Thursday, February 18, 2010

ਰਿਹਾ ਦੀਵਾ ਬੁਝਦਾ ਜਦੋਂ ਵੀ, ਮੈਂ ਰੋਂਵਦੀ ਰਹੀ ਆਂ

ਹਰਿੰਦਰ ਸਿੰਘ ਮਹਿਬੂਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਪ੍ਰੋਸਟ੍ਰੇਟ ਕੈਂਸਰ ਤੋਂ ਪੀੜਤ ਸਨ। ਹਰਿੰਦਰ ਸਿੰਘ ਮਹਿਬੂਬ ਨੂੰ ਆਪਣੀ ਕਿਤਾਬ ‘ਝਨਾਂ ਦੀ ਰਾਤ’ ਲਈ ਸਾਹਿਤ ਅਕੈਡਮੀ ਇਨਾਮ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਪਰ ਮਹਾਂਕਾਵਿ ਵੀ ਲਿਖੇ। ਉਨ੍ਹਾਂ ਦੀ ਮਹਾਂਕਾਵਿਕ ਰਚਨਾ ਹਾਲੇ ਅਧੂਰੀ ਹੀ ਸੀ ਕਿ ਉਨ੍ਹਾਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਮਹਿਬੂਬ ਦੀ ਸਿੱਖ ਇਤਿਹਾਸ ਬਾਰੇ ਕਾਵਿਕ ਕਿਸਮ ਦੀ ਵਾਰਤਕ ਵਿਚ ਲਿਖੀ ਰਚਨਾ ‘ਸਹਿਜੇ ਰਚਿਓ ਖ਼ਾਲਸਾ’ ਵੀ ਪੰਜਾਬੀ ਬੌਧਿਕ ਹਲਕਿਆਂ ਵਿਚ ਕਾਫੀ ਚਰਚਿਤ ਹੋਈ ਸੀ। ਕੁਝ ਸਮਾਂ ਪਹਿਲਾਂ ਡਾ. ਵਨੀਤਾ ਨੇ ਹਰਿੰਦਰ ਸਿੰਘ ਮਹਿਬੂਬ ਨਾਲ ਇਕ ਲੰਮੀ ਇੰਟਰਵਿਊ ਕੀਤੀ ਸੀ। ਇਸ ਇੰਟਰਵਿਊ ਬਾਰੇ ਮਹਿਬੂਬ ਸਾਹਿਬ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਜਿ਼ੰਦਗੀ ਦੀ ਸਭ ਤੋਂ ਵਧੀਆ ਇੰਟਰਵਿਊ ਹੈ। ਉਂਜ ਉਨ੍ਹਾਂ ਗਿਣਤੀ ਦੀਆਂ ਹੀ ਕੁਝ ਇੰਟਰਵਿਊਆਂ ਦਿੱਤੀਆਂ ਸਨ। ਅਸੀਂ ਆਪਣੇ ਪਾਠਕਾਂ ਦੀ ਦਿਲਚਸਪੀ ਲਈ ਇਹ ਇੰਟਰਵਿਊ ਇਥੇ ਛਾਪ ਰਹੇ ਹਾਂ।
ਮੁਲਾਕਾਤੀ :ਡਾ. ਵਨੀਤਾ
(ਪੰਜਾਬ ਟਾਈਮਜ਼ ਯੂ.ਐਸ.ਏ. 'ਚੋਂ ਧੰਨਵਾਦ ਸਾਹਿਤ)

? ਤੁਹਾਡਾ ਪਿਛੋਕੜ ਵੀ ਭੂਤਵਾੜੇ ਨਾਲ ਸੰਬੰਧਿਤ ਹੈ। ਭੂਤਵਾੜੇ ਤੋਂ ਤੁਸੀਂ ਕਵਿਤਾ ਤੇ ਅਧਿਐਨ ਵਿਚ ਕੀ ਕੁਝ ਪ੍ਰਾਪਤ ਕੀਤਾ?

-ਭੈਣ ਵਨੀਤਾ! ਉਹ ਦਿਨ ਬਹੁਤ ਮਾਸੂਮ ਸਨ। ਉਦੋਂ ਪਿਆਰ ਹੀ ਪਿਆਰ ਸੀ, ਨਿਰੋਲ ਫਕੀਰੀ ਪਿਆਰ ਦੀ ਸਿ਼ੱਦਤ ਦੇ ਦਿਨ ਸਨ ਉਹ। ਘਰ ਨੂੰ ਅੱਠੇ ਪਹਿਰ ਜੰਦਰੇ ਨਾ ਲਾਉਣੇ, ਮਹਿਮਾਨਾਂ ਲਈ ਮਿਹਰਬਾਨ ਬਾਹਾਂ ਵਾਂਗ ਦਰਵਾਜ਼ੇ ਸਦਾ ਖੁਲ੍ਹੇ, ਪੌਣ ਅਹਾਰੀਆਂ ਵਰਗੀ ਬੇਫਿ਼ਕਰੀ, ਆਲੇ ਦੁਆਲੇ ਕਿਤਾਬਾਂ ਹੀ ਕਿਤਾਬਾਂ ਅਤੇ ਕਿਤਾਬਾਂ ਨਾਲ ਹਰ ਵਿਖਾਵੇ ਤੋਂ ਰਹਿਤ ਨਿਰਛਲ ਮੋਹ। ਉਨ੍ਹਾਂ ਦਿਨਾਂ ਵਿਚ ਮੈਂ ਰਿਗ ਵੇਦ, ਉਪਨਿਸ਼ਦਾਂ, ਰੂਸ ਦੇ ਮਹਾਨ ਨਾਵਲ, ਮਾਉ ਦੀਆਂ ਲਿਖਤਾਂ, ਜਿ਼ੰਦਗੀ ਅਤੇ ‘ਲੰਮੇ ਕੂਚ’ ਦੀ ਗਾਥਾ ਨੂੰ ਸਮਾਧੀ ਵਾਲੇ ਰੰਗ ਵਿਚ ਪੜ੍ਹਿਆ ਅਤੇ ਸੁਣਿਆ। ਜਾਪ ਸਾਹਿਬ ਅਤੇ ਜਪੁਜੀ ਦੇ ਸੈਂਕੜੇ ਪਾਠ ਕੀਤੇ। ਉਨ੍ਹਾਂ ਦਿਨਾਂ ਵਿਚ ਹੀ ਮੈਂ ਜਿ਼ੰਦਗੀ ਦੀ ਅਨੰਦ ਆਭਾ ਦੇ ਰਹੱਸ ਨੂੰ ਬੁੱਝਿਆ, ਜਿਸਦੀ ਰੌਸ਼ਨੀ ਮੇਰੇ ਅੱਜ ਕੱਲ੍ਹ ਲਿਖੇ ਜਾ ਰਹੇ ਲੰਮੇ ਮਹਾ ਕਾਵਿ ਵਿਚ ਛਿਣ-ਛਿਣ ਉਤਰ ਰਹੀ ਹੈ। ਉਨ੍ਹਾਂ ਦਿਨਾਂ ਵਿਚ ਪ੍ਰਾਪਤ ਕੀਤੀ ਆਪ ਮੁਹਾਰੀ ਮਾਸੂਮੀਅਤ ਨੂੰ ਮੈਂ ਤੇ ਲਾਲੀ ਸਾਹਿਬ ਨੇ ਹੁਣ ਤਕ ਸਾਂਭਿਆ ਹੋਇਆ ਹੈ, ਜਦੋਂਕਿ ਚਾਲਾਕ ਵਕਤ ਦੇ ਬੇਰਹਿਮ ਥਪੇੜਿਆਂ ਪਿਛੋਂ ਭੂਤਵਾੜੇ ਦੇ ਬਾਕੀ ਜਿਉਂਦੇ ਮੈਂਬਰਾਂ ਵਿਚ ਉਨ੍ਹਾਂ ਦਿਨਾਂ ਦੀ ਸੁਹਿਰਦਤਾ ਦੀ ਕੋਈ ਕੋਈ ਝਲਕ ਹੀ ਬਾਕੀ ਹੈ (ਦੋ ਮਰ ਚੁੱਕੇ ਹਨ, ਬਹੁਤੇ ਥੱਕੇ ਦੁਨੀਆਦਾਰ ਬਣ ਗਏ ਹਨ, ਨੂਰ, ਭੈਣ ਟਿਵਾਣਾ ਅਤੇ ਡਾ. ਗੁਰਭਗਤ ਸਿੰਘ ਵਿਚ ਕਾਫੀ ਕੁਝ ਬਾਕੀ ਹੈ ਪਰ ਪੁਰਾਣੇ ਦਿਨਾਂ ਦੀ ਨੂਰੀ ਨਿਰਲੇਪਤਾ ਦੇ ਮੈਂ ਤੇ ਲਾਲੀ ਸਾਹਿਬ ਹੀ ਸਹੀ ਜਾਨਸ਼ੀਨ ਹਾਂ। ਅਸਾਂ ਉਨ੍ਹਾਂ ਦਿਨਾਂ ਤੋਂ ਜੋ ਪਾਰੇ ਵਰਗੀ ਰਚਨਾਤਮਕ ਮਸਤੀ ਹਾਸਿਲ ਕੀਤੀ ਸੀ, ਉਹ ਸਹੀ ਸਲਾਮਤ ਹੈ।)

? ਤੁਸੀਂ ਪਹਿਲਾਂ-ਪਹਿਲ ਮਾਓਵਾਦੀ ਅਤੇ ਮਾਰਕਸਵਾਦੀ ਰਹੇ ਤੇ ਬਾਅਦ ਵਿਚ ਬਿਲਕੁਲ ਦੂਜੇ ਪਾਸੇ ਖਾੜਕੂ ਸਿੱਖ ਲਹਿਰ ਦੇ ਹਮਦਰਦ ਬਣੇ-ਇਸ ਦੇ ਕਾਰਨ?

-ਇਹ ਠੀਕ ਹੈ ਮੈਂ ਮਾਰਕਸ, ਲੈਨਿਨ, ਮਾਓ, ਲੰਮਾ ਕੂਚ ਅਤੇ ਰੂਸੀ ਇਨਕਲਾਬ ਦਾ ਆਸਿ਼ਕ ਰਿਹਾ ਹਾਂ, ਪਰ ਇਸਦੇ ਨਾਲ ਮੈਂ ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਗਿਆਨੀ ਵੀ ਸਾਂ। ਘੱਟੋ ਘੱਟ ਮੈਂ ਨਾਸਤਕ ਕਦੇ ਵੀ ਨਹੀਂ ਸਾਂ। ਨੂਰ ਸਾਹਿਬ ਦਾ ‘ਪ੍ਰੀਤ ਮਾਰਗ’ ਆਲੋਚਨਾ ਅਤੇ ਮੋਹਨ ਸਿੰਘ ਦਾ ‘ਪੰਜ ਦਰਿਆ’ ਗਵਾਹ ਹਨ ਕਿ ਮੈਂ ਉਨ੍ਹਾਂ ਦਿਨਾਂ ਵਿਚ ਹੀ ‘ਮਹਾ ਆਵੇਸ਼’ (ਜਾਪੁ ਸਾਹਿਬ), ‘ਮਹਾ ਪਰਵਾਜ਼’ (ਜਪੁਜੀ ‘ਟੈਗੋਰ ਦਾ ਵਿਸ਼ਵ ਮਨੁੱਖ’, ‘ਟੈਗੋਰ ਦਾ ਕਾਵਿ-ਅਨੁਭਵ’, ‘ਰਿਗ ਵੇਦ ਦੀਆਂ ਆਵਾਜ਼ਾਂ’ ਅਤੇ ‘ਵਾਰ ਐਡ ਪੀਸ ਅਤੇ ਕਾਵਿ ਅਨੁਭਵ’ ਵਰਗੇ ਲੰਮੇ ਲੇਖਾਂ ਵਿਚ ਸਾਹਿਤਕ ਪੁਖ਼ਤਗੀ ਥਾਣੀ ਆਪਣੀ ਆਸਤਕਤਾ ਸਥਾਪਤ ਕੀਤੀ ਸੀ ਅਤੇ ਇਹ ਸਭ ਚੀਜ਼ਾਂ ਮੈਂ ਮਾਰਕਸਵਾਦ ਦੇ ਪਰੰਪਰਾਗਤ ਵਾਕੰਸ਼ਾਂ ਤੋਂ ਲਾਂਭੇ ਰਹਿਕੇ ਲਿਖੀਆਂ ਸਨ। ‘ਖਾੜਕੂ ਸਿੱਖ ਲਹਿਰ ਦਾ ਹਮਦਰਦ’ ਹੋਣਾ ‘ਬਿਲਕੁਲ ਦੂਜੇ ਪਾਸੇ’ ਜਾਣ ਵਾਲੀ ਗੱਲ ਨਹੀਂ। ਮਾਨਵਤਾ ਦੇ ਕਲਿਆਣ ਅਤੇ ਸੁਹਜਮਈ/ਕਾਵਿਮਈ ਜਗਤ ਦੇ ਸੁਪਨੇ ਨੇ ਹੀ ਮੈਨੂੰ ਮਾਰਕਸਵਾਦ ਦਾ ਗਿਆਨੀ ਬਣਾਇਆ ਸੀ, ਪਰ ਜਦੋਂ ਮੈਂ ਭਾਰਤੀ ਵਿਧਾਨ ਅਤੇ ਸਮਕਾਲੀ ਰਾਜਸੀ ਪ੍ਰਸਥਿਤੀਆਂ ਦੇ ਅਧਿਐਨ ਤੋਂ ਇਸ ਸਿੱਟੇ ਉਤੇ ਪੁੱਜਿਆ ਕਿ ਖਾਲਸੇ ਦੀ ਆਜ਼ਾਦ ਪਛਾਣ ਨੂੰ ਖਤਮ ਕਰਨ ਦੇ ਮਸ਼ਵਰੇ ਆਸਮਾਨਾਂ ਵਿਚ ਹਨ, ਤਾਂ ਮੈਂ ਸਾਹਿਤ ਦੇ ਮਾਧਿਅਮ ਥਾਣੀ ਆਪਣੀ ਵੇਦਨਾ ਦੱਸਣ ਦਾ ਰਾਹ ਚੁਣ ਲਿਆ। ਮੇਰਾ ਬਕੌਲ ਪੂਰਨ ਸਿੰਘ ਇਹ ਸਿਦਕ ਹੈ ਕਿ ਜੇ ਸਿੱਖ ਦੀ ਨਿਆਰੀ ਹਸਤੀ ਭਾਰਤ ਵਿਚੋਂ ਖ਼ਤਮ ਕਰ ਦਿੱਤੀ ਗਈ ਤਾਂ ਵਿਸ਼ਵ ਕਲਚਰ ਦੀ ਖੂਬਸੂਰਤੀ ਵਿਚੋਂ ਕੋਈ ਸਦੀਵੀ ਅਤੇ ਅਦੁੱਤੀ ਤੱਤ ਖ਼ਤਮ ਹੋ ਜਾਵੇਗਾ। ਸੋ ਮੈਂ ਸਿੱਖ ਸੰਘਰਸ਼ ਦਾ ਹਾਮੀ ਹੋ ਗਿਆ। ਜਿਨ੍ਹਾਂ ਆਸਿ਼ਕਾਂ ਨੇ ਤਰਕਸ਼ੀਲ ਅਧਿਐਨ ਪਿਛੋਂ ਭਾਰਤ ਵਿਚੋਂ ਸਿੱਖ ਧਰਮ ਦੇ ਮਿਟ ਜਾਣ ਦੀ ਚਿੰਤਾ ਸਹੇੜੀ ਹੈ ਉਹੀ ਸਿਰਲੱਥ ਦੀਵਾਨੇ ਮੇਰੇ ਇਸ ਧਰਮ ਯੁੱਧ ਦੇ ਵੇਦਨਾਮਈ ਨਾਅਰੇ ਦੇ ਅਰਥ ਸਮਝ ਸਕਦੇ ਹਨ।

?ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਉਨ੍ਹਾਂ ਸਮਿਆਂ ਵਿਚ ਮਾਓ ਦੀਆਂ ਕਵਿਤਾਵਾਂ ਦਾ ਅਨੁਵਾਦ ਵੀ ਕੀਤਾ ਸੀ, ਜਿਸਦਾ ਨਾਂ ਰੱਖਿਆ ਸੀ ‘ਤੇਗਾਂ ਦਾ ਵਣਜ’। 'ਉਨ੍ਹਾਂ ਕਵਿਤਾਵਾਂ ਦਾ ਕੀ ਬਣਿਆ?

-ਵਨੀਤਾ ਭੈਣੇ! ਤੇਰੇ ਬੋਲ ਸੱਚ ਹਨ, ਪਰ ਮਾਓ ਦੀਆਂ ਕਵਿਤਾਵਾਂ ਅਤੇ ਲੰਮਾ ਕੂਚ ਦੇ ਕਿਤਾਬਚੇ ਦਾ ਨਾਮ ‘ਤੇਗਾਂ ਦਾ ਵਣਜ’ ਨਹੀਂ ਸੀ, ਸਗੋਂ ਅਸਲੀ ਸਿਰਲੇਖ ‘ਸਮਸ਼ੀਰਾਂ ਦਾ ਵਜਦ’ ਸੀ। ਮੈਂ ਉਨ੍ਹਾਂ ਦਿਨਾਂ ਵਿਚ ਚੀਨ ਦੀਆਂ ਸਾਹਿਤਕ, ਦਾਰਸ਼ਨਿਕ ਅਤੇ ਮਿਥਿਹਾਸਕ ਪਰੰਪਰਾਵਾਂ ਦੇ ਨਿਰਵਿਘਨ ਧਿਆਨ ਵਿਚ ਮਾਓ ਦੀਆਂ ਕਵਿਤਾਵਾਂ ਦੇ ਸਰੋਦੀ ਰੰਗ ਵਿਚ ਰੰਗੀਜ ਕੇ ਤਰਜ਼ਮਾ ਕੀਤਾ ਸੀ ਅਤੇ ਲੰਮੇ ਕੂਚ ਦੀਆਂ ਭੂਗੋਲਿਕ ਅਤੇ ਸੰਘਰਸ਼ਕ ਦਿਸ਼ਾਵਾਂ ਦੇ ਸੁਹਜ ਨੂੰ ਬਿਆਨ ਕਰਦਾ ਇਕ ਕਿਤਾਬਚਾ ‘ਸ਼ਮਸ਼ੀਰਾਂ ਦੇ ਵਜਦ’ ਦੇ ਸਿਰਲੇਖ ਹੇਠ ਰਚਿਆ ਸੀ, ਜਿਹੜਾ ਬਾਅਦ ਵਿਚ ਮੈਂ ‘ਸਹਿਜੇ ਰਚਿਓ ਖਾਲਸਾ’ ਦੇ ਆਖਰੀ ਕਾਂਡ (ਅੱਠਵੀਂ ਕਿਤਾਬ) ਦਾ ਸਿਰਲੇਖ ਬਣਾ ਲਿਆ। ਜਿਹੜੇ ਵਿਦਵਾਨ ਜਾਣਦੇ ਹਨ ਕਿ ਮਾਓ ਉਤੇ ਬੁੱਧ ਧਰਮ, ਕਨਫ਼ਯੂਸ਼ੀਅਸ ਅਤੇ ਚੀਨ ਦੀ ਕੁਦਰਤ-ਰੰਗੀ, ਮਿਥਿਹਾਸਕ ਅਤੇ ਰਹੱਸਮਈ ਝੁਕਾਵਾਂ ਵਾਲੀ ਪ੍ਰਾਚੀਨ ਕਵਿਤਾ ਦਾ ਡੂੰਘਾ ਅਸਰ ਸੀ, ਉਹ ਮੇਰੇ ਸਿੱਖ ਸੰਘਰਸ਼ ਨਾਲ ਜੁੜਨ ਨੂੰ ਗ਼ੈਰ ਕੁਦਰਤੀ ਨਹੀਂ ਮੰਨਣਗੇ। ਮਾਓ ਦੀਆਂ ਅਨੁਵਾਦਿਤ ਕਵਿਤਾਵਾਂ, ਲੰਮਾ ਕੂਚ ਦਾ ਸੁਹਜਮਈ ਵਾਰਤਕ ਚਿਤ੍ਰਣ ਅਤੇ ਲੈਨਿਨ ਉਤੇ ਲਿਖਿਆ ਅਧੂਰਾ ਮਹਾ ਕਾਵਿ ‘ਕ੍ਰਾਂਤੀਆਂ ਦਾ ਧਰੁਵ ਤਾਰਾ’ ਕੁਝ ਮੇਰੇ ਹੱਥੋਂ ਅਤੇ ਕੁਝ ਜ਼ੋਰਾਵਰ ਵਕਤ ਹੱਥੋਂ ਖਤਮ ਹੋ ਗਏ ਹਨ। ਕਦੇ ਕਦੇ ਹੁਣ ਵੀ ‘ਲੰਮਾ ਕੂਚ’ ਦਾ ਦਰਿਆਈ ਆਵੇਸ਼ ਆਉਂਦਾ ਹੈ, ਪਰ ਮੈਂ ਦਬਾ ਦਿੰਦਾ ਹਾਂ ਕਿਉਂਕਿ ਮਾਨਵਤਾ ਦੇ ਭਲੇ ਲਈ ਮੈਂ ਆਪਣੀ ਆਤਮਾ ਸਿੱਖ ਧਰਮ ਦੀ ਸਾਬਤ ਸੂਰਤ (ਰੂਹਾਨੀ ਅਤੇ ਸਰੀਰਕ) ਨੂੰ ਸਮਰਪਿਤ ਕੀਤੀ ਹੋਈ ਹੈ।

?ਤੁਹਾਨੂੰ ‘ਝਨਾਂ ਦੀ ਰਾਤ’ ਪੁਸਤਕ ‘ਤੇ ਜਦੋਂ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਇਸ ਬਾਰੇ ਕਾਫੀ ਵਾਦ-ਵਿਵਾਦ ਪੈਦਾ ਹੋਇਆ, ਜੋ ਖ਼ਾਸ ਕਰਕੇ ਉਸ ਕਿਤਾਬ ਦੀ ਅਖ਼ੀਰਲੀ ਕਵਿਤਾ ਬਾਰੇ ਸੀ। ਕਈ ਆਖਦੇ ਹਨ ਕਿ ਤੁਸੀਂ ਉਹ ਕਵਿਤਾ ਵਾਪਸ ਲੈ ਲਈ ਸੀ, ਸੋ ਮੈਂ ਇਸ ਬਾਰੇ ਸੱਚ ਜਾਨਣਾ ਚਾਹੁੰਦੀ ਹਾਂ?

-ਐਸੀ ਗੱਲ ਕਦੇ ਨਹੀਂ ਵਾਪਰੀ...ਸ਼ਾਲਾ! ਕਦੇ ਵਾਪਰੇ ਵੀ ਨਾਂਹ। ਵਨੀਤਾ ਜੀਓ! ਜਿਸ ਕਵੀ ਨੇ ਨਾਰੀ, ਸ਼ੁਹਰਤ ਅਤੇ ਪੈਸੇ ਦੀਆਂ ਤਿੰਨ ਤ੍ਰਿਸ਼ਨਾਵਾਂ ਨੂੰ ਜਿੱਤਿਆ ਹੋਵੇ, ਉਸਨੂੰ ਇਹ ਜਰਵਾਣਾ ਜਗਤ ਤੋੜ ਤਾਂ ਸਕਦਾ ਹੈ, ਪਰ ਹਰਾ ਨਹੀਂ ਸਕਦਾ। ‘ਸ਼ਹੀਦ ਦੀ ਅਰਦਾਸ’ (ਲੰਮੀ ਕਵਿਤਾ) ਅਤੇ ਇਸ ਸੰਗ੍ਰਹਿ ਦੀਆਂ ਬਾਕੀ ਕਵਿਤਾਵਾਂ ਵਾਂਗ ਹੀ ਆਖਰੀ ਕਵਿਤਾ ਵੀ ਮੌਤ ਬਾਰੇ ਹੈ। ਮੇਰੀ ਸਮੁੱਚੀ ਕਵਿਤਾ ਵਿਚ ਹੀ ਦਾਰਸ਼ਨਿਕ ਪੱਧਰ ਉਤੇ ਮੌਤ ਦੇ ਗੁਪਤ ਨਜ਼ਾਮ ਨਾਲ ਮੇਰਾ ਤਖੱਈਅਲ ਵਾਰ ਵਾਰ ਟਕਰਾ ਕੇ ਹਯਾਤੀ ਦੇ ਜਿ਼ੰਦਾ ਰਹਿਣ ਦੇ ਸਿਦਕੀ ਜਸ਼ਨ ਵਿਚ ਸ਼ਾਮਿਲ ਹੁੰਦਾ ਹੈ। ‘ਝਨਾਂ ਦੀ ਰਾਤ’ (ਛੇਵੀਂ ਕਿਤਾਬ) ਵਿਚ 146 ਸਫੇ ਦੀ ਲੰਮੀ ਕਵਿਤਾ ‘ਕੁਰਲਾਉਂਦੇ ਕਾਫ਼ਲੇ’ (1947 ਦੀ ਵੇਦਨਾ) ਵਿਚ ਮੌਤ ਦੇ ਲੰਮੇ ਦ੍ਰਿਸ਼ ਪਿਛੋਂ ਪਰਾ-ਸੁੰਦਰਤਾ ਵਾਲੀ ਰਾਵੀ ਨਾਰ ਭਾਵ ਹਯਾਤੀ ਦਾ ਉਜਾਲਾ ਹੁੰਦਾ ਹੈ। ਝਨਾਂ ਦੀ ਰਾਤ (70 ਸਫ਼ੇ), ਸੋਹਣੀ ਦੀ ਆਖਰੀ ਰਾਤ (15 ਸਫ਼ੇ) ਅਤੇ ਮਿਰਜ਼ੇ ਦੀ ਨੀਂਦ (17 ਸਫ਼ੇ) ਆਦਿ ਲੰਮੀਆਂ ਕਵਿਤਾਵਾਂ ਵਿਚ ਵੀ ਮੌਤ ਦੀ ਤੀਬਰ ਪ੍ਰਤੀਤ ਨਾਲ ਜੀਵਨ ਦੇ ਹੁਸਨ ਦੀ ਕਾਂਗ (ਵਿਸ਼ੇਸ਼ ਸੁੰਦਰ ਨਾਰੀਆਂ ਦੇ ਜਿਉਂਦੇ ਜਾਗਦੇ ਪ੍ਰਤੀਕਾਂ) ਨੂੰ ਗੁਲਾਬੀ ਸਰਘੀਆਂ ਵਾਂਗ ਉਦੈ ਕੀਤਾ ਗਿਆ ਹੈ। ਮੌਤ ਬਾਰੇ ਆਖਰੀ ਕਵਿਤਾ ਸਮਕਾਲੀ ਸਥਿਤੀ (ਬਲੂ ਸਟਾਰ) ਬਾਰੇ ਹੋਣ ਕਾਰਨ ਨਾਇਕਾ ਦਾ ਚਿਹਰਾ ਰਾਵੀ, ਲਿਵਲੀਨ, ਹੂਰ, ਸੋਹਣੀ ਤੇ ਸਾਹਿਬਾਂ ਵਾਂਗ ਨੂਰਾਨੀ ਹੋਣ ਦੀ ਥਾਂ ਲੇਡੀ ਮੈਕਬੱਥ ਵਰਗਾ ਹੋਣਾ ਕੁਦਰਤੀ ਸੀ ਅਤੇ ਉਥੇ ਜੀਵਨ ਦੀ ਤਰੰਗ ਲਹਿਰਾਉਣ ਦਾ ਕੰਮ ਨਾਰਾਂ ਦੀ ਥਾਂ ਸ਼ਹੀਦਾਂ ਅਤੇ ਦੈਵੀ ਮਰਦਾਂ ਨੇ ਸੰਭਾਲ ਲਿਆ ਜਿਹਨਾਂ ਵਿਚ ਸਾਈਂ ਮੀਆਂ ਮੀਰ ਅਤੇ ਸ਼ਹੀਦ ਗੁਰੂ ਅਰਜਨ ਸਾਹਿਬ ਦਾ ਰਾਵੀ ਦਰਿਆ ਵਿਚੋਂ ਉੱਠਦਾ ਦੈਵੀ ਹੱਥ ਵੀ ਸ਼ਾਮਿਲ ਹਨ। ਫਿਰ ਵੀ ਤੰਗ ਦਿਲ ਲੋਕਾਂ ਨੇ ਵਾਵੇਲਾ ਖੜ੍ਹਾ ਕਰ ਦਿੱਤਾ। ਮੈਂ ਆਪਣੀ ਸਮੁੱਚੀ ਕਵਿਤਾ ਦੇ ਕੁਦਰਤੀ ਪੈਟਰਨ ਵਿਚੋਂ ਉਭਰਦੀ ਨਜ਼ਮ ਨੂੰ ਵਾਪਸ ਲੈ ਕੇ ਤੰਗ ਦਿਲ ਲੋਕਾਂ ਅੱਗੇ ਆਪਣਾ ਸਿਦਕੀ ਸੀਸ ਕਿਉਂ ਝੁਕਾਉਂਦਾ?

?‘ਝਨਾਂ ਦੀ ਰਾਤ’ ਵਿਚ ਤੁਹਾਡੀਆਂ ਸ਼ਾਇਦ ਅੱਠ ਪੁਸਤਕਾਂ ਨੇ। ਤੁਸੀਂ ਅੱਠੇ ਇਕੱਠੀਆਂ ਕਿਉਂ ਪ੍ਰਕਾਸ਼ਤ ਕੀਤੀਆਂ?

-‘ਝਨਾਂ ਦੀ ਰਾਤ’ ਵਿਚ ਸੱਤ ਪੁਸਤਕਾਂ ਸ਼ਾਮਿਲ ਹਨ। ਸੱਤ ਪੁਸਤਕਾਂ ਇਕ ਜਿਲਦ ਵਿਚ ਛਾਪਣ ਦਾ ਕਾਰਨ ਪੈਸੇ ਅਤੇ ਵਕਤ ਦੀ ਬਚਤ ਕਰਨ ਤੋਂ ਸਿਵਾ ਹੋਰ ਕੁਝ ਨਹੀਂ ਸੀ। ਕਾਲਜ ਦਾ ਇਕ ਪ੍ਰੋਫੈਸਰ ਜਿਸਨੇ ਨਾ ਤਾਂ ਕਦੇ ਟਿਊਸ਼ਨ ਕੀਤੀ ਹੋਵੇ, ਨਾ ਕਦੇ ਪਰਚੇ ਵੇਖੇ ਹੋਣ ਅਤੇ ਨਾ ਕਦੇ ਇਮਤਿਹਾਨੀ ਡਿਊਟੀ ਦਿੱਤੀ ਹੋਵੇ, ਪਰ ਜਿਸਨੇ ਕਿਤਾਬਾਂ ਖ਼ਰੀਦਣ ਵਿਚ ਪੈਸਾ ਪਾਣੀ ਵਾਂਗ ਵਹਾਇਆ ਹੋਵੇ, ਅਜਿਹੇ ਵਿਅਕਤੀ ਕੋਲ ਥੋੜ੍ਹੇ-ਥੋੜ੍ਹੇ ਵਕਫ਼ੇ ਪਿਛੋਂ ਸੱਤ ਅੱਠ ਕਿਤਾਬਾਂ ਛਾਪਣ ਜੋਗੀ ਮਾਇਆ ਅਤੇ ਵਕਤ ਦਾ ਹੋਣਾ ਸੰਭਵ ਹੀ ਨਹੀਂ ਸੀ।

?ਕੀ ‘ਝਨਾਂ ਦੀ ਰਾਤ’ ਦੀਆਂ ਜੋ ਪੁਸਤਕਾਂ ਨੇ, ਇਹ ਉਨ੍ਹਾਂ ਪੁਸਤਕਾਂ ਦੀਆਂ ਚੋਣਵੀਆਂ ਕਵਿਤਾਵਾਂ ਹਨ ਜਾਂ ਸਮੁੱਚੀ?

-ਪਹਿਲੀ, ਦੂਸਰੀ ਅਤੇ ਸੱਤਵੀਂ ਕਿਤਾਬ ਪੈਸੇ ਦੀ ਘਾਟ ਕਾਰਨ ਪੂਰੀਆਂ ਨਹੀਂ ਸਨ ਛਾਪੀਆਂ ਗੀਆਂ, ਬਾਕੀ ਤਕਰੀਬਨ ਮੁਕੰਮਲ ਹਨ। ਤੀਸਰੀ ਕਿਤਾਬ ‘ਪਿਆਰੇ ਦਾ ਦੇਸ’ ਵਿਚ ਰਾਸ਼ਟਰ ਪਿਤਾ ਉਤੇ ‘ਸੱਚ’ ਸਿਰਲੇਖ ਹੇਠ ਇਕ ਵਿਅੰਗ ਨੂੰ ਸਮੇਂ ਦੀ ਨਜ਼ਾਕਤ ਦਾ ਖਿਆਲ ਰਖਦਿਆਂ ਨਹੀਂ ਸੀ ਛਾਪਿਆ ਗਿਆ, ਪਰ....

?ਤੁਸੀਂ ‘ਝਨਾਂ ਦੀ ਰਾਤ’ ਦੀ ਕਵਿਤਾ ਵਿਚ ਪ੍ਰਗੀਤ ਨਾਲ ਬਹੁਤ ਡੂੰਘੀ ਤਰ੍ਹਾਂ ਜੁੜੇ ਹੋਏ ਹੋ, ਭਾਵੇਂ ਬਿਰਤਾਂਤ ਵਾਲੀਆਂ ਨਜ਼ਮਾਂ ਵੀ ਹਨ ਪਰ ਪ੍ਰਗੀਤਕ ਹੋਣ ਦੀ ਚੇਤਨਾ ਬਾਰੇ ਤੁਹਾਡਾ ਕੀ ਖਿ਼ਆਲ ਹੈ?

-ਲੋਕ ਸਾਹਿਤ ਨਾਲ ਮੇਰਾ ਮੁੱਢ ਕਦੀਮੀ ਮੋਹ ਹੈ। ਮੈਂ ਡਾ. ਵਣਜਾਰਾ ਬੇਦੀ, ਗਿਆਨੀ ਗੁਰਦਿੱਤ ਸਿੰਘ, ਡਾ. ਨਾਹਰ ਸਿੰਘ ਅਤੇ ਦਵਿੰਦਰ ਸਤਿਆਰਥੀ ਦੇ ਲੋਕ ਸਾਹਿਤ ਤੋਂ ਬਿਨਾਂ ਭਾਰਤ, ਬਰ੍ਹਮਾ, ਤਿੱਬਤ, ਚੀਨ, ਰੂਸ, ਈਰਾਨ, ਅਫਗਾਨਿਸਤਾਨ, ਸਿੰਧ ਅਤੇ ਬਲੋਚਿਸਤਾਨ ਦੇ ਲੋਕ ਸਾਹਿਤ ਅਤੇ ਇਸ ਨਾਲ ਜੁੜੇ ਸੂਫੀ ਸਾਹਿਤ ਨੂੰ ਪੜ੍ਹਿਆ ਅਤੇ ਮਾਣਿਆ ਹੈ। ਮੈਂ ਇਹ ਅਦੁੱਤੀ ਦਾਤ ਮਨਪਸੰਦ ਦੇ ਬੱਚਿਆਂ ਉਤੇ ਆਲੇ ਦੁਆਲੇ ਮੀਂਹ ਵਾਂਗ ਵਰਸਾਉਂਦਾ ਰਹਿੰਦਾ ਹੈ। ਸੋ ਅਜਿਹੇ ਮਾਸੂਮ ਤੇ ਕੁਦਰਤੀ ਮਾਹੌਲ ਵਿਚੋਂ ਪ੍ਰਗੀਤ ਦੇ ਆਪ ਮੁਹਾਰੇ ਚਸ਼ਮਿਆਂ ਨੇ ਫੁੱਟਣਾ ਹੀ ਹੋਇਆ। ਲੋਕ ਸਾਹਿਤ ਦੇ ਰਸਿਕ ਪਾਠ ਦੀਆਂ ਜੜ੍ਹਾਂ ਪ੍ਰਗੀਤ ਤੋਂ ਬਿਨਾਂ ਮਹਾ ਕਾਵਿਕ ਆਭਾ ਵਿਚ ਵੀ ਲੱਗੀਆਂ ਹੁੰਦੀਆਂ ਹਨ। ਅੱਜ ਕੱਲ੍ਹ ਮੇਰੇ ਅਤੇ ਵਾਲਟ ਵਿਟਮੈਨ ਉਤੇ ਪੀ ਐਚ ਡੀ ਕਰ ਰਹੀ ਇਕ ਕੁੜੀ ਨੂੰ ਮੈਂ ਹੈਰਾਨੀ ਵਿਚ ਕਿਹਾ, ‘‘ਬੀਬੀ! ਮੈਨੂੰ ਤਾਂ ਆਪਣੇ ਅਤੇ ਵਾਲਟ ਵਿਚ ਕੋਈ ਸਾਂਝ ਨਜ਼ਰ ਨਹੀਂ ਆਉਂਦੀ।’’ ਵਿਦਵਾਨ ਲੜਕੀ ਨੇ ਸਹਿਜ ਨਾਲ ਬਹੁਤ ਸਾਰੀਆਂ ਦਲੀਲਾਂ ਦੇਣ ਪਿਛੋਂ ਇਹ ਸਿੱਟਾ ਕੱਢਿਆ, ‘ਵਾਲਟ ਨੇ ਤੁਹਾਡੇ ਪੜਾ ਉਤੇ ਆਕੇ ਖੁੱਲ੍ਹੀ ਕਵਿਤਾ ਦੇ ਨਾਲ ਨਾਲ ਲਿਰਿਕ ਦੀ ਪੁਸ਼ਾਕ ਵੀ ਪਹਿਨ ਲਈ।’ ‘ਝਨਾ ਦੀ ਰਾਤ’ ਤੇ ਮੇਰੇ ਅੱਜ ਕੱਲ੍ਹ ਲਿਖੇ ਜਾ ਰਹੇ ਮਹਾ ਕਾਵਿ (ਜਿਲਦ ਚਾਰ) ਵਿਚ ਪ੍ਰਗੀਤਕ ਚੇਤਨਾ ਦੀ ਬਹੁਲਤਾ ਦੀ ਇਹੋ ਦਲੀਲ ਹੈ।

?‘ਝਨਾਂ ਦੀ ਰਾਤ’ ਭਾਵੇਂ ਵੱਖ-ਵੱਖ ਕਵਿਤਾਵਾਂ ਦਾ ਸੰਗ੍ਰਿਹ ਹੈ ਪਰ ਇਹ ਇਕ ਲੰਮੀ ਕਵਿਤਾ ਦਾ ਪ੍ਰਭਾਵ ਵੀ ਛੱਡਦੀ ਹੈ ਜਿਸਦੇ ਕੇਂਦਰ ਵਿਚ ਪੰਜਾਬ ਹੈ, ਸਾਂਝਾ ਪੰਜਾਬੀ ਸਭਿਆਚਾਰ, ਸੂਫੀ ਆਵੇਸ਼ ਹੈ, ਸਿੱਖ ਅਨੁਭਵ ਉਸ ਨਾਲ ਸੰਯੁਕਤ ਹੋ ਜਾਂਦਾ ਹੈ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਇਉਂ ਲੰਮੀ ਕਵਿਤਾ ਲਿਖਣ ਦੇ ਅਵਚੇਤਨ ਨਾਲ ਤੁਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਹੋ?

-ਤੁਸਾਂ ਲਗਭਗ ਦਰੁਸਤ ਫੁਰਮਾਇਆ ਹੈ। ‘ਝਨਾਂ ਦੀ ਰਾਤ’ ਦੇ ਕਿਸੇ ਨਿਰਾਕਾਰ ਕੇਂਦਰ ‘ਤੇ ਮੌਤ ਅਤੇ ਹਯਾਤੀ ਦੀ ਅਸਤਿੱਤਵੀ ਕਸ਼ਮਕਸ਼ ਤੇ ਟੈਨਸ਼ਨ ਹੈ ਜਿਹੜੀ ਕਿ ਤੁਹਾਡੇ ਕਹੇ ਵਾਕੰਸ਼ਾਂ ਨੂੰ ਨਾਜ਼ਕ ਪ੍ਰਤੀਕਾਂ ਜਾਂ ਸੰਵੇਦਨਸ਼ੀਲ ਦ੍ਰਿਸ਼ਟਾਂਤਾਂ ਜਾਂ ਜੀਵਨ ਦਾ ਸਾਹ ਲੈਂਦੇ ਚਿਹਨਾਂ ਵਿਚ ਢਾਲਕੇ ਇਕੋ ਸਮੇਂ ਧੁੱਪ ਅਤੇ ਹਨੇਰੇ ਵਾਂਗ ਨਿਰੰਤਰ ਫੈਲ ਰਹੀ ਹੈ। ਏਥੋਂ ਤੱਕ ਕਿ ‘ਝਨਾਂ ਦੀ ਰਾਤ’ ਦੇ ਸਾਦੇ ਬਿਰਤਾਂਤ ਵੀ ਇਸਦੇ ਸਮੁੱਚ ਨਾਲੋਂ ਵੱਖ ਨਹੀਂ ਹਨ। ਪੰਜ ਸਰਗਾਂ ਵਿਚ ਵੰਡੀ ਲੰਮੀ ਕਵਿਤਾ ‘ਕੁਰਲਾਉਂਦੇ ਕਾਫ਼ਲੇ’ ਮੌਤ ਅਤੇ ਜੀਵਨ ਦੇ ਅਸਤਿੱਤਵੀ ਬਿੰਬ ਨੂੰ ਉਚਿਆਉਂਦੀ ਹੈ ਜਿਹੜੀ ਝਨਾਂ ਦੀ ਰਾਤ ਦੀਆਂ ਹੋਰਨਾਂ ਲੰਮੀਆਂ ਕਵਿਤਾਵਾਂ ਵਾਂਗ ਮੇਰੇ ਆ ਰਹੇ ਮਹਾ ਕਾਵਿ ਦਾ ਟਰੇਲਰ ਹੀ ਹੈ। ਆਰਥਿਕ ਸੰਕਟ ਨਾ ਹੋਣ ਦੀ ਸੂਰਤ ਵਿਚ ਜੇ ਮੈਂ ‘ਝਨਾਂ ਦੀ ਰਾਤ’ ਦੀਆਂ ਤਿੰਨ ਕਿਤਾਬਾਂ ਨੂੰ ਪੂਰੀਆਂ ਛਾਪਦਾ ਅਤੇ ਅੱਠਵੀਂ ਕਿਤਾਬ ‘ਸੋ ਦਰੁ’ ਨੂੰ ਵੀ ਸ਼ਾਮਿਲ ਕਰ ਲੈਂਦਾ ਤਾਂ ‘ਝਨਾਂ ਦੀ ਰਾਤ’ ਹਨੇਰੇ ਤੋਂ ਰੋਸ਼ਨੀ ਦੇ ਬਿੰਬ ਵਾਲਾ ਮਹਾ ਕਾਵਿ ਬਣ ਜਾਂਦਾ। ਸੋ ਮਹਾ ਕਾਵਿ ਦੀ ਚੌਥੀ ਜਿਲਦ ਛਪਣ ਪਿਛੋਂ ਜਦੋਂ ਕੋਈ ਟਕਸਾਲੀ ਆਲੋਚਕ ਆਪਣੀ ਅਲਸਾਈ ਨੀਂਦ ਉਤਾਰ ਕੇ ਉੱਠਿਆ, ਤਾਂ ਉਹ ‘ਝਨਾਂ ਦੀ ਰਾਤ’ ਨੂੰ ਮਹਾ ਕਾਵਿ ਹੀ ਸਵੀਕਾਰ ਕਰੇਗਾ।

?‘ਝਨਾਂ ਦੀ ਰਾਤ’ ਦੇ ਸ਼ੁਰੂ ਵਿਚ ਤੁਸੀਂ ਕਾਵਿ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਲੰਮੀ ਭੂਮਿਕਾ ਲਿਖੀ। ਆਪਣੀ ਕਵਿਤਾ ਲਈ ਡੀਫੈਂਸ ਦੀ ਇੰਨੀ ਲੋੜ ਕਿਉਂ ਪਈ?

-ਉਹ ਲੰਮੀ ਭੂਮਿਕਾ ਪੇਸ਼ ਕੀਤੀ ਜਾ ਰਹੀ ਕਵਿਤਾ ਦਾ ਡੀਫੈਂਸ ਨਹੀਂ ਸੀ। ਉਸ ਵਿਚ ਮੈਂ ਆਪਣੀ ਕਵਿਤਾ ਬਾਰੇ ਤਾਂ ਇਕ ਲਫ਼ਜ਼ ਵੀ ਨਹੀਂ ਕਿਹਾ।ਉਹ ਭੂਮਿਕਾ ਵਰਡਜ਼ਵਰਥ ਅਤੇ ਕੌਲਰਿਜ ਦੀ ਠਹੲ ਼ੇਰਚਿਅਲ ਭਅਲਲਅਦਸ ਦੀ ਭੂਮਿਕਾ ਵਾਂਗ ਵਿਸ਼ਵ ਅਤੇ ਪੰਜਾਬੀ ਕਵਿਤਾ ਦੇ ਸੰਦਰਭ ਵਿਚ ਮੇਰੇ ਕਾਵਿ ਸ਼ਾਸਤਰ ਦੀ ਸੰਖਿਪਤ ਪੇਸ਼ਕਾਰੀ ਸੀ, ਜਿਹੜੀ ਕਿ ‘ਝਨਾਂ ਦੀ ਰਾਤ’ ਦੀ ਇਕ ਲੰਮੀ ਕਵਿਤਾ ਵਾਂਗ ਹੀ ਹੈ। ਅਸਲ ਵਿਚ ਇਹ ਭੂਮਿਕਾ ਮੇਰਾ ਕਾਵਿ ਮੈਨੀਫੈਸਟੋ ਹੈ, ਜਿਸਦੇ ਸ਼ੁਰੂ ਵਿਚ ਹੀ ਮੈਂ ਕਹਿ ਦਿੱਤਾ ਹੈ ਕਿ ਮੈਂ ਇਸ ਤੋਂ ਬਾਹਰ ਹਾਂ। ‘ਝਨਾਂ ਦੀ ਰਾਤ’ ਉੱਤੇ ਲਿਖੇ ਲੇਖ ਵਿਚ ਗੁਰਬਚਨ ਠੀਕ ਲਿਖਦਾ ਹੈ, ਜਿਸਦਾ ਭਾਵ ਮੇਰੀ ਤੁੱਛ ਸਮਝ ਅਨੁਸਾਰ ਇਹ ਹੈ ਕਿ ਪੂਰਨ ਸਿੰਘ ਪਿਛੋਂ ਪਹਿਲੀ ਵਾਰ ਉਭਰੇ ਇਸ ਕਾਵਿ ਸ਼ਾਸਤਰ ਨੂੰ ਤਰਕਵਾਦੀ ਢੰਗ ਨਾਲ ਸਫ਼ਲਤਾ ਸਹਿਤ ਰੱਦੇ ਬਿਨਾਂ ਪੰਜਾਬੀ ਵਿਚ ਕੋਈ ਨਵਾਂ ਕਾਵਿ-ਸ਼ਾਸਤਰ ਮੌਲਿਕ ਨਹੀਂ ਕਹਿਲਾਏਗਾ।

?ਸਿੱਖ ਇਤਿਹਾਸ ਬਾਰੇ ਤੁਸੀਂ ‘ਸਹਿਜੇ ਰਚਿਓ ਖ਼ਾਲਸਾ’ ਬਹੁਤ ਵਿਸਤ੍ਰਿਤ ਪੁਸਤਕ ਲਿਖੀ। ਇਹ ਤੁਹਾਡੇ ਕਿੰਨੇ ਵਰ੍ਹਿਆਂ ਦੀ ਘਾਲਣਾ ਹੈ। ਤੁਸੀਂ ਫਾਰਸੀ ਅਤੇ ਅਰਬੀ ਦੇ ਸਰੋਤਾਂ ਤੱਕ ਕਿਵੇਂ ਪਹੁੰਚੇ?

-ਪਿਆਰੀ ਭੈਣ! ‘ਸਹਿਜੇ ਰਚਿਓ ਖ਼ਾਲਸਾ’ ਦੇ ਵਰ੍ਹਿਆਂ ਦੀ ਗਿਣਤੀ ਤਾਂ ਮੇਰੇ 1979 ਈ. ਦੇ ਵਰ੍ਹਿਆਂ ਤੱਕ ਖਿਲਰੀ ਪਈ ਹੈ। ਤੁਹਾਡਾ ਇਹ ਸਾਦਾ ਜਿਹਾ ਪ੍ਰਸ਼ਨ ਮੇਰੇ ਲਈ ਬਹੁਤ ਜਟਿਲ ਹੈ। ਇਹ ਕਿਤਾਬ ਲਿਖਣ ਦਾ ਖਿ਼ਆਲ ਤਾਂ ਮੇਰੇ ਫ਼ਰਿਸ਼ਤਿਆਂ ਨੂੰ ਵੀ ਨਹੀਂ ਸੀ। ਯੋਜਨਾ ਅਧੀਨ ਤਾਂ ਮੈਂ ਮਾਰਕਸਵਾਦ ਦੀਆਂ ਇਸਤਲਾਹਾਂ (ਟੲਰਮਸ) ਵਰਤੇ ਬਿਨਾਂ ‘ਪੰਜਾਬੀ ਸਾਹਿਤ ਦਾ ਇਤਿਹਾਸ’ ਅਤੇ ਅਸਲੀ ‘ਮਹਾਤਮਾ’ ਗਾਂਧੀ ਉਤੇ ਵਿਸਤ੍ਰਿਤ ਕਿਤਾਬਾਂ ਲਿਖਣੀਆਂ ਚਾਹੁੰਦਾ ਸਾਂ ਜਿਹਨਾਂ ਦੀ ਤਿਆਰੀ ਵਿਚ ਮੈਂ ਨਿਰੰਤਰ ਅੱਠ ਸਾਲ ਘਾਟ ਘਾਟ ਦਾ ਪਾਣੀ ਪੀਤਾ ਸੀ, ਪਰ ਦੋਵਾਂ ਪੰਜਾਬਾਂ ਵਿਚ ਸਭ ਤੋਂ ਮਿੱਠੀ ਹੀਰ ਗਾਉਣ ਵਾਲੇ ਮੇਰੇ ਸਵਰਗੀ ਦੋਸਤ ਜੋਗਿੰਦਰ ਸਿੰਘ ਹੀਰ ਨੇ ਮੈਨੂੰ 1970 ਵਿਚ ‘ਜਬ ਲਗ ਰਹੇ ਖ਼ਾਲਸਾ ਨਿਆਰਾ’ (ਸਹਿਜੇ...) ਲਿਖਣ ਦਾ ਰੋ ਰੋ ਕੇ ਹੁਕਮ ਦਿੱਤਾ। ਡਾ. ਹਰਿਭਜਨ ਸਿੰਘ ਜਿਸਨੂੰ ਅਸੀਂ ਸੰਤ ਸਿੰਘ ਸੇਖੋਂ ਨਾਲੋਂ ਕਿਤੇ ਵੱਡਾ ਜੀਨੀਅਸ ਮੰਨਦੇ ਸਾਂ, ਬਾਰੇ ਸਾਡਾ ਦੋਵਾਂ ਦਾ ਖਿ਼ਆਲ ਸੀ ਕਿ ਉਹ ਪੰਜਾਬੀ ਦਾ ਬੇਨਜ਼ੀਰ ਇਤਿਹਾਸ ਲਿਖੇਗਾ (ਪਰ ਇਹ ਆਸ ਕਦੇ ਪੂਰੀ ਨ ਹੋਈ)।'ਸੋ ਬਰਬਾਦ ਹੋ ਰਹੇ ਖ਼ਾਲਸਾ ਪੰਥ ਦੀ ਤਕਦੀਰ ਉੱਤੇ ਲਗਾਤਾਰ ਹੰਝੂ ਕੇਰ ਰਹੇ ਪਰ ਸਭ ਤੋਂ ਮਿੱਠੀ ਹੀਰ ਗਾਉਣ ਵਾਲੇ ਹੀਰ ਸਾਹਿਬ ਦਾ ਹੁਕਮ ਸਿਰ ਮੱਥੇ ਉਤੇ ਮੰਨ ਕੇ ਮੈਂ ‘ਸਹਿਜੇ ਰਚਿਓ ਖ਼ਾਲਸਾ’ 3 ਨਵੰਬਰ 1972 ਤੋਂ 9 ਮਾਰਚ 1979 ਤਕ ਭਾਰੀ ਮਿਹਨਤ ਨਾਲ ਪੂਰੀ ਕੀਤੀ। ਮੈਂ ਜਿਨ੍ਹਾਂ ਦੋ ਕਿਤਾਬਾਂ ਨੂੰ ਤਿਆਗਿਆ ਸੀ, ਉਨ੍ਹਾਂ ਦੀ ਮਿਹਨਤ ਵੀ ਇਸ ਕਿਤਾਬ ਨੂੰ ਲਿਖਣ ਵਿਚ ਵਰਤ ਲਈ। ਇਸੇ ਸਮੇਂ ਦਰਮਿਆਨ ਮੈਂ ਪੂਰਨ ਪਰਹੇਜ਼ਗਾਰੀ ਧਾਰਨ ਕਰਕੇ ਕੇਸ਼ਗੜ੍ਹ ਸਾਹਿਬ ਤੋਂ ਅੰਮ੍ਰਿਤ ਛਕਿਆ ਅਤੇ ਤਿੰਨ ਤ੍ਰਿਸ਼ਨਾਵਾਂ ਉਤੇ ਜਿੱਤ ਵੀ ਪ੍ਰਾਪਤ ਕੀਤੀ। ਇਸ ਕਿਤਾਬ ਨੂੰ 1988 ਵਿਚ ਰਿਲੀਜ਼ ਕਰਨ ਵਾਲੇ ਡਾ. ਹਰਿਭਜਨ ਸਿੰਘ ਦਾ ਇਹ ਖਿ਼ਆਲ ਠੀਕ ਲੱਗਦਾ ਹੈ ਕਿ ਇਸ ਕਿਤਾਬ ਦੀ ਤਿਆਰੀ ਦੇ ਵਕਤ ਦਾ ਜੋੜ 15 ਸਾਲ ਬਣਦਾ ਹੈ।

ਇਸ ਕਿਤਾਬ ਦੇ ਇਤਿਹਾਸਕ ਸ੍ਰੋਤਾਂ ਨੂੰ ਲੱਭਣ ਲਈ ਮੈਂ ਆਪਣੀ ਮਿਹਨਤ ਤੋਂ ਬਿਨਾਂ ਲਾਹੌਰ ਅਤੇ ਫੈਸਲਾਬਾਦ ਦੇ ਪਾਕਿਸਤਾਨ ਵਿਚਲੇ ਅਰਬੀ ਫ਼ਾਰਸੀ ਦੇ ਪਰਮ ਮਿੱਤਰ ਧੁਰੰਤਰ ਵਿਦਵਾਨਾਂ ਨਾਲ ਆਪਣੇ ਸ਼ੰਕਿਆਂ ਦੀ ਨਵਿਰਤੀ ਅਤੇ ਮਨੌਤਾਂ ਦੇ ਸਮਰਥਨ ਲਈ ਗੰਭੀਰ ਸਲਾਹ ਮਸ਼ਵਰੇ ਵੀ ਕੀਤੇ ਅਤੇ ਉਨ੍ਹਾਂ ਰਾਹੀਂ ਪ੍ਰਮਾਣਿਕ ਗ੍ਰੰਥਾਂ ਵਿਚੋਂ ਲੋੜੀਂਦੇ ਫੋਟੋ ਸਟੇਟ ਵੀ ਪ੍ਰਾਪਤ ਕੀਤੇ। ਮੁਜੱਦਦ ਅਲਫ਼ਸਾਨੀ ਦੇ ਮਕਤੂਬਾਤ ਦੇ ਜਗਤ ਪ੍ਰਸਿੱਧ ਉਰਦੂ ਤਰਜਮਿਆਂ ਅਤੇ ‘‘ਤੁਜ਼ਕ-ਏ-ਜਹਾਂਗੀਰੀ’’ ਦੇ ਵੱਖ-ਵੱਖ ਮਤਨਾਂ ਦਾ ਵੀ ਪਤਾ ਕੀਤਾ। ਮੈਂ ਪਾਕਿਸਤਾਨ ਵਿਚ ਛਪੀਆਂ ਵਿਸ਼ੇ ਨਾਲ ਸੰਬੰਧਿਤ ਕਿੰਨੀਆਂ ਹੀ ਦੁਰਲੱਭ ਕਿਤਾਬਾਂ ਨੂੰ ਦਿੱਲੀ ਦੇ ਕੁਤਬ ਫ਼ਰੋਸਾਂ ਨੂੰ ਮੂੰਹ ਮੰਗੇ ਪੈਸੇ ਦੇ ਕੇ ਖ਼ਰੀਦਿਆ ਅਤੇ ਕਿਤਾਬਾਂ ਪੜ੍ਹਨ ਲਈ ਹੁਣ ਤੱਕ ਵੀ ਰੂਬਰੂਆਂ, ਕਵੀ ਦਰਬਾਰਾਂ, ਸਮਾਗਮਾਂ, ਰੇਡੀਉ ਅਤੇ ਟੈਲੀਵਿਯਨਾਂ ‘ਤੇ ਆਪਣਾ ਕੀਮਤੀ ਸਮਾਂ ਬਰਬਾਦ ਨਹੀਂ ਕਰਦਾ।

?ਹੋਰ ਸਿੱਖ ਇਤਿਹਾਸਕਾਰਾਂ ਅਤੇ ਸਿੱਖ ਸਿਧਾਂਤਕਾਰਾਂ (ਜਿਵੇਂ ਸਿਰਦਾਰ ਕਪੂਰ ਸਿੰਘ ਆਦਿ) ਤੋਂ ਤੁਸੀਂ ਆਪਣੀ ਇਤਿਹਾਸ ਦ੍ਰਿਸ਼ਟੀ ਵਿਚ ਮੂਲ ਅੰਤਰ ਕੀ ਸਮਝਦੇ ਹੋ?

-ਬਾਬਾ ਜੀ! ਹਾਲੇ ਸਥਾਪਤ ਵਿਦਵਾਨਾਂ ਦੀ ਹਉਮੈ ਨੂੰ ਠੇਸ ਪਹੁੰਚਾਉਣੀ ਨਹੀਂ ਚਾਹੁੰਦਾ। ਮਹਾ ਕਾਵਿ ਦੀਆਂ ਚਾਰ ਜਿਲਦਾਂ ਵਿਚਲੀਆਂ ਲੰਮੀਆਂ ਭੂਮਿਕਾਵਾਂ ਵਿਚ ਮੇਰੀ ਇਤਿਹਾਸਕ ਦ੍ਰਿਸ਼ਟੀ ਅੰਤਮ ਰੂਪ ਵਿਚ ਸਪਸ਼ਟ ਹੋ ਜਾਵੇਗੀ, ਪਰ ਏਥੇ ਦਾਨਿਸ਼ਵਰਾਂ ਲਈ ਇਹੋ ਇਸ਼ਾਰਾ ਕਾਫ਼ੀ ਹੈ ਕਿ ਬਹੁਤੇ ਸਿੱਖ ਇਤਿਹਾਸਕਾਰ, ਸਿਧਾਂਤਕਾਰ ਅਤੇ ਗੁਰਬਾਣੀ ਦੇ ਅੱਖਰੀ ਖੋਜੀ (ਮਸੌਦਾ-ਪ੍ਰੇਮੀ) ਸੰਤੋਖਜ਼ਨਕ ਹੱਦ ਤਕ ਰਚਨਾਤਮਕ ਸਿ਼ੱਦਤ ਅਤੇ ਪਾਰਦਰਸ਼ੀ ਕਲਪਨਾ ਦੇ ਸੁਆਮੀ ਨਹੀਂ। ਉਹ ਇਤਿਹਾਸਕ ਸੱਚ ਢੂੰਡਦਿਆਂ ਨੇੜੇ ਦਾ ਸਵੈ ਵਿਰੋਧ ਵਿਖਾਕੇ ਹੀ ਤੱਥਾਂ ਨੂੰ ਰੱਦਣ ਅਤੇ ਸਥਾਪਤ ਕਰਨ ਦੀ ਵਿਧੀ ਵਰਤਦੇ ਹਨ। ਤੱਥਾਂ ਨੂੰ ਜਾਣਨਾ ਜ਼ਰੂਰੀ ਤਾਂ ਹੁੰਦਾ ਹੈ, ਪਰ ਤੱਥ ਕਿਹੜੀਆਂ ਹਾਲਤਾਂ ਵਿਚ ਬਣੇ ਇਹ ਜਾਣਨਾ ਵੀ ਜ਼ਰੂਰੀ ਹੁੰਦਾ ਹੈ।

ਮੈਂ ਇਤਿਹਾਸਕ ਤੱਥਾਂ ਦਾ ਗੰਭੀਰ ਵਿਦਿਆਰਥੀ ਹਾਂ, ਪਰ ਮੈਂ ਤੱਥਾਂ ਦੇ ਨਾਲ ਅਨੁਭਵ ਦੇ ਹੋਰ ਸੋਮਿਆਂ ਦੀ ਮਦਦ ਵੀ ਲੈਂਦਾ ਹਾਂ। ਮੈਂ ਤੱਥਾਂ ਨੂੰ ਵਾਚਕੇ ਦ੍ਰਿਸ਼ਟਾ ਦੀ ਸ਼ਕਤੀ ਵੀ ਵਰਤਦਾ ਹਾਂ ਅਤੇ ਐਸੀ ਪਾਰਦਰਸ਼ੀ ਕਲਪਨਾ ਵਰਤਦਾ ਹਾਂ, ਜਿਸਦੇ ਪਿਛੋਕੜ ਵਿਚ ਹਕੀਕਤ ਹਮੇਸ਼ਾ ਖੜ੍ਹੀ ਰਹਿੰਦੀ ਹੈ। ਸ਼ਾਇਦ ਇਸੇ ਦ੍ਰਿਸ਼ਟੀਕੋਣ ਤੋਂ ਮੈਨੂੰ ਲਿਖੀ ਇਕ ਚਿੱਠੀ ਵਿਚ ਡਾ. ਹਰਿਭਜਨ ਸਿੰਘ ਨੇ ਸਹਿਜੇ ਰਚਿਓ ਖਾਲਸਾ ਨੂੰ ਮਹਾ ਕਾਵਿ ਵਰਗੀ ਕੋਈ ਵੰਨਗੀ ਕਿਹਾ ਸੀ। ਮੇਰੇ ਇਤਿਹਾਸ ਵਾਚਣ ਦੇ ਢੰਗਾਂ ਵਿਚ ਫ਼ਰਕ ਹੈ ਜਿਹੜੇ ਬਹੁ ਪਾਸਾਰੀ ਹਨ। ਸੋ ਮੇਰੇ ਅਤੇ ਪਰੰਪਰਾਗਤ ਇਤਿਹਾਸਕਾਰਾਂ/ਸਿਧਾਂਤਕਾਰਾਂ ਵਿਚ ਇਹੋ ਫ਼ਰਕ ਹੈ ਕਿ ਮੈਂ ਉਨ੍ਹਾਂ ਦੇ ਸੁੰਗੜੇ ਅਤੇ ਇਕ ਦਿਸ਼ਾਵੀ ਤੱਥਾਂ ਨੂੰ ਵਿਸ਼ਾਲ ਵਿਜ਼ਨ ਵਿਚ ਰਖਕੇ ਪੇਸ਼ ਕਰਦਾ ਅਤੇ ਪੜਤਾਲਦਾ ਹਾਂ।

?ਪਿਛਲੇ ਕੁਝ ਸਮੇਂ ਵਿਚ ਤੁਹਾਡੇ ਮਹਾ ਕਾਵਿ ‘ਇਲਾਹੀ ਨਦਰ ਦੇ ਪੈਂਡੇ’ ਬਾਰੇ ਬਹੁਤ ਚਰਚਾ ਹੋਇਆ ਹੈ, ਤੁਸੀਂ ਇਸ ਚਰਚਾ ਨਾਲ ਕਿੰਨੇ ਕੁ ਸੰਤੁਸ਼ਟ ਹੋ?

-ਮਹਾ ਕਾਵਿ ਬਾਰੇ ਗੱਲ ਚਲਦੀ ਰਹਿੰਦੀ ਹੈ, ਪਰ ਇਕ ਗੱਲ ਪੱਕੀ ਹੈ। ਮੈਨੂੰ ਉੱਤਰ ਆਧੁਨਿਕ ਮਿਆਰਾਂ ਦੀ ਮਦਦ ਨਾਲ ਨਹੀਂ ਸਮਝਿਆ ਜਾ ਸਕਦਾ। ਸਾਹਿਤ ਵਿਚ ਜਜ਼ਬ ਨਾ ਹੋਇਆ ਕੋਈ ਵੀ ਪਹਿਲਾਂ ਕਲਪਿਆ ਸਿਧਾਂਤ ਕਿਸੇ ਵੀ ਅਤਿ ਮੌਲਿਕ ਸਾਹਿਤ ਦੀ ਸਹੀ ਜਾਣਕਾਰੀ ਨਹੀਂ ਦੇ ਸਕਦਾ। ਮਹਾ ਕਾਵਿ ਉਤੇ ਨੂਰ ਸਾਹਿਬ ਨੇ ਇਕ ਪ੍ਰਸੰਸਾਤਮਕ ਪਰ ਸੀਮਤ ਜਿਹਾ ਰੀਵਿਊ ਕੀਤਾ ਸੀ ਅਤੇ ਪੰਜਾਬੀ ਅਖ਼ਬਾਰਾਂ ਵਿਚ ਖ਼ਾਸੀ ਸਿਫ਼ਤ ਹੋਈ ਸੀ। ਸਿਰਮੌਰ ਆਲੋਚਕਾਂ ਦੇ ਆਪਣੇ ਰੁਝੇਵੇਂ ਹਨ, ਡਾ. ਹਰਿਭਜਨ ਸਿੰਘ ਪੂਰੇ ਸਿਹਤਮੰਦ ਨਹੀਂ, ਦਾਨਿਸ਼ਵਰਾਂ ਵਿਚ ਹਮੇਸ਼ਾ ਵਾਂਗ ਧੜੇਬੰਦੀ ਹੈ, ਪਰ ਫੇਰ ਵੀ ਮੇਰੀਆਂ ਪਹਿਲੀਆਂ ਕਿਤਾਬਾਂ ਵਾਂਗ ਮਹਾ ਕਾਵਿਦਾ ਪਰਦੇਸਾਂ ਵਿਚ ਸੁਆਗਤ ਹੋ ਰਿਹਾ ਹੈ। ਮੇਰੇ ਪ੍ਰਕਾਸ਼ਕ ਸਿੰਘ ਬ੍ਰਦਰਜ਼ ਮੇਰੇ ਉੱਤੇ ਖੁਸ਼ ਹਨ ਅਤੇ ਮੈਨੂੰ ਰੱਜਵਾਂ ਪਿਆਰ ਦਿੰਦੇ ਹਨ। ਹਾਲੇ ਮੇਰੇ ਲਈ ਇਹੋ ਕਾਫ਼ੀ ਹੈ।

?ਇਲਾਹੀ ਨਦਰ ਦੇ ਪੈਂਡੇ ਦਾ ਡਿਜ਼ਾਇਨ ਤੇ ਕਲਪਨਾ ਦੀ ਉਡਾਣ ਹੋਰ ਮਹਾ ਕਾਵਿ ਦੇ ਲੇਖਕਾਂ ਤੋਂ ਬਿਲਕੁਲ ਵੱਖਰੀ ਹੈ, ਇਸਨੂੰ ਕਿਵੇਂ ਪਰਿਭਾਸ਼ਤ ਕਰੋਗੇ?

-ਮੈਂ ਮਹਾ ਕਾਵਿ ਵਿਚ ਨਿਹਕਲੰਕ ਕਾਵਿ ਅਨੁਭੂਤੀ ਨੂੰ ਪ੍ਰਮੁੱਖ ਥਾਂ ਦਿੰਦਾ ਹਾਂ। ਦੂਜੇ ਪਾਸੇ, ਮੇਰੇ ਲਈ ਸਮੁੱਚਾ ਬ੍ਰਹਿਮੰਡ ਦੀ ਹਯਾਤੀ ਹੈ ਜਿਸਦੇ ਕੇਂਦਰ ਵਿਚ ਮਨੁੱਖ ਦੀਆਂ ਦੈਵੀ ਸ਼ਾਨ ਵਲ ਵਧਦੀਆਂ ਮੰਜਿ਼ਲਾਂ ਹਨ। ਸੋ ਚੰਨ, ਸੂਰਜ, ਤਾਰੇ, ਅਸਮਾਨ, ਥਲ, ਸਾਗਰ ਤੇ ਧਰਤੀ ਦਾ ਹਰ ਰੂਪ ਅਤੇ ਵਿਸ਼ੇਸ਼ ਕਰਕੇ ਖਲੋਤੀ ਸੁੰਨ ਤੋਂ ਅਗੰਮ ਦੂਰੀਆਂ ਤਕ ਤੇਜ਼ ਹਰਕਤ ਕਰ ਰਿਹਾ ਕਾਲ ਇਸਦੇ ਨਾਲ ਹੀ ਮਨੁੱਖ ਅਤੇ ਹੋਰ ਜੀਵਾਂ ਦਾ ਲੰਮਾ ਇਤਿਹਾਸ ਇਹ ਸਭ ਮੇਰੇ ਮਹਾਕਾਵਿ ਦੇ ਪਾਤਰ ਜਾਂ ਸਦਾ ਹਾਜ਼ਰੀ ਦਿੰਦੇ ਅੰਸ਼ ਹਨ। ਮੈਂ ਮਨੁੱਖ ਅਤੇ ਪੂਰਨ ਦੈਵੀ ਮਨੁੱਖ ਨੂੰ ਉਸ ਦੇ ਹਜ਼ਾਰਾਂ ਅਹਿਸਾਸਾਂ ਸਮੇਤ ਇਨ੍ਹਾਂ ਦਾ ਮੁੱਖ ਪਾਤਰ ਬਣਾਕੇ ਸੰਗੀਤਕ ਇਕਸੁਰਤਾ ਵਾਲੇ ਡਿਜ਼ਾਇਨ ਵਿਚ ਬੰਨ੍ਹਦਾ ਹਾਂ। ਸੋ ਮਹਾ ਕਾਵਿ ਦੀ ਕਾਵਿ-ਉਡਾਣ ਅਤੇ ਡਿਜ਼ਾਇਨ ਦਾ ਨਿਆਰਾ ਹੋਣਾ ਕੁਦਰਤੀ ਜਿਹੀ ਗੱਲ ਹੈ। ਇਸ ਕਿਸਮ ਦੀ ਕਾਵਿ ਅਨੁਭੂਤੀ ਅਤੇ ਸੰਗੀਤਕ ਇਕਸੁਰਤਾ ਡਾ. ਹਰਿਭਜਨ ਸਿੰਘ ਵਿਚ ਚੋਖੀ ਮਾਤਰਾ ਵਿਚ ਅਤੇ ਡਾ. ਨੇਕੀ ਵਿਚ ਉਸ ਨਾਲੋਂ ਕਾਫ਼ੀ ਘੱਟ ਮਾਤਰਾ ਵਿਚ ਪਰ ਫੇਰ ਵੀ ਸੰਤੋਖਜਨਕ ਹੱਦ ਤਕ ਮਿਲਦੇ ਹਨ। ਅੰਮ੍ਰਿਤਾ ਜੀ ਦਾ ਕਾਵਿ ਮਨੁੱਖੀ ਅਹਿਸਾਸਾਂ ਦੀ ਸਿ਼ੱਦਤ ਅਤੇ ਪੌਰਾਣਿਕ ਅੰਤਰ ਦ੍ਰਿਸ਼ਟੀ ਦੀ ਗਹਿਰਾਈ ਵਿਚੋਂ ਜਨਮਦਾ ਹੈ। ਇਨ੍ਹਾਂ ਤਿੰਨਾਂ ਕਵੀਆਂ ਵਿਚ ਮਹਾ ਕਾਵਿ ਲਿਖਣ ਦੀ ਸ਼ਕਤੀ ਨੇ ਵੱਖਰੇ-ਵੱਖਰੇ ਰੂਪ ਧਾਰਨ ਕਰ ਲਏ ਹਨ, ਪਰ ਮੈਂ ਨਿਰਾਲੇ ਰੂਪ ਰੰਗ ਵਾਲਾ ਮਹਾ ਕਾਵਿ ਲਿਖਣ ਦੇ ਰਾਹ ਤੇ ਪੈ ਗਿਆ ਹਾਂ।

?ਮੈਨੂੰ ਇਹ ਪਤਾ ਚੱਲਿਆ ਹੈ ਕਿ ਤੁਸੀਂ ਇਸ ਮਹਾ ਕਾਵਿ ਨੂੰ ਚਾਰ ਭਾਗਾਂ ‘ਚ ਮੁਕੰਮਲ ਕਰਨਾ ਚਾਹੁੰਦੇ ਹੋ ਅਤੇ ਹੁਣ ਚੌਥਾ ਭਾਗ ਲਿਖ ਰਹੇ ਹੋ ਜਿਸਨੂੰ ਦੂਜੇ ਤੀਜੇ ਭਾਗ ਤੋਂ ਪਹਿਲਾਂ ਛਾਪਣਾ ਚਾਹੁੰਦੇ ਹੋ-ਜਿਸਦਾ ਸੰਬੰਧ ਗੁਰੂ ਗੋਬਿੰਦ ਸਿੰਘ ਨਾਲ ਹੈ। ਇਹ ਚੌਥਾ ਭਾਗ ਭਲਾ ਪਹਿਲਾਂ ਕਿਉਂ ਪ੍ਰਕਾਸਿ਼ਤ ਕਰਨਾ ਚਾਹੁੰਦੇ ਹੋ? (ਮਹਾਕਾਵਿ ਦਾ ਇਹ ਹਿੱਸਾ ਪ੍ਰਕਾਸਿ਼ਤ ਹੋ ਚੁੱਕਾ ਹੈ-ਸੰਪਾਦਕ)

-ਤੁਸਾਂ ਠੀਕ ਸੁਣਿਆ ਹੈ। ਮੈਂ ਪਹਿਲਾਂ ‘ਇਲਾਹੀ ਨਦਰ ਦੇ ਪੈਂਡੇ’ ਦਾ ਚੌਥਾ ਭਾਗ ਹੀ ਲਿਖ ਰਿਹਾ ਹਾਂ। ਮੈਂ ਇਸਦਾ ਕਾਰਨ ਇਕ ਸੱਚੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦਾ ਹਾਂ। ਜਦੋਂ ਵਿਸ਼ਵ ਕੱਪ ਫੁੱਟਬਾਲ ਦੇ ਇਕ ਫਾਈਨਲ ਮੈਚ ਵਿਚ ਮੈਰਾਡੋਨਾ ਨੇ ਜਰਮਨੀ ਸਿਰ ਤੀਸਰਾ ਜੇਤੂ ਗੋਲ ਕਿਸੇ ਹੋਰ ਖਿ਼ਡਾਰੀ ਤੋਂ ਕਰਵਾਇਆ, ਤਾਂ ਇਕ ਖੇਡ ਮਾਹਿਰ ਨੇ ਉਸ ਤੋਂ ਪੁੱਛਿਆ, ‘ਸਹੀ ਪੋਜ਼ੀਸ਼ਨ ਵਿਚ ਹੋਣ ਦੇ ਬਾਵਜੂਦ ਤੁਸੀਂ ਇਹ ਗੋਲ ਪਾਸ ਦੇਕੇ ਕਿਉਂ ਕਰਵਾਇਆ?’ ਮੈਰਾਡੋਨਾ ਨੇ ਉਤਰ ਦਿੱਤਾ, ‘‘ਮੈਂ ਇਹ ਗੋਲ 99% ਕਰ ਸਕਦਾ ਸੀ, ਪਾਸ ਦੇ ਕੇ ਗੋਲ 101% ਹੁੰਦਾ ਸੀ।’ ਸੋ ਗੁਰੂ ਗੋਬਿੰਦ ਸਿੰਘ ਉਤੇ ਪਹਿਲਾਂ ਮਹਾ ਕਾਵਿ ਲਿਖਕੇ ਸਾਹਿਤ ਦੇ ਮੈਦਾਨ ਵਿਚ ਮੈਂ ਆਪਣੀਆਂ ਅਤੇ ਪੰਥ ਦੀਆਂ ਹਾਰਾਂ ਵਿਰੁਧ (ਸਾਹਿਤਕਾਰਾਂ ਵਿਰੁਧ ਨਹੀਂ) 99 ਪ੍ਰਤੀਸ਼ਤ ਦੀ ਥਾਂ 101 ਪ੍ਰਤੀਸ਼ਤ ਜੇਤੂ ਗੋਲ ਕਰਨਾ ਚਾਹੁੰਦਾ ਹਾਂ। ਦੋ ਜਿਲਦਾ ਤਰਤੀਬ ਵਿਚ ਲਿਖਣ ਨਾਲ ਜੇਤੂ ਗੋਲ ਕਰਨ ਦੇ ਮੌਕੇ 95 ਪ੍ਰਤੀਸ਼ਤ ਹੀ ਹਨ। ਚੌਥੀ ਜਿਲਦ ਲਿਖਕੇ ਆਪਣੇ ਪਰਮ ਮਿੱਤਰ ਫ਼ਕੀਰ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੇ ਦਿਲ ਜਿੱਤਣ ਲਈ ਵੀ ਮੈਂ ਤ੍ਰਿਖਾਵੰਤ ਹਾਂ। ਸਮਰਪਣ ਰਾਹੀਂ ਦੋ ਵਿਸ਼ੇਸ਼ ਮਹਾਂ ਪੁਰਸ਼ਾਂ ਦੇ ਪੰਥ ਨੂੰ ਕੀਤੇ ਪਿਆਰ ਦਾ ਕਰਜ਼ਾ ਉਤਾਰਨ ਲਈ ਵੀ ਮੈਂ ਕਾਹਲਾ ਹਾਂ। ਨਾਲੇ ਮੇਰੀ ਕੋਮਲ ਭੈਣੇ! ਜਿ਼ੰਦਗੀ ਦਾ ਕੀ ਵਿਸਾਹ? ਵਕਤ ਦਾ ਫ਼ਾਇਦਾ ਉਠਾ ਲਵਾਂ। ਚੌਥਾ ਭਾਗ ਭਾਵੇਂ ਪਹਿਲੇ ਭਾਗ ਨੂੰ ਸੰਪੂਰਣਤਾ ਤਾਂ ਨਹੀਂ, ਪਰ ਸੁਹਾਣੀ ਦਿੱਖ ਜ਼ਰੂਰ ਪ੍ਰਦਾਨ ਕਰੇਗਾ।

?ਤੁਸੀਂ ਆਪਣੇ ਇਸ ਕੰਮ ਦੇ ਨਾਲ ਨਾਲ ਹੋਰ ਕੀ ਕੁਝ ਲਿਖਣ ਬਾਰੇ ਸੋਚਦੇ ਹੋ?

-ਮੈਨੂੰ ਜਪੁਜੀ ਦੀ ਇਕੱਲੀ ਇਕੱਲੀ ਪਉੜੀ ਨਾਲ ਆਪਣੀ ਅੰਮ੍ਰਿਤ ਵੇਲੇ ਦੀ ਦੋਸਤੀ ਦਾ ਰਹੱਸ ਬਿਆਨ ਕਰਨ ਦੀ ਲੋਚਾ ਹੈ। ਮੈਂ ‘ਮਹਾਰਾਜਾ ਦਲੀਪ ਸਿੰਘ ਦੀ ਪੁਕਾਰ’ (ਲੰਮੀ ਕਾਵਿ ਮਨੋਬਚਨੀ) ਲਿਖਣੀ ਚਾਹੁੰਦਾ ਹਾਂ। ਸੱਸੀ ਅਤੇ ਸੋਹਣੀ ਦਾ ਹੁਸਨ ਬਿਆਨ ਕਰਨ ਦੀ ਤੜਪ ਹਾਲੇ ਬਾਕੀ ਹੈ। ਸਿੰਧ ਅਤੇ ਬਿਆਸ ਦਰਿਆ ਦੇ ਸੁਪਨੇ ਦੱਸਣ ਦੀ ਤਮੰਨਾ ਹੈ। ਮਹਾਂ ਕਾਵਿ ਦੀਆਂ ਚਾਰ ਵੰਨਸੁਵੰਨੀਆਂ ਜਿਲਦਾਂ ਲਿਖਣ ਪਿਛੋਂ ਵੀ ਨਾਰ-ਹੁਸਨ ਦੇ ਸਰੋਦੀ ਕਾਵਿ ਦੀ ਤ੍ਰਿਖਾ ਰਹੇਗੀ। ਪਰ ਭੈਣੇ! ਬੰਦੇ ਨੂੰ ਸਾਹ ਤਾਂ ਗਿਣਵੇਂ ਮਿਲੇ ਹੁੰਦੇ ਹਨ। ਜੇ ਤੇਰੀ ਅਰਦਾਸ ਵਿਚ ਤਾਕਤ ਹੈ, ਤਾਂ ਮੈਨੂੰ ਉਮਰ ਦਾ ਵਰਦਾਨ ਦੇ ਦੇ। ਬਹੁਤ ਕੁਝ ਕਰਕੇ ਵਿਖਾ ਦਿਆਂਗਾ।

?ਤੁਹਾਡੀਆਂ ਲਿਖਤਾਂ ਤੋਂ ਭਲੀ ਭਾਂਤ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਤੁਸੀਂ ਦੁਨੀਆ ਦੇ ਮਹਾਨ ਸਾਹਿਤ ‘ਚੋਂ ਬਹੁਤ ਕੁਝ ਪੜ੍ਹਿਆ ਹੈ, ਤੁਸੀਂ ਮਹਾਨ ਸਾਹਿਤ ਨੂੰ ਕਿਵੇਂ ਪਰਿਭਾਸਿ਼ਤ ਕਰਦੇ ਹੋ ਤੇ ਕਿਨ੍ਹਾਂ ਲੇਖਕਾਂ ਨੂੰ ਵਧ ਪਰਿਮਾਣਿਕ ਸਵੀਕਾਰ ਕਰਦੇ ਹੋ?

-ਮਹਾਨ ਸਾਹਿਤ ਉਹੀ ਹੈ ਜੋ ਕਿਸੇ ਵੀ ਸਾਹਿਤਕ ਵਿਧੀ ਜਾਂ ਅਹਿਸਾਸਾਂ ਦੀ ਕਿਸੇ ਸਿਰਜਣਾ-ਤਰਤੀਬ ਰਾਹੀਂ ਮਾਨਵ ਚੇਤਨਾ ਦੀ ਵਿਸ਼ਾਲਤਾ, ਤਾਜ਼ਗੀ ਅਤੇ ਸਕੂਨ ਨੂੰ ਨਿਰੰਤਰ ਵਧਾਉਂਦਾ ਹੈ ਅਤੇ ਇਸਨੂੰ ਸਦੀਵੀ ਰੂਪ ਵਿਚ ਹਯਾਤੀ ਦੇ ਅਮਰ ਸੋਮਿਆਂ ਦੀ ਦੱਸ ਪਾਉਂਦਾ ਹੈ। ਕਿੰਨੀ ਵੀ ਅੱਗ ਬਲੇ, ਕਿੰਨੇ ਵੀ ਝੱਖੜ ਝੁੱਲਣ ਅਤੇ ਕਿੰਨੇ ਵੀ ਥਲ ਸਮੁੰਦਰ ਪਾਰ ਕਰਨੇ ਪੈਣ, ਪਰ ਇਹ ਸਭ ਕੁਝ ਨੂੰ ਮਿਲਦਿਆਂ ਹਰੀ ਕਚੂਰ ਅਤੇ ਅੰਮ੍ਰਿਤੀ ਫਲ ਵਾਲੀ ਸ਼ਾਖ ਦਾ ਇਕਰਾਰ ਕਾਇਮ ਰਹੇ-ਬਸ ਇਹੋ ਮਹਾਨ ਸਾਹਿਤ ਹੈ। ਵਨੀਤਾ! ਸਾਹਿਤ ਦੀ ਖੂਬਸੂਰਤੀ ਮੇਰੇ ਸਾਹਮਣਿਉਂ ਤਿੰਨ ਚਾਰ ਸੌ ਸਾਲ ਪਹਿਲਾਂ ਦੇ ਨਿਰਮਲ ਪਾਣੀਆਂ ਵਾਲੇ ਪੰਜ ਦਰਿਆਵਾਂ (ਸਿੰਧ ਸਮੇਤ ਛੇ) ਵਾਂਗ ਵਗਦੀ ਹੈ। ਮਹਾਨ ਸਾਹਿਤ ਬਹੁਤ ਡੂੰਘਾ, ਵੰਨਸੁਵੰਨਾ ਤੇ ਵਿਸ਼ਾਲ ਹੈ। ਕਿਵੇਂ ਦੱਸਾਂ ਇਸਦੇ ਕਿਹੜੇ ਰੂਪ ਦੀ ਰਮਜ਼ ਬਹੁਤ ਸੁਹਾਵਣੀ ਹੈ? ਫਿਰ ਵੀ ਕਹਾਂਗਾ ਕਿ ਦਾਂਤੇ, ਰੂਮੀ, ਸ਼ੈਕਸਪੀਅਰ, ਮਿਲਟਨ, ਵਰਡਜ਼ਵਰਥ, ਵਿਕਟਰ ਹਿਊਗੋ, ਵਾਲਟ ਵਿਟਮੈਨ, ਚੈਖੋਵ ਤੁਰਗਨੇਵ, ਪਾਸਤਰਨਾਕ, ਨਈਮੀ (ਮੀਰਦਾਦ ਦੀ ਕਿਤਾਬ), ਖ਼ਲੀਲ ਜਿਬਰਾਨ, ਟੈਗੋਰ, ਓ ਨੀਲ ਅਤੇ ਪੂਰਨ ਸਿੰਘ ਨੂੰ ਭੁੱਲਣ ਨੂੰ ਜੀਅ ਨਹੀਂ ਕਰਦਾ। ਟਾਲਸਟਾਏ ਦੇ ਨਾਵਲਾਂ ਵਿਚ ਬਹੁਤ ਸਾਰੇ ਅਲਸਾਏ/ਖਲੋਤੇ ਤੱਤ ਹਨ, ਸੋ ਮਾਨਵਤਾ ਉਸ ਰਿਸ਼ੀ ਤੋਂ ਇਕ ਦਿਨ ਬੋਰ ਹੋ ਜਾਵੇਗੀ।

?ਪੰਜਾਬੀ ਸਾਹਿਤ ਵਿਚੋਂ ਤੁਹਾਨੂੰ ਇਸੇ ਦ੍ਰਿਸ਼ਟੀ ਨਾਲ ਸਭ ਤੋਂ ਵਧ ਕੀ ਕੀ ਪ੍ਰਭਾਵਿਤ ਕਰਦਾ ਹੈ?

-ਮੈਂ ਪੰਜਾਬੀ ਦੇ ਕਿੰਨੇ ਹੀ ਗਲਪਕਾਰਾਂ ਅਤੇ ਨਵੇਂ ਕਵੀਆਂ ਦਾ ਆਸਿ਼ਕ ਹਾਂ ਜਿਵੇਂ ਦਲੀਪ ਕੌਰ ਟਿਵਾਣਾ, ਅਜੀਤ ਕੌਰ, ਬਲਵੰਤ ਗਾਰਗੀ, ਕੰਵਲ ਜੀ, ਗੁਰਦਿਆਲ ਸਿੰਘ, ਨੇਕੀ ਜੀ ਅਤੇ ਡਾ. ਜਗਤਾਰ ਜੀ, ਪਰ ਤੁਸੀਂ ਗ਼ਰੀਬ ਆਦਮੀ ਉਤੇ ਮਹਾਨ ਸਾਹਿਤ ਚੁਣਨ ਦੀ ਸ਼ਰਤ ਲਗਾ ਦਿੱਤੀ ਹੈ। ਇੰਝ ਤੁਸੀਂ ਮੇਰੀ ਸੀਮਾ ਨਿਸ਼ਚਿਤ ਕਰ ਦਿੱਤੀ ਹੈ। ਸੋ ਮਹਾਨਤਮ ਸਾਹਿਤ ਦੀ ਦ੍ਰਿਸ਼ਟੀ ਤੋਂ ਵਾਰਿਸਸ਼ਾਹ, ਪੂਰਨ ਸਿੰਘ, ਮੋਹਨ ਸਿੰਘ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਜੀ ਅਤੇ ਡਾ. ਹਰਿਭਜਨ ਸਿੰਘ ਮੈਨੂੰ ਸੁਤੰਤਰ ਰੂਪ ਵਿਚ ਮੋਂਹਦੇ ਹਨ। (ਬਾਈਬਲ, ਕੁਰਆਨ ਅਤੇ ਗੁਰਬਾਣੀ ਨੂੰ ਕਵਿਤਾ ਵਿਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ)। 'ਭਾਈ ਵੀਰ ਸਿੰਘ ਦਾ ਰਾਣਾ ਸੂਰਤ ਸਿੰਘ ਮਹਾਨਤਮ ਸਾਹਿਤ ਅਤੇ ਪਹਿਲਾਂ ਗਿਣੇ ਪੰਜਾਬੀ ਦੇ ਉੱਤਮ ਸਾਹਿਤਕਾਰਾਂ ਦੇ ਵਿਚਕਾਰ ਜਿਹੇ ਖੜ੍ਹਾ ਹੈ।

?ਕਈ ਵਾਰ ਕੁਝ ਲੇਖਕਾਂ ਵਲੋਂ ਆਖਿਆ ਜਾਂਦਾ ਹੈ ਕਿ ਤੁਹਾਡਾ ਸੁਭਾਅ ਪੂਰਨ ਸਿੰਘ ਨਾਲ ਵਧੇਰੇ ਮਿਲਦਾ ਹੈ, ਤੁਹਾਡਾ ਕੀ ਖਿਆਲ ਹੈ?

-ਆਪਣੇ ਸੁਭਾਅ ਬਾਰੇ ਦੱਸਣਾ ਬਹੁਤ ਔਖਾ ਹੁੰਦਾ ਹੈ, ਖੰਡੇ ਦੀ ਧਾਰ ਉਤੇ ਤੁਰਨਾ ਹੁੰਦਾ ਹੈ ਪਰ ਫੇਰ ਵੀ ਕਹਾਂਗਾ ਕਿ ਮੈਂ ਬੁਲ੍ਹੇ ਸ਼ਾਹ ਅਤੇ ਪੂਰਨ ਸਿੰਘ ਦਾ ਮੁਕਾਬਲਾ ਨਹੀਂ ਕਰ ਸਕਦਾ, ਮੈਂ ਆਤਮਕ ਤੌਰ ‘ਤੇ ਉਨ੍ਹਾਂ ਜੇਡਾ ਨਹੀਂ, ਉਨ੍ਹਾਂ ਵਰਗੇ ਉਹੀ ਸਨ। ਨਾ ਮੈਂ ਮੁਹੰਮਦ ਅਲੀ (ਮੁੱਕੇਬਾਜ਼), ਗਾਮਾ (ਪਹਿਲਵਾਨ) ਅਤੇ ਮਲਕਾ-ਏ-ਤਰੰਨੁਮ ਨੂਰ ਜਹਾਨ ਜਿੰਨਾ ਫ਼ਰਾਖ਼ਦਿਲ ਅਤੇ ਅਲਬੇਲਾ ਹਾਂ। (ਖਿਡਾਰੀ, ਫ਼ਕੀਰ ਅਤੇ ਲੇਖਕ ਦੀ ਮਹਾਨਤਾ ਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ।) ਮੇਰੀ ਚੇਤਨਾ ਦਾ ਸਹੀ ਰੂਪ ਮੇਰੇ ਤਿੰਨ ਦੋਸਤ ਪ੍ਰੋ. ਜੱਸਾ ਸਿੰਘ (ਏ.ਐਸ.ਕਾਲਜ ਖੰਨਾ) ਡਾ. ਗੁਰਤਰਨ ਸਿੰਘ, ਫ਼ਕੀਰ ਸਿੰਘ, ਗੜ੍ਹਦੀਵਾਲਾ ਇਲਾਕੇ ਦੇ ਲੋਕ ਅਤੇ ਮੇਰੇ ਪੁਰਾਣੇ ਵਿਦਿਆਰਥੀ ਹੀ ਦੱਸ ਸਕਦੇ ਹਾਂ।

?ਤੁਸੀਂ ਬਹੁਤ ਘੱਟ ਲੇਖਕਾਂ ਨੂੰ ਮਿਲਦੇ ਹੋ ਅਤੇ ਸਮਾਗਮਾਂ ਗੋਸ਼ਟੀਆਂ ‘ਚ ਬਹੁਤ ਘੱਟ ਜਾਂਦੇ ਹੋ ਤੇ ਆਪਣੀ ਉਮਰ ਦਾ ਬਹੁਤ ਹਿੱਸਾ ਗੜ੍ਹਦੀਵਾਲਾ ਵਿਚ ਟਿਕੇ ਰਹੇ ਹੋ। ਰਿਟਾਇਰ ਹੋਣ ਬਾਅਦ ਵੀ ਇਥੇ ਹੋ-ਇਸਦਾ ਕੀ ਕਾਰਨ ਹੈ ਜਾਂ ਵਜ੍ਹਾ ਕੋਈ?

-ਕਿਸੇ ਜ਼ਮਾਨੇ ਵਿਚ ਮੈਂ ਜੀਵਨ ਨੂੰ ਭਰੇ ਮੇਲੇ ਵਾਂਗ ਮਿਲਦਾ ਸਾਂ, ਮੇਰੀ ਤਬੀਅਤ ਪੁਰਾਣੇ ਵੇਲਿਆਂ ਦੇ ਸ਼ੁੱਧ ਦਰਿਆਵਾਂ ਵਾਂਗ ਛਲਕਦੀ ਸੀ, ਮੈਂ ਜੁਆਨੀ ਵਿਚ ਕਣਕ ਗੁੱਡਦੇ ਜੱਟਾਂ ਨੂੰ ਘੰਟਿਆਂਬੱਧੀ ਕਿਆਰਿਆਂ ਉਤੇ ਬੈਠ ਬੈਠ ਕਈ ਕਈ ਦਿਨਾਂ ਤੱਕ ਨਾਨਕ ਸਿੰਘ ਅਤੇ ਵਿਕਟਰ ਹਿਊਗੋ ਦੇ ਨਾਵਲਾਂ ਦੀਆਂ ਰਸੀਲੀਆਂ ਕਹਾਣੀਆਂ ਅਤੇ ਵਾਰ ਐਂਡ ਪੀਸ ਵਰਗੇ ਨਾਵਲਾਂ ਦੀ ਜਟਿਲ ਕਥਾ ਸੁਣਾਕੇ ਉਨ੍ਹਾਂ ਦੀ ਯਾਦ ਵਿਚ ਉਤਾਰ ਦਿੰਦਾ ਸਾਂ। ਆਪਣੇ ਪਿੰਡ ਝੂੰਦਾਂ (ਜਿ਼ਲ੍ਹਾ ਸੰਗਰੂਰ) ਵਿਖੇ ਸਾਲਾਂ ਬੱਧੀ ਮੈਂ ਆਪਣੇ ਅਜਿਹੇ ਸ਼ੌਕ ਜਾਰੀ ਰੱਖੇ। ਸਿੱਟੇ ਵਜੋਂ ਮੈਨੂੰ ਸਿੱਧੇ-ਸਾਦੇ ਲੋਕ ਬੇਤਹਾਸ਼ਾ ਪਿਆਰ ਕਰਦੇ ਸਨ। ਪਰ ਸਮੇਂ ਨਾਲ ਮੈਨੂੰ ਲੇਖਕਾਂ ਵਿਚ ਅਨੇਕਾਂ ਕਮਜ਼ੋਰੀਆਂ ਨਜ਼ਰ ਆਉਣ ਲੱਗੀਆਂ। ਮੈਂ ਪ੍ਰਿੰ. ਸੰਤ ਸਿੰਘ ਸੇਖੋਂ ਨਾਲ ਜੰਡਿਆਲਾ ਕਾਲਜ ਵਿਚ ਕੰਮ ਕੀਤਾ, ਪਰ ਮਹੀਨੇ ਪਿੱਛੋਂ ਹੀ ਉਨ੍ਹਾਂ ਨੂੰ ਬਾਬਾ ਬੋਹੜ ਕਲਪਣ ਦੀ ਥਾਂ ਲਘੂ ਮਾਨਵ ਸਮਝ ਕੇ ਤਿਆਗ ਦਿੱਤਾ। ਬਾਅਦ ਵਿਚ ਬਹੁਤ ਸਾਰੇ ਗ਼ਲਤ ਸਮਾਚਾਰਾਂ ਨਾਲ ਭਰੀ ਉਨ੍ਹਾਂ ਦੀ ਸੁਹਜਹੀਣ ਅਤੇ ਖੁਸ਼ਕ ਸਵੈ ਜੀਵਨੀ ‘ਸਿਮਰਤੀਆਂ’ (ਦੋ ਭਾਗ) ਨੇ ਇਹ ਗੱਲ ਸਾਬਤ ਵੀ ਕਰ ਦਿੱਤੀ।

ਮੈਂ ਕੁਝ ਬਜ਼ੁਰਗ ਸਾਹਿਤਕਾਰਾਂ ਨੂੰ ਇਕ-ਪਾਸੜ ਪਿਆਰ ਕਰੀ ਜਾ ਰਿਹਾ ਹਾਂ। ਮਿਸਾਲ ਲਈ ਮੈਂ ਜਦੋਂ ਵੀ ਪੰਜਾ ਸਾਹਿਬ ਵਲੀ ਕੰਧਾਰੀ ਦੀ ਪਹਾੜੀ ਉਤੇ ਚੜ੍ਹਦਾ ਹਾਂ ਅਤੇ ਉਥੋਂ ਦੇ ਪੁਰਾਣੇ ਰੇਲ ਸਟੇਸ਼ਨ ਉੱਤੇ ਉਤਰਦਾ ਹਾਂ, ਤਾਂ ਮੇਰੇ ਸਾਹਮਣੇ ਦੁੱਗਲ ਸਾਹਿਬ ਦੀ ਕਹਾਣੀ ਕਰਾਮਾਤ ਦੇ ਅਰਥ ਸਜੀਵ ਹੋ ਉੱਠਦੇ ਹਨ ਅਤੇ ਹਕੀਕਤ ਕਾਲ ਦੀਆਂ ਡੂੰਘ ਡੂੰਘਾਣਾ ਵਿਚੋਂ ਆਪਣਾ ਮੌਲਿਕ ਰੂਪ ਲੈ ਕੇ ਉਭਰਦੀ ਹੈ। ਕੀ ਇਹ ਪਿਆਰ ਨਹੀਂ? ਮੈਂ ਨੇੜੇ ਫ਼ਾਸਲੇ ਉਤੇ ਵਸਦੇ ਮੋਹਨ, ਕੇਸਰ ਅਤੇ ਡਾ. ਹਰਚਰਨ ਸਿੰਘ ਵਰਗੇ ਨਿਰਛਲ, ਭੈਣ ਦਲੀਪ ਵਰਗੀਆਂ ਸੁਹਿਰਦ, ਡਾ. ਗੁਰਚਰਨ ਸਿੰਘ (ਸੀ ਐਚ ਡੀ) ਵਰਗੇ ਨਿਸ਼ੰਗ ਅਤੇ ਗੁਲਜ਼ਾਰ ਸੰਧੂ ਵਰਗੇ ਜਿੰਦਾ ਦਿਲ ਸਾਹਿਤਕਾਰਾਂ ਨੂੰ ਜਾਤੀ ਤੌਰ ਉਤੇ ਮਿਲਦਾ ਰਹਿੰਦਾ ਹਾਂ। ਮੈਂ ਗੜ੍ਹਦੀਵਾਲ ਵਿਚ ਬਹੁਤ ਸਾਲ ਗੁਜ਼ਾਰੇ। ਏਥੋਂ ਦੇ ਅੰਬਾਂ ਦੇ ਸੰਘਣੇ ਬਾਗ, ਏਥੋਂ ਦੀ ਮਿੱਠੀ ਬੋਲੀ, ਪੋਠੋਹਾਰਨਾਂ ਜਿੰਨੀਆਂ ਹੀ ਸੋਹਣੀਆਂ ਏਥੋਂ ਦੀਆਂ ਮੁਟਿਆਰਾਂ, ਇਸਦੀਆਂ ਪੁਰਾਤਨ ਡੰਡੀਆਂ, ਨੇੜੇ ਇਸਦੀਆਂ ਧੌਲਧਾਰ ਦੀਆਂ ਬਰਫਾਂ, ਸਦਾ ਵਗਦੀਆਂ ਨਿਰਮਲ ਕੂਲ੍ਹਾਂ, ਗੁਆਂਢੀ ਹਰੇ ਪਹਾੜ ਅਤੇ ਅਤਿ ਹਰਿਆਲੀ ਧਰਤੀ-ਗੱਲ ਕੀ ਪਹਿਲੇ ਪੰਦਰ੍ਹਾਂ ਸਾਲ ਸਵ. ਡਾ. ਐਮ.ਐਸ. ਰੰਧਾਵਾ (ਸਾਡੇ ਕਾਲਜ ਦੇ ਪੈਟਰਨ) ਦੇ ਇਸ ਦੇਸ਼ ਨੇ ਮੈਨੂੰ ਬੰਨ੍ਹੀ ਰੱਖਿਆ। ਇਸਦੇ ਹੁਸਨ ਵਿਚੋਂ ਹਾਰਡੀ ਦੇ ਨਾਵਲਾਂ ਦੀ ਪਿੱਠਭੂਮੀ ਝਲਕਦੀ ਸੀ। ਮੇਰਾ ਯਕੀਨ ਹੈ ਪਿਛਲੇ ਸੌ ਸਾਲ ਇਸ ਖਿੱਤੇ ਵਿਚ ਸੂ (ਜੂਡ) ਅਤੇ ਟੈੱਸ ਦੀ ਅਦੁੱਤੀ ਮਿਠਾਸ ਅਤੇ ਪਾਰੇ ਵਾਂਗ ਤੜਪਦੇ ਵਲਵਲੇ ਵਾਲੀਆਂ ਨਾਰਾਂ ਕਿਸੇ ਹਾਰਡੀ ਨੂੰ ਉਡੀਕਦੀਆਂ ਮਿੱਟੀ ਵਿਚ ਮਿੱਟੀ ਹੋ ਗਈਆਂ। ਇਸ ਖਿੱਤੇ ਨੇ ਮੈਨੂੰ ਮਹਾਨ ਦੋਸਤ, ਇਕਾਂਤ ਅਤੇ ਲਿਖਣ ਦਾ ਵਕਤ ਦਿੱਤਾ। ਕਦੇ ਮੈਨੂੰ ਏਥੋਂ ਦੇ ਲੋਕਾਂ, ਮੇਰੇ ਸਾਥੀ ਪ੍ਰੋਫੈਸਰਾਂ ਅਤੇ ਮੇਰੇ ਵਿਦਿਆਰਥੀਆਂ ਨੇ ਪੀਰਾਂ ਵਰਗਾ ਸਤਿਕਾਰ ਦਿੱਤਾ ਸੀ, ਪਰ ਹੁਣ ਸਭ ਕੁਝ ਬਦਲ ਗਿਆ ਹੈ।

ਫ਼ਕੀਰ ਅਤੇ ਦੋ ਹੋਰ ਦੋਸਤਾਂ ਨੂੰ ਛੱਡ ਕੇ ਬਾਕੀ ਸਭ ਦੋਸਤ ਕਠੋਰ ਦੁਨੀਆਦਾਰ ਬਣ ਗਏ ਹਨ, ਬਾਗ ਕੱਟੇ ਗਏ ਹਨ, ਚੁਫੇਰੇ ਧੂੰਆਂ ਹੀ ਧੂੰਆਂ ਅਤੇ ਸ਼ੋਰ ਹੈ, ਚੋਆਂ ਨੇ ਪਿੰਡ ਉਜਾੜ ਦਿੱਤੇ ਹਨ, ਸਭ ਪਰੀ-ਚਿਹਰਾ ਪਤਲੀਆਂ ਨਾਰਾਂ ਨੂੰ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦਾ ਪੈਸਾ ਖਿੱਚਕੇ ਲੈ ਗਿਆ ਹੈ, ਹਰ ਪਾਸੇ ਵੀਰਾਨੀ ਹੈ, ਨਵੇਂ ਵਿਦਿਆਰਥੀ ਮੈਨੂੰ ਜਾਣਦੇ ਨਹੀਂ, ਕਾਲਜ ਦੇ ਪ੍ਰੋਫੈਸਰ ਗ੍ਰੇਡਾਂ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਕਰਦੇ, ਮੇਰਾ ਮਹਾ ਕਾਵਿ ਮੇਰੇ ਆਪਣੇ ਕਾਲਜ ਦੀ ਲਾਇਬ੍ਰੇਰੀ ਵਿਚ ਵੀ ਨਹੀਂ ਅਤੇ ਕਾਲਜ ਦਾ ਪ੍ਰਿੰਸੀਪਲ ਮੇਰੀ ਨਿਗੂਣੀ, ਸਿਰਫ ਪਾਣੀ ਦੇ ਬੁਲਬੁਲੇ ਜਿੰਨੀ ਪ੍ਰਸਿੱਧਤਾ ਤੋਂ ਵੀ ਚਿੜ੍ਹਦਾ ਹੈ। ਸੋ ਮੈਂ ਗੜ੍ਹਦੀਵਾਲਾ ਨੂੰ ਆਉਣ ਵਾਲੇ ਦੋ ਸਾਲਾਂ ਵਿਚ ਛੱਡ ਦਿਆਂਗਾ।

(ਮਹਿਬੂਬ ਹੋਰਾਂ ਨੇ ਆਪਣੇ ਅੰਤ ਵੇਲੇ ਤੱਕ ਗੜ੍ਹਦੀਵਾਲ ਛੱਡਿਆ ਨਹੀਂ ਸੀ-ਸੰਪਾਦਕ)

1 comment:

Jobove - Reus said...

un verdadero placer echar un vistazo a tu blog
saludos desde Reus Catalunya