Sunday, February 17, 2008

'ਜਥੇਦਾਰ ਸਾਹਿਬ ਦੇ ਨਾਂ'

“...........ਤਾਂ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰਹੇ”
ਚੁੱਪ ਰਹੋ, ਏਨਾ ਰੌਲਾ ਨਾ ਪਾਉ, ਐਵੇਂ ਜਿੰਦਾਬਾਦ-ਮੁਰਦਾਬਾਦ ਨਾ ਕਰੋ, ਨਾਹਰੇ ਵੀ ਨਾ ਮਾਰੋ ਤੇ ਜੈਕਾਰੇ ਵੀ ਨਾ ਛੱਡੋ, ਕ੍ਰਿਪਾਨਾਂ ਮਿਆਨਾਂ ਵਿਚ ਪਾ ਲਉ, ਬਾਹਰ ਕੱਢਿਆਂ ਤਾਂ ਇਹ ਖੂਨ ਮੰਗਦੀਆਂ ਨੇ, ਹੱਥ ਉੱਪਰ ਕਰਨ ਲੱਗਿਆਂ ਮੁੱਠੀ ਨਾ ਮੀਚੋ, ਸਭ ਤਰ੍ਹਾਂ ਦਾ ਵਿਰੋਧ ਬੰਦ ਕਰ ਦਿਉ...............
ਸੁਣਿਆਂ ਨਹੀਂ, ਜਥੇਦਾਰ ਸਾਹਬ ਕੀ ਕਹਿ ਰਹੇ ਨੇ, ‘ਦੇਸ਼ ਦੀ ਏਕਤਾ ਤੇ ਅਖੰਡਤਾ ਹਰ ਹੀਲੇ ਕਾਇਮ ਰਹਿਣੀ ਚਾਹੀਦੀ ਹੈ...............’
ਤਾਂ ਕੀ ਹੋਇਆ, ਜੇ ਭਨਿਆਰੇ ਵਾਲੇ ਨੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਦੇ ਕੁਝ ਸਰੂਪ ਅਗਨ ਭੇਂਟ ਕਰ ਦਿੱਤੇ, ਜੇ ਆਸ਼ੂਤੋਸ਼ ਭਈਏ ਦੇ ਭੂਤਰੇ ਹੋਏ ਚੇਲੇ ਸ਼ਰਧਾਨੰਦ ਨੇ ਸਾਰੀ ਸਿਖ ਕੌਮ ਨੂੰ ਅੱਤਵਾਦੀ ਕਹਿ ਦਿੱਤਾ ਤੇ ਜੇ ਸਰਸੇ ਵਾਲੇ ਸਾਧ ਨੇ ‘ਗੁਰੂ ਗੋਬਿੰਦਸਿੰਘ ਸਾਹਿਬ’ ਬਣਨ ਦੀ ਕੋਸ਼ਿਸ਼ ਕੀਤੀ............., ਇਹ ਸਭ ਕੁਝ ਚੁੱਪ ਚਾਪ ਬਰਦਾਸ਼ਤ ਕਰ ਲਉ, ਕਿਉਂਕਿ ਵਿਰੋਧ ਕਰਨ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਜਾਂਦੈ...........
ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਥੇਦਾਰ ਸਾਹਬ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਏਨੀ ਫਿਕਰ ਕਿਉਂ ਹੈ, ਮੈਨੂੰ ਤਾਂ ਡਰ ਹੈ ਕਿ ਕਿਤੇ ਇੱਕ ਦਿਨ ਜਥੇਦਾਰ ਇਹ ਵੀ ਮਨਜ਼ੂਰ ਨਾ ਕਰ ਲੈਣ ਕਿ ਸਿਖ ਕੇਸਾਧਾਰੀ ਹਿੰਦੂ ਹਨ, ਕਿਉਂਕਿ ‘ਸਿਖ ਇੱਕ ਵੱਖਰੀ ਕੌਮ ਹੈ’ ਕਹਿਣ ਨਾਲ ਤਾਂ ਏਕਤਾ ਤੇ ਅਖੰਡਤਾ ਕਾਇਮ ਨਹੀਂ ਰਹਿੰਦੀ, ਨਾਹਰੇ ਨਹੀਂ ਪੜ੍ਹੇ, ਕੰਧਾਂ ‘ਤੇ ਲਿਖੇ ਹੋਏ, ‘ਅਗਰ ਇਸ ਦੇਸ਼ ਮੇਂ ਰਹਿਣਾ ਹੋਗਾ, ਹਿੰਦੂ ਹਿਤ ਮੇ ਕਹਿਣਾ ਹੋਗਾ’ ਉਹਨਾਂ ਦੇ ‘ਹਿੰਦੂ ਰਾਸ਼ਟਰ’ ਦੇ ਸੁਪਨੇ ਵਿਚ ਅਸੀਂ ਬਹੁਤ ਵੱਡੇ ਰੋੜੇ ਹਾਂ, ਪਰ ਲੱਗਦੈ ਕਿ ਜਥੇਦਾਰ ਸਾਹਬ, ਜਿਹੜੇ ਦੇਸ਼ (ਜਿਹੜਾ ਕਦੇ ਸਾਡਾ ਨਹੀਂ ਬਣਿਆਂ) ਦੇ ਫਿਕਰ ਵਿਚ ਲਿੱਸੇ ਹੋ ਰਹੇ ਹਨ, ਹੁਣ ‘ਹਿੰਦੂ ਰਾਸ਼ਟਰ’ ਨੂੰ ਵੀ ਛੇਤੀ ਹੀ ਪ੍ਰਵਾਨ ਕਰ ਲੈਣਗੇ ਕਿਉਂਕਿ ਵਿਰੋਧ ਨਾਲ ਏਕਤਾ ਤੇ ਅਖੰਡਤਾ...................
ਖ਼ੈਰ, ਗ਼ੈਰਾਂ ‘ਤੇ ਸਾਨੂੰ ਕੋਈ ਰੋਸ ਨਹੀਂ, ਪਰ ਜਥੇਦਾਰ ਸਾਹਬ ਨੂੰ ਸੰਬੋਧਨ ਹੋ ਕੇ ਕੁਝ ਨਾ ਕੁਝ ਜਰੂਰ ਕਹਿਣਾ ਚਾਹਾਂਗੇ। ਜਥੇਦਾਰ ਸਾਹਬ, ਪਿਛਲੇ ਚਾਰ ਪੰਜ ਸਾਲ ਤੋਂ ਮੈਂ ਲਗਾਤਾਰ ਪੰਥਕ ਰਸਾਲਿਆਂ ਵਿਚ ਲਿਖਦਾ ਆ ਰਿਹਾਂ। ਹਮੇਸ਼ਾਂ ਐਟੀ ਪੰਥਕ ਐਲੀਮੈਂਟਸ ਨਾਲ ਹੀ ਮੱਥਾ ਲਾਇਆ ਹੈ ਤੇ ਕਦੇ ਵੀ ਵਾਹ ਲੱਗਦੀ, ਆਪਣੀ ਕਲਮ ਦੀ ਨਿੱਬ ਕੌਮ ਦੇ ਅੰਦਰੂਨੀ ਮਸਲਿਆਂ ਵੱਲ ਨਹੀਂ ਹੋਣ ਦਿੱਤੀ (ਤੇ ਪ੍ਰਮਾਤਮਾਂ ਕਰੇ ਅੱਗੇ ਨੂੰ ਵੀ ਇਹ ਪੰਥ ਦੋਖੀਆਂ ਵੱਲ ਹੀ ਰਹੇ)। ਕਈ ਵਾਰ ਲੋਕਾਂ ਨੇ ਕਿਹਾ ਕਿ ਜਥੇਦਾਰ ਆਹ ਕਰਦੇ ਨੇ, ਔਹ ਕਰਦੇ ਨੇ, ਪਰ ਹਰ ਵਾਰ ਮੇਰਾ ਜਵਾਬ ਹੁੰਦਾ ਕਿ ਚਲੋ ਕੋਈ ਗੱਲ ਨਹੀਂ, ਬਹੁਤ ਉੱਚੇ ਅਹੁਦੇ ‘ਤੇ ਬੈਠੇ ਨੇ, ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਤੁਸੀਂ ਕਈ ਵਾਰ ਆਪਣੇ ਲਏ ਫੈਸਲਿਆਂ ਤੋਂ ਹੀ ਮੁੱਕਰ ਗਏ ਪਰ ਚਲੋ.............। ਪਰ ਪਤਾ ਨਹੀਂ ਕਿਉਂ ਇਨ੍ਹੀਂ ਦਿਨੀ ਨਿੱਤ ਦਿਹਾੜੀ ਤੁਹਾਡੇ ਅਖ਼ਬਾਰਾਂ ਵਿਚ, ਮਹਾਨ ਦੇਸ਼ ਭਾਰਤ? ਦੇ ਬਹੁਤ ਵੱਡੇ ਰਾਖੇ ਬਣ ਕੇ, ਦਿੱਤੇ ਜਾ ਰਹੇ ਬਿਆਨਾਂ ਨੇ ਦਿਲ ਨੂੰ ਝੰਜੋੜਿਆ ਤੇ ਮਨ ਕੀਤਾ ਕਿ ਕੁਝ ਲਿਖਿਆ ਜਾਵੇ ਤੇ ਤੁਹਾਨੂੰ 1947 ਤੋਂ ਬਾਅਦ ਸਿਖ ਕੌਮ ਨਾਲ, ਏਸ ਮਹਾਨ ਦੇਸ਼ ਵੱਲੋਂ, ਕੀਤੇ ਗਏ ਧੋਖਿਆਂ ਦੀ ਯਾਦ ਦਿਵਾਈ ਜਾਵੇ।
ਇਹ ਤਾਂ ਹੋ ਨਹੀਂ ਸਕਦਾ ਜਥੇਦਾਰ ਸਾਹਬ ਕਿ ਤੁਸੀਂ ਇਸ ਸਭ ਤੋਂ ਜਾਣੂ ਨਾ ਹੋਵੋ, ਪਰ ਫਿਰ ਵੀ ਆਪ ਜੀ ਦੀ ਯਾਦ ਤਾਜਾ ਕਰਵਾਉਣ ਦਾ ਯਤਨ ਕਰਾਂਗਾ।
‘ਅਬ ਹਾਲਾਤ ਬਦਲ ਚੁਕੇ ਹੈਂ’ ਕਹਿ ਕੇ ਨਹਿਰੂ ਨੇ ਗੱਲ ਸ਼ੁਰੂ ਕੀਤੀ। ਅਸੀਂ ਆਪਣੇ ਲਈ ਅਜਾਦ ਖਿੱਤਾ ਮੰਗਿਆ, ਅਜਾਦੀ ਦਾ ਨਿੱਘ ਮਾਨਣ ਲਈ, ਜਿਸ ਦਾ ਵਾਅਦਾ ਇਹਨਾਂ ਨੇ ਕੀਤਾ ਸੀ, ਤੇ ਉਨ੍ਹਾਂ ਸਰਕੂਲਰ ਕੱਢ ਮਾਰਿਆ, “ਸਿਖ ਸਮੁੱਚੇ ਤੌਰ ‘ਤੇ ਜਮਾਂਦਰੂ ਫ਼ਸਾਦੀ ਤੇ ਜ਼ਰਾਇਮ ਪੇਸ਼ਾ ਲੋਕ ਹਨ ਤੇ ਇਹ ਸੂਬੇ ਦੇ ਅਮਨ ਪਸੰਦ ਹਿੰਦੂਆਂ ਲਈ ਖਤਰੇ ਭਰੀ ਵੰਗਾਰ ਹਨ, ਡਿਪਟੀ ਕਮਿਸ਼ਨਰ ਇਹਨਾਂ ਵਿਰੁੱਧ ਵਿਸ਼ੇਸ਼ ਸਾਧਨ ਅਪਣਾਉਣ”
ਕੀ ਤੁਸੀਂ ਆਪਣੇ ਇਹਨਾਂ ਬੇਲੀਆਂ ਨੂੰ ਪੁੱਛਣ ਦਾ ਯਤਨ ਕਰੋਗੇ ਜਥੇਦਾਰ ਸਾਹਬ, ਕਿ ਉਹੀ ਸਿਖ ਜਿਨ੍ਹਾਂ ਦੀ, ਆਜ਼ਾਦੀ ਤੋਂ ਪਹਿਲਾਂ, ਤਾਰੀਫ ਕਰਦੇ ਇਹ ਨਹੀਂ ਥੱਕਦੇ ਸਨ, ਜਿਨ੍ਹਾਂ ਨੂੰ ਨਹਿਰੂ ਗਾਂਧੀ ਨੇ ਕਈ ਵਾਰ ‘ਖੜਗਧਾਰੀ ਬਾਂਹ’ ਕਿਹਾ, ਇੱਕ ਦਮ ਜ਼ਰਾਇਮ ਪੇਸ਼ਾ ਕਿਵੇਂ ਹੋ ਗਏ। ਕੀ ਜਿਨਾਹ ਠੀਕ ਤਾਂ ਨਹੀਂ ਕਹਿੰਦਾ ਸੀ.....................
ਪੂਰੇ ਭਾਰਤ ਵਿਚ ਭਾਸ਼ਾ ਦੇ ਅਧਾਰ ‘ਤੇ ਸੂਬਿਆਂ ਦੀ ਹੋਈ ਵੰਡ ਦੇਖ ਕੇ ਅਸੀਂ ਵੀ ਕਹਿ ਦਿੱਤਾ ਕਿ ‘ਪੰਜਾਬੀ ਸੂਬਾ’ ਵੀ ਬਣਾ ਦਿਉ, ਪਰ ਬਦਲੇ ਵਿਚ ਮਿਲਿਆ ਕੀ, ਦਰਬਾਰ ਸਾਹਿਬ ਸਮੂਹ ਵਿਚ ਪੁਲਸ, 55 ਹਜ਼ਾਰ ਤੋਂ ਵੱਧ ਗ੍ਰਿਫਤਾਰੀਆਂ, ਲਾਠੀਚਾਰਜ ਤੇ ਹੋਰ ਕਈ ਕੁਝ। ਲੁਧਿਆਣੇ ‘ਚ ‘ਪੰਜਾਬੀ ਸੂਬੇ’ ਦੀ ਮੰਗ ਨੂੰ ਲੈ ਕੇ ਸ਼ਾਂਤ ਮਈ ਰੋਸ ਮਾਰਚ ‘ਤੇ 31 ਦਸੰਬਰ 1954 ਨੂੰ ਆਰੀਆ ਸਮਾਜੀ ਡਾਕਟਰ ਕਾਲੀ ਚਰਨ ਦੀ ਅਗਵਾਈ ਵਿਚ ਹਿੰਦੂ ਅੱਤਵਾਦੀਆਂ ਨੇ ਇੱਟਾਂ ਪੱਥਰਾਂ ਦੀ ਬਰਸਾਤ ਕੀਤੀ, ਜਿਸ ਨਾਲ ਬਹੁਤ ਸਿੰਘ ਜ਼ਖ਼ਮੀਂ ਹੋ ਗਏ, ਤੇ ਨਾਲ ਹੀ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਵਿਰੋਧ ਵਿਚ ਨਾਹਰੇ ਵੀ ਮਾਰੇ ਗਏ, ‘ਈੜੀ ਊੜੀ ਕਹਿਣ ਨ੍ਹੀ ਦੇਣੀ, ਸਿਰ ‘ਤੇ ਪਗੜੀ ਰਹਿਣ ਨ੍ਹੀ ਦੇਣੀ’
...........ਤੇ ਇੱਕ ਮਾਸੂਮ ਬੱਚਾ, ਕਰਨਾਲ ਦਾ ਇੰਦਰਜੀਤ ਸਿਹੁੰ, ਜਿਹੜਾ ਸਕੂਲੋਂ ਪੜ੍ਹ ਕੇ ਆ ਰਿਹਾ ਸੀ ਤੇ ਜਿਸਦਾ ਕਸੂਰ ਸਿਰਫ ਏਨਾ ਸੀ ਕਿ ਉਸ ਨੇ ‘ਪੰਜਾਬੀ ਸੂਬਾ ਜਿੰਦਾਬਾਦ’ ਕਹਿ ਦਿੱਤਾ ਸੀ, ਨੂੰ ਭਾਰਤੀ ਦੇਸ਼ ਭਗਤ ਪੁਲਸ ਨੇ ਚੁੱਕ ਕੇ ਖੂਹ ਵਿਚ ਸੁੱਟ ਦਿੱਤਾ। ਕਰਨਾਲ, ਉਸੇ ਕੂਰੂਕਸ਼ੇਤਰ ਦੇ ਨੇੜੇ ਹੈ ਜਥੇਦਾਰ ਸਾਹਬ ਜਿੱਥੇ ਪਿੱਛੇ ਜਿਹੇ ਖੱਡ ਵਿਚ ਡਿੱਗੇ ਪ੍ਰਿੰਸ ਨਾਮੀਂ ਬੱਚੇ ਨੂੰ ਕੱਢਣ ਲਈ ਭਾਰਤੀ ਫੌਜ ਨੇ ਕਈ ਘੰਟੇ ਲਗਾਤਾਰ ਮਿਹਨਤ ਮੁਸ਼ੱਕਤ ਕੀਤੀ। ਬੱਚੇ ਤਾਂ ਸਾਰੇ ਹੀ ਮਾਸੂਮ ਹੁੰਦੇ ਨੇ, ਤੇ ਇੰਦਰਜੀਤ ਤਾਂ ਸੋਹਣਾ ਵੀ ਬਹੁਤ ਸੀ, ਫਿਰ ਤੁਹਾਡੇ ਦੇਸ਼ ਦੀ ਪੁਲਸ ਨੇ ਉਸ ਦੀ ਮਾਸੂਮੀਅਤ ‘ਤੇ ਤਰਸ ਕਿਉਂ ਨਹੀਂ ਖਾਧਾ। ਸਦਕੇ ਜਾਈਏ ਐਸੀ ਏਕਤਾ ਤੇ ਅਖੰਡਤਾ ਦੇ ਜਿਹੜੀ ਮਾਰਨ ਲੱਗਿਆਂ ਉਮਰ ਵੀ ਨਹੀਂ ਵੇਖਦੀ। ਜਥੇਦਾਰ ਸਾਹਬ ਤੁਸੀਂ, ਜਿਨ੍ਹਾਂ ਨੂੰ ਅੱਜ ਕੱਲ ਭਾਰਤ ਪ੍ਰੇਮ ਬਹੁਤ ਚੜਿਆ ਹੋਇਆ ਹੈ, ਆਪ ਸਭ ਕੁਝ ਨੋਟ ਕਰੀ ਜਾਇਓ, ਕਿਉਂਕਿ ਸਾਰੀਆਂ ਘਟਨਾਵਾਂ ਦੁਬਾਰਾ ਦੁਬਾਰਾ ਦੁਹਰਾਉਣੀਆਂ ਬਹੁਤ ਮੁਸਕਿਲ ਹਨ। ਚਲੋ ਅੱਗੇ ਵਧਦੇ ਹਾਂ..........
ਤੁਸੀਂ ਅੰਮ੍ਰਿਤਸਰ ਸਾਹਿਬ ਰਹਿੰਦੇ ਹੋ, ਸੋ 1978 ਤੋਂ ਲੈ ਕੇ 1984 ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਵੇਖਿਆ ਹੋਵੇਗਾ। ਨਰਕਧਾਰੀਆਂ ਦੁਆਰਾ ਸ਼ਾਂਤਮਈ ਪ੍ਰਦਰਸ਼ਨ ਕਰ ਸਿੰਘਾਂ ‘ਤੇ ਗੋਲੀਆਂ ਚਲਾਉਣਾ, 13 ਸਿੰਘਾਂ ਨੂੰ ਸ਼ਹੀਦ ਕਰ ਦੇਣਾ ਤੇ ਪਿੱਛੋਂ ਤੁਹਾਡੀਆਂ ਨਿਆਂ ਪਸੰਦ ਅਦਾਲਤਾ ਵੱਲੋਂ ਨਰਕਧਾਰੀ ਨੂੰ ਬਾਇੱਜ਼ਤ ਬਰੀ ਕਰ ਦੇਣਾ। 1984 ਵਿਚ ਜੂਨ 1 ਤੋਂ 6 ਜੂਨ ਤੱਕ ਪੂਰੇ ਪੰਜਾਬ ਵਿਚ ਭਾਰਤੀ ਫੌਜ ਵੱਲੋਂ ਵਰ੍ਹਾਈ ਗਈ ਅੱਗ ਕਿਸ ਤੋਂ ਲੁਕੀ ਹੋਈ ਹੈ। 40 ਦੇ ਕਰੀਬ ਗੁਰਧਾਮਾਂ ਦੀ ਤਬਾਹੀ, ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ ਤੇ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰ ਦੇਣਾ ਤੁਹਾਡੇ ਧਰਮ ਨਿਰਪੱਖ ਦੇਸ਼ ਦੀਆਂ ਪ੍ਰਮੁੱਖ ਅੱਤਵਾਦੀ ਕਾਰਵਾਈਆਂ ਹਨ। ਮੱਥਾ ਟੇਕਣ ਗਈ ਸੰਗਤ ਨੂੰ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਤੇ ਪਿੱਛੋਂ ਸ਼ਰੇਆਮ ਗੋਲੀਆਂ ਨਾਲ ਭੁੰਨਿਆਂ ਗਿਆ। ਸ਼ਰੇਆਮ ਪ੍ਰਕਰਮਾ ਵਿਚ, ਤੁਹਾਡੇ ਦੇਸ਼ ਭਗਤ ਫੌਜੀਆਂ ਦੁਆਰਾ, ਧੀਆਂ, ਭੈਣਾਂ ਦੀ ਬੇਪਤੀ ਕੀਤੀ ਗਈ। 4 ਸਾਲ ਤੋਂ ਲੈ ਕੇ 11 ਸਾਲ ਤੱਕ ਦੇ 52 ਬੱਚਿਆਂ ਨੂੰ ਫੜ੍ਹ ਕੇ ਲੁਧਿਆਣੇ ਜੇਲ੍ਹ ਵਿਚ ਤਾੜ ਦਿੱਤਾ, ਤੇ ਕੇਸ ਪਾਇਆ ਗਿਆ ‘ਦੇਸ਼ ਧ੍ਰੋਹ’ ਤੇ ‘ਅੱਤਵਾਦੀ ਕਾਰਵਾਈਆਂ’ ਦੇ, ਤੇ ਉਹਨਾਂ ਵਿਚਾਰੇ ਮਾਸੂਮਾਂ ਨੂੰ ਅਜੇ ਅੱਤਵਾਦੀ ਲਫ਼ਜ਼ ਵੀ ਨਹੀਂ ਬੋਲਣਾ ਆਉਂਦਾ ਸੀ।ਜਥੇਦਾਰ ਸਾਹਿਬ, ਤੁਹਾਡੇ ਦੇਸ਼ ਦੀ ਇਸ ਬੰਦੇ ਖਾਣੀ ਏਕਤਾ ਤੇ ਅਖੰਡਤਾ ਤੋਂ ਖਤਰਾ ਤਾਂ ਸਗੋਂ ਸਾਨੂੰ ਹੈ। ‘ਨੀਲਾ ਤਾਰਾ’ ਤੋਂ ਬਾਅਦ ਫੌਜ ਤੇ ਪੁਲਸ ਵੱਲੋਂ ਵਹਿਸ਼ਤ ਦਾ ਜੋ ਨੰਗਾ ਨਾਚ ਪੰਜਾਬ ਦੀ ਧਰਤੀ ‘ਤੇ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਨਹੀਂ। ਏਹਨਾਂ ਦੇ ਗਾਂਧੀ ਨੇ 16 ਮਾਰਚ 1931 ਨੂੰ ਸੀਸ ਗੰਜ ਸਾਹਿਬ ਵਿਖੇ ਖੁਦ ਕਿਹਾ ਸੀ ਕਿ ਜੇ ਸਿਖਾਂ ਨਾਲ ਕਿਸੇ ਕਿਸਮ ਦੀ ਵਧੀਕੀ ਕੀਤੀ ਗਈ ਤਾਂ ਕਾਂਗਰਸ ਆਪਣੀ ਮੌਤ ਆਪ ਮਰ ਜਾਵੇਗੀ ਤੇ ਫੇਰ ਸਿਖਾਂ ਕੋਲ ਆਪਣੇ ਹੱਕ ਲੈਣ ਲਈ ਕਿਰਪਾਨ ਤਾਂ ਹੈ ਹੀ। ਬਾਪੂ(ਪੰਜਾਬ) ਦੀ ਸ਼ਰ੍ਹੇਆਮ ਪਰ੍ਹੇ ਵਿਚ ਲਾਹੀ ਗਈ ‘ਪੱਗ’ ਨੂੰ ਮੁੜ ਸਿਰ ਟਿਕਾਉਣ ਦਾ ਕੁਝ ਸਾਊ ਪੁੱਤਰਾਂ ਨੇ ਪ੍ਰਣ ਕਰ ਲਿਆ ਤੇ ਏਧਰ ਮਹਾਨ ਭਾਰਤ ਨੇ ਵੀ ਆਪਣੇ ਸੰਵਿਧਾਨ ਅਨੁਸਾਰ ਕੈਟਾਂ ਦੀ ਫੌਜ ਤਿਆਰ ਕਰ ਲਈ ਤੇ ਜੰਗ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ।
...........ਤੇ ਉਸ ਤੋਂ ਪਿੱਛੋਂ, ਤੁਸੀਂ ਜਾਣਦੇ ਹੀ ਓ ਜਥੇਦਾਰ ਸਾਹਬ, ਪੰਜਾਬ ਵਿਚ ਕੋਈ ਇੱਕ ਵੀ ਦਰਿਆ, ਨਹਿਰ ਜਾਂ ਕੱਸੀ ਨਹੀਂ ਬਚੀ, ਜਿਸ ਦੀਆਂ ਮੱਛੀਆਂ ਨੇ ਸਿਖ ਨੌਜੁਆਨੀਂ ਦੇ ਮਾਸ ਦਾ ਸਵਾਦ ਨਹੀਂ ਚੱਖ਼ਿਆ।
...........ਤੇ ਕਿਸ ਤੋਂ ਛੁਪਿਆ ਹੈ, ‘ਝੂਠੇ ਪੁਲਸ ਮੁਕਾਬਲਿਆਂ ਦਾ ਸੱਚ’। 25000 ਤਾਂ ਲੱਭੇ ਜਾ ਚੁੱਕੇ ਨੇ, ਸਿਵੇ ਆਪ ਬੋਲ ਕੇ ਦੱਸ ਰਹੇ ਨੇ, ਲੱਕੜਾਂ ਗਵਾਹੀ ਭਰ ਰਹੀਆਂ ਨੇ, ਤੇ ਤੁਹਾਡੇ ‘ਅਮਨ ਪਸੰਦ’ ਦੇਸ਼ ਨੇ ਲੱਭਣ ਵਾਲਾ ਵੀ ਖਾ ਲਿਆ। ਤੁਹਾਨੂੰ ਏ. ਸੀ. ਗੱਡੀਆਂ ਬਖ਼ਸ਼ੀਆਂ ‘ਅਗਲਿਆਂ’ ਨੇ, ਸੋ ਤੁਹਾਨੂੰ ਵੀ ਮੁੱਲ ਤਾਂ ਦੇਣਾ ਹੀ ਪਊ, ‘ਭਾਰਤ ਭਗਤੀ’ ਤਾਂ ਵਿਖਾਉਣੀ ਹੀ ਪਊ। ਪਰ ਜਥੇਦਾਰ ਸਾਹਬ ਏਧਰ ਤੁਹਾਨੂੰ ਕੁਝ ਹੋਰ ਅਗਾਹ ਲੈ ਚੱਲਾਂ........
ਤੁਹਾਨੂੰ ਪਤਾ ਹੈ ਕਿ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਦਿਖਾਏ ਜਾਂਦੇ ਜੁਝਾਰੂਆਂ ਨਾਲ ਜ਼ੇਲ੍ਹਾਂ ਵਿਚ ਕੀ ਵਾਪਰਦੀ ਸੀ? ਉਹਨਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਕਿਉਂ ਨਹੀਂ ਸੌਂਪੀਆਂ ਜਾਂਦੀਆਂ ਸਨ? ਕਿਉਂਕਿ ਉਹਨਾਂ ਲਾਸ਼ਾਂ ਨੇ ਬਿਨਾ ਮੂੰਹ ਖੋਲੇ ਹੀ ਏਸ ਮਨੁੱਖੀ ਅਧਿਕਾਰਾਂ ਦੇ ਰਾਖੇ ਬਣੇ ਦੇਸ਼ ਦੀ ਸਾਰੀ ਪੋਲ ਖੋਲ ਦੇਣੀ ਹੁੰਦੀ ਸੀ। ਹਾਂ ਜਥੇਦਾਰ ਸਾਹਬ ਮੈਂ ਗੱਲ ਕਰ ਰਿਹਾਂ ਉਸੇ ‘ਅਣਮਨੁੱਖੀ ਤਸ਼ੱਦਦ’ ਦੀ, ਜਿਸ ਨੂੰ ਦੇਖ ਕੇ ਨਾਜ਼ੀ ਹਿਟਲਰ ਦੀ ਰੂਹ ਨੂੰ ਵੀ ਕੰਬਣੀ ਛਿੜ ਜਾਂਦੀ ਸੀ, ਕੁਝ ਉਦਾਹਰਣਾ ਤੱਕ ਲਓ, ਭਾਈ ਮਲਕੀਤ ਸਿੰਘ ‘ਦਾਨ ਸਿੰਘ ਵਾਲਾ’ , ਜਿਹਨਾਂ ਨੂੰ 3 ਦਿਨ ਤੱਕ ਲੈਟਰੀਨ (ਠੋਲਿੲਟ) ਵਾਲੀ ਡਿੱਗ ਵਿਚ, ਪਿੱਛੋਂ ਦੀ ਪੁੱਠੀਆਂ ਬਾਹਵਾਂ ਬੰਨ੍ਹ ਕੇ, ਲਟਕਾਈ ਰੱਖਿਆ ਗਿਆ, ਤੇ ਕਈ ਥਾਵਾਂ ਤੋਂ ਸਰੀਰ ਦੇ ਅੰਗ ਤੋੜੇ ਗਏ।
ਭਾਈ ਅਨੋਖ ਸਿੰਘ ‘ਬੱਬਰ’ ਦੀਆਂ ਦੋਹੇਂ ਅੱਖਾਂ ਗਰਮ ਲੋਹੇ ਦੀਆਂ ਸਲਾਖਾਂ ਨਾਲ ਕੱਢ ਦਿੱਤੀਆਂ ਗਈਆਂ, ਪਰ ਉਸ ਯੋਧੇ ਨੇ ਅੱਖਾਂ ਕੱਢੀਆਂ ਹੋਣ ਦੇ ਬਾਵਜੂਦ ਵੀ ਆਥਣ ਵੇਲੇ ਆਪਣਾ ‘ਨਿੱਤਨੇਮ’ ਕਰ ਕੇ ਇਹਨਾਂ ਦੇ ਤਸ਼ੱਦਦ ਦੇ ਮੂੰਹ ‘ਤੇ ਚਪੇੜ ਮਾਰੀ ਤੇ ਫੇਰ ਇਹਨਾਂ ਜ਼ਾਲਮਾਂ ਨੇ ਭਾਈ ਸਾਹਿਬ ਦਾ ਵੀ ‘ਮੁਕਾਬਲਾ’ ਬਣਾ ਦਿੱਤਾ। ਭਾਈ ਰਣਜੀਤ ਸਿੰਘ ਤਰਸਿੱਕਾ ਦੀ ਕਹਾਣੀ ਜੇ ਤੁਹਾਡੇ ਵਿਚ ਕਦੇ ਹਿੰਮਤ ਹੋਈ ਤਾਂ ਸਟੇਜ ‘ਤੇ ਭਾਈ ਦਿਆਲਾ ਜੀ ਦੇ ਨਾਲ ਹੀ ਸੁਣਾ ਦਿਉ, ਕਿਉਂਕਿ ਭਾਈ ਰਣਜੀਤ ਸਿੰਘ ਤਰਸਿੱਕੇ ਨੂੰ ਵੀ ਉਬਲਦੇ ਪਾਣੀ ਵਿਚ ਉਬਾਲਿਆ ਗਿਆ ਸੀ, ਜਿਸ ਨਾਲ ਉਹਨਾਂ ਦੇ ਸਰੀਰ ਦਾ ਸਾਰਾ ਮਾਸ ਉਤਰ ਗਿਆ ਸੀ, ਤੇ ਪਿੱਛੋਂ ਉਹਨਾਂ ਦੀ ਖੋਪਰੀ ਲਾਹੀ ਗਈ।
ਭਾਈ ਸੰਗਰਾਮ ਸਿੰਘ ਨੂੰ ਦੋ ਪੁਲਸ ਵਾਲਿਆਂ ਨੇ ਲੱਤਾਂ ਤੋਂ ਫੜਿਆ ਤੇ ਦੋ ਨੇ ਬਾਹਵਾਂ ਤੋਂ, ਜ਼ਮੀਨ ‘ਤੇ ਕਿੱਲਾ ਗੱਡਿਆ ਗਿਆ ਤੇ ਓਨੀ ਦੇਰ ਤੱਕ ਕਿੱਲੇ ‘ਤੇ ਮਾਰਦੇ ਰਹੇ ਜਿੰਨੀ ਦੇਰ ਤੱਕ ਉਹ ਪੇਟ ਵਿਚ ਦੀ ਧਸ ਕੇ ਪਿੱਛੋਂ ਦੀ ਨਹੀਂ ਨਿਕਲ ਗਿਆ। ਭਾਈ ਬਲਵਿੰਦਰ ਸਿੰਘ ਗੰਗਾ ਨੂੰ ਹੌਲੀ ਹੌਲੀ ਪੈਟਰੌਲ ਪਾ ਕੇ ਸਾੜਿਆ ਗਿਆ, ਭਾਈ ਰਛਪਾਲ ਸਿੰਘ ਛੰਦੜਾਂ ਦੇ ਪਲਾਸ ਨਾਲ ਦੰਦ ਖਿੱਚੇ ਗਏ, ਭਾਈ ਅਵਤਾਰ ਸਿੰਘ ਸ਼ਤਰਾਣਾ ਦਾ ਗਰਮ ਪ੍ਰੈਸ ਲਾ ਕੇ ਮਾਸ ਸਾੜਿਆ ਗਿਆ..................................... ਇਹ ਲਿਸਟ ਬਹੁਤ ਲੰਬੀ ਐ, ਜਥੇਦਾਰ ਜੀ, ਇਹ ਕਹਾਣੀ ਕਦੇ ਨਾ ਮੁੱਕਣ ਵਾਲੀ ਹੈ ਤੇ ਇਹ ਸਭ ਕੁਝ ਤੁਹਾਡੇ ਦੇਸ਼ ਦੇ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਗਿਆ, ਜਿਸ ਦੇ ਟੁੱਟਣ ਦੀ ਫਿਕਰ ਤੁਹਾਨੂੰ ਲੱਗੀ ਹੋਈ ਹੈ.......................।
ਕਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਜੁਝਾਰੂਆਂ ਦੇ ਗੁਪਤ ਅੰਗਾਂ ‘ਤੇ ਲੋਹੇ ਦੀ ਤਾਰ ਲਪੇਟ ਕੇ ਕਰੰਟ ਲਗਾਇਆ ਗਿਆ, ਕਨੂੰਨ ਦੇ ਦਾਇਰੇ ਵਿਚ ਹੀ ਬੀਅਰ ਤੇ ਸ਼ਰਾਬ ਦੀਆਂ ਬੋਤਲਾਂ ............ ਧੱਕੀਆਂ ਗਈਆਂ, ਕਨੂੰਨ ਦੇ ਦਾਇਰੇ ਵਿਚ ਹੀ ਧੀ ਨੂੰ ਪਿਉ ਦੇ ਸਾਹਮਣੇ ਨਿਰਵਸਤਰ ਕੀਤਾ ਗਿਆ ਤੇ ਭੈਣ ਨੂੰ ਨਗਨ ਹਾਲਤ ਵਿਚ ਭਰਾ ਦੇ ਉੱਪਰ ਲਿਟਾਇਆ ਗਿਆ। ਸਭ ਕੁਝ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੀਤਾ ਗਿਆ। ਹੁਣ ਤੁਸੀਂ ਹੀ ਦੱਸ ਦਿਉ ਜਥੇਦਾਰ ਸਾਹਬ, ਇਸ ਦੇਸ਼ ਤੇ ਏਥੋਂ ਦੇ ਸੰਵਿਧਾਨ ਨੇ ਅੱਜ ਤੱਕ ਸਾਨੂੰ ਦਿੱਤਾ ਕੀ ਹੈ, ਸਾਨੂੰ ਕੁੱਟਿਆ, ਲੁੱਟਿਆ, ਮਾਰਿਆ ਤੇ ਜਿਉਂਦੇ ਸਾੜਿਆ। ..........ਤੇ ਜਿਹਨਾਂ ਨੇ ਇਸ ਦੇਸ਼ ਦੀਆਂ ਦੁਸ਼ਮਨਾਂ ਨਾਲ ਹੋਈਆਂ ਲੜਾਈਆਂ ਵਿਚ ਮੂਹਰੇ ਹੋ ਕੇ ਹਿੱਸਾ ਲਿਆ, ਉਹਨਾਂ ਤੱਕ ਨੂੰ ਇਸ ਨੇ ਨਹੀਂ ਬਖ਼ਸ਼ਿਆ, ਜਰਨਲ ਸ਼ੁਬੇਗ ਸਿੰਘ ਦੀ ਉਦਾਹਰਣ ਸਾਹਮਣੇ ਹੈ। ਇੱਕ ਹੋਰ ਜਿਉਂਦੀ ਜਾਗਦੀ ਮਿਸਾਲ ਹੈ ‘ਕਰਮਜੀਤ ਸਿੰਘ ਸਿਖਾਂਵਾਲਾ’, ਜਿਸ ਨੇ 1971 ਦੀ ਜੰਗ ਵਿਚ ਚੰਗੇ ਜੌਹਰ ਦਿਖਾਏ, ਪਰ ਇਨਾਮ..............., ਕਦੇ ਟਾਈਮ ਲੱਗਿਆ ਤਾਂ ਉਸ ਦੇ ਸਰੀਰ ‘ਤੇ ਹੱਥ ਫੇਰ ਕੇ ਦੇਖਿਓ, ਪਤਾ ਲੱਗੂ ਕਿ ਭਾਰਤ ਵਫਾਦਾਰੀ ਕਰਨ ਵਾਲਿਆਂ ਨਾਲ ਵੀ ਕੀ ਸਲੂਕ ਕਰਦਾ ਹੈ।
ਅਸੀਂ ਵਫ਼ਾਵਾਂ ਕਰਦੇ ਹਾਰ ਗਏ, ਪਰ ਇਸ ਦੇਸ਼ ਨੇ ਅੱਜ ਤੱਕ ਸਾਡੇ ਨਾਲ ਵਫ਼ਾ ਨਹੀਂ ਕੀਤੀ। ਦੋਹੇਂ ਹੱਥੀਂ ਲੁੱਟਿਆ ਹੀ ਹੈ। ਇੱਕ ਨੰਬਰ ਸੂਬੇ ਤੇ 70% ਭਾਰਤ ਦਾ ਢਿੱਡ ਭਰਨ ਵਾਲਿਆਂ ਨੂੰ 4 ਰੁਪੈ ਆਟੇ ਲਈ ਵਿਲਕਣ ਲਾ ਦਿੱਤਾ ਹੈ। ਪਾਣੀ, ਬਿਜਲੀ ਖੋਹ ਕੇ ਮੁਫਤ ਦੇ ਭਾਅ ਫਸਲਾਂ ਚੁੱਕ ਕੇ ਕਿਰਸਾਨੀ ਦਾ ਲੱਕ ਤੋੜ ਦਿੱਤਾ, ਤੇ ਫੇਰ ਆਤਮਹੱਤਿਆਵਾਂ ਕਰਦਿਆਂ ਦੀ ਵੀ ਸਾਰ ਨਹੀਂ ਲਈ। ਤੁਸੀਂ ਆਪ, ਜੋ ਹੁਣ ਇਨ੍ਹਾਂ ਦੇ ਪੂਰੇ ਵਫ਼ਾਦਾਰ ਬਣੇ ਬੈਠੇ ਹੋ, ਇੱਕ ਵਾਰ ਕਹਿ ਕੇ ਤਾਂ ਵੇਖੋ ਕਿ ਪੰਜਾਬ ਦੇ ਪਾਣੀਆਂ ‘ਤੇ ਹੋਰ ਕਿਸੇ ਦਾ ਹੱਕ ਨਹੀਂ, ਉਸੇ ਪਲ ਇਹ ਤੁਹਾਡੀ ਵਫਾਦਾਰੀ ਭੁੱਲ ਜਾਣਗੇ ਤੇ ਤੁਹਾਨੂੰ ਵੀ ‘ਅੱਤਵਾਦੀ’ ਦਾ ਖ਼ਿਤਾਬਦੇ ਦੇਣਗੇ। ਇੱਕ ਹੋਰ ਆਖ਼ਰੀ ਸਵਾਲ ਹੈ ਜਥੇਦਾਰ ਸਾਹਬ, ਕੀ 1978 ਤੋਂ 1995 ਤੱਕ ਏਸ ਦੇਸ਼ ਨਾਲ ਲੜਦੇ ਰਹੇ ਜੁਝਾਰੂ, ਜੋ ਕੌਮ ਦਾ ‘ਆਪਣਾ ਘਰ’ ਬਣਾਉਣ ਲਈ ਸਭ ਕੁਝ ਵਾਰ ਗਏ, ਵੀ ਤੁਹਾਡੀਆਂ ਨਜ਼ਰਾਂ ਵਿਚ ‘ਅੱਤਵਾਦੀ’ ਹਨ, ਕਿਉਂਕਿ ਉਹ ਤਾਂ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਭ ਤੋਂ ਵੱਡਾ ਖ਼ਤਰਾ ਸਨ।
ਕਿਉਂ ਜਥੇਦਾਰ ਸਾਹਬ, ਕਿਉਂ ਤੁਹਾਨੂੰ ਇਸ ਦੇਸ਼ ਦੀ ਏਨੀ ਫਿਕਰ ਲੱਗੀ ਹੋਈ ਹੈ। ਇੱਕ ਹੋਰ ਗੱਲ ਤੁਸੀਂ ਮੇਰੇ ਕੋਲੋਂ ਲਿਖਵਾ ਕੇ ਲੈ ਲਉ, ਕਿ ਕਨੂੰਨ ਅਨੁਸਾਰ ਤੁਸੀਂ ਇਸ ਭੂਤਰੇ ਹੋਏ ਸੌਦੇ ਸਾਧ ਦਾ ਵੀ ਕੱਖ ਨਹੀਂ ਵਿਗਾੜ ਸਕਦੇ, ਕਿਸੇ ਨੇ ਇਸ ਨੂੰ ਗ੍ਰਿਫਤਾਰ ਨਹੀਂ ਕਰਨਾ, ਹਾਂ ਚਾਰ-ਪੰਜ ਸੌ ਸਿਖਾਂ ‘ਤੇ ਤਾਂ ਇਹ ਇੱਕ ਪਲ ਵਿਚ ਪਰਚਾ ਦਰਜ ਕਰ ਸਕਦੇ ਹਨ ਪਰ ਸਾਧ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ। ਨਾਲੇ ਉਹ ਤਾਂ ਇਹਨਾਂ ਦਾ ਲਾਡਾਂ ਤੇ ਚਾਅਵਾਂ ਮਲਾਰਾਂ ਨਾਲ ਪਾਲਿਆ ਹੋਇਆ ਹੈ ਤੇ ਸਿਖ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ.............
ਅੰਤ ਵਿਚ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਇਸ ਦੇਸ਼ ਦੀਆਂ ਲੋਕ ਵਿਰੋਧੀ ਨੀਤੀਆਂ, ਘੱਟਗਿਣਤੀਆਂ ਦੇ ਹਰ ਨਵੇਂ ਸੂਰਜ ਹੁੰਦੇ ਕਤਲੇਆਮ ਤੇ ਮਨੁੱਖੀ ਹੱਕਾਂ ਦਾ ਸ਼ਰੇਆਮ ਕੀਤਾ ਜਾ ਰਿਹਾ ਘਾਣ ਖੁਦ ਹੀ ਇਸ ਨੂੰ ਤੋੜਣਗੇ, ਤੁਹਾਡਾ ਇਸ ਲਈ ਕੀਤਾ ਜਾ ਰਿਹਾ ਏਨਾ ਫਿਕਰ ਵੀ ਬਹੁਤਾ ਕੰਮ ਨਹੀਂ ਆਉਣਾ। ਜਰਾ ਨਜ਼ਰ ਮਾਰੋ ਪੱਛਮੀਂ ਪ੍ਰਾਂਤਾਂ ਵੱਲ, ਅੱਜ ਕੱਲ ਉਸ ਦਾ ਨਾਮ ‘ਮਾਓ ਇਸਟ ਬੈਲਟ’ ਪੈ ਗਿਆ ਹੈ। ਸੋ ਤੁਸੀਂ ਇਸ ਦੇ ਫਿਕਰ ਵਿਚ ਐਵੇਂ ਲਿੱਸੇ ਨਾ ਹੋਵੋ, ਅਜੇ ਵੀ ਵੇਲਾ ਹੈ ਕੌਮ ਦਾ ਕੁਝ ਸਵਾਰ ਜਾਉ। ਤੁਹਾਡੇ ਨਾਲ ਦਿਆਂ ਵਿਚੋਂ ਇੱਕ ਦੋਹਾਂ ਤੋਂ ਕੁਝ ਉਮੀਦ ਸੀ ਕਿ ਇਹ ਕੁਝ ਨਾ ਕੁਝ ਜਰੂਰ ਲੈ ਕੇ ਦੇਣਗੇ ਪਰ ਕਿਸੇਨੇ ਕੱਖ ਨਾ ਸਵਾਰਿਆ।
ਤੇ ਅੰਤ ਵਿਚ ਮੈਂ ਤੁਹਾਨੂੰ ਫਤਹਿ ਬੁਲਾਉਣ ਦੀ ਗੁਸਤਾਖੀ ਕਰ ਰਿਹਾ ਹਾਂ,
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ”
ਤੇ ਮੈਨੂੰ ਪਤਾ ਹੈ ਕਿ ਤੁਹਾਡਾ ਜਵਾਬ ਹੋਵੇਗਾ,
‘ਜੈ ਹਿੰਦ’
ਕਿਉਂਕਿ ਫਤਹਿ ਨਾਲ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ..............................
ਜਗਦੀਪ ਸਿੰਘ ਫਰੀਦਕੋਟ (9815763313 )

No comments: