Sunday, February 17, 2008

ਮੈਂ ਪੰਜਾਬ ਬੋਲਦਾਂ…………

ਐਨਾ ਨਮੋਰਾ ਤਾਂ ਕਦੇ ਕੋਈ ਨੀ ਹੋਇਆ ਹੋਣਾ…… ਐਹੋ ਜਹੇ ਮੋਹ ਤੋੜ ਕਦੇ ਵੇਖੇ ਨਾ ਸੁਣੇ……… ਕਪੁੱਤਰ ਤਾਂ ਸੁਣੇ ਸਨ ਪਰ ਇਹ ਤਾਂ ਕਪੁੱਤਰਾਂ ਤੋਂ ਵੀ……… ਐਨਾ ਮਾੜਾ ਮੈਂ ਕੀ ਕਰ ਦਿੱਤਾ ਕਿ ਮੇਰੇ ਆਪਣੇ ਪੁੱਤ ਹੀ ਮੈਨੂੰ ਫ਼ਰਾਖ਼ਤੀ ਦੇ ਗਏ……… ਦੁਸ਼ਮਨ ਨੇ ਮੈਨੂੰ ਕੁੱਟਿਆ, ਲੁੱਟਿਆ ਕੋਹ ਕੋਹ ਕੇ ਮਾਰਿਆ, ਪਰ ਮੈਂ ਅਡੋਲ ਰਿਹਾ……… ਆਪਣੇ ਪੁੱਤਰਾਂ ਦੇ ਸਿਰ ‘ਤੇ, ਕਿਉਂਕਿ ਉਨ੍ਹਾਂ ਵਿਚ ਅਜੇ ਅਣਖ ਬਾਕੀ ਸੀ……… ਪਰ ਅੱਜ ਤਾਂ ਮੇਰੇ ਆਪਣੇ ਪੁੱਤ ਹੀ……… ਪਿਉ ਆਪਣੇ ਪੁੱਤਰਾਂ ਨੂੰ ਬੇਦਖਲ ਕਰਦੇ ਤਾਂ ਵੇਖੇ ਸਨ ਪਰ ਮੇਰੇ ਪੁੱਤਰਾਂ ਨੇ ਤਾਂ ਮੈਨੂੰ ਹੀ……… ਹਾਏ ਓਏ ਰੱਬਾ, ਐਸੇ ਦਿਨ ਨਾ ਲਿਆਈਂ ਕਿਸੇ ‘ਤੇ, ਐਸੀ ਜਿੰਦਗੀ ਨਾਲੋਂ ਤਾਂ ਮੌਤ ਭਲੀ” ਮੰਜੇ ਉੱਤੇ ਪਿਆ ਕੋਈ ਆਪਣੀ ਉਮਰ ਤੋਂ ਹੀ ਪਹਿਲਾਂ ਬਜ਼ੁਰਗ ਹੋਇਆ ਬੋਲ ਰਿਹਾ ਸੀ। ਇਹ ਪੰਜਾਬ ਸੀ, ਜਿਸ ਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਸੀ, ਉਠਾ ਕੇ ਖਿੱਲਰੇ ਕੇਸ ਬੰਨਣ ਵਾਲਾ ਕੋਈ ਨਹੀਂ ਸੀ, ਪਾਣੀ ਦੀ ਘੁੱਟ ਪਿਆਉਣ ਵੀ ਕੋਈ ਨਹੀਂ ਬਹੁੜਿਆ ਤੇ ਦਵਾਈ ਕਿਸ ਦੁਆਉਣੀ ਸੀ। ਉਸ ਦੇ ਗੋਡੇ ਜਵਾਬ ਦੇ ਚੁੱਕੇ ਸਨ, ਰੀੜ ਦੀ ਹੱਡੀ ਨੇ ਸਾਥ ਛੱਡ ਦਿੱਤਾ ਸੀ। ਸਾਰਾ ਸਰੀਰ ਟੁੱਟਿਆ ਭੱਜਿਆ ਪਿਆ ਸੀ, ਮੱਥੇ ਵਿਚੋਂ ਤਾਂ ਖੂਨ ਵੀ ਵਗ ਰਿਹਾ ਸੀ। ਪੰਜਾਬੀ ਸੁਭਾਅ ਦੀ ਇਕ ਬਹੁਤ ਵੱਡੀ ਭੈੜ ਹੈ, ਮੰਜੇ ‘ਤੇ ਪਏ ਬਾਪੂ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਦੇ ਤੇ ਬਾਪੂ ਦੇ ਮਰਨੇ ‘ਤੇ ਜਲੇਬੀਆਂ ਪਕਾ ਕੇ ਵੱਡਾ ਕਰਦੇ ਹਨ, ਹਜ਼ਾਰਾਂ ਖ਼ਰਚ ਦਿੰਦੇ ਹਨ ਫੋਕੀ ਵਾਹ ਵਾਹ ਲਈ। ਖ਼ੈਰ……… ਅੱਜ ਨਹੀਂ, ਪਿਛਲੇ ਕਈ ਸਾਲਾਂ ਤੋਂ ਪੰਜਾਬ ਇਸੇ ਤਰ੍ਹਾਂ ਮੰਜੇ ‘ਤੇ ਪਿਆ ਹੋਇਆ ਸੀ ………ਤੇ ਉਸ ਦੀ ਇਸ ਹਾਲਤ ਲਈ ਦੁਸ਼ਮਨਾਂ ਦੇ ਨਾਲ ਨਾਲ ਆਪਣਿਆਂ ਦਾ ਵੀ ਕਸੂਰ ਸੀ। ਭਾਵੇਂ ਦੁਸ਼ਮਨ ਨੇ ਉਸ ਨੂੰ ਬਹੁਤ ਗਹਿਰੇ ਜਖ਼ਮ ਦਿੱਤੇ ਸਨ, ਜਿਹੜੇ ਨਾਸੂਰ ਬਣ ਚੁੱਕੇ ਸਨ, ਪਰ ਪੁੱਤਰਾਂ ਨੇ ਵੀ ਉਹਨਾਂ ਜਖ਼ਮਾਂ ‘ਤੇ ਮੱਲਮ ਲਾਉਣੀ ਬੰਦ ਕਰ ਦਿੱਤੀ ਸੀ।……… ਤੇ ਇਹ ਜਖ਼ਮ ਵੀ ਐਸੇ ਸਨ ਕਿ ਹਰ ਪਲ ਤੜਪਾਉਂਦੇ ਸਨ, ਸੁਖ ਚੈਨ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਆਖਣ ਨੂੰ ਹੀ ਇਹ ਜਖ਼ਮ ਸਨ, ਪਰ ਅਸਲ ਵਿਚ ਇਹ ਬਹੁਤ ਢੂੰਘੇ ਫੱਟ ਸਨ। ਫੱਟ……… 1947 ਵਿਚ ਵਿਚਾਲੋਂ ਚੀਰੇ ਜਾਣ ਦੇ, 1966 ਵਿਚ ਮੁੜ ਵੱਢੇ ਜਾਣ ਦੇ, 1968-70 ਵਿਚ ਜੁਝਾਰੂ ਨਕਸਲੀ ਪੁੱਤਰਾਂ ਦੇ ਝੂਠੇ ਮੁਕਾਬਲਿਆਂ ਦੇ, 1978 ਦੀ ਖੂਨੀ ਵਿਸਾਖੀ ਦੇ, 1984 ਵਿਚ ਢੱਠੇ ਅਕਾਲ ਤਖਤ ਦੇ……… ਤੇ ਪਿੱਛੋਂ ਇਹਨਾਂ ਫੱਟਾਂ ਦੀ ਦਵਾਈ ਲੈਣ ਤੁਰੇ ਡੇਢ ਦੋ ਲੱਖ ਪੁੱਤਰਾਂ ਦੇ ਦਿਨ ਦਿਹਾੜੇ ਕਤਲਾਂ ਦੀ ਪੀੜ, ਨਹਿਰਾਂ ਦਰਿਆਵਾਂ ਦੇ ਪੁਲਾਂ ‘ਤੇ ਬੇਪਛਾਣ ਪਈਆਂ ਕੇਸਰੀ ਪੱਗਾਂ ਵਾਲੀਆਂ ਲਾਸ਼ਾਂ ਦਾ ਕਦੇ ਨਾ ਘਟਣ ਵਾਲਾ ਦੁੱਖ……… ਇਸ ਸਭ ਕੁਝ ਨੂੰ ਲੈ ਕੇ ਜਿਉਣਾ ਔਖਾ ਹੀ ਨਹੀਂ ਨਾਮੁਮਕਿਨ ਹੈ, ਪਰ ਪੰਜਾਬ ਅਜੇ ਤੱਕ ਜਿਉਂਦਾ ਸੀ……… ਊਂ ਇਸ ਸਭ ਨੇ ਉਸ ਨੂੰ ਉੱਠਣ ਜੋਗਾ ਨਹੀਂ ਛੱਡਿਆ ਸੀ……… ਤੇ ਅੱਜ ਗਿਲਾ ਉਸ ਨੂੰ ਓਨਾ ਦੁਸ਼ਮਨ ‘ਤੇ ਨਹੀਂ ਸੀ, ਜਿਸ ਨੇ ਉਸ ਨੂੰ ਮਾਰਨ ਲੱਗੇ ਨੇ ਸਾਰੇ ਅਹਿਸਾਨਾਂ ਨੂੰ ਕਿੱਲੀ ‘ਤੇ ਟੰਗ ਦਿੱਤਾ ਸੀ, ਜਿੰਨਾ ਆਪਣੇ ਪੁੱਤਰਾਂ ‘ਤੇ ਸੀ ਜਿਹੜੇ ਸਭ ਕੁਝ ਭੁੱਲ ਰਹੇ ਸਨ ਜਾਂ ਭੁੱਲ ਚੁੱਕੇ ਸਨ। ਜਿਹਨਾਂ ਨੇ ਬਾਪੂ ਦਾ ਦੁੱਖ ਵੰਡਾਉਣਾ ਬੰਦ ਕਰ ਦਿੱਤਾ ਸੀ। ਜਿਹੜੇ ਕਦੇ ਪੁੱਤਰਾਂ ਵਾਲੇ ਪਿਆਰ ਨਾਲ ਆ ਕੇ ਨਹੀਂ ਪੁੱਛਦੇ ਸਨ ਕਿ ਬਾਪੂ ਪੀੜ ਕਿੱਥੇ ਕਿੱਥੇ ਹੁੰਦੀ ਹੈ। ਜਿਹਨਾਂ ਨੇ ਕਦੇ ਵੀ ਤੂੜੀ ਵਾਲੇ ਕੋਠੇ ਵਿਚ ਟੁੱਟੀ ਮੰਜੀ ‘ਤੇ ਪਏ ਬਾਪੂ ਦੀ ਸਾਰ ਨਹੀਂ ਲਈ ਸੀ। ਦੁੱਖ ਉਸ ਨੂੰ ਆਪਣੇ ਪੁੱਤਰਾਂ ਦੇ ਨਮੋਰੇ ਹੋਣ ਦਾ ਸੀ। ……… ਤੇ ਪੁੱਤ……… ਅੱਜ ਕੱਲ ਟਾਈਮ ਹੀ ਨਹੀਂ ਸੀ ਉਹਨਾਂ ਕੋਲ……… ਕੁਝ ਤਾਂ ਦਿਨ ਰਾਤ ਸ਼ਰਾਬ, ਗੋਲੀਆਂ, ਸਮੈਕ, ਟੀਕਿਆਂ ਵਿਚ ਹੀ ਰੁੱਝੇ ਰਹਿੰਦੇ ਸਨ……… ਕੁਝ ਲਈ ਸਾਰਾ ਦਿਨ ਕੁੜੀਆਂ ਮਗਰ ਧੱਕੇ ਖਾਣਾ ਹੀ ਸਭ ਤੋਂ ਵੱਡਾ ਕੰਮ ਸੀ……… ਤੇ ਕੁਝ ਵਿਚਾਰਿਆਂ ਨੂੰ ਭੰਗੜੇ ਤੇ ਹੋਰ ਨਾਚ ਗਾਣੇ ਤੋਂ ਹੀ ਫੁਰਸਤ ਨਹੀਂ ਮਿਲਦੀ ਸੀ ਕਿ ਕੁਝ ਹੋਰ ਸੋਚ ਸਕਣ। ਸਭ ਕਾਸੇ ਤੋਂ ਅੱਕੇ ਹੋਏ ਪੰਜਾਬ ਨੇ ਅੱਜ ਭਰੇ ਮਨ ਨਾਲ ਆਪਣੇ ਪੁੱਤਰਾਂ ਨੂੰ ਇਕ ਚਿੱਠੀ ਲਿਖਣੀ ਸ਼ੁਰੂ ਕੀਤੀ ਤਾਂ ਕਿ ਆਪਣੇ ਸਾਰੇ ਦੁੱਖ ਦਰਦ ਪੁੱਤਰਾਂ ਮੂਹਰੇ ਰੱਖ ਸਕੇ, “ਲਿਖਤੁਮ ਪੰਜਾਬ ਸਿੰਘ, ਮੇਰੇ ਪੁੱਤਰੋ ਮੈਂ ਇੱਥੇ ਰਾਜੀ ਖੁਸ਼ੀ (ਭਾਵੇਂ ਰਾਜੀ ਖੁਸ਼ੀ ਲੁੱਟੀ ਜਾ ਚੁੱਕੀ ਸੀ, ਪਰ ਉਹ ਸ਼ੁਰੂ ਵਿਚ ਹੀ ਨਹੀਂ ਲਿਖਣੀ ਚਾਹੁੰਦਾ ਸੀ) ਹਾਂ, ਆਸ ਕਰਦਾਂ ਹਾਂ ਕਿ ਤੁਸੀਂ ਸਾਰੇ ਵੀ ਚੜ੍ਹਦੀ ਕਲਾ ਵਿਚ ਹੋਵੋਗੇ। ਕਈ ਸਾਲ ਪਹਿਲਾਂ ਮੱਥਾ ਟੇਕ ਕੇ ਗਏ ਮੇਰੇ ਪੁੱਤਰੋ, ਪਿਆਰ ਨਾਲ ਸਾਰਿਆਂ ਦੇ ਸਿਰ ਪਲੋਸਦਾ ਹਾਂ ਤੇ ਮੱਥੇ ਚੁੰਮਦਾ ਹਾਂ। ਅੱਗੇ ਸਮਾਚਾਰ ਇਹ ਹੈ ਕਿ ਪੁੱਤਰੋ ਮੇਰਾ ਦਿਲ ਤੁਹਾਨੂੰ ਸਾਰਿਆਂ ਨੂੰ ਜੱਫੀ ਪਾਉਣ ਨੂੰ ਕਰਦਾ ਹੈ, ਇਸੇ ਲਈ ਅੱਜ ਤੁਹਾਨੂੰ ਸੱਦੇ ਦੀ ਚਿੱਠੀ ਪਾਉਣ ਲੱਗਾ ਹਾਂ। ਪੁੱਤਰੋ ਤੁਸੀਂ ਤਾਂ ਬਾਪੂ ਨੂੰ ਜਵਾਂ ਈ ਵਿਸਾਰ ਦਿੱਤਾ। 10-12 ਸਾਲਾਂ ਤੋਂ ਮੰਜੇ ‘ਤੇ ਪਿਆ ਨਿੱਤ ਦਿਨ ਮਰ ਰਿਹਾ ਹਾਂ, ਪਰ ਤੁਸੀਂ ਜਿਉਂਦਿਆਂ ਨੇ ਕਦੇ ਵੀ ਸਾਰ ਨਹੀਂ ਲਈ। ਕੀ ਤੁਹਾਨੂੰ ਯਾਦ ਵੀ ਹੈ ਕਿ ਤੁਹਾਡਾ ਕੋਈ ਪੰਜਾਬ ਸਿੰਘ ਨਾਮ ਦਾ ਬਾਪੂ ਹੈ? ਸੋਚਦਾ ਸੀ ਕਿ ਮਰਦੇ ਦਮ ਤੱਕ ਬੋਲਾਂਗਾ ਨਹੀਂ, ਬੰਦੇ ਬਹਾਦਰ ਵਾਂਗ ਜੰਮੂਰਾਂ ਨਾਲ ਮਾਸ ਖਿਚਵਾ ਲਵਾਂਗਾ, ਮਨੀ ਸਿੰਘ ਵਾਂਗ ਬੰਦ ਬੰਦ ਕਟਵਾ ਲਵਾਂਗਾ, ਪਰ ਜ਼ਾਲਮ ਅੱਗੇ ਝੁਕਾਂਗਾ ਨਹੀਂ ਤੇ ਸੱਚ ਜਾਣਿਓ ਅਜੇ ਤੱਕ ਝੁਕਿਆ ਵੀ ਨਹੀਂ, ਪਰ ਅੱਜ ਪੀੜ ਏਨੀ ਵਧ ਗਈ ਕਿ ਨਾ ਸਹਾਰਦਾ ਹੋਇਆ ਤੁਹਾਨੂੰ ‘ਵਾਜ ਮਾਰ ਰਿਹਾ ਹਾਂ, ਬੁੱਢੇ ਬਾਪ ਦੀ ਡੰਗੋਰੀ ਪੁੱਤਰ ਹੀ ਹੁੰਦੇ ਨੇ ਮੇਰੇ ਬੱਚਿਓ, ਤੁਹਾਡੇ ਬਿਨਾ ਬਾਪੂ ਦੇ ਦੁੱਖ ਕਿਸੇ ਨਹੀਂ ਵੰਡਾਉਣੇ, ਕਿਸੇ ਨੇ ਵੈਦ ਕੋਲ ਨਹੀਂ ਲਿਜਾਣਾ, ਮਰ ਰਹੇ ਬਾਪੂ ਨੂੰ ਤੁਹਾਡੀ ਲੋੜ ਹੈ ਪੁੱਤਰੋ……………… ਐਸਾ ਸਮਾਂ ਮੇਰੇ ‘ਤੇ ਪਹਿਲੀ ਵਾਰ ਨਹੀਂ ਆਇਆ, ਇਸ ਤੋਂ ਵੀ ਵੱਡੀਆਂ ਮਾਰਾਂ ਝੱਲੀਆਂ ਨੇ, ਪਰ ਮੇਰੇ ਯੋਧੇ ਪੁੱਤਰਾਂ ਨੇ ਕਦੇ ਮੇਰਾ ਸਾਥ ਨਹੀਂ ਛੱਡਿਆ। 1699 ਦੀ ਵਿਸਾਖੀ ਨੂੰ, ਪਾਤਸ਼ਾਹਾਂ ਦੇ ਪਾਤਸ਼ਾਹ, ਸੰਤ ਸਿਪਾਹੀ, ਅਣਖੀਲੇ ਜਰਨੈਲ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਹੜੀ ਕਿਰਪਾਨ ਤੁਹਾਡੇ ਹੱਥ ਫੜਾਈ ਸੀ ਓਸ ਨਾਲ ਤੁਸੀਂ ਵੱਡੀਆਂ ਮਾਰਾਂ ਮਾਰੀਆਂ ਹਨ। ਜ਼ਾਲਮਾਂ ਨੂੰ ਮੂੰਹ ਤੋੜ ਜਵਾਬ ਦਿੱਤੇ ਹਨ। ਜ਼ੁਲਮਾਂ ਦੀਆਂ ਹਨੇਰੀਆਂ ਅੱਗੇ ਤੁਸੀਂ ਫੌਲਾਦ ਦੀਆਂ ਦੀਵਾਰਾਂ ਬਣ ਕੇ ਖੜ੍ਹੇ ਤੇ ਬਾਪੂ ਦੀ ਸ਼ਾਨ ਨੂੰ ਕਦੇ ਵੱਟਾ ਨਹੀਂ ਲੱਗਣ ਦਿੱਤਾ। ਮੇਰੇ ਸੂਰਮੇ ਪੁੱਤਰਾਂ ਨੇ ਕਦੇ ਵੀ ਮੈਨੂੰ ਗੁਲਾਮ ਨਹੀਂ ਰਹਿਣ ਦਿੱਤਾ। ਲੱਖਾਂ ਕੁਰਬਾਨੀਆਂ ਵੀ ਉਹਨਾਂ ਮੇਰੀ ਆਜ਼ਾਦੀ ਤੋਂ ਸਸਤੀਆਂ ਸਮਝੀਆਂ। ਬਾਬਾ ਦੀਪ ਸਿੰਘ ਤੋਂ ਲੈ ਕੇ ਦਿਲਾਵਰ ਸਿੰਘ ਤੱਕ ਸਾਰੇ ਸਿਰਲੱਥ ਯੋਧੇ ਮੇਰੀ ਆਨ, ਬਾਨ ਤੇ ਸ਼ਾਨ ਲਈ ਸੀਸ ਤਲੀ ‘ਤੇ ਧਰ ਕੇ ਜੂਝੇ। ਮੇਰੇ ਪੁੱਤਰੋ, ਕੀ ਤੁਹਾਨੂੰ ਭੁੱਲ ਗਿਐ? ਸਭਰਾਵਾਂ ਦੇ ਮੈਦਾਨ ਵਿਚ ਘੋੜੇ ‘ਤੇ ਸਵਾਰ ਕਿਰਪਾਨ ਨਾਲ ਤੋਪਾਂ ਦਾ ਮੁਕਾਬਲਾ ਕਰ ਰਿਹਾ ਚਿੱਟੇ ਨੂਰਾਨੀ ਦਾਹੜੇ ਵਾਲਾ ਜਰਨੈਲ, ਪੰਜਾ ਸਾਹਿਬ ਰੇਲ ਗੱਡੀ ਦੇ ਮੂਹਰੇ ਤੇ ਨਨਕਾਣਾ ਸਾਹਿਬ ਜੰਡਾਂ ਨਾਲ ਬੰਨ੍ਹ ਕੇ ਸਾੜੇ ਜਾ ਰਹੇ ਸਿੰਘ ਤੁਹਾਨੂੰ ਚੇਤੇ ਨਹੀਂ, ਗੁਰੂ ਕੇ ਬਾਗ, ਜੈਤੋ ਦੇ ਮੋਰਚੇ ਤੇ ਬਜ ਬਜ ਘਾਟ ‘ਤੇ ਜ਼ਾਲਮ ਹਾਕਮਾਂ ਮੂਹਰੇ ਹਿੱਕਾਂ ਤਾਣ ਕੇ ਖੜ੍ਹੇ ਯੋਧੇ ਵੀ ਤੁਹਾਡੇ ਹੀ ਪੁਰਖੇ ਸਨ। ਜਦੋਂ ਸਾਡੇ ਗੁਆਂਢੀ ਅਹਿੰਸਾਵਾਦੀ ਹੋਣ ਦਾ ਨਕਾਬ ਪਹਿਨੀ ਬੈਠੇ ਕਾਇਰ ਲੋਕ ਗੋਰਿਆਂ ਨਾਲ ਗੁਪਤ ਸਮਝੌਤੇ ਕਰ ਰਹੇ ਸਨ ਤਾਂ ਠੀਕ ਉਸੇ ਵੇਲੇ ਕਾਲੇ ਪਾਣੀ ਦੀਆਂ ਉਮਰ ਕੈਦਾਂ ਤੇ ਲਾਹੌਰ ਦੀਆਂ ਫਾਂਸੀਆਂ ਚੁੰਮਣ ਵਾਲੇ ਵੀ ਤੁਹਾਡੀ ਇਸੇ ਧਰਤੀ ਦੇ ਜਾਏ ਸਨ। 47 ਤੋਂ ਬਾਅਦ ਦਾ ਇਤਿਹਾਸ ਤਾਂ ਚਲੋ ਅਗਲਿਆਂ ਨੇ ਤੁਹਾਨੂੰ ਪੜ੍ਹਣ ਨਈ ਦਿੱਤਾ ਪਰ ਕੀ 47 ਤੋਂ ਪਹਿਲਾਂ ਦਾ ਇਤਿਹਾਸ ਵੀ ਭੁੱਲ ਗਏ? ……… ਤੇ ਫੇਰ ਮੇਰੇ ਪੁੱਤਰੋ 47 ਵੇਲੇ ਤੁਹਾਡੇ ਬਾਪੂ ਨੂੰ ਵਿਚਾਲੋਂ ਚੀਰ ਕੇ ਦੇਸ਼ ਦੇ ਹਾਕਮਾਂ ਨੇ ਆਪਣੀ ਆਜ਼ਾਦੀ ਮਨਾਈ। ਮੈਂ ਬਹੁਤ ਰੋਇਆ, ਕੁਰਲਾਇਆ ਨਨਕਾਣੇ ਤੋਂ ਵਿਛੁੱੜ ਕੇ, ਪਰ ਕਿਸੇ ਨੇ ਇੱਕ ਨਾ ਸੁਣੀ। ਗੋਰੇ ਜ਼ਾਲਮਾਂ ਪਿੱਛੋਂ ਹੁਣ ਤਾਕਤ ਕਾਲੇ ਜ਼ਾਲਮਾਂ ਹੱਥ ਆ ਗਈ। ਬਟਵਾਰੇ ਵੇਲੇ ਲੱਖਾਂ ਪੁੱਤ ਧੀਆਂ ਦੀ ਮੌਤ ਤੇ ਵਿਛੋੜੇ ਨੂੰ ਹੌਲੀ-ਹੌਲੀ ਭੁਲਾ ਕੇ ਮੈਂ ਅੱਗੇ ਵਧਣ ਦਾ ਯਤਨ ਕੀਤਾ, ਪਰ……… ਆਜ਼ਾਦੀ ਤੋਂ 30 ਸਾਲ ਬਾਅਦ ਤਕ ਮੈਂ ਅਣਗਿਣਤ ਦੁੱਖ ਤਸੀਹੇ ਝੱਲੇ, ਪਰ ਜਦੋਂ ਅੱਤ ਹੋ ਗਈ ਤਾਂ ਮੈਂ ਆਪਣੇ ਪੁੱਤਰਾਂ ਨੂੰ ਮਦਦ ਲਈ ਆਵਾਜ ਮਾਰੀ, ਮੇਰੇ ਪੁੱਤਰ ਘਰਾਂ ਦਾ ਮੋਹ ਤਿਆਗ, ਸਭ ਸੁਖ ਆਰਾਮ ਛੱਡ ਮੇਰੀ ਇਕ ਆਵਾਜ ਸੁਣ ਕੇ ਦੌੜੇ ਆਏ। ਮੇਰੇ ਇਕ ਪੁੱਤਰ ਨੇ ਮੇਰੀ ਆਵਾਜ ਬਾਕੀ ਸਾਰਿਆਂ ਤੱਕ ਉੱਚੀ ਬੋਲ ਕੇ ਪੁਚਾਈ, ਉਸ ਕਿਹਾ, “ਮੈਂ ਸਰੀਰ ਦੇ ਮਰਨ ਨੂੰ ਮੌਤ ਨਈ ਗਿਣਦਾ, ਜ਼ਮੀਰ ਦਾ ਮਰਨਾ ਅਸਲੀ ਮੌਤ ਹੈ…………… ਅਸੀਂ 1947 ‘ਚ ਟੋਪੀ ਤੇ ਜਨੇਊ ਨੂੰ ਆਜ਼ਾਦ ਕਰਵਾਇਐ, ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਵਾਉਣੀ ਐ, ਇਹ ਗੁਲਾਮੀ ਦੇ ਸੰਗਲ ਨਹੀ ਰਹਿਣ ਦੇਣੇ”। ਉਸ ਦੀ ਇਹ ਆਵਾਜ ਸੁਣ ਕੇ ਮੇਰੇ ਲੱਖਾਂ ਪੁੱਤ ਮੇਰੀ ਆਜ਼ਾਦੀ ਲਈ ਜੂਝਣ ਵਾਸਤੇ ਆ ਗਏ, ਪਰ………………, ‘ਦੁਸ਼ਮਨ ਬਾਤ ਕਰੇ ਅਣਹੋਣੀ’ਜੰਗ ਦੇ ਸਾਰੇ ਅਸੂਲ ਛਿੱਕੇ ਟੰਗਦੇ ਹੋਏ ਦੁਸ਼ਮਨ ਨੇ ਟੈਕਾਂ ਤੋਪਾਂ ਨਾਲ ਮੇਰਾ ਸੀਨਾ ਛਲਣੀ ਕਰ ਦਿੱਤਾ, ਮੇਰਾ ਤਖਤ ਢਾਹ ਦਿੱਤਾ, ਦੁਨੀਆਂ ਨੂੰ ਖੇੜੇ ਵੰਡਦੀ ‘ਹਰਿਮੰਦਰ’ ਦੀ ਕੁੱਖ ਗੋਲੀਆਂ ਨਾਲ ਵਿੰਨ੍ਹ ਦਿੱਤੀ……… ਓਸ ਤੋਂ ਪਿੱਛੋਂ 10-11 ਸਾਲ ਲਗਾਤਾਰ ਕਹਿਰ ਦੀ ਹਨੇਰੀ ਵਗੀ……… ਮੇਰੇ ਲੱਖਾਂ ਪੁੱਤ……… ਪੁੱਤਰਾਂ ਦੇ ਦੁੱਖ ਬਹੁਤ ਬੁਰੇ ਹੁੰਦੇ ਨੇ ਓ ਪੁੱਤਰਾਂ ਵਾਲਿਓ……… ਕਿਸੇ ਦਾ ਇਕ ਜਵਾਨ ਪੁੱਤ ਮਰ ਜਾਵੇ, ਜਿਉਣਾ ਮੁਸ਼ਕਿਲ ਹੋ ਜਾਂਦੈ……… ਮੇਰੇ ਤਾਂ ਦੋ ਲੱਖ ਪੁੱਤ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤੇ……… ਹਾਏ ਮੇਰੇ ਜਿਗਰ ਦੇ ਟੋਟੇ……… ਮੇਰੇ ਦਿਲ ਦੇ ਟੁਕੜੇ……… ਹਾਏ ਓ ਰੱਬਾ ਕੀਹਦੇ ਗਲ ਲੱਗ ਕੇ ਰੋਵਾਂ……… ਕੋਈ ਪੀੜ ਵੰਡਾਉਣ ਵਾਲਾ ਵੀ ਨਈ……… ਓ ਥੋਡਾ ਕੱਖ ਨਾ ਰਹੇ ਜ਼ਾਲਮੋਂ……… ਤੁਸੀਂ ਰਤਾ ਤਰਸ ਨਾ ਖਾਧਾ ਮੇਰੇ ਮਸੂਮ ਪੁੱਤਰਾਂ………” ਚਿੱਠੀ ਲਿਖਦਾ ਲਿਖਦਾ ਪੰਜਾਬ ਉੱਚੀ ਉੱਚੀ ਰੋਣ ਲੱਗ ਪਿਆ, ਉਸ ਨੇ ਖੇਸ ਉੱਤੇ ਲੈ ਲਿਆ ਤੇ ਸਭ ਕੁਝ ਭੁੱਲ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਪੀੜਾਂ ‘ਤੇ ਚੀਸਾਂ ਨੇ ਉਸ ਨੂੰ ਤੜਪਾ ਰੱਖਿਆ ਸੀ। ਕੁਝ ਸਮਾਂ ਪਏ ਰਹਿਣ ਤੋਂ ਪਿੱਛੋਂ ਉਸ ਨੂੰ ਕੋਈ ਗਾਉਂਦਾ ਸੁਣਾਈ ਦਿੱਤਾ, ਕੋਈ ਸੁਰੀਲੀ ਆਵਾਜ ਵਿਚ ਗਾ ਰਿਹਾ ਸੀ,“ਹੱਸ ਖੋਪਰੀ ਲੁਹਾ ਕੇ ਕਹੇ ਮੈਂ ਜਿੱਤ ਗਿਆ, ਬੰਦ ਬੰਦ ਕਟਵਾ ਕੇ ਕਹੇ ਮੈਂ ਜਿੱਤ ਗਿਆ,ਬੱਚੇ ਸੂਲੀ ‘ਤੇ ਟੰਗਾ ਕੇ ਕਹੇ ਮੈਂ ਜਿੱਤ ਗਿਆ, ਵੱਟ ਮੁੱਛ ਦਾ ਨਈ ਕਦੇ ਲੱਥਦਾ ਜਨਾਬ ਦਾ,ਰਹੇ ਜੁੱਗੋ ਜੁੱਗ ਜਿਉਂਦਾ ਗੱਭਰੂ ਪੰਜਾਬ ਦਾ………,ਰੱਸੇ ਫਾਂਸੀਆਂ ਦੇ ਹੱਸ ਹੱਸ ਚੁੰਮਦਾ, ਚੱਕੇ ਇੰਜਣਾ ਦੇ ਨੱਸ ਨੱਸ ਚੁੰਮਦਾ,ਤੇਗ ਜੇਤੂਆ ਇਹ ਦੱਸ ਦੱਸ ਚੁੰਮਦਾ, ਰਹੇ ਦੇਸ਼ ਮੇਰਾ ਜਿਉਂਦਾ ਫੁੱਲ ਜਿਉਂ ਗੁਲਾਬ ਦਾ,ਰਹੇ ਜੁੱਗੋ ਜੁੱਗ ਜਿਉਂਦਾ ਗੱਭਰੂ ਪੰਜਾਬ ਦਾ………………” ਉਹ ਮੁੜ ਉੱਠਿਆ, ਆਪਣੇ ਜਿਉਂਦੇ ਪੁੱਤਰਾਂ ਨੂੰ ਆਵਾਜ ਮਾਰਨ ਲਈ, ਮੁੜ ਉਸ ਨੇ ਚਿੱਠੀ ਲਿਖਣੀ ਸ਼ੁਰੂ ਕੀਤੀ, “ਤੁਸੀਂ ਪੁੱਤਰੋ ਲੋਕਾਂ ਦੀਆਂ ਇੱਜਤਾਂ ਦੇ ਰਾਖੇ, ਅੱਜ ਕਿਹੜੇ ਰਾਹ ਪੈ ਗਏ ਓ, ਤੁਸੀਂ ਭੋਲੇ, ਦੁਸ਼ਮਨ ਦੇ ਹਮਲਿਆਂ ਨੂੰ ਪਛਾਣ ਨਹੀਂ ਸਕੇ, ਦੁਸ਼ਮਨ ਜਾਣਦਾ ਸੀ ਕਿ ਇਹਨਾਂ ਨੂੰ ਹਥਿਆਰਾਂ ਨਾਲ ਮਾਰਿਆ ਜਾਂ ਮੁਕਾਇਆ ਨਈ ਜਾ ਸਕਦਾ, ਸੋ ਉਸ ਨੇ ਅਜਿਹੇ ਹਮਲੇ ਕੀਤੇ ਕਿ ਥੋਨੂੰ ਸਿਧਾਂਤ ਤੋਂ ਹੀ ਲਾਂਭੇ ਕਰ ਦਿੱਤਾ। ਆਜ਼ਾਦੀ ਦੀ ਲਹਿਰ, ਜਿਹੜੀ ਲੋਕ ਲਹਿਰ ਬਣ ਚੁੱਕੀ ਸੀ, ਨਾਲੋਂ ਲੋਕਾਂ ਦਾ ਮੋਹ ਤੋੜਣ ਲਈ ਉਹਨਾਂ ਨੂੰ ਪਾਸੇ ਉਲਝਾਇਆ ਗਿਆ। ਪੁੱਤਰੋ ਤੁਹਾਡਾ ਅਮੀਰ ਸੱਭਿਆਚਾਰ, ਹੱਕ ਸੱਚ ਲਈ ਮਰਨ ਦਾ, ਆਜ਼ਾਦੀ ਲਈ ਜੂਝਣ ਦਾ, ਇੱਜ਼ਤਾਂ ਅਣਖਾਂ ਲਈ ਕੁਰਬਾਨ ਹੋਣ ਦਾ……… ਤੁਹਾਨੂੰ ਭੁਲਾ ਦਿੱਤਾ ਦੁਸ਼ਮਨ ਨੇ……… ਤੇ ਗੰਦਾ ਲੱਚਰ ਅਸੱਭਿਆਚਾਰ ਲਿੱਪ ਪੋਚ ਕੇ ਤੁਹਾਡੇ ਮੂਹਰੇ ਪਰੋਸ ਦਿੱਤਾ। ਤੁਸੀਂ ਪਛਾਣ ਨਈ ਸਕੇ ਮੇਰੇ ਪੁੱਤਰੋਂ……… ਹਰੇਕ ਕੌਮ ਦੇ ਆਪੋ ਆਪਣੇ ਨੱਚ ਹੁੰਦੇ ਹਨ, ਪਰ ਪੁੱਤਰੋ ਨਾਚ ਕਦੇ ਵੀ ਕੌਮਾਂ ਦੀ ਪਛਾਣ ਨਈ ਬਣਾਉਂਦੇ……… ਤੇ ਇਹ ਕੋਈ ਨਚਾਰਾਂ ਦੀ ਕੌਮ ਵੀ ਨਈ……… ਹਾਂ ਜੇ ਖੰਡੇ ਦੀਆਂ ਧਾਰਾਂ ਤੇ ਤਲਵਾਰ ਦੀਆਂ ਨੋਕਾਂ ‘ਤੇ ਨੱਚੋ ਤਾਂ ਵੱਖਰੀ ਗੱਲ ਹੈ……… ਨਾਲੇ ਨਾਚ ਖੁਸ਼ੀਆਂ ਵਿਚ ਚੰਗੇ ਲੱਗਦੇ ਨੇ ਪੁੱਤਰੋ……… ਪਰ ਜਿਹੜੀ ਕੌਮ ਦੇ ਲੱਖਾਂ ਨਿਰਦੋਸ਼ੇ ਗੱਭਰੂ ਅੱਤਵਾਦੀ ਕਹਿ ਕੇ ਮਾਰ ਦਿੱਤੇ ਗਏ ਹੋਣ ਉਸ ਨੂੰ ਨੱਚਣਾ ਸੋਭਦਾ ਨਈ……… ਕੀ ਤੁਹਾਨੂੰ ਨਹੀਂ ਪਤਾ ………ਬਈ ਤੁਹਾਡੇ ਦੋ ਲੱਖ ਮਾਂ ਜਾਏ ਭਰਾ, ਆਜ਼ਾਦੀ ਤੋਂ ਲੈ ਕੇ ਅੱਜ ਤੱਕ, ਅਗਲਿਆਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੀਤੇ ਜਾ ਰਹੇ ਨਰ ਮੇਧ ਯੱਗ ਵਿਚ ਬਲੀ ਚੜ੍ਹਾ ਦਿੱਤੇ ਨੇ। ……… ਤੇ ਆਹ ਜਿਹੜਾ ਲੱਚਰ ਜਿਹਾ ਗੌਣ ਪਾਣੀ ਦਿਨ ਰਾਤ ਚੱਲ ਰਿਹੈ ਨਾ, ਇਸ ਨੇ ਵੀ ਤੁਹਾਨੂੰ ਆਪਣੇ ਵਿਰਸੇ ਤੋਂ ਦੂਰ ਕਰ ਦਿੱਤਾ ਹੈ। ਸੰਗੀਤ ਦਾ ਰੁਤਬਾ ਬਹੁਤ ਉੱਚਾ ਹੈ, ਸੰਗੀਤ ਨੂੰ ਕਦੇ ਵੀ ਮਾੜਾ ਨਹੀਂ ਕਿਹਾ ਜਾ ਸਕਦਾ, ਪਰ ਪੁੱਤਰੋ ਇਹ ਜੋ ਅੱਜ ਕੱਲ ਚੱਲ ਰਿਹੈ, ਇਹ ਸੰਗੀਤ ਨਹੀਂ, ਸੰਗੀਤ ਦੇ ਨਾਂ ‘ਤੇ ਰੌਲਾ ਰੱਪਾ ਹੈ। ਸੰਗੀਤ ਸਾਨੂੰ ਪ੍ਰਮਾਤਮਾਂ ਨਾਲ ਵੀ ਜੋੜ ਸਕਦੈ, ਪਰ ਇਹ ਸਾਰਾ ਦਿਨ ਤੁਹਾਨੂੰ ਕੀ ਸੁਣਾ ਰਹੇ ਨੇ……… ਮੇਰਾ ਦਿਲ ਪੁੱਛਿਆਂ ਜਾਣਦੈ ਪੁੱਤਰੋ ਜਦੋਂ ਕਿਤੇ ਮੈਂ ਥੋਡੇ ਅੱਜ ਕੱਲ ਦੇ ਆਹ ਗੀਤ ਸੁਣਦਾ ਹਾਂ……… ਮੈਨੂੰ ਲੁਕਣ ਨੂੰ ਥਾਂ ਨ੍ਹੀ ਲੱਭਦੀ ਜਦੋਂ ਮੈਂ ਆਪਣੇ ਜਾਇਆਂ ਨੂੰ ਆਪਣੀਆਂ ਭੈਣਾਂ ਦੇ ਹੱਥ ਫੜ੍ਹ ਕੇ ‘ਤੇਰੇ ‘ਚ ਤੇਰਾ ਯਾਰ ਬੋਲਦਾ’ ਗਾਣੇ ‘ਤੇ ਨੱਚਦੇ ਵੇਖਦਾਂ……… ਨਾ ਮੇਰੇ ਪੁੱਤਰੋ ਸੰਭਲੋ……… ਇਹ ਤੁਹਾਨੂੰ ਸੋਭਦਾ ਨਈ……… ਇਹ ਗਾਇਕ ਤਾਂ ਕਹਿੰਦੇ ਕਿ ਤੁਸੀਂ ਸਾਰਾ ਦਿਨ ਕੁੜੀਆਂ ਦੇ ਪਿੱਛੇ ਹੀ ਲੜਦੇ ਰਹਿੰਦੇ ਓ……… ਕੀ ਇਹ ਸੱਚ ਐ ਪੁੱਤਰੋ……… ਯਕੀਨ ਨ੍ਹੀ ਆਉਂਦਾ ਤਾਂ ਸੁਣ ਲਓ……… ‘ਕਾਲਜ ‘ਚ ਕੁੰਡੀਆਂ ਦੇ ਸਿੰਗ ਫਸਗੇ ਨੀ ਇਕ ਤੇਰੇ ਕਰਕੇ’……… ‘ਤੇਰਾ ਹੁਸਨ ਇਹ ਕਤਲ ਕਰਾ ਦੂ ਗੱਭਰੂ ਪੰਜ ਦਰਿਆਵਾਂ ਦੇ’……… ਮੈਂ ਥੋਨੂੰ ਪੁੱਛਦਾਂ ਮੇਰੇ ਪੁੱਤਰੋ, ਕੀ ਪੰਜ ਦਰਿਆਵਾਂ ਦੇ ਗੱਭਰੂਆਂ ਨੂੰ ਬੱਸ ਆਹੀ ਕੰਮ ਰਹਿ ਗਿਆ ਸੀ? ……… ਉਹ ਵੀ ਦਿਨ ਸਨ ਜਦੋਂ ਕਾਬਲ ਦੀਆਂ ਪਠਾਣੀਆਂ ਮੇਰੇ ਅਣਖੀਲੇ ਪੁੱਤ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਲੈ ਕੇ ਆਪਣੇ ਬੱਚਿਆਂ ਨੂੰ ਸਵਾਉਂਦੀਆਂ ਸਨ……… ਪਰ ਅੱਜ ਨਲੂਏ ਦੇ ਵਾਰਸ……… ਮਾਫ ਕਰਨਾ ਪੁੱਤਰੋ ਤੁਸੀਂ ਨਲੂਏ ਦੇ ਵਾਰਸ ਅਖਵਾਉਣ ਦੇ ਹੱਕਦਾਰ ਨਹੀਂ……… ਤੁਹਾਡੀ ਦਸਤਾਰਾਂ ਵਲਿਆਂ ਦੀ ਪਛਾਣ ਹਿੰਦੋਸਤਾਨ ਦੀ ਲੁੱਟੀ ਜਾ ਰਹੀ ਪੱਤ ਬਚਾਉਣ ਵਿਚ ਹੁੰਦੀ ਸੀ ……… ਯਾਦ ਹੈ ਘਰਾਂ ਵਿਚ ਲੁਕੀਆਂ ਹੋਈਆਂ ਬੀਬੀਆਂ ਜਦੋਂ ਕਿਸੇ ਚੋਲੇ ਦੁਮਾਲੇ ਵਾਲੇ ਸਿੰਘ ਨੂੰ ਵੇਖ ਲੈਂਦੀਆਂ ਸਨ ਤਾਂ ਕੀ ਕਹਿੰਦੀਆਂ ਸਨ, “ਆਏ ਨੀ ਨਿਹੰਗ ਬੂਹੇ ਖੋਲ ਦਿਉ ਨਿਸ਼ੰਗ”ਉਹਨਾਂ ਨੂੰ ਪਤਾ ਸੀ ਕਿ ਦਸਤਾਰਾਂ ਵਾਲੇ ਸਾਡੀਆਂ ਇੱਜਤਾਂ ਦੇ ਰਾਖੇ ਹਨ……… ਤੇ ਅੱਜ, ਥੋਡੀ ਪੱਗ ਵੀ ਬਦਨਾਮ ਕਰ ਦਿੱਤੀ ਐ ਪੁੱਤਰੋ……… ‘ਆਗੇ ਪੱਗਾਂ ਪੋਚਵੀਆਂ ਵਾਲੇ, ਨੀ ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲੀਏ’……… ਸੰਭਲੋ ਮੇਰੇ ਪੁੱਤਰੋ ਸੰਭਲੋ……… ਤੁਹਾਨੂੰ ਸ਼ਰਾਬੀ ਬਣਾ ਕੇ ਦੁਨੀਆਂ ਮੂਹਰੇ ਪੇਸ਼ ਕੀਤਾ ਜਾ ਰਿਹਾ ਹੈ……… ਮਿੱਤਰਾਂ ਦੀ ਮੋਟਰ ਹੁਣ ਜੁਝਾਰੂਆਂ ਦੀ ਠਾਹਰ ਨਹੀਂ ਰਹੀ ਉੱਥੇ ਤਾਂ ਰੋਜ ‘ਕੱਚ ਦੀ ਗਲਾਸੀ’ ਖੜਕਦੀ ਐ……… ਕੀ ‘ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ’ ਹੀ ਥੋਡੀ ਪਛਾਣ ਐਂ……… ਅਖੇ ‘ਜੇ ਪੀਣੀ ਛੱਡ ਤੀ ਜੱਟਾਂ ਨੇ ਫਿਰ ਕੌਣ ਮਾਰੂ ਲਲਕਾਰੇ’ ਥੋਡੇ ਲਲਕਾਰਿਆਂ ਤੋਂ ਹੁਣ ਕੋਈ ਨੀ ਡਰਦਾ ………ਕੀ ਹੁਣ ਦੁਨੀਆਂ ਸਾਨੂੰ ਸਿਰਫ ਸ਼ਰਾਬ ਕਰਕੇ ਹੀ ਜਾਣੇਗੀ……… ਲੋਕ ਕਿਹਾ ਕਰਨਗੇ ਕਿ ਇਕ ਕੌਮ ਹੁੰਦੀ ਸੀ ਜਿਸਦੇ ਪੁਰਖੇ ਤਾਂ ਲੋਕਾਂ ਲਈ ਜੂਝਦੇ ਸ਼ਹੀਦ ਹੋ ਗਏ, ਪਰ ਉਸ ਦੇ ਅੰਤਲੇ ਸਮੇਂ ਦੇ ਲੋਕ ਸ਼ਰਾਬ ਦੇ ਦਰਿਆਵਾਂ ਵਿਚ ਰੁੜ ਕੇ ਮਰ ਗਏ ਤੇ ਕੌਮ ਖਤਮ ਹੋ ਗਈ……… ਲਾਂਭਾਂ ਥੋਨੂੰ ਨਹੀਂ ਪੁੱਤਰੋ ਥੋਡੇ ਬਾਪੂ ਨੂੰ ਐਂ……… ਕਲਗੀਂ ਵਾਲੇ ਪਾਤਸ਼ਾਹ ਨੂੰ ……… ਬਾਬੇ ਨਾਨਕ ਨੂੰ ……… ਤੇ ਲਾਂਭੇ ਦੁਆਉਣ ਵਾਲੇ ਤੁਸੀਂ ਓ……… ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ ਤੇ ਉਹ ਅੱਗੋਂ ਭੰਗੜੇ ਪਾ ਰਿਹਾ ਹੋਵੇ ਤਾਂ ਲੋਕ ਉਸ ਨੂੰ ਪਾਗਲ ਹੀ ਕਹਿੰਦੇ ਨੇ……… ਸਾਡੇ ਘਰ ਨੂੰ ਵੀ ਅੱਗ ਲੱਗੀ ਹੋਈ ਐ ਮੇਰੇ ਪੁੱਤਰੋ……… ਸਾਨੂੰ ਖੁਸ਼ਹਾਲ ਕਰਨ ਵਾਲੀ ਕਿਰਸਾਨੀ ਦਾ ਲੱਕ ਟੁੱਟ ਚੁੱਕਾ ਹੈ……… ਮੇਰੀ ਧਾਹ ਨਿਕਲ ਜਾਂਦੀ ਐ ਜਦ ਮੈਂ ਆਪਣੇ ਕਿਸੇ ਪੁੱਤ ਨੂੰ ਗਲ ਵਿਚ ਫਾਹਾ ਪਾਈ ਕਿਸੇ ਦਰੱਖਤ ‘ਤੇ ਲਟਕਦਾ ਦੇਖਦਾ ਹਾਂ……… 2200 ਦੇ ਕਰੀਬ ਮੇਰੇ ਪੁੱਤ ਕਰਜਿਆਂ ਦੇ ਬੋਝ ਨਾ ਸਹਾਰਦੇ ਹੋਏ ਖੁਦਕੁਸ਼ੀਆਂ ਕਰ ਗਏ ਨੇ……… ਮੈਂ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਬਚਾ ਨਹੀਂ ਸਕਿਆ……… ਆਪਣੀਆਂ ਧੀਆਂ ਨਾਲ ਵੀ ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ……… ਮੇਰੀਓ ਬੱਚੀਓ……… ਤੁਹਾਨੂੰ ਯਾਦ ਐ……… ਗੁਰੂ ਨੂੰ ਬੇਦਾਵਾ ਲਿਖ ਕੇ ਆਏ ਸਿੰਘਾਂ ਨੂੰ ਮਾਤਾ ਭਾਗ ਕੌਰ ਨੇ ਵਾਪਸ ਗੁਰੂ ਦੀ ਸ਼ਰਨ ਵਿਚ ਮੋੜ ਲਿਆਂਦਾ ਸੀ……… ਕਿਤੇ ਮਾਤਾ ਖੀਵੀ, ਬੀਬੀ ਭਾਨੀ, ਮਾਤਾ ਗੁਜ਼ਰੀ ਨੂੰ ਭੁੱਲ ਤਾਂ ਨਹੀਂ ਗਈਆਂ……… ਪਹਿਰਾਵਾ ਥੋਡੀ ਪਛਾਣ ਐਂ ਮੇਰੀਓ ਬੱਚੀਓ……… ਸਿਰ ‘ਤੇ ਚੁੰਨੀ ਤੇ ਪੂਰੇ ਤਨ ਨੂੰ ਢਕੇ ਹੋਏ ਕੱਪੜੇ……… ਭੜਕੀਲੇ ਤੇ ਤੰਗ ਕੱਪੜੇ ਤਾਂ ਮਾੜੀਆਂ ਔਰਤਾਂ ਪਾਉਂਦੀਆਂ ਨੇ……… ਲੋਕਾਂ ਨੂੰ ਭਰਮਾਉਣ ਲਈ……… ਤੁਸੀਂ ਮੇਰੀਓ ਬੱਚੀਓ……… ਜਿਨ੍ਹਾਂ ਨੂੰ ਬਾਬੇ ਨਾਨਕ ਨੇ ਐਡਾ ਵੱਡਾ ਰੁਤਬਾ ਦਿੱਤਾ……… ਦਸ਼ਮੇਸ਼ ਨੇ ‘ਕੌਰ’ ਦਾ ਖਿਤਾਬ ਬਖ਼ਸ਼ਿਆ……… ਗੁਰੂ ਵੱਲ ਪਿੱਠ ਨਾ ਕਰੋ……… ਸਟੇਜਾਂ ‘ਤੇ ਚੜ੍ਹ ਕੇ ਤਮਾਸ਼ਬੀਨਾਂ ਅੱਗੇ ਜਿਸਮਾਂ ਦੀ ਨੁਮਾਇਸ਼ ਨਾ ਲਗਾਓ……… ਗਜ਼ਨੀ ਦੇ ਬਜ਼ਾਰਾਂ ਵਿਚ ਔਰਤਾਂ ਜਦ ਟਕੇ ਟਕੇ ਨੂੰ ਵੇਚੀਆਂ ਜਾਂਦੀਆਂ ਸਨ ਤਾਂ ਜੋ ਔਰਤ ਵਿਕਣੋ ਰਹਿ ਜਾਂਦੀ ਸੀ ਉਸ ਦੇ ਸ਼ਰੇ ਬਜ਼ਾਰ ਹੌਲੀ ਹੌਲੀ ਕੱਪੜੇ ਲਾਹੇ ਜਾਂਦੇ ਸਨ ਤਾਂ ਕਿ ਚੰਗਾ ਮੁੱਲ ਮਿਲ ਸਕੇ……… ਤੁਸੀ ਮੇਰੀਓ ਧੀਓ ਕੋਈ ਮੰਡੀ ਵਿਚ ਵਿਕਣ ਵਾਲੀ ਚੀਜ ਨਹੀਂ……… ਘਰਾਂ ਦੀ ਇੱਜ਼ਤ ਹੋ……… ਅਗਾਹ ਵਧੋ ਪਰ ਕਦੇ ਵੀ ਬਾਪੂ ਦੀ ਪੱਗ ਨੂੰ ਦਾਗ ਨਾ ਲੱਗਣ ਦਿਓ……… ਤੁਸੀਂ ਕੱਜੇ ਸਿਰਾਂ ਨਾਲ ਹੀ ਸੋਹਣੀਆਂ ਲੱਗਦੀਆਂ ਓ……… ਤੁਹਾਨੂੰ ਪਤੈ ਮੇਰੀਓ ਬੱਚੀਓ ਅੱਜ ਸਾਡੇ ‘ਤੇ ਅਗਲੇ ਵੱਡਾ ਦੋਖਣ ਲਾ ਰਹੇ ਨੇ ਭਰੂਣ ਹੱਤਿਆ ਦਾ……… ਇਸ ਵਿਚ ਮਾਪਿਆਂ ਦੇ ਨਾਲ ਨਾਲ ਥੋੜਾ ਕਸੂਰ ਤੁਹਾਡਾ ਵੀ ਐ……… ਮਾਪੇ ਡਰਦੇ ਨੇ, ਕਿਉਂਕਿ ਅੱਜ ਕੱਲ ਸੜਕਾਂ ‘ਤੇ ਭੁੱਖੇ ਬਘਿਆੜ ਤੁਰੇ ਫਿਰਦੇ ਨੇ……… ਫਲਾਣੇ ਦੀ ਕੁੜੀ ਨਿਕਲ ਗਈ, ਕਿਹੜਾ ਮਾਂ ਪਿਉਂ ਇਹ ਬਦਨਾਮੀ ਝੱਲ ਸਕਦੈ……… ਬਚੋ ਮੇਰੀਓ ਬੱਚੀਓ ਆਹ ਫਾਲਤੂ ਦੇ ਇਸ਼ਕ, ਪਿਆਰ ਤੋਂ, ਇਸ਼ਕ ਕਰਨਾਂ ਹੈ ਤਾਂ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਕਰੋ, ਪਿਆਰ ਕਰਨਾ ਹੈ ਤਾਂ ਆਪਣੀ ਧਰਤੀ ਨੂੰ ਕਰੋ……… ਮੈਂ ਆਪਣੀਆਂ ਧੀਆਂ ਜਾਣ ਕੇ ਤੁਹਾਨੂੰ ਕੁਝ ਕੌੜੀਆਂ ਗੱਲਾਂ ਵੀ ਕਹਿ ਗਿਆ ਹਾਂ, ਪਰ ਮੈਨੂੰ ਪਤੈ ਤੁਸੀਂ ਆਪਣੇ ਬਾਪੂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੋਗੀਆਂ……… ਤੁਸੀਂ ਦਸ਼ਮੇਸ਼ ਦੀਆਂ ਦੁਲਾਰੀਆਂ……… ਬਾਪੂ ਦੀ ਬਖ਼ਸ਼ੀ ਕਿਰਪਾਨ ਗਲ ਪਾ ਲਓ, ਕੋਈ ਥੋਡੀ ‘ਵਾ ਵੱਲ ਵੀ ਨਹੀਂ ਝਾਕ ਸਕੇਗਾ। ……… ਮੈਨੂੰ ਇਸ ਹਾਲਤ ਵਿਚ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਚਲੇ ਗਿਆਂ ਨਾਲ ਵੀ ਕੁਝ ਗਿਲੇ ਨੇ। ਮੈਂ ਸੋਚਿਆਂ ਸੀ ਬਈ ਚਾਰ ਪੈਸੇ ਕਮਾ ਕੇ ਮੇਰੀ ਆਰਥਿਕਤਾ ਠੀਕ ਕਰ ਲੈਣਗੇ। ਪਰ ਉਹ ਤਾਂ ਬਹੁੜੇ ਈ ਨਹੀਂ……… ਮੈਂ ਉਡੀਕਦਾ ਰਿਹਾਵ ਉਹ ਗਏ ਤੇਂ ਉਹਨਾਂ ਦੀ ਥਾਂ ਭਈਆਂ ਨੇ ਲੈ ਲਈ……… ਸੱਚ ਜਾਣਿਓ ਮੇਰੇ ਵਿਦੇਸ਼ੀ ਪੁੱਤਰੋ……… ਓਸ ਚਮਕੌਰ ਦੀ ਧਰਤੀ ‘ਤੇ, ਜਿੱਥੇ ਕਦੇ ਕੌਮੀ ਆਜ਼ਾਦੀ ਲਈ ਲੜਦੇ ਸ਼ਾਹਿਬਜਾਦਿਆਂ ਦਾ ਪਵਿੱਤਰ ਲਹੂ ਡੁੱਲਿਆ ਸੀ, ਜਦੋਂ ਕੋਈ ਭਈਆਂ ਪਾਨ ਦਾ ਥੁੱਕ ਸੁੱਟਦਾ ਹੈ ਤਾਂ ਮੇਰੀ ਚੀਕ ਨਿਕਲ ਜਾਂਦੀ ਹੈ……… ਜੇ ਤੁਸੀਂ ਛੇਤੀ ਨਾ ਮੁੜੇ ਤਾਂ ਤੁਹਾਡਾ ਸਭ ਕੁਝ ਯੂ.ਪੀ. ਬਿਹਾਰ ਦੀਆਂ ਧਾੜਾਂ ਨੇ ਸਾਭ ਲੈਣਾ ਹੈ……… ਮੁੜ ਆਓ……… ਛੇਤੀ ……… ਬਾਪੂ ਦੀ ਮੌਤ ਤੋਂ ਪਹਿਲਾਂ………। ਅੰਤ ਵਿਚ ਪੁੱਤਰੋ ਸਭ ਨੂੰ ਇਹੀ ਕਹਾਂਗਾ ਕਿ ਦੁੱਖਾਂ, ਦਰਦਾਂ ਤੇ ਉਲਾਂਭਿਆਂ ਨਾਲ ਭਰਿਆ ਪਿਆ ਹਾਂ……… ਜੇ ਤੁਹਾਂਨੂੰ ਬਾਪੂ ਨਾਲ ਭੋਰਾ ਵੀ ਪਿਆਰ ਹੈ ਤਾਂ ਇਕ ਵਾਰ ਮਿਲਣ ਜਰੂਰ ਆਇਓ……… ਬਾਕੀ ਗੱਲਾਂ ਬੈਠ ਕੇ ਕਰਾਂਗੇ……… ਅਜੇ ਬਹੁਤ ਕੁਝ ਬਾਕੀ ਐ, ਮੈਂ ਓਦਰਿਆ ਪਿਆਂ ਮੇਰੇ ਬੱਚਿਓ……… ਰੋਜ਼ ਤੁਹਾਨੂੰ ਚੇਤੇ ਕਰ ਕੇ ਰੋਂਦਾ ਹਾਂ, ਇਕ ਵਾਰ ਆ ਕੇ ਮੈਨੂੰ ਘੁੱਟ ਕੇ ਗਲਵੱਕੜੀ ਪਾ ਜਾਓ……… ਤੁਹਾਡਾ ਇਹ ਬਹੁਤ ਵੱਡਾ ਅਹਿਸਾਨ ਹੋਵੇਗਾ……… ਬੁੱਢਾ ਬਾਪੂ ਅਸੀਸਾਂ ਦੇਵੇਗਾ………” ਏਨਾ ਕੁਝ ਲਿਖਦਾ ਲਿਖਦਾ ਪੰਜਾਬ ਸੌਂ ਗਿਆ। ਉਸ ਦੇ ਸੁਪਨੇ ਵਿਚ ਕੋਈ ਸਰ੍ਹੋਂ ਦੇ ਖੇਤ ਵਿਚ ਖੜ੍ਹਾ ਗਾ ਰਿਹਾ ਸੀ, “ਜਿਵੇਂ ਫੁੱਲਾਂ ਦੇ ਵਿਚੋਂ ਫੁੱਲ ਗੁਲਾਬ ਨੀ ਸਈਓ, ਸੋਹਣਾ ਦੇਸ਼ਾਂ ਦੇ ਵਿਚੋਂ ਦੇਸ਼ ਪੰਜਾਬ ਨੀ ਸਈਓ”ਬਾਪੂ ਦੀ ਇਹ ਚਿੱਠੀ ਪੁੱਤਰਾਂ ਤੱਕ ਪੁੱਜੀ ……… ਉਹਨਾਂ ਦੀਆਂ ਧਾਹਾਂ ਨਿਕਲ ਗਈਆਂ……… ਓਦੋਂ ਹੀ ਬਾਪੂ ਵੱਲ ਨੂੰ ਤੁਰ ਪਏ……… ਪੰਜਾਬ ਸੁੱਤਾ ਹੋਇਆ ਇਕ ਦਮ ਉੱਠਿਆ……… ਦੂਰ ਕਿਤੋਂ ਨੌਜੁਆਨਾਂ ਦੀ ਆਵਾਜ ਆ ਰਹੀ ਸੀ, “ਸਾਡੇ ਸਿਰਾਂ ‘ਤੇ ਨਿਹਚਾ ਰੱਖ ਬਾਪੂ, ਕੁੱਬੀ ਹੋਣ ਨਾ ਦਿਆਂਗੇ ਕੰਡ ਤੇਰੀ, ਤਿੱਪ ਤਿੱਪ ਜਵਾਨੀਆਂ ਵਾਰ ਕੇ ਵੀ, ਹੌਲੀ ਕਰਾਂਗੇ ਗਮਾਂ ਦੀ ਪੰਡ ਤੇਰੀ, ਹੌਲੀ ਕਰਾਂਗੇ ਗਮਾਂ ਦੀ ਪੰਡ ਤੇਰੀ………ਜਗਦੀਪ ਸਿੰਘ ਫਰੀਦਕੋਟ (9815763313)
' );
//-->\n
jagdeepsfaridkot@yahoo.com
' );
//-->

This e-mail address is being protected from spam bots, you need JavaScript enabled to view it
' );
//-->

No comments: