Sunday, February 17, 2008

"ਕਿੰਨੇ ਸੂਰਜ ਵੈਰੀਓ ਖੋਹ ਲਉਂਗੇ ਸਾਥੋਂ.............."


“ਸੁਣ ਓ ਪਾਪੀ ਹਾਕਮਾਂ ਕੀ ਜ਼ੁਲਮ ਕਮਾਇਆ,
ਅੱਖਾਂ ‘ਤੇ ਬੰਨ੍ਹ ਪੱਟੀਆਂ ਤੂੰ ਹੁਕਮ ਸੁਣਾਇਆ,
ਅੱਗ ਲੱਗਜੇ ਤੇਰੇ ਰਾਜ ਦੇ ਮੱਚ ਜਾਣ ਮੁਨਾਰੇ,
‘ਸੱਚ ਨੂੰ ਫਾਂਸੀ’ ਲਾ ਦਿੱਤੀ ਜ਼ਾਲਮ ਸਰਕਾਰੇ।
ਕਿੰਨੇ ਸੂਰਜ ਵੈਰੀਓ ਖੋਹ ਲਉਂਗੇ ਸਾਥੋਂ,
ਕਦ ਤੱਕ ਸੁਰਖ਼ ਸਵੇਰ ਨੂੰ ਲਕੋ ਲਉਂਗੇ ਸਾਥੋਂ,
ਜਿੱਤ ਦੇ ਵੱਜ ਕੇ ਰਹਿਣਗੇ ਇਕ ਰੋਜ਼ ਨਗਾਰੇ,
‘ਸੱਚ ਨੂੰ ਫਾਂਸੀ’ ਲਾ ਦਿੱਤੀ ਜ਼ਾਲਮ ਸਰਕਾਰੇ।
31 ਜੁਲਾਈ 1940, ਇਸ ਦਿਨ ਨਾਲ ਇਕ ਮਹਾਨ ਯੋਧੇ ਦੀ ਯਾਦ ਜੁੜੀ ਹੋਈ ਹੈ। ਓਸ ਸੂਰਮੇਂ ਦੀ, ਜਿਸ ਨੇ ਅੰਗਰੇਜ਼ ਹਕੂਮਤ ਵਿਚਲੇ ਸਭ ਤੋਂ ਜ਼ਾਲਮ ਅਫਸਰ, ਲੱਖਾਂ ਇਨਸਾਨਾਂ ਦੇ ਕਾਤਲ, ਮਾਈਕਲ ਓਡਵਾਇਰ ਨੂੰ ਉਸ ਦੇ ਘਰ ਜਾ ਕੇ ਸੋਧਿਆ ਸੀ। ਭਾਂਵੇ 21 ਸਾਲ ਇੰਤਜਾਰ ਕਰਨਾ ਪਿਆ, ਪਰ 13 ਅਪ੍ਰੈਲ 1919 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਕ ਧਰਤੀ ਨੂੰ ਲਹੂ ਨਾਲ ਰੰਗਣ ਦੇ ਬਦਲੇ 13 ਮਾਰਚ 1940 ਨੂੰ ਪਾਪੀ ਓਡਵਾਇਰ ਦੀ ਛਾਤੀ ਗੋਲੀਆਂ ਨਾਲ ਛਲਣੀ ਕਰ ਕੇ ਯੋਧੇ ਨੇ ਆਪਣਾ ਪ੍ਰਣ ਨਿਭਾਇਆ ਤੇ ਪੰਥਕ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ। ਮੈਂ ਗੱਲ ਕਰ ਰਿਹਾਂ ‘ਸ਼ਹੀਦ ਸਰਦਾਰ ਊਧਮ ਸਿੰਘ ਸੁਨਾਮ’ ਦੀ, ਜਿਸ ਨੂੰ 31 ਜੁਲਾਈ 1940 ਨੂੰ ਗੋਰੀ ਹਕੂਮਤ ਨੇ ਫਾਂਸੀ ਚ੍ਹਾੜ ਕੇ ਸ਼ਹੀਦ ਕਰ ਦਿੱਤਾ ਸੀ। ਭਾਂਵੇ ਹਿੰਦੋਸਤਾਨੀਆਂ ਦੇ ਬਾਪੂ ਗਾਂਧੀ ਨੇ ਉਸ ਨੂੰ ‘ਪਾਗਲ’ ਕਿਹਾ ਸੀ ਤੇ ਭਾਂਵੇ ਹਿੰਦੋਸਤਾਨੀ ਪਾਠ ਪੁਸਤਕਾਂ ਵਿਚ ਉਸ ਯੋਧੇ ਨੂੰ ‘ਅੱਤਵਾਦੀ’ ਲਿਖਿਆ ਹੋਇਆ ਹੈ ਪਰ ਫਿਰ ਵੀ ਸਿਖ ਕੌਮ ਆਪਣੇ ਓਸ ਯੋਧੇ ਦੀ ਬਹਾਦਰੀ, ਸੂਰਮਤਾਈ ਤੇ ਕੁਰਬਾਨੀ ਨੂੰ ਹਮੇਸ਼ਾਂ ਸਿਜਦਾ ਕਰਦੀ ਰਹੇਗੀ ਤੇ ਸਿਖ ਗੱਭਰੂ ਉਸ ਤੋਂ ਪ੍ਰੇਰਨਾ ਲੈਂਦੇ ਰਹਿਣਗੇ......।
ਅੱਜ ਤੱਕ 31 ਜੁਲਾਈ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਕਰਕੇ ਹੀ ਸਾਡੇ ਦਿਲਾਂ ਵਿਚ ਵਸੀ ਹੋਈ ਹੈ। ਪਰ.............., ਅੱਜ 31 ਜੁਲਾਈ 2007 ਨੂੰ ਇਸ ਦਿਨ ਨਾਲ ਇਕ ਹੋਰ ਇਤਿਹਾਸਕ ਯਾਦ ਜੁੜ ਗਈ ਹੈ। ਅਤਿ ਸੁਰੱਖਿਅਤ? ਬੁੜੈਲ ਜ੍ਹੇਲ ਵਿਚਲੀ ਵਿਸ਼ੇਸ਼ ਅਦਾਲਤ ਨੇ ਆਪਣੇ ਇਕ ਫੈਸਲੇ ਵਿਚ ‘ਬੱਬਰ’ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਈ ਹੈ। ਕਿਉਂ................. ਕਾਰਨ ਜਾਣਨ ਲਈ ਥੋੜਾ ਪਿੱਛੇ ਜਾਣਾ ਪਵੇਗਾ।
ਇਹਨਾਂ ਯੋਧਿਆਂ ਨੇ ਵੀ ਇਕ ਓਡਵਾਇਰ ਨੂੰ ਉਡਾਇਆ ਸੀ, ਹਾਂ ਤੁਸੀ ਠੀਕ ਸੁਣਿਆਂ ਓਡਵਾਇਰ। ਸ਼ਾਇਦ ਤੁਹਾਨੂੰ ਯਾਦ ਹੋਵੇ, ਕਾਲੀਆਂ ਐਨਕਾਂ ਲਗਾ ਕੇ ਰੱਖਣ ਵਾਲਾ ਇਕ ਸਖ਼ਸ਼, ਜਿਸ ਦੇ ਜ਼ੁਲਮਾਂ ਨੇ ਜਕਰੀਆਂ ਖ਼ਾਨ ਨੂੰ ਵੀ ਮਾਤ ਪਾ ਦਿੱਤੀ ਸੀ। ਜਿਹੜਾ ਹਿੰਦੂ ਮਿਥਿਹਾਸ ਦੇ ਰਾਕਸ਼ਸ਼ਾਂ ਵਾਂਗ ਹਮੇਸ਼ਾਂ ਆਦਮ ਬੋ, ਆਦਮ ਬੋ ਕਰਦਾ ਰਹਿੰਦਾ ਸੀ, ਤੇ ਜਿੱਥੇ ਕਿਤੇ ਉਸ ਨੂੰ ਕੋਈ ਦਾਹੜੀ, ਕੇਸਾਂ ਵਾਲਾ ਕੋਈ ਇਨਸਾਨ ਦਿਸਦਾ, ਝੱਟ ਉਸ ਨੂੰ ਨਿਗਲ ਜਾਂਦਾ ਤੇ ਹੱਡੀਆਂ ਵੀ ਨਾ ਲੱਭਣ ਦਿੰਦਾ। ਇਕ ਐਸਾ ਜ਼ਾਲਮ ਜਿਸ ਨੇ ਲੋਕਾਂ ਦੇ ਮੂੰਹਾਂ ਨੂੰ ਜਿੰਦਰੇ ਲਵਾ ਦਿੱਤੇ ਸਨ, ਤੇ ਜੇ ਕੋਈ ਬੋਲਦਾ ਸੀ ਤਾਂ ਉਸ ਦੀ ਅਗਲੇ ਦਿਨ ਅਖ਼ਬਾਰ ਵਿਚ ਖ਼ਬਰ ਲੱਗੀ ਹੁੰਦੀ, ‘ਖੂੰਖ਼ਾਰ ਅੱਤਵਾਦੀ ਫਲਾਣਾ ਸਿੰਘ ਪੁਲਸ ਮੁਕਾਬਲੇ ਵਿਚ ਹਲਾਕ’। 'ਸੱਚ ਲਿਖਣ ਵਾਲੀਆਂ ਸਾਰੀਆਂ ਕਲਮਾਂ ਦੀਆਂ ਨਿੱਬਾਂ ਤੋੜ ਦਿੱਤੀਆਂ ਗਈਆਂ ਸਨ, ਤੇ ਲੋਕਾਂ ਤੱਕ ਸੱਚ ਪੁਚਾਉਣ ਵਾਲੇ ਸਾਰੇ ਕਾਗਜ਼ਾਂ ਨੂੰ ਅੱਗ ਲਾ ਦਿੱਤੀ ਗਈ ਸੀ। ਮਾਈਕਲ ਓਡਵਾਇਰ ਨੇ ਤਾਂ ਸਿਰਫ ਸ਼੍ਰੀ ਅੰਮ੍ਰਿਤਸਰ ਸਾਹਬ ਦੇ ਜਲਿਆਂ ਵਾਲੇ ਬਾਗ ਵਿਚ ਕਤਲੇਆਮ ਕੀਤਾ ਸੀ, ਪਰ ਇਸ ਜ਼ਾਲਮ ਨੇ ਤਾਂ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਦੇ ਹਰ ਇਕ ਪਿੰਡ, ਸ਼ਹਿਰ ਇੱਥੋਂ ਤੱਕ ਕਿ ਹਰ ਇਕ ਘਰ ਵਿਚ ਜਲਿਆਂ ਵਾਲਾ ਬਾਗ ਬਣਾ ਦਿੱਤਾ ਸੀ। ਇਹ ਪਾਪੀ ਸੀ, ਲੱਖਾਂ ਨੌਜੁਆਨਾਂ, ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਕਾਤਲ, ਮੁੱਖ ਮੰਤਰੀ ਬੇਅੰਤ ਸਿਹੁੰ।
6% ਵੋਟਾਂ ਨਾਲ ਮੁੱਖ ਮੰਤਰੀ ਬਣੇ ਬੇਅੰਤੇ ਦੇ ਬੇਅੰਤ ਜ਼ੁਲਮਾਂ ਨੇ ਪੰਜਾਬ ਦੀ ਧਰਤੀ ‘ਤੇ ਐਸਾ ਕਹਿਰ ਵਰਤਾਇਆ ਜਿਹਾ ਕਿ ਪਹਿਲਾਂ ਕਦੇ ਕਿਸੇ ਨੇ ਦੇਖਿਆ ਨਾ ਸੁਣਿਆਂ। ਸਾਰਾ ਪੰਜਾਬ ਤ੍ਰਾਹ-ਤ੍ਰਾਹ ਕਰ ਰਿਹਾ ਸੀ। ਕੋਈ ਐਸਾ ਘਰ ਨਹੀਂ ਸੀ ਜਿਸ ‘ਤੇ ਇਸ ਪਾਪੀ ਦਾ ਕਹਿਰ ਨਾ ਵਰਤਿਆ ਹੋਵੇ। ਮਾੜਾ ਮੋਟਾ ਸੇਕ ਹਰ ਇਕ ਨੂੰ ਲੱਗਾ ਸੀ। ਅੰਨੇਵਾਹ ਸਿਖ ਨੌਜੁਆਨੀ ਨਿੱਤ ਨਵੇਂ ਸੂਰਜ ਕਤਲ ਕੀਤੀ ਜਾ ਰਹੀ ਸੀ। ਪਰ ਇਸ ਦੀ ਭੁੱਖ ਸੀ ਕਿ ਲੱਖਾਂ ਨਰ ਬਲੀਆਂ ਲੈ ਕੇ ਵੀ ਬੁਝ ਨਹੀਂ ਰਹੀ ਸੀ। ਦਿਨ ਰਾਤ ਪੰਜਾਬ ਦੇ ਹਰੇਕ ਘਰ ਦੀਆਂ ਕੁਰਲਾਹਟਾਂ ਤੇ ਵੈਣ ਸੁਣ ਕੇ ਵੀ ਇਸ ਦਾ ਤੇ ਇਸਦੇ ਸਾਥੀਆਂ ਦਾ ਪੱਥਰ ਦਿਲ ਪਿਘਲ ਨਹੀਂ ਰਿਹਾ ਸੀ। ਥਾਣਿਆਂ, ਕੋਤਵਾਲੀਆਂ ਦੇ ਟਾਰਚਰ ਰੂਮਾਂ ਵਿਚ ਲਗਾਤਾਰ ਹੋ ਰਿਹਾ ਅਣਮਨੁੱਖੀ ਤਸ਼ੱਦਦ, ਪੁੱਠੇ ਲਮਕਾਏ ਸਿੰਘ, ਜਿਹਨਾਂ ਨੂੰ ਜਿਊਂਦੇ ਸਾੜਿਆਂ ਜਾ ਰਿਹਾ ਸੀ, ਨੌਂਹ ਖਿੱਚੇ ਜਾ ਰਹੇ ਸਨ, ਮਾਸ ਨੋਚਿਆ ਜਾ ਰਿਹਾ ਸੀ, ਬੰਦ ਬੰਦ ਕੱਟੇ ਜਾ ਰਹੇ ਸਨ, ਦੇਗਾਂ ਵਿਚ ਉਬਾਲੇ ਜਾ ਰਹੇ ਸਨ, ਖੋਪਰੀਆਂ ਲਾਹੀਆਂ ਜਾ ਰਹੀਆਂ ਸਨ, ਬਿਜਲੀ ਦੇ ਕਰੰਟ, ਦਾਰੂ ਦੀਆਂ ਬੋਤਲਾਂ, ਭੈਣ ਭਰਾ ਤੇ ਪਿਉ ਧੀ ਬਿਨਾ ਕੱਪੜਿਆਂ ਤੋਂ ਇਕੱਠੇ................, ਤੇ ਇਹ ਸਭ ਕੁਝ ਵੇਖ ਕੇ ਇਹ ਸਵਾਦ ਲੈ ਰਿਹਾ ਸੀ। ਕਈ ਵਾਰ ਮੀਰ ਮੰਨੂੰ, ਫਰਖ਼ਸ਼ੀਅਰ, ਨਾਜ਼ੀ ਹਿਟਲਰ ਤੇ ਹੋਰ ਕਈ ਮਨੁੱਖਤਾ ਦੇ ਕਾਤਲ ਬੇਅੰਤੇ ਦਾ ਘਿਣਾਉਣਾ, ਕਰੂਪ ਤੇ ਜ਼ਾਲਮ ਚਿਹਰਾ ਵੇਖ ਕੇ ਕੰਬ ਜਾਂਦੇ ਸਨ। ਪਰ ਇਸ ਦੇ ਜ਼ੁਲਮ ਬਾਦਸਤੂਰ ਜਾਰੀ ਸਨ।
ਗੁਰਦੁਆਰਿਆਂ ਵਿਚ ਜੇ ਕੋਈ ਉੱਚੀ ਆਵਾਜ ਵਿਚ ‘ਰਾਜ ਕਰੇਗਾ ਖਾਲਸਾ’ ਵਾਲਾ ਦੋਹਿਰਾ ਪੜ੍ਹ ਦਿੰਦਾ ਸੀ ਤਾਂ ਉਸ ਨੂੰ ਝੱਟ ਖਤਰਨਾਕ ਅੱਤਵਾਦੀ ਘੋਸ਼ਿਤ ਕਰ ਦਿੱਤਾ ਜਾਂਦਾ ਸੀ ਤੇ ਕੁਝ ਦਿਨਾ ਪਿੱਛੋਂ ਉਸ ਦੀ ਬੇਪਛਾਣ ਲਾਸ਼ ਕਿਸੇ ਦਰਿਆਂ, ਨਹਿਰ ਦੇ ਪੁਲ ਤੇ ਬੇਕਫਨ ਪਈ ਹੁੰਦੀ ਸੀ।
...ਤੇ ਇਹਨਾਂ ਅਨੁਸਾਰ ਸੱਤਵਾਦ ਕੀ ਸੀ, ਬੇਅੰਤੇ ਦਾ ਸਕਾ ਪੋਤਰਾ ਫਰਾਂਸ ਦੀ ਕੇਤੀਆ ਨਾਮੀ ਕੁੜੀ ਨਾਲ ਕਈ ਦਿਨ ਲਗਾਤਾਰ ਬਲਾਤਕਾਰ ਕਰਦਾ ਰਿਹਾ ਤੇ ਉਸ ਨੂੰ ਫੌਰਨ ਸੱਤਵਾਦੀ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿਤਾ ਗਿਆ। ਅੱਜ ਕੱਲ ਇਸ ਦੇ ਕਈ ਵਾਰ ਅਖ਼ਬਾਰਾਂ ਵਿਚ ਬਿਆਨ ਛਪਦੇ ਹਨ ਕਿ ‘ਪੰਜਾਬ ਵਿਚ ਅੱਤਵਾਦ ਨੂੰ ਮੁੜ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ’। ਸ਼ਾਇਦ ਇਸ ਨੂੰ ਅੱਤਵਾਦ ਦੀ ਪ੍ਰੀਭਾਸ਼ਾ ਨਹੀਂ ਪਤਾ, ਅੱਤਵਾਦ ਤਾਂ ਉਹ ਸੀ ਜੋ ਇਸ ਦੇ ਜ਼ਾਲਮ ਦਾਦੇ ਤੇ ਉਸ ਦੀ ਸ਼ਕਤੀ ਹੇਠ ਇਹਨਾਂ ਨੇ ਕੁਕਰਮ ਕਰਕੇ ਫੈਲਾਇਆ ਹੋਇਆ ਸੀ। ਧੀਆਂ, ਭੈਣਾ ਦੀ ਇੱਜਤ ਲੁੱਟਣ ਵਾਲੇ ਤਾਂ ਅੱਤਵਾਦੀ ਕਹੇ ਜਾ ਸਕਦੇ ਹਨ ਪਰ ਇੱਜ਼ਤਾਂ ਬਚਾਉਣ ਵਾਲੇ ਅੱਤਵਾਦੀ ਨਹੀਂ ਸੂਰਮੇਂ ਹੁੰਦੇ ਹਨ। ਇਹਨਾਂ ਦਾ ਨਾਮ ਹਮੇਸ਼ਾਂ ਇਜ਼ਤਾਂ ਲੁੱਟਣ ਵਿਚ ਤੇ ਸਾਡਾ ਇੱਜ਼ਤਾਂ ਬਚਾਉਣ ਵਿਚ ਆਉਂਦਾ ਹੈ।
ਡੇਢ ਲੱਖ ਸਿਖਾਂ ਦਾ ਕਾਤਲ ਬੇਅੰਤਾ ਅਸਲ ਅੱਤਵਾਦੀ ਹੈ ਨਾ ਕਿ ਉਸ ਨੂੰ ਸੋਧਣ ਵਾਲੇ ਸੂਰਮੇਂ। ਅੱਜ ਕੱਲ ਬੜਾ ਰੌਲਾ ਪਾਇਆ ਜਾ ਰਿਹਾ ਹੈ ਕਿ ਬੇਅੰਤ ਸਿਹੁੰ ਸ਼ਾਂਤੀ ਦਾ ਮਸੀਹਾ ਸੀ, ਉਸ ਨੇ ਪੰਜਾਬ ਵਿਚ ਮਹੌਲ ਠੀਕ ਕੀਤਾ, ਪਰ ਅਸਲ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਪੰਜਾਬ ਵਿਚ ਸ਼ਾਂਤੀ ਲਿਆਂਦੀ ਇਸ ਪਾਪੀ ਨੂੰ ਉਡਾਉਣ ਵਾਲੇ ਸੂਰਮਿਆਂ ਨੇ। ਬੇਅੰਤੇ ਨੇ ਅੱਤਵਾਦ ਦਾ ਹਊਆ ਖੜਾ ਕਰਕੇ ਲੱਖਾਂ ਸਿਖ ਨੌਜੁਆਨਾਂ ਦਾ ਦਿਨ ਦਿਹਾੜੇ ਕਤਲ ਕੀਤਾ, ਕਈ ਹਜ਼ਾਰ ਲਾਵਾਰਿਸ ਕਹਿ ਕੇ ਸਾੜੇ। ਆਪਣੇ ਅੰਤ ਤੱਕ ਉਹ ਸਿਖ ਨੌਜੁਆਨਾਂ ਦੇ ਖ਼ੂਨ ਨਾਲ ਹੋਲੀ ਖੇਡਦਾ ਰਿਹਾ। ਪਰ ਤੱਥ ਦੱਸਦੇ ਹਨ ਕਿ ਬੇਅੰਤੇ ਪਾਪੀ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਇਕ ਵੀ ਮੁਕਾਬਲਾ ਨਹੀਂ ਹੋਇਆ। ਕੀ ਬੇਅੰਤੇ ਦੀ ਮੌਤ ਤੋਂ ਤੁਰੰਤ ਬਾਅਦ ਹੀ ਅੱਤਵਾਦ (ਇਹਨਾਂ ਦੁਆਰਾ ਕਿਹਾ ਜਾਣ ਵਾਲਾ) ਖਤਮ ਹੋ ਗਿਆ ਸੀ? ਅਸਲ ਵਿਚ ਬੇਅੰਤਾ ਹੀ ਸਭ ਤੋਂ ਵੱਡਾ ਅੱਤਵਾਦੀ ਸੀ। ਇਸ ਨੂੰ ਕੀਤੇ ਦੀ ਸਜਾ ਮਿਲ ਗਈ ਤੇ ਇਸ ਦਾ ਦੂਜਾ ਅੱਤਵਾਦੀ ਸਾਥੀ ਪੰਜਾਬ ਵਿਚੋਂ ਭੱਜ ਗਿਆ ਤੇ ਇਹਨਾਂ ਦੋਹਾਂ ਅੱਤਵਾਦੀਆਂ ਦੇ ਚਲੇ ਜਾਣ ਪਿੱਛੋਂ ਅਸਲੀ ਅੱਤਵਾਦ (ਜੋ ਇਨ੍ਹਾਂ ਦੁਆਰਾ ਫੈਲਾਇਆ ਗਿਆ ਸੀ) ਦਾ ਖਾਤਮਾਂ ਹੋ ਗਿਆ, ਕਿਉਂਕਿ ਨਿਰਦੋਸ਼ੇ ਸਿਖ ਨੌਜੁਆਨਾਂ ਦੇ ਕਤਲ ਬੰਦ ਹੋ ਗਏ, ਧੀਆਂ, ਭੈਣਾ ਦੀ ਥਾਣਿਆਂ ਵਿਚ ਨਿਤ ਦਿਹਾੜੀ ਹੁੰਦੀ ਬੇਪੱਤੀ ਰੁਕ ਗਈ ਤੇ ਪੰਜਾਬ ਵਿਚ ਮੁੜ ਸ਼ਾਂਤੀ ਆ ਗਈ। ਸੋ ਇਸ ਸ਼ਾਂਤੀ ਦਾ ਸਾਰਾ ਕਰੈਡਿਟ ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਏਸ ਪਾਪੀ ਦਾ ਸਿਰ ਭੰਨ ਕੇ ਪੰਜਾਬ ਵਿਚ ਹੋਰ ਕਤਲੋ ਗਾਰਤ ਬੰਦ ਕਰਵਾਈ।
ਜਿਸ ਤਰ੍ਹਾਂ ਸਰਦਾਰ ਊਧਮ ਸਿੰਘ ਨੇ ਓਡਵਾਇਰ ਨੂੰ ਉਸ ਦੇ ਘਰ ਜਾ ਕੇ ਸੋਧਿਆ ਸੀ ਉਸੇ ਤਰ੍ਹਾਂ ਇਹਨਾਂ ਸੂਰਮਿਆਂ ਨੇ ਵੀ ਬੇਅੰਤੇ ਨੂੰ ਉਸ ਦੇ ਘਰ ਸਕੱਤਰੇਤ ਵਿਖੇ ਉਡਾਇਆ ਤੇ ਉਸ ਪਾਪੀ ਦੇ ਸਰੀਰ ਦਾ ਇਕ ਵੀ ਟੁਕੜਾ ਨਹੀਂ ਲੱਭਿਆ। ਭਾਈ ਦਿਲਾਵਰ ਸਿੰਘ ਦੁਆਰਾ ਕੀਤੀ ਗਈ ਇਸ ਕੁਰਬਾਨੀ ਨੂੰ ਕੌਮ ਹਮੇਸ਼ਾਂ ਸੀਸ ਝੁਕਾਉਦੀ ਰਹੇਗੀ।
ਹੁਣ ਗੱਲ ਕਰਦੇ ਹਾਂ ਕੋਰਟ ਦੁਆਰਾ ਆਏ ਇਸ ਫੈਸਲੇ ਦੀ। ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਕੇਸ ਜੇਲ੍ਹ ਵਿਚ ਅਦਾਲਤ ਲਗਾ ਕੇ ਚਲਾਇਆ ਜਾਂਦਾ ਸੀ ਉਸੇ ਤਰ੍ਹਾਂ ਇਹਨਾਂ ਜੁਝਾਰੂਆਂ ਦੇ ਕੇਸ ਦੀ ਸੁਣਵਾਈ ਵੀ ਬੁੜੈਲ ਜੇਲ਼੍ਹ ਵਿਚ ਇਕ ਵਿਸ਼ੇਸ਼ ਅਦਾਲਤ ਲਗਾ ਕੇ ਕੀਤੀ ਗਈ। ਪਿਛਲੇ 12 ਸਾਲ ਤੋਂ ਇਹ ਕੇਸ ਚੱਲ ਰਿਹਾ ਹੈ। ਹੁਣ ਅਦਾਲਤ ਨੇ ਇਸ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਤੇ ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਨੂੰ ਉਮਰ ਕੈਦ ਤੇ ਭਾਈ ਨਸੀਬ ਸਿੰਘ ਨੂੰ 10 ਸਾਲ (ਜੋ ਕਿ ਪਹਿਲਾਂ ਹੀ 12 ਸਾਲ ਕੱਟ ਚੁਕੇ ਹਨ) ਦੀ ਸਜਾ ਸੁਣਾਈ ਹੈ। ਇੱਥੇ ਇਹ ਜਿਕਰ ਜਰੂਰੀ ਹੈ ਕਿ ਭਾਈ ਨਸੀਬ ਸਿੰਘ ਨੂੰ ਆਰਮਜ਼ ਐਕਟ ਅਧੀਨ 10 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਜ਼ੁਰਮ ਲਈ ਵੱਧ ਤੋਂ ਵੱਧ ਹੈ ਤੇ ਇਸੇ ਆਰਮਜ਼ ਐਕਟ ਅਧੀਨ ਸੰਜੇ ਦੱਤ ਨੂੰ 6 ਸਾਲ ਦੀ ਸਜਾ ਸੁਣਾਈ ਹੈ ਤੇ ਇਸ ਲਈ ਘੱਟ ਤੋਂ ਘੱਟ ਸਜਾ ਹੈ 5 ਸਾਲ, ਤੇ ਉੱਤੋਂ ਸੰਜੇ ਦੱਤ ਨੂੰ ਜਮਾਨਤ ਵੀ ਦੇ ਦਿੱਤੀ ਗਈ ਹੈ, ਹੈ ਨਾ ਸ਼ਰੇਆਮ ਬੇਇਨਸਾਫੀ।
ਭਾਈ ਜਗਤਾਰ ਸਿੰਘ ਹਵਾਰਾ ਇਸ ਕੇਸ ਵਿਚ ਮੁੱਖ ਆਰੋਪੀ ਸੀ। ਇਕ ਵਾਰ ਉਹ ਆਪਣੇ ਦੋ ਸਾਥੀਆਂ ਨਾਲ ਇਸ ਅਤਿ ਸੁਰੱਖਿਅਤ ਬੁੜੈਲ ਜੇਲ੍ਹ ਵਿਚੋਂ ਭੱਜਣ ਵਿਚ ਵੀ ਕਾਮਯਾਬ ਰਹੇ ਹਨ ਤੇ ਜਦੋਂ ਉਹ ਦੁਬਾਰਾ ਫੜ੍ਹੇ ਗਏ ਤਾਂ ਤੁਹਨਾਂ ਦੇ ਚਿਹਰੇ ‘ਤੇ ਚੜਦੀ ਕਲਾ ਉਵੇਂ ਬਰਕਰਾਰ ਸੀ। ਅਖ਼ਬਾਰਾਂ ਵਿਚ ਉਹਨਾਂ ਦੀ ਇਕ ਤਸਵੀਰ ਛਪੀ, ਜਿਸ ਵਿਚ ਕਈ ਪੁਲਸ ਵਾਲਿਆਂ ਨੇ ਉਹਨਾਂ ਨੂੰ ਜਕੜਿਆ ਹੋਇਆ ਸੀ ਪਰ ਉਹ ਫਿਰ ਵੀ ਮੁਸਕੁਰਾ ਰਹੇ ਸਨ ਤੇ ਇੰਜ ਕਹਿੰਦੇ ਪ੍ਰਤੀਤ ਹੋ ਰਹੇ ਸਨ,
“ਮੰਜ਼ਿਲ ਦੇ ਵੱਲ ਜਾਂਦਿਆਂ ਰਾਹੀਆਂ ਦੇ ਬੇੜੀਆਂ,

ਮੈਂ ਹਾਂ ਬੈਠਾ ਸੋਚਦਾ ਰੁੱਤਾਂ ਇਹ ਕਿਹੜੀਆਂ,

ਇਹਨਾਂ ਰੁੱਤਾਂ ਨੂੰ ਬਦਲਾਉਣ ਦਾ ਇਕਰਾਰ ਕਰਾਂਗਾ ਮੈਂ,

ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈਂ।
ਭਾਈ ਬਲਵੰਤ ਸਿੰਘ ਨੇ ਅਦਾਲਤ ਵਿਚ ਪਹਿਲਾਂ ਹੀ ਕਬੂਲ ਕਰ ਲਿਆ ਸੀ ਕਿ ਉਹ ਇਸ ਸਭ ਦੀ ਜਿੰਮੇਵਾਰੀ ਆਪਣੇ ਸਿਰ ਲੈਂਦਾ ਹੈ। ਸੋ ਇਹਨਾਂ ਦੋਹਾਂ ਵੀਰਾਂ ਨੂੰ ਫਾਂਸੀ ਦੀ ਸਜਾ ਤਾਂ ਤਹਿ ਹੀ ਮੰਨੀ ਜਾਂਦੀ ਸੀ। ਇਹਨਾਂ ਦੋਹਾਂ ਨੂੰ ਜਦੋਂ ਜੱਜ ਨੇ ਸਜਾ ਸੁਣਾਈ ਤਾਂ ਇਹਨਾਂ ਨੇ ਚੜਦੀ ਕਲਾ ਦਾ ਸਬੂਤ ਦਿੰਦੇ ਹੋਏ ਨਾਹਰਿਆਂ ਨਾਲ ਜੇਲ੍ਹ ਗੂੰਜਾ ਦਿੱਤੀ। ਦੋਹਾਂ ਨੇ ਹੀ ਫਾਂਸੀ ਦੀ ਸਜਾ ਖਿੜੇ ਮੱਥੇ ਪ੍ਰਵਾਨ ਕੀਤੀ। ਭਾਈ ਬਲਵੰਤ ਸਿੰਘ ਨੇ ਤਾਂ ਸਾਫ ਕਹਿ ਦਿੱਤਾ ਕਿ ਉਹ ਅੱਗੇ ਅਪੀਲ ਨਹੀਂ ਕਰਨਗੇ। ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਮੁਸਕੁਰਾਉਂਦੇ ਹੋਏ ਕਿਹਾ ਕਿ ਉਹ ਫਾਂਸੀ ਚੜਨ ਤੋਂ ਪਹਿਲਾਂ ਵੀ ਐਕਸਰਸਾਈਜ (ਕਸਰਤ, ਜੋ ਕਿ ਉਹਨਾਂ ਦੇ ਰੋਜ ਦਾ ਰੁਟੀਨ ਹੈ) ਕਰਨਗੇ। ਦੋਹਾਂ ਯੋਧਿਆਂ ਨੇ ਜੇਲ੍ਹ ਵਿਚ ਆਪਣੇ ਵੱਲੋਂ ਲੱਡੂ ਵੰਡੇ ਜਾਣ ਦਾ ਐਲਾਨ ਵੀ ਕੀਤਾ।
ਇਸ ਸਾਰੇ ਘਟਨਾਕ੍ਰਮ ਵਿਚ ਜਿਸ ਗੱਲ ਨੇ ਮਨ ਨੂੰ ਸਭ ਤੋਂ ਵੱਧ ਦੁਖੀ ਕੀਤਾ ਉਹ ਹੈ, ਪੰਥ ਵੱਲੋਂ ਇਹਨਾਂ ਜੁਝਾਰੂਆਂ ਨੂੰ ਵਿਸਾਰਨਾ। ਮੰਨਿਆਂ ਕਿ ਸਰਸੇ ਵਾਲਾ ਮੁੱਦਾ ਵੱਡਾ ਹੈ, ਪਰ ਉਸ ਵਿਚ ਹੁਣ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਰਿਹਾ, ਸਭ ਕੁਝ ਸਿਆਸੀ ਹੱਥਾਂ ਵਿਚ ਚਲਾ ਗਿਆ ਹੈ। ਪਰ ਇਹਨਾਂ ਜੁਝਾਰੂਆਂ ਦੀ ਸੁਣਵਾਈ ’ਤੇ ਸਾਨੂੰ ਵੱਡੀ ਗਿਣਤੀ ਵਿਚ ਇਕੱਠੇ ਹੋਣਾ ਚਾਹੀਦਾ ਸੀ। ਭਾਂਵੇ ਕਿ ਸੂਰਮੇ ਚੜਦੀ ਕਲਾ ਵਿਚ ਸਨ, ਪਰ ਉਹਨਾਂ ਦੇ ਪਰਿਵਾਰਾਂ ਨੂੰ ਸਾਡੇ ਆਉਣ ਨਾਲ ਬਹੁਤ ਹੌਸਲਾ ਮਿਲਣਾ ਸੀ ਤੇ ਉਹਨਾਂ ਨੂੰ ਆਪਣੇ ਪੁੱਤਰਾਂ ਉੱਤੇ ਹੋਰ ਫਖ਼ਰ ਹੋਣਾ ਸੀ। ਉਹੀ ਗਿਣੀਆਂ ਚੁਣੀਆਂ ਤਿੰਨ ਚਾਰ ਜਥੇਬੰਦੀਆਂ ਦੇ 100 ਕੁ ਦੇ ਕਰੀਬ ਸਿੰਘ, ਜਿਵੇਂ ਇਹ ਸਿਰਫ ਉਹਨਾਂ ਦੀ ਹੀ ਡਿਊਟੀ ਹੁੰਦੀ ਹੈ।
ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਹਨਾਂ ਯੋਧਿਆਂ ਦੀ ਚੜਦੀ ਕਲਾ ਲਈ ਅਰਦਾਸਾਂ ਕਰੀਏ ਤੇ ਇਹਨਾਂ ਨੂੰ ਆਪਣੇ ਦਿਲਾਂ ਵਿਚ ਥਾਂ ਦੇਈਏ॥ ਇਹਨਾਂ ਨੇ ਆਪਣੀਆਂ ਜਵਾਨੀਆਂ ਪੰਥ ਦੇ ਲੇਖੇ ਲਾਈਆਂ ਹਨ ਤੇ ਪੰਥ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਵੇ। ਸਾਡੇ ‘ਦੇਸ਼ ਭਗਤ’ ਜਥੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਜੇ ਕਦੇ ਮਾੜਾ ਮੋਟਾ ਟਾਈਮ ਲੱਗੇ ਤਾਂ ਇਹਨਾਂ ਸੂਰਮਿਆਂ ਦੀ ਸਾਰ ਲੈਣ, ਭਾਂਵੇ ਇਹਨਾਂ ਜਥੇਦਾਰਾਂ ਤੋਂ ਬਹੁਤੀ ਆਸ ਤਾਂ ਨਹੀਂ ਰੱਖੀ ਜਾ ਸਕਦੀ ਪਰ ਫਿਰ ਵੀ ਸਾਨੂੰ ਇਹਨਾਂ ਦੇ ਫਰਜ਼ ਯਾਦ ਦਿਵਾਉਂਦੇ ਰਹਿਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਏ.ਸੀ. ਗੱਡੀਆਂ ਤੇ ਮਖ਼ਮਲੀ ਸੋਫੇ ਸਭ ਕੁਝ ਭੁਲਾ ਦਿੰਦੇ ਹਨ। ਸੋ ਮਖ਼ਮਲੀ ਗੱਦਿਆਂ ਦਾ ਅਨੰਦ ਮਾਣ ਰਹੇ ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਕਦੇ ਬੁੜੈਲ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਗਰਮੀਂ ਨਾਲ ਸੜ ਰਹੇ ਉਹਨਾਂ ਸਿੰਘਾਂ ਦੀ ਸਾਰ ਵੀ ਲੈ ਲਿਉ, ਉਨ੍ਹਾਂ ਨੇ ਤੁਹਾਨੂੰ ਤੇ ਸਾਨੂੰ ਇਹ ਸੁਖ ਸਹੂਲਤਾਂ ਦਿਵਾਉਣ ਲਈ ਹੀ ਆਪਣਾ ਸਭ ਕੁਝ ਵਾਰਿਆ ਹੈ। ਤੇ ਅੰਤ ਵਿਚ ਹਿੰਦ ਹਕੂਮਤ ਨੂੰ ਇਕ ਸੁਨੇਹਾਂ,
“ਝੂਠਿਆਂ ਕੇਸਾਂ ‘ਚ ਸਾਨੂੰ ਕਰ ਲੈ ਤੂੰ ਕੈਦ ਭਾਂਵੇ, ਮਰਜ਼ੀ ਦੇ ਘੜ ਕੇ ਕਨੂੰਨ ਨੀ,ਡੱਕ ਨਈਓਂ ਹੋਣੀ ਇਹ ਜਵਾਨੀ ਨੀ ਜੰਜ਼ੀਰਾਂ ਵਿਚ ਡੋਲ ਨਾ ਬੇਦੋਸ਼ਿਆਂ ਦਾ ਖ਼ੂਨ ਨੀ,ਸਿੰਘਾਂ ਨੂੰ ਤਾਂ ਚਾਅ ਸਦਾ ਰਹਿੰਦਾ ਕੁਰਬਾਨੀਆਂ ਦਾ, ਲੈਂਦੇ ਨੇ ਸ਼ਹੀਦੀ ਜ਼ਾਮ ਪੀ,ਵੱਢ ਲੈ ਟੁੱਕ ਲੈ ਮਾਰਲੈ ਹਕੂਮਤੇ ਨੀ, ਜਿੰਨਾ ਤੇਰਾ ਕਰਦਾ ਏ ਜੀਅ,ਹੱਕਾਂ ਲਈ ਸ਼ਹੀਦ ਹੋਣਾ ਮੁੱਢ ਤੋਂ ਅਸੂਲ ਸਾਡਾ ਅਸਾਂ ਤੈਥੋਂ ਝੁਕਣਾ ਏ ਕੀ”
ਜਗਦੀਪ ਸਿੰਘ ਫਰੀਦਕੋਟ (9815763313)

No comments: