Monday, April 7, 2008

ਭੈਣ ਨੂੰ

ਮੈਨੂੰ ਮਾਫ ਕਰੀਂ ਭੈਣੇ,
ਐਤਕੀਂ ਮੈਂ ਸੰਧਾਰਾ ਲੈ ਕੇ ਨਹੀਂ ਆ ਸਕਣਾ,
ਕਿਉਂਕਿ ਤੇਰੇ ਵਰਗੀਆਂ ਹਜ਼ਾਰਾਂ ਭੈਣਾ ਦੇ ਸੰਧਾਰੇ,
ਦਿੱਲੀ ਦੇ ਲੁਟੇਰਿਆਂ ਨੇ ਲੁੱਟ ਲਏ ਨੇ।ਭੈਣੇ,
ਹੁਣ ਤੂੰ ਤੀਆਂ ਵਿਚ ਉਹ ਬੋਲੀ ਪਾ ਕੇ ਮੈਨੂੰ ਆਵਾਜ਼ਾਂ ਨਾਂ ਮਾਰੀਂ,
'' ਵੀਰਾ ਆਈਂ ਵੇ ਭੈਣ ਦੇ ਵੇਹੜੇ, ਪੁੰਨਿਆਂ ਦਾ ਚੰਨ ਬਣਕੇ ''
ਮੇਰੇ ਤੋਂ ਹੁਣ ਛੇਤੀ ਆ ਨ੍ਹੀ ਹੋਣਾ,ਕਿਉਂਕਿ,
ਮੈਂ ਹੁਣ ਓਸ ਕਾਫਲੇ ਵਿਚ ਸ਼ਾਮਿਲ ਹੋ ਗਿਆ ਹਾਂ
ਜੋ ਦਿੱਲੀ ਦੇ ਹਾਕਮਾਂ ਤੋਂ,ਲੁੱਟ ਦੇ ਸਮਾਨ ਦੇ ਨਾਲ-ਨਾਲ
ਆਪਣੇ 'ਹੱਕ' ਖੋਹਣ ਲਈ ਤੁਰਿਆ ਹੋਇਆ ਹੈ।
ਭੇਣੇ ਪੈਂਡਾ ਬਹੁਤ ਲੰਬਾ ਹੈ,
ਛੇਤੀ ਨਹੀਂ ਮੁੜਿਆ ਜਾਣਾ,
ਜਾਂ ਹੋ ਸਕਦੈ ਆਵਾਂ ਹੀ .........
ਅਸੀਂ 'ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ' ਨੂੰ ਯਾਦ ਕਰਕੇ ਤੁਰੇ ਹਾਂ,
ਜਿਸਨੇ ਕਿਹਾ ਸੀ,
''ਜਾਂ ਜਿੱਤ ਕੇ ਮੁੜਾਂਗਾ, ਜਾਂ ਸ਼ਹੀਦ ਹੋਵਾਂਗਾ''
ਹਾਂ ਭੈਣੇ ਮੈਂ ਬਾਗੀ ਹੋ ਗਿਆਂ,
ਏਸ ਦੇਸ਼ ਦੇ ਕਨੂੰਨ ਤੋਂ,
ਜਿਹੜਾ ਕਿਰਤੀਆਂ ਦੇ ਹੱਥ 'ਚੋਂ ਟੁੱਕ ਦੀ ਬੁਰਕੀ ਖੋਹ ਲੈਂਦਾ ਹੈ,
ਭੈਣਾ ਦੀਆਂ ਚੁੰਨੀਆਂ ਲੀਰੋ-ਲੀਰ ਕਰ ਦਿੰਦਾ ਹੈ,
ਜਿਹੜਾਂ 25000 ਮਾਂਵਾਂ ਦੇ ਸਰੂਆਂ ਵਰਗੇ ਪੁੱਤਾਂ ਨੂੰ
'ਲਾਵਾਰਿਸ ਲਾਸ਼ਾਂ' ਕਹਿ ਕੇ ਫੂਕ ਦਿੰਦਾ ਹੈ,
'ਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ
ਦਰਿਆਂਵਾਂ, ਨਹਿਰਾਂ ਦੀ ਭੇਂਟ ਚੜ੍ਹਾ ਦਿੰਦਾ ਹੈ।
ਮੈਂ ਬਾਗੀ ਹੋ ਗਿਆਂ, ਏਸ ਦੇਸ਼ ਤੋਂ,
ਜਿਸ ਦੀਆਂ ਫਿਜ਼ਾਵਾਂ ਵਿਚ ਬਰੂਦ ਦੀ ਬੋ ਭਰੀ ਹੋਈ ਹੈ,
ਜਿੱਥੇ ਰਾਖੇ ਰਾਖ਼ਸ਼ਾਂ ਵਾਂਗ
ਮਾਨਸ ਬੋ, ਮਾਨਸ ਬੋ ਕਰਦੇ ਫਿਰਦੇ ਨੇ,
ਜਿੱਥੋਂ ਦੀਆਂ ਹਵਾਵਾਂ ਵੀ ਗੁਲਾਮ ਹਨ,
ਜਿੱਥੋਂ ਦੇ ਪਾਣੀ ਮੇਰੇ ਵੀਰਾਂ ਦੇ ਖ਼ੂਨ ਨਾਲ ਰੰਗੇ ਹੋਏ ਨੇ,
ਸਭ ਕੁਝ ਗੁਲਾਮ ਹੈ ਸਭ ਕੁਝ,
ਆਪਣੀ ਮੋਟਰ ਤੋਂ ਲੈ ਕੇ ਪਿੰਡ ਦੇ ਛੱਪੜ ਤੱਕ,
ਕਣਕ ਤੋਂ ਲੈ ਕੇ ਕਮਾਦ ਤੱਕ,
ਘ੍ਹੀਰੇ, ਪਹੀਆਂ, ਰੋਹੀਆਂ, ਵਣ,
ਕਿੱਕਰਾਂ, ਨਿਆਈਆਂ, ਟਿੱਬੇ
ਸਭ ਕੁਝ,
ਕੁਝ ਵੀ ਅਜ਼ਾਦ ਨਹੀਂ,
ਮੇਰੀ ਉਡੀਕ ਨਾ ਕਰੀਂ ਭੈਣੇ,
ਮੈਂ ਹੁਣ ਓਨੀ ਦੇਰ ਨਹੀਂ ਮੁੜਨਾਂ,
ਜਦੋਂ ਤੱਕ ਬਾਪੂ ਸ਼ਹਿਰ ਆਲੇ ਲਾਲੇ ਕੋਲ ਸਿਰ ਝੁਕਾ ਕੇ ਜਾਂਦਾ ਰਿਹਾ,
ਜਦੋਂ ਤੱਕ ਬੈਕ ਵਾਲੇ ਪਿੰਡ ਵਾਲਿਆਂ ਨੂੰ ਤੰਗ ਕਰਦੇ ਰਹੇ,
ਮੈਂ ਹੁਣ ਇਨ੍ਹਾਂ ਸਾਰਿਆਂ ਦਾ ਹਿਸਾਬ ਮੁਕਾ ਕੇ ਹੀ ਮੁੜਾਂਗਾ,
ਮੈਂ ਹੁਣ ਓਦੋਂ ਹੀ ਆਵਾਂਗਾ,
ਜਦੋਂ ਤੱਕ ਸਭ ਕੁਝ ਅਜ਼ਾਦ ਨਹੀਂ ਹੋ ਜਾਂਦਾ,
ਹਾਂ
ਜੇ ਹੋ ਸਕਿਆ
ਤਾਂ ਆਪਣੇ ਭਤੀਜੇ ਨੂੰ ਲੈ ਕੇ,
ਮੇਰੇ ਪਿੱਛੇ ਆ ਜਾਂਵੀ,
ਅਸੀਂ ਸਾਰੇ ਰਲ ਕੇ ਲੜਾਂਗੇ,
ਲੜਾਂਗੇ, ਮਰਾਂਗੇ
ਜਿੱਤਣ ਲਈ,
ਅਜ਼ਾਦ ਹੋਣ ਲਈ ---------

2 comments:

Unknown said...

bhut vadia veere

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

ਬਾਈ ਜੀ ਬਹੁਤ ਹੀ ਵਾਧੀਆ ਯਰ,,,,ਕੀ ਕਹਾਂ ਏਦੇ ਬਾਰੇ ਹੁਣ.......