Sunday, February 17, 2008

"ਕਾਦਰਯਾਰ ਜਹਾਨ 'ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ"


(ਪੰਜਾਬ ਦੇ ਗੁਲਾਮ ਹੋਣ ਦੀ ਗਾਥਾ ਇਤਿਹਾਸਕਾਰਾਂ ਦੀ ਨਜ਼ਰ ਵਿਚ)
(10 ਫਰਵਰੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹੀਦੀ 'ਤੇ ਵਿਸ਼ੇਸ)

" ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ,ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ"
ਮਹਾਨ ਨੀਤੀਵਾਨ ਇਤਿਹਾਸਕਾਰ ਵਿਨਸਟਨ ਚਰਚਿਲ ਆਪਣੀ ਕਿਤਾਬ 'ਹਿਸਟਰੀ ਆਫ ਦੀ ਇੰਗਲਿਸ਼ ਸਪੀਕਿੰਗ ਪੀਪਲਜ਼' ਵਿਚ ਇਕ ਥਾਂ ਲਿਖਦਾ ਹੈ, "ਅੰਗਰੇਜ਼ਾਂ ਨੇ ਪੰਜਾਬ ਵਿਚ ਰੀਜੈਂਸੀ ਸਥਾਪਤ ਕਰ ਦਿੱਤੀ। ਤਿੰਨ ਸਾਲ ਮਗਰੋਂ ਸਿੱਖਾਂ ਨੇ ਰੀਜੈਂਸੀ ਨੂੰ ਖਤਮ ਕਰਨ ਦਾ ਯਤਨ ਕੀਤਾ। ਸੂਬੇ ਦੇ ਧੁਰ ਅੰਦਰ ਜਾ ਕੇ ਉਹਨਾਂ ਨਾਲ ਚਿਲਿਆਂ ਵਾਲਾ ਦੇ ਸਥਾਨ 'ਤੇ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿਚ ਤਿੰਨ ਅੰਗਰੇਜ਼ੀ ਪਲਟਨਾਂ ਆਪਣੇ ਝੰਡੇ ਗਵਾ ਬੈਠੀਆਂ। ਪਰ ਮਗਰੋਂ ਅੰਗਰੇਜ਼ਾਂ ਨੇ ਲੜਾਈ ਵਿਚ ਆਪਣੀ ਪ੍ਰਸਿੱਧੀ ਮੁੜ ਸਥਾਪਤ ਕਰ ਲਈ ਤੇ ਸਿੱਖ ਫੌਜ ਨੂੰ ਤਬਾਹ ਕਰ ਦਿੱਤਾ"। 'ਸਿੱਖ ਸਿਪਾਹੀਆਂ ਦੇ ਸੁਭਾਅ ਬਾਰੇ ਕਨਿੰਘਮ ਲਿਖਦਾ ਹੈ, "ਹਰ ਸਿੱਖ ਇਸ ਕਾਰਜ ਨੂੰ ਆਪਣਾ ਸਮਝਦਾ ਸੀ। ਉਹ ਮਜ਼ਦੂਰ ਦਾ ਕੰਮ ਵੀ ਕਰਦਾ ਸੀ ਅਤੇ ਬੰਦੂਕ ਵੀ ਧਾਰਨ ਕਰਦਾ ਸੀ। ਉਹ ਤੋਪਾਂ ਖਿੱਚਦਾ, ਬੈਲ ਹੱਕਦਾ ਅਤੇ ਚਾਂਈਂ-ਚਾਂਈਂ ਬੇੜੀਆਂ 'ਤੇ ਮਾਲ ਲੱਦਦਾ ਤੇ ਲਾਹੁੰਦਾ ਸੀ। ਇਸ ਦੇ ਮੁਕਾਬਲੇ 'ਤੇ ਅੰਗਰੇਜ਼ ਫੌਜ ਦੇ ਹਿੰਦੁਸਤਾਨੀ ਸਿਪਾਹੀ ਕੇਵਲ ਪੈਸੇ ਲਈ ਲੜ ਰਹੇ ਸਨ।"ਕਿਉਂਕਿ ਗ਼ਦਾਰਾਂ ਤੇ ਚਾਪਲੂਸਾਂ ਦਾ 'ਸਰਕਾਰ-ਏ-ਖਾਲਸਾ' ਵਿਚ ਬੋਲ ਬਾਲਾ ਹੋ ਚੁੱਕਾ ਸੀ, ਇਸ ਲਈ ਸਰਦਾਰ ਸ਼ਾਮ ਸਿੰਘ ਵਰਗਾ ਜਾਂਬਾਜ਼ ਜਰਨੈਲ ਨਾ ਚਾਹੁੰਦੇ ਹੋਏ ਵੀ ਆਪਣੇ ਘਰ ਅਟਾਰੀ ਵਿਖੇ ਬੈਠਾ ਸੀ। ਅੰਗਰੇਜ਼ ਸਿੱਖ ਲੜਾਈਆਂ ਸ਼ੁਰੂ ਹੋ ਚੁੱਕੀਆ ਸਨ, ਜਾਂ ਕਹਿ ਲਉ ਗ਼ਦਾਰੀਆਂ ਅਤੇ ਸ਼ਹਾਦਤਾਂ ਦੀ ਰੁੱਤ ਆ ਗਈ ਸੀ। ਰੱਜ ਕੇ ਗ਼ਦਾਰੀਆਂ ਹੋਈਆਂ ਪਰ ਕਿਸੇ ਵੀ ਲੜਾਈ ਵਿਚ ਸਿੱਖ ਫੌਜਾਂ ਡੋਲੀਆਂ ਨਹੀਂ, ਸਗੋਂ ਅੱਗੇ ਵਧ-ਵਧ ਕੇ ਸ਼ਹੀਦੀਆਂ ਪਾਈਆਂ।ਸਿੱਖ ਫੌਜ ਨਾਲ ਸਤਲੁਜ ਪਾਰ ਕਰਨ ਉਪਰੰਤ ਲਾਲ ਸਿੰਘ ਨੇ ਕਪਤਾਨ ਨਿਕਲਸਨ ਨੂੰ ਲਿਖਿਆ, " ਮੈਂ ਸਿੱਖ ਫੌਜ ਸਮੇਤ ਦਰਿਆ ਪਾਰ ਕਰ ਲਿਆ ਹੈ। ਤੁਹਾਨੂੰ ਮੇਰੀ ਅੰਗਰੇਜ਼ ਦੋਸਤੀ ਦਾ ਪਤਾ ਹੀ ਹੈ। ਹੁਕਮ ਕਰੋ, ਹੁਣ ਮੈਂ ਕੀ ਕਰਾਂ?"ਨਿਕਲਸਨ ਨੇ ਜਵਾਬ ਦਿੱਤਾ, " ਜੇ ਤੁਸੀਂ ਅੰਗਰੇਜ਼ਾਂ ਦੇ ਮਿੱਤਰ ਹੋ ਤਾਂ ਫਿਰੋਜ਼ਪੁਰ ਉੱਤੇ ਹਮਲਾ ਨਾ ਕਰੋ। ਜਿੰਨੀ ਦੇਰ ਹੋ ਸਕਦੀ ਹੈ ਕਰੋ, ਤੇ ਆਪਣੀ ਫੌਜ ਨੂੰ ਗਵਰਨਲ ਜਨਰਲ ਦੇ ਸਾਹਮਣੇ ਲੈ ਜਾਓ।"ਲੁਡਲੋ ਇਸ ਬਾਰੇ ਕਹਿੰਦਾ ਹੈ, " ਜੇ ਉਹ ਉਸ ਸਮੇਂ ਹਮਲਾ ਕਰ ਦਿੰਦੇ ਤਾਂ ਫਿਰੋਜ਼ਪੁਰ ਵਿਖੇ ਸਾਡੀ 8000 ਫੌਜ ਬਿਲਕੁਲ ਨਸ਼ਟ ਹੋ ਜਾਂਦੀ ਅਤੇ ਜੇਤੂ 69000 ਫੌਜ ਸਰ ਹੈਨਰੀ ਹਾਰਡਿੰਗ ਉੱਤੇ ਟੁੱਟ ਪੈਂਦੀ, ਜਿਸ ਕੋਲ ਉਸ ਸਮੇਂ ਕੇਵਲ 8000 ਨਫ਼ਰੀ ਦੀ ਫੌਜ ਸੀ।ਉਸ ਸਮੇਂ ਸਾਡੀ ਤਿਆਰੀ ਨਾ ਦੇ ਬਰਾਬਰ ਸੀ।"ਮੁੱਦਕੀ ਦੀ ਰੇਤਲੀ ਧਰਤੀ ਨੂੰ ਬਹਾਦਰਾਂ ਦੇ ਲਹੂ ਨਾਲ ਸਿੰਜਣ ਵਾਸਤੇ 18 ਦਸੰਬਰ 1845 ਦਾ ਦਿਨ ਆ ਗਿਆ। ਇਕ ਪਾਸਿਓਂ ਅੰਗਰੇਜ਼ਾਂ ਦਾ ਯੂਨੀਅਨ-ਜੈਕ ਤੇ ਦੂਜੇ ਪਾਸਿਓਂ ਕੇਸਰੀ ਨਿਸ਼ਾਨ ਸਾਹਿਬ ਮੈਦਾਨ ਵਿਚ ਲਹਿਰਾਏ। ਅੰਗਰੇਜ਼ੀ ਫੌਜ ਨੇ ਉਸੇ ਜੋਸ਼ ਨਾਲ ਹਮਲਾ ਕੀਤਾ ਜਿਸ ਨਾਲ ਉਹਨਾਂ ਨੇ ਹਿੰਦੁਸਤਾਨ ਦੇ ਕਈ ਰਜਵਾੜੇ ਫ਼ਤਹਿ ਕੀਤੇ ਸਨ, ਪਰ ਛੇਤੀ ਹੀ ਪਤਾ ਲੱਗ ਗਿਆ ਕਿ ਐਤਕੀਂ ਬਰਾਬਰ ਦੇ ਬਹਾਦੁਰਾਂ ਨਾਲ ਵਾਹ ਪਿਆ ਹੈ। ਖਾਲਸਾ ਫੌਜ ਨੇ ਹੱਲੇ ਦਾ ਜਵਾਬ ਹੱਲੇ ਵਿਚ ਦਿੱਤਾ, ਅੰਗਰੇਜ਼ੀ ਫੌਜ ਲੋਹੇ ਦੀ ਕੰਧ ਨਾਲ ਟਕਰਾ ਕੇ ਪਿੱਛੇ ਹਟ ਰਹੀ ਸੀ। ਭੁੱਖੇ ਸ਼ੀਹਾਂ ਦੇ ਵਾਰ ਅੱਗੇ ਗਿੱਦੜ ਖੜ ਨਾ ਸਕੇ ਤੇ ਅੰਗਰੇਜ਼ੀ ਫੌਜ ਦਾ ਇਕ ਹਿੱਸਾ ਨੱਸ ਕੇ ਆਪਣੀ ਬ੍ਰਿਗੇਡ ਦੇ ਪਿਛਲੇ ਪਾਸੇ ਜਾ ਲੁਕਿਆ। ਲਾਲ ਸਿੰਘ ਨੂੰ ਕਦੇ ਪ੍ਰਵਾਨ ਨਹੀਂ ਸੀ ਕਿ ਸਿੱਖ ਜਿੱਤ ਜਾਣ ਸੋ ਉਹ ਆਪਣੀ 4000 ਡੋਗਰਾ ਫੌਜ ਸਣੇ ਮੈਦਾਨ ਵਿੱਚੋਂ ਭੱਜ ਪਿਆ ਉਸ ਦੇ ਪਿੱਛੇ ਕਨ੍ਹੱਯਾ ਲਾਲ, ਅਜੁਧਿਆ ਪ੍ਰਸਾਦ ਤੇ ਅਮਰ ਨਾਥ ਆਦਿ ਵੀ ਨਸ ਗਏ। ਬਿਨਾ ਜਰਨੈਲਾਂ ਦੇ ਲੜ ਰਹੀ 6-7 ਹਜ਼ਾਰ ਖਾਲਸਾ ਫੌਜ ਨੁੰ ਦੇਖ ਕੇ ਅੰਗਰੇਜ਼ ਅਫਸਰ ਹੈਰਾਨ ਰਹਿ ਗਏ।ਅੰਗਰੇਜ਼ੀ ਫੌਜ ਆਪਣੇ ਹੋਸ਼ ਭੁਲਾ ਬੈਠੀ। ਕਈਆਂ ਨੇ ਤਾਂ ਇੱਥੋਂ ਤੱਕ ਲਿਖਿਆਂ ਹੈ ਕਿ ਅੰਗਰੇਜ਼ੀ ਫੌਜ ਦੇ ਕੁਝ ਬੰਦਿਆਂ ਨੇ ਘਬਰਾ ਕੇ ਆਪਸ ਵਿਚ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ। ਦਗ਼ੇ, ਫਰੇਬ ਤੇ ਗ਼ਦਾਰੀ ਵਾਲੇ ਹਾਲਾਤ ਵਿਚ ਮੁੱਦਕੀ ਦੀ ਲੜਾਈ ਹੋਈ ਜੋ ਬਹੁਤ ਥੋੜਾ ਸਮਾਂ ਚੱਲੀ। ਲਾਰਡ ਹਿਊ ਗਫ ਅਨੁਸਾਰ, " ਸਿੱਖ ਆਪਣਾ ਸਭ ਕੁਝ ਦਾਊ 'ਤੇ ਲਾ ਕੇ ਖੂਬ ਲੜੇ।" 21 ਦਸੰਬਰ 1845 ਨੂੰ ਆਥਣ ਵੇਲੇ ਫੇਰੂ ਸ਼ਹਿਰ ਦੀ ਲੜਾਈ ਸ਼ੁਰੂ ਹੋਈ ਜਿਸ ਬਾਰੇ ਕਨਿੰਘਮ ਨੇ ਲਿਖਿਆ ਹੈ, " ਉਹ ਭੁੱਲਣ ਵਾਲੀ ਰਾਤ ਨਹੀਂ ਸੀ, ਉਸ ਸਮੇਂ ਅੰਗਰੇਜ਼ਾਂ ਹੱਥੋਂ ਉਸ ਧਰਤੀ ਖੁੱਸਦੀ ਜਾਪਦੀ ਸੀ।" ਅੰਗਰੇਜ਼ ਸਿੱਖਾਂ ਦੇ ਮੋਰਚਿਆਂ ਤੱਕ ਪੁੱਜ ਗਏ ਪਰ ਸਿੱਖ ਜ਼ਰਾ ਨਾ ਘਬਰਾਏ ਸਗੋਂ ਵਧੇਰੇ ਜੋਸ਼ ਨਾਲ ਗੋਲੀਬਾਰੀ ਕਰਨ ਲੱਗੇ। ਹਰੀ ਸਮਿਥ ਦੀ ਫੌਜ ਬਿਜਲੀ ਵਾਂਗ ਗਰਜ਼ ਕੇ ਸਿੱਖਾਂ 'ਤੇ ਜਾ ਪਈ ਤੇ 6 ਤੋਪਾਂ ਖੋਹ ਲਈਆਂ। ਨਾਲ ਹੀ ਮਾਨਾਂਵਾਲੀਆਂ ਚਾਰ ਪਲਟਨਾਂ ਖੜੀਆਂ ਸਨ। ਉਹਨਾਂ ਜੈਕਾਰਿਆਂ ਦੀ ਗੂੰਜ ਨਾਲ ਉਸ ਤੂਫਾਨ ਵਾਂਗ ਵਧਦੀ ਫੌਜ ਉੱਤੇ ਹੱਲਾ ਬੋਲ ਦਿੱਤਾ ਤੇ ਛੀਏ ਤੋਪਾਂ ਵਾਪਸ ਲੈ ਲਈਆਂ, ਹੁਣ ਅੰਗਰੇਜ਼ੀ ਫੌਜ ਕੋਲ ਪਿੱਛੇ ਹਟਣ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਗਿਆ ਸੀ। ਅੰਗਰੇਜ਼ ਫੌਜ ਵਿਚ ਕੁਰਲਾਹਟ ਮੱਚ ਰਿਹਾ ਸੀ। ਇਸ ਘਬਰਾਹਟ ਦੀ ਹਾਲਤ ਵਿਚ 21-22 ਦੀ ਰਾਤ ਨੂੰ ਅੰਗਰੇਜ਼ ਫੇਰੂ ਸ਼ਹਿਰ ਵਿਚ ਠਹਿਰੇ ਰਹਿਣ ਵਿਚ ਆਪਣੀ ਹਾਰ ਦੇਖ ਰਹੇ ਸਨ, ਇਸ ਲਈ ਫਿਰੋਜਪੁਰ ਵੱਲ ਪਿੱਛੇ ਹਟ ਜਾਣ ਦੀਆਂ ਸਲਾਹਾਂ ਕਰਨ ਲੱਗੇ, ਬਲਕਿ ਕਾਇਮ ਮੁਕਾਮ ਐਡਜੂਟੰਟ ਜਨਰਲ ਕੈਪਟਨ ਲਮਲੀ ਨੇ ਕੁਝ ਰਿਸਾਲੇ ਨੂੰ ਹੁਕਮ ਵੀ ਦੇ ਦਿੱਤਾ ਸੀ ਕਿ ਉਹ ਸਿੱਧਾ ਫਿਰੋਜ਼ਪੁਰ ਨੂੰ ਕੂਚ ਕਰ ਜਾਏ। ਇਹ ਹੀ ਨਹੀਂ ਬਲਕਿ ਹਥਿਆਰ ਛੱਡ ਕੇ ਆਪਣੇ ਆਪ ਨੂੰ ਬਿਨਾ ਸ਼ਰਤ ਸਿੱਖਾਂ ਦੇ ਹਵਾਲੇ ਕਰਨ ਦੇ ਉਪਾਓ ਵੀ ਸੋਚੇ ਜਾਣ ਲੱਗੇ ਅਤੇ ਸਰਕਾਰੀ ਕਾਗ਼ਜ਼ਾਂ ਨੂੰ ਅੱਗ ਲਾ ਕੇ ਫੂਕ ਦੇਣ ਦੀਆਂ ਵਿਊਂਤਾਂ ਵੀ ਬਣ ਗਈਆਂ ਸਨ। ਗਵਰਨਰ ਜਨਰਲ ਨੇ ਆਪਣੇ ਪੁੱਤਰ ਤੇ ਪ੍ਰਾਈਵੇਟ ਸੈਕ੍ਰਿਟਰੀ ਨੂੰ ਕੁਝ ਸਰਕਾਰੀ ਕਾਗਜ਼, ਆਪਣਾ ਸਟਾਰ ਔਫ਼ ਦੀ ਬਾਥ ਅਤੇ ਆਪਣੀ ਨੈਪੋਲੀਅਨ ਵਾਲੀ ਤਲਵਾਰ, ਜੋ ਡੀਊਕ ਔਫ਼ ਵੈਲਿੰਗਟਨ ਵੱਲੋਂ ਤੋਹਫਾ ਮਿਲੀ ਹੋਈ ਸੀ, ਦੇ ਕੇ ਅੰਬਾਲੇ ਵੱਲ ਚਲੇ ਜਾਣ ਦਾ ਹੁਕਮ ਦੇ ਦਿੱਤਾ ਸੀ ਅਤੇ ਕਹਿ ਦਿੱਤਾ ਸੀ ਕਿ ਜੇ ਹਾਰ ਹੋ ਜਾਵੇ ਤਾਂ ਉਹ ਸਰਕਾਰੀ ਕਾਗਜ਼ਾਂ ਨੂੰ ਅੱਗ ਲਾ ਕੇ ਫੂਕ ਦੇਵੇ ਤੇ ਸਿੱਧਾ ਦਿੱਲੀ ਨੂੰ ਚਲਾ ਜਾਵੇ। ਕਰਨਲ ਜੀ.ਬੀ. ਮੈਲੀਸਨ ਲਿਖਦਾ ਹੈ, " ਉਸ ਸਮੇਂ ਵਧੇਰੇ ਅੰਗਰੇਜ਼ੀ ਫੌਜ ਵਿਣ ਹਫੜਾ-ਦਫੜੀ ਮੱਚ ਗਈ ਸੀ। ਇੱਕ ਕਮਾਨ ਅਫਸਰ, ਜਿਸਨੇ ਆਪਣੇ ਸਾਥੀਆਂ ਨੂੰ ਇਕੱਠੇ ਕਰਨ ਦਾ ਨਿਸਫਲ ਯਤਨ ਕੀਤਾ ਸੀ, ਦੇ ਮੂੰਹੋਂ 'ਭਾਰਤ ਗਿਆ' ਦੀ ਆਵਾਜ਼ ਸੁਣੀ ਗਈ।ਸਿੱਖ ਫੌਜ ਨੇ ਅੰਗਰੇਜ਼ਾਂ ਦਾ ਮੂੰਹ ਭੰਨ ਦਿੱਤਾ, ਸਮਿਥ ਨੂੰ ਪਿਛਾਹ ਹਟਣ 'ਤੇ ਮਜ਼ਬੂਰ ਕਰ ਦਿੱਤਾ, ਗਿਲਬਰਟ ਨੂੰ ਵੀ ਉਸ ਦੀ ਪ੍ਰਾਪਤ ਕੀਤੀ ਸਥਿਤੀ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ। ਜੇਕਰ ਉਸ ਸਮੇਂ ਕੋਈ ਸਿਆਣਾ ਆਗੂ ਫੌਜ ਨੂੰ ਯੋਗ ਹਦਾਇਤਾਂ ਦੇ ਸਕਦਾ ਤਾਂ ਥੱਕੀ ਹਾਰੀ ਅੰਗਰੇਜ਼ ਫੌਜ ਨੂੰ ਕੋਈ ਸ਼ਕਤੀ ਵੀ ਨਾ ਬਚਾ ਸਕਦੀ ਤੇ ਉਸ ਨੂੰ ਸਿਰ ਲੁਕਾਉਣ ਲਈ ਵੀ ਥਾਂ ਨਾ ਮਿਲਦੀ।" ਚਾਰਲਸ ਗਫ ਤੇ ਆਰਥਰ ਡੀ. ਇਨਸ ਲਿਖਦੇ ਹਨ, " ਕਦੇ ਕਿਸੇ ਫੌਜ ਨੇ, ਜਿਸ ਦੀ ਗਿਣਤੀ ਏਨੀ ਘੱਟ ਹੋਵੇ, ਅੰਗਰੇਜ਼ੀ ਫੌਜ ਦਾ ਇਸ ਬਹਾਦਰੀ ਨਾਲ ਟਾਕਰਾ ਨਹੀਂ ਸੀ ਕੀਤਾ ਜਿਸ ਤਰ੍ਹਾਂ ਸਿੱਖਾਂ ਨੇ ਜੰਗ ਫੇਰੂ ਸ਼ਹਿਰ ਵਿਚ ਕੀਤਾ। ਭਾਵੇਂ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ, ਪਰ ਦਲੀਲ ਇਸ ਦੇ ਉਲਟ ਹੈ, ਜੇ ਸਿੱਖਾਂ ਨੂੰ ਇਹੋ ਜਿਹੇ ਸੈਨਾਪਤੀ ਮਿਲਦੇ, ਜਿਨ੍ਹਾਂ ਦੀ ਅਗਵਾਈ ਵਿਚ ਉਹ ਆਪਣਾ ਗੁਣ ਪ੍ਰਗਟ ਕਰ ਸਕਦੇ ਤਾਂ ਨਤੀਜਾ ਕੁਝ ਹੋਰ ਹੁੰਦਾ।"ਭਾਵੇਂ ਰਾਤ ਨੂੰ ਹਾਲਾਤ ਸਿੱਖ ਫੌਜਾਂ ਦੇ ਪੱਖ ਵਿਚ ਸਨ ਪਰ 22 ਦਸੰਬਰ ਦੀ ਸਵੇਰ ਨੂੰ ਹਾਲਾਤ ਬਦਲ ਗਏ। ਲਾਲ ਸਿੰਘ ਰਾਤ ਨੂੰ ਆਪਣੇ ਘੋੜ ਸਵਾਰਾਂ ਤੇ ਤੋਪਖਾਨੇ ਦੇ 60 ਤੋਪਚੀਆਂ ਨੂੰ ਨਾਲ ਲੈ ਕੇ ਭੱਜ ਗਿਆ ਸੀ।(ਕਰਨਲ ਮੂਤੋ ਦੀ ਰਿਪੋਰਟ) ਤੇਜਾ ਸਿਹੁੰ ਨੂੰ ਸਿੱਖ ਫੌਜਾਂ ਨੇ ਅੰਗਰੇਜ਼ਾਂ 'ਤੇ ਹੱਲਾ ਕਰਨ ਲਈ ਕਿਹਾ ਪਰ ਉਹ ਵੀ ਬਿਨਾ ਕੋਈ ਹੁਕਮ ਦਿੱਤੇ ਲੜਾਈ ਦੇ ਮੈਦਾਨ ਵਿੱਚੋਂ ਅੰਨ੍ਹੇਵਾਹ ਭੱਜ ਗਿਆ। ਇਹ ਉਹ ਵੇਲਾ ਸੀ ਜਦੋਂ ਅੰਗਰੇਜ਼ਾਂ ਦੇ ਤੋਪਖਾਨੇ ਦਾ ਬਾਰੂਦ ਮੁੱਕ ਚੁੱਕਾ ਸੀ ਅਤੇ ਉਹਨਾਂ ਦੀ ਫੌਜ ਦਾ ਇਕ ਹਿੱਸਾ ਮੁੜ ਕੇ ਫਿਰੋਜ਼ਪੁਰ ਨੂੰ ਹਟਿਆ ਜਾ ਰਿਹਾ ਸੀ। ਇਸ ਵੇਲੇ ਜਰਾ ਕੁ ਹਿੰਮਤ ਨਾਲ ਅੱਗੇ ਨੂੰ ਦੱਬ ਚਾੜ੍ਹੀ ਜਾਂਦੀ ਤਾਂ ਅੰਗਰੇਜ਼ਾਂ ਦਾ ਕੋਈ ਵੀ ਪ੍ਰਯਤਨ ਉਹਨਾਂ ਦੀ ਬਾਕੀ ਫੌਜ ਨੂੰ ਬਚਾ ਨਹੀਂ ਸੀ ਸਕਦਾ।(ਕਨਿੰਘਮ)ਵਿਲੀਅਮ ਐਡਵਰਡਜ਼ ਲਿਖਦਾ ਹੈ, " ਜੇ ਸਿੱਖ ਅਗਾਂਹ ਨੂੰ ਵਧ ਆਉਂਦੇ ਤਾਂ ਇਸ ਦਾ ਨਤੀਜਾ ਸਾਡੀ ਤਬਾਹੀ ਸੀ, ਕਿਉਂਕਿ ਯੂਰਪੀਅਨ ਰੈਜਮੈਂਟਾਂ ਸੀ ਨਫਰੀ ਬਹੁਤ ਘੱਟ ਰਹਿ ਗਈ ਸੀ ਅਤੇ ਸਾਡੇ ਤੋਪਖਾਨੇ ਤੇ ਛੋਟੇ ਹਥਿਆਰਾਂ ਦਾ ਬਾਰੂਦ ਲਗਭਗ ਖਤਮ ਹੋ ਚੁੱਕਾ ਸੀ।।"'ਲਾਲੂ ਦੀ ਲਾਲੀ ਗਈ ਤੇਜੂ ਦਾ ਗਿਆ ਤੇਜ।ਰਣ ਵਿਚ ਪਿੱਠ ਦਿਖਾਇ ਕੇ ਮੋਢਾ ਆਏ ਫੇਰ।' ਸ਼ਾਮ ਸਿੰਘ ਨੂੰ ਸੱਦਾ, ਫੇਰੂ ਸ਼ਹਿਰ ਦੀ ਲੜਾਈ ਵਿਚ ਲਾਲੂ ਤੇ ਤੇਜੂ ਦੇ ਭੱਜ ਜਾਣ ਦੀ ਖਬਰ ਮਹਾਰਾਣੀ ਜਿੰਦ ਕੌਰ ਨੂੰ ਪਹੁੰਚੀ। ਉਸ ਵੇਲੇ ਉਸ ਦੀ ਸੁਰਤ ਸਿੱਧੀ ਅਟਾਰੀ ਨੂੰ ਗਈ ਤੇ ਉਸ ਨੇ 10 ਸਵਾਰ ਸਰਦਾਰ ਵੱਲ ਭੇਜੇ ਤੇ ਜੰਗ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਢਾਡੀ ਸੋਹਣ ਸਿੰਘ ਸੀਤਲ ਨੇ ਇਸ ਦ੍ਰਿਸ਼ ਨੂੰ ਇੰਝ ਬਿਆਨ ਕੀਤਾ ਹੈ,"ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹੋਂ ਕੀ ਚਿੱਤ ਵਿਚ ਧਾਰ ਸਿੰਘਾ।ਦੋਵੇਂ ਜੰਗ ਮੁੱਦਕੀ ਫੇਰੂ ਸ਼ਹਿਰ ਵਾਲੇ, ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ।ਕਾਹਨੂੰ ਹਾਰਦੇ, ਕਿਉਂ ਮਿਹਣੇ ਜੱਗ ਦਿੰਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ।ਤੇਗ ਸਿੰਘਾਂ ਦੀ ਤਾਂ ਖੁੰਢੀ ਨਹੀਂ ਹੋਈ, ਐਪਰ ਆਪਣੇ? ਹੋ ਗਏ ਗਦਾਰ ਸਿੰਘਾ।ਹੁਣ ਵੀ ਚਮਕੀ ਨਾ ਜੇ ਸਿੰਘਾ 'ਤੇਗ' ਤੇਰੀ,ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਨ।ਤੇਰੇ ਲਾਡਲੇ ਕੌਰ ਦੀ ਹਿੱਕ ਉੱਤੇ ਕੱਲ ਨੂੰ ਗ਼ੈਰਾਂ ਦੇ ਝੰਡੇ ਝੁਲਾਏ ਜਾਸਨ।ਪੁੱਟ ਸ਼ੇਰੇ ਪੰਜਾਬ ਦੀ ਮੜ੍ਹੀ ਤਾਈਂ, ਉਹਦੇ ਪੈਰਾਂ ਵਿਚ ਫੁੱਲ ਰੁਲਾਏ ਜਾਸਨ।ਬਦਲੀ ਜ੍ਹਿੰਨੇ ਤਕਦੀਰ ਪੰਜਾਬ ਦੀ ਸੀ, ਉਹਦੀ ਆਤਮਾ ਨੂੰ ਤੀਰ ਲਾਏ ਜਾਸਨ।ਅਜੇ ਸਮਾਂ ਈ ਵਕਤ ਸੰਭਾਲ ਸਿੰਘਾ, ਰੁੜ੍ਹੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ।ਲਹਿੰਦੀ ਦਿੱਸੇ 'ਰਣਜੀਤ' ਦੀ ਪੱਗ ਮੈਨੂੰ, ਮੋਏ ਮਿੱਤਰ ਦੀ ਯੋਧਿਆ ਆਨ ਰੱਖ ਲੈ।"ਸਰਦਾਰ ਭਾਵੇਂ ਗਦਾਰ ਪੂਰਬੀਏ ਅਫਸਰ ਦੀ ਕਮਾਨ ਹੇਠਾਂ ਸਿੱਖਾਂ ਨੂੰ ਤਬਾਹ ਕਰਨ ਦੀ ਬਦਨੀਯਤ ਨਾਲ ਲੜੀ ਜਾ ਰਹੀ ਲੜਾਈ ਦੇ ਵਿਰੁੱਧ ਸੀ, ਪਰ ਇਸ ਖਿਆਲ ਨਾਲ ਕਿ ਸ਼ਾਇਦ ਉਹ ਕਮ-ਦਿਲੀ ਦੇ ਕਾਰਣ ਮੌਤ ਦੇ ਡਰ ਤੋਂ ਪਿੱਛੇ ਹਟਿਆ ਹੋਇਆ ਹੈ ਤਾਂ ਉਸ ਨੇ ਜੰਗ ਵਿਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ ਤੇ ਨਾਲ ਹੀ ਸੌਂਹ ਖਾ ਲਈ ਕਿ ਲੜਾਈ ਹਾਰੀ ਜਾਣ ਦੀ ਸੂਰਤ ਵਿਚ ਉਹ ਜਿਉਂਦਾ ਨਹੀਂ ਮੁੜੇਗਾ। ਸੀਤਲ ਜੀ ਲਿਖਦੇ ਨੇ,"ਮਰਦੀ ਕੌਮ ਵਿਚ ਜਿੰਦਗੀ ਭਰਨ ਖ਼ਾਤਰ, ਮੈਂ ਹੁਣ ਦੇਸ਼ ਤੋਂ ਹੋਣ ਕੁਰਬਾਨ ਚੱਲਿਆਂ।ਜਿਹੜੇ ਕੌਮੀ-ਗਦਾਰਾਂ ਨੇ ਦਾਗ਼ ਲਾਏ, ਧੋ ਕੇ ਖ਼ੂਨ ਦੇ ਨਾਲ ਮਿਟਾਣ ਚੱਲਿਆਂ।ਜਿਹੜੇ ਦੇਸ਼-ਧਰੋਹੀਆਂ ਨੇ ਲਾਏ ਲਾਂਬੂ, ਛੱਟੇ ਰੱਤ ਦੇ ਮਾਰ ਬੁਝਾਣ ਚੱਲਿਆਂ।ਪਿੱਛੋਂ ਹੋਊ, ਸੋ ਵੇਖੇਗਾ ਜੱਗ ਸਾਰਾ, ਮੈ ਤਾਂ ਆਪਣੀ ਤੋੜ ਨਿਭਾਣ ਚੱਲਿਆਂ।ਨਾ ਮੈਂ ਹੋਵਾਂਗਾ, ਨਾ ਇਹ ਪੰਜਾਬ ਹੋਸੀ, ਐਪਰ ਦਿਲ ਵਿਚ ਦੋਹਾਂ ਦੀ ਯਾਰ ਰਹਿਸੀ।'ਸੀਤਲ' ਸੂਰਜ ਕੁਰਬਾਨੀ ਦਾ ਚਮਕਦਾ ਰਹੂ, ਜਦੋਂ ਤੀਕ ਇਹ ਦੇਸ਼ ਆਬਾਦ ਰਹਿਸੀ।"9-10 ਫਰਵਰੀ 1846 ਸਭਰਾਵਾਂਗ੍ਰਿਫ਼ਿਨ ਲਿਖਦਾ ਹੈ ਕਿ ਆਖਿਆ ਜਾਂਦਾ ਹੈ ਕਿ ਸਭਰਾਵਾਂ ਦੀ ਲੜਾਈ ਤੋਂ ਪਹਿਲੀ ਰਾਤ ਨੂੰ ਤੇਜ ਸਿੰਘ ਨੇ ਸਰਦਾਰ ਸ਼ਾਮ ਸਿੰਘ ਨੂੰ ਵੀ ਆਪਣੀ ਗੱਦਾਰਾਨਾ ਸਾਜਿਸ਼ ਵਿਚ ਸ਼ਾਮਿਲ ਕਰਨ ਦਾ ਨਿਸ਼ਫਲ ਯਤਨ ਕੀਤਾ ਹੈ ਤੇ ਉਹਨਾਂ ਨੂੰ ਆਖਿਆ ਕਿ ਉਹ ਵੀ ਅੰਗਰੇਜ਼ਾਂ ਦੇ ਪਹਿਲੇ ਹੱਲੇ ਵੇਲੇ ਉਸ ਦੇ ਨਾਲ ਹੀ ਨਿਕਲ ਚੱਲਣ, ਪਰ ਸਰਦਾਰ ਸ਼ਾਮ ਸਿੰਘ ਇਕ ਵੱਖਰੀ ਮਿੱਟੀ ਦਾ ਬਣਿਆ ਹੋਇਆ ਸੀ। ਉਹ ਇਹਨਾਂ ਭਾੜੇ ਦੇ ਟੱਟੂ ਨਮਕ ਹਰਾਮੀਆਂ ਵਿਚੋਂ ਨਹੀਂ ਸੀ। ਉਹ ਉਸ ਆਪਾ ਵਾਰੂ ਸਰਦਾਰ ਨਿਹਾਲ ਸਿੰਘ ਦਾ ਅਣਖੀਲਾ ਪੁੱਤ ਸੀ ਜਿਸ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਰੀਰਕ ਕਸ਼ਟ ਨੂੰ ਨਿਵਾਰਨ ਲਈ ਹਸੂੰ-ਹਸੂੰ ਕਰਦੇ ਆਪਣੀ ਜਾਨ ਵਾਰ ਦਿੱਤੀ ਸੀ। ਸਰਦਾਰ ਨੂੰ ਸਿੰਘਾਂ ਦੀ ਹਾਰ ਵਿਚ ਆਪਣੇ ਵਤਨ ਦੀ ਆਜ਼ਾਦੀ ਖੁੱਸਦੀ ਨਜ਼ਰ ਆ ਰਹੀ ਸੀ। ਤੇਜ ਸਿੰਘ ਨੇ ਗੁੱਸੇ ਵਿਚ ਆਖਿਆ, "ਜੇ ਤੂੰ ਐਡਾ ਹੀ ਬਹਾਦੁਰ ਹੈਂ ਤਾਂ ਇੱਕ ਵਾਰੀ ਖਾਹ ਤਾਂ ਸੌਂਹ, ਕਿਉਂਕਿ ਮੈਂ ਸਮਝਦਾ ਹਾਂ ਕਿ ਅੰਤ ਨੂੰ ਤੂੰ ਮੇਰੇ ਨਾਲ ਆ ਰਲਣਾ ਹੈ।" ਸਰਦਾਰ ਉਸੇ ਵੇਲੇ 'ਸ਼੍ਰੀ ਗੁਰੁ ਗ੍ਰੰਥ ਸਾਹਿਬ' ਦੀ ਹਜ਼ੂਰੀ ਵਿਚ ਹਾਜ਼ਰ ਹੋਏ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਕਰ ਕੇ ਬਚਣ ਕੀਤਾ ਕਿ ਸਿੰਘਾਂ ਨੂੰ ਹਾਰ ਹੋ ਗਈ ਤਾਂ ਮੈਂ ਮੈਦਾਨ ਵਿਚੋਂ ਜਿਉਂਦਾ ਨਹੀਂ ਨਿਕਲਾਂਗਾ।10 ਫਰਵਰੀ ਨੂੰ ਸਵੇਰੇ ਹੀ ਅੰਗਰੇਜ਼ਾਂ ਨੇ ਹੱਲਾ ਕਰ ਦਿੱਤਾ ਅਤੇ ਸਿੰਘ ਵੀ ਅੱਗੋਂ ਤਿਆਰ ਹੋ ਗਏ। ਸਵੇਰੇ ਹੀ ਸਰਦਾਰ ਸ਼ਾਮ ਸਿੰਘ ਨੇ ਚਿੱਟਾ ਬਾਣਾ ਸਜਾ ਲਿਆ ਅਤੇ ਆਪਣੀ ਖ਼ਾਸ ਸਵਾਰੀ ਦੀ ਚੀਨੀ ਘੋੜੀ 'ਤੇ ਸਵਾਰ ਹੋ ਕੇ ਨਿਕਲ ਪਏ। ਇਸ ਬਾਰੇ ਕਵੀ ਮਟਕ ਲਿਖਦਾ ਹੈ,"ਪਹਿਰ ਰਾਤ ਸਮੇਂ ਇਸ਼ਨਾਨ ਸ਼ਾਮ ਸਿੰਘ ਵਿਚ ਨਦੀ ਕਰਿਆ, ਜਪੁਜੀ ਪੜ੍ਹਿਆ।ਨਿਮਸਕਾਰ ਕਰਿ ਸ਼ਸਤਰ ਪਹਿਰੇ, ਤੋੜਾ ਬੰਦੂਕੀ ਜੜਿਆ, ਜਰਾ ਨਾ ਡਰਿਆ।ਕਹਿਤ ਮਟਕ ਅਬ ਜੁਧ ਧਰਮ ਕਾ ਸ਼ਿਆਮ ਸਿੰਘ ਰਣ ਚੜ੍ਹਿਆ, ਖੰਡਾ ਫੜਿਆ।"
"ਸ਼ਾਮ ਸਿੰਘ ਸਰਦਾਰ ਨੇ ਕੀਆ ਤੀਰਥ ਇਸ਼ਨਾਨ।ਗਊਆਂ ਹਾਥੀ ਮਣਸ ਕੇ ਸਨਮੁਖ ਚਲਾ ਜੁਆਨ।ਸਨਮੁਖ ਚਲਾ ਜੁਆਨ ਜੁੱਧ ਦੀ ਭਈ ਤਿਆਰੀ।ਅੰਗਰੇਜ਼ ਸਾਥ ਲੜਾ ਸੂਰਮਾ ਆਪ ਦੀਦਾਰੀ।ਮਟਕਾ ਗੋਰੇ ਮਰਦ ਨੇ ਮਾਰੇ ਬੀਚ ਮਦਾਨ।ਫੜਿ ਖੰਡਾ ਹੱਥ ਗਰਜਿਆ ਸ਼ਾਮ ਸਿੰਘ ਬਲਵਾਨ॥"ਲੜਾਈ ਤੇ ਜਾਣ ਤੋਂ ਪਹਿਲਾਂ ਸਰਦਾਰ ਨੇ ਸਿਪਾਹੀਆਂ ਨੂੰ ਵਿਆਖਿਆਨ ਦਿੱਤਾ ਤੇ ਸਮਝਾਇਆ ਕਿ ਅੱਜ ਤੁਹਾਡੀ ਕੌਮੀ ਅਣਖ ਦੀ ਪਰਖ ਦਾ ਸਮਾਂ ਆ ਗਿਆ ਹੈ, ਜੇ ਤੁਸੀਂ ਖਾਲਸੇ ਦੇ ਸੱਚੇ ਸਪੁੱਤਰ ਹੋ ਤਾਂ ਆਪਣੇ ਸਿੰਘ ਨਾਮ ਤੇ ਦਾਹੜੀਆਂ ਨੂੰ ਲਾਜ ਨਾ ਲੱਗਣ ਦੇਣੀ, ਪੁਰਜ਼ਾ ਪੁਰਜ਼ਾ ਹੋ ਕੇ ਕਟ ਮਰਨਾ ਅਤੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਆਪਣੀਆਂ ਜਿੰਦਾਂ ਕੁਰਬਾਣ ਕਰ ਦੇਣਾ ਪਰ ਜੰਗ ਵਿਚ ਵੈਰੀ ਨੂੰ ਪਿੱਠ ਨਾ ਵਿਖਾਉਣਾ।ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਨੂੰ ਅੱਗ ਵਿਖਾਈ। ਅੱਗੋਂ ਸਿੱਖਾਂ ਨੇ ਵੀ ਗੋਲੇ ਦਾਗੇ। ਪਿਛਲ਼ੀਆਂ ਲੜਾਈਆਂ ਵਿਚ ਅੰਗਰੇਜ਼ ਸਿੱਖਾਂ ਦੇ ਹੱਥ ਵੇਖ ਚੁੱਕੇ ਸਨ। ਡਰ ਉਨ੍ਹਾਂ ਦੇ ਦਿਲ 'ਤੇ ਬੈਠਾ ਹੋਇਆ ਸੀ। ਅੰਗਰੇਜ਼ਾਂ ਨੇ ਨਵੀਆਂ ਲਟਨਾਂ ਸਿੱਖਾਂ 'ਤੇ ਹਮਲਾ ਕਰਨ ਵਾਸਤੇ ਰਾਬਰਟ ਡਿੱਕ ਦੀ ਅਗਵਾਈ ਵਿਚ ਲਾਲ ਸਿੰਘ ਦੇ ਦੱਸੇ ਮੁਤਾਬਿਕ ਦੱਖਣੀ ਹਿੱਸੇ ਵੱਲ ਭੇਜੀਆਂ। ਪਰ ਰਾਬਰਟ ਡਿੱਕ ਨੂੰ ਜ਼ਖਮੀ ਹੋ ਕੇ ਪਿੱਛੇ ਮੁੜਨਾ ਪਿਆ। ਅਚਾਨਕ ਲਾਲ ਸਿੰਘ ਆਪਣੀ ਫੌਜ ਸਮੇਤ ਬਿਨਾ ਕੋਈ ਕਾਰਨ ਦੱਸੇ ਨੱਸ ਪਿਆ, ਥੋੜੀ ਦੇਰ ਪਿੱਛੋਂ ਤੇਜ ਸਿੰਘ ਵੀ ਆਪਣੀ 6000 ਫੌਜ ਸਮੇਤ ਭੱਜ ਗਿਆ ਤੇ ਨਾਲ ਹੀ ਬਾਰੂਦ ਭਰੀਆ ਬੇੜੀਆਂ ਦਰਿਆ ਵਿਚ ਡੋਬ ਗਿਆ। ਪੋਲ ਵੀ ਤੋੜ ਦਿੱਤਾ ਗਿਆ। ਹੁਣ ਫੌਜ ਫਿਰ ਜਰਨੈਲਾਂ ਤੋਂ ਸੱਖਣੀ ਸੀ। ਤੋਪਚੀਆਂ ਵੱਲੋਂ ਰੌਲਾ ਪਾਇਆ ਗਿਆ ਕਿ ਨਵੀਆਂ ਪੇਟੀਆਂ ਵਿੱਚੋਂ ਬਾਰੂਦ ਦੀ ਥਾਂ ਰੇਤ ਤੇ ਸਰ੍ਹੋਂ ਨਿਕਲਦੀ ਹੈ। ਹੌਲੀ ਹੌਲੀ ਸਿੱਖ ਖਿੱਲਰਨ ਲੱਗ ਪਏ। ਐਨ ਇਸੇ ਵੇਲੇ ਚਿੱਟੇ ਨੂਰਾਨੀ ਦਾਹੜੇ ਤੇ ਚਿੱਟੇ ਬਾਣੇ ਵਿਚ ਸਜਿਆ ਸਰਦਾਰ ਸ਼ਾਮ ਸਿੰਘ ਮੈਦਾਨ ਵਿਚ ਪਹੁੰਚ ਗਿਆ। ਉਸ ਨੇ ਵੇਖਿਆ ਕਿ ਹੁਣ ਸ਼ਹੀਦੀਆਂ ਪਾਉਣ ਦਾ ਵੇਲਾ ਆ ਗਿਆ ਹੈ। ਉਸ ਨੇ ਖਾਲਸਾ ਫੌਜ ਨੂੰ ਮਰ ਮਿਟਨ ਵਾਸਤੇ ਲਲਕਾਰਿਆ,"ਉੱਠੋ ਸੂਤ ਲੌ ਭਗੌਤੀਆਂ ਸੂਰਿਓ, ਦਿਓ ਵੈਰੀਆਂ ਦੇ ਸੱਥਰ ਵਿਛਾ,ਸ਼ਾਨ ਖਾਲਸੇ ਦੀ ਨਾਲ ਹੈ ਪੰਜਾਬ ਦੇ, ਕਿਤੇ ਦੋਹੇਂ ਹੀ ਨਾ ਬਿਹੋ ਜੇ ਲੁਟਾ,ਮਰਨਾ ਦੇਸ਼ ਲਈ ਭਲਾ ਹੈ 'ਸਤਿਲਾ' ਲਵੋ ਮਰਤਬੇ ਸ਼ਹੀਦੀ ਪਾ"ਸਰਦਾਰ ਦੇ ਆਉਣ ਨਾਲ ਖਾਲਸਾ ਫੌਜਾਂ ਵਿਚ ਨਵੀਂ ਰੂਹ ਫੂਕੀ ਗਈ। ਸਾਰੇ ਮੈਦਾਨ ਵਿਚ ਸਰਦਾਰ ਹੀ ਦਿਸ ਰਿਹਾ ਸੀ। ਜਿੱਥੇ ਸਿੱਖ ਫੌਜ ਥਿੜਕਦੀ ਦਿਸਦੀ ਉੱਥੇ ਉਹ ਆਪ ਪਹੁੰਚਦਾ ਤੇ ਕਹਿੰਦਾ, " ਖਾਲਸਾ ਜੀ ਅਸੀਂ ਇਹ ਦਾਹੜੀਆਂ ਲੈ ਕੇ ਪੰਜਾਬ ਵਿਚ ਹਾਰ ਕਾ ਜਾਵਾਂਗੇ? ਹੁਣ ਵੇਲਾ ਸਨਮੁਖ ਸ਼ਹੀਦ ਹੋਣ ਦਾ ਹੈ।" ਸਰਦਾਰ ਦੀ ਘੋੜੀ ਗੋਲੀ ਲੱਘਣ ਨਾਲ ਮਾਰੀ ਗਈ। ਦੂਜੀ ਘੋੜੀ ਲੈ ਕੇ ਸਰਦਾਰ ਨੇ ਵਹਾਬੀ ਨੂੰ ਪਿੱਛੇ ਭੇਜ ਦਿੱਤਾ ਤੇ ਕਿਹਾ, " ਅਟਾਰੀ ਨੂੰ ਕਹਿ ਦੇਵੀਂ ਕਿ ਸ਼ਾਮ ਸਿੰਘ ਨੇ ਹੁਣ ਕਦੀ ਨਹੀਂ ਪਰਤਣਾ"। 'ਜਦੋ ਬਾਰੂਦ ਖਤਮ ਹੋ ਗਿਆ ਤੇ ਸਰਦਾਰ ਨੂੰ ਲੜਾਈ ਹਾਰਦੀ ਦਿਸੀ ਤਾਂ ਉਸ ਨੇ ਕਿਰਪਾਨ ਕੱਢ ਲਈ, ਆਪਣੇ ਪ੍ਰਣ ਨੂੰ ਨਿਭਾਉਣ ਲਈ ਉਹ ਅੱਗੇ ਵਧਿਆ। ਚੋਣਵੇ ਜਵਾਨਾਂ ਨੂੰ ਪੰਜਾਬ ਉੱਤੋਂ ਕੁਰਬਾਨ ਹੋ ਜਾਣ ਲਈ ਲਲਕਾਰਾ ਮਾਰਿਆ। ਪੰਜਾਹ ਕੁ ਸੂਰਮੇ ਛਾਲਾਂ ਮਾਰਦੇ ਸਰਦਾਰ ਦੇ ਮਗਰ ਨਿਕਲ ਪਏ। ਹੁਣ ਸਰਦਾਰ ਆਪਣੀ ਚਮਕਦੀ ਸ਼ਮਸ਼ੀਰ ਲੈ ਕੇ ਗੋਰਿਆਂ ਉੱਤੇ ਟੁੱਟ ਪਿਆ ਤੇ ਕਈਆਂ ਦੇ ਆਹੂ ਲਾਹ ਦਿੱਤੇ,"ਸ਼ਾਮ ਸਿੰਘ ਸਰਦਾਰ ਨੇ ਹੱਥ ਫੜੀ ਭਵਾਨੀ, ਲਿਸ਼ਕ ਡਰਾਵੇ ਵੈਰੀਆਂ ਬਿਜਲੀ ਅਸਮਾਨੀ,ਉਸ ਬੁੱਢੇ ਜਰਨੈਲ 'ਤੇ ਮੁੜ ਚੜ੍ਹੀ ਜਵਾਨੀ, ਢਾਡੀ ਵਾਰਾਂ ਗਾਉਣਗੇ ਜਗ ਰਹੂ ਨਸ਼ਾਨੀ।"ਸਿੱਖ ਫੌਜਾਂ ਦੇ ਏਸ ਹੱਲੇ ਨੇ ਗੋਰਿਆਂ ਦੇ ਪੈਂਤੜੇ ਹਿਲਾ ਦਿੱਤੇ, ਪੈਰ ਉਖੇੜ ਦਿੱਤੇ। ਅੰਗਰੇਜ਼ੀ ਫੌਜਾਂ ਨੇ ਤੋਪਾਂ ਨਾਲ ਪਿੱਛੋ ਅੱਗ ਵਰ੍ਹਾਈ। ਸੱਤ ਗੋਲੀਆਂ ਤੇ ਸੰਗੀਨਾਂ ਦੇ ਅਨੇਕਾਂ ਫੱਟ ਖਾ ਕੇ ਸਰਦਾਰ ਘੋੜੇ ਤੋਂ ਹੇਠਾ ਡਿੱਗਿਆ ਅਤੇ ਸੱਚੇ ਸੂਰਬੀਰਾਂ ਦੀ ਤਰ੍ਹਾਂ ਆਪਣੇ ਵਤਨ ਦੀ ਆਜ਼ਾਦੀ ਤੋਂ ਲੜਦਾ ਹੋਇਆ ਸ਼ਹੀਦ ਹੋ ਗਿਆ ਤੇ ਸਿੱਖ ਰਾਜ ਦਾ ਆਖਰੀ ਥੰਮ ਵੀ ਡਿੱਗ ਪਿਆ।ਅੰਤ ਸ਼ਰਦਾਰ ਨੇ ਇਹ ਸੱਚ ਕਰ ਦਿੱਤਾ ਕਿ ਸਭ ਸੋਚ ਤੇ ਵਿਚਾਰਾਂ ਮੈਦਾਨੇ ਜੰਗ ਵਿਚ ਉਤਰਨ ਤੋਂ ਪਹਿਲਾਂ ਹੁੰਦੀਆਂ ਹਨ ਪਰ ਜਦ ਸੂਰਮਾਂ ਮੈਦਾਨ ਵਿਚ ਆ ਉੱਤਰਦਾ ਹੈ ਤਾਂ ਉਹ ਦਲੀਲਾਂ ਤੇ ਗਿਣਤੀਆਂ ਵਿਚ ਨਹੀਂ ਪੈਂਦਾ ਸਗੋਂ ਜਾਨ ਤਲੀ 'ਤੇ ਧਰ ਕੇ ਕੁਰਬਾਨ ਹੁੰਦਾ ਹੈ।"ਫ਼ੇ ਫੌਜ ਵਿਚ ਬਹੁਤ ਸਰਦਾਰ ਨਾਮੀ, ਸਿਫਤ ਨਹੀ ਕਰ ਸਕਦਾ ਕੁਝ ਕਹਿਣ ਵਾਲਾ।ਇਕ ਦੂਜੇ ਦਾ ਸਾਨੀ ਚਤਰਾਈ ਦੇ ਵਿਚ, ਅਤੇ ਲੜਾਈ ਵਿਚ ਪਿਛਾਂਹ ਨਾ ਰਹਿਣ ਵਾਲਾ।ਐਪਰ ਇਕ ਸਰਦਾਰ ਅਜੀਬ ਯਾਰੋ, ਜ਼ਖਮ ਸਾਹਮਣੇ ਮੂੰਹ 'ਤੇ ਸਹਿਣ ਵਾਲਾ।ਖਾਦਰਯਾਰ ਜਹਾਨ 'ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ।"ਸ਼ਰਦਾਰ ਦੀ ਸ਼ਹੀਦੀ ਤੋਂ ਲੈ ਕੇ ਅੱਜ ਤੱਕ ਕੌਮ 'ਬੇਘਰੀ' ਫਿਰਦੀ ਹੈ। ਪੰਜਾਬ ਦੀ ਧਰਤੀ ਏਥੋਂ ਦੀਆਂ ਮਾਵਾਂ ਦੀਆਂ ਕੁੱਖਾਂ ਵੱਲ ਆਸ ਭਰੀਆਂ ਨਜ਼ਰਾਂ ਨਾਲ ਤੱਕ ਰਹੀ ਹੈ ਕਿ ਇਕ ਹੋਰ ਸ਼ਾਮ ਸਿੰਘ ਜਨਮ ਲਵੇ ਤੇ ਪੰਜਾਬ ਨੂੰ ਆਜ਼ਾਦ ਕਰਵਾ ਕੇ ਕੌਮ ਨੂੰ "ਆਪਣਾ ਘਰ" ਲੈ ਕੇ ਦੇਵੇ। ਆਮੀਨ……
ਜਗਦੀਪ ਸਿੰਘ ਫਰੀਦਕੋਟ (9815763313)

No comments: