Sunday, April 11, 2010

ਬੁਰਾ ਸੂਰਮੇਂ ਨੂੰ ਰਣੋਂ ਹਿੱਲਣਾ ਜੀ

ਪ੍ਰੋ. ਪੂਰਨ ਸਿੰਘ ਦੀ ਇਕ ਕਵਿਤਾ ਹੈ, ‘ਜਵਾਨ ਪੰਜਾਬ ਦੇ’। 'ਉਸ ਦੀਆਂ ਹੇਠ ਲਿਖੀਆਂ ਕੁਝ ਸਤਰਾਂ ਧਿਆਨ ਨਾਲ ਪੜ੍ਹੋ,
‘ਇਹ ਬੇਪਰਵਾਹ ਪੰਜਾਬ ਦੇ,
ਮੌਤ ਨੂੰ ਮਖੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ।
ਪਿਆਰ ਨਾਲ ਇਹ ਕਰਨ ਗੁਲਾਮੀਂ,
ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ‘ਟੈਂ’ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ’ਤੇ ਉਲਾਰਦੇ……’
ਅਸਲ ਵਿਚ ਗੱਲ ਸਾਰੀ ‘ਟੈਂ’ ਮਨਵਾਉਣ ਦੀ ਹੀ ਹੈ। ਜ਼ਾਲਮ ਸਰਕਾਰਾਂ, ਬਾਬਰ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਤੇ ਰਾਜੀਵ ਗਾਂਧੀ, ਨਰਸਿਮਹਾਂ ਰਾਓ ਤੇ ਬੇਅੰਤੇ ਤੋਂ ਅੱਜ ਤੱਕ, ਬਸ ਸਾਨੂੰ ਆਪਣੀ ‘ਟੈਂ’ ਹੀ ਮਨਵਾਉਣਾ ਚਾਹੁੰਦੀਆਂ ਸਨ ਤੇ ਹਨ। ਪਰ ਗੁਰੂ ਮਹਾਰਾਜ ਦਾ ਹੱਥ ਸਦਾ ਸਾਡੀ ਪਿੱਠ ’ਤੇ ਰਿਹਾ……
‘… ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ……’
ਤੇ ਅਸੀਂ ਸਦਾ ਜ਼ਾਲਮ ਸਰਕਾਰਾਂ ਤੇ ਉਹਨਾਂ ਦੇ ਜ਼ੁਲਮਾਂ ਨੂੰ ਹੱਸ-ਹੱਸ ਕੇ ਜ਼ਰਿਆ। ਪਰ ‘ਟੈਂ’ ਨਹੀਂ ਮੰਨੀ। ਸਾਨੂੰ ਗੁਰੂ ਨੇ ਗੁਲਾਮ ਰਹਿਣਾ ਸਿਖਾਇਆ ਹੀ ਨਹੀਂ…… ਅਸੀਂ ਤਾਂ ਜਨਮ ਤੋਂ ਹੀ ਜਾਂ ਤਾਂ ਬਾਦਸ਼ਾਹ ਹਾਂ ਤੇ ਜਾਂ ਬਾਗੀ……।
13 ਅਪ੍ਰੈਲ 1978 ਨੂੰ ਵੀ ਸਰਕਾਰ ਸਾਡੇ ਪਵਿੱਤਰ ਦਿਹਾੜੇ ’ਤੇ, ਸਾਡੀ ਮੁਕੱਦਸ ਧਰਤੀ ’ਤੇ ਨਰਕਧਾਰੀਆਂ ਦਾ ਕੁਸਤਸੰਗ ਰਖਵਾ ਕੇ ਸਾਨੂੰ ‘ਟੈਂ’ ਹੀ ਮਨਵਾਉਣਾ ਚਾਹੁੰਦੀ ਸੀ। ਪਰ ਗੁਰੂ ਕਿਆਂ ਲਾਲਾਂ ਨੇ ਆਪਣੀਆਂ ਛਾਤੀਆਂ ਵਿਚ ਗੋਲੀਆਂ ਤਾਂ ਖਾ ਲਈਆਂ ਪਰ ‘ਗੁਰ ਕੀ ਨਿੰਦਾ’ ਨਹੀਂ ਹੋਣ ਦਿੱਤੀ।
ਸ਼ਹੀਦ ਭਾਈ ਫੌਜਾ ਸਿੰਘ ਅਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਨਰਕਧਾਰੀਆਂ ਦਾ ਕੁਸਤਸੰਗ ਰੁਕਵਾਇਆ।
ਸ਼ਹੀਦ ਭਾਈ ਫੌਜਾ ਸਿੰਘ, ਜਿਹਨਾਂ ਵਿਚ ਸਿਖੀ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਹਰ ਵਕਤ ਪੰਥ ਲਈ ਕੁਝ ਕਰ ਗੁਜ਼ਰਨ, ਕੁਰਬਾਨ ਹੋਣ ਲਈ ਤਿਆਰ ਰਹਿੰਦੇ ਸਨ। ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਦੇ ਖ਼ਿਲਾਫ ਤਾਂ ਇਕ ਵੀ ਸ਼ਬਦ ਨਹੀਂ ਸੁਣ ਸਕਦੇ ਸਨ। ਕਹਿੰਦੇ ਨੇ ਇਕ ਵਾਰ ਕਿਸੇ ਥਾਂ ਪੰਜਾਬ ਦੇ ਇਕ ਨਾਮਵਰ ਪ੍ਰਫੈਸਰ ਨੇ ਬੋਲਦਿਆਂ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਜਾਂ ਉਹਨਾਂ ਦੀ ਸੀਸ ਤਲੀ ’ਤੇ ਧਰ ਕੇ ਲੜਣ ਵਾਲੀ ਬੀਰਤਾ ਪ੍ਰਤੀ ਕੋਈ ਸ਼ੰਕਾ ਕੀਤੀ। ਸਰੋਤਿਆਂ ਵਿਚ ਭਾਈ ਸਾਹਿਬ ਵੀ ਬੈਠੇ ਹੋਏ ਸਨ। ਉਹ ਉਸੇ ਵੇਲੇ ਉੱਠੇ ਤੇ ਆਪਣੀ ਕਿਰਪਾਨ ਉਸ ਪ੍ਰੋਫੈਸਰ ਦੇ ਮੂਹਰੇ ਕੱਢ ਕੇ ਰੱਖਦੇ ਹੋਏ ਬੋਲੇ, “ਬਾਬਾ ਦੀਪ ਸਿੰਘ ਜੀ ਨੇ ਤਾਂ ਗੁਰੂ ਦਸਮੇਸ਼ ਜੀ ਦੀ ਸੰਗਤ ਦਾ ਅਨੰਦ ਮਾਣਿਆਂ ਹੋਇਆ ਸੀ…… ਤੁਸੀਂ ਮੇਰਾ ਸਿਰ ਕੱਟੋ, ਮੈਂ ਤੁਹਾਨੂੰ ਤੁਰ ਕੇ ਦਿਖਾਉਂਦਾ ਹਾਂ……”
ਇਹ ਸੁਣ ਕੇ ਪ੍ਰੋਫੈਸਰ ਨੂੰ ਤਰੇਲੀਆਂ ਆ ਗਈਆਂ ਤੇ ਉਸ ਦੇ ਮੂੰਹ ’ਚੋਂ ਕੋਈ ਸ਼ਬਦ ਨਾ ਨਿਕਲਿਆ।
ਜਦੋਂ ਭਾਈ ਗਜਿੰਦਰ ਸਿੰਘ ਦਾ ਕਾਵਿ ਸੰਗ੍ਰਹਿ ‘ਪੰਜ ਤੀਰ ਹੋਰ’ ਛਪਿਆ ਤਾਂ ਕਹਿੰਦੇ ਨੇ ਕਿ ਭਾਈ ਫੌਜਾ ਸਿੰਘ ਓਹਦੇ ਵਿਚੋਂ ਕਈ ਕਵਿਤਾਵਾਂ ਪੜ੍ਹ ਕੇ ਜ਼ਾਰੋ-ਜ਼ਾਰ ਰੋ ਪੈਂਦੇ ਸਨ। ਉਹਨਾਂ ਅੰਦਰਲਾ ਸਿਖੀ ਪ੍ਰਤੀ ਇਹ ਪਿਆਰ ਤੇ ਸਿਖੀ ਸਪਿਰਿਟ ਹੀ ਸੀ ਜਿਸ ਨੇ ਉਹਨਾਂ ਨੂੰ ਪੰਥ ਤੋਂ ਕੁਰਬਾਨ ਹੋ ਜਾਣ ਲਈ ਪ੍ਰੇਰਿਆ। ਵਾਰਸ ਸ਼ਾਹ ਦੀ ਹੀਰ ਦੀਆਂ ਉਪਰੋਕਤ ਤੁਕਾਂ ਭਾਈ ਸਾਹਿਬ ’ਤੇ ਪੂਰੀਆਂ ਫਿੱਟ ਬੈਠਦੀਆਂ ਹਨ। ਸੂਰਮੇਂ ਉਹ ਨਹੀਂ ਹੁੰਦੇ ਜੋ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਹਨ ਤੇ ਸਮਝੌਤੇ ਕਰਕੇ ਘਰਾਂ ਵਿਚ ਬੈਠ ਜਾਂਦੇ ਹਨ। ਜਿਹਨਾਂ ਦੀ ਗੱਦਾਰੀ ਨੂੰ ‘ਮੁੱਖ ਧਾਰਾ’ ਦਾ ਨਾਂ ਦੇ ਦਿੱਤਾ ਜਾਂਦੈ। ਸੂਰਮੇਂ ਉਹ ਹੁੰਦੇ ਹਨ ਕਿ,
“ਜਬ ਆਵ ਕੀ ਅਉਧ ਨਿਧਾਨ ਬਨੈ, ਅਤਿ ਹੀ ਰਣ ਮਹਿ ਤਬ ਜੂਝ ਮਰੋਂ”
ਜਿਹੜੇ ਜਾਨ ਦੀ ਪ੍ਰਵਾਹ ਨਾ ਕਰਨ ਤੇ ਆਪਣੇ ਮਕਸਦ, ਨਿਸ਼ਾਨੇ ਲਈ ਆਪਣੇ ਲਹੂ ਦਾ ਅੰਤਿਮ ਕਤਰਾ ਤੱਕ ਵਹਾ ਜਾਣ।
ਸ਼ਹੀਦ ਭਾਈ ਫੌਜਾ ਸਿੰਘ ਨੇ ਇੰਜ ਹੀ ਕੀਤਾ……
ਪਰ ਕੀ ਅੱਜ ਅਸੀਂ ਉਹਨਾਂ ਸ਼ਹਾਦਤਾਂ ਤੋਂ ਕੋਈ ਸੇਧ ਲੈ ਰਹੇ ਹਾਂ? ਕੀ ਜਿਹੜੇ ਨਿਸ਼ਾਨੇ ਲਈ ਉਹਨਾਂ ਯੋਧਿਆਂ ਨੇ ਲਹੂ ਡੋਲ੍ਹਿਆ ਉਹ ਪੂਰਾ ਹੋ ਚੁੱਕਾ ਹੈ? ਭਾਈ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਤੋਂ 31 ਸਾਲ ਬਾਅਦ ਵੀ ਕੀ ਕੌਮ ਦੇਹਧਾਰੀਆਂ ਦੇ ਮੱਕੜ ਜਾਲ ਤੋਂ ਮੁਕਤ ਹੋ ਚੁੱਕੀ ਹੈ?
ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੁੰਦੀ ਹੈ ਕਿ ਉਹਨਾਂ ਦੇ ਦਰਸਾਏ ਮਾਰਗ ’ਤੇ ਤੁਰਿਆ ਜਾਵੇ। ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਅਹਿਦ ਲਿਆ ਸੀ ਕਿ ਦੇਹਧਾਰੀ ਗੁਰੂਡੰਮ ਦਾ ਪੰਜਾਬ ਦੀ ਧਰਤੀ ਤੋਂ ਸਰਵਨਾਸ਼ ਕਰ ਦੇਣਗੇ…… ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਅਧੂਰਾ ਸੁਪਨਾ ਪੂਰਾ ਕਰੀਏ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਸਿਖ ਨੌਜੁਆਨ ਵਿਚ ਪੰਥਕ ਸਪਿਰਿਟ ਦੀ ਕੋਈ ਘਾਟ ਨਹੀਂ, ਬਸ ਲੋੜ ਤਾਂ ਸੁਯੋਗ ਅਗਵਾਈ ਦੀ ਹੈ। ਜਿਹੜੀ ਦੁਸ਼ਮਨ ਦੀ ਹਰੇਕ ਚਾਲ ਨੂੰ ਪਛਾਣ ਸਕੇ।
ਅੱਜ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਦੁਸ਼ਮਨ ਦੇ ਕੰਮ ਕਰਨ ਦੇ ਤਰੀਕੇ ਨੂੰ ਪਛਾਨਣ। ਫਾਲਤੂ ਦੀ ‘ਜਿੰਦਾਬਾਦ ਮੁਰਦਾਬਾਦ’ ਤੇ ਅਰਥੀ ਫੂਕ ਮੁਜ਼ਾਹਰੇ ਤੁਹਾਨੂੰ ਸਿਰਫ ਸੀ.ਆਈ.ਡੀ. ਵਾਲਿਆਂ ਦੀਆਂ ਡਾਇਰੀਆਂ ਵਿਚ ਪਹੁਚਾਉਂਦੇ ਹਨ। ਜਿਹੜੇ ਨੌਜੁਆਨਾਂ ਦੀ ਨਿਸ਼ਾਨਦੇਹੀ ਕਰ ਕੇ ਲਿਸਟ ‘ਵੱਡੇ ਸਾਹਬ’ ਦੇ ਟੇਬਲ ਤੱਕ ਪੁਚਾ ਦਿੰਦੇ ਹਨ ਤੇ ਫੇਰ ਕਿਸੇ ਆਨੇ ਬਹਾਨੇ ਉਹਨਾਂ ਨੌਜੁਆਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਦਾ ਹੈ ਜਾਂ ਕੋਈ ਨਾ ਕੋਈ ਕੇਸ ਪਾ ਕੇ ਜ਼ੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ। ਪਿਛਲੇ ਦੋ ਤਿੰਨ ਸਾਲਾਂ ਤੋਂ ਇਹੀ ਸਭ ਕੁਝ ਹੋ ਰਿਹਾ ਹੈ।
ਲੋੜ ਹੈ ਸੁਚੇਤ ਹੋਣ ਦੀ। ਸੂਰਮਿਆਂ ਦੇ ਇਤਿਹਾਸ ਤੋਂ ਸੇਧ ਲੈ ਕੇ ਸੂਰਮੇਂ ਬਣਨ ਦੀ ਤਾਂ ਜੋ ਜ਼ਾਲਮ ਸਰਕਾਰਾਂ ਦੀ ‘ਟੈਂ’ ਵੀ ਨਾ ਮੰਨੀ ਜਾਵੇ, ਤੇ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਦੇਹਧਾਰੀਆਂ ਦੇ ਜਾਲ ਵਿਚੋਂ ਮੁਕਤ ਵੀ ਕਰਾਇਆ ਜਾ ਸਕੇ।
ਜਗਦੀਪ ਸਿੰਘ ਫਰੀਦਕੋਟ

1 comment:

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

ਬਹੁਤ ਵਧੀਆ ਬਾਈ ਜੀ....ਬਿਲਕੁੱਲ ਸਹੀ ਗੱਲ ਆ ਵੀਰੇ ਅੱਜ ਆਪਣੇ ਮੁੰਡਿਆ 'ਚ' ਸਪੀਰਟ ਦੀ ਘਾਟ ਨੀ ਹੈਗੀ..ਪਰ ਅਗਵਾਈ ਕਰਨ ਵਾਲਾ ਹੈ ਨੀ ਕੋਈ.....