Monday, April 19, 2010

‘ਪੰਥ ਚਲੈ ਤਬ ਜਗਤੁ ਮਹਿ ਜਬ ਤੁਮ ਕਰਹੁ ਸਹਾਇ’


ਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਤਾਂ ‘ਮੁਆਫੀ’…… ਕਿਉਂਕਿ ਅਸੀਂ ਕਈ ਵਾਰ ਤੁਹਾਨੂੰ ਵਿਸਾਰ ਕੇ ਹੋਰ ਰਾਹਾਂ ‘ਤੇ ਤੁਰੇ…… ਅਸੀਂ ਤੁਹਾਡੇ ਵੱਲ ਪਿੱਠ ਕੀਤੀ…… ਤੁਹਾਨੂੰ ਬੇਦਾਵਾ ਦਿੱਤਾ। ਭਾਈ ਮਹਾਂ ਸਿੰਘ ਜੀ ਦਾ ਬੇਦਾਵਾਂ ਤਾਂ ਤੁਸੀਂ ਪਲ ਵਿਚ ਪਾੜ ਦਿੱਤਾ ਸੀ…… ਪਰ ਪਾਤਸ਼ਾਹ ਅਸੀਂ ਤਾਂ ਏਨੀਆਂ ਗਲਤੀਆਂ ਕਰੀ ਬੈਠੇ ਹਾਂ ਕਿ ‘ਬੇਦਾਵਾ ਪਾੜ ਦਿਓ’ ਕਹਿਣ ਦੇ ਹੱਕਦਾਰ ਵੀ ਨਹੀਂ, ਤੇ ਨਾਲੇ ਹੱਕਦਾਰ ਤਾਂ, ਤਾਂ ਹੋਈਏ ਜੇ ਅਸੀਂ ਸਿਰਫ ਤੁਹਾਡੇ ’ਤੇ ਟੇਕ ਰੱਖੀ ਹੋਵੇ…… ਅਸੀਂ ਤਾਂ ਕਈ ਵਾਰੀ ਤੁਹਾਨੂੰ ਵਿਸਾਰ ਕੇ ਕਈਆਂ ਨੂੰ ਪਿਓ ਬਣਾਇਆ ਹੈ। ਕਦੇ ਕੁਰਸੀ ਖਾਤਰ, ਕਦੇ ਚੌਧਰ ਖਾਤਰ, ਕਦੇ ਪਦਾਰਥਾਂ ਖਾਤਰ ਤੇ ਕਦੇ…… ਕਦੇ…… ਕਦੇ।
ਪਾਤਸ਼ਾਹ, ਇਸ ਤੋਂ ਵੱਡੀ ਸਾਡੀ ਗਲਤੀ, ਬੱਜ਼ਰ ਗਲਤੀ ਕੀ ਹੋਵੇਗੀ ਕਿ ਅਸੀਂ ਤੁਹਾਡੇ ’ਤੇ ਵੀ ਉਂਗਲਾਂ ਚੁੱਕਣ ਲੱਗ ਪਏ। ਅਸੀਂ ਪਾਤਸ਼ਾਹ ਅੱਜ ਏਨੇ ਸਿਆਣੇ ਹੋ ਗਏ ਹਾਂ ਕਿ ਤੁਹਾਡੀਆਂ ਬਾਣੀਆਂ ਵਿਚ ਵੀ ਨਖੇੜਾ ਆਪ ਹੀ ਕਰਨ ਲੱਗ ਪਏ ਹਾਂ, ਜਾਂ ਸਿੱਧਾ ਕਹਿ ਲਓ ਕਿ ਅਸੀਂ ਆਪਣੇ ਆਪ ਨੂੰ ਤੁਹਾਡੇ ਤੋਂ (ਗੁਰੂ ਤੋਂ) ਵੀ ਵੱਡਾ ਸਮਝਣ ਲੱਗ ਪਏ ਹਾਂ। ਪਾਤਸ਼ਾਹ, ਪੰਥ ਨੂੰ ਸੇਧ ਦੇਣ ਵਾਲੇ ਤਕਰੀਬਨ ਸਾਰੇ (ਅ)ਵਿਦਵਾਨ ਅੱਜ ਬਹੁਤ ਜਰੂਰੀ ਕੰਮ ਵਿੱਚ ਰੁੱਝੇ ਹੋਏ ਹਨ। ਉਹ ਇਹ ਫੈਸਲਾ ਕਰ ਰਹੇ ਹਨ ਕਿ ਕਿਹੜੀ ਬਾਣੀ ਤੁਹਾਡੀ ਮੰਨਣੀ ਹੈ ਤੇ ਕਿਹੜੀ ਨਹੀਂ। ਏਥੇ ਹੀ ਬਸ ਨਹੀਂ ਕਈਆਂ ਨੂੰ ਤਾਂ ਵਿਚਾਰਿਆਂ ਨੂੰ ਰੋਟੀ ਖਾਣ ਦੀ ਵਿਹਲ ਵੀ ਨਹੀਂ ਮਿਲਦੀ, ਉਹ ਦਿਨ ਰਾਤ ਇਸੇ ਕੰਮ ਵਿਚ ਰੁੱਝੇ ਹੋਏ ਹਨ ਕਿ ਨਵੇਂ-ਨਵੇਂ ਮਸਲੇ (ਕਈ ਤਾਂ ਬਿਨਾ ਸਿਰ ਪੈਰ ਤੋਂ) ਲੱਭ ਕਿ ਲਿਆਂਦੇ ਜਾਣ ਤੇ ਕੌਮ ਦੀ ‘ਸੇਵਾ’? ਕੀਤੀ ਜਾਵੇ। ਪਰ ਪਾਤਸ਼ਾਹ ਕੀ ਪੰਥ ਵਿਚ ਬਿਲਕੁਲ ਏਕਤਾ ਨਾ ਹੋਣ ਦੇਣਾ ਤੇ ਕੌਮ ਨੂੰ ਫਾਲਤੂ ਦੇ ਮਸਲਿਆਂ ਵਿਚ ਉਲਝਾ ਕੇ ਕੌਮੀ ਸ਼ਕਤੀ ਨੂੰ ਨਸ਼ਟ ਕਰਨਾਂ ਹੀ ਸਭ ਤੋਂ ਵੱਡੀ ਸੇਵਾ ਹੈ?
ਇਹਨਾਂ ਵਿਚੋਂ ਕਈ (ਅ)‘ਵਿਦਵਾਨਾਂ’ ਨੂੰ ਤਾਂ ਪੰਥ ਵਿਚ ਕੁਝ ਵੀ ਚੰਗਾ ਨਹੀਂ ਲੱਗਦਾ। ਏਥੋਂ ਤੱਕ ਕਿ ਇਹ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਵੀ ‘ਨੁਕਸ’ ਕੱਢ ਰਹੇ ਹਨ (ਵਾਹਿਗੁਰੂ ਇਹਨਾਂ ਨੂੰ ਸੁਮੱਤ ਦੇਵੇ)।' ਕਈ ਵਾਰ ਤਾਂ ਜੀਅ ਕਰਦਾ ਹੈ ਕਿ ਇਹਨਾਂ ਨੂੰ ਜਾ ਕੇ ਕਹਿ ਦੇਈਏ ਕਿ ਜੇ ਸਿਖਾਂ ਵਿਚ ਸਭ ਕੁਝ ਮਾੜਾ ਹੀ ਹੈ ਤਾਂ ਫਿਰ ਹਿੰਦੂ ਬਣ ਜਾਓ ਜਾਂ ਕੋਈ ਹੋਰ ਧਰਮ ਗ੍ਰਹਿਣ ਕਰ ਲਓ…… ਨਾਲੇ ਸਾਡਾ ਖਹਿੜਾ ਛੁੱਟ ਜਾਉਗਾ।
ਪਾਤਸ਼ਾਹ, ਸਾਡੀਆਂ ਏਨੀਆਂ ਗਲਤੀਆਂ ਦੇ ਬਾਵਜੂਦ ਵੀ, ਭਾਵੇਂ ਅਸੀਂ ਹੱਕ ਤਾਂ ਨਹੀਂ ਰੱਖਦੇ ਕਿ ਤੁਹਾਨੂੰ ਕਹੀਏ ਕਿ ‘ਪੰਥ ਦੀ ਬਹੁੜੀ ਕਰੋ’।' ਪਰ ਤੁਹਾਡੇ ਬਿਨਾ ਸਾਡੀ ਬਾਂਹ ਹੋਰ ਕਿਸੇ ਨੇ ਨਹੀਂ ਫੜਣੀ। ਅੱਜ ਸਾਨੂੰ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕ ਪੈ ਰਿਹਾ ਹੈ ਉਸ ਸਭ ਦੀ ਵਜਹ ਅਸੀਂ ਖੁਦ ਹੀ ਹਾਂ ਤੇ ਇਹ ਪੂਰੀ ਇਮਾਨਦਾਰੀ ਨਾਲ ਸਵੀਕਾਰ ਵੀ ਕਰਦੇ ਹਾਂ।
ਨਾ ਅਸੀਂ ਡੋਗਰਿਆਂ, ਬਾਹਮਣਾ ਹੱਥ ਸ਼ਕਤੀ ਆਉਣ ਦਿੰਦੇ ਤੇ ਨਾ ‘ਖਾਲਸਾ ਰਾਜ’ ਖੁੱਸਦਾ। ਨਾ ਅਸੀਂ ਗਾਂਧੀ, ਨਹਿਰੂ ਵਰਗੇ ਸ਼ਾਤਰਾਂ ’ਤੇ ਭਰੋਸਾ ਕਰਦੇ ਤੇ ਨਾ ਕੌਮ ਨੂੰ ਅੱਜ ‘ਪਰਾਏ ਬਾਰਾਂ’ ’ਤੇ ਭਟਕਣਾ ਪੈਂਦਾ। ਪਰ ਪਾਤਸ਼ਾਹ ਸਾਡੀ ਲਡਿਰਸ਼ਿੱਪ ਦੀਆਂ ਗਲਤੀਆਂ ਦੀ ਸਜ਼ਾ ਸਾਨੂੰ ਕਿਉਂ ਮਿਲ ਰਹੀ ਹੈ। ਜਿਹਨਾਂ ਗਲਤੀਆਂ ਕੀਤੀਆਂ ਉਹ ਤਾਂ ਐਸ਼ ਦੀ ਜ਼ਿੰਦਗੀ ਭੋਗਦੇ ਮਰ ਗਏ ਤੇ ਕੁਝ ਅਜੇ ਵੀ ਭੋਗ ਰਗੇ ਹਨ। ਪਰ ਰੁਲ ਤਾਂ ਪਾਤਸ਼ਾਹ ਉਹ ਗਰੀਬ ਸਿਖ ਰਹੇ ਹਨ ਜਿਹਨਾਂ ਨੂੰ ਤੁਸੀਂ ‘ਪਾਤਸ਼ਾਹੀ’ ਬਖ਼ਸ਼ੀ ਸੀ। ……ਤੇ ਉਹ ਪਾਤਸ਼ਾਹੀ ਉਹਨਾਂ ਗਰੀਬ ਸਿਖਾਂ ਨੇ ਨਹੀਂ ਗਵਾਈ, ਸਗੋਂ ਗੱਦਾਰ ਤੇ ਧੋਖੇਬਾਜ਼ ਲੀਡਰਾਂ ਨੇ ਖੁਹਾਈ ਹੈ। ਪਾਤਸ਼ਾਹ ਮਿਹਰ ਕਰੋ ਤੇ ਇਸ ਮੱਕਾਰ ਲੀਡਰਸ਼ਿੱਪ ਤੋਂ ਕੌਮ ਦਾ ਖਹਿੜਾ ਛੁਡਾਓ।
ਗਰੀਬ ਸਿਖ ਤਾਂ ਪਾਤਸ਼ਾਹ ਅੱਜ ਵੀ ਸਿਧਾਂਤ ਤੋਂ, ਪੰਥ ਤੋਂ ਆਪਾ ਕੁਰਬਾਨ ਕਰਨ ਨੂੰ ਤਿਆਰ ਬੈਠੇ ਹਨ, ਤੇ ਕਰ ਵੀ ਰਹੇ ਹਨ…… ਬਸ ਝੋਰਾ ਤਾਂ ਇਸ ਗੱਲ ਦਾ ਹੈ ਕਿ ਕੋਈ ਬਾਂਹ ਫੜ੍ਹਣ ਵਾਲਾ ਨਹੀਂ। ਅੱਜ ਕੋਈ ਐਸਾ ਸੂਰਾ ਨਹੀਂ ਬਚਿਆ ਜਿਹੜਾਂ ਗਰਜ਼ਵੀਂ ਆਵਾਜ਼ ਵਿਚ ਕਹੇ, “ਪਰ ਜੇ ਕੋਈ, ਐਸੇ ਸਮੇਂ ਵਿਚ ਸ਼ਾਂਤੀ ਪੂਰਵਕ ਚੱਲਦਿਆਂ ਹੋਇਆਂ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰੇ, ਇਹ ਨਹੀਂ ਕਿ ਆਪਣੀਆਂ ਭੈਣਾਂ ਦੀ ਇੱਜ਼ਤ ਲੁਟਾ ਕੇ ਵੀ ਸ਼ਾਂਤੀ ਰੱਖਣੀ ਐਂ, ਐਸੀ ਆਗਿਆ ਨਹੀਂ, ਓਸ ਵੇਲੇ ਆਪਣਾ ਹੱਕ ਜਰੂਰ ਲੈਣੈ……” ਜਾਂ “ਅਸੀਂ 1947 ਵਿਚ ਟੋਪੀ ਤੇ ਜਨੇਊ ਨੂੰ ਆਜ਼ਾਦ ਕਰਵਾਇਐ ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਵਾਉਣੀ ਐਂ, ਇਹ ਗੁਲਾਮੀ ਦੇ ਥੱਲੇ ਨਈ ਰਹਿਣ ਦੇਣੀ”
ਏਥੇ ਤਾਂ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ। ਜਦੋਂ ਵੀਹਵੀ ਸਦੀ ਦੇ ਆਖਰੀ ਦਹਾਕਿਆਂ ਵਿਚ ਸਿਖ ਆਜ਼ਾਦੀ ਲਈ ਚੱਲ ਰਹੀ ਜੱਦੋ-ਜਹਿਦ ਪੂਰੇ ਜੋਬਨ ’ਤੇ ਸੀ ਤਾਂ ਉਦੋਂ ਇਹ ਪਖੰਡੀ ਤੇ ਗਦਾਰ ਰਾਜਨੇਤਾ ਖਾੜਕੂ ਸਿੰਘਾਂ ਅੱਗੇ ਹੱਥ ਜੋੜ ਕੇ ਖੜ੍ਹੇ ਰਹਿੰਦੇ ਸਨ ਤੇ ਦਿੱਲੀ ਦਰਬਾਰ ਨੂੰ ਗਾਲ੍ਹਾਂ ਕੱਢਦੇ ਥੱਕਦੇ ਨਹੀਂ ਸਨ। ਅੱਜ ਇਹਨਾਂ ਨੇ ਇਹੀ ਹੱਥ ਦਿੱਲੀ ਦਰਬਾਰ ਸਾਹਮਣੇ ਜੋੜੇ ਹੋਏ ਹਨ, ਜਾਂ ਕਹਿ ਲਓ ਅੱਡੇ ਹੋਏ ਹਨ, ਸੱਤਾ ਦੀ ਭੀਖ ਮੰਗਣ ਲਈ। ਖਾੜਕੂ ਸਿੰਘਾਂ ਨੂੰ ਜਥੇਦਾਰ-ਜਥੇਦਾਰ ਕਹਿੰਦੇ ਨਾ ਥੱਕਣ ਵਾਲੇ ਪਖੰਡੀ ਅੱਜ ਉਹਨਾਂ ਨੂੰ ਅੱਤਵਾਦੀ ਤੋਂ ਬਿਨਾਂ ਨਹੀਂ ਬੋਲਦੇ। ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਆਪਣੇ ਹੱਥੀਂ ਸਾੜਣ ਵਾਲੇ ਅੱਜ ਉਸੇ ਸੰਵਿਧਾਨ ਨੇ ਸਭ ਤੋਂ ਵੱਡੇ ਰਾਖੇ ਬਣੇ ਬੈਠੇ ਹਨ।
ਭਾਵੇਂ ਪਾਤਸ਼ਾਹ ਇਹਨਾਂ ਲੀਡਰਾਂ ਨੇ ਪੰਥ ਨਾਲ ਧ੍ਰੋਹ ਕਮਾਉਣ ਵਿਚ ਕੋਈ ਕਸਰ ਨਹੀਂ ਛੱਡੀ, ਪਰ ਫਿਰ ਵੀ ਅਣਖੀ ਸਿਖ ਖੁਨ ਜਦੋਂ ਵੀ ਲੋੜ ਪਈ ਹੈ ਡੁੱਲਦਾ ਰਿਹਾ ਹੈ। ਡੇਢ ਲੱਖ ਦੇ ਕਰੀਬ ਅਣਖੀਲੇ ਨੌਜੁਆਨ ਪਾਤਸ਼ਾਹ ਤੇਰੇ ਪੰਥ ਤੋਂ ਆਪਣੇ ਲਹੂ ਦਾ ਆਖਰੀ ਕਤਰਾ ਤੱਕ ਕੁਰਬਾਨ ਕਰ ਗਏ ਹਨ। ਸ਼ਹੀਦ ਭਾਈ ਇੰਦਰਜੀਤ ਸਿੰਘ ਕਰਨਾਲ ਤੋਂ ਲੈ ਕੇ ਸ਼ਹੀਦ ਭਾਈ ਦਿਲਾਵਰ ਸਿੰਘ ‘ਬੱਬਰ’ ਤੱਕ ਤੇ ਅੱਜ ਸ਼ਹੀਦ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਬਲਕਾਰ ਸਿੰਘ ਜਾਮਾਰਾਏ ਤੇ ਸ਼ਹੀਦ ਭਾਈ ਹਰਮੰਦਰ ਸਿੰਘ ਡੱਬਵਾਲੀ ਦੇ ਰੂਪ ਵਿਚ ਸੂਰਮੇਂ ਗੁਰੂ ਗ੍ਰੰਥ ਅਤੇ ਪੰਥ ਦੀ ਆਨ ਅਤੇ ਸ਼ਾਨ ਦੀ ਕਾਇਮੀਂ ਲਈ ਛਾਤੀਆਂ ਵਿਚ ਗੋਲੀਆਂ ਖਾ ਰਹੇ ਹਨ। ਕੁਰਬਾਨੀਆਂ ਕਰਨ ਵਾਲਿਆਂ ਦੀ ਅਜੇ ਵੀ ਕੋਈ ਘਾਟ ਨਹੀਂ,
‘ਅਸੀਂ ਅੱਜ ਵੀ ਮੀਰ ਹਾਂ ਆਸ਼ਕਾਂ ਦੇ ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ,
ਅਸੀਂ ਅੱਜ ਵੀ ਤਲੀ ’ਤੇ ਸੀਸ ਧਰਕੇ ਗਲ਼ੀ ਯਾਰ ਦੀ ਪਹੁੰਚਣਾ ਜਾਣਦੇ ਹਾਂ।’
ਅਜੇ ਵੀ ਕਈ ਭਾਈ ਜਗਤਾਰ ਸਿੰਘ ‘ਹਵਾਰੇ’ ਬੱਬਰ, ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਤੇਰੇ ਦੂਲੇ ਸ਼ੇਰ ਦਿੱਲੀ ਦਰਬਾਰ ਦੇ ਮੂਹਰੇ ਛਾਤੀਆਂ ਤਾਣ ਕੇ ਤਖ਼ਤੇ ’ਤੇ ਖੜ੍ਹੇ ਫਾਂਸੀ ਦੇ ਰੱਸੇ ਵਾਲ ਤੱਕ ਕੇ ਮੁਸਕੁਰਾ ਰਹੇ ਨੇ। ਸੱਚਮੁੱਚ ਪਾਤਸ਼ਾਹ ਅਜੇ ਵੀ ਸਾਡੀਆਂ ਰਗ਼ਾਂ ਵਿਚ ਤੁਹਾਡਾ ਖੂਨ ਵਹਿ ਰਿਹਾ ਹੈ, ਬਸ ਲੋੜ ਤਾਂ ਹੈ ਕਿਸੇ ਸੁਯੋਗ ਅਗਵਾਈ ਦੀ।
ਕੋਈ ਆਵੇ, ਜਿਹੜਾ ਪੰਜਾਬ ਦੀ ਆਜ਼ਾਦੀ ਦੀ ਖਾਤਰ ਜੂਝ ਕੇ ਸ਼ਹੀਦ ਹੋਏ ਲੱਖਾਂ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀਆਂ ਹੁਬਕੋ-ਹੁਬਕੀ ਰੋ ਰਹੀਆਂ ਮਾਵਾਂ ਦੇ ਹੰਝੂ ਪੂੰਝੇ ਤੇ ਉਹਨਾਂ ਦੀ ਗੋਦੀ ਵਿਚ ਸਿਰ ਰੱਖ ਕੇ ਉਹਨਾਂ ਨੂੰ ਪੁੱਤਰਾਂ ਵਾਲਾ ਆਸਰਾ ਦੇਵੇ, ਬੁੱਢੇ ਬਾਪੂਆਂ ਦੀ ਡੰਗੋਰੀ ਬਣੇ, ਧੀਆਂ ਦੇ ਸਿਰ ਪਲੂਸੇ ਤੇ ਪਿਉ ਬਣ ਕੇ ਉਹਨਾਂ ਦੀਆਂ ਡੋਲੀਆਂ ਤੋਰੇ। ਸਚੁਮੱਚ ਪਾਤਸ਼ਾਹ ਸ਼ਹੀਦਾਂ ਦੇ ਇਹ ਪਰਿਵਾਰ ਰੁਲ ਰਹੇ ਹਨ। ਇਹਨਾਂ ਦੇ ਪੁੱਤਰਾਂ ਨੇ ਪੰਥ ਤੋਂ ਜਾਨ ਵਾਰਨ ਲੱਗਿਆਂ ਨੇ ਪਲ ਨਹੀਂ ਲਾਇਆ…… ਤੇ ਕੀ ਪੰਥ ਦਾ ਇਹਨਾਂ ਪ੍ਰਤੀ ਕੋਈ ਫਰਜ਼ ਨਹੀਂ?....... ਕਿਸੇ ਦੇ ਮਕਾਨ ਦੀ ਛੱਤ ਡਿੱਗੀ ਹੋਈ ਹੈ…… ਕਿਸੇ ਦੀ ਧੀ ਕਾਲਜ (ਸ਼੍ਰੋਮਣੀ ਕਮੇਟੀ ਵਾਲਿਆਂ ਦੇ ਕਾਲਜ) ਵਾਲਿਆਂ ਨੇ ਫੀਸ ਨਾ ਦੇਣ ਕਾਰਨ ਕਾਲਜ ਵਿਚੋਂ ਕੱਢ ਦਿੱਤੀ ਹੈ…… ਕਿਸੇ ਦੀ ਕੁੜੀ ਦਾ ਮੁੰਡੇ ਵਾਲਿਆਂ ਨੇ ਰਿਸ਼ਤਾ ਛੱਡ ਦਿੱਤਾ ਹੈ ਇਹ ਕਹਿ ਕੇ ਕਿ “ਅਸੀਂ ਨ੍ਹੀਂ ਅੱਤਵਾਦੀਆਂ ਦੇ ਆਵਦਾ ਮੁੰਡਾ ਵਿਆਹੁਣਾ”…… ਪਾਤਸ਼ਾਹ ਕੌਣ ਫੜੇਗਾ ਇਹਨਾਂ ਵਿਲਕਦੇ ਪਰਿਵਾਰਾਂ ਦੀ ਬਾਂਹ, ਇਹਨਾਂ ਰੋਂਦਿਆਂ ਨੂੰ ਕੌਣ ਚੁੱਪ ਕਰਾਏਗਾ, ਕੀ ਕਦੇ ਇਹਨਾਂ ਦੇ ਘਰਾਂ ਵਿਚ ਵੀ ਖੁਸ਼ੀ ਆਏਗੀ?
ਸੁਣਿਆਂ ਹੈ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਸਿੰਘਾਂ ਨੇ ਰਾਤ ਨੂੰ ਚੜ੍ਹਦੀ ਕਲਾ ਵਾਲੀ ਅਰਦਾਸ ਕੀਤੀ ਪਰ ਅੰਤ ਵਿਚ ਇਹ ਸ਼ਬਦ ਵੀ ਕਹੇ,
“ਪੰਥ ਕੀ ਜੋ ਰਾਖੋਗੇ ਤੋਂ ਗ੍ਰੰਥ ਕੀ ਰਹੇਗੀ ਨਾਥ,
ਪੰਥ ਨਾ ਰਹੇਗਾ ਤੋਂ ਗ੍ਰੰਥ ਕੌਣ ਮਾਨੈਗੋ”
ਸਚੁਮੱਚ ਪਾਤਸ਼ਾਹ ਅੱਜ ਅਸੀਂ ਵੀ ਇਸੇ ਹਾਲਤ ਵਿਚ ਹਾਂ। ਜਦੋਂ ਅਸੀਂ ਪੜ੍ਹਦੇ ਹਾਂ,
“ਮਥੈ ਟਿਕਾ ਤੇੜਿ ਧੋਤੀ ਕਖਾਈ ॥
ਹਥਿ ਛੁਰੀ ਜਗਤ ਕਾਸਾਈ ॥”
“ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥”
“ਗੋਂਡ ॥
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ 'ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥2॥6॥”
“ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥
ਤਾਂ ਅਗਲੇ ਔਖੇ ਹੁੰਦੇ ਹਨ। ਸਾਡੀ ਕਥਾ ਵੀ ਸੈਂਸਰ ਹੋਣ ਲੱਗ ਪਈ ਹੈ। ਜਿਹੜੀ ਕਥਾ ਤੇ ਕੀਰਤਨ ਅਗਲਿਆਂ ਨੂੰ ਪ੍ਰਵਾਨ ਹੈ ਉਹੀ ਟੀ.ਵੀ. ’ਤੇ ਚੱਲਦਾ ਹੈ। ਨਹੀਂ ਤਾਂ ਅਗਲੇ ਕਹਿੰਦੇ, “ਹਮਾਰੀ ਧਾਰਮਿਕ ਭਾਵਨਾਓ ਕੋ ਠੇਸ ਪਹੰਚਦੀ ਹੈ”।'ਕੀ ਬਣੇਗਾ ਪਾਤਸ਼ਾਹ…… (ਕੁਝ ਸਾਲ ਪਹਿਲਾਂ ਗੋਇੰਦਵਾਲ ਸਾਹਿਬ ਵਿਖੇ ਕਰਵਾ ਚੌਥ ਵਾਲੇ ਦਿਨ ਕਿਸੇ ਸਿੰਘ ਨੇ ਵਰਤਾਂ ਬਾਰੇ ਗੁਰਬਾਣੀ ਦੇ ਵਿਚਾਰ ਸੰਗਤਾਂ ਨੂੰ ਸੁਣਾ ਦਿੱਤੇ ਤੇ ਉੱਥੋਂ ਦੀਆਂ ਸਾਰੀਆਂ ਹਿੰਦੂ ਜਥੇਬੰਦੀਆਂ ਦੇ ਮੈਂਬਰ ਉਸ ਸਿੰਘ ਨੂੰ ਧਮਕਾਉਣ ਲਈ ਇਕੱਠੇ ਹੋ ਕੇ ਆ ਗਏ। ਗੁਰਦੁਆਰਾ ਕਮੇਟੀ ਨੇ ਇਸ ਗੱਲ ’ਤੇ ਸਮਝੌਤਾ ਕੀਤਾ ਕਿ ਅੱਗੇ ਤੋਂ ਐਸੀ ਕਥਾ ਨਹੀਂ ਹੋਵੇਗੀ)…… ਕੱਲ ਨੂੰ ਇਹ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਗੱਲ ਨੂੰ ਆਧਾਰ ਬਣਾ ਕੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ’ਤੇ ਹੀ ਪਾਬੰਦੀ ਲਵਾਉਣ ਬਾਰੇ ਰੌਲਾ ਪਾਉਣਗੇ। ਤੇ ਫੇਰ ਕੀ ਅਸੀਂ ਗੁਰਬਾਣੀ ਵਿਚੋਂ ਉਹ ‘ਕਰੜੇ’ (ਇਹਨਾਂ ਅਨੁਸਾਰ) ਸ਼ਬਦ ਕੱਢ ਦੇਵਾਂਗੇ?
ਕਿਸੇ ਸੁਯੋਗ ਅਗਵਾਈ ਦੀ ਘਾਟ ਅਤੇ ਕਿਸੇ ਕਿਰਦਾਰ ਵਾਲੇ ਲੀਡਰ ਦੀ ਅਣਹੋਂਦ ਕਾਰਨ ਅੱਜ ਦੀ ਜਵਾਨੀ ਪੰਥ ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਬੇਦਾਵਾ ਦੇ ਰਹੀ ਹੈ। ਜਿਨ੍ਹਾਂ ਦੇ ਸਿਰ ਉੱਤੋਂ ਤੁਸੀਂ ‘ਚਾਰ’ ਵਾਰੇ ਅੱਜ ਉਹਨਾਂ ਦੀਆਂ ਸ਼ਕਲਾਂ ਵੀ ਤੁਹਾਡੇ ਨਾਲ ਨਹੀਂ ਮਿਲਦੀਆਂ। ਕਿਸੇ ਹੋਰ ਨਸਲ ਦੀ ਪਿਉਂਦ ਤੇਰੇ ਪੰਥ ਨੂੰ ਚੜ੍ਹਾ ਦਿੱਤੀ ਗਈ ਹੈ ਜਾਂ ਸਹੀ ਅਰਥਾਂ ਵਿਚ ਕੌਮ ਦੀ ਨਸਲਕੁਸ਼ੀ ਕਰ ਦਿੱਤੀ ਗਈ ਹੈ। ਅੱਜ ਆਪਣੇ ਵਿਰਸੇ ਨੂੰ ਭੁੱਲੀ ਇਸ ਪੀੜੀ ਨੇ ਸਾਰੀ ਸ਼ਰਮ ਲਾਹ ਕੇ ਸੁੱਟ ਦਿੱਤੀ ਹੈ। ਗਜ਼ਨੀ ਦੇ ਬਜ਼ਾਰਾਂ ਵਿਚ ਸ਼ਰੇਆਮ ਟਕੇ-ਟਕੇ ਨੂੰ ਵਿਕਦੀ ਲੋਕਾਂ ਦੀ ਇੱਜ਼ਤ ਨੂੰ ਬਚਾਉਣ ਵਾਲੇ ਸੂਰਮਿਆਂ ਦੇ ਵਾਰਸ (ਭਾਵੇਂ ਇਹ ਵਾਰਸ ਅਖਵਾਉਣ ਦੇ ਹੱਕਦਾਰ ਵੀ ਨਹੀਂ) ਅੱਜ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਲੁਟੇਰੇ ਬਣੇ ਬੈਠੇ ਨੇ। ਭੈਣਾਂ ਦੇ ਸਿਰਾਂ ਦੀਆਂ ਚੁੰਨੀਆਂ ਦੇ ਰਾਖੇ ਅੱਜ ਆਪਣੀਆਂ ਭੈਣਾਂ ਦੀਆਂ ਚੁੰਨੀਆਂ ਲੁਹਾ ਕੇ ਸਟੇਜ਼ ਉੱਤੇ ਹੱਥ ਫੜ੍ਹ ‘ਨਾਗ ਸਾਂਭ ਲੈ ਜ਼ੁਲਫਾਂ ਦੇ’ ਵਰਗੇ ਗਾਣਿਆਂ ’ਤੇ ਨੱਚਦੇ ਹਨ। …… ਤੇ ਬੇਗ਼ੈਰਤ ਮਾਪੇ ਥੱਲੇ ਕੁਰਸੀਆਂ ’ਤੇ ਬੈਠੇ ਨਾਲਦਿਆਂ ਨੂੰ ਦੱਸ ਰਹੇ ਹੁੰਦੇ ਹਨ, “ਸਾਡੀ ਦਵਿੰਦਰ (ਨਾਮ ਕੋਈ ਵੀ ਹੋ ਸਕਦਾ ਹੈ, ਹਰਿੰਦਰ, ਨਰਿੰਦਰ, ਲਖਵਿੰਦਰ, ਰਾਜਬੀਰ, ਹਰਲੀਨ ਆਦਿ ਕੋਈ ਵੀ, ਕਿਉਂਕਿ ਸਬ ਦਾ ਇਹੀ ਹਾਲ ਹੈ) ਕਿੰਨਾ ਸੋਹਣਾ ਨੱਚਦੀ ਹੈ ਨਾ…… ਇਹਨੂੰ ਤਾਂ ਜੀ ਬੱਸ ਨੱਚਣ ਦਾ ਹੀ ਸ਼ੌਂਕ ਹੈ…… ਜਦੋਂ ਇਹ ਛੋਟੀ ਜਹੀਂ ਹੁੰਦੀ ਸੀ ਲੱਕ ਤਾਂ ਓਦੋਂ ਹੀ ਬਹੁਤ ਵਧੀਆ ਹਿਲਾਉਣ ਲੱਗ ਪਈ ਸੀ…… ਨਖ਼ਰਾ ਤਾਂ ਜੀ ਇਸ ਵਿਚ ਓਦਾਂ ਹੀ ਬਹੁਤ ਐ…… ਸਾਰੇ ਕਾਲਜ਼ ‘ਚ ਇਸ ਦੀ ਨੱਚਣ ‘ਚ ਝੰਡੀ ਐ ਜੀ…… ਆਦਿ ਆਦਿ” ਦੱਸੋ ਕੀ ਪ੍ਰਾਪਤੀਆਂ ਗਿਣਾ ਰਹੇ ਨੇ ਆਵਦੀ ਲਾਡਲੀ ਦੀਆਂ, ਸਾਰੀਆਂ ਆਦਤਾਂ ਕੰਜਰਾਂ ਆਲੀਆਂ। ਤੇ ਅਜਿਹੀ ‘ਹੋਣਹਾਰ’? ਲਾਡਲੀ ਨੂੰ ਕਦੇ ਪੁੱਛੋ, “ਪੁੱਤ ਮਾਤਾ ਭਾਗ ਕੌਰ ਕੌਣ ਸੀ?” ਤਾਂ ਜਵਾਬ ਦੇਵੇਗੀ, “ਪਲੀਜ਼ ਅੰਕਲ…… ਮੈਨੂੰ ਬੋਰ ਨਾ ਕਰੋ…… ਹਿਸਟਰੀ ਬਾਰੇ ਮੈਨੂੰ ਕੁਝ ਨਹੀਂ ਪਤਾ” ਅਗਲਾ ਮਨ ਵਿਚ ਸੋਚਦਾ ਹੈ, “ਝੱਲੀਏ ਜੇ ਹਿਸਟਰੀ ਬਾਰੇ ਨਹੀਂ ਪਤਾ ਤਾਂ ਹੀ ਆਹ ਹਾਲ ਹੈ, ਨਹੀਂ ਤਾਂ ਤੂੰ ਕਦੇ ਨਚਾਰ ਨਾ ਬਣਦੀ।”
“ਤਾਗਾ ਤਾਗਾ ਹੋ ਜਾਂਦੀ ਕਬੀਲਦਾਰ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ,
ਪਾਰਸ ਮਿਟ ਜਾਂਦੀ ਅੱਖ਼ਰ ਗਲਤ ਵਾਂਗਰ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ”
ਇੱਕ ਇਕੱਲੀ ਦੀ ਗੱਲ ਨਹੀਂ ਪਾਤਸ਼ਾਹ ਸਾਰੀ ਕੌਮ ਹੀ ਨਚਾਰਾਂ ਦੀ ਬਣਦੀ ਜਾ ਰਹੀ ਹੈ। ਸਾਡੇ ਜੁਝਾਰੂਪੁਣੇ ਨੂੰ ਵੀ ਕੁੜੀਆਂ ਪਿੱਛੇ ਲੜ੍ਹ ਕੇ ਇੱਕ ਦੂਜੇ ਦੇ ਸਿਰ ਪਾੜ ਦੇਣ ਵਾਲੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਵਿਚ ਕੁਝ ਨਾ ਕੁਝ ਸੱਚਾਈ ਵੀ ਜ਼ਰੂਰ ਹੈ। ਸਾਡੇ ‘ਯੋਧੇ’ ਅੱਜ ਕੱਲ ਕੁੜੀਆਂ ਦੇ ਸਕੂਲਾਂ-ਕਾਲਜ਼ਾਂ ਦੇ ਗੇਟਾਂ ਮੂਹਰੇ ਜੋਰ ਅਜ਼ਮਾਇਸ਼ਾਂ ਕਰਦੇ ਹਨ। ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕੌਮ ਉੱਤੇ, ਦੇਸ ਪੰਜਾਬ ਉੱਤੇ ਝੁੱਲ ਰਹੀਆਂ ਕਾਲੀਆਂ, ਬੋਲੀਆਂ, ਤੂਫਾਨੀ ਹਨੇਰੀਆਂ ਨਾਲ। ਇਹਨਾਂ ਲਈ ਤਾਂ ਬਸ ਫੁੱਲ ਸਪੀਡ ’ਤੇ ਮੋਟਰ ਸਾਈਕਲ ਭਜਾ ਕੇ ਉਸਦਾ ਅਗਲਾ ਟਾਇਰ ਚੁੱਕ ਦੇਣਾ ਹੀ ਵੱਡੀ ਬਹਾਦਰੀ ਹੈ। ਅੱਬਲ ਤਾਂ ਇਹਨਾਂ ਨੂੰ ਸਾਰਾ ਦਿਨ ਮੋਬਾਇਲ ਹੀ ਵਿਹਲੇ ਨਹੀਂ ਹੋਣ ਦਿੰਦੇ ਤੇ ਜੇ ਕਿਤੇ ਵਿਹਲ ਮਿਲ ਵੀ ਜਾਵੇ ਤਾਂ ਜਰਦਾ, ਬੀੜੀਆਂ, ਗੋਲੀਆਂ, ਟੀਕੇ, ਸਮੈਕ, ਸ਼ਰਾਬ ਇਹਨਾਂ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ।
ਪਹਿਲਾਂ, ਜਦੋਂ ਇਹਨਾਂ ਵਿਚ ਮਾੜੀ ਮੋਟੀ ਅਣਖ ਜਿਉਂਦੀ ਸੀ, ਤਾਂ ਇਹ ਸਰਾਬ ਪੀ ਕੇ ਵੀ ਗਾਉਂਦੇ ਸਨ, “ਅੱਗ ਲਾ ਕੇ ਫੂਕ ਦੂ ਲੰਦਨ ਸ਼ਹਿਰ ਨੂੰ…… ਬੂਰਰਰਰਰਰ…… ਅਅਅਅਅਅ”
ਜਨਰਲ ਡਾਇਰ ਦੀਆਂ ਜ਼ਲ੍ਹਿਆਂ ਵਾਲੇ ਬਾਗ ਵਿਚ ਚਲਾਈਆਂ ਗੋਲੀਆਂ ਦਾ ਗੁੱਸਾ ਦਾਰੂ ਪੀ ਕੇ ਵੀ ਮਨ ਵਿਚ ਰੱਖਦੇ ਸਨ। ਪਰ ਹੁਣ ਕੌਮ ’ਤੇ ਜ਼ਲ੍ਹਿਆਂ ਵਾਲੇ ਬਾਗ਼ ਤੋਂ ਵੀ ਵੱਡੇ ਕਿੰਨੇ ਘੱਲੂਘਾਰੇ ਵਾਪਰ ਗਏ ਪਰ ਇਹਨਾਂ ਦੇ ਗੀਤਾਂ ਦਾ ਹਿੱਸਾ ਨਹੀਂ ਬਣੇ। ਇਹਨਾਂ ਕਦੇ ਦਿੱਲੀ ਵੱਲ ਮੂੰਹ ਕਰਕੇ ਨਹੀਂ ਕਿਹਾ, “ਢਾਹਵਾਂ ਦਿੱਲੀ ਦੇ ਕਿੰਗਰੇ……”
ਹੁਣ ਤਾਂ ਦਾਰੂ ਨਾਲ ਰੱਜ ਕੇ ਇਹ ਬੱਸ ਏਨਾ ਗਾਉਣ ਜੋਗੇ ਹੀ ਹਨ,
‘ਬਾਬੇ ਦੀ ਫੁੱਲ ਕਿਰਪਾ ਜੱਟ ਮਾਰਦਾ ਫਿਰੇ ਲਲਕਾਰੇ’
‘ਕਹਿੰਦਾ ਸੀ ਚਮਕੀਲਾ ਨਾਲੇ ਜਾਊ ਲਾਲ ਪਰੀ’ (ਚਮਕੀਲਾ ਵੇਖੋ ਇਹਨਾਂ ਨੇ ਮਹਾਂਪੁਰਖ ਲੱਭਿਆ)
‘ਜੇ ਪੀਣੀ ਛੱਡ ਤੀ ਜੱਟਾਂ ਨੇ ਫਿਰ ਕੌਣ ਮਾਰੂ ਲਲਕਾਰੇ’
ਜਿਵੇਂ ਜੇ ਲਲਕਾਰੇ ਨਾ ਵੱਜੇ ਤਾਂ ਪਤਾ ਨਈ ਕੌਮ ਦਾ ਜਾਂ ਮਨੁੱਖਤਾ ਦਾ ਕਿੱਡਾ ਕੁ ਵੱਡਾ ਨੁਕਸਾਨ ਹੋ ਜਾਏਗਾ। ਸ਼ਾਇਦ ਇਹਨਾਂ ਨੂੰ ਨਹੀਂ ਪਤਾ ਕਿ ਹੁਣ ਹਕੂਮਤਾਂ ਥੋਡੇ ਫੋਕੇ ਲਲਕਾਰਿਆਂ ਤੋਂ ਨਈ ਡਰਦੀਆਂ ਕਿਉਂਕਿ ਉਹਨਾਂ ਨੂੰ ਪਤੈ ਕਿ ਤੁਸੀਂ ਹੁਣ ਲਲਕਾਰੇ ਮਾਰ ਕੇ ਵੱਧ ਤੋਂ ਵੱਧ ਘਰਵਾਲੀ ਨੂੰ ਕੁੱਟ ਸਕਦੇ ਓ ਤੇ ਜਾਂ ਫਿਰ ਧੀਆਂ ਭੈਣਾਂ ਮੂਹਰੇ ਨੰਗੀਆਂ ਗਾਲ੍ਹਾਂ ਕੱਢ ਸਕਦੇ ਓ…… ਜ਼ਾਲਮ ਸਰਕਾਰਾਂ ਦਾ ਕੁਝ ਨਈ ਵਿਗਾੜ ਸਕਦੇ। ਤੇ ਜਿਹਨਾਂ, ਆਪਣੇ ਬਾਪੂਆਂ, ਦੇ ਸਿਰ ’ਤੇ ਇਹ ਲਲਕਾਰੇ ਮਾਰਦੇ ਨੇ ਉਹਨਾਂ ਦੀ ਹਾਲਤ ਵੀ ਪੁੱਛਿਆਂ ਹੀ ਜਾਣੀਦੀ ਹੈ। ਸਚੁਮੱਚ ਪਾਤਸ਼ਾਹ, ਲੋਕਾਂ ਦਾ ਢਿੱਡ ਭਰਨ ਵਾਲੇ ਤੇਰੇ ਕਿਰਤੀ ਪੁੱਤ ਅੱਜ ਕਰਜ਼ੇ ਦੇ ਬੋਝ ਥੱਲੇ ਪੀਸੇ ਗਏ ਹਨ ਤੇ ਵਿਚਾਰੇ ਨਿੱਤ ਦਿਹਾੜੀ ਗਲਾਂ ਵਿਚ ਫਾਹੇ ਪਾ ਕੇ ਖੁਦਕੁਸ਼ੀਆਂ ਕਰ ਰਹੇ ਹਨ।
ਚਾਰੇ ਪਾਸੇ ਹਨੇਰਾ ਹੈ ਪਾਤਸ਼ਾਹ। ਕੋਈ ਵੀ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਕੋਈ ਇੱਕ ਵੀ ਆਗੂ ਪੰਥ ਕੋਲ ਅਜਿਹਾ ਨਹੀਂ ਬਚਿਆ ਜਿਸ ਵੱਲ ਉਂਗਲ ਕਰ ਕੇ ਕਿਹਾ ਜਾ ਸਕਦਾ ਹੋਵੇ ਕਿ ਬਈ ਇਹ ਸੱਚਾ-ਸੁੱਚਾ, ਨਿਰਸੁਆਰਥ ਤੇ ਇਮਾਨਦਾਰ ਲੀਡਰ ਹੈ ਤੇ ਜੇ ਕੋਈ ਇੱਕ ਅੱਧਾ ਹੈ ਵੀ ਤਾਂ ਓਹਨੂੰ ਇਹਨਾਂ ਦੀ ਗੰਦੀ ਰਾਜਨੀਤੀ ਉੱਤੇ ਨਈ ਉੱਠਣ ਦਿੰਦੀ।
ਤੁਸੀਂ ਪਾਤਸ਼ਾਹ ਜੰਗ ਵਿਚ ਜਾਂਦੇ ਬਾਬਾ ਜੁਝਾਰ ਸਿੰਘ ਨੂੰ ਕਿਹਾ ਸੀ,
‘ਬੇਟਾ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ,
ਸਰ ਭੇਂਟ ਕਰੋ ਤਾਂ ਕਿ ਚਲੇ ਧਰਮ ਕੀ ਨਈਆ’
ਅਸੀਂ ਮੰਨਦੇ ਆਂ ਪਾਤਸਾਹ ਕਿ ਨੌਜੁਆਨ ਪੀੜੀ ਪੰਥ ਦੇ ਬੇੜੇ ਦੀ ਮਲਾਹ ਹੈ ਤੇ ਪਿਛਲੇ ਸੰਘਰਸ਼ ਦੇ 15-20 ਸਾਲਾਂ ਦੌਰਾਨ ਨੌਜੁਆਨਾਂ ਨੇ ਮਲਾਹ ਬਣ ਕੇ ਵੀ ਦਿਖਾਇਆ ਹੈ। ਪੰਥ ਦਾ ਬੇੜਾ ਤੁਰਦਾ ਰੱਖਣ ਲਈ ਲੱਖਾਂ ਦੀ ਗਿਣਤੀ ਵਿਚ ‘ਸਰ ਭੇਂਟ’ ਕੀਤੇ ਵੀ ਹਨ…… ਪਰ ਪਾਤਸ਼ਾਹ ਜਦ ਆਗੂ ਹੀ ਗੱਦਾਰ ਹੋ ਜਾਣ ਤਾਂ…… ਪੈਰ-ਪੈਰ ਤੇ ਪਾਤਸ਼ਾਹ ਸਾਨੂੰ ਗੱਦਾਰੀਆਂ, ਧੋਖੇਬਾਜ਼ੀਆਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹੀ, ਪੰਥ ਦੀ ਪਿੱਠ ਵਿਚ ਛੁਰਾ ਖਭੋਣ ਵਾਲੇ ਗੱਦਾਰ, ਅੱਜ ‘ਸਭ ਕਾਸੇ’ ਦੇ ਮਾਲਕ ਬਣੇ ਬੈਠੇ ਹਨ।
ਬਸ ਪਾਤਸ਼ਾਹ…… ਹੁਣ ਤਾਂ ਮੇਰੀ ਅਤੇ ਮੇਰੇ ਵਰਗੇ ਹੋਰ ਹਜ਼ਾਰਾਂ ਨੌਜੁਆਨਾਂ ਦੀ ਗਲ ਵਿਚ ਪੱਲਾ ਪਾ ਕੇ ਤੇ ਝੋਲੀ ਅੱਡ ਕੇ ਬਸ ਇਹੀ ਅਰਦਾਸ ਹੈ,
‘ਪੰਥ ਚਲੈ ਤਬ ਜਗਤੁ ਮਹਿ ਜਬ ਤੁਮ ਕਰਹੁ ਸਹਾਇ’
ਨਹੀਂ ਤਾਂ ਪਾਤਸ਼ਾਹ ਜਿਨ੍ਹਾਂ ਨੂੰ ਤੁਸੀਂ ਰੁਤਬੇ ਤੇ ਬਾਦਸ਼ਾਹੀਆਂ ਬਖ਼ਸ਼ੀਆਂ ਸਨ, ਅੱਜ ਉਹਨਾਂ ਨੇ ‘ਪਰਾਏ ਬਾਰਾਂ’ ’ਤੇ ਰੁਲਦਿਆਂ ਤੇ ਵਿਲਕਦਿਆਂ ਨੇ ਮਰ ਜਾਣਾ ਹੈ।
ਬਹੁੜੀ ਕਰੋ ਪਾਤਸ਼ਾਹ…… ਬਹੁੜੀ ਕਰੋ……
ਜਗਦੀਪ ਸਿੰਘ ਫਰੀਦਕੋਟ
9815763313


1 comment:

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

ਬਹੁਤ ਹੀ ਵਧੀਆ ਜਗਦੀਪ ਵੀਰੇ....ਕੈਮ ਲਿਖਿਆ..ਮਹਿਰਬਾਨੀ ਵੀਰੇ,,,