Saturday, April 19, 2008

"ਨੁਕਸਾਨ" (ਕਹਾਣੀ)

ਮੈਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਕਰਮਾਂ ਵਿਚ ਬੈਠਾ ਸੀ। ਗੁਰਬਾਣੀ ਸਰਵਣ ਕਰ ਰਿਹਾ ਸੀ ਤੇ ਨਾਲ ਹੀ ਸਮਝਣ ਦਾ ਯਤਨ ਵੀ ਕਰ ਰਿਹਾ ਸੀ। ਰਾਗੀ ਸਿੰਘ ਸ਼ਬਦ ਗਾਇਣ ਕਰ ਰਹੇ ਸਨ,
“ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥”
ਸੰਗਤ ਦਾ ਆਉਂਣ ਜਾਣ ਲਗਾਤਾਰ ਜਾਰੀ ਸੀ। ਸਭ ਕੁਝ ਬੜਾ ਸ਼ਾਤ ਸੀ। ਮਨ ਨੂੰ ਬੜਾ ਅਨੰਦ 'ਤੇ ਸਕੂਨ ਮਿਲ ਰਿਹਾ ਸੀ।
ਪ੍ਰਕਰਮਾਂ ਵਿਚ ਮੇਰੇ ਇਕ ਪਾਸੇ ਇਕ ਬੁੱਢੀ ਮਾਈ ਬੈਠੀ ਸੀ। 70 ਕੁ ਸਾਲ ਦੇ ਕਰੀਬ ਉਮਰ ਹੋਵੇਗੀ ਉਸਦੀ। ਪ੍ਰਕਰਮਾਂ ਦੀ ਕੰਧ ਨਾਲ ਮਾਈ ਨੇ ਢੋਅ ਲਾਈ ਹੋਈ ਸੀ ਤੇ ਸਿਰ ਨੀਵਾਂ ਕੀਤਾ ਹੋਇਆ ਸੀ। ਮੈਨੂੰ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਪਰ ਪਤਾ ਨਹੀਂ ਕਿਉਂ ਮੈਨੂੰ ਉਹ ਮਾਤਾ ਜਾਣੀ ਪਛਾਣੀ ਲੱਗਦੀ ਸੀ। ਇੰਝ ਲੱਗਦਾ ਸੀ ਜਿਵੇਂ ਉਹ ਕੁਝ ਥੱਕੀ ਹੋਈ ਹੋਵੇ। ਮੈਂ ਅਜੇ ਮਾਤਾ ਬਾਰੇ ਸੋਚ ਹੀ ਰਿਹਾ ਸੀ ਕਿ ਮੇਰੇ ਨਾਲ ਦੂਜੇ ਪਾਸੇ ਦੋ ਲਾਲੇ ਆ ਕੇ ਬੈਠ ਗਏ, ਜਾਂ ਕਹਿ ਲਉ ਜਿਵੇਂ ਕੋਈ ਹਫ ਕੇ ਡਿੱਗਦਾ ਹੈ, ਉਵੇਂ ਡਿੱਗ ਪਏ। ਇਕ ਸਾਹੋ ਸਾਹ ਹੋਇਆ ਇਕ ਪਾਈਪ ਜਹੀ (ਇਨਹਿਲਰ) ਨਾਲ ਸਾਹ ਲੈਂਦਾ ਹੋਇਆ ਬੋਲਿਆ,
"ਮੈਂ ਤੈਨੂੰ ਕਿਹਾ ਸੀ ਨਾ ਕਿਸ਼ੋਰੀ ਲਾਲ........, ਹੂ........ਬਈ ਇਹ ਪ੍ਰਕਰਮਾਂ ਜ੍ਹੀ ਬਹੁਤ ਵੱਡੀ ਐ......,ਆਪਾਂ ਸਾਰਾ ਚੱਕਰ ਨਾ ਲਾਈਏ.......ਹੂ......, ਪਰ ਤੂੰ ਮੰਨਿਆਂ ਨਹੀਂ......, ਹੂ...... ਹੂ....... ਹੁਣ ਵੇਖਲਾ ਕਿਵੇਂ ਸਾਹੋ ਸਾਹ ਹੋਏ ਬੈਠੇ ਹਾਂ......."
"ਓ ਮੈਨੂੰ ਕੀ ਪਤਾ ਸੀ ਤੁਲਸੀ ਰਾਮਾਂ......ਹਅ...... ਬਈ ਆਪਾਂ ਬੁੱਢੇ ਹੋ ਗਏ ਹਾਂ....... ਹਅ........ ਮੈਂ ਤਾਂ ਕਿਹਾ ਚੱਲ ਨਾਲੇ 'ਐਕਸਰਸਾਈਜ਼' ਹੋ ਜਊ....... ਹਅ........ ਤੇ ਨਾਲੇ ਏਨੇ ਚਿਰ ਬਾਅਦ ਆਏ ਆਂ ਸਾਰਾ ਆਲਾ ਦੁਆਲਾ ਵੇਖਲਾਂਗੇ........ਹਅ......."
ਇਹਨਾਂ ਦੀਆਂ ਗੱਲਾਂ ਤੋਂ ਮੈਨੂੰ ਇੰਝ ਪ੍ਰਤੀਤ ਹੋਇਆ, ਬਈ ਜਿਵੇਂ ਲਾਲਾ ਤੁਲਸੀ ਰਾਮ ਇੱਥੋਂ ਦੇ ਰਹਿਣ ਵਾਲਾ ਈ ਸੀ ਤੇ ਕਿਸ਼ੋਰੀ ਲਾਲ ਕਿਤੋਂ ਬਾਹਰੋਂ ਆਇਆ ਸੀ ਤੇ ਉਹ ਕਾਫੀ ਦੇਰ ਬਾਅਦ ਏਥੇ ਆਇਆ ਸੀ। ਥੋੜਾ ਸਾਹ ਲੈ ਕੇ ਉਹਨਾਂ ਨੇ ਆਪਣੀਆਂ ਗੱਲਾਂ ਮੁੜ ਸ਼ੁਰੂ ਕੀਤੀਆਂ। ਮੇਂ ਉਹਨਾਂ ਤੋਂ ਕੁਝ ਕੁ ਦੂਰ ਬੈਠਾ ਸੀ ਤੇ ਮੈਂ ਉਹਨਾਂ ਵੱਲ ਧਿਆਨ ਵੀ ਨਹੀਂ ਕੀਤਾ, ਪਰ ਫਿਰ ਵੀ ਉਹਨਾਂ ਦੀਆਂ ਸਾਰੀਆਂ ਗੱਲਾਂ ਮੈਨੂੰ ਸੁਣ ਰਹੀਆਂ ਸਨ।
"ਵੇਖ ਲੈ ਬਈ ਤੁਲਸੀ ਰਾਮ....... ਇਹ ਸਾਰਾ ਕੁਝ 'ਕੇਰਾਂ ਤਾਂ ਖੰਡਰ ਬਣਾਤਾ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ। ਓਦੋਂ ਤਾਂ ਆਏਂ ਲੱਗਦਾ ਸੀ ਬਈ ਹੁਣ ਨਹੀਂ ਸਦੀਆਂ ਤੱਕ ਸਿਖ ਸਿਰ ਚੁੱਕ ਸਕਣਗੇ...... ਪਰ ਵੇਖਲਾ 20-25 ਸਾਲਾਂ 'ਚੀ ਸਾਰਾ ਕੁਝ ਮੁੜ ਉਸਾਰ ਲਿਐ ਇਹਨਾਂ ਨੇ।" ਥੋੜੀ ਦੇਰ ਰੁਕ ਕੇ ਉਹ ਮੁੜ ਬੋਲਿਆ, "ਔਹ ਉਹੀ ਤਖਤ ਐ ਨਾ ਜਿੱਥੇ 'ਭਿੰਡਰਾਂਵਾਲਾ' ਰਹਿੰਦਾ ਹੁੰਦਾ ਸੀ....." "ਹਾਂ ਉਹੀ ਐ" ਤੁਲਸੀ ਰਾਮ ਨੇ ਜਵਾਬ ਦਿੱਤਾ।
"ਵੇਖਲਾ ਬਈ...... ਓਦੂਂ ਸੋਹਣਾ ਬਣਾ ਲਿਐ ਸਿਖਾਂ ਨੇ...... ਓਦੂਂ ਵੀ ਸ਼ਾਨਦਾਰ, ਸੱਚ ਪੁੱਛੇਂ ਤਾਂ ਤੁਲਸੀ ਰਾਮ ਪਤਾ ਨਹੀਂ ਕਿਉਂ ਮੈਨੂੰ ਇਹ ਤਖਤ ਬਹੁਤ ਚੁੱਭਦੈ, ਹਮੇਸ਼ਾਂ ਮੈਨੂੰ ਇਹ ਲਾਲ ਕਿਲ੍ਹੇ ਮੂਹਰੇ ਹਿੱਕ ਤਾਣ ਕੇ ਖੜਾ ਮਹਿਸੂਸ ਹੁੰਦੈ ਤੇ ਇਹਦੇ 'ਤੇ ਝੂਲਦਾ ਸਿਖਾਂ ਦਾ ਆਹ ਝੰਡਾ ਹਮੇਸ਼ਾਂ ਮੈਨੂੰ ਤਿਰੰਗੇ ਤੋਂ ਉੱਚਾ ਲੱਗਦੈ""ਇਹ ਤਾਂ ਤੇਰੀ ਗੱਲ ਠੀਕ ਐ ਕਿਸ਼ੋਰੀ, ਪਰ ਇਹਨਾਂ ਦੀ ਅਸਲ ਤਾਕਤ ਤਾਂ ਇਹਨਾਂ ਦਾ 'ਗ੍ਰੰਥ' ਐ" ਤੁਲਸੀ ਰਾਮ ਨੂੰ ਜਿਵੇਂ ਪਤਾ ਸੀ ਕਿ ਤਾਕਤ ਤਾਂ ਸਿਖ ਨੂੰ 'ਗੁਰਬਾਣੀ' ਹੀ ਬਖਸ਼ਦੀ ਹੈ।
"ਓ ਹੋਊ ਅਸਲ ਤਾਕਤ 'ਗ੍ਰੰਥ' , ਨਾਲੇ ਕੌਣ ਪੜ੍ਹਦੈ ਓਹਨੂੰ ਤੁਲਸੀ, ਕੋਈ ਵਿਰਲਾ ਟਾਵਾਂ ਸਿਖ ਤੇ ਐਸੇ ਸਿਖ ਦੀ ਕੋਈ ਨਈ ਸੁਣਦਾ। ਸਿਖਾਂ ਵਿਚ ਹੁਣ ਧਨਾਡ 'ਪ੍ਰਧਾਨ' ਨੇ ਤੇ ਇਹਨਾਂ ਸਰਮਾਏਦਾਰ ਸਿਖਾਂ ਵਿਚੋਂ ਕੋਈ ਕਦੇ ਕੋਈ ਇਸ ਨੂੰ ਨਹੀਂ ਪੜਦਾ ਹੋਣਾ ਕਿਉਂਕਿ ਜੇ ਪੜ੍ਹਦੇ ਹੋਣ ਤਾਂ ਠੱਗੀਆਂ ਠੋਰੀਆਂ ਕਰਕੇ ਧਨ ਕਿਉਂ ਇਕੱਠਾ ਕਰਨ....."
ਲਾਲਾ ਬੋਲ ਰਿਹਾ ਸੀ ਤਾਂ ਮੇਰਾ ਧਿਆਨ ਕੀਰਤਨ ਵੱਲ ਗਿਆ, ਸ਼ਬਦ ਚੱਲ ਰਿਹਾ ਸੀ,
"ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ"
"ਬਸ ਮੇਰਾ ਤਾਂ ਤੁਲਸੀ ਰਾਮ ਸਿਰਫ ਓਦੋਂ ਦਿਲ ਡੁੱਬਦੈ ਜਦੋਂ ਇਹ ਇਕੱਠੇ ਹੋ ਕੇ 'ਰਾਜ ਕਰੇਗਾ ਖਾਲਸਾ' ਬੋਲਦੇ ਐ...... ਮੇਰੇ ਦਿਲ 'ਚ ਧੜਕੂ ਜਿਹਾ ਉੱਠਦੈ ਤੇ ਮੈਨੂੰ ਪਿਛਲਾ ਸਭ ਕੁਝ ਚੇਤੇ ਆਉਣ ਲੱਗਦੈ"
ਇਹਨਾਂ ਦੋਹਾਂ ਲਾਲਿਆਂ ਦੀਆਂ ਗੱਲਾਂ ਤੋਂ ਮੈਨੂੰ ਇੰਝ ਲੱਗਿਆ ਜਿਵੇ ਇਹ ਦੋਵੇਂ ਸਿਖਾਂ ਨੂੰ ਦੁਸ਼ਮਨ ਸਮਝਦੇ ਹੋਣ ਤੇ ਮੈਨੂੰ ਲੱਗਿਆ ਕਿ ਇਸ ਨਫਰਤ ਦਾ ਕੋਈ ਕਾਰਨ ਵੀ ਹੋਵੇਗਾ। ਸ਼ਾਇਦ ਖਾੜਕੂਵਾਦ ਵੇਲੇ ਇਹਨਾਂ ਦਾ ਕੁਝ ਨੁਕਸਾਨ………, ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਹਨਾਂ ਵਿਚੋਂ ਇਕ ਨੇ ਬੋਲਣਾ ਸ਼ੁਰੂ ਕੀਤਾ।
“ਤੈਨੂੰ ਯਾਦ ਐ ਕਿਸ਼ੋਰੀ? ਆਪਣੀ ਕੱਪੜੇ ਦੀ ਦੁਕਾਨ, ਹਜ਼ਾਰਾਂ-ਲੱਖਾਂ ਦਾ ਕਾਰੋਬਾਰ, ਹਰ ਰੋਜ਼ ਦੇ ਸੈਂਕੜੇ ਗਾਹਕ। ਕਿੰਨੀਆਂ ਖੁਸ਼ੀਆਂ ਹੁੰਦੀਆਂ ਸਨ ਓਦੋਂ……”
“ਕੁਝ ਨਹੀਂ ਭੁੱਲਿਆ ਭਰਾਵਾ, ਸਭ ਕੁਝ ਯਾਦ ਐ। ਪੰਜਾਂ ਦੁਕਾਨਾਂ ਜਿੱਡੀ ਆਪਣੀ ਇਕ ਦੁਕਾਨ, ਲੱਖਾਂ ਦਾ ਕੱਪੜਾ ਤੇ…… ਤੇ…… ਸਭ ਕੁਝ ਪਲਾਂ ਵਿਚ ਸਵਾਹ…… ਕੁਝ ਨਹੀਂ ਭੁੱਲਿਆ।”
ਉਹ ਦੋਵੇਂ ਕੁਝ ਚਿਰ ਲਈ ਚੁੱਪ ਹੋ ਗਏ। ਮੈਨੂੰ ਹੁਣ ਤੱਕ ਇਹ ਪਤਾ ਲੱਗ ਚੁੱਕਾ ਸੀ ਕਿ ਉਹ ਦੋਵੇਂ ਸਕੇ ਭਰਾ ਸਨ ਤੇ ਉਹਨਾਂ ਦਾ ਪੁਰਾਣਾ ਕੋਈ ਕੱਪੜੇ ਦਾ ਕਾਰੋਬਾਰ ਸੀ ਜਿਸ ਦਾ ਨੁਕਸਾਨ ਹੋ ਗਿਆ ਸੀ। ਪਰ ਕਿਵੇਂ………? ਮੇਰੀ ਜਾਨਣ ਦੀ ਇੱਛਾ ਵਧ ਰਹੀ ਸੀ। ਏਧਰ ਮਾਤਾ ਉਸੇ ਤਰ੍ਹਾਂ ਸਿਰ ਨੀਵਾਂ ਕਰਕੇ ‘ਗੁਰਬਾਣੀ’ ਸਰਵਣ ਕਰ ਰਹੀ ਸੀ।
“ਤੁਲਸੀ…… ਕੀ ਤੈਨੂੰ ਅੱਜ ਤੱਕ ਕੁਝ ਪਤਾ ਨਈ ਲੱਗਾ ਕਿ ਉਹ ਅੱਗ ਕਿਸ ਨੇ ਲਗਾਈ ਸੀ…… ਕਿਸ ਨੇ ਸਾਡਾ ਵਸਦਾ ਰਸਦਾ ਸੰਸਾਰ ਉਜਾੜਿਆ ਸੀ……… ਕੀ ਕੋਈ ਸੂਹ ਨਹੀਂ ਮਿਲੀ ਉਸਦੀ ਜਿਸ ਨੇ ਸਾਡਾ ਏਨਾ ਨੁਕਸਾਨ ਕੀਤਾ ਸੀ……?”
“ਤੈਨੂੰ ਦੱਸਿਆ ਨ੍ਹੀ ਦੁਰਗਾ ਭਾਬੀ ਨੇ, ਮੈਂ ਤਾਂ ਉਸ ਨੂੰ ਦੱਸ ਦਿੱਤਾ ਸੀ ਸਭ ਕੁਝ……?”
“ਉਸ ਨੇ ਤਾਂ ਮੈਨੂੰ ਕੁਝ ਨਹੀਂ ਦੱਸਿਆ…… ਕੀ ਕੁਝ ਪਤਾ ਲੱਗ ਗਿਆ ਸੀ?” ਕਿਸ਼ੋਰੀ ਹੈਰਾਨੀ ਨਾਲ ਬੋਲਿਆ।
“ਸ਼ਾਇਦ ਉਸ ਨੇ ਸੋਚਿਆ ਹੋਣੈ ਬੀ ਤੁਸੀਂ ਪਹਿਲਾਂ ਹੀ ਏਨੇ ਪ੍ਰੇਸ਼ਾਨ ਰਹਿੰਦੇ ਹੋ, ਐਵੇਂ ਹੋਰ ਦੁਖੀ ਹੋਵੋਗੇ, ਨਾਲੇ ਕੋਈ ਬਹੁਤਾ ਚਿਰ ਨ੍ਹੀ ਹੋਇਆ ਥੋੜਾ ਚਿਰ ਪਹਿਲਾਂ ਈ ਪਤਾ ਲੱਗਿਐ ਸਾਰਾ ਕੁਝ”
“ਉਹ ਦੁੱਖ…… ਉਹ ‘ਨੁਕਸਾਨ’ ਤਾਂ ਮੈਨੂੰ ਸਾਰੀ ਉਮਰ ਨਈਂ ਭੁੱਲਣਾ ਤੁਲਸੀ, ਪਰ ਤੂੰ ਦੱਸ ਤਾਂ ਸਹੀ” ਕਿਸ਼ੋਰੀ ਸਭ ਕੁਝ ਜਾਨਣਾ ਚਾਹੁੰਦਾ ਸੀ।
“ਤੈਨੂੰ ਯਾਦ ਹੈ ਜਦੋਂ ਜੂਨ 84 ਵਿਚ ਹਮਲੇ ਤੋਂ ਬਾਅਦ ਆਪਾਂ ਖੁਸ਼ੀ ਵਿਚ ਆਪਣੀ ਦੁਕਾਨ ਦੇ ਬਾਹਰ ਭਾਰਤੀ ਫੌਜੀਆਂ ਲਈ ਲੱਡੂ ਅਤੇ ਛੋਲੇ ਭਟੂਰੇ ਬਣਾ ਰਹੇ ਸੀ…… ਤਾਂ ਇਕ ਭੱਜਿਆ ਆਉਂਦਾ ਸਿਖ ਮੁੰਡਾ ਬਾਊ ਜੀ ਵਿਚ ਵੱਜਿਆ ਸੀ……”
“ਹਾਂ, ਹਾਂ ਮੈਨੂੰ ਸਭ ਯਾਦ ਹੈ……, ਉਹ ਖਿੱਲਰੇ ਜਹੇ ਵਾਲਾਂ ਵਾਲਾ ਮੁੰਡਾ ਅੰਨ੍ਹੇਵਾਹ ਭੱਜਿਆ ਆਉਂਦਾ ਬਾਊ ਜੀ ਵਿਚ ਵੱਜਿਆ ਸੀ ਤੇ ਬਾਊ ਜੀ ਤੇਲ ਵਾਲੇ ਕੜਾਹੇ ਵਿਚ ਡਿੱਗਦੇ ਆਪਾਂ ਬਚਾਏ ਸਨ। ਪਰ ਬਚਾਂਦੇ ਬਚਾਂਦੇ ਵੀ ਬਾਊ ਜੀ ਦਾ ਇਕ ਪਾਸਾ ਸਾਰਾ ਗਰਮ ਤੇਲ ਨਾਲ ਝੁਲਸ ਗਿਆ ਸੀ………”
“ਹਾਂ, ਉਹੀ ਮੁੰਡਾ…… ਅਸਲ ਵਿਚ ਉਹ ਕੋਈ ਆਮ ਮੁੰਡਾ ਨਹੀਂ ਸੀ ਬਹੁਤ ‘ਖਤਰਨਾਕ ਅੱਤਵਾਦੀ’ ਸੀ। ਆਪਾਂ ਸੋਚਿਆ ਕਿ ਉਸ ਦੇ ਮਗਰ ਭੱਜੇ ਜਾਂਦੇ ਫੌਜੀਆਂ ਨੇ ਉਸ ਨੂੰ ਮਾਰ ਦਿੱਤਾ ਹੋਵੇਗਾ…… ਪਰ ਉਹ ਬਚ ਗਿਆ ਸੀ। ਉਸ ਨੇ ਭੱਜੇ ਜਾਂਦੇ ਨੇ ਆਪਾਂ ਨੂੰ ਲੱਡੂ ਵੰਡਦੇ ਵੇਖ ਲਿਆ ਸੀ ਤੇ ਆਪਣੀ ਦੁਕਾਨ ਵੀ ਪਛਾਣ ਲਈ ਸੀ……… ਬਸ ਕਹਿੰਦੇ ਨੇ ਉਸੇ ‘ਅੱਤਵਾਦੀ’ ਨੇ ਏਸ ਗੁੱਸੇ ਵਿਚ ਕਿ ਇਹਨਾਂ ਨੇ ਹਮਲੇ ਦੀ ਖੁਸ਼ੀ ਵਿਚ ਲੱਡੂ ਵੰਡੇ ਸਨ, ਆਪਣੀ ਦੁਕਾਨ ਸਾੜ ਦਿੱਤੀ ਸੀ……”
“ਹੈਅ ਤੇਰਾ ਕੱਖ ਨਾ ਰਹੇ ਦੁਸ਼ਟਾ…… ਅਸੀਂ ਤੇਰਾ ਕੀ ਵਿਗਾੜਿਆ ਸੀ…… ਲੱਡੂ ਜਲੇਬੀਆਂ ਤਾਂ ਸ਼ਹਿਰ ਦੇ ਕਈ ਹਿੰਦੂ ਪਰਿਵਾਰਾਂ ਨੇ ਵੰਡੇ ਸਨ…… ਫੇਰ ਸਾਨੂੰ ਹੀ ਕਿਉਂ…… ਬਾਊ ਜੀ ਓਸ ਘਟਨਾਂ ਤੋਂ ਪਿੱਛੋਂ ਸਦਮੇਂ ਨਾਲ ਕਦੇ ਮੰਜੇ ਤੋਂ ਨਹੀਂ ਉੱਠੇ…… ਵੇਖਲਾ ਤੁਲਸੀ ਅੱਜ ਨੂੰ ਆਪਣਾ ਕਾਰੋਬਾਰ ਅਰਬਾਂ ਦਾ ਹੋਣਾ ਸੀ……… ਜੇ ਇਕੱਲੀ ਦੁਕਾਨ ਦੀ ਕੀਮਤ ਹੀ ਵੇਖਣੀ ਹੋਵੇ ਤਾਂ 8-10 ਕਰੋੜ ਤੋਂ ਘੱਟ ਨਹੀਂ ਹੋਣੀ ਸੀ……”
“ਚੱਲ ਛੱਡ ਕਿਸ਼ੋਰੀ ਹੁਣ ਪੁਰਾਣੀਆਂ ਗੱਲਾਂ ਨੂੰ, ਐਵੇਂ ਜਖ਼ਮ ਹਰੇ ਹੋਣਗੇ……, ਓਸ ‘ਨੁਕਸਾਨ’ ਦੀ ਭਰਪਾਈ ਨ੍ਹੀ ਕਦੇ ਹੋ ਸਕਦੀ, ਚੱਲ ਉੱਠ ਦਿਲ ਹੌਲਾ ਨਾ ਕਰ, ਚੱਲ ਘਰ ਨੂੰ ਚੱਲੀਏ” ਦੋਹਾਂ ਦੀਆਂ ਅੱਖਾਂ ਵਿਚ ਹੰਝੂ ਸਨ।
“ਸੱਚ ਪੁੱਛੇ ਨਾ ਤੁਲਸੀ ਤਾਂ ਇਹ ਥਾਂ ਵੀ ਮੈਨੂੰ ਹੁਣ ਵਿਹੁ ਵਰਗੀ ਲੱਗਣ ਲੱਗ ਪਈ ਹੈ…… ਚੱਲ ਛੇਤੀ ਏਥੋਂ ਚੱਲੀਏ”
ਜਾਂਦੇ ਜਾਂਦੇ ਲਾਲੇ ਕਿਸ਼ੋਰੀ ਨੇ ‘ਅਕਾਲ ਤਖਤ ਸਾਹਿਬ’ ਨੂੰ ਬੜੇ ਭੈੜੇ ਤਰੀਕੇ ਨਾਲ ਵੇਖਿਆ। ਜਿਵੇਂ ਕੋਈ ਕਿਸੇ ਪੁਰਾਣੇ ‘ਦੁਸ਼ਮਨ’ ਨੂੰ ਦੂਰੋਂ ਵੇਖਦਾ ਹੈ। ਉਹ ਤਾਂ ਚਲੇ ਗਏ, ਪਰ ਮੈਨੂੰ ਉਹਨਾਂ ਦੋਹਾਂ ‘ਤੇ ਅੰਦਰੋ ਅੰਦਰੀ ਬਹੁਤ ਗੁੱਸਾ ਚੜ੍ਹ ਰਿਹਾ ਸੀ। ‘ਦਰਬਾਰ ਸਾਹਿਬ’ ‘ਅਕਾਲ ਤਖਤ ਸਾਹਿਬ’ ਅਤੇ ਪੂਰੀ ਸਿਖ ਕੌਮ ਦੇ ਕਦੇ ਨਾ ਪੂਰੇ ਹੋਣ ਵਾਲੇ ‘ਨੁਕਸਾਨ’ ‘ਤੇ ਲੱਡੂ ਵੰਡਣ ਵਾਲਿਆਂ ਨੂੰ ਆਪਣੀ ਇਕ ਦੁਕਾਨ ਦੇ ‘ਨੁਕਸਾਨ’ ਦਾ ਕਿੱਡਾ ਗੁਸਾ ਚੜ੍ਹ ਰਿਹਾ ਸੀ। ਜੇ ‘ਰੱਬ ਦੇ ਘਰ-ਹਰਿਮੰਦਰ’ ਤੇ ‘ਰੱਬ ਦੇ ਤਖਤ-ਅਕਾਲ ਤਖਤ’ ਦੇ ਢਾਹੇ ਜਾਣ ‘ਤੇ ਕੋਈ ਖੁਸ਼ੀ ਮਨਾਵੇ ਤਾਂ ਉਸਦਾ ਆਪਣਾ ਭਲਾ ਕਿੱਥੋਂ ਹੋਵੇਗਾ।
ਖੈਰ ਉਹਨਾਂ ਦੇ ਚਲੇ ਜਾਣ ਤੋਂ ਪਿੱਛੋਂ ਮੇਰਾ ਧਿਆਨ ਦੂਜੇ ਪਾਸੇ ਬੈਠੀ ਮਾਤਾ ਵੱਲ ਗਿਆ। ਉਹ ਸਿਰ ਉਤਾਹ ਚੱਕੀ ਬਿਲਕੁਲ ਸਿੱਧੀ ਹੋਈ ਬੈਠੀ ਸੀ, ਅਕਸਰ ਇਸ ਉਮਰ ਵਿਚ ਬਜ਼ੁਰਗਾਂ ਦੀ ਪਿੱਠ ਬਿਲਕੁਲ ਸਿੱਧੀ ਨਹੀਂ ਹੁੰਦੀ, ਪਰ ਉਸ ਮਾਤਾ ਵਿਚ ਪਤਾ ਨਹੀਂ ਕਿੱਥੋਂ ਅੰਤਾਂ ਦਾ ਜੋਰ ਆ ਗਿਆ ਸੀ ਉਹ ਚੌਕੜਾ ਮਾਰੀ ਸਰੀਰ ਅਕੜਾ ਕੇ ਬੈਠੀ ਸੀ। ਉਸਦਾ ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ ਸੀ ਪਰ ਥੱਕਿਆ ਹਰਹਿਜ਼ ਨਹੀਂ ਸੀ ਜਿਵੇਂ ਮੈਨੂੰ ਪਹਿਲਾਂ ਪ੍ਰਤੀਤ ਹੋਇਆ ਸੀ। ਮੈਂ ਉਸ ਨੂੰ ਜਾਣਦਾ ਸੀ ਤੇ ਪਛਾਣਦਾ ਵੀ ਸੀ। ਇਹ ਉਹੀ ਵੱਡੇ ਜੇਰੇ ਵਾਲੀ ਮਾਤਾ ਸੀ ‘ਨੂਰੀ’। ਭੰਮੇ ਕਲਾਂ ਵਾਲੀ ‘ਮਾਤਾ ਨੂਰੀ’। ਬਸ਼ੀਰ ਮੁਹੰਮਦ ਉਰਫ ਭਾਈ ਲਛਮਨ ਸਿੰਘ ਨੂੰ ਜੰਮਣ ਵਾਲੀ ਮਾਤਾ ‘ਨੂਰੀ’। ਪਰ ਮੈਂ ਹੈਰਾਨ ਸੀ ਕਿ ਇਕਦਮ ਉਸ ਵਿਚ ਏਨਾ ਨੂਰ ਕਿਵੇਂ ਆ ਗਿਆ ਸੀ ਕਿ ਉਸ ਦੇ ਚਿਹਰੇ ਵੱਲ ਤੱਕਿਆ ਵੀ ਨਹੀਂ ਸੀ ਜਾ ਰਿਹਾ। ਮੈਂ ਵੇਖਿਆ ਕਿ ਉਹ ਥੋੜਾ ਮੁਸਕੁਰਾ ਵੀ ਰਹੀ ਸੀ। ਥੋੜਾ ਧਿਆਨ ਉਸ ਵੱਲੋਂ ਹਟਾ ਕੇ ਜਦ ਮੈਂ ਕੀਰਤਨ ਵਾਲੇ ਪਾਸੇ ਕੀਤਾ ਤਾਂ ਮੈਂ ਸਾਰੀ ਗੱਲ ਸਮਝ ਗਿਆ, ਮੈਨੂੰ ਸ਼ਬਦ ਸੁਣਿਆਂ,
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥”
ਉਸ ਦੀ ਮੁਸਕੁਰਾਹਟ ਅਜੇ ਵੀ ਕਾਇਮ ਸੀ, ਰਾਗੀ ਸਿੰਘ ਗਾਇਨ ਕਰ ਰਹੇ ਸਨ,
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥”
ਮੈਂ ਲਗਾਤਾਰ ਹੈਰਾਨ ਹੋਈ ਜਾ ਰਿਹਾ ਸੀ ਕਿ ਇਹ ਉਹੀ ਦੁਖਿਆਰੀ ਮਾਤਾ ਸੀ, ਜਿਸਦਾ ਪੁੱਤ ਜਦ ‘ਬੱਬਰਾਂ’ ਨਾਲ ਰਲ ਗਿਆ ਸੀ ਤਾਂ ਇਸਦੇ ਪਤੀ ਨੂੰ ਚੁੱਕ ਕੇ ਪੁਲਸ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਪਤਾ ਨਹੀਂ ਕਿੰਨੀ ਕੁ ਵਾਰ ਇਸ ਨੂੰ ਵੀ ਥਾਣੇ ਵਾਲੇ ਚੁੱਕ ਕੇ ਲਗਏ ਸਨ। ਫੇਰ ਇਸ ਨੇ ਇਹ ਖਬਰ ਵੀ ਅਡੋਲਤਾ ਨਾਲ ਸੁਣੀ ਕਿ ਕਲਕੱਤੇ ਇਕ ਮੁਕਾਬਲੇ ਵਿਚ ਇਸਦਾ ਪੁੱਤ, ਇਕਲੌਤਾ ਸਹਾਰਾ, ਪੁਲਸ ਨੇ ਮਾਰ ਦਿੱਤਾ ਸੀ……, ਨਾਲ ਹੀ ਇਸ ਦੀ ਬੇਕਸੂਰੀ ਨੂੰਹ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਸੀ ਤੇ ਉਸ ਦੇ ਪੇਟ ਵਿਚ ਸੱਤ ਮਹੀਨੇ ਦਾ ਬਾਲ…… ਉਸਨੂੰ ਵੀ ਸਰਕਾਰੀ ਗੋਲੀਆਂ ਚੀਰ ਗਈਆਂ ਸਨ।
ਕਿਸੇ ਨੇ ਪੁੱਛਿਆ, “ਮਾਤਾ ਤੇਰਾ ਪੁੱਤ ਮਾਰਤਾ ਸਰਕਾਰ ਨੇ, ਤੂੰ ਕੀ ਕਹਿਣਾ ਚਾਹੁੰਦੀ ਐਂ”
ਤੇ ਇਹ ਅੱਗੋਂ ਬੋਲੀ, “ਮਰਿਆ ਨੀ ਮੇਰਾ ਪੁੱਤ……, ਸ਼ਹੀਦ ਹੋਇਐ……, ਧਰਮ ਦੀ ਖਾਤਰ……, ਦੇਸ਼ ਦੀ ਖਾਤਰ ਕੁਰਬਾਨ ਹੋਇਐ……। ਸਾਡੇ ਮੁਸਲਮਾਨਾਂ ਵਿਚ ਬੱਕਰੇ ਨ੍ਹੀ ਝਟਕਾ ਦਿੰਦੇ, ਬਲੀ ਨ੍ਹੀ ਦਿੰਦੇ……, ਮੈਂ ਆਪਣੇ ਪੁੱਤ ਦੀ ਬਲੀ ਦਿੱਤੀ ਐ ‘ਖਾਲਸਥਾਨ’ ਲਈ। ਹਾਂ ਇਹ ਦੁੱਖ ਮੈਨੂੰ ਜਰੂਰ ਐ, ਬੀ ਏਸ ‘ਕੁੱਤੀ ਗੌਰਮਿੰਟ’ ਨੇ ਮੇਰੀ ਨਹੱਕੀ ਨੂੰਹ ਤੇ ਓਹਦੇ ਢਿੱਡ ਵਿਚਲਾ ਬੱਚਾ ਕਿਉਂ ਮਾਰਿਆ। ‘ਬੱਬਰ’ ਇਹਨਾਂ ਦੇ ਭਣੋਈਏ ਐ……… ਉਹਨਾਂ ਦੇ ਮੂਹਰੇ ਨੀ ਹੁੰਦੇ……, ਉਹਨਾਂ ਨਾਲ ਮੱਥਾ ਨੀ ਲਾਉਂਦੇ…… ਸਾਨੂੰ ਤੀਮੀਆਂ ਮਾਨੀਆਂ ਨੂੰ ਤੰਗ ਕਰਦੇ ਐ ਆਵਦੀ ਭੈਣ ਦੇ ਖਸਮ। ਮੇਰਾ ਪੁੱਤ ਜਦ ਕਦੇ ਪਿੰਡ ਆ ਜਾਂਦਾ ਸੀ ਨਾ ਤਾਂ ਚੌਕੀ ਆਲਾ ਥਾਣੇਦਾਰ ਕਹਿੰਦੇ ਨੇ ਥਾਣੇ ਨੂੰ ਅੰਦਰੋਂ ਜਿੰਦਾ ਲਾ ਲੈਂਦਾ ਸੀ। ਜਦ ਮੇਰਾ ਪੁੱਤ ਕੌਡੀ ਪਾਉਂਦਾ ਹੁੰਦਾ ਸੀ ਨਾ ਤਾਂ ਆਸ ਪਾਸ ਦੇ ਬੀਹ-ਪੱਚੀ ਪਿੰਡਾ ‘ਚੋਂ ਕੋਈ ਨੀ ਹੁੰਦਾ ਸੀ ਓਹਨੂੰ ਰੋਕਣ ਆਲਾ। ਮੈਨੂੰ ਮਾਣ ਐ ਮੇਰੇ ਸੂਰਮੇ ਪੁੱਤ ‘ਤੇ ਉਹ ਸ਼ੇਰਾਂ ਦੀ ਮੌਤ ਮਰਿਐ। ਉਹ ਕਿਸੇ ਐਕਸੀਡੈਂਟ ‘ਚ ਤਾਂ ਨੀ ਮਰਿਆ ਜਾਂ ਲੋਕਾਂ ਦੇ ਮੁੰਡਿਆਂ ਮਾਗੂੰ ਦਾਰੂ ਪੀ ਕੇ ਰੂੜੀ ‘ਤੇ ਪਿਆ ਤਾਂ ਨੀ ਮਰਿਆ। ਉਹ ਬਹਾਦਰਾਂ ਦੀ ਮੌਤ ਮਰਿਐ। ਮੇਰਾ ਪੁੱਤ ਪੁਲਸ ‘ਚ ਵੀ ਰਿਹੈ, ਪਰ ਉਸਨੂੰ ਓਹਦੇ ਪਿਉ ਨੇ ਕਿਹਾ ਸੀ ਬੀ ਪੁੱਤ ਕਿਸੇ ਤੀਮੀਂ ਦੇ ਮੂਹਰੇ ਉੱਚੀ ‘ਵਾਜ ‘ਚ ਨਾ ਬੋਲੀਂ, ਉਹ ਕਦੇ ਕਿਸੇ ਤੀਮੀਂ ਨੂੰ ਮੰਦਾ ਨੀ ਬੋਲਿਆਂ ਤੇ ਆਹ ਕੁਤੀ ਪੁਲਸ ਨੂੰ ਤਾਂ ਏਨਾ ਨੀ ਪਤਾ ਬੀ ਬੁੜ੍ਹੀਆਂ ਨਾਲ ਗੱਲ ਕਿਮੇਂ ਕਰੀਦੀ ਐ, ਗਾਲ ਤੋਂ ਬਿਨਾ ਨੀ ਬੋਲਦੇ ਹਰਾਮਜਾਦੇ……… ਕੋਈ ਨੀ ਪੁੱਤ ਗੋਲੀ ਇਹਨਾਂ ਲਈ ਵੀ ਬਣੂ, ਗੋਲੀ ‘ਕੱਲੀ ਸਿਖਾਂ ਦੇ ਪੁੱਤਾਂ ਲਈ ਤਾਂ ਨਈ…… ਇਹਨਾਂ ਨੂੰ ਵੀ ਮਿਲੂ ਕੀਤੇ ਦੀ ਸਜ਼ਾ………”
ਪਤੀ ਦੀ ਮੌਤ ਤੋਂ ਬਾਅਦ ਪੁੱਤਰ ਦੀ, ਨੂੰਹ ਦੀ ਤੇ ਅਣਜੰਮੇ ਵਾਰਸ ਦੀ ਮੌਤ ‘ਤੇ ਹੀ ਬੱਸ ਨਹੀਂ ਹੋਈ। ਪੁਲਸ ਨੇ ਮਾਤਾ ਦੇ ਜਵਾਈ ਸਦੀਕ ਮੁਹੰਮਦ ਨੂੰ ਵੀ ਲਾਪਤਾ ਕਰ ਦਿੱਤਾ ਜਾਂ ਕਹਿ ਲਉ ਲਾਵਾਰਸ ਲਾਸ਼ ਕਹਿ ਕੇ ਫੂਕ ਦਿੱਤਾ ਜਾਂ ਕਿਸੇ ਦਰਿਆ ਨਹਿਰ ਵਿਚ ਮੱਛੀਆਂ ਦੀ ਭੇਂਟ ਚਾੜ੍ਹ ਦਿੱਤਾ। ਫੇਰ ਜਦ ਘਰ ਵਿਚ ਕੋਈ ਮਰਦ ਨਹੀਂ ਬਚਿਆ ਤਾਂ ਪੁਲਸ ਦਾ ਕਹਿਰ ਮਾਤਾ ਤੇ ਇਸ ਦੀ ਧੀ ‘ਤੇ ਵਰ੍ਹਿਆ। ਕੁੱਟ-ਕੁੱਟ ਕੇ ਹੱਡੀਆਂ ਤੋੜ ਦਿੱਤੀਆਂ, ਪਰ ਮਾਤਾ ਅਡੋਲ ਰਹੀ ਤੇ ਜਦ ਵੀ ਬੋਲੀ ਉਸ ਨੇ ਸਰਕਾਰ ਨੂੰ ‘ਕੁੱਤੀ ਗੌਰਮਿੰਟ’ ਕਹਿ ਕੇ ਹੀ ਸੰਬੋਧਨ ਕੀਤਾ।
…… ਤੇ ਏਨਾਂ ਕਹਿਰ ਅਡੋਲਤਾ ਨਾਲ ਝੱਲਣ ਤੋਂ ਬਾਅਦ ਵੀ ਬੱਸ ਨਹੀਂ ਹੋਈ। ਅੱਜ ਪੁਲਸ ਨੇ ਮਾਤਾ ਦੀ ਦੋਹਤਰੀ ਬੀਬੀ ਪ੍ਰਵੀਨ ਕੌਰ ਨੂੰ ਕਰਨਾਲ ਥਾਣੇ ਵਿਚ ਬਰਫ ਦੀ ਸਿੱਲ ‘ਤੇ ਲਿਟਾਇਆ ਹੋਇਆ ਸੀ। 21 ਸਾਲ ਦੀ ਮਾਸੂਮ ਦਰਦ ਨਾਲ ਕਰਾਹ ਰਹੀ ਸੀ। ਪਰ ਜ਼ਾਲਮ ਹਾਕਮਾਂ ਦੀਆਂ ਡਿਕਸ਼ਨਰੀਆਂ ਵਿਚੋਂ ਤਰਸ ਨਾਮ ਦਾ ਸ਼ਬਦ ਗੁਆਚ ਗਿਆ ਸੀ। ਕੁੱਟ-ਕੁੱਟ ਕੇ ਬੱਚੀ ਦੀਆਂ ਹੱਡੀਆਂ ਭੰਨ ਸੁੱਟੀਆਂ ਸਨ।………… ਪਰ ਮਾਤਾ ਅਡੋਲ ਬੈਠੀ ਪ੍ਰਕਰਮਾਂ ਨਾਲ ਢੋਅ ਲਾਈ ਕੀਰਤਨ ਸੁਣ ਰਹੀ ਸੀ। ਸ਼ਬਦ ਚੱਲ ਰਿਹਾ ਸੀ,
“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥”
ਮੈਂ ਮਾਤਾ ਵੱਲ ਹੈਰਾਨੀ ਨਾਲ ਤੱਕ ਰਿਹਾ ਸੀ। ਮਾਤਾ ਦੇ ਅੱਜ ਤੱਕ ਦੇ ‘ਨੁਕਸਾਨ’ ਦਾ ਮੁਲੰਕਣ ਕਰ ਰਿਹਾ ਸੀ। ਮਾਤਾ ਦੇ ‘ਨੁਕਸਾਨ’ ਨੂੰ ਵੇਖ ਕੇ ਮੈਨੂੰ ਉਨ੍ਹਾਂ ਲਾਲਿਆਂ ਦੇ ‘ਨੁਕਸਾਨ’ ਦਾ ਚੇਤਾ ਵੀ ਆ ਰਿਹਾ ਸੀ ਜਿਹੜੇ ਹੁਣੇ ਏਥੋਂ ਪਿੱਟਦੇ ਗਏ ਸਨ। ਮੈਂ ਸੋਚ ਰਿਹਾ ਸੀ ਕਿ ਕਿਸ ਦਾ ‘ਨੁਕਸਾਨ’ ਜਿਆਦਾ ਵੱਡਾ ਹੈ ਉਹਨਾਂ ਲਾਲਿਆਂ ਦਾ, ਜਿਹੜੇ ਏਥੋਂ ਰੋਂਦੇ ਗਏ ਨੇ, ਜਾਂ ਇਸ ਬੁੱਢੀ ਮਾਤਾ ‘ਨੂਰੀ’ ਦਾ, ਜਿਹੜੀ ਅਡੋਲ ‘ਗੁਰੂ ਚਰਨਾ’ ਵਿਚ ਧਿਆਨ ਲਾਈ ਬੈਠੀ ਹੈ।
ਜਦ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਨਾ ਸ਼ੁਰੂ ਕੀਤਾ ਕਿ,
“ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥”
ਤਾਂ ਮੈਂ ਮਾਤਾ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਦੋ ਅੱਥਰੂ ਡੁੱਲਦੇ ਵੇਖੇ। ਉਹ ਪ੍ਰਕਰਮਾਂ ਵਿਚ ਲੰਬੀ ਪੈ ਗਈ। ਸ਼ਾਇਦ ਕੁਝ ਥੱਕ ਗਈ ਸੀ। ਉਸ ਨੂੰ ਪਈ ਨੂੰ ਤੱਕ ਕੇ ਮੈਨੂੰ ਚਰਨ ਸਿੰਘ ਸਫਰੀ ਦਾ ਇਕ ਸ਼ੇਅਰ ਯਾਦ ਆ ਗਿਆ,
“ਦਾਤਾ ਤੇਰੀ ਪ੍ਰਕਰਮਾਂ ਦੇ ਪੱਥਰਾਂ ‘ਤੇ, ਬੁੱਢੀ ਮਾਂ ਕੋਈ ਅੱਥਰੂ ਵਹਾ ਰਹੀ ਏ,
ਮੋਏ ਪੁੱਤਰ ਦੀ ਲਾਸ਼ ਦੀ ਮਹਿਕ ਓਹਨੂੰ, ਤੇਰੇ ਪੱਥਰਾਂ ਵਿਚੋਂ ਵੀ ਆ ਰਹੀ ਏ”
ਮੈਂ ਉੱਠਣ ਦੇ ਬਹਾਨੇ ਮਾਤਾ ਦੇ ਪੈਰਾਂ ਨਾਲ ਹੱਥ ਛੁਹਾ ਕੇ ਮੱਥੇ ਨਾਲ ਲਾਏ ਤੇ ਅਕਾਲ ਪੁਰਖ ਅੱਗੇ ਜੋਦੜੀ ਕੀਤੀ ਕਿ, “ਹੇ ਸੱਚੇ ਪਾਤਸ਼ਾਹ, ਸਾਡੀਆਂ ਮਾਵਾਂ ਨੂੰ, ਸਾਰੇ ਪੰਥ ਦੀਆਂ ਮਾਵਾਂ ਨੂੰ ਇਸ ‘ਮਾਈ ਨੂਰੀ’ ਵਰਗਾ ਹੌਸਲਾ ਤੇ ਅਡੋਲਤਾ ਬਖਸ਼, ਸਾਰੀਆਂ ਮਾਵਾਂ ਦੀਆਂ ਕੁੱਖਾਂ ਨੂੰ ਭਾਗ ਲਾ ਕਿ ਉਹ ਬਸ਼ੀਰ ਮੁਹੰਮਦ ਵਰਗੇ ਦਲੇਰ ਪੁੱਤ ਜੰਮ ਸਕਣ ਤੇ ਉਹ ਮਾਵਾਂ ਦੀਆਂ ਕੁੱਖਾਂ ਸੁਲੱਖਣੀਆਂ ਕਰ ਸਕਣ, ਹੇ ਅਕਾਲ ਪੁਰਖ ਅੱਜ ਸਾਨੂੰ ਸਿਰਫ ਇਕ ਨਹੀਂ ਲੱਖਾਂ ਅਜਿਹੀਆਂ ਮਾਵਾਂ ਦੀ ਲੋੜ ਹੈ ਤਾਂ ਕਿ ਅਸੀਂ ਕੌਮ ਨੂੰ ਬਾਹਮਣਵਾਦੀ ਗਲਬੇ ਹੋਠੋਂ ਕੱਢ ਕੇ ਆਜ਼ਾਦ ਕਰਵਾ ਸਕੀਏ, ਹੇ ਵਾਹਿਗੁਰੂ ਸਾਰੀਆਂ ਮਾਵਾਂ ਨੂੰ ਇਹ ਹਿੰਮਤ ਬਖਸ਼ ਕਿ ਉਹ ਆਪਣੇ ਪੁੱਤ ਪੰਥ ਉੱਤੋਂ ਦੀ ਨਿਛਾਵਰ ਕਰ ਦੇਣ, ਹੇ ਪ੍ਰਮਾਤਮਾਂ ਮਿਹਰ ਕਰ, ਦਇਆ ਕਰ……”
ਅਰਦਾਸ ਕਰ ਕੇ ਮੱਥਾ ਟੇਕ ਕੇ ਮੈਂ ਜਦ ਤੁਰਨ ਲੱਗਿਆ ਤਾਂ ਮੈਂ ‘ਮਾਈ ਨੂਰੀ’ ਵੱਲ ਦੇਖਿਆ। ਉਹ ਉੱਥੇ ਉਸੇ ਤਰ੍ਹਾਂ ਪਈ ਸੀ, ਅਡੋਲ। ਜਿਵੇਂ ਉਸਦਾ ਕੋਈ ‘ਨੁਕਸਾਨ’ ਹੋਇਆ ਹੀ ਨਾ ਹੋਵੇ………

ਜਗਦੀਪ ਸਿੰਘ ਫਰੀਦਕੋਟ

No comments: