Friday, April 9, 2010

ਕਾਸ਼ ਬਿਲ ਕਲਿੰਟਨ ਭਾਰਤ ਨਾ ਆਉਂਦਾ…

ਜਦੋਂ ਪਹਿਲੀ ਵਾਰ ਮੈਂ ਉਸ ਮੁੰਡੇ ਦੀ ਤਸਵੀਰ ਦੇਖੀ ਤਾਂ ਰੱਬ ਦੀ ਸੌਂਹ ਮੇਰੀ ਧਾਹ ਨਿਕਲ ਗਈ। ਸ਼ਾਇਦ ‘ਸਿਖ ਸ਼ਹਾਦਤ’ ਦਾ ਅਪ੍ਰੈਲ 2000 ਦਾ ਅੰਕ ਸੀ ਉਹ। ਟਾਈਟਲ ਉੱਤੇ ਉਹ ਤਸਵੀਰ ਲੱਗੀ ਹੋਈ ਸੀ ਤੇ ਹੇਠਾਂ ਲਿਖਿਆ ਸੀ, ‘ਕੇਹੀ ਵਗੀ ਵਾ ਚੰਦਰੀ’।' ਪਤਾ ਨਹੀਂ ਕਿਉਂ ਉਹ ਵਿਲਕਦਾ ਮੁੰਡਾ ਮੇਰੇ ਮਨ ਵਿਚ ਕਿਤੇ ਬੈਠ ਗਿਆ ਤੇ ਕਈ ਦਿਨ ਮੈਨੂੰ ਉਸ ਦੀ ਉਸ ਤਸਵੀਰ ਨੇ ਸੌਣ ਨਾ ਦਿੱਤਾ। ਪਹਿਲਾਂ ਤਾਂ ਮੇਰਾ ਜ਼ੇਰਾ ਨਾ ਪਿਆ ਉਸ ਬਾਰੇ ਪੜ੍ਹਨ ਦਾ। ਪਰ ਫੇਰ ਮੈਂ ਇਕ ਦਿਨ ਪੜ੍ਹਿਆ। ਪਤਾ ਲੱਗਿਆ ਕਿ ਇਹ ਮੁੰਡਾ ਕਸ਼ਮੀਰ ਦੇ ਇਕ ਪਿੰਡ ਚਿੱਠੀ ਸਿੰਘਪੁਰਾ ਦਾ ਹੈ। ਜੋ ਕੁਝ ਉਸ ਨਾਲ ਤੇ ਉਸ ਦੇ ਪਿੰਡ ਦੇ ਬਾਕੀ ਸਿੱਖ ਪਰਿਵਾਰਾਂ ਨਾਲ ਵਾਪਰਿਆ ਉਸ ਨੂੰ ਪੜ੍ਹ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਜਾਪਿਆ ਕਿ ਸਚੁਮੱਚ ਉਸ ਮੁੰਡੇ ਦੀ ਉਹ ਤਸਵੀਰ ਹੀ ਦੱਸਦੀ ਸੀ ਕਿ ਕੁਝ ਬਹੁਤ ਹੀ ਭਿਆਨਕ ਵਾਪਰਿਆ ਹੈ। ਪਰ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਸਭ ਕੁਝ ਏਨਾ ਖਤਰਨਾਕ ਹੋਵੇਗਾ।

ਉਸ ਦਿਨ ਜਦੋਂ ਮੈਂ ਰਾਤ ਨੂੰ ਸੁੱਤਾ……ਉਹ ਮੁੰਡਾ ਆਇਆ……ਉਵੇਂ ਹੀ ਵਿਲਕ ਰਿਹਾ ਸੀ। ਮੈਂ ਹੌਸਲਾ ਜਿਹਾ ਕਰ ਕੇ ਉਸ ਕੋਲ ਗਿਆ। ਉਸ ਦੇ ਹਉਂਕੇ ਰਾਤ ਦਾ ਸੀਨਾ ਚੀਰ ਰਹੇ ਸਨ। ਪਰ ਉਸ ਦੇ ਹਉਂਕਿਆਂ ਤੋਂ ਬਿਨਾ ਉੱਥੇ ਹੋਰ ਕੋਈ ਆਵਾਜ਼ ਨਹੀਂ ਸੀ। ਚਾਰੇ ਪਾਸੇ ‘ਕਬਰਾਂ ਦੀ ਚੁੱਪ’ ਫੈਲੀ ਹੋਈ ਸੀ। ਮੈਨੂੰ ਪਤਾ ਸੀ ਕਿ ਇਸ ਮੁੰਡੇ ਦੇ ਪਿਤਾ ਨੂੰ ਵੀ 35 ਹੋਰਾਂ ਸਮੇਤ ਫੌਜ ਨੇ ਮੁਸਲਮਾਨ ਮੁਜ਼ਾਹਿਦ ਬਣ ਕੇ ਗੋਲੀ ਮਾਰ ਦਿੱਤੀ ਸੀ। ਇਸ ਲਈ ਮੈਂ ਉਸ ਨੂੰ ਚੁੱਪ ਹੋਣ ਲਈ ਕਿਵੇਂ ਕਹਿ ਸਕਦਾ ਸੀ। ਪਿਉ ਦੇ ਸਭ ਤੋਂ ਵੱਡਾ ਦੁੱਖ ਪੁੱਤ ਨੂੰ ਹੀ ਹੁੰਦਾ ਹੈ… ਤੇ ਜੇ ਪੁੱਤ ਅਜੇ ਉਮਰ ਵਿਚ ਹੀ ਛੋਟਾ ਹੋਵੇ…।' ਮੈਂ ਉਸ ਦੇ ਮੋਢਿਆਂ ‘ਤੇ ਹੱਥ ਰੱਖਿਆ। ਉਸ ਨੇ ਸਿਰ ਮੇਰੇ ਮੋਢੇ ‘ਤੇ ਰੱਖ ਲਿਆ, ਪਰ ਰੋਂਦਾ ਉਵੇਂ ਹੀ ਰਿਹਾ। ਮੈਂ ਉਸ ਦਾ ਸਿਰ ਪਲੋਸਿਆ…… ਕੁਝ ਚਿਰ ਪਿੱਛੋਂ ਪੁੱਛਿਆ, “ਇਹ ਸਭ ਕੁਝ ਕਿਵੇਂ ਵਾਪਰਿਆ ਵੀਰ…” ਉਹ ਨਾ ਬੋਲਿਆ… ਉਸ ਲਈ ਬੋਲਣਾ ਔਖਾ ਵੀ ਸੀ। “ਏਹ ਨਈ ਬੋਲਦਾ ਵੀਰ… ਇਹ ਤਾਂ ਓਦੂਂ ਬਾਦ ਊਈਂ ਗੁੰਮ ਸੁੰਮ ਜਿਹਾ ਹੋ ਗਿਆ… ਅਸੀਂ ਤਾਂ ਸਾਰਿਆਂ ਨੇ ਜੋਰ ਲਾ ਕੇ ਵੇਖ ਲਿਆ, ਪਰ… ਏਹਦਾ ਮੋਹ ਵੀ ਬਾਹਲਾ ਸੀ ਆਪਣੇ ਬਾਪੂ ਨਾਲ…” ਉਸ ਮੁੰਡੇ ਦੀ ਮਾਂ, ਜੋ ਉੱਥੇ ਆ ਗਈ ਸੀ, ਬੋਲੀ। “ਪਰ ਇਹ ਸਭ ਕੁਝ ਹੋਇਆ ਕਿੰਝ… ਕੀ ਤੁਸੀਂ…?” “ਕੀ ਦੱਸੀਏ ਵੀਰਾ… ਲੋਕ ਕਹਿੰਦੇ ਨੇ ਕਸ਼ਮੀਰ ਸਵਰਗ ਹੈ… ਪਰ ਸਾਡੇ ਲਈ ਤਾਂ ਨਰਕ ਤੋਂ ਵੀ ਮਾੜੀ ਐ ਇਹ ਜ਼ੰਨਤ… ਸਾਨੂੰ ਤਾਂ ਆਪਣੇ ਹੀ…” “ਕੀ ਇਹ ਗੱਲ ਸੱਚੀ ਐ ਭੈਣ ਜੀ… ਕੀ ਫੌਜ ਨੇ ਹੀ…” “ਮੈਂ ਇੱਕ-ਇੱਕ ਨੂੰ ਪਛਾਣਦੀ ਆਂ ਵੀਰਾ… ਸਾਰਾ ਸਿੰਘਪੁਰਾ ਪਛਾਣਦੈ… ਉਹਨਾਂ ਦੀ ਭਾਸ਼ਾ… ਕੱਪੜੇ… ਕਾਰ ਵਿਹਾਰ… ਕੁਝ ਵੀ ਪਾਰ ਵਾਲਿਆਂ ਵਰਗਾ ਨਹੀਂ ਸੀ… ਉਹ ਪਾਰ ਤੋਂ ਸਨ ਹੀ ਨਹੀਂ… ਉਹ ਤਾਂ ਏਧਰਲੇ ਹੀ ਸਨ…” ਮੇਰੇ ਲਈ ਇਹ ਸਭ ਕੁਝ ਬਰਦਾਸ਼ਤ ਕਰਨਾ ਔਖਾ ਹੁੰਦਾ ਜਾ ਰਿਹਾ ਸੀ। “ਪਹਿਲਾਂ ਵੀ ਸਾਡੇ ਪਿੰਡ ਦੀ ਬਥੇਰੀ ਵਾਰ ਤਲਾਸ਼ੀ ਲਈ ਗਈ ਹੈ… ਇਹ ਕੋਈ ਪਹਿਲੀ ਵਾਰ ਨਹੀਂ ਸੀ… ਸਾਰਿਆਂ ਨੂੰ ਗੁਰਦੁਆਰੇ ਸੱਦ ਕੇ ਘਰ੍ਹਾਂ ਦੀ ਤਲਾਸ਼ੀ ਲੈਂਦੀ ਸੀ ਫੌਜ… ਜਦ ਅਸੀਂ ਘਰ ਮੁੜਦੇ ਤਾਂ ਘਰ੍ਹਾਂ ‘ਚੋਂ ਕਾਫੀ ਕੁਝ ਗਾਇਬ ਹੁੰਦਾ ਸੀ… ਪਰ ਐਤਕੀਂ ਤਾਂ ਸਾਡੇ ਬੰਦੇ ਹੀ ਨਹੀਂ ਮੁੜੇ…” “ਵਾਹਿਗੁਰੂ…” “ਕਾਸ਼ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਨਾ ਆਉਂਦਾ… ਸ਼ਾਇਦ ਸਾਡੇ ਬੰਦੇ ਬਚ ਹੀ ਜਾਂਦੇ…” ਮੈਂ ਸੋਚ ਰਿਹਾ ਸੀ ਕਿ ਹਕੂਮਤ ਕਿੰਨੀਆਂ ਘਟੀਆ ਚਾਲਾਂ ਚੱਲ ਰਹੀ ਹੈ। ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਜਾ ਰਹੇ ਹਨ। ਸਿਖ ਤੇ ਮੁਸਲਮਾਨ ਦੋਵੇਂ ਸ਼ਿਕਾਰ ਬਣਾਏ ਜਾ ਰਹੇ ਸਨ। ਮੈਨੂੰ ਦਿੱਲੀ ਏਅਰਪੋਰਟ ‘ਤੇ ਬਿੱਲ ਕਲਿੰਟਨ ਉੱਤਰਦਾ ਦਿਸਿਆ…… ਇੱਕਦਮ ਗੋਲੀਆਂ ਚੱਲੀਆਂ ਤੇ ਅਗਲੇ ਪਲ ਚਿੱਠੀ ਸਿੰਘਪੁਰੇ ਦੇ 35 ਸਿੰਘ ਤੇ ਇੱਕ ਬੀਬੀ ਜ਼ਮੀਨ ‘ਤੇ ਭੁੰਨੇ ਪਏ ਸਨ। ਸ਼ਾਇਦ ਨਹਿਰੂ ਏਸੇ ਨੂੰ ‘ਆਜ਼ਾਦੀ ਦਾ ਨਿੱਘ’ ਕਹਿੰਦਾ ਸੀ ਜਿਹੜਾ ਸਿਖਾਂ ਨੇ ਆਜ਼ਾਦ ਭਾਰਤ ਵਿਚ ਮਾਨਣਾ ਸੀ। “ਆਪ ਨੇ ਦੇਖਾ ਸਰ… ਆਪ ਕੇ ਆਨੇ ਕਾ ਵਿਰੋਧ ਕਰ ਰਹੇ ਕਸ਼ਮੀਰੀ ਆਤੰਕਵਾਦੀਓ ਨੇ ‘ਹਮਾਰੇ’? 36 ਲੋਗ ਮਾਰ ਦੀਏ……” ਪ੍ਰਧਾਨ ਮੰਤਰੀ, ਬਿੱਲ ਕਲਿੰਟਨ ਨੂੰ ਕਹਿ ਰਿਹਾ ਸੀ। ਫੇਰ ਰੋਣ ਧੋਣ ਦੀਆਂ ਆਵਾਜ਼ਾਂ ਸੁਣਨ ਲੱਗੀਆਂ। ਹੁਣ ਉਸ ਮੁੰਡੇ ਦੇ ਨਾਲ ਨਾਲ ਸਾਰਾ ਪਿੰਡ ਰੋ ਰਿਹਾ ਸੀ। ਸ਼ਾਇਦ ਇਹਨਾਂ ਨੂੰ ਕਦੇ ਇਨਸਾਫ ਨਹੀਂ ਮਿਲਣਾ ਸੀ। ਇਨਸਾਫ ਮੰਗਦੇ ਵੀ ਕਿਸ ਤੋਂ। “ਕਾਸ਼ ਬਿੱਲ ਕਲਿੰਟਨ ਭਾਰਤ ਨਾ ਆਉਂਦਾ” ਮੇਰੇ ਮੂੰਹੌਂ ਆਪ ਮੁਹਾਰੇ ਨਿਕਲ ਗਿਆ।

ਜਗਦੀਪ ਸਿੰਘ ਫਰੀਦਕੋਟ 9815763313

No comments: