Tuesday, March 23, 2010

‘ਚੜ੍ਹ ਚੰਨਾਂ ਤੂੰ ਕਰ ਰੁਸ਼ਨਾਈ, ਤੇ ਜ਼ਿਕਰ ਕਰੇਂਦੇ ਤਾਰੇ ਹੂ’


ਆਪਣੀ ਬੇਨੂਰੀ ’ਤੇ ਰੋਂਦੀ ਪੰਜਾਬੀ ਗਾਇਕੀ ਦੇ ਚਮਨ ਦਾ ਦੀਦਾਵਰ-ਸਤਿੰਦਰ ਸਰਤਾਜ
ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਇੰਟਰਨੈੱਟ ਦਾ ਬਿੱਲ ਬਹੁਤ ਆ ਰਿਹਾ ਹੈ। ਹਰ ਵਾਰ ਸੋਚਦਾਂ ਕਿ ਐਤਕੀਂ ਡਾਟਾ ਧਿਆਨ ਨਾਲ ਵਰਤਣਾ ਹੈ ਤੇ ਬਾਹਲਾ ਨਹੀਂ ਵਧਣ ਦੇਣਾ ਪਰ…… ਬਿੱਲ ਉਵੇਂ ਹੀ ਆ ਰਿਹੈ।
…ਤੇ ਮੇਰੀ ਇਸ ਸਮੱਸਿਆ ਦਾ ਕਾਰਨ ਹੈ ‘ਸਤਿੰਦਰ ਸਰਤਾਜ’।' ਤੁਸੀਂ ਹੱਸੋਗੇ, ਪਰ ਇਹ ਸੱਚ ਹੈ। ਜਦੋਂ ਵੀ ਉਸਦੇ ਵੀਡੀਓ ਵੇਖਣ ਲੱਗਦਾਂ ਤਾਂ ਹੋਰ ਕੁਝ ਯਾਦ ਨਹੀਂ ਰਹਿੰਦਾ, ਕੁਝ ਵੀ…।' ਇੱਕ ਦਿਨ ਤਾਂ ਮਾਤਾ ਮੂੰਹ ਜਿਹਾ ਮਸੋਸ ਕੇ ਬੈਠੀ ਸੀ ਤੇ ਮੈਂ ’ਰਾਮ ਨਾਲ ਸਰਤਾਜ ਨੂੰ ਸੁਣ ਰਿਹਾ ਸੀ, ਉਹ ਤਾਂ ਜਦੋਂ ਹੋਰ ਗਾਣੇ ਚੱਲਦੇ-ਚੱਲਦੇ ਇਹ ਗੀਤ ਆਇਆ,
“ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਦੁਖ ਸਾਡੇ ਲੇਖਾਂ ਦੇ ਜਰਦੀ ਅੰਮੀ……”
ਤਾਂ ਚੇਤੇ ਆਇਆ ਬੀ ਮਾਤਾ ਨੂੰ ਤਾਂ ਬਜ਼ਾਰ ਲਿਜਾਣਾ ਸੀ। ਹੁਣ ਤੁਸੀਂ ਆਪ ਹੀ ਸੋਚੋ ਬੀ ਐਸੇ ਸਮੇਂ ਵਿਚ ਇੰਟਰਨੈੱਟ ਬਿੱਲ ਕਿਸੇ ਨੂੰ ਕੀ ਯਾਦ ਰਹਿਣਾ ਹੈ।
ਪਹਿਲੀ ਵਾਰ ਮੈਂ ਪੰਜ-ਛੇ ਮਹੀਨੇਂ ਪਹਿਲਾਂ ਸਰਤਾਜ ਦੀ ਇੱਕ ਟੇਪ ‘ਮਹਿਫਿਲ-ਏ-ਸਰਤਾਜ’ ਨੈੱਟ ’ਤੇ ਵੇਖੀ ਸੀ। ਉਸ ਐਲਬਮ ’ਤੇ ਲੱਗੀ ਉਸਦੀ ਕਾਲੀ ਪੁਸ਼ਾਕ ਤੇ ਕਾਲੀ ਦਸਤਾਰ ਵਾਲੀ ਫੋਟੋ ਨੇ ਮੈਨੂੰ ਇਕ ਵਾਰ ਤਾਂ ਕਲਿੱਕ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਪਰ ਮੈਂ ਇਹ ਸੋਚ ਕੇ ਕਿ ਇਸ ਦੀ ਵੀ ਸ਼ਾਇਦ ਸ਼ਕਲ ਈ ਸੂਫੀਆਂ ਵਰਗੀ ਹੋਵੇਗੀ, ਕਲਿੱਕ ਨਹੀਂ ਕੀਤਾ, ਕਿਉਂਕਿ ਪਹਿਲਾਂ ਸਾਡੇ ਨਾਲ ਇਸੇ ਤਰ੍ਹਾਂ ਬਥੇਰੇ ਵਾਰ ਧੋਖੇ ਹੋ ਚੁੱਕੇ ਸਨ। ਕਈ ਗਵੱਈਆਂ ਨੇ ਸੂਫੀਆਂ ਵਾਲਾ ਵੇਸ ਧਾਰ ਕੇ ਸੂਫ਼ੀ ਗਾਇਕ ਹੋਣ ਦਾ ਭੁਲੇਖਾ ਦਿੱਤਾ ਸੀ ਤੇ ਮਗਰੋਂ ਉਹਨਾਂ ਉਹੀ ਸਸਤੇ ਬਜ਼ਾਰੂ ਗੀਤ ਗਾ ਕੇ ਸਾਡੇ ਨਾਲ ਧ੍ਰੋਹ ਕਮਾਇਆ। ਕਈ ਵਾਰ ਅਸੀਂ ਸਿਰਫ ਪਹਿਰਾਵਾ ਵੇਖ ਕੇ ਭਰਮ ਦਾ ਸ਼ਿਕਾਰ ਹੋ ਬੈਠੇ ਸਾਂ।
ਇਕ ਵਾਰ (ਸ਼ਾਇਦ) ਡਾ. ਪੰਨੂੰ ਹੋਰਾਂ ਤੋਂ ਸੁਣਿਆਂ, “ਅਸਲ ਮੌਸੀਕੀ ਉਹ ਹੁੰਦੀ ਹੈ, ਜਿਸਤੇ ਤੁਹਾਡਾ ਸਿਰ ਮੱਲੋ-ਮੱਲੀ ਹਿੱਲਣ ਲੱਗ ਪਵੇ ਤੇ ਤੁਸੀਂ ਕਿਸੇ ਇਲਾਹੀ ਲੋਰ ਵਿਚ ਝੂਮਣ ਲੱਗ ਜਾਵੋ… ਫੇਰ ਤੁਹਾਨੂੰ ਭਾਵੇਂ ਬੋਲ ਸਮਝ ਵੀ ਨਾ ਪੈਣ…”
ਮੈਂ ਨੁਸਰਤ ਫਤਹਿ ਅਲੀ ਖਾਂ ਸਾਹਬ ਦੀ ਇਕ ਇੰਟਰਵਿਊ ਦੇਖ ਰਿਹਾ ਸੀ। ਉਹ ਸ਼ਾਇਦ ਆਪਣੇ ਜਪਾਨ ਵਿਚ ਹੋਏ ਕਿਸੇ ਪ੍ਰੋਗਰਾਮ ਬਾਰੇ ਦੱਸ ਰਹੇ ਸਨ। ਉਹ ਕਹਿੰਦੇ ਕਿ ਜਪਾਨ ਵਿਚ ਇਕ ਸਟੇਜ਼ ਪ੍ਰੋਗਰਾਮ ਦੌਰਾਨ, ਜਦ ਉਹ ਗਾ ਰਹੇ ਸਨ ਤਾਂ ਉਹਨਾਂ ਦੇ ਸਾਹਮਣੇ ਬੈਠੇ ਕੁਝ ਜਪਾਨੀ ਲੋਕ ਮਸਤੀ ਵਿਚ ਝੂਮ ਰਹੇ ਸਨ। ਪ੍ਰੋਗਰਾਮ ਤੋਂ ਬਾਅਦ ਨੁਸਰਤ ਸਾਹਬ ਨੇ ਕਿਸੇ ਦੁਭਾਸ਼ੀਏ ਰਾਹੀਂ ਉਹਨਾਂ ਜਪਾਨੀ ਸਰੋਤਿਆਂ ਨਾਲ ਗੱਲ ਕੀਤੀ।
“ਤੁਸੀਂ ਮੇਰਾ ਸਾਰਾ ਪ੍ਰੋਗਰਾਮ ਸੁਣਿਆਂ”
“ਜੀ ਹਾਂ” ਉਹਨਾਂ ਸਰੋਤਿਆਂ ਨੇ ਜਵਾਬ ਦਿੱਤਾ।
“ਤੁਹਾਨੂੰ ਤਾਂ ਸ਼ਾਇਦ ਮੇਰੀ ਭਾਸ਼ਾ ਵੀ ਨਹੀਂ ਸਮਝ ਆਉਂਦੀ ਹੋਣੀ”
“ਤੁਸੀਂ ਠੀਕ ਕਿਹਾ ਸਾਨੂੰ ਤੁਹਾਡੀ ਭਾਸ਼ਾ ਸਮਝ ਨਹੀਂ ਆਉਂਦੀ”
“ਫੇਰ ਤੁਸੀਂ ਮਸਤੀ ਵਿਚ ਏਨਾ ਝੂਮ ਕਿਉਂ ਰਹੇ ਸੀ…?”
“ਸਾਨੂੰ ਇੰਝ ਪ੍ਰਤੀਤ ਹੋ ਰਿਹਾ ਸੀ, ਜਿਵੇਂ ‘ਗੌਤਮ ਬੁੱਧ’ ਪ੍ਰਵਚਨ ਕਰ ਰਹੇ ਹੋਣ…”
ਇਸ ਤੋਂ ਅੱਗੇ ਨੁਸਰਤ ਸਾਹਬ ਤੋਂ ਬੋਲਿਆ ਨਹੀਂ ਗਿਆ ਤੇ ਉਹਨਾਂ ਦੀਆਂ ਅੱਖਾਂ ਵਿਚ ਪਾਣੀ ਆ ਗਿਆ।
ਕਹਿੰਦੇ ਨੇ ਨੁਸਰਤ ਫਤਹਿ ਅਲੀ ਖਾਂ ਸਾਹਬ ਦੇ ਜਨਮ ਵੇਲੇ ਉਹਨਾਂ ਦੇ ਪਿਤਾ ਜੀ ਨੇ ਉਸਤਾਦ ਸਲਾਮਤ ਅਲੀ, ਨਜ਼ਾਕਤ ਅਲੀ ਖਾਂ ਹੋਰਾਂ ਨੂੰ ਸੱਦਿਆ ਤੇ ਕਿਹਾ, “ਬੱਚੇ ਦੇ ਕੰਨ ਵਿਚ ਕੋਈ ਰਾਗ ਗਾਓ…”
ਉਹਨਾਂ ਗਾਇਆ ਤੇ ਤੁਸੀਂ ਦੇਖ ਲਓ ਕਿ ਉਹ ਬੱਚਾ, ਜਿਸ ਨੂੰ ‘ਰਾਗ’ ਦੀ ਗੁੜਤੀ ਮਿਲੀ, ਦੁਨੀਆਂ ਦਾ ਸਿਖਰਲਾ ਗਵੱਈਆ ਬਣਿਆਂ, ਤੇ ਗੁੜਤੀ ਦੇਣ ਵਾਲੇ ਉਸਤਾਦ ਸਲਾਮਤ ਅਲੀ, ਨਜ਼ਾਕਤ ਅਲੀ ਉਹੀ ਮਹਾਨ ਸੂਫ਼ੀ ਗਾਇਕ ਨੇ ਜਿਹਨਾਂ ਬਾਰੇ ਮਸ਼ਹੂਰ ਹੈ ਕਿ ਉਹ ਆਪਣੀ ਗਾਇਕੀ ਵਿਚ ‘ਆਜ਼ਾਨ’ ਦੀ ਮਿਠਾਸ ਘੋਲ ਦਿੰਦੇ ਨੇ।
ਸਾਡੇ ਸਮਿਆਂ ਵਿਚ, ਜੇ ਅੱਜ ਅਸੀਂ, ਸਾਈਂ ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਵਰਗੇ ਦਰਵੇਸ਼ ਸੂਫੀ ਫਕੀਰਾਂ ਦੇ ਸਾਹਿਤ ਨੂੰ ਸਿਜ਼ਦਾ ਕਰਦੇ ਹਾਂ ਤਾਂ ਇਸ ਵਿਚ ਵੱਡਾ ਯੋਗਦਾਨ ਨੁਸਰਤ ਫਤਹਿ ਅਲੀ ਖਾਨ, ਉਸਤਾਦ ਸਲਾਮਤ ਅਲੀ ਨਜ਼ਾਕਤ ਅਲੀ, ਉਸਤਾਦ ਬਰਕਤ ਸਿੱਧੂ, ਉਸਤਾਦ ਪੂਰਨ ਸ਼ਾਹ ਕੋਟੀ, ਆਬੀਦਾ ਪ੍ਰਵੀਨ, ਪੂਰਨ ਚੰਦ-ਪਿਆਰੇ ਲਾਲ ਗੁਰੂ ਕੀ ਵਡਾਲੀ ਦਾ ਹੈ। ਜਿਹਨਾਂ ਦੀਆਂ ਕੰਨਾਂ ਵਿਚ ਮਿਸ਼ਰੀ ਘੋਲ ਦੇਣ ਵਾਲੀਆਂ ਆਵਾਜ਼ਾਂ ਰਾਹੀਂ ਇਹ ਅਮੀਰ ਸਾਹਿਤ ਸਾਡੇ ਕੰਨੀਂ ਪਿਆ ਹੈ।
ਪਿਛਲੇ ਕਾਫੀ ਸਮੇਂ ਤੋਂ ਏਧਰਲੇ ਪੰਜਾਬ ਵਿਚ ਗਾਇਕੀ ਇਕ ਧੰਦਾ ਜਿਹਾ ਬਣ ਕੇ ਹੀ ਰਹਿ ਗਈ ਹੈ, ਜਾਂ ਸਾਡੀ ਠੇਠ ਮਾਲਵੇ ਦੀ ਬੋਲੀ ਚ ਕਹਿ ਲਓ ਤਾਂ ‘ਕੰਜਰ ਕਿੱਤਾ’। 'ਘਟੀਆ ਕਿਸਮ ਦੇ ਬਜ਼ਾਰੂ ਗੀਤਾਂ ਨੇ ਚੰਗੇ ਸਰੋਤਿਆਂ ’ਤੇ ਅੰਤਾਂ ਦਾ ਤਸ਼ੱਦਦ ਕੀਤਾ ਹੈ। ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਏਨੇ ਖੁੱਲੇ ਤੌਰ ’ਤੇ ਹੋ ਰਹੀ ਹੈ ਕਿ ਮਾਪੇ ਆਪਣੀਆਂ ਧੀਆਂ ਨਾਲ ਬੱਸਾਂ ਵਿਚ ਸਫ਼ਰ ਕਰਨ ਵਿਚ ਵੀ ਸ਼ਰਮ ਮਹਿਸੂਸ ਕਰਦੇ ਨੇ ਤੇ ਅੱਕ ਕੇ ਸੰਗੀਤ ਨੂੰ ਹੀ ਗਾਲ੍ਹਾਂ ਕੱਢਣ ਲੱਗ ਪੈਂਦੇ ਨੇ। ਵਿਆਹਾਂ ਵਿਚ, (ਅ) ਸੱਭਿਆਚਾਰਕ ਮੇਲਿਆਂ ਵਿਚ, ਬੱਸਾਂ ਵਿਚ ਕੰਨ ਪਾੜਵੇਂ ਸ਼ੋਰ ਵਿਚ ਵੱਜਦੇ ਇਹਨਾਂ ਗੀਤਾਂ ਨੇ ਜਿਊਣਾ ਮੁਹਾਲ ਕੀਤਾ ਹੋਇਆ ਹੈ। ਇੰਝ ਲੱਗਦਾ ਹੈ ਕਿ ਜਿਵੇਂ ਇਹਨਾਂ ਗਾਇਕਾਂ ਨੇ ਸੌਂਹ ਖਾ ਲਈ ਹੁੰਦੀ ਹੈ ਕਿ ਕਿਸੇ ਮਾਂ-ਪਿਉ ਦੀ ਧੀ ਘਰੇ ਵਸਣ ਨਹੀਂ ਦੇਣੀ, ਬਸ ਕੱਢ ਕੇ ਹੀ ਲਿਜਾਣੀ ਹੈ।……ਤੇ ਇਹ ਬੇਵਕੂਫ ਗਾਇਕ ਕੁੜੀਆਂ ਕੱਢ ਕੇ ਲਿਜਾਣ ਨੂੰ ਹੀ ਪੰਜਾਬ ਦੀ ਸੂਰਮਤਾਈ ਨਾਲ ਜੋੜ ਰਹੇ ਨੇ ਤੇ ਹੁੱਭ ਕੇ ਕਹਿੰਦੇ ਨੇ ਕਿ ਪੰਜਾਬੀਆਂ ਦੀ ਬਹਾਦਰੀ ਏਸੇ ਵਿਚ ਹੈ ਕਿ ਉਹ ਦਾਰੂ ਨਾਲ ਰੱਜ ਕੇ ਕਿਸੇ ਦੀ ਵੀ ਕੁੜੀ ਕੱਢ ਕੇ ਲਿਜਾ ਸਕਦੇ ਨੇ ਤੇ ਰੋਕਣ ਵਾਲੇ ਦੇ ਡੱਕਰੇ ਕਰ ਸਕਦੇ ਨੇ…… ਸ਼ਾਇਦ ਇਹ ਮੂਰਖ ਇਹ ਨਹੀਂ ਜਾਣਦੇ ਕਿ ਪੰਜਾਬ ਲੋਕਾਂ ਦੀਆਂ ਧੀਆਂ-ਭੈਣਾ ਦੀਆਂ ਇੱਜ਼ਤਾਂ ਦਾ ਲੁਟੇਰਾ ਨਹੀਂ ਸਗੋ ਏਥੋਂ ਦੇ ਜਾਏ ਤਾਂ ਗੈਰ-ਪੰਜਾਬੀਆਂ ਦੀਆਂ ਧੀਆਂ-ਭੈਣਾ ਵੀ ਜ਼ਰਵਾਣਿਆਂ ਤੋਂ ਛੁਡਵਾ ਕੇ ਘਰੀਂ ਪੁਹਚਾਉਂਦੇ ਰਹੇ ਨੇ।
ਏਸ ਫੁਕਰੀ ਤੇ ਬਹੁਤੇ ਨੀਵੇਂ ਪੱਧਰ ਦੀ ਗੀਤਕਾਰੀ ਤੇ ਗਾਇਕੀ ਤੋਂ ਅੱਕ-ਥੱਕ ਕੇ ਤੁਸੀਂ ਆਪਣੇ ਕਮਰੇ ਵਿਚ ਆਰਾਮ ਕਰ ਰਹੇ ਹੋਵੋ ਤੇ ਅਚਾਨਕ ਤੁਹਾਡੇ ਕੰਨਾਂ ਵਿਚ ਇਹ ਬੋਲ ਪੈਣ,
“ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ,
ਸਾਈਂ ਵੇ ਬਾਹੋਂ ਫੜ੍ਹ ਬੇੜਾ ਬੰਨੇ ਲਾਈਂ,
ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈਂ,
ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ……”
ਤਾਂ ਤੁਹਾਡਾ ਹੈਰਾਨ ਹੋ ਜਾਣਾ ਸੁਭਾਵਿਕ ਹੈ। ਤੁਸੀਂ ਸੋਚਦੇ ਓ ਕਿ ਸ਼ਾਇਦ ਸੁਪਨਾਂ ਆਇਆ ਹੋਵੇਗਾ। ਤੁਸੀਂ ਇਸ ਨੂੰ ਨਾ ਚਾਹੁੰਦੇ ਹੋਏ ਵੀ ਭੁਲੇਖਾ ਕਹਿੰਦੇ ਹੋ, ਕਿਉਂਕਿ ਅੱਜ ਦੇ ਮਾਹੌਲ ਵਿਚ ਕੋਈ ਐਸਾ ਗੀਤ ਆਵੇ, ਜਿਹੜਾ ਪੈਂਦੀ ਸੱਟੇ ਤੁਹਾਡੀ ਰੂਹ ਨੂੰ ਛੂਹ ਜਾਵੇ, ਮੁਸ਼ਕਿਲ ਹੈ… ਤੇ ਤੁਸੀਂ ਫੇਰ ਸੌਣ ਦਾ ਯਤਨ ਕਰਦੇ ਹੋ…
“ਕਦੇ ਰੂਹਾਂ ਉੱਤੇ ਸੱਟ ਨਹੀਂ ਮਾਰੀਦੀ ਕਿ ਏਹ ਬਖ਼ਸ਼ਾਈ ਜਾਣੀ ਨਈਂ,
ਬਦ’ਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਈਂ,
ਇਹ ਜ਼ਮੀਰ ਵਾਲੀ ਗਠੜੀ ਵੀ ਪਾਟ ਜਊ, ਜੇ ਜਿਆਦਾ ਲੀੜੇ ਤੁੰਨ ਹੋ ਗਏ,
ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ਕਿ ਹਥ ਪੈਰ ਸੁੰਨ ਹੋ ਗਏ,
ਹੁਣ ਸੋਚਦਾਂ ਕਿ ਉਹੀ ਭਾਗਾਂ ਵਾਲੇ ਓਏ ਜਿੰਨਾਂ ਦੇ ਹਥੋਂ ਪੁੰਨ ਹੋ ਗਏ……”
ਕੁਝ ਕਮਾਲ ਦੇ ਬੋਲ ਫੇਰ ਤੁਹਾਨੂੰ ਹਲੂਣਦੇ ਨੇ, “ਭੁਲੇਖਾ ਵਾਰ-ਵਾਰ ਨਹੀਂ ਲੱਗਦਾ” ਤੁਸੀਂ ਸੋਚਦੇ ਓ… ਤਦੋਂ,
“ਤੇਰਾ ਖ਼ੂਨ ਠੰਡਾ ਹੋ ਗਿਆ ਏ ਖੌਲਦਾ ਨਹੀਂ ਏ,
ਏਹ ਵਿਰਸੇ ਦਾ ਮਸਲਾ ਮਖੌਲ ਦਾ ਨਹੀਂ ਏ,
ਤੈਨੂੰ ਅਜੇ ਨਈਂ ਖਿਆਲ ਪਤਾ ਓਦੋਂ ਈ ਲੱਗੂਗਾ,
ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜ਼ਹਿਰੀ ਹੋ ਗਿਆ,
ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ……”
ਐਤਕੀਂ ਤੁਸੀਂ ਪਏ ਨਹੀਂ ਰਹਿ ਸਕਦੇ। ਇਕ ਦਮ ਉੱਠ ਕੇ ਓਧਰ ਨੂੰ ਭੱਜਦੇ ਹੋ ਜਿੱਧਰੋਂ ਇਹ ਮਿੱਠੀ ਆਵਾਜ਼ ਆ ਰਹੀ ਹੈ। ਕਾਫੀ ਦੇਰ ਦੀ ਭੱਜ-ਨੱਠ ਤੋਂ ਬਾਅਦ ਤੁਸੀਂ ਘਰੋਂ ਬਾਹਰ ਆ ਕੇ ਸੁਣਨ ਦੀ ਕੋਸ਼ਿਸ਼ ਕਰਦੇ ਓ। …ਤੇ ਜਦੋਂ ਹੀ ਤੁਸੀਂ ਬਾਹਰਲਾ ਬੂਹਾ ਖੋਲਦੇ ਹੋ ਤਾਂ ਝੱਟ ਗਲ਼ੀ ਵਿਚੋਂ ਲੰਘੇ ਜਾਂਦੇ ਟਰੈਕਟਰ ਤੋਂ,
‘ਆਸ਼ਕੀ ਛੱਡ ਦਿਆਂਗੇ ਜੇ ਪੱਟੀ ਨਾ ਗਈ ਮੁਟਿਆਰੇ’
ਤੁਹਾਡੇ ਕੰਨਾਂ ਵਿਚ ਪੈਂਦਾ ਹੈ ਤੇ ਤੁਸੀਂ ਏਸ ਗੀਤ ਦਾ ਗੱਸਾ ਟਰੈਕਟਰ ਵਾਲੇ ’ਤੇ ਕੱਢ ਕੇ, ਝੱਟ ਬੂਹਾ ਬੰਦ ਕਰਕੇ ਅੰਦਰ ਆ ਜਾਂਦੇ ਹੋ।
“ਕੀ ਹੋ ਗਿਆ ਦੀਪ…” ਤੁਹਾਡਾ ਮਸੋਸਿਆ ਜਿਹਾ ਮੂੰਹ ਦੇਖ ਕੇ ‘ਅੰਮੀ’ ਪੁੱਛਦੀ ਹੈ।
“ਬੀਬੀ ਆਹ ਗੀਤਾਂ ਦੀ ’ਵਾਜ ਕਿੱਧਰੋਂ ਆਉਂਦੀ ਸੀ?” ਤੁਸੀਂ ਅੰਮੀ ਨੂੰ ਪੁੱਛਦੇ ਓ, ਇਹ ਸੋਚ ਕੇ ਕਿ ਸ਼ਾਇਦ ਉਹ ਮਿੱਠੀ ’ਵਾਜ ਮਾਂ ਦੇ ਕੰਨੀਂ ਵੀ ਪਈ ਹੋਵੇ।
“ਗੀਤਾਂ ਦੀ ’ਵਾਜ… ਉਹ ਤਾਂ ਚਾਰੇ ਪਾਸਿਆਂ ਤੋਂ ਈ ਆਉਂਦੀ ਰਹਿੰਦੀ ਐ… ਇਹ ਕੰਜਰਖਾਨਾਂ ਤਾਂ ਦਿਨ ਪੁਰ ਰਾਤ ਈ ਚੱਲਦਾ ਰਹਿੰਦੈ…”
“ਨਹੀਂ ਬੀਬੀ, ਬੜੀ ਸੋਹਣੀ ਜਹੀਂ ’ਵਾਜ ’ਚ ਹੌਲੀ-ਹੌਲੀ ਕੋਈ ਗਾਉਂਦਾ ਸੀ”
“ਤੇਰਾ ਚਾਚਾ ਨਾ ਹੋਵੇ, ਮੈਨੂੰ ਲੱਗਦੈ ਉਹੀ ਮੁਬੈਲ ਜ੍ਹੇ ਨਾਲ ਪੰਗੇ ਲਈ ਜਾਂਦਾ ਸੀ”
ਤੁਸੀਂ ਚਾਚੇ ਦੇ ਕਮਰੇ ਵੱਲ ਭੱਜਦੇ ਓ, ਜਿਹੜਾ ਅਜੇ ਕਲ-ਪਰਸੋਂ ਈ ਕਨੇਡਿਓਂ ਆਇਐ। ਕਮਰੇ ’ਚ ਵੜਦਿਆਂ ਹੀ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਨੇ,
“ਖ਼ੂਨ ਦੇ ਨਿਸ਼ਾਨ ਕਿੱਥੋਂ ਮਿਟਦੇ, ਔਖੇ ਬੜੇ ਦਾਗ਼ ਐਸੇ ਧੋਵਣੇ,
ਦੱਸਣੇ ਦੀ ਲੋੜ ਤਾਂ ਨਈਂ ਜਾਪਦੀ, ਤੁਸੀਂ ਵੀ ਤਾਂ ਵੇਖੇ ਸੁਣੇ ਹੋਵਣੇ,
ਜੀ ਉਹ ਸੁੱਖਾਂ ਦੀਆਂ ਨੀਂਦਰਾਂ ਨਈਂ ਮਾਣਦੇ,
ਪੀਂਦੇ ਜੋ ਨਿਮਾਣਿਆਂ ਦੀ ਰੱਤ ਜੀ……”
“ਵਾਹ ਚਾਚਾ… ਸਿਰੇ ਲਾ ਤੀ ਆੜੀ… ਕਮਾਲ ਕਰਤੀ… ਤੇ ਮੈਂ ਬਾਹਰ ਗਲ਼ੀ ’ਚ ਲੱਭਦਾ-ਸੁਣਦਾ ਫਿਰਦਾਂ” ਇਸ ਮਿੱਠੀ ਆਵਾਜ਼ ਤੇ ਬੇਮਿਸਾਲ ਸ਼ਾਇਰੀ ਲਈ ਤੁਹਾਡੀ ਭਟਕਣ ਹੀ ਉਸਦੀ ਤਾਰੀਫ ਹੈ।
…ਤੇ ਫੇਰ ਤੁਸੀਂ ਚਾਚੇ ਤੋਂ ਮੋਬਾਇਲ ਖੋਹ ਕੇ ਚੁਬਾਰੇ ’ਚ ਜਾ ਬਹਿੰਦੇ ਓ… ਦੋ-ਢਾਈ ਘੰਟਿਆਂ ਮਗਰੋਂ ਥੱਲੇ ਆਉਂਦੇ ਓ… ਏਸ ਲਈ ਨਹੀਂ ਕਿ ਦੋ-ਢਾਈ ਘੰਟੇ ਲਗਾਤਾਰ ਇਹ ਗੀਤ ਸੁਣ ਕੇ ਤੁਸੀਂ ਅੱਕ ਗਏ ਓ… ਤੁਸੀਂ ਹੇਠਾਂ ਆਉਂਦੇ ਓ ਸਿਰਫ ਮੋਬਾਇਲ ਦਾ ਚਾਰਜਰ ਲੈਣ ਲਈ, ਤੇ ਉਹ ਲੈ ਕੇ ਮੁੜ…
ਇਹ ਕਹਾਣੀ ਸ਼ਾਇਦ ਹੋਰਾਂ ਵੀ ਕਈਆਂ ਨਾਲ ਵਾਪਰੀ ਹੋਵੇ। ਪਰ ਮੇਰੀ ‘ਸਤਿੰਦਰ ਸਰਤਾਜ’ ਨਾਲ ਇਹੀ ਪਹਿਲੀ ਮਿਲਣੀ ਸੀ। ਹਲਾਂਕਿ ਏਸ ਸੁਰੀਲੀ ਆਵਾਜ ਤੇ ਉੱਚ ਪਾਏ ਦੀ ਸ਼ਾਇਰੀ ਨੂੰ ਪਿਛਲੇ ਕਈ ਦਹਾਕਿਆਂ ਤੋਂ ਜਾਣਦੇ ਹਾਂ, ਪਰ ਇਹ ਵਾਰ-ਵਾਰ ਗੁਆਚ ਜਾਂਦੀ ਸੀ। ਕਦੇ-ਕਦੇ ਵਿਚੋਂ-ਵਿਚੋਂ ਝਲਕ ਦਿਖਾ ਕੇ ਮੁੜ ਗਾਇਬ ਹੋ ਜਾਂਦੀ ਸੀ। ‘ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ’ ਤੇ ‘ਕੂਕ ਪਪੀਹੇ ਵਾਲੀ’ ਸੁਣਾ ਕੇ ਇਹ ਮੁੜ ਅਲੋਪ ਹੋ ਗਈ ਤੇ ਫੇਰ ‘ਸੜਕਾਂ ਤੇ ਅੱਗ’ ਸੇਕਦੀ ਦਿਸੀ, ਪਰ ਓਦੋਂ ਤਾਂ ਏਹਦੇ ਵੱਲ ਵੇਖਣ ਨੂੰ ਜੀਅ ਨਹੀਂ ਕੀਤਾ, ਕਿਉਂਕਿ ਓਦੋਂ ਇਹ ਮੰਡੀ ਵਿਚ ਵਿਕਣ ਲੱਗ ਪਈ ਸੀ। ਨੁਸਰਤ ਸਾਹਬ ਦੇ ਤੁਰ ਜਾਣ ਪਿਛੋਂ ਤਾਂ ਅਸੀਂ ਜਿਵੇਂ ਏਹਦੇ ਬਿਨਾ ਅਨਾਥ ਹੀ ਹੋ ਗਏ ਸੀ। ਵਿਚੋਂ-ਵਿਚੋਂ ਰਾਹਤ ਫਤਹਿ ਅਲੀ ਖਾਨ ਤੇ ਆਬੀਦਾ ਪ੍ਰਵੀਨ ਰਾਹੀਂ ਧਰਵਾਸ ਦੇ ਜਾਂਦੀ, ਪਰ ਕੰਡਿਆਲੀ ਤਾਰ ਛੇਤੀ ਹੀ ਉਸ ਨੂੰ ਪਾਰ ਸੱਦ ਲੈਂਦੀ।
ਪਰ ਫੇਰ ਬਾਬੇ ਨੇ ਸਾਡੀ ਸੁਣ ਲਈ ਤੇ ਐਤਕੀਂ ਉਸ ਨੂੰ ਪੱਕੇ ਤੌਰ ’ਤੇ ਏਧਰਲੇ ਪੰਜਾਬ ਦੇ ਬਜਰੌਰ ਵਿਚ ਕੁੱਲੀ ਪਾ ਦਿੱਤੀ,
“ਖੇਤਾਂ ਦੇ ਵਿਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ,
ਇਸ਼ਕੇ ਦਿਆਂ ਮਰੀਜ਼ਾਂ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ”
ਭਾਵੇਂ ਸਾਡਾ ਪਿੰਡ ਫਰੀਦਕੋਟ ਓਹਦੇ ਪਿੰਡ ਬਜਰੌਰ ਤੋਂ ਕਾਰੀ ਵਾਟ ਹੈ, ਪਰ ਫੇਰ ਵੀ ਕਦੇ-ਕਦੇ ਟਿਕੀ ਰਾਤ ਵਿਚ ਜਦੋਂ ਉਹ ਰਿਆਜ਼ ਕਰਦਾ ਹੈ ਤਾਂ ਓਹਦੀ ਸੁਰੀਲੀ ਆਵਾਜ਼ ਸੁਣ ਹੀ ਜਾਂਦੀ ਹੈ ਤੇ ਮੱਲੋ ਮੱਲੀ ਹੱਥ ਦੁਆ ਲਈ ਉੱਠ ਜਾਂਦੇ ਨੇ।
ਪੰਜਾਬੀ ਗਾਇਕੀ ਦੇ ਚਮਨ, ਜਿਹੜਾ ਕੇ ਪਿਛਲੇ ਕਾਫੀ ਸਮੇਂ ਤੋਂ ਆਪਣੀ ਬੇਨੂਰੀ ’ਤੇ ਰੋ ਰਿਹਾ ਸੀ, ਦਾ ‘ਦੀਦਾਵਰ’ ਹੈ ‘ਸਤਿੰਦਰ ਸਰਤਾਜ’।' ਪਿਛਲੇ 10-15 ਸਾਲਾਂ ਤੋਂ ਪੰਜਾਬੀ ਗਾਇਕੀ ਤੇ ਗੀਤਕਾਰੀ ਦਾ ਜਿਹੜਾ ਚੀਰ ਹਰਨ ਹੋ ਰਿਹਾ ਸੀ, ਉਸ ਦੀ ਸਤਾਈ ਮਾਂ ਬੋਲੀ ਕਈਆਂ ਨੇ ਧਾਹਾਂ ਮਾਰ-ਮਾਰ ਰੋਂਦੀ ਵੇਖੀ ਹੋਣੀ ਐਂ। ਧੰਨਵਾਦ ਹੈ ਬਾਈ ‘ਸਰਤਾਜ’ ਦਾ ਬਹੁਤ-ਬਹੁਤ, ਜੀਹਨੇ ਮਾਂ ਦੀਆਂ ਖਿੱਲਰੀਆਂ ਮੀਢੀਆਂ ਗੁੰਦਣ ਦੀ ਸ਼ੁਰੂਆਤ ਕੀਤੀ ਹੈ ਤੇ ਉਸਦੇ ਚਿਹਰੇ ’ਤੇ ਮਾੜੀ ਜਹੀ ਰੌਣਕ ਆਈ ਹੈ।
ਘਟੀਆ ਕਿਸਮ ਦੇ ਦੂਹਰੇ ਅਰਥਾਂ ਵਾਲੇ ਗੀਤ ਗਾਉਣ ਵਾਲੇ (ਅ) ਗਾਇਕਾਂ, ਜਿਹੜੇ ਅਸ਼ਲੀਲ ਗੀਤ ਗਾ ਕੇ ਤੇ ਦੋਸ਼ ਸਰੋਤਿਆਂ ਦੇ ਸਿਰ ਮੜ੍ਹਦੇ ਸਨ, “ਅਖੇ ਜੀ ਅਸੀਂ ਤਾਂ ਉਹੀ ਗਾਉਂਦੇ ਹਾਂ, ਜੋ ਲੋਕ ਸੁਣਨਾ ਚਾਹੁੰਦੇ ਨੇ…” ਨੂੰ ਸਿਰਫ ਇਕ ਸਵਾਲ ਹੈ ਕਿ ਜੇ ਲੋਕ ਮਾੜਾ ਹੀ ਸੁਣਨਾ ਚਾਹੁੰਦੇ ਹਨ ਤਾਂ ਫਿਰ ‘ਸਤਿੰਦਰ’ ਦੀ ਕਾਮਯਾਬੀ ਦਾ ਕਾਰਨ ਕੀ ਹੈ। ਉਹੀ ‘ਸਤਿੰਦਰ’ ਜੀਹਨੂੰ ਲੋਕਾਂ ਨੇ ‘ਸਰਤਾਜ’ ਬਣਾ ਵੀ ਦਿੱਤਾ, ਜਦੋਕਿ ਓਹਦੀ ਅਜੇ ਸਿਰਫ ਇਕ ਟੇਪ ਮਾਰਕੀਟ ਵਿਚ ਆਈ ਹੈ। ਸੋ ਆਪਣੇ ਗੰਦੇ-ਮੰਦੇ ਗਾਣਿਆਂ ਦਾ ਦੋਸ਼ ਲੋਕਾਂ ਨੂੰ ਦੇਣਾ ਬੰਦ ਕਰੋ। ਤੁਸੀਂ ਵੀ ਐਸੇ ਗੀਤਾਂ ਤੋਂ ਤੌਬਾ ਕਰ ਲਓ… ਤੇ ਧਿਆਨ ਨਾਲ ਬੈਠ ਕੇ ‘ਸਰਤਾਜ’ ਨੂੰ ਸੁਣੋ, ਸ਼ਾਇਦ ਕੁਝ ਤੁਹਾਡੇ ਵੀ ਪਿੜ-ਪੱਲੇ ਪੈ ਜਾਵੇ,
“ਫੋਟੋ ਰੱਖੀ ਖਾਨ ਸਾਹਬ ਦੀ ਵੱਡੀ ਜਹੀ ਕਰਵਾ ਕੇ, ਕੰਧ ਲਟਕਾ ਕੇ, ਮਾਲਾ ਪਾ ਕੇ,
ਏਹਨੂੰ ਆਖੋ ਉਹਨਾਂ ਵਾਂਗੂ ਦੱਸੇ ਤਾਨ ਲਗਾ ਕੇ, ਥੋੜਾ ਗਾ ਕੇ, ਗਲਾ ਘੁਮਾ ਕੇ,
ਫੋਕੀ ਫੜ ਜਹੀ ਮਾਰ ਵਿਖਾਵੇਂ ਐ ‘ਸਰਤਾਜ’ ਨ੍ਹੀ ਸਰਨਾ, ਪੈਂਦਾ ਮਰਨਾ, ਸਭ ਕੁਝ ਹਰਨਾ,
ਮੰਗ ਫਨਕਾਰੀ ਦਾਤੇ ਕੋਲੋਂ ਗਲ਼ ਵਿਚ ਪਾ ਲੈ ਪਰਨਾ, ਆਵੀਂ ਘਰ ਨਾ, ਜੇ ਕੁਝ ਕਰਨਾ,
ਓ ਡੇਰਾ ਲਾ ਲੈ ਦਰ ਤੇ ਭਾਵੇਂ ਸੌ-ਸੌ ਦੁੱਖੜੇ ਸਹੀਏ, ਸੀ ਨਾ ਕਹੀਏ, ਨੀਵੇਂ ਰਹੀਏ,
ਜੇ ਕੋਈ ਦੱਸੇ ਗੱਲ ਤਜ਼ੁਰਬੇ ਵਾਲੀ ਤਾਂ ਸੁਣ ਲਈਏ, ਗਲ਼ ਨਾ ਪਈਏ,
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਬਹੀਏ”
ਗੁਰੂ ਬਾਬੇ ਅੱਗੇ ਅਰਦਾਸ ਹੈ ਕਿ ਮੁੱਦਤ ਪਿੱਛੋਂ ਏਧਰਲੇ ਪੰਜਾਬ ਨੂੰ ਕੋਈ ਚੰਗਾ ਸ਼ਾਇਰ ਤੇ ਗਾਇਕ ਮਿਲਿਆ ਹੈ, ਬਸ ਨਜ਼ਰ ਸਵੱਲੀ ਰਹੇ ਤੇ ਏਹਦੇ ਸਿਰ ’ਤੇ ਮਿਹਰਾਂ ਦਾ ਹੱਥ ਵੀ ਰਹੇ ਤਾਂ ਕਿ ‘ਲੈਂਸਰਾ-ਐਨਡੈਵਰਾਂ-ਯਾਹਮੇਂ’ ਏਸ ਸੂਫ਼ੀ ਦੇ ਗੀਤਾਂ ’ਚ ਹੀ ਰਹਿਣ, ਕਿਉਂਕਿ ਸੂਫ਼ੀਆਂ ਨੂੰ ਅਸਲ ਜ਼ਿੰਦਗੀ ’ਚ ਇਹਨਾਂ ਦੀ ਖਾਸ ਲੋੜ ਨਹੀਂ, ਸਾਡੇ ਲਈ ਤਾਂ,
‘ਕੁੱਲੀ ਯਾਰ ਦੀ ਸੁਰਗ ਦਾ ਝੂਟਾ, ਮੈਂ ਅੱਗ ਲਾਵਾਂ ਮਹਿਲਾਂ ਨੂੰ”
ਜੇ ਇਹ ਮਿਹਰ ਰਹੀ ਤਾਂ ਹੀ ਇਹ ਫੱਕਰ ਦੂਜੇ ਸੁਣਨ ਵਾਲੇ ਫੱਕਰਾਂ ਦੀ ਪਹੁੰਚ ਵਿਚ ਰਹੇਗਾ, ਨਹੀਂ ਤਾਂ ਹਜ਼ਾਰ-ਹਜ਼ਾਰ ਦੀਆਂ ਟਿਕਟਾਂ ਖ੍ਰੀਦਣੀਆਂ ਫੱਕਰਾਂ ਦੇ ਵੱਸ ਦਾ ਰੋਗ ਨਹੀਂ।
…ਤੇ ਫੇਰ ਇਹ ਡਰ ਵੀ ਖਤਮ ਹੋ ਜਾਵੇਗਾ ਕਿ
‘ਜਦੋਂ ਜੜ੍ਹਾਂ ਨੂੰ ਸਿਓਂਖ਼ ਲੱਗ ਜਾਵੇ, ਤਾਂ ਵਿਚਾਰਾ ਹਰਾ ਪੱਤਾ ਕੀ ਕਰੂ……”
ਸਭ ਰਲ ਕੇ ਪਾਣੀ ਪਾਵਾਂਗੇ ਤੇ ਏਸ ਹਰੇ ਪੱਤੇ ਨੂੰ ਹਰ ਹਾਲਤ ਸੁੱਕਣੋ ਬਚਾਵਾਂਗੇ।
ਬਸ ਇਹੀ ਤਮੰਨਾਂ ਹੈ ਕਿ ‘ਸਰਤਾਜ’ ਇਸੇ ਤਰ੍ਹਾਂ ਉੱਚੀ ਸ਼ਾਇਰੀ ਤੇ ਸੁੱਚੀ ਗਾਇਕੀ ਨਾਲ ਸਰੋਤਿਆਂ ਨੂੰ ਸਰਸ਼ਾਰ ਕਰਦਾ ਰਹੇ ਤੇ ਦੇਸ਼ ਪੰਜਾਬ ਦੇ ਜਾਏ ਆਪਣੇ ਵੀਰਾਂ ਨੂੰ ਹਮੇਸ਼ਾਂ ਇਸੇ ਤਰ੍ਹਾਂ ਵਿਰਸਾ ਚੇਤੇ ਕਰਵਾਉਂਦਾ ਰਹੇ,
‘ਜਿੰਨਾ ਰੂਹਾਂ ਵਿਚ ਹੁੰਦਾ ਏ ਇਬਾਦਤਾਂ ਦਾ ਜੋਸ਼
ਸਦਾ ਉਹਨਾਂ ਤੇ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼
ਇੱਕ ਸੋਚ ਨੂੰ ਬਚਾਉਣ ਲਈ ਹਕੂਮਤਾਂ ਦੇ ਅਗਿਓਂ ਦੀ
ਖੰਗ ਜਾਣ ਵਾਲੇ ਬੰਦੇ ਆਮ ਨਈਓ ਹੁੰਦੇ,
ਰੱਸੇ ਚੁੰਮ ਕੇ ਤੇ ਹੱਥੀਂ ਆਪੇ ਆਪਣਾ ਵਜੂਦ
ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਈਓ ਹੁੰਦੇ’
ਉਹਨਾਂ ਨੂੰ ਹੌਸਲਾ ਵੀ ਦਿੰਦਾ ਰਹੇ,
‘ਜ਼ਿੰਦਗੀ ਦੀ ਘੋਲ ਵੀ ਅਜੀਬ ਹੈ, ਸਦਾ ਈ ਸ਼ਰੀਫ਼ ਜਾਵੇ ਹਾਰਦਾ,
ਚਿੱਤ ਨਾ ਡੁਲਾਇਓ ਪਰ ਸੂਰਿਓ, ਦੇਖਿਓ ਨਜਾਰਾ ਜਾਂਦੀ ਵਾਰ ਦਾ,
ਸਚ ਤੇ ਈਮਾਨ ਵਾਲੇ ਬੰਦੇ ਦੀ ਆਖਰਾਂ ਨੂੰ ਉੱਤੇ ਹੁੰਦੀ ਲੱਤ ਜੀ,
ਦੌਲਤਾਂ ਤਾਂ ਜੱਗ ਤੇ ਬਥੇਰੀਆਂ, ਪੈਸੇ ਤੋਂ ਜਰੂਰੀ ਹੁੰਦੀ ਪਤ ਜੀ…’
ਤੇ ਨਾਲ ਹੀ ਉਹਨਾਂ ਨੂੰ ਇਹ ਵੀ ਸਮਝਾਉਂਦਾ ਰਹੇ,
“ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਖੰਡੇ ਨਾਲ,
ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ…”
ਭਾਵੇਂ ਕਿ ਸਾਡੇ ਵਾਂਗ ਉਸ ਨੂੰ ਚਾਹੁਣ ਵਾਲੇ ਹੋਰ ਵੀ ਲੱਖਾਂ ਨੇ, ਜਿਹੜੇ ਤਿੰਨੀਂ-ਚਾਰੀ ਮਹੀਨੀਂ ਉਸ ਨੂੰ ਬਾਹਰ ਸੱਦਦੇ ਹੀ ਰਹਿੰਦੇ ਹਨ ਪਰ ਹੁਣ ਸਾਡਾ ਵੀ ਉਸ ਬਿਨਾ ਬਹੁਤੀ ਦੇਰ ਜੀਅ ਨਹੀਂ ਲੱਗਦਾ। ਸੋ ਉਸ ਦੀ ਗਾਈ ਦੀਪਕ ਜੈਤੋਈ ਸਾਹਬ ਦੀ ਰਚਨਾ ਨਾਲ ਉਸ ਨੂੰ ਆਵਾਜ ਦਿੰਦੇ ਹੋਏ ਫਤਹਿ ਬੁਲਾਉਂਦਾ ਹਾਂ,
“ਤੇਰੀ ਦੀਦ ਬਾਝੋ ਅੱਖੀਆਂ ਤਿਹਾਈਆਂ ਰਾਝਣਾ ਵੇ
ਸਾਥੋਂ ਝੱਲੀਆਂ ਨਾ ਜਾਣ ਇਹ ਜੁਦਾਈਆਂ ਰਾਝਣਾ…”
ਜਗਦੀਪ ਸਿੰਘ ਫਰੀਦਕੋਟ
98157-63313

1 comment:

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

ਬਾਈ ਜੀ ਬਹੁਤ ਵਧੀਆ ਯਾਰ....ਸੱਚਾਈ ਆ ਸਤਿੰਦਰ ਬਾਈ ਬਹੁਤ ਸੋਹਣਾ ਗਾਉਂਦਾ ਤੇ ਲਿਖਦੈ....ਸਿਰੇ ਆ...