Friday, January 22, 2010

‘ਹਾਕਮਾਂ ਲਈ ਵੇਖਣੀ ਜ਼ਿਆਦਾ ਜ਼ਰੂਰੀ ਹੈ ਫਿਲਮ ਮਿੱਟੀ’

“ਮੇਰੇ ਪਿਆਰੇ ਲੋਕੋ… ਮਸਲਾ ਸਿਰਫ ਸਾਡੀ ਜ਼ਮੀਨ ਦਾ ਨਹੀਂ… ਮਸਲਾ ਸਾਡੀ ਹੋਂਦ ਦੈ… ਇਹਨਾਂ ਪੈਸੇ ਤੇ ਤਾਕਤ ਦੇ ਭੁੱਖੇ ਲੋਕਾਂ ਨੂੰ ਇਹ ਦੱਸਣ ਦਾ ਏ ਕਿ ‘ਗੁਰੂ’ ਦੀ ਲੜਾਈ ਖਿਦਰਾਣੇ ਦੀ ਢਾਬ ’ਤੇ ਖਤਮ ਨ੍ਹੀ ਹੋਈ… ਬੰਦਾ ਸਿੰਘ ਬਹਾਦਰ ਅੱਜ ਵੀ ਪਹਾੜਾਂ ਤੋਂ ਉਤਰ ਕੇ ਆ
ਸਕਦੈ
… ਓਹਨੂੰ ਬੇਸ਼ਕ ਅਸੀਂ ਕੈਥਲ ’ਚ ਨਾ ਮਿਲੀਏ… ਪਰ ਸਰਹੰਦ ’ਚ ਓਹਦੇ ਨਾਲ ਜਰੂਰ ਖੜ੍ਹਾਂਗੇ… ਹੁਣ ਮੌਕਾ ਆ ਗਿਐ ਇਹਨਾਂ ਨੂੰ ਦੱਸ ਦੇਣ ਦਾ ਕਿ
ਸ਼ੇਰ ਸਿਰਫ ਅਸਾਮ ਦੇ ਜੰਗਲਾਂ ’ਚ ਨ੍ਹੀ ਮਿਲਦੇ… ਉਹ ਜਦੋਂ ਚਾਹੇ ਮੁਦਕੀ ਤੇ ਸਭਰਾਵਾਂ ਦੇ ਮੈਦਾਨ ’ਚ ਸ਼ਰੇਆਮ ਗੱਜ ਸਕ
ਦੇ ਨੇ…”
“ਗਲਤ ਨੇ ਓਹ ਲੋਕ… ਗਲਤ ਨੇ ਉਹ ਲੋਕ, ਜਿਹੜੇ ਸਮਝਦੇ ਨੇ ਕਿ ਅਸੀਂ ਲੜਾਈ ਹਾਰ ਗਏ ਆਂ… ਅਸੀਂ ਸਿਰਫ ਪਿੱਛੇ ਹਟੇ ਸੀ… ਆਓ… ਆਓ ਦਰਿਆਵਾਂ ਵਾਗੂੰ ਅੱਗੇ ਵਧੀਏ ਤੇ ਦੰਦ ਭੰਨ ਦੇਈਏ ਉਹਨਾਂ ਮਗਰਮੱਛਾਂ ਦੇ… ਸੌਂਹ ਐਂ ਸਾਨੂੰ ਬਾਜਾਂ ਵਾਲੇ ਦੀ… ਅੱਜ ਇਹਨਾਂ ਨੂੰ ਦਿਖਾ ਦਿਆਂਗੇ ਕਿ ਪਿੰਡ ਦੇ ਖੇਤ ਵੀ ਚਮਕੌਰ ਦੀ ਗੜ੍ਹੀ ਬਣ ਸਕਦੇ ਨੇ……”
ਇਹ ਬੋਲ ਹਨ, ਫਿਲਮ ਮਿੱਟੀ ਦੇ ਉਸ ਬਜ਼ੁਰਗ ਕਿਸਾਨ ਪਾਤਰ ਦੇ, ਜਿਹੜਾ ਹੁਣ ਸੱਥਾਂ ਵਿਚ ਬੈਠ ਕੇ ਤਾਸ਼ ਖੇਡਣ ਜੋਗਾ ਨਹੀਂ ਰਿਹਾ, ਹੁਣ ਉਸ ਨੂੰ ਸੀਪ ਲੱਗਣ ਦੇ ਡਰ ਤੋਂ ਬਹੁਤ ਵੱਡੇ ਡਰਾਂ ਨੇ ਘੇਰ ਲਿਐ ਤੇ ਘਰ ਦਾ ਬੋਝ ਨੇ ਉਸ ਦੇ ਸਾਰੇ ਸ਼ੌਕ ਮਾਰ ਦਿੱਤੇ ਨੇ, ਜਿਹੜਾ ਬੋਲਦਾ ਹੋਇਆ ਕਦੇ ਵੀ ਤੁਹਾਨੂੰ ਸਿਰਫ ਫਿਲਮ ਦਾ ਪਾਤਰ ਨਹੀਂ ਲੱਗਣਾ, ਹਮੇਸ਼ਾਂ ਪਿੰਡ ਦਾ ਉਹ ਗਰੀਬ ਕਿਸਾਨ ਹੀ ਲੱਗੇਗਾ, ਜੀਹਦੀ ਗੁਜ਼ਾਰੇ ਜੋਗੀ ਬਚੀ ਜ਼ਮੀਨ ਵੀ ਖੋਹਣ ਲਈ ਸਰਕਾਰ ਤੇ ਸਰਮਾਏਦਾਰੀ ਪੱਬਾਂ ਭਾਰ ਹੋਈ ਬੈਠੀ ਹੈ, ਤਾਂ ਕਿ ਉਸ ਜ਼ਰਖੇਜ਼ ਜ਼ਮੀਨ ’ਤੇ ਸ਼ਰਾਬ ਦੀ ਫੈਕਟਰੀ ਲਾਈ ਜਾ ਸਕੇ।
ਇਹ ਬੋਲ ਨੇ, ਫਿਲਮ ਦੇ ਉਸ ਨੌਜੁਆਨ ਪਾਤਰ ਦੇ, ਜੀਹਨੇ ਹੱਥੋਂ ਸ਼ਰਾਬ ਦੀ ਬੋਤਲ ਵਗਾਹ ਮਾਰੀ ਐ, ਜਿਹੜਾ ਕਦੇ ਲੀਡਰਾਂ ਪਿੱਛੇ ਸਿਰ ਪਾੜਦਾ ਤੇ ਪੜਵਾਉਂਦਾ ਫਿਰਦਾ ਸੀ। ਉਹ ਨੌਜੁਆਨ, ਜੀਹਨੂੰ ਪਤਾ ਲੱਗ ਗਿਐ ਕਿ ਇਹ ਲੀਡਰ ਹੀ ਉਹਨਾਂ ਦੇ ਪਿੰਡੇ ਨੂੰ ਚਿੰਬੜੀਆਂ ਲਹੂ ਪੀਣੀਆਂ ਜੋਕਾਂ ਨੇ, ਜਿਹਨਾਂ ਨੇ ਉਹਨਾਂ ਦੇ ਪੂਰੇ ਦੇ ਪੂਰੇ ਪੂਰ ਨੂੰ ਸਾਹ ਸੱਤ ਹੀਣ ਕਰ ਛੱਡਿਐ। ……ਤੇ ਇਹ ਜਾਗਿਆ ਹੋਇਆ ਨੌਜੁਆਨ, ਜਿਹੜਾ ਕਦੇ ਕਪਟੀ ਲੀਡਰਾਂ ਦੇ ਕਹੇ ਉਹਨਾਂ ਦੇ ਰਾਜਸੀ ਵਿਰੋਧੀਆਂ ਨੂੰ ਮਾਰਦਾ ਫਿਰਦਾ ਸੀ, ਅੱਜ ਕਸੀਏ, ਤੰਗਲੀਆਂ ਤੇ ਟਕੂਏ ਚੁੱਕ ਕੇ ਉਹਨਾਂ ਲੀਡਰਾਂ ਦੇ ਹੀ ਮੂੰਹ ਭੰਨਣ ਨੂੰ ਤਿਆਰ ਖੜਾ ਹੈ, ਤੇ ਨਾਲਦਿਆਂ ਨੂੰ ਕਹਿ ਰਿਹੈ,
“ਏਸ ਮਿੱਟੀ ਲਈ ਅੱਜ ਮਰਨੈ ਜਾਂ ਮਾਰਨੈ… ਤੇ ਮੌਤ ਨੂੰ ਖਤਮ ਕਰਨੈ…”
ਇਹ ਫਿਲਮ ਚੇਤਾਵਨੀਂ ਐਂ ਉਹਨਾਂ ਲੀਡਰਾਂ ਤੇ ਸਰਮਾਏਦਾਰ ਲੋਕਾਂ ਲਈ, ਜਿਹੜੇ ਕਿਸਾਨਾਂ ਦੇ ਘਰ ਉਜਾੜ ਕੇ ਉੱਤੇ ਆਪਣੇ ਮਹਿਲ ਖੜ੍ਹੇ ਕਰਨੇ ਚਾਹੁੰਦੇ ਨੇ।
ਚੇਤਾਵਨੀਂ ਐਂ ਉਹਨਾਂ ਲਈ ਕਿ ਸੰਭਲ ਜਾਓ। ਜਿੱਦੇਂ ਪੰਜਾਬ ਦੇ ਨੌਜੁਆਨਾਂ ਨੇ ਹੱਥਾਂ ਵਿਚ ਫੜ੍ਹੀਆਂ ਦਾਰੂ ਦੀਆਂ ਬੋਤਲਾਂ ਤੇ ਸਮੈਕ ਦੀਆਂ ਪੁੜੀਆਂ (ਜਿਹੜੀਆਂ ਤੁਸੀਂ ਹੀ ਉਹਨਾਂ ਦੇ ਹੱਥਾਂ ਵਿਚ ਫੜਾਈਆਂ ਨੇ) ਸੜਕਾਂ ’ਤੇ ਵਗਾਹ ਮਾਰੀਆਂ, ਜਿੱਦੇਂ ਉਹਨਾਂ ਨੇ ਸਿਰਫ ਨੱਚਣ-ਗੌਣ ਨੂੰ ਹੀ ਆਪਣਾ ਸੱਭਿਆਚਾਰ ਸਮਝਣਾ ਛੱਡ ਦਿੱਤਾ (ਕਿਉਂਕਿ ਬਾਗੀਪੁਣਾ ਵੀ ਉਹਨਾਂ ਦੇ ਸੱਭਿਆਚਾਰ ਦਾ ਹੀ ਹਿੱਸਾ ਹੈ) ਜਿੱਦੇਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਸਿਰ ਪਈਆਂ ਸਾਰੀਆਂ ਮੁਸੀਬਤਾਂ ਦੇ ਜਨਮਦਾਤੇ ਤੁਸੀਂ (ਲੀਡਰਾਂ) ਹੋ… ਤਾਂ ਚੇਤੇ ਰੱਖਿਓ ਓਦੇਂ ਉਹਨਾਂ ਦੇ ਹਥਿਆਰਾਂ ਦੇ ਮੂੰਹ ਥੋਡੇ ਵੱਲ ਨੂੰ ਹੋ ਜਾਣੇ ਨੇ ਤੇ ਫੇਰ ਥੋਨੂੰ ਭੱਜਿਆਂ ਨੂੰ ਰਾਹ ਨਈਂ ਲੱਭਣੇ।
…ਤੇ ਇਹ ਵੀ ਯਾਦ ਰੱਖਿਓ ਕਿ ਆਪਣੀ ‘ਮਿੱਟੀ’ ਲਈ ਮਰਨ ਵਿਚ ਦੇਸ ਪੰਜਾਬ ਦੇ ਜਾਏ ਹਮੇਸ਼ਾਂ ਮੋਹਰੀ ਰਹੇ ਨੇ। ਕਦੇ ਉਹਨਾਂ ਨੇ ਆਪਣੇ ਬਾਪੂ (ਪੰਜਾਬ) ਨੂੰ ਪਿੱਠ ਨਹੀਂ ਵਿਖਾਈ। ਭਾਵੇਂ ਅੱਜ ਤੱਕ ਦਾ ਸਾਰਾ ਇਤਿਹਾਸ ਫੋਲਕੇ ਵੇਖ ਲਓ। ਇਸਦੀ ਗਵਾਹੀ ਤਾਂ ਹੋਰ ਧਰਮਾਂ ਦੇ ਇਤਿਹਾਸਕਾਰ ਵੀ ਦਿੰਦੇ ਨੇ,
“ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ,
ਅੱਜ ਵਿੱਚ ਸ਼ਹੀਦੀਂ ਝੰਡਿਆਂ ਹੈ ਮੇਰਾ ਝੰਡਾ ਤਾਂਹ”
ਜਿੱਦੇਂ ਪੰਜਾਬ ਦੇ ਨੌਜੁਆਨ ਨੇ ਬਾਬੇ ਬੰਦੇ ਸਿੰਘ ਬਹਾਦਰ, ਜਿਸਨੇ ਜਗੀਰਦਾਰੀ ਪ੍ਰਥਾ ਦਾ ਪੰਜਾਬ ਵਿਚੋਂ ਬਿਲਕੁਲ ਖਾਤਮਾਂ ਕਰ ਦਿੱਤਾ ਸੀ ਤੇ ਜਦੋਂ ਇਹ ਪ੍ਰਚੱਲਤ ਹੋ ਗਿਆ ਸੀ ਕਿ ‘ਜ਼ਮੀਨ ਹਲ਼ ਵਾਹ ਦੀ’ , ਨੂੰ ਚੇਤੇ ਕਰਕੇ ਤੇ ਅਨੰਦਪੁਰ ਦੇ ਮਾਹੀ ਨੂੰ ਦਿਲ ਵਿਚ ਵਸਾ ਕੇ ਤੁਹਾਡੇ ਵੱਲ ਕੂਚ ਕਰ ਦਿੱਤਾ ਤਾਂ ਫੇਰ ਦਿੱਲੀ ਦਾ ਹਾਲ ਵੀ ਸਰਹੰਦ ਵਰਗਾ ਹੀ ਹੋਵੇਗਾ… ਚੇਤੇ ਰੱਖਿਓ…।
ਮੌਕਾ ਹੈ… ਅਜੇ ਵੀ ਸੰਭਲ ਜਾਓ… ਨਾ ਧ੍ਰੋਹ ਕਮਾਓ ਪੰਜਾਬ ਨਾਲ, ਏਥੋਂ ਦੇ ਲੋਕਾਂ ਨਾਲ… ਆਪਣੇ ਭਰਾਵਾਂ ਨਾਲ। ਬੇਗਾਨਿਆਂ ਨੇ ਸਦਾ ਬੇਗਾਨੇ ਹੀ ਰਹਿਣਾ ਹੈ, ਆਖ਼ਰ ਨੂੰ ਤਾਂ ਆਪਣਿਆਂ ਨੇ ਹੀ ਕੰਮ ਆਉਣਾ ਹੈ।
ਸੋ ਮੈਂ ਚਾਹੁਦਾਂ ਕਿ ਪੰਜਾਬ ਦੇ ਉਹ ਸਾਰੇ ਲੀਡਰ, ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉੱਥੇ ਫੈਕਟਰੀਆਂ ਲਾਉਣ ਦੇ ਚਾਹਵਾਨ ਹਨ, ਇਕ ਵਾਰ ‘ਮਿੱਟੀ’ ਫਿਲਮ ਜਰੂਰ ਵੇਖਣ ਤੇ ਫੇਰ ਆਪ ਫੈਸਲਾ ਕਰਨ ਕਿ ਉਹਨਾਂ ਨੇ ਬੇਗਾਨਿਆਂ ਨਾਲ ਖੜ੍ਹਣਾ ਹੈ ਕਿ ਬਾਪੂ (ਪੰਜਾਬ) ਤੇ ਆਪਣੇ ਭਰਾਵਾਂ ਨਾਲ।
ਇਸ ਫਿਲਮ ਦੇ ਸੰਦੇਸ਼ ਦੇ ਨਾਲ ਹੋਰ ਵੀ ਬਹੁਤ ਕੁਝ ਇਹ ਵਿਚ ਸਲਾਹੁਣਯੋਗ ਹੈ। ਫਿਲਮ ਵਿਚਲੇ ਗੀਤਾਂ ਦੇ ਬੋਲ ਤੁਹਾਡੇ ਲੂੰ ਕੰਡੇ ਖੜ੍ਹੇ ਕਰ ਦਿੰਦੇ ਨੇ ਤੇ ਤੁਹਾਨੂੰ ਸੋਚਣ ਲਈ ਵੀ ਮਜ਼ਬੂਰ ਕਰਦੇ ਨੇ। ਇਕ ਕਿਸਾਨ ਲੀਡਰ, ਜਿਹੜਾ ਕਿ ਪੁਲਸ ਦੀ ਗੋਲੀ ਨਾਲ ਸ਼ਹੀਦ ਹੋ ਜਾਂਦਾ ਹੈ, ਦੇ ਸੰਸਕਾਰ ਦਾ ਦ੍ਰਿਸ਼ ਤੁਹਾਡੀਆਂ ਅੱਖਾਂ ਨਮ ਕਰ ਜਾਵੇਗਾ। ਜਦੋਂ ਉਸ ਦੀ ਅਰਥੀ ਨੂੰ ਪਿੰਡ ਦੀਆਂ ਗਲੀਆਂ ਵਿਚ ਦੀ ਸਿਵਿਆਂ ਵੱਲ ਲਿਜਾਇਆ ਜਾ ਰਿਹਾ ਹੈ ਤਾਂ ਗੀਤ ਚੱਲ ਰਿਹਾ ਹੁੰਦੈ,
“ਬੁਜ਼ਦਿਲ ਦੇ ਵਾਂਗ ਜੀਣਾ, ਮੇਰੇ ਨਹੀਂ ਮੁਆਫਿਕ,
ਯਾਰਾਂ ਦਾ ਵਾਂਗ ਅਰਥੀ ਸੜਕਾਂ ’ਤੇ ਹੀ ਜਲਾਇਓ,
ਮੇਰੀ ਮੌਤ ’ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ਰੇਤੇ ’ਚ ਨਾ ਰੁਲਾਇਓ……”
ਇਹ ਗੀਤ ਤੁਹਾਨੂੰ ਇਕ ਹੋਰ ਯੋਧੇ ਦੀ ਯਾਦ ਵੀ ਕਰਵਾ ਜਾਂਦੈ। ਉਹ ਹੈ ਇਸ ਗੀਤ ਦਾ ਰਚੈਤਾ, ਸੰਤ ਰਾਮ ਉਦਾਸੀ, ਇਕ ਇਨਕਲਾਬੀ ਕਵੀ, ਜਿਹੜਾ ਆਪ ਵੀ ਸਾਰੀ ਉਮਰ ਲੋਕਾਂ ਲਈ ਸੰਘਰਸ਼ ਕਰਦਾ ਰਿਹਾ ਤੇ ਅੰਤ ਪਤਾ ਨਈਂ ਕਿੱਥੇ ………
ਇਸ ਫਿਲਮ ਦਾ ਸਮਰਪਣ ਵੀ ਤੁਹਾਨੂੰ ਇਤਿਹਾਸ ਦੇ ਇਕ ਹੋਰ ਵੱਡੇ ਸੂਰਮੇਂ ਦੀ ਯਾਦ ਦਿਵਾਉਂਦਾ ਹੈ। ਇਹ ਫਿਲਮ ਸਮਰਪਣ ਕੀਤੀ ਗਈ ਹੈ ‘ਬਾਬਾ ਬੰਦਾ ਸਿੰਘ ਬਹਾਦਰ’ ਨੂੰ, ਜੀਹਨੇ ਗੁਰੂ ਦਸਮੇਸ਼ ਦੁਆਰਾ ਬਖ਼ਸ਼ੇ ‘ਪੰਜ ਤੀਰਾਂ’ ਨਾਲ ਪੰਜਾਬ ਦੀ ਧਰਤੀ ਤੋਂ ਜ਼ੁਲਮਾਂ ਦਾ ਸਾਮਰਾਜਵਾਦ ਜੜ੍ਹੋਂ ਪੁੱਟ ਕੇ ਏਥੇ ਲੋਕਾਂ ਦਾ ਰਾਜ ਕਾਇਮ ਕੀਤਾ ਸੀ।
ਅੰਤ ਵਿਚ ਫਿਲਮ ‘ਮਿੱਟੀ’ ਬਣਾਉਣ ਵਾਲੀ ਸਮੁੱਚੀ ਟੀਮ ਤੇ ਕਲਾਕਾਰਾਂ ਦਾ ਧੰਨਵਾਦ ਕੀਤੇ ਬਿਨਾ ਵੀ ਨਹੀਂ ਰਿਹਾ ਜਾ ਸਕਦਾ, ਜਿਹਨਾਂ ਨੇ ਇਹ ਸਾਹਸ ਭਰਿਆ ਉਪਰਾਲਾ ਕੀਤਾ ਤੇ ਦੇਸ ਪੰਜਾਬ ਦੇ ਨੌਜੁਆਨਾਂ, ਜਿਹੜੇ ਸਟੇਜ਼ਾਂ ’ਤੇ ਚੜ੍ਹ ਕੇ ਗਾਉਣ ਵਾਲੀਆਂ ਨਾਲ ਨੱਚਣ ਵਿਚ ਮਸਰੂਫ ਨੇ, ਨੂੰ ਤਸਵੀਰ ਦਾ ਦੂਜਾ ਪਾਸਾ ਵੀ ਵਿਖਾਇਆ। ਪ੍ਰਮਾਤਮਾਂ ਥੋਨੂੰ ਹੋਰ ਬਲ ਦੇਵੇ ਤੇ ਤੁਸੀਂ ਅਜਿਹੇ ਹੋਰ ਉਪਰਾਲੇ ਕਰ ਸਕੋ।
ਸਮਾਪਤੀ ਮੈਂ ਏਸ ਫਿਲਮ ਦੇ ਇਕ ਗੀਤ ਦੀਆਂ ਚਾਰ ਲਾਈਨਾਂ ਨਾਲ ਕਰਾਂਗਾ, ਜਿਹੜੀਆਂ ਇਹਨੀਂ ਦਿਨੀ ਮੇਰੇ ਬੁੱਲਾਂ ’ਤੇ ਚੜ੍ਹੀਆਂ ਹੋਈਆਂ ਨੇ,
“ਤਲਵਾਰ ਤਾਂ ਉਠਾਓ, ਦੀਵਾਰ ਤਾਂ ਬਣਾਓ
ਰੁਕਣੇ ਕਦੇ ‘ਫਤਹਿ’ ਨਾ ਝੁਕਣੇ ‘ਜੁਝਾਰ’ ਏਥੇ,
ਨਿਸ ਦਿਨ ਗੁਜ਼ਰਨਾ ਪੈਂਦੈ, ਖੂਨੀ ਬਾਜ਼ਾਰ ਏਥੇ,
ਸਾਡੇ ਸਿਰਾਂ ਦਾ ਹਰ ਇਕ, ਯਾਰੋ ਤਲਬਦਾਰ ਏਥੇ……”

ਜਗਦੀਪ ਸਿੰਘ ਫਰੀਦਕੋਟ
9815763313

1 comment:

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

gurfateh jagdeep veere....sachi gal aa 22 film bhut sohni aa...meharbani veere..tuhade eh vichar horan tak vi jarur puchange....