Monday, February 25, 2008

ਭਾਰਤ ਬਨਾਮ ਪੰਜਾਬ

ਤੇ ਉਸ ਨੂੰ ਪਤਾ ਈ ਨਈ ਲੱਗਿਆ ਕਿ ਕਦੋਂ ਉਸ ਦੀ ਅੱਖ ਲੱਗ ਗਈ। ਕਹਿੰਦੇ ਨੇ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੇ ਦਿਮਾਗ ਵਿਚ ਚੱਲ ਰਿਹਾ ਹੁੰਦੈ, ਸੁਪਨੇ ਵੀ ਉਸੇ ਨਾਲ ਸਬੰਧਤ ਆਉਂਦੇ ਨੇ। ਬੇਅੰਤ ਨਾਲ ਵੀ ਇਸੇ ਤਰ੍ਹਾਂ ਵਾਪਰਿਆ।
ਉਸ ਦਾ ਸੁਪਨਾਂ ਸ਼ੁਰੂ ਹੋਇਆ,ਇੱਕ ਵੱਡੀ ਅਦਾਲਤ ਵਿਚ ਬਹੁਤ ਵੱਡੀ ਭੀੜ ਜੁੜੀ ਹੋਈ ਹੈ.................., ਸ਼ਾਇਦ ਕੋਈ ਬਹੁਤ ਮਹੱਤਵਪੂਰਨ ਕੇਸ ਹੈ......................,ਕੁਝ ਚਿਰ ਪਿੱਛੋਂ ਇੱਕ ਉੱਚੀ ਆਵਾਜ ਸਾਰਿਆਂ ਦੇ ਕੰਨੀਂ ਪੈਂਦੀ ਹੈ,
“ਭਾਰਤ ਬਨਾਮ ਪੰਜਾਬ”
ਇਹ ਕੇਸ ਹੈ, ਹਿੰਦੋਸਤਾਨੀ ਹਕੂਮਤ ਦਾ ਪੰਜਾਬ ਨਾਲ, ਹਿੰਦੋਸਤਾਨ ਦੀ ਉੱਚ ਅਦਾਲਤ ਹੈ, ਉਸੇ ਦੇ ਵਕੀਲ ਹਨ, ਉਸੇ ਦੇ ਗਵਾਹ, ਪੰਜਾਬ ਤਾਂ ਵਿਚਾਰਾਂ ਪੁਲਸ ਤੇ ਫੌਜ ਦੇ ਵਿਚਕਾਰ ਇਕੱਲਾ ਹੀ ਖਲੋਤਾ ਹੈ, ਕਈ ਸਰਮਾਏਦਾਰ ਸੇਠ ਉਸ ਵਿਚਾਰੇ ਦੀ ਤਰਸਯੋਗ ਹਾਲਤ ਨੂੰ ਮਖੌਲ ਕਰਦੇ ਹੋਏ ਹੱਸ ਕੇ ਲੰਘਦੇ ਹਨ, ਪਰ ਪੰਜਾਬ ਵਿਚਾਰਾ ਚੁੱਪ ਚਾਪ ਦੁਸ਼ਮਨਾਂ ਵਿਚ ਘਿਰਿਆ ਖੜਾ ਹੈ, ਕਾਫੀ ਦੇਰ ਉਸ ਨੂੰ ਧੁੱਪੇ ਖੜਾ ਰੱਖਿਆ ਜਾਂਦਾ ਹੈ ਤੇ ਜਦ ਵਿਚਾਰਾ ਪਾਣੀ ਮੰਗਦਾ ਹੈ ਤਾਂ ਇੱਕ ਜ਼ੋਰਦਾਰ ਬੈਂਤ ਉਸ ਦੀਆਂ ਪਿੰਜਣੀਆਂ ‘ਤੇ ਵੱਜਦੀ ਹੈ ਤੇ ਨਾਲ ਹੀ ਨਿਹੋਰਾ ਵੀ ਵੱਜਦਾ ਹੈ,“ਸਾਲਾ ਪਾਣੀ ਦਾ, ਓਦੋਂ ਤਾਂ ਕਹਿੰਦਾ ਸੀ ਸਾਡੇ ਕੋਲ ਆਪਣੇ ਲਈ ਪਾਣੀ ਥੋੜੈ, ਤੇ ਹੁਣ ਸਾਥੋਂ ਭਾਲਦੈ ਸ਼ਕੰਜਵੀ, ਕੋਈ ਨੀ ਪੁਤ ਲਗਾਉਣੈ ਆਂ ਤੇਰੇ ਮੂੰਹ ਨੂੰ ਟੂਟੀ, ਤੂੰ ਵੀ ਕੀ ਯਾਦ ਰੱਖੇਂਗਾ”ਤੇ ਵਿਚਾਰਾ ਪੰਜਾਬ, ਥੱਕ ਕੇ ਧਰਤੀ ‘ਤੇ ਡਿੱਗ ਪੈਂਦੈ। ਡਿੱਗੇ ਪਏ ‘ਤੇ ਡਾਂਗਾ ਦਾ ਮੀਂਹ ਵਰ੍ਹਾ ਦਿੱਤਾ ਜਾਂਦੈ,“ਖੜਾ ਹੋ ਚੁੱਪ ਕਰਕੇ, ਇਉਂ ਬੈਠ ਗਿਐ ਜਿਵੇਂ ਸਹੁਰੀਂ ਆਇਆ ਹੋਵੇ”ਸਰਕਾਰੀ ਪੱਖ ਦੀ ਧੋਤੀ, ਜਨੇਊ, ਟਿੱਕਾ ਤੇ ਬੋਦੀ ਟਹਿਕ ਰਹੇ ਹਨ ਤੇ ਦੂਜੇ ਪਾਸੇ ਕਮਜ਼ੋਰ ਜਿਹਾ, ਖਿੱਲਰੇ ਕੇਸ ਦਾਹੜੀ ਵਾਲਾ ਵਿਚਾਰਾ ਪੰਜਾਬ, ਜਿਸਦੇ ਹੱਥ ਉਸਦੀ ਆਪਣੀ ਪੱਗ ਨਾਲ ਬੰਨ੍ਹੇ ਹੋਏ ਨੇ, ਨਿਰਬਲ ਹੋਇਆ ਖੜਾ ਹੈ।‘ਵਾਜ ਪੈਂਦੀ ਹੈ,‘ਪੰਜਾਬ ਹਾਜਰ ਹੋ’ਤੇ ਇਸ ਵਿਚਾਰੇ ਨੂੰ ਘੜੀਸ ਕੇ ਕਟਿਹਰੇ ਵਿਚ ਲਿਆ ਖੜਾ ਕੀਤਾ ਜਾਂਦੈ,ਜੱਜ ਇਸ ਦੀ ਹਾਲਤ ਵੇਖ ਕੇ ਮੁਸ਼ਕੜੀਏਂ ਹੱਸਦੈ, ਉਸ ਨੂੰ ਪਤਾ ਹੈ ਕਿ ਕੇਸ ਕੀ ਹੈ ਪਰ ਸਵਾਦ ਲੈਣ ਲਈ ਪੁਛਦਾ ਹੈ,“ਕੀ ਦੋਸ਼ ਹਨ ਇਸ ‘ਤੇ”ਆਵਾਜ ਆਉਂਦੀ ਹੈ,“ਦੇਸ਼ ਧਰੋਹ, ਅੱਤਵਾਦੀ ਕਾਰਵਾਈਆਂ, ਗਵਾਂਢੀਆਂ ਨੂੰ ਪਾਣੀ ਦੇਣ ਤੋਂ ਇਨਕਾਰ, ਕਰਜਾ ਨਾ ਮੋੜਨਾ.....”“ਹੂੰ, ਬੜੇ ਸੰਗੀਨ ਜ਼ੁਰਮ ਹਨ, ਕਾਰਵਾਈ ਸ਼ੁਰੂ ਕੀਤੀ ਜਾਏ” ਜੱਜ ਨੇ ਹੁਕਮ ਸੁਣਾਇਆ।ਸਰਕਾਰੀ ਵਕੀਲ ਉੱਠ ਕੇ ਬੋਲਣਾ ਸ਼ੁਰੂ ਕਰਦਾ ਹੈ,
“ਜੱਜ ਸਾਹਬ, ਤੁਹਾਡੀਆਂ ਅੱਖਾਂ ਦੇ ਸਾਹਮਣੇ ਭੋਲਾ ਜਿਹਾ ਬਣ ਕੇ ਖਲੋਤਾ ਇਹ ਮੁਜ਼ਰਮ ਅਸਲ ਵਿਚ ਬਹੁਤ ਖ਼ਤਰਨਾਕ ਅਪਰਾਧੀ ਹੈ। ਇਸ ਦੇ ਦੋਸ਼ ਨਾ ਕਾਬਲੇ ਮੁਆਫੀ ਹਨ। ਇਸ ਨੇ ਦੇਸ਼ ਨਾਲ ਬਹੁਤ ਧੋਖੇ ਕੀਤੇ ਹਨ, ਅਨੇਕਾਂ ਅੱਤਵਾਦੀ ਕਾਰਵਾਈਆਂ ਵਿਚ ਇਸ ਦੀ ਸਿੱਧੀ ਸ਼ਮੂਲੀਅਤ ਰਹੀ ਹੈ, ਪਰ ਕਦੇ ਵੀ ਇਸ ਨੂੰ ਸਖ਼ਤ ਸਜਾ ਨਹੀਂ ਦਿੱਤੀ ਗਈ, ਜਿਸ ਕਰਕੇ ਇਸਦੀ ਹਿੰਮਤ ਹੋਰ ਵਧਦੀ ਗਈ। ਇਹ ਪਹਿਲਾਂ ਕੇਂਦਰ ਤੋਂ ਮੰਗਾਂ ਮੰਗਦੈ ਤੇ ਜੇ ਪੂਰੀਆਂ ਨਾ ਹੋਣ ਤਾਂ ਬੰਬ ਧਮਾਕੇ ਕਰਨ ਤੋਂ ਗੁਰੇਜ ਨਹੀਂ ਕਰਦਾ........................, ਤੇ ਜੱਜ ਸਾਹਬ, ਇਸ ਦੀਆਂ ਮੰਗਾਂ ਹਨ ਕਿ ਮੁੱਕਣ ਦਾ ਨਾਮ ਹੀ ਨਹੀਂ ਲੈਂਦੀਆਂ, ਕਦੇ ਇਸ ਨੂੰ ਉੱਤਰ ਭਾਰਤ ਵਿਚ ਆਜ਼ਾਦ ਖਿੱਤਾ ਚਾਹੀਦੈ, ਕਦੇ ਪੰਜਾਬੀ ਸੂਬਾ ਚਾਹੀਦੈ, ਕਦੇ ਇਹ ਕਹਿੰਦੈ ਕਿ ਪਾਣੀ ‘ਤੇ ਸਿਰਫ ਮੇਰਾ ਹੱਕ ਐ, ਜਿਵੇਂ ਨਾਨਕਿਆਂ ਤੋਂ ਲਿਆਇਆ ਹੋਵੇ, ਕਦੇ ਇਹ ਪੰਜਾਬੀ ਬੋਲਦੇ ਇਲਾਕੇ ਚਾਹੁੰਦੈ, ਕਦੇ ਚੰਡੀਗੜ੍ਹ ਮੰਗਦੈ, ਕਦੇ ਗੱਡੀਆਂ ਦੇ ਨਾਮ ਗੁਰਦੁਆਰਿਆਂ ‘ਤੇ, ਕਦੇ ਟ੍ਰਾਸਮੀਟਰ, ਕਦੇ ਪਵਿੱਤਰ ਸ਼ਹਿਰ, ਕਦੇ....................., ਕਦੇ..........................., ਕਦੇ.....................”
ਸਰਕਾਰੀ ਵਕੀਲ ਲਗਾਤਾਰ ਬੋਲ ਰਿਹੈ, ਚੀਕ ਚੀਕ ਕੇ, ਪਰ ਪੰਜਾਬ ਵਿਚਾਰਾ ਚੁੱਪ ਚਾਪ ਖਲੋਤਾ ਹੈ। ਉਸ ਦੀਆਂ ਲੱਤਾਂ ਵਿਚ ਵੀ ਹੁਣ ਉਹ ਜਾਨ ਨਹੀਂ ਰਹੀ, ਥੱਕਿਆ ਹੋਇਆ ਕਦੇ ਸੱਜੀ ਲੱਤ ‘ਤੇ ਭਾਰ ਪਾਉਂਦੈ ਤੇ ਕਦੇ ਖੱਬੀ ‘ਤੇ। ਕਦੇ ਕਦੇ ਉਹ ਵਕੀਲ ਦੀਆਂ ਗੱਲਾਂ ਸੁਣ ਕੇ ਮਾੜਾ ਜਿਹਾ ਹੱਸ ਵੀ ਪੈਂਦੈ, ਜਿਵੇਂ ਉਸ ਨੂੰ ਲੱਗ ਰਿਹਾ ਹੋਵੇ ਕਿ ਬਾਹਮਣ ਸਾਲੇ ਝੂਠ ਵੀ ਸੱਚ ਬਣਾ ਕੇ ਪੇਸ਼ ਕਰ ਦਿੰਦੇ ਨੇ, ‘ਡਾਹਢੇ ਦਾ ਸੱਤੀਂ ਵੀਹੀਂ ਸੌ’
ਓਧਰ ਸਰਕਾਰੀ ਵਕੀਲ ਬੇਰੋਕ ਬੋਲ ਰਿਹੈ, “ਤੇ ਜੱਜ ਸਾਹਬ, ਜੇ ਅਸੀਂ (ਹੁਣ ਉਹ ਕੇਂਦਰ ਦੀ ਥਾਂ ‘ਤੇ ਅਸੀਂ ਕਹਿਣ ਲੱਗ ਪੈਂਦੈ) ਅੱਗੋਂ ਜਵਾਬ ਦੇ ਦੇਈਏ ਕਿ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਤਾਂ ਇਹ ਅੱਤਵਾਦੀ ਜੰਮਣੇ ਸ਼ੁਰੂ ਕਰ ਦਿੰਦੈ, ਜਿਹੜੇ ਸਾਡੇ ਨਾਲ ਸਿੱਧੀ ਟੱਕਰ ਲੈਂਦੇ ਨੇ। ਭਿੰਡਰਾਂਵਾਲਾ, ਤਲਵਿੰਦਰ ਸਿਹੁੰ, ਬੁਧ ਸਿੰਘ ਵਾਲਾ, ਤੂਫਾਨ ਸਿੰਘ, ਅਨੋਖ ਸਿੰਘ, ਸੁਖਦੇਵ ਬੱਬਰ ਇਸ ਦੇ ਪੈਦਾ ਕੀਤੇ ਖ਼ਤਰਨਾਕ ਅੱਤਵਾਦੀਆਂ ਵਿਚੋਂ ਕੁਝ ਕੁ ਹਨ। ਇਹਨਾਂ ਅੱਤਵਾਦੀਆਂ ਨੇ ਇੱਕ ਵਾਰ ਤਾਂ ਪੂਰੇ ਹਿੰਦੋਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਾਡੇ ਹਜ਼ਾਰਾਂ ਦੇਸ਼ ਭਗਤ ਫੌਜੀ ਤੇ ਪੁਲਸ ਦੇ ਜਵਾਨ ਸ਼ਹੀਦ ਕਰ ਦਿੱਤੇ ਇਹਨਾਂ ਦੇਸ਼ ਧ੍ਰੋਹੀਆਂ ਨੇ, ਕਰੋੜਾਂ ਦੀ ਸੰਪਤੀ ਉਜਾੜ ਦਿੱਤੀ......................, ਓਸ ਸਭ ਦਾ ਜ਼ਿੰਮੇਵਾਰ ਵੀ ਇਹੀ ਐ ਜੱਜ ਸਾਹਬ, ਓਸ ਨੁਕਸਾਨ ਦੀ ਭਰਪਾਈ ਵੀ ਇਸੇ ਤੋਂ ਕਰਵਾਉਣੀ ਚਾਹੀਦੀ ਐ................., ਮੇਰੀ ਇਹੀ ਅਪੀਲ ਐ ਜੱਜ ਸਾਹਬ ਕਿ ਇਸ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਇਸ ਦੀਆਂ ਪੁਸ਼ਤਾਂ ਵੀ ਯਾਦ ਰੱਖਣ ਕਿ ਹਿੰਦੋਸਤਾਨ ਨਾਲ ਟੱਕਰ ਲੈਣ ਵਾਲੇ ਦਾ ਹਸ਼ਰ ਕੀ ਹੁੰਦੈ..................”
ਕੁਝ ਦੇਰ ਚੁੱਪ ਰਹਿਣ ਪਿੱਛੋਂ ਸਰਕਾਰੀ ਵਕੀਲ ਮੁੜ ਬੋਲਦਾ ਹੈ, “ਜੱਜ ਸਾਹਬ, ਹੁਣ ਮੈਂ ਕੁਝ ਐਸੇ ਗਵਾਹ ਪੇਸ਼ ਕਰਨ ਦੀ ਇਜਾਜਤ ਚਾਹਾਂਗਾ, ਜਿਹੜੇ ਏਸ ਅਪਰਾਧੀ ਦੇ ਜ਼ੁਲਮਾਂ ਤੋਂ ਪੀੜਤ ਹਨ”“ਇਜਾਜਤ ਹੈ”
“ਸ਼ੁਕਰੀਆ ਜੱਜ ਸਾਹਬ, ਸਭ ਤੋਂ ਪਹਿਲਾਂ ਮੈਂ ਬੁਲਾਉਣਾ ਚਾਹਾਂਗਾ ਗਾਂਧੀ ਪਰਿਵਾਰ ਨੂੰ”“ਮੋਨੀਆਂ ਗਾਂਧੀ ਹਾਜ਼ਰ ਹੋ...................” ਅਵਾਜ ਪੈਂਦੀ ਹੈ ਤੇ ਮੋਨੀਆਂ ਗਾਂਧੀ ਨੱਕ ਉੱਤੇ ਕੱਪੜਾ ਰੱਖ ਕੇ ਪੰਜਾਬ ਕੋਲੋਂ ਲੰਘਦੀ ਹੈ ਤੇ ਦੂਜੇ ਕਟਹਿਰੇ ਵਿਚ ਜਾ ਖੜਦੀ ਹੈ। ਵਕੀਲ ਬੋਲਣਾ ਸ਼ੁਰੂ ਕਰਦਾ ਹੈ,“ਹਾਂ ਜੀ ਮੋਨੀਆਂ ਜੀ, ਕੀ ਤੁਸੀਂ ਸਾਹਮਣੇ ਖੜੇ ਏਸ ਸਖ਼ਸ਼ ਨੂੰ ਪਛਾਣਦੇ ਹੋ”“ਜੀ ਹਾਂ, ਇਸ ਕਾਤਲ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ” “ਕੀ ਤੁਸੀ ਇਸ ਬਾਰੇ ਜਰਾ ਖੁੱਲ ਕੇ ਦੱਸੋਗੇ”
“ਜੀ ਹਾਂ, ਕਿਉਂ ਨਹੀਂ, ਮੇਰੇ ਨਾਨਾ ਸਹੁਰਾ ਜੀ ਨੇ ਆਜ਼ਾਦੀ ਤੋਂ ਪਹਿਲਾਂ ਇਸ ਨੂੰ ਇੱਕ ਵਾਰ ਐਵੇਂ ਹੀ ਕਹਿ ਦਿੱਤਾ ਕਿ ਤੁਹਾਨੂੰ ਆਜ਼ਾਦੀ ਦਾ ਨਿੱਘ ਮਾਨਣ ਲਈ ਇੱਕ ਵੱਖਰਾ ਖਿੱਤਾ ਦਿੱਤਾ ਜਾਵੇਗਾ ਤੇ ਇਸ ਬੁੱਧੂ ਨੇ ਉਸ ਲਾਰੇ ਨੂੰ ਸੱਚ ਸਮਝ ਲਿਆ, ਆਜ਼ਾਦੀ ਪਿੱਛੋਂ ਲੱਗ ਪਿਆ ਜਾਨ ਖਾਣ, ਸਾਨੂੰ ਅਜਾਦ ਖਿੱਤਾ ਦਿਓ........., ਆਪਣੇ ਵਾਅਦੇ ਪੂਰੇ ਕਰੋ.................., ਨਹਿਰੂ ਜੀ ਨੇ ਬਥੇਰਾ ਸਮਝਾਇਆ ਕਿ ਮੈਂ ਤਾਂ ਐਵੇਂ ਹਾਸੇ ਵਿਚ ਹੀ ਕਿਹਾ ਸੀ ਤੇ ਤੁਸੀਂ ਪੱਕੇ ਹੀ ਹੋ ਗਏ, ਐਵੇਂ ਜਵਾਕਾਂ ਵਾਲੀ ਜਿਦ ਨਾ ਕਰੋ, ਜਾ ਕੇ ਖੇਤਾਂ ਵਿਚ ਕੰਮ ਕਰੋ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਓ, ਹੁਣ ਹਾਲਾਤ ਬਦਲ ਗਏ ਨੇ। ਪਰ ਇਹ ਸਿਰ ਹੀ ਚੜ ਗਏ ਤੇ ਲੱਗ ਪਏ ਰੌਲਾ ਪਾਉਣ, ਤੇ ਅੱਕੇ ਅਕਾਏ ਪਟੇਲ ਜੀ ਨੇ ਇਹਨਾਂ ਨੂੰ ਜ਼ਰਾਇਮ ਪੇਸ਼ਾ ਕਹਿ ਦਿੱਤਾ, ਹੁਣ ਤੁਸੀਂ ਦੱਸੋ ਜੱਜ ਸਾਹਬ ਜੇ ਇਹ ਜ਼ਰਾਇਮ ਪੇਸ਼ਾ ਨਹੀਂ ਤਾਂ ਕੌਣ ਹਨ। ਖ਼ੈਰ...................., ਫੇਰ ਪਿੱਛੋਂ ਇਹਨਾਂ ਨੇ ਭਾਸ਼ਾ ਦੇ ਅਧਾਰ ‘ਤੇ ਸਾਡੇ ਦੁਆਰਾ ਸੂਬਿਆਂ ਦੀ ਕੀਤੀ ਵੰਡ ਵੇਲੇ ਵੀ ਬਥੇਰਾ ਖੌਰੂ ਪੱਟਿਆ.................., ਐਮਰਜੈਂਸੀ ਵੇਲੇ ਮੇਰੀ ਸੱਸ ਦਾ ਡਟ ਕੇ ਵਿਰੋਧ ਕੀਤਾ..............., ਹੁਸ ਇਹਨਾਂ ਸਭ ਗੁਨਾਹਾਂ ਦੀ ਸਜ਼ਾ ਤਾਂ ਇਨ੍ਹਾਂ ਨੂੰ ਮਿਲਣੀ ਹੀ ਸੀ ਨਾ ਜੱਜ ਸਾਹਬ, ਸੋ ਅਪਰੇਸ਼ਨ ਕਰਨਾ ਪਿਆ, ‘ਨੀਲਾ ਤਾਰਾ’ ਤੇ ਇਨ੍ਹਾਂ ਦੀਆਂ ਨੀਲੀਆਂ ਪੱਗਾਂ ਮਿੱਟੀ ਵਿਚ ਰੋਲ ਕੇ ਚੰਗਾ ਸਬਕ ਸਿਖਾਇਆ ਗਿਆ, ਪਰ ਇਹ ਟਿਕਣ ਵਾਲੇ ਕਿੱਥੇ ਸਨ, ਇਹਨਾਂ ਜ਼ਾਲਮਾਂ ਨੇ ਮੇਰੀ ਸਤਿਕਾਰਯੋਗ ਸੱਸ ਤੇ ਓਸ ਵੇਲੇ ਦੀ ਪ੍ਰਧਾਨ ਮੰਤਰੀ ਦਾ ਸਾਡੇ ਘਰ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਹੁਣ ਤਾਂ ਪਾਣੀ ਸਿਰ ਤੋਂ ਲੰਘ ਚੁੱਕਾ ਸੀ ਤੇ ਚੁੱਪ ਨਹੀਂ ਬੈਠਿਆ ਜਾ ਸਕਦਾ ਸੀ, ਇਸ ਲਈ ਮੇਰੇ ਪਤੀ ਦੇ ਕਹਿਣ ‘ਤੇ ਤਿੰਨ ਦਿਨ ਲਗਾਤਾਰ ਇਹਨਾਂ ਨੂੰ ਵੱਢਿਆ, ਟੁੱਕਿਆ, ਲੁੱਟਿਆ ਤੇ ਫੂਕਿਆ ਗਿਆ। ਤੁਹਾਨੂੰ ਵੀ ਪਤਾ ਈ ਐ ਜੱਜ ਸਾਹਬ ਕਿਵੇਂ ਅਦਾਲਤਾਂ ਨੂੰ ਵੀ ਜਿੰਦਰੇ ਮਾਰ ਦਿੱਤੇ ਗਏ ਸਨ ਤੇ ਕਨੂੰਨ ਨੂੰ ਵੀ ਕੁਝ ਦਿਨ ਦੀ ਛੁੱਟੀ ਦੇ ਦਿੱਤੀ ਗਈ ਸੀ, ਤਾਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾ ਸਕੇ। ਉਸ ਤੋਂ ਬਾਅਦ ਇਹਨਾਂ ਨੇ ਸਾਡੇ ਪਰਿਵਾਰ ਦਾ ਤਾਂ ਕੋਈ ਨੁਕਸਾਨ ਨਹੀਂ ਕੀਤਾ, ਪਰ ਦੇਸ਼ ਨੂੰ ਬਹੁਤ ਨੁਕਸਾਨ ਪੁਚਾਇਆ। ਮੇਰੀ ਤਾਂ ਇਹੀ ਬੇਨਤੀ ਹੈ ਜੱਜ ਸਾਹਬ ਕਿ ਇਸ ਜ਼ਾਲਮ ਨੂੰ ਫਾਂਸੀ ‘ਤੇ ਲਟਕਾ ਦਿੱਤਾ ਜਾਵੇ” ਏਨਾ ਕਹਿ ਕੇ ਮੋਨੀਆਂ ਗਾਂਧੀ ਚੁੱਪ ਹੋ ਗਈ ਤੇ ਸਰਕਾਰੀ ਵਕੀਲ ਨੇ ਕਿਹਾ, “ਠੀਕ ਹੈ ਹੁਣ ਤੁਸੀਂ ਜਾ ਸਕਦੇ ਹੋ”ਓਧਰ ਪੰਜਾਬ ਵਿਚਾਰਾ ਖੜਾ-ਖੜਾ ਥੱਕ ਚੁੱਕਾ ਸੀ ਤੇ ਜਦੋਂ ਓਹ ਬੈਠਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਸ਼ੂਕਦੀ ਡਾਂਗ ਉਸਦੇ ਮੌਰਾਂ ਵਿਚ ਵੱਜਦੀ।
ਵਕੀਲ ਨੇ ਮੁੜ ਬੋਲਣਾ ਸ਼ੁਰੂ ਕੀਤਾ, “ਜੱਜ ਸਾਹਬ ਹੁਣ ਮੈਂ ਜਲੰਧਰ ਦੇ ਮਸ਼ਹੂਰ ਦੇਸ਼ ਭਗਤ ਲਾਲਾ ਪਰਿਵਾਰ ਵਿਚੋਂ ਕਿਸੇ ਨੂੰ ਬੁਲਾਉਣਾ ਚਾਹਾਂਗਾ”“ਲਾਲਾ ਅਜੇ ਵਲਦ ਲਾਲਾ ਭਗਤ ਨਰਾਇਣ ਹਾਜਰ ਹੋ.....................”
ਇੱਕ ਲਿਸ਼ਕਿਆ ਪੁਸ਼ਕਿਆ ਲਾਲਾ ਕਟਹਿਰੇ ਵਿਚ ਆਣ ਖੜਦਾ ਹੈ,
“ਹਾਂ ਜੀ, ਅਜੇ ਜੀ, ਤੁਸੀਂ ਇਸ ਮੁਜ਼ਰਿਮ ਬਾਰੇ ਕੀ ਕਹਿਣਾ ਚਾਹੋਂਗੇ” ਵਕੀਲ ਨੇ ਲਾਲੇ ਨੂੰ ਸਵਾਲ ਕੀਤਾ।“ਜੱਜ ਸਾਹਬ, ਮੇਰੇ ਪਿਤਾ ਜੀ ਥੋੜਾ ਜਿਹਾ ਇਸ ਵਿਰੁੱਧ ਤੇ ਏਹਨਾਂ ਦੇ ਗੁਰੂ ਵਿਰੁੱਧ ਕੀ ਬੋਲੇ, ਇਹਨਾਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ, ਸਾਡੇ ਪਰਿਵਾਰ ਦੇ ਦੋ ਮੈਂਬਰ ਇਹਨਾਂ ਨੇ ਮਾਰੇ, ਪਹਿਲਾਂ, ਲੋਕਾਂ ਨੂੰ ਆਪਸ ਵਿਚ ਜੋੜਨ ਵਾਲੇ ਭਲੇ ਪੁਰਸ਼ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਨੂੰ ਇਹਨਾਂ ਨੇ ਉਹਨਾਂ ਦੇ ਘਰ ਜਾ ਕੇ ਗੋਲੀਆਂ ਨਾਲ ਛਲਣੀ ਕੀਤਾ। ਇਸ ਦੇ ਹੱਥ ਬਹੁਤ ਦੇਸ਼ ਭਗਤਾਂ ਦੇ ਖੂਨ ਨਾਲ ਰੰਗੇ ਹੋਏ ਨੇ ਜੱਜ ਸਾਹਬ। ਪ੍ਰਧਾਨ ਮੰਤਰੀ, ਫੌਜ ਦੇ ਮੁਖੀ ਵੈਦਯਾ ਜੀ, ਕਈ ਦੇਸ਼ ਭਗਤ ਕਾਂਗਰਸੀ ਨੇਤਾ, ਕਈ ਸੂਰਮੇ ਪੁਲਸ ਅਫਸਰ ਇਹਨਾਂ ਨੇ ਚੁਣ ਚੁਣ ਕੇ ਮਾਰੇ, ਤੇ ਵਿਚਾਰੇ ਭੱਦਰ ਪੁਰਸ਼ ਬੇਅੰਤ ਸਿੰਘ ਦੇ ਸਰੀਰ ਦਾ ਤਾਂ ਇਹਨਾਂ ਨੇ ਕੋਈ ਟੁਕੜਾ ਵੀ ਨਹੀਂ ਲੱਭਣ ਦਿੱਤਾ, ਪਰ ਸ਼ਹੀਦ ਹੋਣ ਤੋਂ ਪਹਿਲਾਂ ਬੇਅੰਤ ਸਿੰਘ ਨੇ ਇਸ ਨੂੰ ਤੇ ਇਸਦੇ ਅੱਤਵਾਦੀ ਪੁੱਤਰਾਂ ਨੂੰ ਚੰਗਾ ਸਬਕ ਸਿਖਾਇਆ ਸੀ, ਗਿੱਲ ਸਾਹਬ ਨਾਲ ਰਲ ਕੇ। ਅੰਤ ਵਿਚ ਜੱਜ ਸਾਹਬ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਇਹ ਜ਼ਾਲਮ ਪੰਜਾਬ, ਭਾਰਤ ਵਰਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਸੋ ਇਸ ਦੇ ਸਾਰੇ ਸੰਗੀਨ ਜ਼ੁਲਮਾਂ ਨੂੰ ਧਿਆਨ ਵਿਚ ਰੱਖ ਕੇ ਇਸ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ”
ਬੇਅੰਤ ਦਾ ਸੁੱਤੇ ਪਏ ਦਾ ਮੱਥਾ ਤਿਊੜੀਆਂ ਨਾਲ ਭਰ ਗਿਆ ਸੀ ਤੇ ਉਸਨੇ ਦੋਹੇਂ ਹੱਥਾਂ ਦੀਆਂ ਘੁੱਟ ਕੇ ਮੁੱਠੀਆਂ ਮੀਚੀਆਂ ਹੋਈਆਂ ਸਨ, ਲਗਦਾ ਸੀ ਜਿਵੇਂ ਉਸ ਨੂੰ ਬਹੁਤ ਗੁੱਸਾ ਚੜਿਆ ਹੋਵੇ ਤੇ ਉਹ ਇਹਨਾਂ ਸਾਰਿਆਂ ਦੇ ਮੂੰਹ ਭੰਨ ਦੇਣੇ ਚਾਹੁੰਦਾ ਹੋਵੇ, ਖੈਰ........... ਸੁਪਨਾ ਜਾਰੀ ਰਿਹਾ,ਲਾਲੇ ਦੇ ਮੁੰਡੇ ਦੀ ਗਵਾਹੀ ਤੋਂ ਬਾਅਦ ਵਕੀਲ ਹੋਰ ਗਵਾਹ ਸੱਦਣ ਲੱਗਦੈ, “ਜੱਜ ਸਾਹਬ, ਹੁਣ ਮੈਂ ਸ਼ਹੀਦ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਵਿਚੋਂ...................” ਪਰ ਉਸਦੀ ਗੱਲ ਵਿਚੇ ਟੋਕ ਕੇ ਜੱਜ ਬੋਲਦਾ ਹੈ,“ਵਕੀਲ ਸਾਹਬ ਬਹੁਤੇ ਗਵਾਹ ਪੇਸ਼ ਕਰਨ ਦੀ ਲੋੜ ਨਹੀਂ, ਇਸ ‘ਤੇ ਲੱਗੇ ਸਾਰੇ ਆਰੋਪ ਸਾਬਤ ਹੋ ਚੁੱਕੇ ਹਨ, ਸਾਨੂੰ ਬਹੁਤਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ, ਇਸ ਤੋਂ ਪਹਿਲਾਂ ਕਿ ਕੋਈ ਅੰਤਰਰਾਸ਼ਟਰੀ ਦਬਾਅ ਪਵੇ, ਸਾਨੂੰ ਇਸਨੂੰ ਸਜਾ ਦੇ ਦੇਣੀ ਚਾਹੀਦੀ ਹੈ.................., ਪਰ ਪਹਿਲਾਂ ਇਸ ਦਾ ਪੱਖ ਵੀ ਸੁਣ ਲਈਏ”
ਜੱਜ ਪੰਜਾਬ ਵੱਲ ਵੇਖ ਕੇ ਕਹਿੰਦਾ ਹੈ, “ਹਾਂ ਬਈ, ਤੇਰਾ ਕੋਈ ਵਕੀਲ ਹੈ”“ਨਹੀਂ” ਜਵਾਬ ਆਇਆ, “ਵਕੀਲ ਨੂੰ ਫੀਸ ਦੇ ਰੂਪ ਵਿਚ ਦੇਣ ਲਈ ਮੇਰੇ ਕੋਲ ਕੁਝ ਨਹੀਂ, ਸਭ ਕੁਝ ਲੁੱਟਿਆ ਜਾ ਚੁੱਕੈ”“ਫੇਰ ਤੇਰਾ ਕੇਸ ਕੌਣ ਲੜੇਗਾ”
“ਕਿਉਂ ਐਵੇਂ ਮੋਮੋਠਗਣੀਆਂ ਕਰਦੇ ਹੋ, ਕੀ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਮੈਂ ਬਿਲਕੁਲ ਬੇਕਸੂਰ ਹਾਂ ਤੇ ਅਸਲ ਦੋਸ਼ੀ ਭਾਰਤ ਹੈ ਤਾਂ ਕੀ ਤੁਸੀਂ ਭਾਰਤ ਨੂੰ ਫਾਹੇ ਲਾ ਦਿਓਗੇ”“ਐਵੇਂ ਯਬਲੀਆਂ ਨਾ ਮਾਰ, ਜੇ ਆਪਣੀ ਸਫਾਈ ਵਿਚ ਕੁਝ ਕਹਿਣਾ ਹੈ ਤਾਂ ਬੋਲ”
“ਰਹਿਣਦਿਓ, ਰਹਿਣਦਿਓ, ਮੈਨੂੰ ਬੋਲਣ ਦਾ ਸਮਾਂ ਨਾ ਦਿਓ, ਜੇ ਮੈਂ ਬੋਲਣ ਲੱਗ ਪਿਆ ਤਾਂ ਥੋਡੀ ਸਾਰਿਆਂ ਦੀ ਬੋਲਤੀ ਬੰਦ ਹੋ ਜਾਊ” ਡਿੱਗਦਾ ਜਾ ਰਿਹਾ ਪੰਜਾਬ, ਇਹਨਾਂ ਨੂੰ ਜਵਾਬ ਦੇਣ ਲਈ ਮੁੜ ਉੱਠ ਖਲੋਤਾ ਸੀ।“ਤੂੰ ਬੋਲ ਲੈ ਜੋ ਬੋਲਣੈ, ਨਹੀਂ ਤਾਂ ਮੁੜਕੇ ਰੌਲਾ ਪਾਏਂਗਾ ਕਿ ਭਾਰਤ ਫਿਰਕੂ ਹੈ ਤੇ ਏਥੇ ਕਿਸੇ ਗ਼ੈਰ ਹਿੰਦੂ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ” ਜੱਜ ਨੇ ਕੱਛਾਂ ਵਿਚੋਂ ਹੱਸਦੇ ਹੋਏ ਕਿਹਾ, ਉਸਨੂੰ ਪਤਾ ਸੀ ਕਿ ਇਸ ਨੂੰ ਫਾਹੇ ਤਾਂ ਲਾ ਹੀ ਦੇਣਾ ਹੈ, ਚਾਹੇ ਕੁਝ ਵੀ ਬੋਲੇ।“ਜੇ ਇਹੀ ਗੱਲ ਹੈ ਤਾਂ ਸੁਣੋ, ਹੁਣ ਆਪਣੀ ਥਾਂ ਛੱਡ ਕੇ ਨਾ ਭੱਜਿਓ, ਤੁਸੀਂ ਜੋ ਦੋਸ਼ ਮੇਰੇ ‘ਤੇ ਲਾਏ ਐ, ਸਭ ਦਾ ਇੱਕ ਇੱਕ ਕਰਕੇ ਜਵਾਬ ਦਿਊਂ,
ਪਹਿਲਾ, ਦੇਸ਼ ਧ੍ਰੋਹ ਤੇ ਅੱਤਵਾਦੀ ਕਾਰਵਾਈਆਂ,‘ਕਿੰਨੀ ਕੁ ਦੇਰ ਮਿੱਟੀ ਖਾਮੋਸ਼ ਰਹਿ ਸਕੇਗੀ,ਕਿੰਨਾ ਕੁ ਚਿਰ ਰਹੇਗਾ ਖਾਮੋਸ਼ ਖੂਨ ਮੇਰਾ’ਧਿਆਨ ਨਾਲ ਸੁਣਿਓਂ, ਅੱਤਵਾਦੀ ਕੌਣ ਹੈ,
ਦੇਸ਼ ਦੀ ਵੰਡ ਤੁਸੀਂ ਫਿਰਕੂ ਬੀਜ, ਬੀਜ ਕੇ ਜਾਣ ਬੁੱਝ ਕੇ ਕਰਵਾਈ, ਯਾਦ ਹੈ ਸਾਧੂ ਦਯਾਨੰਦ ਦੁਆਰਾ ਪੰਜਾਬ ਦੀ ਧਰਤੀ ‘ਤੇ ਉਗਲੱਛਿਆ ਗਿਆ ਜ਼ਹਿਰ, ਜਿਸ ਨੇ ਬਟਵਾਰੇ ਦੀ ਨੀਂਹ ਰੱਖੀ................., ਤੁਸੀਂ ਸਿਖਾਂ ਤੇ ਮੁਸਲਮਾਨਾਂ ਨੂੰ ਕਤਲ ਕਰਨਾ ਚਾਹੁੰਦੇ ਸੀ, ਹਾਂ ਤੁਹਾਡੇ ਹਿੰਦੂ ਭਰਾ ਵੀ ਬਹੁਤ ਮਾਰੇ ਗਏ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ................... ਤੁਸੀਂ ਤਾਂ ਆਪਣੇ ਵਿਰੋਧੀ ਨੂੰ ਖਤਮ ਕਰਨ ਲਈ ਆਪਣੇ ਪੁੱਤ ਭਤੀਜੇ ਦੀ ਜਾਨ ਦੀ ਪ੍ਰਵਾਹ ਨਹੀਂ ਵੀ ਕਰਦੇ............... ਚੇਤੇ ਹੋਵੇਗਾ ਕੰਵਰ ਨੌਨਿਹਾਲ ਸਿੰਘ ਨਾਲ ਤੁਰਿਆ ਆਉਂਦਾ ਡੋਗਰੇ ਧਿਆਨ ਸਿਹੁੰ ਦਾ ਪੁੱਤ.................., ਤੁਸੀਂ ਉਸਨੂੰ ਬਚਾ ਸਕਦੇ ਸੀ ਜੇ ਪੜਛੱਤੀ ਨਾ ਸੁੱਟਦੇ, ਪਰ ਫੇਰ ਕੰਵਰ ਵੀ ਬਚ ਜਾਣਾ ਸੀ....................., ਤੇ ਤੁਸੀਂ ਫੈਸਲਾ ਕੀਤਾ ‘ਆਪਣਾ ਪੁੱਤ ਮਰਦਾ ਹੈ ਤਾਂ ਮਰਨ ਦਿਓ ਪਰ ਕੰਵਰ ਕਿਸੇ ਹਾਲਤ ਵਿਚ ਬਚਣਾ ਨਹੀਂ ਚਾਹੀਦਾ।
ਪਾਕਿਸਤਾਨ ‘ਚੋਂ ਉੱਜੜ ਕੇ ਆਏ ਮੇਰੇ ਪੁੱਤਰਾਂ ਨੂੰ ਤੁਸੀਂ ਦੂਰ ਦੁਰਾਡੇ ਖਿਲਾਰ ਦਿੱਤਾ ਕਿ ਕਿਤੇ ਇਹ ‘ਕੱਠੇ ਨਾ ਹੋ ਜਾਣ, ਅਮਨ ਦੇ ਰਾਖਿਆਂ ਨੂੰ ਤੁਸੀਂ ਜ਼ਰਾਇਮ ਪੇਸ਼ਾ ਕਿਹਾ, ਤੁਹਾਨੂੰ ਸ਼ਰਮ ਨਾ ਆਈ................., ਮੇਰੇ ਇਹਨਾਂ ਪੁੱਤਰਾਂ ਨੇ ਹੀ ਗੋਰਿਆਂ ਨੂੰ ਭਜਾ ਕੇ ਤੁਹਾਨੂੰ ਚੌਧਰ ਦਿਵਾਈ, ਓਦੋਂ ਅਸੀਂ ‘ਖੜਗਧਾਰੀ ਬਾਂਹ’ ਸਾਂ, ਪਰ ਹੁਣ ਇੱਕ ਦਮ ਜ਼ਰਾਇਮ ਪੇਸ਼ਾ ਕਿਵੇਂ ਬਣ ਗਏ......................., ਹੈ ਕੋਈ ਜਵਾਬ................, ਸ਼ਾਇਦ ਤੁਹਾਨੂੰ ਪਤਾ ਸੀ ਕਿ ਸਿਖ ਹੁਣ ਆਪਣੇ ਹੱਕ ਮੰਗਣਗੇ ਸੋ ਤੁਸੀਂ ਪਹਿਲਾਂ ਹੀ ਆਪਣਾ ਪੈਂਤਰਾ ਖੇਡਿਆ........, ਆਹ ਬੀਬੀ ਹੁਣੇ ਬੋਲ ਕੇ ਗਈ ਐ ‘ਨਹਿਰੂ ਜੀ ਨੇ ਤੋ ਐਸੇ ਹੀ ਕਹਿ ਦੀਆ ਥਾ, ਔਰ ਇਨਹੋਂਨੇ ਸਚ ਮਾਨ ਲੀਆ’................., ਸਾਨੂੰ ਭੋਲਿਆਂ ਨੂੰ ਕੀ ਪਤਾ, ਅਸੀਂ ਤਾਂ ਗੁਰੂ ਦੀ ਹਜ਼ੂਰੀ ਵਿਚ ਕਦੇ ਝੂਠ ਨਹੀਂ ਬੋਲਦੇ, ਅਸੀਂ ਸੋਚਿਆ ਕਿ ਤੁਸੀਂ ਵੀ ਗੁਰਦੁਆਰੇ ‘ਚ ਖਲੋ ਕੇ ਵਾਅਦਾ ਕਰ ਰਹੇ ਹੋ ਝੂਠ ਥੋੜਾ ਬੋਲੋਗੇ........., ਸਾਨੂੰ ਕੀ ਪਤਾ ਸੀ ਕਿ ਤੁਹਾਡੇ ਲਈ ਕੋਈ ਧਾਰਮਿਕ ਸਥਾਨ ਕੋਈ ਮਾਈਨੇ ਨਹੀਂ ਰੱਖਦਾ..........., ਤੇਰੇ ਗਾਂਧੀ ਨੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਥਾਨ ‘ਤੇ ਖੜ੍ਹ ਕੇ ਕਿਹਾ, ‘ਕਾਂਗਰਸ ਸਿਖ ਭਾਈਚਾਰੇ ਨਾਲ ਤਾਂ ਕੀ ਕਿਸੇ ਇੱਕ ਵਿਅਕਤੀ ਨਾਲ ਵੀ ਵਿਸ਼ਵਾਸ਼ਘਾਤ ਨਹੀਂ ਕਰੇਗੀ...................... ਸਿਖ, ਭਾਈਓ ਤੇ ਭੈਣੋ, ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਸ਼ੱਕ ਤੇ ਸੰਸੇ ਤਿਆਗ ਦਿਓ............... ਪਰਮਾਤਮਾਂ ਸਾਖੀ ਹੈ ਕਿ ਮੈਂ ਜੋ ਬਚਨ ਕਰ ਰਿਹਾ ਹਾਂ ਉਹਨਾਂ ਤੋਂ ਮੈਂ ਤੇ ਕਾਂਗਰਸ ਕਦੇ ਨਹੀਂ ਫਿਰਾਂਗੇ’, ਤੇ ਨਹਿਰੂ, ਜਿਸ ਦੀ ਵਕਾਲਤ ਆਹ ਬੀਬੀ ਕਰ ਕੇ ਗਈ ਹੈ, ਨੇ ਕਲਕੱਤੇ ਕਿਹਾ, ‘ਘੱਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਸੁਰੱਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ। ਇਹ ਸਾਡਾ ਐਲਾਨ, ਸਾਡਾ ਪ੍ਰਣ ਤੇ ਸਾਡਾ ਬਚਨ ਹੈ, ਜੋ ਅਸੀਂ ਸਾਰੇ ਸੰਸਾਰ ਦੇ ਸਨਮੁਖ ਹਿੰਦੋਸਤਾਨ ਦੇ ਕਰੋੜਾਂ ਨਾਗਰਿਕਾਂ ਨੂੰ ਦਿੰਦੇ ਹਾਂ, ਇਹ ਇੱਕ ਪਵਿੱਤਰ ਸੌਂਹ ਹੈ ਜਿਸ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ’ ਤੇ ਅਸੀਂ ਤੁਹਾਡੀ ਪਰਮਾਤਮਾਂ ਦੀ ਸੌਂਹ ਉੱਤੇ ਭਰੋਸਾ ਕਰ ਲਿਆ ਪਰ ਅਸੀਂ ਇਹ ਭੁੱਲ ਗਏ ਕਿ ਕਸਮਾਂ ਤਾਂ ਤੁਸੀਂ ਅਕਸਰ ਤੋੜ ਦਿੰਦੇ ਹੋ, ਯਾਦ ਹੈ ਅਨੰਦਪੁਰ, ਆਟੇ ਦੀ ਗਾਂ ਦੀ ਸੌਂਹ.............,
ਸਾਰੇ ਦੇਸ਼ ਵਿਚ ਭਾਸ਼ਾ ਦੇ ਅਧਾਰ ‘ਤੇ ਸੂਬੇ ਬਣਾਏ ਗਏ ਪਰ ਮੇਰੇ ਵਾਰੀ ਤੁਹਾਨੂੰ ਪਾਂ ਕਿਉਂ ਪੈ ਗਈ, ਕਿਉਂ ਮੇਰੇ ਹਜ਼ਾਰਾਂ ਪੁੱਤ ਏਸ ਨਿੱਕੀ ਜਿਹੀ ਮੰਗ ਪਿੱਛੇ ਜ਼ੇਲ੍ਹੀਂ ਤਾੜ ਦਿੱਤੇ ਤੇ ਮੇਰਾ ਮਾਸੂਮ ਛੋਟਾ ਜਿਹਾ ਪੁੱਤ, ਕਰਨਾਲ ਦਾ ਇੰਦਰਜੀਤ ਸਿਹੁੰ ਖੂਹ ਵਿਚ ਡੋਬ ਕੇ ਮਾਰ ਦਿੱਤਾ................., ਸਾਡੇ ਨਾਹਰਿਆਂ ‘ਤੇ ਵੀ ਪਾਬੰਦੀ, ਕਿਸੇ ਨੇ ‘ਪੰਜਾਬੀ ਸੂਬਾ ਜਿੰਦਾਬਾਦ ਨਹੀਂ ਕਹਿਣਾ ਤੇ ਤੂੰ ਸ਼ਰੇਆਮ ਸੜਕਾਂ ‘ਤੇ ਖਲੋ ਕੇ ਚਾਂਗਰਾਂ ਮਾਰੀਆਂ, ‘ਈੜੀ ਊੜੀ ਕਹਿਣ ਨ੍ਹੀ ਦੇਣੀ ਸਿਰ ‘ਤੇ ਪਗੜੀ ਰਹਿਣ ਨ੍ਹੀ ਦੇਣੀ’ਹੈ ਭੋਰਾ ਸ਼ਰਮ, ਪਰ ਸ਼ਰਮ ਤਾਂ ਤੁਸੀਂ ਵੇਚ ਕੇ ਖਾਧੀ ਹੈ,
ਐਮਰਜੈਂਸੀ, ਜਿਸ ਨੂੰ ਪਿੱਛੋਂ ਸਭ ਨੇ ਗ਼ਲਤ ਕਿਹਾ, ਤੇ ਜੇ ਅਸੀਂ ਵਿਰੋਧ ਕੀਤਾ ਤਾਂ ਅੱਤਵਾਦੀ............., ਤੁਸੀਂ ਰੱਥ ਯਾਤਰਾਵਾਂ ਕਰੋ, ਗਣੇਸ਼ ਵਿਸਰਜਨ ਲਈ ਜਲੂਸ ਕੱਢੋ, ਪਰ ਜੇ ਅਸੀਂ ਗੁਰਬਾਣੀ ਗਾਉਂਦੇ-ਗਾਉਂਦੇ ਕੋਈ ਨਗਰ ਕੀਰਤਨ ਵੀ ਕੱਢੀਏ ਤਾਂ ਦੇਸ਼ ਧ੍ਰੋਹੀ................., ਸਾਡਾ ਰਹਿਬਰ, ਸਾਡਾ ਸਿਧਾਂਤ, ਸਾਨੂੰ ਸੇਧ ਦੇਣ ਵਾਲੇ ‘ਗੁਰੂ ਗ੍ਰੰਥ ਸਾਹਿਬ’ ਦੇ ਸ਼ਰੀਕ ਪੈਦਾ ਕਰ ਕੇ ਤੁਸੀਂ ਦੇਹਧਾਰੀ ਰੂਪ ਵਿਚ ਮੇਰੇ ਵੱਲ ਧੱਕੇ, ਉਹਨਾਂ ਨੇ ਬਥੇਰਾ ਗੰਦ ਬਕਿਆ ਤੇ ਅਸੀਂ ਬਰਦਾਸ਼ਤ ਕਰਦੇ ਰਹੇ ਪਰ ਜਦੋਂ ਅੱਤ ਹੀ ਹੋ ਗਈ ਤਾਂ ਮੇਰੇ ਪੁੱਤ ਉਸ ਦੇ ਬਕਵਾਸ ਨੂੰ ਰੋਕਣ ਲਈ ਸ਼ਾਂਤਮਈ ਢੰਗ ਨਾਲ ਗਏ ਤੇ ਤੁਸੀਂ, ਸਾਰੇ ਗੋਲੀਆਂ ਨਾਲ ਭੁੰਨ ਦਿੱਤੇ, ਮੇਰੇ 13 ਪੁੱਤ ਸ਼ਰੇਆਮ ਮਾਰ ਕੇ ਵੀ ਨਰਕਧਾਰੀ ਸੱਤਵਾਦੀ ਤੇ ਤੁਹਾਡੀਆਂ ਅਦਾਲਤਾਂ ਵੱਲੋਂ ਇਨਸਾਫ਼ ਨਾ ਮਿਲਣ ‘ਤੇ ਜੇ ਮੇਰੇ ਕਿਸੇ ਪੁੱਤ ਨੇ ਉਸ ਨੂੰ ਮਾਰ ਦਿੱਤਾ ਤਾਂ ਅਸੀਂ ਅੱਤਵਾਦੀ.................,ਤੁਹਾਡੇ ਸਾਰੇ ਜ਼ੁਲਮਾਂ ਵਿਚੋਂ ਮੇਰਾ ਇੱਕ ਸੂਰਮਾਂ ਪੁੱਤ ਉੱਠਿਆ, ਉਸ ਨੇ ਗਰਜ ਕੇ ਕਿਹਾ, “ਜਾਨ ਦੀ ਪ੍ਰਵਾਹ ਨਾ ਕਰੋ, ਜ਼ਮੀਰ ਜਾਗਦੀ ਰੱਖੋ, ਸਾਰੇ ਹੱਕ ਲੈ ਲਵਾਂਗੇ” ਪਰ ਤੁਸੀਂ ਉਸ ਨੂੰ ਵੀ ਸਾਰੀ ਦੁਨੀਆਂ ਵਿਚ ਭੰਡਣਾ ਸ਼ੁਰੂ ਕਰ ਦਿੱਤਾ, ਸਾਰੇ ਵਾਧੂ ਘਾਟੂ ਦੋਸ਼ ਉਸ ਦੇ ਮੱਥੇ ਮੜ੍ਹ ਦਿੱਤੇ, ਹਰੇਕ ਛੋਟੀ ਵੱਡੀ ਘਟਨਾਂ ਨਾਲ ਉਸ ਦਾ ਨਾਂ ਜੋੜ ਦਿੱਤਾ...................., ਤੇ ਫੇਰ ਪੂਰੀ ਤਿਆਰੀ ਕਰਕੇ ਉਸ ਨੂੰ ਮਾਰਨ ਦੇ ਬਹਾਨੇ ਮੇਰੇ ‘ਤੇ ਚੜਾਈ ਕੀਤੀ, ਟੈਂਕਾਂ ਤੋਪਾਂ ਨਾਲ ਮੇਰਾ ਤਖਤ ਢਹਿ ਢੇਰੀ ਕਰ ਦਿੱਤਾ, ਹਰਿਮੰਦਰ ਗੋਲੀਆਂ ਨਾਲ ਛਲਣੀ ਕਰ ਦਿੱਤਾ, ਆਪਣੇ ਸ਼ਹੀਦ ਮਾਹੀ ਦੀ ਯਾਦ ਵਿਚ ਜੁੜੀ ਸਾਰੀ ਸੰਗਤ ਗੋਲੀਆਂ ਨਾਲ ਭੁੰਨ ਦਿੱਤੀ.................., ਤੇ ਤੇਰੇ ਸੂਰਮੇ ਫੌਜੀ ਬੂਟਾਂ ਸਮੇਤ ਪ੍ਰਕਰਮਾਂ ਵਿਚ ਬੀੜੀਆਂ ਪੀਂਦੇ ਮੈਨੂੰ ਚਿੜਾ ਕੇ ਕਹਿ ਰਹੇ ਸਨ, ‘ਕਹਾਂ ਹੈ ਤੁਮਾਹਰਾ ਭਿੰਡੀ ਵਾਲਾ, ਕਹਾਂ ਹੈ ਤੁਮਾਹਰੇ ਦਰਬਾਰ ਕੀ ਵੋਹ ਤਾਕਤ’.................., ਓ ਥੋਨੂੰ ਰਤਾ ਸ਼ਰਮ ਨਾ ਆਈ ਸ਼ਰੇਆਮ ਪ੍ਰਕਰਮਾਂ ਵਿਚ ਧੀਆਂ ਦੇ ਬਲਾਤਕਾਰ ਕਰਦਿਆਂ, ਏਨਾ ਕਮੀਨਾ ਤਾਂ ਸ਼ੈਤਾਨ ਵੀ ਨਹੀਂ ਹੋ ਸਕਦਾ............ ਲਾਹਨਤ..............................
............... ਤੇ ਫੇਰ ਜਦੋਂ ਤੁਸੀਂ ਮੇਰਾ ਦਿਲ, ਮੇਰਾ ਤਖ਼ਤ ਹੀ ਢਾਹ ਦਿੱਤਾ ਤਾਂ ਮੇਰੇ ਪੁੱਤ ਘਰਾਂ ਵਿਚ ਟਿਕ ਕੇ ਕਿਵੇਂ ਬਹਿੰਦੇ, ਉਨ੍ਹਾਂ ਧਹਈਆ ਕੀਤਾ ਬਾਪੂ ਦੀ ਪਰ੍ਹੇ ਵਿਚ ਲੱਥੀ ਪੱਗ ਨੂੰ ਚੁੱਕ ਕੇ ਮੁੜ ਸਿਰ ਸਜਾਉਣ ਦਾ.............., ਤੇਰੀ ਦੁਰਗਾ ਦੇਵੀ ਮੇਰੇ ਪ੍ਰਾਣਾ ਤੋਂ ਪਿਆਰੇ ਗੁਰਧਾਮ ਢਾਹ ਕੇ, ਮੇਰੇ ਹਜ਼ਾਰਾਂ ਪੁੱਤ ਮਾਰ ਕੇ ‘ਦੇਸ਼ ਭਗਤ’ ਤੇ ਓਸੇ ਇੰਦਰਾ ਨੂੰ ਕੀਤੇ ਦੀ ਸਜਾ ਦੇਣ ‘ਤੇ ਮੇਰੀ ਸਾਰੀ ਕੌਮ ਅੱਤਵਾਦੀ...................., ਵਾਹ ਭਾਰਤ ਵਾਹ........., ਸਦਕੇ ਤੇਰੀ ਧਰਮ ਨਿਰਪੱਖਤਾ ਦੇ................,ਹੋਰ ਸੁਣ.............., ਮੇਰੀ ‘ਗਵਾਚੀ ਪੱਗ’ ਲੱਭਣ ਤੁਰੇ ਮੇਰੇ ਪੁੱਤ ਜਦੋਂ ਤੇਰੀ ਨਜ਼ਰੀਂ ਪਏ ਤਾਂ ਤੂੰ ਫੌਜ ਨੂੰ ਸਰਕੂਲਰ ਜਾਰੀ ਕੀਤਾ, ਮੇਰੀ ਸਾਰੀ ਕੌਮ ਨੂੰ ਖਤਮ ਕਰਨ ਦਾ................, ਯਾਦ ਹੈ ਉਸ ਦੀ ਸ਼ਬਦਾਵਲੀ, ਸ਼ਾਇਦ ਭੁੱਲ ਗਿਆ ਹੋਵੇਂਗਾ, ਕਿਉਂਕਿ ਇਹੋ ਜਹੇ ਕਈ ਸਰਕੂਲਰ ਤੂੰ ਜਾਰੀ ਕਰ ਚੁੱਕਾ ਹੈਂ, “ਕੁਝ ਲੋਕਾਂ ਨੂੰ ਧਰਮ ਦੇ ਨਾਂ ‘ਤੇ ਸੌਂਹ ਚੁਕਾਈ ਗਈ, ਇਹ ਗਲ਼ ਦੇ ਦੁਆਲੇ ਛੋਟੀ ਕਿਰਪਾਨ ਪਾਉਂਦੇ ਨੇ ਤੇ ਇਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦੈ, ਇਹ ਅੰਮ੍ਰਿਤਧਾਰੀ ਲੋਕ ਬਹੁਤ ਖਤਰਨਾਕ ਹਨ, ਇਹਨਾਂ ਨੂੰ ਭਰਤੀ ਕਰਕੇ ਸਾਨੂੰ ਮਾਰਨ ਤੇ ਲੁੱਟਣ ਦੀ ਜਿੰਮੇਵਾਰੀ ਸੌਂਪੀ ਗਈ ਹੈ, ਕੋਈ ਵੀ ਜਾਣਕਾਰੀ, ਇਹਨਾਂ ਅੰਮ੍ਰਿਤਧਾਰੀਆਂ ਬਾਰੇ, ਨੇੜੇ ਦੇ ਆਰਮੀ ਦਫਤਰ ਵਿਚ ਦਿੱਤੀ ਜਾਵੇ, ਇਹ ਆਪਣੇ ਦੇਸ਼ ਦੀ ਇਕ ਸੱਚੀ ਸੁੱਚੀ ਤੇ ਮਹਾਨ ਸੇਵਾ ਹੋਵੇਗੀ” ਕਿਉਂ ਕੁਛ ਯਾਦ ਆਇਆ, ਤੂੰ ਫੌਜ ਨੂੰ 17 ਤੋਂ 35 ਸਾਲ ਤੱਕ ਦੇ ਮੇਰੇ ਸਾਰੇ ਪੁੱਤਰਾਂ ਨੂੰ ਨਿਸ਼ਾਨਾ ਬਣਾਉਣ ਦੇ ਹੁਕਮ ਦਿੱਤੇ, ਇਹੀ ਸੀ ਨਾ ਤੇਰਾ ‘ਵੁੱਡ ਰੋਜ਼’..............., ‘ਜੰਗਲ ਦੇ ਗੁਲਾਬ’..............., ਇਸ ਤਰ੍ਹਾਂ ਤਾਂ ਨਾਜ਼ੀ ਹਿਟਲਰ ਨੇ ਵੀ ਯਹੂਦੀਆਂ ਵਿਰੁੱਧ ਨਹੀਂ ਕੀਤਾ, 4 ਤੋਂ 12 ਸਾਲ ਤੱਕ ਦੇ 52 ਬੱਚੇ ਦੇਸ਼ ਧ੍ਰੋਹ ਦਾ ਕੇਸ ਪਾ ਕੇ ਤਿੰਨ ਮਹੀਨੇ ਲੁਧਿਆਣੇ ਕੈਦ ਰੱਖੇ, ਜਿਹਨਾਂ ਮਾਸੂਮਾਂ ਨੂੰ ਦੇਸ਼ ਧ੍ਰੋਹ ਦਾ ਮਤਲਬ ਵੀ ਨਹੀਂ ਪਤਾ ਸੀ.................., ਸੁੰਨ ਕਿਉਂ ਹੋ ਰਿਹੈਂ, ਅਜੇ ਤਾਂ ਬੜਾ ਕੁਝ ਬਾਕੀ ਐ................, ਤੇ ਫੇਰ ਖੁੱਲੀ ਜੰਗ ਛਿੜ ਪਈ ਤੇਰੇ ਤੇ ਮੇਰੇ ਵਿਚਕਾਰ, ਪਰ ਤੂੰ ਬਾਹਮਣ, ਜੰਗ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ ਤੇ ਆਪਣੇ ਸਾਮ, ਦਾਮ, ਦੰਡ, ਭੇਦ ਵਰਤੇ........................, ਹੁਕਮ ਜਾਰੀ ਕੀਤੇ ਆਪਣੀ ਪੁਲਸ ਨੂੰ, “ਜਿਸ ਦਾ ਵੀ ਨਾਮ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਦੇ ਵੀ ਪੁਲਸ ਰਿਕਾਰਡ ਵਿਚ ਆਇਆ ਹੈ, ਉਸ ਨੂੰ ਹਿਰਾਸਤ ਵਿਚ ਲਿਆ ਜਾਵੇ ਤੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇ.........................., ਇਹ ਸਾਰੇ ਹੁਕਮ ਆਪਣੇ ਏਰੀਏ ਵਿਚ ਅਮਲ ਹੇਠ ਲਿਆਓ, ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ, ਸਗੋਂ ਮੈਡਲ ਤੇ ਤਰੱਕੀਆਂ ਨਾਲ ਨਿਵਾਜਿਆ ਜਾਵੇਗਾ” ਤੇ ਸਚਮੁੱਚ ਤੂੰ ਸਿਖਾਂ ਦੇ ਕਾਤਲਾਂ ਨੂੰ ਕੋਈ ਸਵਾਲ ਨਹੀਂ ਪੁੱਛਿਆਂ ਸਗੋਂ ਰੁਤਬੇ ਬਖ਼ਸ਼ੇ, ਇੱਕ ਤਾਂ ਕਰੇਲਾ ਤੇ ਉੱਤੋਂ ਨਿੰਮ ਚਾੜ੍ਹ ਦਿੱਤਾ, ਪੁਲਸ ਵਾਲੇ ਤਾਂ ਪਹਿਲਾਂ ਹੀ ਮਾਣ ਨਹੀਂ ਸਨ............, ਕੈਟਾਂ ਦੀ ਫੌਜ ਤਿਆਰ ਕੀਤੀ ਗਈ, ਹਰ ਤਰ੍ਹਾਂ ਦੇ ਮਾੜੇ ਕੰਮ ਉਨ੍ਹਾਂ ਤੋਂ ਕਰਵਾਏ ਗਏ, ਲੁੱਟਾਂ ਖੋਹਾਂ, ਡਾਕੇ, ਬਲਾਤਕਾਰ............ ਤੇ ਸਭ ਕੁਝ ਮੜ੍ਹਿਆ ਮੇਰੇ ਸਾਊ ਪੁੱਤਰਾਂ ਦੇ ਸਿਰ.................., ਫੇਰ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਗਿਆ ਜੋ ਤੇਰਾ ਬ੍ਰਹਮ ਅਸਤਰ ਹੈ ਤੇ ਕਿਸੇ ਨੂੰ ਮਾਰਨ ਲਈ ਸਭ ਤੋਂ ਵਧੀਆ ਕਨੂੰਨੀ ਤਰੀਕਾ, ‘ਝੂਠਾ ਪੁਲਸ ਮੁਕਾਬਲਾ’, ਸਿਵੇ ਆਪ ਬੋਲ ਕੇ ਦੱਸ ਰਹੇ ਨੇ ਕਿ ਘੱਟੋ ਘੱਟ 25001 ਤਾਂ ਝੂਠੇ ਮੁਕਾਬਲੇ ਬਣਾਏ ਹੀ ਗਏ ਨੇ, ਲੱਕੜਾਂ ਬੋਲਦੀਆਂ ਨੇ, ਦਰਿਆਵਾਂ ਨਹਿਰਾਂ ਦੇ ਪੁਲ ਗਵਾਹੀ ਭਰ ਰਹੇ ਨੇ............, ਤੂੰ ਕਹੇਂਗਾ 25000 ਤਾਂ ਸੁਣਿਆਂ ਸੀ ਇਹ ਇੱਕ ਹੋਰ ਕਿੱਥੋਂ ਆ ਗਿਆ, ਦਿਮਾਗ ‘ਤੇ ਜ਼ੋਰ ਪਾ, ਯਾਦ ਆ ਜਾਵੇਗਾ, ਇੱਕ ਪੜਿਆ ਲਿਖਿਆ ਅਧਖੜ੍ਹ ਉਮਰ ਦਾ ਭੋਲਾ ਜਿਹਾ ਇਨਸਾਨ, ਜਿਹੜਾ ਜਦੋਂ ਬੋਲਦਾ ਸੀ ਤਾਂ ਤੇਰੀ ਪੁਲਸ ਤੇ ਤੇਰੀਆਂ ਅਦਾਲਤਾਂ ਲੁਕਣ ਨੂੰ ਥਾਂ ਲੱਭਦੀਆਂ ਸਨ, ਜਿਸਦੇ ਨਾਲ 25000 ਲਾਸ਼ਾਂ ਦੀਆਂ ਰੂਹਾਂ ਇਨਸਾਫ ਦੀ ਭਾਲ ਵਿਚ ਤੁਰੀਆਂ ਫਿਰਦੀਆਂ ਸਨ, ਇਹਨਾਂ ਲਾਵਾਰਸ ਲਾਸ਼ਾਂ ਨੂੰ ਲੱਭਣ ਵਾਲਾ ਮੇਰਾ ਯੋਧਾ ਪੁੱਤ ‘ਜਸਵੰਤ ਸਿੰਘ ਖਾਲੜਾ’, ਯਾਦ ਆਇਆ............, ਤੇ ਤੂੰ ਉਸ ਨੂੰ ਵੀ ਗਾਇਬ ਕਰ ਦਿੱਤਾ, ਤੂੰ ਸੋਚਿਆ ਹੋਣੈ ਜਿੱਥੇ 25000 ਖਪਾ ਦਿੱਤੇ ਉੱਥੇ ਇੱਕ ਹੋਰ ਸਹੀ, ਕਿਹੜਾ ਕਿਸੇ ਨੇ ਹਿਸਾਬ ਮੰਗਣੈ.........., ਦੁਰ ਫਿਟੇ ਮੂੰਹ ਤੇਰੇ ਨਿਆਂ ਦੇ, ਮੇਰੇ 2 ਲੱਖ ਪੁੱਤ ਤੂੰ ਸ਼ਰੇਆਮ ਅੱਤਵਾਦੀ ਕਹਿ ਕੇ ਭੁੰਨ ਦਿੱਤੇ, ਸੈਕੜੇ ਜ਼ੇਲ੍ਹੀਂ ਤੁੰਨ ਦਿੱਤੇ ਤੇ ਕਾਤਲ ਸ਼ਰੇਆਮ ਦਨਦਨਾਉਦੇ ਫਿਰ ਰਹੇ ਨੇ, ਹੂਟਰ ਵਾਲੀਆਂ ਸਰਕਾਰੀ ਗੱਡੀਆਂ ਵਿਚ, ਸੱਜਣ, ਟਾਈਟਲਰ, ਅਰਜਨ.................., ਤੇ ਕਾਤਲ ਪੁਲਸ ਅਫਸਰ, ਜਿਨ੍ਹਾਂ ਨੂੰ ਤੂੰ ਅਜੇ ਤੱਕ ਇਨਾਮਾਂ ਦੇ ਰੂਪ ਵਿਚ ਵੱਡੇ ਵੱਡੇ ਅਹੁਦੇ ਬਖ਼ਸ਼ ਰਿਹੈ, ਵਿਜੀਲੈਂਸ ਕਮਿਸ਼ਨ ਦੇ ਮੁਖੀ, ਹੱਕੀ ਫੈਡਰੇਸ਼ਨ ਦੇ ਪ੍ਰਧਾਨ................”
ਬੇਅੰਤ ਦਾ ਸੁਪਨਾ ਬਿਲਕੁਲ ਹਕੀਕਤ ਸੀ। ਜੋ ਜੋ ਉਸ ਨੇ ਹੁਣ ਤੱਕ ਪੜਿਆ-ਸੁਣਿਆਂ ਸੀ, ਉਹ ਸਭ ਉਸ ਨੂੰ ਪ੍ਰਤੱਖ ਦਿਸ ਰਿਹਾ ਸੀ, ਸੁੱਤੇ ਪਏ ਉਸ ਦੇ ਚਿਹਰੇ ਦੇ ਹਾਵ ਭਾਵ ਪਲ ਪਲ ਬਦਲ ਰਹੇ ਸਨ।ਖ਼ੈਰ, ਸੁਪਨਾ ਜਾਰੀ ਰਿਹਾ...................
“ਹੁਣ ਦੱਸ ਅੱਤਵਾਦੀ ਕੌਣ ਐਂ, ਤੂੰ ਜਿਹੜਾ ਕਾਤਲ ਐਂ ਕਿ ਮੈਂ ਜਿਸਦਾ ਕਤਲ ਕੀਤਾ ਗਿਆ................, ਤੇ ਹੁਣ ਤੂੰ ਆ ਗਿਐਂ ਕਰਜ਼ਾ ਮੰਗਣ, ਇਹ ਦੱਸ ਬਈ ਮੈਨੂੰ ਇੱਕ ਨੰਬਰ ਸੂਬੇ ਨੂੰ ਕੰਗਾਲ ਕੀਹਨੇ ਬਣਾਇਐ, ਰਾਜ ਕਰਦੇ ਨੂੰ ਕਰਜਾ ਲੈਣ ਲਈ ਮਜਬੂਰ ਕਿਸ ਨੇ ਕੀਤੈ, ਦੇਸ਼ ਦੇ 70% ਲੋਕਾਂ ਦਾ ਢਿੱਡ ਭਰਨ ਵਾਲਾ ਚਾਰ ਰੁਪਈਏ ਆਟੇ ਲਈ ਵਿਲਕਣ ਕਿਸ ਨੇ ਲਾਇਐ। ਸਭ ਤੇਰੀਆਂ ਕਮੀਨੀਆਂ ਚਾਲਾਂ ਤਹਿਤ ਹੋਇਐ..........., ਅਸੀਂ ਹਾੜ੍ਹ ਵੇਖੇ ਨਾ ਸਿਆਲ, ਸੱਪਾਂ ਦੀਆਂ ਸਿਰੀਆਂ ਮਿੱਧ, ਪੋਹ ਮਾਘ ਦੀਆਂ ਰਾਤਾਂ ਜਾਗ, ਅਮੁਲਾ ਅੰਨ ਪੈਦਾ ਕੀਤਾ ਤੇ ਤੁਸੀ ਹਰ ਵਾਰ ਕੌਡੀਆਂ ਦੇ ਭਾਅ ਚੁੱਕ ਕੇ ਲੈ ਗਏ, ਸਾਡੇ ਤੋਂ ਮੁਫਤੋ ਮੁਫਤੀ ਖ੍ਰੀਦੇ ਅਨਾਜ ਵਿਚੋਂ ਘਰ ਬੈਠੇ ਹੀ ਕਰੋੜਾਂ ਕਮਾਉਂਦੇ, ਬਸ ਤੁਹਾਡੇ ਮਹਿਲ ਉਸਰਦੇ ਗਏ ਤੇ ਸਾਡੇ ਕੱਚੇ ਕੋਠੇ ਵੀ ਖੁਰਦੇ ਗਏ। ਹੜ੍ਹ ਆਵੇ ਤਾਂ ਮਾਰੇ ਸਾਨੂੰ, ਸੋਕਾ ਪਵੇ ਤਾਂ ਸਾੜੇ ਸਾਨੂੰ, ਤੇ ਤੁਸੀ ਸਾਡਾ ਮਜਾਕ ਉਡਾਉਣ ਲਈ ਮੁਆਵਜੇ ਦੇ ਨਾਂ ‘ਤੇ ਪੰਜ-ਪੰਜ ਰੁਪਈਏ ਦੇ ਚੈਕ ਦਿੱਤੇ ਕਿੱਲੇ ਮਗਰ, ਜੇ ਝੂਠ ਸਮਝਦੈ ਤਾਂ ਚੱਲ ਮਲੋਟ, ਦਿਖਾਵਾਂ, ਅਜੇ ਤੱਕ ਤੇਰੇ ਦਿੱਤੇ ਮੁਆਵਜੇ ਦੇ ਚੈਕ ਅਸੀਂ ਸਾਂਭੀ ਬੈਠੇ ਆਂ, ਔਖੇ ਵੇਲੇ ਲਈ, ਤੇ ਕਈਆਂ ਕੋਲ ਤਾਂ ਬੈਕ ਵਿਚ ਖਾਤਾ ਖੁਲਾਉਣ ਲਈ ਪੈਸੇ ਨਹੀਂ........., ਕਿਉਂਕਿ ਖਾਤਾ ਖੁਲਾਉਣ ਲਈ 500 ਲੱਗਦੇ ਨੇ ਤੇ ਤੇਰੇ ਚੈਕ................, ਹੈ ਕੋਈ ਸ਼ਰਮ............., ਤੇ ਨਾਲੇ ਕਰਜਾ ਤੂੰ ਸਾਡੀ ਲੋੜ ਨੂੰ ਨਹੀਂ ਦਿੱਤਾ, ਤੈਨੂੰ ਪਤਾ ਸੀ ਕਿ ਇਨ੍ਹਾਂ ਦਾ ਮਿੱਟੀ ਨਾਲ ਮੋਹ ਬਹੁਤ ਐ, ਜ਼ਮੀਨ ਨੂੰ ਇਹ ਮਾਂ ਸਮਝਦੇ ਐ, ਕਿਸੇ ਹੋਰ ਢੰਗ ਨਾਲ ਜ਼ਮੀਨ ਖੋਹੀ ਨਹੀਂ ਜਾਣੀ ਸੋ ਤੂੰ ਸਾਡਾ ਹਮਦਰਦ ਬਣ ਕੇ ਕਰਜ਼ਿਆਂ ਦਾ ਹਥਿਆਰ ਵਰਤਿਆ.............,ਹੁਣ ਜ਼ਰਾ ਤੇਰੀ ਤੇਹ ਵੀ ਮਾਰ ਦੇਵਾਂ, ਪਾਣੀ ਦੀ ਗੱਲ ਕਰਕੇ................, ਪਹਿਲੀ ਗੱਲ ਤਾਂ ਇਹ ਕਿ ਸਾਡੇ ਤਾਂ ਆਪਣੇ ਹੀ ਤੌੜੇ ਖਾਲੀ ਨੇ ਗੁਆਂਢੀਆਂ ਵਾਸਤੇ ਛਬੀਲਾਂ ਕਿੱਥੋਂ ਲਾ ਦੇਈਏ..............., ਹਕੀਕਤ ਤਾਂ ਇਹ ਐ ਕਿ ਆਉਂਦੇ ਚਾਰ ਪੰਜ ਸਾਲਾਂ ਨੂੰ ਸਾਡਾ 10 ਲੱਖ ਟਿਊਬਵੈਲ ਸਿਸਟਮ ਫੇਲ੍ਹ ਹੋ ਜਾਣੈ, ਜਾਂ ਹੋ ਗਿਐ, ਮੱਛੀ ਮੋਟਰਾਂ ‘ਤੇ ਤਾਂ ਅਸੀਂ ਆ ਈ ਗਏ ਆਂ....................., ਸਾਡੇ ਦਰਿਆਵਾਂ ਦਾ ਪਾਣੀ ਤਾਂ ਸਾਡੇ ਲਈ ਈ ਥੋੜੈ, ਤੁਹਾਨੂੰ ਕਿੱਥੋਂ ਰਜਾ ਦੀਏ, ਨਾਲੇ ਥੋਡੀ ਤੇਹ ਤਾਂ ਬੁਝਦੀ ਨ੍ਹੀ, ਪਹਿਲੀਆਂ ਏਨੀਆਂ ਨਹਿਰਾਂ ਨਾਲ ਨ੍ਹੀ ਬੁਝੀ................., ਸਾਡੇ ਆਪਣੇ ਖੇਤ ਪਾਣੀ ਬਿਨਾਂ ਉਜਾੜ ਹੋ ਰਹੇ ਨੇ ਤੇ ਅਸੀਂ ਥੋਡੀ ਹਰਿਆਲੀ ਫੂਕਣੀ ਐਂ................., ਤੇ ਨਾਲੇ ਜਦੋਂ ਦਰਿਆਵਾਂ ਨਾਲ ਹੜ੍ਹ ਆ ਜਾਂਦੇ ਐ ਜਾਂ ਨਹਿਰਾਂ ਟੁੱਟ ਕੇ ਸਾਡੀ ਫਸਲ ਤਬਾਹ ਕਰ ਦਿੰਦੀਐ ਤਾਂ ਤੇਰੇ ਹਰਿਆਣੇ, ਰਾਜਸਥਾਨ ਜਾਂ ਤੈਥੋਂ ਕਦੇ ਸਰਿਐ ਕਿ ਸਾਡੀ ਸਾਰ ਲਵੇਂ, ਸਾਡਾ ਨੁਕਸਾਨ ਵੇਖ ਲਵੇਂ, ਹਰਜਾਨੇ ਦੀ ਆਸ ਤਾਂ ਤੈਥੋਂ ਕਦੇ ਅਸੀਂ ਰੱਖੀ ਨਈ............, ਸਾਡਾ ਸਾਰਾ ਪਾਣੀ ਤੁਸੀਂ ਕਿੱਦੇਂ ਦੇ ਮੁਫਤ ਲੈ ਰਹੇ ਓ ਤੇ ਜੇ ਅਸੀਂ ਪਾਣੀ ਵੱਟੇ ਕੁਝ ਮੰਗ ਲਈਏ ਤਾਂ ਝੱਟ ਭੋਲੇ ਬਣ ਕੇ ਦਿੰਨੇ ਓ, ਜੀ ਹਰਿਆਣਾ ਤਾਂ ਪੰਜਾਬ ਦਾ ਛੋਟਾ ਭਰਾ ਐ, ਭਰਾਵਾਂ-ਭਰਾਵਾਂ ‘ਚ ਵੰਡ ਤਾਂ ਹੁੰਦੀ ਆਈ ਐ, ਤੇ ਮੈਂ ਪੁੱਛਦਾਂ ਕਿ ਪਾਕਿਸਤਾਨ ਵੀ ਭਾਰਤ ਦਾ ਛੋਟਾ ਭਰਾ ਐ, ਕੀ ਤੁਸੀਂ ਕਦੇ ਕੁਝ ਮੁਫਤ ਦਿੱਤੈ ਪਾਕਿਸਤਾਨ ਨੂੰ, ਸਿਵਾਏ ਬੰਬਾਂ ਤੋਂ........, ਰਾਜਸਥਾਨ ਵੇਖਲੋ, ਘਰ ਨੂੰ ਸਿਆਣਾ, ਕਹਿੰਦਾ, “ਬਿਜਲੀ ਸਾਥੋਂ ਮੁੱਲ ਲੈ ਲਓ, ਪਾਣੀ ਸਾਨੂੰ ਮੁਫਤ ਦੇਈ ਚੱਲੋ”..............., ਸਾਨੂੰ ਤਾਂ ਤੁਸੀਂ ਮੂਰਖ ਸਮਝਿਐ....................., ਤੇ ਜੇ ਕਿਤੇ ਤੁਹਾਡੇ ਹੀ ਕਿਸੇ ਬੰਦੇ ਦੀ ਜ਼ਮੀਰ ਜਾਗ ਪਵੇ ਤੇ ਉਹ ਮੇਰੇ ਹੱਕ ਵਿਚ ਬੋਲ ਪਵੇ ਤਾਂ ਤੁਸੀਂ ਪਲ ਨਹੀਂ ਲਾਉਂਦੇ ਉਸ ਨੂੰ ਅੱਤਵਾਦੀ ਕਹਿਣ ਲੱਗੇ, ਰੋਲ ਕੇ ਰੱਖ ਦਿੰਨੇ ਐਂ, ਵੇਖਿਆ ਨਹੀਂ ਕਚਿਹਰੀਆਂ ਦੇ ਧੱਕੇ ਖਾ ਰਿਹਾ ਸਾਬਕਾ ਮੁੱਖ ਮੰਤਰੀ, ਹੈ ਕੋਈ ਜਵਾਬ ਮੇਰੇ ਸਾਰੇ ਸਵਾਲਾਂ ਦਾ” ਪੰਜਾਬ ਗੁੱਸੇ ਵਿਚ ਲਗਾਤਾਰ ਬੋਲ ਰਿਹੈ, ਪਰ ਸਭ ਚੁੱਪ ਹਨ, ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਸ ਦੇ ਮੂਹਰੇ ਖੜ੍ਹ ਕੇ ਕੁਝ ਬੋਲ ਸਕੇ, ਸਾਰੇ ਨੀਵੀਆਂ ਪਾਈ ਬੈਠੇ ਨੇ...........
“ਮੇਰੀ ਏਸ ਮਾੜੀ ਹਾਲਤ ਦੇ ਜ਼ਿੰਮੇਵਾਰ ਤੁਸੀਂ ਓ, ਪਹਿਲਾਂ ਮੇਰੇ ਸਾਰੇ ਹੱਕ ਖੋਹੇ, ਫੇਰ ਮੇਰੇ ਲੱਖਾਂ ਕਮਾਊ ਪੁੱਤ ਮਾਰੇ ਤੇ ਬਾਕੀ ਬਚਿਆਂ ‘ਤੇ ਨਸ਼ਿਆਂ ਦਾ ਮਾਰੂ ਜਾਲ ਸੁੱਟ ਦਿੱਤਾ............., ਤੇ ਤੁਹਾਡੇ ਗੁਪਤ ਹਮਲੇ ਜਿਨ੍ਹਾਂ ਦੇ ਨਤੀਜੇ ਆਉਣੇ ਅਜੇ ਬਾਕੀ ਨੇ..............., ਤੂੰ ਕੀ ਸਮਝਦੈ ਭਾਰਤ, ਮੈਨੂੰ ਕੁਝ ਨਈ ਪਤਾ, ਦਵਾਈਆਂ ਵਿਚ ਮਿਲਾ ਕੇ ਦਿੱਤੀ ਜਾ ਰਹੀ ਜ਼ਹਿਰ ਕਿ ਆਉਣ ਵਾਲੀ ਪੀੜੀ ਨਾਮਰਦ ਹੋ ਜਾਵੇ, ਏਨੀਆਂ ਕਮੀਨੀਆਂ ਚਾਲਾਂ, ਐਵੇਂ ਨ੍ਹੀ ਗੁਰੂ ਨੇ ਕਿਹਾ,“ਜਬ ਯਹ ਗਹੇ ਬਿਪਰਨ ਕੀ ਰੀਤ ਮੈ ਨ ਕਰੋ ਇਨ ਕੀ ਪਰਤੀਤ”
ਮੈਨੂੰ ਹੁਣ ਪਤਾ ਲੱਗਿਐ ਕਿ ਬਿਪਰਨ ਕੀ ਰੀਤ ਏਨੀ ਘਾਤਕ ਐ, ਜਿਹੜੀ ਹਮਲਾ ਕਰਨ ਲੱਗਿਆਂ ਇਹ ਵੀ ਨਹੀਂ ਵੇਹਦੀ ਕਿ ਸਾਹਮਣੇ ਵਾਲਾ ਅਜੇ ਪੰਜ ਸਾਲ ਤੋਂ ਵੀ ਛੋਟੈ” ਹੁਣ ਪੰਜਾਬ ਦੀਆਂ ਅੱਖਾਂ ਵਿਚੋਂ ਲਗਾਤਾਰ ਪਾਣੀ ਵਹਿ ਰਿਹਾ ਸੀ,“ਕੁਝ ਕਸੂਰ ਮੇਰੇ ਆਪਣੇ ਪੁੱਤਰਾਂ ਦਾ ਵੀ ਐ, ਜਿਹੜੇ ਮੈਨੂੰ ਦੁਸ਼ਮਨਾ ਸਾਹਵੇਂ ਇਕੱਲਾ ਛੱਡ ਕੇ ਵਿਦੇਸ਼ਾਂ ਨੂੰ ਭੱਜ ਗਏ, ਮੈਨੂੰ ਆਸ ਸੀ ਕਿ ਉਹ ਪੈਰ ਸਿਰ ਹੋ ਕੇ ਡਿੱਗੇ ਪਏ ਬਾਪੂ ਦੀ ਸਾਰ ਲੈਣਗੇ, ਪਰ ਉਹ ਤਾਂ ਕਿਤੇ ਸਾਲ ਛਿਮਾਹੀ ਆਉਂਦੇ ਤੇ ਆਪਣੇ ਸੋਨੇ ਤੇ ਪੈਸੇ ਦਾ ਵਿਖਾਵਾ ਕਰ ਕੇ ਮੁੜ ਜਾਂਦੇ, ਮੇਰੀ ਹਿੱਕ ‘ਤੇ ਵੱਡੇ ਵੱਡੇ ਮਹਿਲ ਉਸਾਰ ਜਾਂਦੇ ਭਈਆਂ ਦੇ ਰਹਿਣ ਲਈ, ਮੇਰੀ ਆਰਥਿਕਤਾ ਨੂੰ ਚੱਕਣ ਲਈ ਉਨ੍ਹਾਂ ਵੀ ਕੁਝ ਨਾ ਕੀਤਾ, ਮੈਂ ਉਨ੍ਹਾਂ ਦਾ ਰਾਹ ਵੇਂਹਦਾ ਰਹਿੰਦਾ, ਬਿਨਾ ਪਲਕਾਂ ਝਪਕੇ, ਪਰ ਉਹ ਆਉਂਦੇ ਤੇ ਬਾਪੂ ਦੇ ਪੈਰੀਂ ਹੱਥ ਵੀ ਨਾ ਲਾਉਂਦੇ, ਜਵਾਕਾਂ ਦੇ ਵਿਆਹਾਂ ‘ਤੇ ਸ਼ਰਾਬਾਂ, ਖਾਣਿਆਂ ਤੇ ਕੰਜਰ ਕਿੱਤੇ ‘ਤੇ ਲੱਖਾਂ ਲੁਟਾ ਕੇ ਮੁੜ ਜਾਂਦੇ, ਮੈਂ ਉੱਥੇ ਦਾ ਉੱਥੇ” ਏਨਾ ਕਹਿ ਕੇ ਪੰਜਾਬ ਗੋਡਿਆਂ ਭਾਰ ਡਿੱਗ ਪਿਆ............., ਜੱਜ ਸਮੇਤ ਸਾਰੇ ਵਕੀਲਾਂ ਤੇ ਬਾਕੀ ਤਮਾਸ਼ਬੀਨਾਂ ਦੇ ਚਿਹਰੇ ‘ਤੇ ਰੌਣਕ ਆ ਗਈ, ਗੋਡਿਆਂ ਭਾਰ ਪਿਆ ਦੋਹੇਂ ਹੱਥ ਕਟਿਹਰੇ ਨੂੰ ਪਾ ਕੇ ਉਹ ਮੁੜ ਬੋਲਿਆ, “ਤੂੰ ਕਾਤਲ ਐਂ ਭਾਰਤ, ਸਭ ਤੋਂ ਵੱਡਾ ਕਾਤਲ, ਜਰਮਨੀ, ਇੰਗਲੈਂਡ, ਅਮਰੀਕਾ ਤੋਂ ਵੀ ਵੱਡਾ..............., ਤੈਨੂੰ ਤੇਰੇ ਕੀਤੇ ਦੀ ਸਜਾ ਜਰੂਰ ਮਿਲੂ.............., ਤੇਰੇ ਟੁਕੜੇ ਟੁਕੜੇ ਹੋਣਗੇ..........., ਤੱਕ, ਤੂੰ ਚਾਰੇ ਪਾਸਿਓਂ ਘਿਰ ਗਿਐਂ, ਤੇਰੇ ਸਾਰੇ ਪੱਛਮੀਂ ਪ੍ਰਾਤ ਜੁਝਾਰੂਆਂ ਦੇ ਕਬਜੇ ਵਿਚ ਨੇ.........., ਨੇਪਾਲ ਦਾ ਹਾਲ ਵੇਖ........., ਤੇਰੇ ਨਾਲ ਓਦੂਂ ਵੀ ਭੈੜੀ ਹੋਊ.........., ਜਦੋਂ ਮੁਜ਼ਾਹਿਦ, ਖਾੜਕੂ, ਨਕਸਲੀ ਤੇ ਮਾਓਵਾਦੀ ਰਲ ਗਏ ਓਦੋਂ ਤੇਰਾ ਕੀ ਬਣੂ.........., ਰੱਬ ਦਾ ਤੇ ਅੱਤ ਦਾ ਵੈਰ ਹੁੰਦੈ, ਤੂੰ ਅੱਤ ਕਰ ਦਿੱਤੀ ਐ, ਤੇਰਾ ਅੰਤ ਨਜ਼ਦੀਕ ਐ............, ਤੇਰੇ ਦਿਨ ਥੋੜੇ ਨੇ........., ਤੂੰ ਨਹੀਂ ਬਚੇਂਗਾ........, ਮਨੁੱਖਤਾ ਦਿਆ ਕਾਤਲਤਾ...., ਨਹੀਂ ਬਚੇਂਗਾ.......” ਇੰਝ ਬੋਲਦਾ ਪੰਜਾਬ ਜੱਜ ਤੋਂ ਬਹੁਤੀ ਦੇਰ ਜ਼ਰਿਆ ਨਹੀਂ ਜਾਂਦਾ, ਉਹ ਪੁਲਸ ਨੂੰ ਇਸ਼ਾਰਾ ਕਰਦੈ ਤੇ ਪੁਲਸੀਏ ਡਾਂਗਾਂ ਤੇ ਬੈਂਤਾਂ ਦਾ ਮੀਂਹ ਵਰ੍ਹਾ ਦਿੰਦੇ ਨੇ, ਪੰਜਾਬ ਲਹੂ ਲੁਹਾਣ ਹੋਇਆ ਵੀ ਬੋਲ ਰਿਹੈ, “ਤੂੰ ਕਾਤਲ ਐਂ......... ਭਾਰਤ....... ਮਨੱਖਤਾ ਦਾ ਕਾਤਲ......... ਸਭ ਤੋਂ ਵੱਡਾ........”“ਚੁੱਪ ਕਰਾਓ ਏਹਦੀ ਬਕਵਾਸ.........., ਮੈਂ ਸਜ਼ਾ ਸੁਣਾਉਣ ਲੱਗਿਆਂ” ਜੱਜ ਚੀਕਦੈ,ਏਧਰ ਸੁੱਤੇ ਪਏ ਬੇਅੰਤ ਦਾ ਸਾਰਾ ਸਰੀਰ ਮੁੜਕੋ ਮੁੜਕੀ ਹੋ ਗਿਐ।
“ਤੂੰ......... ਕਾਤਲ........ ਐ......... ਭੈਣਾ ਦੇ ਵੀਰਾਂ ਦਾ........... ਮਾਵਾਂ ਦੇ ਪੁੱਤਾਂ ਦਾ.............”
“ਤਮਾਮ ਸਬੂਤਾਂ ਤੇ ਗਵਾਹਾਂ ਦੇ ਮੱਦੇਨਜ਼ਰ, ਇਹ ਅਦਾਲਤ ਇਸ ਨਤੀਜੇ ‘ਤੇ ਪੁੱਜੀ ਹੈ ਕਿ ਮੁਜ਼ਰਮ ਪੰਜਾਬ ਸਿੰਘ, ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਸੋ ਇਸ ਦੇ ਪਿਛਲੇ ਸਾਰੇ ਸੰਗੀਨ ਜ਼ੁਰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਇਸ ਨੂੰ ਤੁਰੰਤ ਫਾਂਸੀ ਦਾ ਹੁਕਮ ਸੁਣਾਉਂਦੀ ਹੈ, ਠੋ ਬੲ ਹੳਨਗ ਟਲਿਲ ਦੲੳਟਹ” ਜੱਜ ਫੈਸਲਾ ਸੁਣਾ ਕੇ ਕਲਮ ਤੋੜਦਾ ਨਹੀਂ ਸਗੋਂ ਜੇਬ ਵਿਚ ਪਾ ਲੈਂਦੈ, ਕਿਉਂਕਿ ਉਹ ਇਸ ਫੈਸਲੇ ‘ਤੇ ਬਹੁਤ ਖ਼ੁਸ਼ ਹੈ,ਪੰਜਾਬ ਨੂੰ ਘੜੀਸ ਕੇ ਫਾਂਸੀ ਵਾਲੀ ਥਾਂ ‘ਤੇ ਲੈ ਜਾਂਦੇ ਹਨ, ਬਿਨਾ ਨੁਹਾਏ ਧੁਆਏ, ਬਿਨਾ ਕੋਈ ਆਖ਼ਰੀ ਇੱਛਾ ਪੁੱਛੇ, ਤੁਰੰਤ ਮੂੰਹ ‘ਤੇ ਨਕਾਬ ਚੜ੍ਹਾ ਕੇ ਗਲ਼ ਵਿਚ ਰੱਸਾ ਪਾ ਦਿੱਤਾ ਜਾਂਦੈ...............,ਨਕਾਬ ਵਿਚੋਂ ਸ਼ਬਦ ਦੀ ਆਵਾਜ ਸੁਣਾਈ ਦਿੰਦੀ ਹੈ,“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥”
ਇਸ਼ਾਰਾ ਹੋਣ ‘ਤੇ ਜਲਾਦ ਡੰਡਾ ਖਿੱਚ ਦਿੰਦੈ ਤੇ ਏਧਰ ਬੇਅੰਤ ਦੀ ਚੀਕ ਨਿਕਲ ਜਾਂਦੀ ਐ, “ਬਾ..............ਪੂ...................” ਉਹ ਉੱਠ ਕੇ ਬੈਠ ਜਾਂਦਾ ਹੈ, ਸਾਹੋ ਸਾਹ ਹੋਇਆ ਭਮੱਤਰਿਆ ਲਗਾਤਾਰ ਉੱਚੀ ਉੱਚੀ ਰੋ ਰਿਹੈ, ਉਸਦੀ ਮਾਂ ਚੀਕ ਸੁਣ ਕੇ ਭੱਜੀ ਆਉਂਦੀ ਐ,“ਕੀ ਗੱਲ ਪੁੱਤ ਕੀ ਹੋ ਗਿਆ”
“ਬੇਬੇ............. ਬਾਪੂ................ ਬਾਪੂ” ਉਸ ਦੇ ਮੂੰਹੋਂ ਕੋਈ ਹੋਰ ਸ਼ਬਦ ਨਹੀਂ ਨਿਕਲਦੇ,“ਕੋਨੀ ਪੁੱਤ ਕੋਈ ਭੈੜਾ ਸੁਪਨਾ ਦੇਖਿਆ ਹੋਣੈ, ਆਹ ਫੜ੍ਹ ਪਾਣੀ ਪੀ ਲਾ” ਮਾਂ ਉਸ ਨੂੰ ਪਾਣੀ ਦਿੰਦੀ ਹੈ।“ਸੁਪਨਾ ਨ੍ਹੀ ਬੇਬੇ ਸਭ ਹਕੀਕਤ ਐ, ਸਭ ਸੱਚ ਐ ਬੇਬੇ, ਸੱਚ ਐ”
ਮਾਂ ਨੂੰ ਉਸ ਦੀ ਕੋਈ ਗੱਲ ਸਮਝ ਨਹੀਂ ਆਉਂਦੀ ਤੇ ਉਹ ਡੌਰ ਭੋਰ ਹੋਈ ਕੁਝ ਦੇਰ ਉਸ ਕੋਲ ਖੜ੍ਹੀ ਰਹਿੰਦੀ ਹਾਂ ਤੇ ਫੇਰ ਚੌਤਰੇ ‘ਤੇ ਜਾ ਕੇ ਚਾਹ ਧਰਨ ਲੱਗਦੀ ਐ, ਤੜਕੇ ਦਾ ਚਾਰ ਵੱਜ ਗਏ ਹਨ, ਮਾਂ ਮੂੰਹ ਵਿਚ ਬੋਲ ਰਹੀ ਐ “ਪਤਾ ਨ੍ਹੀ ਮੁੰਡੇ ਨੇ ਕੀ ਸੁਪਨਾ ਵੇਖਿਐ, ਕਹਿੰਦੇ ਐ ਤੜਕੇ ਦਾ ਸੁਪਨਾ ਸੱਚ ਹੁੰਦੈ ਕਿਤੇ..............., ਰੱਬਾ ਸੁੱਖ ਰੱਖੀਂ” ਓਧਰ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ ਆਉਂਦੀ ਐ,“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥”
ਜਗਦੀਪ ਸਿੰਘ ਫਰੀਦਕੋਟ(9815763313)(ਨਵੇਂ ਛਪ ਕੇ ਆ ਰਹੇ ਨਾਵਲ ‘ਹਥਿ ਛੁਰੀ ਜਗਤ ਕਾਸਾਈ’ ਵਿਚੋਂ)

No comments: