Monday, April 19, 2010

‘ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥’

ਜਿਹੜੇ ਲੋਕ ਕੁਝ ਵੀ ਗਿਆਨ ਨਾ ਰੱਖਣ ਦੇ ਬਾਵਜੂਦ ਇਹ ਕਹਿੰਦੇ ਹਨ ਕਿ ਉਹ ਸਭ ਜਾਣਦੇ ਹਨ, ਉਹ ਅਸਲ ਵਿਚ ਕੁਝ ਨਹੀਂ ਜਾਣਦੇ। ਜਿਹੜੇ ਇਹ ਮੰਨ ਲੈਂਦੇ ਹਨ ਕਿ ਉਹ ਕੁਝ ਨਹੀਂ ਜਾਣਦੇ ਤਾਂ ਅੱਲਾਹ ਤਾਅਲਾ ਅਜਿਹੇ ਲੋਕਾਂ ਨੂੰ ਹਰ ਸ਼ੈਅ ਤੋਂ ਪਰਿਚਤ ਕਰਵਾ ਦਿੰਦਾ ਹੈ। (ਅਬੂ ਅਲ ਹਸਨ ਖ਼ਰਕਾਨੀ)
ਇਸਲਾਮ ਦੇ ਬਹੁਤ ਵੱਡੇ ਸੰਤ ਹਜ਼ਰਤ ਅਬੂ ਹੁਰੈਰਾ, ਜਿਹਨਾਂ ਦਾ ਪਾਵਨ ਹਦੀਸਾਂ ਇਕੱਠੀਆਂ ਕਰਨ ਵਿਚ ਬਹੁਤ ਵੱਡਾ ਯੋਗਦਾਨ ਸੀ, ਨੇ ਸਾਰੀ ਉਮਰ ਖ਼ਰਬੂਜ਼ਾ ਨਹੀਂ ਖਾਧਾ। ਕਈ ਵਾਰ ਉਹਨਾਂ ਨੂੰ ਮੁਸਲਮਾਨਾਂ ਨੇ ਖ਼ਰਬੂਜ਼ਾ ਪੇਸ਼ ਕੀਤਾ ਪਰ ਉਹ ਹਰ ਵਾਰ ਜਵਾਬ ਦੇ ਦਿੰਦੇ। ਇਕ ਦਿਨ ਕਿਸੇ ਨੇ ਪੁੱਛਿਆ ਕਿ ਤੁਸੀਂ ਖ਼ਰਬੂਜ਼ਾ ਕਿਉਂ ਨਹੀਂ ਖਾਂਦੇ। ਉਹਨਾਂ ਜੋ ਉੱਤਰ ਦਿੱਤਾ ਉਹ ਬਹੁਤ ਕਮਾਲ ਸੀ। ਉਹ ਕਹਿੰਦੇ, “ਮੈਨੂੰ ਇਹ ਨਹੀਂ ਪਤਾ ਕਿ ਮੇਰੇ ਨਬੀ (ਹਜ਼ਰਤ ਮੁਹੰਮਦ ਸਾਹਿਬ) ਨੇ ਖ਼ਰਬੂਜਾ ਕਿਵੇਂ ਖਾਧਾ ਹੋਏਗਾ, ਚੀਰ ਕੇ, ਭੰਨ ਕੇ ਜਾਂ ਛਿੱਲ ਕੇ… ਸੋ ਇਸ ਲਈ ਮੈਂ ਇਸ ਨੂੰ ਨਹੀਂ ਖਾ ਸਕਦਾ…”
ਇਹ ਹੁੰਦਾ ਹੈ ਵਿਸ਼ਵਾਸ। ਮਹਾਰਾਜ ਗੁਰਬਾਣੀ ਵਿਚ ਫਰਮਾਉਂਦੇ ਹਨ,
“ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥”
ਜਦੋਂ ਤੁਸੀਂ ਆਪਣੇ ਗੁਰੂ ਜਾਂ ਨਬੀ ਦੇ ਮਗਰ ਚੱਲਦੇ ਹੋ ਤਾਂ ਤੁਹਾਨੂੰ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ। ਗੁਰੂ ਆਪੇ ਤੁਹਾਨੂੰ ਰਾਹ ਦਿਖਾਏਗਾ। ਹਾਂ ਸ਼ਰਤ ਇਹ ਹੈ ਕਿ ਤੁਸੀਂ ਕਦੇ ਡੋਲੋ ਨਾ ਤੇ ਤੁਹਾਡਾ ਵਿਸ਼ਵਾਸ਼ ਕੱਚਾ ਨਾ ਹੋਏ।
ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਤਾਂ ਮੇਰੇ ਕੁਝ ਸਿਆਣੇ ਦੋਸਤਾਂ ਨੇ ਸਲਾਹ ਦਿੱਤੀ ਸੀ ਕਿ ‘ਪ੍ਰੋ. ਪੂਰਨ ਸਿੰਘ ਨੂੰ ਜ਼ਰੂਰ ਪੜ੍ਹੀਂ… ਸਾਰੇ ਦਾ ਸਾਰਾ…’। 'ਪਰ ਮੇਰੀ ਬਦਕਿਸਮਤੀ ਕਹਿ ਲਓ ਕਿ ਮੈਨੂੰ ਪ੍ਰੋ. ਪੂਰਨ ਸਿੰਘ ਹੋਰਾਂ ਦੀਆਂ ਲਿਖਤਾਂ ਦੀ ਓਦੋਂ ਜਵਾਂ ਸਮਝ ਨਹੀਂ ਪੈਂਦੀ ਸੀ ਤੇ ਮੈਂ ਉਹਨਾਂ ਦੀ ਕਿਤਾਬ ਵਿਚਾਲੇ ਛੱਡ ਦਿੰਦਾ ਸੀ। ਕਹਿੰਦੇ ਨੇ ਕਿ ਆਦਮੀਂ ਦੀ ਸਮਝ ਦੀਆਂ ਵੀ ਕੁਝ ਸਟੇਜਾਂ ਹੁੰਦੀਆਂ ਨੇ। ਸੋ ਪਿਛਲੇ 10-12 ਸਾਲਾਂ ਤੋਂ ਸਾਹਿਤ ਨਾਲ ਬਾਵਾਸਤਾ ਹੋਣ ਕਰਕੇ ਕੁਝ ਐਸੀਆਂ ਲਿਖਤਾਂ, ਜੋ ਓਦੋਂ ਸਿਰ ਉੱਤੋਂ ਦੀ ਲੰਘ ਜਾਂਦੀਆਂ ਸਨ, ਹੁਣ ਪਕੜ ਵਿਚ ਆਉਣ ਲੱਗ ਪਈਆਂ ਨੇ। ਕਦੇ ਮੌਕਾ ਮਿਲਿਆ ਤਾਂ ਪ੍ਰੋ. ਪੂਰਨ ਸਿੰਘ ਦੀਆਂ ਕਿਤਾਬਾਂ, ਜਿਹਨਾਂ ਨੇ ਮੇਰੀ ਸੋਚ ਨੂੰ ਤਰਾਸ਼ਿਆ ਹੈ ਤੇ ਮੇਰੀ ਆਉਣ ਵਾਲੀ ਜਿੰਦਗੀ ਵਿਚ ਉਹਨਾਂ ਦਾ ਵੱਡਾ ਪ੍ਰਭਾਵ ਰਹੇਗਾ, ਬਾਰੇ ਬਹੁਤ ਕੁਝ ਸਾਂਝਾ ਕਰਾਂਗਾ। ਪਰ ਅੱਜ ਉਹਨਾਂ ਦੀਆਂ ਕੁਝ ਕੁ ਗੱਲਾਂ, ਜੋ ਪੰਥ ਦੇ ਮੌਜੂਦਾ ਹਾਲਾਤਾਂ ਵਿਚ ਜਰੂਰੀ ਨੇ, ਜਰੂਰ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ, ਕਿਉਂ ਜੁ ਅੱਜ ਪੰਥ ਵਿਚ ਆਪੂ ਬਣੇ ਸੁਧਾਰਵਾਦੀਆਂ ਦੀ ਬਹੁਤਾਤ ਹੋ ਗਈ ਹੈ। ਜਿਹਨਾਂ ਨੂੰ ਤਰਕ ਦੀ ਬਹੁਤ ਵੱਡੀ ਬਿਮਾਰੀ ਲੱਗ ਗਈ ਹੈ। ਧਰਮ, ਪਿਆਰ ਜਾਂ ਇਸ਼ਕ ਨਾਲ ਸਬੰਧਤ ਹੈ। ਹਊਮੈਂ ਵਿਚ ਗ੍ਰਸੇ ਹੋਏ ਤਰਕਵਾਦੀ ਲੋਕਾਂ ਦਾ ਧਰਮ ਨਾਲ ਪਿਆਰ ਤਾਂ ਮਜਾਜੀ ਇਸ਼ਕ ਵਿਚ ਰੁੱਧੀ ਹੋਈ ਕੱਚੇ ਘੜ੍ਹੇ ’ਤੇ ਤਰ ਕੇ ਝਨਾਂ ਪਾਰ ਕਰ ਰਹੀ ਕੁੜੀ ਨਾਲੋਂ ਵੀ ਕਿਤੇ ਮਾੜਾ ਹੈ।
ਇਹ ਗੱਲ ਚੇਤੇ ਸਾਨੂੰ ਵਿਚ ਵਸਾ ਲੈਣੀ ਚਾਹੀਦੀ ਹੈ ਕਿ ਇਸ਼ਕ ਜਾਂ ਪਿਆਰ ਵਿਚ ਤਰਕ ਜਾਂ ਸ਼ੰਕੇ ਲਈ ਕੋਈ ਥਾਂ ਨਹੀਂ। ਗੁਰੂ ਨਾਨਕ ਸਾਹਿਬ ਦੁਆਰਾ ਭਾਈ ਲਹਿਣਾ ਜੀ ਨੂੰ (ਪਰਖ ਕਰਨ ਲਈ) ਮੁਰਦਾਰ ਖਾਣ ਲਈ ਕਹਿਣਾ ਤੇ ਅੱਗੋਂ ਉਹਨਾਂ ਦੁਆਰਾ ਹੁਕਮ ਸਿਰ ਮੱਥੇ ਮੰਨਣ ਵਿਚ ਹੀ ਸੱਚਾ ਇਸ਼ਕ ਹੈ।
ਇਹ ਇਸ਼ਕ ਹੀ ਹੈ, ਗੁਰੂ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਵਿਚ ਪੰਜ ਸਿਰ ਮੰਗੇ ਜਾਣ ’ਤੇ ਵਾਰੋ ਵਾਰੀ ਪੰਜ ਜਣਿਆਂ ਦਾ ਉੱਠਣਾ। ਕੋਈ ਬੇ-ਵਿਸ਼ਵਾਸ਼ਾਂ ਇਸ ਤਰ੍ਹਾਂ ਸਿਰ ਭੇਂਟ ਨਹੀਂ ਕਰ ਸਕਦਾ, ਸਗੋਂ ਦੀਵਾਨ ਵਿਚੋਂ ਖਿਸਕਣ ਦੀ ਕਰਦਾ ਹੈ। ਉਹਨਾਂ ਗੁਰੂ ਦੇ ਪਿਆਰ ਵਿਚ ਸਿਰਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਗੁਰੂ ਸਾਹਿਬ ਨੇ ਵੀ ਉਹਨਾਂ ਨੂੰ ਅੰਤਾਂ ਦਾ ਪਿਆਰ ਕੀਤਾ ਤੇ ਇਤਿਹਾਸ ਵਿਚ ਉਹਨਾਂ ਨੂੰ ‘ਪੰਜ ਪਿਆਰਿਆਂ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।
…ਤੇ ਇਹ ਵੀ ਇਸ਼ਕ ਹੀ ਸੀ ਕਿ ਛੋਟੇ ਜਹੇ ਕੱਦ ਦੇ ਭਾਈ ਬਚਿੱਤਰ ਸਿੰਘ ਸ਼ਰਾਬ ਨਾਲ ਮਸਤ ਹਾਥੀ ਦੇ ਮੂਹਰੇ ਦੀਵਾਰ ਬਣ ਖਲੋ ਗਏ। ਇਤਿਹਾਸ ਅਨੁਸਾਰ ਭਾਈ ਬਚਿੱਤਰ ਸਿੰਘ ਹੋਰੀਂ ਕੱਦ ਵਿਚ ਕਾਫੀ ਛੋਟੇ ਸਨ। ਪਰ ਦੁਨੀਂ ਚੰਦ ਦੇ ਭੱਜ ਜਾਣ ਤੇ ਜਦੋਂ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਪੁੱਛਿਆ ਕਿ ਉਸਨੂੰ ਸਾਹਮਣੇ ਕੀ ਦਿਖਾਈ ਦਿੰਦਾ ਹੈ ਤਾਂ ਭਾਈ ਸਾਹਿਬ ਨੇ ਅੱਗੋਂ ਕਿਹਾ, “ਮਹਾਰਾਜ ਇੱਕ ਕੱਟਾ ਆ ਰਿਹਾ ਹੈ ਹੁਣੇ ਮਾਰ ਕੇ ਤੁਹਾਡੇ ਚਰਨਾ ਵਿਚ ਲੈ ਕੇ ਆਉਂਦਾ ਹਾਂ”। 'ਜੇ ਸਾਡੇ ਅੱਜ ਦੇ ਸੁਧਾਰਵਾਦੀ ਇਤਿਹਾਸਕਾਰ (ਅ)ਵਿਦਵਾਨਾਂ ਵਰਗਾ ਕੋਈ ਹੁੰਦਾ ਤਾਂ ਕਹਿੰਦਾ ਕਿ ਮਹਾਰਾਜ ਤੁਸੀਂ ਕਮਾਲ ਕਰਦੇ ਹੋ, ਇੱਕ ਬੰਦਾ ਸ਼ਰਾਬ ਨਾਲ ਰੱਜੇ ਹਾਥੀ ਦਾ ਮੁਕਾਬਲਾ ਕਿਵੇਂ ਕਰ ਸਕਦਾ ਹੈ?... ਅਸਲ ਵਿਚ ਦੁਨੀਂ ਚੰਦ ਇਹਨਾਂ ਵਰਗਾ ਹੀ ਸੀ। ਦੁੱਧ ਪੀਣੇ ਮਜਨੂੰ… ਇਸ਼ਕ ਵਿਚ ਸ਼ੰਕਾ…
ਇਹ ਵੀ ਗੁਰੂ ਦਾ ਪਿਆਰ ਹੀ ਸੀ ਕਿ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਇਕੱਲੇ ਹੀ ਮੁਕਾਬਲਾ ਕਰਨ ਲਈ ਤੁਰ ਪਏ ਤੇ ਆਪਣਾ ਬਚਨ, ਕਿ ਸਿਰ ਦਰਬਾਰ ਸਾਹਿਬ ਜਾ ਕੇ ਭੇਂਟ ਕਰਾਂਗਾ, ਤੋੜ ਨਿਭਾਇਆ। ਅੱਜ ਦੇ ਇਹ ਕੱਚ-ਘਰੜ ਹੁੰਦੇ ਤਾਂ ਇਹਨਾਂ ਕਹਿਣਾ ਸੀ, ‘ਛੱਡੋ ਜੀ… ਦੁਸ਼ਮਨ ਦੀ ਗਿਣਤੀ ਜਿਆਦਾ ਹੋਏਗੀ, ਕੋਈ ਹੋਰ ਸਕੀਮ ਘੜੋ… ਜਾਂ ਕੋਈ ਨਹੀਂ ਜੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਹੋ ਜਾਵੇਗਾ ਤਾਂ ਦੁਬਾਰਾ ਉਸਾਰ ਲਵਾਂਗੇ, ਪਰ ਅਬਦਾਲੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ……।
ਗੁਰੂ ਦੇ ਇਸ਼ਕ ਵਿਚ ਰਤੇ ਹੋਏ ਪਿਆਰਿਆਂ ਨੇ ਆਪਣੇ ਇਸ਼ਕ ਨੂੰ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਨਿਭਾਹਿਆ। ਹਰ ਦੁਖ-ਕਸ਼ਟ ਗੁਰੂ ਦਾ ਭਾਣਾ ਮੰਨ ਸਰੀਰਾਂ ’ਤੇ ਝੱਲਿਆ। ਭਾਵੇਂ ਉਹ ਜ਼ਕਰੀਆ ਖ਼ਾਨ ਦੇ ਜ਼ੁਲਮ ਹੋਣ, ਭਾਵੇਂ ਮੀਰ ਮੰਨੂ ਦੀਆਂ ਕੈਦਾਂ ਦਾ ਅਣਮਨੁੱਖੀ ਤਸ਼ੱਦਦ, ਭਾਵੇਂ ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚੇ ਵਿਚ ਅੰਗਰੇਜ਼ਾਂ ਦੀਆਂ ਵਰ੍ਹਦੀਆਂ ਡਾਂਗਾਂ ਤੇ ਗੋਲੀਆਂ ਹੋਣ ਤੇ ਜਾਂ ਫਿਰ ਹਿੰਦ ਹਕੂਮਤ ਦੁਆਰਾ ਥਾਣਿਆਂ ਵਿਚ ਕੋਹੇ ਜਾਂਦੇ ਤੇ ਝੂਠੇ ਪੁਲਸ ਮੁਕਾਬਲਿਆਂ ਦਾ ਸ਼ਿਕਾਰ ਬਣਾਏ ਜਾਂਦੇ ਸਿਖ ਨੌਜੁਆਨ ਹੋਣ। ਗੁਰੂ ਕਿਆਂ ਇਹਨਾਂ ਸ਼ੇਰਾਂ ਨੇ,
“ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥”
ਨੂੰ ਚੇਤੇ ਵਿਚ ਵਸਾ ਜ਼ਾਲਮ ਹਕੂਮਤਾਂ ਦਾ ਹਰੇਕ ਜ਼ੁਲਮ ਆਪਣੇ ਪਿੰਡਿਆਂ ’ਤੇ ਝੱਲਿਆ ਪਰ ਡੋਲੇ ਨਹੀਂ…।' ਕਿਉਂਕਿ ਉਹ ਗੁਰੂ ਦੇ ਪਿਆਰ ਵਿਚ ਗੜੁੱਚ ਸਨ ਨਾ ਕੇ ਫਾਲਤੂ ਦੇ ਸ਼ੰਕਿਆਂ ਤੇ ਤਰਕਾਂ ਵਿਚ ਗ੍ਰਸੇ ਹੋਏ।
…ਤੇ ਇਹ ਅੱਜ ਦੇ ਆਪੂ ਬਣੇ ਇਤਿਹਾਸਕਾਰ ਇਹਨਾਂ ਘਟਨਾਵਾਂ ਤੋਂ ਮੁਨਕਰ ਵੀ ਹੋ ਰਹੇ ਨੇ। ਕਦੇ ਗੁਰੂ ਅਰਜਨ ਸਾਹਿਬ ਦੁਆਰਾ ਤੱਤੀ ਤਵੀਂ ’ਤੇ ਬੈਠਣ ਬਾਰੇ ਸਵਾਲ ਕਰਦੇ ਹਨ, ਕਦੇ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਚ ਵਾਪਰੇ ਇਤਿਹਾਸਕ ਵਰਤਾਰੇ ਬਾਰੇ ਸ਼ੰਕੇ ਕਰਦੇ ਹਨ ਤੇ ਕਦੇ ਜੰਗ ਵਿਚ ਸੀਸ ਤਲੀ ’ਤੇ ਧਰ ਜੂਝ ਰਹੇ ਬਾਬਾ ਦੀਪ ਸਿੰਘ ਜੀ ਵੱਲ ਸ਼ੱਕੀ ਕਲਮਾਂ ਚਲਾਉਂਦੇ ਹਨ। ਇਹ ਤਾਂ ਏਥੋ ਤੱਕ ਕਹਿ ਦਿੰਦੇ ਹਨ ਕਿ, ‘ਪੁਰਾਣੇ ਸਿੰਘਾਂ ਨੂੰ ਅਕਲ ਥੋੜੀ ਘੱਟ ਹੁੰਦੀ ਸੀ।’
ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਗੁਰੂ ਅੱਗੇ ਕੀਤੀ ਅਰਦਾਸ (ਜੋ ਉਸ ਨੇ ਸਭਰਾਵਾਂ ਦੀ ਲੜਾਈ ਤੋਂ ਪਹਿਲੀ ਰਾਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੀਤੀ ਸੀ ਕਿ ਸੱਚੇ ਪਾਤਸ਼ਾਹ ਜਾਂ ਜੰਗੇ ਮੈਦਾਨ ਵਿਚੋਂ ਜਿੱਤ ਕੇ ਮੁੜਾਂ ਜਾਂ ਜੂਝ ਕੇ ਸ਼ਹੀਦੀ ਪਾ ਜਾਵਾਂ) ਬਾਰੇ ਇਹਨਾਂ ਦੇ ਇਕ ਵੱਡੇ (ਅ)ਵਿਦਵਾਨ ਦਾ ਕਹਿਣਾ ਹੈ ਕਿ ਫੇਰ ਕੀ ਹੋ ਗਿਆ ਸੀ ਜੇ ਉਸ ਨੇ ਅਰਦਾਸ ਕਰ ਲਈ ਸੀ, ਜੇ ਜੰਗ ਜਿੱਤਦੀ ਪ੍ਰਤੀਤ ਨਹੀਂ ਹੁੰਦੀ ਸੀ ਤਾਂ ਉਸ ਨੂੰ ਚਾਹੀਦਾ ਸੀ ਕਿ ਉੱਥੋਂ ਆਪਣੇ ਸਿੰਘਾਂ ਨੂੰ ਲੈ ਕੇ ਨਿਕਲ ਜਾਂਦਾ…।' ਇਹਨਾਂ ਵਿਦਵਾਨਾਂ ਲਈ ਅਰਦਾਸ ਦਾ ਕੋਈ ਮਹੱਤਵ ਨਹੀਂ। ਇਥੋਂ ਇਹਨਾਂ ਦੇ ਕੱਚੇ ਵਿਸ਼ਵਾਸ਼ ਦੀ ਸਾਫ ਝਲਕ ਪੈ ਜਾਂਦੀ ਹੈ। ਜਿਸ ਨੂੰ ਗੁਰੂ ’ਤੇ ਪੂਰਾ ਵਿਸ਼ਵਾਸ਼ ਹੈ ਉਹ ਆਪਣੀ ਅਰਦਾਸ ਨਿਭਾਉਣ ਲਈ ਜਾਨ ਦੀ ਬਾਜ਼ੀ ਲਾ ਦੇਵੇਗਾ ਤੇ ਜਿਸਦਾ ਵਿਸ਼ਵਾਸ਼ ਕੱਚਾ ਹੈ ਉਹ ‘ਅਰਦਾਸ’ ਬਦਲਣ ਲਈ ਉਪਰਾਲੇ ਕਰਦਾ ਫਿਰੇਗਾ ਤੇ ਬਚਣ ਲਈ ਚੋਰ-ਮੋਰੀਆਂ ਲੱਭਦਾ ਫਿਰੇਗਾ।
ਪ੍ਰੋ. ਪੂਰਨ ਸਿੰਘ ‘ਸਿਖੀ ਦੀ ਆਤਮਾਂ’ ਦੇ ਪੰਨਾ 215 ਉੱਤੇ ਲਿਖਦੇ ਹਨ, “ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਿਖ ਇਤਿਹਾਸ ਉਸ ਢੰਗ ਨਾਲ ਨਹੀਂ ਲਿਖਿਆ ਗਿਆ ਜਿਸ ਨੂੰ ਅਧੁਨਿਕ ਇਤਿਹਾਸਕਾਰ ਪਸੰਦ ਕਰਦੇ ਹਨ…… ਪੂਰਬ ਵਿਚ ਇਤਿਹਾਸ ਨੂੰ ਕਲਾ ਦੇ ਰੂਪ ਵਿਚ ਜਾਣਿਆਂ ਜਾਂਦਾ ਹੈ ਨਾ ਕਿ ਵਿਗਿਆਨ ਜਾਂ ਸ਼ਾਸਤਰ ਦੇ ਰੂਪ ਵਿਚ। ਇਸ ਗੱਲ ਦੀ ਆਸ ਕਰਨਾ ਅਸੰਭਵ ਹੈ ਕਿ ਸਿਖ ਇਤਿਹਾਸ, ਜੋ ਵਧੇਰੇ ਕਰਕੇ ਕਾਵਿਮਈ ਤੇ ਭਾਵ-ਭਰਪੂਰ ਹੈ, ਨੂੰ ਆਧੁਨਿਕ ਇਤਿਹਾਸਕਾਰਾਂ ਦੀ ਆਲੋਚਨਾਤਮਕ ਸ਼ੈਲੀ ਵਿਚ ਲਿਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਇਹ ਆਪਣੇ ਵਿਚ ਅੰਕਿਤ ਜੀਵਨ ਕੀਮਤਾਂ ਤੋਂ ਵਿਹੂਣਾ ਹੋ ਜਾਵੇਗਾ…।”
ਅੱਗੇ ਪੰਨਾ 216 ਉੱਤੇ ਲਿਖਦੇ ਹਨ, “ਸਿਖ ਇਤਿਹਾਸਕਾਰਾਂ ਦੀ ਇਹ ਨਵੀਂ ਮੰਗ, ਕਿ ਗੁਰੂ ਇਤਿਹਾਸ ਨੂੰ ਨੀਰਸ ਗੱਦਮਈ ਰੂਪ ਵਿਚ ਪੇਸ਼ ਕਰਨਾ ਚਾਹੀਦਾ ਹੈ, ਕਿੰਨੀ ਨਿਗੂਣੀ ਤੇ ਨਿਕੰਮੀ ਹੈ… ਇਹਨਾਂ ਨਵੇਂ ਇਤਿਹਾਸਕਾਰਾਂ ਦੀ ਮੰਗ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਆਤਮਾਂ ਨੂੰ ਛੱਡ ਕੇ ਪਰਛਾਵਿਆਂ ਨੂੰ ਫੜਨ ਦਾ ਯਤਨ ਕੀਤਾ ਜਾਵੇ। ਇਸੇ ਕਾਰਨ ਕੁਝ ਵਾਦ-ਵਿਵਾਦ ਗ੍ਰਸਤ ਇਤਿਹਾਸਕਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਮੱਕੇ ਤੇ ਬਗਦਾਦ ਨਹੀਂ ਗਏ……”
ਪ੍ਰੋ. ਪੂਰਨ ਸਿੰਘ ਜੀ ਦਾ ਡਰ ਪੂਰੀ ਤਰ੍ਹਾਂ ਸਹੀ ਸੀ ਤੇ ਅੱਜ ਇਹਨਾਂ ਆਪੂ ਬਣੇ ਪ੍ਰੋਫੈਸਰਾਂ (ਜਿਹੜੇ ਕਦੇ ਕਾਲਜਾਂ-ਯੂਨੀਵਰਸਿਟੀਆਂ ਦੇ ਮੂਹਰ ਦੀ ਨਹੀਂ ਲੰਘੇ), (ਅ)ਵਿਦਵਾਨਾਂ ਨੇ ਇਤਿਹਾਸ ਨੂੰ ਬਦਲਨ ਜਾਂ ਹਰੇਕ ਘਟਨਾਂ ਤੇ ਸਵਾਲ ਖੜ੍ਹਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਧਰਮ ਹਮੇਸ਼ਾਂ ਵਿਸ਼ਵਾਸ਼ ’ਤੇ ਖੜ੍ਹਾ ਹੁੰਦਾ ਹੈ। ਜੇ ਕਿਸੇ ਦਾ ਵਿਸ਼ਵਾਸ਼ ਹੀ ਥਿੜਕਣ ਲੱਗ ਪਵੇ ਤੇ ਉਹ ਹਰੇਕ ਗੱਲ ਨੂੰ ਸ਼ੱਕੀ ਨਜ਼ਰ ਨਾਲ ਦੇਖਣ ਲੱਗ ਪਵੇ ਤਾਂ ਸਮਝ ਲਵੋ ਕਿ ਉਹ ਨਾਸਤਿਕਤਾ ਵੱਲ ਨੂੰ ਵਧਣ ਲੱਗ ਪਿਆ ਹੈ। ਤਰਕ ਜਾਂ ਜਿਸ ਨੂੰ ਇਹ ਵਿਗਿਆਨਕ ਸੋਚ ਕਹਿੰਦੇ ਹਨ, ਹਮੇਸ਼ਾਂ ਦਿਸਦੇ ’ਤੇ ਵਿਸ਼ਵਾਸ਼ ਕਰਦਾ ਹੈ, ਪਰ ਅਕਾਲ ਪੁਰਖ ਤਾਂ ਅਦ੍ਰਿਸ਼ ਹੈ ਤੇ ਉਹ ‘ਅਜੂਨੀ’ ਤੇ ‘ਸੈਭੰ’ ਹੈ, ਇਸ ਦਾ ਮਤਲਬ ਕੱਲ ਨੂੰ ਇਹ ਅਕਾਲ ਪੁਰਖ ’ਤੇ ਵੀ ਉਂਗਲ ਚੁੱਕਣੀ ਸ਼ੁਰੂ ਕਰ ਦੇਣਗੇ। ਵੈਸੇ ਵੀ ਇਹਨਾਂ ਦੇ ਕੁਝ ਬਾਹਲੇ ਅਗਾਂਹਵਧੂ? (ਅ)ਵਿਦਵਾਨਾਂ ਨੇ ਤਾਂ ਇਹ ਕਹਿਣਾ ਸ਼ੁਰੂ ਵੀ ਕਰ ਦਿੱਤਾ ਹੈ ਕਿ ਪ੍ਰਮਾਤਮਾਂ ਸਿਰਫ ਚੰਗੇ ਗੁਣਾ ਦਾ ਨਾਮ ਹੈ।
ਸ਼ੁਰੂ-ਸ਼ੁਰੂ ਵਿਚ ਅਸੀਂ ਵੀ ਇਹਨਾਂ (ਅ)ਵਿਦਵਾਨਾਂ ਦੀ ‘ਸੰਗਤ’ ਮਾਣੀ ਹੈ ਤੇ ਇਹਨਾਂ ਦੇ ਜੀਵਨ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਜਦੋਂ ਕਦੇ ਮੈਂ ਇਹਨਾਂ ਦੇ ਪ੍ਰਭਾਵ ਥੱਲੇ ਹੁੰਦਾ ਸੀ ਤਾਂ ਆਪਣੇ ਕੁਝ ਦੂਜੇ ਮਿੱਤਰਾਂ ਨਾਲ ਕਈ ਮੁੱਦਿਆਂ ’ਤੇ ਜਿਦ ਪੈਂਦਾ ਸੀ (ਅਸਲ ਵਿਚ ਇਹਨਾਂ ਕੋਲੋਂ ਵਿਚ ਸਿੱਖਿਆ ਹੀ ਇਹ ਸੀ), ਪਰ ਅੱਗੋਂ ਉਹ ਇਹ ਕਹਿ ਕੇ ਗੱਲ ਮੁਕਾ ਦਿੰਦੇ ਸਨ, “ਵੇਖ ਲਈਂ ਤੇਰੇ ਇਹਨਾਂ ਘੜੰਮ ਚੌਧਰੀਆਂ ਨੇ ਕਿਸੇ ਦਿਨ ਗੁਰੂ ਗ੍ਰੰਥ ਸਾਹਿਬ ’ਤੇ ਹੀ ਉਂਗਲ ਚੁੱਕ ਦੇਣੀ ਹੈ…”।
…ਤੇ ਉਹਨਾਂ ਮਿੱਤਰਾਂ ਦੇ ਬੋਲ ਸੱਚ ਸਾਬਤ ਹੋਏ। ਇਹਨਾਂ ਬਹੁਤੇ ਸਿਆਣਿਆਂ ਨੇ ਗੁਰਬਾਣੀ ਵੱਲ ਵੀ ਉਂਗਲ ਚੁੱਕ ਦਿੱਤੀ। ਇਹ ਹਊਮੈਂ ਵਿਚ ਗ੍ਰਸੇ ਹੋਏ ਵਪਾਰੀ ਸੋਚ ਦੇ ਲੋਕ ‘ਗੁਰੂ’ ਤੋਂ ਵੱਡੇ ਜਾਂ ਸਿਆਣੇ ਬਣਨਾ ਚਾਹੁੰਦੇ ਹਨ। ਵਾਹਿਗੁਰੂ ਇਹਨਾਂ ਨੂੰ ਸੁਮੱਤ ਦੇਵੇ।
“ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥”
ਕਈ ਵੱਡੀਆਂ ਚੀਜਾਂ ਦੀ ਜਦੋਂ ਸਾਨੂੰ ਸਮਝ ਨਾ ਪਵੇ ਤਾਂ ਅਸੀਂ ਸਵਾਲ ਖੜ੍ਹੇ ਕਰਦੇ ਹਾਂ, ਪਰ ਉੱਥੇ ਇਹ ਮੰਨਣ ਵਿਚ ਹੀ ਭਲਾਈ ਹੈ ਕਿ ਸਾਡੀ ਮਤ ਅਜੇ ਇਸ ਚੀਜ ਨੂੰ ਸਮਝਣ ਲਈ ਬੌਣੀ ਹੈ, ਬਜਾਏ ਕਿ ਕਿਤੂੰ ਪ੍ਰੰਤੂ ਕੀਤੇ ਜਾਣ।
ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਦਰਪਣ ਵਿਚ ਲਿਖਿਆ ਹੈ ਕਿ ਗੁਰਬਾਣੀ ਦੀ ਪੂਰੀ ਸਮਝ ਸਾਨੂੰ ਓਦਣ ਆਵੇਗੀ ਜਿੱਦਣ ਸਾਡੀ ਸੋਚ ਓਡੀ ਵੱਡੀ ਹੋ ਗਈ, ਜਿੱਡੀ ਸੋਚ ਨਾਲ ਗੁਰੂ ਸਾਹਿਬਾਨ ਨੇ ਬਾਣੀ ਦੀ ਰਚਨਾ ਕੀਤੀ ਹੈ। ਅਸੀਂ ਤਾਂ ਇੱਕ-ਅੱਧ ਕਿਤਾਬ ਪਿੱਛੋਂ ਲਿਖਦੇ ਹਾਂ ਤੇ ਆਪਣੇ ਨਾਵਾਂ ਨਾਲ ਪ੍ਰੋਫੈਸਰੀ ਦੀਆਂ ਪੂਛਾਂ ਪਹਿਲਾਂ ਲਾ ਲੈਂਦੇ ਹਾਂ।
……ਤੇ ਰੀਸਾਂ ਕਰਦੇ ਹਾਂ ਓਸ ਸੋਚ ਦੀਆਂ ਜੋ ਸਾਰੀ ਬਾਣੀ ਦੀ ਰਚਨਾਂ ਕਰਨ ਤੋਂ ਪਿੱਛੋਂ ਅੰਤ ਵਿਚ ਲਿਖਦੇ ਹਨ,
“ਸਲੋਕ ਮਹਲਾ 5
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥1॥”
ਸੋ ਭਾਈ ਆਹ ਵਿਦਵਤਾ ਦਾ ਭੂਤ ਆਪਣੇ ਗਲੋਂ ਲਾਹੋ ਤੇ ਬਹੁਤੀਆਂ ਸਿਆਣਪਾਂ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸ਼ਰਨ ਵਿਚ ਆਓ। ਉਹ ਬਹੁਤ ਦਿਆਲੂ ਹੈ। ਮੁਆਫੀ ਮੰਗੋ ਤੇ ਉਸਦੇ ਚਰਨਾਂ ਅੱਗੇ ਸੀਸ ਨਿਵਾਓ ਤੇ ਤੌਬਾ ਕਰੋ ਏਹੋ ਜਹੀਆਂ ਘਤਿੱਤਾਂ ਤੋਂ ਜੋ ਤੁਸੀਂ ਅੱਜ ਤੱਕ ਕਰਦੇ ਆਏ ਹੋ।
ਪ੍ਰੋ. ਪੂਰਨ ਸਿੰਘ ਲਿਖਦੇ ਹਨ, “ਮਨ ਦੀ ਉਪਰਲੀ ਸਤਾ ਉੱਤੇ ਕਾਰਜਸ਼ੀਲ ਗਿਆਨ, ਜੋ ਸਸੀਮ, ਵਿਸ਼ਲੇਸ਼ਨ ਤੇ ਬੁੱਧੀ ਦੇ ਤਰਕ ਉੱਤੇ ਆਧਾਰਿਤ ਹੁੰਦਾ ਹੈ, ਮਨੁੱਖ ਨੂੰ ਸ਼ਾਂਤੀ ਨਹੀਂ ਦੇ ਸਕਦਾ। ਆਪਣੇ ਆਲੇ-ਦੁਆਲੇ ਦੀਆਂ ਵਸਤਾਂ ਬਾਰੇ ਉਸਦਾ ਇਹ ਬੋਧ ਤੇ ਤਰਕਸ਼ੀਲ ਗਿਆਨ ਕੇਵਲ ਉਪਰਲੀ ਸਤਾ ਦਾ ਹੀ ਗਿਆਨ ਹੈ ਅਤੇ ਇਸ ਲਈ ਇਹ ਅਸਤਿ ਹੁੰਦਾ ਹੈ, ਇਹ ਤਾਂ ਉਸ ਨੂੰ ਹੋਰ ਵਧੇਰੇ ਜਟਿਲ ਅਗਿਆਨ ਵਲ ਲੈ ਜਾਂਦਾ ਹੈ। ਇਸ ਨਾਲ ਤਾਂ ਉਸ ਦਾ ਜੀਵਨ ਵਧੇਰੇ ਬੇਸੁਰਾ, ਪੇਤਲਾ ਅਤੇ ਆਪਣੀਆਂ ਜੜ੍ਹਾਂ ਤੋਂ ਕੱਟਿਆ ਹੋਇਆ ਕੇਵਲ ਇੰਦਰੀਗਤ ਕਾਮਨਾਵਾਂ ਵਿਚ ਗ੍ਰਸਤ ਹੋ ਕੇ ਹੀ ਖ਼ਤਮ ਹੋ ਜਾਂਦਾ ਹੈ……”
ਗੁਰੂ ਮਹਾਰਾਜ ਫਰਮਾਉਂਦੇ ਹਨ,
“ਛਾਡਿ ਸਿਆਨਪ ਬਹੁ ਚਤੁਰਾਈ
ਗੁਰ ਪੂਰੇ ਕੀ ਟੇਕ ਟਿਕਾਈ ॥”
ਸਮਰਥ ਗੁਰੂ ’ਤੇ ਟੇਕ ਰੱਖੋਂ ਤੇ ਆਪਣੀਆਂ ਚਤੁਰਾਈਆਂ ਤੇ ਸਿਆਣਪਾਂ ਨੂੰ ਵਗਾਹ ਮਾਰੋ। ਉਹਨਾਂ ਭੋਲੇ ਸਿਖਾਂ, ਜਿਹੜੇ ਵਿਚਾਰੇ ਦੂਰ ਦੇ ਢੋਲ ਸੁਹਾਵਣੇ ਵੇਖ ਕੇ ਇਹਨਾਂ ਵੱਲ ਭੱਜੇ ਆਏ, ਨੂੰ ਵੀ ਕਹਿਣਾ ਚਾਹਾਂਗਾ ਕਿ ਵੀਰੋ ਮੰਨਿਆਂ ਕਿ ਸਾਡੀ ਅਕਾਲੀ ਲੀਡਰਸ਼ਿੱਪ ਨੇ ਕੌਮ ਨਾਲ ਬਹੁਤ ਧ੍ਰੋਹ ਕਮਾਇਆ, ਸ਼੍ਰੋਮਣੀ ਕਮੇਟੀ ਵਰਗੀ ਸਿਖਾਂ ਦੀ ਸਿਰਮੌਰ ਸੰਸਥਾਂ ਨੂੰ ਗੁਲਾਮ ਬਣਾ ਰੱਖਿਆ ਹੈ ਤੇ ਜਥੇਦਾਰਾਂ ਨੂੰ ਸਿਰਫ ਕਠਪੁਤਲੀਆਂ ਵਾਂਗ ਵਰਤਿਆ ਜਾ ਰਿਹਾ ਹੈ। ਸਿਖਾਂ ਦੇ ਦੁਸ਼ਮਨਾਂ ਦੀ ਕਤਾਰ ਵਿਚ ਇਹਨਾਂ ਆਪਣਾ ਨਾਮ ਸਭ ਤੋਂ ਉੱਪਰ ਕਰ ਲਿਆ ਹੈ…… ਪਰ ਵੀਰੋ ਦੁਸ਼ਮਨ ਦਾ ਦੁਸ਼ਮਨ ਹਰ ਵਾਰ ਦੋਸਤ ਨਹੀਂ ਹੁੰਦਾ। ਇਹ ਤਰਕਵਾਦੀ ਲਾਣਾ ਸਾਡੀ ਬੇਵਕੂਫ ਲੀਡਰਸ਼ਿਪ ਨੂੰ ਭੰਡ ਕੇ ਸਿਰਫ ਸਾਡੀ ਹਮਦਰਦੀ ਹਾਸਲ ਕਰ ਰਿਹਾ ਹੈ ਤੇ ਉਹਨਾਂ ਦੀਆਂ ਕੁਰਸੀਆਂ ’ਤੇ ਹੌਲੀ-ਹੌਲੀ ਆਪ ਬੈਠਣਾ ਲੋਚਦਾ ਹੈ। ਪਰ ਅਸਲ ਵਿਚ ਇਹ ਉਸ ਸਿਊਂਖ ਵਾਂਗ ਹੈ ਜੋ ਅੰਦਰੋ-ਅੰਦਰੀ ਸਾਨੂੰ ਖੋਖਲਾ ਕਰ ਰਹੀ ਹੈ। ਇਹ ਸਿਧਾਂਤਾਂ ਨੂੰ ਚੈਲੇਂਜ਼ ਕਰ ਰਹੇ ਹਨ। ਇੰਦਰਾ ਗਾਂਧੀ ਨੇ ਤਾਂ ਸਿਰਫ ‘ਅਕਾਲ ਤਖ਼ਤ’ ਸਾਹਿਬ ਦੀ ਇਮਾਰਤ ਹੀ ਢਾਹੀ ਸੀ (ਤੇ ਉਸ ਦੀ ਬਣਦੀ ਸਜ਼ਾ ਸਿਖਾਂ ਨੇ ਉਸਨੂੰ ਦਿੱਤੀ ਵੀ), ਪਰ ਇਹ (ਅ)ਵਿਦਵਾਨ ਤਾਂ ਤੁਹਾਡੇ ਮਨਾਂ ਵਿਚੋਂ ‘ਅਕਾਲ ਤਖ਼ਤ’ ਨੂੰ ਢਾਹੁਣਾ ਚਾਹੁੰਦੇ ਹਨ, ਜਦੋਂ ਇਹ ਕਹਿੰਦੇ ਹਨ ਕਿ, “……ਅਕਾਲ ਤਖ਼ਤ ਤਾਂ ਗੁਰੂ ਸਾਹਿਬ ਨੇ ਸਿਰਫ ਉੱਚੀ ਥਾਂ ਬੈਠਣ ਲਈ ਇਕ ਥੜਾ ਬਣਾਇਆ ਸੀ…”। 'ਸੰਤ ਜਰਨੈਲ ਸਿੰਘ ਨੂੰ ਵੀ ਇਹ ਆਪਣੀ ਸੁਵਿਧਾ ਵਾਸਤੇ ਓਨਾ ਕੁ ਹੀ ਵਰਤਦੇ ਹਨ ਜਿੰਨੇ ਕੁ ਨਾਲ ਇਹਨਾਂ ਦੀ ਦੁਕਾਨਦਾਰੀ ਚੱਲਦੀ ਰਹੇ… ਤੇ ਉਹ ਵੀ ਸਿਰਫ ਇਸ ਲਈ ਕਿ ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਨੇ ਸਿਖ ਨੌਜੁਆਨੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਹਨਾਂ ਨੂੰ ਯਕੀਨ ਹੋਇਆ ਹੈ ਕਿ ਅੱਜ ਦੇ ਸਾਰੇ ਲੀਡਰ ਹੀ ਵਿਕਾਊ ਤੇ ਸੁਆਰਥੀ ਨਹੀਂ। ਸੋ ਸੰਤ ਜੀ ਦਾ ਨਾਮ ਲਏ ਬਿਨਾ ਅੱਜ ਦੀ ਨੌਜੁਆਨ ਪੀੜੀ ਤੁਹਾਡੇ ਨਾਲ ਤੁਰਦੀ ਹੀ ਨਹੀਂ। ਸੋ ਵੀਰੋ ਇਹ ਅਕਾਲੀ ਲੀਡਰਾਂ ਨੂੰ ਭੰਡ ਕੇ ਤੇ ਸੰਤ ਜਰਨੈਲ ਸਿੰਘ ਜੀ ਦੀ ਉਪਰੋਂ-ਉਪਰੋਂ ਹਮਾਇਤ ਕਰ ਕੇ ਸਿਰਫ ਤੁਹਾਡੇ ਜਜ਼ਬਾਤਾਂ ਨਾਲ ਖੇਡ ਰਹੇ ਹਨ ਤਾਂ ਕਿ ਤੁਸੀਂ ਇਹਨਾਂ ਦੇ ਪਿਛੇ ਤੁਰਦੇ ਰਹੋ। ਇਸ ਲਈ ਇਹਨਾਂ ਦੇ ਕਿਰਦਾਰ ਨੂੰ ਪਛਾਣ ਕੇ ਫੈਸਲਾ ਤੁਸੀਂ ਕਰਨਾ ਹੈ। ਮਹਾਰਾਜ ਫੁਰਮਾਉਂਦੇ ਹਨ,
ਸਲੋਕ ਮਃ 4 ॥
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਹਾਰੁ ॥
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥1॥
ਸੋ ਇਹਨਾਂ ਮਨਮੁਖਾਂ ਦਾ ਸਾਂਝ ਨਾਲੋਂ ਤਾਂ ਅਸੀਂ ਇਕੱਲੇ ਹੀ ਚੰਗੇ ਹਾਂ, ਬਸ਼ਰਤੇ ਕਿ ਗੁਰੂ ਵਲ ਮੂੰਹ ਰਹੇ ਤੇ ਯਾਦ ਰੱਖਿਓ ਕਿ ਜੇ ਗੁਰੂ ’ਤੇ ਅਟੁੱਟ ਭਰੋਸਾ ਰਿਹਾ ਤਾਂ ਅਕਾਲ ਪੁਰਖ ਆਪ ਸਹਾਈ ਹੋਵੇਗਾ ਤੇ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ,
“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥”
ਸੋ ਜੇ ਆਪਣੀ ਥੋਥੀ ਮੱਤ ਛੱਡ ਕੇ ਗੁਰੂ ਦੀ ਸ਼ਰਨ ਵਿਚ ਆ ਜਾਓਗੇ ਤਾਂ ਭਲਾ ਹੋਵੇਗਾ ਨਹੀਂ ਤਾਂ ਸਮਝ ਲਿਓ ਕਿ ਹਜ਼ਰਤ ਬਾਬਾ ਸੁਲਤਾਨ ਬਾਹੂ ਨੇ ਇਹ ਤੁਹਾਡੇ ਲਈ ਹੀ ਲਿਖਿਆ ਹੈ,
‘ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਆਲਮ ਹੋਏ ਭਾਰੇ ਹੂ।
ਹਰਫ਼ ਇਸ਼ਕ ਦਾ ਪੜ੍ਹ ਨ ਜਾਣਨ, ਭੁੱਲੇ ਫਿਰਨ ਵਿਚਾਰੇ ਹੂ।’

ਜਗਦੀਪ ਸਿੰਘ ਫਰੀਦਕੋਟ
9815763313

2 comments:

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

ਬਹੁਤ ਵਧੀਆ ਵੀਰੇ......

Anonymous said...

These so called prof......these are paid agents of ISI , examp. Joginder spokesman, Inder ghagga ,gurcharan Brampton. These are tritors of Khalsa panth and guru nindaks. Please beware of these thugs.