ ਕਾਫੀ ਸਮੇਂ ਤੋਂ ਜਾਣਦਾਂ। ਪਹਿਲੀ ਵਾਰ ਮੈਂ ਉਸਨੂੰ ‘God Of Small Things’ ਰਾਹੀਂ ਦੇਖਿਆ। ਬਿਨਾ ਸ਼ੱਕ ਮੈਂ ਉਸਦਾ ਇਹ ਨਾਵਲ ਬਹੁਤੇ ਲੋਕਾਂ ਵਾਂਗ ਸਿਰਫ ਇਸੇ ਲਈ ਪੜ੍ਹਿਆ ਸੀ ਕਿ ਉਸਨੂੰ ਬੂਕਰ ਪ੍ਰਾਈਜ਼ ਮਿਲਿਆ ਸੀ। ਚੰਗਾ ਲੱਗਾ। ਪਰ ਉਹ ਓਦੋਂ ਹੀ ਮੇਰੇ ਸਭ ਤੋਂ ਮਨਪਸੰਦ ਲੇਖਕਾਂ ਦੀ ਕਤਾਰ ਵਿਚ ਨਹੀਂ ਆਈ ਸੀ। ਬਸ ਪਾਠਕ ਤੇ ਲੇਖਕ ਦੀ ਇੱਕ ਸਾਂਝ ਜਰੂਰ ਬਣ ਗਈ ਸੀ। ਕੁਝ ਕੁ ਨਾਵਲ ਪੜ੍ਹਣ ਤੋਂ ਬਾਅਦ ਜੀਅ ਕੀਤਾ ਸੀ ਕਿ ਜੇ ਇਹਨਾਂ ਦੇ ਲੇਖਕ ਜਿਊਂਦੇ ਹੁੰਦੇ ਤਾਂ ਉਹਨਾਂ ਨੂੰ ਮਿਲਣ ਲਈ ਕੋਈ ਨਾ ਕੋਈ ਉਪਰਾਲੇ ਜਰੂਰ ਕਰਦਾ, ਜਿਵੇਂ ਵਾਂਦਾ ਵਾਸਲੀਊਸਕਾ ਦੀ ‘ਸਤਰੰਗੀ ਪੀਂਘ’, ਮੈਕਸਿਮ ਗੋਰਕੀ ਦੀ ‘ਮਾਂ’, ਆਨ ਡਿਊਸ ਦੀ ‘ਗੁਰੀਲੇ’ ਆਦਿ। ਪਰ ‘God Of Small Things’ ਪੜ੍ਹਣ ਤੋਂ ਬਾਅਦ ਐਸਾ ਤਾਂ ਪ੍ਰਤੀਤ ਨਹੀਂ ਹੋਇਆ ਸੀ। ਉਹ ਮੇਰੇ ਉਹਨਾਂ ਲੇਖਕਾਂ ਦੀ ਕਤਾਰ ਵਿਚ ਨਹੀਂ ਆਈ ਸੀ ਜਿਹਨਾਂ ਨਾਲ ਮੈਨੂੰ ‘ਪਹਿਲੀ ਨਜ਼ਰੇ ਪਿਆਰ’ ਹੋ ਗਿਆ ਸੀ। ਮੈਂ ਸ਼ੁਰੂ ਤੋਂ ਮੁਰੀਦ ਰਿਹਾਂ ਉਹਨਾਂ ਦਾ ਜੋ ਮਨੁੱਖਤਾ ਦੀ ਆਜ਼ਾਦੀ ਲਈ ਜੂਝੇ ਜਾਂ ਜੂਝ ਰਹੇ ਹਨ। ਪਵਿੱਤਰ ਕੁਰਾਨ ਦੇ ਬੋਲ ਹਨ ਕਿ ਜਦੋਂ ਤੁਸੀਂ ਕਿਸੇ ’ਤੇ ਜ਼ੁਲਮ ਹੁੰਦਾ ਵੇਖੋ ਤਾਂ ਤੁਹਾਨੂੰ ਜਾ ਕੇ ਉਸਨੂੰ ਹੱਥੀਂ ਰੋਕਣਾ ਚਾਹੀਦਾ ਹੈ, ਜੇ ਹੱਥਾਂ ਨਾਲ ਨਹੀਂ ਰੋਕ ਸਕਦੇ ਤਾਂ ਉਸ ਦੇ ਵਿਰੁੱਧ ਬੋਲਣਾ ਚਾਹੀਦਾ ਹੈ ਤੇ ਜੇ ਇਹ ਵੀ ਨਹੀਂ ਕਰ ਸਕਦੇ ਤਾਂ ਦਿਲ ਵਿਚ ਉਸ ਨੂੰ ਮਾੜਾ ਕਹਿਣਾ ਚਾਹੀਦਾ ਹੈ। ਮੇਰੇ ਨਾਇਕ ਪਹਿਲੀਆਂ ਦੋਹਾਂ ਕਿਸਮਾਂ ਵਿਚ ਆਉਂਦੇ ਹਨ। ਤੀਜੀ ਕਿਸਮ ਵਾਲਿਆਂ ਨੂੰ ਪਵਿੱਤਰ ਕੁਰਾਨ ਵੀ ਸੂਰਮੇਂ ਨਹੀਂ ਮੰਨਦੀ। ਮੇਰੇ ਨਾਇਕ ‘ਜਬ ਆਵ ਕੀ ਅਉਧ ਨਿਧਾਨ ਬਣੈ’ ਤਾਂ ‘ਅਤਿ ਹੀ ਰਣ ਮਹਿ’ ਜੂਝ ਮਰੇ ਹਨ ਤੇ ਮਰ ਰਹੇ ਹਨ।
ਕਾਫੀ ਸਮੇਂ ਪਿੱਛੋਂ, ਜਦੋਂ ਮੈਂ ਅਰੁੰਧਤੀ ਰਾਏ ਦਾ ‘Voice of Voiceless’ ਵਾਲਾ ਪੋਸਟਰ ਆਪਣੇ ਕਮਰੇ ਦੀ ਕੰਧ ’ਤੇ ਲਗਾ ਰਿਹਾ ਸੀ, ਉਸ ਤੋਂ ਥੋੜਾ ਸਮਾਂ ਪਹਿਲਾਂ ਹੀ ਮੈਨੂੰ ਉਸ ਬਾਰੇ ‘ਉਹ’ ਪਰਤੀਤ ਹੋਇਆ ਜੋ ਮੈਨੂੰ ਆਪਣੇ ਨਾਇਕਾਂ ਬਾਰੇ ਹੁੰਦਾ ਸੀ। ਸ਼ਾਇਦ ਅਜੇ ‘Walking With Comrades’ ਵੀ ਨਹੀਂ ਛਪਿਆ ਸੀ ਤੇ ਨਾ ਹੀ ਕਸ਼ਮੀਰੀਆਂ ਦਾ ‘Aazadi is The Only Way’ ਸੈਮੀਨਾਰ ਹੋਇਆ ਸੀ, ਜਿੱਥੇ ਬੋਲਣ ਕਰਕੇ ਹਿੰਦੂ ਸੰਗਠਨਾਂ ਨੇ ਉਸ ਦੇ ਘਰ ’ਤੇ ਹਮਲਾ ਕੀਤਾ ਸੀ ਤੇ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾਂ ਚਲਾਉਣ ਦੀ ਮੰਗ ਵੀ ਕੀਤੀ ਸੀ। …ਤੇ ਉਸ ਨੇ ਮੁਸਕੁਰਾਉਂਦੇ ਹੋਏ ਕਿਹਾ ਸੀ, “ਤਰਸਯੋਗ ਹੈ ਉਹ ਦੇਸ਼ ਜੋ ਗੋਲੀ ਮਾਰ ਦਿੰਦਾ ਹੈ ਉਹਨਾਂ ਨੂੰ ਜੋ ਆਜ਼ਾਦੀ ਮੰਗਦੇ ਹਨ…।”
ਆਰ.ਐਸ.ਐਸ., ਭਾਜਪਾ ਤੇ ਹੋਰ ਹਿੰਦੂਵਾਦੀ ਸੰਗਠਨਾਂ ਦੀ ਹਿੱਟ ਲਿਸਟ ’ਤੇ ਤਾਂ ਉਹ ਇਸ ਤੋਂ ਪਹਿਲਾਂ ਹੀ ਆ ਚੁੱਕੀ ਸੀ। ਇਹਨਾਂ ਸੰਗਠਨਾਂ ਵਿਚੋਂ ਕਿਸੇ ਇੱਕ ਦੁਆਰਾ ਬਣਾਏ ਇੱਕ ਵੀਡੀਓ, ਜਿਸ ਵਿਚ ਕੁਝ ਲੋਕਾਂ ਨੂੰ ਹਿੰਦੂਸਤਾਨ ਦੇ ਦੁਸ਼ਮਨ ਘੋਸ਼ਿਤ ਕੀਤਾ ਗਿਆ ਸੀ, ਵਿਚ ਨੰਦਿਤਾ ਦਾਸ, ਸ਼ਬਾਨਾਂ ਆਜ਼ਮੀ, ਦੀਪਾ ਮਹਿਤਾ ਨਾਲ ਅਰੁੰਧਤੀ ਰਾਏ ਵੀ ਸ਼ਾਮਲ ਸੀ। ਪਹਿਲੀਆਂ ਤਿੰਨੇ ਸ਼ਖ਼ਸੀਅਤਾਂ ਆਪਣੀਆਂ ਫਿਲਮਾਂ (Fire, Water etc ਤੇ ਨੰਦਿਤਾ ਦਾਸ ਕੁਝ ਹੋਰ ਜਿਵੇਂ ‘ਲਾਲ ਸਲਾਮ’ ਤੇ ‘ਫਿਰਾਕ’ ਜੋ ਗੁਜਰਾਤ ਕਤਲੇਆਮ ’ਤੇ ਬਣਾਈ ਗਈ ਸੀ) ਕਰਕੇ ਇਸ ਲਿਸਟ ਵਿਚ ਸ਼ਾਮਲ ਸਨ ਤੇ ਅਰੁੰਧਤੀ ਰਾਏ ਸੰਸਦ ਹਮਲੇ ਤੇ ਗੁਜਰਾਤ ਕਤਲੇਆਮ ਬਾਰੇ ਲਿਖੇ ਆਪਣੇ ਲੇਖਾਂ ਕਰਕੇ ਇਸ ਸੂਚੀ ਵਿਚ ਸ਼ਾਮਲ ਕਰ ਲਈ ਗਈ ਸੀ। ਸੰਸਦ ਹਮਲੇ ਬਾਰੇ ਲਿਖੇ ਉਸਦੇ ਲੇਖਾਂ ਨੇ ਇਕ ਵਾਰ ਤਾਂ ਭੁਚਾਲ ਜਿਹਾ ਲਿਆ ਦਿੱਤਾ ਸੀ। ਕਸ਼ਮੀਰ ਦਾ ਉਹ ਸੱਚ ਉਸਨੇ ਬਾਹਰ ਲਿਆਂਦਾ ਜਿਹੜਾ ਸਰਕਾਰਾਂ ਨੇ 50 ਸਾਲਾਂ ਤੋਂ ਵੱਧ ਸਮੇਂ ਤੋਂ ਦਬਾ ਕੇ ਰੱਖਿਆ ਸੀ। ਗਿਲਾਨੀ ਤੇ ਅਫ਼ਜ਼ਲ ਨਾਲ ਬਹੁਤ ਲੋਕਾਂ ਨੇ ਹਮਦਰਦੀ ਜਾਹਰ ਕੀਤੀ ਤੇ ਇੱਕ ਮਾਸ ਮੂਵਮੈਂਟ ਉਹਨਾਂ ਨਿਰਦੋਸ਼ਾਂ ਦੇ ਹੱਕ ਵਿਚ ਖੜ੍ਹੀ ਕੀਤੀ ਗਈ। ਗਿਲਾਨੀ ਨੂੰ ਤਾਂ ਬਰੀ ਕਰ ਦਿੱਤਾ ਗਿਆ ਪਰ ਅਫਜ਼ਲ ਦੇ ਸਿਰ ’ਤੇ ਫਾਂਸੀ ਦਾ ਫੰਦਾ ਅਜੇ ਵੀ ਲਟਕ ਰਿਹਾ ਹੈ। ਫੈਸਲੇ ਵਿਚ ਸ਼ਰੇਆਮ ਲਿਖਿਆ ਗਿਆ ਕਿ ਬੇਸ਼ੱਕ ਅਫ਼ਜ਼ਲ ਦੇ ਖਿਲਾਫ ਠੋਸ ਸਬੂਤ ਨਹੀਂ ਪਰ ‘ਭਾਰਤ ਦੀ ਸਮੂਹਿਕ ਚੇਤਨਾ’ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਫਾਂਸੀ ਦਿੱਤੀ ਜਾਂਦੀ ਹੈ। ਇਹ ਕੈਸਾ ਇਨਸਾਫ।
ਕਾਂਗਰਸ ਉਸ ਦੀ ਦੁਸ਼ਮਨ ਥੋੜਾ ਪਿੱਛੋਂ ਜਾ ਕੇ ਬਣੀ। ਜਦੋਂ ਤੋਂ ਉਹ ਸਾਥੀਆਂ ਨਾਲ ਵਿਚਰਨ ਲੱਗੀ (Walking With Comrades) ਸ਼ਾਇਦ ਉਸ ਤੋਂ ਕੁਝ ਸਮਾਂ ਪਹਿਲਾਂ। ਉਸ ਨੇ ਆਵਾਜ ਉਠਾਈ ਕਿ ਇਹਨਾਂ ਦੋਹਾਂ ਤਾਕਤਾਂ ਤੋਂ ਲੋਕਾਂ ਨੂੰ ਖਤਰਾ ਹੈ। ਜਦੋਂ ਭਾਜਪਾ ਸੱਤਾ ਵਿਚ ਆਉਂਦੀ ਹੈ ਤਾਂ ਹਿੰਦੂਤਵ ਭਾਰੂ ਹੋ ਜਾਂਦਾ ਹੈ ਤੇ ਜਦੋਂ ਕਾਂਗਰਸ ਹੇਠ ਕੁਰਸੀ ਆਉਂਦੀ ਹੈ ਤਾਂ ਕਾਰਪੋਰੇਟਸ ਭਾਰੂ ਹੋ ਜਾਂਦੇ ਹਨ। ਦੋਹਾਂ ਹਾਲਤਾਂ ਵਿਚ ਮਰਦਾ ਗਰੀਬ ਆਦਮੀਂ ਹੀ ਹੈ।
ਪੰਜਾਬੀ ਦੇ ਨਾਮਵਰ ਸ਼ਾਇਰ ਦੀਆਂ ਲਿਖੀਆਂ ਸਤਰਾਂ ਕਿ ‘ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ’ ਨੂੰ ਸ਼ਾਇਦ ਅਰੁੰਧਤੀ ਇਹ ਕਹਿ ਕੇ ਅੱਗੇ ਲੰਘ ਗਈ ਕਿ ‘ਸੱਚ ਬੋਲਣ ਵਾਲੇ ਮੋਢਿਆਂ ਦੀ ਪ੍ਰਵਾਹ ਨਹੀਂ ਕਰਦੇ’।
ਓਪਰੇਸ਼ਨ ਗ੍ਰੀਨ ਹੰਟ ਦੇ ਵਿਰੋਧ ਵਿਚ ਉਹ ਡਟ ਕੇ ਸਾਹਮਣੇ ਆਈ। Walking With Comrades ਨਾਂ ਦੇ ਵੱਡੇ ਲੇਖ ਵਿਚ ਉਸਨੇ ਕਈ ਪਰਤਾਂ ਖੋਲੀਆਂ। ਆਦੀਵਾਸੀਆਂ ਉੱਤੇ ਸਰਕਾਰ ਤੇ ਸਲਵਾ ਜੁਡਮ ਦੇ ਅੱਤਿਆਚਾਰਾਂ ਨੂੰ ਪੜ੍ਹ ਕੇ ਰੂਹ ਕੰਬ ਗਈ। ਪਹਿਲੀ ਵਾਰ ‘ਉਹਨਾਂ’ ਲਈ ਵੀ ਦਿਲ ਵਿਚ ਹਮਦਰਦੀ ਜਾਗੀ। ਸਰਕਾਰੀ ਅੱਤਵਾਦ ਬਾਦਸਤੂਰ ਜਾਰੀ ਹੈ। ਕਸ਼ਮੀਰ ਤੇ ਪੰਜਾਬ ਉਸਦਾ ਸ਼ਿਕਾਰ ਪਹਿਲਾਂ ਹੀ ਸਨ ਤੇ ਹੁਣ ਵਿਚਾਰੇ ਇਹ ਆਦੀਵਾਸੀ ਵੀ ਹੋ ਗਏ। ਹਲਾਂਕਿ ਉਹ ਆਜ਼ਾਦ ਭਾਰਤ ਤੋਂ ਆਜ਼ਾਦੀ ਵੀ ਨਹੀਂ ਮੰਗ ਰਹੇ। ਇਹ ਤਾਂ ਬਸ ਸਰਕਾਰ ਦੀਆਂ ਲਾਲਾਂ ਡਿੱਗ ਪਈਆਂ ਉਹਨਾਂ ਦੀਆਂ ਜ਼ਮੀਨਾਂ ’ਤੇ। ਬਸ ਫੇਰ ਉਹ ਕਿਸੇ ਪਰੀ ਕਹਾਣੀ ਦੇ ਰਾਕਸ਼ਸ ਵਾਂਗ ‘ਆਦਮ ਬੋ-ਆਦਮ ਬੋ’ ਕਰਦੇ ਵੜ੍ਹ ਗਏ ਜੰਗਲਾਂ ਵਿਚ ਤੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਤੇ ਨਾ ਚਾਹੁੰਦਿਆਂ ਹੋਇਆਂ ਵੀ ਲੋਕਾਂ ਨੂੰ ਬੰਦੂਕਾਂ ਚੁੱਕਣੀਆਂ ਪਈਆਂ। ਉਸ ਤੋਂ ਪਿੱਛੋਂ ਆਜ਼ਾਦ ਭਾਰਤ ਦੇ ਆਜ਼ਾਦ ਪ੍ਰਧਾਨ ਮੰਤਰੀ ਜੀ ਦੇ ਕਹਿਣ ਅਨੁਸਾਰ ਮਾਉਵਾਦੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਭ ਤੋਂ ਵੱਡਾ ਖਤਰਾ ਬਣ ਗਏ। ਨਿਊਜ਼ ਚੈਨਲਾਂ ਨੇ ਰਾਤੋ-ਰਾਤ ਇਸਲਾਮਿਕ ਅੱਤਵਾਦ ਨੂੰ ਛੱਡ ਕੇ ਮਾਓਵਾਦੀ ਅੱਤਵਾਦ ਬਾਰੇ ਰਿਪੋਰਟਾਂ ਤਿਆਰ ਕਰ ਲਈਆਂ ਜੋ ਲਗਾਤਾਰ ਦਿਖਾਈਆਂ ਜਾ ਰਹੀਆਂ ਹਨ।ਇਹ ਸਭ ਖ਼ਬਰਾਂ ਛੋਟੇ ਜਵਾਕਾਂ ਦੀ ਚਿੜੀ ਉੱਡ, ਕਾਂ ਉੱਡ ਦੀ ਖੇਡ ਵਾਂਗ ਹਨ। ਜਿਸ ਵਿਚ ਕੋਈ ਬੱਚਾ ਜਦੋਂ ਕੋਈ ਨਾ ਉੱਡਣ ਵਾਲੀ ਚੀਜ਼ ਬਾਰੇ ਵੀ ਉੱਡਣ ਵਾਲਾ ਇਸ਼ਾਰਾ ਕਰ ਦੇਵੇ ਤਾਂ ਬਾਕੀ ਖਿਡਾਰੀ ਉਸ ਦੇ ਹੱਥਾਂ ’ਤੇ ਚਪੇੜਾਂ ਮਾਰਦੇ ਹਨ। ਪਰ ਮਾਰਨ ਤੋਂ ਪਹਿਲਾਂ ਉਹ ਇਹ ਕਹਿੰਦੇ ਹਨ, ਲੂਣ… ਮਿਰਚ… ਮਸਾਲਾ… ਤੇ ਹਲਦੀ ਕਹਿੰਦਿਆਂ ਹੀ ਉਹ ਜੜ੍ਹ ਦਿੰਦੇ ਹਨ। ਬਸ ਇਹ ਖ਼ਬਰਾਂ ਵਾਲੇ ਚੈਨਲ ਵੀ ਇਸੇ ਤਰ੍ਹਾਂ ਹਨ। ਲੂਣ, ਮਿਰਚ, ਮਸਾਲਾ, ਹਲਦੀ ਪੂਰੀ ਤੇਜ਼ ਹੀ ਰੱਖਦੇ ਹਨ ਤੇ ਆਪਾਂ ਨੂੰ ਸੁਰਤ ਈ ਨਹੀਂ ਆਉਂਦੀ ਕਿ ਕਦੋਂ ਚਪੇੜ ਵੱਜ ਜਾਂਦੀ ਹੈ।
ਖੈਰ… ਅਰੁੰਧਤੀ ਰਾਏ ਦੇ ਸੰਘਰਸ਼ ਕਰ ਰਹੇ ਲੋਕਾਂ ਦੇ ਹੱਕ ਵਿਚ ਖੜ੍ਹਣ ਦੇ ਸਟੈਂਡ ਨੇ ਉਸ ਨੂੰ ਵੱਡਾ ਕਰ ਦਿੱਤਾ। ਮੈਂ ਲੱਭ-ਲੱਭ ਕੇ ਉਸਦੇ ਲੇਖ ਪੜ੍ਹੇ। ਸੱਚਮੁੱਚ ਉਹ ‘Voice of Voiceless’ ਲੱਗੀ। ਪਿੱਛੇ ਜਹੇ ਜਦੋਂ ਉਹ ਜਲੰਧਰ ਆਈ ਤਾਂ ਪਤਾ ਨਾ ਲੱਗਿਆ ਤੇ ਜਾ ਕੇ ਸੁਣ ਨਾ ਸਕੇ। ਭਾਵੇਂ ਕਿ ਬਾਅਦ ਵਿਚ ਸੀ.ਡੀ. ਰਾਹੀਂ ਉਸ ਨੂੰ ਸੁਣ ਲਿਆ ਸੀ, ਪਰ ਸੀ.ਡੀ. ਵਿਚ ਕੀਤੀ ਗਈ ਕੱਟ-ਵੱਢ ਨਾਲ ਇਹ ਮਲਾਲ ਤਾਂ ਦਿਲ ਵਿਚ ਰਿਹਾ ਹੀ ਕਿ ਜੇ ਉੱਥੇ ਗਏ ਹੁੰਦੇ ਤਾਂ ਪੂਰਾ ਸੁਣ ਲੈਂਦੇ।
ਫੇਰ ਹਿੰਦੋਸਤਾਨ ਵਿਚ ਚੱਲੇ ਇੱਕ ਅਧੂਰੇ ਜਹੇ ਸੰਘਰਸ਼, ਜਿਸਨੂੰ ਮੀਡੀਆ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਤੋਂ ਵੀ ਵੱਡਾ ਕਰ ਕੇ ਦਿਖਾਇਆ, ਬਾਰੇ ਉਸਦੀਆਂ ਬੇਬਾਕ ਟਿੱਪਣੀਆਂ ਸੁਣੀਆਂ। ਜਦੋਂ ਐਕਰ ਬਰਖ਼ਾ ਨੇ ਉਸ ਨੂੰ ਪੁੱਛਿਆ, “ਪਰ ਤੁਸੀਂ ਉਸ ਏਡੇ ਵੱਡੇ ਇਕੱਠ ਬਾਰੇ ਕੀ ਕਹੋਗੇ, ਜੋ ਉਹਨਾਂ ਦੇ ਨਾਲ ਸੀ…” ਤਾਂ ਅਰੁੰਧਤੀ ਰਾਏ ਥੋੜਾ ਜਿਹਾ ਮੁਸਕੁਰਾਉਂਦੇ ਹੋਏ ਬੋਲੀ, “ਬਰਖ਼ਾ… ਮੈਂ ਇਸ ਤੋਂ ਕਿਤੇ ਵੱਡੇ ਇਕੱਠ ਵੇਖੇ ਹਨ… ਕਸ਼ਮੀਰ ਵਿਚ… ਜਿੱਥੇ ਲੋਕ ਆਜ਼ਾਦੀ ਦੇ ਨਾਹਰੇ ਮਾਰਦੇ ਹਨ ਤੇ ਤੁਸੀਂ ਮੀਡੀਆ ਵਾਲੇ ਉਹਨਾਂ ਨੂੰ ਸਿਰਫ ਇਹ ਕਹਿ ਕੇ ਨਜ਼ਰ-ਅੰਦਾਜ਼ ਕਰ ਦਿੰਦੇ ਹੋ ਕਿ ਐਵੇਂ ਇਹਨਾਂ ਨੇ ਟਰੈਫਿਕ ਜਾਮ ਲਗਾਇਆ ਹੋਇਐ…।”
5-7 ਦਿਨਾਂ ਦੀ ਭੁੱਖ ਹੜਤਾਲ ਨੂੰ ਲਹਿਰ ਬਣਾਉਣ ਵਾਲੇ ਮੀਡੀਆ ਨੇ 11 ਸਾਲਾਂ ਤੋਂ ਭੁੱਖ ਹੜ੍ਹਤਾਲ ’ਤੇ ਬੈਠੀ ਇਰੋਮ ਸ਼ਰਮੀਲਾ ਬਾਰੇ ਇੱਕ ਸਕਿੰਟ ਦੀ ਖ਼ਬਰ ਵੀ ਨਹੀਂ ਦਿੱਤੀ… ਕਿਉਂ?
ਖੈਰ… ਐਤਕੀਂ ਉਹ ਫੇਰ ਆਈ, ਕੁਝ ਦਿਨ ਪਹਿਲਾਂ। ਕੁੱਸੇ, ਮੋਗੇ ਦੇ ਨੇੜੇ। ਇਸ ਵਾਰ ਅਸੀਂ ਖੁੰਝਣ ਵਾਲੇ ਨਹੀਂ ਸਾਂ। ਪਹੁੰਚ ਗਏ। ਚੰਗਾ ਇਕੱਠ ਸੀ। ਭਾਵੇਂ ਇਕੱਠ ਵਿਚੋਂ ਬਹੁਤੇ ਉਸ ਨੂੰ ਜਾਣਦੇ ਨਹੀਂ ਸਨ ਤੇ ਕਈਆਂ ਨੂੰ ਤਾਂ ਉਸ ਦਾ ਨਾਂ ਲੈਣ ’ਚ ਵੀ ਮੁਸ਼ਕਿਲ ਆ ਰਹੀ ਸੀ। ਬੁਲਾਰੇ ਬੋਲ ਰਹੇ ਸਨ। ‘ਭਾਅ ਜੀ’ ਨੂੰ ਸ਼ਰਧਾਂਜਲੀਆਂ ਪੇਸ਼ ਕਰ ਰਹੇ ਸਨ। ਪੰਜਾਬ ਦੇ ਕਾਮਰੇਡਾਂ ਨਾਲ ਇਹ ਗਿਲਾ ਤਾਂ ਹਮੇਸ਼ਾਂ ਹੀ ਰਹੇਗਾ ਕਿ ਇਹ ਸਾਨੂੰ ‘ਗਾਤਰਿਆਂ ਵਾਲਿਆਂ’ (ਉਹ ਇੰਝ ਹੀ ਕਹਿੰਦੇ ਹਨ) ਨੂੰ ਸ਼ੂਦਰ ਹੀ ਸਮਝਦੇ ਨੇ। ਗਲਤੀਆਂ ਸਾਥੋਂ ਤੇ ਤੁਹਾਥੋਂ ਦੋਹਾਂ ਤੋਂ ਹੋਈਆਂ, ਪਰ ਹੁਣ ਸਭ ਕਾਸੇ ਨੂੰ ਲਤਾੜ ਕੇ ਲੰਘ ਜਾਣ ਦਾ ਵੇਲਾ ਹੈਂ। ਸਾਡਾ ਦੁਸ਼ਮਨ ਤਾਂ ਸਾਂਝਾ ਹੈ। ਕੁਝ ਆਪਾ ਵਿਰੋਧੀ ਗੱਲਾਂ ਵੀ ਸਟੇਜ਼ ’ਤੇ ਹੋਈਆਂ, ਜਿੱਥੋਂ ਇਹ ਪ੍ਰਤੀਤ ਵੀ ਹੋਇਆ ਕਿ ‘ਗੁਰੂ ਨਾਨਕ’ ਇਹਨਾਂ ਨੂੰ ਪ੍ਰਵਾਨ ਤਾਂ ਹੈ ਪਰ ‘ਟੋਟਿਆਂ’ ਵਿੱਚ। ਸ਼ਾਇਦ ਜੇ ਬੀਬੀ ਅਰੀਤ ਕੁਝ ਨਾ ਬੋਲਦੀ ਤਾਂ ਉਸਦੇ ‘ਪਾਪਾ’ ਦੀ ਤਸਵੀਰ ਜਿਆਦਾ ਸਾਫ ਰਹਿੰਦੀ। ਉਸ ਨੇ ਆਪ ਵੱਡੀ ਬਨਣ ਦੀ ਕੋਸ਼ਿਸ਼ ਵਿਚ ਬਾਪੂ ਦਾ ਅਕਸ ਥੋੜਾ ਧੁੰਦਲਾ ਕਰ ਦਿੱਤਾ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਪੁੱਤ ਕਿਸੇ ਦੂਜੇ ਨੂੰ ਨੀਵਾਂ ਦਿਖਾ ਕੇ ਆਪ ਵੱਡੇ ਨਹੀਂ ਹੋਈਦਾ। ਕੜਾ ਵੀ ਪਵਾ ਕੇ ਰੱਖਣੈ ਬਾਪੂ ਦੇ, ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਕਰਨੈ ਘਰੇ ਤੇ ਬਾਪੂ ਦੇ ਮੂੰਹੋਂ ਗਾਲ੍ਹਾਂ ਵੀ ਕਢਾਉਣੀਐਂ ਰੱਬ ਨੂੰ…। 'ਇਹ ਸਭ ਕੁਝ ਇਕੱਠਾ ਸੰਭਵ ਨਹੀਂ ਬੀਬੀ ਜੀ। ਕੀ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਆਸਤਿਕ (ਵਾਹਿਗੁਰੂ ਨੂੰ ਮੰਨਣ ਵਾਲੇ) ਲੋਕ ਸੰਘਰਸ਼ ਕਰ ਹੀ ਨਹੀਂ ਸਕਦੇ? ਲੱਗਿਆ ਕਿ ਜਿਵੇਂ ਬੀਬੀ ਪੰਜਾਬ ਦੇ ਇਤਿਹਾਸ ਤੋਂ ਜਾਣੂ ਨਹੀਂ। ਪਤਾ ਨਹੀਂ ਕਿਉਂ ਉਹ ਏਨੇ ਗੁੱਸੇ ਵਿੱਚ ਸੀ…।
ਇਸ ਸਭ ਤੋਂ ਅਭਿੱਜ ਸੱਜੇ ਪਾਸੇ ਇੱਕ ਬੀਬੀ ਚਿੱਟੀ ਚੁੰਨੀ ਗਲ ’ਚ ਪਾਈ ਬੈਠੀ ਸੀ। ਮੈਂ ਅੱਖਾਂ ਥੋੜੀਆਂ ਜਹੀਆਂ ਮੀਚ ਕੇ ਵੇਖਿਆ (ਕੁਝ ਦਿਨ ਪਹਿਲਾਂ ਮੇਰੀ ਐਨਕ ਟੁੱਟ ਗਈ ਸੀ), ਇਹ ਉਹੀ ਸੀ। ਜੀਅ ਕੀਤਾ ਕਿ ਬਾਲ-ਨਾਥ ਨੂੰ ’ਵਾਜ ਮਾਰ ਕੇ ਕਹਾਂ ਕਿ ਔਹ ਬੈਠੀ ਐ ਨਾਥਾ ਹੀਰ… ਮਿਲਾ ਦੇ ਜੇ ਮਿਲਾ ਸਕਦੈਂ ਤਾਂ…।
ਉਹ ਬੋਲੀ, ਰਲਵੀਂ-ਮਿਲਵੀਂ ਹਿੰਦੀ-ਅੰਗਰੇਜ਼ੀ ਵਿੱਚ, ਬਹੁਤ ਥੋੜਾ, ਪਰ ਚੰਗਾ। ਸੰਘਰਸ਼ ਕਰ ਰਹੀਆਂ ਧਿਰਾਂ ਬਾਰੇ ਕੁਝ ਗੱਲਾਂ ਕਰ ਕੇ ਉਹ ਸਟੇਜ ਤੋਂ ਉਤਰ ਗਈ ਤੇ ਅਸੀਂ ਵੀ ਮੁਹਾਰਾਂ ਮੋੜ ਲਈਆਂ ਤਖ਼ਤ ਹਜ਼ਾਰੇ ਵੱਲ। ਜਦੇ ਮੇਰੇ ਮਿੱਤਰ ਸੁਖਜੀਵਨ ਦਾ ਫੋਨ ਆਇਆ, “ਬਾਈ ਜਗਦੀਪ… ਮਿਲਣੈ…।” ਮੈਂ ਕਿਹਾ, “ਮਿਲ ਸਕਦੇ ਆਂ?” “ਹਾਂ ਤੁਸੀਂ ਸਕੂਲ ’ਚ ਆ ਜਾਓ।”
ਅਸੀਂ ਹੱਥ ਵਿਚ ਉਸ ਦੀ ਇੱਕ ਕਿਤਾਬ ਫੜ੍ਹੀ ਪਹੁੰਚ ਗਏ। ’ਗਾਹਾਂ ਫੇਰ ਕਾਮਰੇਡ। ਸਾਨੂੰ ਆਵਦੇ ਨਹੀਂ ਸਮਝਦੇ। ਮੈਂ ਕਿਹਾ ਈਮੇਲ ਈ ਲੈ ਦਿਉ ਬੀਬੀ ਦੀ। “ਕੋਨੀ ਖਾਲਸਾ ਜੀ, ਤੁਸੀਂ ਏਥੇ ਖੜ੍ਹੋ… ਪੁੱਛ ਲੈਂਦੇ ਆਂ…।” ਪਰ ਮੈਨੂੰ ਲੱਗਿਆ ਕਿ ਉਹ ਮੇਰੀ ਕਿਰਪਾਨ ਵੱਲ ਕਸੂਤਾ ਜਿਹਾ ਝਾਕ ਰਹੇ ਹਨ, ਸ਼ਾਇਦ ਮੇਰਾ ਵਹਿਮ ਹੀ ਹੋਵੇ। ਮੈਂ ਸੋਚਿਆ, ਮਨਾਂ! ਇਹਨਾਂ ਕਿੱਥੋਂ ਮਿਲਣ ਦੇਣੈ, ਉਸੇ ਵੇਲੇ ਮੇਰੇ ਮੋਢੇ ’ਤੇ ਪਿੱਛੋਂ ਕਿਸੇ ਨੇ ਹੱਥ ਰੱਖਿਆ। ਲੱਗਿਆ ਕਿ ਬਾਲ-ਨਾਥ ਐ। ਪਲਟ ਕੇ ਵੇਖਿਆ ਤਾਂ ਇੱਕ ਸਿਆਣੀ ਜਹੀ ਉਮਰ ਦਾ ਕਾਮਰੇਡ ਸੀ। ਉਹਨਾਂ ਨੇ ਈਮੇਲ ਲਿਖ ਕੇ ਫੜ੍ਹਾ ਦਿੱਤੀ। ਮੇਰੇ ਅਜੇ ਮਨ ਵਿਚ ਈ ਸੀ ਕਿ ਉਸ ਨੂੰ ਕਹਾਂ ਕਿ ਯਰ ਦਰਸ਼ਨ ਤਾਂ ਕਰਵਾ ਦਿਓ, ਉਸ ਤੋਂ ਪਹਿਲਾਂ ਹੀ ਉਹ ਬੋਲੇ ਜੇ ਤੁਸੀਂ ਮਿਲਣਾ ਚਾਹੁੰਦੇ ਓ ਤਾਂ ਮਿਲ ਸਕਦੇ ਓ। ਲੈ ਅੰਨ੍ਹਾਂ ਕੀ ਭਾਲੇ ਦੋ ਅੱਖਾਂ। ਅਸੀਂ ਅੰਦਰ ਚਲੇ ਗਏ। ਉਸ ਨੇ ਹੱਸ ਕੇ ਸਵਾਗਤ ਕੀਤਾ।
“ਯੇਹ ਕੌਨ ਸੀ ਕਿਤਾਬ ਹੈ ਆਪ ਕੇ ਪਾਸ?” ਮੈਂ ਕਿਤਾਬ ਮੂਹਰੇ ਕਰ ਦਿੱਤੀ।
ਉਹ ਸਾਨੂੰ ਮੁਖਾਤਿਬ ਹੁੰਦਿਆਂ ਬੋਲੀ, “ਇਸ ਕਿਤਾਬ ਕੀ ਵਜਹ ਸੇ ਭਾਜਪਾ ਵਾਲੇ ਮੇਰੇ ਦੁਸ਼ਮਨ ਬਣ ਗਏ, ਇਸ ਕਿਤਾਬ ਪਰ ਵੋਹ ਸਬਸੇ ਜਿਆਦਾ ਚੀਖ਼ੇ ਹੈਂ…”
“ਅੰਦਰ ਸੇ ਕਾਫੀ ਕੁਝ ਟੂਟ ਗਯਾ ਥਾ ਪੰਜਾਬ ਮੇਂ ਸਰਕਾਰੀ ਆਤੰਕਵਾਦ ਕੇ ਬਾਰੇ ਮੇਂ ਪੜ੍ਹ ਕਰ, ਔਰ ਬਚਾ-ਖੁਚਾ ਢਹਿ ਗਯਾ ਇਸ ਕਿਤਾਬ ਕੇ ਜਰਿਯੇ…” ਮੈਂ ਮਸਾਂ ਹਿੰਦੀ ਵਿਚ ਵਾਕ ਪੂਰਾ ਕੀਤਾ।
“ਆਪ ਨੇ ਪੜ੍ਹ ਲੀ…”
“ਜੀ ਹਾਂ”
ਫੇਰ ਉਸ ਨੇ ਆਪ ਹੀ ਕਿਤਾਬ ਦੇ ਮੂਹਰਲੇ ਪੰਨੇ ’ਤੇ ਹਸਤਾਖ਼ਰ ਵੀ ਕਰ ਦਿੱਤੇ। ਕੁਝ ਹੋਰ ਗੱਲਾਂ ਹੋਈਆਂ, ਫੋਟੋਆਂ ਖਿੱਚੀਆਂ ਤੇ ਧੰਨਵਾਦ ਕਰਕੇ ਬਾਹਰ ਆ ਗਏ। ਬਾਹਰ ਆਉਂਦਿਆਂ ਮੈਂ ਉਹ ਪੰਨਾ ਖ੍ਹੋਲ ਕੇ ਵੇਖਿਆ, “ਬਾਈ ਟੁੱਟੇ ਜਹੇ ਅੱਖਰ ਐ…” ਮੇਰਾ ਮਿੱਤਰ ਬੋਲਿਆ।
“ਓ ਨਹੀਂ… ਵੱਡੇ ਬੰਦੇ ਇੰਝ ਈ ਪਾਉਨਦੇ ਹੁੰਦੇ ਐ…” ਮੈਨੂੰ ਉਸ ’ਤੇ ਗੁੱਸਾ ਜਿਹਾ ਵੀ ਆਇਆ।
ਉਸ ਕਾਮਰੇਡ ਦੋਸਤ ਦਾ ਧੰਨਵਾਦ ਵੀ ਕੀਤਾ, ਜਿਹੜਾ ਬਾਲ-ਨਾਥ ਬਣ ਕੇ ਬਹੁੜਿਆ ਸੀ। ਜੀਅ ਕੀਤਾ ਕਿ ਉਸ ਨੂੰ ਕਹਾਂ, “ਯਾਰਾ ਅਸੀਂ ਵੀ ਥੋਡੇ ਸਾਥੀ ਈ ਆਂ, ਸਾਨੂੰ ਗੁਰੂ ਨੇ ਮਜ਼ਲੂਮਾਂ ਲਈ ਲੜ੍ਹਣਾ ਸਿਖਾਇਐ, ਸਾਰਾ ਇਤਿਹਾਸ ਐਸੀਆਂ ਕੁਰਬਾਨੀਆਂ ਨਾਲ ਭਰਿਆ ਪਿਐ। ਆਪਣੇ ਸਾਥੀਆਂ ਨੂੰ ਸਮਝਾਓ ਕਿ ਇੱਕ ਤੇ ਇੱਕ ਹਮੇਸ਼ਾਂ ਦੋ ਹੀ ਨਹੀਂ ਹੁੰਦੇ ਗਿਆਰਾਂ ਵੀ ਹੋ ਜਾਂਦੇ ਐ। ਸਾਨੂੰ ਬੇਗਾਨੇ ਨਾ ਸਮਝੋ। ਤੁਸੀਂ ਸਾਨੂੰ ਆਸਤਿਕ ਕਹਿ ਕੇ ਮੂੰਹ ਫੇਰ ਲੈਂਦੇ ਓ ਤੇ ਅਸੀਂ ਥੋਨੂੰ ਨਾਸਤਿਕ ਕਹਿ ਕੇ ਭੰਡਦੇ ਆਂ। ਪਰ ਜੇ ਆਪਾਂ ਏਸ ਮੁੱਦੇ ਨੂੰ ਇੱਕ ਵਾਰ ਪਾਸੇ ਰਾਖ ਕੇ ਸੰਘਰਸ਼ ਦੀ ਗੱਲ ਕਰੀਏ ਤਾਂ ਬਹੁਤ ਕੁਝ ਆਪਣੇ ਵਿਚ ਸਾਂਝਾ ਵੀ ਐ। ਸੰਤ ਭਾਈ ਰਣਧੀਰ ਸਿੰਘ, ਬਾਬਾ ਬੂਝਾ ਸਿੰਘ, ਨਿਰੰਜਨ ਸਿੰਘ ਅਕਾਲੀ ਵੀ ਤਾਂ ਸਾਡੇ ਵਿਚੋਂ ਈ ਸਨ। ਹਾਕਮ ਸਿੰਘ ਸਮਾਓ ਵਰਗੇ ਸਿਆਣੇ ਆਗੂਆਂ ਨੇ ਤਾਂ ਕਦੇ ਸਾਨੂੰ ਆਏਂ ਨਹੀਂ ਭੰਡਿਆ, ਜਿਵੇਂ ਤੁਹਾਡੀ ਆਹ ਨਵੀਂ ਨਸਲ ਕਰਦੀ ਐ। ਸੋ ਆਉ ਸਿਆਣੇ ਬਣੀਏਂ ਤੇ ਇਕੱਠੇ ਹੋ ਕੇ ਲੋਕ ਹੱਕਾਂ ਲਈ ਘੋਲ ਕਰੀਏ ਤੇ ਗਾਈਏ,
“ਲੜਾਂਗੇ ਸਾਥੀ,
ਜੇ ਰੋਟੀ ਨਾ ਮਿਲੀ,
ਤਾਂ ਬਾਰੂਦ ਖਾ ਕੇ ਲੜ੍ਹਾਂਗੇ…”
ਕਾਮਰੇਡ ਅਮੋਲਕ ਦੀ ਉਸ ਗੱਲ ਨੂੰ ਪ੍ਰਨਾਮ ਜਿਹੜੀ ਉਸ ਨੇ ਉਸੇ ਦਿਨ ਗੋਬਿੰਦਪੁਰੇ ਵਾਪਰੇ ਕਹਿਰ ਬਾਰੇ ਸਟੇਜ ਤੋਂ ਕਹੀ ਸੀ, “ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਦੀ ਲਹਿਰ ਤੋਂ 100 ਸਾਲ ਬਾਅਦ ਵੀ ਅੱਜ ਦਸਤਾਰਾਂ ਸੁਰੱਖਿਅਤ ਨਹੀਂ। ਦਸਤਾਰਾਂ ਅੱਜ ਵੀ ਪੰਜਾਬ ਵਿਚ ਰੋਲੀਆਂ ਜਾ ਰਹੀਆਂ ਨੇ ਤੇ ਪੰਜਾਬ ਇਸ ਦਾ ਜਵਾਬ ਦੇਵੇਗਾ, ਪੰਜਾਬ ਬਦਲਾ ਲਵੇਗਾ…”
ਵਾਪਸ ਮੁੜਦੇ ਨੂੰ ਮੈਨੂੰ ਇਕ ਨੌਜੁਆਨ ਕਹਿੰਦਾ, “ਬਾਈ ਕੌਣ ਸੀ ਉਹ ਬੀਬੀ…”
ਮੇਰਾ ਜੀਅ ਕੀਤਾ ਕਿ ਉਸਨੂੰ ਕਹਾਂ, “ਉਹ ਆਪਣੀ ਸਾਰਿਆਂ ਦੀ ਭੈਣ ਸੀ ਵੀਰ। ਜਗਾਉਣ ਆਈ ਸੀ ਸੁੱਤਿਆਂ ਨੂੰ…।” ਪਰ ਮੈਂ ਕੁਝ ਨਾ ਬੋਲਿਆ।
ਜਗਦੀਪ ਸਿੰਘ ਫਰੀਦਕੋਟ
9815763313

1 comment:

Unknown said...

ਸਹੀ ਕਿਹਾ ਵੱਡੇ ਬਾਈ...ਆਸਤਿਕ ਨਾਸਤਿਕ ਦਾ ਮੁੱਦਾ ਇੱਕ ਵਾਰੀ ਪਾਸੇ ਕਰਕੇ ਲੜਨਾ ਚਾਹੀਦਾ..
ਸੰਘਰਸ਼ ਸਾਰਿਆਂ ਦਾ ਇਕੋ ਜਿਹਾ ਈ ਆ
ਭਾਵੇਂ ਉਹ ਆਦਿਵਾਸੀਆਂ ਦਾ ਹੋਵੇ ਭਾਵੇਂ ਪੰਜਾਬ ਦੇ ਸਿੱਖਾਂ ਦਾ..ਬਸ ਗੱਲ ਅਜ਼ਾਦੀ ਦੀ ਆ।
ਵਧੀਆ ਲੱਗਾ ਤੁਹਾਡਾ ਬਲੋਗ ਵੀਰ।