Thursday, February 25, 2010

“ਰਾਜ ਬਿਨਾ ਨਹਿ ਧਰਮੁ ਚਲੈ ਹੈਂ……”


ਮਸਲਾ ਇਹ ਨਹੀਂ ਕਿ ਇਹ ਤੁਕ ‘ਗੁਰਬਾਣੀ’ ਵਿਚੋਂ ਹੈ ‘ਦਸਮ ਗ੍ਰੰਥ’ ਵਿਚੋਂ, ਰਹਿਤਨਾਮਿਆਂ ਵਿਚੋਂ ਜਾਂ ਕਿਸੇ ਹੋਰ ਇਤਿਹਾਸਕ ਸ੍ਰੋਤ ਵਿਚੋਂ। ਮਸਲਾ ਤਾਂ ਇਹ ਹੈ ਕਿ ਇਸ ਤੁਕ ਪਿੱਛੇ ਜੋ ਵਿਚਾਰ ਹੈ ਉਸ ਨੂੰ ਅਸੀਂ ਮੰਨਦੇ ਹਾਂ ਜਾਂ ਨਹੀਂ। ਇਹ ਗੱਲ ਪੱਥਰ ’ਤੇ ਲੀਕ ਹੈ ਕਿ ਰਾਜ ਤੋਂ ਸੱਖਣੀਆਂ ਕੌਮਾਂ ਕਦੇ ਉੱਤੇ ਨਹੀਂ ਉੱਠ ਸਕਦੀਆਂ। ਰਾਜ ਕੌਮਾਂ ਦੀ ਜਿੰਦ-ਜਾਨ ਹੋਇਆ ਕਰਦੇ ਨੇ। ਬੁੱਧ ਧਰਮ ਦੇ ਦੁਨੀਆਂ ਵਿਚ ਫੈਲਣ ਦਾ ਮੁੱਖ ਕਾਰਨ ਇਹੀ ਸੀ ਕਿ, ਕਲਿੰਗਾ ਦੀ ਲੜਾਈ ਤੋਂ ਬਾਅਦ, ਉਸ ਨੂੰ ਸਮਰਾਟ ਅਸ਼ੋਕ ਨੇ ਅਪਣਾ ਲਿਆ ਸੀ, ਤੇ ਜੋ ਰਾਜੇ ਦਾ ਧਰਮ ਹੋਵੇ ਉਸ ਉੱਤੇ ਕੋਈ ਉਂਗਲ ਨਹੀਂ ਕਰਦਾ। ਰਾਜੇ ਅਸ਼ੋਕ ਨੇ ਵੀ ਪੂਰੀ ਇਮਾਨਦਾਰੀ ਨਾਲ ਬੁੱਧ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਸਾਰੀ ਸਰਕਾਰੀ ਤਾਕਤ ਬੁੱਧ ਧਰਮ ਦੇ ਪ੍ਰਚਾਰ ਵਿਚ ਲਾ ਦਿੱਤੀ ਤੇ ਫੇਰ ਇਹ ਧਰਮ ਆਪਣੀ ਜੰਮਣ ਭੋਇਂ ਤੋਂ ਭਾਵੇਂ ਲਗਭਗ ਖਤਮ ਹੋ ਗਿਆ ਪਰ ਦੁਨੀਆਂ ਵਿਚ ਇਕ ਵੱਡੇ ਧਰਮ ਵਜੋਂ ਜਿਉਂਦਾ ਹੈ।
ਦੂਰ ਨਾ ਜਾਓ…… ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਖਾਲਸਾ ਰਾਜ ਸਮੇਂ ਸਿਖਾਂ ਦੀ ਗਿਣਤੀ ਵਿਚ ਇਕ ਚਮਤਕਾਰੀ ਵਾਧਾ ਹੋਇਆ ਕਿਉਂ ਜੋ ਮਹਾਰਾਜਾ ਆਪ ਇਕ ਸਿਖ ਸੀ। ਪਰ ‘ਖਾਲਸਾ ਰਾਜ’ ਖੁੱਸ ਜਾਣ ਪਿੱਛੋਂ ਸਿਖ ਵਸੋਂ ਘਟ ਕੇ ਅੱਧੋਂ ਵੀ ਥੱਲੇ ਚਲੀ ਗਈ (ਭਾਵੇਂ ਇੰਝ ਹੋਣਾ ਨਹੀਂ ਚਾਹੀਦਾ, ਲੋਕਾਂ ਨੂੰ ਸਿਧਾਂਤ ਸਮਝਾਉਣਾ ਵੀ ਜਰੂਰੀ ਹੈ, ਪਰ ਗਿਣਤੀ ਵੀ ਕਿਤੇ ਨਾ ਕਿਤੇ ਤਾਂ ਮਾਈਨੇ ਰੱਖਦੀ ਹੈ)।
ਜਰਮਨੀ ਵਿਚ ਹਿਟਲਰ ਦੇ ਕਹਿਰ ਤੋਂ ਡਰਦਿਆਂ ਨੇ ਬਥੇਰੇ ਯਹੂਦੀਆਂ ਨੇ ਵੱਖ-ਵੱਖ ਦੇਸ਼ਾਂ ਵਿਚ ਸ਼ਰਨ ਲਈ ਤੇ ਬਥੇਰਿਆਂ ਨੇ ਧਰਮ ਤਿਆਗਿਆ। ਪਰ ਯਹੂਦੀਆਂ ਦੇ ‘ਆਪਣੇ ਘਰ’ ਇਜ਼ਰਾਈਲ ਦੀ ਕਾਇਮੀਂ ਤੋਂ ਬਾਅਦ ਯਹੂਦੀਆਂ ਦੀ ਗਿਣਤੀ ਇਕ ਦਮ 60 ਲੱਖ ਤੋਂ ਵੀ ਟੱਪ ਗਈ। ਥਾਂ ਪੁਰ ਥਾਂ ਖਿੱਲਰੀ ਪਈ ਮੂਸੇ ਦੀ ਉੱਮਤ ਆਪਣੇ ਦੇਸ਼ ਵਿਚ ਇਕੱਠੀ ਹੋ ਗਈ ਤੇ ਅੱਜ ਇਕ ਵੱਡੀ ਸ਼ਕਤੀ ਬਣ ਕੇ ਉੱਭਰ ਰਹੀ ਹੈ। ਇਹ ਰਾਜ ਸ਼ਕਤੀ ਦਾ ਹੀ ਕਮਾਲ ਹੈ।
ਖੁਸ਼ਵੰਤ ਸਿੰਘ ਪੱਤਰਕਾਰ ਅਨੁਸਾਰ 1947 ਤੋਂ ਪਹਿਲਾਂ ਬ੍ਰਾਹਮਣਾ ਦੀ ਗਿਣਤੀ ਸਿਰਫ 7 ਪ੍ਰਤੀਸ਼ਤ ਸੀ, ਪਰ ਅੱਜ ਭਾਰਤ ਦੇ ਹਰੇਕ ਉੱਚੇ ਅਹੁਦੇ ’ਤੇ ਬਾਹਮਣ ਬੈਠਾ ਹੈ। ਲੋਕ ਸਭਾ, ਵਿਧਾਨ ਸਭਾਵਾਂ, ਮੰਤਰੀਆਂ, ਅਫਸਰਸ਼ਾਹੀ ਤੇ ਹੋਰ ਵੱਡੇ ਸਰਕਾਰੀ ਅਹੁਦਿਆਂ ’ਤੇ ਅੱਜ 70 ਪ੍ਰਤੀਸ਼ਤ ਬਾਹਮਣ ਕਾਬਜ ਹੈ, ਕਿਉਂ…… ਕਿਉਂਕਿ ਰਾਜ ਸ਼ਕਤੀ ਉਹਨਾਂ ਦੇ ਹੱਥ ਹੈ।
ਅਨੇਕਾਂ ਅਜਿਹੀਆਂ ਕੌਮਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ, ਜਿਹਨਾਂ ਦਾ ਅੱਜ ਧਰਤੀ ’ਤੇ ਨਾਮੋਂ ਨਿਸ਼ਾਨ ਨਹੀਂ ਕਿਉਂਕਿ ਉਹ ‘ਰਾਜ’ ਤੋਂ ਸੱਖਣੀਆਂ ਸਨ। ……ਖੈਰ
ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦੇ ‘ਖਾਲਸਾ ਰਾਜ’ ਨੇ ਕੌਮ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਸੀ। ਹੁਣ ਸਿਖਾਂ ਕੋਲ ਆਪਣਾ ਰਾਜ ਸੀ, ਰਾਜਾ ਸੀ, ਰਾਜਧਾਨੀ ਸੀ। ਭਾਵੇਂ ਉਸ ਰਾਜੇ ਨੂੰ ਵੀ ਸੇਧ ‘ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ’ ਬਖ਼ਸ਼ਦੇ ਸਨ, ਪਰ ਕੌਮ ਦਾ ਹੌਸਲਾ ਓਸ ਨਿਡਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਕਾਰਨ ਪਹਾੜ ਜਿੱਡਾ ਹੋ ਗਿਆ ਸੀ। ‘ਪਰਾਏ ਬਾਰਾਂ’ ’ਤੇ ਰੁਲਦੀ ਫਿਰਦੀ ਕੌਮ ਦਾ ‘ਆਪਣਾ ਘਰ’ ਬਣ ਚੁੱਕਾ ਸੀ। ਜਿੱਥੇ ਉਹ ਸ਼ਾਨ ਨਾਲ (ਭਾਵੇਂ ਥੋੜੇ ਸਮੇਂ ਲਈ ਹੀ ਸਹੀ) ਤੁਰਦੇ ਸਨ। ਸਿਖਾਂ ਦਿਆਂ ਬਹੁਤ ਦੁਖਾਂ ਤਕਲੀਫਾਂ ਦਾ ਹੱਲ ਨਿਕਲ ਗਿਆ ਸੀ,
“ਨਾਂ ਤਸਵੀਸ ਖਿਰਾਜੁ ਨ ਮਾਲੁ ॥
ਖਉਫੁ ਨ ਖਤਾ ਨ ਤਰਸੁ ਜਵਾਲੁ ॥1॥”
ਵਾਲਾ ਰਾਜ ਸੀ ਇਹ।
ਬਾਦਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਰਾਜ ਜਾਂਦਾ ਰਿਹਾ। ਕੌਮ ਫਿਰ ਬੇਘਰੀ ਹੋ ਗਈ ਤੇ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਵਿਚ ਰਹਿਣ ਲੱਗੀ। ਬਹੁਤ ਚਿਰ ਜੰਗਲਾਂ ਵਿਚ ਰੁਲਦੀ ਰਹੀ ਕੌਮ ‘ਕੌਮੀ ਘਰ’ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਰਹੀ ਤੇ ਅੰਤ ਇਸ ਮਿਹਨਤ ਨੂੰ ਫਲ ਵੀ ਲੱਗਿਆ। ਮਿਸਲਾਂ ਦੀ ਏਕਤਾ ਤੋਂ ਬਾਅਦ ਮੁੜ ਕੌਮ ਨੇ ਕੌਮੀ ਘਰ ਦਾ ਕਿਲਾ ਉਸਾਰ ਲਿਆ। ਕੌਮ ਫਿਰ ਖੁਸ਼ਹਾਲ ਵਸਣ ਲੱਗੀ। ਸਾਡੇ ਦੇਸ਼ ਦੀਆਂ ਹੋਰ ਕੌਮਾਂ ਨੂੰ ਵੀ ਅਸੀਂ ਕੋਈ ਦੁੱਖ ਨਹੀਂ ਆਉਣ ਦਿੱਤਾ (ਭਾਵੇਂ ਉਹਨਾਂ ਨੇ ਸਾਡੇ ਨਾਲ ਕਦੇ ਘੱਟ ਨਹੀਂ ਗੁਜ਼ਾਰੀ)। 'ਇਤਿਹਾਸ ਸਾਖ਼ੀ ਹੈ ਕਿ 40 ਸਾਲਾਂ ਦੇ ਖਾਲਸਾ ਰਾਜ ਦੇ ਇਤਿਹਾਸ ਵਿਚ ਇਕ ਵੀ ਬੰਦਾ ਫਾਂਸੀ ਨਹੀਂ ਲਾਇਆ ਗਿਆ। ਇਹ ਰਾਜ ਸੀ,
“ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥”
ਗੁਰਬਾਣੀ ਦੇ ਆਸ਼ੇ ਅਨੁਸਾਰ,
“ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥13॥”
ਇੱਥੇ ਦੁੱਖ ਕਲੇਸ਼ ਲਈ ਕੋਈ ਥਾਂ ਨਹੀਂ ਸੀ। ਕੋਈ ਕਿਸੇ ਨੂੰ ਤੰਗ ਨਹੀਂ ਕਰਦਾ ਸੀ ਸਭ ਸੁਖੀ ਵਸਦੇ ਸਨ। ਸ਼ਾਹ ਮੁਹੰਮਦ ਵੀ ਗਵਾਹੀ ਭਰਦਾ ਹੈ,
‘ਸੁਖੀ ਵਸਣ ਹਿੰਦੂ ਮੁਸਲਮਾਨ ਦੋਵੇਂ, ਅੱਜ ਦੋਹਾਂ ਦੇ ਸਿਰ ਆਫਾਤ ਆਈ,
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜਾਤ ਆਈ’
ਸਿਖਾਂ ਦੇ ਰਾਜ ਵਿਚ ਸਾਰੀਆਂ ਕੌਮਾਂ ਖ਼ੁਸ਼ਹਾਲ ਸਨ, ਪਰ ਅੰਗਰੇਜ਼ਾਂ (ਤੀਸਰੀ ਜਾਤ) ਦੇ ਆਉਣ ਨਾਲ ਇਹ ਅਮਨ ਭੰਗ ਹੋ ਗਿਆ।
ਰਾਜ ਖੁੱਸ ਗਿਆ। ਕੌਮ ਫੇਰ ਖੁਆਰ ਹੋਣ ਲੱਗੀ। ਥੋੜੇ ਚਿਰ ਦੀ ਉਦਾਸੀ ਤੋਂ ਬਾਅਦ ਕੌਮ ਫਿਰ ਉੱਠੀ ਤੇ ਗੋਰਿਆਂ ਨਾਲ ਟੱਕਰ ਲੈ ਲਈ। ਗੁਲਾਮ ਰਹਿਣਾ ਇਸ ਕੌਮ ਦੀ ਫਿਤਰਤ ਵਿਚ ਨਹੀਂ ਸੀ। ਧੁਰੋਂ ਆਜ਼ਾਦ, ਅਕਾਲ ਪੁਰਖ਼ ਦੀ ਇਸ ਫੌਜ ਦੇ ਸਿਪਾਹੀਆਂ ਨੇ ਜੱਦੋ-ਜ਼ਹਿਦ ਸ਼ੁਰੂ ਕੀਤੀ। ਬਾਬਾ ਮਹਿਰਾਜ ਸਿੰਘ ਤੋਂ ਲੈ ਕੇ ਸਰਦਾਰ ਊਧਮ ਸਿੰਘ ਤੱਕ ਯੋਧਿਆਂ ਨੇ ਅੰਗਰੇਜ਼ਾਂ ਦੇ ਨਾਸੀਂ ਧੂਆਂ ਲਿਆ ਦਿੱਤਾ। ਕੌਮ ਦੇ ਸੂਰਮਿਆਂ ਨੇ ਕੁੱਲ ਕੁਰਬਾਨੀਆਂ ਵਿਚੋਂ 86% ਕੁਰਬਾਨੀਆਂ ਦਿੱਤੀਆਂ। ਇਹ ਸੋਚ ਕੇ ਕਿ ਗੋਰਿਆਂ ਦੇ ਮਗਰੋਂ ਲਹਿ ਜਾਣ ਤੋਂ ਬਾਅਦ ਸਾਡੀ ਕੌਮ ਦੇ ਹੱਥ ਵੀ ਕੁਝ ਸ਼ਕਤੀ ਆ ਜਾਵੇਗੀ ਤੇ ਕੌਮ ਮੁੜ ਆਪਣੇ ਪੈਰਾਂ ਸਿਰ ਹੋ ਸਕੇਗੀ ਤੇ ਦੇਸ਼ ਪੰਜਾਬ ਦਾ ਮੂੰਹ ਮੱਥਾ ਸਵਾਰ ਸਕੇਗੀ।
ਗੋਰੇ ਤਾਂ ਚਲੇ ਗਏ, ਪਰ ਤਾਕਤ ਸਿਖਾਂ ਦੀ ਥਾਂ ’ਤੇ ਬਾਹਮਣਾ ਦੇ ਹੱਥ ਆ ਗਈ, ਜਾਂ ਕਹਿ ਲਓ ਕਿ ਮੂਰਖ਼ ਸਿਖ ਲੀਡਰਸ਼ਿੱਪ ਨੇ ਆਪਣੇ ਹੱਥ ਆਪ ਵਢਾ ਲਏ ਤੇ ਸਾਰੀ ਸ਼ਕਤੀ ਹਿੰਦੂਆਂ ਨੂੰ ਫੜ੍ਹਾ ਦਿੱਤੀ। ਬਸ ਫੇਰ ਕੀ ਸੀ। ਇਹਨਾਂ ਦਾ ਤਾਂ ਸਾਡੇ ਨਾਲ ਪੁਰਾਣਾ ਵੈਰ ਸੀ। ‘ੴ ’ ਕਹਿਣ ਨਾਲ ਸ਼ੁਰੂ ਹੋਇਆ ‘ਸਿਧਾਂਤਕ ਵੈਰ’। 1000 ਸਾਲ ਤੋਂ ਗੁਲਾਮ ਹਿੰਦੂ ਰਾਜ ਸ਼ਕਤੀ ਨੂੰ ਹਾਬੜ ਕੇ ਪੈ ਗਏ ਤੇ ਦੇਸ਼ ਆਜ਼ਾਦ ਕਰਵਾਉਣ ਵਾਲੀ ਕੌਮ ਪਲਾਂ ਵਿਚ ਹੀ ਇਹਨਾਂ ਨੂੰ ‘ਜ਼ਰਾਇਮ ਪੇਸ਼ਾ’ ਲੱਗਣ ਲੱਗ ਪਈ। ਜ਼ੁਲਮਾਂ ਦਾ ਇਕ ਹੋਰ ਦੌਰ ਸ਼ੁਰੂ ਹੋਇਆ। ਬਾਹਮਣਵਾਦ ਰੂਪੀ ਇਸ ਸ਼ੇਸ਼ਨਾਗ ਨੇ ਕਾਕਾ ਇੰਦਰਜੀਤ ਸਿੰਘ ਕਰਨਾਲ ਤੋਂ ਲੈ ਕੇ ਭਾਈ ਹਰਮੰਦਰ ਸਿੰਘ ਡੱਬਵਾਲੀ ਤੱਕ ਲੱਖਾਂ ਨੌਜੁਆਨਾਂ ਨੂੰ ਸਬੂਤੇ ਹੀ ਨਿਗਲ ਲਿਆ।
1849 ਤੋਂ ਲੈ ਕੇ ਅੱਜ ਤੱਕ ਕੌਮ ਦੀ ਖ਼ੁਆਰੀ ਦਾ ਇਕੋ ਇਕ ਕਾਰਨ ਸਾਡੇ ਰਾਜ ਦਾ ਖੁੱਸਣਾ ਹੈ। ਲੱਖਾਂ ਨਿਹੱਕੇ ਗੱਭਰੂਆਂ ਦਾ ਖ਼ੂਨ ਸਿਰਫ ਇਸੇ ਲਈ ਡੁੱਲਿਆ ਕਿਉਂਕਿ ਸਾਡੇ ਕੋਲ ਆਪਣਾ ਦੇਸ਼ ਨਹੀਂ।
ਕੀ ਕੌਮ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ ਕਿ ਗੁਲਾਮ ਹੋਣ ਕਾਰਨ ਹੀ ਸਾਨੂੰ ਨਿੱਤ ਦਿਹਾੜੀ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮ ਨੂੰ ਵਿਚਾਰੀ ਨੂੰ ਕਿੱਥੋਂ ਸਮਝ ਆਉਣੀ ਹੈ ਜਦੋਂ ਜਥੇਦਾਰਾਂ ਨੂੰ ਹੀ ਸਮਝ ਨਹੀਂ ਆਈ। ਸਾਡੇ ਹੱਕਾਂ ਦਾ ਮਾਰੇ ਜਾਣਾ, ਧਾਰਮਿਕ ਸਥਾਨਾਂ ਦੀ ਬੇਹੁਰਮਤੀ, ਬੇਕਸੂਰੀਆਂ ਜਾਨਾਂ ਦਾ ਸਰਕਾਰੀ ਗੋਲੀਆਂ ਦੇ ਨਿਸ਼ਾਨੇ ਬਣ ਜਾਣਾ, ਧੀਆਂ-ਭੈਣਾ ਦੀ ਥਾਣਿਆਂ ਦੇ ਟਾਰਚਰ ਰੂਮਾਂ ਵਿਚ ਹੁੰਦੀ ਬੇਪੱਤੀ, ਲਾਵਾਰਸ ਲਾਸ਼ਾਂ ਕਹਿ ਕੇ ਫੂਕੇ ਗਏ ਹਜ਼ਾਰਾਂ ਗੱਭਰੂਆਂ ਦੇ ਬੇਆਸਰੇ ਧੱਕੇ ਖਾ ਰਹੇ ਬੁੱਢੇ ਬਾਪੂ, ਪੁੱਤਰਾਂ ਦੀ ਯਾਦ ਵਿਚ ਵਿਲਕਦੀਆਂ ਮਾਈਆਂ…… ਇਹ ਸਭ ਕੁਝ ਗੁਲਾਮਾਂ ਨਾਲ ਹੁੰਦਾ ਆਇਆ ਹੈ ਤੇ ਸਾਡੇ ਨਾਲ ਵੀ ਲਗਾਤਾਰ ਹੋ ਰਿਹਾ ਹੈ। ਇਸ ਸਭ ਦਾ ਇਕ ਮਾਤਰ ਹੱਲ ਹੈ ਸਾਡੀ ਆਜ਼ਾਦੀ…… ਰਾਜ ਦੀ ਪ੍ਰਾਪਤੀ। ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ ਆਪਣਾ ਰਾਜ ਹੈ। ਅੱਜ ਜੋ ਨਿੱਤ ਨਵੇਂ ਸੂਰਜ ਸਾਨੂੰ ਨਵੇਂ ਚੈਲੇਜ਼ ਹੋ ਰਹੇ ਹਨ ਇਹ ਸਭ ਸਾਡੇ ਆਪਣੇ ਰਾਜ ਤੋਂ ਬਾਅਦ ਹੀ ਬੰਦ ਹੋਣਗੇ। ਕੋਈ ਆਰ.ਐਸ.ਐਸ. ਨਾਮ ਦੀ ਜਥੇਬੰਦੀ ਹਿੱਕ ਥਾਪੜ ਕੇ ਨਹੀਂ ਕਹਿ ਸਕੇਗੀ ਕਿ ‘ਸਿਖ ਹਿੰਦੂਆਂ ਦਾ ਹਿੱਸਾ ਹਨ’, ਕੋਈ ਸਰਸੇ ਆਲਾ ਪਖ਼ੰਡੀ ‘ਦਸਵੇਂ ਪਾਤਸ਼ਾਹ’ ਦੀ ਰੀਸ ਨਹੀਂ ਕਰੇਗਾ, ਕੋਈ ਨੂਰਮਹਿਲੀਆ ਭਈਆ ਪੰਜਾਬ ਦੀਆਂ ਜਵਾਨ ਕੁੜੀਆਂ ਨੂੰ ਮਾਨਸਿਕ ਤੌਰ ’ਤੇ ਗੁਲਾਮ ਬਣਾ ਕੇ ਆਪਣੇ ਡੇਰੇ ਵਿਚ ਨਹੀਂ ਰੱਖ ਸਕੇਗਾ, ਕੋਈ ਭਨਿਆਰੇ ਦਾ ਸਾਧ ‘ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ’ ਦੇ ਬਰਾਬਰ ਆਪਣੇ ਕੂੜ ਗੰ੍ਰਥ ਨੂੰ ਨਹੀਂ ਰੱਖ ਸਕੇਗਾ।
ਫੇਰ ‘ਪਰਾਏ ਬਾਰਾਂ’ ਵਿਚ ਰੁਲ ਰਹੀ ਗੁਰੂ ਨਾਨਕ ਦੀ ਉੱਮਤ ਨੂੰ 4 ਰੁਪੈ ਆਟਾ ਤੇ 20 ਰੁਪੈ ਦਾਲ ਪਿੱਛੇ ਰੁਲਣਾ ਨਹੀਂ ਪਵੇਗਾ। ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਦੇਸ਼ (ਪੰਜਾਬ) ਦੇ ਲੋਕ ਜੇ ਅੱਜ 4 ਰੁਪੈ ਆਟੇ ਨੂੰ ਵੀ ਵਿਲਕ ਰਹੇ ਨੇ ਤਾਂ ਇਸ ਦਾ ਕਾਰਨ ਵੀ ਸਾਡੀ ਗੁਲਾਮੀਂ ਹੀ ਹੈ। ਸਾਡਾ ਸਾਰਾ ਕੁਝ ਲੁੱਟ ਕੇ ਦਿੱਲੀ ਭੇਜਿਆ ਜਾ ਰਿਹਾ ਹੈ ਤੇ ਅਸੀਂ ਦਿਨੋ ਦਿਨ ਅਰਸ਼ ਤੋਂ ਫਰਸ਼ ’ਤੇ ਆ ਰਹੇ ਹਾਂ। ਦੁਨੀਆਂ ’ਤੇ ਕੋਈ ਵੀ ਆਦਮੀਂ ਜਦੋਂ ਕੋਈ ਚੀਜ਼ ਬਣਾਉਂਦਾ ਜਾਂ ਪੈਦਾ ਕਰਦਾ ਹੈ ਤਾਂ ਵੇਚਣ ਲੱਗਿਆ ਉਹ ਖੁਦ ਉਸ ਚੀਜ਼ ਦਾ ਰੇਟ ਤਹਿ ਕਰਦਾ ਹੈ। ਜੇ ਆਪ ਤਹਿ ਨਹੀਂ ਵੀ ਕਰਦਾ ਤਾਂ ਉਸ ਨੂੰ ਉਸ ਦੀ ਮਿਹਨਤ ਦਾ ਮੁੱਲ ਪੂਰਾ ਤਾਂ ਮਿਲਦਾ ਹੀ ਹੈ। ਪਰ…… ਰੇਹਾਂ ਸਪਰੇਹਾਂ ਪਾ ਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਰਾਤਾਂ ਨੂੰ ਪਾਣੀ ਦੀਆਂ ਵਾਰੀਆਂ ਲਾ ਕੇ ਸਖ਼ਤ ਮਿਹਨਤ ਤੋਂ ਬਾਅਦ ਪੈਦਾ ਕੀਤੀ ਤੁਹਾਡੀ ਫਸਲ ਦਾ ਰੇਟ ਦਿੱਲੀ ਦੀਆਂ ਰੰਗੀਨ ਕੋਠੀਆਂ ਵਿਚ ਤਹਿ ਕੀਤਾ ਜਾਂਦਾ ਹੈ। ਤੇ ਜੇ ਅਸੀਂ ਕਦੇ ਕਹਿ ਦੇਈਏ ਕਿ ਇਹ ਰੇਟ ਘੱਟ ਹੈ ਜਾਂ ਸਾਨੂੰ ਮਨਜ਼ੂਰ ਨਹੀਂ ਤਾਂ ਅਗਲੇ ਸਾਫ਼ ਸ਼ਬਦਾਂ ਵਿਚ ਕਹਿ ਦਿੰਦੇ ਹਨ, “ਰੇਟ ਤੋਂ ਯਹੀ ਮਿਲੇਗਾ, ਅਗਰ ਬੇਚਨੀ ਹੈ ਤੋਂ ਬੇਚੋ ਨਹੀਂ ਤੋ ਘਰ ਲੇ ਜਾਓ……” (ਕੇਂਦਰੀ ਖੇਤੀ ਮੰਤਰੀ ਦਾ ਐਤਕੀ ਦਾ ਬਿਆਨ)।
ਜੇ ਤਾਂ ਤੁਸੀਂ ਕਦੇ ਕੋਈ ਜੁਰਮ ਕਰ ਦਿਉ ਤਾਂ ਕੈਦਾਂ, ਕਾਲ ਕੋਠੜੀਆਂ ਤੇ ਫਾਂਸੀਆਂ,……ਤੇ ਜੇ ਕਦੇ ਕਿਸੇ ਨੇ ਤੁਹਾਡੇ ਨਾਲ ਧੱਕਾ ਕੀਤਾ ਹੋਵੇ ਤੇ ਤੁਸੀਂ ਉਸ ਦੀ ਗਲਤੀ ਦੀ ਸ਼ਿਕਾਇਤ ਕਰੋਂ ਤਾਂ ਗਲਤੀ ਕਰਨ ਵਾਲੇ ਨੂੰ ‘ਜੈਡ ਸੁਰੱਖਿਆ’। 'ਇਹ ਕਿੱਥੋਂ ਦਾ ਨਿਆਂ ਹੈ…… ਹੁਣ ਤੁਸੀਓਂ ਦੱਸੋ ਇਹ ਕਿੱਥੋਂ ਦੀ ਆਜ਼ਾਦੀ ਹੈ।
ਸਾਧ ਸੰਗਤ ਜੀ ਫੈਸਲਾ ਤੁਸੀਂ ਆਪ ਕਰਨਾ ਹੈ। ਜਥੇਦਾਰਾਂ ਵੱਲ ਬਹੁਤਾ ਨਾ ਝਾਕੋ। ਇਹ ਤਾਂ ਵਿਚਾਰੇ ਆਪ ਕਿਸੇ ਹੋਰ ਪਾਸੇ ਵੱਲ ਨੂੰ ਝਾਕ ਰਹੇ ਨੇ। ਜਿਹੜਾ ਕੁਝ ਇਹਨਾਂ ਨੂੰ ਬੋਲਣ ਲਈ ਕਿਹਾ ਜਾਂਦਾ ਹੈ ਇਹ ਤਾਂ ਵਿਚਾਰੇ ਉਹੀ ਬੋਲਦੇ ਨੇ। ਜਿਵੇਂ ਸਾਡੇ ਗੁਆਂਢੀਆਂ ਦਾ ਤੋਤਾ ਮਿੱਠੂ ਰਾਮ ਬੋਲਦਾ ਹੈ। ਉਸ ਤੋਤੇ ਨੂੰ ਪੁੱਛੋ, “ਮਿੱਠੂ ਰਾਮ ਚੂਰੀ ਖਾਣੀ ਐਂ” ਉਹ ਕਹੇਗਾ, “ਖਾਨੀ ਐਂ”। 'ਫੇਰ ਕਹੋ, “ਕਹਿ ਕਿ ਮੈਂ ਪਿੰਜਰੇ ਵਿਚ ਹੀ ਖੁਸ਼ ਹਾਂ”, ਉਹ ਬੋਲਦੈ, “ਮੈਂ ਪਿੰਜਰੇ ‘ਚ ਈ ਖੁਸ ਆਂ”। 'ਇਹਨਾਂ ਵਿਚਾਰਿਆਂ ਦਾ ਵੀ ਉਹੀ ਹਾਲ ਐ। ਅਮਰੀਕਾ ਵਿਚ ‘ਖਾਲਸਤਾਨ’ ਦੀਆਂ ਬੜਕਾਂ ਮਾਰਦੇ ਏਥੇ ਆ ਕੇ ‘ਭਿੱਜੀ ਬਿੱਲੀ’ ਬਣ ਜਾਂਦੇ ਨੇ ਤੇ ਉਹਨਾਂ ਤੁਕਾਂ ਜਿਨ੍ਹਾਂ ਵਿਚ ਮਾੜੀ ਮੋਟੀ ‘ਰਾਜ’ ਦੀ ਗੱਲ ਆਉਂਦੀ ਹੈ, (ਭਾਵੇਂ ਉਹ ਤੁਕਾਂ ਪੁਰਾਤਨ ਇਤਿਹਾਸਕ ਗ੍ਰੰਥਾਂ ਵਿਚੋਂ ਹੀ ਹੋਣ) ਨੂੰ ਮੰਨਣ ਤੋਂ ਵੀ ਇਨਕਾਰੀ ਹੋ ਜਾਂਦੇ ਨੇ।
ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਕਹਿੰਦਾ ਹੁੰਦਾ ਸੀ, “ਸਿੱਖਾਂ ਵਿਚ ਰਾਜ ਕਰਨ ਦੀ ਭਾਵਨਾ ਮਰ ਗਈ ਐ”। 'ਉਸ ਦੀ ਇਹ ਗੱਲ ਜਵਾਂ ਸੱਚ ਹੈ। ਉਹ ਤਾਂ ਇੱਥੋਂ ਤੱਕ ਕਹਿੰਦਾ ਹੁੰਦਾ ਸੀ, “ਪੰਜਾਬੀ ਜ਼ੁਬਾਨ ਦਾ ਭਵਿੱਖ ਇਸੇ ਲਈ ਮਾੜਾ ਹੈ ਕਿ ਇਹ ਗੁਲਾਮ ਜ਼ੁਬਾਨ ਹੈ। ਸਿਰਫ ਆਜ਼ਾਦ ਦੇਸ਼ਾਂ ਦੀ ਜ਼ੁਬਾਨ ਹੀ ਵੱਡੀ ਹੋ ਸਕਦੀ ਹੈ, ਸ਼ਾਹੀ ਬੋਲੀ……”(ਬਲਵੰਤ ਗਾਰਗੀ ਦੁਆਰਾ ਲਿਖੇ ਗਏ ਸੰਤ ਸਿੰਘ ਸੇਖੋਂ ਦੇ ਰੇਕਾ ਚਿੱਤਰ ਵਿਚੋਂ)
……ਤੇ ਜੇ ਸਾਡੀ ਬੋਲੀ ਤੱਕ ਤਰੱਕੀ ਨਹੀਂ ਕਰ ਸਕਦੀ ਕਿਉਂਕਿ ਅਸੀਂ ਗੁਲਾਮ ਹਾਂ ਤਾਂ ਹੋਰਨਾਂ ਖੇਤਰਾਂ ਵਿਚ ਕੌਮ ਤਰੱਕੀ ਕਿਵੇਂ ਕਰੇਗੀ। ਸੋ, ‘ਸੌ ਹੱਥ ਰੱਸਾ ਸਿਰੇ ’ਤੇ ਗੰਢ’।'ਜੇ ਅਸੀਂ ਆਪਣਾ, ਆਪਣੀ ਕੌਮ ਦਾ ਭਲਾ ਚਾਹੁੰਦੇ ਹਾਂ, ਚੰਗਾ ਜੀਵਨ ਚਾਹੁੰਦੇ ਹਾਂ ਤਾਂ ਸਾਨੂੰ ਬੇਘਰਿਆਂ ਨੂੰ ‘ਆਪਣਾ ਘਰ’ ਉਸਾਰਨ ਦੇ ਉਪਰਾਲੇ ਸ਼ੁਰੂ ਕਰਨੇ ਹੀ ਪੈਣਗੇ। ਯਾਦ ਰੱਖੋ ਆਪਣਾ ਘਰ ਭਾਵੇਂ ਛੋਟਾ ਹੀ ਹੋਵੇ ਆਪਣਾ ਤਾਂ ਆਪਣਾ ਹੀ ਹੁੰਦਾ ਹੈ।
ਆਓ ਕਿਸੇ ਐਸੇ ਦੇਸ਼ ਕਾਲ ਦੀ ਘਾੜਣਾ ਕਰੀਏ, ਜਿਸ ਨੂੰ ਵੇਖ ਕੇ ਲੋਕ ਕਹਿਣ,
“ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ 'ਰਹਾਉ ॥
ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥”
ਜਗਦੀਪ ਸਿੰਘ ਫਰੀਦਕੋਟ(9815763313)

2 comments:

ਹਰਸਿਮਰਨ ਜੀਤ ਸਿੰਘ (ਢੁੱਡੀਕੇ) said...

ਬਹੁਤ ਵਧੀਆ ਬਾਈ ਜੀ....ਬਿਲਕੁੱਲ ਸਹੀ ਕਿਹਾ ਵੀਰੇ ਆਪਣੇ ਘਰੇ ਤਾਂ ਬੰਦਾ ਜਿਵੇਂ ਮਰਜੀ ਰਹਿ ਸਕਦਾ..ਪਰ ਬੇਗਾਨੇ ਘਰੇ ਤਾਂ ਅਗਲਾ ਇੱਕ ਖੁੰਜੇ ਕਮਰਾ ਦਿਖਾ ਦਿੰਦੈ ਕਿ ਲਉ ਜੀ ਆ ਥੋਡਾ ਕਮਰਾ ਤੇ ਤੁਸੀ ਇਥੇ ਹੀ ਰਹਿਣਾ....

ਬਾਈ ਅਪਣਾ ਘਰ ਜਰੂਰ ਬਣੂਗਾ......

Unknown said...

ਸਾਰਾ ਸਹੀ ਲਿਖਿਆ ਵੀਰ ਕੌਮ ਦੀ ਅਣਖ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਜੁਅਰਤ ਵੀ ਕਿਉਂਕਿ ਜ਼ਿਆਦਾਤਰ ਗੁਲਾਮ ਚੁੱਪ ਰਹਿਣਾ ਹੀ ਠੀਕ ਸਮਝਦੇ ਹਨ ਪਰ ਅਮਰੀਕਾ ਵਾਲਿਆਂ ਬਾਰੇ ਜ਼ੋ ਕਿਹਾ ਉਸਤੋਂ ਲੱਗਦਾ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਇਧਰ ਲਿਆ ਕੇ ਉਹ ਜੇਲ੍ਹਾਂ ਵਿੱਚ ਡੱਕ ਦਿੱਤੇ ਜਾਣ ਫਿਰ ਰਿਫਰੈਂਡਮ 2020 ਦੀ ਆਵਾਜ਼ ਨੂੰ ਦਬਾ ਦਿੱਤਾ ਜਾਵੇ ਇਸ ਤੋਂ ਤੁਹਾਡੇ ਵਿੱਚੋਂ ਹਿੰਦੂ ਸ਼ੈਤਾਨ ਦਾ ਟਾਊਟ ਹੋਣ ਦੀ ਬੂਅ ਆਉਂਦੀ ਹੈ।