Friday, March 28, 2008

"ਇਕ ਸੀ ਹਾਕੀ...."


ਮੈਂ - ਹਾਕੀ, ਉਮਰ - ਹਜ਼ਾਰਾਂ ਸਾਲ, ਕੱਦ...., ਰੰਗ - ਬਿਸਕੁਟੀ, ਜੰਮਪਲ- ਦੇਸ਼ ਪੰਜਾਬ, ਅੱਜ ਆਪਣੇ ਪੂਰੇ ਹੋਸ਼ੋ-ਹਵਾਸ ਵਿਚ ਇਹ ਬਿਆਨ ਦੇ ਰਹੀ ਹਾਂ ਕਿ ਮੇਰੀ ਮੌਤ ਦਾ ਕਾਰਨ ਕੋਈ ਗ਼ੈਰ ਜਾਂ ਬਿਗਾਨੇ ਮੁਲਕ ਦੇ ਲੋਕ ਨਹੀਂ, ਮੇਰਾ ਕਤਲ ਤਾਂ ਕੁਝ ਕੁ "ਆਪਣਿਆਂ" ਨੇ ਹੀ ਰਲ ਮਿਲ ਕੇ ਕੀਤਾ ਹੈ। .....ਤੇ ਸ਼ਾਇਦ ਤੁਹਾਨੂੰ ਇਹ ਵੀ ਭੁਲੇਖਾ ਹੋਵੇਗਾ ਕਿ ਮੇਰਾ ਕਤਲ ਚਿੱਲੀ ਦੇ ਸੇਂਟੀਆਗੋ ਸ਼ਹਿਰ ਵਿਚ ਇਕਦਮ ਕਰ ਦਿੱਤਾ ਗਿਆ... ਇਹ ਸੱਚ ਨਹੀਂ... ਮੇਰੇ ਕਤਲ ਦੀਆਂ ਯੋਜਨਾਵਾਂ ਤਾਂ ਪਿਛਲੇ 10-15 ਸਾਲ ਤੋਂ ਚੱਲ ਰਹੀਆਂ ਸਨ। ਮੈਨੂੰ ਤਾਂ ਸਭ ਪਤਾ ਸੀ ਕਿ ਇੰਝ ਹੋਵੇਗਾ ਹੀ.... ਤੇ ਮੈਨੂੰ ਇਹ ਦੋਸ਼ ਵੀ ਨਾ ਦਿਓ ਕਿ ਮੈਂ ਰੌਲਾ ਨਹੀਂ ਪਾਇਆ... ਮੈਂ ਬਹੁਤ ਰੋਈ, ਪਿੱਟੀ, ਕੁਰਲਾਈ, ਪਰ... ਤੁਸੀਂ ਕ੍ਰਿਕਟ ਵਿਚ ਗੁਆਚੇ ਹੋਇਆਂ ਨੇ ਮੇਰੀਆਂ ਚੀਕਾਂ ਨਹੀਂ ਸੁਣੀਆਂ।ਅੱਜ ਜਦੋਂ ਮੈਂ, ਮੇਰੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੁਹਾਡੇ ਸਾਰਿਆਂ ਦੇ ਨਾਮ ਇਹ ਖ਼ਤ ਲਿਖ ਰਹੀ ਹਾਂ ਤਾਂ ਮੈਂ ਆਖਰੀ ਵਾਰ ਤੁਹਾਡੇ ਤੋਂ ਕੁਝ ਮੰਗ ਰਹੀ ਹਾਂ, ਉਮੀਦ ਹੈ ਤੁਸੀਂ ਨਾਂਹ ਨਹੀਂ ਕਰੋਗੇ। ਮੇਰੀ ਅਰਜ਼ ਹੈ ਕਿ ਆਪਣੀ ਹੁਣ ਦੀ ਪੀੜੀ ਨੂੰ, ਜਿਸ ਨੇ ਆਪਣੀ ਉਮਰ ਵਿਚ ਮੈਨੂੰ ਰੁਲਦੇ ਹੀ ਵੇਖਿਆ ਹੈ, ਮੇਰੇ ਸ਼ਾਨਾਮੱਤੇ ਇਤਿਹਾਸ ਬਾਰੇ ਜਰੂਰ ਦੱਸਿਓ। ਉਹਨਾਂ ਨੂੰ ਹਾਕੀ ਦੇ ਮੈਦਾਨ ਵਿਚ ਕਦੇ ਕਾਇਮ ਰਹੀ ਮੇਰੀ "ਸਰਦਾਰੀ" ਤੋਂ ਜ਼ਰੂਰ ਜਾਣੂ ਕਰਵਾਇਓ।ਮੇਰੇ ਜਿੱਤੇ ਹੋਏ ਅੱਠ ਸੋਨੇਂ ਦੇ "ਤਾਜ" ਉਨ੍ਹਾਂ ਨੂੰ ਜ਼ਰੂਰ ਦਿਖਾਇਓ।ਦੱਸਿਓ ਮੇਰੇ ਜਨਮ ਬਾਰੇ, ਮੇਰੀ ਜੰਮਣ ਭੋਇੰ ਬਾਰੇ... ਇਹ ਵੀ ਕਿ ਮੈਨੂੰ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਕੰਬਲੀ ਦੀ ਛੋਹ ਵੀ ਪ੍ਰਾਪਤ ਹੈ, ਜਿਸ ਕੰਬਲੀ ਦੀ ਖਿੱਦੋ (ਗੇਂਦ) ਬਣਾ ਕੇ ਕੁਝ ਮੁੰਡੇ "ਖਿੱਦੋ ਖੂੰਡੀ" ਖੇਡੇ ਸਨ। ਉਹ ਮੇਰੇ ਬਚਪਨ ਦੇ ਨਾ ਭੁੱਲਣਯੋਗ ਦਿਨ ਸਨ। ਮੇਰਾ ਪਹਿਲਾ ਨਾਮ ?ਖਿੱਦੋ ਖੂੰਡੀ? ਹੀ ਸੀ, ਹਾਕੀ ਤਾਂ ਅਜੇ ਕੱਲ ਪਿਆ ਹੈ। ਮੈਂ ਪਿੰਡਾਂ ਦੀ ਹੀ ਜੰਮਪਲ ਹਾਂ, ਪਿੰਡਾਂ ?ਚੋਂ ਮੈਂ ਸ਼ਹਿਰਾਂ ਚ ਆਈ ਤੇ ਫੇਰ ਹੌਲੀ ਹੌਲੀ ਵਿਦੇਸ਼ਾਂ ਤੱਕ ਪਹੁੰਚ ਗਈ।ਬੱਚਿਆਂ ਨੂੰ ਇਹ ਵੀ ਦੱਸਿਓ ਕਿ ਜਦੋਂ ਅਜੇ ਦੇਸ਼ ਦੇ ਸਿਰ ਦਾ ਆਪਣਾ ਤਾਜ ਗ਼ੈਰਾਂ ਦੇ ਕਬਜੇ ਵਿਚ ਸੀ, ਓਦੋਂ ਵੀ ਮੈਂ ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਨੂੰ ਦਰੜ ਕੇ ਦੋ ਵਾਰ ਦੇਸ਼ ਦੇ ਸਿਰ ?ਤਾਜ? ਟਿਕਾਇਆ ਸੀ ਤੇ ਦੁਨੀਆਂ ਵਿਚ ਦੇਸ਼ ਦਾ ਨਾਮ ਕੀਤਾ ਸੀ। .... ਤੇ ਮੇਰੇ ਲਈ ਉਹ ਬੇਹੱਦ ਖੁਸ਼ੀ ਦਾ ਦਿਨ ਸੀ ਜਦੋਂ ਮੈਨੂੰ ਦੇਸ਼ ਦੀ 2ਰਾਸ਼ਟਰੀ ਖੇਡ" ਐਲਾਨਿਆਂ ਗਿਆ। ਇਹ ਮੇਰੇ ਲਈ ਬਹੁਤ ਵੱਡਾ ਰੁਤਬਾ ਸੀ, ਸਭ ਤੋਂ ਵੱਡਾ ਮਾਣ... ਤੇ ਮੈਂ ਵੀ ਦੇਸ਼ ਵੱਲੋਂ ਮੈਨੂੰ ਬਖ਼ਸ਼ੇ ਗਏ ਐਡੇ ਵੱਡੇ ਮਾਣ ਦਾ ਕਈ ਵਾਰ ਮਾਣ ਰੱਖਿਆ ਤੇ ਦੇਸ਼ ਦਾ ਮਾਣ ਵਧਾਇਆ।ਤੇ ਫੇਰ ਦੁਨੀਆਂ ਨੇ ਉਹ ਦਿਨ ਵੀ ਦੇਖੇ, ਜਦੋਂ ਮੇਰੇ ਪੁੱਤ ਧਿਆਨ ਚੰਦ ਨੂੰ "ਡੀ" ਵਿਚ ਫਿਰਦਿਆਂ ਤੱਕ ਕੇ ਵਿਰੋਧੀ ਖਿਡਾਰੀ "ਡੀ" ਵਿਚ ਆਉਂਦੇ ਵੀ ਭੈਅ ਖਾਂਦੇ ਸਨ ਤੇ ਉਸ ਦੀ ?ਡੀ? ਵਿਚ ਉੱਠੀ ਹੋਈ ਹਾਕੀ ਨੂੰ ਦੁਨੀਆਂ ਦੇ ਕਈ ਦੇਸ਼ਾਂ ਨੇ ਵਿਉਂਤਾਂ ਘੜ੍ਹ ਕੇ ..ਨਿਯਮਾਂ ਦੀ ਜ੍ਹੇਲ? ਵਿਚ ਕੈਦ ਕਰ ਲਿਆ।ਮੇਰੇ, ਸੋਹਣੇ ਕੇਸਾਂ ਤੇ ਬੀਬੀਆਂ ਦਾਹੜੀਆਂ ਵਾਲੇ ?ਸਰਦਾਰ? ਪੁੱਤਰਾਂ ਨੇ ਵੀ ਕਦੇ ਮੈਦਾਨ ਵਿਚ ਮੇਰੀ ਕੰਡ ਨਹੀਂ ਲੱਗਣ ਦਿੱਤੀ ਸੀ। ਇਹਨਾਂ ਦੁੱਲੇ ਸ਼ੇਰਾਂ ਨੂੰ ?ਗੁਰੂ ਦਸ਼ਮੇਸ਼? ਦਾ ਥਾਪੜਾ ਸੀ "ਹਰ ਮੈਦਾਨ ਫਤਹਿ" ਦਾ, ਫੇਰ ਇਹ ਕਿਵੇਂ ਹਾਰਦੇ.. ਕਦੇ ਦਿਖਾਇਓ ਬੱਚਿਆਂ ਨੂੰ ਜਿੱਤੇ ਤਮਗਿਆਂ ਨਾਲ ਮੇਰੇ ਪੁੱਤਰਾਂ ਦੀਆਂ ਖਿਚਵਾਈਆਂ ਫੋਟੋਆਂ.... ਉਹਨਾਂ ਨੂੰ ਵੇਖ ਕੇ ਤੁਹਾਨੂੰ ਆਪ ਹੀ ਯਕੀਨ ਆ ਜਾਵੇਗਾ ਕਿ ਸਚੁਮੱਚ ਇਹਨਾਂ ਨੂੰ ਮੈਦਾਨ ਵਿਚ ਕੋਈ ਨਹੀਂ ਹਰਾ ਸਕਦਾ ਸੀ।ਮੇਰੇ ਪੁੱਤਰਾਂ ਧਿਆਨ ਚੰਦ, ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਪਰਗਟ ਸਿੰਘ, ਧਨਰਾਜ ਪਿੱਲੇ ਵਰਗਿਆਂ ਦੇ ਸਿਰ ਤੇ ਮੈਂ 50-60 ਸਾਲ ਦੁਨੀਆਂ ਦੇ ਹਾਕੀ ਮੈਦਾਨਾਂ ਤੇ ਰਾਜ ਕੀਤਾ। ਮੈਨੂੰ ਵੀ ਇਹਨਾਂ ਪੁੱਤਰਾਂ ਤੇ ਰੱਬ ਜਿੱਡਾ ਮਾਣ ਸੀ। ਤੇ ਇਹ ਨਹੀਂ ਕਿ ਇਹਨਾਂ ਤੋਂ ਪਿੱਛੋਂ ਮੈਨੂੰ ਸੰਭਾਲਣ ਵਾਲੇ ਹੱਥ ਨਹੀਂ ਆਏ, ਬਲਜੀਤ ਸਿੰਘ ਢਿੱਲੋਂ, ਬਲਜੀਤ ਸੈਣੀ, ਗਗਨ ਅਜੀਤ ਸਿੰਘ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਸੰਦੀਪ ਸਿੰਘ, ਰਾਜਪਾਲ ਸਿੰਘ, ਹਰਪਾਲ ਸਿੰਘ, ਦੀਪਕ ਠਾਕੁਰ, ਦਿਲੀਪ ਟਿਰਕੀ ਵਰਗੇ ਅਨੇਕਾਂ ਜਾਨਦਾਰ ਹੱਥਾਂ ਵਿਚ ਮੈਂ ਰਹੀ, ਪਰ.... ਇਹਨਾਂ ਦੇ ਹੱਥ ਪੈਰ ਮੈਨੂੰ ਹਮੇਸ਼ਾਂ ਬੇੜੀਆਂ ਵਿਚ ਜਕੜੇ ਹੋਏ ਮਹਿਸੂਸ ਹੋਏ ਤੇ ਇਹ ਬੇੜੀਆਂ ਇਹਨਾਂ ਨੂੰ ਪਾਈਆਂ ਸਨ ?ਭਾਰਤੀ ਹਾਕੀ ਫੈਡਰੇਸ਼ਨ ਨੇ। ਇਹਨਾਂ ਵਿਚਾਰਿਆਂ ਨੂੰ ਇਹੀ ਪਤਾ ਨਹੀਂ ਹੁੰਦਾ ਸੀ ਕਿ ਮੈਦਾਨ ਵਿਚ ਚੰਗਾ ਖੇਡਣਾ ਹੈ ਕਿ ਮਾੜਾ ਪ੍ਰਦਰਸ਼ਨ ਕਰਨਾ ਹੈ ਕਿਉਂਕਿ ਅਨੇਕਾਂ ਵਾਰ ਇੰਝ ਹੋਇਆ ਹੈ ਕਿ ਜਿਸ ਕਿਸੇ ਖਿਡਾਰੀ ਵੱਲੋਂ ਮੈਦਾਨ ਵਿਚ ਸ਼ਾਨਦਾਰ ਖੇਡ ਵਿਖਾਈ ਜਾਂਦੀ ਉਸ ਨੂੰ ਆਉਂਦੇ ਕਈ ਟੂਰਨਾਮੈਂਟਾਂ ਵਿਚੋਂ ਟੀਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਉਹ ਵਿਚਾਰਾ ਘਰੇ ਬੈਠਾ ਝੁਰ ਰਿਹਾ ਹੁੰਦਾ ਕਿ ਸ਼ਾਇਦ ਉਸ ਨੂੰ ਏਨਾ ਜੋਸ਼ ਨਹੀਂ ਵਿਖਾਉਣਾ ਚਾਹੀਦਾ ਸੀ (ਦੀਪਕ ਠਾਕੁਰ, ਗਗਨਅਜੀਤ ਸਿੰਘ, ਸੰਦੀਪ ਸਿੰਘ, ਜਿਹੜੇ ਕਿ ਲਗਾਤਾਰ ਪ੍ਰੀਮੀਅਰ ਹਾਕੀ ਲੀਗ ਵਿਚ ਸਰਬੋਤਮ ਗੋਲ ਸਕੋਰਰ ਰਹੇ ਹਨ ਨਾਲ ਇਹੀ ਵਾਪਰਿਆ ਹੈ, ਉਹਨਾਂ ਦਾ ਸਨਮਾਨ ਉਹਨਾਂ ਨੂੰ ਟੀਮ ਵਿਚੋਂ ਕੱਢ ਕੇ ਘਰੇ ਬਿਠਾ ਕੇ ਕੀਤਾ ਗਿਆ, ਹੈ ਨਾ ਹਾਸੇ ਵਾਲੀ ਗੱਲ ਜਾਂ ਕਹਿ ਲਉ ਰੋਣ ਵਾਲੀ ) ।' ਹਮੇਸ਼ਾਂ ਇਹਨਾਂ ਮੁੰਡਿਆਂ ਦੀਆਂ ਅੱਖਾਂ ਵਿਚ ਮੈਂ ਇਕ ਸਹਿਮ ਵੇਖਿਆ ਹੈ, ਉਹੀ ਸਹਿਮ ਜੋ ਕਦੇ ਪੰਜਾਬ ਦੇ ਬੇਕਸੂਰੇ ਮਸੂਮ ਮੁੰਡਿਆਂ ਦੀਆਂ ਅੱਖਾਂ ਵਿਚ ਹੁੰਦਾ ਸੀ, ਜਦੋਂ 10 ਸਾਲ ਲਗਾਤਾਰ ਪੰਜਾਬ ਦੀ ਧਰਤੀ ?ਤੇ ਸਰਕਾਰੀ ਗੋਲੀਆਂ ਚੱਲਦੀਆਂ ਰਹੀਆਂ ਸਨ .... ਤੇ ਉਹੀ ਲੱਖਾਂ ਗੋਲੀਆਂ ਚਲਾਉਣ ਵਾਲੇ ਅੱਜ ਮੇਰੇ ਸਿਰ ?ਤੇ ਕੁਰਸੀ ਡਾਹੀ ਬੈਠੇ ਨੇ। ਸੱਚ ਪੁੱਛੋਂ ਤਾਂ ਮੈਂ ਓਦੋਂ ਤੋਂ ਹੀ ਆਪਣੇ ਆਪ ਨੂੰ ਜ੍ਹੇਲ ਵਿਚ ਕੈਦ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਤੋਂ ਇਸ ਸਖ਼ਸ਼ ਨੂੰ ਮੇਰੀ ਮਾਲਕੀ ਸਦਾ ਲਈ ਵੇਚ ਦਿੱਤੀ ਗਈ ਸੀ, ਜਿਸ ਦੇ ਹੱਥ ਕਈ ਮਾਸੂਮਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ?? ਖੈਰ, ਓਧਰ ਕਾਹਨੂੰ ਜਾਣਾ ਹੈ, ਮੇਰੀ ਤਾਂ ਆਪਣੀ ਪੀੜ ਹੀ ਬਹੁਤ ਹੈ।ਮੈਨੂੰ ਇਹ ਗਿਲਾ ਵੀ ਹਮੇਸ਼ਾਂ ਰਿਹਾ ਹੈ ਕਿ ਹਾਕੀ ਵਾਲੇ ਹੱਥਾਂ ਨੂੰ ਤੁਸੀਂ ਕਦੇ ਏਨਾ ਮਾਣ ਤੇ ਸਤਿਕਾਰ ਨਹੀਂ ਦਿੱਤਾ ਜਿੰਨਾ ਬੈਟ ਤੇ ਬਾਲ ਵਾਲੇ ਹੱਥਾਂ ਨੂੰ ਦਿੱਤਾ ਹੈ। ਇਕ ਪਾਸੇ ਤਾਂ ਉਹ ਖੇਡ ਹੈ ਜਿਸ ਨੇ ਤੁਹਾਡਾ ਨਾਮ ਦੁਨੀਆਂ ਵਿਚ ਚਮਕਾਇਆ ਹੈ ਤੇ ਇਕ ਪਾਸੇ ਉਹ ਜਿਸ ਨੂੰ ਕਿ ਦੁਨੀਆਂ ਦੇ ਮਸਾਂ 15-20 ਦੇਸ਼ ਹੀ ਖੇਡਦੇ ਹਨ। ਇਕ ਪਾਸੇ ਤਾਂ ਉਹ ਖੇਡ ਜਿਸ ਨੇ ਉਲੰਪਿਕ ਵਿਚ ਅੱਠ ਵਾਰ ਤੁਹਾਡਾ ਰਾਸ਼ਟਰੀ ਗੀਤ ਵਜਵਾਇਆ ਤੇ ਇਕ ਪਾਸੇ ਉਹ ਜਿਸ ਨੂੰ ਉਲੰਪਿਕ ਵਿਚ ਖੇਡ ਹੀ ਨਹੀਂ ਮੰਨਿਆਂ ਜਾਂਦਾ, .... ਕਿਉਂ ਤੁਸੀਂ ਮੇਰੇ ਨਾਲ ਏਨਾ ਵਿਤਕਰਾ ਕਰਦੇ ਰਹੇ। ਕ੍ਰਿਕਟਰਾਂ ਨੂੰ ਤਾਂ ਬਿਨਾ ਮੈਚ ਖੇਡੇ ਤੋਂ ਹੀ ਕਰੋੜਾਂ ਦੇ ਬੰਗਲੇ ਇਨਾਮ ਵਿਚ ਦੇ ਦਿਤੇ ਜਾਂਦੇ ਹਨ (ਪਾਰਥਿਵ ਪਟੇਲ, ਜਿਹੜਾ ਕਿ ਵਿਕੇਟ ਕੀਪਰ ਬਣ ਕੇ ਭਾਰਤੀ ਕ੍ਰਿਕਟ ਟੀਮ ਨਾਲ ਵਰਲਡ ਕੱਪ ਖੇਡਣ ਗਿਆ ਸੀ, ਉੱਥੇ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਫਿਰ ਵੀ ਉਹ, ਬਿਨਾ ਖੇਡੇ ਹੀ, ਕਰੋੜਪਤੀ ਬਣ ਗਿਆ), ਤੇ ਦੂਜੇ ਪਾਸੇ ਇੰਟਰਨੈਸ਼ਨਲ ਪੱਧਰ ਦੇ ਮੇਰੇ ਕਈ ਖਿਡਾਰੀਆਂ ਦੇ ਘਰਾਂ ਦੀਆਂ ਛੱਤਾਂ ਦੀ ਰਿਪੇਅਰ ਵੀ ਤੁਸੀਂ ਨਹੀਂ ਕਰਾ ਸਕਦੇ ਜਿਹੜੀਆਂ ਕਿ ਥੋੜਾ ਜਿਹਾ ਮੀਂਹ ਪੈਣ ?ਤੇ ਹੀ ਚਿਊਂਣ ਲੱਗ ਪੈਂਦੀਆਂ ਨੇ (1999-2000 ਦੇ ਨੇੜੇ ਤੇੜੇ ਜਦੋਂ ਭਾਰਤੀ ਹਾਕੀ ਟੀਮ ਆਪਣਾ ਕੋਈ ਇੰਟਰਨੈਸ਼ਨਲ ਮੈਚ ਖੇਡ ਰਹੀ ਸੀ ਤਾਂ ਓਦੋਂ ਵਿਰੋਧੀਆਂ ਦੀਆਂ ਹਾਕੀਆਂ ਮੂਹਰੇ ਦੀਵਾਰ ਬਣ ਕੇ ਖੜ੍ਹੇ ਗੋਲਚੀ, ਜਿਹੜਾ ਕਿ ਪੰਜਾਬ ਦਾ ਰਹਿਣ ਵਾਲਾ ਸੀ, ਦੇ ਘਰ ਦੀਆਂ ਮੀਂਹ ਦੇ ਪਾਣੀ ਨਾਲ ਚਿਊਂਦੀਆਂ ਛੱਤਾਂ ਮੈਂ ਆਪ ਵੇਖੀਆਂ ਨੇ-ਲੇਖਕ)।'ਕ੍ਰਿਕਟ ਵਾਲੇ ਭਾਵੇਂ ਕਿਸੇ ਮਰੀ ਜਿਹੀ ਟੀਮ ਤੋਂ ਕੋਈ ਮਾੜਕੂ ਜਿਹਾ ਇਨਾਮ ਜਿੱਤ ਲਿਆਉਣ ਤਾਂ ਦੇਸ਼ ਵਿਚ ਪਟਾਕੇ ਚਲਾਏ ਜਾਂਦੇ ਹਨ। ਉਹਨਾਂ ਦੇ ਸਵਾਗਤ ਵਿਚ ਜਲੂਸ ਕੱਢੇ ਜਾਂਦੇ ਹਨ, ਉਹਨਾਂ ਦੇ ਸਤਿਕਾਰ ਲਈ ਵੱਡੇ-ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਹਾਕੀ ਵਾਲੇ ਵਿਚਾਰੇ ਭਾਵੇਂ ਕੋਈ ਕਿੱਡਾ ਵੀ ਵੱਡਾ ਕੱਪ ਜਿੱਤ ਲਿਆਉਣ ਉਹਨਾਂ ਨੂੰ ਸਟੇਸ਼ਨ ?ਤੇ ਲੈਣ ਲਈ ਵੀ ਉਹਨਾਂ ਦੇ ਪਰਿਵਾਰ ਤੋਂ ਬਿਨਾ ਕੋਈ ਨਹੀਂ ਪਹੁੰਚਦਾ, ਕੀ ਇਸ ਨਾਲ ਉਨ੍ਹਾਂ ਦੇ ਹੌਸਲੇ ਨਹੀਂ ਡਿੱਗਦੇ? ਜਾਂ ਤਾਂ ਕਹਿ ਦੇਵੋ ਕਿ ਇਸ ਦੇਸ਼ ਵਿਚ ਸਿਰਫ ਇਕੋ ਖੇਡ ਲਈ ਹੀ ਥਾਂ ਹੈ ਤੇ ਦੂਜੀਆਂ ਖੇਡਾਂ ਨੂੰ ਫਾਂਸੀ ਚਾੜ੍ਹ ਦਿਉ ਤੇ ਜਾਂ ਫਿਰ ਬਾਕੀ ਖੇਡਾਂ ਨੂੰ ਵੀ ਬਣਦਾ ਸਤਿਕਾਰ ਦਿਉ।ਕ੍ਰਿਕਟਰਾਂ ਨੇ ਜੇ ਕਿਤੇ ਘਰੋਂ ਬਾਹਰ ਖਾਣਾ ਖਾਣ ਵੀ ਜਾਣਾ ਹੋਵੇ ਤਾਂ ਜਹਾਜ ਤਿਆਰ ਰਹਿੰਦੇ ਹਨ, ਪਰ ਮੇਰੇ ਪੁੱਤ ਵਿਚਾਰੇ ਸਦਾ ਰੇਲ ਗੱਡੀਆਂ ਵਿਚ ਹੀ ਧੱਕੇ ਖਾਂਦੇ ਰਹਿੰਦੇ ਨੇ ਤੇ ਉਹਨਾਂ ਨੇ ਅੱਜ ਤੱਕ ਕਦੇ ਇਸ ਗੱਲ ਤੇ ਭੋਰਾ ਗਿਲਾ ਨਹੀਂ ਕੀਤਾ, ਅਗਾਹ ਇਹ ਵੀ ਨਹੀਂ ਪਤਾ ਹੁੰਦਾ ਕਿ ਰੇਲ ਗੱਡੀ ਵਿਚ ਗੰਨ ਲੋਡ ਕਰੀ ਬੈਠੇ ਕਿਸੇ ਫੌਜੀ ਦੀ ਕਦੋਂ ਗੰਨ ਚੱਲ ਜਾਵੇ ਤੇ ਗੋਲੀ ਮੇਰੇ ਸਾਊ ਪੁੱਤ ਸੰਦੀਪ ਸਿੰਘ ਨੂੰ ਵੱਜ ਜਾਵੇ... ਵਾਹ ਜੀ ਵਾਹ???। 'ਆਹ ਫਿਲਮੀਂ ਸਟਾਰਾਂ ?ਤੇ ਵੀ ਮੈਨੂੰ ਬਹੁਤ ਗੁੱਸਾ ਹੈ ਜਿਹੜੇ ਮੇਰੇ ਵੱਡੇ ਹਿਤੈਸ਼ੀ ਬਣੇ ਫਿਰਦੇ ਨੇ ਪਰ ਪੈਸਾ ਸਿਰਫ ਕ੍ਰਿਕਟ ਵਿਚ ਹੀ ਲਗਾਉਂਦੇ ਨੇ, ਖੈਰ ਇਹਨਾਂ ਨੂੰ ਕੀ ਦੋਸ਼ ਇਹ ਤਾਂ ਬਿਜਨਸ ਮੈਨ ਨੇ ਤੇ ਇਹਨਾਂ ਨੇ ਤਾਂ ਬਿਜਨਸ ਕਰਨਾ ਹੈ।...ਤੇ ਇਹ ਦਿਨ ਵੀ ਮੈਂ ਦੇਖਣੇ ਸਨ ਕਿ ਅੱਜ ਆਹ ਕੱਲ ਦਾ ਜਵਾਕ "ਬੈਟ" ਮੇਰੀ ਹਾਲਤ ਵੇਖ ਕੇ ਮੁਸ਼ਕੜੀਆਂ ਹੱਸ ਰਿਹਾ ਹੈ। ਸ਼ਾਇਦ ਇਸ ਨੂੰ ਨਹੀਂ ਪਤਾ ਕਿ ਜੇ ਇਸ ਜਿੰਨੀਆਂ ਸਹੂਲਤਾਂ ਮੈਨੂੰ ਮਿਲੀਆਂ ਹੁੰਦੀਆਂ ਤਾਂ ਮੈਂ ਇਸ ਵਾਂਗੂ ਇਕ-ਇਕ ਕੱਪ ਨੂੰ ਨਾ ਤਰਸਦੀ ਸਗੋਂ ਮੈਂ ਦੁਨੀਆਂ ਦੀ ਬਾਦਸ਼ਾਹ ਹੁੰਦੀ।ਅੰਤ ਵਿਚ ਮੈਂ ਇਹੀ ਕਹਾਂਗੀ ਕਿ ਮੇਰੇ ਕਾਤਲ ਤੁਹਾਡੇ ਵਿਚ ਹੀ ਮੌਜੂਦ ਨੇ, ਉਹਨਾਂ ਨੂੰ ਪਛਾਣੋ। ਮੈਂ ਸੌਂਹ ਖਾ ਕੇ ਕਹਿੰਦੀ ਹਾਂ ਕਿ ਇਹ ਬਿਆਨ ਮੈਂ ਕਿਸੇ ਦਬਾਅ ਅਧੀਨ ਨਹੀਂ ਦੇ ਰਹੀ, ਇਹ ਮੇਰਾ ਆਪਣਾ ਸੱਚਾ ਬਿਆਨ ਹੈ.. ਤੇ ਜੇ ਤੁਸੀਂ ਮੈਨੂੰ ਰਤਾ ਵੀ ਪਿਆਰ ਕਰਦੇ ਸੀ ਤਾਂ ਮੇਰੇ ਦੋਸ਼ੀਆਂ ਨੂੰ ਸਜ਼ਾ ਜ਼ਰੁਰ ਦਿਉ।

ਤੁਹਾਡੇ ਦਿਲਾਂ ਵਿਚ ਥੋੜੀ ਜਿਹੀ ਜਗ੍ਹਾ ਦੀ ਚਾਹਵਾਣ

ਤੁਹਾਡੀ ਆਪਣੀ

"ਖਿੱਦੋ ਖੂੰਡੀ" ਉਰਫ "ਹਾਕੀ"

No comments: