Thursday, February 11, 2010

“ਕੋਈ ਲੱਭੋ ਬਾਬੇ ਨੂੰ”


ਇਕ ਦਿਨ ਮੈਂ ਆਪਣੇ ਇਕ ਮਿੱਤਰ ਨਾਲ ਸੰਤ ਅਤੇ ਸਿਪਾਹੀ ਬਾਰੇ ਚਰਚਾ ਕਰ ਰਿਹਾ ਸੀ। ਅਸੀਂ ਇਤਿਹਾਸ ਵਾਚ ਰਹੇਂ ਸਾਂ ਤੇ ਪਤਾ ਲੱਗ ਰਿਹਾ ਸੀ ਕਿ ਸਿਖ ਪੰਥ ਵਿਚ ਸੰਤ-ਸਿਪਾਹੀ ਨਾਲ-ਨਾਲ ਚੱਲਦੇ ਹਨ। ਕੋਈ ਵੀ ਇਕੱਲਾ ਸੰਤ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਕੱਲਾ ਸਿਪਾਹੀ। ਸੰਤ ਵਿਚ ਸਿਪਾਹੀ ਵਾਲੀ ਹਿੰਮਤ, ਹੌਸਲਾ ਤੇ ਸਿਪਾਹੀ ਵਿਚ ਸੰਤ ਵਾਲੀ ਆਤਮਿਕ ਸ਼ਕਤੀ ਚਾਹੀਦੀ ਹੈ। ਸਾਡੀ ਨਜ਼ਰ ਪਿਛਲੀ ਸਦੀ ਵਿਚੋਂ ਉਦਾਹਰਣ ਲੱਭ ਰਹੀ ਸੀ ਤੇ ਨਜ਼ਰ ਸਿੱਧੀ ਗੁਰੂ ਰਾਮਦਾਸ ਲੰਗਰ ਦੀ ਛੱਤ ‘ਤੇ ਬੈਠੀ ਇਕ ਸ਼ਖ਼ਸ਼ੀਅਤ ਉੱਤੇ ਆ ਕੇ ਟਿਕ ਗਈ,
“ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ”
ਪਿਛਲੀ ਸਦੀ ਵਿਚ ਹੋਰ ਵੀ ਸਤਿਕਾਰਯੋਗ ਸ਼ਖ਼ਸ਼ੀਅਤਾਂ ਹੋਈਆਂ ਨੇ ਜਿਹਨਾਂ ਵਿਚ ਇਹ ਗੁਣ ਮੌਜ਼ੂਦ ਸਨ, ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਭਾਈ ਰਣਧੀਰ ਸਿੰਘ ਤੇ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ। ਸਮੇਂ-ਸਮੇਂ ‘ਤੇ ਲੋਕਾਂ ਨੇ ਇਹਨਾਂ ਮਹਾਂਪੁਰਸ਼ਾਂ ਵਿਚ ਸੰਤ ਸਿਪਾਹੀ ਦੇ ਦਰਸ਼ਨ ਕੀਤੇ ਹਨ।
ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਕ ਵਾਰ ਦਿੱਲੀ ਵਿਚ ਨਗਰ ਕੀਰਤਨ ਕੱਢ ਰਹੇ ਸਨ। ਸੰਗਤਾਂ ਉਤਸ਼ਾਹ ਨਾਲ ਗੁਰੂ ਜਸ ਗਾਇਨ ਕਰ ਰਹੀਂ ਸਨ।ਸੰਤ ਅਤਰ ਸਿੰਘ ਜੀ ਵੀ ਸੰਗਤਾਂ ਦੇ ਨਾਲ-ਨਾਲ ਸ਼ਬਦ ਗਾਉਂਦੇ ਹੋਏ ਚਲ ਰਹੇ ਸਨ। ਇਕ ਥਾਂ ‘ਤੇ ਕੁਝ ਅੰਗਰੇਜ਼ ਸਿਪਾਹੀਆਂ ਨੇ ਨਗਰ ਕੀਰਤਨ ਨੂੰ ਰੋਕ ਦਿੱਤਾ। ਕਾਰਨ ਪੁੱਛਣ ‘ਤੇ ਉਹਨਾਂ ਨੇ ਕਿਹਾ ਕਿ ਕਿਸੇ ਵੱਡੇ ਅਫਸਰ ਦੀ ਗੱਡੀ ਆ ਰਹੀ ਹੈ, ਪਹਿਲਾਂ ਉਹ ਲੰਘਾਈ ਜਾਵੇਗੀ ਤੇ ਮਗਰੋਂ ਨਗਰ ਕੀਰਤਨ ਲੰਘਾਇਆ ਜਾਵੇਗਾ। ਇਹ ਗੱਲ ਸਿਖ ਸੰਗਤਾਂ ਦੇ ਬਰਦਾਸ਼ਤ ਤੋਂ ਬਾਹਰ ਸੀ। ਸੰਤ ਜੀ ਵੀ ਰੋਹ ਵਿਚ ਆ ਰਹੇ ਸਨ, ਕਿਸੇ ਇਨਸਾਨ ਦੇ ਲੰਘਣ ਖਾਤਰ ਗੁਰੂ ਮਹਾਰਾਜ ਦੀ ਸਵਾਰੀ ਨਹੀਂ ਰੋਕੀ ਜਾ ਸਕਦੀ ਸੀ। ਉੱਧਰੋਂ ਅਫਸਰ ਦੀ ਗੱਡੀ ਆ ਗਈ। ਸੰਤ ਜੀ ਸਭ ਤੋਂ ਮੂਹਰੇ ਆ ਗਏ ਤੇ ਅਫਸਰ ਦੀ ਗੱਡੀ ਮੂਹਰੇ ਖਲੋ ਕੇ ਉੱਚੀ-ਉੱਚੀ ਗਾਉਂਣ ਲੱਗੇ,
“ਕੋਊ ਹਰਿ ਸਮਾਨਿ ਨਹੀ ਰਾਜਾ ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥1॥”
ਨਗਰ ਕੀਰਤਨ ਦੁਬਾਰਾ ਚੱਲ ਪਿਆ। ਸੰਤ ਜੀ ਉਸੇ ਲੋਰ ਵਿਚ ਗਾਉਂਦੇ ਰਹੇ। ਸਭ ਸੰਗਤਾਂ ਦੇ ਲੰਘ ਜਾਣ ਤੋਂ ਬਾਅਦ ਸੰਤ ਜੀ ਨੇ ਅੰਗਰੇਜ਼ ਅਫਸਰ ਨੂੰ ਕਿਹਾ, “ਸਿਖ ਕਦੇ ਕਿਸੇ ਦੀ ਈਨ ਨਹੀਂ ਮੰਨਦੇ, ਸਿਖ ਕਦੇ ਕਿਸੇ ਦਾ ਗੁਲਾਮ ਨਹੀਂ, ਗੁਰੂ ਮਹਾਰਾਜ ਦੀ ਬੇਅਦਬੀ ਸਿਖ ਕਦੇ ਵੀ ਸਹਾਰ ਨਹੀਂ ਸਕਦਾ। ਅੱਗੇ ਤੋਂ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਜਾਵੇ, ਨਹੀਂ ਤਾਂ ਇਸਦੇ ਸਿੱਟੇ ਗੰਭੀਰ ਨਿਕਲਣਗੇ”। ਅੰਗਰੇਜ਼ ਅਫਸਰ ਨੇ ਇਸ ਗਲਤੀ ਲਈ ਮੁਆਫੀ ਮੰਗੀ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ। ਇਹ ਹੁੰਦੀ ਹੈ ਸੰਤ ਦੇ ਨਾਲ ਸਿਪਾਹੀ ਦੀ ਦਿਖ। ਜਦੋਂ ਕਿਸੇ ‘ਤੇ ਕੋਈ ਵਧੀਕੀ ਹੋ ਰਹੀ ਹੋਵੇ ਤਾਂ ਸੰਤ ਦਾ ਫਰਜ਼ ਹੈ ਕਿ ਉਸ ਵਧੀਕੀ ਦੇ ਵਿਰੁੱਧ ਡਟ ਕੇ ਖੜ ਜਾਵੇ।
ਇਸੇਂ ਤਰ੍ਹਾਂ ਬਾਕੀ ਸਤਿਕਾਰਯੋਗ ਸ਼ਖ਼ਸ਼ੀਅਤਾਂ ਵੀ ਸਮੇਂ-ਸਮੇਂ ‘ਤੇ ਸੰਤ ਰੂਪ ਹੁੰਦੇ ਹੋਏ ਵੀ ਸਿਪਾਹੀ ਬਣ ਕੇ ਜ਼ਾਲਮਾਂ ਦੇ ਵਿਰੁੱਧ ਖੜੀਆਂ ਹਨ। ਭਾਂਵੇ ਸੰਤ ਭਾਈ ਰਣਧੀਰ ਸਿੰਘ ਵੱਲੋਂ ਅੰਗਰੇਜ਼ੀ ਰਾਜ ਦੀ ਵਿਰੋਧਤਾ ਹੋਵੇ ਜਾਂ ਸੰਤ ਕਰਤਾਰ ਸਿੰਘ ਦੁਆਰਾ ਦਿੱਲੀ ਵਿਖੇ ਲੱਗੇ ਦੀਵਾਨ ਵਿਚ ਇੰਦਰਾ ਗਾਂਧੀ ਦੇ ਆਉਣ ‘ਤੇ ਕੁਝ ਭੁੱਲੜ ਸਿਖਾਂ ਵੱਲੋਂ ਖੜੇ ਹੋ ਜਾਣ ‘ਤੇ ਉਹਨਾਂ ਨੂੰ ਸ਼ਰੇਆਮ ਕੀਤੀ ਗਈ ਤਾੜਨਾ ਹੋਵੇ।
ਸੰਤ ਕਰਤਾਰ ਸਿੰਘ ਜੀ ਤੋਂ ਬਾਅਦ ਉਹਨਾਂ ਦੀ ਥਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਲਈ। ਸੰਤਾਂ ਦੀ ਸਿਪਾਹੀ ਦੀ ਦਿਖ ਤਾਂ ਸਾਰੀ ਦੁਨੀਆਂ ਨੇ ਵੇਖੀ ਹੈ। ਸਭ ਨੂੰ ਪਤਾ ਹੈ ਕਿ ਉਹਨਾਂ ਦੀ ਮੰਜੀ ਸਾਹਿਬ ਵਿਚਲੀ ਕੜਕਵੀਂ ਆਵਾਜ਼ ਨਾਲ ਲਾਲ ਕਿਲੇ ਦੀਆਂ ਕੰਧਾਂ ਕੰਬਣ ਲੱਗ ਪੈਂਦੀਆਂ ਸਨ। ਦਿੱਲੀ ਦਿਆਂ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ। ਕਈਆਂ ਨੂੰ ਤਾਂ ਭੱਜਿਆਂ ਨੂੰ ਰਾਹ ਨਹੀਂ ਲੱਭੇ। ਜਿਨ੍ਹਾਂ-ਜਿਨ੍ਹਾਂ ਨੇ ਕੌਮ ‘ਤੇ ਜ਼ੁਲਮ ਕੀਤੇ ਸਨ ਉਹਨਾਂ ਨੂੰ ਜਵਾਬ ਦੇਣ ਵਾਲਾ ਕੋਈ ਜੰਮ ਪਿਆ ਸੀ, ਸੋ ਜ਼ਾਲਮਾਂ ਦੀਆਂ ਨੀਦਾਂ ਉੱਡ ਗਈਆਂ ਸਨ। ਉਹਨਾਂ ਦਾ ਸਾਰਾ ਸਮਾਂ ਹੁਣ ਇਹੀ ਸੋਚਣ ਵਿਚ ਲੰਘ ਰਿਹਾ ਸੀ ਕਿ ਕਿਵੇਂ ਏਸ ਸਿਪਾਹੀ ਨੂੰ ਖਤਮ ਕੀਤਾ ਜਾਵੇ, ਜਿਸ ਨੇ ਖਿੱਲਰੀ ਪਈ ਕੌਮ ਨੂੰ ਮੁੜ ਜਥੇਬੰਦ ਕਰ ਲਿਆ ਹੈ। ਹਕੂਮਤਾਂ ਲਈ ਅਜਿਹੇ ਇਨਸਾਨ ਹਮੇਸ਼ਾ ਖਤਰਨਾਕ ਹੁੰਦੇ ਹਨ, ਜਿਹੜੇ ਉਹਨਾਂ ਦੇ ਜ਼ੁਲਮਾਂ ਸਾਹਮਣੇ ਇਕ ਕੌਮੀ ਦੀਵਾਰ ਉਸਾਰ ਲੈਂਦੇ ਹਨ ਤੇ ਹਕੂਮਤ ਦੇ ਹਰ ਹਮਲੇ ਦਾ ਡਟਵਾਂ ਜਵਾਬ ਦਿੰਦੇ ਹਨ।
ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਵੀ ਸ਼ਾਨਾਮੱਤੇ ਇਤਿਹਾਸ ਨੂੰ ਦੁਹਰਾਉਦੇ ਹੋਏ ਜ਼ਾਲਮ ਹਕੂਮਤ ਨਾਲ ਲੋਹਾ ਲਿਆ। ਜੂਨ 84 ਵਿਚ ਲੜੀ ਗਈ ਹਿੰਦ ਪੰਜਾਬ ਜੰਗ ਵਿਚ ਮੁੱਠੀ ਭਰ ਸਿੰਘਾਂ ਨੇ 7 ਲੱਖ ਫੌਜ ਨਾਲ ਟੱਕਰ ਲੈ ਕੇ ਗੁਰਦਾਸ ਨੰਗਲ ਦੇ ਇਤਿਹਾਸ ਨੂੰ ਦੁਹਰਾਇਆ। ਅੰਗਰੇਜ਼ ਇਤਿਹਾਸਕਾਰ ਮਾਰਕ ਟੱਲੀ ਨੇ ਲਿਖਿਆ ਹੈ ਕਿ“A place between Darshni Deori and Akal Thakhat became a cremation ground of Indian Army” ਅਰਥਾਤ ਦਰਸ਼ਨੀ ਡਿਉਡੀ ਅਤੇ ਅਕਾਲ ਤਖ਼ਤ ਸਾਹਿਬ ਦੇ ਵਿਚਕਾਰਲੀ ਥਾਂ ਭਾਰਤੀ ਫੌਜ ਦਾ ਕਬਰਿਸਤਾਨ ਬਣ ਗਈ। ਮੀਟ ਸ਼ਰਾਬ ਨਾਲ ਰੱਜੀ ਭਾੜੇ ਦੀ ਫੌਜ ਦਾ ਮੁਕਾਬਲਾ ਮੁੱਠ-ਮੁੱਠ ਛੋਲਿਆਂ ਦੀ ਖਾ ਕੇ ਬੈਠੇ ਜੁਝਾਰੂਆਂ ਨਾਲ ਸੀ ਤੇ ਭਾਰਤੀ ਫੌਜ ਨੂੰ ਭੁਲੇਖਾ ਸੀ ਕਿ ਲੜਾਈ 2 ਘੰਟੇ ਤੋਂ ਵੱਧ ਨਹੀਂ ਚੱਲੇਗੀ, ਪਰ 72 ਘੰਟੇ ਦੇ ਜਬਰਦਸਤ ਮੁਕਾਬਲੇ ਨੇ ਉਹਨਾਂ ਦੇ ਨਾਸੀਂ ਧੂਆਂ ਲਿਆ ਦਿੱਤਾ।ਇਕ ਸਾਬਕਾ ਆਈ.ਏ.ਐਸ. ਅਨੁਸਾਰ ਜੇ ਸੰਤਾਂ ਤਾ ਉਹਨਾਂ ਦੇ ਸਾਥੀਆਂ ਕੋਲ ਭਾਰਤੀ ਫੌਜ ਦੇ ਮੁਕਾਬਲੇ ਦੇ ਹਥਿਆਰ ਹੁੰਦੇ ਤਾਂ ਉਹ ਭਾਰਤੀ ਫੌਜ ਨੂੰ ਜਮਨਾ ਪਾਰ ਤੱਕ ਭਜਾ ਕੇ ਆਉਂਦੇ। ਇਕ ਸਾਬਕਾ ਫੌਜੀ ਅਫਸਰ ਮੁਤਾਬਿਕ ਭਾਰਤੀ ਫੌਜ ਦਾ ਲੜਾਈ ਵਿਚ ਏਨਾ ਨੁਕਸਾਨ ਕਦੇ ਗੁਆਂਢੀ ਮੁਲਕ ਨੇ ਨਹੀਂ ਕੀਤਾ ਜਿੰਨਾ ਏਸ ਜੰਗ ਵਿਚ ਹੋਇਆ। 60-70 ਦੇ ਕਰੀਬ ਸਿੰਘਾਂ ਨੇ 3700 ਭਾਰਤੀ ਫੌਜੀ ਮਾਰ ਦਿੱਤੇ।ਭਾਰਤੀ ਫੌਜ ਨੂੰ ਕਿਸੇ ਪਾਸੇ ਤੋਂ ਅੰਦਰ ਜਾਣ ਲਈ ਰਾਹ ਨਹੀਂ ਮਿਲ ਰਿਹਾ ਸੀ। ਜਿਸ ਰਸਤੇ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਗੋਲੀਆਂ ਦੀ ਬੌਛਾੜ ਉਹਨਾਂ ਦਾ ਸਵਾਗਤ ਕਰਦੀ ਤੇ ਫੌਜੀਆਂ ਦੀਆਂ ਲਾਸ਼ਾਂ ਦਾ ਇਕ ਵੱਡਾ ਢੇਰ ਲੱਗ ਜਾਂਦਾ। ਫੌਜ ਨੇ ਟੈਕ ਵੀ ਅੰਦਰ ਲਿਆਦਾ, ਸਿੰਘਾਂ ਨੇ ਉਸ ਨੂੰ ਵੀ ਤਬਾਹ ਕਰ ਦਿੱਤਾ।…… ਤੇ ਅੰਤ ਜੇ ਕਿਤੇ ਭਾਰਤੀ ਫੌਜ ਹੈਲੀਕਾਪਟਰ ਤੇ ਹੋਰ ਹਵਾਈ ਸੈਨਾ ਇਸਤਮਾਲ ਨਾਂ ਕਰਦੀ ਤਾਂ ਉਹਨਾਂ ਨੂੰ ਜਬਰਦਸਤ ਹਾਰ ਦਾ ਮੂੰਹ ਦੇਖਣਾ ਪੈਂਦਾ।
ਖੈਰ ਸਿੰਘਾਂ ਨੇ ਏਸ ਲੜਾਈ ਵਿਚ ਆਪਣੇ ਇਤਿਹਾਸਕ ਜੰਗੀ ਜੌਹਰ ਦੁਹਰਾਏ। ਅੰਤ, ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਤਾਂ ਕਿਤੇ ਜਾ ਕੇ ਭਾਰਤੀ ਫੌਜ ਦਰਬਾਰ ਸਾਹਿਬ ਸਮੂਹ ਤੇ ਕਬਜਾ ਕਰ ਸਕੀ। ਹਰੇਕ ਸਿੰਘ ਆਪਣੀ ਅਖੀਰਲੀ ਗੋਲੀ ਤੱਕ ਲੜਿਆ। ਇਸ ਜੰਗ ਵਿਚ ਸੰਤ ਜਰਨੈਲ ਸਿੰਘ ਜੀ ਦੇ ਸਿਪਾਹੀ ਰੂਪ ਦੇ ਦਰਸ਼ਨ ਸਭ ਨੇ ਕੀਤੇ ਤੇ ਇਸ ਰੂਪ ਵਿਚ ਮਾਰੀਆਂ ਗਈਆਂ ਮੱਲਾਂ ਵੀ ਇਤਿਹਾਸ ਦੇ ਸੁਨਹਿਰੀ ਪੱਤਰਿਆਂ ‘ਤੇ ਦਰਜ ਹਨ। ਪਰ ਸਿਪਾਹੀ ਹੋਣ ਦੇ ਨਾਲ-ਨਾਲ ਸੰਤ ਜੀ ਵਿਚ ਸੰਤਾਂ ਵਾਲੇ ਵੀ ਸਭ ਗੁਣ ਮੌਜ਼ੂਦ ਸਨ।
ਆਪਣੇ ਬਚਪਨ ਤੋਂ ਉਹ ਸ਼ਾਂਤ ਸੁਭਾਅ ਦੇ ਮਾਲਕ ਸਨ। ਕਦੇ ਕਿਸੇ ਨੇ ਉਹਨਾਂ ਨੂੰ ਗੁੱਸੇ ਨਾਲ ਉੱਚੀ ਬੋਲਦੇ ਨਹੀਂ ਸੁਣਿਆਂ ਸੀ। ਪੌਣੇ ਪੰਜ ਦੀ ਸਾਲ ਵਿਚ ਉਨ੍ਹਾਂ ਨੇ ਸੰਤ ਗੁਰਬਚਨ ਸਿੰਘ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਸੀ। ਸੰਤ ਜਰਨੈਲ ਸਿੰਘ ਜੀ ਦੀ ਯਾਦ ਸ਼ਕਤੀ ਵੀ ਕਮਾਲ ਦੀ ਸੀ।ਉਹਨਾਂ ਨੇ ਦੱਖਣੀ ਓਅੰਕਾਰ ਤੇ ਸਿੱਧ ਗੋਸ਼ਟਿ ਦੀ ਬਾਣੀ ਇਕ-ਇਕ ਦਿਨ ਵਿਚ, ਆਸਾ ਦੀ ਵਾਰ 8 ਘੰਟੇ ਵਿਚ ਤੇ ਸੁਖਮਨੀ ਸਾਹਿਬ 13 ਦਿਨਾਂ ਵਿਚ ਕੰਠ ਕਰ ਲਿਆ ਸੀ। ਹਰ ਰੋਜ਼ ਪੰਜ ਗ੍ਰੰਥੀ ਦੇ ਨਿੱਤਨੇਮ ਤੋਂ ਬਿਨਾ 100 ਤੋਂ ਵੱਧ ਜਪੁ ਜੀ ਸਾਹਿਬ ਦੇ ਪਾਠ ਉਹ ਖੇਤ ਕੰਮ ਕਰਦੇ ਹੀ ਕਰ ਦਿੰਦੇ ਸਨ। ਹਰ ਮਹੀਨੇ ਇਕ ਸਹਿਜ ਪਾਠ ਸੰਪੂਰਨ ਕਰਦੇ ਸਨ। ਸੰਤ ਜੀ ਬਹੁਤ ਮਿਹਨਤੀ ਵੀ ਸਨ। ਖੇਤੀ ਦੌਰਾਨ ਉਹਨਾਂ ਨੇ 2-2 ਹਜ਼ਾਰ ਮਣ ਕਣਕ ਵੀ ਪੈਦਾ ਕੀਤੀ। ਉਹ ਇਕ ਸਫਲ ਕਿਰਤੀ ਕਿਸਾਨ ਵੀ ਸਨ। ਪਰ ਇਕ ਵੇਲਾ ਐਸਾ ਵੀ ਆਇਆ ਕਿ ਘਰ ਡੰਗਰਾਂ ਨੂੰ ਪਾਉਣ ਲਈ ਵੀ ਪੱਠੇ ਨਾ ਹੋਏ। ਕਿਸੇ ਦੇ ਖੇਤ ਵਿਚੋਂ ਵੱਢ ਕੇ ਲਿਆਂਦੀ ਕਮਾਦ ਦੀ ਖੋਰੀ ਵੀ ਡੰਗਰਾਂ ਨੂੰ ਪਾਉਣੀ ਨਸੀਬ ਨਾ ਹੋਈ। ਕੁਰਲੀ ਵਿਚ ਪਈ ਹੋਈ ਖੋਰੀ ਖੇਤ ਦੇ ਮਾਲਕਾਂ ਨੇ ਵਾਪਸ ਮੰਗ ਲਈ। ਅਜਿਹੀ ਹਾਲਤ ਵਿਚ ਹੀ (ਸੰਤ) ਜਰਨੈਲ ਸਿੰਘ ਇਕ ਵਾਰ ਆਪਣੇ ਭਰਾ ਵੀਰ ਸਿੰਘ ਦੀ ਲੜਕੀ ਦਾ ਰਿਸ਼ਤਾ ਕਰਨ ਕਿਸੇ ਵਿਅਕਤੀ ਕੋਲ ਗਏ। ਇਹ ਵਿਅਕਤੀ ਸੰਤ ਜੀ ਦੀ ਘਰੋਗੀ ਹਾਲਤ ਜਾਣਦਾ ਸੀ। ਉਸ ਨੇ ਇਨਕਾਰ ਕਰਦੇ ਹੋਏ ਕਿਹਾ “ਮੈਂ ਨਹੀਂ ਮਲੰਗਾਂ ਦਾ ਰਿਸ਼ਤਾ ਲੈਣਾ”। 'ਸੰਤ ਜੀ ਚੁੱਪ ਚਾਪ ਵਾਪਸ ਆ ਗਏ। ਸੰਤ ਕਰਤਾਰ ਸਿੰਘ ਜੀ ਨੇ ਜਦੋਂ ਇਹ ਵਿਥਿਆ ਸੁਣੀ ਤਾਂ ਉਹਨਾਂ ਨੇ ਕਿਹਾ, “ਦਸ਼ਮੇਸ਼ ਪਿਤਾ ਦਾ ਆਸਰਾ ਰੱਖੀ। ਜੋ ਲੋਕ ਅੱਜ ਮਲੰਗ ਦੱਸਦੇ ਹਨ ਸਮਾਂ ਆਉਣ ‘ਤੇ ਤੇਰੇ ਪੈਰ ਫੜਨਗੇ”।
ਸੰਤ ਗੁਰਬਚਨ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਨੂੰ 1965 ਵਿਚ ਆਪਣੇ ਨਾਲ ਲੈ ਆਏ। ਏਥੇ ਸੇਵਾ ਵਿਚ ਸੰਤ ਜੀ ਸਭ ਤੋਂ ਮੋਹਰੀ ਹੁੰਦੇ। ਸੰਤ ਕਰਤਾਰ ਸਿੰਘ ਜੀ ਕਥਾ ਦੌਰਾਨ ਕਈ ਵੇਰ ਕਿਸੇ ਸੇਵਾ ਸਿਮਰਨ ਵਾਲੇ ਸਿਖ ਦੀ ਉਦਾਹਰਨ ਦੇਣ ਲਈ (ਸੰਤ) ਜਰਨੈਲ ਸਿੰਘ ਨੂੰ ਹੀ ਆਦਰਸ਼ ਸਿਖ ਮੰਨਦੇ ਸਨ।
ਇਕ ਵਾਰ ਸੰਤ ਕਰਤਾਰ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਜੀ ਦੀ ਡਿਊਟੀ ਲਾਈ ਕਿ ਫਰੀਦਕੋਟ ਜਾ ਕੇ ਮਹਾਰਾਜੇ ਫਰੀਦਕੋਟ ਤੋਂ ਨਗਰ ਕੀਰਤਨ ਉੱਤੇ ਫੁੱਲਾਂ ਦੀ ਵਰਖਾ ਕਰਨ ਵਾਸਤੇ ਹੈਲੀਕਾਪਟਰ ਦੇਣ ਦੀ ਬੇਨਤੀ ਕਰੋ। ਸੰਤ ਜੀ ਫਰੀਦਕੋਟ ਭਾਈ ਗੁਰਮੇਲ ਸਿੰਘ (ਜੋ ਰਾਜੇ ਦੇ ਦਰਬਾਰ ਵਿਚ ਕਾਫੀ ਰਸੂਖ ਰੱਖਦੇ ਸਨ) ਪਾਸ ਆ ਗਏ। ਗੁਰਮੇਲ ਸਿੰਘ ਨੂੰ ਨਾਲ ਲੈ ਕੇ ਮਹਾਰਾਜੇ ਪਾਸ ਜਾਣਾ ਸੀ। ਭਾਈ ਗੁਰਮੇਲ ਸਿੰਘ ਨੇ ਦੇਖਿਆ ਕਿ ਸੰਤ ਜੀ ਪੈਰਾਂ ਤੋਂ ਨੰਗੇ ਸਨ। ਉਹਨਾਂ ਨੇ ਪੁੱਛਿਆ “(ਸੰਤ) ਜਰਨੈਲ ਸਿਆਂ ਭਾਈ ਕੋਈ ਜੋੜਾ ਕਿਉਂ ਨਹੀਂ ਪਾਇਆ”
ਸੰਤ ਜੀ ਨੇ ਉੱਤਰ ਦਿੱਤਾ, “ਜੋੜੇ ਦੀ ਭਾਈ ਸਾਹਿਬ ਕੋਈ ਸਵੇਰੇ ਸੇਵਾ ਕਰ ਗਿਆ (ਚੁੱਕ ਕੇ ਲੈ ਗਿਆ)। 'ਸੰਤ ਜੀ ਦਾ ਹੁਕਮ ਸੀ ਕਿ ਛੇਤੀ ਫਰੀਦਕੋਟ ਜਾਣਾ ਹੈ, ਸੋ ਮੈਂ ਇਸੇ ਤਰ੍ਹਾਂ ਆ ਗਿਆ”।
“ਪਰ ਭਾਈ ਤੁਹਾਡੇ ਕੋਲ ਚੰਗੇ ਭਲੇ ਪੈਸੇ ਹਨ, ਰਸਤੇ ‘ਚੋਂ ਜੋੜਾ ਖਰੀਦ ਲੈਣਾ ਸੀ” ਭਾਈ ਗੁਰਮੇਲ ਸਿੰਘ ਨੇ ਫਿਰ ਪੁੱਛਿਆ।
“ਇਹ ਪੈਸੇ ਤਾਂ ਜੀ ਪੰਥ ਦੇ ਐ, ਮੇਰੇ ਕੋਲ ਆਪਣਾ ਕੋਈ ਪੈਸਾ ਨਹੀਂ” ਸੰਤ ਜੀ ਨੇ ਜਵਾਬ ਦਿੱਤਾ।
ਖੈਰ ਭਾਈ ਗੁਰਮੇਲ ਸਿੰਘ ਨੇ ਆਪਣੇ ਘਰੋਂ ਇਕ ਚੱਪਲਾਂ ਸੰਤ ਜੀ ਨੂੰ ਪਾਉਣ ਲਈ ਦੇ ਦਿੱਤੀਆਂ। ਰਾਜੇ ਨੂੰ ਮਿਲ ਕੇ ਕੰਮ ਪੂਰਾ ਕਰਕੇ ਭਾਈ ਗੁਰਮੇਲ ਸਿੰਘ, ਸੰਤ ਜੀ ਨੂੰ ਬੱਸ ਚੜਾਉਣ ਲਈ ਆਏ। ਸੰਤ ਜੀ ਨੇ ਭਾਈ ਗੁਰਮੇਲ ਸਿੰਘ ਨੂੰ ਕਿਹਾ, “ ਭਾਈ ਸਾਹਿਬ ਜੀ ਤੁਸੀ ਆਹ ਸਮਾਨ ਸੀਟ ‘ਤੇ ਰੱਖੋ ਮੈਂ ਹੁਣੇ ਆਇਆ”
ਜਦੋਂ ਭਾਈ ਗੁਰਮੇਲ ਸਿੰਘ ਬੱਸ ਵਿਚ ਚੜ ਗਏ ਤਾਂ ਸੰਤ ਜੀ ਨੇ ਉਹਨਾਂ ਦੇ ਜੋੜੇ ਇਕ ਨੁੱਕਰ ਵਿਚ ਲਾਹ ਦਿੱਤੇ ਤੇ ਬੱਸ ਵਿਚ ਚੜ ਕੇ ਭਾਈ ਗੁਰਮੇਲ ਸਿੰਘ ਨੂੰ ਕਹਿਣ ਲੱਗੇ, “ਭਾਈ ਸਾਹਿਬ ਤੁਹਾਡੇ ਜੋੜੇ ਔਹ ਪਏ ਹਨ, ਯਾਦ ਨਾਲ ਲੈ ਜਾਣਾ”
ਭਾਈ ਗੁਰਮੇਲ ਸਿੰਘ, ਜੋ ਹੁਣ ਕਨੇਡਾ ਰਹਿੰਦੇ ਹਨ, ਨੇ ਦੱਸਿਆ ਕਿ ਉਸ ਵੇਲੇ ਮੇਰੀਆਂ ਅੱਖਾਂ ਵਿਚ ਪਾਣੀ ਆ ਗਿਆ ਤੇ ਇਸ ਘਟਨਾਂ ਨੂੰ ਯਾਦ ਕਰਕੇ ਅੱਜ ਵੀ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਮੈਂ ਕਈ ਵਾਰ ਸੋਚਦਾਂ ਹਾਂ ਕਿ ਸਾਡੇ ਵਿਚ ਕਈ ਅਜਿਹੇ ਸੰਤ ਪ੍ਰਚੱਲਤ ਹੋ ਚੁੱਕੇ ਹਨ ਜਿਨ੍ਹਾਂ ਨੇ ਕੌਮ ਲਈ ਕੱਖ ਵੀ ਨਹੀਂ ਕੀਤਾ, ਵੱਧ ਤੋਂ ਵੱਧ ਭੋਰਿਆਂ ਵਿਚ ਬੈਠੇ ਹਨ, ਤੇ ਜਿਨ੍ਹਾਂ ਦੀਆਂ ਜੁੱਤੀਆਂ ਅੱਜ ਕੱਲ ਉਨ੍ਹਾਂ ਭੋਰਿਆਂ ਵਿਚ ਰੱਖੀਆਂ ਹੋਈਆਂ ਹਨ, ਤਿੱਲੇਦਾਰ, ਸੋਨੇਰੰਗੀ ਕਢਾਈ ਵਾਲੀਆਂ ਤੇ ਲੋਕ ਉਹਨਾਂ ਜੁੱਤੀਆਂ ਨੂੰ ਹੀ ਮੱਥੇ ਟੇਕੀ ਜਾਂਦੇ ਹਨ। ਤੇ ਇੱਧਰ ਇਕ ਅਜਿਹਾ ਸੰਤ ਹੈ “ਸੰਤ ਜਰਨੈਲ ਸਿੰਘ” ਜਿਸ ਨੂੰ ਜਦੋਂ ਕੋਈ ਸੇਵਾ ਮਿਲਦੀ ਸੀ ਤਾਂ ਉਹ ਜੁਤੀ ਪਾਉਣ ਦੀ ਵੀ ਪਰਵਾਹ ਨਹੀਂ ਕਰਦਾ ਸੀ। ਇਹ ਸੀ ਅਸਲੀ “ਸੰਤ”, ਜਿਸ ਨੂੰ ਸਰਕਾਰ ਅੱਤਵਾਦੀ ਕਹਿ ਕੇ ਭੰਡਦੀ ਰਹੀ।ਪਿਆਰਾ ਸਿੰਘ ਨਿਰਛਲ ਨੇ ਬੜਾ ਸੋਹਣਾ ਲਿਖਿਆ ਹੈ,
“ਆਖੇ ਸਿੱਖਾਂ ਨੂੰ ਸਿਖੀ ਵਿਚ ਰਹੋ ਪੂਰੇ, ਜੇ ਉਹ ਸਿੰਘ ਸਜਾਏ ਤਾਂ ਅੱਤਵਾਦੀ,
ਇਕ ਇਕ ਦਿਨ ਵਿਚ ਕਈ ਹਜ਼ਾਰਾਂ ਤਾਈਂ, ਜੇ ਉਹ ਅੰਮ੍ਰਿਤ ਛਕਾਏ ਤਾਂ ਅੱਤਵਾਦੀ,
ਜਿਹੜੇ ਬੇਮੁਖ ਗੁਰੂ ਤੋਂ ਹੋ ਰਹੇ ਨੇ, ਗੁਰੂ ਵਾਲੇ ਬਣਾਏ ਤਾਂ ਅੱਤਵਾਦੀ,
ਕੋਹੜ ਕੌਮ ਨੂੰ ਲੱਗਾ ਸ਼ਰਾਬ ਵਾਲਾ, ਜੇ ਉਹ ਕੋਹੜ ਹਟਾਏ ਤਾਂ ਅੱਤਵਾਦੀ,
ਇਹ ਕੌਮ ਕਰਨ ਵਾਲਾ ਜੇ ਹੈ ਅੱਤਵਾਦੀ, ਇਹ ਕੰਮ ਕਰਨ ਲਈ ਪੱਕੇ ਠਣ ਜਾਈਏ,
ਅੰਮ੍ਰਿਤ ਛਕ ਕੇ ਗੁਰੂ ਦਸ਼ਮੇਸ਼ ਵਾਲਾ, ਆਓ ਸਾਰੇ ਅੱਤਵਾਦੀ ਬਣ ਜਾਈਏ”
ਜਗਰਾਉਂ ਤੋਂ ਇਕ ਸਤਿਕਾਰਯੋਗ ਬਜ਼ੁਰਗ, ਜਿਹਨਾਂ ਨਾਲ ਸੰਤ ਜੀ ਦੀ ਬਹੁਤ ਨੇੜਤਾ ਸੀ, ਨੇ ਦੱਸਿਆ ਕਿ ਸੰਤ ਜੀ ਨੇ ਕਦੇ ਵੀ ਪ੍ਰਸ਼ਾਦਾ ਮੰਗਿਆ ਨਹੀਂ ਸੀ, ਜੇ ਕਿਸੇ ਨੇ ਲਿਆ ਕੇ ਫੜਾ ਦਿੱਤਾ ਤਾਂ ਛਕ ਲੈਂਦੇ ਨਹੀਂ ਤਾਂ…। ਇੰਝ ਲਗਦਾ ਸੀ ਜਿਵੇਂ ਭੁੱਖ ਉਹਨਾਂ ਨੂੰ ਲੱਗਦੀ ਹੀ ਨਹੀਂ ਸੀ। ਕਦੇ ਉਹਨਾਂ ਨੇ ਲੰਗਰ ਵਿਚ (ਅੱਜ ਦੇ ਸਾਧਾਂ ਵਾਂਗ) ਕੋਈ ਨਘੋਚ ਨਹੀਂ ਕੱਢਿਆ ਸੀ, ਨਾ ਹੀ ਕਦੇ ਵੇਸਣ ਦੀਆਂ ਰੋਟੀਆਂ ਮੰਗੀਆਂ ਸਨ ਤੇ ਨਾਂ ਹੀ ਉਹ ਕਦੇ ਬੈਠਣ ਲੱਗੇ ਹੇਠਾਂ ਤੌਲੀਆਂ ਵਿਛਾਉਦੇ ਸਨ। ਪੋਚ-ਪੋਚ ਕੇ ਦਸਤਾਰ ਸਜਾਉਣੀ ਤਾਂ ਉਹਨਾਂ ਨੂੰ ਆਉਂਦੀ ਹੀ ਨਹੀਂ ਸੀ, ਕਿਉਂਕਿ ਉਹਨਾਂ ਨੂੰ ਹੋਰ ਬਥੇਰੇ ਕੰਮ ਸਨ। ਅੱਜ ਕੱਲ ਦੇ ਸੰਤਾਂ ਵਿਚ ਤਾਂ ਸੋਹਣੇ ਬਣਨ ਦੀ ਹੋੜ ਲੱਗੀ ਹੋਈ ਹੈ, ਸਾਰੇ ਵਿਹਲੇ ਹਨ ਨਾਂ, ਸਰਕਾਰਾਂ ਦੇ ਕਹੇ ਅਨੁਸਾਰ ਚੱਲਦੇ ਹਨ, ਬਸ ਵੱਧ ਤੋਂ ਵੱਧ ਦੀਵਾਨ ਲਾਉਂਦੇ ਹਨ ਤੇ ਆਪਣੇ ਪੈਰੀਂ ਹੱਥ ਲਵਾਉਂਦੇ ਹਨ। ਪਰ ਸੰਤ ਜਰਨੈਲ ਸਿੰਘ ਅਜਿਹੇ ਨਹੀਂ ਸਨ, ਜੇ ਕੋਈ ਪੈਰੀ ਹੱਥ ਲਾਉਣ ਲੱਗਦਾ ਤਾ ਪਾਸੇ ਹੋ ਜਾਂਦੇ ਤੇ ਕਹਿੰਦੇ ਭਾਈ ਸਿੱਖ ਨੂੰ ਹੁਕਮ ਐ ਕਿ ਸਿੱਖ ਸਿਰ ਸਿਰਫ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਮਹਾਰਾਜ ਨੂੰ ਝੁਕਾਵੇ, ਐਵੇ ਕਿਸੇ ਦੇ ਪੈਰਾਂ ‘ਚ ਨਾ ਢਿੱਗਿਆ ਕਰੋ ਮੈ ਤਾ ਸੰਗਤ ਦਾ ਚੌਕੀਦਾਰ ਐ ਜਿੰਨੀ ਸੇਵਾ ਹੋ ਸਕੀ ਕਰਾਗਾ, ਤੁਸੀ ਵੀ ਸਾਰੇ ਤਕੜੇ ਹੋਵੋ ਅਤੇ ਆਪਣੇ ਹੱਕਾਂ ਲਈ ਲੜੋ।
ਬਹੁਤ ਸਾਦੇ, ਮਿਹਨਤੀ, ਨਿਡਰ, ਕਹਿਣੀ ਤੇ ਕਰਨੀ ਦੇ ਸੂਰੇ ਤੇ ਕੌਮ ਦੇ ਨਿਧੜਕ ਜਰਨੈਲ ਸਨ,
“ਸੰਤ ਜਰਨੈਲ ਸਿੰਘ ਭਿੰਡਰਾਂਵਾਲੇ” ਤਾਂ ਹੀ ਤਾਂ ਕਵੀ ਉਹਨਾਂ ਨੂੰ ਯਾਦ ਕਰਕੇ ਹਉਂਕੇ ਲੈ ਰਿਹਾ ਹੈ,
“ਕੋਈ ਲੱਭੋ ਬਾਬੇ ਨੂੰ
ਕੋਈ ਲਿਆਵੋ ਬਾਬੇ ਨੂੰ,
ਰੋਂਦੀ ਕੌਮ ਦਾ ਹਾਲ ਕੋਈ ਸੁਣਾਵੋ ਬਾਬੇ ਨੂੰ……”
ਉਹਨਾਂ ਵਰਗਾ ਉਹਨਾਂ ਤੋਂ ਬਾਅਦ ਕੋਈ ਨਹੀਂ ਮਿਲਿਆ। ਪਰ ਅੱਜ ਕੌਮ ਨੂੰ ਫਿਰ ਉਹਨਾਂ ਦੀ ਲੋੜ ਹੈ। ਨੌਜਾਵਨੀ, ਜਿਨ੍ਹਾਂ ਦੀਆਂ ਅੱਖਾਂ ਵਿਚ ਬਸ ਸੰਤ ਜੀ ਦੀ ਤਸਵੀਰ ਹੈ ਉਹਨਾਂ ਨੂੰ ਸੰਤ ਜੀ ਦੀ ਅਗਵਾਈ ਦੀ ਲੋੜ ਹੈ।ਪ੍ਰਮਾਤਮਾਂ ਕਰੇ ਉਹ ਮੁੜ ਸਾਡੀ ਕੌਮ ਵਿਚ ਜਨਮ ਲੈ ਲੈਣ।
“ਕੋਈ ਓਹਦੇ ਵਰਗਾ ਸਿਦਕੀ ਤੇ ਬਚਨਾਂ ਦਾ ਪੂਰਾ
ਨਾ ਅੱਜ-ਕੱਲ ਦੇ ਠੱਗਾਂ ਵਰਗਾ ਦੇਈਂ ਭੇਜ ਅਧੂਰਾ
ਇੱਕ ਹੱਥ ਵਿਚ ਖੰਡਾ ਹੋਵੇ ਤੇ ਦੂਜੇ ਹੱਥ ਮਾਲਾ
ਗੁਰੂ ਮੇਰਿਆ ਬਖ਼ਸ਼ ਦੇ ਕੌਮ ਨੂੰ ਇੱਕ ਭਿੰਡਰਾਂਵਾਲਾ”

ਜਗਦੀਪ ਸਿੰਘ ਫਰੀਦਕੋਟ(9815763313)