Wednesday, July 28, 2010

ਸਾਕਾ ਨਨਕਾਣਾ ਸਾਹਿਬ ਦੌਰਾਨ ਲਾਲਾ ਲਾਜਪਤ ਰਾਏ ਦਾ ਸਿੱਖ-ਦੁਸ਼ਮਣ ਰੋਲ

ਜਦੋਂ ਸਿੱਖ ਪੰਥ ਅੰਦਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਮਹੰਤ ਨਰੈਣ ਦਾਸ ਦਾ ਕਬਜਾ ਤੋੜ ਕੇ ਉਸ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦੀ ਗੱਲ ਚੱਲੀ ਤਾਂ ਜਿਹੜੇ ਜਿਹੜੇ ਵਿਅਕਤੀ ਮਹੰਤ ਦੀ ਮਦਦ ਅਤੇ ਪੰਥ ਦੇ ਵਿਰੋਧ ਵਿਚ ਆ ਨਿਤਰੇ, ਉਨ੍ਹਾਂ ਵਿਚੋਂ ਇਕ ਲਾਲਾ ਲਾਜਪਤ ਰਾਏ ਵੀ ਸੀ ਸ. ਗੁਰਬਖਸ਼ ਸਿੰਘ ਸਮਸ਼ੇਰ` ਝੁਬਾਲੀਏ ਨੇ ਸਾਕਾ ਨਨਕਾਣਾ ਸਾਹਿਬ ਬਾਰੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ ਇਕ ਖੋਜ ਭਰਪੂਰ ਰਿਪੋਰਟ, ਜੋ 1938 ਵਿਚ ਕਿਤਾਬ ਦੇ ਰੂਪ ਵਿਚ ਛਪੀ ਸੀ ਅਤੇ ਜਿਸ ਨੂੰ ਪਿੱਛੇ ਜਿਹੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ, ਵਿਚ ਇਹ ਖੁਲਾਸਾ ਕੀਤਾ ਸੀ :

(ਮਹੰਤ ਨਰੈਣ ਦਾਸ ਵੱਲੋਂ) ਲਾਲਾ ਲਾਜਪਤ ਰਾਏ ਦੇ ਬੰਦੇ ਮਾਤਰਮ` ਅਖ਼ਬਾਰ ਨੂੰ 50000 ਰੁਪਿਆ ਦਿੱਤਾ ਗਿਆ ਸੀ ਜਿਸ ਦੇ ਕਾਰਨ ਉਸ ਨੇ ਗਲਤ ਫਹਿਮੀ ਪੈਦਾ ਕਰਨ ਵਾਲੇ ਨੋਟ ਲਿਖੇ ਦੂਜਾ ਲਾਲਾ ਜੀ ਨਾਲ ਇਹ ਫੈਸਲਾ ਹੋਇਆ ਸੀ ਕਿ ਇਕ ਟਰੱਸਟ ਬਣਾਇਆ ਜਾਵੇਗਾ ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ ਮਹੰਤ ਨੂੰ ਗੁਜ਼ਾਰਾ ਦੇ ਕੇ ਬਾਕੀ ਰੁਪਿਆ ਨੈਸ਼ਨਲ ਯੂਨੀਵਰਸਿਟੀ ਤੇ ਪੁਲੀਟੀਕਲ ਕੰਮਾਂ `ਤੇ ਖਰਚ ਕੀਤਾ ਜਾਵੇਗਾ` (ਸਫ਼ਾ 129)

ਲਾਲਾ ਲਾਜਪਤ ਰਾਏ ਨੇ ਉਚ ਕੋਟੀ ਦੇ ਕਾਂਗਰਸੀ ਨੇਤਾਵਾਂ ਨੂੰ ਮਹੰਤ ਦੇ ਪੱਖ ਵਿਚ ਲਿਆਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ (ਇਸ ਕੰਮ ਵਿਚ ਉਸ ਨੂੰ ਕਿੰਨੀ ਕੁ ਸਫ਼ਲਤਾ ਮਿਲੀ, ਇਹ ਵੱਖਰਾ ਵਿਸ਼ਾ ਹੈ) ਇਸਦਾ ਸਬੂਤ ਉਹ ਤਾਰ ਹੈ, ਜੋ ਸਾਕਾ ਵਾਪਰਨ ਤੋਂ ਬਾਅਦ ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਸਮੇਂ ਉਸ ਦੀ ਘਰ ਦੀ ਤਲਾਸ਼ੀ ਲੈਣ ਵੇਲੇ ਮਿਲੀ ਸੀ ਭਾਈ ਗੁਰਬਖਸ਼ ਸਿੰਘ ਸਮਸ਼ੇਰ` ਆਪਣੀ ਰਿਪੋਰਟ ਵਿਚ ਦੱਸਦੇ ਹਨ, ਇਕ ਤਾਰ ਮਿਲੀ ਜੋ ਮਹੰਤ ਨਰੈਣ ਦਾਸ ਦੇ ਨਾਮ `ਤੇ ਲਾਲਾ ਲਾਜਪਤ ਰਾਏ ਵੱਲੋਂ ਲਿਖੀ ਗਈ, ਜਿਸ ਵਿਚ ਲਿਖਿਆ ਗਿਆ ਸੀ ਕਿ ਮਹਾਤਮਾ ਗਾਂਧੀ ਜੀ ਨਨਕਾਣੇ ਸਾਹਿਬ ਨਹੀਂ ਆ ਸਕਦੇ` (ਉਪਰੋਕਤ)

ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਨੇ ਵੀ ਲਾਲਾ ਲਾਜਪਤ ਰਾਏ ਦੇ ਇਸ ਰੋਲ ਦੀ ਚਰਚਾ ਆਪਣੀ ਕਿਤਾਬ ਸ਼ੁਧਾਰ ਖਾਲਸਾ` ਵਿਚ ਕੀਤੀ ਹੈ ਗਿਆਨੀ ਕਲਾਸਵਾਲੀਆ ਜੀ ਪਹਿਲਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਫਿਰ ਮੁੱਖ ਗ੍ਰੰਥੀ ਰਹੇ ਹਨ ਉਨ੍ਹਾਂ ਦੀ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਦਰਬਾਰ ਸਾਹਿਬ `ਤੇ ਫੌਜੀ ਹਮਲੇ ਦੀ 25ਵੀਂ ਵਰ੍ਹੇਗੰਢ ਸਮੇਂ ਮੁੜ ਛਾਪੀ ਸੀ ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਦ੍ਰਿਸ਼ ਨੂੰ ਬਿਆਨ ਕਰਦਿਆਂ ਕਲਾਸਵਾਲੀਆ ਜੀ ਨੇ ਮਹੰਤ ਦੇ ਕੁਝ ਯਾਰਾਂ ਦੇ ਇਸ ਤਰ੍ਹਾਂ ਨਾਂਅ ਗਿਣਾਏ ਹਨ :

ਮੁਖੀਏ ਪੰਥ ਦੇ ਕਾਜ ਸੰਭਾਲ ਬੈਠੇ
ਮਹੰਤ ਸਣੇ ਮਹੰਤ ਦੇ ਯਾਰ ਗਏ

ਕਬਜ਼ਾ ਪੰਥ ਦਾ ਜਨਮ ਅਸਥਾਨ ਉੱਤੇ
ਬੜੇ ਬਾਵੇ ਭੀ ਕਿਧਰੇ ਸਿਧਾਰ ਗਏ

ਸੰਤ
ਸੇਵਕ ਹੋਰੀਂ ਕਿਤੇ ਜਾ ਛੁਪੇ,
ਲੜੇ ਲਾਜਪਤ ਰਾਏ ਪਧਾਰ ਗਏ

ਸਾਥ ਬੜੇ ਮਹੰਤ ਭੀ ਛੱਡ ਗਏ
,
ਹੋ
ਅੜੇ ਉਦਾਸੀ ਉਡਾਰ ਗਏ
ਬੈਠਾ
ਜੇਹਲ ਅੰਦਰ ਜਾ ਪਾਪੀ
ਘੁਸੜ ਸਾਰੇ ਹੀ ਬੜੇ ਹੰਕਾਰ ਗਏ (ਸਫ਼ਾ 1
86)

ਲਾਲਾ ਲਾਜਪਤ ਰਾਏ ਦੇ ਨਾਂਅ ਨਾਲ ਸਟਾਰ ਲਾ ਕੇ ਹੇਠਾਂ ਇਹ ਫੁੱਟ ਨੋਟ ਦਿੱਤਾ ਗਿਆ :

'ਲਾਜਪਤ ਰਾਏ ਹੋਰਾਂ ਦੀ ਮਨਸ਼ਾ ਸੀ ਕਿ ਮਹੰਤ ਨੂੰ ਅਪਨੇ ਕਾਬੂ ਕਰਕੇ ਏਥੋਂ ਦੇ ਕਾਰਕੁਨ ਅਸੀਂ ਬਣ ਜਾਈਏ ਤੇ ਏਸ ਪੰਥ ਦੀ ਜਾਇਦਾਦ ਪਾਸੋਂ ਪੰਥ ਘਾਤੀ ਪੈਦਾਕਰਨ ਦਾ ਕੰਮ ਲਈਏ ਤੇ ਇਕ ਨੈਸ਼ਨਲ ਯੂਨੀਵਰਸਿਟੀ ਕਾਇਮ ਕਰੀਏ ਤੇ ਬਾਕੀ ਦਾ ਪੈਸਾ ਪੋਲੀਟੀਕਲ ਕੰਮਾਂ ਵਿਚ ਖਰਚ ਕਰੀਏ`

ਲਾਲਾ ਲਾਜਪਤ ਰਾਏ ਆਪਣੀ ਅਖ਼ਬਾਰ ਬੰਦੇ ਮਾਤਰਮ` ਵਿਚ ਨਨਕਾਣਾ ਸਾਹਿਬ ਦੇ ਗੁਰਦੁਆਰੇ ਬਾਰੇ ਕਿਹੋ ਜਿਹੀਆਂ ਲਿਖਤਾਂ ਲਿਖਦੇ ਰਹੇ, ਇਸ ਦੀ ਇਕ ਮਿਸਾਲ ਡਾ. ਕੁਲਵਿੰਦਰ ਸਿੰਘ ਬਾਜਵਾ (ਜੋ ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਖੀ ਰਹੇ ਹਨ) ਨੇ ਆਪਣੀ ਕਿਤਾਬ ਅਕਾਲੀ ਦਲ : ਸੱਚਾ ਸੌਦਾ ਬਾਰ` ਦੇ ਸਫ਼ੇ 44-45 `ਤੇ ਦਿੱਤੀ ਹੈ ਇਹ ਕਿਤਾਬ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਮਾਰਚ 2000 ਵਿਚ ਛਾਪੀ ਸੀ

ਡਾ. ਬਾਜਵਾ ਮੁਤਾਬਕ, 16 ਨਵੰਬਰ 1921 ਦੇ ਬੰਦੇ ਮਾਤਰਮ` ਵਿਚ ਲਾਲਾ ਲਾਜਪਤ ਰਾਏ ਨੇ ਗੁਰੂ ਨਾਨਕ ਸਾਹਿਬ ਦੇ ਬਚਪਨ ਨਾਲ ਜੁੜੀ ਸੱਚਾ ਸੌਦਾ ਦੀ ਸਾਖੀ ਦੇ ਹਵਾਲੇ ਨਾਲ ਲਿਖਿਆ, ਜਿਸ ਸ਼ਖਸ ਨੇ ਆਪਣੇ ਪਿਤਾ ਕੇ ਸਰਮਾਇਆ ਕੋ ਸਾਧੂਓਂ ਕੋ ਖਿਲਾ ਦੀਆ ਅਬ ਉਸ ਕੇ ਨਾਮ ਕੇ ਮੰਦਰ ਮੇਂ ਜਾਇਦਾਦ ਆਮਦਾਨਾਓ ਕੇ ਅਖਤਿਆਰ ਕਾ ਝਗੜਾ ਹੋ ਰਹਾ ਹੈ`

ਦੇਖੋ, ਆਰੀਆ ਸਮਾਜ ਦੀ ਬੋਲੀ ਬੋਲਦਾ ਹੋਇਆ ਲਾਲਾ ਸ਼ਰਾਰਤ ਤੇ ਸ਼ੈਤਾਨੀ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਖਸ` ਕਹਿਣ ਦੀ ਗੁਸਤਾਖੀ਼ ਕਰਦਾ ਹੈ, ਗੁਰਦੁਆਰਾ ਜਨਮ ਅਸਥਾਨ` ਨੂੰ ਮੰਦਰ ਦਾ ਨਾਂਅ ਦਿੰਦਾ ਹੈ ਅਤੇ ਜਨਮ ਅਸਥਾਨ` ਅੰਦਰ ਪ੍ਰਚਲਤ ਹਿੰਦੂਵਾਦੀ ਰਸਮਾਂ ਨੂੰ ਬੰਦ ਕਰਵਾਕੇ ਪੰਥਕ ਮਰਿਆਦਾ ਸ਼ੁਰੂ ਕਰਵਾਉਣ ਦੇ ਸਿਧਾਂਤਕ ਮਾਮਲੇ ਨੂੰ ਆਮਦਾਨਾਓ ਦੇ ਅਖਤਿਆਰ ਦਾ ਝਗੜਾ ਕਰਾਰ ਦਿੰਦਾ ਹੈ!

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਨਜ਼ਰਾਂ ਵਿਚ ਲਾਲ ਲਾਜਪਤ ਰਾਏ
ਸ਼ਹੀਦ ਸੁਖਦੇਵ

ਸ਼ਹੀਦ ਸੁਖਦੇਵ ਸਿੰਘ ਦੇ ਛੋਟੇ ਭਰਾ ਮਥਰਾ ਦਾਸ ਥਾਪਰ ਨੇ 'ਜੀਵਨ ਗਾਥਾ: ਅਮਰ ਸ਼ਹੀਦ ਸੁਖਦੇਵ` ਨਾਂਅ ਦੀ ਇਕ ਕਿਤਾਬ ਲਿਖੀ ਹੈ ਜਿਸ ਵਿਚ ਉਸ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਲਾਲਾ ਲਾਜਪਤ ਰਾਏ ਬਾਰੇ ਵਿਚਾਰ ਦਰਜ ਕੀਤੇ ਹਨ ਮਥਰਾ ਦਾਸ ਮੁਤਾਬਕ, ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਕੀਤੇ ਜਾ ਰਹੇ ਮੁਜ਼ਾਹਰੇ ਦੇ ਦੌਰਾਨ ਪੁਲੀਸ ਦੁਆਰਾ ਕੀਤੇ ਗਏ ਲਾਠੀਚਾਰਜ ਦੀ ਵਜ੍ਹਾ ਕਰਕੇ ਲਾਲਾ ਲਾਜਪਤ ਰਾਏ (ਲਾਠੀ ਦੀ) ਸੱਟ ਖਾ ਕੇ ਫੌਰਨ ਗਰਜ ਕੇ ਬੋਲੇ, ਪੁਲਿਸ ਦੀ ਇਸ ਜ਼ਾਲਮਾਨਾ ਹਰਕਤ ਦੇ ਖਿਲਾਫ਼ ਮੁਜਾਹਰੇ ਨੂੰ ਮੁਅੱਤਲ ਕਰ ਦਿਤਾ ਜਾਵੇ` ਨੇਤਾ ਦੀ ਇਸ ਗਰਜ ਨੇ ਨੌਜਵਾਨਾਂ ਨੂੰ ਨਿਰਉਤਸ਼ਾਹ ਕਰ ਦਿੱਤਾ ਤੇ ਉਸ ਦਿਨ ਦਾ ਉਹ ਜੋ਼ਰਦਾਰ ਮੁਜ਼ਾਹਰਾ ਰੱਦ ਕਰ ਦਿਤਾ ਗਿਆ... ਸਟੇਸ਼ਨ ਵਾਲੇ ਮੁਜ਼ਾਹਰੇ ਦਾ ਅਚਾਨਕ ਮੁਅੱਤਲ ਕਰ ਦਿੱਤਾ ਜਾਣਾ ਸੁਖਦੇਵ ਨੂੰ ਚੰਗਾ ਨਹੀਂ ਲੱਗਾ ਸੀ ਇਸ ਨਾਲ ਉਸ ਦੇ ਮਨ ਵਿਚ ਲਾਲਾ ਜੀ ਪ੍ਰਤੀ ਕੋਈ ਚੰਗੀ ਰਾਇ ਨਹੀਂ ਬਣੀ ਸੀ ਉਂਝ ਵੀ ਪੰਜਾਬ ਕੇਸਰੀ ਦੇ ਬਦਲਦੇ ਹੋਏ ਚਰਿਤਰ ਨੇ ਨੌਜਵਾਨਾਂ ਨੂੰ ਨਿਰਾਸ਼ ਕਰ ਦਿਤਾ ਸੀ ਉਹ (ਲਾਲਾ ਜੀ) ਇਨਕਲਾਬੀਆਂ ਤੋਂ ਚਿੜ੍ਹੇ ਹੋਏ ਸੀ ਜਾਂ ਸ਼ਾਇਦ ਉਨ੍ਹਾਂ ਤੋਂ ਡਰਦੇ ਸੀ ਉਨ੍ਹਾਂ ਨੇ ਤਾਂ ਇਥੋਂ ਤਕ ਵੀ ਕੀਤਾ ਸੀ ਕਿ ਕਾਕੋਰੀ ਕੇਸ ਦੀ ਮਦਦ ਵਾਸਤੇ ਧਨ ਦੇ ਕੇ ਵਾਪਸ ਮੰਗ ਲਿਆ....` (ਸਫ਼ਾ 84)

ਸ਼ਿਵ ਵਰਮਾ

ਸ਼ਹੀਦ ਭਗਤ ਸਿੰਘ ਦੇ ਇਕ ਹੋਰ ਨੇੜਲੇ ਸਾਥੀ ਸ਼ਿਵ ਵਰਮਾ ਜੀ ਲਾਲਾ ਲਾਜਪਤ ਰਾਏ ਬਾਰੇ ਲਿਖਦੇ ਹਨ, 'ਭਗਤ ਸਿੰਘ ਅਤੇ ਸੁਖਦੇਵ ਵਾਸਤੇ ਤਾਂ ਉਹਨਾਂ ਨੇ ਆਪਣੇ ਬੰਗਲੇ ਦੇ ਫਾਟਕ ਹਮੇਸ਼ਾ ਲਈ ਬੰਦ ਕਰਵਾ ਦਿਤੇ ਸਨ ਉਹਨਾਂ ਨੇ ਫਿਰਕੂ ਪੁਣੇ ਦਾ ਸਾਥ ਦੇਣਾ ਸ਼ੁਰੂ ਕਰ ਦਿਤਾ ਸੀ` (ਉਪਰੋਕਤ) ਏਨੇ ਵੱਡੇ ਮੱਤਭੇਦਾਂ ਦੇ ਬਾਵਜੂਦ ਸਕਾਟ ਨੂੰ ਮਾਰਨ ਦਾ ਕਿਉਂ ਫੈਸਲਾ ਕੀਤਾ ਇਸ ਦੀ ਵਿਆਖਿਆ ਸ਼ਿਵ ਵਰਮਾ ਜੀ ਇਸ ਤਰ੍ਹਾਂ ਕਰਦੇ ਹਨ, 'ਪਰ ਇਹ (ਮੱਤਭੇਦ) ਸਾਡੇ ਦੇਸ਼ ਦੇ ਅੰਦਰ ਦੀ ਗੱਲ ਹੈ ਦੇਸ਼ ਦੇ ਬਾਹਰ ਲੋਕ ਉਨ੍ਹਾਂ ਨੂੰ ਸਾਡੇ ਰਾਸ਼ਟਰੀ ਅੰਦੋਲਨ ਦੀ ਮੂਹਰਲੀ ਕਤਾਰ ਦੇ ਨੇਤਾ ਦੇ ਰੂਪ ਵਿਚ ਹੀ ਜਾਣਦੇ ਸੀ ਇਸ ਨਾਤੇ ਲਾਲਾ ਜੀ`ਤੇ ਵਾਰ ਸਮੁੱਚੇ ਦੇਸ਼ ਉੱਤੇ ਵਾਰ ਸੀ ਉਹ ਸਾਡੀ ਮਰਦਾਨਗੀ ਨੂੰ ਲਲਕਾਰ ਸੀ ਤੇ ਅਸੀਂ ਉਸ ਨੂੰ ਮੰਨ ਲਿਆ`` (ਉਪਰੋਕਤ)

ਲਾਲੇ ਨੇ ਹਿੰਦੂ-ਮੁਸਲਿਮ ਫਸਾਦਾਂ ਦਾ ਮੁੱਢ ਬੰਨ੍ਹਿਆ

-ਛੇ ਸੰਪਾਦਕਾਂ ਦੀ ਰਾਇ

18 ਸਤੰਬਰ 1927 ਨੂੰ ਛੇ ਸੰਪਾਦਕਾਂ ਅਤੇ 16 ਹੋਰ ਪ੍ਰਮੁੱਖ ਵਿਅਕਤੀਆਂ ਨੇ, ਜਿਨ੍ਹਾਂ ਵਿਚ ਕਈ ਸ਼ਹੀਦ ਭਗਤ ਸਿੰਘ ਦੇ ਬਹੁਤ ਹੀ ਨੇੜੇ ਸਨ, ਲਾਲਾ ਲਾਜਪਤ ਰਾਏ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਜਾਰੀ ਕੀਤੀ ਸੀ ਜਿਸ ਵਿਚ ਲਾਲੇ ਦੇ ਕੁਝ ਕੰਮਾਂ ਨੂੰ ਕਮੀਨੀਆਂ ਕਾਰਵਾਈਆਂ ਕਰਾਰ ਦਿਤਾ ਸੀ ਅਤੇ ਪੰਜਾਬ ਅੰਦਰ ਹਿੰਦੂ-ਮੁਸਲਿਮ ਫਸਾਦ ਕਰਵਾਉਣ ਦਾ ਮੁੱਢ ਬੰਨਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। (ਇਸ ਚਿੱਠੀ ਦੀ ਹੁ ਬ ਹੂ ਨਕਲ ਇਸੇ ਅੰਕ ਵਿਚ ਵੱਖਰੀ ਛਾਪੀ ਜਾ ਰਹੀ ਹੈ)

ਸੋਹਨ ਸਿੰਘ ਜੋਸ਼

ਕਾਮਰੇਡ ਸੋਹਨ ਸਿੰਘ ਜੋਸ਼ ਦਾ ਸ਼ਹੀਦ ਭਗਤ ਸਿੰਘ ਨਾਲ ਕੁਝ ਸਮਾਂ ਨੇੜ ਰਿਹਾ ਸੀ ਅਤੇ ਉਹਨਾਂ ਨੇ ਹੀ ਆਪਣੇ ਪਰਚੇ 'ਕਿਰਤੀ` ਦੇ ਨਵੰਬਰ 1927 ਦੇ ਅੰਕ ਵਿਚ ਸ਼ਹੀਦ ਦੇ 22 ਸਾਥੀਆਂ ਦੀ ਲਾਲਾ ਲਾਜਪਤ ਰਾਏ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਛਾਪੀ ਸੀ ਇਸ ਚਿੱਠੀ ਨੂੰ ਛਾਪਣ ਤੋਂ ਪਹਿਲਾਂ ਜੋਸ਼ ਜੀ ਨੇ ਲਿਖਿਆ ਸੀ:

'ਜਿਹਨਾ ਸੱਜਣਾਂ ਨੂੰ ਲਾਲਾ ਲਾਜਪਤ ਦੇ ਨਾਲ ਰਾਜਸੀ ਮੈਦਾਨ ਵਿਚ ਚੰਗੀ ਤਰ੍ਹਾਂ ਵਰਤਣ ਦਾ ਅਵਸਰ ਮਿਲਿਆ ਹੈ, ਉਹ ਤਾਂ ਪਹਿਲਾਂ ਹੀ ਲਾਲਾ ਜੀ ਦੀ ਲੀਡਰੀ ਦੀ ਫੋਕੀ ਇੱਛਾ ਅਤੇ ਦੇਸ਼ ਖਾਤਰ ਸਵਾਏ ਟੱਰਾਂ ਟੱਰਾਂ ਤੇ ਹੋਰ ਕੁਝ ਨਾ ਕਰਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪ੍ਰਦੇਸੀ ਵੀਰ ਖਾਸ ਕਰ ਅਮਰੀਕਾ ਤੇ ਕੈਨੇਡਾ ਨਿਵਾਸੀ ਸਿੱਖ ਭਾਈਆਂ ਦਾ ਤਾਂ ਲਾਲਾ ਜੀ ਤੋਂ 1914 ਤੋਂ ਹੀ ਵਿਸ਼ਵਾਸ਼ ਉੱਡ ਚੁੱਕਾ ਸੀ ਜਦੋਂ ਕਿ ਆਪ ਕੈਨੇਡਾ ਅਮਰੀਕਾ ਗਏ ਸਨ ਅਤੇ ਆਪ ਨੂੰ ਉਨ੍ਹਾਂ ਹਿੰਦੁਸਤਾਨੀ ਭਾਈਆਂ ਨੇ ਆਪਣੀ ਗਾੜ੍ਹੀ ਕਮਾਈ ਦਾ ਕਮਾਇਆ ਹੋਇਆ ਚੋਖਾ ਰੁਪਇਆ ਹਿੰਦੁਸਤਾਨ ਵਿਚ ਆਜ਼ਾਦੀ ਦੇ ਕਾਜ਼ ਲਈ ਦਿਤਾ ਸੀ ਅਤੇ ਆਪ ਨੇ ਉਹ ਰੁਪਿਆ ਉਨ੍ਹਾਂ ਦੇ ਕਹੇ ਅਨੁਸਾਰ ਨਹੀਂ ਸਗੋਂ ਆਪਣੀ ਮਰਜ਼ ਨਾਲ ਖਰਚ ਕੀਤਾ ਸੀ ਅਤੇ ਬਹੁਤ ਸਾਰਾ ਆਪ ਹੀ ਹਜ਼ਮ ਕਰ ਗਏ ਲਾਲਾ ਜੀ ਦੀਆਂ ਆਪ ਹੁਦਰੀਆਂ ਅਤੇ ਟੇਢੀਆਂ ਚਾਲਾਂ ਨੇ ਹਿਦੁਸਤਾਨ ਦੇ ਲੋਕਾਂ ਅਤੇ ਰਾਜਸੀ ਹਲਕਿਆਂ ਵਿਚੋਂ ਵੀ ਆਪਣਾ ਭਰੋਸਾ ਗਵਾ ਦਿੱਤਾ ਹੈ`

ਸ਼ਹੀਦ ਭਗਤ ਸਿੰਘ

'.... 1924 `ਚ ਕੇਂਦਰੀ ਐਸੰਬਲੀ ਦੀਆਂ ਚੋਣਾਂ ਹੋਈਆਂ ਲਾਲਾ ਲਾਜਪਤ ਰਾਏ ਨੇ ਇੰਡੀਪੈਂਡੈਂਟ ਕਾਂਗਰਸ ਵਲੋਂ ਚੋਣ ਲੜੀ ਲਾਲਾ ਜੀ ਦੇ ਧਰਮ ਨਿਰਪੱਖ ਚਰਿਤਰ ਉਤੇ ਕੱਟੜ ਹਿੰਦੂਵਾਦੀ ਸੋਚ ਛਾ ਗਈ ਸੀ ਉਨ੍ਹਾਂ ਦੇ ਵਿਰੋਧ ਵਿਚ ਦੀਵਾਨ ਚਮਨ ਲਾਲ ਉਮੀਦਵਾਰ ਸੀ ਭਗਤ ਸਿੰਘ ਅਤੇ ਉਸ ਦੀ ਇਨਕਲਾਬੀ ਟੋਲੀ ਨੇ ਲਾਲਾ ਜੀ ਦੇ ਖਿਲਾਫ ਚੋਣ ਪ੍ਰਚਾਰ ਕੀਤਾ ਮਾਲਵੀਅ ਜੀ ਦੇ ਜਲਸੇ ਵਿਚ ਇਨ੍ਹਾਂ ਵਲੋਂ 'ਲੌਸਟ ਲੀਡਰ` ਦੇ ਸਿਰਲੇਖ ਵਾਲਾ ਇਕ ਪਰਚਾ ਵੰਡਿਆ ਗਿਆ ਜਿਸ ਵਿਚ ਲਾਲਾ ਜੀ ਬਾਰੇ ਲਿਖਿਆ ਸੀ ਕਿ 'ਪੰਜਾਬ ਕੇਸਰੀ ਦੇ ਸੀਨੇ ਵਿਚ ਹੁਣ ਸ਼ੇਰ ਨਹੀਂ ਬਲਕਿ ਮੁਰਗੀ ਦਾ ਦਿਲ ਬਾਕੀ ਰਹਿ ਗਿਆ ਹੈ

ਇਹ ਪਰਚਾ ਅੰਗਰੇਜ਼ੀ ਕਵੀ ਬ੍ਰਾਉਨਿੰਗ ਦੀ ਪ੍ਰਸਿੱਧ ਕਵਿਤਾ 'ਲੌਸਟ ਲੀਡਰ` ਤੇ ਅਧਾਰਤ ਸੀ ਪਰਚੇ ਦੇ ਸ਼ੁਰੂ `ਚ ਹੀ ਸਿਰਫ ਮੁੱਠੀ ਭਰ ਸੋਨੇ ਲਈ ਉਹ ਸਾਨੂੰ ਛੱਡ ਗਿਆ ਆਪਣੇ ਕੋਟ ਤੇ ਬੈਜ ਲਟਕਾਉਣ ਲਈ ਉਹ ਸਾਨੂੰ ਛੱਡ ਗਿਆ` ਵਰਗੇ ਵਾਕਾਂ ਨਾਲ ਲਾਲਾ ਜੀ ਦੀ ਭੂਮਿਕਾ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ ਸੀ`

-ਰਘਬੀਰ ਸਿੰਘ : ਭਗਤ ਸਿੰਘ ਜੀਵਨ ਪਰੀਚੈ

ਉਤਰਾਰਧ (ਹਿੰਦੀ ਪਰਚਾ ਸੰਪਾਦਕ ਸਵੈਸਾਚੀ)

1988-ਅੰਕ 33-34

ਲਾਲਾ ਜੀ ਦੀ ਮੌਤ ਦਾ ਸਬੱਬ ਕੀ ਬਣਿਆ?

ਕੀ ਲ਼ਾਲਾ ਜੀ ਦੀ ਮੌਤ ਵਾਕਿਆ ਹੀ ਮੁਜ਼ਾਹਰੇ ਦੌਰਾਨ ਉਨ੍ਹਾਂ ਦੇ ਸਿਰ ਜਾਂ ਸੀਨੇ ਉਤੇ ਵੱਜੀਆਂ ਦੱਸੀਆਂ ਜਾਂਦੀਆ ਲਾਠੀਆਂ ਦੀਆਂ ਡੂੰਘੀਆਂ ਸੱਟਾਂ ਦੀ ਵਜ੍ਹਾ ਕਰਕੇ ਹੋਈ ਸੀ? ਇਸ ਬਾਰੇ ਮੌਕੇ ਦੇ ਚਸ਼ਮਦੀਦ ਗਵਾਹਾਂ ਦੀਆਂ ਰਾਵਾਂ ਹੀ ਵੱਧ ਪ੍ਰਮਾਣੀਕ ਮੰਨੀਆਂ ਜਾ ਸਕਦੀਆਂ ਹਨ ਇਸ ਕਰਕੇ ਹੇਠਾਂ ਕੁੱਝ ਉਨ੍ਹਾਂ ਨਾਮਵਰ ਦੇਸ਼ਭਗਤਾਂ ਦੀਆਂ ਗਵਾਹੀਆਂ ਪੇਸ਼ ਕਰ ਰਹੇ ਹਾਂ, ਜੋ ਕਿ ਨਾ ਸਿਰਫ ਉਸ ਦਿਨ ਖੁਦ ਮੁਜ਼ਾਹਰੇ ਵਿਚ ਸ਼ਾਮਲ ਸਨ ਸਗੋਂ ਉਨ੍ਹਾਂ ਨੇ ਲਾਲਾ ਜੀ `ਤੇ ਹੋਏ ਲਾਠੀਚਾਰਜ ਨੂੰ ਬਹੁਤ ਨੇੜਿਓਂ ਦੇਖਿਆ ਸੀ

ਗਿਆਨੀ ਗੁਰਮੁਖ ਸਿੰਘ ਮੁਸਾਫਰ

ਗਿਆਨੀ ਗੁਰਮੁਖ ਸਿੰਘ ਮੁਸਾਫਰ, ਜੋ ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਸਨ, ਲਾਹੌਰ ਵਿਖੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲਿਆਂ ਵਿਚ ਸ਼ਾਮਲ ਸਨ ਉਹ ਦਸਦੇ ਹਨ, ਮੈਂ ਹਾਲੇ ਨਜ਼ਮ ਪੜ੍ਹਕੇ ਹਟਿਆ ਹੀ ਸੀ ਕਿ ਸਾਰਾ ਹਜੂਮ ਹੀ ਇਕ ਪਾਸੇ ਨੂੰ ਦੌੜ ਪਿਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਫਿਰ ਜਦ ਉਨ੍ਹਾਂ ਨੇ ਮੋਤੀ ਦਰਵਾਜੇ ਜਾ ਕੇ ਤਕਰੀਰ ਕੀਤੀ ਕਿ 'ਇਹ ਅੰਗਰੇਜ਼ ਗੌਰਮਿੰਟ ਦੀ ਇਕ ਇਕ ਲਾਠੀ ਬ੍ਰਿਟਿਸ਼ ਗੌਰਮਿਟ ਦੇ ਕਫਨ ਵਿਚ ਕਿੱਲ ਹੋਵੇਗੀ` ਫਿਰ ਪਤਾ ਲਗਿਆ ਕਿ ਉਹ ਜਿੰਦਾ ਨੇ ਨਹੀਂ ਤਾਂ ਸਾਰੇ ਕਹਿੰਦੇ ਸੀ ਕਿ ਲਾਲਾ ਜੀ ਖ਼ਤਮ ਹੋ ਗਏ ਲਾਲਾ ਲਾਜਪਤ ਰਾਏ ਨੇ ਸੋਚਿਆ ਕਿ ਇਹ ਲਾਠੀਆਂ ਮੇਰੇ ਦਿਲ ਤੇ ਮਾਰੀਆਂ ਗਈਆਂ ਹਨ ਉਨ੍ਹਾਂ ਨੇ ਇਸ ਨੂੰ ਆਪਣੀ ਬੇਇਜ਼ਤੀ ਸਮਝਿਆ ਮੇਰਾ ਖਿਆਲ ਹੈ ਕਿ ਲਾਠੀਚਾਰਜ ਤਾਂ ਬਹੁਤਾ ਨਹੀਂ ਹੋਇਆ ਸੀ ਉਂਜ ਮੈਂ ਕੁਛ ਦੂਰ ਵੀ ਸਾਂ ਪਰ ਅਸਰ ਇਹ ਹੋਇਆ ਕਿ ਲਾਲਾ ਜੀ ਦੇ ਮਨ `ਤੇ ਸੱਟ ਲੱਗੀ ਕਿ ਅੰਗਰੇਜ਼ ਨੇ ਮੇਰੀ ਬੇਇਜ਼ਤੀ ਕੀਤੀ ਐ ਅਗਰ ਕੋਈ ਐਸਾ ਹੋਇਆ ਤਾਂ ਇਹ ਦਿਲ ਦੀ ਚੋਟ ਦੀ ਗੱਲ ਹੈ

(ਪੰਜਾਬ ਯਾਦਾਂ ਦੇ ਝਰੋਖੇ `ਚੋ, ਸੰ. ਨਵਤੇਜ ਸਿੰਘ, ਸਫ਼ਾ 45)

ਗਿਆਨੀ ਕਰਤਾਰ ਸਿੰਘ

'ਦਰਵੇਸ਼ ਸਿਆਸਤਦਾਨ` ਦੇ ਤੌਰ `ਤੇ ਜਾਣੇ ਜਾਂਦੇ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ, ਜੋ ਬਾਅਦ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਵੀ ਰਹੇ, ਮੌਕੇ ਦੇ ਗਵਾਹ ਹਨ ਉਹਨਾਂ ਮੁਤਾਬਕ, 'ਲਾਲਾ ਲਾਜਪਤ ਰਾਏ ਦੇ ਹੱਥ ਵਿਚ ਛਤਰੀ ਸੀ ਜਿਸ ਦੇ ਇਕ ਪਾਸੇ 'ਸਾਈਮਨ ਗੋ ਬੈਕ, ਸਾਈਮਨ ਗੋ ਬੈਕ`ਲਿਖਿਆ ਹੋਇਆ ਸੀ ਉਸ ਛਤਰੀ `ਤੇ ਲਿਖੇ ਨਾਅਰੇ ਪੜ੍ਹ ਕੇ ਲਾਹੌਰ ਦਾ ਗੋਰਾ ਪੁਲਸ ਕਪਤਾਨ ਭੜਕ ਉੱਠਿਆ ਉਸ ਨੇ ਦੌੜ ਕੇ ਆ ਕੇ ਪੁਲਿਸ ਵਾਲਿਆਂ ਕੋਲ ਜੋ ਛੋਟਾ ਜਿਹਾ ਡੰਡਾ ਹੁੰਦਾ ਹੈ, ਉਸ ਨਾਲ ਦੋ ਡੰਡੇ ਲਾਲਾ ਜੀ ਨੂੰ ਮਾਰੇ ਕੁਝ ਸਮੇਂ ਤੋਂ ਬਾਅਦ ਲਾਲਾ ਜੀ ਸ਼ਹਿਰ ਆਪਣੀ ਕੋਠੀ ਨੂੰ ਵਾਪਸ ਚਲੇ ਗਏ ਸ਼ਾਮ ਨੂੰ ਗੋਲਬਾਗ ਵਿਚ ਬੜਾ ਭਾਰੀ ਜਲਸਾ ਹੋਇਆ ਜਿਸ ਵਿਚ ਲਾਲਾ ਜੀ ਨੇ ਗੂੰਜ ਪਾ ਦੇਣ ਵਾਲਾ ਲੈਕਚਰ ਕੀਤਾ... ਲੈਕਚਰ ਦੇ ਕੇ ਲਾਲਾ ਜੀ ਵਾਪਸ ਘਰ ਚਲੇ ਗਏ ਜੇ ਮੈਂ ਗਲਤੀ ਨਹੀਂ ਖਾਂਦਾ ਤਾਂ 17 ਸਿਤੰਬਰ ..... ਰਾਤ ਨੂੰ ਲਾਲਾ ਜੀ ਦੀ ਆਪਣੀ ਕੋਠੀ ਵਿਚ ਮੌਤ ਹੋ ਗਈ ਲਾਲਾ ਜੀ ਦੀ ਮੌਤ ਦਾ ਫੌਰੀ ਕਾਰਨ ਦਿਲ ਫੇਲ੍ਹ ਹੋ ਜਾਣਾ ਸੀ.... ਕਈ ਲੋਕਾਂ ਨੂੰ ਇਹ ਗਲਤ ਫਹਿਮੀ ਹੈ ਕਿ ਪੁਲਿਸ ਨੇ ਜਲੂਸ ਵਿਚ ਮਾਰਿਆ ਤੇ ਲਾਲਾ ਜੀ ਮੌਕੇ `ਤੇ ਮਰ ਗਏ....`

(ਉਪਰੋਕਤ ਸਫ਼ਾ 187)

ਪ੍ਰੋ. ਅਬਦੁੱਲ ਮਾਜਿਦ ਖਾਂ

ਪ੍ਰੋ. ਐਮ.ਐਸ. ਚੀਮਾ ਨੇ ਪ੍ਰੋ. ਅਬਦੁੱਲ ਮਾਜਿਦ ਖਾਂ ਨਾਲ ਇਕ ਇੰਟਰਵਿਊ ਕੀਤੀ ਸੀ ਜਿਸ ਨੂੰ ਜਲੰਧਰ ਦੂਰਦਰਸ਼ਨ ਨੇ ਲਾਲਾ ਲਾਜਪਤ ਰਾਏ ਦੀ 53ਵੀਂ ਬਰਸੀ ਮੌਕੇ (17 ਨਵੰਬਰ 1981) ਪ੍ਰਸਾਰਤ ਕੀਤਾ ਸੀ ਇਸ ਇੰਟਰਵਿਊ ਸਮੇਂ ਪ੍ਰੋ. ਮਾਜਿਦ ਖਾਂ ਨੇ ਦੱਸਿਆ ਸੀ ਕਿ ਉਹ ਲਾਹੌਰ ਰੇਲਵੇ ਸਟੇਸ਼ਨ ਦੇ ਬਾਹਰ ਲਾਲਾ ਲਾਜਪਤ ਰਾਏ ਦੇ ਨਜ਼ਦੀਕ ਖੜਾ ਸੀ ਜਦੋਂ ਕਿ ਸੁਪਰਡੈਂਟ ਪੁਲਿਸ ਅਤੇ ਲਾਲਾ ਜੀ ਦਰਮਿਆਨ ਗਰਮਾ-ਗਰਮ ਤੂੰ-ਤੂੰ, ਮੈਂ-ਮੈਂ ਹੋਈ ਸੀ ਪ੍ਰੋ. ਮਾਜਿਦ ਮੁਤਾਬਕ ਲਾਲਾ ਜੀ ਨੂੰ ਕੋਈ ਗੰਭੀਰ ਸੱਟ ਨਹੀਂ ਸੀ ਲੱਗੀ

ਯਸ਼ਪਾਲ

ਸ਼ਹੀਦ ਭਗਤ ਸਿੰਘ ਦੇ ਸਾਥੀ ਅਤੇ ਪ੍ਰਸਿੱਧ ਹਿੰਦੀ ਸਾਹਿਤਕਾਰ ਸ੍ਰੀ ਯਸ਼ਪਾਲ ਲਾਹੌਰ ਵਿਚ ਹੋਏ ਲਾਠੀਚਾਰਜ ਸਮੇਂ ਮੌਕੇ `ਤੇ ਹਾਜ਼ਰ ਸਨ ਉਨ੍ਹਾਂ ਨੇ ਇਸ ਲਾਠੀਚਾਰਜ ਦਾ ਅੱਖੀਂ ਡਿੱਠਿਆਂ ਹਾਲ ਆਪਣੀ ਕਿਤਾਬ ਵਿਚ ਇਸ ਤਰ੍ਰਾਂ ਬਿਆਨ ਕੀਤਾ ਹੈ:

ਲਾਲਾ ਲਾਜਪਤ ਰਾਏ ਜੀ ਦੇ ਪਿੱਛੇ ਏਨੀ ਭੀੜ ਸੀ ਕਿ ਉਨ੍ਹਾਂ ਲਈ ਪਿੱਛੇ ਹਟਣ ਦਾ ਕੋਈ ਮੌਕਾ ਹੀ ਨਹੀਂ ਸੀ ਸਾਹਮਣਿਓਂ ਪੁਲਿਸ ਲਾਠੀਚਾਰਜ ਕਰ ਰਹੀ ਸੀਨੌਜਵਾਨਾਂ ਨੇ ਲਾਲਾ ਜੀ ਨੂੰ ਚਾਰੇ ਪਾਸਿਓਂ ਘੇਰ ਕੇ ਸੱਟਾਂ ਲੱਗਣੋਂ ਬਚਾਇਆ ਹੋਇਆ ਸੀ ਪੁਲਿਸ ਦੀ ਮਾਰ ਦੇ ਬਾਵਜੂਦ ਇਹ ਮੋਰਚਾ ਟੁੱਟ ਨਹੀਂ ਸੀ ਰਿਹਾਭਗਵਤੀ ਚਰਨ ਵੋਹਰਾ (ਸ਼ਹੀਦ), ਸੁਖਦੇਵ (ਸ਼ਹੀਦ) ਤੇ ਮੈਂ ਉਥੇ ਹੀ ਇਕ ਪਾਸੇ ਖੜ੍ਹੇ ਸਾਂ ਸਾਥੀ ਧਨਵੰਤਰੀ ਅਤੇ ਅਹਿਸਾਨ ਅਲੀ ਆਦਿ ਮੋਰਚੇ ਵਿਚ ਸ਼ਾਮਲ ਸਨ ਲਾਲਾ ਜੀ ਨੂੰ ਘੇਰੀ ਖੜ੍ਹੇ ਇਸ ਮੋਰਚੇ ਦੇ ਨਾ ਟੁੱਟਣ ਕਾਰਨ ਪੁਲਿਸ ਸੁਪਰਡੈਂਟ (ਐਸ ਪੀ) ਸਕਾਟ ਨੇ ਇਸ ਟੋਲੀ `ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾਡੀ ਐਸ ਪੀ ਸਾਂਡਰਸ ਆਪ ਹੱਥ ਵਿਚ ਇਕ ਛੋਟੀ ਲਾਠੀ ਅਤੇ ਸਿਪਾਹੀਆਂ ਨੂੰ ਲੈ ਕੇ ਉਸ ਟੋਲੀ `ਤੇ ਟੁੱਟ ਪਿਆ ਉਸ ਦੀ ਇਕ ਲਾਠੀ ਨਾਲ ਲਾਲਾ ਜੀ ਦੇ ਸਿਰ ਉਪਰ ਤਾਣੀ ਹੋਈ ਛਤਰੀ ਟੁੱਟ ਗਈ ਅਤੇ ਉਨ੍ਹਾਂ ਦੇ ਕੰਧੇ ਉਪਰ ਚੋਟ ਲੱਗੀ ਨੌਜਵਾਨ ਸਾਥੀ ਅਜੇ ਵੀ ਲਾਲਾ ਜੀ ਨੂੰ ਘੇਰੇ ਵਿਚ ਲੈ ਕੇ ਡਟੇ ਰਹਿਣ ਨੂੰ ਤਿਆਰ ਸਨ, ਪ੍ਰੰਤੂ ਚੋਟ ਲੱਗਣ ਤੋਂ ਬਾਅਦ ਲਾਲਾ ਜੀ ਨੇ ਹੁਕਮ ਦੇ ਦਿੱਤਾ, ਪੁਲਿਸ ਦੀ ਇਸ ਜਾਲਮਾਨਾ ਹਰਕਤ ਦੇ ਖਿਲਾਫ਼ ਮੁਜ਼ਾਹਰੇ ਨੂੰ ਮੁਅੱਤਲ ਕਰ ਦਿੱਤਾ ਜਾਵੇ`

(ਸਿੰਘ ਅਵਲੋਕਨ, ਸਫ਼ਾ 124)

ਪੰਡਤ ਕਿਸ਼ੋਰੀ ਲਾਲ

ਪੰਡਤ ਕਿਸ਼ੋਰੀ ਲਾਲ ਜੀ ਵੀ ਸ਼ਹੀਦ ਭਗਤ ਸਿੰਘ ਦੇ ਬਹੁਤ ਨੇੜਲੇ ਸਾਥੀਆਂ ਵਿਚੋਂ ਸਨ ਉਹ ਵੀ ਸਾਈਮਨ ਕਮਿਸ਼ਨ ਦੇ ਖਿਲਾਫ਼ ਹੋਏ ਮੁਜ਼ਾਹਰੇ ਵਿਚ ਸ਼ਾਮਲ ਸਨ ਉਹ ਵੀ ਕਹਿੰਦੇ ਹੁੰਦੇ ਸਨ ਕਿ ਲਾਠੀਚਾਰਜ ਸਮੇਂ ਲਾਲਾ ਜੀ ਦੇ ਸਰੀਰ `ਤੇ ਕੋਈ ਬਹੁਤੀ ਸਿੱਧੀ ਸੱਟ ਨਹੀਂ ਸੀ ਲੱਗੀ। (ਦੇਖੋ Proceedings : Punjab History Conference March 1985 ਵਿਚ ਛਪਿਆ ਪ੍ਰੋ. ਹਜ਼ਾਰਾ ਸਿੰਘ ਦਾ ਲੇਖ)

ਲਾਲਾ ਲਾਜਪਤ ਰਾਏ ਦਾ ਆਪਣਾ ਬਿਆਨ

ਲਾਠੀਚਾਰਜ ਤੋਂ ਬਾਅਦ ਲਾਲਾ ਲਾਜਪਤ ਰਾਏ ਨੇ ਜੋ ਬਿਆਨ ਜਾਰੀ ਕੀਤਾ ਉਹ ਹਿੰਦੁਸਤਾਨ ਟਾਈਮਜ਼ (1 ਨਵੰਬਰ 1928) ਦੇ ਪਹਿਲੇ ਸਫ਼ੇ `ਤੇ ਛਪਿਆ ਸੀਇਸ ਬਿਆਨ ਮੁਤਾਬਕ, 'ਪੁਲਿਸ ਨੇ ਬੇਵਜ੍ਹਾ ਤੇ ਬੇਲੋੜਾ ਲਾਠੀਚਾਰਜ ਕੀਤਾ ਅਤੇ ਦੋਸ਼ ਲਾਇਆ ਜਾਂਦਾ ਹੈ ਕਿ ਇਸ ਲਾਠੀਚਾਰਜ ਦੀ ਅਗਵਾਈ ਖੁਦ ਸੁਪਰਡੈਂਟਪੁਲਿਸ ਨੇ ਕੀਤੀ ਸੀ ਜਿਵੇਂ ਕਿ ਮੈਨੂੰ ਪਤਾ ਲੱਗਾ ਹੈ, ਉਸ ਨੇ ਮੇਰੀ ਛਾਤੀ ਉਤੇ ਦੋ ਡੰਡੇ ਮਾਰੇ ਅਤੇ ਕੁੱਝ ਸਿਪਾਹੀਆਂ ਨੇ ਵੀ ਕੁੱਝ ਡੰਡੇ ਮਾਰੇ, ਖੁਸ਼ਕਿਸਮਤੀ ਨਾਲ ਜੀਹਨਾਂ ਦੀ ਸੱਟ ਬਹੁਤੀ ਜ਼ਿਆਦਾ ਨਹੀਂ ਸੀ ਸੱਟਾਂ ਨਾਲ ਮੈਨੂੰ ਮਾਮੂਲੀ ਜਿਹਾ ਬੁਖਾਰ ਤੇ ਸੋਜਸ਼ ਹੋਈ`

ਇਸੇ ਤਰ੍ਹਾਂ ਲਾਲਾ ਜੀ ਦੀ ਮੌਤ ਬਾਰੇ ਜੋ ਖਬਰ ਉਸ ਸਮੇਂ ਦੀ ਮਸ਼ਹੂਰ ਪੰਜਾਬੀ ਅਖ਼ਬਾਰ ਅਕਾਲੀ ਤੇ ਪ੍ਰਦੇਸੀ` (19 ਨਵੰਬਰ 1928) ਨੇ ਦਿਤੀ, ਉਹ ਇਸ ਤਰ੍ਹਾਂਸੀ:

ਲਾਹੌਰ ਤੋਂ ਨਿਹੈਤ ਹੀ ਰੰਜ ਭਰੀ ਖ਼ਬਰ ਪੁਜੀ ਹੈ ਕਿ ਅਜ ਸਵੇਰੇ ਲਾਲ ਲਾਜਪਤ ਰਾਏ ਜੀ ਅਚਾਨਕ ਹੀ ਦਿਲ ਦੀ ਹਰਕਤ ਬੰਦ ਹੋ ਜਾਣ ਕਾਰਨ ਚਲ ਵਸੇ ਹਨ`

ਦੋ ਦਿਨ ਬਾਅਦ ਮੌਤ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਂਦਿਆਂ ਅਖ਼ਬਾਰ ਨੇ ਮੁੜ ਲਿਖਿਆ:

ਲਾਲਾ ਲਾਜਪਤ ਰਾਏ ਦੀ ਹਾਲਤ ਕਲ੍ਹ ਤੱਕ ਚੰਗੀ ਸੀ ਕਲ੍ਹ ਅਚਾਨਕ ਹੀ ਸ਼ਾਮ ਨੂੰ ਆਪ ਦੀ ਛਾਤੀ ਦੇ ਖੱਬੇ ਪਾਸੇ ਦਰਦ ਹੋਣ ਲੱਗਾ ਉਸ ਵੇਲੇ ਡਾਕਟਰ ਨੂੰ ਬੁਲਾਇਆ ਗਿਆ ਜੋ ਰਾਤ ਦੇ 11 ਵਜੇ ਤੱਕ ਆਪਦੇ ਪਾਸ ਰਿਹਾ ਪਰ ਦਰਦ ਵਿਚ ਕੁਝ ਘਾਟਾ ਨਾ ਪਿਆ ਅੱਜ ਸਵੇਰੇ ਆਪ ਤੋਂ ਦਰਦ ਦੀ ਹਾਲਤ ਬਾਬਤ ਪੁੱਛਿਆ ਗਿਆ ਤਾਂ ਕਹਿਣ ਲੱਗੇ ਕਿ ਦਰਦ ਅਜੇ ਤੱਕ ਹੋ ਰਹੀ ਹੈ ਦੁਬਾਰਾ ਜਿਸ ਵੇਲੇ ਮੰਜੇ ਪੁਰ ਲੇਟੇ ਤਾਂ 7 ਵਜੇ ਦੇ ਕਰੀਬ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਆਪ ਚਲਾਣਾ ਕਰ ਗਏ` (ਅਕਾਲੀ ਤੇ ਪ੍ਰਦੇਸੀ 21 ਨਵੰਬਰ 1928)

ਸੋ ਅਖ਼ਬਾਰ ਦੇ ਮੁਤਾਬਕ 17 ਨਵੰਬਰ ਤਕ, ਅਰਥਾਤ ਲਾਠੀਚਾਰਜ ਤੋਂ 17 ਦਿਨ ਬਾਅਦ ਤਕ ਲਾਲਾ ਲਾਜਪਤ ਰਾਏ ਦੀ ਹਾਲਤ ਚੰਗੀ ਭਲੀ ਸੀ` ਸਵਾਲ ਪੈਦਾ ਹੁੰਦਾ ਹੈ ਕਿ ਜੇ 17 ਦਿਨਾਂ ਤੱਕ ਉਨ੍ਹਾਂ ਦੀ ਹਾਲਤ ਚੰਗੀ ਭਲੀ ਸੀ ਤਾਂ ਉਹ ਲਾਠੀਚਾਰਜ ਦੇ ਬਾਅਦ ਦੇ ਦਿਨੀਂ ਕੀ ਕਰਦੇ ਰਹੇ? ਇਸ ਬਾਰੇ ਕੁਝ ਜਾਣਕਾਰੀ ਪ੍ਰੋ.ਹਜਾਰਾ ਸਿੰਘ, ਜੋ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਪੱਤਰਕਾਰੀ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਰਹੇ ਹਨ, ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਪੰਜਾਬ ਹਿਸਟਰੀ ਕਾਨਫਰੰਸ (ਮਾਰਚ 1985) ਸਮੇਂ ਪੜ੍ਹੇ ਅਤੇ ਇਤਿਹਾਸਕਾਰਾਂ ਵੱਲੋਂ ਵਿਚਾਰੇ ਗਏ ਆਪਣੇ ਪਰਚੇ ਵਿਚ ਇਸ ਤਰ੍ਹਾਂ ਦਿਤੀ ਹੈ:

30 ਅਕਤੂਬਰ 1928 ਦੀਆਂ ਘਟਨਾਵਾਂ ਤੋਂ ਬਾਅਦ ਲਾਲਾ ਜੀ ਆਮ ਵਰਗੀ ਜਿੰਦਗੀ ਜਿਊ ਰਹੇ ਸਨ ਉਹਨਾਂ ਨੇ ਉਸੇ ਸ਼ਾਮ ਡਾਕਟਰ ਧਰਮਵੀਰ ਵੱਲੋਂ ਚੈਕ-ਅਪ ਕਰਨ ਤੋਂ ਬਾਅਦ, ਇਕ ਰੋਸ ਮੀਟਿੰਗ ਨੂੰ ਸੰਬੋਧਿਤ ਕੀਤਾ ਸੀ ਉਸ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਸੈਸਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਉਹ ਆਪਣੇ ਹਫਤਾਵਾਰ ਅਖਬਾਰ 'ਦ ਪੀਪਲ` ਵਿਚ ਲਿਖਦੇ ਰਹੇ ਸਨ`

ਕਿਉਂਕਿ ਲਾਲਾ ਲਾਜਪਤ ਰਾਏ ਦੇਸ ਪੱਧਰ ਦੇ ਪ੍ਰਸਿੱਧ ਲੀਡਰ ਸਨ ਇਸ ਲਈ ਉਹਨਾਂ ਦੀ ਮੌਤ ਬਾਰੇ ਉਸ ਸਮੇਂ ਦੇ ਕਈ ਆਗੂਆਂ ਨੇ ਲਿਖਿਆ ਹੈ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੀ ਸਵੈ-ਜੀਵਨੀ, ਜੋ ਲਾਲਾ ਲਾਜਪਤ ਰਾਏ ਦੀ ਮੌਤ ਤੋਂ ਅੱਠ ਸਾਲ ਬਾਅਦ ਲੰਡਨ ਵਿਚ ਛਪੀ ਸੀ, ਵਿਚ ਇਸ ਤਰ੍ਹਾਂ ਦੱਸਿਆ ਹੈ:

ਸਰੀਰਕ ਸੱਟਾਂ ਉਸ ਦੀ ਕੁਝ ਕੁ ਹਫ਼ਤੇ ਬਾਅਦ ਹੋਈ ਮੌਤ ਦਾ ਕਿੰਨਾ ਕੁ ਕਾਰਨ ਬਣੀਆਂ, ਇਸ ਬਾਰੇ ਪੱਕ ਨਾਲ ਕੁਝ ਕਹਿਣਾ ਬਹੁਤ ਮੁਸ਼ਕਲ ਹੈ (ਸਫ਼ਾ 173)

ਮੈਂ ਲਾਜਪਤ ਰਾਏ ਨੂੰ ਨਫ਼ਰਤ ਕਰਦਾ ਹਾਂ : ਜਸਵੰਤ ਸਿੰਘ ਕੰਵਲ

ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ਪੁੰਨਿਆ ਦਾ ਚਾਨਣ` ਦੇ ਸਫ਼ਾ 126 `ਤੇ ਲਿਖਦੇ ਹਨ :

ਮੈਂ ਆਪਣੇ ਪਿੰਡ (ਢੁੱਡੀਕੇ) ਵਿਚ ਜੰਮੇ ਲਾਲਾ ਲਾਜਪਤ ਰਾਏ ਨੂੰ ਇਸ ਲਈ ਨਫ਼ਰਤ ਕਰਦਾ ਸੀ, (ਕਿਉਂਕਿ) ਪਹਿਲਾਂ ਉਸ ਗ਼ਦਰ ਪਾਰਟੀ ਦਾ ਫੰਡ ਨੱਪਿਆਦੂਜਾ ਮਾਂਡਲੇ ਜੇਲ੍ਹ ਤੋਂ ਛੁੱਟਣ ਲਈ ਵਾਇਸਰਾਏ ਨੂੰ ਮੁਆਫ਼ੀਨਾਮੇ ਦੀਆਂ ਚਿੱਠੀਆਂ ਲਿਖੀਆਂ ਤੀਜਾ ਕਾਂਗਰਸ ਨੂੰ ਵੀ ਲੱਤ ਮਾਰ ਕੇ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਜਾ ਬਣਿਆ ਚੌਥੇ ਛਾਤੀ `ਤੇ ਕਾਲੀ ਛਤਰੀ ਤੋਂ ਤਿਲਕੇ ਤਿੰਨ ਡੰਡੇ ਜ਼ਰੂਰ ਵੱਜੇ ; ਪਰ ਸਤਾਰਾਂ ਦਿਨ ਬਾਅਦ ਪਲੂਰਸੀ ਦੀ ਬੀਮਾਰੀ ਨਾਲ ਮਰਿਆ ਇਨ੍ਹਾਂ ਸਤਾਰਾਂ ਦਿਨਾਂ ਵਿਚੋਂ ਦਿੱਲੀ ਜਾ ਕੇ ਇਕ ਮੀਟਿੰਗ ਤੇ ਨਹਿਰੂ ਨਾਲ ਲੜ ਕੇ ਆਇਆ ਸਤਾਰਾਂ ਦਿਨ ਮਗਰੋਂ ਮਰਨ ਵਾਲਾ ਸ਼ਹੀਦ ਕਿਵੇਂ ਹੋ ਗਿਆ? ਇਹ ਪ੍ਰਾਪੇਗੰਡਾ ਹਿੰਦੂ ਪ੍ਰੈਸ ਦੇ ਝੂਠ ਦਾ ਸੀ`

.ਕੰਵਲ ਇਸੇ ਕਿਤਾਬ ਵਿਚ ਇਕ ਥਾਂ ਹੋਰ ਲਿਖਦੇ ਹਨ :

ਇਕ ਵਾਰ ਲਾਜਪਤ ਰਾਏ ਦੇ ਸਾਥੀ ਮੋਹਨ ਲਾਲ ਨੇ ਮੈਨੂੰ ਪੁੱਛਿਆ, ਤੂੰ ਤਾਂ ਕਮਿਊਨਿਸਟ ਐਂ, ਲਾਜਪਤ ਰਾਏ ਦਾ ਸ਼ਰਧਾਲੂ ਕਿਵੇਂ ਬਣ ਗਿਆ?` 'ਮੈਂ ਕਿਸੇ ਵੀ ਰਾਜਸੀ ਪਾਰਟੀ ਦਾ ਮੈਂਬਰ ਨਹੀਂ ਨਾ ਹੀ ਕਿਸੇ ਦਾ ਸ਼ਰਧਾਲੂ ਆਂ, ਲੋਕਾਂ ਦੇ ਹਿੱਤ ਨਾਲ ਖਲੋਤਾ ਰਿਹਾ ਆਂ ਮੈਂ ਸਪੱਸ਼ਟ ਜਵਾਬ ਮੋੜਿਆ ਮੈਂ ਤਾਂ ਦੇਸ਼ ਭਗਤਾਂ ਦੇ ਪਿੱਛੇ ਰਹੇ ਪਿੰਡ ਨੂੰ ਜਾਗਰਤ ਕਰਨ ਲਈ ਇਹ ਬੀੜਾ ਚੁੱਕਿਆ ਏ ਕਿਉਂਕਿ ਫਿਰਕੂ ਤੇ ਮੁਤੱਸਬੀ ਸਰਕਾਰ ਗ਼ਦਰੀ ਬਾਬਿਆਂ ਦੇ ਨਾਂ `ਤੇ ਲੋਕਾਂ ਨੂੰ ਛੜਾਂ ਮਾਰਦੀ ਐ ਤੇ ਫਿਰਕੂ ਲਾਜਪਤ ਰਾਏ ਦੇ ਨਾਂ `ਤੇ ਦੁੱਧ ਦੀਆਂ ਧਾਰਾਂ ਦੇਂਦੀ ਐ ਮੈਂ ਤਾਂ ਪਿੰਡ ਨੂੰ ਜਾਗਰਤ ਕਰਨ ਲਈ ਲਾਜਪਤ ਰਾਏ ਦੇ ਨਾਂ ਦੀ ਨੀਤੀ ਵਰਤੀ ਹੈ ਊਂ ਮੈਨੂੰ ਚੱਜ ਨਾਲ ਪਤਾ ਹੈ ਕਿ ਲਾਜਪਤ ਰਾਏ ਕਾਂਗਰਸ ਛੱਡ ਕੇ ਫਿਰਕੂ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਜਾ ਬਣਿਆ ਸੀ ਪਿੰਡ ਦੀ ਤਰੱਕੀ ਲਈ ਲਾਜਪਤ ਰਾਏ ਦਾ ਨਾਂ ਵਰਤਣ ਤੇ (ਗ਼ਦਰੀ) ਬਾਬਾ ਗੁਰਮੁਖ ਸਿੰਘ ਮੈਨੂੰ ਮੇਰੇ ਘਰ ਬੈਠਾ ਇਕ ਤਰ੍ਹਾਂ ਗਾਲ੍ਹਾਂ ਦੇ ਰਿਹਾ ਸੀ ਬਾਪ ਵਰਗੇ ਬਾਬੇ ਦਾ ਮੈਂ ਗੁੱਸਾ ਨਹੀਂ ਕਰ ਸਕਦਾ ਸੀ ਜੇ ਦੁਸ਼ਮਣ ਤੋਂ ਲੋਕ ਭਲੇ ਦਾ ਕੰਮ ਲੈ ਲਿਆ ਜਾਵੇ, ਨੀਤੀ ਸ਼ਾਸਤਰ ਇਸ ਨੂੰ ਮਾੜਾ ਨਹੀਂ ਸਮਝਦਾ ਮੋਹਨ ਲਾਲ ਜੀ, ਦੁਸ਼ਮਣ ਦੇ ਹਥਿਆਰ ਨਾਲ ਵੈਰੀ ਮਾਰਿਆ ਜਾਵੇ; ਇਹ ਸਹੀ ਨੀਤੀ ਨਹੀਂ?

ਮੇਰੀ ਪੂਰੀ ਗੱਲ ਸੁਣ ਕੇ ਮੋਹਨ ਲਾਲ ਐਨਾ ਹੱਸਿਆ ਕਿ ਉਸ ਨੂੰ ਹੁੱਥੂ ਆ ਗਿਆ। (ਸਫ਼ਾ 125-126)

ਜਸਵੰਤ ਸਿੰਘ ਕੰਵਲ ਦੇ ਇਸ ਹਵਾਲੇ ਤੋਂ ਢੁਡੀਕੇ ਪਿੰਡ ਦੀ ਪੰਚਾਇਤ ਤੇ ਕੁੱਝ ਹੋਰਨਾਂ ਜ਼ੋਸ਼ੀਲੇ ਦੇਸ਼ਭਗਤਾਂ ਵੱਲੋਂ ਬੱਬੂ ਮਾਨ ਦੇ ਖਿਲਾਫ਼ ਪਾਏ ਜਾ ਰਹੇ ਖਰੂਦ ਦੀ ਅਸਲੀਅਤ ਆਪਣੇ ਆਪ ਉਘੜ ਆਉਂਦੀ ਹੈ, ਕਿ ਉਨ੍ਹਾਂ ਲਈ ਪਿੰਡ ਦਾ ਵਿਕਾਸ ਇਤਿਹਾਸਕ ਸੱਚਾਈ ਨਾਲੋਂ ਵੱਧ ਮਹੱਤਵਪੂਰਨ ਹੈ! ਅਜਿਹੀ ਗਰਜ਼ਮੁਖੀ ਸੋਚ ਵਿਅਕਤੀਆਂ ਨੂੰ ਅਚੇਤ ਤੌਰ `ਤੇ ਹੀ ਅਨੈਤਿਕਤਾ ਦੇ ਕੁਰਾਹੇ ਪਾ ਦਿੰਦੀ ਹੈ

No comments: