Saturday, April 5, 2008

“ਮੇਰੇ ਦੇਸ਼ ਦਾ ਹਾਲ……”

ਨਾ ਪੁੱਛੋ,
ਮੇਰੇ ਤੋਂ ਨਾ ਪੁੱਛੋ,
ਸੀਨੇ ਵਿਚ ਕਿਤੇ ਦਰਦ ਹੁੰਦੈ,
ਦੱਸਣ ਦੀ ਹਿੰਮਤ ਵੀ ਨਹੀਂ ਪੈਂਦੀ,
ਮੇਰੇ ਤੋਂ ਮੇਰੇ ਦੇਸ਼ ਦਾ ਹਾਲ ਨਾ ਪੁੱਛੋ,
ਪੰਜ-ਆਬਾਂ ਦੀ ਸਾਰ ਨਾ ਪੁੱਛੋ।
ਹੁਣ ਇੱਥੇ ਇਕ ਛੇਵਾਂ ਦਰਿਆ ਵੀ ਵਗਦੈ,
ਨਸ਼ਿਆਂ ਦਾ, ਤੇ ਵਗਦਾ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਐ।
ਹੁਣ, ਜ਼ਰਵਾਣਿਆਂ ਨਾਲ ਟੱਕਰ ਲੈਣ ਵਾਲੇ,
ਇੱਥੋਂ ਦੇ ਗੱਭਰੂ,ਦਾਰੂ ਦੀ ਬੋਤਲ ਨਾਲ ਘੁਲਦੇ ਨੇ,
ਗੋਲੀਆਂ, ਟੀਕਿਆਂ ਨਾਲ ਯੁੱਧ ਲੜਦੇ ਨੇ।
ਇਹ ਹੁਣ ਉਹ ਮਰਦ ਨਹੀਂ ਰਹੇ,
ਜੋ ਧੀਆਂ-ਭੈਣਾ ਦੀ ਇੱਜ਼ਤ ਜ਼ਰਵਾਣਿਆਂ ਤੋਂ ਬਚਾਉਦੇ ਸਨ,
ਹੁਣ ਤਾਂ ਧੀਆਂ-ਭੈਣਾ ਦੀ ਇੱਜ਼ਤ ਨੂੰ ਇਹਨਾਂ ਤੋਂ ਹੀ ਖ਼ਤਰਾ ਹੈ।
ਇਹਨਾਂ ਦਾ ਲਹੂ ਜਵਾਂ ਸਫੈਦ ਹੋ ਗਿਐ,
ਇਹ ਤਾਂ, 20 ਸਾਲਾਂ ਤੱਕ ਹੱਕਾਂ ਲਈ ਲੜੇ ਜੁਝਾਰੂਆਂ ਨੂੰ,
ਅੱਤਵਾਦੀ ਦੱਸਦੇ ਨੇ।
ਸੰਤ ਜਰਨੈਲ ਸਿੰਘ,
ਭਾਈ ਤਲਵਿੰਦਰ ਸਿੰਘ, ਭਾਈ ਅਨੋਖ ਸਿੰਘ,
ਇਹਨਾਂ ਲਈ ਓਪਰੇ ਹਨ,
ਇਹ ਬਾਈ ਜੰਟੇ ਬੁੱਧ ਸਿੰਘੀਏ ਨੂੰ ਨਹੀਂ ਜਾਣਦੇ,
ਭਾਈ ਸੁਖਦੇਵ ਸਿੰਘ ‘ਬੱਬਰ’ ਦੇ ਕਾਰਨਾਮਿਆਂ ਦਾ ਇਹਨਾਂ ਨੂੰ ਨਹੀਂ ਪਤਾ,
ਦੁਸ਼ਟ, ਪਾਪੀ, ਜ਼ਾਲਮ ਹਾਕਮ ਨੂੰ ਸੋਧਣ ਵਾਲਾ ਭਾਈ ਦਿਲਾਵਰ ਸਿੰਘ
ਇਹਨਾਂ ਦੀਆਂ ਨਜ਼ਰਾਂ ‘ਚ ਬਸ ਇਕ ਕਾਤਲ ਹੈ,
ਹਜ਼ਾਰਾਂ ਲਾਵਾਰਿਸ ਕਹਿ ਕੇ ਸਾੜੇ ਗਏ ਗੱਭਰੂਆਂ ਲਈ,
ਇਹਨਾਂ ਦੇ ਮਨ ਵਿਚ ਕੋਈ ‘ਪੀੜ’ ਨਹੀਂ,
ਇਹਨਾਂ ਦੇ ਦਿਲ ਵਿਚ ਢੱਠੇ ‘ਅਕਾਲ ਤਖ਼ਤ’ ਦੀ ਤਸਵੀਰ ਨਹੀਂ ਉਕਰੀ,
ਇਹਨਾਂ ਨੂੰ ਕੁਝ ਨਹੀਂ ਪਤਾ, ਕੌਮ ਉੱਤੇ ਬੀਤੀ ਦਾ,
ਜਾਂ ਸ਼ਾਇਦ ਪਤਾ ਕਰਨਾ ਨਹੀਂ ਚਾਹੁੰਦੇ,ਲੋੜ ਵੀ ਨਹੀਂ,
ਤੇ ਸਮਾਂ ਵੀ ਕਿੱਥੇ,ਇਹਨਾਂ ਨੂੰ ਦਿਨ ਰਾਤ ਭੰਗੜਾ ਪਾਉਣ ਤੋਂ ਵਿਹਲ ਹੀ ਨਹੀਂ,
ਹੁਣ ਬਜ਼ੁਰਗ ਵੀ ਇਹਨਾਂ ਨੂੰ,
ਸਟੇਜ਼ ‘ਤੇ ਨੰਗੀਆਂ ਨੱਚਦੀਆਂ ਕੁੜੀਆਂ ਨਾਲ ਨੱਚਣੋ ਜਾਂ ਛੇੜਣੋ ਨਹੀਂ ਹਟਾਉਦੇ,
ਕਿਉਕਿ ਬਜ਼ੁਰਗਾਂ ਨੂੰ ਵੀ ਸਟੇਜ਼ ਦਾ ਇਕ ਪਾਸਾ ਦਿੱਤਾ ਜਾਂਦੈ,
ਇਨਜੁਆਏ(Enjoy) ਕਰਨ ਲਈ।
ਹੁਣ ਤਾਂ ਇਹ ਚਮਕੀਲੇ ਦੇ ਰੀਮਿਕਸ ਗਾਣੇ ਸੁਣਦੇ ਨੇ,
ਹੁਣ ਕੋਈ ਡਰ ਨਹੀਂ,
ਜਿੰਨੇ ਮਰਜ਼ੀ ਗੰਦੇ ਗਾਣੇ ਜਿੰਨੀ ਮਰਜ਼ੀ ਉੱਚੀ ਆਵਾਜ਼ ‘ਚ ਲਾਓ,
ਕੋਈ ਨਹੀਂ ਰੋਕੇਗਾ, ਹੁਣ ਪੂਰੀ ਖੁੱਲ ਹੈ,
ਚਾਹੇ ਭੈਣ ਦੇ ਸਾਹਮਣੇ ਲੱਚਰ ਗਾਣੇ ਗਾਓ,
ਭੈਣ ਵੀ ਨਹੀਂ ਰੋਕੇਗੀ,ਕਿਉਕਿ ਉਹ ਤਾਂ ਆਪ ਹਿੰਦੀ ਪੌਪ ਸੁਣਦੀ ਐ।
ਉਸ ਨੂੰ ‘ਮਾਈ ਭਾਗੋ’ ਦੀ ਬਹਾਦਰੀ ਬਾਰੇ ਨਈ ਪਤਾ,
ਤੇ ਨਾ ਹੀ ਪਤਾ ਹੈ ਬੀਬੀ ਓਂਕਾਰ ਕੌਰ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੀ ਵਾਰਤਾ ਬਾਰੇ,
ਬੀਬੀ ਗੁਰਮੀਤ ਕੌਰ ਬੱਬਰ ’ਤੇ ਹੋਏ ਅੰਨੇ ਤਸ਼ੱਦਦ ਬਾਰੇ ਉਸ ਨੇ ਨਹੀਂ ਸੁਣਿਆਂ।
ਪਰ ਇਹ ਨਾ ਸੋਚਿਓ ਕਿ ਇਹ ਕੁਝ ਨਹੀਂ ਜਾਣਦੀ,
ਇਸ ਨੂੰ ਰੈਪ ’ਤੇ ਕੈਟਵਾਕ ਕਰਨਾ ਆਉਦੈ,
ਸਟੇਜ਼ ’ਤੇ, ਲਗਭਗ ਬਿਨਾ ਕੱਪੜਿਆਂ ਤੋਂ, ਨੱਚਣਾ ਆਉਦੈ,
ਹੁਣ ਇਹ ਰਤਾ ਸ਼ਰਮ ਨਹੀਂ ਕਰਦੀ,ਮਾਡਰਨ ਹੋ ਗਈ ਏ ਨਾ,
ਅੱਜ ਕੱਲ ਤਾਂ ਜੋ ਵੱਧ ਨੰਗਾ ਹੁੰਦੈ ਉਹ ਵੱਧ ਮਾਡਰਨ ਅਖਵਾਉਂਦੈ,
ਸੋ ਇਹ ਕਿਉਂ ਪਿੱਛੇ ਰਹੇ,21ਵੀ ਸਦੀ ਦੀ ਔਰਤ, ਮਰਦ ਦੇ ਬਰਾਬਰ,
ਹਾਂ ਸੱਚ, ਹੁਣ ਇਸ ਨੇ ਆਪਣਾ ਅਸਲੀ ਪਹਿਰਾਵਾ ਵੀ ਤਿਆਗ ਦਿੱਤਾ ਹੈ,
ਨਾਲੇ ਕੌਣ ਸੰਭਾਲੇ “ਚੁੰਨੀਆਂ”ਵੈਸਟਰਨ ਵੀਅਰ ਵਧੀਐ,
ਜੀਨ ਤੇ ਟੀ-ਸ਼ਰਟ,ਕੁਝ ਵੀ ਪਹਿਨੇ,
ਕਿਸੇ ਨੂੰ ਕੋਈ ਹੱਕ ਨਹੀਂ ਟੋਕਣ ਦਾ,ਹੁਣ ਔਰਤ ਪੂਰੀ ਅਜ਼ਾਦ ਹੈ,
ਪਰ, ਕੀ ਇਸੇ ਨੂੰ ਆਜ਼ਾਦੀ ਕਹਿੰਦੇ ਨੇ, ਨਹੀਂ, ਇਹ ਆਜ਼ਾਦੀ ਨਹੀਂ,
ਜੇ ਇਹ ਆਜ਼ਾਦੀ ਹੈ, ਤਾਂ ਫਿਰ ਉਹ ਕੀ ਸੀ,
ਜਿਸ ਲਈ ਵੀਰ ਲੜਦੇ ਸ਼ਹੀਦ ਹੋ ਗਏ,
ਉਸ ਆਜ਼ਾਦੀ ਬਾਰੇ ਇਹਨਾਂ ਨੂੰ ਕੁਝ ਨਹੀਂ ਪਤਾ,
ਉਸ ਸੋਹਣੇ ਦੇਸ਼ ਬਾਰੇ ਕੁਝ ਨਹੀਂ ਪਤਾ,
‘ਖ਼ਾਲਸਾ ਰਾਜ’ ਦੇ ਸੁਪਨੇ ਬਾਰੇ ਕੁਝ ਨਈ ਪਤਾ,
ਕੁਝ ਨਈ ਪਤਾ... ਕੁਝ ਨਈ ਪਤਾ.......,
ਬਸ ਇਹੀ ਕਹਾਣੀ ਹੈ,
ਇਹੀ ਵਾਰਤਾ ਹੈ,
ਅੱਜ ਇਹੀ ਹਾਲ ਹੈ ਮੇਰੇ ‘ਪੰਜਾਬ’ ਦਾ.....
ਜਗਦੀਪ ਸਿੰਘ ‘ਫਰੀਦਕੋਟ’

No comments: