Monday, February 18, 2008

ਸਾਬਾਸ਼ ਸ਼ੋਨਾਲੀ ਬੋਸ ........ ਧੰਨਵਾਦ ਸ਼ੋਨਾਲੀ ਬੋਸ


ਸਾਡੀ ਹਾਰ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਆਪਣਾ ਪੱਖ ਦੁਨੀਆਂ ਸਾਹਮਣੇ ਰੱਖ ਹੀ ਨਹੀਂ ਸਕੇ । ਅਸੀਂ ਸੰਸਾਰ ਪੱਧਰ ’ਤੇ ਨਹੀਂ ਵਿਖਾ ਸਕੇ ਕਿ ਸਾਡੇ ਨਾਲ ਕੀ-ਕੀ ਅਨਿਆ ਹੋਏ, ਕੀ ਧੱਕੇਸ਼ਾਹੀਆਂ ਹੋਈਆਂ, ਕਿਵੇਂ ਸਾਨੂੰ ਕੁੱਟਿਆ-ਲੁੱਟਿਆ ਗਿਆ ਹੈ ਕਿਵੇਂ ਮਾਰਿਆ-ਕੋਹਿਆ ਗਿਆ । ਨਾਲ ਹੀ ਇਕ ਹੋਰ ਗੱਲ ਇਹ ਵੀ ਕਿ ਜੇ ਸਾਡਾ ਪੱਖ ਕਿਸੇ ਬਾਹਰ ਵਾਲੇ ਨੇ ਵੀ ਲੋਕਾਂ ਦੀ ਕਚਿਹਿਰੀ ਵਿਚ ਲਿਆਂਦਾ ਤਾਂ ਅਸੀਂ ਉਸ ਦਾ ਵੀ ਭੋਰਾ ਹੌਸਲਾ ਨਹੀਂ ਵਧਾਇਆ । ਜੇ ਕੋਈ ਸਾਡਾ ਹਮਦਰਦ ਬਣ ਕੇ ਬਹੁੜਿਆ, ਜੇ ਕਿਸੇ ਨੇ ਸਾਡੇ ਜਖਮਾਂ ਤੇ ਮੱਲਮ ਲਾਉਣੀ ਚਾਹੀ ਤਾਂ ਉਸ ਦੀ ਮਦਦ ਕਰਨ ਦੀ ਗੱਲ ਤਾਂ ਦੂਰ ਅਸੀਂ ‘ਧੰਨਵਾਦ’ ਵਰਗਾ ਨਿੱਕਾ ਜਿਹਾ ਲਫ਼ਜ ਵੀ ਉਸ ਨੂੰ ਨਹੀਂ ਕਿਹਾ । ਮੌਸਮ ਕਿੰਨਾ ਖਤਰਨਾਕ ਸੀ ਜਾਂ ਹੈ, ਹਾਲਾਤ ਕਿੰਨੇ ਭੈੜੇ ਹਨ । ਇਹਨਾਂ ਬਿਖੜੇ ਪੈੜਿਆਂ ਵਿਚ ਜੇ ਕੋਈ ਸਾਡੇ ਨਾਲ ਖੜ੍ਹਦਾ ਹੈ ਤਾਂ ਇਹ ਉਸ ਦੀ ਬੜੀ ਵੱਡੀ ਦਲੇਰੀ ਹੈ, ਹਿੰਮਤ ਹੈ, ਹੌਸਲਾ ਹੈ । ਬੰਦੇ ਖਾਣੇ ਹਾਕਮ ਤੇ ਆਦਮ ਬੋ, ਆਦਮ ਬੋ ਕਰਦੀ ਫਿਰ ਰਹੀ ਫੌਜ ਤੇ ਪੁਲਸ ਦੀ ਅੱਖ ਹਰੇਕ ਉਸ ਚਿਹਰੇ ’ਤੇ ਹੁੰਦੀ ਹੈ ਜੋ ਕਦੇ ਸਾਨੂੰ ਸੁਭਾਵਿਕ ਫਤਹਿ ਵੀ ਬੁਲਾ ਦੇਵੇ। ਐਸੇ ਸਮੇਂ ਵਿਚ ਕਈ ਕਹਿੰਦੇ-ਕਹਾਉਂਦਿਆਂ ਨੇ ਸਾਡਾ ਸਾਥ ਛੱਡਿਆ ਹੈ । ਇੱਥੋਂ ਤੱਕ ਕੇ ਸਾਡੇ ਆਪਣੇ ਵੀ ‘ਸਾਡਾ ਰਾਹ’ ਛੱਡ ਕੇ ਕੁਰਾਹੇ ਪੈ ਗਏ ਹਨ । ਪਰ ਫਿਰ ਵੀ ਜਿਸ ਨੇ ਸਾਡੇ ਪੱਖ ਦੀ ਗੱਲ ਕੀਤੀ ਹੈ ਉਸ ਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ ਹੈ ।“ਜਿਹੜੇ ਸਾਡੇ ਹੱਕ ’ਚ ਖਲੋਏ ਸਾਨੂੰ ਯਾਦ ਨੇ” ਤੇ ਯਾਦ ਰੱਖਣੇ ਵੀ ਚਾਹੀਦੇ ਨੇ ………… ਖੈਰ ਬਾਤ ਨੂੰ ਬਾਹਲੀ ਲੰਬੀ ਨਾ ਕਰਦੇ ਹੋਏ ਉਧਰ ਨੂੰ ਮੁੜਦਾ ਹਾਂ ਜਿਸ ਬਾਰੇ ਮੈਂ ਲਿਖਣਾ ਚਾਹੁੰਦਾ ਹਾਂ ।ਪਿਛਲੇ ਲਗਭਗ 3-4 ਸਾਲ ਤੋਂ ਮੈਂ ਇਕ ਚੀਜ ਲੱਭ ਰਿਹਾ ਸੀ । ਬਥੇਰੀ ਭਾਲ ਕੀਤੀ ਪਰ ਕਿਤੋਂ ਨਹੀਂ ਮਿਲੀ । ਫੇਰ ਪਤਾ ਲੱਗਿਆ ਕਿ ਉਸ ’ਤੇ ਤਾਂ ਭਾਰਤ ਵਿਚ ਬੈਨ (ਪਾਬੰਦੀ) ਲੱਗ ਗਈ ਹੈ । ਸੋ ਵਿਦੇਸ਼ ਵੱਲ ਨੂੰ ਨਜ਼ਰ ਘੁਮਾਈ । ਮੇਰੇ ਕਈ ਮਿੱਤਰ ਵਿਦੇਸ਼ਾਂ ਵਿੱਚ ਬੈਠੇ ਹਨ । ਕਈਆਂ ਨੂੰ ਇਸ ਚੀਜ ਬਾਰੇ ਵੰਗਾਰ ਪਾਈ, ਪਰ ਸ਼ਾਇਦ ਆਪਣੇ ‘ਕੰਮਾਂ ਕਾਰਾਂ’ ਵਿੱਚ ਰੁੱਝੇ ਹੋਣ ਕਰਕੇ ਕੋਈ ਨਾਂ ਬਹੁੜਿਆ । ਅੰਤ ਮੇਰੇ ਅਮਰੀਕਾ ਵਸਦੇ ਇਕ ਵੱਡੇ ਭਰਾ ਨੇ ਖੇਚਲ ਕਰਕੇ ‘ਇਹ’ ਮੈਨੂੰ ਭੇਜੀ । ਤੁਸੀਂ ਸੋਚਦੇ ਹੋਵੋਂਗੇ ਕਿ ਐਸੀ ਕੀ ਚੀਜ਼ ਸੀ। ਇਹ ਸੀ ਇਕ ਫਿਲਮ - ‘ਅਮੂ’। ‘ਅਮੂ’ ਬਾਰੇ ਮੈਂ ਲਗਭਗ 4 ਕੁ ਸਾਲ ਪਹਿਲਾਂ ਸੁਣਿਆ ਕਿ ਇਹ ਨਵੰਬਰ 84 ਦੇ ਸੱਚ ਨੂੰ ਬਿਆਨਦੀ ਇਕ ਲਾਮਿਸਾਲ ਫਿਲਮ ਹੈ । ਸਾਡੇ ਪੱਖ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਸੋ ਉਦੋਂ ਤੋਂ ਹੀ ਮੈਂ ਇਸ ਦੀ ਭਾਲ ਵਿਚ ਸੀ । ਫਿਲਮ ਵੇਖਣ ਤੋਂ ਬਾਅਦ, ਇਸ ਬਾਰੇ ਜੋ ਕੁਝ ਸੁਣਿਆਂ ਸੀ ਸਭ ਸੱਚ ਸਾਬਤ ਹੋਇਆ । ਮੈਂ ਮੰਨਦਾਂ ਹਾਂ ਕਿ ਮੈਂ ਬਹੁਤ ਜਲਦੀ ਭਾਵੁਕ ਹੋ ਜਾਂਦਾ ਹਾਂ, ਪਰ ਇਸ ਫਿਲਮ ਨੇ ਤਾਂ ਇਕ ਪਲ ਲਈ ਵੀ ਅੱਖਾਂ ’ਚੋਂ ਹੰਝੂ ਸੁੱਕਣ ਨਹੀਂ ਦਿੱਤੇ । ਕਹਾਣੀ ਤਾਂ ਉਹੀ ਹੈ ਜੋ ਬਾਕੀ ਸਾਰੇ ਪਰਿਵਾਰਾਂ ਨਾਲ ਵਾਪਰੀ, ਪਰ ਪੇਸ਼ਕਾਰੀ ਕਮਾਲ ਦੀ ਹੈ । ……… ਅਮੂ (ਅੰਮ੍ਰਿਤ ਕੌਰ) ਨਾਂ ਦੀ ਇੱਕ 3 ਸਾਲ ਦੀ ਕੁੜੀ ਦਾ ਪਰਿਵਾਰ 84 ਕਤਲੇਆਮ ਦੀ ਭੇਟ ਚੜ ਜਾਂਦਾ ਹੈ । ਉਸ ਨੂੰ ਕੋਈ ਹੋਰ ਪਰਿਵਾਰ ਗੋਦ ਲੈ ਲੈਂਦਾ ਹੈ ਤੇ ਅਮਰੀਕਾ ਲੈ ਜਾਂਦਾ ਹੈ । ਉਸ ਦਾ ਨਾਮ ਵੀ ਬਦਲ ਕੇ ‘ਕਾਜੂ’ ਰੱਖ ਦਿੱਤਾ ਜਾਂਦਾ ਹੈ । ਵੱਡੀ ਹੋ ਕੇ ਜਦ ਉਹ ਵਾਪਸ ਭਾਰਤ ਆਉਂਦੀ ਹੈ ਤਾਂ ਉਸ ਨੂੰ ਸਭ ਕੁਝ ਜਾਨਿਆਂ ਪਛਾਣਿਆ ਲਗਦਾ ਹੈ । ਉਹ ਉਹਨਾਂ ਬਸਤੀਆਂ ਵਿਚ ਜਾਂਦੀ ਹੈ ਜਿੱਥੇ ਉਹ ਪੈਦਾ ਹੋਈ ਸੀ । ਉਸ ਨੂੰ ਝੋਲੇ ਜਿਹੇ ਪੈਦੇਂ ਹਨ ਤੇ ਉਸ ਵੇਲੇ ਦੇ ਕਈ ਸੀਨ ਉਸ ਦੀਆਂ ਅੱਖਾਂ ਮੁਹਰੋਂ ਲੰਘ ਜਾਂਦੇ ਹਨ । ਉਹ ਆਪਣੇ ਪੁਰਾਣੇ ਪਰਿਵਾਰ ਦੀ ਭਾਲ ਕਰਨ ਲੱਗਦੀ ਹੈ । ਇਸ ਭਾਲ ਵਿਚ ਹੀ ਫਿਲਮ ਦੀ ਪ੍ਰੋਡਿਊਸਰ ਡਾਇਰੈਕਟਰ ਸ਼ੋਨਾਲੀ ਬੋਸ ਨੇ ਲੋਕਾਂ ਦੇ ਮੂੰਹੋਂ ਅੱਡ-ਅੱਡ ਸਮੇਂ ਨਵੰਬਰ 84 ਦਾ ਸੱਚ ਕਢਵਾਇਆ ਹੈ । ਅਮੂ ਜਦੋਂ ਇਕ ਪਾਰਟੀ ਵਿਚ ਜਾਂਦੀ ਹੈ ਤਾਂ ਉਹ ਨਵੰਬਰ 84 ਦੀ ਗੱਲ ਛੇੜਦੀ ਹੈ । ਇਕ ਲਿਸ਼ਕਿਆ ਪੁਸ਼ਕਿਆ ਲਾਲਾ ਕਹਿੰਦਾ ਹੈ ਕਿ ਇਹ ਗੱਲ ਲੋਕਾਂ ਸਾਹਮਣੇ ਨਾ ਆਵੇ ਤਾਂ ਹੀ ਚੰਗਾ ਹੈ ............. ਦੇਸ਼ ਦੀ ਇਮੇਜ (ਤਸਵੀਰ) ਜਿੰਨੀ ਸਾਫ਼ ਹੋਵੇ ਓਨਾ ਹੈ ਵਧੀਆ ਹੈ “ਅਮੂ ਪੁੱਛਦੀ ਹੈ ਕਿ ਇਹ ਸਭ ਵਾਪਰਿਆ ਹੀ ਕਿਉਂ ............. 9/11 ਦੇ ਹਮਲੇ ਤੋਂ ਵੱਧ ਲੋਕ ਮਾਰੇ ਗਏ ਪਰ ਸਰਕਾਰ ਪੁਲਸ ਕਿੱਥੇ ਸੀ” ਲਾਲਾ ਹੱਸ ਕੇ ਟਾਲਣ ਦੀ ਕੋਸ਼ਿਸ਼ ਕਰਦਾ ਹੈ, “ਓ ਕੀ ਹੈ ਨਾ ਕਿ ਸਾਡੀ ਪੁਲਸ ਅਮਰੀਕਾ ਵਰਗੀ ਤੇਜ਼ ਨਹੀਂ .......... ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਸਿਖਲਾਈ ਦੇਣ .......” “ਪਰ ਉਦੋਂ ਪੁਲਸ ਬੜੀ ਤੇਜ਼ ਹੋ ਜਾਂਦੀ ਹੈ ਜਦ ਹਜ਼ਾਰਾਂ ਬੰਦਿਆਂ ਨੂੰ ਟਾਡਾ ਅਧੀਨ ਗ੍ਰਿਫਤਾਰ ਕਰਨਾ ਹੁੰਦਾ ਹੈ” ਕੋਲ ਖੜਾ ਇਕ ਹੋਰ ਮੁੰਡਾ ਬੋਲਦਾ ਹੈ । ਇਕ ਥਾਂ ਪੁੱਛ ਪੜਤਾਲ ਤੋਂ ਅਮੂ ਨੂੰ ਸ਼ੱਕ ਜਿਹਾ ਹੁੰਦਾ ਹੈ ਕਿ ਸ਼ਾਇਦ ਉਸ ਦੀ ਮਾਂ ਜਿਉਂਦੀ ਹੈ । ਉਹ ਵਿਧਵਾ ਕਲੋਨੀਆਂ (ਭਾਰਤ ਦੇ ਮੱਥੇ ਦਾ ਸਭ ਤੋਂ ਵੱਡਾ ਤੇ ਗੂਹੜਾ ਕਾਲਾ ਧੱਬਾ) ਵਿਚ ਜਾਂਦੀ ਹੈ । ਫਿਲਮ ਦੇ ਇਹੀ ਉਹ ਸੀਨ ਹਨ ਜੋ ਭਾਰਤ ਸਰਕਾਰ ਕੱਟਣਾ ਚਾਹੁੰਦੀ ਸੀ । ਇਸ ਵਿਚ ਨਵੰਬਰ 84 ਦੀਆਂ ਪੀੜਿਤ ਤਿੰਨ ਬੀਬੀਆਂ, ਮਨੁੱਖੀ ਹੱਕਾਂ ਦੇ ਆਪੂ ਅਲ਼ੰਬਰਦਾਰ ਬਣੇ ਭਾਰਤ ਦੇ ਚਿਹਰੇ ਤੋਂ ਨਕਾਬ ਉਤਾਰਦੀਆਂ ਹਨ, ਸੱਚਾਈ ਬਿਆਨ ਕਰਕੇ । ਇਕ ਬੀਬੀ ਆਪਣੀ ਕਹਾਣੀ ਦੱਸਦੀ ਹੋਈ ਕਹਿੰਦੀ ਹੈ, “ਓਸ ਕੰਜਰ ਨੇਤਾਂ ਨੇ ਮੇਰੇ ਮੁੰਡੇ ਨੂੰ ਪਛਾਣਿਆ ਸੀ ਤੇ ਭੀੜ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ” ਅਮੂ ਤੇ ਉਸ ਦੇ ਨਾਲ ਦਾ ਮੁੰਡਾ ਹੈਰਾਨੀ ਨਾਲ ਪੁਛਦੇ ਹਨ, “ਮਨਿਸਟਰ ਨੇ .......” “ਮਨਿਸਟਰ ਹੀ ਤਾਂ ਸਨ ......... ਉਹਨਾਂ ਦੀ ਸ਼ੈਅ ਤੇ ਹੀ ਹੋਇਆ ਇਹ ਸਭ ...........” “ਸਾਰੇ ਮਨਿਸਟਰ ਤਾਂ ਸ਼ਾਮਲ ਨਹੀਂ ਸਨ” ਮੁੰਡੇ ਨੇ ਪੁੱਛਿਆ“ਸਾਰੇ ਸ਼ਾਮਲ ਸਨ .......... ਪੁਲਸ.......... ਅਫ਼ਸਰ ........... ਸਰਕਾਰ .......... ਨੇਤਾ…… ਸਾਰੇ” ਜਵਾਬ ਮਿਲਿਆ।“20 ਸਾਲ ਤੋਂ ਅਸੀਂ ਅਦਾਲਤਾਂ ਦੇ ਬੂਹੇ ਖੜਕਾ ਰਹੀਆਂ ਹਾਂ ......... ਦਸ ਹਜ਼ਾਰ ਬੰਦਾ ਮਾਰਿਆ ਗਿਆ ......... 20 ਸਾਲ ਗੁਜ਼ਰ ਗਏ ......... ਸਰਕਾਰਾਂ ਬਦਲੀਆਂ ......... ਇਕ ਗਈ ਦੂਜੀ ਆਈ ......... ਦੂਜੀ ਗਈ ......... ਤੀਜੀ ਆਈ .......... ਪਰ ਇਨਸਾਫ ਨਹੀਂ ਹੋਇਆ ......... ਮੇਰੇ ਪੁੱਤਰ ਦੇ ਕਾਤਲ ਖੁੱਲੇ ਸੜਕਾਂ ਤੇ ਘੁੰਮ ਰਹੇ ਨੇ......... ਕੋਰਟ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ।“ਸਾਡੀਆਂ ਅਦਾਲਤਾਂ ਵਿਚ ਤਾਂ ਸਾਲਾਂ ਲੱਗ ਜਾਂਦੇ ਹਨ, ਤੇ ਫੇਰ ਭ੍ਰਿਸ਼ਟਾਚਾਰ ਵੀ ਹੈ, ਐਸੇ ਵਿਚ ਫੈਸਲਾ ਕਿਵੇ ਹੋ ਸਕਦਾ ਹੈ” ਮੁੰਡੇ ਨੇ ਖ਼ਦਸ਼ਾ ਪ੍ਰਗਟਾਇਆ । “ਫੈਸਲਾ ਤਾਂ ਹੁੰਦਾ ਹੈ ........... ਜਦ ਹੋਣਾ ਹੈ ਤਦ ਹੁੰਦਾ ਹੈ......... ਨਵੰਬਰ 84 ਦੇ ਦੋ ਕਾਤਲਾ ਨੂੰ ਵੀ ਸਜ਼ਾ ਹੋਈ ਸੀ .......... ਇੰਦਰਾ ਗਾਂਧੀ ਦੇ ਕਾਤਲਾਂ ਨੂੰ ” ਬੀਬੀਆਂ ਜਵਾਬ ਦਿੰਦੀਆਂ ਹਨ ।ਇਕ ਹੋਰ ਸੀਨ ਵਿਚ ਜਦੋਂ ਅਮੂ ਹੋਰੀ ਇਕ ਐਸੇ ਆਦਮੀ ਨੂੰ ਮਿਲਦੇ ਹਨ, ਜੋ ਉਸ ਸਮੇਂ ਦੰਗਾਈਆਂ ਦੇ ਵਿਚ ਸ਼ਾਮਲ ਸੀ ਤੇ ਜਿਸ ਨੇ ਕੁਝ ਸਿੱਖਾਂ ਨੂੰ ਮਾਰਿਆ ਵੀ ਸੀ, ਤਾਂ ਉਹ ਅੱਗੋ ਬੋਲਦਾ ਹੈ, “ਮੈਂ ਕੋਈ ਦੰਗਾ ਨਹੀਂ ਕੀਤਾ ......... ਉਹਨਾਂ ਨੂੰ ਜਾ ਕੇ ਕੋਈ ਕੁਝ ਨਹੀਂ ਪੁੱਛਦਾ ਜਿਹਨਾਂ ਨੇ ਤੇਲ ਲਿਆ ਕੇ ਦਿੱਤਾ ਸੀ ......... ਸਰਦਾਰਾਂ ਨੂੰ ਫੂਕਣ ਲਈ ......... ਵੋਟਰ ਲਿਸਟਾਂ ਲਿਆ ਕੇ ਦਿੱਤੀਆਂ ਸਨ....... ਇਕ-ਇਕ ਸਰਦਾਰ ਨੂੰ ਪਛਾਣ ਕੇ ਉਸ ਨੂੰ ਮਾਰਨ ਲਈ ......... ਉਹਨਾਂ ਤੋਂ ਡਰਦੇ ਓ .......... ਕਿਉਂਕਿ ਉਹ ਵੱਡੇ-ਵੱਡੇ ਸਰਦਾਰੀ ਬੰਗਲਿਆਂ ਵਿਚ ਰਹਿੰਦੇ ਨੇ ......... ਅਸੀਂ ਤਾਂ ਔਡਰ ਫੌਲੇ ਕੀਤੇ ਸਨ ........ ਬਸ” ਗੁੱਸੇ ਵਿਚ ਇਹ ਆਦਮੀ ਪੂਰਾ ਸੱਚ ਬੋਲਦਾ ਹੈ । ਫੇਰ ਅੱਗੇ ਜੋ ਅਮੂ ਦੇ ਪਰਿਵਾਰ ਦੀ ਕਹਾਣੀ ਆਉਂਦੀ ਹੈ ਉਹ ਲਿਖੀ ਨਹੀਂ ਜਾ ਸਕਦੀ ......... ਮੈਂ ਦੂਸਰੀ ਵਾਰ ਉਹ ਸੀਨ ਵੇਖ ਵੀ ਨਹੀਂ ਸਕਿਆ ........... ਜਾਂ ਕਹਿ ਲਊ ਦਜੀ ਵਾਰ ਰੋਣ ਨੂੰ ਦਿਲ ਨਹੀਂ ਕੀਤਾ । ਬੀਬੀ ਨੇ ਫਿਲਮ ਦਾ ਅੰਤ ਵੀ ਕਮਾਲ ਦਾ ਕੀਤਾ ਹੈ । ਅਮੂ ਦੀ ਕਹਾਣੀ ਮੁੱਕਣ ਤੋਂ ਬਾਅਦ ਜਾਂ ਨਵੰਬਰ 84 ਤੋਂ ਬਾਅਦ ਗੱਲ ਗੁਜਰਾਤ 2002 ਤੇ ਖ਼ਤਮ ਕੀਤੀ ਗਈ ਹੈ । ਡਾਇਰੈਕਸ਼ਨ ਪੱਖੋਂ ਫਿਲਮ ਵਿਚ ਕੋਈ ਕਮੀ ਨਹੀਂ । ਮੇਰੀ ਇਹ ਲਿਖਣ ਦੀ ਮਨਸ਼ਾ ਸਿਰਫ ਏਨੀ ਕੁ ਸੀ ਕਿ ਸਿੱਖ ਸੰਗਤਾਂ ਤੱਕ ਗੱਲ ਪਹੁੰਚ ਜਾਵੇ ਕਿ ਕੋਈ ਹੈ ਜੋ ਸਾਡੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰ ਰਿਹਾ ਹੈ । ਸਾਨੂੰ ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ । ਇਹ ਫਿਲਮ ਹਰ ਪੱਖੋਂ ਸਰਵੋਤਮ ਹੈ । ਭਾਰਤ ਸਰਕਾਰ ਨੇ ਇਹ ਫਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋਣ ਦਿੱਤੀ । ਉਹ 10-15 ਮਿੰਟ ਦੇ ਸੀਨ ਕੱਟਣਾ ਚਾਹੁੰਦੇ ਸਨ ......... ਪਰ ਸ਼ੋਨਾਲੀ ਬੋਸ ਨੂੰ ਇਹ ਮਨਜੂਰ ਨਹੀਂ ਸੀ। ਸ਼ੋਨਾਲੀ ਠੀਕ ਵੀ ਹੈ 15 ਮਿੰਟ ਦਾ ਪੂਰਾ ਸੱਚ ਫਿਲਮ ਵਿੱਚੋਂ ਕੱਢਿਆ ਨਹੀਂ ਜਾ ਸਕਦਾ । ਸ਼ੋਨਾਲੀ ਨੇ ਸਮਝੌਤਾ ਨਹੀਂ ਕੀਤਾ ਇਸ ਲਈ ਉਹ ਵਧਾਈ ਦੀ ਪਾਤਰ ਵੀ ਹੈ ।ਫਿਲਮ ਦੀ ਡੀ. ਵੀ. ਡੀ. ਵਿਚ ਫਿਲਮ ਤੋਂ ਇਲਾਵਾ ਵੀ ਕਾਫੀ ਸਮੱਗਰੀ ਹੈ । ਉਹ ਵੀ ਫਿਲਮ ਜਿੰਨੀ ਹੀ ਜਰੂਰੀ ਹੈ । ਜੋ-ਜੋ ਸ਼ੋਨਾਲੀ ਤੇ ਉਸ ਦਾ ਪਤੀ ਵਿਦੇਸ਼ਾਂ ਵਿਚ ਵੱਖ-ਵੱਖ ਥਾਵਾਂ ਤੇ ਫਿਲਮ ਬਾਰੇ ਬੋਲੇ ਹਨ, ਉਹ ਵੀ ਹਿੰਮਤ ਵਾਲਾ ਕੰਮ ਹੈ ਤੇ ਸ਼ਲਾਘਾਯੋਗ ਵੀ । ਅੰਤ ਵਿਚ ਇਕ ਗਿਲਾ ਸਿਖ ਜਥੇਬੰਦੀਆਂ ਨਾਲ ਜਰੂਰ ਕਰਨਾ ਚਾਹਾਂਗਾ ਕਿ ਸ਼ੋਨਾਲੀ ਬੋਸ ਜਿਹੜੀ ਸਿਖ ਵੀ ਨਹੀਂ, ਜਿਸ ਨੂੰ ਗੁਲਾਮਾਂ ਨਾਲ ਪਿਆਰ ਹੈ ਜਾਂ ਕਹਿ ਲਉ ਕਿ ਉਹ ਹਿੰਮਤ ਵਾਲੀ ਬੀਬੀ ਜਿਸ ਨੇ ਸੱਚ ਬਾਹਰ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ, ਕੀ ਸਾਡੇ ਵਿਚੋਂ ਕਿਸੇ ਨੇ ਵੀ ਉਸ ਦਾ ਮੋਢਾ ਥਪ-ਥਪਾਇਆ? ਕਿਸੇ ਨੇ ਹੱਲਾਸ਼ੇਰੀ ਜਾਂ ਸ਼ਾਬਾਸੇ ਦਿੱਤੀ? ਸ੍ਰੋਮਣੀ ਕਮੇਟੀ ਜਿਹੜੀ ਕਿ ਅੱਜ ਕੱਲ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੱਬਾ ਭਾਰ ਹੋਈ ਫਿਰਦੀ ਹੈ, ਨੇ ਵੀ ਕਦੇ ਇਕ ਵਾਰ ਵੀ ਬੀਬੀ ਸ਼ੋਨਾਲੀ ਬੋਸ ਦਾ ਧੰਨਵਾਦ ਕੀਤਾ? ਕੀ ਕਾਰਨ ਹੈ ਕਿ ਇਹਨਾਂ ਦਾ ਕਰੋੜਾ ਦਾ ਬਜਟ ਉਸ ਦੀ ਭੋਰਾ ਵੀ ਮਦਦ ਨਹੀਂ ਕਰ ਸਕਿਆ । ਕੀ ਸ੍ਰੋਮਣੀ ਕਮੇਟੀ ਸਰਕਾਰ ਤੇ ਦਬਾਅ ਪਾ ਕੇ ਇਹ ਫਿਲਮ ਭਾਰਤ ਵਿਚ ਬਿਨਾਂ ਕੱਟੇ ਰਿਲੀਜ਼ ਨਹੀਂ ਕਰਵਾ ਸਕਦੀ । ਕੀ ਇਹ ਸਾਰੇ ਸੱਜਣ ਕੁਮਾਰ, ਟਾਈਟਲਰ ਤੇ ਹੋਰ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸਿਰਫ ਇਸੇ ਕਰਕੇ ਰੌਲਾ ਤਾਂ ਨਹੀਂ ਪਾ ਰਹੇ ਕਿਉਂਕਿ ਉਹ ਸਾਰੇ ਕਾਂਗਰਸੀ ਸਨ । ਖੈਰ ........... ਚਾਹੀਦਾ ਸੀ ਕਿ ਸ਼ੋਨਾਲੀ ਬੋਸ ਦਾ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਕਰ ਦਿੱਤਾ ਜਾਂਦਾ ਪਰ ....... ਸ਼ਾਇਦ ਕੋਈ ਫਾਇਦਾ ਨਹੀਂ । ਸੁਹਿਰਦ ਸਿਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਸ ਦਲੇਰ ਬੀਬੀ ਦਾ ਧੰਨਵਾਦ ਜਰੂਰ ਕੀਤਾ ਜਾਵੇ । ਜਿੰਨੀ ਯੋਗ ਹੋ ਸਕੇ ਉਸ ਦੀ ਮਦਦ ਕੀਤੀ ਜਾਵੇ । ਉਸ ਨੂੰ ਫਿਲਮ ਬਣਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪੈਸੇ ਦਾ ਇੰਤਜਾਮ ਵੀ ਬਹੁਤ ਔਖਾ ਹੋਇਆ, ਆਪਾਂ ਥੋੜਾ ਬਹੁਤਾ ਕਰਕੇ ਉਸ ਦਾ ਭਾਰ ਜਰੂਰ ਹੋਲਾ ਕਰੀਏ। ਕਿਤੇ ਇਹ ਨਾ ਹੋਵੇ ਕਿ ਲੋਕ, ਜਿਹੜੇ ਸਾਡੇ ਲਈ ਕੁਝ ਕਰਨਾ ਚਾਹੁੰਦੇ ਹਨ, ਸਾਨੂੰ ਨਾ ਸ਼ੁਕਰੇ ਸਮਝ ਕੇ ਮੁੱਖ ਮੋੜ ਲੈਣ। ਸਿਖ ਕੌਮ ਨੂੰ ਵੀ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਇਹ ਫਿਲਮ ਜਰੂਰ ਵੇਖੀ ਜਾਵੇ । ਨੌਜੁਆਨ ਖਾਸ ਕਰਕੇ ਇਸ ਨੂੰ ਵੇਖਣ ਤਾਂ ਕਿ ਸਚਾਈ ਪਤਾ ਲੱਗੇ । ਅੰਤ ਵਿਚ ਬੀਬੀ ਸ਼ੋਨਾਲੀ ਬੋਸ ਦੇ ਇਸ ਦਲੇਰੀ ਭਰੇ ਕਾਰਮਾਨੇ ਲਈ ਏਨਾ ਹੀ ਕਹਾਂਗਾ ..........

“ਸਾਬਾਸ਼ ਸ਼ੋਨਾਲੀ ਬੋਸ ............... ਧੰਨਵਾਦ ਸ਼ੋਨਾਲੀ ਬੋਸ”

ਜਗਦੀਪ ਸਿੰਘ ਫਰੀਦਕੋਟ (9815763313)

No comments: