Sunday, March 30, 2008

ਭਰੂਣ ਹੱਤਿਆ ਪਾਪ ਹੈ...?

ਔਰਤ ਦਿਵਸ ‘ਤੇ ਵਿਸ਼ੇਸ਼
ਅੱਜ ਕੱਲ ਜਿਸ ਸਮਾਜਿਕ ਬੁਰਾਈ ਦਾ ਸਭ ਤੋਂ ਵੱਧ ਰੌਲਾ ਪੈ ਰਿਹਾ ਹੈ, ਉਹ ਹੈ- ਕੰਨਿਆਂ ਭਰੂਣ ਹੱਤਿਆ। ਪੋਲੀਓ ਬੂੰਦਾਂ ਤੋਂ ਬਾਅਦ ਸ਼ਾਇਦ ਭਰੂਣ ਹੱਤਿਆ ਹੀ ਹੈ ਜਿਸ ਦੇ ਹਿੱਸੇ ਏਨਾ ਸਰਕਾਰੀ ਪ੍ਰਚਾਰ ਆਇਆ ਹੈ। ਟੈਲੀਵੀਯਨ ਉੱਤੇ ਇਸ ਬੁਰਾਈ ਦੇ ਵਿਰੁੱਧ ਵਾਧੂ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅਖ਼ਬਾਰਾਂ ਵਿਚ ਇਸ ਦੇ ਵਿਰੁੱਧ ਵੱਡੇ ਵੱਡੇ ਸਰਕਾਰੀ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਏਥੋਂ ਤੱਕ ਕਿ ਇਸ ਦੇ ਵਿਰੁੱਧ ਫਿਲਮਾਂ ਵੀ ਬਣ ਚੁੱਕੀਆਂ ਨੇ। ਸਰਕਾਰ ਦੇ ਨਾਲ ਨਾਲ ਸੈਂਕੜੇ ਐਨ. ਜੀ. ਓ. ਸੰਸਥਾਵਾਂ ਵੀ ਭਰੂਣ ਹੱਤਿਆ ਵਿਰੁੱਧ ਡਟੀਆਂ ਹੋਈਆਂ ਹਨ। ਜਥੇਦਾਰ ਸਾਹਬ ਨੇ ਵੀ ਇਸ ਦੇ ਵਿਰੁੱਧ ਹੁਕਮਨਾਮਾਂ ਜਾਰੀ ਕੀਤਾ ਹੈ। ਹੋਰ ਵੀ ਹਜ਼ਾਰਾਂ ਕੁਝ ਇਸ ਦੇ ਖਿਲਾਫ ਹੋ ਰਿਹਾ ਹੈ, ਪਰ……… ਤੁਹਾਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਦੇ ਵੀ ਕਿਸੇ ਨੇ ਇਹ ਜਾਨਣ ਦੀ ਤਾਂ ਕੋਸ਼ਿਸ਼ ਹੀ ਨਹੀਂ ਕੀਤੀ ਕਿ ਲੋਕ ਕੁੜੀਆਂ ਮਾਰਦੇ ਕਿਉਂ ਨੇ……… ਉਹ ਕੀ ਕਾਰਨ ਹਨ ਜਿਨ੍ਹਾਂ ਨੇ ਭਰੂਣ ਹੱਤਿਆ ਨਾਮ ਦੀ ਬੀਮਾਰੀ ਨੂੰ ਜਨਮ ਦਿੱਤਾ।
ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਂਗੇ ਕਿ ਅੱਜ ਤੋਂ 15-20 ਸਾਲ ਪਹਿਲਾਂ ਤੱਕ ਕਦੇ ਕਿਸੇ ਨੇ ‘ਭਰੂਣ ਹੱਤਿਆ’ ਸ਼ਬਦ ਵੀ ਨਹੀਂ ਸੁਣਿਆਂ ਸੀ, ਫੇਰ ਕੀ ਕਾਰਨ ਹਨ ਕਿ ਇਹ ਸਮੱਸਿਆ ਏਨੀ ਛੇਤੀ ਏਡਾ ਘਾਤਕ ਰੂਪ ਲੈ ਗਈ। ਕੀ ਦਾਜ ਦੀ ਸਮੱਸਿਆ ਭਰੂਣ ਹੱਤਿਆ ਦਾ ਮੁੱਖ ਕਾਰਨ ਹੈ?....... ਜਾਂ ਕੀ ਮੁੰਡਿਆਂ ਦੇ ਵਿਆਹਾਂ ਤੋਂ ਹੋਣ ਵਾਲੀ ‘ਕਮਾਈ’ ਲੋਕਾਂ ਨੂੰ ਧੀਆਂ ਜੰਮਣ ਤੋਂ ਰੋਕਦੀ ਹੈ?........ ਨਹੀਂ……… ਕਾਰਨ ਇਸ ਤੋਂ ਵੀ ਕਿਤੇ ਵੱਡੇ ਨੇ…………।'ਗੱਲ ਸ਼ੁਰੂ ਕਰਦੇ ਹਾਂ ਐਤਕੀਂ ਦੀ ਲੋਹੜੀ ਤੋਂ……… ਐਤਕੀ ਪੰਜਾਬ ਵਿਚ ਕਈ ਥਾਈਂ ਕੁੜੀਆਂ ਦੀ ਲੋਹੜੀ ਮਨਾ ਕੇ ਭਰੂਣ ਹੱਤਿਆ ਦੇ ਵਿਰੁੱਧ ਆਵਾਜ਼ ਉਠਾਈ ਗਈ। ਪੰਜਾਬ ਸਰਕਾਰ ਨੇ ਵੀ ਇਕ ਲੋਹੜੀ ਦਾ ‘ਪ੍ਰੋਗਰਾਮ’ ਕੀਤਾ, ਜਿਸ ਵਿਚ ਕੁੜੀਆਂ ਦੀ ਲੋਹੜੀ ਮਨਾਈ ਗਈ……… ਪਰ ਮਨਾਈ ਕਿਵੇਂ ਗਈ……… ਸਟੇਜ ‘ਤੇ ਕੁੜੀਆਂ ਨੂੰ ਨਚਾ ਕੇ ਜਾਂ ਸਿੱਧਾ ਕਹਿ ਲਉ ਕਿ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਠੁਮਕੇ ਵੇਖ ਕੇ। ਇਸ ਗੱਲ ਵਿਚ ਰਤਾ ਝੂਠ ਨਹੀਂ ਕਿ ਇਸ ਆਰਕੈਸਟਰਾ ਕਲਚਰ ਜਾਂ ਸੱਭਿਆਚਾਰਕ? ਗਰੁੱਪਾਂ ਦੇ ਨਾਮ ‘ਤੇ ਪੈ ਰਹੇ ਗੰਦ ਨੇ ਵੀ ਔਰਤਾਂ ਨੂੰ ਇਕ ਨੁਮਾਇਸ਼ ਦੀ ਚੀਜ਼ ਬਣਾ ਕੇ ਰੱਖ ਦਿੱਤਾ ਹੈ। ਕਦੇ ਉਹ ਵੀ ਜਮਾਨਾ ਸੀ ਜਦੋਂ ਤੀਆਂ ਵਿਚ ਮੁੰਡਿਆਂ ਦੇ ਜਾਣ ਦੀ ਮਨਾਹੀ ਹੁੰਦੀ ਸੀ, ਕੁੜੀਆਂ ਨੱਚਦੀਆਂ ਨੂੰ ਮੁੰਡੇ ਨਹੀਂ ਵੇਖ ਸਕਦੇ ਸਨ, ਜਾਂ ਮੁੰਡੇ ਆਪ ਹੀ ਤੀਆਂ ਵਿਚ ਨਹੀਂ ਜਾਂਦੇ ਸਨ ਕਿ ਯਰ ਭੈਣਾ ਨੂੰ ਨੱਚਦੀਆਂ ਨੂੰ ਵੇਖਾਂਗੇ, ਸ਼ਰਮ ਨਾ ਆਊਗੀ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਮੋਰਾਂ ਨਾਚੀ ਦਾ ਨਾਚ ਵੇਖਣ ਕਰਕੇ ਸਜਾ ਲਾਈ ਸੀ। ………ਤੇ ਜੇ ਕਿਤੇ ਅੱਜ ਅਕਾਲੀ ਫੂਲਾ ਸਿੰਘ ਆ ਜਾਵੇ ਤਾਂ ਸ਼ਾਇਦ ਦੁਹੱਥੜਾ ਮਾਰ ਮਾਰ ਕੇ ਰੋਵੇਗਾ ਕਿਉਂਕਿ ਅੱਜ ਤਾਂ ਸਾਰਾ ਪੰਜਾਬ ਹੀ ਏਸ ਕੰਜਰ ਕਿੱਤੇ ‘ਤੇ ਹੋਇਆ ਪਿਆ ਹੈ। ਜਿਸ ਤਰ੍ਹਾਂ ਦੇ ਕੱਪੜੇ ਪਾ ਕੇ ਆਰਕੈਸਟਰਾ ਵਾਲੀਆਂ ਕੁੜੀਆਂ ਨੱਚਦੀਆਂ ਹਨ ਉਹਨਾਂ ਨੂੰ ਵੇਖ ਕੇ ਸ਼ਾਇਦ ਕਈ ਧੀਆਂ ਦੇ ਮਾਪੇ ਸੁਪਨੇ ਵਿਚ ਵੀ ਡਰਦੇ ਹੋਣਗੇ ਕਿ ਕਿਤੇ ਸਾਡੀ ਧੀ ਵੀ……… ਸਾਰੇ ਪੰਜਾਬ ਵਿਚ ਇਹਨਾਂ ਗਰੁੱਪਾਂ ਦੇ ਨਾਮ ਥੱਲੇ ਕੁੜੀਆਂ ਦੀ ਮੰਡੀ ਲੱਗੀ ਹੋਈ ਹੈ। ਇਕ ਵਾਰ ਮੈਂ ਤੇ ਬਾਈ ਅਮਰਦੀਪ ਕਿਤੇ ਬਜ਼ਾਰ ਵਿਚ ਜਾ ਰਹੇ ਸੀ, ਰਸਤੇ ਵਿਚ ਇਕ ਥਾਈਂ ਮੈਂ ਕਿਸੇ (ਅ)ਸੱਭਿਆਚਾਰਕ ਗਰੁੱਪ ਦਾ ਬੋਰਡ ਪੜ੍ਹਿਆ, ਜਿਸ ਗਰੁੱਪ ਦਾ ਨਾਮ ਸੀ ‘ਜੋਬਨ ਪੰਜਾਬ ਦਾ’, ਜਦ ਮੈਂ ਬੋਲਿਆ ‘ਜੋਬਨ ਪੰਜਾਬ ਦਾ’ ਤਾਂ ਬਾਈ ਹੱਸ ਕੇ ਬੋਲਿਆ, “ਆਹੋ ਜੋਬਨ ਪੰਜਾਬ ਦਾ ਮੰਡੀ ਵਿਕਣ ਆਇਐ”। 'ਬਾਈ ਦੀ ਇਹ ਗੱਲ ਬਿਲਕੁਲ ਸੱਚ ਵੀ ਹੈ। ਜਿੰਨੀ ਸੋਹਣੀ ਕੁੜੀ, ਜਿੰਨੇ ਘੱਟ ਕੱਪੜੇ ਓਨੇ ਜਿਆਦਾ ਪੈਸੇ। ਹੁਣ ਤਾਂ ਹਾਲ ਇਹ ਹੋਇਆ ਪਿਆ ਹੈ ਕਿ ਜੇ ਤੁਸੀਂ ਕਿਸੇ ਪ੍ਰੋਗਰਾਮ ਲਈ ਆਰਕੈਸਟਰਾ ਬੁੱਕ ਕਰਵਾਉਣ ਜਾਓ ਤਾਂ ਅਗਲੇ ਪੁੱਛਦੇ ਨੇ, “ਬਾਈ ਜੀ ਸੱਭਿਆਚਾਰਕ ਕਿ ਵੈਸਟਰਨ?” ਹੁਣ ਦੱਸਣ ਦੀ ਲੋੜ ਨਹੀਂ ਕਿ ਦੋਹਾਂ ਵਿਚ ਕੀ ਫਰਕ ਹੈ………ਤੁਹਾਡੇ, ਜਾਗਦੀ ਜ਼ਮੀਰ ਵਾਲਿਆਂ, ਵਿਚੋਂ ਹੈ ਕੋਈ ਜਿਹੜਾ ਚਾਹੁੰਦਾ ਹੈ ਕਿ ਮੇਰੀ ਧੀ ਵੱਡੀ ਹੋ ਕੇ ਸਟੇਜ ‘ਤੇ ਵੱਧ ਤੋਂ ਵੱਧ ਕੱਪੜੇ ਲਾਹ ਕੇ ਨੱਚੇ, ਲੋਕ ਮਜ਼ੇ ਲੈਣ ਤੇ ਪੈਸਿਆਂ ਦੀ ਵਰਖਾ ਹੋਵੇ…… ਸ਼ਾਇਦ ਜੇ ਤੁਹਾਡੇ ਅੰਦਰ ਪੰਜਾਬ ਦਾ ਖ਼ੂਨ ਹੈ ਤਾਂ ਤੁਸੀਂ ਸੁਪਨੇ ਵਿਚ ਵੀ ਏਦਾਂ ਸੋਚਣਾ ਨਹੀਂ ਚਾਹੋਂਗੇ। ਪਰ ਜੇ ਕੁੜੀ ਬਾਗੀ ਹੋ ਕੇ ਐਸਾ ਕਿੱਤਾ ਫੜ੍ਹ ਲਵੇ ਤੇ ਤੁਹਾਡੀ ਪੱਗ ਤੁਹਾਡੀ ਕੁੜੀ ਦੇ ਲਟਕਿਆਂ ਝਟਕਿਆਂ ‘ਤੇ ਨੱਚ ਰਹੇ ਲੋਕਾਂ ਦੇ ਪੈਰਾਂ ਵਿਚ ਰੁਲੇ ਤਾਂ ਤੁਸੀਂ ਕੀ ਕਹੋਂਗੇ………? “ਏਦੂਂ ਤਾਂ ਚੰਗਾ ਸੀ ਏਹਨੂੰ ਜੰਮਦੀ ਨੂੰ ਮਾਰ ਦਿੰਦੇ………”
ਅੱਗੇ ਗੱਲ ਕਰਦੇ ਹਾਂ, ਆਹ ਫਾਲਤੂ ਦੇ ਪਿਆਰ, ਇਸ਼ਕ, ਮੁਹੱਬਤ ਦੇ ਕਲਚਰ? ਦੀ। ਬਹੁਤੇ ਮਾਪਿਆਂ, ਖਾਸ ਕਰ ਪਿੰਡਾਂ ਵਾਲਿਆਂ, ਨੂੰ ਅੱਜ ਦੇ ਮਾੜੇ ਹਾਲਾਤ ਵੇਖ ਕੇ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸਾਡੀ ਕੁੜੀ ਵੀ ਇਹਨਾਂ ਹਾਲਾਤਾਂ ਦੇ ਵਹਿਣ ਵਿਚ ਵਹਿ ਕੇ ਘਰੋਂ………।' ਕਿਹੜਾ ਮਾਂ ਬਾਪ ਇਹ ਸੁਣਨਾ ਚਾਹੇਗਾ ਕਿ ਲੋਕ ਗੱਲਾਂ ਕਰਨ, “ਓਏ ਫਲਾਣਿਆਂ ਦੀ ਕੁੜੀ ਨਿਕਲ ਗਈ……… ਸਾਲੇ ਵੱਡੇ ਇੱਜ਼ਤ ਆਲੇ ਬਣੇ ਫਿਰਦੇ ਸਨ……… ਨੱਕ ‘ਤੇ ਮੱਖੀ ਨ੍ਹੀ ਸੀ ਬਹਿਣ ਦਿੰਦੇ……… ਹੁਣ ਆਵਦੀ ਕੁੜੀ ਹੀ ਸਿਰ ਸਵਾਹ ਪਾ ਗਈ………” ਕੋਈ ਮਾਂ ਪਿਉ ਇਹ ਬਦਨਾਮੀਂ ਨਹੀਂ ਝੱਲ ਸਕਦਾ। ਅੱਜ ਜਿਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਹਨ ਉਸ ਵਿਚ ਇਹ ਗੱਲ ਹੌਲੀ-ਹੌਲੀ ਆਮ ਹੋ ਰਹੀ ਹੈ। ਰਹਿੰਦੀ ਖੂੰਹਦੀ ਕਸਰ ਆਹ ਗਾਉਣ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ। ਇਹਨਾਂ ਕੋਲ ਤਾਂ ਜਿਵੇਂ ਹੋਰ ਕੋਈ ਵਿਸ਼ਾ ਰਿਹਾ ਹੀ ਨਹੀਂ ਗਾਉਣ ਨੂੰ……… ਸ਼ਾਇਦ ਇਕ ਰਿਸ਼ਤੇ ਤੋਂ ਬਿਨਾ ਬਾਕੀ ਸਾਰੇ ਤਾਂ ਖਤਮ ਹੋ ਗਏ ਹਨ। ਮੈਨੂੰ ਅੱਜ ਸਮਝ ਲੱਗੀ ਹੈ ਕਿ ਕਦੇ ‘ਪਾਸ਼’ ਨੇ ਇਹ ਕਿਉਂ ਕਿਹਾ ਸੀ ਕਿ,
“ਵਾਰਿਸ ਸ਼ਾਹ ਦੀ ਲਾਸ਼ ਸਾਡੇ ਪਿੰਡਿਆਂ ‘ਤੇ ਥੋਹਰ ਬਣ ਕੇ ਉੱਗ ਆਈ ਹੈ”
ਇਹਨਾਂ ਗੀਤਕਾਰਾਂ ਤੇ ਗਾਇਕਾਂ ਨੇ ‘ਹੀਰ ਰਾਂਝੇ’ ਨੂੰ ਤਾਂ ਖਲਨਾਇਕ ਬਣਾ ਕੇ ਰੱਖ ਦਿੱਤਾ ਹੈ। ਸ਼ਾਇਦ ਇਹਨਾਂ ਵਿਚੋਂ ਕਿਸੇ ਨੇ ਹੀਰ ਪੜ੍ਹੀ ਵੀ ਨਹੀਂ ਹੋਣੀ, ਨਹੀਂ ਤਾਂ ਉਸ ਦੇ ਕਿਰਦਾਰ ਨੂੰ ਏਨਾ ਦਾਗੀ ਨਾ ਕਰਦੇ। ਆਖਰ ਜਿਹੜੇ ਹੀਰ ਰਾਂਝੇ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਨੇ ਉਹ ਏਨੇ ਮਾੜੇ ਤਾਂ ਨਹੀਂ ਹੋਣੇ। ਜੇ ਬਾਬਾ ਬੁੱਲੇ ਸ਼ਾਹ “ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤਖ਼ਤ ਹਜ਼ਾਰੇ” ਕਹਿ ਕੇ ਤਖ਼ਤ ਹਜ਼ਾਰੇ ਨੂੰ ਮੱਕੇ ਜਿੱਡਾ ਕਰ ਰਿਹਾ ਹੈ ਤਾਂ ਕੁਝ ਤਾਂ ਰੁਹਾਨੀਅਤ ਦੀ ਗੱਲ ਹੋਵੇਗੀ……… ਪਰ ਏਹਨਾਂ ਨਚਾਰਾਂ ਨੂੰ ਕੌਣ ਸਮਝਾਵੇ……… ਹੀਰ ਵਾਰਿਸ ਵਿਚ ਇਕ ਥਾਂ ਹੀਰ ਰਾਂਝੇ ਨੂੰ ਕਹਿੰਦੀ ਹੈ ਕਿ ਮੇਰੇ ਵਿਆਹ ਤੋਂ ਪਹਿਲਾਂ ਮੈਨੂੰ ਲੈ ਚੱਲ ਤਾਂ ਅੱਗੋਂ ਰਾਂਝਾ ਜਵਾਬ ਦਿੰਦਾ ਹੈ,
“ਹੀਰੇ ਇਸ਼ਕ ਨਾ ਮੂਲ ਸਵਾਦ ਦੇਂਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ,ਵਾਰਿਸ ਸ਼ਾਹ ਸਰਾਫ਼ ਸਭ ਜਾਣਦੇ ਨੇ, ਐਬ ਖੋਟਿਆਂ ਪੈਸਿਆਂ ਵਾਲਿਆਂ ਦੇ”ਉਹ ਕੋਰਾ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਸਰਾਫ਼ (ਪ੍ਰਮਾਤਮਾਂ) ਨੂੰ ਖੋਟੇ ਖਰੇ ਦੀ ਪੂਰੀ ਪਛਾਣ ਹੈ। ………… ਤੇ ਅੱਜ ਕੱਲ ਦੇ ਗਾਣੇ, ‘ਜਾਂ ਵਿਆਹ ਕਰਵਾ ਲੈ ਵੇ, ਨਹੀਂ ਮੈਨੂੰ ਲੈ ਚੱਲ ਕਿਤੇ ਭਜਾ ਕੇ’ਹੁਣ ਏਸ ਗਾਣੇ ਦਾ ਕੀ ਮਤਲਬ ਹੈ……… ਕੀ ਦੇ ਰਹੇ ਨੇ ਏਹ ਗਾਇਕ ਨੌਜਵਾਨਾਂ ਨੂੰ……… ਖੈਰ ਕੁਝ ਹੋਰ ਨਮੂਨੇ ਤੱਕੋ,‘ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢ ਕੇ ਲੈਜੂਗਾ…………’‘ਕਾਲਜ ‘ਚ ਕੁੰਢੀਆਂ ਦੇ ਸਿੰਗ ਪਸਗੇ ਨੀ ਇਕ ਤੇਰੇ ਕਰਕੇ…………’‘ਤੇਰੇ ਪਿੱਛੇ ਕਾਲਜ ਦੇ ਮੁੰਡਿਆਂ ਦੇ ਨਾਲ ਮੇਰਾ ਵੈਰ ਪੈ ਗਿਆ…………’‘ਚੰਡੀਗੜ੍ਹ ਝੀਲ ਦੀ ਕਰਾ ਦੂਂ ਤੈਨੂੰ ਸੈਰ ਆਜੀ ਟੈਮ ਕੱਢ ਕੇ…………’‘ਜਦ ਮਰਜ਼ੀ ਆਜੀਂ ਖੇਤ ਯਾਰ ਤਾਂ ਮੋਟਰ ‘ਤੇ ਹੁੰਦੇ………’‘ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ, ਰੱਖ ਥੋੜਾ ਹੌਸਲਾ ਜ਼ਰੂਰ ਆਉਂਗੀ………’‘ਰਾਤੀਂ ਕਿਉ ਨਾ ਆਈ ਤੂੰ ਕਰਾਰ ਕਰਕੇ, ਆਉਂਣ ਤਾਂ ਲੱਗੀ ਸੀ ਵੱਡੀ ਭਾਬੀ ਉੱਠ ਗਈ………’
ਖੈਰ, ਇਹ ਨਹੀਂ ਮੁੱਕਣੇ ਭਾਵੇਂ ਜਿੰਨਾ ਚਿਰ ਮਰਜ਼ੀ ਲਿਖਦਾ ਰਹਾਂ। ਹੁਣ ਤੁਸੀਂ ਇਹਨਾਂ ਗਾਣਿਆਂ ਵਿਚ ਕੁੜੀ ਦੇ ਕਿਰਦਾਰ ਵਾਲੀ ਥਾਂ ‘ਤੇ ਆਪਣੀ ਧੀ ਨੂੰ ਖੜ੍ਹੀ ਕਰਕੇ ਦੇਖੋ……… ਕੀ ਕਰ ਸਕਦੇ ਹੋ?..... ਸ਼ਾਇਦ ਨਹੀਂ…… ਤੁਸੀਂ ਹੀ ਨਹੀਂ ਕੋਈ ਵੀ ਅਣਖ ਵਾਲੇ ਮਾਪੇ ਆਪਣੀ ਧੀ ਨੂੰ ਇਸ ਥਾਂ ‘ਤੇ ਨਹੀਂ ਦੇਖਣਾ ਚਾਹੁੰਣਗੇ…… ਤੇ ਜੇ ਕੋਈ ਕੁੜੀ ਏਸ ਦਲਦਲ ਵੱਲ ਨੂੰ ਤੁਰ ਜਾਵੇ ਤਾਂ ਉਸ ਦੇ ‘ਵਿਚਾਰੇ’ ਮਾਪੇ ਕੀ ਕਹਿੰਦੇ ਹੋਣਗੇ…… ਚੰਗਾ ਹੁੰਦਾ ਜੰਮਦੀ ਨੂੰ ਮਾਰ ਦਿੰਦੇ………
ਹੁਣ ਗੱਲ ਕਰਦੇ ਹਾਂ ਭਰੂਣ ਹੱਤਿਆ ਦੇ ਇਕ ਹੋਰ ਵੱਡੇ ਕਾਰਨ ‘ਬਲਾਤਕਾਰਾਂ’ ਦੀ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਸਾਲ ਪਹਿਲਾਂ ਰਾਸ਼ਟਰਪਤੀ (ਅਬਦੁਲ ਕਲਾਮ ਵੇਲੇ) ਦੇ ਸੁਰੱਖਿਆ ਕਰਮੀਆਂ ਨੇ ਹੀ ਇਕ ਕੁੜੀ ਦਾ ਬਲਾਤਕਾਰ ਕਰ ਦਿੱਤਾ ਸੀ। ਅਜੇ ਕੱਲ ਦੀ ਗੱਲ ਹੈ, ਸਾਡੇ ਗੁਆਂਢੀ ਸੂਬੇ (ਹਰਿਆਣੇ) ਦੇ ਰਾਜਪਾਲ ਦੇ ਸੁਰੱਖਿਆ ਗਾਰਡਾਂ ਨੇ ਵੀ ਇਹੀ ਕਾਰਾ ਕੀਤਾ ਹੈ। ਸ਼ਾਇਦ ਤੁਹਾਨੂੰ ਕੇ.ਪੀ. ਗਿੱਲ ਵੱਲੋਂ ਆਈ. ਏ. ਐਸ. ਰੂਪਨ ਦਿਊਲ ਬਜਾਜ ਦੀ ……… ‘ਤੇ ਫੇਰਿਆ ਗਿਆ ਹੱਥ ਵੀ ਭੁੱਲਿਆ ਨਹੀਂ ਹੋਵੇਗਾ, ਜਿਸ ਬਦਲੇ ‘ਮਾਨਯੋਗ’ ਅਦਾਲਤ ਨੇ ਕੇ. ਪੀ. ਗਿੱਲ ਨੂੰ ਸੁਧਰਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਸੀ। ……… ਤੇ ਫਰਾਂਸ ਦੀ ਕੁੜੀ ਕੇਤੀਆ ਦਾ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤੇ ਦੇ ਪੋਤਰੇ ਵੱਲੋਂ ਕੀਤਾ ਗਿਆ ਹਸ਼ਰ ਵੀ ਕਦੇ ਕਦਾਈਂ ਤੁਹਾਡੀਆਂ ਅੱਖਾਂ ਸਾਹਮਣੇ ਆ ਕੇ ਤੁਹਾਨੂੰ ਡਰਾ ਜਾਂਦਾ ਹੋਵੇਗਾ ਤੇ ਤੁਸੀਂ ਝੱਟ ਆਪਣੀ ਧੀ ਨੂੰ ਬੁੱਕਲ ਵਿਚ ਲਕੋ ਲੈਂਦੇ ਹੋਵੋਗੇ। ਹੁਣ ਤੁਸੀਂ ਆਪ ਹੀ ਦੱਸੋ ਕਿ ਜੇ ਦੇਸ਼ ਦੇ ਰਾਸ਼ਟਰਪਤੀ ਤੇ ਰਾਜਪਾਲ ਦੇ ਬਾਡੀਗਾਰਡਾਂ ਤੇ ਪੁਲਸ ਮੁਖੀਆਂ ਤੋਂ ਹੀ ਕੁੜੀਆਂ ਸੁਰੱਖਿਅਤ ਨਹੀਂ ਤਾਂ ਫਿਰ …………।' ਅਜੇ ਤਾਂ ਆਪਾਂ ਇਕੱਲੇ ਪੰਜਾਬ ਦੀ ਗੱਲ ਹੀ ਕਰ ਰਹੇ ਹਾਂ ਕਿਉਂਕਿ ਇਹ ‘ਦੋਸ਼’ ਸਾਡੇ ਉੱਤੇ ਹੀ ਵਾਰ-ਵਾਰ ਲੱਗ ਰਿਹਾ ਹੈ, ਪਰ ਜੇ ਬਾਕੀ ਪ੍ਰਾਂਤਾਂ ਦੀ ਗੱਲ ਵੀ ਕਰਨੀ ਹੋਵੇ? …………ਤੇ ਸ਼ਾਇਦ ਤੁਹਾਡੇ ਵਿਚੋਂ ਕਈਆਂ ਨੂੰ ਮਨੀਪੁਰ ਦੀ ਉਹ ਕੁੜੀ ਵੀ ਯਾਦ ਹੋਵੇਗੀ ਜਿਸ ਨਾਲ ਭਾਰਤੀ ਫੌਜੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਪਿੱਛੋਂ ਮਾਰ ਕੇ ਸੜਕ ‘ਤੇ ਸੁੱਟ ਦਿੱਤਾ ਗਿਆ ਸੀ, ਉਹੀ ਮਨੋਰਮਾਂ ਜਿਸ ਦੀ ਮੌਤ ਤੋਂ ਮਗਰੋਂ ਉਸ ਦੇ ਪਿੰਡ ਦੀਆਂ ਬਾਕੀ ਔਰਤਾਂ ਵੱਲੋਂ ਭਾਰਤੀ ਫੌਜ ਦੇ ਮਨੀਪੁਰ ਸਥਿਤ ਮੁੱਖ ਦਫਤਰ ਦੇ ਮੂਹਰੇ ‘ਨਿਰਵਸਤਰ’ ਹੋ ਕੇ ਮੁਜਾਹਰਾ ਕੀਤਾ ਗਿਆ ਸੀ ਤੇ ਨਾਹਰੇ ਮਾਰੇ ਗਏ ਸਨ,
‘ਭਾਰਤੀ ਫੌਜੀਓ, ਸਾਡਾ ਬਲਾਤਕਾਰ ਕਰੋ’
ਭਾਰਤ ਦੇ ਮੱਥੇ ‘ਤੇ ਲੱਗੇ ਅਣਗਿਣਤ ਕਲੰਕਾਂ ਵਿਚੋਂ ਇਕ ਕਲੰਕ ਇਹ ਵੀ ਹੈ, ਜਦੋਂ ਭਾਰਤੀ ਫੌਜ ਦੀਆਂ ਸਤਾਈਆਂ ਇਹਨਾਂ ਔਰਤਾਂ ਨੂੰ ਇਹ ਸ਼ਰਮਨਾਕ ਕਦਮ ਚੁੱਕਣਾ ਪਿਆ।
ਤੁਸੀਂ ਹਰ ਰੋਜ਼ ਟੀ. ਵੀ. ਲਗਾਓ, ਖ਼ਬਰਾਂ ਵੇਖੋ……… ਸ਼ਰਤ ਹੈ ਕਿ ਇਕ ਵੀ ਦਿਨ ਵੀ ਐਸਾ ਨਹੀਂ ਹੋਵੇਗਾ ਜਦੋਂ ਖ਼ਬਰਾਂ ਵਿਚ ਕਿਸੇ ਮਾਸੂਮ ਨਾਲ ਬਲਾਤਕਾਰ ਦੀ ਖ਼ਬਰ ਨਾ ਆਈ ਹੋਵੇ। ਅਖ਼ਬਾਰਾਂ ਦੀਆਂ ਖ਼ਬਰਾਂ ਗਵਾਹੀ ਦਿੰਦੀਆਂ ਹਨ, ਤਿੰਨ ਸਾਲ ਦੀ ਬੱਚੀ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਨਾਲ ਹੋਏ ਬਲਾਤਕਾਰਾਂ ਦੀਆਂ। ਹੁਣ ਤੁਸੀਂ ਆਪ ਸੋਚ ਲਵੋ ਕਿ ਇਸ ਦੇਸ਼ ਵਿਚ ਕੁੜੀਆਂ ਕਿੰਨੀਆਂ ਕੁ ਸੁਰੱਖਿਅਤ ਨੇ। ਸੜਕਾਂ ‘ਤੇ ਭੁੱਖੇ ਬਘਿਆੜ ਤੁਰੇ ਫਿਰਦੇ ਨੇ। ………ਇਹ ਹਲਕੇ ਹੋਏ ਕੁੱਤੇ ਤਾਂ ਭਾਰਤ ਵੇਖਣ ਆਈਆਂ ਟੂਰਿਸਟ ਕੁੜੀਆਂ ਨੂੰ ਵੀ ਨਹੀਂ ਬਖਸ਼ਦੇ। ਖੈਰ……… ਜਿਹਨਾਂ ਦੇ ਭਗਵਾਨਾਂ ਨੇ ਹੀ ਕੁੜੀਆਂ ਨਹੀਂ ਬਖਸ਼ੀਆਂ.......... ਜਿਥੇ ਬਲਾਤਕਾਰਾਂ ਨੂੰ ‘ਰਾਸ ਲੀਲਾ’ ਕਹਿ ਕੇ ਵਡਿਆਇਆ ਤੇ ਸਤਿਕਾਰਿਆ ਜਾਂਦਾ ਹੋਵੇ…… ਜਿੱਥੇ ਧਾਰਮਿਕ ਮੁਖੀਆਂ ਨੇ ਆਪਣੀਆਂ ਧੀਆਂ-ਭੈਣਾ ਨਾਲ ਵੀ ਖੇਹ ਖਾਧੀ ਹੋਵੇ……… ਓਥੋਂ ਦੀ ਆਮ ਜਨਤਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ,
‘ਗੁਰੂ ਜਿਨਾ ਦੇ ਟੱਪਣੇ ਚੇਲੇ ਜਾਣ ਛੜੱਪ’
ਕੀ ਇਹ ਸੱਚ ਨਹੀਂ ਕਿ ਇਸ ਦੇਸ਼ ਦਾ ਸੱਭਿਆਚਾਰ, ਸਾਹਿਤ ਔਰਤ ਨੂੰ ਪੈਰ ਦੀ ਜੱਤੀ, ਬਘਿਆੜਣ, ਪਸ਼ੂ, ਗਵਾਰ ਕਹਿੰਦਾ ਰਿਹਾ ਹੈ। ਸੀ ਕੋਈ ‘ਗੁਰੂ ਨਾਨਕ ਸਾਹਿਬ’ ਤੋਂ ਪਹਿਲਾਂ ਜਿਸਨੇ ਕਦੇ ਔਰਤ ਦੇ ਹੱਕ ਵਿਚ ਆਵਾਜ਼ ਉਠਾਈ ਹੋਵੇ।
ਮੈਨੂੰ ਅੱਜ ਲੱਗਦਾ ਹੈ ਕਿ ਤੁਲਸੀ ਦਾਸ, ਗੋਰਖ ਨਾਥ ਤੇ ਬਾਹਮਣ ਮਨੂ ਨੂੰ ਔਰਤਾਂ ਦੇ ਸਭ ਤੋਂ ਵੱਡੇ ਕਾਤਲ ਐਲਾਣਿਆ ਜਾਣਾ ਚਾਹੀਦਾ ਹੈ, ਜਿਹਨਾਂ ਨੇ ਔਰਤ ਨੂੰ ਕਦੇ ਵੀ ਉੱਪਰ ਨਹੀਂ ਉੱਠਣ ਦਿੱਤਾ। ਖੈਰ ਜੇ ਏਧਰ ਨੂੰ ਤੁਰੇ ਗਏ ਤਾਂ ਕਹਾਣੀ ਬਹੁਤ ਲੰਬੀ ਹੋ ਜਾਵੇਗੀ।
ਅੰਤ ਵਿਚ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਭਾਵੇਂ ਮੈਨੂੰ ਪਤਾ ਹੈ ਕਿ ਤੁਸੀ ਕੁੜੀਆਂ ਦੇ ਏਡੇ ਵੱਡੇ ਕਾਤਲ ਨਹੀਂ ਹੋਵੋਗੇ, ਜਿੱਡਾ ਕਿ ਅੱਜ ਪਰਚਾਰਿਆ ਜਾ ਰਿਹਾ ਹੈ। ਇਹ ਸਰਕਾਰੀ ਅੰਕੜੇ ਹਨ, ਇਹਨਾਂ ਦੇ ਝੂਠ-ਸੱਚ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ……… ਜੇ ਧੂਆਂ ਉੱਠਿਆ ਹੈ ਤਾਂ ਅੱਗ ਵੀ ਕਿਤੇ ਨਾ ਕਿਤੇ ਲੱਗੀ ਹੋਵੇਗੀ। ਮੈਨੂੰ ਪਤਾ ਹੈ ਕਿ ਅੱਜ ਦੇ ਦੌਰ ਵਿਚ ਕੁੜੀ ਜੰਮ ਕੇ ਉਸ ਨੂੰ ‘ਸੰਭਾਲ’ ਕੇ ਜਵਾਨ ਕਰਨਾ, ਭੁੱਖੇ ਬਘਿਆੜਾਂ ਤੋਂ ਬਚਾ ਕੇ ਰੱਖਣਾ, ਸੌਖੀ ਗੱਲ ਨਹੀਂ। ਪਰ……… ਤੁਸੀਂ ਕਲਗੀਧਰ ਦੇ ਪੁੱਤ-ਧੀਆਂ ਹੋ, ਕਦੇ ਮੁਸ਼ਕਿਲ ਤੋਂ ਘਬਰਾਏ ਨਹੀਂ। ਵੱਡੀ ਤੋਂ ਵੱਡੀ ਮੁਸ਼ਕਿਲ ਦਾ ਟਾਕਰਾ ਕਰਦੇ ਆਏ ਹੋ। ਆਪਣੀਆਂ ਧੀਆਂ ਨੂੰ ‘ਬੇਬੇ ਨਾਨਕੀ’ ਤੋਂ ਲੈ ਕੇ ‘ਮਾਤਾ ਗੁਜ਼ਰੀ’ ਤੇ ਫੇਰ ਮਾਈ ਭਾਗੋ, ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ, ਬੀਬੀ ਸਤਵੰਤ ਕੌਰ ਦੇ ਅਡੋਲ ਸਿਦਕਾਂ ਦੀਆਂ ਵਾਰਤਾਵਾਂ ਸੁਣਾ ਕੇ ਵੱਡੀਆਂ ਕਰੋ। ਉਹਨਾਂ ਨੂੰ ‘ਸੁੰਦਰੀ’ ਤੇ ‘ਸਤਵੰਤ ਕੌਰ’ ਪੜ੍ਹਾ ਕੇ ਤਕੜੀਆਂ ਕਰੋ। ਉਹਨਾਂ ਦੇ ਗਲ਼ ਕਿਰਪਾਨਾਂ ਪਵਾ ਕੇ ਉਹਨਾਂ ਦੇ ਹੌਸਲੇ ਵੱਡੇ ਕਰੋ ਤਾਂ ਕਿ ਉਹ ਜ਼ਾਲਮ ਨੂੰ ਮੂੰਹ ‘ਤੇ ਜਵਾਬ ਦੇ ਸਕਣ। ਉਹਨਾਂ ਨੂੰ ‘ਗੁਰਬਾਣੀ’ ਪੜ੍ਹਣ ਦੀ ਚੇਟਕ ਲਾਓ…… ਸਿਰਫ ‘ਗੁਰਬਾਣੀ’ ਹੀ ਸਾਨੂੰ ਅੰਦਰੋਂ ਪਕੇਰਿਆਂ ਕਰ ਸਕਦੀ ਹੈ,
‘ਹਰਿ ਕਾ ਨਾਮੁ ਕੋਟਿ ਲਖ ਬਾਹਾ ॥’
ਤੇ ਜਦ ਏਨਾ ਜ਼ੋਰ ਤੇ ਹੌਸਲਾ ਲੈ ਕੇ ਸਾਡੀਆਂ ਧੀਆਂ ਬਾਹਰ ਨਿਕਲਣਗੀਆਂ ਤਾਂ ਕੋਈ ਉਹਨਾਂ ਦੀ ‘ਵਾ ਵੱਲ ਵੀ ਨਹੀਂ ਵੇਖ ਸਕੇਗਾ………
‘ਸਿਖਾ ਦੋ ਸਰ ਕੁਚਲਣੇ ਕਾ ਹੁਨਰ ਅਪਣੇ ਮਾਸੂਮ ਬੱਚੋਂ ਕੋ,ਬਿਤਾਣੀ ਹੈ ਇਨਹੇਂ ਅਬ ਜਿੰਦਗੀ ਸਾਪੋਂ ਕੀ ਬਸਤੀ ਮੇਂ’
………ਤੇ ਫੇਰ ਸ਼ਾਇਦ ਪੇਟ ਵਿਚ ਕੁੜੀਆਂ ਨਹੀਂ ਮਾਰਨੀਆਂ ਪੈਣਗੀਆਂ……… ਜੇ ਫੇਰ ਵੀ ਕਦੇ ਤੁਹਾਡੇ ਦਿਮਾਗ ਵਿਚ ਧੀ ਨੂੰ ਮਾਰਨ ਦਾ ਵਿਚਾਰ ਆਏ ਤਾਂ ਬੀਬੀ ਰਾਜ ਕੌਰ ਨੂੰ ਯਾਦ ਕਰਿਓ, ਜਿਸਨੂੰ ਉਸਦੇ ਮਾਪੇ ਜੰਮਦੀ ਨੂੰ ਹੀ ਮਾਰਨ ਲੱਗੇ ਸਨ ਤੇ ਜੇ ਕਿਤੇ ਉਹ ਮਰ ਜਾਂਦੀ ਤਾਂ ਨਾ ਹੋਣਾ ਸੀ ਮਹਾਰਾਜਾ ਰਣਜੀਤ ਸਿੰਘ, ਨਾ ਸਰਕਾਰ-ਏ-ਖਾਲਸਾ ਤੇ ਨਾ ਹੀ ਸਾਡਾ 40 ਸਾਲ ਦਾ ਉਹ ਸ਼ਾਨਾਮੱਤਾ ਇਤਿਹਾਸ। ਸੋ ਕ੍ਰਿਪਾ ਕਰਕੇ ਕੁੜੀਆਂ ਨੂੰ ਦਲੇਰ ਬਣਾਓ ਨਾ ਕਿ ਉਹਨਾਂ ਦੇ ਪੈਦਾ ਹੋਣ ਦਾ ਅਧਿਕਾਰ ਖੋਹੋ……… ਨਹੀਂ ਤਾਂ ਯਾਦ ਰੱਖਿਓ ਕਿ ਮਾੜੀ ਔਲਾਦ ਦਾ ਲਾਂਭਾ ਉਸ ਦੇ ਪਿਉ ਨੂੰ ਜਾਂਦਾ ਹੈ ਤੇ ਸ਼ਾਇਦ ਤੁਹਾਡੇ ਵਿਚੋਂ ਕੋਈ ਗੁਰੂ ਦਸਵੇਂ ਪਿਤਾ ਨੂੰ ਲਾਂਭਾ ਨਹੀਂ ਦਿਵਾਉਣਾ ਚਾਹੇਗਾ……… ਸੋ ਸੰਭਲੋ……… ਆਉ ਧੀਆਂ ਨੂੰ ਨਾਲ ਲੈ ਕੇ ਅੱਗੇ ਵਧੀਏ ਤੇ ਗੰਧਲੇ ਨਿਜ਼ਾਮ ਨੂੰ ਸਾਫ ਕਰਨ ਦਾ ਤਹਈਆ ਕਰੀਏ। ਵਾਹਿਗੁਰੂ ਭਲੀ ਕਰੇਗਾ।
ਜਗਦੀਪ ਸਿੰਘ ਫਰੀਦਕੋਟ (9815763313)

No comments: