Friday, February 5, 2010

ਕਲਗ਼ੀਆਂ ਵਾਲੇ ਦੇ ਵਿਯੋਗ ਵਿਚ...ਭਾਈ ਵੀਰ ਸਿੰਘ


ਪੰਜਾਬ ਕੌਰ ਦੀ ਅਰਜ਼ੋਈ-
ਸੁਣ ਕਲਗ਼ੀਆਂ ਵਾਲਿਆ ਵੇ!
ਮੈਂ ਅਰਜ਼ ਕਰਾਂ ਹਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!
ਸੁਣ ਸਾਂਈਆਂ!
ਮੈਂਡੇ ਪੁਤ ਅਵੈੜੇ...
ਜਿਨ੍ਹਾਂ ਡਾਢੇ ਧ੍ਰੋਹ ਕਮਾਏ,
ਔਖੀਆਂ ਵੇਲੇ ਲਿਖੇ ਬਿਦਾਵੇ,
ਤੇ ਨ ਕੀਤੇ ਕੌਲ ਕਮਾਏ,
ਪਰ ਬਖਸ਼ਣ ਵਾਲਿਆ ਵੇ!
ਮੈਂ ਅਰਜ਼ ਕਰਾਂ ਹ¤ਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!
ਸੁਣ ਸਾਂਈਆਂ!
ਮੇਰੀ ਮਿ¤ਟੀ ਮਾੜੀ,
ਜਿਨ ਜ਼ਾਲਮ ਪੈਦਾ ਕੀਤੇ,
ਤੇਰੇ ਜਿਹਾਂ ਤੇ ਚੜ੍ਹ ਚੜ੍ਹ ਆਏ,
ਭਰ ਜ਼ਹਿਰ ਪਿਆਲੇ ਪੀਤੇ,
ਤੈਂ ਸਾਰ ਨ ਜਾਣਨ ਵੇ!
ਮੈਂ ਅਰਜ਼ ਕਰਾਂ ਹਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!
ਬਖਸ਼ੇਂ ਪਾਪ ਤੂੰ ਜ਼ੁਲਮ ਸਹਾਰੇਂ,
ਕਦੀ ਔਗੁਣ ਨਹੀਂ ਚਿਤਾਰੇਂ,
ਤੂੰ ਬਖ਼ਸ਼ਿੰਦ ਅਨੋਖਾ ਦਾਤਾ!
ਮੂੰਹੋਂ ਬਖ਼ਸ਼ੇਂ ਤੇ ਮਨੋਂ ਵਿਸਾਰੇਂ,
ਸਦ ਰਹਿਮਤ ਵਾਲਿਆ ਵੇ!
ਮੈਂ ਅਰਜ਼ ਕਰਾਂ ਹਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!
ਕਲਗ਼ੀਆਂ ਵਾਲੇ ਦੀ ਸਦ-
ਤੂੰ ਸੁਣ ਧਰਤ ਸੁਹਾਵੀ ਸੁਹਿਣੀ!
ਮੈਂ ਸਾਂ ਜ਼ਹਿਰ ਉਤਾਰਣ ਆਇਆ,
ਦੇ ਦੇ ਅੰਮ੍ਰਿਤ ਤੇਰੇ ਲਾਲ ਜਿਵਾਏ,
ਜਿਨ੍ਹਾਂ ਰੰਗ ਤੁਧੇ ਨੂੰ ਲਾਯਾ,
ਸੁਣ ਕਰਮਾਂ ਵਾਲੀਏ ਨੀ!
ਹ¤ਥ ਸਾਈਂ ਅਗੇ ਜੋੜ ਕੇ
ਰਹਿ ਨਾਮ ਜਪੰਦੀ ਤੂੰ,
ਮਨ ਮਾਯਾ ਵਲੋਂ ਮੋੜ ਕੇ!
ਪੰਜਾਬ ਕੌਰ-
ਤਾਂ ਵੀ ਸੁਣ ਕਲਗ਼ੀਆਂ ਵਾਲਿਆ ਵੇ!
ਮੈਂ ਅਰਜ਼ ਕਰਾਂ ਹ¤ਥ ਜੋੜ ਕੇ
ਮੁੜ ਆ ਜਾ ਵਿਹੜੇ ਵੇ!
ਘੋੜੇ ਦੀਆਂ ਵਾਗਾਂ ਮੋੜ ਕੇ!

1 comment:

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

gur fateh jagdeep veere....meharbani 22 es kavita nu sade tak phuchan layi.....