Sunday, February 17, 2008

ਮਨੁੱਖਤਾ ਲਈ ਜੂਝਣਾ ਬਨਾਮ ਫੋਕੀਆਂ ਫੜ੍ਹਾਂ




ਸਰਕਾਰਾਂ ‘ਤੇ ਏਜੰਸੀਆਂ ਦੇ ਚੱਕੇ ਚਕਾਏ ਇਹ ਸਾਧ ਆਪਣੀ ਔਕਾਤ ਭੁੱਲ ਜਾਂਦੇ ਹਨ, ਜ਼ਮੀਨ ਤੋਂ ਇਹਨਾਂ ਦੇ ਪੈਰ ਚੱਕੇ ਜਾਂਦੇ ਹਨ ਤੇ ਫੇਰ ਇਹ ਓਸ ਗਿੱਦੜ ਵਾਂਗ, ਜਿਹੜਾ ਮੌਤ ਆਉਣ ’ਤੇ ਜੱਟ ਦੀ ਮੁੰਨੀ ਨਾਲ ਖਹਿਣ ਲੱਗ ਪੈਦਾ ਹੈ, ਜੁਝਾਰੂਆਂ ਦੀ ਕੌਮ ਨਾਲ ਹੀ ਮੱਥਾ ਲਾ ਲੈਂਦੇ ਹਨ। ਹਲਾਂਕਿ ਇਹਨਾਂ ਨੂੰ ਆਪਣਾ ਅੰਤ ਪਤਾ ਹੁੰਦੈ, ਪਰ ਕੁਝ ਸਮੇਂ ਲਈ ਇਹਨਾਂ ਦੀ ਅਕਲ ‘ਤੇ ਪਰਦਾ ਪੈ ਜਾਂਦਾ ਹੈ। ‘ਰੱਬ ਦਾ ਤੇ ਅੱਤ ਦਾ ਵੈਰ ਹੁੰਦੈ’ ਤੇ ਜਦੋਂ ਕੋਈ ਸਾਧ ਅੱਤ ਕਰ ਦਿੰਦੈ ਤੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦੈ ਤਾਂ ਸਿਆਣੇ ਲੋਕ ਸਮਝ ਜਾਂਦੇ ਨੇ ਕਿ ਇਸਦਾ ਅੰਤ ਆ ਗਿਐ।
ਅੱਜ ਕੱਲ ਵੀ ਪਿੰਡਾਂ ਦੀਆਂ ਸੱਥਾਂ ਵਿਚ ਸਰਸੇ ਦੇ ਇਕ ਪਖ਼ੰਡੀ ਸਾਧ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਸਾਰੇ ਏਸ ਸਾਧ ਦੀਆਂ ਕਰਤੂਤਾਂ ਦੀ ਨਿੰਦਿਆ ਕਰ ਰਹੇ ਹਨ, ਕਾਫੀ-ਕਾਫੀ ਦੇਰ ਏਸੇ ‘ਤੇ ਵਿਚਾਰਾਂ ਚੱਲਦੀਆਂ ਹਨ ਤੇ ਅੰਤ ਕੋਈ ਸਿਆਣਾ ਬਜ਼ੁਰਗ ਇਹ ਕਹਿ ਕੇ ਗੱਲ ਨਿਬੇੜ ਦਿੰਦੈ, “ਬਸ ਭਾਈ ਏਸ ਸਾਧ ਦਾ ਅੰਤ ਆ ਗਿਐ, ਏਹਦੀ ਜਿੰਦਗੀ ਹੁਣ ਬਹੁਤੀ ਨਈਂ ਬਚੀ”।
ਸਚਮੁੱਚ ਇਸ ਸਾਧ ਨੇ ਬਹੁਤ ਕਮੀਨੀਆਂ ਹਰਕਤ ਕੀਤੀ ਹੈ ਤੇ ਸਿਖ ਪੰਥ ਦਾ ਮੂੰਹ ਚਿੜਾਇਆ ਹੈ। ਜਿਸ ਦਸਵੇਂ ਪਾਤਸ਼ਾਹ ਬਾਰੇ ਇਕ ਵੀ ਗਲਤ ਸ਼ਬਦ ਸਿਖ ਬਰਦਾਸ਼ਤ ਨਹੀਂ ਕਰ ਸਕਦੇ, ਇਸ ਨੇ ਓਸ ਸਰਬੰਸਦਾਨੀ ਪਾਤਸ਼ਾਹ ਦੀ ਨਕਲ ਉਤਾਰੀ ਹੈ। 30 ਮਾਰਚ 1699 ਨੂੰ ਜੋ ਇਤਿਹਾਸਕ ਘਟਨਾ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪਾਤਸ਼ਾਹ ਨੇ ਵਰਤਾਈ ਸੀ ਤੇ ਜਿਸ ਨੇ ਇਨਕਲਾਬ ਲਿਆਂਦਾ ਸੀ, ਉਸ ਸਭ ਦੀ ਨਕਲ ਵੀ ਏਸ ਸਾਧ ਨੇ 29 ਅਪ੍ਰੈਲ 2007 ਨੂੰ ਆਪਣੇ ਸਲਾਬਤਪੁਰ ਸਥਿਤ ਡੇਰੇ ਵਿਚ ਕੀਤੀ। ਉਹੀ ਗੁਰੂ ਸਾਹਿਬ ਵਰਗਾ ਪਹਿਰਾਵਾ, ਉਸੇ ਤਰ੍ਹਾਂ ਦੀ ਕਲਗੀਂ ਲਾ ਕੇ, ਉਸੇ ਤਰ੍ਹਾਂ ਅੰਮ੍ਰਿਤ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਪੰਜ ਪਿਆਰਿਆਂ ਦੀ ਤਰਜ਼ ‘ਤੇ ਸੱਤ ਬਣਾਏ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜੇ ਏਸ ਸਾਧ ਨੇ ਏਨੀ ਹਿੰਮਤ ਕੀਤੀ ਹੀ ਸੀ ਤੇ ਜੇ, ਇਸ ਦੇ ਚੇਲਿਆਂ ਦੇ ਕਹਿਣ ਮੁਤਾਬਿਕ, ਇਹ ਸਰਬ ਸਮਰੱਥ ਹੈ ਤਾਂ ਫਿਰ ਕਿਉਂ ਨਾ ਸੱਤਾਂ ਦੇ ਸਿਰ ਵੱਢੇ। ਹਾਂ, ਇੱਕ ਛੋਟਾ ਜਿਹਾ ਪਖ਼ੰਡ ਜ਼ਰੂਰ ਕੀਤਾ, ਜਿਸ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਸਾਧ ਦੇ ਆਪਣੇ ਮੈਗਜ਼ੀਨ ਵੱਲੋਂ,
“ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਵੱਲੋਂ ਇਸ ਦਿਨ ਇਨਸਾਨੀਅਤ ਦਾ ਪ੍ਰਤੀਕ ਸਰੂਪ ਵਿਸ਼ੇਸ਼ ਲੌਕਟ ਜਾਰੀ ਕੀਤਾ ਗਿਆ। ਇਸ ਲੌਕਟ ਨੂੰ ਜਾਰੀ ਕੀਤੇ ਜਾਣ ਦਾ ਦ੍ਰਿਸ਼ ਬਹੁਤ ਹੀ ਦਿਲ ਦਹਿਲਾਉਣ ਵਾਲਾ ਸੀ। ਲੌਕਟ ਨੂੰ ਜਾਰੀ ਕਰਨ ਤੋਂ ਪਹਿਲਾਂ ਸ਼ਹਿਨਸ਼ਾਹ ਜੀ (ਇੱਥੇ ਅਸੀਂ ਸਿਖ ਸੰਗਤਾਂ ਨੂੰ ਇਹ ਦੁਬਾਰਾ ਦੱਸ ਦੇਈਏ ਕਿ ਇਹ ਸ਼ਬਦਾਵਲੀ ਸਾਧ ਦੇ ਆਪਣੇ ਮੈਗਜ਼ੀਨ ਵਿਚ ਛਪੀ ਸੀ ਤੇ ਅਸੀਂ ਇਸ ਨੂੰ ਹੂਬਹੂ ਦੇ ਰਹੇ ਹਾਂ, ਪਰ ਨਾਲ ਨਾਲ ਆਪਣੇ ਵਿਚਾਰ ਵੀ ਬਰੈਕਟਾਂ ਵਿਚ ਦੇ ਰਹੇ ਹਾਂ) ਨੇ ਸਮੂਹ ਸਾਧ ਸੰਗਤ ਤੋਂ ਪ੍ਰਤਿੱਗਆ ਕਰਵਾਉਂਦੇ ਹੋਏ ਫਰਮਾਇਆ ਕਿ ਪਹਿਲਾਂ ਸਾਰੇ ਵਾਇਦਾ ਕਰੋ ਕਿ ਜਿਵੇਂ ਅਸੀਂ ਕਰਨ ਜਾ ਰਹੇ ਹਾਂ, ਉਵੇਂ ਕੋਈ ਨਹੀਂ ਕਰੇਗਾ, ਕਿਉਂਕਿ ਜਦੋਂ ਕੁਝ ਧਾਰਨ ਕਰਨਾ ਹੋਵੇ ਤਾਂ ਉਸ ਦੇ ਲਈ ਕੁਝ ਕਰਨਾ ਹੀ ਪੈਂਦਾ ਹੈ। ਅਜਿਹਾ ਸੁਣਦੇ ਹੀ ਸੰਗਤ ਹੈਰਾਨ ਰਹਿ ਗਈ। ਚਾਰੇ ਪਾਸੇ ਖਾਮੋਸ਼ੀ ਛਾ ਗਈ ..................। 'ਹਰ ਕਿਸੇ ਨੂੰ ਅਨਜਾਨ ਗਮਾਂ ਨੇ ਘੇਰ ਲਿਆ...............। 'ਆਪਣੇ ਸਤਿਗੁਰੂ ਦੇ ਹੁਕਮ ਵਿਚ ਬੱਝੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸ਼ਾਹੀ ਫੁਰਮਾਣ ਨੂੰ ਸਲਾਮ ਕਰਦੇ ਹੋਏ ਕੁਝ ਪਲ ਲਈ ਖਾਮੋਸ਼ੀ ਤੋੜਨ ਦਾ ਸਾਹਸ ਕੀਤਾ। ਹਰ ਕੋਈ ਅਨੋਖੀ ਮਨੋ ਦਸ਼ਾ ‘ਚੋਂ ਵਿਚਰ ਰਿਹਾ ਸੀ....................... (ਉਹਨਾਂ ਨੇ ਬਹੁਤ ਸਾਰੇ ਅਲੰਕਰ ਵਰਤੇ ਹੋਏ ਨੇ ਬਿਨਾ ਕਿਸੇ ਕਾਰਨ ਗੱਲ ਨੂੰ ਵਧਾਇਆ ਗਿਆ ਹੈ, ਸੋ ਅਸੀਂ ਥਾਂ ਦੀ ਘਾਟ ਕਾਰਨ ਉਹ ਸਭ ਕੁਝ ਨਹੀਂ ਦੇ ਰਹੇ)।' ਬਸ! ਸ਼ਹਿਨਸ਼ਾਹ ਜੀ ਦੇ ਇਹਨਾਂ ਸ਼ਬਦਾਂ ਨੇ ਤਾਂ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ.................।' ਸ਼ਾਹ ਸਤਨਾਮ ਜੀ ਧਾਮ ਦੀ ਗੁਫਾ ਦੇ ਵਿਹੜੇ ਵਿਚ ਬੈਠੇ ਲਗਭਗ ਡੇਢ ਲੱਖ ਸੇਵਾਦਾਰ ਭਾਈ ਭੈਣ (ਇਸ ਗਿਣਤੀ ਨੂੰ ਮੈਗਜ਼ੀਨ ਵਿਚ ਸੈਕੜੇ ਵਾਰ ਦੁਹਰਾਇਆ ਗਿਆ ਹੈ) ਆਪਣੇ ਦਿਲ ਅਜ਼ੀਜ਼, ਪ੍ਰਾਣਾ ਤੋਂ ਪਿਆਰੇ ਸਤਿਗੁਰੂ ਦੇ ਏਨਾ ਕਹਿੰਦੇ ਹੀ ਫੁੱਟ-ਫੁੱਟ ਕੇ ਰੋਣ ਲੱਗ ਪਏ। ਏਨਾ ਦਿਲ ਦਹਿਲਾਉਣ ਵਾਲਾ ਦ੍ਰਿਸ਼ ਕਿ ਸਾਰੇ ਤਰ-ਬ-ਤਰ ਰੋ ਰਹੇ ਸਨ...................... ਸੇਜਲ ਅੱਖਾਂ ‘ਚੋਂ ਹੰਝੂ ਧਾਰਾ ਬਣ ਕੇ ਵਹਿ ਰਹੇ ਸਨ। ਇਸ ਗਮਗੀਨ ਮਾਹੌਲ ਵਿਚ ................. ਹਰ ਕੋਈ ਇਹੀ ਪੁਕਾਰ ਕਰ ਰਿਹਾ ਸੀ ਕਿ ਹੇ ਪ੍ਰੀਤਮ ਪਿਆਰੇ, ਜਿੰਦਗੀ ਵਿਚ ਕਦੇ ਵੀ ਅਜਿਹਾ ਪਲ ਨਾ ਆਵੇ .................। (ਹੁਣ ਸਿਖ ਸੰਗਤ ਤੱਕੇ ਕਿ ਉਹ ਦਿਲ ਦਹਿਲਾਉਣ ਵਾਲਾ ਦ੍ਰਿਸ਼, ਜਿਸ ਲਈ ਏਨੀ ਭੂਮਿਕਾ ਬੰਨ੍ਹੀ ਗਈ ਕਿ ਮੈਗਜ਼ੀਨ ਦੇ ਕਈ ਪੱਤਰੇ ਭਰ ਦਿੱਤੇ, ਕੀ ਸੀ) ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਸੱਜੇ ਕਰ ਕਮਲ ਦੀ ਵਿਚਕਾਰਲੀ ਉਂਗਲ ‘ਚੋਂ ਖੂਨ ਕੱਢਿਆ (ਖੋਦਿਆ ਪਹਾੜ ਤੇ ਨਿਕਲਿਆ ਚੂਹਾ) ਤੇ ਇਸ ਤੋਂ ਬਾਅਦ ਪੂਜਨੀਕ ਪਿਤਾ ਜੀ ਨੇ ਉਂਗਲ ਨੂੰ ਦਬਾਇਆ ਤਾਂ ਉਂਗਲ ਤੇ ਖੂਨ ਦੀ ਲੰਮੀ ਧਾਰ ਵਹਿ ਤੁਰੀ (ਤੇ ਉਸ ਧਾਰ ਨਾਲ ਸਾਰੇ ਸ਼ਰਧਾਲੂ ਭਿੱਜ ਗਏ ਹੋਣੇ ਐ? ਐਵੇ ਪਖੰਡ ਨੂੰ ਵਧਾ ਚੜ੍ਹਾ ਕੇ ਲਿਖਿਆ ਗਿਆ, ਸਾਧ ਨੇ ਉਂਗਲ ਵਿਚ ਹੌਲੀ ਜਿਹੀ ਪਿੰਨ ਮਾਰੀ, ਏਨੀ ਹੌਲੀ ਕਿ ਉਂਗਲ ਨੂੰ ਦਬਾਉਣਾ ਪਿਆ ਭੋਰਾ ਖੂਨ ਕੱਢਨ ਲਈ ਤੇ ਚੇਲਿਆਂ ਨੂੰ ਪਹਿਲਾਂ ਇਸ ਤਰ੍ਹਾਂ ਹਦਾਇਤਾਂ ਦਿੱਤੀਆਂ ਜਿਵੇਂ ਸਾਧ ਆਪਣਾ ਸਿਰ ਵੱਢਣ ਲੱਗਿਆ ਹੋਵੇ।) ਉਸ ਖੂਨ ਰੰਗੀ ਉਂਗਲ ਨੂੰ ਵਿਖਾਉਂਦੇ ਹੋਏ ਇਨਸਾਨੀਅਤ ਦੇ ਸੱਚੇ ਮਸੀਹਾ, (ਜਿਸ ‘ਤੇ ਕਈ ਇਨਸਾਨਾਂ ਨੂੰ ਕਤਲ ਕਰਨ ਤੇ ਕਈ ਮਾਸੂਮ ਕੁੜੀਆਂ ਦਾ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ) ਪੂਜਨੀਕ ਹਜ਼ੂਰ ਪਿਤਾ ਜੀ ਨੇ ਜੋਸ਼ ਵਿਚ ਐਲਾਨ ਕੀਤਾ ਕਿ ਅੱਜ ਅਸੀਂ ਇਨਸਾਨੀਅਤ ਦੇ ਪ੍ਰਤੀਕ ਇਸ ਲੋਗੋ ਨੂੰ ਭਾਵ ਇਨਸਾਨੀਅਤ ਨੂੰ (ਮੂਰਖ ਸਾਧ ਲੌਕਟ ਨੂੰ ਹੀ ਇਨਸਾਨੀਅਤ ਕਹੀ ਜਾਂਦਾ ਹੈ) ਆਪਣੇ ਖੂਨ ਨਾਲ ਤਿਲਕ ਲਗਾ ਰਹੇ ਹਾਂ...............। 'ਸ਼ਹਿਨਸ਼ਾਹ ਜੀ ਦਾ ਜੋਸ਼ੀਲਾ ਅੰਦਾਜ਼ (ਉਂਗਲ ਵਿਚ ਪਿੰਨ ਮਾਰ ਕੇ ਤੁਪਕਾ ਖੂਨ ਕੱਢ ਕੇ ਉਸ ਨੂੰ ਜੋਸ਼ ਚੜ੍ਹ ਗਿਆ) ਦੇਖਿਆਂ ਹੀ ਬਣ ਰਿਹਾ ਸੀ। ਆਪ ਜੀ ਦਾ ਨੂਰਾਨੀ ਚਿਹਰਾ, ਰੂਹਾਨੀ ਪ੍ਰਕਾਸ਼, ਇਲਾਹੀ ਤਾਕਤ ਨਾਲ ਦਗ ਦਗ ਕਰ ਰਿਹਾ ਸੀ ਕਿ ਕਿਸੇ ਵਿਚ ਹਿੰਮਤ ਨਹੀਂ ਸੀ ਕਿ ਉਹਨਾਂ ਦੀ ਤਾਬ ਸਹਿ ਸਕੇ (ਐਵੇ ਸਾਧ ਨੂੰ ਫੂਕ ਛਕਾਉਣ ਲਈ ਅਲ਼ੰਕਾਰ ਸਾਰੇ ਦਸ਼ਮੇਸ਼ ਪਿਤਾ ਵਾਲੇ ਵਰਤੇ ਜਾ ਰਹੇ ਹਨ)। 'ਉਹਨਾਂ ਦਾ ਚਿਹਰਾ ਏਨਾ ਨੂਰੋ ਨੂਰ ਹੋ ਰਿਹਾ ਸੀ ਕਿ ਸੂਰਜ ਦੀ ਰੌਸਨੀ ਵੀ ਉਸ ਦੇ ਸਾਹਮਣੇ ਤੁੱਛ ਹੈ ........................।' ਫਿਰ ਸ਼ਹਿਨਸ਼ਾਹ ਜੀ ਨੇ ਲੋਗੋ ਨੂੰ ਜੋਸ਼ ਭਰੇ ਅੰਦਾਜ਼ ਵਿਚ ਐਲਾਨ ਕੀਤਾ ਕਿ ਅਸੀਂ ਇਨਸਾਨੀਅਤ ਦੀ ਸੇਵਾ ਲਈ ਆਪਣੇ ਖੂਨ ਦਾ ਇਕ ਇਕ ਕਤਰਾ ਵਹਾ ਦਿਆਂਗੇ ................(ਹੋਰ ਪਾਡੀਆਂ)................। 'ਇਨਸਾਨੀਅਤ ਦੇ ਸੱਚੇ ਰੱਖਿਅਕ, ਮਾਨਵਤਾ ਨੂੰ ਆਪਣੇ ਖੂਨ ਦੀ ਬਲੀ ਦੇਣ ਵਾਲੇ (ਖੂਨ ਦੀ ਬਲੀ ਵੇਖ ਲਉ ਜੀ, ਦੋ ਤੁਪਕੇ ਵੀ ਨਹੀਂ, ਇਸ ਤੋਂ ਵੱਧ ਖੂਨ ਤਾਂ ਡਾਕਟਰ ਟੈਸਟ ਕਰਨ ਲਈ ਕੱਢ ਲੈਂਦੇ ਹਨ।) ਮਹਾਨ ਦਾਤਾਰ ਨੇ ਆਪਣੇ ਹੱਥ ਨੂੰ ਉੱਪਰ ਚੁੱਕ ਕੇ ਕੜਕਦੀ ਆਵਾਜ ਵਿਚ ਕਿਹਾ ਕਿ ਸਾਨੂੰ ਕਿਸੇ ਝੂਠ ਫਰੇਬ ਦੀ ਪਰਵਾਹ ਨਹੀਂ ਅਤੇ ਅਜਿਹਾ ਕੋਈ ਮਾਈ ਦਾ ਲਾਲ ਨਹੀਂ ਜੋ ਸਾਨੂੰ ਇਨਸਾਨੀਅਤ ਦੀ ਸੇਵਾ ਕਰਨ ਤੋਂ ਰੋਕ ਸਕੇ ...................।” ਇਸ ਤਰ੍ਹਾਂ ਦੀਆਂ ਬਹੁਤ ਸ਼ੇਖ਼ੀਆਂ ਮਾਰੀਆਂ ਏਸ ਪਖੰਡੀ ਸਾਧ ਨੇ। ਹੁਣ ਸਮਝ ਨਹੀਂ ਆਉਂਦੀ ਕਿ ਮਾਨਵਤਾ ਦੇ ਆਪੇ ਬਣੇ ਰੱਖਿਅਕ ਤੇ ਅਲੰਬਰਦਾਰ ਏਸ ਸਾਧ ਦੇ ਸੈਕੜੇ ਭੂਤਰੇ ਹੋਏ ਚੇਲਿਆਂ ਨੂੰ ਸਿਖ ਸੰਗਤਾਂ ਨੇ ਬਹੁਤ ਕੁਟਾਪਾ ਚਾੜਿਆ ਤੇ ਇਹ ਵਿਚਾਰਾ ਬਹਾਦਰ ਸਾਧ ਗੁਫਾ ਵਿਚ ਲੁਕਿਆ ਬੈਠਾ ਹੈ ਤੇ ਸਰਕਾਰ ਤੋਂ ਆਪਣੀ ਸੁਰੱਖਿਆ ਲਈ ਜ਼ੈੱਡ ਸਕਿਊਰਟੀ ਲੈ ਲਈ ਹੈ।
ਸੌਖਾ ਨਹੀਂ ਸਾਧਾ ਮਨੁੱਖਤਾ ਲਈ ਜਿਉਣਾ ਤੇ ਮਨੁੱਖਤਾ ਦੀ ਅਜ਼ਾਦੀ ਲਈ ਜੱਦੋ ਜਹਿਦ ਕਰਨੀ। ਮਨੁੱਖਤਾ ਦੀ ਆਜ਼ਾਦੀ ਸਿਰਫ ਉਂਗਲ ਦਾ ਦੋ ਤੁਪਕੇ ਖੂਨ ਨਹੀਂ ਸਗੋਂ ਪੂਰਾ ਸਰਬੰਸ ਮੰਗਦੀ ਹੈ। ਜੇ ਮਨੁੱਖਤਾ ਲਈ ਕੁਰਬਾਨੀਆਂ ਵੇਖਣੀਆਂ ਨੇ ਤਾਂ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਭਾਈ ਦਿਲਾਵਰ ਸਿੰਘ ਤੱਕ ਦਾ ਇਤਿਹਾਸ ਪੜ੍ਹ। ਪੜ੍ਹ ਤੱਤੀ ਤਵੀ ‘ਤੇ ਅਡੋਲ ਬੈਠੇ ਸਤਿਗੁਰੂ ਕਿਵੇਂ ਮੁਸਕੁਰਾ ਰਹੇ ਨੇ, ਤੱਕ ਚਾਂਦਨੀ ਚੌਂਕ ਵਿਚ ਧਰਮ ਦੀ ਚਾਦਰ ਨੌਂਵੇਂ ਪਾਤਸ਼ਾਹ ਕਿਵੇਂ ਨਿਡਰਤਾ ਨਾਲ ਬੈਠੇ ਨੇ, ਦੇਖ ਸਰਹੰਦ ਤੇ ਚਮਕੌਰ ਵੱਲ ਮੂੰਹ ਕਰਕੇ, ਕੀ ਸਹਾਰ ਸਕਦੈ ਸਰਹੰਦ ਦੀਆਂ ਦੀਵਾਰਾਂ ਅਤੇ ਚਮਕੌਰ ਦੇ ਮੈਦਾਨ ਵਿਚ ਜੂਝ ਰਹੇ ਜੁਝਾਰੂਆਂ ਦੇ ਚਿਹਰਿਆਂ ਦਾ ਨੂਰ, ਨਜ਼ਰ ਮਾਰ ਅੱਸੀ ਸਾਲਾ ਓਸ ਬਜ਼ੁਰਗ ਜਰਨੈਲ ‘ਤੇ ਜਿਸ ਦੇ ਧੜ ‘ਤੇ ਸੀਸ ਵੀ ਨਹੀਂ ਤੇ ਉਹ ਫਿਰ ਵੀ 18 ਸੇਰ ਪੱਕਾ ਖੰਡਾ ਵਾਹ ਰਿਹੈ, ਕੀ ਹੈ ਹਿੰਮਤ ਕਿ, ਬੰਦ ਬੰਦ ਕਟਵਾਉਂਦੇ ਹੋਏ ਵੀ ਸਿਮਰਨ ਕਰੇਂ, ਤੇਰੇ ਬੇਸ਼ਰਮ ਜਹੇ ਪੁੱਤ ਧੀਆਂ (ਬੇਸ਼ਰਮ ਇਸ ਲਈ ਕਿ ਸਾਧ ਦੀ ਇਕ ਕੁੜੀ ਬੱਜੋਆਣੇ ਪਿੰਡ ਦੇ ਕਿਸੇ ਪ੍ਰੋਫੈਸਰ ਮੁੰਡੇ ਨਾਲ ਨਿਕਲ ਗਈ ਸੀ) ਜਿਨ੍ਹਾਂ ਨੂੰ ਤੂੰ ਸਾਹਿਬਜਾਦੇ ਕਹਿੰਦਾ ਹੈ, ਕੀ ਹੈ ਹਿੰਮਤ ਕਿ ਉਹਨਾਂ ਵਿਚੋਂ ਕਿਸੇ ਦਾ ਕਾਲਜਾ ਕੱਢ ਕੇ ਮੂੰਹ ਵਿਚ ਪਵਾ ਸਕੇਂ, ਤੂੰ ਸੋਚ ਵੀ ਨਹੀਂ ਸਕਦਾ ਤੇ ਤੱਕ ਦਿੱਲੀ ਵੱਲ ਜਿੱਥੇ ਅੱਗ ਵਰਗੇ ਜੰਮੂਰਾਂ ਨਾਲ ਮਾਸ ਨੋਚੇ ਜਾਣ ‘ਤੇ ਅਤੇ ਪੁਤਰ ਦਾ ਕਲੇਜਾ ਮੂੰਹ ਵਿਚ ਪਾਏ ਜਾਣ ‘ਤੇ ਵੀ ਇਕ ਸੂਰਮਾਂ ‘ਵਾਹਿਗੁਰੂ’ ਦਾ ਜਾਪ ਕਰ ਰਿਹਾ ਹੈ, ਕੀ ਤੂੰ ਸੋਚ ਸਕਦੈ ਕਿ ਦੇਸ਼ (ਸਾਡੇ ਦੇਸ਼ ਪੰਜਾਬ) ਨੂੰ ਗੁਲਾਮ ਬਣਾਉਣ ਆਏ ਗੋਰਿਆਂ ਨਾਲ ਬਜੁਰਗ ਉਮਰ ਵਿਚ ਵੀ ਇਕ ਸਿੰਘ ਸਰਦਾਰ ਏਸ ਤਰ੍ਹਾਂ ਲੜਿਆ ਕਿ ਤੋਪਾਂ ਤੇ ਬੰਦੂਕਾਂ ‘ਤੇ ਕ੍ਰਿਪਾਨਾਂ ਭਾਰੂ ਪੈ ਗਈਆਂ ਤੇ ਸ਼ੇਰ ਵਿਚ ਜੋਸ਼ ਏਨਾ ਕਿ ਸ਼ਹੀਦ ਹੋਣ ਤੋਂ ਬਾਅਦ ਵੀ ਕ੍ਰਿਪਾਨ ਹੱਥ ਵਿਚੋਂ ਨਹੀਂ ਛੁੱਟੀ ਤੇ ਨਾਲ ਹੀ ਸਸਕਾਰ ਕਰਨਾ ਪਿਆ, ਤੂੰ ਕਹੇਂਗਾ ਇਹ ਸਭ ਬੀਤੀਆਂ ਸਦੀਆਂ ਦੀਆਂ ਪੁਰਾਣੀਆਂ ਗੱਲਾਂ ਹਨ, ਚੱਲ ਨੇੜੇ ਆਉਂਦੇ ਹਾਂ। ਕਰ ਮੂੰਹ ਪੰਜਾ ਸਾਹਿਬ ਵੱਲ, ਤੇ ਤੱਕ ਕਿਵੇਂ ਰੇਲ ਗੱਡੀ ਵਿਚ ਲਿਜਾਏ ਜਾ ਰਹੇ ਭੁੱਖੇ ਮਨੁੱਖਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਸਿੰਘ ਰੇਲ ਦੀਆਂ ਪਟੜੀਆਂ ਤੇ ਵਿਛ ਜਾਂਦੇ ਹਨ, ਹੈ ਹਿੰਮਤ ਕਿ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਵਾਂਗ ਮਨੱਖਤਾ ਦੀ ਸੇਵਾ ਕਰੇਂ, ਏ. ਸੀ. ਕਮਰਿਆਂ ਤੇ ਸਾਰੀਆਂ ਸੁੱਖ ਸਹੂਲਤਾਂ ਵਾਲੇ ਡੇਰਿਆਂ ‘ਚ ਬਹਿ ਕੇ ਫੜ੍ਹਾਂ ਮਾਰਨੀਆਂ ਬਹੁਤ ਸੌਖੀਆਂ ਨੇ ਸਾਧਾ ਪਰ ਮਨੱਖਤਾ ਲਈ ਕੁਰਬਾਨ ਹੋਣਾ ਬਹੁਤ ਔਖੈ। ਤੇਰੇ ਸਾਰੇ ਲਾਣੇ ਵਿਚੋਂ ਹੈ ਕੋਈ ਜਿਹੜਾ ਇਹ ਸੋਚ ਵੀ ਸਕੇ ਕਿ 21 ਸਾਲ ਤੱਕ ਜ਼ਾਲਮ ਦਾ ਪਿੱਛਾ ਕਿਵੇਂ ਕਰੀਦੈ ਤੇ ਉਸ ਮਨੱਖਤਾ ਦੇ ਕਾਤਲ ਨੂੰ ਉਸ ਦੇ ਘਰ ਜਾ ਕੇ ਕਿਵੇਂ ਸੋਧੀਦੈ, ਹੈ ਹਿੰਮਤ ਤੇਰੇ ਜਾਂ ਤੇਰੇ ਬਣਾਏ ਇਹਨਾਂ ‘ਇੰਸਾਂਨਾਂ’ ਵਿਚ। ਮਨੁੱਖਤਾ ਦੀ ਆਜ਼ਾਦੀ ਲਈ ਜੂਝਣ ਵਾਲੇ ਤਾਂ ਨਹਿਰਾਂ, ਦਰਿਆਵਾਂ ਵਿਚ ਮੱਛੀਆਂ ਦਾ ਭੋਜਨ ਬਣਦੇ ਨੇ, ਲੱਖਾਂ ਦੀ ਗਿਣਤੀ ਵਿਚ ਲਾਵਾਰਿਸ ਕਹਿ ਕੇ ਸਾੜੇ ਜਾਂਦੇ ਨੇ, ਬਾਪੂ ਦੀ ਰੁਲਦੀ ਪੱਗ, ਮਾਂ ਦੀ ਪਾਟੀ ਚੁੰਨੀ ਤੇ ਭੈਣ ਦੀਆਂ ਸਿਸਕੀਆਂ ਜ਼ਰਨੀਆਂ ਬਹੁਤ ਔਖੀਆਂ ਨੇ। ਕਦੇ ਪੁੱਛੀਂ ਉਹਨਾਂ ਖੂਫੀਆ ਏਜੰਸੀਆਂ ਵਾਲਿਆਂ ਨੂੰ ਜਿਹਨਾਂ ਨਾਲ ਤੇਰੀ ਯਾਰੀ ਐ, ਕਿ ਮਨੱਖਤਾ ਲਈ ਜੂਝਦੇ ਫੜੇ ਗਏ ਦਸਵੇਂ ਪਾਤਸ਼ਾਹ ਦੇ ਸ਼ੇਰ ਪੱਤਰਾਂ ਨੇ ਕਦੇ ਸੀ ਵੀ ਕੀਤੀ, ਤੇ ਨਾਲੇ ਪੁੱਛੀ ਕਿ ਤਸ਼ੱਦਦ ਕਿੰਨਾ ਕੀਤਾ ਗਿਆ ਉਹਨਾਂ ਜੁਝਾਰੂਆਂ ‘ਤੇ, ਕੀ ਦੇਗਾਂ ਵਿਚ ਨਹੀਂ ਉਬਾਲੇ ਗਏ, ਕੀ ਖੋਪਰ ਨਹੀਂ ਲਾਹੇ ਗਏ (ਭਾਈ ਰਣਜੀਤ ਸਿੰਘ ਤਰਸਿੱਕਾ), ਕੀ ਪੱਟ ਚੀਰ ਕੇ ਵਿਚ ਲੂਣ ਨਹੀਂ ਭਰਿਆ ਗਿਆ (ਭਾਈ ਵਰਿਆਮ ਸਿੰਘ), ਕੀ ਗਰਮ ਪ੍ਰੈਸ ਲਾ ਕੇ ਮਾਸ ਨਹੀਂ ਸਾੜਿਆ ਗਿਆ (ਭਾਈ ਅਵਤਾਰ ਸਿੰਘ ਸ਼ਤਰਾਣਾ), ਕੀ ਪਲਾਸ ਨਾਲ ਦੰਦ ਨਹੀਂ ਖਿੱਚੇ ਗਏ (ਭਾਈ ਰਛਪਾਲ ਸਿੰਘ ਛੰਦੜਾਂ), ਕੀ ਮਾਸ ਨਹੀਂ ਨੋਚਿਆ ਪਲਾਸਾਂ ਨਾਲ (ਜਥੇਦਾਰ ਸੁਖਦੇਵ ਸਿੰਘ ਬੱਬਰ) ਇਹ ਵਾਰਤਾ ਬੜੀ ਲੰਬੀ ਐ ਸਾਧਾ, ਪੁੱਛ ਲਈ ਉਹਨਾਂ ਨੂੰ ਫੇਰ ਕਰੀਂ ਮਨੁੱਖਤਾ ਦੀ ਰੱਖਿਆ ਦੀਆਂ ਗੱਲਾਂ। ਮਨੱਖਤਾ ਲਈ ਆਪਣੇ ਖੂਨ ਦਾ ਕਤਰਾ ਕਤਰਾ ਵਹਾਉਣਾ ਤਾਂ ਦਸ਼ਮੇਸ਼ ਦੇ ਦੁੱਲੇ ਪੁੱਤਰਾਂ ਦੇ ਹਿੱਸੇ ਈ ਆਇਐ, ਤੂੰ ਰਹਿਣ ਦੇ, ਤੇਰੀ ਦੁਕਾਨਦਾਰੀ ਵਧੀਆ ਚੱਲੀ ਐ ਤੇ ਤੂੰ ਆਪਣੀ ਡਫਲੀ ਵਜਾਈ ਚੱਲ, ਮਖਮਲੀ ਗੱਦੇ, ਸੇਵਾ ਲਈ ਅਪਸਰਾਵਾਂ, ਛੱਡ ਮਨੁਖਤਾ ਬਾਰੇ ਤੇ ਜਿਹੜਾ ਕੰਮ ਤੂੰ ਬਹੁਤ ਦੇਰ ਤੋਂ ਕਰਦਾ ਆ ਰਿਹੈ ਉਹੀ ਕਰ ‘ਅਯਾਸ਼ੀ’। 'ਮਨੁੱਖਤਾ ਲਈ ਖੂਨ ਵਹਾ ਦਿਆਂਗੇ, ਆਪਣੀ ਜਾਨ ਕੁਰਬਾਨ ਕਰ ਦਿਆਂਗੇ, ਕਿਸੇ ਦੀ ਈਨ ਨਹੀਂ ਮੰਨਾਂਗੇ ਇਹ ਸਭ ਤੁਹਾਡੇ ਲਈ ਕਿਤਾਬੀ ਗੱਲਾਂ ਨੇ ਜਾਂ ਕਹਿ ਲਉਂ ਚੇਲਿਆਂ ਵਿਚ ਨਾਮਣਾ ਖੱਟਣ ਲਈ ਖੇਡਿਆ ਗਿਆ ਡਰਾਮਾਂ।
ਤੇਰੇ ਵਰਗੇ ਸੋਚਦੇ ਨੇ ਕਿ ਬਸ ਸਟੇਜਾਂ ‘ਤੇ ਬੋਲ ਕੇ ਸਰ ਜਾਊ ਤੇ ਅਖ਼ਬਾਰਾਂ ਵਿਚ ਨਾਮ ਆ ਜਾਊ। ਫੋਕੀ ਸ਼ੋਹਰਤ ਦੇ ਭੁੱਖੇ ਤੁਸੀਂ ਕੀ ਜਾਣੋ ਆਜ਼ਾਦੀ ਕੀ ਹੰਦੀ ਐ। ਤੁਸੀਂ ਬੂਬਨੇ ਤਾਂ ਐਸ਼ਾਂ ਕਰਦੇ ਓ। ਸੋਚਦੇ ਓ ਕਾਫੀ ਦੇਰ ਤੋਂ ਕੁਝ ਨਵਾਂ ਨਈ ਕੀਤਾ ਚਲੋ ਇੰਜ ਕਰ ਲੈਦੇ ਹਾਂ। ਸਾਨੂੰ ਪੁੱਛ ਕੇ ਵੇਖ ਗੁਲਾਮੀ ਦੀ ਪੀੜ ਤੇ ਆਜ਼ਾਦੀ ਦੇ ਸੁਹਾਣੇ ਸੁਪਨੇ। ਕੋਈ ਨ੍ਹੀ ਸਾਧਾ ਸਾਨੂੰ ਪੈਰ ਸਿਰ ਹੋ ਜਾਣ ਦੇ ਤੇ ਸਿਵਿਆਂ ਵਿਚ ਰੁਲਦੀ ਰਾਖ ਸਾਂਭ ਲੈਣ ਦੇ, ਅਜੇ ਅਸੀਂ ਪਿਛਲੇ ਸਰਕਾਰੀ ਕਤਲੇਆਮ ਵਿਚੋਂ ਉਭਰਨ ਦਾ ਯਤਨ ਕਰ ਰਹੇ ਹਾਂ। ਸਾਨੂੰ ਸਾਂਭ ਲੈਣ ਦੇ ਵੀਰਾਂ ਦੀ ਯਾਦ ਤੇ ਗਿਣਤੀ ਵੀ ਕਰ ਲੈਣ ਦੇ ਲਾਵਾਰਸ ਲਾਸ਼ਾਂ ਦੀ। ਅਜੇ ਤਾਂ ਥਾਣਿਆਂ ਵਿਚੋਂ ਪਾਟੀਆਂ ਚੁੰਨੀਆਂ ਲੱਭ ਰਹੀਆਂ ਨੇ, ਤੇ ਪੁੱਠੇ ਲਮਕਾਏ ਬੇਕਸੂਰਾਂ ਦੀਆਂ ਚੀਕਾਂ ਸੁਣ ਰਹੀਆਂ ਨੇ, ਸਾਨੂੰ ਇਸ ਸਭ ਵਿਚੋਂ ਨਿਕਲ ਲੈਣ ਦੇ, ਫੇਰ ਅਸੀਂ ਦੱਸਾਂਗੇ ਕਿ ਅਜ਼ਾਦੀ ਲਈ ਮਨੁੱਖਤਾ ਦੀ ਆਜ਼ਾਦੀ ਲਈ ਕਿਵੇਂ ਲੜਿਆ ਜਾਂਦੈ ਤੇ ਮਨੁੱਖਤਾ ਦੀ ਸੇਵਾ ਕਿਵੇਂ ਕਰੀ ਜਾਂਦੀ ਐ। ਅਜੇ ਤਾਂ ਅਸੀਂ ਬੇਘਰੇ ਰੁਲਦੇ ਫਿਰ ਰਹੇ ਆਂ, ਸਾਨੂੰ ‘ਆਪਣਾ ਘਰ’ ਲੈ ਲੈਣ ਦੇ ਫੇਰ ਅਸੀਂ ਜੂਝਾਂਗੇ ਤੇ ਤੇਰੇ ਸਮੇਤ ਸਾਰੀ ਦੁਨੀਆਂ ਨੂੰ ਦੱਸ ਦਿਆਂਗੇ ਕਿ ਮਨੱਖਤਾ ਦੇ ਕਾਤਲਾਂ ਨੂੰ ਜਵਾਬ ਦੇਣ ਵਾਲੇ ਤੁਰ ਪਏ ਨੇ ਤੇ ਜੇ ਕੋਈ ਕਿਸੇ ‘ਤੇ ਜ਼ੁਲਮ ਕਰ ਰਿਹਾ ਹੈ ਤਾਂ ਤਿਆਰੀ ਕਰ ਲਵੇ ਪਰਲੋਕ ਦੀ।
ਹੁਣ ਸਾਧਾ ਅੰਤ ਵਿਚ ਤੈਨੂੰ ਇਕ ਨਸੀਅਤ ਐ ਕਿਉਂਕਿ ਤੂੰ ਸਾਡਾ ਇਕ ਸਿੰਘ ਸ਼ਹੀਦ ਕਰਕੇ ਸਾਨੂੰ ਫੇਰ ਝੰਜੋੜਿਐ, ਆਪਣੇ ਚੇਲਿਆਂ ਚੂਲਿਆਂ ‘ਤੇ ਬਹੁਤਾ ਮਾਣ ਨਾ ਕਰ, ਤੇਰੀ ਫੋਟੋ ਪੰਜਾਬ ਦੇ ਕਿਸੇ ਘਰ ‘ਚ ਨਈ ਦਿਸਦੀ, ਕਿਸੇ ਨੇ ਤੇਰੇ ਪਖੰਡਾਂ ਪਿੱਛੇ ਆਪਣੇ ਪੁੱਤ ਨਈਂ ਮਰਵਾਉਣੇ ਤੇ ਸਾਨੂੰ ਤਪਿਆਂ ਹੋਇਆਂ ਨੂੰ ਹੋਰ ਨਾ ਤਪਾ ਕਿਤੇ ਇਹ ਨਾ ਹੋਵੇ ਕਿ ਪਹਿਲਾਂ ਸਾਨੂੰ ....................................।
ਜਗਦੀਪ ਸਿੰਘ ‘ਫਰੀਦਕੋਟ’98157-63313

No comments: